More Punjabi Kahaniya  Posts
ਨਾਨਕ ਦੁਖੀਆ ਸਭੁ ਸੰਸਾਰੁ


ਵੀਰੋ ਨੂੰ ਵਿਆਹੀ ਹੋਈ ਨੂੰ ਸੱਤ ਸਾਲ ਬੀਤ ਗਏ ਸਨ ਪਰ ਉਸਦੀ ਕੁੱਖ ਹਰੀ ਨਹੀਂ ਹੋਈ ਸੀ। ਇਸੇ ਗੱਲ ਦੀ ਚਿੰਤਾ ਨੇ ਉਸਦੀ ਜ਼ਿੰਦਗੀ ਬੇਰਸ ਕਰ ਦਿੱਤੀ ਸੀ। ਹੁਣ ਉਸਨੂੰ ਜ਼ਿੰਦਗੀ ਨਾਲ ਮੋਹ ਨਹੀਂ ਰਿਹਾ ਸੀ। ਬੱਸ ਸਾਰਾ ਦਿਨ ਉਦਾਸ-ਉਦਾਸ ਰਹਿੰਦੀ। ਉਸਨੇ ਔਲਾਦ ਦੀ ਪ੍ਰਾਪਤੀ ਲਈ ਬਥੇਰੀਆਂ ਅਰਦਾਸਾਂ ਕੀਤੀਆਂ ਸਨ ਤੇ ਸੁੱਖਾਂ ਸੁੱਖੀਆਂ ਸਨ ਪਰ ਅਜੇ ਤੱਕ ਕੋਈ ਭਾਗ ਨਹੀਂ ਲੱਗੇ ਸਨ। ਕਿਸੇ ਦੇ ਵਿਆਹ ਸ਼ਾਦੀ ਜਾਂ ਹੋਰ ਪ੍ਰੋਗਰਾਮ ਤੇ ਉਹ ਘੱਟ ਹੀ ਜਾਇਆ ਕਰਦੀ ਸੀ ਕਿਉਂਕਿ ਉੱਥੇ ਬੁੜੀਆਂ ਉਸਦੇ ਨਾ ਬੱਚਾ ਹੋਣ ਦੀ ਗੱਲ ਨੂੰ ਲੈ ਕੇ ਕਈ ਗੱਲਾਂ ਕਰਨ ਲੱਗ ਜਾਂਦੀਆਂ ਸਨ। ਕੋਈ ਇਸ ਸੰਬੰਧੀ ਰੱਬ ਨੂੰ ਕੋਸਣ ਲੱਗ ਜਾਂਦੀ ਤੇ ਕੋਈ ਕਹਿੰਦੀ ਕਿ ਉਸਦੇ ਘਰ ਅੰਧੇਰ ਨਹੀਂ ਹੈ। ਇਹ ਸਾਰੀਆਂ ਗੱਲਾਂ ਸੁਣ ਕੇ ਆਪਣੀ ਕਿਸਮਤ ਨੂੰ ਕੋਸਣ ਲੱਗ ਜਾਂਦੀ ਜਿਸਦਾ ਸਿੱਟਾ ਇਹ ਨਿਕਲਦਾ ਕਿ ਉਸਦਾ ਸਿਰ ਪਾਟਣ ਲੱਗ ਜਾਂਦਾ। ਇਸੇ ਕਰਕੇ ਹੀ ਉਸਨੂੰ ਡਾਕਟਰ ਮਾਈਗਰੇਨ ਬਿਮਾਰੀ ਹੋਣ ਦੀ ਗੱਲ ਕਰਦੇ ਤੇ ਭਵਿੱਖ ਵਿੱਚ ਨਾ ਟੈਨਸ਼ਨ ਦੀ ਸਲਾਹ ਦਿੰਦੇ। ਪਰ ਉਸਨੂੰ ਆਪਣੇ ਸਾਰੇ ਘਰ ਦਾ ਵਿਹੜਾ ਭਾਂਅ-ਭਾਅ ਕਰਦਾ ਦਿੱਸਦਾ। ਉਸਦਾ ਪਤੀ ਬਥੇਰੇ ਉਹਨੂੰ ਦਿਲਾਸੇ ਦਿੰਦਾ ਪਰ ਔਲਾਦ ਦੀ ਕਮੀ ਉਸ ਵਿੱਚ ਘਰ ਕਰ ਗਈ ਸੀ। ਮਾੜੀ-ਮਾੜੀ ਗੱਲ ਤੇ ਉਹ ਫਿਸ-ਫਿਸ ਜਾਂਦੀ ਤੇ ਅੱਖਾਂ ਭਰ ਆਉਂਦੀ।ਆਂਢ-ਗੁਆਂਢ ਤੇ ਰਿਸ਼ਤੇਦਾਰੀ ਤੋਂ ਘਰ ਵਿੱਚ ਆਉਂਦੇ ਲੋਕ ਉਸਨੂੰ ਬਿਲਕੁੱਲ ਪਸੰਦ ਨਹੀਂ ਸੀ। ਉਸਨੂੰ ਪਤਾ ਸੀ ਕਿ ਇਹ ਲੋਕ ਉਸਨੂੰ ਤਪਾਉਣ ਵਾਲੀ ਗੱਲ ਜਰੂਰ ਛੇੜਣਗੇ। ਉਹ ਇਹਨਾਂ ਤੋਂ ਕਿਨਾਰਾ ਕਰਨ ਲੱਗ ਗਈ ਸੀ। ਉਸਦਾ ਪਤੀ ਉਸਨੂੰ ਵਿਹਲੇ ਸਮੇਂ ਵਿੱਚ ਗੁਰਬਾਣੀ
ਪੜਨ ਲਈ ਕਹਿੰਦਾ ਸੀ ਤਾਂ ਕਿ ਉਸਨੂੰ ਮਾੜਾ ਮੋਟਾ ਧੀਰਜ ਬੱਝ ਜਾਵੇ। ਭਾਂਵੇਂ ਕਿ ਰੋਜ਼ਾਨਾ ਜਪੁਜੀ ਸਾਹਿਬ ਦਾ ਪਾਠ ਕਰਦੀ ਸੀ। ਹੁਣ ਵਿਹਲੇ ਸਮੇਂ ਵਿੱਚ ਪਤੀ ਦੇ ਕਹਿਣ ਤੇ ਸੁਖਮਨੀ ਸਾਹਿਬ ਦਾ ਪਾਠ ਵੀ ਸ਼ੁਰੂ ਕਰ ਦਿੱਤਾ ਸੀ। ਜਦੋਂ ਕਿਤੇ ਮਨ ਉਦਾਸ ਹੁੰਦਾ ਤਾਂ ਮਨੋਰੰਜਨ ਲਈ ਟੈਲੀਵੀਜਨ ਚਲਾ ਲੈਂਦੀ ਤੇ ਫਿਰ ਥੋੜੇ ਚਿਰ ਬਾਅਦ ਬੰਦ ਕਰ ਦਿੰਦੀ। ਸਦਾ ਇਹੀ ਸੋਚਦੀ ਰਹਿੰਦੀ ਕਿ ਔਲਾਦ ਬਿਨਾਂ ਜ਼ਿੰਦਗੀ ਵਿੱਚ ਕਿੱਥੇ ਸੁੱਖ ਹੈ। ਬੰਦਾ ਨੂੰ ਇਕੱਲਿਆਂ ਬੁਢਾਪਾ ਲੰਘਾਉਣਾ ਕਿਹੜਾ ਸੌਖਾ ਹੈ? ਆਪਣੀਆਂ ਆਢਣਾਂ-ਗੁਆਢਣਾਂ ਜਿਹੜੀਆਂ ਕੱਲ੍ਹ ਵਿਆਹੀਆਂ ਸੀ, ਉਹਨਾਂ ਦੇ ਬਾਲ ਬੱਚੇ ਦੇਖ ਕੇ ਉਸਨੂੰ ਝੋਰਾ ਲੱਗਾ ਰਹਿੰਦਾ ਸੀ। ਇੱਕ ਦਿਨ ਸੋਚਾਂ ਵਿੱਚ ਡੁੱਬੀ ਨੇ ਉਸਨੇ ਦਿਲ ਪਰਚਾਉਣ ਲਈ ਟੈਲੀਵੀਜ਼ਨ ਚਲਾ ਲਿਆ, ਅੱਗੇ ਇੱਕ ਪੰਜਾਬੀ ਚੈੱਨਲ ਤੇ ਕਥਾ ਚੱਲ ਰਹੀ ਸੀ। ਉਸਨੂੰ ਗੁਰਬਾਣੀ ਦੀ ਕਥਾ ਚੰਗੀ ਲੱਗ ਰਹੀ ਤੇ ਉਸ ਵਿੱਚੋਂ ਉਸਨੂੰ ਰਸ ਆਉਣ ਲੱਗਾ। ਬਾਬਾ “ਨਾਨਕ ਦੁਖੀਆ ਸਭੁ ਸੰਸਾਰੁ” ਸ਼ਬਦ ਦੀ ਵਿਆਖਿਆ ਕਰ ਰਿਹਾ ਸੀ ਕਿ ਦੁਨੀਆਂ ਤੇ ਕੋਈ ਵੀ ਸੁੱਖੀ ਨਹੀਂ ਹੈ ਭਾਂਵੇਂ ਉਹ ਮਹਿਲਾਂ ਦਾ...

ਮਾਲਕ ਹੋਵੇ ਜਾਂ ਫਿਰ ਲੱਖ ਪੁੱਤ-ਪੋਤਿਆਂ ਵਾਲਾ ਹੋਵੇ। ਹਰ ਕੋਈ ਆਪਣੇ ਸੁਆਰਥ ਲਈ ਰਿਸਤੇ ਨਿਭਾ ਰਿਹਾ ਹੈ। ਇੱਥੇ ਅਜਿਹੇ ਵੀ ਲੋਕ ਹਨ ਜੋ ਆਪਣੇ ਬੁੱਢੇ ਮਾਪਿਆਂ ਨੂੰ ਅਨਾਥ ਆਸ਼ਰਮਾਂ ਵਿੱਚ ਛੱਡ ਆਉਂਦੇ ਹਨ। ਬਹੁਤੇ ਘਰ ਮਾਪਿਆਂ ਦੀ ਸੇਵਾ ਹੀ ਨਹੀਂ ਕਰਦੇ। ਉਹ ਵਿਲਕਦੇ ਮਰ ਜਾਂਦੇ ਹਨ। ਕੋਈ ਨਾ ਕੋਈ ਦੁੱਖ ਤਾਂ ਹਰ ਕਿਸੇ ਨੂੰ ਹੈ। ਸੰਸਾਰ ਦੀ ਬੀਜ ਦੁੱਖ ਹੀ ਹੈ। ਜਿਹਨੂੰ ਮਨੁੱਖ ਅਸਲ ਵਿੱਚ ਸੁੱਖ ਸਮਝਦਾ ਹੈ, ਅਸਲ ਵਿੱਚ ਉਸ ਵਿੱਚ ਵੀ ਦੁੱਖ ਛੁਪਿਆ ਹੈ। ਸੰਸਾਰ ਵਿੱਚ ਦੁੱਖਾਂ ਦੀ ਦਾਰੂ ਪਰਮਾਤਮਾ ਦਾ ਨਾਮ ਹੈ। ਜਿਹੜਾ ਪਰਮਾਤਮਾ ਨਾਲ ਜੁੜ ਜਾਂਦਾ ਹੈ, ਉਹ ਕਦੇ ਵੀ ਦੁੱਖੀ ਨਹੀਂ ਹੁੰਦਾ। ਸ਼ਰਤ ਇਹ ਹੈ ਕਿ ਉਸਨੇ ਆਪਣੀਆਂ ਸਾਰੀਆਂ ਇੱਛਾਵਾਂ ਜਾਂ ਵਾਸ਼ਨਾਵਾਂ ਤਿਆਗੀਆਂ ਹੋਣ। ਸੰਸਾਰ ਵਿੱਚ ਵੱਡੇ-ਵੱਡੇ ਅਵਤਾਰਾਂ ਤੇ ਮਹਾਂਪੁਰਖਾਂ ਨੂੰ ਵੀ ਕੋਈ ਨਾ ਕੋਈ ਸਰੀਰਕ ਦੁੱਖ ਜਰੂਰ ਰਿਹਾ ਹੈ ਪਰ ਉਹ ਇਸ ਦੇਹ ਤੋਂ ਉੱਪਰ ਉੱਠ ਚੁੱਕੇ ਸਨ ਤਾਂ ਹੀ ਉਹਨਾਂ ਨੇ ਇਸਦੀ ਪਰਵਾਹ ਨਹੀਂ ਕੀਤੀ। ਦੋ-ਚਾਰ ਮਿੰਟਾਂ ਬਾਅਦ ਬਾਬੇ ਦੀ ਕਥਾ ਸਮਾਪਤ ਹੋ ਗਈ। ਇਸ ਤਰ੍ਹਾਂ ਦਾ ਅਨੰਦ ਪਹਿਲਾਂ ਉਸਨੇ ਕਦੀ ਮਾਣਿਆ ਨਹੀਂ ਸੀ। ਉਹ ਸੋਚ ਰਹੀ ਸੀ ਕਿ ਵਾਕਈ ਸੰਸਾਰ ਦੁੱਖੀ ਹੈ ਜਾਂ ਨਹੀਂ ਤਾਂ ਇਸਦੀ ਪ੍ਰੋੜਤਾ ਲਈ ਉਸ ਦੀਆਂ ਸੋਚਾਂ ਵਿੱਚ ਪੇਕਾ ਘਰ ਆ ਗਿਆ। ਉਸਨੇ ਵੇਖਿਆ ਕਿ ਉਸਦਾ ਇੱਕ ਭਰਾ ਜਿਆਦਾ ਨਸ਼ਾ ਕਰਦਾ ਹੋਣ ਕਰਕੇ ਉਸਦੀ ਨਨਾਣ ਦੁੱਖੀ ਸੀ। ਦੂਜੇ ਭਰਾ ਨੂੰ ਕੈਂਸਰ ਦਾ ਰੋਗ ਸੀ। ਜਿਸ ਕਾਰਨ ਉਸਦੇ ਮਾਂ-ਬਾਪ ਦੁੱਖੀ ਸਨ ਤੇ ਉੱਪਰੋਂ ਉਹਨਾਂ ਨੂੰ ਆਪਣੀ ਧੀ ਭਾਵ ਮੇਰਾ ਦੁੱਖ ਸੀ। ਉਸਦੇ ਮਾਂ-ਬਾਪ ਦੀ ਵੀ ਕਾਫੀ ਸਮੇਂ ਤੋਂ ਬਿਮਾਰੀ ਕਾਰਨ ਦਵਾਈ ਚੱਲਦੀ ਸੀ। ਉਸਨੇ ਪੇਕੇ ਘਰ ਦੇ ਆਂਢ-ਗੁਆਂਢ ਵੀ ਦੇਖਿਆ ਤਾਂ ਹਰ ਕੋਈ ਕਿਸੇ ਨਾ ਕਿਸੇ ਦੁੱਖ ਤੋਂ ਪੀੜਤ ਸੀ। ਫਿਰ ਅਚਾਨਕ ਉਸਦੀ ਨਜ਼ਰ ਸਹੁਰਾ ਘਰ ਦੇ ਗਲੀ ਮੁਹੱਲੇ ਵਿੱਚ ਪਈ। ਉਸਨੇ ਇੱਕ-ਇੱਕ ਘਰ ਨੂੰ ਬੜੀ ਨੀਝ ਨਾਲ ਦੇਖਿਆ ਤਾਂ ਸਭ ਦਾ ਹਾਲ ਇੱਕੋ ਜਿਹਾ ਹੀ ਸੀ। ਹਰ ਕੋਈ ਆਪਣਾ ਦੁੱਖ ਛੁਪਾ ਕੇ ਉੱਪਰੋਂ-ਉੱਪਰੋਂ ਹੱਸਣ ਦੀ ਕੋਸ਼ਿਸ਼ ਕਰਦਾ ਲੱਗਦਾ ਸੀ। ਉਸਨੂੰ ਹੁਣ ਅਸਲੀ ਰਮਜ਼ ਸਮਝ ਆ ਗਈ ਸੀ ਕਿ ਅਸਲ ਤ੍ਰਿਪਤੀ ਸੰਸਾਰਿਕ ਪਦਾਰਥਾਂ ਵਿੱਚ ਨਹੀਂ ਹੈ। ਅਸਲ ਵਿੱਚ ਸੰਤੁਸ਼ਟੀ ਉਸ ਮਾਲਕ ਨਾਲ ਅਭੇਦ ਹੋਣ ਵਿੱਚ ਹੈ। ਬਾਕੀ ਤਾਂ ਸਾਰਾ ਸੰਸਾਰ ਦੁੱਖਾਂ ਦਾ ਘਰ ਹੈ। ਇਹ ਗੱਲਾਂ ਸੋਚਦਿਆਂ-ਸੋਚਦਿਆਂ ਉਸਦੀ ਔਲਾਦ ਪ੍ਰਾਪਤੀ ਦੀ ਇੱਛਾ ਜਵਾਂ ਹੀ ਮਰ ਚੁੱਕੀ ਸੀ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ – 9464412761

...
...



Related Posts

Leave a Reply

Your email address will not be published. Required fields are marked *

3 Comments on “ਨਾਨਕ ਦੁਖੀਆ ਸਭੁ ਸੰਸਾਰੁ”

  • story di nayka vicho mainu apna aap disyea

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)