ਭੁੱਖ ਨਾਲੋਂ ਤਾਕਤਵਰ

ਸਕੂਲੋਂ ਪਰਤਦੇ ਹੋਏ ਨੂੰ ਰੋਜ ਪੰਡ ਪੱਠਿਆਂ ਦੀ ਚੁੱਕ ਘਰੇ ਲਿਆਉਣੀ ਪੈਂਦੀ..
ਇੱਕ ਵਾਰ ਹਾਲਤ ਏਨੇ ਮਾੜੇ ਹੋ ਗਏ ਕੇ ਪੱਠੇ ਮੁੱਲ ਵੀ ਨਾ ਲਏ ਗਏ..ਫੇਰ ਸੜਕ ਕੰਢੇ ਉੱਗਿਆ ਮੈਣਾ ਅਤੇ ਜੰਗਲੀ ਘਾਹ ਵੱਢ ਕੇ ਲਿਆਉਣਾ ਪਿਆ ਕਰਦਾ..ਜਦੋਂ ਮਾੜੀ ਬੂਟੀ ਕਾਰਨ ਡੰਗਰ ਪੱਠਿਆਂ ਨੂੰ ਮੂੰਹ ਨਾ ਲਾਉਂਦੇ ਤਾਂ ਬੜਾ ਗੁੱਸਾ ਆਉਂਦਾ!
ਉਸ ਦਿਨ ਪੰਡ ਟੋਕੇ ਤੇ ਕੁਤਰ ਕੇ ਮੂੰਹ ਹੱਥ ਧੋ ਮਾਂ ਕੋਲੋਂ ਰੋਟੀ ਮੰਗੀ..
ਆਖਣ ਲੱਗੀ ਸ਼ਹਿਰ ਕਰਫਿਊ ਲੱਗ ਗਿਆ ਤੇ ਸੁਵੇਰ ਦਾ ਮੀਂਹ ਵੀ ਪਈ ਜਾਂਦਾ..
ਤੇਰੇ ਪਿਓ ਦੀ ਦਿਹਾੜੀ ਨਹੀਂ ਲੱਗੀ..
ਬਾਹਰ ਸਾਈਕਲ ਦੀ ਚੈਨ ਚੜਾਉਂਦੇ ਹੋਏ ਮੇਰੇ ਬਾਪ ਨੇ ਸ਼ਾਇਦ ਜਾਣ ਬੁਝ ਕੇ ਹੀ ਮੇਰੇ ਵੱਲ ਪਿੱਠ ਕਰ ਰੱਖੀ ਸੀ..
ਭੁੱਖ ਸਿਖਰ ਤੇ ਸੀ ਤੇ ਨਾਲ ਨਾਲ ਮੇਰਾ ਗੁੱਸਾ ਵੀ..ਜੋੜੀ ਰਲਾਉਂਦਿਆਂ ਨੇ ਏਨੇ ਨਿਆਣੇ ਕਿਓਂ ਜੰਮ ਧਰੇ..
ਪਰ ਖਾਲੀ ਪੇਟ ਮੇਰਾ ਦਿਮਾਗ ਹੋਰ ਵੀ ਤੇਜ ਹੋ ਗਿਆ..ਫੇਰ ਹੌਲੀ ਜਿਹੀ ਬਾਹਰ ਨੂੰ ਨਿੱਕਲ ਸਿੱਧਾ ਨਹਿਰ ਦੇ ਪੁਲ ਤੇ ਅੱਪੜ ਗਿਆ..
ਆਥਣ ਵੇਲੇ ਦੇ ਘੁਸਮੁਸੇ ਵਿਚ ਨਾ ਕੋਈ ਮੈਨੂੰ ਵੇਖ ਸਕਦਾ ਸੀ ਤੇ ਨਾ ਹੀ ਮੈਂ ਕਿਸੇ ਨੂੰ..
ਫਰਲਾਂਘ ਦੀ ਵਿੱਥ ਤੇ ਟਾਹਲੀ ਕੋਲ ਉੱਗੇ ਵੱਡੇ ਸਾਰੇ ਪਿੱਪਲ ਕੋਲੋਂ ਦਿਨੇ ਵੀ ਡਰ ਆਇਆ ਕਰਦਾ ਸੀ..
ਨਾਲਦੇ ਅਕਸਰ ਆਖਿਆ ਕਰਦੇ ਕੇ ਇਥੇ ਡੁੱਬ ਕੇ ਮਰਿਆਂ ਦੀ ਰੂਹ ਭਟਕਦੀ ਏ..ਭੂਤ ਰਹਿੰਦੇ ਉਥੇ..
ਪਰ ਉਸ ਦਿਨ ਮੈਨੂੰ ਕੋਈ ਡਰ ਨਹੀਂ ਸੀ ਲੱਗਾ..
ਮੈਨੂੰ ਚੰਗੀ...
ਪਰ ਉਸ ਦਿਨ ਕਿਸਮਤ ਚੰਗੀ ਸੀ..ਨਾਰੀਅਲ ਦੇ ਖੋਪਿਆਂ ਦੇ ਨਾਲ ਨਾਲ ਪਟੜੀ ਤੇ ਰੰਗ ਵਾਲੇ ਮਿੱਠੇ ਚੌਲਾਂ ਦੀ ਪੋਟਲੀ..ਮੋਤੀ ਚੂਰ ਦੇ ਕਿੰਨੇ ਸਾਰੇ ਲੱਡੂ..ਕਰੇਲਿਆਂ ਦੀ ਸਬਜੀ ਤੇ ਹੋਰ ਵੀ ਕਿੰਨਾ ਸਾਰਾ ਨਿੱਕ ਸੁੱਕ ਪਿਆ ਸੀ..!
ਛੇਤੀ ਨਾਲ ਪੱਥਰ ਤੇ ਮਾਰ ਗਿਰੀ ਤੋੜ ਸੁੱਟੀ..ਕੁਝ ਪਾਣੀ ਥੱਲੇ ਵਗ ਗਿਆ ਤੇ ਕੁਝ ਪੀ ਲਿਆ..ਫੇਰ ਗਿਰੀ ਖਾਦੀ..ਫੇਰ ਬਾਕੀ ਸ਼ੈਆਂ ਤੇ ਵੀ ਘੜੀ ਲਾਈ..
ਫੇਰ ਮਾਂ ਤੇ ਬਾਕੀ ਦੇ ਜੀਆਂ ਦਾ ਚੇਤਾ ਆ ਗਿਆ ਤੇ ਬਾਕੀ ਦੀਆਂ ਸ਼ੈਆਂ ਪਰਨੇ ਵਿਚ ਬੰਨ ਘਰ ਨੂੰ ਹੋ ਤੁਰਿਆ..ਘਰੇ ਅੱਪੜਿਆਂ ਤਾਂ ਰਗ ਰਗ ਤੋਂ ਵਾਕਿਫ ਮਾਂ ਤੋਂ ਕੁਝ ਵੀ ਲੁਕਾਇਆ ਨਾ ਗਿਆ..ਉਹ ਥੋੜੀ ਨਰਾਜ ਤਾਂ ਲੱਗੀ ਪਰ ਚੁੱਪ ਸੀ..!
ਪਲੇਠੀ ਦਾ ਪੁੱਤ..ਟੂਣਾ ਸਿਰ ਚੜ ਕੇ ਹੀ ਨਾ ਬੋਲਣ ਲੱਗ ਪਵੇ..ਛੇਤੀ ਨਾਲ ਚੋਂਕੇ ਖੜ ਮੇਰੇ ਸਿਰ ਤੋਂ ਮਿਰਚਾਂ ਵਾਰੀਆਂ ਤੇ ਫੇਰ ਕੁਝ ਸੋਚਦੀ ਨੇ ਮੈਨੂੰ ਆਪਣੀ ਬੁੱਕਲ ਚ ਲੁਕੋ ਲਿਆ..!
ਘੜੀ ਕੂ ਮਗਰੋਂ ਹੌਕਿਆਂ ਦੀ ਵਾਜ ਸੁਣ ਹੌਲੀ ਜਿਹੀ ਬੁੱਕਲ ਚੋਂ ਮੂੰਹ ਬਾਹਰ ਕੱਢਿਆ ਤੇ ਉਸਦੀ ਚੁੰਨੀ ਦੇ ਕਿਨਾਰੇ ਨਾਲ ਉਸਦੇ ਅਥਰੂ ਪੂੰਝ ਸੁੱਟੇ..
ਫੇਰ ਹੌਲੀ ਜਿਹੀ ਆਖਿਆ ਘਬਰਾ ਨਾ ਮਾਂ..ਦੁਨੀਆਂ ਦਾ ਕੋਈ ਭੂਤ ਜਾਂ ਟੂਣਾ ਭੁੱਖ ਨਾਲੋਂ ਜਿਆਦਾ ਤਾਕਤਵਰ ਨਹੀਂ ਹੁੰਦਾ!
ਹਰਪ੍ਰੀਤ ਸਿੰਘ ਜਵੰਦਾ
nice