ਮਧੂ ਬਾਲਾ ਵਾਲਾ ਪੋਸਟਰ

4

ਮੈਨੂੰ ਜਦੋਂ ਵੀ ਸੁਨੇਹਾਂ ਮਿਲਦਾ..ਬਾਪੂ ਜੀ ਹੋਸਟਲ ਆ ਰਹੇ ਨੇ ਤਾਂ ਕਮਰੇ ਵਿਚ ਲੱਗਿਆ ਮਧੂ ਬਾਲਾ ਵਾਲਾ ਪੋਸਟਰ ਹਟਾ ਦਿਆ ਕਰਦਾ..ਬਾਪੂ ਹੁਰਾਂ ਦੇ ਸੁਬਾਹ ਤੋਂ ਚੰਗੀ ਤਰਾਂ ਵਾਕਿਫ ਸਾਂ..

ਨਿੱਕੇ ਹੁੰਦਿਆਂ ਬੰਬੀ ਦੇ ਕੋਠੇ ਵਿਚ ਪਈ ਕੁੱਟ ਅਜੇ ਵੀ ਚੰਗੀ ਤਰਾਂ ਯਾਦ ਸੀ..

ਘਰੋਂ ਪਾਣੀ ਲਾਉਣ ਘੱਲੇ ਦੀ ਸੈੱਲਾਂ ਵਾਲੇ ਰੇਡੀਓ ਤੇ ਵੱਜਦੇ ਇੱਕ ਗਾਣੇ ਜਿਸਦੇ ਬੋਲ ਕੁਝ ਏਦਾਂ ਸਨ “ਮਿੱਤਰਾਂ ਦੀ ਮੋਟਰ ਤੇ ਲੀੜੇ ਧੋਣ ਦੇ ਬਹਾਨੇ ਆਜਾ” ਨਾਲ ਐਸੀ ਲਿਵ ਲੱਗੀ ਕੇ ਆਲੇ ਦਵਾਲੇ ਦੀ ਹੋਸ਼ ਹੀ ਨਾ ਰਹੀ..

ਫੇਰ ਖਿਆਲਾਂ ਦੀ ਲੜੀ ਓਦੋਂ ਟੁੱਟੀ ਜਦੋਂ ਅਚਾਨਕ ਆ ਗਏ ਬਾਪੂ ਹੁਰਾਂ ਦੀ ਤਾੜ ਕਰਦੀ ਡਾਂਗ ਐਨ ਮੌਰਾਂ ਸਿਰ ਆਣ ਪਈ..

ਇੰਝ ਲੱਗਾ ਜਿੱਦਾਂ ਪਰਲੋ ਆ ਗਈ ਹੋਵੇ..ਜੁੱਤੀ ਪਾਉਣ ਦਾ ਟਾਈਮ ਵੀ ਨਹੀਂ ਮਿਲਿਆ..

ਫੇਰ ਨੰਗੇ ਪੈਰੀ ਪੈਲੀਆਂ ਵਿਚ ਅੱਗੇ ਨੱਸੇ ਜਾਂਦੇ ਨੂੰ ਇੰਝ ਡਾਂਗ ਵਰਾਈ ਜਿੱਦਾਂ ਔੜ ਤੋਂ ਅੱਕਿਆ ਜੱਟ ਛੱਲੀਆਂ ਨੂੰ ਕੁੱਟ ਚਾੜਦਾ..

ਕਾਲਜ ਵਿਚ ਸਾਰੇ ਨਾਲਦੇ ਮਖੌਲ ਕਰਿਆ ਕਰਦੇ..

ਇਥੋਂ ਤੱਕ ਕੇ ਕੁੜੀਆਂ ਨੂੰ ਵੀ ਖਬਰ ਹੋ ਗਈ ਕੇ ਇਸਦੇ ਕਮਰੇ ਵਿਚ ਉਸਦਾ ਪੋਸਟਰ ਲੱਗਿਆ..!

ਮੇਰਾ ਰੂਮ-ਮੇਟ ਜੱਗੀ ਅਕਸਰ ਹੀ ਆਖ ਦਿਆ ਕਰਦਾ ਇਸਦੀ ਲਾਹ ਕੇ ਕਿਸੇ ਹੋਰ ਦੀ ਲਾ ਦੇ ਇਹ ਤਾਂ ਵਿਚਾਰੀ ਛੱਤੀਆਂ ਤੱਕ ਅੱਪੜਦੀ ਰੱਬ ਨੂੰ ਪਿਆਰੀ ਹੋ ਗਈ ਸੀ..ਦਿਲ ਵਿਚ ਛੇਕ ਹੋ ਗਿਆ ਸੀ ਇਸਦੇ!

ਮੈਂ ਦਿਲ ਹੀ ਦਿਲ ਵਿਚ ਆਖਣਾ..”ਤਾਂ ਕੀ ਹੋਇਆ..ਮਰਨਾ ਜੀਣਾ ਤੇ ਉੱਪਰ ਵਾਲੇ ਦੇ ਹੱਥ ਹੁੰਦਾ ਏ..”

ਫੇਰ ਐੱਮ.ਫਿੱਲ ਕਰਨ ਮਗਰੋਂ ਬਤੌਰ ਸਹਾਇਕ ਪ੍ਰੋਫੈਸਰ ਦੀ ਨੌਕਰੀ ਮਿਲਣ ਦੀ ਦੇਰ ਸੀ ਕੇ ਵਿਚੋਲਿਆਂ ਨੇ ਬਰੂਹਾਂ ਘਸਾ ਛੱਡੀਆਂ..ਰਿਸ਼ਤੇਦਾਰੀ ਵਿਚ ਵੀ ਮੇਰਾ ਜਿਕਰ ਹੋਣਾ ਆਮ ਜਿਹੀ ਗੱਲ ਹੋ ਗਈ..!

ਹਾਣ ਨੂੰ ਹਾਣ ਅੱਜ ਵਾਂਙ ਹੀ ਪਿਆਰਾ ਹੁੰਦਾ ਸੀ..ਵਿਆਹ ਮੰਗਣੇ ਮੌਕੇ ਦੂਰ ਖਲੋਤੇ ਕੁਝ ਕੂ ਹੁਸੀਨ ਪਰਛਾਵੇਂ..ਬਿਨਾ ਵੇਖਿਆ ਹੀ ਮੈਨੂੰ ਪਤਾ ਲੱਗ ਜਾਇਆ ਕਰਦਾ ਕੇ ਖੁਸਰ ਫੁਸਰ ਮੇਰੇ ਬਾਰੇ ਹੀ ਹੋ ਰਹੀ ਏ..

ਓਦੋਂ ਅੱਖਾਂ ਵਿਚ ਅੱਖਾਂ ਪਾ ਕੇ ਵੇਖਣ ਦਾ ਰਿਵਾਜ...

ਨਹੀਂ ਸੀ ਹੋਇਆ ਕਰਦਾ..ਫੇਰ ਵੀ ਇਹ ਇਹਸਾਸ ਮੈਨੂੰ ਸੁਕੂਨ ਦਿਆ ਕਰਦਾ..

ਫੇਰ ਇਹ ਮਾਮਲਾ ਥੋੜਾ ਸੀਰੀਅਸ ਹੋ ਗਿਆ..

ਬਾਪੂ ਹੂਰੀ ਮੈਨੂੰ ਆਪ ਕਦੀ ਵੀ ਕੋਈ ਫੋਟੋ ਨਾ ਵਿਖਾਇਆ ਕਰਦੇ..ਹਮੇਸ਼ਾਂ ਬੀਜੀ ਨੂੰ ਅੱਗੇ ਕਰਦੇ..ਫੇਰ ਮੇਰੀ ਰਾਏ ਬੀਜੀ ਦੇ ਰਾਹੀਂ ਹੀ ਓਹਨਾ ਕੋਲ ਪੁੱਜਿਆ ਕਰਦੀ..!

ਅਖੀਰ ਮੈਂ ਇੱਕ ਫੋਟੋ ਤੇ ਉਂਗਲ ਧਰ ਹੀ ਦਿੱਤੀ..

ਉਸਦੀਆਂ ਅੱਖਾਂ ਬੁੱਲ ਅਤੇ ਕੰਨਾਂ ਕੋਲ ਦੀ ਥੱਲੇ ਲਮਕਦੀ ਹੋਈ ਕਾਲੇ ਵਾਲਾਂ ਦੀ ਘੁੰਗਰਾਲੀ ਜਿਹੀ ਲਿਟ ਹੂਬਹੂ ਮਧੂ ਬਾਲਾ ਵਰਗੀ ਸੀ..

ਮੈਂ ਇਹ ਗੱਲ ਕਿਸੇ ਨੂੰ ਪਤਾ ਨਾ ਲੱਗਣ ਦਿੱਤੀ ਪਰ ਨਿੱਕੀ ਭੈਣ ਝੱਟ ਮੇਰਾ ਇਹ ਪੈਂਤੜਾ ਝੱਟ ਸਿਆਣ ਗਈ..!

ਖੈਰ ਵਿਆਹ ਮਗਰੋਂ ਅਸੀਂ ਅਮ੍ਰਿਤਸਰ ਸ਼ਿਫਟ ਹੋ ਗਏ..

ਮਧੂ ਬਾਲਾ ਵਾਲੀ “ਮੁਗਲ-ਏ-ਆਜਮ” ਅਸਾਂ ਸ਼ਾਇਦ ਸੂਰਜ ਚੰਦੇ ਤਾਰੇ ਵਿਚ ਲਗਾਤਾਰ ਪੰਜ ਵਾਰ ਵੇਖੀ ਹੋਊ..ਮੈਂ ਇਸਨੂੰ ਅਕਸਰ “ਅਨਾਰਕਲੀ” ਆਖ ਬੁਲਾਉਂਦਾ..!

ਇਸਨੂੰ ਅਕਸਰ ਹੀ ਕਈ ਵਾਰ ਹਲਕੀ ਹਲਕੀ ਖੰਗ ਛਿੜ ਜਾਇਆ ਕਰਦੀ..

ਮੈਨੂੰ ਫਿਕਰ ਹੁੰਦਾ..ਡਾਕਟਰਾਂ ਦੀ ਰਾਏ ਲਈ..ਓਹਨਾ ਆਖਣਾ ਕੋਈ ਫਿਕਰ ਵਾਲੀ ਗੱਲ ਨਹੀਂ..ਬੱਸ ਮਾਮੂਲੀ ਜਿਹਾ ਗਲਾ ਹੀ ਖਰਾਬ ਏ..!

ਫੇਰ ਇੱਕ ਵਾਰ ਪਿੰਡ ਗਈ ਤਾਂ ਨਲਕਾ ਗੇੜਦੀ ਓਥੇ ਢੇਰੀ ਹੋ ਗਈ..

ਮੈਂ ਭੱਜ ਕੇ ਜਾ ਉਠਾਇਆ..ਚਾਚੀਆਂ ਤਾਈਆਂ ਮਖੌਲ ਕਰਨੇ ਸ਼ੁਰੂ ਕਰ ਦਿਤੇ ਕੇ ਖੁਸ਼ੀ ਦੀ ਖਬਰ ਏ..ਪਰ ਔਖੇ ਔਖੇ ਸਾਹ ਲੈਂਦੀ ਨੇ ਮੈਨੂੰ ਫਿਕਰਾਂ ਦੇ ਸਮੁੰਦਰ ਵਿਚ ਧੱਕ ਦਿੱਤਾ..!

ਅਮ੍ਰਿਤਸਰ ਆ ਕੇ ਵੱਡੇ ਹਸਪਤਾਲ ਟੈਸਟ ਕਰਵਾਉਣ ਮਗਰੋਂ ਪਤਾ ਲੱਗਿਆ ਦਿਲ ਵਿਚ ਛੇਕ ਸੀ..ਫੇਰ ਦਿਨਾਂ ਵਿਚ ਹੀ ਹੱਥਾਂ ਵਿਚੋਂ ਰੇਤ ਦੇ ਕਿਣਕਿਆਂ ਵਾਂਙ ਖਿੱਲਰ ਗਈ..

ਇੱਕ ਦਿਨ ਕੱਲਾ ਬੈਠਾ ਸੋਚੀ ਜਾ ਰਿਹਾ ਸਾਂ ਕੇ ਕਾਸ਼ ਉਸ ਵੇਲੇ ਹੋਸਟਲ ਵਾਲੇ ਜੱਗੀ ਦੀ ਗੱਲ ਮੰਨ ਓਥੋਂ ਮਧੂ ਬਾਲਾ ਦਾ ਪੋਸਟਰ ਹਟਾ ਦਿੱਤਾ ਹੁੰਦਾ..ਸ਼ਾਇਦ ਇਹ ਅੱਜ ਮੇਰੇ ਕੋਲ ਹੁੰਦੀ..

ਪਰ ਇੱਕ ਗਿਲਾ ਰੱਬ ਨਾਲ ਵੀ ਅਕਸਰ ਹੀ ਕਰ ਲੈਂਦਾ ਹਾਂ ਕੇ ਪੋਸਟਰ ਵਾਲੀ ਤੇ ਛੱਤੀਆਂ ਸਾਲਾਂ ਦੀ ਹੋ ਕੇ ਗਈ ਸੀ ਪਰ ਮੇਰੀ ਅਨਾਰਕਲੀ ਤੂੰ ਸੱਤ ਸਾਲ ਪਹਿਲਾਂ ਹੀ ਆਪਣੇ ਕੋਲ ਕਿਓਂ ਸੱਦ ਲਈ..!

ਹਰਪ੍ਰੀਤ ਸਿੰਘ ਜਵੰਦਾ

Leave A Comment!

(required)

(required)


Comment moderation is enabled. Your comment may take some time to appear.

Like us!