More Punjabi Kahaniya  Posts
ਨੈੱਟ ਪੈਕ


ਜਿਹੜੇ ਸ੍ਹਾਬ ਨਾਲ ਜਨਤਾ ਨੇ ਵਲੌਗਾਂ ਆਲੀ ਗਰਦ ਕੱਢ ਰੱਖੀ ਐ, ਇਸ ਸ੍ਹਾਬ ਨਾਲ ਆਉਣ ਆਲੇ ਟੈਮ ‘ਚ ਰਿਸ਼ਤੇ ਹੋਣ ਦਾ ਤਰੀਕਾ ਵੀ ਬਦਲੂ। ਹੁਣ ਤਾਂ ਰਿਸ਼ਤਾ ਜ਼ਮੀਨ ਤੇ ਨੌਕਰੀ ਦੇਖ ਕੇ ਹੁੰਦੈ, ਫਿਰ ਚੈਨਲ ਦੇ ਵਿਊ ਤੇ ਸਬਸਕਰਾਈਬਰ ਦੇਖ ਕੇ ਹੋਇਆ ਕਰੂ।
ਫਿਰ ਰਿਸ਼ਤਿਆਂ ਦੀ ਦੱਸ ਵੀ ਐਂ ਪਿਆ ਕਰੂ ਕਿ ਭਾਈ ਫ਼ਲਾਣੇ ਪਿੰਡੋਂ ਐਂ ਮੁੰਡਾ। ਸੋਹਣਾ-ਸੁਨੱਖੈ। ਸੁੱਖ ਨਾਲ ਡੂਢ ਮਿਲੀਅਨ ਸਬਸਕਰਾਈਬਰ ਐ ਚੈਨਲ ਦੇ, ਟੈਮ ਨਾਲ ਵਧੀ ਜਾਣਗੇ। ਮਿਹਨਤੀ ਐਨੈ ਕਿ ਦਿਨ ਦੀਆਂ ਤਿੰਨ-ਤਿੰਨ ਵੀਡੀਓਜ਼ ਬਣਾ ਦਿੰਦੈ। ਮੌਜਾਂ ਕਰੂ ਕੁੜੀ। ਕਰ ਲਿਓ ਘਰੇ ਰੈਅ, ਜੇ ਬਣਦੈ ਮਨ।
ਥੋਨੂੰ ਪਤੈ ਵੀ ਬੁੜ੍ਹੀਆਂ ਨੂੰ ਆਵਦੀਆਂ ਕੁੜੀਆਂ ਦੇ ਸਹੁਰਿਆਂ ਨੂੰ ਸਲਾਹੁਣ ਦੀ ਆਦਤ ਬਾਹਲੀ ਹੁੰਦੀ ਐ। ਹੁਣ ਤਾਂ ਕਹਿੰਦੀਆਂ ਹੁੰਦੀਐਂ ਕਿ ਭੈਣੇ ਮੌਜਾਂ ਕਰਦੀ ਐ ਕੁੜੀ ਆਵਦੇ ਘਰੇ, ਬਾਹਲਾ ਚੰਗਾ ਮੁੰਡਾ ਮਿਲਿਐ, ਸੋਹਣੀ ਜ਼ਮੀਨ ਐਂ ਸੁੱਖ ਨਾਲ। ਫੇਰ ਆਖਿਆ ਕਰਨਗੀਆਂ:- ਭੈਣੇ ਸਾਡੇ ਜਵਾਈ ਅਰਗਾ ਜਵਾਈ ਤਾਂ ਹਰੇਕ ਨੂੰ ਮਿਲੇ। ਬਾਹਲਾ ਈ ਮਸ਼ਹੂਰ ਐ। ਸਾਰਾ ਪੰਜਾਬ ਵੀਡੀਓਜ਼ ਦੇਖਦੈ ਓਹਦੀਆਂ, ਨਾਲੇ ਬਾਹਰਲੇ ਦੇਖਦੇ ਐ। ਜਦੋਂ ਕਦੇ ਪਿੰਡ ਮਿਲਣ ਆਉਣਾ ਹੁੰਦੈ ਤਾਂ ਦੋ ਘੰਟੇ ਪਹਿਲੀਂ ਤੁਰਨਾ ਪੈਂਦੈ। ਤੈਨੂੰ ਪਤੈ ਭੈਣੇ ਫਿਰ ਰਾਹ ‘ਚ ਫੋਟੋਆਂ ਖਿਚਾਉਣ ਆਲੇ ਟੈਮ ਲਵਾ ਦਿੰਦੇ ਐ। ਸਿਆਣ ਜੀ ਕੱਢ ਕੇ ਓਦੀੰ ਗੱਡੀ ਰੋਕ ਲੈਂਦੇ ਐ ਮੂਹਰੇ ਹੋ ਕੇ।
ਅੱਜ ਦੇ ਟੈਮ ‘ਚ ਤਾਂ ਰਿਸ਼ਤੇ ਦੀ ਗੱਲ ਸ਼ੁਰੂ ਕਰਨ ਵੇਲੇ ਮੁੰਡੇ ਦੇ ਐਡਰੈੱਸ ਨਾਲ ਜ਼ਮੀਨ ਦੇ ਨੰਬਰ ਲਿਖ ਕੇ ਭੇਜਦੇ ਐ ਕਿ ਲਓ ਕਰਲੋ ਪੜਤਾਲ। ਫਿਰ ਮੁੰਡੇ ਦੇ ਐਡਰੈੱਸ ਨਾਲ ਯੂ-ਟਿਊਬ ਕੰਨੀਓਂ ਆਏ ਗੋਲਡ-ਸਿਲਵਰ ਬਟਨਾਂ ਦੀਆਂ ਫੋਟੋਆਂ ਤੇ ਚੈਨਲ ਦਾ ਨਾਮ ਲਿਖ ਕੇ ਭੇਜਿਆ ਕਰਨਗੇ ਵੀ ਕੱਲੀ-ਕੱਲੀ ਵੀਡੀਓ ਤੇ ਵਿਊ ਦੇਖ ਕੇ ਆਵਦੀ ਤਸੱਲੀ ਕਰਲੋ ਭਾਈ।
ਅੱਜਕਲ੍ਹ ਤਾਂ ਰਿਸ਼ਤਿਆਂ ‘ਚ ਨਸ਼ੇ-ਪੱਤੇ ਦੀ ਭਾਨੀ ਵਜਦੀ ਐ, ਫਿਰ ਐਂ ਵੱਜਿਆ ਕਰੂ:- ਬਾਈ ਜਿਹੜੇ ਮੁੰਡੇ ਨਾਲ ਤੁਸੀਂ ਆਵਦੀ ਕੁੜੀ ਦਾ ਰਿਸ਼ਤਾ ਪੱਕਾ ਕਰਨ ਨੂੰ ਫਿਰਦੇ ਓਂ ਨਾ, ਸਿਰੇ ਦਾ ਕੰਟੈਂਟ ਚੋਰ ਐ। ਇੱਕ ਵੀ ਸਟੋਰੀ ਉਹਦੀ ਆਵਦੀ ਨੀ ਲਿਖੀ। ਲੋਕਾਂ ਦੀਆਂ ਚੋਰੀ ਕਰਕੇ ਵੀਡੀਓਜ਼ ਬਣਾਉਂਦੈ। ਕੋਈ ਪਤਾ ਨੀ ਕਿਹੜੇ ਵੇਲੇ ਚੈਨਲ ਦੀ ਰਿਪੋਟ ਕਰਦੇ ਕੋਈ। ਕੁੜੀ ਭੁੱਖੀ ਮਰਨ ਆਲਾ ਕੰਮ ਨਾ ਹੋਜੇ ਕਿਤੇ। ਬਾਕੀ ਥੋਡੀ ਮਰਜ਼ੀ ਐ।
ਹੁਣ ਤਾਂ ਕੁੜੀ ਦੀ ਤਾਰੀਫ਼ ਐਂ...

ਕਰਦੇ ਐ:- ਭੈਣੇ ਪਰੀਆਂ ਅਰਗੀ ਕੁੜੀ ਐ। ਜਿੱਥੋਂ ਦੀ ਲੰਘਦੀ ਐ, ਚਾਨਣ ਹੁੰਦੈ। ਫਿਰ ਤਾਰੀਫ਼ ਐਂ ਹੋਇਆ ਕਰੂ:- ਭੈਣੇ ਕੁੜੀ ਦੀ ਤਾਂ ਗੱਲ ਈ ਛੜਦੇ, ਐਨੀ ਸੋਹਣੀ ਐਂ ਵੀ ਜੇ ਕਿਤੇ ਪਹਿਲਾਂ ਟੈਮ ਦੱਸ ਕੇ ਅੱਧੀ ਰਾਤ ਨੂੰ ਵੀ ਸਟੋਰੀ ਪਾ ਦੇ ਨਾ ਇੰਸਟਾ ਤੇ, ਮੁੰਡੇ ਲੈਕਾਂ ਆਲੀ ਨ੍ਹੇਰੀ ਲਿਆ ਦਿੰਦੇ ਐ।
ਫਿਰ ਲੋਕ ਗੱਲਾਂ ਕਰਿਆ ਕਰਨਗੇ ਕਿ ਫ਼ਲਾਣਿਆਂ ਦੇ ਮੁੰਡੇ ਦੀਆਂ ਵੀਡੀਓਜ਼ ਦੇ ਵਿਊ ਘੱਟ ਆਉਣ ਲਾਗੇ ਸੀ, ਤਾਂ ਕਰਕੇ ਉਨ੍ਹਾਂ ਦੀ ਬਹੂ ਤਲਾਕ ਦੇ ਕੇ ਬਾਗੀ। ਪੰਚੈਤ ਨੇ ਤਾਂ ਬਥੇਰਾ ਸਮਝਾਇਆ ਸੀ ਭਾਈ ਕਿ ਮਹੀਨਾ-ਦੋ ਮਹੀਨੇ ਦੇਖਲਾ ਕੀ ਪਤਾ ਵਧ ਈ ਜਾਣ ਪਰ ਮਾਂ ਦੀ ਧੀ ਨੇ ਇੱਕ ਨੀ ਮੰਨੀ, ਕਹਿੰਦੀ ਨਾ, ਇਹਨੇ ਫੇਕ ਵਿਊ ਦਿਖਾ ਕੇ ਵਿਆਹ ਕਰਾਇਆ ਸੀ ਮੇਰੇ ਨਾਲ।
ਹੁਣ ਤਾਂ ਵਿਆਹ ਦਾ ਰੌਲਾ ਪੈਣ ਤੋਂ ਬਾਅਦ ਕੁੜੀਆਂ ਘਰ-ਜ਼ਮੀਨ ‘ਚੋਂ ਅੱਧ ਲੈਣ ਦਾ ਕੇਸ ਕਰਦੀਐਂ। ਫਿਰ ਚੈਨਲ ‘ਚੋਂ ਹਿੱਸਾ ਮੰਗਿਆ ਕਰਨਗੀਆਂ ਤੇ ਜੱਜ ਵੀ ਕਿਹਾ ਕਰੂ:- ਦੇਖ ਭਾਈ ਕਾਕਾ ਤੇਰਾ ਚੈਨਲ ਦੇਖ ਕੇ ਪਤਾ ਲਗਦੈ ਵੀ ਕਿੰਨੀਆਂ ਵੀਡੀਓਜ਼ ਕੁੜੀ ਨੇ ਵੀ ਤੇਰੇ ਨਾਲ ਬਣਾਈਐਂ, ਤਾਂ ਕਰਕੇ ਵੀਡੀਓਜ਼ ਤੋਂ ਹੋਈ ਕਮਾਈ ‘ਚੋਂ ਕੁੜੀ ਨੂੰ ਹਿੱਸਾ ਤਾਂ ਦੇਣਾ ਪਊ।
ਅੱਜਕਲ੍ਹ ਵਿਹਲੜਾਂ ਨੂੰ ਘਰਦੇ ਐਂ ਧੂਫ਼ ਦਿੰਦੇ ਐ:- ਕਰਲੈ ਓਏ ਤੂੰ ਵੀ ਕੁਛ, ਸਾਰਾ ਦਿਨ ਵਿਹਲਾ ਪਿਆ ਰਹਿਨੈ। ਕੈਲੇ ਕਾ ਮੁੰਡਾ ਦੇਖ ਕਿੰਨੀ ਸੋਹਣੀ ਨੌਕਰੀ ਲੈਗਿਆ, ਨਾਲੇ ਰੁਲਦੂ ਕੇ ਮੁੰਡੇ ਕੰਨੀ ਦੇਖ ਕਿੰਨੀ ਵਧੀਆ ਕਬੀਲਦਾਰੀ ਸੈੱਟ ਕਰਗਿਆ। ਆਉਣ ਆਲੇ ਟੈਮ ‘ਚ ਬੰਦਾ ਬਾਹਰੋਂ ਆਇਆ ਕਰੂ ਅੱਕਿਆ ਜਾ ਤੇ ਆ ਕੇ ਆਵਦੇ ਵਿਹਲੜ ਮੁੰਡੇ ਨੂੰ ਪੈਜਿਆ ਕਰੂ:- ਕੰਜਰਦਿਆ ਤੈਥੋਂ ਸਾਰਾ ਦਿਨ ਯੂਟੂਬ ਈ ਨੀ ਲੋਟ ਆਉਂਦੀ, ਆਪ ਵੀ ਰੀਲਾਂ-ਰੂਲਾਂ ਵੀ ਬਣਾ ਲਿਆ ਕਰ ਭੋਰਾ, ਕੱਲੇ ਲੋਕਾਂ ਦੇ ਈ ਵਿਊ ਵਧਾਈ ਜਾਨੈ। ਨੱਥੇ ਦੇ ਮੁੰਡੇ ਨੇ ਤਿੰਨ ਮਹੀਨੇ ਪਹਿਲਾਂ ਚੈਨਲ ਬਣਾਇਆ ਸੀ, ਆਵਦੇ ਘਰਆਲੀ ਨਾਲ ਵੀਡੀਓਜ਼ ਪਾ-ਪਾ ਕੇ ਚੈਨਲ ਮੋਨੇਟਾਈਜ਼ ਵੀ ਕਰਾ ਗਿਆ, ਇੱਕ ਤੂੰ ਐਂ ਜਿਹੜਾ ਨੈੱਟ ਪੈਕ ਨੂੰ ਵੀ ਪੈਸੇ ਘਰੋਂ ਲੈਨੇ।
ਗੁਰਵਿੰਦਰ ਮਲਕਾਣਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)