ਸਰਾਂ ਵਿਚ ਠਹਿਰੇ ਵਿਓਪਾਰੀ ਨੇ ਮਾਲਕ ਕੋਲ ਪਹੁੰਚ ਕੀਤੀ ਤੇ ਆਖਿਆ “ਊਂਠ ਨੂੰ ਬੰਨ੍ਹਣ ਲਈ ਇੱਕ ਰੱਸੀ ਘਟ ਪੈ ਰਹੀ ਏ..ਹੈ ਤੇ ਦੇ ਦਿਓ..ਨਹੀਂ ਤੇ ਖੁੱਲ੍ਹਾ ਫਿਰਦਾ ਰਾਤੀ ਕਿਧਰੇ ਗਵਾਚ ਹੀ ਨਾ ਜਾਵੇ..”
ਅਗਿਓਂ ਆਖਣ ਲੱਗਾ “ਇੱਕ ਤਰੀਕਾ ਦੱਸਦਾ..ਊਂਠ ਕਿਧਰੇ ਵੀ ਨਹੀਂ ਜਾਵੇਗਾ”
ਉਹ ਕੋਲ ਗਿਆ..ਤੇ ਊਂਠ ਕੋਲ ਇੱਕ ਐਸਾ ਕਿੱਲਾ ਗੱਡਣ ਦਾ ਨਾਟਕ ਜਿਹਾ ਕਰਨ ਲੱਗਾ ਜਿਹੜਾ ਕੇ ਅਸਲ ਵਿਚ ਹੈ ਹੀ ਨਹੀਂ ਸੀ..
ਫੇਰ ਉਸ ਨੇ ਓਸੇ ਕਿੱਲੇ ਦੇ ਰੱਸੀ ਬੰਨ੍ਹਣ ਦੀ ਐਕਟਿੰਗ ਜਿਹੀ ਕੀਤੀ..
ਫੇਰ ਓਸੇ ਝੂਠੀ ਰੱਸੀ ਦਾ ਇੱਕ ਸਿਰਾ ਊਂਠ ਦੇ ਗੱਲ ਵਿਚ ਪਾ ਦੇਣ ਦਾ ਨਾਟਕ ਖੇਡਿਆ
ਫੇਰ ਆਖਣ ਲੱਗਾ “ਹੁਣ ਬੇਫਿਕਰ ਹੋ ਕੇ ਸੋਂ ਜਾ..ਤੇਰਾ ਊਂਠ ਕਿਤੇ ਨਹੀਂ ਜਾਂਦਾ..”
ਵਾਕਿਆ ਹੀ ਊਂਠ ਸਾਰੀ ਰਾਤ ਓਥੇ ਹੀ ਬੈਠਾ ਰਿਹਾ..
ਸੁਵੇਰੇ ਉੱਠ ਇੱਕ ਵਾਰ ਫੇਰ ਮਾਲਕ ਦਾ ਜਾ ਬੂਹਾ ਖੜਕਾਇਆ..
ਆਖਣ ਲੱਗਾ ਜੀ ਬਾਕੀ ਸਾਰੇ ਤਾਂ ਉੱਠ ਖਲੋਤੇ ਨੇ ਪਰ ਉਹ ਬਣਾਊਂਟੀ ਰੱਸੀ ਨਾਲ ਬੱਝਿਆ ਹੋਇਆ ਹਾਲੇ ਵੀ ਬੈਠਾ ਏ..!
ਉਹ ਹੱਸਿਆ ਤੇ ਆਖਣ ਲੱਗਾ ਕੇ ਮਿੱਤਰਾ ਜਿਸ ਤਰਾਂ ਰਾਤੀ ਕਿੱਲਾ ਗੱਡਣ ਦੀ ਐਕਟਿੰਗ ਕੀਤੀ ਸੀ..ਓਸੇ ਤਰਾਂ ਹੀ ਉਸ ਨੂੰ ਪੁੱਟਣ ਦਾ ਡਰਾਮਾ ਵੀ ਕਰਨਾ ਪਊ..ਓਸੇ ਤਰਾਂ ਊਠ ਦੇ ਗੱਲ ਵਿਚ ਪਈ ਰੱਸੀ ਵੀ ਖੋਲ੍ਹਣੀ ਪਊ..
ਅਖੀਰ ਇੰਝ ਹੀ ਕੀਤਾ ਤੇ ਇਸ ਵਾਰ ਊਂਠ ਚਲਣ ਲਈ ਤਿਆਰ ਹੋ ਗਿਆ..
ਹੈਰਾਨ ਹੋ ਕੇ ਪੁੱਛਣ ਲੱਗਾ ਕੇ ਤੁਸੀਂ ਇਹ ਤਰੀਕਾ ਸਿਖਿਆ ਕਿਥੋਂ ਏ?
ਆਖਣ ਲੱਗਾ ਕੇ ਤੇਰੇ ਵਰਗੇ ਕਿੰਨੇ ਸਾਰੇ ਇਨਸਾਨਾਂ ਦੀ ਜੀਵਨ ਸ਼ੈਲੀ ਵੇਖ ਵੇਖ ਕੇ..
ਤੂੰ ਨਹੀਂ ਵੇਖਦਾ ਅੱਜ ਦਾ ਇਨਸਾਨ ਕਿੰਨੇ ਸਾਰੇ ਓਹਨਾ ਕਿੱਲਿਆਂ ਨਾਲ ਬੱਝਾ ਹੋਇਆ ਹੈ ਜੋ ਅਸਲ ਵਿਚ ਹੈ ਹੀ ਨਹੀਂ ਹਨ ਤੇ ਉਸਨੇ ਐਸੀਆਂ ਕਿੰਨੀਆਂ ਸਾਰੀਆਂ ਰੱਸੀਆਂ ਆਪਣੇ ਗਲ਼ ਵਿਚ ਪਾਈਆਂ ਹੋਈਆਂ ਹਨ ਜਿਹਨਾਂ ਦੀ ਹੋਂਦ ਅਸਲ ਵਿਚ ਹੈ ਹੀ ਨਹੀਂ!
ਸੋ ਦੋਸਤੋ ਇਨਸਾਨ ਪਹਿਲਾਂ ਪੈਸੇ ਖਰਚ ਕੇ ਜਮੀਨ ਲੈਂਦਾ ਹੈ ਫੇਰ ਉਸ ਤੇ ਇੱਕ ਆਲੀਸ਼ਾਨ ਮਕਾਨ ਖੜਾ ਕਰਦਾ..
ਫੇਰ ਦੁਨੀਆ ਨੂੰ ਵਿਖਾਉਣ ਲਈ ਉਸ ਨੂੰ ਮਹਿੰਗੇ...
ਫਰਨੀਚਰ,ਕਾਰਾਂ,ਟੀ.ਵੀ ਤੇ ਹੋਰ ਵੀ ਬੜੇ ਕੁਝ ਨਾਲ ਭਰ ਦਿੰਦਾ ਏ..
ਫੇਰ ਇਨ੍ਹਾਂ ਸਾਰੀਆਂ ਸ਼ੈਵਾਂ ਦੇ ਕੋਲ ਖਲੋ ਕੇ ਖੁਸ਼ ਹੁੰਦਾ ਹੋਇਆ ਦੁਨੀਆ ਨੂੰ ਚਕਾਚੌਂਧ ਕਰਨ ਦੀ ਦੌੜ ਵਿਚ ਲੱਗ ਜਾਂਦਾਂ ਏ..!
ਪਰ ਕਦੀ ਵੇਖਿਆ ਕੇ ਮਹਿੰਗੇ ਭਾਅ ਲਈ ਓਹੀ ਜਮੀਨ,ਮਕਾਨ,ਅਤੇ ਫਰਨੀਚਰ ਵੀ ਅਗਿਓਂ ਖੁਸ਼ ਹੋਏ ਹੋਣ..ਹੱਸੇ ਹੋਣ..ਉਹ ਚੁੱਪ ਰਹਿੰਦੇ ਨੇ..ਰੰਗ ਤਮਾਸ਼ੇ ਵਿਚ ਰੁੱਝੇ ਹੋਏ ਇਨਸਾਨ ਵੱਲ ਵੇਖਦੇ ਰਹਿੰਦੇ ਨੇ..ਜਾਣਦੇ ਨੇ ਕੇ ਜਿਸ ਮਾਲਕੀ ਬਾਰੇ ਸੋਚ ਸੋਚ ਇਨਸਾਨ ਖੁਸ਼ ਹੋ ਰਿਹਾ ਏ ਉਹ ਤੇ ਅਸਲ ਵਿਚ ਹੈ ਹੀ ਨਹੀਂ..ਜੋ ਉਪਜਿਓ ਸੋ ਬਿਨਸ ਹੈ..ਜੋ ਵੀ ਅੱਜ ਕੋਲ ਹੈ ਉਹ ਕੱਲ ਨੂੰ ਨਹੀਂ ਰਹਿਣਾ!
ਉੱਪਰੋਂ ਪਈ ਵਾਜ ਤੇ ਸਭ ਨੂੰ ਜਾਣਾ ਹੀ ਪੈਣਾ ਏ..ਭਾਵੇਂ ਰਾਜਾ ਹੋਵੇ ਤੇ ਰੰਕ..ਕੋਈ ਬਹਾਨਾ ਨੀ ਤਰਲਾ ਨੀ ਤੇ ਨਾ ਹੀ ਕੋਈ ਰਿਸ਼ਵਤ ਸਿਫਾਰਿਸ਼ ਹੀ ਚੱਲਣੀ ਏ..
ਵੱਡੇ ਢੇਰਾਂ ਤੇ ਬੈਠਿਆਂ ਦੀ ਜਾਨ ਵੀ ਬੜੀ ਔਖੀ ਨਿੱਕਲਦੀ ਏ..
ਲੱਖ ਪਾਪੜ ਵੇਲ ਕਿੰਨੀਆਂ ਸਾਰੀਆਂ ਠੱਗੀਆਂ ਠੋਰੀਆਂ ਮਾਰ ਇੱਕਠੀ ਕੀਤੀ ਜਦੋਂ ਅਖੀਰ ਨੂੰ ਭੰਗ ਦੇ ਭਾੜੇ ਛੱਡਣੀ ਪੈਂਦੀ ਏ ਤਾਂ ਦਿਲ ਅੰਦਰੋਂ ਧਾਵਾਂ ਨਿੱਕਲਦੀਆਂ ਨੇ..ਮੇਰੇ ਚਰਖੇ ਦੀ ਮਿੱਠੀ ਮਿੱਠੀ ਹੂਕ..ਵੇ ਮਾਈਆ ਮੈਨੂੰ ਯਾਦ ਆਵੰਦਾ..
ਪਰ ਕੀ ਕੀਤਾ ਜਾਵੇ “ਜੱਗ ਜੰਕਸ਼ਨ ਰੇਲਾਂ ਦਾ..ਗੱਡੀ ਇੱਕ ਆਵੇ ਇੱਕ ਜਾਵੇ..”
ਸੋ ਦੋਸਤੋ ਜੇ ਹਯਾਤੀ ਵਾਲੇ ਇਸ ਨਿੱਕੇ ਜਿਹੇ ਸਫ਼ਰ ਦਾ ਅਨੰਦ ਮਾਣਨਾ ਲੋਚਦੇ ਓ ਤਾਂ ਨਾਲ ਲਿਆ ਸਮਾਨ ਤੇ ਹੋਰ ਨਿੱਕ ਸੁੱਕ ਹੌਲਾ ਫ਼ੁੱਲ ਹੋਣਾ ਚਾਹੀਦਾ ਏ ਨਹੀਂ ਤਾਂ ਸਾਰੀ ਵਾਟ ਵੱਡੇ ਵੱਡੇ ਅਟੈਚੀ ਸਾਂਭਦਿਆਂ ਹੀ ਨਿੱਕਲ ਜਾਣੀ ਏ ਤੇ ਫੇਰ ਆਖਰੀ ਟੇਸ਼ਨ ਤੇ ਅੱਪੜ ਬੱਸ ਇਸੇ ਗੱਲ ਦਾ ਝੋਰਾ ਖਾਈ ਜਾਣਾ ਕੇ ਸਾਨੂੰ ਤੇ ਇਸ ਚੰਦਰੇ ਸਮਾਨ ਨੇ ਐਸਾ ਕਮਲ ਪਾਈ ਰਖਿਆ ਕੇ ਰਾਹ ਵਿਚ ਕੁਝ ਵੇਖ ਹੀ ਨਹੀਂ ਹੋਇਆ..!
ਹਰਪ੍ਰੀਤ ਸਿੰਘ ਜਵੰਦਾ