More Punjabi Kahaniya  Posts
ਅਪਾਹਿਜ਼


ਮਹਿਮਾਨ ਚਾਹ ਨਾਲ ਮਿਠਾਈ ਅਤੇ ਪਕੌੜਿਆਂ ਨੂੰ ਚਟਖ਼ਾਰੇ ਲੈ ਕੇ ਖ਼ਾ ਰਹੇ ਸਨ। ਛੋਟਾ ਭਰਾ ਕਾਜੂ ਬਦਾਮਾਂ ਦੀਆਂ ਪਲੇਟਾਂ ਚੁੱਕ ਚੁੱਕ ਮਹਿਮਾਨਾ ਅਗੇ ਕਰ ਰਿਹਾ ਸੀ।ਮੰਮੀ ਨਵੀ ਮੰਗਵਾਈ ਕਰੋਕਰੀ ਵਿਚ ਚਾਹ ਵਰਤਾ ਰਹੇ ਸੀ।ਸਾਰਾ ਟੱਬਰ ਉਨ੍ਹਾਂ ਸਾਹਮਣੇ ਵਿਛਿਆ ਪਿਆ ਸੀ। ਸੰਦੀਪ ਨੀਵੀਂ ਪਾਈ ਸੋਚ ਰਹੀ ਸੀ ਕਿ ਪੰਜਾਬ ਵਿੱਚ ਆਹ ਪਿਛਲੀ ਸਦੀ ਦਾ ਰਿਵਾਜ਼ ਹੀ ਚਲਦਾ ਰਹੂ।ਇੱਕਵੀਂ ਸਦੀ ਵਿੱਚ ਅਧਿਆਪਕ ਦੀ ਨੌਕਰੀ ਅਤੇ ਉੱਚ ਡਿਗਰੀਆਂ ਦੇ ਬਾਵਜੂਦ ਹਾਲੇ ਵੀ ਮਾਪੇ ਮੁੰਡੇ ਵਾਲਿਆਂ ਸਾਹਮਣੇ ਇਸ ਤਰ੍ਹਾਂ ਦੀ ਦੇਖ ਦਿਖਾਈ ਲਈ ਮਜ਼ਬੂਰ ਸਨ ।ਦਿਲ ਤਾਂ ਉਹਦਾ ਵੀ ਬਹੁਤ ਕਰਦਾ ਸੀ ਕਿ ਇਸਤਰਾਂ ਦੇ ਰਿਸ਼ਤੇ ਨੂੰ ਇਨਕਾਰ ਕਰ ਦੇਵੇ, ਪਰ ਮਾਂ-ਬਾਪ ਦੀ ਇੱਜ਼ਤ ਦਾ ਖ਼ਿਆਲ ਉਸ ਸਾਹਮਣੇ ਆ ਕੇ ਉਸਨੂੰ ਬੇਵੱਸ ਕਰ ਦਿੰਦਾ। ਉਹ ਚੁੱਪਚਾਪ ਨੀਵੀਂ ਪਾਈ ਕੋਸ਼ਿਸ਼ ਕਰ ਰਹੀ ਸੀ ਕਿ ਉਸਨੂੰ ਦੇਖਣ ਆਏ ਮੁੰਡੇ ਦੀ ਝਲਕ ਉਸਨੂੰ ਵੀ ਦਿਖਾਈ ਦੇ ਜਾਵੇ, ਪਰ ਉਨ੍ਹਾ ਸੋਫ਼ਾ ਖੱਬੇ ਹੱਥ ਸੀ ਤੇ ਓਹਦੇ ਨਾਲ ਹੀ ਡੈਡੀ ਬੈਠੇ ਸਨ। ਸੋ ਉਹ ਚਾਹ ਕੇ ਵੀ ਉਸ ਪਾਸੇ ਚੰਗੀ ਤਰ੍ਹਾਂ ਦੇਖ ਨਹੀਂ ਸਕਦੀ ਸੀ। ਥੋੜੇ ਸਮੇਂ ਬਾਅਦ ਮੁੰਡੇ ਵਾਲਿਆਂ ਦੀ ਘੁਸਰ ਮੁਸਰ ਸ਼ੁਰੂ ਹੋ ਗਈ।
ਅਚਾਨਕ ਇੱਕ ਜਨਾਨਾ ਅਵਾਜ਼ ਸੁਣਾਈ ਦਿੱਤੀ। ਉਸਨੇ ਕੁਨੱਖੀਆਂ ਅੱਖਾਂ ਨਾਲ ਵੇਖਿਆ ਤਾਂ ਇੱਕ ਅੱਧਖੜ੍ਹ ਉਮਰ ਦੀ ਜ਼ਿਆਦਾ ਹੀ ਮੇਕਅਪ ਕੀਤੀ ਔਰਤ ਬੋਲ ਰਹੀ ਸੀ ,”ਦੇਖੋ ਜੀ ਕੁੜੀ ਸਾਨੂੰ ਪਸੰਦ ਹੈ, ਬੱਸ ਧੀਏ ਥੋੜ੍ਹਾ ਜਿਹਾ ਦਰਵਾਜ਼ੇ ਤਕ ਗੇੜਾ ਤਾਂ ਦੇ ਕੇ ਆ’।” ਉਸਦੀ ਪਹਿਲੀ ਪਸੰਦ ਵਾਲੀ ਗੱਲ ਸੁਣ ਕੇ ਹਾਲੇ ਗੁਲਾਬੀ ਰੰਗਤ ਚਿਹਰੇ ‘ਤੇ ਆਉਣ ਹੀ ਲੱਗੀ ਸੀ ਕਿ ਪਲਤਣ ਛਾ ਗਈ। ਉਸਦੇ ਦਿਮਾਗ ਨੇ ਸੋਚਿਆ ਕਿ ਇਹ ਸਮਝਦੇ ਨੇ ਕਿ ਕਿਤੇ ਮੈਂ ਅਪਾਹਿਜ਼ ਹੀ ਨਾ ਹੋਵਾਂ।ਮੈਂ ਵੀ ਕਿਸੇ ਦੀ ਧੀ ਹਾ, ਕੋਈ ਪਸੂ ਤਾਂ ਨਹੀਂ ਜਿਸ ਨੂੰ ਵਪਾਰੀ ਵਾਂਗ ਤੋਰ ਕੇ ਵੇਖ ਰਹੇ ਹਨ। ਉਸਨੂੰ ਗੁੱਸਾ ਚੜ੍ਹਣਾ ਸ਼ੁਰੂ ਹੋ ਚੁੱਕਿਆ ਸੀ। ਉਸਦੀ ਮਾਂ ਨੇ ਕਿਹਾ “ਜਾਹ, ਸੰਦੀਪ ਆਹ ਟਰੇਅ ਕਿਚਨ ਵਿੱਚ ਰੱਖ ਆ।” ਉਹ ਮਾਂ ਦੀ ਮੂਕ ਮਜ਼ਬੁਰੀ ਅਤੇ ਮਨਸ਼ਾ ਸਮਝ ਚੁੱਕੀ ਸੀ। ਉਸਨੇ ਟਰੇਅ ਚੁੱਕਣ ਲਈ ਹੱਥ ਵਧਾਏ ਤਾਂ ਉਸਨੂੰ ਮੁੰਡੇ ਦਾ ਚਿਹਰਾ ਦਿਖ ਗਿਆ ਤੇ ਉਸਦੇ ਮੂੰਹੋਂ ਨਿਕਲਿਆ ‘ ਹੈਰੀ ਤੂੰ’। ਹੈਰੀ...

ਮੁਸਕੁਰਾ ਰਿਹਾ ਸੀ। ਡੈਡੀ ਨੇ ਹੈਰਾਨੀ ਨਾਲ ਦੋਵਾਂ ਵੱਲ ਦੇਖਿਆ ਅਤੇ ਪੁੱਛਿਆ ‘ਤੁਸੀ ਇੱਕ ਦੂਜੇ ਨੂੰ ਜਾਣਦੇ ਹੋ’। ਸੰਦੀਪ ਦੀਆਂ ਅੱਖਾਂ ਵਿੱਚ ਗੁੱਸੇ ਦੀ ਗਹਿਰ ਆ ਗਈ। ਉਹ ਬੋਲੀ,” ‘ਹਾਂ ਡੈਡੀ, ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ, ਇਸਦਾ ਪਰਿਵਾਰ ਮੈਂਨੂੰ ਤੋਰ ਕੇ ਪਰਖਣਾ ਚਾਹੁੰਦਾ ਸੀ ਕਿ ਮੈਂ ਅਪਾਹਿਜ਼ ਤਾਂ ਨਹੀਂ, ਹੁਣ ਮੈਂ ਇੰਨ੍ਹਾਂ ਦੇ ਇਸ ਅਪਾਹਿਜ਼ ਮੁੰਡੇ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰਦੀ ਹਾਂ ਭਾਵੇਂ ਤੁਸੀ ਨਾਰਾਜ਼ ਹੀ ਹੋ ਜਾਓ।” ਸੰਦੀਪ ਦੇ ਵੱਡੇ ਬੋਲ ਸੁਣ ਕੇ ਹਾਹਾਕਾਰ ਮੱਚ ਗਈ ਸੀ। ਉਸਦੇ ਮੰਮੀ-ਡੈਡੀ ਹੈਰਾਨ ਹੋਏ ਦੇਖ ਰਹੇ ਸਨ ਜਿਵੇਂ ਉਨ੍ਹਾਂ ਦੇ ਮੂੰਹ ਵਿੱਚ ਬੋਲ ਵੀ ਨਾ ਫੁੱਟ ਰਿਹਾ ਹੋਵੇ।
ਹੈਰੀ ਦੀ ਮਾਂ ਛਾਲ ਮਾਰ ਕੇ ਉਠੀ,” ਜੇ ਤੂੰ ਵਿਆਹ ਨਹੀ ਕਰਵਾਉਂਣਾ ਤਾਂ ਨਾ ਕਰਵਾ, ਪਰ ਖ਼ਬਰਦਾਰ ਮੇਰੇ ਪੁੱਤ ਨੂੰ ਅਪਾਹਿਜ਼ ਕਿਹਾ ,ਬਕਵਾਸ ਕਰਨ ਦੀ ਕੋਈ ਲੋੜ ਨਹੀਂ। “ਸੰਦੀਪ ਗੁੱਸੇ ਵਿੱਚ ਤਮਕ ਕੇ ਬੋਲੀ ,”ਆਂਟੀ ਜੀ ਸਰੀਰਿਕ ਘਾਟ ਵਾਲਾ ਬੰਦਾ ਅਪਾਹਿਜ਼ ਨਹੀਂ ਹੁੰਦਾ, ਕੁਦਰਤ ਕਿਸੇ ਤਰੀਕੇ ਨਾਲ ਉਸਦੀ ਤਾਂ ਘਾਟ ਪੂਰੀ ਕਰ ਦਿੰਦੀ ਹੈ, ਪਰ ਜੇਕਰ ਕੋਈ ਦਿਮਾਗ ਤੇ ਸੋਚ ਤੋਂ ਅਪਾਹਿਜ਼ ਹੋਵੇ ਤਾਂ ਉਸਦਾ ਕੁੱਝ ਨਹੀਂ ਹੋ ਸਕਦਾ’। ਸੰਦੀਪ ਦੀ ਗੱਲ ਸੁਣਕੇ ਹੈਰੀ ਦਾ ਸਾਰਾ ਪਰਿਵਾਰ ਉੱਠ ਖੜ੍ਹਿਆ। ਹੈਰੀ ਤਾਂ ਜਿਵੇਂ ਗੂੰਗਾ ਹੋ ਗਿਆ ਹੋਵੇ। ਸੰਦੀਪ ਹਾਲੇ ਵੀ ਬੋਲ ਰਹੀ ਸੀ ‘ਡੈਡੀ ਤੁਸੀ ਕਹਿੰਦੇ ਸੀ ਇੱਕ ਦੂਜੇ ਨੂੰ ਜਾਣਦੇ ਹੋ ਤਾਂ ਸੁਣੋ, ਇਹ ਸਾਡੇ ਕਾਲਜ ਦਾ ਸਭ ਤੋਂ ਲਫੰਡਰ ਦਿਮਾਗੀ ਤੌਰ ‘ਤੇ ਅਪਾਹਿਜ਼ ਬੰਦਾ ਹੈ। ਜਿਸਨੇ ਪਤਾ ਨਹੀਂ ਕਿੰਨੀਆਂ ਕੁੜੀਆਂ ਨੂੰ ਖ਼ਰਾਬ ਕੀਤਾ ਅਤੇ ਕਿੰਨੀਆਂ ਤੋਂ ਛਿੱਤਰ ਖ਼ਾਧੇ ਹਨ। ਮੈਂ ਨਹੀਂ ਕਰਵਾਉਣਾ ਅਜਿਹੇ ਦਿਮਾਗੀ ਤੌਰ ‘ਤੇ ਅਪਾਹਿਜ਼ ਨਾਲ ਵਿਆਹ ਵੂਹ।” ਇਹ ਕਹਿੰਦੀ ਸੰਦੀਪ ਅੰਦਰ ਨੂੰ ਤੁਰ ਗਈ। ਹੈਰੀ ਦਾ ਪਰਿਵਾਰ ਮਣ ਮਣ ਦੇ ਪੈਰ ਧਰਦਾ ਘਰੋਂ ਬਾਹਰ ਜਾ ਰਿਹਾ ਸੀ। ਸਭ ਤੋਂ ਪਿੱਛੇ ਧੌਣ ਨਿਵਾਈ ਜਾਂਦਾ ਹੈਰੀ ਸੰਦੀਪ ਦੇ ਮਾਪਿਆਂ ਨੂੰ ਸੱਚਮੁੱਚ ਅਪਾਹਿਜ਼ ਹੀ ਲੱਗ ਰਿਹਾ ਸੀ।
ਭੁਪਿੰਦਰ ਸਿੰਘ ਮਾਨ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)