ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਕ ਦਿਨ ਧਾਣਕ ਰੂਪ ਧਾਰਨ ਕੀਤਾ। ਦੋ ਚਾਰ ਕੁੱਤੇ ਪਿੱਛੇ ਨੇ, ਹੱਥ ਵਿਚ ਸੋਟਾ ਹੈ, ਭੀੜ ਪਿੱਛੇ ਪਿੱਛੇ ਹੈ। ਗੁਰੂ ਜੀ ਨੇ ਸੋਟਾ ਮਾਰਨਾ ਸ਼ੁਰੂ ਕੀਤਾ, ਪੱਥਰ ਮਾਰਨੇ ਸ਼ੁਰੂ ਕੀਤੇ।
“ਬਾਬਾ ਮਸਤਾਨਾ ਹੋ ਗਿਆ ਹੈ, ਬਾਬਾ ਭੂਤਨਾ ਹੋ ਗਿਆ ਹੈ।”
ਇਹ ਕਹਿੰਦੇ ਹੋਏ ਕੁਛ ਲੋਗ ਚਲੇ ਗਏ।
ਲੇਕਿਨ ਅੱਧੀ ਭੀੜ ਅਜੇ ਵੀ ਮਗਰ ਚੱਲ ਰਹੀ ਹੈ; ਇਤਿਹਾਸ ਕਹਿੰਦਾ ਹੈ ਕਿ ਅੱਧੀ ਭੀੜ ਜੋ ਪਿੱਛੇ ਚੱਲ ਰਹੀ ਹੈ, ਗੁਰੂ ਜੀ ਨੇ ਸੋਨੇ ਦੀਆਂ ਮੋਹਰਾਂ ਸੁੱਟੀਆਂ ਔਰ ਰੱਜ ਕੇ ਸੁੱਟੀਆਂ। ਪਿੱਛੇ ਆਉਂਦੇ ਲੋਗਾਂ ਨੇ ਮੋਹਰਾਂ ਚੁੱਕੀਆਂ ਔਰ ਸਭ ਵਾਪਸ ਪਰਤ ਗਏ। ਗੁਰੂ ਜੀ ਪਿਛੇ ਕੀ ਦੇਖਦੇ ਨੇ, ਸਿਰਫ਼ ਭਾਈ ਲਹਿਣਾ ਜੀ ਪਿੱਛੇ ਚਲੇ ਆ ਰਹੇ ਨੇ। ਸੋਟੀਆਂ ਦੀ ਮਾਰ ਖਾ ਕੇ, ਪੱਥਰਾਂ ਦੀ ਮਾਰ ਖਾ ਕੇ ਸਿਰਫ ਲਹਿਣਾ ਜੀ ਚਲ ਰਹੇ ਸਨ।
ਕਈ ਦਫ਼ਾ ਦੁੱਖ ਦੀ ਮਾਰ ਕਰਕੇ ਮਨੁੱਖ ਗੁਰੂ ਨਾਲ ਜੁੜਿਆ ਰਹਿੰਦਾ ਹੈ ਅਤੇ ਜਦ ਸੁੱਖਾਂ ਦੀ ਮਾਰ ਪੈ ਜਾਏ, ਫਿਰ ਐਸੀ ਹਾਲਤ ਵਿਚ ਸਮਾਂ ਕੱਢ ਕੇ ਪ੍ਭੂ ਦੀ ਇਬਾਦਤ ਵਿਚ ਭਾਉਪੂਰਵਕ ਲੀਨ ਹੋਣਾ ਕਠਨ ਹੋ ਜਾਂਦਾ ਹੈ। ਕਿਧਰੇ ਉਹ ਦੁੱਖ ਜੋ ਦਾਰੂ ਬਣਿਆ ਰਿਹਾ, ਫਿਰ ਸੁੱਖ ਵੀ ਰੋਗ ਬਣ ਜਾਂਦਾ ਹੈ :-
“ਦੁਖ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ॥”
{ਵਾਰ ਆਸਾ ਮ: 1 ਅੰਗ 469}
ਭਾਈ ਲਹਿਣਾ ਜੀ ਪਿੱਛੇ ਪਿੱਛੇ...
ਆ ਰਹੇ ਹਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਰੁਕਦੇ ਨੇ, ਭਾਈ ਲਹਿਣਾ ਜੀ ਵੀ ਰੁਕੇ।
ਮਹਾਰਾਜ ਕਹਿੰਦੇ ਨੇ, “ਲਹਿਣਿਆਂ, ਸਾਰੇ ਮੈਨੂੰ ਛੱਡ ਕੇ ਚਲੇ ਗਏ ਨੇ, ਤੂੰ ਨਹੀਂ ਗਿਆ?”
ਤਾਂ ਹੱਥ ਜੋੜ ਕੇ ਲਹਿਣਾ ਜੀ ਨੇ ਆਖਿਆ,”ਬਾਬਾ, ਸਾਰਿਆਂ ਦੇ ਆਪੋ ਆਪਣੇ ਘਰ ਸਨ, ਆਪਣੇ ਘਰਾਂ ਨੂੰ ਚਲੇ ਗਏ; ਮੈਂ ਨਿਥਾਵਾ ਕਿਥੇ ਜਾਵਾਂ, ਮੇਰਾ ਤਾਂ ਘਰ ਆਪ ਜੀ ਦੇ ਕਦਮ ਨੇ, ਮੇਰਾ ਤਾਂ ਘਰ ਆਪ ਜੀ ਦੀ ਸ਼ਰਨ ਵਿਚ ਹੈ, ਮੈਂ ਕਿਥੇ ਜਾਵਾਂ?”
ਲੈ ਲਿਆ ਗਲਵਕੜੀ ਵਿਚ ਔਰ ਆਖਿਆ,”ਤੂੰ ਨਿਥਾਵਾਂ ਨਹੀਂ, ਮੈਂ ਆਪਣਾ ਘਰ ਲੱਭ ਰਿਹਾ ਸੀ, ਆਪਣੀ ਥਾਂ ਲੱਭ ਰਿਹਾ ਸੀ; ਦੁਨੀਆਂ ਦੇਖੇਗੀ, ਉਹ ਰੱਬੀ ਜੋਤਿ ਤੇਰੇ ਹਿਰਦੇ ਵਿਚ ਟਿਕੇਗੀ।”
“ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥”
{ਰਾਮਕਲੀ ਕੀ ਵਾਰ, ਅੰਗ966}
ਦੁੁਨੀਆਂ ਦੇਖ ਕੇ ਦੰਗ ਰਹਿ ਗਈ।ਕੱਲ ਤੱਕ ਲਹਿਣਾ ਆਪਣਾ ਮਸਤਕ ਜੋ ਗੁਰੂ ਨਾਨਕ ਦੇ ਚਰਨਾਂ ‘ਤੇ ਰੱਖ ਰਿਹਾ ਸੀ, ਅੱਜ ਗੁਰੂ ਨਾਨਕ ਨੇ ਆਪਣਾ ਮਸਤਕ ਲਹਿਣੇ ਦੇ ਚਰਨਾਂ ‘ਤੇ ਰੱਖ ਦਿੱਤਾ ਹੈ ਔਰ ਪਰਕਰਮਾਂ ਵੀ ਕਰ ਰਹੇ ਨੇ ਕਿਉਂਕਿ ਉਹ ਜੋਤਿ ਹੁਣ ਲਹਿਣੇ ਦੇ ਅੰਦਰ ਆ ਗਈ।
ਗਿਆਨੀ ਸੰਤ ਸਿੰਘ ਜੀ ਮਸਕੀਨ