More Gurudwara Wiki  Posts
ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ – ਭਾਗ 1


ਹੱਥ ਜੋੜ ਕੇ ਬੇਨਤੀ ਹੈ ਸੇਅਰ ਲਾਇਕ ਕਰਿਓ ਭਾਵੈ ਨਾ ਕਰਿਓ ਪਰ ਥੋੜਾ ਸਮਾਂ ਕੱਢ ਕੇ ਇਹ ਪੋਸਟ ਜਰੂਰ ਪੂਰੀ ਪੜਿਆ ਜੇ ਤੁਹਾਨੂੰ ਆਪਣੇ ਬਜੁਰਗਾ ਤੇ ਬਹੁਤ ਮਾਣ ਮਹਿਸੂਸ ਹੋਵੇਗਾ ਹੋ ਸਕਦਾ ਕਿਸੇ ਦਾ ਜੀਵਨ ਹੀ ਬਦਲ ਜਾਵੇ ਜੀ ।
16 ਜੁਲਾਈ ਸ਼ਹਾਦਤ ਦਿਹਾੜਾ ਭਾਈ ਤਾਰੂ ਸਿੰਘ ਜੀ ਦਾ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ । ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ
ਭਾਈ ਤਾਰੂ ਸਿੰਘ ਦਾ ਨਾਮ ਸਿੱਖ ਸ਼ਹੀਦਾਂ ਵਿੱਚ ਸਤਿਕਾਰ ਨਾਲ ਲਿਆ ਜਾਂਦਾ ਹੈ। ਸਿੱਖ ਗੁਰੂਆਂ, ਚਾਰ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ ਦੇ ਨਾਲ ਨਾਲ, ਬੰਦ-ਬੰਦ ਕਟਵਾਇਆ (ਭਾਈ ਮਨੀ ਸਿੰਘ), ਖੋਪੜੀਆਂ ਲੁਹਾਈਆਂ (ਭਾਈ ਤਾਰੂ ਸਿੰਘ), ਚਰੱਖੜੀਆਂ ਤੇ ਚੜੇ (ਸਰਦਾਰ ਸੁਬੇਗ ਸਿੰਘ ਅਤੇ ਸ਼ਾਬਾਜ਼ ਸਿੰਘ) ਸਿੱਖ ਅਰਦਾਸ ਦਾ ਅਟੁੱਟਵਾਂ ਅੰਗ ਹੈ।
ਪੰਜਾਬ ਭਾਰਤ ਦਾ ਇਕ ਅਮੀਰ ਹਿਸਾ ਤੇ ਸਰਹੱਦੀ ਇਲਾਕਾ ਸੀ ਜਿਸ ਨੂੰ ਅਫਗਾਨ ਆਪਣੇ ਨਾਲ ਮਿਲਾਣ ਦੀ ਕੋਸ਼ਿਸ਼ ਵਿਚ ਸਨ । ਸਿਖ ਆਪਣੇ ਪੰਜਾਬ ਨੂੰ ਬਚਾਣ ਵਾਸਤੇ ਜਦੋ-ਜਹਿਦ ਕਰ ਰਹੇ ਸਨ । ਨਾਦਰਸ਼ਾਹ ਨੇ ਪੰਜਾਬ ਤੇ ਸਖ਼ਤੀ ਦਾ ਦੌਰ ਸ਼ੁਰੂ ਕਰ ਦਿਤਾ ਸਿਖਾਂ ਲਈ ਫੌਜਾਂ ਨੂੰ ਮਾਰਨ ਤੇ ਪਕੜਨ ਦੇ ਖਾਸ ਅਧਿਕਾਰ ਦੇ ਦਿਤੇ । ਜਦ ਵੀ ਨਾਦਰਸ਼ਾਹ ਦਿਲੀ ਲੁਟਮਾਰ ਕਰਨ ਆਉਂਦਾ ਤਾ ਸਿਖ ਉਸ ਨੂੰ ਕੁਝ ਨਾ ਕਹਿੰਦੇ ਤੇ ਰਸਤਾ ਦੇ ਦਿੰਦੇ ਪਰ ਜਦੋਂ ਅੰਨ , ਧੰਨ , ਸੋਨਾ ,ਚਾਂਦੀ ਦੇ ਨਾਲ ਨਾਲ ਜਵਾਨ ਬਚੇ ਬਚਿਆਂ ਨੂੰ ਗੁਲਾਮ ਬਣਾ ਕੇ ਵਾਪਸ ਜਾ ਰਿਹਾ ਹੁੰਦਾ ਤਾਂ ਸਿੰਘ ਉਸਤੇ ਹਮਲਾ ਕਰਕੇ ਲੁਟ ਦਾ ਮਾਲਖੋਹ ਕੇ ਤਾਂ ਖੁਦ ਰਖ ਲੈਂਦੇ ਤੇ ਬਚੇ ਬਚੀਆਂ ਨੂੰ ਬ-ਇਜ਼ਤ ਆਪਣੇ ਆਪਣੇ ਘਰਾਂ ਵਿਚ ਪੁਚਾ ਦਿੰਦੇ ਨਾਦਰਸ਼ਾਹ ਬੜਾ ਹੈਰਾਨ ਹੁੰਦਾ ਕੀ ਇਹ ਕਿਹੜੀ ਕੌਮ ਹੈ ਜੋ ਮੇਰੇ ਜੈਸੇ ਬੰਦੇ ਨਾਲ ਟਕਰ ਲੈਣ ਦੀ ਹਿੰਮਤ ਰਖਦੀ ਹੈ । ਲਾਹੌਰ ਪੁਜ ਕੇ ਉਸਨੇ ਜਕਰੀਆ ਖਾਨ ਤੋਂ ਇਸ ਬਾਰੇ ਸਵਾਲ ਕੀਤਾ । ਉਸਨੇ ਦਸਿਆ ਕੀ ,’ ਇਹਨਾ ਨੂੰ ਸਿੰਘ ਆਖਦੇ ਹਨ ਤਾਂ ਉਸਨੇ ਪੁਛਿਆ ਇਨ੍ਹਾ ਦਾ ਘਰ ਘਾਟ ਕਿਥੇ ਹੈ ਤਾ ਉਸਨੇ ਜਵਾਬ ਦਿਤਾ ਇਨ੍ਹਾ ਦਾ ਕੋਈ ਘਰ ਘਾਟ ਨਹੀਂ ਹੈ ,ਇਹ ਜੰਗਲਾ ਵਿਚ ਆਪਸ ਵਿਚ ਬਹੁਤ ਪਿਆਰ ਨਾਲ ਰਹਿੰਦੇ ਹਾ , ਘੋੜਿਆਂ ਦੀਆਂ ਕਾਠੀਆਂ ਤੇ ਸੋਂਦੇ ਹਨ । ਕਈ ਕਈ ਦਿਨ ਭੁਖੇ ਰਹਿ ਲੈਂਦੇ ਹਨ ਜਦੋਂ ਇਨ੍ਹਾ ਦਾ ਲੰਗਰ ਪਕਦਾ ਹੈ ਤੇ ਕਿਸੇ ਵੀ ਲੋੜਵੰਦ, ਭੁਖੇ ਨੂੰ ਪਹਿਲਾ ਖੁਆਂਦੇ ਹਨ , ਬਚ ਜਾਏ ਤਾ ਆਪ ਖਾ ਲੈਂਦੇ ਹਨ । ਤਾਂ ਨਾਦਰਸ਼ਾਹ ਨੇ ਜਕਰੀਆਂ ਖਾਨ ਨੂੰ ਇਕ ਗਲ ਕਹੀ ਕਿ ਇਹ ਜਰੂਰ ਇਕ ਦਿਨ ਹਿੰਦੁਸਤਾਨ ਤੇ ਰਾਜ ਕਰਨਗੇ ਉਸਦੀ ਇਹ ਗਲ ਸਚ ਹੋਈ ਮਹਾਰਾਜਾ ਰਣਜੀਤ ਸਿੰਘ 40 _ 50 ਸਾਲ ਹਿੰਦੁਸਤਾਨ ਦੇ ਇਕ ਵਡੇ ਹਿਸੇ ਤੇ ਰਾਜ ਕੀਤਾ ਜੋ ਸਿਖ ਕੌਮ ਦੀ ਇਕ ਸੁਨਹਿਰੀ ਯਾਦਗਾਰ ਹੈ ।
ਨਾਦਰਸ਼ਾਹ ਦੀ ਇਸ ਗਲ ਦਾ ਜਕਰੀਆ ਖਾਨ ਤੇ ਬਹੁਤ ਅਸਰ ਹੋਇਆ 1726 ਵਿਚ ਜਕਰੀਆ ਖਾਨ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ ਜਿਸਨੇ ਸਿਖਾਂ ਤੇ ਜ਼ੁਲਮ ਕਰਨ ਦੀ ਰਹਿੰਦੀ ਖਹਿੰਦੀ ਕਸਰ ਪੂਰੀ ਕਰ ਦਿਤੀ । ਉਸਨੇ ਇਕ ਹੁਕਮਨਾਮਾ ਜਾਰੀ ਕੀਤਾ , ਸਿਖਾਂ ਦੇ ਕੇਸ ਕਤਲ ਕਰਨ ਵਾਲੇ ਨੂੰ ਲੇਫ਼ ਤਲਾਈ ਤੇ ਕੰਬਲ , ਸਿਖਾਂ ਬਾਰੇ ਖਬਰ ਦੇਣ ਲਈ 10 ਰੂਪਏ, ਸਿਖਾਂ ਨੂੰ ਜਿਉਂਦਾ ਜਾਂ ਮਾਰ ਕੇ ਪੇਸ਼ ਕਰਨ ਵਾਲਿਆਂ ਨੂੰ 80 ਰੂਪਏ ਸਿਖਾਂ ਦੇ ਸਿਰਾਂ ਦੇ ਮੁਲ ਪਾਏ ਗਏ ਉਨ੍ਹਾ ਦੇ ਘਰਾਂ ਨੂੰ ਲੁਟਣ ਦੀ ਸਰਕਾਰ ਵਲੋਂ ਪੂਰੀ ਤੇ ਖੁਲੀ ਛੂਟ ਸੀ । ਸਿਖਾਂ ਨੂੰ ਪਨਾਹ ਦੇਣ ਵਾਲੇ ਨੂੰ ਸਜਾਏ – ਮੌਤ ਦੀ ਸਜ਼ਾ ਮੁਕਰਰ ਕੀਤੀ ਗਈ ਸਿਖਾਂ ਨੂੰ ਅੰਨ ਦਾਣਾ ਜਾਂ ਕਿਸੇ ਪ੍ਰਕਾਰ ਦੀ ਸਹਾਇਤਾ ਦੇਣ ਵਾਲੇ ਨੂੰ ਵੀ ਬਖਸ਼ਿਆ ਨਹੀਂ ਸੀ ਜਾਂਦਾ ਸਿਖਾਂ ਨੂੰ ਢੂੰਡਣ ਲਈ ਥਾਂ ਥਾਂ ਤੇ ਗਸ਼ਤੀ ਫੌਜ਼ ਤਾਇਨਾਤ ਕਰ ਦਿਤੀ ਗਈ । ਅਮ੍ਰਿਤਸਰ ਦੇ ਆਸ ਪਾਸ ਸਖਤ ਪਹਿਰਾ ਲਗਾ ਦਿਤਾ ਗਿਆ ਜਿਸਦਾ ਨਤੀਜਾ ਇਹ ਹੋਇਆ ਕੀ ਪਤਾ ਪਤਾ ਸਿਖਾਂ ਦਾ ਵੈਰੀ ਬਣ ਗਿਆ ਇਨਾਮ ਦੇ ਲਾਲਚ ਕਰਕੇ ਲੋਕ ਟੋਲ ਟੋਲ ਸਿਖਾਂ ਦੀ ਸੂਚਨਾ ਦੇਣ ਲਗੇ । ਇਨਾਮ ਦੀ ਲਾਲਸਾ ਇਥੋਂ ਤਕ ਵਧ ਗਈ ਕੀ ਲੋਕੀ ਜਵਾਨ ਬਚੀਆਂ ਤੇ ਇਸਤਰੀਆਂ ਦੇ ਕੇਸ ਕਟ ਕਟ ਉਨ੍ਹਾ ਨੂੰ ਸਿਖ ਜਿਨਾ ਦੀ ਅਜੇ ਦਾੜੀ ਮੁਛ੍ਹ ਨਹੀ ਆਈ ,ਦਿਖਾ ਦਿਖਾ ਹਾਕਮਾਂ ਨੂੰ ਪੇਸ਼ ਕਰਨ ਲਗੇ ਜਿਨ੍ਹਾ ਸਿਖਾਂ ਨੇ ਕਦੇ ਵੀ ਸਰਕਾਰ ਵਿਰੋਧੀ ਕੰਮ ਵਿਚ ਹਿਸਾ ਨਹੀਂ ਸੀ ਲਿਆ ਉਨ੍ਹਾ ਨੂੰ ਵੀ ਪਕੜ ਪਕੜ ਕੇ ਮਾਰਿਆ ਜਾਣ ਲਗਾ ਬਹੁਤ ਸਾਰੇ ਪਿੰਡਾਂ ਦੇ ਚੌਧਰੀਆਂ ਤੇ ਮੁਖਬਰਾਂ ਨੇ ਇਨਾਮ ਤੇ ਜਗੀਰਾਂ ਦੇ ਲਾਲਚ ਪਿਛੇ ਸਿਰਫ ਮੁਗਲ ਹਾਕਮਾਂ ਦਾ ਸਾਥ ਹੀ ਨਹੀਂ ਦਿਤਾ ਬਲਿਕ ਉਤਰ ਪਛਮ ਤੋਂ ਆਏ ਨਾਦਰਸ਼ਾਹ ਤੇ ਅਹਿਮਦਸ਼ਾਹ ਅਬਦਾਲੀ ਵਰਗੇ ਲੁਟੇਰਿਆ ਨੂੰ ਵੀ ਸਿਖਾਂ ਦਾ ਖ਼ੁਰਾ ਖੋਜ ਮਿਟਾਣ ਵਿਚ ਹਰ ਪ੍ਰਕਾਰ ਦੀ ਜਾਣਕਾਰੀ ਤੇ ਸਹਾਇਤਾ ਦਿਤੀ ਸਿਖ ਆਪਣੇ ਧਰਮ ਤੇ ਹੋਂਦ ਨੂੰ ਬਚਾਣ ਲਈ ਮਜਬੂਰਨ ਘਰ ਬਾਰ ਛਡ ਕੇ ਜੰਗਲਾਂ ,ਪਹਾੜਾਂ ਤੇ ਮਾਰੂਥਲਾਂ ਵਿਚ ਜਾ ਬੈਠੇ ।
ਜਕਰੀਆਂ ਖਾਨ ਲਈ ਜਦ ਜੰਗਲਾਂ ਵਿਚ ਵਸਦੇ ਸਿਖਾ ਨੂੰ ਪਕੜਨਾ ਤੇ ਮਾਰਨਾ ਮੁਸ਼ਕਿਲ ਹੋ ਗਿਆ ਤਾਂ ਉਸਨੇ ਬੇਦੋਸ਼ੇ , ਘਰੋਂ-ਘਰੀਂ ਵਸਦੇ , ਆਪਣਾ ਕਾਰੋਬਾਰ ਕਰਦੇ , ਸਿਖਾਂ ਤੇ ਆਪਣਾ ਗੁਸਾ ਉਡੇਲ ਦਿਤਾ ਤੇ ਕਹਿਰ ਢਾਹੁਣਾ ਸ਼ੁਰੂ ਕਰ ਦਿਤਾ । ਉਸਨੇ ਘਰਾਂ ਦੇ ਘਰ ਤੇ ਪਿੰਡਾ ਦੇ ਪਿੰਡ ਉਜਾੜੇ ਛਡੇ ਇਸ ਤਰਹ ਇਕ ਪਾਸੇ ਜਕਰੀਆਂ ਖਾਨ ਦਾ ਜ਼ੁਲਮ ਸੀ ਤੇ ਦੂਜੇ ਪਾਸੇ ਜੰਗਲਾਂ ਵਿਚ ਵਸਦੇ ਸਿਖਾਂ ਦੇ ਹਮਦਰਦ ਇਹ ਜਾਣਦੇ ਸੀ ਕੀ ਸਿਖਾਂ ਦਾ ਸੰਘਰਸ਼ ਕੋਈ ਨਿਜੀ ਲਾਭ ਲਈ ਨਹੀਂ ਸੀ ਸਗੋਂ ਗਰੀਬਾਂ ਤੇ ਮਜਲੂਮਾਂ ਦੀ ਰਖਿਆ ਲਈ ਹੈ ਤੇ ਜੰਗਲ ਵਿਚ ਬੈਠੇ ਸਿਖਾਂ ਦੀ ਮਦਤ ਕਰਨਾ ਉਹ ਆਪਣਾ ਫਰਜ਼ ਸਮਝਦੇ ਸੀ । ਅਜਿਹੇ ਸਿਖਾਂ ਵਿਚੋਂ ਪਿੰਡ ਪੂਹਲਾ, ਅਮ੍ਰਿਤਸਰ ਦੇ ਵਸਨੀਕ 25 ਸਾਲ ਦੇ ਨੌਜਵਾਨ ਭਾਈ ਤਾਰੂ ਸਿੰਘ ਜੀ ਸਨ ਉਹਨਾ ਦੇ ਪਿਤਾ ਜੀ ਦਾ ਨਾਮ ਯੋਗ ਸਿੰਘ ਤੇ ਮਾਤਾ ਦਾ ਨਾਮ ਧਰਮ ਕੌਰ ਸੀ ।ਭਾਈ ਤਾਰੂ ਸਿੰਘ ਭਾਵੈ ਛੋਟੀ ਉਮਰ ਦੇ ਸਨ ਪਰ ਇਹਨਾ ਦੀ ਸਿਖੀ ਰਹਿਤ ਮਰਯਾਦਾ ਅਤੇ ਆਚਰਣ ਦਾ ਕੋਈ ਮੁਕਾਬਲਾ ਨਹੀਂ ਸੀ । ਆਉਂਦੇ ਜਾਂਦੇ ਸਿਖ ਦੀ ਮਦਤ ਕਰਦੇ , ਲੋੜਵੰਦ ਤੇ ਭੁਖਿਆਂ ਨੂੰ ਪ੍ਰਸ਼ਾਦਾ ਛਕਾਂਦੇ ਜੋ ਕੁਝ ਖੇਤੀ ਬਾੜੀ ਤੋ ਬਚਦਾ ,ਉਹ ਆਪਣੇ ਸਿਖ ਭਰਾਵਾਂ ਨੂੰ ਦੂਰ ਬੈਠੇ ਜੰਗਲਾਂ ਵਿਚ ਪੁਚਾ ਦਿੰਦੇ । ਭਾਈ ਤਾਰੂ ਸਿੰਘ ਜੀ ਦੀ ਇਕ ਭੈਣ ਤਾਰੋ ਜੋ ਇਨ੍ਹਾ ਕੋਲ ਹੀ ਰਹਿੰਦੀ ਸੀ ਭਰਾ ਨਾਲ ਮਿਲਕੇ ਸਿੰਘਾਂ ਦੀ ਸੇਵਾ ਕਰਦੀ ਜਦੋਂ ਸਮੇ ਦੇ ਹਾਕਮਾਂ ਅਨੁਸਾਰ ਸਿਖ ਹੋਣਾ ਗੁਨਾਹ ਕਰਾਰ ਦਿਤਾ ਹੋਇਆ ਸੀ । ਉਸ ਸਮੇ ਕਿਸੇ ਸਿਖ ਦੀ ਮਦਤ ਕਰਨੀ ਤਾਂ ਦੂਰ ਸਿਖ ਨੂੰ ਵੇਖ ਲੋਕੀ ਆਪਣਾਂ ਬੂਹਾ ਬੰਦ ਕਰ ਲੈਂਦੇ ਅਜਿਹੇ ਸਮੇ ਵਿਚ ਵੀ ਭਾਈ ਤਾਰੂ ਸਿੰਘ ਲਗਣ ਨਾਲ ਸਿਖਾਂ ਦੀ ਸੇਵਾ ਕਰਦੇ ।
ਇਨਾਮ ਦੇ ਲਾਲਚ ਵਜੋਂ ਇਕ ਲਾਲਚੀ , ਜੰਡਿਆਲੇ ਦੇ ਚੌਧਰੀ ਹਰਿ ਭਗਤ ਨਿਰੰਜਨੀਏ, ਭਾਈ ਤਾਰੂ ਸਿੰਘ ਦੀ ਸ਼ਕਾਇਤ ਕਰਨ ਲਾਹੌਰ ਜਾ ਪੁਜਾ ਜਕਰੀਆਂ ਖਾਨ ਨੇ ਉਸਤੋਂ ਪੁਛਿਆ ਸਿਖਾਂ ਦਾ ਕਤਲ ਕਰਦੇ ਕਰਦੇ ਅਸੀਂ ਹਾਰ ਗਏ ਹਾਂ ਪਰ ਸਿਖ ਫਿਰ ਵੀ ਮੁਕਦੇ ਨਹੀਂ, ਵਧਦੇ ਜਾਂਦੇ ਹਨ । ਨਾ ਇਹਨਾ ਪਾਸ ਖੇਤੀ ਹੈ, ਨਾਂ ਕੋਈ ਜੰਗਲਾਂ ਵਿਚ ਗੁਰੁਦਵਾਰੇ ਹਨ , ਜਿਥੋਂ ਚੜਤ ਜਾਂ ਰੋਟੀ ਪਾਣੀ ਮਿਲ ਜਾਵੇ , ਫਿਰ ਇਹ ਖਾਂਦੇ ਪੀਂਦੇ ਕਿਥੋਂ ਹਨ । ਤਾਂ ਨਿਰਜਨੀਏ ਨੇ ਆਖਿਆ ,” ਉਸਨੇ ਜ਼ਕਰੀਆ ਖਾਨ ਪਾਸ ਜਾ ਕੇ ਭਾਈ ਤਾਰੂ ਸਿੰਘ ਜੀ ਖਿਲਾਫ ਮੁਖ਼ਬਰੀ ਅਤੇ ਝੂਠ-ਸੱਚ ਬੋਲ ਕੇ ਅਤੇ ਵਧਾ ਚੜ੍ਹਾ ਕੇ ਗੱਲਾਂ ਕਰਕੇ ਭਾਈ ਤਾਰੂ ਸਿੰਘ ਜੀ ਖਿਲਾਫ਼ ਜ਼ਕਰੀਆ ਖਾਨ ਦੇ ਕੰਨ ਭਰੇ।
ਉਸ ਨੇ ਜਦ ਵੇਖਿਆ ਕਿ ਜ਼ਕਰੀਆ ਖ਼ਾਨ ਉਸ ਦੀਆਂ ਗੱਲਾਂ ਨਾਲ ਉਤੇਜਿਤ ਹੋ ਗਿਆ ਹੈ ਤਾਂ ਕਿਹਾ ਕਿ ਇਹ ਪੂਹਲੇ ਪਿੰਡ ਦਾ ਭਾਈ ਤਾਰੂ ਸਿੰਘ ਉਤੋਂ ਵੇਖਣ ਨੂੰ ਬੜਾ ਭੋਲਾ-ਭਾਲਾ, ਭਲਾ ਮਾਣਸ, ਮਿਠ-ਬੋਲੜਾ ਤੇ ਸਾਰਿਆਂ ਦਾ ਸਾਂਝਾ ਬਣਿਆ ਬੈਠਾ ਹੈ, ਪਰ ਵਿਚੋਂ ਬਹੁਤ ਹੀ ਖ਼ਤਰਨਾਕ ਹੈ। ਇਸ ਨੇ ਆਪਣੀ ਮੱਕਾਰੀ ਦਾ ਬੜਾ ਤਕੜਾ ਜਾਲ ਫੈਲਾਇਆ ਹੋਇਆ ਹੈ। ਇਸ ਪਾਸ ਸਰਕਾਰ ਦੇ ਬਾਗੀ ਸਿੰਘ ਰਾਤਾਂ ਕੱਟਦੇ ਹਨ। ਇਹ ਉਨ੍ਹਾਂ ਨੂੰ ਲੰਗਰ ਖੁਆਉਂਦਾ ਹੈ। ਸਿੰਘ ਬਾਹਰ ਉਸ ਦੇ ਖੇਤਾਂ ਵਿਚ ਠਹਿਰਦੇ ਹਨ। ਇਸ ਪਾਸੋਂ ਇਲਾਕੇ ਦੀ ਸੂਹ ਲੈਂਦੇ ਹਨ ਅਤੇ ਸ਼ਾਹ-ਰਾਹਾਂ ਉਤੇ ਵਾਰਦਾਤਾਂ ਕਰਦੇ ਹਨ, ਪਿੰਡ ਵਿਚ ਵੱਸਣ ਵਾਲੀ ਤੁਹਾਡੀ ਪਰਜਾ ਦੇ ਖਾਂਦੇ-ਪੀਂਦੇ ਸਾਊ ਲੋਕਾਂ ਦੇ ਘਰ-ਘਾਟ ਲੁਟਦੇ ਹਨ। ਕਈ ਵਾਰ ਦਿਨ-ਦੀਵੀਂ ਧਾੜੇ ਮਾਰਦੇ ਹਨ। ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਦਿਨੇ ਹਲ ਵਾਹੁੰਦਾ ਹੈ, ਪਰ ਰਾਤ ਨੂੰ ਸੰਨਾਂ ਲਾ ਕੇ ਲੋਕਾਂ ਦੇ ਝੁਗੇ ਫੋਲ ਲੈਂਦਾ ਹੈ, ਸੰਨ੍ਹ ਲਾਉਣ ਦਾ ਬੜਾ ਮਾਹਿਰ ਹੈ। ਆਪ ਮਾੜਾ ਖਾਂਦਾ ਹੈ, ਭੁੱਖਾਂ ਕਟਦਾ ਹੈ, ਭੁੱਜੇ ਛੋਲੇ ਹੀ ਚੱਬ ਕੇ ਗੁਜ਼ਾਰਾ ਕਰ ਲੈਂਦਾ ਹੈ, ਪਰ ਸਿੰਘਾਂ ਨੂੰ ਵਧੀਆ ਅੰਨ-ਪਾਣੀ ਛਕਾਉਂਦਾ ਹੈ। ਲੀੜਾ ਕੱਪੜਾ ਤੇ ਖ਼ਰਚ ਆਦਿ ਵੀ ਦੇਂਦਾ ਹੈ। ਮਾਝੇ ਦੇ ਬੜੇ ਬੜੇ ਧਾੜਵੀ ਇਸ ਦੇ ਯਾਰ ਹਨ। ਧਾੜਿਆਂ, ਲੁੱਟਾਂ ਤੇ ਚੋਰੀ ਦੇ ਮਾਲ ਵਿਚੋਂ ਇਸ ਨੂੰ ਹਿੱਸਾ ਦੇਂਦੇ ਹਨ ਅਤੇ ਇਹ ਉਨ੍ਹਾਂ ਦੀ ਸੇਵਾ ਕਰਦਾ ਹੈ। ਚੌਧਰੀ ਮੱਸੇ ਦਾ ਕਾਤਿਲ ਮਹਿਤਾਬ ਸਿੰਘ ਮੀਰਾਂ ਕੋਟੀਆ ਅਤੇ ਇਸ ਕਿਸਮ ਦੇ ਹੋਰ ਖ਼ਤਰਨਾਕ ਸਿੰਘ ਉਸ ਪਾਸ ਆ ਕੇ ਠਹਿਰਦੇ ਹਨ। ਉਂਜ ਭਾਵੇਂ ਹਿੰਦੂ ਮੁਸਲਮਾਨਾਂ ਨੂੰ ਇਕੋ ਜਿਹਾ ਸਮਝਦਾ ਹੈ, ਵਖਾਲੇ ਲਈ ਬੜੀ ਕਰੜੀ ਬੰਦਗੀ ਕਰਦਾ ਹੈ, ਕਿਰਤ ਕਰਦਾ ਹੈ, ਲੋਕ ਉਸ ਨੂੰ ਕਬੀਰ ਤੇ ਧੰਨੇ ਵਰਗਾ ਭਗਤ ਸਮਝ ਕੇ ਸਤਿਕਾਰਦੇ ਹਨ, ਪਰ ਅੰਦਰੋਂ ਇਹ ਬੜਾ ਵੱਡਾ ਸਰਕਾਰ-ਵਿਦਰੋਹੀ ਹੈ। ਜਿਨ੍ਹਾਂ ਨੇ ਚੌਧਰੀ ਮੱਸਾ ਫ਼ੌਜਾਂ ਦੇ ਲਗੇ ਪਹਿਰਿਆਂ ਵਿਚੋਂ ਮਾਰ ਲਿਆ ਤੇ ਅੱਜ ਤਕ ਹੱਥ ਨਹੀਂ ਆਏ, ਉਹ ਇਸ ਪਾਸ ਆਉਂਦੇ ਹਨ, ਇਹ ਹੁਣ ਤੁਹਾਨੂੰ ਕਤਲ ਕਰਨ ਦੇ ਬਾਨ੍ਹਣੂੰ ਬੰਨ ਰਹੇ ਹਨ। ਸਰਕਾਰ ਨੂੰ ਹੁਣੇ ਈ ਆਪਣੇ ਬੰਦੋਬਸਤ ਨਾਲ ਤਕੜਾਈ ਕਰ ਦੇਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕਿ ਇਹ ਕੋਈ ਕਾਰਾ ਕਰਵਾ ਦੇਵੇ, ਹੁਣੇ ਹੀ ਫੜ ਕੇ ਮੌਤ ਦੇ ਘਾਟ ਉਤਾਰ ਦੇਣਾ ਹੀ ਅਕਲਮੰਦੀ ਹੈ । ਹਜ਼ੂਰ! ਗਿਆ ਵੇਲਾ ਹੱਥ ਨਹੀਂ ਆਉਂਦਾ। ਇਸ ਪਾਸੇ ਤੁਰੰਤ ਧਿਆਨ ਦੇਵੋ। ਇਹ ਬੰਦਾ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਜਿੰਨੀ ਛੇਤੀ ਹੋ ਸਕੇ, ਕਾਰਵਾਈ ਕੀਤੀ ਜਾਵੇ। ਚੰਗਾ ਹੋਵੇ ਜੇ ਇਸ ਨੂੰ ਅੱਜ ਭਲਕ ਹੀ ਫੜ ਲਿਆ ਜਾਵੇ ਤੇ ਫਿਰ ਜੀਉਂਦਾ ਲਾਹੌਰੋਂ ਵਾਪਸ ਨਾ ਮੁੜੇ। ਅਸੀਂ ਨਾ-ਚੀਜ਼ ਤਾਂ ਸਰਕਾਰ ਦੇ ਪੁਰਾਣੇ ਲੂਣ ਖਾਣ ਵਾਲਿਆਂ ਵਿਚੋਂ ਹਾਂ, ਇਸ ਲਈ ਅਸਾਂ ਤਾਂ ਜ਼ਰੂਰ ਨੇਕ ਰਾਏ ਹੀ ਦੇਣੀ ਹੈ। ਅਗੋਂ ਮੰਨਣਾ ਜਾਂ ਨਾ ਮੰਨਣਾ ਹਜ਼ੂਰ ਦੀ ਆਪਣੀ ਮਰਜ਼ੀ ਹੈ। ਜਕਰੀਆ ਖਾਨ ਨੇ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ ।
ਹੁਕਮ ਦੀ ਦੇਰ ਸੀ, ਇਕ ਅਫ਼ਸਰ ਪੁਲਸ ਦਾ ਦਸਤਾ ਲੈ ਕੇ ਚੜ੍ਹ ਪਿਆ ਤੇ ਪਛਾਣੇ ਥਾਈਂ ਹੁੰਦਾ ਹੋਇਆ ਅਗਲੇ ਦਿਨ ਪੁਹਲਾ ਪਿੰਡ ਆਣ ਘੇਰਿਆ। ਲੋਕ ਹੈਰਾਨ ਰਹਿ ਗਏ ਕਿ ਇਸ ਪਿੰਡ ਵਿਚ ਪੁਲਸ ਅੱਗੇ ਨਾ ਪਿਛੇ, ਪਰ ਅੱਜ ਕਿਉਂ ? ਪੁਲਸ-ਅਫ਼ਸਰ ਸੱਥ ਵਿਚ ਜਾ ਬੈਠਾ ਤੇ ਨੰਬਰਦਾਰ ਨੂੰ ਬੁਲਾ ਲਿਆ। ਉਸ ਦੀ ਖੂਬ ਝਾੜ ਝੰਬ ਕੀਤੀ ਕਿ ਉਸ ਨੇ ਅੱਜ ਤੋਂ ਪਹਿਲਾਂ ਖੁਦ ਆਪ ਕਿਉਂ ਨਾ ਤਾਰੂ ਸਿੰਘ ਵਰਗੇ ਸਰਕਾਰ-ਵਿਦਰੋਹੀ ਬਾਰੇ ਰਿਪੋਰਟ ਦਿੱਤੀ। ਉਸ ਨੂੰ ਫੜਾਉਣ ਦਾ ਪਹਿਲਾਂ ਯਤਨ ਕਿਉਂ ਨਹੀਂ ਕੀਤਾ। ਤੁਸੀਂ ਪਿੰਡਾਂ ਵਿਚ ਸਰਕਾਰ ਦੇ ਬਾਗੀ ਪਾਲਦੇ ਹੋ। ਕੀ ਇਹ ਇਰਾਦਾ ਤਾਂ ਨਹੀਂ ਕਿ ਤੁਹਾਡਾ ਵੀ ਘਾਣ ਬੱਚਾ ਘਾਣ ਨਾਲ ਹੀ ਪੜਿਆ ਜਾਵੇ। ਕੁਝ ਹੋਰ ਵੀ ਪਿੰਡ ਦੇ ਸਿਆਣੇ ਲੋਕ ਆ ਪਹੁੰਚੇ ਸਨ ਤੇ ਅਫ਼ਸਰ ਨੂੰ ਇੰਜ ਲੋਹੇ-ਲਾਖਾ ਹੋਇਆ ਤੇ ਉਪਰਲੇ ਸਖ਼ਤ ਬੋਲ ਕਹਿੰਦੇ ਨੂੰ ਸੁਣਿਆ। ਸਾਰੇ ਹੈਰਾਨ ਪਰੇਸ਼ਾਨ ਕਿ ਇਹ ਕੀ ਸੁਣ ਰਹੇ ਹਨ। ਨੰਬਰਦਾਰ ਤੇ ਲੋਕਾਂ ਬੜੇ ਤਰਲੇ ਨਾਲ ਕਿਹਾ ਕਿ ਦੁਹਾਈ ਰੱਬ ਦੀ, ਇਹ ਸਭ ਕੋਰਾ ਝੂਠ ਹੈ। ਕਿਸੇ ਪਾਪੀ ਚੁਗ਼ਲ ਨੇ ਗਰੀਬ ਉਤੇ ਝੂਠੀ ਲੂਤੀ ਫੂਕੀ ਹੈ। ਉਸ ਨੇ ਕਿਸੇ ਨੂੰ ਤਾਂ ਕੀ ਕਹਿਣਾ ਹੈ, ਉਹ ਤਾਂ ਤੁਰਨ ਲੱਗਾ ਗਲੀਆਂ ਦੇ ਕਖਾਂ ਨੂੰ ਵੀ ਨਹੀਂ ਦੁਖਾਉਂਦਾ। ਸਾਥੋਂ ਜੋ ਚਾਹੋ, ਸਫ਼ਾਈ ਲੈ ਲਵੇ ਅਤੇ ਜੇ ਇਸ ਵਿਚ ਰੰਚ-ਮਾਸਾ ਵੀ...

ਝੂਠ ਜਾਂ ਫ਼ਰਕ ਨਿਕਲੇ ਤਾਂ ਸਰਕਾਰ ਜੋ ਚਾਹੇ, ਸਾਨੂੰ ਡੰਨ ਦੇਵੇ। ਪਰ ਪੁਲਸ ਨੇ ਇਕ ਨਾ ਸੁਣੀ। ਉਲਟੀ ਲੋਕਾਂ ਦੀ ਹੋਰ ਲਾਹ ਪਾਹ ਕਰਨ ਲੱਗੀ। ਤਾੜ ਕੇ ਹੁਕਮ ਦਿਤਾ ਕਿ ਉਸ ਨੂੰ ਪੇਸ਼ ਕਰੋ। ਜਿੰਨਾ ਚਿਰ ਨਹੀਂ ਆਉਂਦਾ, ਉਸ ਦੇ ਘਰ ਦੇ ਜੀਅ ਫੜ ਲਿਆਵੋ।
ਇਹ ਕੁਝ ਪਿੰਡ ਦੀ ਸੱਥ ਵਿਚ ਹੁੰਦਾ ਵੇਖ-ਸੁਣ ਕੇ ਇਕ ਗਭਰੂ ਪੁਲਸ ‘ ਤੋਂ ਅੱਖ ਬਚਾਅ ਕੇ ਖਿਸਕ ਗਿਆ ਤੇ ਭਜ ਕੇ ਖੇਤ ਵਿਚ ਹਲ ਵਾਹੁੰਦੇ ਭਾਈ ਤਾਰੂ ਸਿੰਘ ਪਾਸ ਪਹੁੰਚਿਆ ਤੇ ਕਹਿਣ ਲੱਗਾ ਕਿ ਭਾਈ ਜੀ, ਹਲ ਛੱਡ ਕੇ ਇਥੋਂ ਕਿਸੇ ਪਾਸੇ ਖਿਸਕ ਜਾਵੋ। ਤੁਹਾਨੂੰ ਫੜਨ ਲਈ ਪਿੰਡ ਨੂੰ ਪੁਲਸ ਘੇਰੀ ਬੈਠੀ ਹੈ। ਉਹ ਤੁਹਾਨੂੰ ਸਰਕਾਰ ਦਾ ਬਾਗੀ ਕਹਿ ਰਹੀ ਹੈ। ਕਿਸੇ ਚੁਗਲ ਦਾ ਬੇੜਾ ਗਰਕ ਹੋ ਗਿਆ ਹੈ, ਜੋ ਏਡੀ ਝੂਠੀ ਤੁਹਮਤ ਤੁਹਾਡੇ ਉਤੇ ਲਾ ਦਿਤੀ ਹੈ। ਬਥੇਰੀ ਸਫ਼ਾਈ ਦਿਤੀ ਹੈ, ਪਰ ਉਹ ਮੰਨਦੇ ਹੀ ਨਹੀਂ। ਤੁਹਾਨੂੰ ਫੜ ਕੇ ਲਾਹੌਰ ਲੈ ਜਾਣ ਲਈ ਕਹਿ ਰਹੇ ਹਨ। ਲਾਹੌਰ ਲੈ ਜਾ ਕੇ ਕਿਹੜਾ ਸਿੰਘ ਅੱਜ ਤਕ ਜੀਊਂਦਾ ਮੁੜਨ ਦਿਤਾ ਹੈ। ਤੁਸੀਂ ਛੇਤੀ ਏਥੋਂ ਹਟ ਕੇ ਝਿੜੀ ਵਲ ਹੋ ਜਾਵੇ ਤੇ ਉਥੇ ਜਾ ਲੁਕੋ। ਉਹਦੇ ਵਿਚ ਉਨ੍ਹਾਂ ਵੜਨਾ ਨਹੀਂ ਤੇ ਤੁਹਾਨੂੰ ਲਭ ਸਕਣਾ ਨਹੀਂ। ਸਾਡੇ ਨਾਲ ਜੋ ਹੋਉਗੀ, ਅਸੀਂ ਨਿੱਬੜ ਲਵਾਂਗੇ। ਮਾਲ-ਡੰਗਰ ਦਾ ਤੁਸੀਂ ਫਿਕਰ ਨਾ ਕਰਿਓ, ਅਸੀਂ ਸਾਂਭਾਂਗੇ, ਭੁਖਿਆਂ ਨਹੀਂ ਰਹਿਣ ਦੇਂਦੇ, ਤੁਹਾਨੂੰ ਵੀ ਪ੍ਰਸ਼ਾਦਾ ਇਥੇ ਰਾਤ ਨੂੰ ਅੱਖ ਬਚਾਅ ਕੇ ਦੇ ਜਾਇਆ ਕਰਾਂਗੇ। ਪੁਲਸ ਕਿੰਨਾ ਕੁ ਚਿਰ ਪਿੰਡ ਬਹਿ ਰਹੇਗੀ। ਦੋ ਚਾਰ ਦਿਨਾਂ ਵਿਚ ਝਖ ਮਾਰ ਕੇ ਉਠ ਜਾਵੇਗੀ। ਜਦ ਠੰਡ-ਠੰਢੋਲਾ ਹੋ ਗਿਆ, ਤੁਹਾਨੂੰ ਦੱਸ ਦਿਆਂਗੇ, ਤੁਸੀਂ ਮੁੜ ਆਇਓ। ਆਏ ਗਏ ਰਾਹੀ ਪਾਤੀ ਨੂੰ ਤੁਹਾਡੇ ਵਾਂਗ ਹੀ ਲੰਗਰ-ਪਾਣੀ ਛਕਾਵਾਂਗੇ। ਮੈਂ ਹੱਥ ਜੋੜਦਾ ਹਾਂ, ਤੁਸੀਂ ਇਥੋਂ ਖਿਸਕ ਜਾਵੋ। ਪੁਲਸ ਖੇਤ ਵੱਲ ਵੀ ਆਈ ਖੜੀ ਹੈ। ਤੁਸੀਂ ਮਿੰਨਤ ਮੰਨ ਲਵੋ। ਨੌਜੁਆਨ ਨੇ ਇਹ ਵਾਕ ਬੜੀ ਕਾਹਲੀ ਵਿਚ ਤੇ ਭਰੇ ਦਿਲ ਨਾਲ ਕਹੇ।
ਭਾਈ ਤਾਰੂ ਸਿੰਘ ਜੀ ਨੇ ਆਉਣ ਵਾਲੇ ਗਭਰੂ ਨੂੰ ਧੀਰਜ ਦੇਦਿਆਂ ਕਿਹਾ ਕਿ ਤੂੰ ਆਪਣੀ ਸੋਚ ਮੂਜਬ ਜੋ ਇੰਜ ਭੱਜੇ ਆ ਕੇ ਮੈਨੂੰ ਅਗਲਵਾਂਢੀ ਖ਼ਬਰਦਾਰ ਕਰ ਕੇ ਆਪਣੇ ਵਲੋਂ ਮੇਰੇ ਨਾਲ ਹਮਦਰਦੀ ਨਿਭਾਈ ਹੈ, ਮੈਂ ਉਸ ਲਈ ਤੇਰਾ ਧੰਨਵਾਦੀ ਹਾਂ। ਭੱਜੇ ਤਾਂ ਉਹ ਜੋ ਚੋਰ ਉਚੱਕਾ ਹੋਵੇ, ਮੈਂ ਕੋਈ ਗੁਨਾਹੀ ਜਾਂ ਮੁਜਰਮ ਥੋੜਾ ਹਾਂ ? ਸੱਚ ਨੂੰ ਆਂਚ ਨਹੀਂ ਆਉਂਦੀ। ਪਿੰਡ ਨੂੰ ਅਜਾਈਂ ਵਖਤ ਵਿਚ ਪਾ ਕੇ ਮੈਂ ਜਾਨ ਬਚਾਅ ਲਵਾਂ, ਇਹ ਤਾਂ ਬੜਾ ਪਾਪ ਹੋਵੇਗਾ; ਹਮੇਸ਼ਾ ਲਈ ਦਾਗ ਲੱਗ ਜਾਵੇਗਾ। ਸੂਰਮਿਆਂ ਤੇ ਭਰੋਸੇ ਵਾਲਿਆਂ ਦੀ ਪਰਖ ਔਖੀ ਘੜੀ ਵਿਚ ਹੀ ਹੁੰਦੀ ਹੈ। ਕਾਇਰਾਂ ਵਾਂਗ ਭਜ ਜਾਵਾਂ ਤਾਂ ਸਿੰਘ ਦੀ ਸ਼ਾਨ ਦੇ ਹੀ ਉਲਟ ਹੈ। ਅੱਜ ਨਹੀਂ ਤਾਂ ਕੱਲ ਮਰਨਾ ਤਾਂ ਹੈ ਹੀ, ਕਾਇਰਾਂ ਵਾਂਗ ਮਰ ਕੇ ਸਿੱਖੀ ਦੀ ਆਨ ਸ਼ਾਨ ਨੂੰ ਕਿਉਂ ਵੱਟਾ ਲਾਈਏ ? ਮੈਂ ਹੁਣ ਆਪ ਹੀ ਪਿੰਡ ਨੂੰ ਜਾਂਦਾ ਹਾਂ। ਤੂੰ ਹਰਨਾੜੀ ਘਰ ਪਹੁੰਚਾ ਦੇਵੀਂ। ਇਹ ਕਹਿ ਕੇ ਭਾਈ ਤਾਰੂ ਸਿੰਘ ਜੀ ਉਸ ਅੱਖਾਂ ਭਰੀ ਖੜੇ ਗਭਰੂ ਨੂੰ ਪ੍ਰਾਣੀ ਫੜਾ ਕੇ ਪਿੰਡ ਵੱਲ ਨੂੰ ਤੁਰ ਪਏ।
ਭਾਈ ਸਾਹਿਬ ਪਿੰਡ ਵੱਲ ਨੂੰ ਲੰਘ ਆਏ ਸਨ, ਜਦ ਉਸ ਪਾਸਿਓਂ ਆ ਰਹੇ ਸਵਾਰਾਂ ਦੀ ਧੂੜ ਦਿਸੀ। ਸਮਝ ਗਏ ਕਿ ਪੁਲਸ ਦੇ ਸਵਾਰ ਆ ਰਹੇ ਹਨ। ਪਿੰਡ ਦੇ ਦੋ ਆਦਮੀ ਵੀ ਨਾਲ ਸਨ। ਜਦ ਲਾਗੇ ਪੁਜੇ ਤਾਂ ਭਾਈ ਤਾਰੂ ਸਿੰਘ ਨੇ ਫ਼ਤਹਿ ਬੁਲਾ ਕੇ ਕਿਹਾ ਕਿ ਤੁਹਾਨੂੰ ਖੇਚਲ ਦੀ ਲੋੜ ਨਹੀਂ ਸੀ, ਮੈਂ ਸੁਣ ਕੇ ਆਪ ਹੀ ਆ ਰਿਹਾ ਸਾਂ। ਪਰ ਪੁਲਸ ਵਾਲੇ ਆਪਣਾ ਰੁਅਬ ਛਾਂਟਣ ਲੱਗੇ। ਇਕ ਸਵਾਰ ਉਤਰ ਕੇ ਝੱਟ ਨਾਲ ਉਨ੍ਹਾਂ ਦੀਆਂ ਬਾਹਾਂ ਪਿਛੇ ਬੰਨ੍ਹਣ ਲੱਗਾ। ਭਾਈ ਸਾਹਿਬ ਨੇ ਕਿਹਾ ਕਿ ਜੇ ਮੈਂ ਭਜਣਾ ਹੁੰਦਾ ਤਾਂ ਆਪ ਤੁਹਾਡੇ ਵੱਲ ਕਿਉਂ ਆਉਂਦਾ। ਮੈਂ ਸਿੰਘ ਹਾਂ, ਕੋਈ ਬਦਮਾਸ਼ ਨਹੀਂ। ਆਰਾਮ ਨਾਲ ਘੋੜਿਆਂ ‘ਤੇ ਚੜ੍ਹੇ ਚਲੋ, ਮੈਂ ਤੁਹਾਡੇ ਨਾਲ ਚੱਲਦਾ ਹਾਂ, ਜਿਧਰ ਤੁਸੀਂ ਚਾਹੁੰਦੇ ਹੋ। ਇਥੋਂ ਅੱਗੇ ਚੱਲ ਕੇ ਪੁਲਸ ਵਾਲਿਆਂ ਨਾਲ ਭਾਈ ਤਾਰੂ ਸਿੰਘ ਜੀ ਸੱਥ ਵਿਚ ਬੈਠੇ ਪੁਲਸ-ਅਫ਼ਸਰ ਪਾਸ ਪਹੁੰਚੇ ਤੇ ਗੱਜ ਕੇ ਫ਼ਤਹ ਬੁਲਾਈ। ਘੋੜ-ਸਵਾਰਾਂ ਆਪਣੀ ਕਾਰਕਰਦਗੀ ਪਾਉਂਦਿਆਂ ਕਿਹਾ ਕਿ ਜਨਾਬ, ਇਹ ਤਾਰੂ ਸਿੰਘ ਹੈ ਤੇ ਫੜ ਲਿਆਂਦਾ ਹੈ। ਥੋੜੀ ਜਿਹੀ ਢਿਲ ਹੋ ਜਾਂਦੀ ਤਾਂ ਸ਼ਾਇਦ ਹੱਥ ਹੀ ਨਾ ਆਉਂਦਾ। ਅਸਾਂ ਬੜੀ ਹਿੰਮਤ ਨਾਲ ਗ੍ਰਿਫ਼ਤਾਰ ਕੀਤਾ ਹੈ ਜਨਾਬ ਇਸ ਨੂੰ।
ਅਹਿਦੀਆ ਪੁਲਸ ਵਾਲੀ ਗਰਮੀ ਜ਼ਰੂਰ ਵਿਖਾਉਂਦਾ, ਪਰ ਭਾਈ ਤਾਰੂ ਸਿੰਘ ਦੀ ਮਾਸੂਮ ਸ਼ਕਲ-ਸੂਰਤ ਨੇ ਉਸ ਦੀ ਗਰਮੀ ਠੰਢੀ ਪਾ ਦਿਤੀ। ਪਲ ਭਰ ਪਿਛੋਂ ਉਸ ਨੇ ਹੁਕਮ ਦਿੱਤਾ ਕਿ ਇਸ ਦੀਆਂ ਮੁਸ਼ਕਾਂ ਬੰਨ੍ਹ ਲਈਆਂ ਜਾਣ।
ਪੁਲਸ ਪਿੰਡ ਵਿਚ ਕਿਸ ਵਾਸਤੇ ਆਈ ਸੀ, ਇਸ ਦਾ ਬੱਚੇ ਬੱਚੇ ਨੂੰ ਪਤਾ ਲੱਗ ਚੁੱਕਾ ਸੀ। ਭਾਈ ਤਾਰੂ ਸਿੰਘ ਦੀ ਬਿਰਧ ਮਾਤਾ ਤੇ ਭੈਣ ਨੂੰ ਵੀ ਸੱਦ ਲਿਆ ਗਿਆ। ਮਾਂ ਨੇ ਜਦ ਬੇਦੋਸ਼ੇ ਪੁਤ ਦੀਆਂ ਇੰਜ ਮੁਸ਼ਕਾਂ ਕਸੀਦੀਆਂ ਵੇਖੀਆਂ ਤਾਂ ਉਸ ਦੀ ਮਮਤਾ ਤੜਫ ਉਠੀ। ਅਹਿਦੀਏ ਦਾ ਹਾੜਾ ਕਢਿਆ ਕਿ ਇਸ ਨੂੰ ਇੰਜ ਨਾ ਬੰਨ੍ਹੇ। ਪਿੰਡ ਵਾਲੇ ਹਾਜ਼ਰ ਹਨ, ਤਸਦੀਕ ਪੜਤਾਲ ਕਰ ਲਵੋ, ਮੇਰੇ ਬੱਚੇ ਦਾ ਕੋਈ ਕਸੂਰ ਨਹੀਂ ਹੈ। ਹੱਕ ਦੀ ਕਿਰਤ ਕਰਦਾ ਹੈ। ਕਦੀ ਕਿਸੇ ਨੂੰ ਮਾੜਾ ਨਹੀਂ ਬੋਲਿਆ। ਨੰਬਰਦਾਰ ਨੂੰ ਪੁਛ ਲਵੋ। ਪੰਚਾਇਤ ਪਾਸੋਂ ਤਸੱਲੀ ਲੈ ਲਵੋ। ਮੇਰੇ ਬੁੜਾਪੇ ਦਾ ਤਾਂ ਸਹਾਰਾ ਹੀ ਇਹੋ ਹੈ। ਅਹਿਦੀਏ ਨੇ ਕੜਕ ਕੇ ਆਖਿਆ ਕਿ ਸਰਕਾਰ-ਵਿਦਰੋਹੀ ਪੁਤ ਦਿਆਂ ਜੁਰਮਾਂ ਉਤੇ ਇੰਜ ਪਰਦੇ ਨਹੀਂ ਪੈਣ ਲੱਗੇ ਬੁੜੀਏ ! ਤੇਰੇ ਭਾ ਦਾ ਸਾਊ ਹੋਵੇਗਾ, ਪਰ ਸਰਕਾਰ ਦੀਆਂ ਨਜ਼ਰਾਂ ਵਿਚ ਇਹ ਵਿਦਰੋਹੀ ਹੈ। ਬਾਗੀਆਂ ਨੂੰ ਪਨਾਹ ਦੇਂਦਾ ਹੈ। ਸਰਕਾਰੀ ਅਫ਼ਸਰਾਂ ਦਿਆਂ ਕਾਤਲਾਂ ਨੂੰ ਪਾਸ ਠਹਿਰਾਉਂਦਾ ਹੈ ਤੇ ਅੰਨ-ਪਾਣੀ ਨਾਲ ਸੇਵਾ ਕਰਦਾ ਹੈ ਤੇ ਉਨ੍ਹਾਂ ਨੂੰ ਖ਼ਰਚੇ ਦੇਂਦਾ ਹੈ। ਧਾੜੇ ਮਰਵਾ ਕੇ ਵਿਚੋਂ ਹਿੱਸੇ ਲੈਂਦਾ ਹੈ। ਦਿਨੇ ਹਲ ਵਾਹ ਛਡਿਆ, ਰਾਤ ਨੂੰ ਸੰਨ੍ਹਾਂ ਲਾ ਲਈਆਂ। ਤੇਰੀਆਂ ਮੋਮੋਠਗਣੀਆਂ ਦਾ ਸਾਡੇ ਉਤੇ ਕੀ ਅਸਰ ਹੈ। ਤੁਸੀਂ ਦੋਵੇਂ ਮਾਵਾਂ ਧੀਆਂ ਸਰਕਾਰ ਦੇ ਵਿਦਰੋਹੀਆਂ ਨੂੰ ਰੋਟੀਆਂ ਪਕਾਅ ਪਕਾਅ ਕੇ ਖੁਆਉਂਦੀਆਂ ਹੋ। ਤੁਹਾਡਾ ਜੁਰਮ ਵੀ ਘਟ ਨਹੀਂ। ਤੇਰੇ ਬੁੜੇਪੇ ਉਤੇ ਤਰਸ ਆਉਂਦਾ ਹੈ, ਪਰ ਇਸ ਕੁੜੀ ਨੂੰ ਨਹੀਂ ਛਡਣਾ। ਇਸ ਨੂੰ ਵੀ ਨਾਲ ਬੰਨ੍ਹ ਲਿਆ ਜਾਵੇ । ਲਾਹੌਰ ਜਾ ਕੇ ਦੁੱਧ-ਪਾਣੀ ਅੱਡੋ ਅੱਡ ਹੋ ਜਾਵੇਗੀ। ਹਾਜ਼ਰ ਲੋਕਾਂ ਜਦ ਇਹ ਸੁਣਿਆ, ਕਲੇਜਾ ਫੜ ਲਿਆ। ਕਰ ਕੀ ਸਕਦੇ ਸਨ, ਤੜਫ਼ ਕੇ ਰਹਿ ਗਏ।
ਅੱਜ ਵਾਂਗ ਉਸ ਸਮੇਂ ਪਿੰਡ ਆਉਣ ਵਾਲੇ ਸਰਕਾਰੀ ਕਰਮਚਾਰੀਆਂ ਦੇ ਜਲ-ਪਾਣੀ ਤੇ ਰੋਟੀ ਟੁੱਕ ਦਾ ਪ੍ਰਬੰਧ ਨੰਬਰਦਾਰਾਂ ਸਿਰ ਹੀ ਹੁੰਦਾ ਸੀ। ਜਦ ਪੁਲਸ ਖਾ ਪੀ ਕੇ ਤੁਰਨ ਲੱਗੀ ਤਾਂ ਨੰਬਰਦਾਰ ਤੇ ਪੰਚਾਇਤ ਵਾਲਿਆਂ ਹੱਥ ਬੰਨ ਕੇ ਬੜੀ ਅਧੀਨਗੀ ਨਾਲ ਤਰਲੇ ਲੈਂਦਿਆਂ ਬੀਬੀ ਤਾਰੋ ਉਤੇ ਰਹਿਮ ਕਰਨ ਲਈ ਕਿਹਾ ਕਿ ਇਹ ਪਿੰਡ ਦੀ ਧੀ ਧਿਆਣੀ ਹੈ। ਪਿੰਡ ਉਤੇ ਇਹ ਧੱਕਾ ਨਾ ਕਰੋ। ਨਿਰਦੋਸ਼ ਕੰਨਿਆ ਹੈ, ਦਇਆ ਕਰੋ ਤੇ ਇਸ ਨੂੰ ਛੱਡ ਦਿਉ। ਪਹਿਲਾਂ ਤਾਂ ਅਹਿਦੀਆ ਆਕੜਿਆ, ਪਰ ਲੋਕਾਂ ਦਾ ਇਸ਼ਾਰਾ ਸਮਝ ਕੇ ਕੁਝ ਰਕਮ ਇਕੱਤਰ ਕਰ ਕੇ ਅੱਗੇ ਲਿਆ ਧਰੀ। ਬੀਬੀ ਤਾਰੋ ਨੂੰ ਛੁਡਾ ਲਿਆ ਗਿਆ।
ਲੋਕਾਂ ਦੇ ਮਿੰਨਤ ਤਰਲਾ ਕਰਨ ‘ਤੇ ਪੁਲਸ ਨੇ ਮਾਂ ਤੇ ਭੈਣ ਨੂੰ ਆਗਿਆ ਦੇ ਦਿਤੀ ਕਿ ਉਹ ਅੱਗੇ ਹੋ ਕੇ ਤਾਰੂ ਸਿੰਘ ਨੂੰ ਮਿਲ ਲੈਣ। ਦੋਹਾਂ ਨੇ ਅੱਗੇ ਵਧ ਕੇ ਤਾਰੂ ਸਿੰਘ ਜੀ ਨੂੰ ਜੱਫੀ ਵਿਚ ਲੈ ਲਿਆ ਤੇ ਬੇਦੋਸ਼ਾ ਪੁਤ ਤੇ ਵੀਰ ਨੂੰ ਬੱਝਾ ਵੇਖ ਕੇ ਉਭੇ ਸਾਹੀਂ ਰੋਣ ਲੱਗ ਪਈਆਂ। ਉਹ ਸਮਝਦੀਆਂ ਸਨ ਕਿ ਇਸ ਨੇ ਹੁਣ ਕਦ ਮੁੜਨਾ ਹੈ, ਇਹ ਮੇਲੇ ਅਖ਼ੀਰ ਦੇ ਹਨ, ਦਿਲ ਹੰਝੂਆਂ ਰਾਹੀਂ ਵਹਿ ਤੁਰਿਆ। ਤਾਰੂ ਸਿੰਘ ਨੇ ਦੋਹਾਂ ਨੂੰ ਧੀਰਜ ਦੇਦਿਆਂ ਕਿਹਾ ਕਿ ਮੈਂ ਬਿਲਕੁਲ ਨਿਰਦੋਸ਼ ਹਾਂ। ਵਾਹਿਗੁਰੂ ਜਾਣਦਾ ਹੈ ਤੇ ਉਹੀ ਮੇਰਾ ਰਾਖਾ ਹੈ। ਤੁਸੀਂ ਸਬਰ ਤੇ ਹੌਸਲਾ ਕਰਨਾ ਹੈ। ਆਏ ਗਏ ਦੀ ਸੇਵਾ ਇੰਜ ਹੀ ਜਾਰੀ ਰਹੇ। ਗੁਰੂ ਕਾ ਲੰਗਰ ਸਦਾ ਵਾਂਗ ਚਲਦਾ ਰਹੇ, ਵਾਹਿਗੁਰੂ ਸਹਾਈ ਹੋਣਗੇ। ਕੋਈ ਝੂਠੀ ਆਸ ਨਹੀਂ ਰਖਣੀ। ਲਾਹੌਰ ਜਾ ਕੇ ਮੇਰਾ ਜੀਊਂਦਾ ਮੁੜਨਾ ਮੁਸ਼ਕਲ ਹੈ। ਮੈਨੂੰ ਨਿਸਚਾ ਹੈ, ਇਹ ਭਾਣਾ ਵਾਪਰ ਕੇ ਰਹਿਣਾ ਹੈ। ਸੋ ਤੁਸੀਂ ਉਸ ਦੀ ਰਜ਼ਾਅ ਵਿਚ ਰਹਿਣਾ ਹੈ। ਦਿਲ ਨਹੀਂ ਛੋਟਾ ਕਰਨਾ। ਜ਼ੋਰਾਵਰ ਸਿੰਘ ਤੇ ਫ਼ਤਹ ਸਿੰਘ ਦੀ ਕੁਰਬਾਨੀ ਨੂੰ ਚੇਤੇ ਰੱਖ ਕੇ ਚੜ੍ਹਦੀ ਕਲਾ ਵਿਚ ਰਹਿਓ ਵਾਹਿਗੁਰੂ ਨੂੰ ਅੰਗ ਸੰਗ ਸਮਝਣਾ। ਮੇਰੀ ਥਾਂ ਹੁਣ ਪਿੰਡ ਵਾਲਿਆਂ ਨੂੰ ਸਮਝਿਓ। ਤੁਹਾਡੇ ਲਈ ਇਹ ਸਾਰੇ ਹੀ ਤਾਰੂ ਸਿੰਘ ਹਨ। ਮਾਵਾਂ ਨੂੰ ਰੀਝ ਹੁੰਦੀ ਹੈ ਕਿ ਪੁਤ ਜਵਾਨ ਹੋਣ ਤੇ ਉਨ੍ਹਾਂ ਨੂੰ ਘੋੜੀ ਚੜ੍ਹਦਿਆਂ ਨੂੰ ਵੇਖਣ। ਭੈਣਾਂ ਵੀ ਇਹੋ ਹੀ ਚਾਹੁੰਦੀਆਂ ਹਨ। ਲਉ ਮੇਰੇ ਮਾਤਾ ਜੀ ਤੇ ਭੈਣ ਜੀ, ਮੈਂ ਅੱਜ ਘੋੜੀ ਚੜ ਚਲਿਆ ਹਾਂ। ਮਾਤਾ ਜੀ, ਭਰੋਸਾ ਰਖਿਓ, ਮੈਂ ਤੁਹਾਡੇ ਦੁੱਧ ਨੂੰ ਲਾਜ ਨਹੀਂ ਲਾਵਾਂਗਾ। ਸਿੱਖੀ ਦੀ ਸ਼ਾਨ ਨੂੰ ਕਲੰਕਤ ਨਹੀਂ ਕਰਾਂਗਾ।
ਫਿਰ ਪਿੰਡ ਵਾਲਿਆਂ ਨੂੰ ਕਿਹਾ-ਮੇਰੇ ਬਜ਼ੁਰਗੋ ਤੇ ਭਰਾਵੋ, ਜੇ ਮੇਰੇ ਬਾਪੂ ਜੀ ਜੀਉਂਦੇ ਹੁੰਦੇ ਤਾਂ ਮਾਂ ਤੇ ਭੈਣ ਦੀ ਸੌਂਪਣਾ ਦੀ ਖੇਚਲ ਤੁਹਾਨੂੰ ਨਾ ਦੇਂਦਾ। ਉਹ ਆਪੇ ਸਾਰੀ ਗੱਲ ਨੂੰ ਸਾਂਭ ਲੈਂਦੇ। ਮੈਨੂੰ ਕੋਈ ਫ਼ਿਕਰ ਨਾ ਰਹਿੰਦਾ। ਤੁਹਾਡੇ ਬਿਨਾਂ ਹਣ ਇਨ੍ਹਾਂ ਦੁਖੀਆਂ ਦਾ ਕੌਣ ਹੈ ? ਇਸ ਲਈ ਹੁਣ ਇਨ੍ਹਾਂ ਦੀ ਬਾਂਹ ਤੁਹਾਡੇ ਹੱਥ ਫੜਾ ਚਲਿਆ ਹਾਂ। ਮੇਰੀ ਤੁਹਾਨੂੰ ਸਾਰਿਆਂ ਨੂੰ ਹੁਣ ਇਹ ਆਖ਼ਰੀ ਫ਼ਤਹ ਹੈ।
ਕੋਈ ਐਸੀ ਅੱਖ ਨਹੀਂ, ਜੋ ਤਰੱਪ ਤਰੱਪ ਹੰਝ ਨਾ ਕੇਰ ਰਹੀ ਹੋਵੇ। ਪੱਥਰ-ਦਿਲ ਪੁਲਸ ਵਾਲਿਆਂ ‘ਚੋਂ ਕਈਆਂ ਦੇ ਦਿਲ ਪਿਗਲ ਗਏ ਸਨ। ਦਿਲ ਦੀ ਪੀੜਾ ਅੱਖਾਂ ਵਿਚ ਆ ਗਈ। ਪਰ ਇਹ ਹੁਕਮ ਦੇ ਬੱਧੇ ਮੁਲਾਜ਼ਮ ਸਨ। ਕੀ ਕਰ ਸਕਦੇ ਸਨ ?
ਇਕ ਸਵਾਰ ਦੇ ਪਿਛੇ ਭਾਈ ਤਾਰੂ ਸਿੰਘ ਜੀ ਨੂੰ ਬਿਠਾ ਕੇ ਪਾਣੇ ਪਿੰਡ ਵਲ ਲੈ ਤੁਰੋ। ਕਈ ਭੁਬਾਂ ਮਾਰ ਕੇ ਰੋ ਉਠੇ। ਮਾਯੂਸੀ ਤੇ ਗ਼ਮ ਦੀਆਂ ਮੂਰਤਾਂ ਬਣੇ, ਜਾਂਦੀ ਪੁਲਸ ਨੂੰ ਤੱਕ ਰਹੇ ਸਨ। ਮਾਂ ਤੇ ਭੈਣਾਂ ਦੇ ਦਿਲਾਂ ਦੀ ਪੀੜ ਨੂੰ ਕੋਈ ਆਲ-ਔਲਾਦ ਵਾਲਾ ਹੀ ਸਮਝ ਸਕਦੈ। ਅੱਖਾਂ ਦੇ ਸਾਹਮਣੇ ਮਾਂ ਦੇ ਇਕੱਲੇ ਪੁਤ ਤੇ ਭੈਣ ਦੇ ਇਕੋ ਇਕ ਵੀਰੋ ਨੂੰ ਮੌਤ ਦੇ ਘਾਟ ਵਲ ਲਈ ਜਾ ਰਹੇ ਸਨ। ਜਦ ਤਕ ਦਿਸਦਾ ਰਿਹਾ, ਇਕ ਆਸ ਜਿਹੀ ਬੱਝੀ ਰਹੀ, ਨਜ਼ਰ ਪਿੱਛਾ ਕਰਦੀ ਰਹੀ। ਜਦ ਜਾਂਦੇ ਦਿਸਣੋਂ ਹਟ ਗਏ ਤਾਂ ਮਾਵਾਂ ਧੀਆਂ ਝਿਸੀਆਂ ਵੱਟੀ, ਹੌਕੇ ਲੈਂਦੀਆਂ ਘਰ ਨੂੰ ਤੁਰ ਪਈਆਂ। ਸਾਰੇ ਲੋਕ ਡੌਰ-ਭੌਰੇ ਹੋਏ ਪਏ ਸਨ ਕਿ ਇਹ ਕੀ ਭਾਣਾ ਵਾਪਰ ਗਿਆ ਹੈ। ਸਾਰੇ ਘਰ ਤਕ ਨਾਲ ਆਏ। ਸਾਰਿਆਂ ਦੇ ਦਿਲਾਂ ਵਿਚ ਆਉਣ ਵਾਲੇ ਦੋ ਚਾਰ ਦਿਨਾਂ ਵਿਚ ਵਾਪਰਨ ਵਾਲੇ ਭਾਣੇ ਦਾ ਨਕਸ਼ਾ ਸੀ, ਜੋ ਕਿਸੇ ਨੂੰ ਮੂੰਹ ਨਹੀਂ ਸੀ ਖੋਣ ਦੇਂਦਾ। ਕੌਣ ਅੱਗੇ ਵਧ ਕੇ ਮਾਂ ਦੇ ਦਿਲ ਨੂੰ ਢਾਸਣਾ ਦੇਵੇ। ਸੂਰਜ ਹੁੰਦਿਆਂ ਪੂਹਲਿਆਂ ਵਿਚ ਗਹਿਰਾ ਹਨੇਰ ਪਸਰਿਆ ਹੋਇਆ ਸੀ।
ਅਜੇ ਦਿਨ ਨਹੀਂ ਸੀ ਅਸਤਿਆ ਜਦ ਪੁਲਸ ਦਾ ਦਸਤਾ ਭਾਈ ਤਾਰੂ ਸਿੰਘ ਨੂੰ ਲੈ ਕੇ ਪਿੰਡ ਪਢਾਣੇ ਪਹੁੰਚ ਕੇ ਰਾਤ-ਕਟੀ ਲਈ ਪਿੰਡ ਦੀ ਸਥ ਵਿਚ ਆਣ ਉਤਰਿਆ ਤੇ ਚੌਧਰੀ ਨੂੰ ਬੁਲਾ ਕੇ ਘੋੜਿਆਂ ਦੇ ਦਾਣੇ-ਪੱਠੇ ਤੇ ਪੁਲਸ ਦੀਆਂ ਰੋਟੀਆਂ ਦਾ ਹੁਕਮ ਦਿਤਾ। ਪਿੰਡ ਵਿਚ ਪਲੋ ਪਲੀ ਜੰਗਲ ਦੀ ਅੱਗ ਵਾਂਗ ਇਹ ਖ਼ਬਰ ਫੈਲ ਗਈ ਕਿ ਇਹ ਪੁਲਸ-ਦਸਤਾ ਖ਼ਾਨ ਬਹਾਦਰ ਨਾਜ਼ਿਮ ਲਾਹੌਰ ਦੇ ਹੁਕਮ ਤਹਿਤ ਭਾਈ ਤਾਰੂ ਸਿੰਘ ਪੂਹਲਿਆਂ ਵਾਲੇ ਨੂੰ ਫੜ ਕੇ ਲਾਹੌਰ ਲਈ ਜਾ ਰਿਹਾ ਹੈ। ਭਾਈ ਤਾਰੂ ਸਿੰਘ ਦੀ ਪ੍ਰਭਤਾ ਤੇ ਨਾਮ ਦੂਰ ਦੂਰ ਤਕ ਫੈਲਿਆ ਹੋਇਆ ਸੀ। ਸਾਰੇ ਜਾਣਦੇ ਸਨ ਕਿ ਇਹ ਹਰ ਇਕ ਦਾ ਸਹਾਈ ਹੈ ਤੇ ਬਿਨਾਂ ਕਿਸੇ ਭਿੰਨ-ਭੇਤ ਦੇ ਆਏ ਗਏ ਦੀ ਸੇਵਾ ਆਦਰ ਕਰਨ ਵਾਲਾ ਸਾਧੂ ਸੁਭਾਅ ਗੁਰਮੁਖ ਸਿੰਘ ਹੈ। ਭਾਵੇਂ ਚੁਗ਼ਲਾਂ ਤੇ ਮੁਖ਼ਬਰਾਂ ਨੇ ਇਲਾਕੇ ਵਿਚ ਬਹੁਤ ਹੀ ਵਧੀਕੀਆਂ ਤੇ ਪਾਪ ਕੀਤੇ ਸਨ, ਪਰ ਅੱਜ ਤਕ ਕਿਸੇ ਨੇ ਇਸ ਵਲ ਕਿਸੇ ਅਪਰਾਧ ਦੇ ਦੋਸ਼ ਵਜੋਂ ਉੱਗਲੀ ਨਹੀਂ ਸੀ ਉਠਾਈ। ਅੱਜ ਕਿਉਂ ਏਕਾ ਏਕ ਇਸ ਦਰਵੇਸ਼ ਨੂੰ ਫੜ ਕੇ ਲਈ ਜਾਂਦੇ ਹਨ। ਕੁਝ ਆਦਮੀਆਂ ਜਾ ਕੇ ਭਾਈ ਸਾਹਿਬ ਦੀਆਂ ਮੁਸ਼ਕਾਂ ਕਸੀਆਂ ਹੋਈਆਂ ਅੱਖੀਂ ਵੇਖੀਆਂ। ਉਹ ਭਾਵੇਂ ਬੈਠਾ ਮੰਜੇ ਤੇ ਸੀ, ਪਰ ਬਣਾਇਆ ਬੰਦੀ ਸੀ। ਤਸੱਲੀ ਹੋ ਗਈ ਕਿ ਗੱਲ ਠੀਕ ਹੈ।

...
...



Related Posts

Leave a Reply

Your email address will not be published. Required fields are marked *

One Comment on “ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ – ਭਾਗ 1”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)