ਗਰੀਬ ਦਾ ਮੂੰਹ, ਗੁਰੂ ਦੀ ਗੋਲਕ

2

ਉਹ ਪਿਤਾ ਜੀ ਦੇ ਪੁਰਾਣੇ ਦੋਸਤ ਸਨ..
ਪ੍ਰਿੰਸਿਪਲ ਰਿਟਾਇਰਡ..ਪਰਮਾਤਮਾ ਦੀ ਬੜੀ ਕਿਰਪਾ..ਧੀਆਂ ਪੁੱਤ ਬਾਹਰ ਸੈਟਲ ਪਰ ਕਦੀ ਗ੍ਰੀਨ ਕਾਰਡ ਦਾ ਜਿਕਰ ਤੱਕ ਵੀ ਨਹੀਂ ਕੀਤਾ…ਬੜੇ ਹੀ ਸਧਾਰਨ ਜੀਵਨ ਦੇ ਧਾਰਨੀ..!
ਕੁਝ ਅਰਸਾ ਪਹਿਲਾਂ ਦੱਸਣ ਲੱਗੇ ਕੇ ਦੂਰ ਦੀ ਰਿਸ਼ਤੇਦਾਰੀ ਦੇ ਵਿਆਹ ਚਲਾ ਗਿਆ!

ਕੋਲ ਪੁਰਾਣੇ ਮਾਡਲ ਦਾ ਵੇਸ੍ਪਾ ਸ੍ਕੂਟਰ..
ਸਕਿਓਰਿਟੀ ਵਾਲੇ ਗੱਲ ਪੈ ਗਏ..ਆਖਣ ਲੱਗੇ ਬਜ਼ੁਰਗੋ “ਵੀ ਆਈ ਪੀ” ਪਾਰਕਿੰਗ ਵਿਚ ਆਪਣਾ ਸ੍ਕੂਟਰ ਨਾ ਫਸਾਓ”

ਪੁੱਛਿਆ ਕੇ ਦੱਸੋ ਫੇਰ ਕਿਥੇ ਪਾਰਕ ਕਰਾਂ?

ਮਸ਼ਕਰੀ ਜਿਹੀ ਨਾਲ ਆਖਣ ਲੱਗੇ..”ਹਾਈ-ਫਾਈ ਵਿਆਹਾਂ ਵਿਚ ਸ੍ਕੂਟਰ ਤੇ ਕੌਣ ਆਉਂਦਾ ਅੱਜ ਕੱਲ..ਉਹ ਪਰਾਂ ਸੀਮੰਟ ਵਾਲੀ ਦੁਕਾਨ ਸਾਮਣੇ ਲਾ ਦਿਓ..”

ਓਥੇ ਲਾਉਣ ਗਿਆ ਤਾਂ ਅੱਗੋਂ ਲਾਲਾ ਜੀ ਗੱਲ ਪੈ ਗਿਆ ਅਖ਼ੇ “ਸੀਮੰਟ ਵਾਲਾ ਟਰੱਕ ਆਉਣਾ ਏ ਇਥੇ ਨਾ ਲਾਓ “!

ਇਹ ਸਾਰਾ ਕੁਝ ਦੇਖ ਕੋਲ ਹੀ ਫਲਾਂ ਦੀ ਰੇਹੜੀ ਲਾਈ ਬੈਠੇ 11 -12 ਸਾਲ ਦੇ ਮੁੰਡੇ ਨੇ ਕੋਲ ਵਾਜ ਮਾਰ ਲਈ !
ਕੋਲ ਗਿਆ ਤਾਂ ਅਪਣੱਤ ਜਿਹੀ ਨਾਲ ਆਖਣ ਲੱਗਾ..”ਇਥੇ ਲਾ ਦਿਓ ਜੀ..ਸ਼ਾਮ ਤੱਕ ਇਥੇ ਹੀ ਹਾਂ..ਖਿਆਲ ਰਖੂਂ..ਮੇਰੀ ਰੇਹੜੀ ਵੀ ਨੀ ਲੱਗਣ ਦਿਤੀ ਅੱਜ ਪੁਲਸ ਨੇ ਓਥੇ..ਅਖ਼ੇ ਕਿਸੇ ਮੰਤਰੀ ਨੇ ਆਉਣਾ..ਥਾਂ ਖਾਲੀ ਚਾਹੀਦੀ ਹੈ”!

ਪੁਛਿਆ..ਕਿੰਨੇ ਭੈਣ ਭਾਈ ਹੋ?
ਆਖਣ ਲੱਗਾ ਤਿੰਨ ਵੱਡੀਆਂ ਭੈਣਾ ਤੇ ਇੱਕ ਛੋਟਾ ਭਰਾ ਜੋ ਕੋਲ ਹੀ ਬੈਠਾ ਹੋਕਾ ਦੇ ਰਿਹਾ ਸੀ..
ਬਾਪ ਨਸ਼ਿਆਂ ਦੀ ਭੇਂਟ ਚੜ ਗਿਆ..ਗੁਜਾਰਾ ਔਖਾ ਹੋ ਗਿਆ ਤਾਂ ਮਾਂ ਨੇ ਪੜਨੋਂ ਹਟਾ ਲਿਆ ਤੇ ਹੁਣ ਬਾਗਾਂ ਦੀ ਰਾਖੀ ਦਾ ਠੇਕਾ ਲਿਆ..ਮਾਂ ਤੇ ਭੈਣਾ ਲੋਕਾਂ ਦਾ ਗੋਹਾ ਕੂੜਾ ਕਰਦੀਆਂ ਨੇ”!
ਜੀ ਕੀਤਾ ਕੇ ਕੋਲ ਬੈਠ ਬਸ ਉਸਦੀਆਂ ਗੱਲਾਂ ਹੀ ਸੁਣਦਾ ਰਹਾਂ ਪਰ..

ਖੈਰ ਅੰਦਰ ਗਿਆ..ਕੁਝ ਚਿਰ ਮਗਰੋਂ ਘੱਟਾ ਉਡਾਉਂਦੇ ਹੈਲੀਕਾਪਟਰ ਤੇ ਬਰਾਤ ਆਈ..
ਦੱਸਣ ਲੱਗੇ ਕੇ 50000 ਰੁਪਈਆ ਘੰਟੇ ਦੇ ਹਿਸਾਬ ਨਾਲ ਕੀਤਾ ਸੀ..
ਬੇਹਿਸਾਬ ਗੋਲੀਆਂ ਤੇ ਅਸਲਾ ਤੇ ਉੱਤੋਂ ਕੰਨ ਪਾੜਵਾਂ ਮਿਊਜ਼ਿਕ..ਡੀ.ਜੇ ਅਤੇ ਅਜੀਬ ਤਰਾਂ ਦੇ ਕਿੰਨੇ ਸਾਰੇ...

ਹੋਰ ਫੋਟੋ ਸ਼ੇਸ਼ਨ..!
ਖਾਕੀ ਵਰਦੀ ਤੇ ਚਿੱਟੇ ਨੀਲੇ ਰੰਗ ਦੀ ਸਿਆਸਤ ਸ਼ਰਾਬ ਤੇ ਸ਼ਬਾਬ ਵਿਚ ਗਲਤਾਨ ਹੋਈ ਸਾਫ ਦਿਸ ਰਹੀ ਸੀ..
ਵੰਨ ਸੁਵੰਨੇ ਖਾਣਿਆ ਦੇ ਤਕਰੀਬਨ ਸੌ ਕੂ ਸਟਾਲ..

ਇਕ ਹੋਰ ਨਵਾਂ ਰਿਵਾਜ..ਨੌਜੁਆਨ ਕੁੜੀਆਂ ਸਰਫ਼ੇ ਦੇ ਕੱਪੜੇ ਪਾਈ..ਕਰੇਨ ਤੇ ਚੜ ਉੱਤੋਂ ਸ਼ਰਾਬ ਵਰਤਾ ਰਹੀਆਂ ਸਨ..
ਮੁਹੰਮਦ ਰਫੀ ਦਾ ਪੂਰਾਣਾ ਗੀਤ ਚੇਤੇ ਆ ਗਿਆ..”ਦੇਖ ਤੇਰੇ ਇਨਸਾਨ ਕੀ ਹਾਲਤ ਕਿਆ ਹੋ ਗਈ ਭਗਵਾਨ..ਨੰਗਾ ਨਾਚ ਰਿਹਾ ਇਨਸਾਨ”

ਸਭਿਆਚਾਰ ਦੇ ਨਾ ਹੇਠ ਅਸ਼੍ਲੀਲਤਾ ਬਿਨਾ ਰੋਕ ਟੋਕ ਪਰੋਸੀ ਜਾ ਰਹੀ ਸੀ..
ਮਾਪੇ ਸਣੇ ਔਲਾਦਾਂ ਘੇਸ ਮਾਰ ਬੈਠੇ ਇਸ ਸਭ ਦਾ ਬੇਫਿਕਰੀ ਨਾਲ ਲੁਤ੍ਫ਼ ਉਠਾ ਰਹੇ ਸਨ!

ਲੋਕ ਮੈਨੂੰ ਇੰਜ ਘੂਰ ਰਹੇ ਸੀ ਜਿਦਾਂ ਜਰਨਲ ਕਲਾਸ ਦੀ ਟਿਕਟ ਵਾਲਾ ਹਮਾਤੜ ਜਿਹਾ ਬੰਦਾ ਗਲਤੀ ਨਾਲ ਏਅਰ-ਕੰਡੀਸ਼ਨ ਡਬੇ ਵਿਚ ਆ ਵੜਿਆ ਹੋਵੇ..
ਘੰਟੇ ਬਾਅਦ ਹੀ ਦੰਮ ਜਿਹਾ ਘੁਟਣ ਲੱਗ ਪਿਆ..

ਸੋਚਿਆ ਸ਼ਗਨ ਪਾਵਾਂ ਤੇ ਚਲਦਾ ਬਣਾ..ਚਕਾਚੌਂਦ ਵਾਲੀ ਨਾ-ਮੁੱਕਣ ਵਾਲੀ ਇਸ ਨੁਮਾਇਸ਼ ਵਿਚੋਂ..!

ਏਨੀ ਗੱਲ ਸੋਚ ਅਜੇ ਪੰਜ ਹਜਾਰ ਵਾਲੇ ਸ਼ਗਨ ਦੇ ਲਫਾਫੇ ਨੂੰ ਹਥ ਪਾਇਆ ਹੀ ਸੀ ਕੇ ਜਮੀਰ ਨੇ ਅੰਦਰੋਂ ਹਲੂਣਾ ਜਿਹਾ ਦਿੱਤਾ..ਫੇਰ ਓਸੇ ਵੇਲੇ ਸਿਧਾ ਬਾਹਰ ਨੂੰ ਨਿੱਕਲ ਆਇਆ..
ਸਿੱਧਾ ਰੇਹੜੀ ਤੇ ਅੱਪੜ ਉਸ ਮੁੰਡੇ ਨੂੰ ਸ਼ਗਨ ਵਾਲਾ ਲਫਾਫਾ ਫੜਾਇਆ ਤੇ ਆਖਿਆ ਕੇ ਆ ਲੈ ਪੁੱਤ ਤੂੰ ਮੇਰੇ ਸ੍ਕੂਟਰ ਦੀ ਰਾਖੀ ਕੀਤੀ..

ਇਸ ਤੋਂ ਪਹਿਲਾਂ ਕੇ ਓਹ ਲਿਫ਼ਾਫ਼ਾ ਖੋਲ ਕੋਈ ਹੋਰ ਸੁਆਲ ਕਰਦਾ..ਮੈਂ ਕਿਕ ਮਾਰ ਹਵਾ ਹੋ ਗਿਆ..

ਘਰੇ ਆਉਂਦਿਆਂ ਨੂੰ ਇੰਜ ਲੱਗ ਰਿਹਾ ਸੀ ਜਿਦਾਂ ਜਮੀਰ ਤੇ ਬੜੇ ਚਿਰ ਤੋਂ ਪਿਆ ਹੋਇਆ ਕੋਈ ਮਣਾ-ਮੂੰਹੀ ਬੋਝ ਉੱਤਰ ਗਿਆ ਹੋਵੇ!

ਪ੍ਰਿੰਸੀਪਲ ਸਾਬ ਏਨੀ ਗੱਲ ਆਖ ਫੋਨ ਬੰਦ ਕਰ ਗਏ ਕੇ “ਪੁੱਤ ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੁੰਦੀ ਏ”
ਪਰ ਮੈਨੂੰ ਕਟ ਚੁਕੀ ਇਸ ਕਾਲ ਦਾ ਇਹਸਾਸ ਕਾਫੀ ਚਿਰ ਮਗਰੋਂ ਹੀ ਹੋਇਆ..ਸ਼ਾਇਦ ਕੁਝ ਦੁਨਿਆਵੀ ਵਰਤਾਰੇ ਰੂਹਾਂ ਦੀ ਤਹਿ ਤੱਕ ਅਸਰਦਾਰ ਹੁੰਦੇ ਨੇ..!

ਹਰਪ੍ਰੀਤ ਸਿੰਘ ਜਵੰਦਾ

Leave A Comment!

(required)

(required)


Comment moderation is enabled. Your comment may take some time to appear.

Like us!