ਉਨਾਬੀ ਕੋਟੀ

5

ਤੀਹ ਸਾਲ ਪੂਰਾਣੀ ਗੱਲ ਏ..

ਵਿਆਹ ਮਗਰੋਂ ਅਸੀਂ ਚੰਡੀਗੜ੍ਹ ਸ਼ਿਫਟ ਹੋ ਗਏ..

ਇਹ ਰੋਜ ਨੌ ਕੂ ਵਜੇ ਦਫਤਰ ਚਲੇ ਜਾਇਆ ਕਰਦੇ ਤੇ ਮੈਂ ਸਿਆਲ ਦੀ ਧੁੱਪ ਸੇਕਣ ਕੋਠੇ ਤੇ ਚੜ੍ਹ ਜਾਇਆ ਕਰਦੀ..

ਸਾਮਣੇ ਹੀ ਦੋ ਕੂ ਘਰ ਛੱਡ ਇੱਕ ਮਾਤਾ ਜੀ ਵੀ ਅਕਸਰ ਹੀ ਕੋਠੇ ਤੇ ਬੈਠੇ ਦਿਸ ਪਿਆ ਕਰਦੇ..

ਐਨਕ ਲਾ ਕੇ ਹਮੇਸ਼ਾਂ ਸਵੈਟਰ ਉਣਦੇ ਰਹਿੰਦੇ..ਇੱਕ ਦੋ ਵਾਰ ਨਜਰਾਂ ਮਿਲੀਆਂ..ਮੈਂ ਦੂਰੋਂ ਸਤਿ ਸ੍ਰੀ ਅਕਾਲ ਬੁਲਾ ਦਿੱਤੀ..ਬੜਾ ਖੁਸ ਹੋਏ..!

ਸੈੱਲ ਫੋਨ ਨਹੀਂ ਸਨ ਹੋਇਆ ਕਰਦੇ..ਬਸ ਦੂਰੋਂ ਹੀ ਦੁਆ ਸਲਾਮ ਤੇ ਜਾ ਫੇਰ ਆਹਮੋਂ ਸਾਮਣੇ ਬੈਠ ਮਿਲਣੀਆਂ ਤੇ ਖੁੱਲੀ ਗੱਲਬਾਤ ਦਾ ਰਿਵਾਜ ਹੁੰਦਾ ਸੀ!

ਫੇਰ ਕੁਝ ਦਿਨ ਬਾਅਦ ਦੂਰੋਂ ਹੀ ਮੈਨੂੰ ਇੱਕ ਅੱਧ-ਬੁਣੀ ਕੋਟੀ ਵਿਖਾਉਂਦੇ ਹੋਏ ਇਸ਼ਾਰਿਆਂ ਨਾਲ ਪੁੱਛਣ ਲੱਗੇ ਕਿਦਾਂ ਹੈ?

ਅਗਿਓਂ ਇਸ਼ਾਰੇ ਜਿਹੇ ਨਾਲ ਆਖ ਦਿੱਤਾ..ਬਹੁਤ ਸੋਹਣੀ..ਬੜਾ ਖੁਸ਼ ਹੋਏ!

ਅਗਲੇ ਦਿਨ ਓਹਨਾ ਅੱਧੀ ਉਣ ਵੀ ਦਿੱਤੀ..

ਖਾਸ ਗੱਲ ਇਹ ਸੀ ਕੇ ਅੱਜ ਬੁਣਤੀ ਦੇ ਐਨ ਵਿਚਕਾਰ ਇੱਕ ਸਰੋਂ ਰੰਗੀ ਧਾਰੀ ਵੀ ਸੀ..

ਫਿਰ ਪੁੱਛਦੇ ਕਿੱਦਾਂ?

ਆਖਿਆ ਸੋਹਣੀ ਏ..ਇਸ ਵਾਰ ਓਹਨਾ ਤੋਂ ਖੁਸ਼ੀ ਸਾਂਬੀ ਨਾ ਜਾਵੇ..!

ਫੇਰ ਇਹ ਰੋਜਾਨਾ ਦਾ ਇੱਕ ਸਿਲਸਿਲਾ ਜਿਹਾ ਬਣ ਗਿਆ..

ਮੁੜ ਕਿੰਨੇ ਦਿਨ ਉਹ ਨਾ ਦਿਸੇ..

ਇਹ ਦਫਤਰੋਂ ਆਏ ਤਾਂ...

ਇਹਨਾਂ ਨਾਲ ਗੱਲ ਕੀਤੀ..

ਆਖਣ ਲੱਗੇ ਛੁੱਟੀ ਵਾਲੇ ਦਿਨ ਹੋ ਆਉਂਦੇ ਹਾਂ..ਪਤਾ ਵੀ ਲੈ ਆਵਾਂਗੇ ਤੇ ਮਿਲ ਕੇ ਖੁੱਲੀਆਂ ਗੱਲਾਂਬਾਤਾਂ ਵੀ ਹੋ ਜਾਣਗੀਆਂ..!

ਐਤਵਾਰ ਓਥੇ ਪਹੁੰਚੇ ਤਾਂ ਅੱਗੇ ਜੰਦਰਾ ਲੱਗਾ ਸੀ..

ਸਾਮਣੇ ਦੁਕਾਨ ਤੋਂ ਪਤਾ ਕੀਤਾ..ਆਖਣ ਲੱਗੇ ਕੇ ਮਾਤਾ ਜੀ ਤੇ ਕੁਝ ਦਿਨ ਪਹਿਲਾਂ ਚੜਾਈ ਕਰ ਗਏ ਨੇ..ਪਰਿਵਾਰ ਨੇ ਪਿੰਡ ਜਾ ਓਹਨਾ ਦਾ ਸੰਸਕਾਰ ਵੀ ਕਰ ਦਿੱਤਾ..!

ਇਹ ਤਾਂ ਚੁੱਪ ਜਿਹੇ ਕਰ ਗਏ ਪਰ ਮੇਰੇ ਹੰਜੂ ਵਗ ਤੁਰੇ..

ਇਹ ਮੈਨੂੰ ਆਸਰਾ ਦੇ ਕੇ ਵਾਪਿਸ ਲਿਆਉਣ ਹੀ ਲੱਗੇ ਸਨ ਕੇ ਦੁਕਾਨ ਵਾਲੇ ਨੇ ਮਗਰੋਂ ਵਾਜ ਮਾਰ ਲਈ..

ਪੁੱਛਣ ਲੱਗਾ ਕੇ ਤੁਸੀਂ ਇਹਨਾਂ ਦੇ ਮਗਰ ਹੀ ਰਹਿੰਦੇ ਹੋ..ਹੁਣੇ ਨਵੇਂ ਨਵੇਂ ਹੀ ਆਏ ਹੋ ਨਾ..?

ਆਖਿਆ ਹਾਂ ਜੀ ਦੋ ਘਰ ਛੱਡ ਇਹਨਾਂ ਦੇ ਪਿੱਛੇ ਹੀ ਰਹਿੰਦੇ ਹਾਂ..

ਉਹ ਕਾਹਲੀ ਨਾਲ ਅੰਦਰ ਗਿਆ ਤੇ ਪਲਾਸਟਿਕ ਦਾ ਲਫਾਫਾ ਚੁੱਕ ਲਿਆਇਆ..

ਫੇਰ ਸਾਨੂੰ ਫੜਾਉਂਦਾ ਹੋਇਆ ਆਖਣ ਲੱਗਾ ਕੇ ਪਿੰਡ ਜਾਂਦੇ ਹੋਏ ਅੰਕਲ ਜੀ ਦੇ ਗਏ ਸਨ..ਆਖਦੇ ਸਨ ਇੱਕ ਨਵਾਂ ਵਿਆਹਿਆ ਜੋੜਾ ਆਵੇਗਾ..ਓਹਨਾ ਨੂੰ ਫੜਾ ਦੇਵੀਂ..

ਵੇਖਿਆ ਤਾਂ ਸਰੋਂ ਰੰਗੀ ਕਿਨਾਰੀ ਵਾਲੀ ਇੱਕ ਉਨਾਬੀ ਕੋਟੀ ਬੜੇ ਸਲੀਕੇ ਨਾਲ ਤਹਿ ਲਾ ਕੇ ਅੰਦਰ ਰੱਖੀ ਹੋਈ ਸੀ..!

ਹਰਪ੍ਰੀਤ ਸਿੰਘ ਜਵੰਦਾ

Leave A Comment!

(required)

(required)


Comment moderation is enabled. Your comment may take some time to appear.

Like us!