ਇੱਕ ਛੋਟੀ ਜਿਹੀ ਮਨਿਆਰੀ ਦੀ ਦੁਕਾਨ, ਜਿਸਨੂੰ ਪੰਤਾਲੀ ਸਾਲ ਦਾ ਜਵਾਨ ਚਲਾ ਰਿਹਾ ਸੀ। ਉਸ ਦੁਕਾਨ ਤੋ ਉਹ ਆਪਣੇ ਤਿੰਨ ਬੱਚੇ ਪਾਲ ਰਿਹਾ ਸੀ। ਘਰਵਾਲੀ ਨਾਲ ਸਬਰ ਸੰਤੋਖ ਦੀ ਜ਼ਿੰਦਗੀ ਬਸਰ ਕਰ ਰਿਹਾ ਸੀ।
ਪੰਜਾਬੀ ਸੁਭਾਅ …. ਨਾਂ ਮਰੂ ਮਰੂ ਕਰਨੀ …. ਨਾਂ ਮਾੜਾ ਪਹਿਨਣਾ , ਨਾਂ ਮਾੜਾ ਖਾਣਾਂ। ਚੰਗਾ ਬੋਲ ਚਾਲ, ਨਾਂ ਮੰਗਣ ਦੀ ਆਦਤ, ਜਿੰਨੀ ਚਾਦਰ ੳਨਾਂ ਪੈਰ ਪਸਾਰ ਲੈਣਾ।
ਛੋਟੀ ਦੁਕਾਨ ਵੀ ਅਜ਼ੀਬ ਹੁੰਦੀ ਹੈ ਜੋ ਪਰਦਾ ਹੀ ਕੱਜਦੀ ਹੈ ਕਿ ਆਦਮੀ ਕੰਮ ਕਰ ਰਿਹਾ ਹੈ। ਬੱਚਤ ਕੁਝ ਨਹੀ। ਉਹ ਵੀ ਛੋਟਾ ਦੁਕਾਨਦਾਰ ਸੀ …ਦੋ ਚਾਰ ਹੋਲਸੇਲਰ ਟੱਕਰੇ ਹੋਏ ਸਨ। ਕੁਲ ਮਿਲਾ ਕੇ ਲੱਖ ਰੁਪਇਆ ਉਨ੍ਹਾਂ ਦਾ ਲੱਗਾ ਹੋਣਾ। ਜੋ ਮੁੱਠੀ ਭਰ ਸੇਲ ਹੋਣੀ ਕੁਝ ਕੁ ਆਪਣੇ ਜਰੂਰਤ ਲਈ ਰੱਖ ਲੈਣੀ ਬਾਕੀ ਪੈਸੇ ਹੋਲਸੇਲਰ ਨੂੰ ਦੇ ਕੇ ਹੋਰ ਮਾਲ ਲੈ ਲੈਣਾ । ਗਨੀਮਤ ਸੀ ਮਕਾਨ ਤੇ ਦੁਕਾਨ ਆਪਣੀ ਸੀ। ਉਹ ਅਜਿਹਾ ਕੋਹਲੂ ਦਾ ਬੈਲ ਸੀ ਜੋ ਅਨੇਕਾਂ ਪੈਂਡਾ ਤਹਿ ਕਰਕੇ ਵੀ ਉੱਥੇ ਹੀ ਖੜਾ ਸੀ ।
ਉਸਦਾ ਕੋਈ ਬੈਂਕ ਬੈਲੰਸ ਨਹੀ ਸੀ। ਸੱਜਰਾ ਕਮਾਉਦੇ ,ਨਾਲੋ ਨਾਲ ਖਰਚ ਕਰ ਲੈਂਦੇਂ। ਪਰ ਕਦੇ ਸ਼ਿਕਵਾ ਨਹੀ, ਸ਼ਿਕਾਇਤ ਵੀ ਨਹੀ। ਕੱਪੜੇ ਪਹਿਨਣ ਦੇ ਸਲੀਕੇ ਤੇ ਘਰ ਦੀ ਹਰ ਚੀਜ ਸਾਫ਼-ਸੁਥਰੀ ਤੇ ਟਿਕਾਣੇ ਰੱਖਣ ਦੀ ਆਦਤ ਨੇ ਅਜਿਹੀ ਨੁਹਾਰ ਦਿੱਤੀ ਸੀ ਕਿ ਜਿਵੇਂ ਉਹ ਸੰਪਨ ਪਰਿਵਾਰ ਹੋਵੇ ।
ਬੇਸ਼ੱਕ ਪਰਿਵਾਰ ਚ ਇਤਫ਼ਾਕ ਸੀ, ਕਰਜ਼ਾ ਵੀ ਕੋਈ ਨਹੀ ਸੀ ਪਰ ਅੰਦਰ ਇੱਕ ਖਾਲੀਪਣ ਸੀ, ਇੱਕ ਬੋਝ ਸੀ ਕਿ ਉਹ ਆਪਣੇਂ ਪਰਿਵਾਰ ਨੂੰ ਕੋਈ ਐਸ਼ੋ ਅਰਾਮ ਵਾਲੀ ਜਿੰਦਗੀ ਨਹੀ ਸੀ ਦੇ ਸਕਿਆ, ਐਸ਼ ਤੇ ਇੱਕ ਪਾਸੇ ਰਹੀ ਅਕਸਰ ਜ਼ਰੂਰੀ ਖਰਚੇ ਵੀ ਪੂਰੇ ਨਹੀਂ ਹੁੰਦੇ ਸਨ। ਦੁੱਖ ਸੀ ਅੰਦਰੂਨੀ ਕਿ ਬੱਚਿਆਂ ਨੂੰ ਚੰਗੇ ਸਕੂਲਾਂ ‘ਚ ਨਹੀ ਸੀ ਪੜਾ ਸਕਿਆ ।
ਮਾਨਸਿਕ ਬੋਝ ਦਾ ਨਤੀਜ਼ਾ ਹਾਰਟ ਅਟੈਕ ਦੇ ਰੂਪ ਚ ਆਇਆ ।ਖੜੇ-ਖੜੋਤੇ ਮੁਸੀਬਤ ਬਣ ਗਈ । ਘਰਵਾਲੀ ਨੂੰ ਮਜਬੂਰਨ ਪੈਸੇ ਮੰਗਣੇ ਪਏ ਰਿਸ਼ਤੇਦਾਰਾ ਕੋਲ਼ੋਂ।
ਇਲਾਜ ਹੋ ਗਿਆ, ਘਰ ਆ ਗਿਆ। ਹੁਣ ਉਸਦੇ ਦਿਲੋ ਦਿਮਾਗ ਤੇ ਹੋਰ ਬੋਝ ਪੈ ਗਿਆ। ਉਸ ਜਿਸਨੇ ਕਦੇ ਕਿਸੇ ਤੋ ਪੰਜੀ ੳਧਾਰ ਨਾ ਲਈ ਸੀ ਉਸਨੂੰ ਲੱਗਿਆ ਜਿਵੇ ਉਹ ਉਧਾਰ ਦੀ ਜਿੰਦਗੀ ਜੀ ਰਿਹਾ ਹੋਵੇ। ਰਿਸ਼ਤੇਦਾਰ ਉਸਦੇ ਸੰਪਨ ਸਨ, ਅਗਰ ਕੋਈ ਬਾਂਹ ਫੜ ਲੈਂਦਾ ਤੇ ਉਹ ਔਖਾਂ ਨਾ ਹੁੰਦਾ। ਉਸਨੇ ਕੁਝ ਕਿਹਾ ਨਹੀ, ਕਿਸੇ ਨੂੰ ਉਸਦੀ ਔਖ...
ਦਿਖਾਈ ਨਹੀਂ ਦਿੱਤੀ ਸੀ। ਰਿਸ਼ਤੇਦਾਰ ਕਿਸੇ ਨੇ ਪੈਸੇ ਵਾਪਸ ਲੈਣ ਦੀ ਗੱਲ ਤੇ ਨਹੀ ਸੀ ਕੀਤੀ ਪਰ ਮਨ ਤੇ ਬੋਝ ਸੀ ।
ਉਹ ਜਲਦੀ ਤੋ ਜਲਦੀ ਉੱਠ ਕੇ ਦੁਕਾਨ ਤੇ ਜਾਣਾਂ ਚਾਹੁੰਦਾਂ ਸੀ, ਪਰ ਫਿਰ ਸੋਚਦਾ ਦੁਕਾਨ ਤੇ ਜਾ ਕੇ ਵੀ ਕੀ ਹੋ ਜਾਣਾ, ਹੁਣ ਤੀਕਰ ਤੇ ਦੁਕਾਨ ਤੋਂ ਕੁਝ ਬਚਿਆ ਨਹੀਂ ਸੀ। ਉਹ ਮਾਯੂਸ ਸੀ। ਸੋਚਦਾ.. ਕੀ ਕਰ ਸਕਦਾਂ ਹਾਂ ਪਰ ਕੁੱਝ ਪੱਲੇ ਨਾਂ ਪੈਦਾਂ। ਕਈ ਵਾਰ ਉਹ ਸੋਚਦਾ ਉਹ ਬਚਿਆ ਹੀ ਕਿਉਂ।
ਦੋ ਕੁ ਹਫਤੇ ਤੀਕ ਉਸ ਹਿੰਮਤ ਜਿਹੀ ਇਕੱਠੀ ਕਰਕੇ ਦੁਕਾਨ ਤੇ ਜਾਣਾ ਸ਼ੁਰੂ ਕਰ ਦਿੱਤਾ। ਹੌਲੀ਼-ਹੌਲੀ਼ ਰੂਟੀਨ ਫਿਰ ਨਾਰਮਲ ਹੋਣ ਲੱਗੀ ਪਰ ਹੁਣ ਦਵਾਈਆਂ ਦਾ ਪੱਕਾ ਖਰਚ ਬੱਝ ਗਿਆ ਸੀ। ਜਿਸਨੇ ਸਾਰਾ ਬਜਟ ਵਿਗਾੜ ਦਿੱਤਾ ਸੀ। ਉਹ ਹੌਲੀ਼-ਹੌਲੀ਼ ਦਵਾਈ ਦਾ ਘੋਲ ਕਰਨ ਲੱਗ ਪਿਆ। ਘਰਵਾਲੀ ਲੜਦੀ ਪਰ ਉਹ ਕੀ ਕਰਦਾ ਮਹੀਨੇ ਦੇ ਜ਼ਰੂਰੀ ਬੱਝਵੇ ਖਰਚੇ ਤੋ ਬਾਦ ਮਹਿੰਗੀ ਦਵਾਈ ਲਈ ਕੁੱਝ ਬੱਚਦਾ ਨਹੀਂ ਸੀ ।
ਸਾਲ ਕੁ ਇਹ ਵਰਤਾਰਾ ਰਿਹਾ …ਦੂਸਰਾ ਅਟੈਕ ਵੀ ਆ ਗਿਆ ਤੇ ਉਹ ਚਲਾ ਗਿਆ। ਮਨ ਦੀ ਖਾਲੀ ਸਲੇਟ ਲੈ ਕੇ ਜਿਸਤੇ ਖੁਸ਼ੀ ਦੇ ਕੋਈ ਹਰਫ ਨਹੀ ਸੀ ਲਿੱਖ ਸਕਿਆ।
ਉਸਦੀ ਮੋਤ ਤੋ ਬਾਅਦ ਰਿਸ਼ਤੇਦਾਰ ਵੀ ਉੱਠ
ਖੜੋਤੇ। ਸੋਚਣ ਲੱਗੇ ਕੀ ਕੀਤਾ ਜਾਵੇ ਪਰਵਾਰ ਲਈ। ਵੱਡਾ ਭਰਾ ਸਰਕਾਰੀ ਅਫ਼ਸਰ ਸੀ, ਉਸ ਰਸੂਖ ਨਾਲ ਭਰਜਾਈ ਨੂੰ ਨੌਕਰੀ ਲਵਾਂ ਤੀ। ਛੋਟੇ ਭਰਾ ਦਾ ਵੱਡਾ ਕਾਰੋਬਾਰ ਸੀ ਉਸ ਵੱਡੇ ਮੁੰਡੇ ਨੂੰ ਆਪਣੇ ਕੋਲ ਲਾ ਲਿਆ । ਉਸਦੇ ਸਾਲਿਆਂ ਨੇ ਹਿੰਮਤ ਮਾਰ ਕੇ ਦੁਕਾਨ ਵਿਕਾ ਤੀ। ਕੁਝ ਪੈਸੇ ਬੈਂਕ ਜਮਾਂ ਕਰਵਾਉਣ ਤੋਂ ਬਾਅਦ ਕੁੱਝ ਪੈਸਿਆਂ ਨੂੰ ਆਪਣੀ ਗਰੰਟੀ ਦੇ ਕੇ ਕਿਸੇ ਜਾਣ-ਪਛਾਣ ਵਾਲੇ ਕੋਲ ਵਿਆਜ਼ ਤੇ ਦੇ ਦਿੱਤੇ।
ਉਸਦੀ ਘਰਵਾਲੀ ਹੁਣ ਫੈਸਲਾ ਨਾ ਕਰ ਸਕੀ ਉਸ ਨਾਲ ਚੰਗਾਂ ਹੋਇਆ ਜਾਂ ਮਾੜਾ।
ਰਾਤ ਉਹ ਸੁਪਨੇ ਵਿੱਚ ਆਇਆ ਤੇ ਪੁੱਛਿਆਂ ਹੁਣ ਕਿਵੇਂ ਕੱਟ ਰਹੀ ਹੈ, ਉਸ ਸਾਰਾ ਕੁਝ ਦੱਸਿਆ। ਕੁੱਝ ਸੋਚ ਕੇ ਕਹਿੰਦਾਂ ਦੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਨਿਮਨ ਮੱਧਮ ਵਰਗ ਦੇ ਸੰਪਨ ਰਿਸ਼ਤੇਦਾਰ ਮਰਨ ਤੋਂ ਬਾਅਦ ਮੱਦਦਗਾਰ ਹੁੰਦੇ ਨੇ ਤੇ ਮੈਂ ਪਹਿਲਾਂ ਹੀ ਮਰ ਗਿਆ ਹੁੰਦਾ ।
ਕਰਮਜੀਤ ਸਿੰਘ