ਪੂੰਜੀ

6

ਕਹਾਣੀ ਥੋੜੀ ਲੰਬੀ ਹੈ ਪਰ ਪੜੀਉ ਜਰੂਰ

ਪੂੰਜੀ…( ਹਰਿੰਦਰ ਸਿੰਘ ਤੱਤਲਾ )
ਵਿਆਹ ਦੇ ਸੱਤਵੇਂ ਦਿਨ ਹੀ ਸ਼ਗਨਾਂ ਦੇ ਨਾਲ ਮਿੱਠੀਆਂ ਰੋਟੀਆਂ ਬਣਾ ਕੇ ਖੁਵਾਉਣ ਤੋਂ ਬਾਅਦ ..ਸਹੁਰੇ ਘਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ…।
ਸ਼ਹਿਰ ਵਿੱਚੋ ਆਈ ਨੂੰ ਚੁੱਲੇ ਤੇ ਕੰਮ ਕਰਨਾ ਬੜਾ ਅੌਖਾ ਲੱਗਦਾ….ਧੂੰਏਂ ਨਾਲ ਅੱਖਾਂ ਧੁਆਖੀੰਆਂ ਜਾਂਦੀਆਂ ..ਕਈ ਵਾਰ ਸਾਹ ਪੁੱਠਾ ਖਿੱਚੇ ਜਾਣ ਤੇ ਫੂਕਾਂ ਮਾਰਦੀ ਦੇ ਧੂਆਂ ਸੰਘ ਵਿੱਚ ਚਲਿਆ ਜਾਂਦਾ..।
ਸੁਆਹ ਨਾਲ ਭਾਂਡੇ ਮਾਂਜਣ ਨਾਲ ਆਪਣੇ ਹੱਥਾਂ ਦੀ ਮਹਿੰਦੀ ਨੂੰ ਫਿੱਕੀ ਹੋਣ ਤੋਂ ਪਹਿਲਾਂ ਹੀ ਘਸਮੈਲੀ ਜਿਹੀ ਹੋਈ ਦੇਖ ਮਨ ਮਾਯੂਸ ਜਿਹਾ ਹੋ ਜਾਂਦਾ..।
ਮੇਰੇ ਮਾਂ ਬਾਪ ਜਿਆਦਾ ਅਮੀਰ ਤਾਂ ਨਹੀਂ ਸਨ..ਪਰ ਉਨ੍ਹਾਂ ਦੇ ਘਰ ਕਮੀ ਵੀ ਨਹੀਂ ਸੀ ਕਿਸੇ ਚੀਜ ਦੀ ..। ਮੈਨੂੰ ਤੇ ਰੱਖਿਆ ਵੀ ਉਨ੍ਹਾਂ ਲਾਡ ਪਿਆਰ ਨਾਲ ਸੀ..।
ਪਰ ਇੱਥੇ ਸਹੁਰੇ ਘਰ ਆ ਕੇ ਤਾਂ ਲੱਗ ਰਿਹਾ ਸੀ ਜਿਵੇ ਅਰਸ਼ ਤੋਂ ਸਿੱਧੀ ਫ਼ਰਸ਼ ਤੇ ਆ ਗਈ ਹੋਵਾਂ ..ਫਰਸ਼ ਤੇ ਵੀ ਕਾਹਦੀ ਕੱਚੀ ਮਿੱਟੀ ਦੇ ਵਿਹੜੇ ਤੇ ..ਜਿਸਨੂੰ ਲਿੱਪਣਾ ਨਾ ਆਉਣ ਤੇ..ਦਾਦੀ ਸੱਸ ਦੇ ਨਾਲ ਲੱਗ ਕੇ ਲਿੱਪਣਾ ਸਿੱਖਿਆ ਸੀ..।
ਦਾਦੀ ਸੱਸ ਅਤੇ ਮੇਰੇ ਘਰ ਵਾਲੇ ਤੋਂ ਇਲਾਵਾ ਪੰਜਵੀਂ ਵਿੱਚ ਪੜ੍ਹਦੇ ਮੇਰੇ ਦੋ ਜੌੜੇ ਦਿਉਰ ਵੀ ਸਨ..ਏਸ ਘਰ ਵਿੱਚ..। ਦਾਦੇ ਸਹੁਰੇ ਨੂੰ ਗੁਜ਼ਰੇ ਕਈ ਸਾਲ ਹੋ ਗਏ ਸਨ ਅਤੇ ਕੁੱਝ ਸਾਲ ਪਹਿਲਾਂ ਇੱਕ
ਸੜਕ ਹਾਦਸੇ ਵਿੱਚ ਮੇਰੇ ਸੱਸ ਸਹੁਰਾ ਵੀ ਚਲ ਬਸੇ ਸਨ…।
ਕੰਧਾਂ ਤੇ ਲੱਗੀਆਂ ਉਨ੍ਹਾਂ ਤਿੰਨਾ ਦੀਆਂ ਫੋਟੋਆਂ ਹੀ ਦੇਖੀਆਂ ਸਨ ਮੈਂ ਤਾਂ…।
ਦਾਦੀ ਦੱਸਦੀ ਸੀ ਕਿ ਕੁੜੀ ਪੈਦਾ ਹੋਣ ਦੀ ਚਾਹਤ ਚ ਹੀ ਮੇਰੇ ਸੱਸ ਸਹੁਰੇ ਦੇ ਘਰ ਮੇਰੇ ਪਤੀ ਤੋਂ ਬਾਰਾਂ ਸਾਲ ਛੋਟੇ ਉਸਦੇ ਦੋਵੇਂ ਭਰਾਵਾਂ ਦਾ ਜਨਮ ਹੋ ਗਿਆ ਸੀ…।
ਤਿੰਨਾ ਪੋਤਿਆਂ ਨੂੰ ਇੱਕਲੀ ਪਾਲਦੀ ਦਾਦੀ ਹੁਣ ਢਿੱਲੀ ਰਹਿਣ ਲੱਗ ਪਈ ਸੀ..। ਏਸੇ ਲਈ ਮੇਰੇ ਪਤੀ ਨੂੰ ਸਕੂਲ ਕਲਰਕ ਦੀ
ਨੌਕਰੀ ਮਿਲਦੇ ਸਾਰ ਹੀ ਦਾਦੀ ਨੇ ਨੂੰਹ ਲਿਆਉਣ ਦਾ ਫੈਸਲਾ ਕੀਤਾ ਸੀ..।…ਤੇ ਸ਼ਾਇਦ ਨੌਕਰੀ ਦੇਖ ਕੇ ਹੀ ਮੇਰੇ ਮਾਪਿਆਂ ਨੇ ਮੇਰੇ ਲਈ ਇਹ ਵਰ ਚੁਣਿਆਂ ਸੀ..।ਝੱਟ ਮੰਗਣੀ ਤੇ ਪੱਟ ਵਿਆਹ ਹੋ ਗਿਆ ਸੀ..ਜਿਆਦਾ ਖਰਚ ਨਹੀਂ ਸੀ ਕੀਤਾ..ਬਸ ਚੁੰਨੀ ਚੜ੍ਹਾ
ਕੇ ਲਿਆਉਣ ਵਾਂਗ ਹੀ ਹੋਇਆ ਸੀ ਸਾਡਾ ਵਿਆਹ ।
” ਦਾਜ ਲੈਣ ਦੇ ਤਾਂ ਜਮਾਂ ਖਿਲਾਫ ਆ ਮੁੰਡਾ ਤੇ ਉਹਦੀ ਦਾਦੀ ..ਜਮਾਂ ਰੱਜੀਆਂ ਰੂਹਾਂ…ਬਸ ਕੁੜੀ ਪੜੀ ਲਿਖੀ ਤੇ ਸਮਝਦਾਰ ਭਾਲਦੇ ਆ..ਤੁਸੀਂ ਦੇਰ ਨਾ ਕਰੋ ਹਾਂ ਕਰਨ ਨੂੰ …ਕੁੜੀ ਤਾਂ ਰਾਜ ਕਰੂ ਰਾਜ..”
ਵਿਚੋਲਣ ਦੀਆਂ ਮੇਰੇ ਮਾਂ ਬਾਪ ਕੋਲ ਕਹੀਆਂ ਇਹ ਗੱਲਾਂ ਯਾਦ ਕਰਕੇ..ਉਸ ਉੱਤੇ ਬੜਾ ਗੁੱਸਾ ਆਉਂਦਾ.. ਸੋਚਦੀ ਪਤਾ ਨਹੀਂ ਕਿਹੜੇ ਜਨਮ ਦਾ ਬਦਲਾ ਲਿਆ ਡੁੱਬੜੀ ਨੇ ਮੈਨੂੰ ਇੱਥੇ ਫਸਾ ਕੇ..।
ਦਿਲ ਕਰਦਾ ਮੁੜ ਭੱਜ ਜਾਵਾਂ ਅੰਮੜੀ ਦੇ ਵਿਹੜੇ…….।
ਜਾ ਕੇ ਪੁੱਛਾਂ..ਆਹ ਪਾਥੀਆਂ ਪੱਥਣ ਲਈ ਪੜ੍ਹਾਇਆ ਸੀ ਮੈਨੂੰ ..?
ਕੀ ਏਸੇ ਨੂੰ ਕਹਿੰਦੇ ਆ ਰਾਜ ਕਰਨਾ …।
ਕਲਰਕ ਦੀ ਤਨਖਾਹ ਨਾਲੋਂ ਤਾਂ ਕਿਤੇ ਜਿਆਦਾ ਗਰਜਾਂ ਨੇ ਇਸ
ਘਰ ਦੀਆਂ ..। ਨੌਕਰੀ ਦੇ ਨਾਲ ਇਹਨਾਂ ਦੇ ਆਰਥਿਕ ਹਾਲਾਤ
ਕਿਉਂ ਨਹੀਂ ਦੇਖੇ ..ਤੁਸੀਂ ..!
ਫਿਰ ਸੋਚਦੀ ਮੇਰੇ ਇਹ ਸਭ ਕਹਿਣ ਨਾਲ ਮਾਪੇਆਂ ਦਾ
ਮਨ ਦੁਖੀ ਹੋਵੇਗਾ …..।ਪਰ ਇੱਕ ਦਿਨ ਪੇਕੇ ਮਿਲਣ ਗਈ ਆਪਣੇ ਤੇ ਕਾਬੂ ਨਾ ਰੱਖ ਸਕੀ ..ਸਮਾਂ ਜਿਹਾ ਦੇਖ ਘਰ ਵਾਲੇ ਤੋਂ ਪਾਸੇ ਹੋ ਕੇ ਮਾਂ ਨਾਲ ਮਨ ਦੇ ਸ਼ਿਕਵੇ ਸਾਂਝੇ ਕਰ ਹੀ ਲਏ..।
ਉਸਨੂੰ ਪਿੱਛੜੇ ਜਿਹੇ ਆਪਣੇ ਸਹੁਰੇ ਘਰ ਦੇ ਹਾਲਾਤ ਦੱਸੇ ਜੋ ਘਰ ਰੋਜ ਮਰਾਂ ਦੀਆਂ ਆਮ ਸਹੂਲਤਾਂ ਤੋਂ ਵੀ ਸੱਖਣਾ ਸੀ..ਫਰਿੱਜ ਅਤੇ ਗੈਸ ਕਨੈਕਸ਼ਨ ਤੱਕ ਵੀ ਨਹੀਂ ਸੀ ਉਨ੍ਹਾਂ ਕੋਲ..।
ਦਾਦੀ ਦੇ ਹਰ ਖਰਚੇ ਵਿੱਚ ਕੰਜੂਸੀ ਕਰਨ ਦੀਆਂ ਗੱਲਾਂ ਵੀ ਦੱਸੀਆਂ ..ਦਿਉਰਾਂ ਲਈ ਲੰਗਰ ਲਹੁਣ ਦੇ ਬੋਝ ਦੀਆਂ ਗੱਲਾਂ ਤੋਂ ਇਲਾਵਾ ਆਪਣੇ ਘਰ ਵਾਲੇ ਵੱਲੋਂ
ਪਹਿਲੀ ਰਾਤ ਸਿਰਫ ਚਾਂਦੀ ਦਾ ਛੱਲਾ ਦੇ ਕੇ ਸਾਰਨ ਵਰਗੀਆਂ ਕਈ ਹੋਰ ਸ਼ਿਕਾਇਤਾਂ ਵੀ ਕਰ ਦਿੱਤੀਆਂ …।
ਚੰਗੀ ਤਰ੍ਹਾਂ ਮੇਰੀਆਂ ਗੱਲਾਂ ਨੂੰ ਸੁਣ.. ਮਾਂ ਨੇ ਕੁੱਝ ਦੇਰ ਚੁੱਪ ਰਹਿਣ ਤੋਂ ਬਾਅਦ ਮੈਨੂੰ ਆਖਣਾ ਸ਼ੁਰੂ ਕੀਤਾ..
“ਦੇਖ ਪੁੱਤ.. ..ਉਨ੍ਹਾਂ ਕੋਲੇ ਭਾਵੇਂ ਅੱਜ ਜਰੂਰਤ ਦੇ ਸਮਾਨ ਦੀ ਘਾਟ ਆ ….ਪਰ ਸਬਰ ਨਾਲ..ਮਨ ਰੱਜਿਆ ਉਨ੍ਹਾਂ ਦਾ..।ਏਸੇ ਲਈ ਸਾਡੇ ਮਰਜੀ ਨਾਲ ਦੇਣ ਵਾਲੇ ਦਹੇਜ ਨੂੰ ਲੈਣ ਤੋਂ ਵੀ ਇਨਕਾਰ ਕਰ ਦਿੱਤਾ..ਉਨ੍ਹਾਂ ਨੇ…।
ਤੇਰੀ ਦਾਦੀ ਸੱਸ ਸੰਜਮ ਨਾਲ ਚੱਲਦੀ ਆ ..ਆਪਣੀ ਆਮਦਨ ਦੇਖ ਕੇ….ਮੇਰੀ ਮਾਂ ਵੀ ਏਵੇੰ ਹੀ ਕਰਦੀ ਹੁੰਦੀ ਸੀ ..ਇਹਨੂੰ ਕੰਜੂਸੀ ਨਹੀਂ ਕਹਿੰਦੇ..ਸਿਆਣਪ ਕਹਿੰਦੇ ਨੇ। ..
ਅੌਰਤ ਚਾਹਵੇ ਤਾਂ ਇਸੇ ਸਿਆਣਪ ਤੇ ਸੰਜਮ ਨਾਲ ਸੂਈ ਦੇ ਨੱਕੇ ਵਿੱਚ ਦੀ ਘਰ ਬੰਨ ਸਕਦੀਆ..ਤੇ ਬਹੁਤੇ ਖੁੱਲ੍ਹੇ ਹੱਥ ਨਾਲ ਖਿੰਡਾ ਵੀ…ਤੂੰ ਵੀ ਆਪਣੀ ਦਾਦੀ ਤੋਂ ਘਰ ਬੰਨ੍ਹਣਾਂ ਸਿੱਖ..”
ਆਖਣ ਤੋਂ ਬਾਅਦ ਮਾਂ ਨੇ ਇੱਕ ਲੰਮਾ ਸਾਹ ਲਿਆ ..ਕੁੱਝ ਵਖਵਾ ਦੇ ਕੇ ਉਸਨੇ ਮੁੜ ਕਹਿਣਾ ਸ਼ੁਰੂ ਕੀਤਾ…।
” ਤੇਰੇ ਦਿਉਰ ਤਾਂ ਮਾਂ ਪਿਉ ਤੋਂ ਸੱਖਣੇ ਜਵਾਕ ਨੇ….ਅਨਾਥ ਨੇ ਵਿਚਾਰੇ..ਜੇ ਤੂੰ ਨਹੀਂ ਸਾਂਭੇਗੀ ..ਤਾਂ ਕੌਣ ਸੰਭਾਲੂ….?
..ਉਨ੍ਹਾਂ ਨੂੰ ਨੂੰ ਰੋਟੀ ਦੇਣੀ ਤੇ ਪਾਲਣਾ ਤਾਂ ਪੁੰਨ ਆਂ….। ਤੇ ਆਪਣੇ ਹਿੱਸੇ ਆਏ..ਪੁੰਨ ਨੂੰ ਇੰਝ ਬੋਝ ਕਹਿ ਕੇ ਪਾਪਾਂ ਦੀ ਭਾਗੀ ਨਾ ਬਣ..ਧੀਏ। ..ਕੰਮ ਨੂੰ ਦੇਖ ਕੇ ਕਦੇ ਮੱਥੇ ਵੱਟ ਨਹੀਂ ਪਾਈਦਾ..ਨਾ ਹੀ...

ਕੰਮ ਕਰਨ ਚ ਕੋਈ ਸ਼ਰਮ ਸਮਝੀ ਦੀ ਆ…!
ਬਾਕੀ ਰਹੀ ਪੁੱਤ ਛੱਲੇਆਂ ਦੀ ਗੱਲ….ਦੋਵੇਂ ਜੀਆਂ ਚ ਪਿਆਰ ਹੋਣਾ ਚਾਹੀਦਾ ..ਪਿਆਰ ਨਾਲ ਦਿੱਤੇ ਤੋਹਫੇਆਂ ਦਾ ਕੋਈ ਮੁੱਲ ਨਹੀਂ ਹੁੰਦਾ..! ਇਹਨਾਂ ਦੀ ….ਕੀਮਤ ਨਹੀਂ ਪਰਖੀ ਜਾਂਦੀ.. ”
ਆਖਦਿਆਂ ਮਾਂ ਗੰਭੀਰ ਜਿਹੀ ਹੋ ਗਈ ਸੀ…
..ਹਮੇਸ਼ਾਂ ਮੇਰੀ ਤਰਫਦਾਰੀ ਕਰਨ ਵਾਲੀ …ਅਤੇ ਮੇਰੀ ਹਾਂ ਵਿੱਚ ਹਾਂ ਮਿਲਾਉਣ ਵਾਲੀ ਮਾਂ ਦਾ ਅੱਜ ਇਹ ਅਜੀਵ ਜਿਹਾ ਰੂਪ ਦੇਖ ਕੇ ਮੈਂ ਹੈਰਾਨ ਸਾਂ….।
ਪਰ ਮਾਂ ਦੀਆਂ ਸਹਿਜਤਾ ਨਾਲ ਭਰੀਆਂ ਸੱਚੀਆਂ ਗੱਲਾਂ ਨੇ
ਜਿਵੇਂ ਮੇਰੀ ਸੋਚ ਦੀ ਟੇਡੀ ਹੋ ਰਹੀ ਸੂਈ ਕੁੱਝ ਮਿੰਟਾਂ ਵਿੱਚ ਹੀ ਸਿੱਧੀ ਕਰ ਦਿੱਤੀ ਸੀ..ਮੇਰੇ ਮਨ ਦਾ ਬੋਝ ਉਸਦੇ ਗਹਿਰੇ ਲਫ਼ਜ਼ਾਂ ਨੇ ਯਕਦਮ ਹਲਕਾ ਕਰ ਦਿੱਤਾ ਸੀ..।
ਮਾਂ ਨਾਲ ਗੱਲਾਂ ਕਰਕੇ ਮੈਨੂੰ ਇਹ ਵੀ ਸਪਸ਼ਟ ਹੋ ਗਿਆ ਸੀ ਕਿ ਮੇਰੇ ਸਹੁਰੇ ਘਰ ਦੀ ਆਰਥਿਕ ਹਾਲਤ ਬਾਰੇ ਮੇਰੇ ਮਾਂ ਬਾਪ ਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਪਤਾ ਸੀ..।
ਪੇਕੇ ਘਰ ਤੋਂ ਵਾਪਿਸ ਆਈ ਨੂੰ ਹਫ਼ਤਾ ਕੁ ਹੀ ਹੋਇਆ ਸੀ ਕਿ
ਇੱਕ ਦਿਨ ਦਾਦੀ ਨੇ ਅਵਾਜ ਮਾਰ ਕੋਲ ਬਹਾ ਆਪਣੇ ਹੱਥ ਵਿਚਲੀ ਪੋਟਲੀ ਜਿਹੀ ਮੈਨੂੰ ਖੋਲ ਕੇ ਫੜਾ ਦਿੱਤੀ ਜਿਸ ਵਿੱਚ ਉਸਦੀਆਂ ਅਤੇ ਮੇਰੀ ਸੱਸ ਦੀਆਂ ਵਾਲੀਆਂ ਤੋਂ ਇਲਾਵਾ
ਦੋ ਤਿੰਨ ਸੋਨੇ ਦੇ ਗਹਿਣੇ ਹੋਰ ਸਨ…।
ਫਿਰ ਉਹ ਮੈਨੂੰ ਪੇਟੀ ਵਿੱਚ ਰੱਖੇ ..ਬਿਸਤਰੇ.. ਭਾਂਡੇ ਅਤੇ ਹੋਰ ਸਮਾਨ ਦਿਖਾਉਣ ਲੱਗੀ..। ਪੇਟੀ ਦੀਆਂ ਕੁੰਜੀਆਂ ਦੇ ਨਾਲ ਉਸਨੇ ਗੁੱਛ -ਮੁੱਛ ਕਰ ਰੱਖੇ ਕੁੱਝ ਨੋਟ ਵੀ ਫੜਾ ਦਿੱਤੇ..। ਮੈਂ ਬਥੇਰੀ ਨਾਂਹ ਨੁੱਕਰ ਕੀਤੀ ਪਰ ਉਸਨੇ ਜੋਰ ਦੇ ਕੇ ਸਭ ਕੁੱਝ ਮੈਨੂੰ ਰੱਖ ਲੈਣ ਲਈ ਕਿਹਾ..।
ਇਹ ਸਭ ਸ਼ਾਇਦ ਉਹ ਆਪਣੀ ਵਿਗੜ ਰਹੀ ਸਿਹਤ ਵੱਲ ਦੇਖ
ਕੇ ਕਰ ਰਹੀ ਸੀ..। ਮੈਂ ਤੇ ਪਤੀ ਨੇ ਉਸਨੂੰ ਸ਼ਹਿਰ ਦੇ ਚੰਗੇ ਡਾਕਟਰ ਨੂੰ ਦਿਖਾਇਆ …ਅਰਾਮ ਨਾ ਆਉਂਦਾ ਦੇਖ ਡਾਕਟਰ ਬਦਲੇ..ਵੀ ਪਰ ਦਾਦੀ..ਬਚ ਨਾ ਸਕੀ..।
ਕੁੱਝ ਕੁ ਮਹੀਨਿਆਂ ਵਿੱਚ ਹੀ ਮੋਹ ਦਾ ਗੂੜ੍ਹਾ ਰਿਸ਼ਤਾ ਬਣ ਗਿਆ ਸੀ ਉਸ ਨਾਲ..ਉਸ ਦੇ ਰੁਖਸਤ ਹੋ ਜਾਣ ਤੋਂ ਬਾਅਦ ਮੈਨੂੰ ਉਸਦੀ ਅਹਿਮੀਅਤ ਅਤੇ ਚੰਗੇ ਸੁਭਾਅ ਦਾ ਚੇਤਾ ਆ ਰਿਹਾ ਸੀ..।
ਕਿਵੇਂ ..ਡਿੱਗਦੀ ਢਹਿੰਦੀ ਵੀ ਮੇਰੇ ਨਾਲ ਕੰਮ ਕਰਾਉਣ ਦੀ ਕੋਸ਼ਿਸ਼ ਕਰਦੀ ..ਰਹਿੰਦੀ ਸੀ। ਕਿਵੇਂ ਮੈਥੋਂ ਰੋਟੀ ਦਾ ਥਾਲ ਫੜਨ ਲੱਗੀ ..ਅਸੀਸਾਂ ਦੀ ਝੜੀ ਲਾ ਦਿੰਦੀ..
“ਜਿਉਂਦੀ ਰਹਿ ਧੀਏ..ਰੱਬ ਤੈਨੂੰ ਰਾਜੀ ਰੱਖੇ..ਰੰਗ ਭਾਗ ਲਾਵੇ …ਦੁੱਧੀਂ ਪੁੱਤੀੰ ਨਹਾਵੇਂ..ਬੁੱਢ ਸੁਹਾਗਣ ਹੋਵੇਂ.”..ਤੇ ਹੋਰ ਪਤਾ
ਨਹੀਂ ਕਿੰਨਾ ਕੁੱਝ ..।
ਦਾਦੀ ਦੇ ਜਾਣ ਤੋਂ ਬਾਅਦ …ਕਬੀਲਦਾਰੀ ਦੀਆਂ ਜਿੰਮੇਵਾਰੀਆਂ ਨਿਭਾਉੰਦੀ..ਇੰਨੀ ਘਟ ਉਮਰ ਵਿੱਚ ..ਕਦੇ ਕਦੇ ਮੈਂ ਆਪਣੇ ਆਪ ਨੂੰ ਦਾਦੀ ਬਣੀ ਮਹਿਸੂਸ ਕਰਦੀ..।
ਦਾਦੀ ਦੀ ਤਰਾਂ ਹੀ ਰੋਜ ਚੌਕਾਂ ਸਾਫ ਕਰਕੇ..ਰਸੋਈ ਵਿੱਚ ਨਿੰਮ ਦੇ ਪੱਤਿਆਂ ਦੀ ਧੂਫ ਦੇ ਕੇ ਕੰਮ ਸ਼ੁਰੂ ਕਰਦੀ.. ਦਾਦੀ ਦੀ ਤਰ੍ਹਾਂ ਹੀ ਰੋਟੀਆਂ ਪਕਾਉੰਦੀ ਵਾਹਿਗੁਰੂ ਵਾਹਿਗੁਰੂ ਆਖਦੀ..ਤੇ ਦਾਦੀ ਦੀ ਤਰ੍ਹਾਂ ਹੀ ਮੁੱਠੀ ਘੁੱਟ ਕੇ ਖਰਚਾ
ਕਰਦੀ..।
ਪਤੀ ਦੇ ਨਾਲ ਨਾਲ ਦਿਉਰਾਂ ਵੱਲ ਧਿਆਨ ਵੀ ਦਿੱਤਾ…ਦਿਉਰਾਂ ਨੂੰ ਮਾਂ ਬਣ ਕੇ ਪਿਆਰ ਨਾਲ ਹੈਂਡਲ ਕਰਦੀ ਪਰ ਪੜ੍ਹਾਈ ਵਿੱਚ ਢਿੱਲੇ ਹੋਣ ਤੇ ਉਨ੍ਹਾਂ ਨੂੰ ਘੂਰਦੀ ਵੀ..। ਕਦੇ ਕਦਾਈਂ ਆਖੇ ਨਾ ਲੱਗਦੇ ਤਾਂ ਇੱਕ ਅੱਧੀ ਜੜ ਵੀ ਦਿੰਦੀ..।
ਉਨ੍ਹਾਂ ਨਾਲ ਸਖ਼ਤੀ ਨਾਲ ਪੇਸ਼ ਆਉਂਦੀ ਨੂੰ ਦੇਖ ਕੁੱਝ ਗੁਆਂਢਣ ਅੌਰਤਾਂ ਮੇਰੇ ਤੇ ਮਤਰੇਈ ਵਾਲਾ ਸਲੂਕ ਕਰਨ ਦੀਆਂ ਗੱਲਾਂ ਆਸ ਗੁਆਂਢ ਵਿੱਚ ਕਰਦੀਆਂ …।
ਪਰ ਮੈਂ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਚੁੱਪ ਚਾਪ ਆਪਣੇ ਕੰਮ ਕਰਦੀ ਰਹੀ ..ਮਾਂ ਦੀ ਸਿੱਖਿਆ ਅਤੇ ਮੇਰੇ ਪਤੀ ਦਾ ਭਰੋਸਾ ਮੇਰੇ ਨਾਲ ਸੀ..। ਹੋਲੀ ਹੋਲੀ ਨਿੱਕੇ ਦਿਉਰ ਵੀ ਮੇਰੀ ਭਾਵਨਾ ਨੂੰ ਸਮਝ ਰਹੇ ਸਨ..।
ਪਤੀ ਦੀ ਤਨਖਾਹ ਤੇ ਹੀ ਨਿਰਭਰ ਨਾ ਰਹਿ ਕੇ .. .ਘਰ ਦੇ ਕੰਮਾਂ ਤੋਂ ਇਲਾਵਾ ਆਸ ਗੁਆਂਢ ਅਤੇ ਪਿੰਡ ਦੇ ਬੱਚਿਆਂ ਨੂੰ ਟਿਊਸ਼ਨ ਪੜਾਉੰਦੀ …ਪਤੀ ਦੇ ਨਾਲ ਡੰਗਰਾਂ ਨੂੰ ਸੰਭਾਲਣ ਵਿੱਚ ਮਦਦ ਕਰਦੀ..! ਮਹੀਨੇ ਚ ਤਿੰਨ ਚਾਰ ਸੂਟ ਵੀ ਸਿਉੰ ਦੇੰਦੀ..।
ਮਿਹਨਤ ਕਰਨ ਨਾਲ ਘਰ ਵਿੱਚ ਸਭ ਪਾਸੇ ਤੋਂ ਪੈ ਰਹੀ ਬਰਕਤ ਨੂੰ ਮਹਿਸੂਸ ਕਰ ਮੇਰਾ ਹੌਸਲਾ ਹੋਰ ਵੱਧ ਜਾਂਦਾ..।
ਸਮਾਂ ਇੱਕ ਦਮ ਨਹੀਂ ਬਦਲਦਾ ..ਮਸ਼ੱਕਤ ਕਰਨੀ ਪੈਂਦੀ ਹੈ …ਦੁੱਖਾਂ ..ਪਰੇਸ਼ਾਨੀਆਂ ਵਿੱਚੋਂ ਲੰਘਣਾ ਪੈਂਦਾ ਹੈ…ਪਰ ਆਖਿਰ ਮਿਹਨਤ ਦਾ ਮਿਲੇਆ ਮੁੱਲ ..ਸਭ ਪਰੇਸ਼ਾਨੀਆਂ
ਭੁਲਾ ਦਿੰਦਾ ਹੈ..।
ਅੱਜ ਪੜ੍ਹ ਲਿਖ ਕੇ ਬਾਹਰਲੇ ਮੁਲਕਾਂ ਚ ਸੈੱਟ ਹੋਏ ਵਿਆਹੇ ਵਰੇ ਦੋਵੇਂ ਦਿਉਰ ਤੇ ਉਨ੍ਹਾਂ ਦਾ ਪਰਿਵਾਰ ਮੇਰੇ ਖੁੱਦ ਦੇ ਦੋਵਾਂ ਬੱਚਿਆਂ ਤੋਂ ਵੀ ਵੱਧ ਆਦਰ ਕਰਦੇ ਨੇ ..ਸਾਡੇ ਦੋਵਾਂ ਜੀਆਂ ਦਾ ।..ਕੰਡਾ ਲੱਗਿਆ ਵੀ ਨਹੀਂ ਜਰਦੇ ..ਉਹ!
ਘਰ ਚ ਕਿਸੇ ਚੀਜ ਦੀ ਕੋਈ ਵੀ ਥੋੜ੍ਹ ਨਹੀਂ ਰਹੀ…ਸਭ ਕੁੱਝ ਸਮੇਂ ਨਾਲ ਬਣ ਗਿਆ ..।
ਪਰ ਇਹ ਜੋ ਆਪ ਮਿਹਨਤ ਕਰਕੇ ਬੰਨੇ ਘਰ ਵਿੱਚ ਰਹਿਣ ਦਾ ਸਕੂਨ ਮੈਨੂੰ ਮਿਲੇਆ..ਸ਼ਾਇਦ ਕਿਸੇ ਅਮੀਰ ਘਰ ਵਿੱਚ ਵਿਆਹੀ ਜਾਣ ਤੇ ਵੀ ਨਸੀਬ ਨਹੀਂ ਸੀ ਹੋਣਾ..।
ਇਹ ਮਿਹਨਤ ਕਰਨ ਅਤੇ ਥੋੜ੍ਹ ਅੌਖ ਸਮੇ ਵੀ ਚੜ੍ਹਦੀ ਕਲਾ ਵਿੱਚ
ਰਹਿਣ ਦੀ ਤਜੁਰਬੇ ਰੂਪੀ ਪੂੰਜੀ ਮੈਂ ਆਪਣੇ ਪੁੱਤ ਅਤੇ ਲਾਡਾਂ ਨਾਲ ਪਲ ਰਹੀ ਆਪਣੀ ਧੀ ਰਾਣੀ ਨੂੰ ਵੀ ਸਿੱਖਿਆ ਦੇ ਰੂਪ ਵਿੱਚ ਦੇਣਾ ਚਾਹਾਂਗੀ..ਬਿਲਕੁਲ ਉਵੇਂ ..ਜਿਵੇਂ ਮੈਨੂੰ ਮਾਂ ਅਤੇ ਦਾਦੀ ਸੱਸ ਤੋਂ ਇਹ ਪੂੰਜੀ ਨਸੀਬ ਹੋਈ ਸੀ।
ਹਰਿੰਦਰ ਸਿੰਘ ਤੱਤਲਾ
(ਇੱਕ ਸਤਿਕਾਰ ਯੋਗ ਸਖਸ਼ੀਅਤ ਨੂੰ ਸਮਰਪਿਤ )

Leave A Comment!

(required)

(required)


Comment moderation is enabled. Your comment may take some time to appear.

Comments

3 Responses

  1. Mandeep

    very nice story . Every girl should learn these things .I feel i also learnt from my mother .

  2. kirandeep kaur

    Very Nice, Amazing thinking❤️💯☑️👌👌👌👌

  3. varandeep

    very gud story, je har maa eho jahi soch di malak hove ta koi v kudi apne sohre ghar sahi rahe,

Like us!