ਦਸਤਾਰ

34

ਮਰਨ ਮਾਰਨ ਤੇ ਉਤਾਰੂ ਇੱਕ ਵੱਡੀ ਜਨੂਨੀ ਭੀੜ ਦਿੱਲੀ ਦੀ ਇੱਕ ਭੀੜੀ ਜਿਹੀ ਗਲੀ ਵਿਚ ਇੱਕ ਮੁਸਲਮਾਨ ਦਾ ਪਿਛਾ ਕਰਦੀ ਹੋਈ ਨੱਸੀ ਆ ਰਹੀ ਸੀ..
ਉਹ ਆਪਣਾ ਬਚਾ ਕਰਦਾ ਵਾਹੋਦਾਹੀ ਦੌੜੀ ਜਾ ਰਿਹਾ ਸੀ..ਪਿੱਛੋਂ ਪੱਥਰਾਂ ਅਤੇ ਡੰਡਿਆਂ ਦੀ ਅਣਗਿਣਤ ਵਾਛੜ ਹੋ ਰਹੀ ਸੀ..
ਅਖੀਰ ਕਾਬੂ ਆ ਹੀ ਗਿਆ..ਡਿੱਗੇ ਪਏ ਤੇ ਡਾਂਗਾਂ ਅਤੇ ਹੋਰ ਤੇਜ ਧਾਰ ਹਥਿਆਰਾਂ ਨਾਲ ਕਿੰਨੇ ਸਾਰੇ ਵਾਰ ਹੋਏ..
ਆਪਣੀ ਮੌਤ ਸਾਮਣੇ ਵੇਖ ਇੱਕ ਵਾਰ ਫੇਰ ਹਿੰਮਤ ਕੀਤੀ..ਉੱਠ ਕੇ ਦੌੜ ਪਿਆ..
ਏਨੇ ਨੂੰ ਬਾਹਰ ਗਲੀ ਵਿਚ ਰੌਲਾ ਸੁਣ ਇੱਕ ਸਰਦਾਰ ਜੀ ਆਪਣੇ ਘਰੋਂ ਬਾਹਰ ਨਿੱਕਲੇ..
ਜਖਮੀਂ ਨੌਜੁਆਨ ਓਹਨਾ ਨੂੰ ਵੇਖ ਭੱਜ ਕੇ ਕੋਲ ਆਇਆ ਤੇ ਓਹਨਾ ਨੂੰ ਜੱਫੀ ਪਾ ਓਹਨਾ ਦੀਆਂ ਬਾਹਵਾਂ ਵਿਚ ਹੀ ਬੇਹੋਸ਼ ਹੋ ਗਿਆ..
ਸਰਦਾਰ ਹੁਰਾਂ ਫੇਰ ਪਤਾ ਨੀ ਸੋਚਿਆ..ਨਿਢਾਲ ਹੋਏ ਤੇ ਜਨੂਨੀ ਭੀੜ ਦੇ ਵਿਚਕਾਰ ਕੰਧ ਬਣ ਖਲੋ ਗਏ..
ਸਰਦਾਰ ਹੁਰਾਂ ਭੀੜ ਨਾਲ ਗੱਲ ਕਰਦਿਆਂ ਦੂਜੇ ਹੱਥ ਨਾਲ ਆਪਣਾ ਬੂਹਾ ਖੋਲਿਆ ਤੇ ਉਸਨੂੰ ਅੰਦਰ ਧੱਕਾ ਮਾਰ ਮੁੜ ਬੂਹਾ ਭੇੜ ਲਿਆ..

ਫੇਰ ਆਖਣ ਲੱਗੇ ਹੁਣ ਜਿਸਨੇ ਆਉਣਾ ਅੱਗੇ ਆਵੇ..ਮੇਰੇ ਨਾਲ ਗੱਲ ਕਰੇ..
ਭੀੜ ਆਖਦੀ ਸਾਡਾ ਤੁਹਾਡੇ ਨਾਲ ਕੋਈ ਰੌਲਾ ਨਹੀਂ..ਬਸ ਉਸ ਨੂੰ ਸਾਡੇ ਹਵਾਲੇ ਕਰ ਦਿਓ..!
ਖਾਲਸਾ ਅੱਗੋਂ ਆਖ ਰਿਹਾ ਸੀ..ਉਹ...

ਇਸ ਵੇਲੇ ਮੇਰੀ ਸ਼ਰਨ ਵਿਚ ਹੈ ਤੇ ਭਾਈ ਘਣੰਈਏ ਦੇ ਵਾਰਿਸ ਸ਼ਰਨ ਆਏ ਦੀ ਰਾਖੀ ਤੇ ਮਰਹੰਮ ਪੱਟੀ ਕਰਨ ਲੱਗੇ ਉਸਦਾ ਧਰਮ ਨਹੀਂ ਵੇਖਦੇ..

ਅਖੀਰ ਕਾਫੀ ਬਹਿਸ ਮਗਰੋਂ ਭੀੜ ਨੂੰ ਵਾਪਿਸ ਮੁੜਨਾ ਪਿਆ..!

ਅੰਦਰ ਆਏ..ਪੂਰੇ ਤਿੰਨ ਚਾਰ ਘੰਟੇ ਉਸਦਾ ਟਹਿਲ ਪਾਣੀ ਕੀਤਾ..
ਫੇਰ ਜਦੋਂ ਉਹ ਆਪਣੇ ਪੈਰਾਂ ਸਿਰ ਹੋਇਆ ਤੇ ਆਖਣ ਲੱਗਾ ਕੇ ਮੇਰੇ ਘਰਦੇ ਫਿਕਰ ਕਰਦੇ ਹੋਣੇ..!
ਹੁਣ ਸਰਦਾਰ ਹੁਰਾਂ ਨੂੰ ਫਿਕਰ ਸੀ ਕੇ ਅੱਗ ਦੀਆਂ ਲਾਟਾਂ ਅਤੇ ਵਰਦੀ ਗੋਲੀ ਵਿਚ ਇਸਨੂੰ ਇਸਦੇ ਘਰ ਕਿੱਦਾਂ ਪਹੁੰਚਾਇਆ ਜਾਵੇ..!
ਅਖੀਰ ਆਪਣੇ ਸਿਰੋਂ ਦਸਤਾਰ ਲਾਹ ਕੇ ਉਸਦੇ ਸਿਰ ਤੇ ਸਜਾਈ..ਆਪਣੇ ਮੋਟਰ ਸਾਈਕਲ ਮਗਰ ਬਿਠਾ ਆਪ ਖੁਦ ਮੋਟਰ ਸਾਈਕਲ ਚਲਾ ਕੇ ਉਸਨੂੰ ਉਸਦੇ ਘਰ ਪਹੁੰਚਾਇਆ!

ਐੱਨ ਡੀ ਟੀ ਵੀ ਵਾਲਾ ਰਵੀਸ਼ ਕੁਮਾਰ ਇਹ ਘਟਨਾ ਬਾਰੇ ਦੱਸਦਾ ਹੋਇਆ ਜਰੂਰ ਸੋਚ ਰਿਹਾ ਹੋਵੇਗਾ ਕੇ ਦਸਮ ਪਿਤਾ ਨੇ ਇਸ ਕੌਮ ਨੂੰ ਖੰਡੇ ਬਾਟੇ ਵਿਚ ਘੋਲ ਕੇ ਪਤਾ ਨਹੀਂ ਕੀ ਪਿਆ ਦਿੱਤਾ ਕੇ ਜਿਸ ਦਸਤਾਰ ਦੀ ਰਾਖੀ ਲਈ ਇਹ ਹੱਸ ਹੱਸ ਆਪਣੀ ਜਾਨ ਵਾਰਨ ਤੋਂ ਭੋਰਾ ਵੀ ਗੁਰੇਜ ਨਹੀਂ ਕਰਦੇ..ਲੋੜ ਪੈਣ ਤੇ ਕਿਸੇ ਦੀ ਜਾਨ ਬਚਾਉਣ ਲਈ ਓਹੀ ਦਸਤਾਰ ਆਪਣੇ ਸਿਰੋਂ ਲਾਹ ਉਸ ਦੇ ਸਿਰ ਤੇ ਟਿਕਾਉਣ ਲੱਗਿਆ ਮਿੰਟ ਵੀ ਨਹੀਂ ਲਾਉਂਦੇ..!

ਹਰਪ੍ਰੀਤ ਸਿੰਘ ਜਵੰਦਾ

Leave A Comment!

(required)

(required)


Comment moderation is enabled. Your comment may take some time to appear.

Like us!