More Punjabi Kahaniya  Posts
ਇੱਕ ਸੀ ਬੰਦਾ


(ਇਹ ਕਹਾਣੀ ਅੱਜ ਤੋਂ ਦੋ ਸੌ ਸਾਲ ਬਾਅਦ ਦੀ ਕਲਪਨਾ ਹੈ)

ਜੰਗਲ਼ ਦੇ ਬਾਦਸ਼ਾਹ ਸ਼ੇਰ ਦਾ ਪੋਤਾ ਆਪਣੇ ਦਾਦੇ ਨੂੰ ਕਹਿਣ ਲੱਗਾ, “ਤੁਸੀਂ ਮੈਨੂੰ ਬੰਦੇ ਵਾਲ਼ੀ ਕਹਾਣੀ ਸੁਣਾਉਣ ਦਾ ਲਾਰਾ ਲਾਉਂਦੇ ਰਹਿੰਦੇ ਹੋ, ਅੱਜ ਮੈਂ ਇਹ ਕਹਾਣੀ ਸੁਣੇ ਬਗੈਰ ਨਹੀਂ ਸੌਣਾ।”

ਅਗਿਉਂ ਸ਼ੇਰ ਕਹਿੰਦਾ, “ਪੁੱਤ ਇਹ ਕੋਈ ਕਹਾਣੀ ਨਹੀਂ, ਇਕ ਇਤਿਹਾਸ ਹੈ। ਕਿਸੇ ਸਮੇਂ ਇਸ ਧਰਤੀ ਤੇ ‘ਬੰਦਾ’ ਨਾਂ ਦਾ ਜਾਨਵਰ ਵੀ ਰਹਿੰਦਾ ਹੁੰਦਾ ਸੀ ਜਿਵੇਂ ਅੱਜ ਆਪਾਂ ਜੰਗਲ਼ ਵਿੱਚ ਸਾਰੇ ਜਾਨਵਰ ਰਹਿੰਦੇ ਆਂ। ਪੁੱਤਰਾ, ਆਪਾਂ ਇੰਞ ਕਰਦੇ ਆਂ ਕਿ ਜੰਗਲ਼ ਦੇ ਸਾਰੇ ਜਾਨਵਰਾਂ ਨੂੰ ਭਲ਼ਕੇ ਥਰੀਕਿਆਂ ਵਾਲ਼ੇ ਬਰੋਟੇ ਥੱਲੇ ‘ਕੱਠੇ ਕਰ ਲੈਨੇ ਆਂ, ਉਹ ਵੀ ਸੁਣ ਲੈਣਗੇ।”

ਅਗਲੇ ਦਿਨ ਜੰਗਲ਼ ਦੇ ਰਾਜੇ ਸ਼ੇਰ ਦੇ ਹੁਕਮ ਤੇ ਸਾਰੇ ਜਾਨਵਰ ਆ ਗਏ। ਸ਼ੇਰ ਬਰੋਟੇ ਥੱਲੇ ਬਣੇ ਥੜ੍ਹੇ ਤੇ ਆਪਣੇ ਸਿੰਘਾਸਨ ਤੇ ਬੈਠ ਗਿਆ।

*ਸ਼ੇਰ* — “ਲਓ ਬਈ, ਆਉਣ ਵਾਲ਼ੇ ਸਾਰੇ ਜਾਨਵਰਾਂ ਦਾ ਮੈਂ ਸਵਾਗਤ ਕਰਦਾ ਹਾਂ। ਅੱਜ ਮੈਂ ਤਹਾਨੂੰ ਇੱਕ ਲੁਪਤ ਹੋਏ ਜੀਵ “ਬੰਦੇ” ਬਾਰੇ ਕੁਝ ਗੱਲਾਂ ਦੱਸਣੀਆਂ ਹਨ ਜੋ ਕਿ ਮੈਂ ਆਪਣੇ ਵੱਡੇ ਵਡੇਰਿਆਂ ਕੋਲ਼ੋਂ ਸੁਣੀਆਂ ਹੋਈਆਂ ਹਨ।”

“ਅੱਜ ਤੋ ਤਕਰੀਬਨ ਦੋ ਕੁ ਸੌ ਸਾਲ ਪਹਿਲਾਂ ਇਸ ਧਰਤੀ ਦਾ ਰਾਜਾ ਕੋਈ ਸ਼ੇਰ ਨਹੀਂ ਸੀ ਹੁੰਦਾ ਸਗੋਂ ਬੰਦਾ ਸਾਰੀ ਧਰਤੀ ਤੇ ਰਾਜ ਕਰਦਾ ਸੀ। ਉਸਨੇ ਸ਼ੇਰਾਂ ਨੂੰ ਪਿੰਜਰੇ ਵਿੱਚ ਬੰਦ ਕਰਕੇ ਕੈਦੀ ਬਣਾਇਆ ਹੋਇਆ ਸੀ।”

ਸਾਰੇ ਜਾਨਵਰ ਹੈਰਾਨੀ ਨਾਲ਼ ਇਕੋ ਸਮੇਂ ਬੋਲ ਪਏ,“ਹੈਂਅ !!! ਸ਼ੇਰ ਤੋਂ ਵੀ ਤਾਕਤਵਰ ਸੀ ਬੰਦਾ?”

ਸ਼ੇਰ —- “ਹਾਂ, ਸਾਡੇ ਤੋਂ ਵੀ ਤਕੜਾ ਸੀ, ਵੱਡਾ ਦਿਮਾਗ ਸੀ ਉਸ ਕੋਲ਼, ਆਪਣੀ ਅਕਲ ਨਾਲ਼ ਹਰ ਜਾਨਵਰ ਨੂੰ ਕੈਦ ਕਰਕੇ ਵਰਤ ਲੈਂਦਾ ਸੀ। ਪਹਿਲਾਂ ਪਹਿਲ ਉਸਨੇ ਊਠਾਂ, ਘੋੜਿਆਂ, ਹਾਥੀਆਂ ਦੀ ਸਵਾਰੀ ਕਰਨੀ ਸ਼ੁਰੂ ਕੀਤੀ। ਫਿਰ ਇਹਨਾਂ ਨੂੰ ਲੜਾਈਆਂ ਵਿੱਚ ਵਰਤਣਾ ਸ਼ੁਰੂ ਕੀਤਾ। ਖੇਤੀ ਦਾ ਕੰਮ ਕਰਵਾਉਣ ਲਈ ਊਠਾਂ, ਬਲ਼ਦਾਂ, ਝੋਟਿਆਂ ਨੂੰ ਜੰਗਲ਼ ਵਿਚੋਂ ਫੜ੍ਹ ਕੇ ਲੈ ਗਿਆ ਤੇ ਗਾਵਾਂ – ਮੱਝਾਂ ਨੂੰ ਕਿੱਲਿਆਂ ਨਾਲ਼ ਬੰਨ੍ਹ ਕੇ ਉਹਨਾਂ ਦਾ ਦੁੱਧ ਪੀਣ ਲੱਗ ਪਿਆ।”

ਸ਼ੇਰ ਦੀ ਗੱਲ ਸੁਣਕੇ ਮੱਥਿਓਂ ਬੱਲ੍ਹੀ ਝੋਟੀ ਸ਼ਰਮ ਨਾਲ਼ ਸੁੰਗੜ ਜਿਹੀ ਗਈ।

ਸ਼ੇਰ— “ਫੇਰ ਇਸਨੇ ਹੋਰ ਤਰੱਕੀ ਕੀਤੀ, ਖੇਤੀ ਕਰਨ ਲਈ ਟ੍ਰੈਕਟਰ ਬਣਾ ਲਏ, ਕੰਬਾਈਨਾਂ ਬਣਾ ਲਈਆਂ- ਫਸਲਾਂ ਦਾ ਝਾੜ ਵਧ੍ਹ ਗਿਆ ਤੇ ਇਹ ਰੱਜ ਕੇ ਰੋਟੀ ਖਾਣ ਜੋਗਾ ਹੋ ਗਿਆ। ਆਪਣੀ ਖੁਰਾਕ ਦੀ ਭਾਲ਼ ਲਈ ਇਸਨੇ ਏਧਰ-ਓਧਰ ਭਟਕਣਾ ਛੱਡ ਦਿਤਾ। ਆਹ ਥਰੀਕੇ, ਝਾਂਡੇ, ਲਲਤੋਂ, ਪਮਾਲ, ਸੁਨੇਤ – ਇਹਨਾਂ ਸਾਰੇ ਪਿੰਡਾਂ ਵਿੱਚ ਬੰਦੇ ਹੀ ਰਹਿੰਦੇ ਹੁੰਦੇ ਸੀ।”

ਸਾਰੇ ਜਾਨਵਰ ਹੈਰਾਨ ਹੋਏ ਬੈਠੇ ਸੁਣ ਰਹੇ ਸੀ।

ਸ਼ੇਰ— “ਫਿਰ ਇਸ ਬੰਦੇ ਦੀ ਲਾਲਸਾ ਹੋਰ ਵਧਦੀ ਗਈ, ਫਸਲਾਂ ਦਾ ਹੋਰ ਝਾੜ ਲੈਣ ਲਈ ਰਸਾਇਣੀ ਖਾਦਾਂ ਪਾਉਣ ਦੇ ਨਾਲ਼ ਸਪਰੇਆਂ ਵੀ ਕਰਨ ਲੱਗ ਪਿਆ। ਆਪਣੇ ਖਾਣ ਵਾਲ਼ੇ ਕਣਕ, ਚੌਲ਼, ਦਾਲਾਂ ਤੇ ਸਬਜੀਆਂ, ਸਭ ਜ਼ਹਿਰੀਲੇ ਕਰ ਲਏ ਬੰਦੇ ਨੇ। ਬਿਮਾਰੀਆਂ ਵਧ੍ਹਣ ਲੱਗੀਆਂ”

“ਨਾਲ਼ੇ ਕਹਿੰਦੇ ਆ ਕਿ ਬੰਦੇ ਦਾ ਦਿਮਾਗ ਬਹੁਤ ਤੇਜ਼ ਸੀ, ਫਿਰ ਆਪੇ ਹੀ ਆਪਣਾ ਭੋਜਨ ਜਹਿਰੀਲਾ ਕਿਉਂ ਕਰ ਲਿਆ ਇਸਨੇ”- ਸੂਝਵਾਨ ਲੂੰਬੜ ਬੈਠਾ ਸੋਚ ਰਿਹਾ ਸੀ।

ਸ਼ੇਰ—”ਇਸਨੇ ਆਉਣ ਜਾਣ ਲਈ ਸਾਈਕਲ ਤੋਂ ਲੈਕੇ ਉਡਣ ਵਾਲ਼ੇ ਜਹਾਜ ਤੱਕ ਬਣਾ ਲਏ।ਜਾਨਵਰਾਂ ਨੂੰ ਸਰਕਸ ਵਿੱਚ ਆਪਣੇ ਦਿਲਪਰਚਾਵੇ ਲਈ ਵਰਤਣ ਲੱਗ ਪਿਆ। ਤਹਾਨੂੰ ਪਤਾ ਈ ਆ ਕਿ ਭਾਂਵੇਂ ਮੈਂ ਜੰਗਲ਼ ਦਾ ਰਾਜਾ ਹਾਂ ਪਰ ਅੱਗ ਤੋਂ ਬਹੁਤ ਡਰਦਾ ਹਾਂ, ਪਰ ਇਹ ਚਾਲਾਕ ਬੰਦਾ ਮੇਰੇ ਵੱਡੇ ਵਡੇਰਿਆਂ ਨੂੰ ਅੱਗ ਵਿਚੋਂ ਛਾਲ਼ਾਂ ਮਾਰਨ ਲਈ ਮਜਬੂਰ ਕਰ ਦਿੰਦਾ ਸੀ। ਮੇਰਾ ਵੱਡਾ ਵੀਰ ਹਾਥੀ ਕਿੰਨਾ ਭਾਰਾ ਹੁੰਦਾ, ਪਰ ਬੰਦੇ ਦੀ ਦਹਿਸ਼ਤ ਕਾਰਨ ਇਹਨੂੰ ਵੀ ਦੋ ਪੈਰਾਂ ਤੇ ਤੁਰਨਾ ਪੈਂਦਾ ਸੀ। ਉਸਨੇ ਰਿੱਛ ਦੇ ਨੱਕ ਵਿੱਚ ਨਕੇਲ ਪਾਈ ਹੁੰਦੀ ਸੀ।”

“ਕਿੰਨਾ ਭੈੜਾ ਸੀ ਬੰਦਾ।” ਕਾਟੋ ਵੀ ਬੋਲਣੋਂ ਨਾ ਰਹਿ ਸਕੀ।

ਸ਼ੇਰ— “ਫੇਰ ਇਸਨੇ ਦਰਿਆਵਾਂ ਦਾ ਪਾਣੀ ਵੀ ਗੰਦਾ ਕਰ ਲਿਆ। ਜਾਨਵਰਾਂ ਨੂੰ ਮਾਰ ਕੇ ਖਾਣ ਲੱਗ ਪਿਆ। ਹਿਰਨ, ਮੁਰਗੇ, ਬੱਕਰੇ, ਮੱਛੀਆਂ, ਤਿੱਤਰ, ਬਟੇਰੇ, ਡੱਡੂ, ਸੱਪ, ਕਬੂਤਰ, ਕਾਂ, ਕੁੱਤੇ, ਬਿੱਲੀਆਂ, ਕਿਸੇ ਨੂੰ ਵੀ ਨਾ ਬਖਸ਼ਿਆ ਬੰਦੇ ਨੇ।”

ਸਹਿਮੇ ਹੋਏ ਜਾਨਵਰ ਚੁੱਪਚਾਪ ਬੰਦੇ ਦੀਆਂ ਕਰਤੂਤਾਂ ਸੁਣ ਰਹੇ ਸੀ।

ਸ਼ੇਰ—”ਫੇਰ ਬੰਦੇ ਨੇ ਕੰਪਿਊਟਰ ਤੇ ਮੋਬਾਈਲ ਫ਼ੋਨ ਬਣਾ ਲਿਆ ਤੇ ਚੰਦ ਉੱਪਰ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ।”

ਹਿਰਨ— “ਭਲਾ ਚੰਦ ਤੇ ਕਿਵੇਂ ਚੜ੍ਹਜੂ? ਹਜੂਰ, ਮੈ ਨਹੀਂ ਮੰਨਦਾ। ਐਡੀ ਵੱਡੀ ਛਾਲ਼ ਨਹੀਂ ਮਾਰ ਸਕਦਾ ਕੋਈ।”

ਘੋੜਾ— “ਕਮਲ਼ਿਆ! ਪੌੜੀ ਲਾ ਕੇ ਚੜ੍ਹਿਆ ਹੋਣਾ, ਗੱਲ ਸਮਝੀ ਦੀ ਹੁੰਦੀ ਆ।”

ਸ਼ੇਰ — “ਨਹੀਂ ਪੁੱਤਰੋ, ਪੌੜੀ ਕਾਹਨੂੰ, ਉਹ ਤਾਂ ਹਵਾ ਵਿੱਚ ਉੱਡ ਕੇ ਜਾਂਦਾ ਸੀ। ਸਮੁੰਦਰਾਂ ਤੋਂ ਪਾਰ ਵੀ ਉੱਡ ਜਾਂਦਾ ਸੀ।”

ਬਾਜ— “ਹਜੂਰ, ਮੈ ਤਾਂ ਸੋਚਿਆ ਮੈ ਹੀ ਉੱਚਾ ਉਡਦਾਂ, ਮਤਲਬ ਬੰਦੇ ਦੇ ਖੰਭ ਮੇਰੇ ਖੰਭਾਂ ਤੋਂ ਵੀ ਵੱਡੇ ਤੇ ਮਜਬੂਤ ਸਨ।”

ਸ਼ੇਰ— “ਕਾਹਨੂੰ, ਇਸ ਬੰਦੇ ਦੇ ਤੇ ਖੰਭ ਵੀ ਨਹੀਂ ਸੀ ਹੁੰਦੇ, ਇਹ ਤਾਂ ਦੋ ਪੈਰਾਂ ਤੇ ਤੁਰਨ ਵਾਲ਼ਾ ਜਾਨਵਰ ਸੀ। ਇਸਨੇ ਇੱਕ ਮਸ਼ੀਨ ਬਣਾਈ ਸੀ ਜਿਸਨੂੰ ਜਹਾਜ ਕਹਿੰਦੇ ਸੀ। ਉਸ ਵਿੱਚ ਬੈਠ ਕੇ ਇਹ ਦੂਰ ਦੁਰਾਡੇ...

ਉਡ ਜਾਂਦਾ ਸੀ।”

ਬਿੱਲੀ— “ਫੇਰ ਮਹਾਰਾਜ, ਐਨੇ ਅਕਲਮੰਦ ਬੰਦੇ ਦਾ ਅੰਤ ਕਿਵੇ ਹੋਇਆ?”

ਸ਼ੇਰ— “ਮਾਸੀ, ਇਸ ਬੰਦੇ ਨੇ ਆਪਣੇ ਸਵਾਰਥ ਖਾਤਰ ਸਾਰੇ ਜੰਗਲ਼ ਵੱਢਕੇ ਹਵਾ, ਪਾਣੀ, ਮਿੱਟੀ ਸਭ ਕੁਝ ਪਲੀਤ ਕਰ ਦਿੱਤਾ।”

ਬਲ਼ਦ — “ਨਾ ਇਹਨੂੰ ਕਿਸੇ ਨੇ ਰੋਕਿਆ ਨਾ ਸਭ ਕੁਝ ਗੰਧਲ਼ਾ ਕਰਨ ਤੋਂ??

ਸ਼ੇਰ— “ਮੈਂ ਬਜੁਰਗਾਂ ਤੋਂ ਸੁਣਿਆ ਸੀ ਕਿ ਇੱਕ ਦਰਵੇਸ਼ ਸ਼ਖਸੀਅਤ ਨੇ ਸੱਤ ਸੌ ਸਾਲ ਪਹਿਲਾਂ ਧਰਤੀ ਤੇ ਜਨਮ ਲਿਆ ਸੀ। ਓਦੋਂ ਬੰਦੇ ਨੂੰ ਸਮਝਾਉਣ ਲਈ ਉਸਨੇ -ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ—ਦੀ ਗੱਲ ਇਕ ਗ੍ਰੰਥ ਵਿਚ ਲਿਖ ਦਿੱਤੀ ਸੀ ਪਰ ਖੁਦਗਰਜ਼ੀ ਦਾ ਮਾਰਿਆ ਬੰਦਾ ਉਸ ਗ੍ਰੰਥ ਨੂੰ ਸਵੇਰੇ ਸ਼ਾਮ ਪੜ੍ਹਦਾ ਤਾਂ ਰਿਹਾ ਪਰ ਕਦੇ ਉਸਦੀ ਸਿੱਖਿਆ ਤੇ ਅਮਲ ਨਾ ਕਰ ਸਕਿਆ। ਹੌਲ਼ੀ-ਹੌਲ਼ੀ ਕਈ ਤਰਾਂ ਦੀਆਂ ਬਿਮਾਰੀਆਂ ਨੇ ਇਸਨੂੰ ਘੇਰ ਲਿਆ। ਡਾਕਟਰ ਇੱਕ ਬਿਮਾਰੀ ਦਾ ਇਲਾਜ ਲੱਭਦੇ ਤਾਂ ਕੋਈ ਹੋਰ ਨਵੀਂ ਬਿਮਾਰੀ ਸ਼ੁਰੂ ਹੋ ਜਾਂਦੀ। ਆਹ ਜਿਹੜੇ ਬੁੱਢੇ ਦਰਿਆ ਦਾ ਪਾਣੀ ਆਪਾਂ ਸਾਰੇ ਪੀਨੇ ਆਂ, ਜਦੋਂ ਬੰਦਾ ਧਰਤੀ ਤੇ ਹੁੰਦਾ ਸੀ ਓਦੋਂ ਇਸ ਦਾ ਨਾਮ ਉਸਨੇ ਗੰਦਾ ਨਾਲ਼ਾ ਰੱਖਿਆ ਹੋਇਆ ਸੀ, ਨੱਕ ਮੂੰਹ ਢੱਕੇ ਬਗੈਰ ਇਸ ਕੋਲ਼ੋਂ ਲੰਘਣਾ ਵੀ ਮੁਸ਼ਕਿਲ ਹੁੰਦਾ ਸੀ।”

ਉੱਲੂ— “ਜਨਾਬ ਇਹ ਬੰਦਾ ਰਹਿੰਦਾ ਕਿਥੇ ਸੀ ?”

ਸ਼ੇਰ— “ਕਮਲ਼ਿਆ, ਆਹ ਜਿਹੜੇ ਮਕਾਨ ਖੰਡ੍ਹਰ ਬਣੇ ਪਏ ਨੇ, ਇਹ ਸਭ ਬੰਦੇ ਦੇ ਈ ਬਣਾਏ ਹੋਏ ਨੇ ਜਿੱਥੇ ਹੁਣ ਤੂੰ ਨਜਾਰੇ ਲੈਨੈਂ।”

ਸਾਰੇ ਜਾਨਵਰ ਖਿੜਖਿੜਾ ਕੇ ਹੱਸ ਪਏ ਤੇ ਉੱਲੂ ਬਗਲਾਂ ਝਾਕਣ ਲੱਗ ਪਿਆ।

ਕਾਂ— “ਮਹਾਰਾਜ, ਇਸ ਬੰਦੇ ਦੀ ਰਹਿਣੀ ਬਹਿਣੀ ਕਿਹੋ ਜਿਹੀ ਸੀ?”

ਸ਼ੇਰ— “ਹੌਲ਼ੀ-ਹੌਲ਼ੀ ਬੰਦੇ ਨੂੰ ਬੰਦਾ ਹੀ ਮਾਰਨ ਲੱਗ ਪਿਆ ਸੀ।ਅਮੀਰ ਤੇ ਗਰੀਬ ਦਾ ਪਾੜਾ ਵਧ੍ਹ ਗਿਆ ਸੀ। ਵੱਡੀਆਂ ਕੋਠੀਆਂ, ਮਹਿੰਗੀਆਂ ਕਾਰਾਂ, ਖਾਸ ਠੱਪਿਆਂ ਵਾਲ਼ੇ ਨਵੇਂ ਨਕੋਰ ਕੱਪੜੇ- ਸਭ ਸੋਸ਼ੇਬਾਜੀਆਂ ਕਰਨ ਲੱਗ ਪਿਆ ਸੀ ਬੰਦਾ। ਬੰਦੇ ਬੰਦਿਆਂ ਨਾਲ਼ ਤੇ ਔਰਤਾਂ ਔਰਤਾਂ ਨਾਲ਼ ਵਿਆਹ ਕਰਵਾਉਣ ਲੱਗ ਪਈਆਂ ਸਨ। ਭਲੇ ਲੋਕ ਉਸ ਸਮੇਂ ਨੂੰ ਕਲ਼ਯੁਗ ਕਹਿਣ ਲੱਗ ਪਏ ਸਨ।”

ਰਿੱਛ— “ਜੀ ਮੈਂ ਤਾਂ ਕਿਸੇ ਤੋਂ ਸੁਣਿਆ ਹੋਇਆ ਕਿ ਬੰਦਾ ਬਾਂਦਰ ਤੋਂ ਬਣਿਆ ਸੀ!”

ਬਾਂਦਰ — “ਮੂੰਹ ਸੰਭਾਲ਼ ਕੇ ਗੱਲ ਕਰ ਓਏ, ਆ ਗਿਆ ਵੱਡਾ ਸਿਆਣਾ! ਮਹਾਰਾਜ, ਅਸੀਂ ਤਾਂ ਇਹੋ ਜਿਹੇ ਕੁੱਤੇ “ਬੰਦੇ” ਦੀ ਮਕਾਣੇ ਨਾ ਜਾਈਏ।”

ਕੁੱਤਾ— “ਯਾਰ, ਮੈਨੂੰ ਕਾਹਤੋਂ ਵਿੱਚ ਘਸੀਟੀ ਜਾਨੇਂ ਓਂ? ਕੁੱਤਾ ਮੂੰਹ ‘ਤਾਂਹ ਕਰਕੇ ਗੁਰਰਾਇਆ।

ਸਾਰੇ ਜਾਨਵਰ ਇਕੱਠੇ ਈ ਬੋਲ ਪਏ — “ਫਿਰ ਤਾਂ ਬਾਂਦਰਾਂ ਨੂੰ ਖ਼ਤਮ ਕਰਨਾ ਪਊ, ਕਿਤੇ ਇਹਨਾਂ ਦੀਆਂ ਅਗਲੀਆਂ ਨਸਲਾਂ ਫੇਰ ਨਾ ਬੰਦੇ ਬਣ ਜਾਣ।”

ਬਾਂਦਰੀ—- “ਵੇ ਵੀਰੋ, ਰਹਿਮ ਕਰੋ ਸਾਡੇ ਤੇ, ਸਾਨੂੰ ਬਾਬੇ ‘ਵਧੂਤ ਦੀ ਸੌਂਹ ਲੱਗੇ ਜੇ ਅਸੀਂ ਕਦੇ ਭੁੱਲਕੇ ਵੀ ਬੰਦੇ ਬਣੀਏਂ।” ਬਾਂਦਰੀ ਨੇ ਖੜ੍ਹੀ ਹੋ ਕੇ ਦੋਵੇਂ ਹੱਥ ਜੋੜੇ।

ਬਿੱਲੀ— “ਮਹਾਰਾਜ, ਮੇਰਾ ਸਵਾਲ ਤਾਂ ਵਿੱਚੇ ਈ ਰਹਿ ਗਿਆ ਬਈ ਬੰਦਾ ਖਤਮ ਕਿਵੇਂ ਹੋਇਆ। ਇਹ ਆਪਦੀ ਈ ਕਾਂਵਾਂ ਰੌਲ਼ੀ ਜਿਹੀ ਪਾ ਕੇ ਬਹਿ ਗਏ।”

ਕਾਂ ਬਿੱਲੀ ਵੱਲ ਕੌੜਾ ਝਾਕਿਆ, ਪਰ ਉਹ ਗੁੱਸਾ ਪੀ ਗਿਆ ਤੇ ਚੁੱਪਚਾਪ ਬੈਠਾ ਰਿਹਾ।

ਗਧਾ— “ਹੋਣਾ ਕੋਈ ਹਾਥੀ ਵਰਗਾ ਤਕੜਾ ਜਾਨਵਰ ਜੋ ਸਾਰੇ ਬੰਦਿਆਂ ਨੂੰ ਖਾ ਗਿਆ ਹੋਊ।” ਗਧੇ ਨੇ ਆਪਣੀ ਸਿਆਣਪ ਘੋਟੀ।

ਘੋੜਾ — “ਰਿਹਾ ਨਾ ਗਧੇ ਦਾ ਗਧਾ।”

ਸ਼ੇਰ— “ਉਏ, ਮੇਰੀ ਮਾਸੀ ਨੇ ਵਾਕ ਆਊਟ ਕਰ ਜਾਣਾ, ਜੇ ਇਸ ਵਾਰ ਵੀ ਉਸਦੀ ਗੱਲ ਦਾ ਜਵਾਬ ਮੈਂ ਨਾ ਦਿੱਤਾ ਤਾਂ। ਲਓ ਫੇਰ ਸੁਣੋ ਅਸਲ ਕਹਾਣੀ। ਬੰਦੇ ਨੂੰ ਧਰਤੀ ਤੋਂ ਕਿਸੇ ਵੱਡੇ ਜਾਨਵਰ ਨੇ ਖ਼ਤਮ ਨਹੀਂ ਕੀਤਾ ਸੀ ਤੇ ਨਾ ਹੀ ਕੋਈ ਵੱਡਾ ਭੂਚਾਲ਼ ਆਇਆ ਸੀ ਜਿਵੇਂ ਦੇ ਵਿਚ ਡਾਇਨਾਸੋਰ ਮਰ ਮੁੱਕ ਗਏ ਸੀ। ਬੰਦੇ ਦੀਆਂ ਵਧੀਕੀਆਂ ਤੋਂ ਤੰਗ ਹੋਕੇ ਕੁਦਰਤ ਨੇ ਬੰਦੇ ਨੂੰ ਮਾਰਨ ਲਈ ਇੱਕ ਸੂਖਮ ਜਿਹਾ ਵਾਇਰਸ ਬਣਾਇਆ ਜਿਸਨੇ ਸਾਰੀ ਮਨੁੱਖੀ ਨਸਲ ਨੂੰ ਖ਼ਤਮ ਕਰ ਦਿੱਤਾ ਤੇ ਆਪਾਂ ਸਾਰੇ ਫਿਰ ਤੋਂ ਆਜਾਦ ਹੋ ਗਏ। ਨਾਲ਼ੇ ਹਵਾ, ਪਾਣੀ ਤੇ ਮਿੱਟੀ ਫਿਰ ਤੋਂ ਸਾਫ਼ ਸੁਥਰੇ ਹੋ ਗਏ।”

ਇੰਨਾ ਕਹਿਕੇ ਸ਼ੇਰ ਨੇ ਸਭਾ ਬਰਖ਼ਾਸਤ ਕਰ ਦਿੱਤੀ।

ਘਰਾਂ ਨੂੰ ਮੁੜ ਰਹੇ ਸਾਰੇ ਜਾਨਵਰਾਂ ਦੇ ਚਿਹਰੇੇ ਤੇ ਇਕ ਜੇਤੂ ਮੁਸਕਾਨ ਝਲਕ ਰਹੀ ਸੀ ਜਿਵੇਂ ਉਹ ਹੁਣੇ ਹੁਣੇ ਬੰਦੇ ਨੂੰ ਖ਼ਤਮ ਕਰਕੇ ਆ ਰਹੇ ਹੋਣ।

ਰਾਤ ਨੂੰ ਸੌਣ ਲੱਗਿਆਂ ਸ਼ੇਰ ਦਾ ਪੋਤਾ ਨੇੜੇ ਹੋ ਕੇ ਕਹਿਣ ਲੱਗਾ, ”ਦਾਦਾ ਜੀ, ਮੈਨੂੰ ਬੰਦੇ ਦੀ ਕਹਾਣੀ ਫੇਰ ਕਦੇ ਨਾ ਸਣਾਇਉ, ਮੈਨੂੰ ਬੰਦੇ ਤੋਂ ਬਹੁਤ ਡਰ ਲਗਣ ਲੱਗ ਪਿਆ।”

ਸ਼ੇਰ—— “ਪੁੱਤਰਾ ਡਰ ਨਾ, ਹੁਣ ਨੀ ਬੰਦਾ ਦੁਬਾਰੇ ਧਰਤੀ ਤੇ ਆਂਉਦਾ, ਨਾਲ਼ੇ ਆਪਾਂ ਭਲ਼ਕੇ ਬਾਂਦਰ ਨੂੰ ਸਭਾ ਵਿੱਚ ਬੁਲਾਕੇ ਸਮਝਾ ਦੇਵਾਂਗੇ ਕਿ ਹੁਣ ਉਹ “ਬੰਦਾ” ਬਣਨ ਦੀ ਕੋਸ਼ਿਸ਼ ਨਾ ਕਰੇ। ਅੱਗੇ ਤੋਂ ਜਿਹੜਾ ਵੀ ਬਾਂਦਰ ਦੋ ਲੱਤਾਂ ਤੇ ਤੁਰਦਾ ਫੜ੍ਹਿਆ ਗਿਆ, ਉਸਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇਗੀ।”

Submitted By:- ਜਰਮਲ ਸਿੰਘ ਬਰਾੜ

...
...



Related Posts

Leave a Reply

Your email address will not be published. Required fields are marked *

2 Comments on “ਇੱਕ ਸੀ ਬੰਦਾ”

  • ਬਹੁਤ ਵਧੀਆ ਕਹਾਣੀ ਸੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ

  • Happy Punjab खुश रहे भारत

    ਬਾਈ ਅਪਣੀਆਂ ਕਹਾਣੀਆਂ ਛੱਪਵਾਇਆ ਕਰੋ ਕਿਸੇ ਦੀਆਂ ਨਹੀ? ਏਹਤਾਂ ਯਾਰ ਰੱਬੀ ਦਾਤ ਹੁੰਦੀ ਆ🙏
    ਇਹ ਬੰਦੇ ਵਾਲੀ ਕਹਾਣੀ ਦਾ ਅਸਲੀ ਲੇਖਕ ਹਰਦੀਪ ਗਰੇਵਾਲ “ਥਰੀਕਿਆਂ” ਵਾਲਾ ਹੈ।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)