More Gurudwara Wiki  Posts
ਬਾਬਾ ਨਿਧਾਨ ਸਿੰਘ


ਬਾਬਾ ਨਿਧਾਨ ਸਿੰਘ ਦਾ ਜਨਮ 25 ਮਾਰਚ, 1882 ਨੂੰ ਪੰਜਾਬ ਰਾਜ ਦੇ ਜ਼ਿਲਾ ਹੁਸ਼ਿਆਰਪੁਰ ਵਿਚ, ਪਿੰਡ ਨਾਡਾਲੋਂ ਵਿਖੇ ਹੋਇਆ। ਆਪ ਦੇ ਪਿਤਾ ਸਰਦਾਰ ਉੱਤਮ ਸਿੰਘ ਇਕ ਮਿਹਨਤੀ ਕਿਸਾਨ ਸਨ। ਆਪ ਦੀ ਮਾਤਾ, ਬੀਬੀ ਗੁਲਾਬ ਕੌਰ, ਧਾਰਮਿਕ ਖਿਆਲਾਂ ਵਾਲੀ ਇਕ ਸਾਧਾਰਨ ਅੋਰਤ ਸੀ। ਦੋਨੋਂ ਮਾਪਿਆਂ ਨੇ ਬਾਲਕ ਨਿਧਾਨ ਦੀ ਪਰਵਰਿਸ਼ ਵਿਚ ਅਹਿਮ ਭੂਮਿਕਾ ਨਿਭਾਈ। ਉਸ ਨੇ ਮੁੱਢਲੀ ਵਿਦਿਆ ਪਠਲਾਵਾਂ ਪਿੰਡ ਵਿਚ ਮੌਜੂਦ ਨਿਰਮਲਾ ਡੇਰੇ ਤੋਂ ਪ੍ਰਾਪਤ ਕੀਤੀ। ਉਹ ਬਚਪਨ ਤੋਂ ਧਾਰਮਿਕ ਰੁਚੀਆ ਦਾ ਮਾਲਕ ਸੀ। ਉਸ ਦੇ ਬਾਲ ਮਨ ਉੱਤੇ, ਉਸ ਦੇ ਅਧਿਆਪਕ ਬਾਬਾ ਦੀਵਾਨ ਸਿੰਘ, ਦੁਆਰਾ ਦਿਖਾਏ ਨਿਸ਼ਕਾਮ ਸੇਵਾ ਅਤੇ ਪ੍ਰਭੂ ਭਗਤੀ (ਸਿਮਰਨ) ਦੇ ਰਾਹ ਦਾ ਡੂੰਘਾ ਅਸਰ ਪਿਆ। ਗਰੂ ਅਮਰਦਾਸ ਜੀ ਅਤੇ ਭਾਈ ਮੰਝ ਦੀ ਨਿਸ਼ਕਾਮ ਸੇਵਾ ਬਿਰਤੀ ਅਤੇ ਮਾਤਾ ਖੀਵੀ ਜੀ ਦੁਆਰਾ ਲੰਗਰ ਦੀ ਅਣਥੱਕ ਸੇਵਾ ਦੀਆਂ ਸਾਖੀਆਂ ਨੇ ਬਾਲਕ ਨਿਧਾਨ ਦਾ ਮਨ ਮੋਹ ਲਿਆ। ਬੇਸ਼ਕ ਘਰੇਲੂ ਲੋੜਾਂ ਦੀ ਪੂਰਤੀ ਲਈ ਬਾਲਕ ਨਿਧਾਨ ਨੂੰ ਖੇਤੀਬਾੜੀ ਕਾਰਜਾਂ ਵਿਚ ਵੀ ਹੱਥ ਵਟਾਉਣਾ ਪੈਂਦਾ ਸੀ ਪਰ ਵਿਹਲੇ ਸਮੇਂ ਦੌਰਾਨ ਉਸ ਨੂੰ ਗੁਰਬਾਣੀ ਪੜਣ ਤੇ ਸੁਨਣ ਦੇ ਦਾ ਖਾਸ ਸ਼ੌਕ ਸੀ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਮਹਾਨ ਕਥਨ ਤੋਂ ਭਲੀ ਭਾਂਤ ਜਾਣੂ ਹੋ ਚੁੱਕਾ ਸੀ। “”ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ॥ “(ਮ.1, ਪੰਨਾ 61) ਗੁਰਬਾਣੀ ਪ੍ਰੇਮ ਤੋਂ ਇਲਾਵਾ ਨੌਜੁਆਨ ਨਿਧਾਨ ਨੂੰ ਕੁਸ਼ਤੀ ਕਰਨ ਦਾ ਵੀ ਬਹੁਤ ਸ਼ੌਕ ਸੀ।
ਆਪ ਦਾ ਪਿੱਤਰੀ ਪਰਿਵਾਰ ਕਾਫੀ ਵੱਡਾ ਸੀ। ਚਾਰ ਭਰਾਵਾਂ ਵਿਚੋਂ ਆਪ ਸੱਭ ਤੋਂ ਛੋਟੇ ਸਨ। ਉਨੀਵੀਂ ਸਦੀ ਦੇ ਆਖਰੀ ਦਹਾਕੇ ਦੌਰਾਨ, ਇਕ ਵੱਡੇ ਪਰਿਵਾਰ ਦੀ ਲੋੜ ਪੂਰਤੀ ਲਈ, ਸਿਰਫ਼ ਖੇਤੀਬਾੜੀ ਪੈਦਾਇਸ਼ ਉੱਤੇ ਨਿਰਭਰਤਾ ਕਾਫੀ ਨਹੀਂ ਸੀ। ਪਰਿਵਾਰ ਦੀਆਂ ਵਿੱਤੀ ਮੁਸ਼ਕਿਲਾਂ ਦੀ ਪੂਰਤੀ ਲਈ ਨੌਜਵਾਨ ਨਿਧਾਨ, ਸੰਨ 1900 ਦੌਰਾਨ, ਝਾਂਸੀ ਪਹੁੰਚ ਕੇ, ਫੌਜ ਦੇ ਰਸਾਲਾ ਨੰਬਰ 5 ਵਿਚ ਭਰਤੀ ਹੋ ਗਿਆ। ਪ੍ਰੰਤੂ ਪ੍ਰਭੂ ਭਗਤੀ ਵਿਚ ਲਿਪਤ ਉਸ ਦੇ ਮਨ ਨੁੰ ਫੌਜੀ ਨੌਕਰੀ ਰਾਸ ਨਾ ਆਈ। ਉਸ ਦਾ ਮਨ ਤਾਂ ਪ੍ਰਭੂ ਪਿਆਰ ਤੇ ਮਾਨਵਤਾ ਦੀ ਸੇਵਾ ਲਈ ਤੜਪ ਰਿਹਾ ਸੀ। ਝਾਂਸੀ ਵਿਖੇ, ਹਜ਼ੂਰ ਸਾਹਿਬ ਵੱਲ ਜਾਣ ਵਾਲੇ ਜੱਥਿਆਂ ਨੂੰ ਦੇਖ ਕੇ ਉਸ ਦੇ ਮਨ ਵਿਚ ਅਜੀਬ ਧੂਹ ਪੈਂਦੀ ਸੀ। ਅਜਿਹੀ ਮਨੋਵਿਰਤੀ ਕਾਰਣ, ਸੰਨ 1901 ਦੌਰਾਨ ਉਸ ਨੇ ਫੌਜ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਜਲਦੀ ਹੀ ਨੋਜੁਆਨ ਨਿਧਾਨ ਹਜ਼ੂਰ ਸਾਹਿਬ ਜਾਣ ਵਾਲੇ ਜੱਥੇ ਨਾਲ ਰਲ ਗਿਆ ਅਤੇ ਨਾਂਦੇੜ ਦੀ ਯਾਤਰਾ ਤੇ ਚਲ ਪਿਆ।
ਨਾਂਦੇੜ ਵਿਖੇ ਪਹੁੰਚ ਕੇ ਉਹ ਉਥੋਂ ਦੇ ਧਾਰਮਿਕ ਮਾਹੌਲ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਉਥੇ ਹੀ ਰਹਿਣ ਦਾ ਫੈਸਲਾ ਕਰ ਲਿਆ। ਸੇਵਾ ਤੇ ਸਿਮਰਨ ਵਾਲੀ ਬਿਰਤੀ ਕਾਰਣ, ਉਹ ਇਨ੍ਹਾਂ ਕਾਰਜਾਂ ਵਿਚ ਪੂਰੀ ਤਰ੍ਹਾਂ ਜੁੱਟ ਗਿਆ। ਹਜ਼ੂਰ ਸਾਹਿਬ ਦੀ ਯਾਤਰਾ ਉੱਤੇ ਆਏ ਸ਼ਰਧਾਲੂਆਂ ਲਈ ਪੀਣ ਦੇ ਪਾਣੀ ਦੀ ਦਿੱਕਤ ਨੂੰ ਦੇਖਦੇ ਹੋਏ ਉਸ ਨੇ ਬੁੰਗਾ ਸਾਧੂ ਸਿੰਘ ਦੇ ਸਥਾਨ ਵਿਖੇ ਝਬੀਲ ਦੀ ਸੇਵਾ ਸ਼ੁਰੂ ਕਰ ਦਿੱਤੀ। ਮੁਫਤ ਜਲ ਸੇਵਾ ਲਈ, ਕਈ ਸਾਲ ਤਕ, ਉਹ ਹਰ ਰੋਜ਼, ਗੋਦਾਵਰੀ ਦਰਿਆ ਤੋਂ ਲਗਭਗ 50 ਤੋਂ 100 ਗਾਗਰਾਂ ਪਾਣੀ ਦੀਆਂ ਢੋਂਦੇ ਰਹੇ। ਝਬੀਲ ਸਥਾਪਤੀ ਦੇ ਜਲਦੀ ਹੀ ਬਾਅਦ, ਉਸ ਨੇ ਮੁਫਤ ਜਲ ਸੇਵਾ ਦੇ ਨਾਲ ਨਾਲ ਭੁੱਜੇ ਛੋਲਿਆਂ ਦਾ ਪ੍ਰਸ਼ਾਦ ਵੀ ਵੰਡਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਪਿਛੋਂ, ਵਿੱਤੀ ਸਰੋਤਾਂ ਦੀ ਘਾਟ ਦੇ ਬਾਵਜੂਦ, ਉਸ ਨੇ ਬਕਲੀਆਂ (ਉਬਲੇ ਛੋਲੇ) ਦਾ ਪ੍ਰਸ਼ਾਦ ਵੀ ਵੰਡਣਾ ਸ਼ੁਰੂ ਕਰ ਲਿਆ। ਗਰਮੀਆਂ ਦੇ ਮੌਸਮ ਵਿਚ ਉਹ ਆਈਆਂ ਸੰਗਤਾਂ ਨੂੰ ਪੱਖਾ ਝੱਲਣ ਦੀ ਸੇਵਾ ਵੀ ਕਰਦੇ। ਇੰਝ ਉਨ੍ਹਾਂ ਨੇ ਗੁਰਬਾਣੀ ਦਾ ਕਥਨ; “”ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰ ਹੀ ਕਾ ਆਹਰੁ ਜੀਉ ॥” (ਮ. 5, ਪੰਨਾ 101), ਆਪਣੀ ਸੇਵਾ ਤੇ ਸਿਮਰਨ ਭਰਭੂਰ ਜੀਵਨ ਸ਼ੈਲੀ ਨਾਲ ਸੱਚ ਕਰ ਦਿਖਾਇਆ।
ਆਪਣੇ ਜੀਵਨ ਦੇ ਅਗਲੇ 12 ਸਾਲਾਂ ਦੌਰਾਨ, ਉਸ ਨੇ, ਇਹ ਨਿਰਸਵਾਰਥ ਸੇਵਾ ਪੂਰੀ ਤਨਦੇਹੀ ਅਤੇ ਨਿਸ਼ਠਾ ਨਾਲ ਨਿਭਾਈ। ਸਮੇਂ ਦੇ ਗੁਜ਼ਰਣ ਨਾਲ ਉਸ ਦੀ ਲਗਨ ਅਤੇ ਸੇਵਾ ਬਿਰਤੀ ਦੀ ਚਰਚਾ ਸੱਭ ਪਾਸੇ ਹੋਣ ਲਗ ਪਈ। ਜਿਸ ਦੇ ਫਲਸਰੂਪ, ਬਾਬਾ ਜੀ, ਹਜ਼ੂਰ ਸਾਹਿਬ ਵਿਖੇ ਇਕ ਹਰਮਨ ਪਿਆਰੀ ਸਖ਼ਸ਼ੀਅਤ ਬਣ ਗਏ। ਪਰ ਉਨ੍ਹਾ ਦੀ ਇਹ ਹਰਮਨ ਪਿਆਰਤਾ ਕੁਝ ਈਰਖਾਲੂ ਲੋਕਾਂ ਨੂੰ ਬਿਲਕੁਲ ਹੀ ਚੰਗੀ ਨਾ ਲਗੀ। ਜਿਸ ਕਾਰਣ ਉਨ੍ਹਾ ਨੇ ਬਾਬਾ ਜੀ ਦੇ ਕਾਰਜਾਂ ਵਿਚ ਦਖਲ-ਅੰਦਾਜ਼ੀ ਕਰਨੀ ਤੇ ਕਈ ਕਿਸਮ ਦੇ ਅੜਿੱਕੇ ਖੜੇ ਕਰਨੇ ਸ਼ੁਰੂ ਕਰ ਦਿੱਤੇ। ਜਿਸ ਦਾ ਨਤੀਜਾ ਬਾਬਾ ਜੀ ਨਾਲ ਤਲਫ਼-ਕਲਾਮੀ ਤੋਂ ਵੱਧ, ਮਾਰ-ਕੁੱਟ ਤਕ ਪਹੁੰਚ ਗਿਆ। ਹਰ ਰੋਜ਼ ਦੀ ਕਲਹ-ਕਲੇਸ਼ ਤੋਂ ਤੰਗ ਆ ਕੇ ਬਾਬਾ ਜੀ ਨੇ ਵਾਪਸ ਪੰਜਾਬ ਜਾਣ ਦਾ ਨਿਸ਼ਚਾ ਕਰ ਲਿਆ ਤੇ ਉਹ ਨੰਦੇੜ ਰੇਲਵੇ ਸਟੇਸ਼ਨ ਵੱਲ ਚਲ ਪਏ।
ਜਦੋਂ ਬਾਬਾ ਨਿਧਾਨ ਸਿੰਘ ਨੰਦੇੜ ਰੇਲਵੇ ਸਟੇਸ਼ਨ ਵਿਖੇ ਰੇਲ ਗੱਡੀ ਦੀ ਉਡੀਕ ਕਰ ਰਹੇ ਸਨ ਤਾਂ ਉਹ ਗਹਿਰੇ ਚਿੰਤਨ ਵਿਚ ਮਗਨ ਹੋ ਗਏ। ਅਚਾਨਕ ਉਨ੍ਹਾ ਨੂੰ ਇਕ ਅਣੋਖਾ ਰਹੱਸਮਈ ਅਨੁਭਵ ਹੋਇਆ। ਇਸ ਧਾਰਮਿਕ ਅਨੁਭਵ ਵਿਚ ਉਨ੍ਹਾਂ ਨੂੰ ਆਸਮਾਨ ਵਿਚੋਂ ਤੇਜ਼ ਰੌਸ਼ਨੀ ਆਪਣੇ ਵਲ ਆਉਂਦੀ ਨਜ਼ਰ ਆਈ। ਇਸ ਰੌਸ਼ਨੀ ਦਾਇਰੇ ਅੰਦਰ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ, ਦੇ ਉਨ੍ਹਾਂ ਦੇ ਘੋੜੇ ਤੇ ਬਾਜ਼ ਸਮੇਤ ਦਰਸ਼ਨ ਹੋਏ। ਇਸ ਦ੍ਰਿਸ਼ਟਾਂਤ ਵਿਚ, ਗੁਰੂ ਜੀ ਨੇ ਬਾਬਾ ਜੀ ਨੂੰ ਪੁੱਛਿਆ, ”ਕਿਥੇ ਜਾ ਰਹੇ ਹੋ ਸਿੰਘ ਜੀ?” ਬਾਬਾ ਜੀ ਨੇ ਹੱਥ ਜੋੜ ਕੇ ਉੱਤਰ ਦਿੱਤਾ, ”ਹੇ ਮਾਲਕ ਜੀਓ! ਕੁਝ ਈਰਖਾਲੂ ਲੋਕਾਂ ਕਾਰਣ ਇਥੇ ਸੇਵਾ ਕਰਨੀ ਔਖੀ ਹੋ ਗਈ ਹੈ, ਇਸ ਲਈ ਵਾਪਸ ਪੰਜਾਬ ਜਾ ਰਿਹਾ ਹਾਂ।” ਗੁਰੂ ਜੀ ਨੇ ਬਚਨ ਕੀਤੇ, ”ਸਿੰਘ ਜੀ, ਇਥੇ ਹੀ ਰਹੋ। ਲੰਗਰ ਦੀ ਸੇਵਾ ਤੁਸਾਂ ਹੀ ਕਰਨੀ ਹੈ।” ਤਦ ਗੁਰੂ ਜੀ ਬਾਬਾ ਜੀ ਨੂੰ ਅਸੀਸ ਦਿੰਦੇ ਹੋਏ ਵਰਦਾਨ ਦਿੱਤਾ ”ਹੱਥ ਤੇਰਾ, ਖੀਸਾ ਮੇਰਾ”। ਭਾਵ ਲੰਗਰ ਦੀ ਸੇਵਾ ਦਾ ਹੱਥੀ ਕਾਰਜ ਬਾਬਾ ਜੀ ਦੇ ਜੁੰਮੇ ਹੋਵੇਗਾ ਜਦ ਕਿ ਲੰਗਰ ਦੀ ਰਸਦ ਆਦਿ ਦਾ ਖਰਚਾ ਗੁਰੂ ਦੇ ਖਜ਼ਾਨੇ ਵਿਚੋਂ ਆਵੇਗਾ। ਇਸ ਅਦੁੱਤੀ ਅਨੁਭਵ ਪਿਛੋਂ ਬਾਬਾ ਨਿਧਾਨ ਸਿੰਘ ਨੇ ਪੰਜਾਬ ਜਾਣ ਦਾ ਇਰਾਦਾ ਛੱਡ ਦਿੱਤਾ। ਹੁਣ ਉਨ੍ਹਾਂ ਨੇ ਨੰਦੇੜ ਵਿਖੇ, ਪੱਕੇ ਤੌਰ ਉੱਤੇ ਰਹਿ ਕੇ, ਗੁਰੂ ਸਾਹਿਬ ਵਲੋਂ ਬਖਸ਼ੀ ਸੇਵਾ ਨਿਭਾਉਣ ਦਾ ਮਨ ਬਣਾ ਲਿਆ।
ਤਦ ਸੰਨ 1912 ਵਿਚ ਬਾਬਾ ਨਿਧਾਨ ਸਿੰਘ ਨੇ ਪੂਰੀ ਨਿਸ਼ਠਾ ਤੇ ਲਗਨ ਨਾਲ ਹਜ਼ੂਰ ਸਾਹਿਬ ਵਿਖੇ ”ਗੁਰੂ ਕਾ ਲੰਗਰ” ਪ੍ਰਥਾ ਨੂੰ ਪੱਕੇ ਪੈਂਰੀ ਕਰਨ ਦਾ ਬੀੜਾ ਚੁੱਕ ਲਿਆ। ਸ਼ੁਰੂ ਸ਼ੁਰੂ ਵਿਚ ਵਿਤੀ ਮੁਸ਼ਕਲਾਂ ਸਨ, ਅਨੇਕ ਹੋਰ ਅੜਚਣਾਂ ਸਨ। ਬਾਬਾ ਜੀ ਨਹੀਂ ਸਨ ਜਾਣਦੇ ਕਿ ਗੁਰੂ ਸਾਹਿਬ ਦੇ ਬਚਨ ਕਿਵੇਂ ਪੂਰੇ ਹੋਣਗੇ। ਪਰ ਬਾਬਾ ਜੀ ਦਾ ਪੱਕਾ ਯਕੀਨ ਸੀ ਕਿ ਗੁਰੂ ਜੀ ਉਸ ਦੇ ਕਾਰਜ ਦੀ ਸਫਲਤਾ ਲਈ ਉਸ ਦੇ ਅੰਗ ਸੰਗ ਹਨ। ਇਹੋ ਯਕੀਨ ਹੀ ਬਾਬਾ ਜੀ ਦੇ ਸਿਰੜ ਦੀ ਬੁਨਿਆਦ ਸੀ। ਤੇ ਉਹ ਪੂਰੀ ਤਨਦੇਹੀ ਨਾਲ ਸੱਚਖੰਡ ਹਜ਼ੂਰ ਸਾਹਿਬ ਵਿਖੇ ਆਈਆਂ ਸੰਗਤਾਂ ਦੀ ਸੇਵਾ ਵਿਚ ਜੁੱਟੇ ਰਹਿੰਦੇ। ਹੌਲੀ ਹੌਲੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣ ਲੱਗਾ। ਉਨ੍ਹਾਂ ਦੀ ਬੇਲਾਗ ਸੇਵਾ ਬਿਰਤੀ ਤੇ ਮਨੋਰਥ ਸੰਬੰਧੀ ਦਿਆਨਤਦਾਰੀ ਨੇ ਉਨ੍ਹਾਂ ਦੇ ਅਨੇਕ ਪ੍ਰਸੰਸਕ ਪੈਦਾ ਕਰ ਦਿੱਤੇ। ਜਿਨ੍ਹਾਂ ਨੇ ਉਨ੍ਹਾਂ ਦੇ ਇਸ ਸਮੂਹ ਮਾਨਵਤਾ ਦੇ ਭਲੇ ਵਾਲੇ ਕਾਰਜ ਵਿਚ ਮਦਦ ਕਰਨੀ ਆਰੰਭ ਕਰ ਦਿੱਤੀ। ਸਮੇਂ ਦੇ...

ਗੁਜ਼ਰਣ ਨਾਲ ਮੁੱਢਲੀਆਂ ਮੁਸ਼ਕਲਾਂ ਗਾਇਬ ਹੋ ਗਈਆਂ। ਇਸ ਤਰ੍ਹਾਂ ਸਖਤ ਘਾਲਣਾਂ ਤੇ ਸੰਗਤ ਦੇ ਸਹਿਯੋਗ ਨਾਲ ਬਾਬਾ ਜੀ ਨੰਦੇੜ ਸਾਹਿਬ ਵਿਖੇ ‘ਗੁਰੂ ਕਾ ਲੰਗਰ’ ਸੇਵਾ ਨੂੰ ਪੱਕੇ ਪੈਂਰੀ ਕਰਨ ਵਿਚ ਸਫਲ ਹੋ ਗਏ।
ਸੰਨ 1924, ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਬੱਡੋਂ ਦੇ ਸਰਦਾਰ ਕੁੰਦਨ ਸਿੰਘ ਅਤੇ ਪਿੰਡ ਪਾਲਦੀ ਦੇ ਸਰਦਾਰ ਨਗੀਨਾ ਸਿੰਘ ਹਜ਼ੂਰ ਸਾਹਿਬ ਦੀ ਯਾਤਰਾ ਤੇ ਆਏ। ਬਾਬਾ ਜੀ ਦੀ ਸੇਵਾ-ਭਗਤੀ ਬਾਰੇ ਜਾਣ ਕੇ ਉਹ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੇ ਬਾਬਾ ਜੀ ਦੁਆਰਾ ਮਾਨਵਤਾ ਦੇ ਭਲੇ ਲਈ ਕੀਤੇ ਜਾਂਦੇ ਕਾਰਜਾਂ ਦੇ ਜਾਰੀ ਰੱਖਣ ਅਤੇ ਵਿਕਾਸ ਲਈ ਸੱਠ ਹਜ਼ਾਰ ਰੁਪਏ ਭੇਂਟ ਕੀਤੇ। ਇਸ ਰਕਮ ਨਾਲ ਬਾਬਾ ਜੀ ਨੇ, ਗੋਦਾਵਰੀ ਦਰਿਆ ਦੇ ਕਿਨਾਰੇ, ਨਗੀਨਾ ਘਾਟ ਦੇ ਸਥਾਨ ਵਿਖੇ, ਗੁਰਦੁਆਰਾ ਲੰਗਰ ਸਾਹਿਬ ਦੀ ਇਮਾਰਤ ਦਾ ਨਿਰਮਾਣ ਕਰਵਾਇਆ। ਇਹ ਸਥਾਨ ਨੰਦੇੜ ਰੇਲਵੇ ਸਟੇਸ਼ਨ ਤੋਂ ਸਿਰਫ ਇਕ ਕਿਲੋਮੀਟਰ ਦੀ ਦੁਰੀ ਉੱਤੇ ਹੈ। ਅਜੋਕੇ ਸਮੇਂ ਦੌਰਾਨ ਹਰ ਸਾਲ ਲੱਖਾਂ ਲੋਕ ਹਜ਼ੂਰ ਸਾਹਿਬ ਦੀ ਯਾਤਰਾ ਲਈ ਜਾਂਦੇ ਹਨ ਅਤੇ ਉਹ ਲੰਗਰ ਸਾਹਿਬ ਵਿਖੇ ”ਗੁਰੂ ਦਾ ਲੰਗਰ” ਦਾ ਆਨੰਦ ਉਠਾਉਂਦੇ ਹਨ। ਗੁਰੂ ਸਾਹਿਬ ਦੇ ਵਰਦਾਨ ਦਾ ਚਮਤਕਾਰ ਇਸ ਜਗਹ ਪ੍ਰਤੱਖ ਨਜ਼ਰ ਆਉਂਦਾ ਹੈ ਜਦੋਂ ਲੱਖਾਂ ਸ਼ਰਧਾਲੂ ਇਥੇ ਬਿਨ੍ਹਾਂ ਕਿਸੇ ਭੇਦ ਭਾਵ ਦੇ ਲੰਗਰ ਛੱਕਦੇ ਹਨ। ਸੰਗਤਾਂ ਨੂੰ ਹਰ ਰੋਜ਼, 24 ਘੰਟੇ ਲੰਗਰ ਦੀ ਸੇਵਾ ਉਪਲਬਧ ਰਹਿੰਦੀ ਹੈ। ਲੰਮੇ ਸਫਰ ਪਿਛੋਂ ਨੰਦੇੜ ਸਾਹਿਬ ਵਿਖੇ ਕਿਸੇ ਸਮੇਂ ਵੀ ਪੁੱਜਣ ਉੱਤੇ, ਸੰਗਤਾਂ ਲਈ ਗਰਮਾ ਗਰਮ ਚਾਹ ਦਾ ਲੰਗਰ ਵੀ ਚੋਵੀ ਘੰਟੇ ਉਪਲਬਧ ਰਹਿੰਦਾ ਹੈ। ਜੋ ਉਨ੍ਹਾਂ ਦੀ ਯਾਤਰਾ ਦੀ ਥਕਾਵਟ ਲਾਹੁਣ ਦੇ ਨਾਲ ਨਾਲ ਉਨ੍ਹਾਂ ਨੂੰ ਘਰ ਵਰਗਾ ਮਾਹੌਲ ਵੀ ਪ੍ਰਦਾਨ ਕਰਦਾ ਹੈ।
ਗੁਰਦੁਆਰਾ ਲੰਗਰ ਸਾਹਿਬ ਵਿਖੇ, ਲੰਗਰ ਦੀ ਸੇਵਾ ਤੋਂ ਇਲਾਵਾ, ਸੰਗਤਾਂ ਲਈ ਰਿਹਾਇਸ਼, ਡਿਸਪੈਂਸਰੀ ਤੇ ਲਾਇਬ੍ਰੇਰੀ ਸੁਵਿਧਾਵਾਂ ਵੀ ਉਪਲਬਧ ਹਨ। ਸੰਗਤਾਂ ਦੇ ਆਰਾਮ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਗੁਰਦੁਆਰਾ ਪ੍ਰਬੰਧਕੀ ਕਮੇਟੀ ਵਲੋਂ ਸ਼ਰਧਾਲੂਆਂ ਦੀ ਰਿਹਾਇਸ਼ ਲਈ ਸੱਤ ਸਰਾਵਾਂ ਦਾ ਨਿਰਮਾਣ ਕੀਤਾ ਗਿਆ ਹੈ ਜਿਨ੍ਹਾਂ ਵਿਚ ਕੁਲ 1100 ਕਮਰੇ ਹਨ। ਹਰ ਕਮਰੇ ਨਾਲ ਬਾਥਰੂਮ ਦੀ ਸੁਵਿਧਾ ਮੁਹਈਆ ਕਰਵਾਈ ਗਈ ਹੈ। ਇਨ੍ਹਾਂ ਸਰਾਵਾਂ ਵਿਚ ਇਕੋ ਸਮੇਂ ਲਗਭਗ ਦਸ ਹਜ਼ਾਰ ਸ਼ਰਧਾਲੂ ਠਹਿਰਾਏ ਜਾ ਸਕਣ ਦੀ ਸੁਵਿਧਾ ਮੌਜੂਦ ਹੈ। ਇਨ੍ਹਾਂ ਸਰਾਵਾਂ ਵਿਚ ਬਿਜਲੀ ਤੇ ਪਾਣੀ ਦੀ ਸੁਵਿਧਾ 24 ਘੰਟੇ ਉਪਲਬਧ ਰਹਿੰਦੀ ਹੈ। ਅੱਜਕਲ ਗੁਰਦੁਆਰਾ ਪ੍ਰਬੰਧਕੀ ਕਮੇਟੀ ਬਾਬਾ ਨਰਿੰਦਰ ਸਿੰਘ ਜੀ ਦੀ ਦੇਖ ਰੇਖ ਵਿਚ ਚਲ ਰਹੀ ਹੈ। ਜੋ ਬਾਬਾ ਨਿਧਾਨ ਸਿੰਘ ਜੀ ਵਲੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿਚ, ਦਰਸਾਏ ਮਾਰਗ ਦੇ ਪੱਕੇ ਅਨੁਯਾਈ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫੁਰਮਾਣ ਹੈ; “”ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥”” (ਮ. 1, ਪੰਨਾ 26)
ਗੁਰਦੁਆਰਾ ਨਿਰਮਾਣ ਕਾਰਜ
ਬਾਬਾ ਜੀ ਨੇ ਮਹਿਸੂਸ ਕੀਤਾ ਕਿ ਸ਼ਰਧਾਲੂਆਂ ਦੀ ਨੰਦੇੜ ਸਾਹਿਬ ਫੇਰੀ ਦੌਰਾਨ, ਉਨ੍ਹਾਂ ਦੇ ਖਾਣ-ਪੀਣ ਦੀਆਂ ਲੋੜਾਂ ਦੀ ਪੂਰਤੀ ਦੇ ਨਾਲ ਨਾਲ, ਉਨ੍ਹਾਂ ਦੀ ਰਿਹਾਇਸ਼ ਅਤੇ ਆਤਮਿਕ ਤ੍ਰਿਪਤੀ ਦੀ ਜਰੂਰਤ ਪੂਰਾ ਕਰਨਾ ਵੀ ਅਤਿ ਜ਼ਰੂਰੀ ਹੈ। ਇਸੇ ਲਈ ਉਨ੍ਹਾਂ ਨੇ ਨੰਦੇੜ ਸਾਹਿਬ ਅਤੇ ਆਲੇ ਦੁਆਲੇ ਦੇ ਇਲਾਕੇ ਵਿਚ ਗੁਰਦੁਆਰਿਆਂ ਦੇ ਨਿਰਮਾਣ ਕਾਰਜਾਂ ਵੱਲ ਵਿਸ਼ੇਸ਼ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਹੁਣ ਉਹ ਪੂਰੇ ਉਤਸ਼ਾਹ ਨਾਲ ਇਨ੍ਹਾਂ ਕਾਰਜਾਂ ਵਿਚ ਜੁੱਟ ਗਏ। ਲੰਗਰ ਅਤੇ ਗੁਰਦੁਆਰਾ ਨਿਰਮਾਣ ਕਾਰਜਾਂ ਦੇ ਖਰਚਿਆਂ ਦੀ ਪੂਰਤੀ ਲਈ ਉਨ੍ਹਾਂ ਧਰਮ ਪ੍ਰਚਾਰ ਦੌਰੇ ਸ਼ੁਰੂ ਕਰ ਲਏ। ਅਜਿਹੇ ਕਾਰਜਾਂ ਲਈ ਉਨ੍ਹਾਂ ਫੌਜੀ ਯੂਨਿਟਾਂ ਵਿਚ ਜਾਣ ਨੂੰ ਤਰਜ਼ੀਹ ਦਿੱਤੀ।
ਆਪਣੇ ਅਣਥੱਕ ਯਤਨਾਂ ਕਾਰਣ ਉਹ, ਸੰਨ 1931 ਵਿਚ, ਮਨਮਾੜ੍ਹ ਵਿਖੇ, ਗੁਰਦੁਆਰਾ ਗੁਪਤਸਰ ਸਾਹਿਬ ਦਾ ਨਿਰਮਾਣ ਕਰਵਾਉਣ ਵਿਚ ਸਫਲ ਰਹੇ। ਸੰਨ 1932 ਵਿਚ ਉਨ੍ਹਾਂ ਨੇ ਗੁਰਦੁਆਰਾ ਪੰਜਾ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣ ਵਿਚ ਅਹਿਮ ਭੂਮਿਕਾ ਨਿਭਾਈ। ਸੰਨ 1933 ਵਿਚ ਉਨ੍ਹਾਂ ਕਰਾਚੀ ਵਿਖੇ ਗੁਰਦੁਆਰਾ 33 ਖ਼ਾਲਸਾ ਦੀਵਾਨ ਅਤੇ ਰਾਵਲਪਿੰਡੀ ਜ਼ਿਲੇ ਦੇ ਨਗਰ ਕਾਹੁਟਾ ਵਿਖੇ ਗੁਰਦੁਆਰਾ ਤਤ ਖਾਲਸਾ ਦਾ ਨਿਰਮਾਣ ਕਰਵਾਇਆ। ਇਹ ਦੋਨੋਂ ਗੁਰਦੁਆਰੇ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਵਿਚ ਰਹਿ ਗਏ ਹਨ।
ਬਾਬਾ ਜੀ ਦੀ ਅਣਥੱਕ ਘਾਲਣਾ ਸਦਕਾ, ਸਮੇਂ ਨਾਲ, ਨੰਦੇੜ ਸਾਹਿਬ ਦੇ ਖੇਤਰ ਵਿਚ ਗੁਰਦੁਆਰਾ ਰਤਨਗੜ੍ਹ ਸਾਹਿਬ ਅਤੇ ਗੁਰਦੁਆਰਾ ਨਾਨਕਪੁਰੀ ਸਾਹਿਬ ਦੀ ਸਥਾਪਨਾ ਹੋਈ। ਉਨ੍ਹਾਂ ਨੇ ਭੁਸਵਲ ਵਿਖੇ ਗੁਰਦੁਆਰਾ ਸਾਹਿਬ ਦੇ ਨਿਰਮਾਣ ਅਤੇ ਪਿੰਡ ਨਡਾਲੋਂ ਵਿਖੇ ਗੁਰਦੁਆਰਾ ਸੰਤ ਬਾਬਾ ਦੀਵਾਨ ਸਿੰਘ ਜੀ ਦੇ ਵਿਕਾਸ ਕਾਰਜਾਂ ਵਿਚ ਵਿਲੱਖਣ ਭੂਮਿਕਾ ਨਿਭਾਈ। ਇੰਝ ਬਾਬਾ ਜੀ ਨੇ ਇਨ੍ਹਾਂ ਸਾਰੇ ਸਥਾਨਾਂ ਵਿਖੇ ”ਸ਼ਬਦ” (ਗੁਰਬਾਣੀ) ਦਾ ਲੰਗਰ ਵੀ ਜਾਰੀ ਕਰ ਦਿੱਤਾ ਜੋ ਇਨ੍ਹਾਂ ਸਥਾਨਾਂ ਵਿਖੇ ਅੱਜ ਵੀ ਸੰਗਤਾਂ ਦੀ ਆਤਮਿਕ ਤ੍ਰਿਪਤੀ ਦਾ ਮਹਤਵਪੂਰਣ ਸੋਮਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ”ਸ਼ਬਦ” (ਗੁਰਬਾਣੀ) ਦੇ ਲੰਗਰ ਦੀ ਮਹਤਤਾ ਇੰਝ ਦਰਜ਼ ਹੈ; “”ਲੰਗਰੁ ਚਲੈ ਗੁਰ ਸ਼ਬਦਿ ਹਰਿ ਤੋਟਿ ਨઠਆਵੀ ਖਟੀਐ ॥”” (ਬਲਵੰਡ ਅਤੇ ਸੱਤਾ, ਪੰਨਾ 967)
ਵਿੱਦਿਆ ਪ੍ਰਸਾਰ ਯਤਨ
ਬਾਬਾ ਨਿਧਾਨ ਸਿੰਘ ਵਿੱਦਿਆ ਪ੍ਰਦਾਨ ਕਾਰਜਾਂ ਦੀ ਮਹਤੱਤਾ ਤੋਂ ਬਾਖੂਬੀ ਜਾਣੂ ਸਨ। ਵਿਦਿਅਰਥੀਆਂ ਦੇ ਸਿਖਲਾਈ ਕਾਰਜਾਂ ਦੀ ਲੋੜ ਪੂਰਤੀ ਲਈ ਉਨ੍ਹਾਂ ਪਿੰਡ ਬੱਡੋਂ ਵਿਖੇ ਖਾਲਸਾ ਹਾਈ ਸਕੂਲ ਦੀ ਸਥਾਪਨਾ ਵਿਚ ਅਹਿਮ ਯੋਗਦਾਨ ਪਾਇਆ। ਅੱਜ ਕਲ ਇਹ ਸਕੂਲ ਇਲਾਕੇ ਦੀ ਪ੍ਰਮੁੱਖ ਸੰਸੰਥਾ ਬਣ ਚੁੱਕਾ ਹੈ ਅਤੇ ਹਰ ਸਾਲ ਹਜ਼ਾਰਾਂ ਵਿਦਿਆਰਥੀਆਂ ਨੂੰ ਵਿੱਦਿਆ ਪ੍ਰਦਾਨ ਕਰਨ ਦਾ ਕਾਰਜ ਸਫਲਤਾ ਨਾਲ ਨਿਭਾ ਰਿਹਾ ਹੈ। ਉਨ੍ਹਾਂ ਦੇਸ਼ ਭਰ ਦੇ ਅਨੇਕ ਸਕੂਲਾਂ ਤੇ ਕਾਲਜਾਂ ਦੇ ਵਿਕਾਸ ਵਿਚ ਵਿਤੀ ਯੋਗਦਾਨ ਵੀ ਪਾਇਆ।
ਯੋਗਦਾਨ
4 ਅਗਸਤ 1947 ਨੂੰ 65 ਸਾਲਾਂ ਦੀ ਉਮਰ ਵਿਚ ਬਾਬਾ ਜੀ ਗੁਰਪੁਰੀ ਸਿਧਾਰ ਗਏ। ਕਹਿੰਦੇ ਜਦੋ ਬਾਬਾ ਜੀ ਨੇ ਪਰਲੋਕਗਮਨ ਕੀਤਾ ਰਾਤ ਵੇਲੇ ਉਦੋ ਸਾਰੇ ਅਸਮਾਨ ਵਿੱਚ ਰੋਸ਼ਨੀ ਹੋ ਗਈ ਸੀ ।ਇਕ ਸਾਧਾਰਨ ਪਰਿਵਾਰ ਵਿਚ ਪੈਦਾ ਹੋਏ ਬਾਬਾ ਨਿਧਾਨ ਸਿੰਘ ਜੀ ਨੇ ਪੂਰੀ ਸੁਹਿਰਦਤਾ ਤੇ ਸੁਦ੍ਰਿੜਤਾ ਨਾਲ ਪ੍ਰਭੂ ਭਗਤੀ (ਸਿਮਰਨ) ਕਰਦੇ ਹੋਏ ਸਮੂਹ ਮਾਨਵਤਾ ਲਈ
ਨਿਸ਼ਕਾਮ ਸੇਵਾ ਦੀ ਇਕ ਬੇਮਿਸਾਲ ਉਦਾਹਰਣ ਪੈਦਾ ਕੀਤੀ। ਉਨ੍ਹਾਂ ਬਹੁਤ ਹੀ ਸਾਦਾ ਤੇ ਪਵਿੱਤਰ ਜੀਵਨ ਗੁਜ਼ਾਰਿਆ। ਆਪਣੇ ਨਿਸ਼ਚੇ ਦੀ ਪੁਰਤੀ ਲਈ ਉਨ੍ਹਾਂ ਨੇ ਸਖ਼ਤ ਮਿਹਨਤ ਦਾ ਪੱਲਾ ਹਮੇਸ਼ਾਂ ਫੜੀ ਰੱਖਿਆ। ਉਨ੍ਹਾਂ ਦਾ ਸੁਭਾਅ ਬਹੁਤ ਹੀ ਨਿਮਰਤਾ ਵਾਲਾ ਤੇ ਦਿਆਲੂ ਸੀ। ਆਪਣੇ ਨਿਸ਼ਚੇ ਦੀ ਪੂਰਤੀ ਲਈ ਜਿਥੇ ਉਹ ਬਹੁਤ ਹੀ ਦ੍ਰਿੜ ਇਰਾਦੇ ਵਾਲੇ ਸਨ ਉਥੇ ਉਹ ਲੋੜਵੰਦਾਂ ਦੀ ਮਦਦ ਕਰਨ ਵਿਚ ਬਹੁਤ ਹੀ ਖੁਲਦਿਲੇ ਸਨ। ਬਿਨ੍ਹਾ ਕਿਸੇ ਵਿਤਕਰੇ ਦੇ ਸੱਭ ਦੀ ਸੇਵਾ ਕਰਨ ਲਈ ਤਤਪਰ ਰਹਿਣ ਵਾਲੇ ਬਾਬਾ ਨਿਧਾਨ ਸਿੰਘ ਜੀ ਨਵੇਂ ਵਿਚਾਰਾਂ ਤੇ ਸੁਝਾਵਾਂ ਬਾਰੇ ਉਦਾਰਚਿੱਤ ਸਨ। ਜਿਥੇ ਉਨ੍ਹਾਂ ਮਾਨਵਤਾ ਦੀ ਸੇਵਾ ਲਈ ਹਜ਼ੂਰ ਸਾਹਿਬ ਵਿਖੇ ਲੰਗਰ ਦੀ ਪ੍ਰਥਾ ਨੂੰ ਪੱਕੇ ਪੈਰੀ ਖੜਾ ਕੀਤਾ ਉਥੇ ਉਨ੍ਹਾਂ ਗੁਰਬਾਣੀ ਦੇ ਪ੍ਰਸਾਰ ਲਈ ਅਨੇਕ ਗੁਰਦੁਆਰਿਆਂ ਦਾ ਨਿਰਮਾਣ ਕਰਵਾਇਆ। ਵਿਦਿਆਰਥੀਆਂ ਦੇ ਭਲੇ ਲਈ ਉਨ੍ਹਾਂ ਕਈ ਵਿਦਿਅਕ ਸੰਸਥਾਵਾਂ ਦੀ ਸਥਾਪਤੀ ਤੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ। ਇਹ ਉਨ੍ਹਾਂ ਦੀ ਸਾਡੇ ਸਮਾਜ ਨੂੰ ਅਹਿਮ ਦੇਣ ਹੈ। ਆਪਣੇ ਸਫਲਤਾਪੂਰਨ ਤੇ ਲਾਸਾਨੀ ਜੀਵਨ ਕਾਰਣ ਉਹ ਸਾਡੇ ਸੱਭ ਲਈ ਇਕ ਪ੍ਰੇਰਨਾਦਾਇਕ ਉਦਾਹਰਣ ਹਨ।
ਜੋਰਾਵਰ ਸਿੰਘ ਤਰਸਿੱਕਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)