ਬਾਪੂ

2

ਛਿੰਦਾ ਹੱਡੀਆਂ ਦੀ ਮੁੱਠ ਹੋ ਚੱਲਿਆ ਸੀ। ਹਰ ਵੇਲੇ ਕਿਸੇ ਨਾ ਕਿਸੇ ਦਾ ਸਹਾਰਾ ਟੋਲਦਾ ਰਹਿੰਦਾ ਸੀ। ਸਾਰਾ ਦਿਨ ਮੰਜੇ ਤੇ ਪਿਆ ਰਹਿੰਦਾ ਤੇ ਕਿਤੇ ਕੰਨ ਨੂੰ ਫੋਨ ਲਾ ਕੇ ਛੇਤੀ ਆਉਣ ਲਈ ਕਹਿੰਦਾ। ਜਦੋਂ ਉਸਦੇ ਘਰ ਦੇ ਆਸੇ ਪਾਸੇ ਹੁੰਦੇ ਤਾਂ ਓਹਦੇ ਨਸ਼ੇੜੀ ਯਾਰ ਪੁੜੀ ਦੇ ਕੇ ਆਪਣੇ ਰਾਹੇ ਪੈਂਦੇ ਤੇ ਉਹਨੂੰ ਭੋਰਾ ਸਕੂਨ ਮਿਲਦਾ। ਅਜੇ ਉਮਰ ਭਲਾ ਓਹਦੀ ਕਿਹੜਾ ਜਿਆਦਾ ਸੀ ਮਸਾਂ ਮੁੱਛ-ਫੁੱਟ ਗੱਭਰੂ ਤਾਂ ਸੀ। ਬਾਰਵੀਂ ਜਮਾਤ ਵਿੱਚੋਂ ਦੋ ਵਾਰੀ ਫੇਲੵ ਹੋ ਗਿਆ ਸੀ। ਉਸਦੇ ਫੇਲੑ ਹੋਣ ਦਾ ਕਾਰਨ ਉਸਦੀ ਬੁਰੀ ਸੰਗਤ ਸੀ। ਉਸਦਾ ਬਾਪੂ ਸੁਜਾਨ ਸਿੰਘ ਹਰ ਵੇਲੇ ਖੇਤਾਂ ਜਾਂ ਘਰ ਦਾ ਕੰਮ ਕਰਦਾ ਰਹਿੰਦਾ ਤੇ ਛਿੰਦੇ ਨੂੰ ਉਸਨੇ ਕਦੇ ਨਹੀਂ ਆਖਿਆ ਸੀ ਤਾਂ ਕਿ ਪੁੱਤ ਚੰਗਾ ਪੜੵ-ਲਿਖ ਜਾਵੇ। ਆਪ ਤਾਂ ਸੁਜਾਨ ਸਿੰਘ ਅਣਪੜੵ ਸੀ ਇਸੇ ਕਰਕੇ ਉਹ ਆਪਣੇ ਛਿੰਦੇ ਪੁੱਤ ਨੂੰ ਪੜਾਉਣਾ ਚਾਹੁੰਦਾ ਸੀ। ਪਰ ਕਿਸਮਤ ਦੀ ਖੇਡ ਛਿੰਦਾ ਦਿਨੋ-ਦਿਨ ਨਸ਼ੇ ਵਿੱਚ ਧੱਸਦਾ ਜਾ ਰਿਹਾ ਸੀ। ਜਦੋਂ ਸੁਜਾਨ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ। ਉਸਨੂੰ ਸਭ ਕੁਝ ਆਪਣਾ ਗੁਆਚਿਆ ਜਾਪਿਆ। ਉਸਨੂੰ ਛਿੰਦੇ ਦਾ ਝੋਰਾ ਵੱਡ-ਵੱਡ ਖਾਣ ਲੱਗਾ। ਉਸਨੂੰ ਛਿੰਦੇ ਦੇ ਫਿਕਰ ਕਾਰਨ ਬਿਮਾਰੀ ਨੇ ਘੇਰ ਲਿਆ ਸੀ। ਉਹ ਮੰਜੇ ਤੇ ਪਿਆ ਖੰਊਂ-ਖੰਊਂ ਕਰਦਾ ਰਹਿੰਦਾ ਤੇ ਹਾਏ-ਹਾਏ ਕਰਦਾ ਰਹਿੰਦਾ। ਛਿੰਦੇ ਨੂੰ ਨਾਲ ਦੇ ਕਮਰੇ ਵਿੱਚ ਉਸਦੀ ਅਵਾਜ ਸੁਣਾਈ ਦੇ ਰਹੀ ਸੀ ਪਰ ਉਹ ਕਰ ਕੁਝ ਨਹੀਂ ਸਕਦਾ ਸੀ। ਉਸਨੂੰ ਤਾਂ ਆਪ ਸਹਾਰੇ ਦੀ ਲੋੜ ਸੀ। ਉਸਦੀ ਮਾਂ ਕਰਮੋ ਤਾਂ ਆਪ ਉਹਨਾਂ ਦੀ ਦੇਖਭਾਲ ਤੇ ਘਰ ਦੇ ਕੰਮ ਕਰਕੇ ਸੁੱਕ ਕੇ ਤਵੀਤ ਬਣ ਗਈ ਸੀ। ਬਾਪੂ ਦਾ ਦੁੱਖ ਦੇਖ ਕੇ ਛਿੰਦੇ ਦਾ ਦਿਲ ਪਸੀਜ ਗਿਆ ਤੇ ਉਹ...

ਬਚਪਨ ਦੇ ਉਹਨਾਂ ਦਿਨਾਂ ਨੂੰ ਯਾਦ ਕਰਨ ਲੱਗਿਆ ਜਦੋਂ ਉਸਦਾ ਬਾਪੂ ਉਸਦੀ ਹਰੇਕ ਰੀਜ ਪੂਰੀ ਕਰਦਾ। ਕਦੇ ਉਸਨੂੰ ਸਾਈਕਲ ਤੇ ਬਿਠਾ ਕੇ ਖੇਤ ਲੈ ਜਾਂਦਾ ਤੇ ਕਦੇ ਮੋਢੇ ਤੇ ਬਿਠਾ ਕੇ ਸੱਥ ਵਿੱਚ ਲੈ ਜਾਂਦਾ। ਛਿੰਦਾ ਨੂੰ ਜਿਹੜੀ ਚੀਜ ਚੰਗੀ ਲੱਗਦੀ ਉਹ ਬਾਪੂ ਤੋਂ ਮੰਗ ਲੈਂਦਾ। ਜੇ ਉਸਦਾ ਪਿਤਾ ਗੁੜ ਖਾਣ ਲੱਗਦਾ ਤਾਂ ਉਹ ਉਸਨੂੰ ਮਾੜਾ ਜਿਹਾ ਹੀ ਖਾਣ ਦਿੰਦਾ ਤੇ ਇਸਦੀ ਮੰਗ ਕਰਦਾ। ਛਿੰਦੇ ਦੀ ਬਾਪੂ ਤੋਂ ਲੈ ਕੇ ਖਾਣ ਦੀ ਆਦਤ ਜਿਹੀ ਬਣ ਗਈ ਸੀ। ਪਰ ਉਸਦਾ ਪਿਤਾ ਇਸਦਾ ਬੁਰਾ ਨਾ ਮਨਾਉਂਦਾ। ਛਿੰਦਾ ਸੋਚ ਰਿਹਾ ਸੀ ਕਿ ਬਾਪੂ ਨੇ ਮੈਨੂੰ ਕਦੇ ਨਾਹ ਨਹੀਂ ਕੀਤੀ ਸੀ ਪਰ ਅੱਜ ਬਾਪੂ ਨੂੰ ਮੇਰੀ ਲੋੜ ਸੀ ਤੇ ਮੈਂ ਆਪ ਆਪਣੀਆਂ ਗਲਤੀਆਂ ਕਰਕੇ ਲਾਚਾਰ ਸੀ। ਉਹ ਆਪ ਇਸ ਬਿਮਾਰੀ ਤੋਂ ਬਹੁਤ ਦੁਖੀ ਸੀ। ਇਸ ਲਾਹਨਤ ਨੂੰ ਛੱਡਣ ਦਾ ਹੌਸਲਾ ਸ਼ਾਇਦ ਉਹ ਨਾ ਕਰਦਾ ਪਰ ਬਾਪੂ ਦੇ ਦੁੱਖ ਨੇ ਉਸਨੂੰ ਅਸਲੋਂ ਝੰਜੋੜ ਦਿੱਤਾ ਸੀ। ਉਸਨੇ ਆਪਣੇ ਯਾਰਾਂ ਬੇਲੀਆਂ ਤੋਂ ਪਾਸਾ ਵੱਟ ਲੈਣ ਵਿੱਚ ਹੀ ਆਪਣੀ ਭਲਾਈ ਸਮਝੀ। ਉਸਨੇ ਫੋਨ ਨੂੰ ਵਗਾਹ ਕੇ ਪਰਾਂ ਮਾਰਿਆ। ਉਹ ਹੁਣ ਬਹੁਤਾ ਚਿਰ ਦੁਚਿੱਤੀ ਵਿੱਚ ਨਹੀਂ ਪੈਣਾ ਚਾਹੁੰਦਾ ਸੀ ਤੇ ਉਹ ਛੇਤੀ ਉੱਠ ਕੇ ਰਸੋਈ ਵਿੱਚੋਂ ਬਾਪੂ ਲਈ ਪਾਣੀ ਲੈਣ ਚਲਾ ਗਿਆ। ਉਹ ਗਿਲਾਸ ਵਿੱਚ ਪਾਣੀ ਲੈ ਕੇ ਬਾਪੂ ਕੋਲ ਗਿਆ ਤਾਂ ਉਸਦਾ ਬਾਪੂ ਛਿੰਦੇ ਨੂੰ ਦੇਖ ਕੇ ਝੱਟ ਖੜਾ ਹੋ ਗਿਆ ਤੇ ਉਸਨੂੰ ਕਲਾਵੇ ਵਿੱਚ ਲੈ ਕੇ ਸਿਰ ਤੇ ਹੱਥ ਮਾਰਨ ਲੱਗਾ । ਛਿੰਦੇ ਨੂੰ ਜਾਪਿਆ ਜਿਵੇਂ ਬਚਪਨ ਦੇ ਉਹ ਦਿਨ ਵਾਪਸ ਆ ਗਏ ਹੋਣ ਜਦੋਂ ਅਕਸਰ ਉਸਦਾ ਪਿਤਾ ਪਿਆਰ ਨਾਲ ਉਸਨੂੰ ਗਲਵਕੜੀ ਵਿੱਚ ਲੈ ਲੈਂਦਾ ਸੀ।
ਸਰਬਜੀਤ ਸਿੰਘ ਜਿਉਣ ਵਾਲਾ , ਫਰੀਦਕੋਟ
ਮੋਬਾਈਲ – 9464412761

Leave A Comment!

(required)

(required)


Comment moderation is enabled. Your comment may take some time to appear.

Comments

4 Responses

 1. Suraj Singh

  bohat vadhiaa Kahani aa veer

 2. prince bawa

  bhut vadiya story aa bai

 3. Kirandeep kaur Shergill

  Buth ache story h

 4. Gursewak Singh

  bhut sohni story ji

Like us!