More Punjabi Kahaniya  Posts
ਪੈਂਡਾ ਇਸ਼ਕੇ ਦਾ


ਪੈਂਡਾ ਇਸ਼ਕੇ ਦਾ

ਇਸ਼ਕ ਨੂੰ ਇਬਾਦਤ ਕਹਿਣ ਵਾਲਿਆਂ ਦੇ ਨਾਮ
ਕੁਝ ਸ਼ਬਦ
ਜੇਕਰ ਸਭ‌ ਤੋਂ ਗੁੰਝਲਦਾਰ ਪਹੇਲੀ ਲੱਭ‌‌ ਰਹੇ ਹੋ ਤਾਂ ਇੱਕ ਲੇਖਕ ਨੂੰ ਲੱਭ ਲਵੋ‌ ਉਸਤੋਂ ਵੱਧ‌ ਮੇਰੇ ਹਿਸਾਬ ਨਾਲ਼ ਤੁਹਾਨੂੰ ਕੁਝ ਵੀ ਐਨੀ‌ ਉਲਝਣ ਵਾਲ਼ਾ ਨਹੀਂ ਮਿਲ਼ੇਗਾ,ਬਹੁਤ ਸਾਰੇ ਰਾਜ਼, ਜ਼ਜ਼ਬਾਤ, ਭਾਵਨਾਵਾਂ ਨੂੰ ਲੈ ਗੁਰਪ੍ਰੀਤ ਨੇ ਇੱਕ ਜਿਉਂਦੀ ਜਾਗਦੀ ਦੇਹ ਨੂੰ ਸਮਰਪਿਤ ਇਹ ਕਹਾਣੀ ਲਿਖੀ ਜਿਸਦੀ ਸ਼ਬਦਾਵਲੀ ਤੇ ਜੜਤ‌ ਦੋਵੇਂ ਹੀ ਪ੍ਰਸੰਸਾ ਦਾਇਕ ਨੇ , ਮੈਂ ਉਸ ਪਰਮ ਪਰਮਾਤਮਾ ਅੱਗੇ ਅਰਦਾਸ ਕਰਦਾਂ ਹਾਂ ਕਿ ਵੀਰ ਨੂੰ ਹਮੇਸ਼ਾ ਚੰਗਾ ਤੇ ਐਦਾਂ ਹੀ ਖੂਬਸੂਰਤ ਤੇ ਹਕੀਕੀ ਲਿਖਣ‌‌ ਦਾ ਵੱਲ਼ ਬਖ਼ਸ਼ਣ।
ਸੁਖਦੀਪ ਸਿੰਘ ਰਾਏਪੁਰ
ਪੈਂਡਾ ਇਸ਼ਕੇ ਦਾ
ਭਾਗ ਦੂਜਾ

ਰਾਜਵੀਰ ਦੇ ਨਾਲ ਤੁਸੀਂ ਆਏ ਹੋ? ਇੱਕ ਨਰਸ ਨੇ ਕੋਲ ਆ ਕੇ ਗੁਰੀ ਤੇ ਲੱਖੇ ਨੂੰ ਪੁੱਛਿਆ। ਹਾਂਜੀ… ਉਹਨਾਂ ਦਾ ਅਪਰੇਸ਼ਨ ਕਰਨਾ ਹੈ, ਸੱਟ ਬਹੁਤ ਹੈ, ਤੁਸੀਂ ਆਹ ਪੇਪਰ ਤੇ ਸਾਈਨ ਕਰਦੋ। ਨਰਸ ਨੇ ਇੱਕ ਫਾਰਮ ਦਿੰਦੇ ਹੋਏ ਕਿਹਾ। ਲੱਖੇ ਨੇ ਗੁਰੀ ਨੂੰ ਕਿਹਾ ਤੂੰ ਕਰਦੇ ਬਾਈ ਸਾਈਨ, ਅੰਕਲ ਹੁਣੀ ਤਾਂ ਹਜੇ ਆਏ ਨਹੀਂ। ‘ ਮੈਂ ਮਰ ਜਾਣਾ ਯਾਰੋ ‘ ਰਾਜਵੀਰ ਦੇ ਕਹੇ ਹੋਏ ਬੋਲ ਗੁਰੀ ਦੇ ਕੰਨਾਂ ਚ ਗੂੰਜਣ ਲੱਗ ਪਏ। ਓਸਨੇ ਕੰਬਦੇ ਹੱਥਾਂ ਨਾਲ ਪੈੱਨ ਫੜਿਆ ਤੇ ਸਾਈਨ ਕਰ ਦਿੱਤੇ।
         ਆਈ ਸੀ ਯੂ ਤੋਂ ਡਾਕਟਰ ਦੇ ਬਾਹਰ ਨਿਕਲਣ ਦੀ ਵੇਟ ਕਰਦੇ ਗੁਰੀ ਦੀਆਂ ਅੱਖਾਂ ਪੱਥਰ ਬਣੀਆਂ ਹੋਈਆਂ ਸਨ। ਹੁਣ ਤੱਕ ਰਾਜਵੀਰ ਦੇ ਘਰ ਵਾਲੇ ਵੀ ਆ ਗਏ ਸਨ, ਸਭ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੇ ਸਨ। ਡਾਕਟਰ ਨੇ ਬਾਹਰ ਆ ਕੇ ਰਾਜਵੀਰ ਦੇ ਡੈਡੀ ਜੀ ਨੂੰ ਆਪਣੇ ਕੈਬਿਨ ਚ ਆਉਣ ਨੂੰ ਕਿਹਾ, ਗੁਰੀ ਵੀ ਉਹਨਾਂ ਦੇ ਨਾਲ ਚਲਾ ਗਿਆ।l
   ਹਾਂਜੀ ਡਾਕਟਰ ਸਾਹਬ , ਰਾਜਵੀਰ ਠੀਕ ਤੇ ਹੈ ਨਾ? ਰਾਜਵੀਰ ਦੇ ਡੈਡੀ ਨੇ ਪੁੱਛਿਆ। ਦੇਖੋ ਸਰਦਾਰ ਸਾਹਬ, ਸੱਟ ਸਿਰ ਚ ਲੱਗੀ ਹੈ। ਸਪਾਈਨ ਚ ਵੀ ਸੱਟ ਹੈ। ਅਪਰੇਸ਼ਨ ਸਹੀ ਹੋ ਗਿਆ ਹੈ, ਪਰ…! ਪਰ ਕੀ ਡਾਕਟਰ ਸਾਹਬ? ਜਿੰਨਾ ਚਿਰ ਰਾਜਵੀਰ ਨੂੰ ਹੋਸ਼ ਨਹੀਂ ਆਉਂਦਾ ਕੁੱਝ ਨਹੀਂ ਕਿਹਾ ਜਾ ਸਕਦਾ। ਮੈਂ ਤੁਹਾਡੇ ਤੋਂ ਕੁੱਝ ਓਹਲਾ ਨਹੀਂ ਰੱਖਣਾ ਚਾਹੁੰਦਾ, ਓਸ ਨੂੰ ਹੋਸ਼ ਜਲਦੀ ਵੀ ਆ ਸਕਦੀ ਹੈ ਤੇ ਕੁੱਝ ਦਿਨ ਵੀ ਲੱਗ ਸਕਦੇ ਹਨ। ‘ ਵਾਹਿਗੁਰੂ ‘ ਰਾਜਵੀਰ ਦੇ ਡੈਡੀ ਨੇ ਹਾਉਕਾ ਲਿਆ। ਹੁਣ ਕੀ ਬਣੇਗਾ ਪੁੱਤ? ਰਾਜਵੀਰ ਦੇ ਡੈਡੀ ਨੇ ਕੈਬਿਨ ਚੋਂ ਬਾਹਰ ਆਉਂਦੇ ਹੋਏ ਕਿਹਾ। ਅੰਕਲ ਜੀ ਤੁਸੀਂ ਫ਼ਿਕਰ ਨਾ ਕਰੋ, ਰਾਜਵੀਰ ਬਹੁਤ ਜਲਦੀ ਠੀਕ ਹੋ ਜਾਵੇਗਾ, ਮੈਂ ਤੁਹਾਡੇ ਕੋਲ ਹਾਂ, ਕੋਈ ਚਿੰਤਾਂ ਨਾ ਕਰੋ ਬਸ। ਤੁਸੀਂ ਅੰਟੀ ਹੁਣਾਂ ਨੂੰ ਕੁੱਝ ਨਹੀਂ ਦੱਸਣਾ ਬਸ।
   ਰਾਤ ਦੇ 11 ਵੱਜ ਗਏ ਸਨ। ਗੁਰੀ ਤੇ ਲੱਖੇ ਨੇ ਅੰਕਲ ਹੁਣਾ ਨੂੰ ਆਰਾਮ ਕਰਨ ਦਾ ਕਹਿ ਦਿੱਤਾ ਸੀ ਕਿ ਅਸੀਂ ਏਥੇ ਹੈਗੇ ਹਾਂ ਰਾਤ ਨੂੰ ਦੋਵੇਂ ਜਾਣੇ। ਕਮਰੇ ਦੇ ਬਾਹਰ ਬੈਠੇ ਗੁਰੀ ਦੇ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਸਾਰਾ ਦ੍ਰਿਸ਼ ਅੱਖਾਂ ਅੱਗੇ ਆਉਣ ਲੱਗਾ। ਆਪਾਂ ਜੋਬਨ ਨੂੰ ਦੱਸ ਦਈਏ? ਲੱਖੇ ਨੇ ਗੁਰੀ ਨੂੰ ਸੋਚਾਂ ਚ ਪਏ ਨੂੰ ਹਿਲਾਇਆ। ….ਹਾਂ… ਗੁਰੀ ਨੂੰ ਇੱਕ ਦਮ ਯਾਦ ਆਇਆ ਕਿ ਉਸਨੂੰ ਕਿਸੇ ਨੇ ਰਾਜਵੀਰ ਦਾ ਮੋਬਾਈਲ ਤੇ ਪਰਸ ਫੜਾਇਆ ਸੀ, ਜੋ ਓਹਨੇ ਲੱਖੇ ਨੂੰ ਫੜਾ ਦਿੱਤਾ ਸੀ। …ਰਾਜਵੀਰ ਦਾ ਮੋਬਾਈਲ ਸੀ ਤੇਰੇ ਕੋਲ ਦਵੀ ਜਰਾ…! ਲੱਖੇ ਨੇ ਮੋਬਾਈਲ ਜੇਬ ਚੋਂ ਕੱਢ ਕੇ ਫੜਾਇਆ। ਗੁਰੀ ਨੇ ਫੋਨ ਆਨ ਕੀਤਾ, ਦੇਖਿਆ ਕਿ ਜੋਬਨ ਦੀਆਂ 4 ਮਿਸ ਕਾਲ ਆਈਆਂ ਹੋਈਆਂ ਸਨ। ਉਸ ਦੀ ਨਿਗ੍ਹਾ ਟੈਕਸਟ ਮੈਸੇਜ ਤੇ ਪਈ, ਖੋਲ ਕੇ ਦੇਖੇ ਤਾਂ ਜੋਬਨ ਦੇ ਕਈ ਮੈਸੇਜ ਸਨ। ” ਕਿੱਥੇ ਹੋ ਰਾਜ? ਫੋਨ ਨਹੀਂ ਪਿਕ ਕਰ ਰਹੇ।” … ਦੂਜਾ ਮੈਸੇਜ, ” ਤੁਸੀਂ ਦੱਸੋ ਮੈਂ ਕਿਧਰ ਜਾਵਾਂ?”… ਕੁੱਝ ਹੋਰ ਮੈਸੇਜ ਵੀ ਸਨ,। ਪਰ ਜਦੋਂ ਗੁਰੀ ਨੇ ਕੱਲ ਰਾਤ ਵਾਲਾ ਮੈਸੇਜ ਪੜਿਆ ਤਾਂ ਇਕਦਮ ਸੁੰਨ ਹੋ ਗਿਆ। …” ਰਾਜ ਮੈਂ ਬਹੁਤ ਸਮਝਾਇਆ ਘਰਦਿਆਂ ਨੂੰ ਓਹ ਨਹੀ ਮੰਨ ਰਹੇ, ਉਲਟਾ ਮੇਰੇ ਤੇ ਬਹੁਤ ਬੰਦਿਸ਼ਾਂ ਲੱਗ ਗਈਆਂ ਨੇ। ਅਗਲੇ ਹਫਤੇ ਮੈਨੂੰ ਦੇਖਣ ਵਾਲੇ ਆ ਰਹੇ ਨੇ। ਮੈਨੂੰ ਲੱਗਦਾ ਮੈਂ ਹੁਣ ਕੁੱਝ ਨਹੀਂ ਕਰ ਸਕਦੀ। ਮੈਨੂੰ ਸਮਝ ਨਹੀਂ ਆਉਂਦੀ ਮੈਂ ਤੈਨੂੰ ਕਿਵੇਂ ਕਹਾਂ, ਤਾਂ ਮੈਸੇਜ ਕਰ ਰਹੀ ਹਾਂ। ਮੈਨੂੰ ਸਮਝ ਨਹੀਂ ਆਉਂਦਾ ਕੀ ਕਰਾਂ।” …. ਗੁਰੀ ਨੂੰ ਹੁਣ ਅਹਿਸਾਸ ਹੋ ਰਿਹਾ ਸੀ ਕੇ ਰਾਜਵੀਰ ਅੱਜ ਸਵੇਰੇ ਐਨਾ ਉਦਾਸ ਕਿਉਂ ਸੀ। ਜਦ ਓਸਨੇ ਕਿਹਾ ਸੀ ਕਿ ਪ੍ਰਿੰਟ ਆਊਟ ਲੈ ਆ ਤਾਂ ਓਹਨੇ ਇੱਕ ਵਾਰ ਵੀ ਨਹੀਂ ਕਿਹਾ ਸੀ ਕੇ ਮੈਂ ਨਹੀਂ ਜਾਣਾ ਇਕੱਠੇ ਚਲਦੇ ਹਾਂ। ਜਦਕਿ ਅੱਗੇ ਕਿਸੇ ਕੰਮ ਚ ਇਕੱਲਾ ਜਾਣ ਲਈ ਮੰਨਦਾ ਨਹੀ ਹੁੰਦਾ ਸੀ। ਜੇ ਓਸਨੂੰ ਪਤਾ ਹੁੰਦਾ ਓਹਦੇ ਅੰਦਰ ਕੀ ਚੱਲ ਰਿਹਾ ਤਾਂ ਕਦੇ ਵੀ ਰਾਜਵੀਰ ਨੂੰ ਇਕੱਲਾ ਨਾ ਭੇਜਦਾ। ਰਾਜਵੀਰ ਦੀ ਹਾਲਤ ਬਾਰੇ ਸੋਚ ਕੇ ਗੁਰੀ ਰੋਣ ਲੱਗ ਪਿਆ। ਲੱਖਾ ਵੀ ਗੁਰੀ ਨੂੰ ਗਲਵਕੜੀ ਪਾ ਕੇ ਰੋ ਪਿਆ।
        ਅਗਲੇ ਦਿਨ ਚੈੱਕਅਪ ਕਰਨ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਹਜੇ ਵੀ ਖਤਰਾ ਓਵੇਂ ਦਾ ਓਵੇਂ ਹੀ ਹੈ। ਰਾਜਵੀਰ ਦੇ ਘਰ ਦਿਆਂ ਦਾ ਬੁਰਾ ਹਾਲ ਹੋਇਆ ਪਿਆ ਸੀ। ਗੁਰੀ ਨੇ ਕੁੱਝ ਸੋਚ ਕੇ ਜੋਬਨ ਨੂੰ ਫੋਨ ਕੀਤਾ, ਹੈਲੋ! …ਹਾਂਜੀ ਗੁਰੀ? …ਕਿਵੇਂ ਹੋ? ਮੈਂ ਠੀਕ, ਰਾਜਵੀਰ ਕੱਲ ਦਾ ਫੋਨ ਨਹੀਂ ਚੱਕ ਰਿਹਾਂ? ਹਾਂ ਜੋਬਨ ਓਹ… ਹਹ… ਓਹਦਾ ਐਕਸੀਡੈਂਟ ਹੋ ਗਿਆ, ਲੁਧਿਆਣੇ ਐਡਮਿਟ ਹੈ। ਕੀ?? ਜੋਬਨ ਨੂੰ ਇੱਕ ਦਮ ਯਕੀਨ ਨਹੀਂ ਆਇਆ, ਕਦੋਂ? ਕਿਵੇਂ? ਠੀਕ ਤਾਂ ਹੈ ਉਹ? …. ਨਹੀਂ ਜੋਬਨ ਓਹ ਠੀਕ ਨਹੀਂ ਹੈ, ਕੋਮਾ ਚ ਹੈ, ਬੋਲਦੇ ਦਾ ਗੁਰੀ ਦਾ ਗੱਚ ਭਰ ਆਇਆ। ਇਹ ਕਿਦਾਂ ਹੋ ਗਿਆ ਗੁਰੀ? ਜੋਬਨ ਵੀ ਮਨ ਭੈੜਾ ਕਰਨ ਲੱਗੀ। ਜੋਬਨ ਡਾਕਟਰ ਦਾ ਕਹਿਣਾ ਕੇ ਪਤਾ ਨਹੀਂ ਕਿੰਨਾ ਸਮਾਂ ਲੱਗੇ ਹੋਸ਼ ਆਉਣ ਨੂੰ, ਸੱਟ ਸਿਰ ਵਿੱਚ ਲੱਗੀ ਹੈ, ਚੱਲ ਠੀਕ ਹੈ ਫੇਰ ਗੱਲ ਕਰਾਂਗਾ, ਗੁਰੀ ਨੇ ਕੋਈ ਹੋਰ ਗੱਲ ਕਰਨੀ ਮੁਨਾਸਿਬ ਨਾ ਸਮਝੀ। ਤੁਸੀਂ ਪਲੀਜ ਉਸ ਦਾ  ਖਿਆਲ ਰੱਖਣਾ ਗੁਰੀ, ਜੋਬਨ ਨੇ ਕਹਿੰਦੇ ਹੋਏ ਫੋਨ ਰੱਖ ਦਿੱਤਾ।
           ਅੱਜ ਅੱਠ ਦਿਨ ਹੋ ਗਏ ਸਨ ,ਪਰ ਰਾਜਵੀਰ ਨੂੰ ਹਜੇ ਵੀ ਪੂਰੀ ਹੋਸ਼ ਚ ਨਹੀਂ ਆਇਆ ਸੀ। ਰਾਜਵੀਰ ਦੇ ਡੈਡੀ ਨੇ ਗੁਰੀ ਹੁਣਾਂ ਨੂੰ ਕਿਹਾ ਕਿ ਪੁੱਤ ਤੁਸੀਂ ਕਾਲਜ ਚਲੇ ਜਾਵੋ, ਐਨੇ ਦਿਨ ਹੋ ਗਏ ਤੁਹਾਡੀ ਪੜਾਈ ਖਰਾਬ ਹੋ ਰਹੀ ਹੈ, ਉੱਤੋਂ ਪੇਪਰ ਵੀ ਨੇੜੇ ਨੇ ਤੁਹਾਡੇ। ਵੈਸੇ ਲੱਖਾ ਵਿੱਚ ਦੀ 2 ਦਿਨ ਜਾ ਆਇਆ ਸੀ ਕਾਲਜ ਤੇ ਸਾਰਾ ਕੁੱਝ ਡਿਪਾਰਟਮੇਂਟ ਹੈੱਡ ਨੂੰ ਦੱਸ ਆਇਆ ਸੀ। ਕੋਈ ਗੱਲ ਨਹੀਂ ਅੰਕਲ ਜੀ ਤੁਸੀਂ ਸਾਡੀ ਚਿੰਤਾ ਨਾ ਕਰੋ, ਅਸੀਂ ਆਪੇ ਸਾਰਾ ਮੈਨੈਜ ਕਰ ਲੈਣਾ। ਗੁਰੀ ਨੇ ਅੰਕਲ ਨੂੰ ਹਜੇ ਵਾਪਿਸ ਜਾਣ ਤੇ ਅਸਹਿਮਤੀ ਪ੍ਰਗਟਾਈ। ਗੁਰੀ ਜੋਬਨ ਨੂੰ ਵੀ ਫੋਨ ਤੇ ਰਾਜਵੀਰ ਦੀ ਹਾਲਤ ਦੱਸਦਾ ਰਹਿੰਦਾ ਸੀ। ਜਦ ਤੱਕ ਰਾਜਵੀਰ ਨੂੰ ਹੋਸ਼ ਨਹੀਂ ਆਉਂਦੀ , ਗੁਰੀ ਦਾ ਜਾਣ ਨੂੰ ਦਿਲ ਨਹੀਂ ਸੀ ਕਰਦਾ।
       ਗਿਆਰਵੇਂ ਦਿਨ ਰਾਜਵੀਰ ਨੂੰ ਹੋਸ਼ ਆ ਗਿਆ। ਡਾਕਟਰ ਨੇ ਦੱਸਿਆ ਕਿ ਵਾਹਿਗੁਰੂ ਦਾ ਸ਼ੁਕਰ ਹੈ, ਕਿ ਰਾਜਵੀਰ ਦੀ ਦਿਮਾਗੀ ਹਾਲਤ ਠੀਕ ਠਾਕ ਹੈ। ਪਰ ਇੱਕ ਅਫ਼ਸੋਸ ਹੈ ਕਿ ਸੱਟ ਦਾ ਅਸਰ ਉਸਦੀਆਂ ਲੱਤਾਂ ਤੇ ਪੈ ਗਿਆ ਹੈ। ਖੱਬੀ ਲੱਤ ਬਿਲਕੁਲ ਹਿਲਜੁੱਲ ਨਹੀਂ ਕਰਦੀ, ਜਦਕਿ ਸੱਜੀ ਲੱਤ ਚ ਥੋੜ੍ਹੀ ਮੂਵ ਮਿੰਟ ਹੈ। ਅਸੀਂ ਇਸ ਦੀ ਫਿਜ਼ੀਓਥਰੈਪੀ ਕਰਾਵਾਗੇ, ਹੋ ਸਕਦਾ ਲੱਤਾਂ ਠੀਕ ਹੋ ਜਾਣ। ਕੀ ਅਸੀਂ ਓਹਨੂੰ ਮਿਲ ਸਕਦੇ ਹਾਂ? ਰਾਜਵੀਰ ਦੇ ਡੈਡੀ ਨੇ ਪੁੱਛਿਆ! … ਹਾਂਜੀ ਇੱਕ ਇੱਕ ਕਰਕੇ ਮਿਲਣ ਜਾ ਸਕਦੇ ਹੋ। ਅੰਕਲ ਦੇ ਜਾਣ ਮਗਰੋਂ ਗੁਰੀ ਜਦ ਕਮਰੇ ਚ ਗਿਆ ਤਾਂ ਰਾਜਵੀਰ ਨੂੰ ਦੇਖ ਕੇ ਬੋਲਿਆ, ਕਿਵੇਂ ਆ ਯਾਰਾਂ?…ਰਾਜਵੀਰ ਨੇ ਬਸ ਅੱਖਾਂ ਦੀਆਂ ਪਲਕਾਂ ਝਪਕਾ ਕੇ ਜਵਾਬ ਦਿੱਤਾ। … ਉਹ ਕੋਈ ਗੱਲ ਨਹੀਂ, ਕੁੱਝ ਨਹੀਂ ਹੋਇਆ ਤੈਨੂੰ.. ਬਸ ਥੋੜੇ ਦਿਨਾਂ ਦੀ ਗੱਲ ਆ, ਤੂੰ ਬਿਲਕੁੱਲ ਠੀਕ ਹੋ ਜਾਣਾ, ਹੋਸਟਲ ਚ ਰੌਣਕਾਂ ਲਾਉਣੀਆਂ ਆਪਾਂ ਫੇਰ ਓਵੇਂ, ਗੁਰੀ ਨੇ ਰਾਜਵੀਰ ਨੂੰ ਦਿਲਾਸਾ ਦਿੱਤਾ। ਚੱਲ ਮੈਂ ਬਾਹਰ ਬੈਠਦਾ, ਤੂੰ ਆਰਾਮ ਕਰ ਹਲੇ, ਕੋਈ ਫ਼ਿਕਰ ਨਾ ਕਰੀ, ਸਾਰਾ ਕੁੱਝ ਠੀਕ ਹੈ। ਗੁਰੀ ਦੇ ਦਿਮਾਗ ਵਿੱਚ ਬਹੁਤ ਕੁੱਝ ਘੁੰਮ ਰਿਹਾ ਸੀ, ਰਾਜਵੀਰ ਦਾ ਭਵਿੱਖ, ਜੋਬਨ ਦੇ ਰਿਸ਼ਤੇ ਦਾ ਵੀ ਪਤਾ ਲੱਗ ਗਿਆ ਸੀ।
           ਕੁੱਝ ਦਿਨਾਂ ਬਾਅਦ ਰਾਜਵੀਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ, ਡਾਕਟਰ ਦਾ ਕਹਿਣਾ ਸੀ ਕਿ ਲੱਤਾਂ ਠੀਕ ਹੋਣਾ ਨਾ ਹੋਣਾ ਸਮੇਂ ਤੇ ਛੱਡਣਾ ਪਵੇਗਾ। ਤੁਸੀਂ ਹੁਣ ਘਰ ਲਿਜਾ ਸਕਦੇ ਹੋ। ਗੁਰੀ ਤੇ ਲੱਖਾ ਵਾਰੀ ਵਾਰੀ ਕਾਲਜ ਕਲਾਸਾਂ ਲਗਾ ਆਉਂਦੇ। ਵੈਸੇ ਵੀ ਹੁਣ ਫਾਈਨਲ ਪੇਪਰਾਂ ਕਰਕੇ ਕਲਾਸਾਂ ਫਰੀ ਵਾਂਗ ਹੋ ਗਈਆਂ ਸਨ। ਗੁਰੀ ਤੇ ਲੱਖਾ ਵੀ ਇੱਕ ਵਾਰ ਰਾਜਵੀਰ ਦੇ ਨਾਲ ਹੀ ਓਹਦੇ ਘਰ ਚਲੇ ਗਏ। ਘਰ ਆ ਕੇ ਰਾਜਵੀਰ ਨੇ ਗੁਰੀ ਹੁਣਾਂ ਨੂੰ ਕਿਹਾ ਕਿ ਤੁਸੀਂ ਜਾਓ ਯਾਰ ਪੇਪਰ ਦਵੋ ਜਾ ਕੇ, ਮੇਰਾ ਤਾਂ ਹਾਲ ਹੁਣ ਐਂਵੇ ਹੀ ਰਹਿਣਾ, ਕਹਿੰਦਾ ਅੱਖਾਂ ਭਰਨ ਲੱਗ ਗਿਆ। ਓਹ ਹੋ ਯਾਰ ਤੂੰ ਐਂਵੇ ਕੁੱਝ ਨਾ ਸੋਚ , ਕੋਈ ਗੱਲ ਨਹੀਂ ਆਪਾਂ ਪੇਪਰ ਦਵਾਵਾਗੇ ਤੇਰੇ ਵੀ, ਜਿਆਦਾ ਕੀ ਹੋਜੂ ਦੱਸ ਡਿਗਰੀ 6 ਮਹੀਨੇ ਲੇਟ ਹੋਜੂ। ਗੁਰੀ ਨੇ ਕਰੜੇ ਦਿਲ ਨਾਲ ਕਿਹਾ। …. ਤੈਨੂੰ ਪਤਾ ਨਹੀਂ ਬਾਈ ਜੋਬਨ!…. ਮੈਨੂੰ ਸਭ ਪਤਾ ਭਰਾ, ਗੁਰੀ ਨੇ ਰਜਵੀਰ ਨੂੰ ਗੱਲ ਕਹਿਣ ਤੋਂ ਪਹਿਲਾਂ ਹੀ ਰੋਕ ਲਿਆ। ਮੈਂ ਸਭ ਜਾਣਦਾ, ਕੋਈ ਨਾ ਆਪਾਂ ਕਰਦੇ ਹਾਂ ਇਹਦਾ ਵੀ ਹੱਲ ਕੋਈ, ਫਿਲਹਾਲ ਤੂੰ ਆਪਣੀ ਸਿਹਤ ਦੇਖ, ਆਰਾਮ ਕਰ।
         ਰਾਜਵੀਰ ਤੇ ਜੋਬਨ ਦੀ ਹੁਣ ਕਦੇ ਕਦੇ ਗੱਲ ਹੁੰਦੀ ਰਹਿੰਦੀ। ਜੋਬਨ ਆਪਣੇ ਘਰਦਿਆਂ ਅੱਗੇ ਬੇਵੱਸ ਹੋਣ ਦੀ ਦੁਹਾਈ ਦਿੰਦੀ ਰਹਿੰਦੀ। ਗੁਰੀ ਹੁਣਾਂ ਦੇ ਫਾਈਨਲ ਪੇਪਰ ਆ ਗਏ, ਪਰ ਫੇਰ ਵੀ ਓਹ ਰਾਜਵੀਰ ਨਾਲ ਗੱਲ ਕਰਦਾ ਰਹਿੰਦਾ। ਰਾਜਵੀਰ ਤੋਂ ਪੇਪਰ ਨਹੀਂ ਦਿੱਤੇ ਗਏ, ਭਾਵੇਂ ਓਸਦੀ ਇੱਕ ਲੱਤ ਤੇ ਥੋੜ੍ਹਾ ਥੋੜ੍ਹਾ ਭਾਰ ਆਉਣਾ ਸ਼ੁਰੂ ਹੋ ਗਿਆ ਸੀ, ਪਰ ਹਜੇ ਚਲ ਫਿਰ ਪਾਉਣਾ ਬਹੁਤ ਔਖਾ ਸੀ। ਇਸੇ ਦਰਮਿਆਨ ਜੋਬਨ ਦਾ ਰਿਸ਼ਤਾ ਹੋਣ ਵਾਲਾ ਸੀ। ਇੱਕ ਦਿਨ ਜੋਬਨ ਨੇ ਗੁਰੀ ਨੂੰ ਕਿਹਾ ਕਿ ਮੈਂ ਇੱਕ ਵਾਰ ਰਾਜਵੀਰ ਨੂੰ ਦੇਖਣ ਜਾਣਾ ਹੈ ਉਸਦੇ ਘਰ ਤੂੰ ਮੇਰੇ ਨਾਲ ਚੱਲ।
ਗੁਰੀ ਤੇ ਜੋਬਨ ਰਾਜਵੀਰ ਦੇ ਘਰ ਆ ਗਏ। ਬੈਠੇ ਹੋਏ ਰਾਜਵੀਰ ਨੇ ਫੇਰ ਗੱਲ ਛੇੜੀ ਕੇ ਬਸ ਮੈ ਹੁਣ ਠੀਕ ਹੋ ਰਿਹਾ ਹਾਂ, ਬਸ ਥੋੜ੍ਹਾ ਸਮਾਂ ਹੋਰ ਹੈ ਬਿਲਕੁਲ ਠੀਕ ਹੋ ਜਾਵਾਂਗਾ, ਤੂੰ ਮੇਰਾ ਥੋੜ੍ਹਾ ਇਤੰਜ਼ਾਰ ਕਰ। ਇਸ ਗੱਲ ਤੇ ਜੋਬਨ ਕੁੱਝ ਨਹੀਂ ਬੋਲੀ ਬਸ ਚੁੱਪ ਰਹੀ, ਸ਼ਾਇਦ ਓਹਨੇ ਇਸ ਸਮੇਂ ਕੋਈ ਗੱਲ ਕਰਨੀ ਸਹੀ ਨਹੀਂ ਸਮਝੀ। ਵਾਪਸੀ ਤੇ ਗੁਰੀ ਨੇ ਜੋਬਨ ਨੂੰ ਫੇਰ ਕਿਹਾ ਦੇਖ ਜੋਬਨ, ਰਾਜਵੀਰ ਤੈਨੂੰ ਬਹੁਤ ਪਸੰਦ ਕਰਦਾ, ਜੇ ਹੋ ਸਕੇ ਤਾਂ ਓਹਦਾ ਸਾਥ ਦਵੀ। ਜੋਬਨ ਦੀ ਫੇਰ ਕੋਈ ਖਾਸ ਪ੍ਰਤੀਕਿਰਿਆ ਨਹੀਂ ਸੀ।
        ਗੁਰੀ ਹੁਣ 1 ਹਫਤਾ ਰਾਜਵੀਰ ਕੋਲ ਜਾ ਨਹੀਂ ਸਕਦਾ ਸੀ, ਓਸਦੇ ਪੇਪਰ ਲਗਾਤਾਰ ਸਨ। ਅਗਲੇ ਦਿਨ ਜੋਬਨ ਨੇ ਰਾਜਵੀਰ ਨੂੰ ਮੈਸੇਜ ਕੀਤਾ ਕੇ ਮੇਰਾ ਆਉਂਦੇ ਐਤਵਾਰ ਨੂੰ ਰਿਸ਼ਤਾ ਹੋ ਰਿਹਾ ਹੈ। ਮੈਨੂੰ ਹੁਣ ਕਦੇ ਕੋਈ ਮੈਸਜ ਜਾਂ ਫੋਨ ਨਾ ਕਰੀ। ਰਾਜਵੀਰ ਨੇ ਫੋਨ ਲਗਾ ਲਿਆ ਤੇ ਕਿਹਾ, ” ਇਹ ਤੂੰ ਕੀ ਕਹਿ ਰਹੀ ਆ ਜੋਬਨ?” ਕੱਲ ਤਾਂ ਤੂੰ ਇਸ ਬਾਰੇ ਕੁੱਝ ਨਹੀਂ ਦੱਸਿਆ। ਤੂੰ ਐਂਵੇ ਕਿਵੇਂ ਕਰ ਸਕਦੀ ਹੈ?… ਬਸ ਰਾਜਵੀਰ ਮੈਂ ਹੋਰ ਕੁੱਝ ਨਹੀ ਕਹਿ ਸਕਦੀ। …. ਯਰ ਜੋਬਨ ਪਲੀਜ ਏਵੇਂ ਨਾ ਕਹਿ, ਮੈਨੂੰ ਤੇਰੀ ਇਸ ਸਮੇਂ ਬਹੁਤ ਲੋੜ ਹੈ, ਮੈਂ ਠੀਕ ਹੋ ਰਿਹਾਂ ਹਾਂ ਜੋਬਨ। ਸਭ ਠੀਕ ਕਰ ਲਵਾਂਗਾ, ਮੈਂ ਤੇਰੇ ਘਰਦਿਆਂ ਨਾਲ ਗੱਲ ਕਰੂ।…. ਹਾਂ ਤੇ ਓਹ ਮੰਨ ਜਾਣਗੇ ਹਨਾਂ? ਰਾਜਵੀਰ ਇਹ ਗੱਲਾਂ ਆਪਾਂ ਸਮਝਦੇ, ਘਰਦੇ...

ਨਹੀਂ ਸਮਝਦੇ। ਤੂੰ ਬਸ ਆਪਣਾ ਖਿਆਲ ਰੱਖੀ। ਬੱਸ ਮੈਨੂੰ ਕਦੇ ਹੁਣ ਫੋਨ ਨਾ ਕਰੀ।…..ਹੁਹ.. ਸੀਨੇ ਚੋਂ ਰੁੱਗ ਭਰਕੇ ਕਹਿਣੀ ਹੈ ਖਿਆਲ ਰੱਖੀ?… ਬੱਸ ਮੈਂ ਹੁਣ ਗੱਲ ਨਹੀਂ ਕਰ ਸਕਦੀ, ਐਨਾ ਕਹਿ ਕੇ ਜੋਬਨ ਨੇ ਕਾਲ ਕੱਟ ਦਿੱਤੀ।
         ਅਗਲੇ ਦਿਨ ਰਾਜਵੀਰ ਦਾ ਚੈੱਕਅਪ ਹੋਣਾ ਸੀ, ਕੁੱਝ ਰਿਪੋਰਟਾਂ ਆਈਆਂ ਸਨ। ਡਾਕਟਰ ਨੇ ਕਿਹਾ ਕਿ ਇੱਕ ਲੱਤ ਤਾਂ ਕਦੇ ਵੀ ਕੰਮ ਨਹੀਂ ਕਰੇਗੀ, ਦੂਜੀ ਲੱਤ ਦੇ ਵੀ ਪੂਰੀ ਤਰਾਂ ਠੀਕ ਹੋਣ ਦੇ ਚਾਂਸ ਘੱਟ ਹਨ। ਸਾਰਾ ਪਰਿਵਾਰ ਬਹੁਤ ਦੁਖੀ ਹੋਇਆ। ਰਾਜਵੀਰ ਨੇ  ਗੁਰੀ ਨੂੰ ਫੋਨ ਕਰਕੇ ਆਪਣੀਆਂ ਰਿਪੋਰਟਾਂ ਤੇ ਜੋਬਨ ਦੇ ਰਿਸ਼ਤੇ ਦੀ ਸਾਰੀ ਗੱਲ ਦੱਸੀ। ‘ ਮੇਰਾ ਹੁਣ ਜਿਊਣ ਨੂੰ ਦਿਲ ਨਹੀਂ ਕਰਦਾ ਯਰ” ਦੱਸਦਾ ਉੱਚੀ ਉੱਚੀ ਰੋਣ ਲੱਗ ਪਿਆ। ਗੁਰੀ ਵੀ ਬਹੁਤ ਦੁਖੀ ਹੋਇਆ, ” ਓਹ ਦੇਖ ਯਾਰਾਂ ਨਾ ਫ਼ਿਕਰ ਕਰ, ਅਸੀਂ ਤੇਰੇ ਨਾਲ ਹਾਂ ਨਾ” ।
ਮੇਰੀ ਇੱਕ ਗੱਲ ਆਵਦੇ ਦਿਮਾਗ ਚ ਰੱਖ ਲੈ, “ਜਾਣ ਵਾਲੇ ਨੂੰ ਕਦੇ ਕੋਈ ਰੋਕ ਨਹੀਂ ਸਕਦਾ”! ਓਹਦੇ ਜਾਣ ਨਾਲ ਜ਼ਿੰਦਗੀ ਤਾਂ ਨਹੀਂ ਰੁਕ ਜਾਣੀ, ਇਹ ਤੇਰਾ ਭਰਾ ਸਾਰੀ ਉਮਰ ਤੇਰੇ ਨਾਲ ਖੜਾ। ਤੂੰ ਕਿਸੇ ਗੱਲ ਦੀ ਚਿੰਤਾ ਨਾ ਕਰ ਯਾਰਾ।
        ਓਸੇ ਦਿਨ ਰਾਤ ਨੂੰ ਰਾਜਵੀਰ ਦਿਲ ਚ ਸੋਚਣ ਲੱਗਾ ਕੇ ਮੇਰੀ ਜ਼ਿੰਦਗੀ ਤਾਂ ਪਤਾ ਨਹੀਂ ਹੁਣ ਕਿਵੇਂ ਚੱਲੇਗੀ, ਮੈਂ ਜੋਬਨ ਨੂੰ ਰੋਕਾਂ ਵੀ ਤੇ ਕਿਸ ਅਧਾਰ ਤੇ। ਨਾਲੇ ਮੁੱਹਬਤ ਦਾ ਅਸੂਲ ਹੀ ਇਹੇ ਹੈ ਕਿ ਤੁਹਾਡਾ ਮਹਿਬੂਬ ਜਿਸ ਹਾਲ ਚ ਖੁਸ਼ ਹੈ ਖੁਸ਼ ਰੱਖੋ, ਚਾਹੇ ਓਸ ਲਈ ਕੋਈ ਵੀ ਕੁਰਬਾਨੀ ਦੇਣੀ ਪਵੇ। ਆਪਣੇ ਅੰਦਰ ਨਾਲ ਕਾਫੀ ਗੱਲਾਂ ਕਰਨ ਤੋਂ ਬਾਅਦ ਓਹਨੇ ਜੋਬਨ ਨੂੰ ਮੈਸੇਜ ਕਰ ਦਿੱਤਾ, ” ਹਾਂ ਜੋਬਨ, ਜੇ ਤੂੰ ਜਾਣ ਦਾ ਫੈਂਸਲਾ ਕੀਤਾ ਹੈ ਤਾਂ ਠੀਕ ਕੀਤਾ ਹੋਵੇਗਾ। ਮੈ ਤੈਨੂੰ ਰੋਕਾਂ ਗਾ ਨਹੀਂ, ਬਸ ਤੂੰ ਖੁਸ਼ ਰਹੇ ਮੇਰੀ ਇਹੋ ਦੁਆ ਹੈ।… ਹਾਂ ਪਰ ਇੱਕ ਗੱਲ ਯਾਦ ਰੱਖੀ, ਮੈਂ ਤੈਨੂੰ ਸਾਰੀ ਉਮਰ ਭੁੱਲ ਨਹੀਂ ਸਕਦਾ, ਆਖਿਰੀ ਸਾਹ ਤੱਕ ਨਹੀਂ”। ਜੋਬਨ ਨੇ ਉਸਦਾ ਮੈਸੇਜ ਦੇਖ ਲਿਆ, ਪਰ ਕੋਈ ਜਵਾਬ ਨਹੀਂ ਦਿੱਤਾ। ਸ਼ਾਇਦ ਓਹਨੇ ਸੋਚਿਆ ਹੋਵੇ ਕੇ ਸਮੇਂ ਦੇ ਨਾਲ ਓਹ ਆਪੇ ਭੁੱਲ ਜਾਵੇਗਾ।
          ਪੇਪਰ ਖਤਮ ਹੋਣ ਬਾਅਦ ਗੁਰੀ ਤੇ ਲੱਖਾ ਬਠਿੰਡੇ ਰਾਜਵੀਰ ਕੋਲ ਆਏ। ਗੁਰੀ ਓਸ ਵਾਸਤੇ ਕੁੱਝ ਸਾਹਿਤਿਕ ਕਿਤਾਬਾਂ ਲੈ ਕੇ ਆਇਆ, ਓਸਨੇ ਸੋਚਿਆ ਕਿ ਇਹਨਾਂ ਨੂੰ ਪੜ੍ਹ ਕੇ ਰਾਜਵੀਰ ਦਾ ਧਿਆਨ ਬਦਲੇਗਾ। ਗੁਰੀ ਤੇ ਲੱਖਾ ਕੁੱਝ ਦਿਨ ਰਾਜਵੀਰ ਕੋਲ ਰੁੱਕੇ, ਓਹ ਓਸ ਨਾਲ ਹਾਸਾ ਮਖੌਲ ਕਰਦੇ ਰਹਿੰਦੇ ,ਓਹਨੂੰ ਹਰ ਹੀਲੇ ਖੁਸ਼ ਰੱਖਣ ਦਾ ਸੋਚਦੇ। ਰਾਜਵੀਰ ਹੁਣ ਸਾਹਿਤ ਪੜ੍ਹਨ ਲੱਗ ਗਿਆ ਸੀ, ਓਸ ਦੇ ਅੰਦਰ ਉੱਠ ਰਹੀ ਲਾਟ ਤੇ ਕਿਤਾਬਾਂ ਨੇ ਬਾਰੂਦ ਦਾ ਕੰਮ ਕੀਤਾ। ਰਾਜਵੀਰ ਹੁਣ  ਲਿਖਣ ਲੱਗ ਗਿਆ। ਇੱਕ ਦਿਨ ਗੁਰੀ ਨੇ ਉਸ ਦੇ ਟੇਬਲ ਤੇ ਕੁੱਝ ਲਿਖਤਾਂ ਪਈਆਂ ਦੇਖੀਆਂ। ਉਹਨਾਂ ਚੋ ਇੱਕ ਸੀ,:
ਕਿਸੇ ਅਮਰ ਵੇਲ ਦੀ ਮਾਰੀ ਹੋਈ ਵੱਲ ਹਾਂ ਮੈਂ,
ਕਿਸੇ ਸਾਗਰ ਚੋ ਉੱਠਦੀ ਹੋਈ ਛੱਲ ਹਾਂ ਮੈਂ!
ਚਾਹ ਕੇ ਵੀ ਹੁਣ ਜਿੱਥੋਂ ਨਿਕਲ ਨਹੀਂ ਹੋਣਾ,
ਤੇਰੇ ਇਸ਼ਕ ਦੀ ਐਸੀ ਦਲਦਲ ਹਾਂ ਮੈਂ!

ਕੁਰੇਦਦਾ ਹਾਂ ਰਹਿੰਦਾ ਆਪਣੇ ਫੱਟਾਂ ਨੂੰ ਮੈਂ ਆਪੇ,
ਖੌਰੇ ਦੋਸ਼ੀ ਸਾਂ ਜਾਂ ਬੇਕ਼ਸੂਰ ਸਾਂ ਮੈਂ!
ਤੁਰ ਗਿਆ ਕੋਈ ਦਿਲ ਚ ਲੈ ਕੇ ਵਲਵਲੇ,
ਰੋਕ ਸਕਿਆ ਨਾ ਐਸਾ ਮਜਬੂਰ ਸਾਂ ਮੈਂ!

ਖਹਿੜਾ ਮੇਰਾ ਛੱਡਦੇ ਨਹੀਂ ਇਹ ਪੀੜਾਂ ਏ ਵਣਜਾਰੇ,
ਇੱਕ ਇੱਕ ਵਾਰ ਇਹਨਾਂ ਦਾ ਹੱਸ ਕੇ ਚੁੰਮ ਰਿਹਾਂ ਹਾਂ ਮੈਂ!
ਖਬਰੇ ਕਿੱਥੋਂ ਤੱਕ ਦਾ ਹੈ ਸਫ਼ਰ ਮਕਾਉਣਾ,
ਰੱਖ ਲੋਥ ਪਿਆਰ ਦੀ ਮੋਢਿਆਂ ਤੇ ਘੁੰਮ ਰਿਹਾਂ ਹਾਂ ਮੈਂ!

ਕਿੰਨਾ ਔਖਾ ਹੁੰਦਾ ਹੈ ਆਪਣੀ ਮੁੱਹਬਤ ਨੂੰ ਫਾਹੇ ਲਾਉਣਾ,
ਇਹ ਖ਼ਤਾ ਵੀ ਤੇ ਕਰ ਗਿਆ ਹਾਂ ਮੈਂ!
ਅੱਖੀਂ ਦੇਖਿਆ ਹੈ ਤੈਂਨੂੰ ਹੁੰਦੇ ਕਿਸੇ ਹੋਰ ਦਾ,
ਹਾਲਾਤਾਂ ਦਾ ਮਾਰਿਆ ਜਰ ਗਿਆ ਹਾਂ ਮੈਂ!

     ਯਰ ਰਾਜਵੀਰ, ਤੂੰ ਬੜਾ ਸੋਹਣਾ ਲਿਖਣ ਲੱਗ ਗਿਆ ਓਏ। … ਕੀ ਲਿਖਣ ਲੱਗ ਗਿਆ, ਬਸ ਆਵਦੇ ਜਜਬਾਤਾਂ ਨੂੰ ਕਾਗਜ਼ ਤੇ ਉਤਾਰ ਕੇ ਮਨ ਹਲਕਾ ਕੀਤਾ, ਰਾਜਵੀਰ ਨੇ ਝੂਠੀ ਜਿਹੀ ਮੁਸਕਾਨ ਨਾਲ ਕਿਹਾ। ….
ਨਹੀਂ ਯਾਰਾਂ ਤੂੰ ਲਿਖਿਆ ਕਰ ਐਂਵੇ ਹੀ ਆਪਣੇ ਜਜ਼ਬਾਤਾਂ ਨੂੰ, ਆਪਾਂ ਤੇਰੀ ਕਿਤਾਬ ਪਬਲਿਸ਼ ਕਰਵਾ ਦੇਣੀ, ਮੇਰਾ ਦਿਲ ਕਹਿੰਦਾ ਤੂੰ ਵੱਡਾ ਸ਼ਾਇਰ ਬਣੇਗਾ। ਗੁਰੀ ਨੇ ਰਾਜਵੀਰ ਨੂੰ ਦਿਲ ਦੀ ਗੱਲ ਮਜ਼ਾਕ ਚ ਕਹਿ ਦਿੱਤੀ।…. ਆਹੋ ਬਾਈ ਹਾਲਾਤਾਂ ਦਾ ਮਾਰਿਆ ਹੋਇਆ ਸ਼ਾਇਰ ਹਨਾਂ, ਰਾਜਵੀਰ ਵੀ ਓਹਦੇ ਨਾਲ ਹੱਸਣ ਲੱਗ ਪਿਆ। … ਸੱਚੀ ਬਾਈ ਮੁਹੱਬਤ ਚ ਟੁੱਟੇ ਹੋਏ ਸ਼ਾਇਰਾਂ ਦੀ ਸ਼ਾਇਰੀ ਚ ਵਜਨ ਬਹੁਤ ਹੁੰਦਾ, ਰਾਜਵੀਰ ਨੇ ਇਸ ਵਾਰ ਗੰਭੀਰ ਹੋ ਕੇ ਕਿਹਾ। ਤੂੰ ਬਸ ਲਿਖਿਆ ਕਰ, ਮਨ ਹਲਕਾ ਕਰਦਾ ਰਿਹਾ ਕਰ ਕਾਗ਼ਜ਼ਾਂ ਤੇ। ਫ਼ੇਰ ਦੋਵੇਂ ਹੱਸ ਪਏ।
         ਫ਼ੇਰ ਇੱਕ ਦਿਨ ਰਾਜਵੀਰ ਨੂੰ ਜੋਬਨ ਦੇ ਵਿਆਹ ਦੀ ਖਬਰ ਮਿਲੀ। ਉਸਦੇ ਸਕੂਲ ਦੇ ਕਿਸੇ ਦੋਸਤ ਨੇ ਜੋਬਨ ਦੇ ਵਿਆਹ ਵਾਲੇ ਦਿਨ ਦੀ ਫੋਟੋ ਸ਼ੇਅਰ ਕੀਤੀ ਹੋਈ ਸੀ। ਫੋਟੋ ਦੇਖ ਕੇ ਓਸਦੀ ਭੁੱਬ ਨਿਕਲ਼ ਜਾਣਾ ਸੁਭਾਵਿਕ ਸੀ। ਓਸ ਦਿਨ ਓਸਨੇ ਲਿਖਿਆ :-

ਸੂਹਾ ਜੋੜਾ ਸ਼ਗਨਾਂ ਦਾ ਤੇਰੇ ਫੱਬਿਆ ਏ,
ਨੂਰਾਨੀ ਮੁੱਖ ਤੇਰਾ ਅੱਜ ਹੋਰ ਕਿਸੇ ਲਈ ਸਜਿਆ ਏ!
ਮੇਰਾ ਖਿਆਲ ਵੀ ਅੱਜ ਤੇਰੇ ਕੋਲ ਨਹੀਂ,
ਸੱਜਰੇ ਚਾਵਾਂ ਚ ਕਿੱਧਰੇ ਪਿਆ ਦੱਬਿਆ ਏ!

ਚਿਰਾਂ ਤੋਂ  ਢੰਗ ਲੱਭ ਰਹੀ ਸੈ  ਭੁੱਲਣ ਦਾ,
ਹੁੰਦੀ ਹੁੰਦੀ ਅੱਜ ਆਖਿਰ ਹੋ ਗਈ ਪਰਾਈ ਏ!
ਤੇਰੇ  ਹੱਥ  ਜੋ  ਅੱਜ ਹੋ  ਗਏ  ਸੂਹੇ  ਨੇ,
ਮਹਿੰਦੀ ਨਹੀਂ ਮੇਰੀ  ਰੱਤ ਲਗਾਈ ਏ!

ਫਾਹਾ ਮੇਰੇ ਲਈ ਜਾਪਦੇ ਤੇਰੇ ਹੱਥਾਂ ਦੇ ਕਲੀਰੇ,
ਖਵਾਹਿਸ਼ ਅਖੀਰੀ ਪੁੱਛ ਲੈ ਨੀ ਮੇਰੀ ਤਕਦੀਰੇ!
ਐ  ਰੁੱਖ  ਹਵਾਵੋ  ਪੰਛੀਉ  ਜਾ  ਅਰਜ਼ੀ ਲਾਵੋ,
ਮੇਰੇ ਹੱਕ ਚ ਗਵਾਹੀ ਭਰਦੇ ਨੀ ਹਿਜ਼ਰ ਦੀਏ ਪੀੜ੍ਹੇ!

ਤੇਰੇ ਸ਼ਹਿਰ ਚ ਅੱਜ ਰੌਸ਼ਨੀਆਂ ਵੱਜਣ ਢੋਲ ਤੇ ਡੱਗੇ,
ਮੇਰੇ ਪਿੰਡ  ਦੇ  ਰੁੱਖ  ਵੀ  ਅੱਜ  ਰੋਵਣ  ਲੱਗੇ,
ਤੂੰ ਰਲ ਕੇ ਸੰਗ ਸਕੀਰੀਆਂ ਅੱਜ ਜਸ਼ਨ ਮਨਾਵੇ,
ਮੈਂ ਘੜ੍ਹ ਰਿਹਾ ਹਾਂ ਕਲਮਾਂ ਗੀਤ ਔੜਨ  ਲੱਗੇ!

ਪ੍ਰੀਤਾਂ   ਦੀਆਂ   ਪਾ   ਸਲਾਈਆਂ
ਮੇਰੇ ਇਸ਼ਕ  ਕਦੇ ਸੀ ਬੁਣਿਆ ਤੂੰ,
ਇਹੋ  ਦੁਆ  ਹੁਣ  ਰੱਬ  ਅੱਗੇ,
ਤੂੰ ਵਿਦਾ ਹੋਵੇ ਤੇ ਮੈ ਹੋਵਾਂ ਰੁਖਸਤ ਦੁਨੀਆਂ ਤੋਂ!
   
      ਛੇ ਮਹੀਨੇ ਬਾਅਦ ਰਾਜਵੀਰ ਨੇ ਵੀ ਆਪਣੀ ਡਿਗਰੀ ਪੂਰੀ ਕਰ ਲਈ ਸੀ। ਕਦੇ ਕਦੇ ਓਸਨੂੰ ਆਪਣੀ ਜ਼ਿੰਦਗੀ ਬੋਝ ਜਿਹੀ ਲੱਗਦੀ, ਪਰ ਉਸਦੇ ਘਰ ਦੇ ਤੇ ਗੁਰੀ ਲੱਖੇ ਹੁਣੀ ਕਦੇ ਵੀ ਓਹਨੂੰ ਇਹ ਅਹਿਸਾਸ ਨਾ ਕਰਵਾਉਂਦੇ। ਰਾਜਵੀਰ ਵਿਹਲੇ ਸਮੇਂ ਚ ਬੈਠਾ ਕਿਤਾਬਾਂ ਪੜ੍ਹਦਾ ਤੇ ਕਵਿਤਾਵਾਂ ਲਿਖਦਾ ਰਹਿੰਦਾ। ਜੋਬਨ ਦੀ ਯਾਦ ਨੇ ਓਹਦਾ ਪਿੱਛਾ ਇੱਕ ਦਿਨ ਵੀ ਨਹੀਂ ਛੱਡਿਆ ਸੀ। ਇਸੇ ਤਰ੍ਹਾਂ ਸਮਾਂ ਆਪਣੀ ਚਾਲ ਚੱਲਦਾ ਰਿਹਾ।

 
        

(  13 ਸਾਲ ਬਾਅਦ  )

ਨਿਊਯਾਰਕ ( ਅਮਰੀਕਾ) ਦੇ ਇੱਕ ਕੰਪਿਊਟਰ ਇੰਸਟੀਚਿਊਟ ਵਿੱਚ ਇੱਕ ਔਰਤ ਆਪਣੇ ਬੱਚੇ ਨੂੰ ਕੰਪਿਊਟਰ ਕਲਾਸਾਂ ਲਗਵਾਉਣ ਲਈ ਸਟਾਫ ਦੀ ਇੱਕ ਮੈਂਬਰ ਨਾਲ ਗੱਲਾਂ ਕਰ ਰਹੀ ਸੀ, ਸ਼ਾਇਦ ਸੀਟਾਂ ਪੂਰੀਆਂ ਹੋਣ ਕਰਕੇ ਓਸਨੂੰ ਦਾਖਲਾ ਨਹੀਂ ਮਿਲ ਰਿਹਾ ਸੀ। ਓਸ ਔਰਤ ਦੀ ਉੱਚੀ ਆਵਾਜ਼ ਸੁਣ ਕੇ ਕੋਲੋ ਲੰਘ ਰਹੇ ਇੱਕ ਸ਼ਖਸ ਦੇ ਪੈਰ ਰੁਕ ਗਏ। ਉਸ ਆਦਮੀ ਨੇ ਬੇਚੈਨੀ ਨਾਲ ਓਸ ਔਰਤ ਨੂੰ ਕਿਹਾ, ” ਐਕਸਕਿਊਜ ਮੀ ਮੈਮ!” ਜਦ ਦੋਹਾਂ ਦੀਆਂ ਨਜ਼ਰਾਂ ਮਿਲੀਆਂ ਤਾਂ ਓਹ ਦੋਵੇਂ ਹੈਰਾਨ ਹੋ ਗਏ, … ਗੁਰੀ??… ਜੋਬਨ??….ਦੋਵਾਂ ਨੇ ਹਾਂ ਚ ਸਿਰ ਹਿਲਾਇਆ।… ਵਾਓ! ਵੱਟ ਏ ਕੋ ਇੰਸੀਦੇਂਟ! ਐਨੇ ਸਾਲਾਂ ਬਾਅਦ, ਤੁਸੀਂ ਇਥੇ ਕਿਵੇਂ?  ਜੋਬਨ ਨੇ ਕਈ ਸਵਾਲ ਕੀਤੇ। …ਹਾਂ ਮੈਂ ਏਥੇ ਇੱਕ ਆਟੋਮੋਬਾਈਲਜ਼ ਕੰਪਨੀ ਚ ਇੰਜੀਨੀਅਰ ਹਾਂ। ਇਹ ਇੰਸਟੀਚਿਊਟ ਵੀ ਮੈਂ ਤੇ ਮੇਰਾ ਦੋਸਤ ਮਿਲ ਕੇ ਚਲਾਉਂਦੇ ਹਾਂ।….. ਓਹ ਗੁੱਡ! ਹੋਰ ਸਨਾਉ ਲੱਖਾ ਤੇ ਰਾਜ…ਵੀਰ ਕਿਵੇਂ ਨੇ? ਜੋਬਨ ਰਾਜ ਕਹਿਣ ਤੋਂ ਜੱਕ ਗਈ।….ਸਭ ਵਧੀਆ ਨੇ। ਅੱਛਾ ਮੈਂ ਮਾਫੀ ਚਾਹੁਣਾ ਹਾਂ, ਆਪਾਂ ਐਨੇ ਸਮੇਂ ਬਾਅਦ ਮਿਲੇ ਤੇ ਮੈਂ ਬਹੁਤ ਜਲਦੀ ਚ ਹਾਂ। ਆਪਾਂ ਫੇਰ ਮਿਲਦੇ ਹਾਂ, ਗੁਰੀ ਨੇ ਆਪਣਾ ਕਾਰਡ ਦਿੰਦੇ ਹੋਏ ਕਿਹਾ। ਠੀਕ ਹੈ, ਪਰ ਦਾਖ਼ਲੇ ਲਈ ਤਾਂ ਸਿਫਾਰਿਸ਼ ਕਰ ਦਵੋ, ਜੋਬਨ ਨੇ ਹੱਸ ਕੇ ਕਿਹਾ।…. ਹਾਂ ਜੋਬਨ ਤੁਸੀ ਸਾਹਮਣੇ ਕੈਬਿਨ ਚ ਚਲੇ ਜਾਵੋ, ਮੇਰਾ ਦੋਸਤ ਅੰਦਰ ਹੀ ਹੈ। ਤੁਹਾਨੂੰ ਦਾਖਲਾ ਮਿਲ ਜਾਵੇਗਾ, ਐਨਾ ਕਹਿ ਕੇ ਗੁਰੀ ਚੱਲ ਪਿਆ… ਓਕੇ! ਥੈਂਕ ਜੂ ਸੋ ਮੱਚ!

ਕੈਬਿਨ ਦਾ ਦਰਵਾਜਾ ਖੁੱਲ੍ਹਿਆ, ਮੇ ਆਈ ਕਮ ਇਨ! ਜੋਬਨ ਨੇ ਪੁੱਛਿਆ। ਅੰਦਰ ਬੈਠੇ ਆਦਮੀ ਨੇ ਜਦ ਉੱਪਰ ਦੇਖਿਆ ਤਾਂ, ਦੋਵੇਂ ਜਣੇ ਇੱਕ ਦੂਜੇ ਨੂੰ ਦੇਖਦੇ ਹੀ ਰਹਿ ਗਏ। ਇੱਕ ਦੂਜੇ ਨੂੰ ਐਂਵੇ ਦੇਖ ਰਹੇ ਸੀ ਜਿਵੇਂ ਕਿਸੇ ਔੜ੍ਹ ਲੱਗੀ ਜ਼ਮੀਨ ਤੇ ਵਰ੍ਹਿਆਂ ਬਾਅਦ ਬਾਰਿਸ਼ ਹੋਈ ਹੋਵੇ। ਰਾਜਵੀਰ?? ਜੋਬਨ ਦੇ ਬੁੱਲ ਫੁਰਫੁਰਾਏ।… ਰਾਜਵੀਰ ਨੇ ਵ੍ਹੀਲ ਚੇਅਰ ਤੋਂ ਖੜੇ ਹੋਣ ਦੀ ਕੋਸ਼ਿਸ਼ ਕੀਤੀ, ਪਰ ਉੱਠ ਨਾ ਸਕਿਆ, ਜੋਬਨ? ਤੁਸੀਂ?
ਆਉ ਬੈਠੋ ਪਲੀਜ।
    ਕੁੱਝ ਦੇਰ ਦੋਵੇਂ ਚੁੱਪ ਬੈਠੇ ਰਹੇ, ਰਾਜਵੀਰ ਨੇ ਚੁੱਪੀ ਤੋੜਦੇ ਹੋਏ ਜੋਬਨ ਦੇ ਮੁੰਡੇ ਨੂੰ ਪਿਆਰ ਨਾਲ ਹੱਥ ਮਿਲਾਇਆ, ਹੈਲੋ ਬੇਟਾ! ਬੜਾ ਪਿਆਰਾ ਬੇਟਾ ਤੁਹਾਡਾ।….. ਤੁਸੀਂ ਕਿਵੇਂ ਹੋ ਰਾਜਵੀਰ? ਜੋਬਨ ਨੇ ਹੌਲੀ ਜਿਹੇ ਕਿਹਾ।… ਤੁਹਾਨੂੰ ਕਿਸ ਤਰਾਂ ਲੱਗ ਰਿਹਾ? ਵਧੀਆ ਹਾਂ, ਚੰਗਾ ਭਲਾ। ਤੁਸੀਂ ਦੱਸੋ ਕਿਵੇਂ ਹੋ, ਖੁਸ਼ ਹੋ ਨਾ? ਰਾਜਵੀਰ ਨੇ ਨੀਵੀਂ ਪਾਈ ਬੈਠੀ ਜੋਬਨ ਨੂੰ ਕਿਹਾ।… ਹਾਂ ਮੈਂ ਠੀਕ ਹਾਂ, ਤੁਹਾਡੀਆਂ ਲੱਤਾਂ ਠੀਕ ਨਹੀਂ ਹੋਈਆਂ?…. ਮੈਨੂੰ ਕਦੇ ਇਹਨਾਂ ਦੀ ਕਮੀ ਮਹਿਸੂਸ ਨਹੀਂ ਹੋਈ, ਕਹਿ ਲਵੋ ਕਿ ਗੁਰੀ ਤੇ ਲੱਖਾ ਮੇਰੀਆਂ ਦੋਵੇਂ ਲੱਤਾਂ ਹੀ ਨੇ।…. ਜੋਬਨ ਨੇ ਹਿੰਮਤ ਜਿਹੀ ਕਰਕੇ ਪੁੱਛਿਆ ਰਾਜਵੀਰ ਤੁਸੀਂ ਵਿਆਹ ਨਹੀ ਕਰਵਾਇਆ?….
ਹਾਹਾਹਾਹਾ! ਕਰਵਾਇਆ ਹੈ ਨਾ, ਕਿਸੇ ਦੀ ਯਾਦ ਦੇ ਨਾਲ, ਮੇਰਾ ਬਹੁਤ ਖਿਆਲ ਰੱਖਦੀ ਹੈ।  ਤੇਰਾਂ ਸਾਲ ਹੋ ਗਏ ਨੇ, ਇੱਕ ਦਿਨ ਵੀ ਮੈਨੂੰ ਇਕੱਲਾ ਨਹੀਂ ਰਹਿਣ ਦਿੱਤਾ ਓਹਨੇ। ਰਾਜਵੀਰ ਨੇ ਜੋਬਨ ਦੀਆਂ ਅੱਖਾਂ ਚ ਅੱਖਾਂ ਪਾ ਕੇ ਕਿਹਾ, ਪਰ ਜੋਬਨ ਨੇ ਅੱਖਾਂ ਨੀਵੀਆਂ ਕਰ ਲਈਆਂ।…. ਮੈਨੂੰ ਮੁਆਫ਼ ਕਰਿਓ ਰਾਜਵੀਰ, ਮੈਂ…… ਬਸ! ਕੁੱਝ ਨਾ ਬੋਲੋ। ਰਾਜਵੀਰ ਨੇ ਹੱਥ ਨਾਲ ਜੋਬਨ ਨੂੰ ਚੁੱਪ ਕਰਵਾ ਦਿੱਤਾ। ਮੈਨੂੰ ਕਿਸੇ ਸਫਾਈ ਦੀ ਕੋਈ ਜਰੂਰਤ ਨਹੀਂ ਜੋਬਨ।…..ਪਰ ਇਸ ਤਰਾਂ ਸਾਰੀ ਜ਼ਿੰਦਗੀ ਨਹੀਂ ਗੁਜ਼ਰਦੀ ਰਾਜਵੀਰ। ਤੁਹਾਨੂੰ ਮੂਵ ਆਨ ਹੋਣਾ ਪਵੇਗਾ।….. ਜਿੱਥੇ ਐਨੀ ਲੰਘ ਗਈ, ਬਾਕੀ ਵੀ ਇਓ ਲੰਘ ਜਾਊਗੀ। ਹੋ ਸਕੇ ਤਾਂ ਮੇਰੀ ਲਿਖੀ ਆਹ ਕਿਤਾਬ ਪੜ੍ਹ ਲੈਣਾ। ਰਾਜਵੀਰ ਨੇ ਦਰਾਜ਼ ਵਿੱਚੋ ਇੱਕ ਕਿਤਾਬ ਕੱਢ ਕੇ ਦਿੱਤੀ ਜਿਸ ਦਾ ਸਿਰਲੇਖ ਸੀ ” ਪੈਂਡਾ ਇਸ਼ਕੇ ਦਾ ” ।….ਜੋਬਨ  ਕਿਤਾਬ ਫੜ੍ਹ ਕੇ ਦੇਖਣ ਲੱਗ ਪਈ, ਤੇ ਬੋਲੀ ਪਰ ਇਸ ਤਰਾਂ ਬੀਤੇ ਵਕਤ ਨੂੰ ਨਾਲ ਨਾਲ ਨਹੀਂ ਲਿਜਾਇਆ ਜਾ ਸਕਦਾ। ਤੁਹਾਨੂੰ ਅੱਗੇ ਵਧਣਾ ਚਾਹੀਦਾ ਹੈ ਜ਼ਿੰਦਗੀ ਚ।….ਓਸ ਦੀ ਗੱਲ ਤੇ ਰਾਜਵੀਰ ਕੁੱਝ ਨਾ ਬੋਲਿਆ ਤੇ ਸਾਹਮਣੇ ਪਏ ਬੋਰਡ ਤੇ ਮਾਰਕਰ ਨਾਲ ਕੁੱਝ ਸਤਰਾਂ ਲਿਖ ਕੇ ਕਿਹਾ, ਓਕੇ ਜੀ ਫੇਰ ਮੈਨੂੰ ਮੁਆਫ਼ ਕਰਨਾ ਮੈਨੂੰ ਜਾਣਾ ਪੈਣਾ ਹੁਣ, ਰੱਬ ਨੇ ਮਿਲਾਇਆ ਫੇਰ ਮਿਲਦੇ ਹਾਂ, ਕਹਿੰਦਾ ਵ੍ਹੀਲਚੇਅਰ ਤੇ ਬਾਹਰ ਚਲਾ ਗਿਆ। ਜੋਬਨ ਓਹਨੂੰ ਜਾਂਦੇ ਨੂੰ ਦੇਖਣ ਪਿੱਛੋਂ ਬੋਰਡ ਤੇ ਲਿਖੀਆਂ ਸਤਰਾਂ ਪੜ੍ਹ ਕੇ ਅੱਖਾਂ ਪੂੰਝਣ ਲੱਗ ਪਈ। ਸਤਰਾਂ ਸਨ:-

         
      ਹੁਣ ਜ਼ਿੰਦਗੀ ਵਾਲੀ ਕਿਤਾਬ ਦੇ ਪੰਨੇ ਸਿੱਧੇ ਨਹੀਂ ਹੁੰਦੇ,
      ਵੀਰਾਨਿਆਂ ਦੇ ਵਿੱਚ ਕਦੇ ਵੀ ਪੈਂਦੇ ਗਿੱਧੇ ਨਹੀਂ ਹੁੰਦੇ!
      ਚੁੱਕ  ਕੇ  ਅਸੀਂ  ਵੀ  ਸੀਨੇ  ਦੇ  ਨਾਲ  ਲਾ  ਲੈਂਦੇ,
      ਜੇ ਸੱਜਣਾ  ਤੂੰ ਆਸਾਂ ਦੇ  ਫੁੱਲ  ਮਿੱਧੇ  ਨਹੀਂ ਹੁੰਦੇ!

( ਸਮਾਪਤ )

                                              ਗੁਰਪ੍ਰੀਤ ਕਰੀਰ
                                               9915425286

ਕਿਰਪਾ ਕਰਕੇ ਕਹਾਣੀ ਪੜ੍ਹ ਕੇ ਆਪਣੇ ਕੀਮਤੀ ਵਿਚਾਰ ਜਰੂਰ ਦੇਣੇ ਜੀ। ਕਹਾਣੀ ਦਾ ਪਹਿਲਾ ਭਾਗ ਪੜਨ ਲਈ ਮੈਨੂੰ ਮੈਸੇਜ ਕਰ ਸਕਦੇ ਹੋ। ਧੰਨਵਾਦ ਜੀਓ।
    
   What’s app   : 9915425286 
Facebook     : https://www.facebook.com/           gskareer1

Instagram : gskareer
E-mail :     Gs_kareer@rediffmail.com

***

...
...



Related Posts

Leave a Reply

Your email address will not be published. Required fields are marked *

One Comment on “ਪੈਂਡਾ ਇਸ਼ਕੇ ਦਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)