ਰਿਸ਼ਤਿਆਂ ਦਾ ਵਜੂਦ

3

ਜਦੋਂ ਗੁੜਗਾਉਂ ਨਵਾਂ-ਨਵਾਂ ਕੰਮ ਸ਼ੁਰੂ ਕੀਤਾ ਤਾਂ ਕਿਸੇ ਦੀ ਸਿਫਾਰਿਸ਼ ਤੇ ਦੋ ਮੁੰਡੇ ਕੰਮ ਤੇ ਰੱਖ ਲਏ..
ਪਿਓ ਚੁਰਾਸੀ ਵੇਲੇ ਮਾਰ ਦਿੱਤਾ ਸੀ ਤੇ ਮਾਂ ਨੇ ਦੋਹਾਂ ਨੂੰ ਦਾਦੀ ਦੇ ਹਵਾਲੇ ਕਰ ਹੋਰ ਵਿਆਹ ਕਰਵਾ ਲਿਆ..ਜਦੋਂ ਵੀ ਨਿੱਕੇ ਵੱਲ ਤੱਕਦੀ ਅੱਖਾਂ ਭਰ ਆਉਂਦੀਆਂ..ਸੋਚਦੀ ਵਖਤਾਂ ਦੇ ਮਾਰਿਆਂ ਕੋਲੋਂ ਮਾਂ ਦਾ ਆਸਰਾ ਨਹੀਂ ਸੀ ਖੋਹਿਆ ਜਾਣਾ ਚਾਹੀਦਾ..ਕਈ ਵਾਰ ਕੁਵੇਲਾ ਹੋ ਜਾਂਦਾ ਤਾਂ ਸਾਡੇ ਕੋਲ ਹੀ ਬਾਹਰ ਬਣੇ ਕਵਾਟਰ ਵਿਚ ਸੌਂ ਜਾਇਆ ਕਰਦੇ..

ਇੱਕ ਦਿਨ ਸਰਦਾਰ ਜੀ ਆਖਣ ਲੱਗੇ ਦੋਵੇਂ ਆਖਦੇ ਨੇ ਕੇ ਸਾਡਾ ਹਿਸਾਬ ਕਰ ਦੇਵੋ..
ਮੈਂ ਕੋਲ ਸੱਦ ਲਿਆ..ਅੱਖਾਂ ਨਾ ਮਿਲਾਉਣ..ਫੇਰ ਵਜਾ ਪੁੱਛੀ ਤਾਂ ਨਿੱਕਾ ਆਖਣ ਲੱਗਾ..”ਸਰਦਾਰ ਹੁਰੀਂ ਬਹੁਤ ਗੁਸੇ ਹੋਏ ਅੱਜ..ਸਭ ਦੇ ਸਾਮਣੇ..ਹੁਣ ਸਾਡਾ ਜੀ ਨਹੀਂ ਕਰਦਾ ਕੰਮ ਕਰਨ ਨੂੰ ਇਥੇ..”

ਦਿਲ ਨੂੰ ਹੌਲ ਜਿਹਾ ਪਿਆ..ਫੇਰ ਵੀ ਬਾਹਰੀ ਭਾਵਾਂ ਤੇ ਕਾਬੂ ਰੱਖਦੀ ਹੋਈ ਨੇ ਗੱਲ ਪੁੱਛ ਲਈ..”ਕਿੰਨਾ ਚਿਰ ਹੋ ਗਿਆ ਦੋਹਾਂ ਨੂੰ ਇਥੇ ਕੰਮ ਕਰਦਿਆਂ”?
ਆਖਣ ਲੱਗੇ “ਜੀ ਤਕਰੀਬਨ ਛੇ ਸਾਲ..”
ਫੇਰ ਸੁਆਲ ਕੀਤਾ ਕੇ ਇਹਨਾਂ ਛੇ ਵਰ੍ਹਿਆਂ ਵਿਚ ਦਸਿਓ ਖਾਂ ਭਲਾ ਕਿੰਨੀ ਕੂ ਵਾਰੀ ਝਿੜਕ ਮਾਰੀ ਸਰਦਾਰ ਹੁਰਾਂ..?
ਕੁਝ ਸੋਚਣ ਮਗਰੋਂ ਆਖਣ ਲੱਗੇ “ਜੀ ਪੰਜ-ਛੇ ਵਾਰੀ ਤੇ ਝਿੜਕਿਆ ਹੀ ਹੋਣਾ..ਇੱਕ ਵਾਰੀ ਚਪੇੜ ਵੀ ਕੱਢ ਮਾਰੀ ਸੀ..ਮੈਨੂੰ ਚੇਤਾ ਏ..ਨਿੱਕਾ ਬੋਲ ਉਠਿਆ”

ਮੈਂ ਕੋਲ ਪਿਆ ਕੈਲਕੁਲੇਟਰ ਚੁੱਕ ਲਿਆ ਤੇ ਹਿਸਾਬ ਕਰਕੇ ਦਸਿਆ ਕੇ ਪੁੱਤਰੋ ਛੇ ਵਰ੍ਹਿਆਂ ਵਿਚ 2190 ਦਿਨ ਹੁੰਦੇ ਨੇ ਤੇ ਇਹਨਾਂ ਸਾਰੇ ਦਿਨਾਂ ਵਿਚੋਂ ਜੇ ਝਿੜਕਾਂ ਵਾਲੇ ਛੇ ਦਿਨ ਘਟਾ ਲਏ ਜਾਣ...

ਤਾਂ ਬਾਕੀ ਬਚਦੇ ਨੇ ਪੂਰੇ 2184 ਦਿਨ..
ਇਹਨਾਂ 2184 ਦਿਨਾਂ ਵਿਚ ਤੁਹਾਨੂੰ ਇਸ ਘਰੋਂ ਜਿੰਨਾ ਵੀ ਲਾਡ ਪਿਆਰ ਮਿਲਿਆ..ਉਸਦਾ ਹਿਸਾਬ ਕਿਤਾਬ ਮੋੜਦੇ ਜਾਵੋ ਤੇ ਥੋਨੂੰ ਜਾਣ ਦੀ ਪੂਰੀ ਖੁੱਲ ਏ..!

ਦੋਹਾਂ ਨੀਵੀਆਂ ਪਾ ਲਈਆਂ..ਪਿਆਰ ਮੁਹੱਬਤ ਨਾਲ ਭਿੱਜਿਆ ਤੀਰ ਆਪਣੇਪਨ ਦੀ ਕਮਾਨ ਵਿਚੋਂ ਐਸੀ ਸੰਜੀਦਗੀ ਨਾਲ ਨਿਕਲਿਆ ਕੇ ਵਕਤੀ ਤੌਰ ਤੇ ਉੱਠ ਖਲੋਤੀ ਨਫਰਤ ਦੀ ਉਚੀ ਸਾਰੀ ਕੰਧ ਓਸੇ ਵੇਲੇ ਢਹਿ-ਢੇਰੀ ਹੋ ਗਈ!

ਏਨੇ ਵਰ੍ਹਿਆਂ ਬਾਅਦ ਅਜੇ ਵੀ ਦੋਵੇਂ ਸਾਡੇ ਕੋਲ ਹੀ ਕੰਮ ਕਰਦੇ ਨੇ..ਦੋਹਾਂ ਦੇ ਵਿਆਹ ਵਾਲੇ ਕਾਰਜ ਵੀ ਹੱਥੀਂ ਨੇਪਰੇ ਚਾੜੇ..ਪਿੱਛੇ ਜਿਹੇ ਨਿੱਕੇ ਦੇ ਮੁੰਡਾ ਹੋਇਆ ਤਾਂ ਗੁੜਤੀ ਦਵਾਉਣ ਹਸਪਤਾਲ ਲੈ ਗਿਆ..ਆਖਣ ਲੱਗਾ ਬੀਬੀ ਜੀ ਤੁਹਾਡੇ ਤੇ ਗੁਰੂ ਦੀ ਬੜੀ ਬਖਸ਼ਿਸ ਏ..ਇਸਦੇ ਸਿਰ ਤੇ ਹੱਥ ਫੇਰ ਦਿਓ..ਜੁਆਨ ਹੋ ਕੇ ਕਿਸੇ ਚੰਗੇ ਪਾਸੇ ਲੱਗੇ!

ਮੈਨੂੰ ਸਮਝ ਨਾ ਲੱਗੀ ਕੇ ਜਿਉਣ-ਜੋਗਾ ਮੈਥੋਂ ਗੁੜਤੀ ਦਵਾ ਰਿਹਾ ਸੀ ਕੇ ਨਵੇਂ ਆਏ ਜੀ ਨੂੰ ਨਸੀਹਤ ਕਰ ਰਿਹਾ ਸੀ ਕੇ ਕਿਸੇ ਟਾਈਮ ਦੁਨਿਆਵੀ ਔਕੜਾਂ ਵੇਲੇ ਮਾਂ ਬਣ ਆਪਣਾ ਦੁੱਧ ਚੁੰਗਾਉਣ ਵਾਲੀ ਇਹ ਔਰਤ ਜਦੋਂ ਬੁੱਢੀ ਹੋ ਗਈ ਤਾਂ ਦਾਦੀ ਮਾਂ ਸਮਝ ਇਸਦੀ ਸੇਵਾ ਕਰਨ ਤੋਂ ਮੂੰਹ ਨਾ ਮੋੜੀ!

ਸੋ ਦੋਸਤੋ ਜਰੂਰੀ ਨਹੀਂ ਕੇ ਦੁਨੀਆ ਦੇ ਸਾਰੇ ਰਿਸ਼ਤੇ ਕੁੱਖ ਵਿਚਲੇ ਖੂਨ ਵਿਚ ਰਚ ਮਿਚ ਕੇ ਹੀ ਮਜਬੂਤ ਹੁੰਦੇ ਹੋਵਣ..ਕੁਝ ਭਾਵਨਾਵਾਂ ਅਤੇ ਆਪਸੀ ਮੋਹ ਵਾਲੀ ਨੀਂਹ ਤੇ ਖੜੋ ਕੇ ਵੀ ਪ੍ਰਵਾਨ ਚੜਿਆ ਕਰਦੇ ਨੇ..ਤੇ ਐਸੇ ਰਿਸ਼ਤਿਆਂ ਦਾ ਵਜੂਦ ਸਿਵਿਆਂ ਦੀ ਅੱਗ ਵਿਚ ਸੜ ਕੇ ਵੀ ਕਦੀ ਖਤਮ ਨਹੀਂ ਹੁੰਦਾ!

ਹਰਪ੍ਰੀਤ ਸਿੰਘ ਜਵੰਦਾ

Leave A Comment!

(required)

(required)


Comment moderation is enabled. Your comment may take some time to appear.

Comments

3 Responses

  1. Sukha khamanon

    Waheguru ji

  2. dr gurjant mand

    nice aa 😍😍

  3. Jasveer Singh

    very nice

Like us!