ਪਸੰਦ-ਨਾਪਸੰਦ ਕਰਨ ਦਾ ਹੱਕ

3

ਨਿੱਤ ਦਿਹਾੜੀ ਹੀ ਵੇਖਣ-ਵਿਖਾਉਣ ਦੀ ਚੱਕਰਾਂ ਤੋਂ ਤੰਗ ਆਈ ਨੇ ਕਾਲਰ ਆਈਡੀ ਤੋਂ ਨੰਬਰ ਪੜਿਆ ਅਤੇ ਅਗਲੇ ਦਿਨ ਵੇਖਣ ਆਉਣ ਵਾਲਿਆਂ ਦੇ ਘਰ ਨੰਬਰ ਮਿਲਾ ਦਿੱਤਾ!
ਕਿਸੇ ਨੇ ਅੱਗੋਂ ਫੋਨ ਚੁੱਕਿਆ ਤਾਂ ਸਿੱਧਾ ਪੁੱਛ ਲਿਆ…ਜੀ ਜਸਦੀਪ ਜੀ ਨਾਲ ਗੱਲ ਹੋ ਸਕਦੀ ਏ?

“ਹਾਂ ਜੀ ਮੈਂ ਜਸਦੀਪ..ਜਸਦੀਪ ਹੀ ਬੋਲ ਰਿਹਾ ਹਾਂ..ਪਰ ਤੁਸੀਂ ਕੌਣ”?

“ਜੀ ਮੈਂ ਨਵਪ੍ਰੀਤ..ਨਵਪ੍ਰੀਤ ਕੌਰ…ਤੁਸੀਂ ਕੱਲ ਮੈਨੂੰ ਮੇਰੇ ਘਰ ਵੇਖਣ ਆ ਰਹੇ ਓ..ਇਸਤੋਂ ਪਹਿਲਾਂ ਕੇ ਤੁਸੀਂ ਸਾਢੇ ਘਰੇ ਆ ਮੇਰੇ ਮਾਪਿਆਂ ਨੂੰ ਖੇਚਲ ਪਾਵੋ..ਕੁਝ ਗੱਲਾਂ ਫੋਨ ਤੇ ਹੀ ਦੱਸ ਦੇਣੀਆਂ ਜਰੂਰੀ ਸਮਝਦੀ ਹਾਂ”

“ਰੰਗ ਬਹੁਤ ਗੋਰਾ ਨਹੀਂ..ਬੱਸ ਕਣਕ-ਵੰਨਾ ਏ..ਕਦ ਪੰਜ ਫੁੱਟ ਦੋ ਇੰਚ..ਅਗਲੇ ਮਹੀਨੇ ਅਠਾਈਆਂ ਦੀ ਹੋ ਜਾਵਾਂਗੀ..ਡੀ.ਸੀ ਆਫਿਸ ਜੂਨੀਅਰ ਡਿਵੀਜਨ ਕਲਰਕ ਦੀ ਨੌਂ ਤੋਂ ਪੰਜ ਵਾਲੀ ਪੋਸਟ..ਬਾਈ ਹਜਾਰ ਤਨਖਾਹ ਏ..ਐੱਮ.ਏ ਪੰਜਾਬੀ..ਦਰਮਿਆਨਾ ਕਿਰਸਾਨੀ ਪਰਿਵਾਰ..ਦੋ ਨਿੱਕੀਆਂ ਭੈਣਾਂ..ਕੱਲ ਜਾਮਨੀ ਰੰਗ ਦੇ ਸੂਟ ਵਿਚ ਤਿੰਨ ਨੰਬਰ ਕਾਊਂਟਰ ਤੇ ਬੈਠੀ ਹੋਵਾਂਗੀ..
ਆ ਕੇ ਦੂਰੋਂ ਝਾਤੀ ਮਾਰ ਲੈਣਾ ਤੇ ਫੇਰ ਸਲਾਹ ਕਰ ਲੈਣੀ ਕੇ ਸਾਡੇ ਘਰੇ ਆਉਣਾ ਕੇ ਨਹੀਂ..ਤੁਹਾਡੇ ਜਾਣ ਮਗਰੋਂ ਤੁਹਾਡਾ ਜੁਆਬ ਉਡੀਕਦੇ ਮੇਰੇ ਮਾਪੇ ਹਰੇਕ ਐਰੇ-ਗੈਰੇ ਨੂੰ ਸਫਾਈਆਂ ਦਿੰਦੇ ਫਿਰਨ..ਇਹ ਮੈਥੋਂ ਸਹਿਣ ਨਹੀਂ ਹੁੰਦਾ”

“ਹਾਂ ਇੱਕ ਹੋਰ ਗੱਲ..ਅਵਵਲ ਤੇ ਮੈਨੂੰ ਪੱਕਾ ਪਤਾ ਕੇ ਏਨਾ ਕੁਝ ਸੁਣਨ ਮਗਰੋਂ ਤੁਸੀਂ ਕੱਲ ਆਵੋਗੇ ਹੀ ਨਹੀਂ..ਜੇ...

ਆ ਵੀ ਗਏ ਤੇ ਪਸੰਦ ਨਾਪਸੰਦ ਦੀਂ ਚੋਇਸ ਸਿਰਫ ਤੁਹਾਡੀ ਹੀ ਨਹੀਂ ਹੋਵੇਗੀ..ਦੋਵੇਂ ਧਿਰਾਂ ਨੂੰ ਫੈਸਲਾ ਲੈਣ ਦਾ ਬਰੋਬਰ ਦਾ ਹੱਕ ਹੋਵੇਗਾ”

ਮਗਰੋਂ ਲੰਮਾ ਸਾਰਾ ਸਾਹ ਲਿਆ ਤੇ ਠਾਹ ਕਰਦਾ ਫੋਨ ਥੱਲੇ ਪਟਕ ਦਿਤਾ!

ਅਗਲੇ ਦਿਨ ਸ਼ਾਮੀਂ ਕੰਮ ਤੋਂ ਘਰ ਮੁੜੀ ਤਾਂ ਮਾਂ ਆਖਣ ਲੱਗੀ ਕੇ ਜੁਆਬ ਆ ਗਿਆ ਕੇ ਕਿਸੇ ਨੇ ਨਹੀਂ ਆਉਣਾ..ਪਰ ਕੁੜੀ ਸਾਨੂੰ ਪਸੰਦ ਏ..ਜੇ ਤੁਹਾਡੀ ਹਾਂ ਏ ਤਾਂ ਸਿੱਧਾ ਮੰਗਣੀ ਦੀਂ ਤਰੀਕ ਪੱਕੀ ਕਰ ਲਵਾਂਗੇ”

ਮਾਂ ਹੈਰਾਨ ਸੀ ਪਰ ਮੈਂ ਅੰਦਰੋਂ ਅੰਦਰ ਮੁਸਕੁਰਾ ਰਹੀ ਸੀ ਤੇ ਯਾਦ ਕਰ ਰਹੀ ਸੀ ਕੇ ਕਿੱਦਾਂ ਕਿਸੇ ਨੇ ਦੁਪਹਿਰ ਕੂ ਵੇਲੇ ਕਾਊਂਟਰ ਤੇ ਕੰਮ ਕਰਦੀ ਕੋਲ ਆ ਕੇ ਖੰਗੂੜਾ ਮਾਰਿਆਂ..

ਜਦੋਂ ਪੁੱਛਿਆ ਕੇ ਕੀ ਕੰਮ ਏ ਤਾਂ ਗਾਜਰੀ ਰੰਗੀ ਪੱਗ ਬੰਨੀ ਉਹ ਅੱਗੋਂ ਆਖਣ ਲੱਗਾ ਕੇ ਮੈਂ ਜਸਦੀਪ…”

“ਅੱਛਾ ਤੇ ਮੈਨੂੰ ਦੇਖਣ ਆਏ ਹੋ?..ਮੈਂ ਠਾਹ ਕਰਦਾ ਸਵਾਲ ਪੁੱਛ ਮਾਰਿਆ!

“ਨਹੀਂ ਜੀ ਆਪਣੇ ਆਪ ਨੂੰ ਦਿਖਾਉਣ ਆਇਆ ਹਾਂ..ਕਿਸੇ ਸੁਨੇਹਾ ਦਿੱਤਾ ਸੀ ਕੇ ਪਸੰਦ-ਨਾਪਸੰਦ ਕਰਨ ਦਾ ਹੱਕ ਦੋਨੋ ਪਾਸਿਆਂ ਨੂੰ ਬਰੋਬਰ ਦਾ ਹੋਣਾ ਚਾਹੀਦਾ ਏ”

ਮਗਰੋਂ ਅੱਧੇ ਦਿਨ ਦੀ ਛੁੱਟੀ ਲੈ ਲਈ..

ਫੇਰ ਕੰਟੀਨ ਵਿਚ ਪਤਾ ਹੀ ਨਹੀਂ ਲੱਗਾ ਕਦੋਂ ਗਾਜਰੀ ਰੰਗ ਦੀ ਪੱਗ ਬੰਨੀ ਸਾਮਣੇ ਬੈਠਾ “ਜਸਦੀਪ ਸਿੰਘ” ਤੁਸੀਂ ਤੋਂ “ਤੂੰ” ਹੋ ਗਿਆ..!

ਹਰਪ੍ਰੀਤ ਸਿੰਘ ਜਵੰਦਾ

Leave A Comment!

(required)

(required)


Comment moderation is enabled. Your comment may take some time to appear.

Comments

3 Responses

  1. sukhpreet

    beautiful ❤️😍

  2. Kirandeep kaur Shergill

    very nice story

  3. harpinder singh

    bht vdiaaa lgi story waheguru chrdi klaa bakhshe

Like us!