More Gurudwara Wiki  Posts
ਸਾਰਾਗੜੀ ਦੀ ਲੜਾਈ


12 ਸਤੰਬਰ 1897 ਸਾਰਾਗੜੀ ਦੀ ਲੜਾਈ

ਸਿੱਖਾਂ ਨੇ ਆਪਣੀ ਦਲੇਰੀ ਅਤੇ ਤਾਕਤ ਦਾ ਲੋਹਾ ਪੂਰੀ ਦੁਨੀਆ ਵਿੱਚ ਮਨਾਇਆ ਹੋਇਆ ਹੈ। ਇਸ ਕਥਨ ਦੀ ਸਾਰਥਕਤਾ ਦਾ ਅੰਦਾਜ਼ਾ ਇਸ ਗੱਲ ਤੋ ਲਗਾਇਆ ਜਾ ਸਕਦੀ ਹੈ ਕੀ ਅੱਜ ਵੀ ਦੂਰ-ਦੁਰਾਡੇ ਬੈਠੀਆਂ ਮਾਂਵਾਂ ਆਪਣੇ ਬੱਚਿਆਂ ਨੂੰ ਸਿੱਖਾਂ ਵਾਂਗੂ ਬਹਾਦੁਰ ਬਣਨ ਲਈ ਪ੍ਰੇਰਦੀਆਂ ਹਨ । ਹਾਲਾਕਿਂ ਇੱਕ ਗੱਲ ਤੋ ਕਦੇ ਵੀ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਤਾ ਬਹੁਤ ਹੈ ਪਰ ਸੰਭਾਲਣ ਦੇ ਪਾਸਿਓਂ ਓਹ ਬਹੁਤ ਪਛੜੇ ਰਹੇ ਹਨ । ਸਿੱਖਾਂ ਦੀ ਬਹਾਦੁਰੀ ਦੇ ਬਹੁਤ ਸਾਰੇ ਕਿੱਸੇ ਅੱਜ ਵੀ ਵਰਤਮਾਨ ਸਮੇ ਦੀਆ ਅੱਖਾਂ ਤੋ ਓਝਲ ਪਏ ਹਨ। ਐਸਾ ਹੀ ਇਕ ਕਿੱਸਾ ਹੈ ‘ਸਾਰਾਗੜੀ ਦੇ ਯੁਧ’ ਦਾ; ਐਸਾ ਯੁਧ ਜਿਸ ਵਿੱਚ ਸਿੱਖਾਂ ਦੀ ਮਹਿਜ਼ 21 ਦੀ ਇੱਕ ਮਾਮੂਲੀ ਜਿਹੀ ਗਿਣਤੀ ਨੇ ਅਫਗਾਨਾ ਦੀ 10,000 ਵਰਗੀ ਇੱਕ ਵੱਡੀ ਗਿਣਤੀ ਨੂੰ ਯੁਧ ਵਿਚ ਲੋਹੇ ਦੇ ਦਾਣੇ ਚੱਬਣ ਲਈ ਮਜਬੂਰ ਕਰ ਦਿੱਤਾ ਸੀ ।

ਇਹ ਗੱਲ ਸਤੰਬਰ 1897 ਦੀ ਹੈ ਅਤੇ ਇਸ ਸਦਕਾ 17 ਸਤੰਬਰ 1897 ਨੂੰ ਬਰਤਾਨੀਆ ਸੰਸਦ ਨੇ ਖੜੇ ਹੋ ਕੇ ਤਾੜੀਆ ਸਹਿਤ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਸੀ। ਇਸ ਜੰਗ ਨੂੰ ਯੂਨੇਸਕੋ ਵੱਲੋਂ ਪ੍ਰਕਾਸ਼ਿਤ ਦੁਨੀਆ ਦੀਆ ਬੇਹਤਰੀਨ ਅਤੇ ਘਾਤਕ ਅਠ ਬਹਾਦੁਰੀ ਦੀਆ ਯੁਧ ਕਹਾਣੀਆ ਉੱਪਰ ਛਪੀ ਪੁਸਤਕ ਵਿੱਚ ਵੀ ਸ਼ਾਮਿਲ ਕੀਤਾ ਗਿਆ ਹੈ। ਇਹ ਹੀ ਨਹੀ ਇਸਨੂੰ ਵਿਸ਼ਵ ਪਧਰੀ ਪੰਜ ਸਭ ਤੋ ਮਹੱਤਵਪੂਰਨ ਘਟਨਾਵਾਂ ਵਿਚੋਂ ਵੀ ਇੱਕ ਗਿਣਿਆ ਜਾਂਦਾ ਹੈ। ਆਖਿਰਕਾਰ ਐਸਾ ਕੀ ਹੋਇਆ ਸੀ ਅਤੇ ਕੀ ਸੀ ਇਹ ਸਾਰਾਗੜੀ ਦਾ ਯੁਧ ? ਆਓ ਜਾਣੀਏ ਇਸ ਬਾਰੇ, ਅਤੇ ਨੇੜਿਓਂ ਪਹੁੰਚੀਏ ਸਿੱਖ ਕੌਮ ਦੇ ਇੱਕ ਹੋਰ ਬਹਾਦੁਰੀ ਦੇ ਕਿੱਸੇ ਵਲ :

ਸਾਰਾਗੜੀ ਸਮਾਨਾ ਘਾਟੀ ‘ਚ ਕੋਹਾਟ ਜ਼ਿਲ੍ਹੇ ਦਾ ਪਿੰਡ ਹੈ, ਜਿਥੋਂ ਕੁਹਾਟ 35 ਮੀਲ ਅਤੇ ਪਿਸ਼ਾਵਰ 50 ਕੁ ਮੀਲ ਦੀ ਦੂਰੀ ‘ਤੇ ਪੈਂਦਾ ਹੈ। ਇਸ ਚੌਕੀ ਦੀ ਅਹਿਮੀਅਤ ਇਸ ਕਰਕੇ ਜ਼ਿਆਦਾ ਸੀ ਕਿ ਲੋਕਹਾਰਟ ਕਿਲ੍ਹਾ ਤੇ ਗੁਲਸਤਾਨ ਕਿਲ੍ਹੇ ਵਿਚਕਾਰ 6 ਕਿਲੋਮੀਟਰ ਦਾ ਫਾਸਲਾ ਸੀ । ਇਨ੍ਹਾਂ ਦੋਵਾਂ ਕਿਲ੍ਹਿਆਂ ਦੇ ਵਿਚਕਾਰ ਨੀਵੇਂ ਇਲਾਕੇ ਵਿੱਚ ਸਾਰਾਗੜ੍ਹੀ ਸਥਿਤ ਹੈ। ਇਨ੍ਹਾਂ ਦੋਵਾਂ ਕਿਲ੍ਹਿਆਂ ਨੂੰ ਝੰਡੀ ਦਿਖਾਉਣ ਭਾਵ ਦੂਰ ਸੰਚਾਰ ਲਈ ਇਸ ਚੌਕੀ ਦੀ ਸਥਾਪਨਾ ਕੀਤੀ ਗਈ ਸੀ।

ਕਮਾਂਡਰ ਬਾਬਾ ਈਸ਼ਰ ਸਿੰਘ

ਸਿੱਖ ਸਾਸ਼ਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਤੋਂ ਬਾਅਦ 19ਵੀਂ ਸਦੀ ਦੇ ਅਖੀਰ ਵਿੱਚ ਅੰਗਰੇਜ਼ਾਂ ਨੇ ਇਹ ਇਲਾਕਾ ਅੰਗਰੇਜ਼ ਸਾਮਰਾਜ ਅਧੀਨ ਕਰ ਲਿਆ ਸੀ, ਲੇਕਿਨ ਲੜਾਕੇ ਪਠਾਣ ਤੇ ਕਬਾਇਲੀ ਲੋਕਾਂ ਨੇ ਅੰਗਰੇਜ਼ਾਂ ਦੀ ਅਧੀਨਗੀ ਨੂੰ ਪ੍ਰਵਾਨ ਕਰਨ ਤੋਂ ਗੁਰੇਜ਼ ਕੀਤਾ ਜੋ ਕਿ ਅੰਗਰੇਜ਼ ਹਕੂਮਤ ਖਿਲਾਫ 1896 ਵਿੱਚ ਬਗਾਵਤ ਦਾ ਰੂਪ ਅਖਤਿਆਰ ਕਰ ਗਏ। ਵਪਾਰਕ ਪੱਖ ਤੋਂ ਇਹ ਰਾਹ ਅੰਗਰੇਜ਼ਾਂ ਲਈ ਬਹੁਤ ਪ੍ਰਭਾਵ ਰੱਖਦਾ ਸੀ, ਜਿਸਦੇ ਚੱਲਦੀਆਂ ਪਠਾਣ ਉਥੋਂ ਲੰਘਦੀਆਂ ਵਪਾਰਿਕ ਅਤੇ ਹੋਰ ਅੰਗਰੇਜ਼ ਫੌਜੀ ਟੁਕੜੀਆਂ ਦਾ ਮਾਲ ਲੁੱਟ ਲੈਂਦੇ। ਇਸ ਸਦਕਾ ਕਾਬੁਲ ਨੂੰ ਵਪਾਰ ਕਰਨ ਲਈ ਕੁਰਮ ਘਾਟੀ ਖਤਰਿਆਂ ਵਿੱਚ ਘਿਰ ਚੁੱਕੀ ਸੀ। ਸਮਾਨਾ ਚੋਟੀ ‘ਤੇ ਅੰਗਰੇਜ਼ 5 ਸਾਲ ਤੋਂ ਆਪਣੇ ਪੈਰ ਜਮਾਈ ਬੈਠੇ ਸਨ।

31 ਦਸੰਬਰ, 1896 ਨੂੰ ਕੁਹਾਟ ਪਹੁੰਚੀ ਸਿੱਖ ਬਟਾਲੀਅਨ ਨੂੰ ਸਮਾਨਾ ਘਾਟੀ ਦੀ ਉੱਪਰ ਵਾਲੀ ਚੋਟੀ ‘ਤੇ ਕਬਜ਼ਾ ਕਰਨ ਲਈ ਭੇਜਿਆ ਗਿਆ। ਇਸ ਕਾਰਜ ਲਈ ਬਟਾਲੀਅਨ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਗਿਆ। ਰਾਈਟ ਵਿੰਗ ਦੀ ਕਮਾਂਡ ਲੈਫਟੀਨੈਂਟ ਕਰਨਲ ਮਿਸਟਰ ਹੈਗਟਨ ਨੂੰ ਸੌਂਪੀ ਗਈ, ਜਿਸ ਨੇ 2 ਜਨਵਰੀ, 1897 ਨੂੰ ਲਾਕਹਾਰਟ ਕਿਲ੍ਹੇ ‘ਤੇ ਕਬਜ਼ਾ ਕਰ ਲਿਆ ਸੀ। ਇਸ ਪਲਟਣ ਦੀਆਂ ਟੁਕੜੀਆਂ ਕਿਲ੍ਹੇ ਦੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਸਾਰਾਗੜ੍ਹੀ, ਦਾਰ, ਸੰਗਰ, ਸਰਟਰੋਪ, ਕੁਰੈਗ ਤੇ ਗੁਲਸਤਾਨ ਵਰਗੀਆਂ ਨਾਜ਼ੁਕ ਥਾਂਵਾਂ ‘ਤੇ ਤਾਇਨਾਤ ਸਨ। ਉੱਪਰ 8 ਜਨਵਰੀ ਨੂੰ ਲੈਫਟ ਵਿੰਗ ਜੋ ਕਿ ਕੈਪਟਨ ਡਬਲਿਊ. ਵੀ. ਗਾਰਡਨ ਅਧੀਨ ਸੀ, ਨੇ ਪਰਚਿਨਾਰ ‘ਤੇ ਕਬਜ਼ਾ ਕਰ ਲਿਆ। ਥਲ ਤੇ ਸਾਦਾ ਨਾਮਕ ਚੌਕੀਆਂ ‘ਤੇ ਵੀ ਇਸ ਲੈਫਟ ਵਿੰਗ ਦਾ ਹੀ ਕਬਜ਼ਾ ਸੀ। ਇਸ ਬਗੈਰ ਕੁਝ ਰਾਖਵੀਂ ਸੈਨਾ ਵੀ ਰੱਖ ਲਈ ਗਈ ਤਾਂ ਕਿ ਲੋੜ ਪੈਣ ‘ਤੇ ਇਸ ਦੀ ਵਰਤੋਂ ਕੀਤੀ ਜਾ ਸਕੇ।

27 ਅਗਸਤ ਤੋਂ 8 ਸਤੰਬਰ, 1897 ਦੇ ਸਮੇਂ ਦੇ ਵਿਚਕਾਰ (ਉੜੈਕਜਿਜ਼) ਕਬਾਇਲੀਆਂ ਨੇ ਲੈਫਟ ਵਿੰਗ ਦੀ ਸੁਰੱਖਿਆ ਪੰਕਤੀ ‘ਤੇ ਬੜਾ ਭਿਆਨਕ ਹਮਲਾ ਬੋਲ ਦਿੱਤਾ ਪਰ ਇਨ੍ਹਾਂ ਕਬਾਇਲੀਆਂ ਨੂੰ ਖਦੇੜ ਕੇ 10 ਸਤੰਬਰ ਨੂੰ ਖਣਕੀ ਘਾਟੀ ਵੱਲ ਪਿੱਛੇ ਧੱਕ ਦਿੱਤਾ ਗਿਆ ਪਰ ਸਮਾਨਾ ਪੋਸਟ ਉੱਪਰ 10,000 ਕਬਾਇਲੀਆਂ ਦੇ 4 ਹਮਲਿਆਂ ਨੂੰ ਵੀ ਅਸਫਲ ਬਣਾ ਦਿੱਤਾ ਗਿਆ। ਇਸ ਉਪਰੰਤ ਕਬਾਇਲੀਆਂ ਦੇ ਅਫਰੀਦੀ ਸਰਦਾਰਾਂ ਨੇ ਸਲਾਹ-ਮਸ਼ਵਰਾ ਕਰਕੇ ਸਾਰਾਗੜ੍ਹੀ ‘ਤੇ ਹਮਲੇ ਦੀ ਯੋਜਨਾ ਬਣਾ ਲਈ, ਕਿਉਂਕਿ ਇਸ ਚੌਕੀ ਦੀ ਰਾਖੀ ਲਈ 21 ਜਵਾਨਾਂ ਦੀ ਗਿਣਤੀ ਬਹੁਤ ਹੀ ਘੱਟ ਸੀ। ਉਨ੍ਹਾਂ ਇਸ ਚੌਕੀ ਨੂੰ 12 ਸਤੰਬਰ ਵਾਲੇ ਦਿਨ ਚਾਰੇ ਪਾਸਿਓਂ ਘੇਰਾ ਪਾ ਕੇ ਭਾਰੀ ਹੱਲਾ ਬੋਲ ਦਿੱਤਾ। ਇਸ ਹਮਲੇ ਨਾਲ ਇਸ ਚੌਕੀ ਦਾ ਪੂਰੀ ਦੁਨੀਆ ਨਾਲੋਂ ਸੰਪਰਕ ਟੁੱਟ ਗਿਆ। ਇਸ ਚੌਕੀ ਦੀ ਕਮਾਂਡ ਬਾਬਾ ਈਸ਼ਰ ਸਿੰਘ ਗਿੱਲ ਹਵਾਲਦਾਰ (ਪਿੰਡ ਝੋਰੜਾਂ, ਜ਼ਿਲ੍ਹਾ ਲੁਧਿਆਣਾ) ਕੋਲ ਸੀ। ਦੁਸ਼ਮਣਾਂ ਨੇ ਬਾਬਾ ਈਸ਼ਰ ਸਿੰਘ ਗਿੱਲ ਕਮਾਂਡਰ ਨੂੰ ਬਹੁਤ ਲਾਲਚ ਦਿੱਤੇ ਕਿ ਉਹ ਚੌਕੀ ਖਾਲੀ ਕਰ ਦੇਵੇ। ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਤੇ ਹੋਰ ਇਨਾਮ ਦਿੱਤੇ ਜਾਣਗੇ ਪਰ ਬਾਬਾ ਜੀ ਬੜੇ ਅਣਖੀਲੇ ਸੁਭਾਅ ਵਾਲੇ ਸਨ। ਕਰਨਲ ਹਾਰਟਨ ਲੋਕਹਾਰਟ ਦੇ ਕਿਲ੍ਹੇ ਤੋਂ ਸਭ ਕੁਝ ਤੱਕ ਰਿਹਾ ਸੀ। ਉਸ ਨੇ ਹੋਰ ਕੁਮਕ ਬਾਬਿਆਂ ਦੀ ਸਹਾਇਤਾ ਲਈ ਭੇਜਣ ਦਾ ਯਤਨ ਵੀ ਕੀਤਾ...

ਪਰ ਅਸਫਲ ਹੀ ਰਿਹਾ, ਕਿਉਂਕਿ ਸਾਰਾ ਇਲਾਕਾ ਹੀ ਦੁਸ਼ਮਣਾਂ ਨੇ ਘੇਰੇ ਵਿੱਚ ਲੈ ਰੱਖਿਆ ਸੀ।

ਸਿਤੰਬਰ 12 , 1897 ਨੂੰ ਸੁਬਾਹ 9.30 ਵਜੇ ਸ਼ੁਰੂ ਹੋਈ ਲੜਾਈ ਨੂੰ 6 ਘੰਟੇ ਬੀਤ ਗਏ, 600 ਦੇ ਕਰੀਬ ਕਬਾਇਲੀ ਤੇ ਗੜ੍ਹੀ ਦੇ ਅੰਦਰ 12 ਸਿੱਖ ਫੌਜੀ ਵੀ ਸ਼ਹੀਦ ਹੋ ਗਏ ਸਨ। ਗੋਲੀ ਸਿੱਕਾ ਵੀ ਕਿਨਾਰੇ ‘ਤੇ ਸੀ ਪਰ ਸਿੱਖ ਜਵਾਨ ਚੜ੍ਹਦੀ ਕਲਾ ਵਿੱਚ ਸਨ। ਕਿਵੇਂ ਨਾ ਕਿਵੇਂ ਦੁਸ਼ਮਣ ਨੇ ਇੱਕ ਪਾਸੇ ਕੰਧ ‘ਚ ਪਾੜ ਪਾ ਲਿਆ। ਪਰ ਸਿੱਖ ਫੌਜੀਆਂ ਨੇ ਦੁਸ਼ਮਣ ਨੂੰ ਅੰਦਰ ਨਾ ਆਉਣ ਦਿੱਤਾ। ਦੁਸ਼ਮਣ ਨੇ ਤਰਕੀਬ ਘੜੀ ਤੇ ਆਸੇ-ਪਾਸੇ ਘਾਹ-ਫੂਸ ਨੂੰ ਅੱਗ ਲਗਾ ਕੇ ਧੂੰਆਂ ਹੀ ਧੂੰਆਂ ਕਰ ਦਿੱਤਾ। ਅੰਦਰੋਂ ਫੌਜੀ ਸਿਰਫ ਬੋਨਟਾਂ ਨਾਲ ਹੀ ਲੜ ਰਹੇ ਸਨ। 20 ਫੌਜੀ ਸ਼ਹੀਦੀ ਪ੍ਰਾਪਤ ਕਰ ਗਏ। ਇਕੱਲਾ ਸਿਗਨਲਮੈਨ ਗੁਰਮੁਖ ਸਿੰਘ ਹੀ ਬਚਿਆ ਸੀ। ਸਿਗਨਲਮੈਨ ਗੁਰਮੁਖ ਸਿੰਘ ਨੇ ਕਰਨਲ ਹਾਰਟਨ ਨੂੰ ਸਿਗਨਲ ਦਿੱਤਾ ਕਿ ਮੇਰੇ ਸਾਰੇ ਸਾਥੀ ਸ਼ਹੀਦ ਹੋ ਚੁੱਕੇ ਹਨ। ਮੈਂ ਇਕੱਲਾ ਹੀ ਬਚਿਆ ਹਾਂ। ਮੈਨੂੰ ਸਿਗਨਲ ਬੰਦ ਕਰਨ ਦਾ ਹੁਕਮ ਦਿੱਤਾ ਜਾਵੇ ਤਾਂ ਕਿ ਮੈਂ ਵੀ ਆਪਣੇ ਸਾਥੀਆਂ ਨਾਲ ਸ਼ਾਮਿਲ ਹੋ ਜਾਵਾਂ। ਸੋ ਉਸ ਨੇ ਸਿਗਨਲ ਬੰਦ ਕਰਕੇ ਜੈਕਾਰਾ ਲਗਾਇਆ ਤੇ ਬੰਦੂਕ ਦੀ ਬੋਨਟ ਨਾਲ 20 ਤੋਂ ਵਧੇਰੇ ਦੁਸ਼ਮਣਾਂ ਨੂੰ ਢੇਰ ਕਰ ਦਿੱਤਾ। ਅਖੀਰ ਦੁਸ਼ਮਣ ਨੇ ਗੜ੍ਹੀ ਨੂੰ ਅੱਗ ਲਗਾ ਦਿੱਤੀ। ਅਜਿਹੀ ਸੀ ਬਹਾਦਰੀ ਦੀ ਇਹ ਅਦੁੱਤੀ ਦਾਸਤਾਨ। ਜਿਨ੍ਹਾਂ 21 ਜਵਾਨਾਂ ਨੇ ਸਾਰਾਗੜ੍ਹੀ ਦੀ ਲੜਾਈ ੜੀ ਇਹ ਸਾਰੀ ਦਾਸਤਾਨ ਆਪਣੇ ਲਹੂ ਨਾਲ ਰਚੀ, ਉਨ੍ਹਾਂ ਦੇ ਨਾਮ ਇਸ ਪ੍ਰਕਾਰ ਹੈ :

ਹਵਾਲਦਾਰ ਸ: ਈਸ਼ਰ ਸਿੰਘ ਗਿੱਲ ਪਿੰਡ ਝੋਰੜਾਂ ਜ਼ਿਲ੍ਹਾ ਲੁਧਿਆਣਾ (ਕਮਾਂਡਰ)
ਸ: ਲਾਲ ਸਿੰਘ ਨਾਇਕ
ਸ: ਚੰਦਾ ਸਿੰਘ ਲਾਸ ਨਾਇਕ
ਸ: ਸੁੰਦਰ ਸਿੰਘ
ਸ: ਉੱਤਮ ਸਿੰਘ
ਸ: ਹੀਰਾ ਸਿੰਘ
ਸ: ਰਾਮ ਸਿੰਘ
ਸ: ਜੀਵਾ ਸਿੰਘ
ਸ: ਜੀਵਨ ਸਿੰਘ
ਸ: ਗੁਰਮੁਖ ਸਿੰਘ ਸਿਗਨਲਮੈਨ
ਸ: ਭੋਲਾ ਸਿੰਘ
ਸ: ਬੇਲਾ ਸਿੰਘ
ਸ: ਨੰਦ ਸਿੰਘ
ਸ: ਸਾਹਿਬ ਸਿੰਘ
ਸ: ਦਿਆ ਸਿੰਘ
ਸ: ਭਗਵਾਨ ਸਿੰਘ
ਸ: ਨਰੈਣ ਸਿੰਘ
ਸ: ਗੁਰਮੁਖ ਸਿੰਘ
ਸ: ਸਿੰਦਰ ਸਿੰਘ ਇਹ ਸਭ ਸਿਪਾਹੀ ਰੈਂਕ ਵਾਲੇ ਤੇ
ਸੇਵਾਦਾਰ ਦਾਓ ਸਿੰਘ
ਦਾਦ ਸਿੰਘ।
ਸਿੱਖ ਫੌਜੀਆਂ ਨੇ ਦੁਸ਼ਮਣਾਂ ਨੂੰ ਜਿਉਂਦੇ ਜੀਅ ਗੜ੍ਹੀ ਦੇ ਲਾਗੇ ਨਾ ਢੁੱਕਣ ਦਿੱਤਾ। ਦੁਸ਼ਮਣ ਹੈਰਾਨ ਸੀ ਕਿ ਏਨੀ ਘੱਟ-ਗਿਣਤੀ ਫੌਜ ਨੇ ਉਨ੍ਹਾਂ ਦੇ ਨੱਕ ‘ਚ ਦਮ ਕਰ ਰੱਖਿਆ। ਉਹ ਉਨ੍ਹਾਂ ਦੀ ਬਹਾਦਰੀ ਦਾ ਕਾਇਲ ਵੀ ਹੋਇਆ।

ਸਾਰਾਗੜ੍ਹੀ ਦੇ ਯੋਧਿਆਂ ਦੀ ਇਹ ਖਬਰ ਜਦੋਂ ਲੰਦਨ ਬ੍ਰਿਟਿਸ਼ ਪਾਰਲੀਮੈਂਟ ਵਿੱਚ ਪਹੁੰਚੀ ਤਾਂ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ ਮੈਂਬਰਾਂ ਨੇ ਖੜ੍ਹੇ ਹੋ ਕੇ ਸਨਮਾਨ ਦੇ ਤੌਰ ‘ਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਦੁਨੀਆ ਭਰ ਵਿੱਚ ਇਸ ਲੜਾਈ ਦੀ ਚਰਚਾ ਹੋਈ ਤੇ ਸੰਸਾਰ ਭਰ ਵਿੱਚ ਇਸ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਈਆਂ। ਸਿੱਖ ਕੌਮ ਦੀਆਂ ਬਹਾਦਰੀ ਦੀਆਂ ਧੁੰਮਾਂ ਵਿਸ਼ਵ ਭਰ ਵਿੱਚ ਪੈ ਗਈਆਂ। ਇੰਗਲੈਂਡ ਦੀ ਰਾਣੀ ਮਹਾਰਾਣੀ ਵਿਕਟੋਰੀਆ ਆਪ ਵੀ ਇਸ ਕਾਰਨਾਮੇ ਤੋਂ ਕਾਫੀ ਪ੍ਰਭਾਵਿਤ ਹੋਈ।

ਬਰਤਾਨਵੀ ਸਰਕਾਰ ਨੇ ਸਨਮਾਨ ਦੇ ਤੌਰ ‘ਤੇ ਸਭ ਤੋਂ ਵੱਡਾ ਸਨਮਾਨ ‘ਇੰਡੀਅਨ ਆਰਡਰ ਆਫ ਮੈਰਿਟ’ ਹਰ ਇੱਕ ਸ਼ਹੀਦ ਨੂੰ ਮਰਨ ਉਪਰੰਤ ਭੇਟ ਕਰਕੇ ਉਸ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਹਰ ਸ਼ਹੀਦ ਦੇ ਪਰਿਵਾਰ ਨੂੰ ਦੋ-ਦੋ ਮਰੱਬੇ ਜ਼ਮੀਨ ਤੇ 500 ਰੁਪਏ ਦੀ ਪ੍ਰਤੀ ਫੌਜੀ ਇਮਦਾਦ ਵੀ ਦਿੱਤੀ, ਜੋ ਕਿ ਉਸ ਸਮੇਂ ਬਹੁਤ ਵੱਡੀ ਰਕਮ ਸੀ। ‘ਇੰਡੀਅਨ ਆਰਡਰ ਆਫ ਮੈਰਿਟ’ ਦਾ ਸਨਮਾਨ ਉਸ ਸਮੇਂ ‘ਵਿਕਟੋਰੀਆ ਕਰਾਸ’ ਤੇ ਅੱਜ ਦੇ ਪਰਮਵੀਰ ਚੱਕਰ ਦੇ ਸਮਾਨ ਮੰਨਿਆ ਜਾਂਦਾ ਹੈ। ਇਸ ਯੁੱਧ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਏਨਾ ਵੱਡਾ ਇਕੱਠਾ ਸਨਮਾਨ ਕਿਸੇ ਵੀ ਪਲਟਨ ਨੂੰ ਅੱਜ ਤੱਕ ਨਹੀਂ ਮਿਲਿਆ। ਇਸਤੋ ਇਲਾਵਾ ਓਹਨਾ ਬਹਾਦੁਰਾ ਲਈ ਜੋ ਯਾਦਗਾਰ ਬਣੀ ਹੋਈ ਹੈ ਉਸ ਤੇ ਹੇਠ ਲਿਖੀ ਕੁਟੇਸ਼ਨ ਦਰਜ਼ ਹੈ :

” ਭਾਰਤ ਸਰਕਾਰ ਨਾਨ-ਕਮਿਸ਼ਨਡ ਅਫਸਰਾਂ ਦੀ ਯਾਦ ਵਿੱਚ ਇਹ ਯਾਦਗਾਰ ਬਣਾਉਂਦੀ ਹੈ ਜੋ ਬੰਗਾਲ ਇਨਫੈਂਟਰੀ ਦੀ 36 ਸਿੱਖ ਰੈਜਮੈਂਟ ਵਿੱਚ ਭਰਤੀ ਸਨ ਉਹਨਾਂ ਦੇ ਨਾਮ ਇਸ ਯਾਦਗਾਰ ਵਿੱਚ ਖੁਦਵਾਏ ਹਨ ਜੋ 12 ਸਤੰਬਰ, 1897 ਨੂੰ ਸਾਰਾਗੜ੍ਹੀ ਦੀ ਇਫਾਜਤ ਕਰਦੇ ਹੋਏ ਸ਼ਹੀਦ ਹੋ ਗਏ।”

ਇਸ ਬਹਾਦਰੀ ਦੀ ਦਾਸਤਾਨ ਫਰਾਂਸ ਦੇ ਸਕੂਲਾਂ ਦੇ ਸਿਲੇਬਸ ਵਿੱਚ ਪੜ੍ਹਾਈ ਜਾ ਰਹੀ ਹੈ। ਯੂਨੈਸਕੋ ਨੇ ਇਸ ਲੜਾਈ ਨੂੰ ਮਾਨਤਾ ਦੇ ਕੇ ਦੁਨੀਆ ਦੀਆਂ ਬਿਹਤਰੀਨ 8 ਲੜਾਈਆਂ ਵਿੱਚ ਸ਼ਾਮਿਲ ਕੀਤਾ ਹੈ। ਇੰਗਲੈਂਡ ਅਤੇ ਕੈਨੇਡਾ ਵਿੱਚ ਸਾਰਾਗੜ੍ਹੀ ਦਿਵਸ ਕਾਫੀ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ, ਜਿਥੇ ਕਿ ਸਰਕਾਰੀ ਨੁਮਾਇੰਦੇ, ਸ਼ਹੀਦ ਫੌਜੀ ਬਾਬਿਆਂ ਦੇ ਪਰਿਵਾਰ ਤੇ ਸਿੱਖ ਸਾਬਕਾ ਫੌਜੀ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚਦੇ ਹਨ। ਇਸ ਘਟਨਾ ਦੀ ਯਾਦ ਵਿੱਚ ਪੰਜਾਬ ਭਾਰਤ ਦੇ ਜਿਲੇ ਫਿਰੋਜਪੁਰ ਦੇ ਫੌਜੀ ਕੈਂਟ ਵਿੱਚ ਇੱਕ ਗੁਰਦੁਆਰੇ ਦਾ ਵੀ ਨਿਰਮਾਣ ਕੀਤਾ ਗਿਆ ਹੈ, ਜਿਥੇ ਕਿ ਦੂਰੋਂ ਨੇੜਿਓਂ ਸੰਗਤਾ ਪੁੱਜ ਕੇ ਬਹਾਦੁਰ ਸ਼ਹੀਦਾ ਦੀ ਸ਼ਾਹਦਤ ਨੂੰ ਨਤ ਮਸਤਕ ਹੁੰਦੀਆ ਹਨ ।

ਸੋ, ਇਹ ਹੈ ਸਿੱਖੀ ਜੋਸ਼ ਜਜ਼ਬੇ ਅਤੇ ਬਹਾਦੁਰੀ ਦੀ ਰੋਂਗਟੇ ਖੜੀ ਕਰ ਦੇਣ ਵਾਲੀ ਦਾਸਤਾਨ । ਇਸਨੂੰ ਅੱਜ ਭਾਰਤ ਅਤੇ ਦੁਨੀਆ ਭਰ ਦੇ ਕੋਨੇ ਕੋਨੇ ਵਿੱਚ ਪਹੁੰਚਾਉਣਾ ਸਮੇ ਦੀ ਗੂੜੀ ਮੰਗ ਹੈ , ਜਿਸਨੂੰ ਸੰਭਵ ਕਰਨ ਲਈ ਸਾਨੂੰ ਬਣਦਾ ਯੋਗਦਾਨ ਪਾਉਣ ਦੀ ਅਹਿਮ ਲੋੜ ਹੈ ।

...
...



Related Posts

Leave a Reply

Your email address will not be published. Required fields are marked *

One Comment on “ਸਾਰਾਗੜੀ ਦੀ ਲੜਾਈ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)