ਬਾਹਰੀ ਦਿੱਖ

3

ਗੱਡੀ ਦੇ AC ਕੋਚ ਦੇ ਬਾਹਰ ਲੱਗੇ ਰਿਜਰਵੇਸ਼ਨ ਚਾਰਟ ਵਿਚ ਆਪਣਾ ਨਾਮ ਪੜਿਆ..
ਜਿਗਿਆਸਾ ਜਿਹੀ ਜਾਗੀ ਕੇ ਵੇਖਾਂ ਤਾਂ ਸਹੀ ਨਾਲ ਦੀਆਂ ਸੀਟਾਂ ਵਾਲੇ ਮੇਰੇ ਹਮਸਫਰ ਕਿਹੜੇ ਕਿਹੜੇ ਨੇ?
ਇੱਕ ਨਾਮ ਪੜਿਆ “ਨਵਜੋਤ ਕੌਰ ਭਿੰਡਰ”..
ਸੋਚਣ ਲੱਗਾ ਚਲੋ ਦੋ ਘੰਟੇ ਦਾ ਸਫ਼ਰ ਤਾਂ ਚੰਗਾ ਕਟ ਜਾਵੇਗਾ..
ਅੰਦਰ ਗਿਆ ਤਾਂ ਸਾਮਣੇ ਵਾਲੀ ਸੀਟ ਤੇ ਸਧਾਰਨ ਜਿਹੇ ਕੱਪੜੇ ਪਾਈ ਸ਼ਾਲ ਦੀ ਬੁੱਕਲ ਮਾਰੀ ਉਹ ਅਖਬਾਰ ਦੀ ਕਿਸੇ ਖਬਰ ਤੇ ਨਜਰਾਂ ਗੱਡੀ ਬੈਠੀ ਹੋਈ ਸੀ..!

ਨੈਣ ਮਿਲੇ ਤੇ ਫੇਰ ਮੌਕਾ ਸੰਭਾਲਦੇ ਨੇ ਹਲਕੀ ਜਿਹੀ ਮੁਸਕਾਨ ਦੇ ਨਾਲ ਸਤਿ ਸ੍ਰੀ ਅਕਾਲ ਬੁਲਾ ਦਿੱਤੀ..
ਮੋਟੀਆਂ ਅੱਖਾਂ ਦਾ ਉਗਾੜ..ਤੇ ਉੱਤੋਂ ਮਾਰੂ ਜਿਹੀ ਮੁਸਕੁਰਾਹਟ ਨਾਲ ਜਦੋਂ ਉਸਨੇ ਫਤਹਿ ਦਾ ਜੁਆਬ ਦਿੱਤਾ ਤਾਂ ਦਿਲ ਦੀ ਧੜਕਣ ਆਪਣੇ ਉਫਾਨ ਤੇ ਜਾ ਪਈ..!

ਘੜੀ ਕੂ ਮਗਰੋਂ ਮਾੜੀ ਮੋਟੀ ਗੱਲਬਾਤ ਦਾ ਸਿਲਸਿਲਾ ਵੀ ਤੁਰ ਜਿਹਾ ਪਿਆ..

ਗੱਲਾਂ ਗੱਲਾਂ ਵਿਚ ਪਤਾ ਲੱਗਾ ਕੇ ਮਾਲ ਮਹਿਕਮੇ ਵਿਚ ਲਾ-ਅਫਸਰ ਦੀ ਨਵੀਂ-ਨਵੀਂ ਨਿਯੁਕਤੀ ਹੋਈ ਸੀ ਤੇ ਆਪਣੀ ਪਹਿਲੀ ਹਾਜਰੀ ਲਈ ਵਾਇਆ ਰਾਜਪੂਰਾ ਚੰਡੀਗੜ ਨੂੰ ਜਾ ਰਹੀ ਸੀ!
ਪਿਛੋਕੜ ਪੇਂਡੂ ਪਰ ਹੈ ਜੱਟਾਂ ਦੀ ਕੁੜੀ ਸੀ..ਉੱਤੋਂ ਸੂਰਤ ਅਤੇ ਸੀਰਤ ਦਾ ਐਸਾ ਸੁਮੇਲ ਕੇ ਵੇਖਿਆਂ ਭੁੱਖ ਲਹਿੰਦੀ..ਜਦੋਂ ਗੱਲ ਕਰਦੀ ਤਾਂ ਇੰਝ ਲੱਗਦਾ ਫੁੱਲ ਝੜਦੇ ਹੋਣ..
ਪਰਿਵਾਰ ਬਾਰੇ ਗੱਲ ਤੁਰੀ ਤਾਂ ਪਤਾ ਲੱਗਾ ਮਾਪਿਆਂ ਦੀ ਇਕਲੌਤੀ ਸੰਤਾਨ ਸੀ!

ਮੈਂ ਗਜਟਿਡ ਕਲਾਸ ਵਾਲੀ ਆਪਣੀ ਖੁਦ ਦੀ ਸਰਕਾਰੀ ਨੌਕਰੀ ਬਾਰੇ ਦੱਸਦਾ ਹੋਇਆ ਖਿਆਲਾਂ ਦੇ ਸਮੁੰਦਰ ਵਿਚ ਜਜਬਾਤਾਂ ਦੀ ਕਿਸ਼ਤੀ ਲੈ ਬਹੁਤ ਦੂਰ ਤੱਕ ਨਿੱਕਲ ਗਿਆ!
ਸੋਚਣ ਲੱਗਾ ਕੇ ਵੇਖਣ ਨੂੰ ਵੀ ਹੂ-ਬਹੂ ਵੈਸੀ ਹੀ ਲੱਗਦੀ ਸੀ ਜੈਸੀ ਦਾ ਜਿਕਰ ਮਾਂ ਅਕਸਰ ਹੀ ਗੱਲਾਂ ਗੱਲਾਂ ਵਿਚ ਕਰਿਆ ਕਰਦੀ ਸੀ..
ਉਸਨੇ ਤੇ ਪਹਿਲੀ ਸੱਟੇ ਹਾਂ ਕਰ ਦੇਣੀ..
ਰਹੀ ਗੱਲ ਭਾਪਾ ਜੀ ਦੀ..ਓਹਨਾ ਦਾ ਕੀ...

ਹੈ..ਬੀਜੀ ਨੇ ਜ਼ੋਰ ਪਾਇਆ ਤਾਂ ਝੱਟ ਹੀ ਮੰਨ ਜਾਣਾ ਓਹਨਾ ਨੇ..

ਮਨ ਹੀ ਮਨ ਵਿਚ ਬਣਾ ਧਰੀ ਇਸ ਜੋੜੀ ਬਾਰੇ ਸੋਚ ਰੱਬ ਦਾ ਸ਼ੁਕਰਾਨਾ ਵੀ ਕਰ ਮਾਰਿਆ..ਵਾਹ ਰੱਬਾ..ਸਦਕੇ ਜਾਵਾਂ ਤੇਰੀ ਇਸ ਜੋੜੀਆਂ ਘੜਨ ਵਾਲੀ ਅਦੁੱਤੀ ਕਲਾ ਤੇ..ਜੋੜੀਆਂ ਜੱਗ ਥੋੜੀਆਂ..ਬਾਕੀ ਨਰੜ ਬਥੇਰੇ..!

ਖਿਆਲਾਂ ਦੇ ਘੋੜੇ ਤੇ ਚੜੇ ਹੋਏ ਨੂੰ ਪਤਾ ਹੀ ਨੀ ਲੱਗਾ ਕਦੋ ਰਾਜਪੂਰਾ ਆ ਗਿਆ..
ਥੋੜਾ ਅਫਸੋਸ ਜਿਹਾ ਹੋਇਆ ਪਰ ਤਸੱਲੀ ਵਾਲੀ ਗੱਲ ਇਹ ਸੀ..ਉਸਦਾ ਐਡਰੈੱਸ ਮੈਂ ਪਹਿਲਾਂ ਹੀ ਲੈ ਚੁੱਕਿਆਂ ਸਾਂ..ਹੁਣ ਤੇ ਬੱਸ ਅਗਲੀ ਮੁਲਾਕਾਤ ਦਾ ਹੀ ਇੰਤਜਾਰ ਸੀ..!

ਜਾਂਦੀ ਵਾਰੀ ਸ਼ਿਸ਼ਟਾਚਾਰ ਵੱਜੋਂ ਉਸਦਾ ਸਮਾਨ ਕੱਢਣ ਵਿਚ ਮਦਦ ਦੇਣ ਦੀ ਪੇਸ਼ਕਸ਼ ਵੀ ਕਰ ਦਿੱਤੀ..!

ਉਸਨੇ ਵੀ ਮੁਸ੍ਕੁਰਾਉਂਦੀ ਹੋਈ ਨੇ ਸੀਟ ਦੇ ਹੇਠਾਂ ਪਏ ਆਪਣੇ ਸਮਾਨ ਵੱਲ ਇਸ਼ਾਰਾ ਕਰ ਦਿੱਤਾ..

ਹੇਠਾਂ ਪਏ ਸਮਾਨ ਤੇ ਜਦੋਂ ਨਜਰ ਪਈ ਤਾਂ ਮੈਨੂੰ ਜ਼ੋਰਦਾਰ ਚੱਕਰ ਜਿਹਾ ਆਇਆ..ਅੱਖਾਂ ਅੱਗੇ ਹਨੇਰਾ ਛਾ ਗਿਆ..ਤੇ ਮੇਰੀ ਸੋਚਣ ਸਮਝਣ ਤੇ ਵੇਖਣ ਦੀ ਸ਼ਕਤੀ ਇੱਕਦਮ ਹੀ ਜਾਂਦੀ ਰਹੀ..!

ਥੋੜੇ ਚਿਰ ਮਗਰੋਂ ਜਦੋਂ ਹੋਸ਼ ਆਈ ਤਾਂ ਵੇਖਿਆ ਉਹ ਪਲੇਟ ਫਾਰਮ ਤੇ “ਵਸ਼ਾਖੀਆਂ” ਦੇ ਸਹਾਰੇ ਤੁਰੀ ਜਾ ਰਹੀ ਸੀ..
ਸ਼ਾਇਦ ਇੱਕ ਲੱਤ ਵਿਚ ਕੋਈ ਜਮਾਂਦਰੂ ਨੁਕਸ ਸੀ..ਮੇਰੇ ਸਾਰੇ ਸੁਫ਼ਨੇ..ਭਵਿੱਖ ਦੀਆਂ ਯੋਜਨਾਵਾਂ ਅਤੇ ਜਜਬਾਤਾਂ ਦੇ ਕਿੰਨੇ ਸਾਰੇ ਮਹਿਲ ਘੜੀਆਂ ਪਲਾਂ ਵਿਚ ਹੀ ਤਾਸ਼ ਦੇ ਪੱਤਿਆਂ ਵਾਂਙ ਖਿੱਲਰ ਗਏ!

ਏਨੇ ਨੂੰ ਤੁਰ ਪਈ ਗੱਡੀ ਦਾ ਮੇਰੇ ਵਾਲਾ ਡੱਬਾ ਉਸਦੇ ਬਿਲਕੁਲ ਬਰੋਬਰ ਜਿਹਾ ਆ ਗਿਆ..
ਤੁਰੀ ਜਾਂਦੀ ਨੇ ਇੱਕ ਵਾਰ ਮੇਰੇ ਵੱਲ ਵੇਖਿਆ..ਨਿੰਮਾਂ ਜਿਹਾ ਮੁਸਕੁਰਾਈ ਤੇ ਧਿਆਨ ਇੱਕ ਵਾਰ ਫੇਰ ਸਾਮਣੇ ਵੱਲ ਨੂੰ ਕਰ ਲਿਆ..

ਇੰਝ ਲੱਗਿਆ ਆਖ ਰਹੀ ਹੋਵੇ ਕੇ ਦੋਸਤਾ “ਜ਼ਮਾਨਾ ਬੇਸ਼ੱਕ ਲੱਖ ਦਿਲਾਂ ਦੀ ਗੱਲ ਕਰਦਾ ਹੋਵੇ ਪਰ “ਮੁਹੱਬਤ” ਅੱਜ ਵੀ ਚੇਹਰਿਆਂ ਤੋਂ ਸ਼ੁਰੂ ਹੋ ਕੇ “ਬਾਹਰੀ ਦਿੱਖ” ਤੇ ਆ ਕੇ ਮੁੱਕ ਜਾਇਆ ਕਰਦੀ ਏ”

ਹਰਪ੍ਰੀਤ ਸਿੰਘ ਜਵੰਦਾ

Leave A Comment!

(required)

(required)


Comment moderation is enabled. Your comment may take some time to appear.

Comments

5 Responses

 1. Seema Goyal

  Wow…what a great story!All the glitters are not gold.God bless you. 🙏🙏🙃🙃🙃

 2. gurpreet singh

  nice

 3. ਰਾਜਵਿੰਦਰ ਸਿੰਘ

  ਵਾਹ ਵੀਰ ਜੀ। ਕਿਆ ਬਾਤ ਹੈ।

 4. Harpreet sandhu

  ਵਾਹ ਬਹੁਤ ਵਧੀਆ 👌👌

 5. Prince

  Bhut khub

Like us!