ਸੰਜੀਵਨੀ ਬੂਟੀ

3

ਉਮਰ ਦੇ ਇਸ ਪੜਾਅ ਤੇ ਇੰਜ ਕੱਲੀ ਰਹਿ ਜਾਵਾਂਗੀ..ਕਦੀ ਸੁਫ਼ਨੇ ਵਿਚ ਵੀ ਨਹੀਂ ਸੀ ਸੋਚਿਆ!
ਬੇਟੇ ਨੂੰ ਬਾਹਰ ਗਏ ਨੂੰ ਮਸੀ ਤਿੰਨ ਮਹੀਨੇ ਵੀ ਨਹੀਂ ਸਨ ਹੋਏ ਕੇ ਇੱਕ ਦਿਨ ਚੰਗੇ ਭਲੇ ਤੁਰੇ ਫਿਰਦੇ ਇਹ ਸਾਥ ਛੱਡ ਗਏ..!

ਉਹ ਆਪਣੇ ਬਾਪ ਨੂੰ ਮੋਢਾ ਦੇਣ ਕੱਲਾ ਹੀ ਆਇਆ..

ਛੇਵੇਂ ਮਹੀਨੇ ਵਿਚ ਪੈਰ ਧਰਦੀ ਨੂੰਹ ਵਾਸਤੇ ਜਹਾਜ ਦਾ ਸਫ਼ਰ ਮਾਫਿਕ ਨਹੀਂ ਸੀ..!

ਭਾਵੇਂ ਉਸਨੇ ਢੇਰ ਸਾਰੀਆਂ ਤਸੱਲੀਆਂ ਦਿੱਤੀਆਂ ਪਰ ਉਸਦੇ ਵਾਪਿਸ ਪਰਤਣ ਮਗਰੋਂ ਇੱਕ ਵਾਰ ਫੇਰ ਗੁੰਮਨਾਮੀ ਵਾਲੇ ਹਨੇਰੇ ਦੀ ਬੁੱਕਲ ਵਿਚ ਜਾ ਪਈ..

ਸਾਰਾ ਸਾਰਾ ਦਿਨ ਬੱਸ ਬਾਲਕੋਨੀ ਵਿਚ ਕੱਲੀ ਬੈਠੀ ਰਹਿੰਦੀ..!
ਕਦੀ ਕੁਝ ਸੋਚ ਰੋੋਣ ਨਿੱਕਲ ਜਾਂਦਾ..ਕਦੀ ਪੂਰਾਣੀ ਐਲਬੰਮ ਕੱਢ ਅਤੀਤ ਵਿਚ ਅੱਪੜ ਜਾਇਆ ਕਰਦੀ..
ਕਦੀ ਇਹਨਾਂ ਦੇ ਮਨਪਸੰਦ ਕੌਫੀ ਵਾਲੇ ਕੱਪ ਵਿਚੋਂ ਕਿੰਨਾ-ਕਿੰਨਾ ਚਿਰ ਨਿੱਕੇ ਨਿੱਕੇ ਘੁੱਟ ਭਰਦੀ ਰਹਿੰਦੀ..!

ਕੁਝ ਦਿਨਾਂ ਤੋਂ ਨਾਲ ਲੱਗਦੇ ਖਾਲੀ ਫਲੈਟ ਵਿਚ ਕਾਫੀ ਰੌਣਕ ਸੀ..ਕੋਈ ਨਵਾਂ ਵਿਆਹਿਆ ਜੋੜਾ ਆ ਗਿਆ ਲੱਗਦਾ ਸੀ ਸ਼ਾਇਦ..

ਹਮੇਸ਼ਾਂ ਬਿੜਕ ਜਿਹੀ ਰਖਿਆ ਕਰਦੀ..
ਦੋਵੇਂ ਸੁਵੇਰੇ ਨਿੱਕਲ ਜਾਇਆ ਕਰਦੇ..ਆਥਣੇ ਮੁੜਦੇ..ਫੇਰ ਕਿੰਨਾ-ਕਿੰਨਾ ਚਿਰ ਬੈਠੇ ਗੱਲਾਂ ਮਾਰਦੇ ਰਹਿੰਦੇ..
ਕਦੇ ਨਿੱਕੀ ਨਿੱਕੀ ਗੱਲ ਤੋਂ ਬਹਿਸ ਹੋ ਜਾਇਆ ਕਰਦੀ..ਜਿਆਦਾਤਰ ਪਿਆਰ ਮੁਹੱਬਤ ਵਾਲੀਆਂ ਗੱਲਾਂ ਹੀ ਹੁੰਦੀਆਂ..ਮੈਂ ਸਾਰਾ ਕੁਝ ਚੁੱਪ ਚੁਪੀਤੇ ਹੀ ਆਪਣੇ ਵਜੂਦ ਤੇ...

ਮਹਿਸੂਸ ਕਰਦੀ ਰਹਿੰਦੀ..
ਅਖੀਰ ਬਾਲਕੋਨੀ ਦੀ ਬੱਤੀ ਜਗਾਉਣੀ ਵੀ ਬੰਦ ਜਿਹੀ ਕਰ ਦਿੱਤੀ..ਕਿਧਰੇ ਓਹਨਾ ਦੇ ਪਿਆਰ ਮੁਹੱਬਤ ਵਾਲੇ ਪਲਾਂ ਵਿਚ ਕੋਈ ਖਲਲ ਹੀ ਨਾ ਪੈ ਜਾਵੇ..!

ਇੱਕ ਦਿਨ ਐਤਵਾਰ ਸੁਵੇਰੇ ਸੁਵੇਰੇ ਬੂਹੇ ਤੇ ਦਸਤਕ ਹੋਈ..

ਬਾਰ ਖੋਲਿਆ ਤਾਂ ਉਹ ਦੋਵੇਂ ਸਨ..
ਹੱਸਦੇ ਹੋਏ..ਫੇਰ ਰਸਮੀਂ ਜਿਹੀ ਮਿਲਣੀ ਮਗਰੋਂ ਲਾਲ ਚੂੜੇ ਵਾਲੀ ਨੇ ਸੰਗਦੀ ਹੋਈ ਨੇ ਗੱਲ ਸ਼ੁਰੂ ਕੀਤੀ..
ਆਖਣ ਲੱਗੀ ਆਂਟੀ ਤੁਹਾਡੇ ਗਵਾਂਢ ਵਿਚ ਨਾਲ ਵਾਲੀ ਬਾਲਕੋਨੀ ਵਾਲੇ ਹਾਂ..
ਹੁਣੇ ਹੁਣੇ ਹੀ ਇਥੇ ਬਦਲ ਕੇ ਆਏ ਹਾਂ..
ਸਾਨੂੰ ਉੱਚੀ ਉਚੀ ਗੱਲਾਂ ਕਰਨ ਦੀ ਆਦਤ ਏ..ਆਸ ਕਰਦੇ ਹਾਂ ਤੁਹਾਨੂੰ ਪ੍ਰੇਸ਼ਨੀ ਤੇ ਨਹੀਂ ਹੁੰਦੀ ਹੋਵੇਗੀ?
ਸਹਿ ਸੂਬਾ ਹੀ ਮੂਹੋਂ ਨਿੱਕਲ ਗਿਆ ਕੇ ਧੀਏ ਪ੍ਰੇਸ਼ਾਨੀ ਕਾਹਦੀ..ਤੁਹਾਡੀਆਂ ਗੱਲਾਂ ਤੇ ਸਗੋਂ ਸੰਜੀਵਨੀ ਬੂਟੀ ਦਾ ਕੰਮ ਕਰਦੀਆਂ..!

ਫੇਰ ਕਿੰਨੀਆਂ ਸਾਰੀਆਂ ਗੱਲਾਂ..ਢੇਰ ਸਾਰੀਆਂ ਵਕਫ਼ੀਆਂ ਨਿੱਕਲੀਆਂ..
ਮਗਰੋਂ ਸਿਆਲ ਦੀ ਨਿੱਘੀ ਜਿਹੀ ਸੁਵੇਰ ਵਿਚ ਚਾਹ ਦੀਆਂ ਪਿਆਲੀਆਂ ਵਿਚੋਂ ਨਿੱਕਲਦੀ ਹੋਈ ਮਿੱਠੀ ਜਿਹੀ “ਭਾਫ” ਮੁਹੱਬਤ ਬਣ ਫਿਜ਼ਾ ਵਿਚ ਰਲਦੀ ਗਈ..!

ਉਸ ਦਿਨ ਮਗਰੋਂ ਓਹਨਾ ਦੋਹਾਂ ਨੇ ਹਰ ਗੱਲਬਾਤ ਵਿਚ ਮੇਰੀ ਸਮੂਲੀਅਤ ਜਰੂਰੀ ਜਿਹੀ ਬਣਾ ਦਿੱਤੀ..!
ਹੁਣ ਮੈਨੂੰ ਅਕਸਰ ਹੀ ਇੰਝ ਲੱਗਿਆ ਕਰਦਾ ਜਿਦਾਂ ਮੇਰਾ ਪੁੱਤ ਮੇਰੀ ਨੂੰਹ ਸਣੇ ਨਾਲਦੇ ਕਮਰੇ ਵਿਚ ਸ਼ਿਫਟ ਹੋ ਗਿਆ ਹੋਵੇ..!

ਹਰਪ੍ਰੀਤ ਸਿੰਘ ਜਵੰਦਾ

Leave A Comment!

(required)

(required)


Comment moderation is enabled. Your comment may take some time to appear.

Comments

3 Responses

  1. Jashandeep Singh Brar

    Bhaut hi shoni khahni ❤️❤️

  2. Garry

    Nice

  3. Simran

    Nyc

Like us!