More Punjabi Kahaniya  Posts
ਬਸ਼ੀਰ ਮੁਹੰਮਦ


ਬਸ਼ੀਰ ਮੁਹੰਮਦ.. ਪਿੰਡ ਵਿਚ ਵੱਸਦੇ ਇੱਕੋ-ਇੱਕ ਮੁਸਲਮਾਨ ਪਰਿਵਾਰ ਦਾ ਮੁਖੀ..
ਮੇਰਾ ਜਿਗਰੀ ਯਾਰ..ਅਕਸਰ ਦੱਸਿਆ ਕਰਦਾ ਕਿ ਨਿੱਕੇ ਹੁੰਦੇ ਨੂੰ ਕੰਧਾੜੇ ਚੁੱਕੀ ਅੱਬਾ ਜਦੋਂ ਨਨਕਾਣੇ ਦੀ ਜ਼ੂਹ ਵਿਚ ਵੜਿਆ ਕਰਦਾ ਤਾਂ ਸਭ ਤੋਂ ਪਹਿਲਾਂ ਗੋਡਿਆਂ ਭਾਰ ਹੋ ਕੇ ਮਿੱਟੀ ਨੂੰ ਚੁੰਮ ਸਿਜਦਾ ਕਰਦਾ..ਫੇਰ ਇਹੋ ਗੱਲ ਕਿੰਨੀ ਵਾਰੀ ਆਖੀ ਜਾਇਆ ਕਰਦਾ ਕਿ ਇਹ ਬਾਬੇ ਨਾਨਕ ਦਾ ਘਰ ਏ..ਇੱਥੋਂ ਕਿਸੇ ਨੂੰ ਵੀ ਨਾਂਹ ਨਹੀਂ ਹੁੰਦੀ।
ਜਦੋਂ ਵੀ ਗੁਰਪੂਰਬ ‘ਤੇ ਪ੍ਰਭਾਤ ਫੇਰੀ ਨਿੱਕਲਦੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਬ ਨੂੰ ਮੋਢਾ ਦੇਣ ਲਈ ਮੂਹਰਲੀ ਬਾਹੀ ਵਾਸਤੇ ਕਿਸੇ ਨੂੰ ਆਖਣਾ ਨਹੀਂ ਸੀ ਪੈਂਦਾ..ਹਰੇਕ ਜਾਣਦਾ ਸੀ ਕਿ ਇਹ ਥਾਂ ਤੇ ਬਸ਼ੀਰ ਮੁਹੰਮਦ ਲਈ ਰਾਖਵੀਂ ਏ।

ਲਗਾਤਾਰ ਪੱਚੀ-ਤੀਹ ਸਾਲ ਇਹ ਸੇਵਾ ਨਿਭਾਉਂਦਾ ਰਿਹਾ..
ਇੱਕ ਦਿਨ ਪੱਬਾਂ ਭਾਰ ਹੋਇਆ ਮੂੰਹ ਮਿੱਠਾ ਕਰਾਉਣ ਆ ਗਿਆ..ਆਖਣ ਲੱਗਾ ਬਾਬੇ ਨਾਨਕ ਨੇ ਮਿਹਰ ਕੀਤੀ..ਫਰਜੰਦ ਬੀ.ਐੱਸ.ਐੱਫ ਵਿਚ ਭਰਤੀ ਹੋ ਗਿਆ।
ਫੇਰ ਅਚਾਨਕ ਅਧਰੰਗ ਦਾ ਦੌਰਾ ਪੈ ਗਿਆ..ਇੱਕ ਪਾਸਾ ਮਾਰਿਆ ਗਿਆ..ਫੇਰ ਵੀ ਜਨਮ ਦਿਹਾੜੇ ਤੇ ਸੇਵਾ ਕਰਨ ਆ ਗਿਆ..ਬਥੇਰਾ ਜੋਰ ਦਿੱਤਾ ਬਸ਼ੀਰਿਆ ਹੁਣ ਜਾਣ ਦੇ..ਤੇਰੀ ਉਂਝ ਹੀ ਪ੍ਰਵਾਨ ਏ..ਪਰ ਨਾ ਮੰਨਿਆ..।
ਫੇਰ ਇੱਕ ਦਿਨ ਤੜਕ ਸਾਰ ਖਬਰ ਮਿਲ ਗਈ..ਬਸ਼ੀਰ ਫੌਤ ਹੋ ਗਿਆ..ਇੰਝ ਲਗਿਆ ਦੁਨੀਆ ਸੁੰਨੀ ਹੋ ਗਈ..
ਕਬਰ ਵੀ ਆਖ ਕੇ ਆਪਣੀ ਪੈਲੀ ਵਿਚ ਹੀ ਪੁਟਵਾਈ..ਫੇਰ ਕਲਮਾਂ ਪੜ੍ਹੀਆਂ ਤੇ ਬਸ਼ੀਰ ਦਾ ਪੰਜ...

ਭੂਤਕ ਮਿੱਟੀ ਨਾਲ ਮਿਲ ਗਿਆ..ਪਰ ਏਨੀ ਤਸੱਲੀ ਜਰੂਰ ਹੁੰਦੀ ਕਿ ਬਸ਼ੀਰ ਕਿਤੇ ਦੂਰ ਨਹੀਂ ਬੱਸ ਕੋਲੇ ਹੀ ਹੈ..।
ਫੇਰ ਅਗਲੀ ਵਾਰ ਪ੍ਰਭਾਤ ਫੇਰੀ ਨਿੱਕਲਣ ਲੱਗੀ ਤਾਂ ਬੜਾ ਚੇਤੇ ਆਇਆ..
ਜਿਹੜੇ ਪਾਸੇ ਉਹ ਮੋਢਾ ਦਿਆ ਕਰਦਾ ਸੀ, ਉਸ ਪਾਸੇ ਮੈਂ ਆਪ ਹੋ ਗਿਆ..ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਅਜੇ ਮਸੀ ਪੰਦਰਾਂ-ਵੀਹ ਲਾਂਘਾਂ ਹੀ ਪੁੱਟੀਆਂ ਹੋਣੀਆਂ ਕਿ ਕਿਸੇ ਨੇ ਪਿੱਛੋਂ ਹੌਲੀ ਜਿਹੀ ਕੁੜਤੇ ਦੀ ਨੁੱਕਰ ਖਿੱਚ ਦਿਤੀ..।

ਮੁੜ ਕੇ ਦੇਖਿਆ ਤਾਂ ਬਸ਼ੀਰ ਦਾ ਮੁੰਡਾ ਸੀ..ਵਰਦੀ ਵੀ ਨਹੀਂ ਸੀ ਲਾਹੀ..ਆਖਣ ਲੱਗਾ ਅੱਬੇ ਵਾਲੀ ਸੇਵਾ ਨਿਭਾਉਣ ਹਾਜਿਰ ਹੋਇਆ ਹਾਂ..ਪਿਛਲੀ ਵਾਰ ਜਦੋਂ ਬਹੁਤ ਜਿਆਦਾ ਢਿੱਲਾ ਸੀ ਤਾਂ ਪੱਕੀ ਕਰ ਗਿਆ ਕਿ ਨੌਕਰੀ ਭਾਵੇਂ ਜਿੱਥੇ ਮਰਜੀ ਕਰਦਾ ਹੋਵੇ..ਨਾਨਕ ਦੇ ਦਿਹਾੜੇ ਤੇ ਪਾਲਕੀ ਵਾਲੀ ਸੇਵਾ ਨਿਭਾਉਂਦਾ ਹੋਇਆ ਤੂੰ ਮੈਨੂੰ ਜਰੂਰ ਦਿਸਣਾ ਚਾਹੀਦਾ ਏ..ਨਹੀਂ ਤੇ ਕਬਰ ਦੁਆਲੇ ਗੇੜੇ ਕੱਢਦੇ ਆਪਣੇ ਯਾਰ ਦੇ ਮੱਥੇ ਕਿੱਦਾਂ ਲੱਗੂੰ..।

ਫੇਰ ਭਰੇ ਹੋਏ ਗੱਚ ਅਤੇ ਤਰ ਹੋਈਆਂ ਅੱਖੀਆਂ ਨਾਲ ਬੋਲ ਕਿਥੋਂ ਹੋਣਾ ਸੀ ਪਰ ਇੰਝ ਜਰੂਰ ਮਹਿਸੂਸ ਹੋਇਆ ਜਿੱਦਾਂ ਬਸ਼ੀਰ ਮੁਹੰਮਦ ਅਚਾਨਕ ਕਬਰ ‘ਚੋਂ ਉੱਠ ਗਲ ਨਾਲ ਲੱਗ ਗਿਆ ਹੋਵੇ..।

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)