More Gurudwara Wiki  Posts
History of bandi Chorh Diwas


6ਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਕਿਲੇ ਵਿਚੋਂ ਰਿਹਾਅ ਹੋਣ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚਣ ਦੀ ਯਾਦ ’ਚ ਸਿੱਖ ਦੀਵਾਲੀ ਨੂੰ ਬੰਦੀਛੋੜ ਦਿਵਸ ਵਜੋਂ ਮਨਾਉਂਦੇ ਹਨ। ਬੰਦੀਛੋੜ ਦਿਵਸ ਸਿੱਖ ਪੰਥ ਦਾ ਉਹ ਦਿਹਾੜਾ ਹੈ, ਜੋ ਸਾਨੂੰ ਸੱਚ ਦੀ ਆਵਾਜ਼ ਬਣਨ ਤੇ ਜ਼ੁਲਮ ਦੇ ਸਤਾਏ ਹੋਏ ਲੋਕਾਂ ਦੇ ਹੱਕ ਵਿਚ ਅੱਗੇ ਆਉਣ ਦੀ ਪ੍ਰੇਰਨਾ ਦਿੰਦਾ ਹੈ। ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਗਵਾਲੀਅਰ ਦੀ ਕੈਦ ਵਿਚੋਂ ਛੁਡਵਾਏ 52 ਰਾਜਿਆਂ ਦਾ ਇਤਿਹਾਸ ਸੰਭਾਲੀ ਬੈਠਾ ਇਹ ਦਿਹਾੜਾ ਸਮੁੱਚੇ ਪੰਥ ਵਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਇਸ ਦਿਨ ਸੰਗਤਾਂ ਸ੍ਰੀ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰੂਹਾਨੀ ਵਾਤਾਵਰਣ ਦਾ ਅਾਨੰਦ ਮਾਣਨ ਲਈ ਲੱਖਾਂ ਦੀ ਗਿਣਤੀ ’ਚ ਪੁੱਜਦੀਆਂ ਹਨ।

ਗੁਰੂ ਸਾਹਿਬਾਨ ਦਾ ਸਮੁੱਚਾ ਜੀਵਨ ਜਬਰ, ਜ਼ੁਲਮ ਤੇ ਅਨਿਆਂ ਦੇ ਖਿਲਾਫ਼ ਇਕ ਸੰਘਰਸ਼ ਰਿਹਾ ਹੈ ਅਤੇ ਸਮਕਾਲੀ ਜਰਵਾਣਿਆਂ ਵਲੋਂ ਸਤਾਈ ਤੇ ਦਬਾਈ ਜਾ ਰਹੀ ਪੀੜਤ ਧਿਰ ਦੀ ਆਵਾਜ਼ ਬਣ ਕੇ ਪਰਉਪਕਾਰਾਂ ਦੀ ਉਘੜਵੀਂ ਮਿਸਾਲ ਵੀ ਬਣਿਆ ਹੈ। ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਜ਼ਾਲਮਾਂ ਦੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਹਥਿਆਰ ਚੁੱਕਣੇ ਹੀ ਪੈਣਗੇ। ਇਸੇ ਲਈ 6ਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਿਆਈ ਧਾਰਨ ਕਰਦੇ ਸਮੇਂ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ। ਅਣਖੀਲੇ ਨੌਜਵਾਨਾਂ ਦੀ ਫੌਜ ਤਿਆਰ ਕਰਕੇ ਉਨ੍ਹਾਂ ਨੂੰ ਜੰਗ ਦੀ ਟ੍ਰੇਨਿੰਗ ਦਿੱਤੀ ਜਾਣ ਲੱਗੀ। ਇਸ ’ਤੇ ਹਕੂਮਤ ਨੂੰ ਡਰ ਸਤਾਉਣ ਲੱਗਾ। ਲੋਹਗੜ੍ਹ ਦੇ ਕਿਲੇ ਦੀ ਸਥਾਪਨਾ ਨਾਲ ਤਾਂ ਹਕੂਮਤ ਹੋਰ ਵੀ ਸੜ ਬਲ ਗਈ। ਗੁਰੂਘਰ ਦੇ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਫ਼ਲਸਰੂਪ 6ਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿਚ ਨਜ਼ਰਬੰਦ ਕਰ ਦਿੱਤਾ ਗਿਆ।

ਗਵਾਲੀਅਰ ਦੇ ਕਿਲੇ ਵਿਚ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਆਗਮਨ ਨਾਲ ਹਕੂਮਤ ਦੁਆਰਾ ਬੰਦੀ ਬਣਾਏ ਰਾਜਿਆਂ ਦੇ ਘੋਰ ਨਿਰਾਸ਼ ਹੋ ਚੁੱਕੇ ਜੀਵਨ ਵਿਚ ਆਸ ਦੀ ਕਿਰਨ ਜਾਗ ਉੱਠੀ। ਦੂਸਰੇ ਪਾਸੇ ਗੁਰੂ ਸਾਹਿਬ ਜੀ ਦੇ ਗੁਰੂ ਸਾਹਿਬ ਜੀ ਦੀ ਕੈਦ ਦੀ ਖਬਰ ਸੁਣ ਕੇ ਸਿੱਖਾਂ ਵਿਚ ਬੇਚੈਨੀ ਪੈਦਾ ਹੋ ਗਈ। ਸੰਗਤਾਂ ਜਥੇ ਬਣਾ ਕੇ ਗਵਾਲੀਅਰ ਪੁੱਜਦੀਆਂ ਪਰ ਮੁਲਾਕਾਤ ਦੀ ਇਜਾਜ਼ਤ ਨਾ ਹੋਣ ਕਾਰਨ ਉਦਾਸ ਹੋ ਵਾਪਸ ਪਰਤ ਆਉਂਦੀਆਂ। ਗੁਰੂ ਘਰ ਦੇ ਪ੍ਰੇਮੀਆਂ ਤੇ ਨੇਕ ਦਿਲ ਮੁਸਲਮਾਨਾਂ ਨੇ ਆਵਾਜ਼ ਉਠਾਈ, ਜਿਸ ’ਤੇ ਗੁਰੂ ਸਾਹਿਬ ਦੀ ਰਿਹਾਈ ਦਾ ਹੁਕਮ ਦੇ ਦਿੱਤਾ ਗਿਆ। ਇਸ ਨਾਲ ਕੈਦੀ ਰਾਜੇ ਮਾਯੂਸ ਹੋਏ ਦੇਖ ਗੁਰੂ ਸਾਹਿਬ ਨੇ ਕਿਹਾ ਕਿ ਉਹ ਇਕੱਲੇ ਨਹੀਂ ਜਾਣਗੇ ਸਗੋਂ 52 ਕੈਦੀਆਂ...

ਨੂੰ ਨਾਲ ਖੜ੍ਹਨਗੇ। ਇਸ ਗੱਲ ਦਾ ਪਤਾ ਲੱਗਣ ’ਤੇ ਜਹਾਂਗੀਰ ਨੇ ਕਿਹਾ ਕਿ ਜਿੰਨੇ ਰਾਜੇ ਗੁਰੂ ਜੀ ਦਾ ਪੱਲਾ ਜਾਂ ਹੱਥ ਫੜ ਕੇ ਨਿਕਲ ਸਕਣ, ਛੱਡ ਦਿੱਤੇ ਜਾਣ। ਇਸ ਤਰ੍ਹਾਂ ਗਵਾਲੀਅਰ ਕਿਲੇ ’ਚੋਂ ਰਿਹਾਈ ਸਮੇਂ ਗੁਰੂ ਜੀ ਨੇ ਆਪਣੇ ਚੋਲੇ ਦੀਆਂ ਕਲੀਆਂ ਨਾਲ 52 ਰਾਜਿਆਂ ਦੀ ਬੰਦ-ਖਲਾਸੀ ਕਰਵਾਈ। ਗਵਾਲੀਅਰ ਤੋਂ ਪੂਰਨ ਸਨਮਾਨ ਸਹਿਤ ਰਿਹਾਅ ਹੋਣ ਉਪਰੰਤ ਜਦੋਂ ਗੁਰੂ ਜੀ ਸ੍ਰੀ ਗੁਰੂ ਰਾਮਦਾਸ ਪਾਤਿਸ਼ਾਹ ਦੀ ਵਸਾਈ ਨਗਰੀ ਸ੍ਰੀ ਅੰਮ੍ਰਿਤਸਰ ਵਿਖੇ ਪੁੱਜੇ ਤਾਂ ਬਾਬਾ ਬੁੱਢਾ ਜੀ ਦੀ ਅਗਵਾਈ ’ਚ ਸਮੂਹ ਨਗਰ ਵਾਸੀਆਂ ਨੇ ਖੁਸ਼ੀ ’ਚ ਘਰਾਂ ’ਚ ਘਿਉ ਦੇ ਦੀਵੇ ਜਗਾਏ ਅਤੇ ਗਲੀਆਂ, ਬਾਜ਼ਾਰਾਂ ’ਚ ਭਾਰੀ ਦੀਪਮਾਲਾ ਕੀਤੀ। ਇਸ ਦਿਨ ਤੋਂ ਬਾਅਦ ਸਿੱਖ ਦੀਵਾਲੀ ਨੂੰ ਬੰਦੀ ਛੋੜ ਦਿਹਾੜੇ ਦੇ ਰੂਪ ਵਿਚ ਮਨਾਉਂਦੇ ਆ ਰਹੇ ਹਨ।

ਦੂਸਰੇ ਪਾਸੇ ਦਸਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ਸਿੱਖਾਂ ਲਈ ਭਿਆਨਕ ਸਮਾਂ ਆਇਆ। ਭਾਈ ਮਨੀ ਸਿੰਘ ਜੀ, ਜੋ ਕਿ ਉਨ੍ਹੀਂ ਦਿਨੀਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਮਹਾਨ ਸੇਵਾ ਨਿਭਾਅ ਰਹੇ ਸਨ, ਨੇ 1733 ਈਸਵੀ ਦੀ ਬੰਦੀ ਛੋੜ ਦਿਵਸ ਮੌਕੇ ਸਿੱਖ ਸੰਗਤਾਂ ਦੀ ਅੰਮ੍ਰਿਤਸਰ ਵਿਖੇ ਇਕੱਤਰਤਾ ਲਈ ਵਿਸ਼ੇਸ਼ ਟੈਕਸ ਦੇਣਾ ਮੰਨ ਕੇ ਹਕੂਮਤ ਤੋਂ ਇਜਾਜ਼ਤ ਲਈ। ਓਧਰ ਨਵਾਬ ਜ਼ਕਰੀਆ ਖਾਨ ਨੇ ਇਸ ਇਕੱਠ ਉੱਤੇ ਹਮਲਾ ਕਰਕੇ ਇਕੱਤਰ ਹੋਏ ਸਿੰਘਾਂ ਨੂੰ ਮਾਰ ਮੁਕਾਉਣ ਦੀ ਯੋਜਨਾ ਬਣਾ ਲਈ। ਇਸ ਗੱਲ ਦਾ ਪਤਾ ਲੱਗਣ ’ਤੇ ਭਾਈ ਸਾਹਿਬ ਨੇ ਸਿੱਖਾਂ ਨੂੰ ਅੰਮ੍ਰਿਤਸਰ ਆਉਣ ਤੋਂ ਰੋਕ ਦਿੱਤਾ। ਭਾਈ ਸਾਹਿਬ ਨੇ ਕਿਹਾ ਮੈਨੂੰ ਸਿੱਖੀ ਪਿਆਰੀ ਹੈ ਜਾਨ ਨਹੀਂ, ਮੈਨੂੰ ਸ਼ਹੀਦ ਹੋਣਾ ਪ੍ਰਵਾਨ ਹੈ। ਕਾਜ਼ੀ ਵਲੋਂ ਦਿੱਤੇ ਫ਼ਤਵੇ ਅਨੁਸਾਰ ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤਰ੍ਹਾਂ ਬੰਦੀ ਛੋੜ ਦਿਹਾੜੇ ਦਾ ਸਬੰਧ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨਾਲ ਜੁੜ ਗਿਆ।

ਅੱਜ ਜਦੋਂ ਸਿੱਖ ਪੰਥ ਦੇ ਸਾਹਮਣੇ ਕਈ ਗੰਭੀਰ ਸਮੱਸਿਆਵਾਂ ਵੰਗਾਰਾਂ ਦੇ ਰੂਪ ’ਚ ਸਿਰ ਕੱਢ ਰਹੀਆਂ ਹਨ ਤਾਂ ਬੰਦੀ-ਛੋੜ ਦਿਵਸ ਸਾਨੂੰ ਹੱਕ-ਸੱਚ ਦੀਆਂ ਕਦਰਾਂ-ਕੀਮਤਾਂ ’ਤੇ ਪੂਰਨ ਰੂਪ ਦ੍ਰਿੜ੍ਹ ਰਹਿ ਕੇ ਸਿੱਖੀ ਸਿਦਕ ਤੇ ਹੱਕ-ਸੱਚ ਪ੍ਰਤੀ ਕਾਇਮ ਰੱਖਣ ਵਾਸਤੇ ਯਤਨਸ਼ੀਲ ਹੋਣ ਦਾ ਸੁਨੇਹਾ ਦਿੰਦਾ ਹੈ। ਸੋ ਇਸ ਇਤਿਹਾਸਕ ਦਿਹਾੜੇ ’ਤੇ ਮੈਂ ਸਮੂਹ ਸੰਗਤਾਂ ਅਤੇ ਗੁਰੂਘਰ ਪ੍ਰਤੀ ਸ਼ਰਧਾ, ਪਿਆਰ ਤੇ ਸਤਿਕਾਰ ਰੱਖਣ ਵਾਲੀ ਲੋਕਾਈ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਆਦਰਸ਼ਾਂ ਨੂੰ ਜੀਵਨ ਵਿਚ ਅਪਣਾਉਣ ਦੀ ਅਪੀਲ ਕਰਦਾ ਹਾਂ।
-ਭਾਈ ਗੋਬਿੰਦ ਸਿੰਘ ਲੌਂਗੋਵਾਲ

...
...



Related Posts

Leave a Reply

Your email address will not be published. Required fields are marked *

2 Comments on “History of bandi Chorh Diwas”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)