More Punjabi Kahaniya  Posts
ਤਿੜਕਦੇ ਸੁਪਨੇ


ਤਿੜਕਦੇ ਸੁਪਨੇ
“ਖ਼ਬਰਦਾਰ…..ਜੇ ਇਹ ਗੱਲ ਮੁੜ ਕੇ ਆਖੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ , ਮੇਰੇ ਘਰ ਇਹ ਕੰਜਰਖਾਨਾ ਨੀ ਚੱਲਣਾ ।ਜੇ ਆਹੀ ਕੰਮ ਕਰਨੇ ਆ ਤਾਂ ਆਪਣੇ ਪਿਓ ਦੇ ਘਰ ਤੁਰ ਜਾ , ਮੇਰੀ ਸਮਾਜ ਚ ਕੋਈ ਇੱਜ਼ਤ ਆ ….. ਤੇਰੇ ਇਸ ਕੰਜਰਖਾਨੇ ਲਈ ਮੈਂ ਆਪਣੀ ਥੂ ਥੂ ਨੀ ਕਰਾਉਣੀ ।” ਜਿਉਂ ਹੀ ਮੀਨੂੰ ਨੇ ਆਪਣੇ ਪਤੀ ਸੁਖਦੀਪ ਦੇ ਮੂੰਹੋਂ ਇਹ ਸ਼ਬਦ ਸੁਣੇ ਤਾਂ ਉਸ ਨੂੰ ਆਪਣੇ ਸਾਰੇ ਸੁਪਨੇ ਆਪਣੀਆਂ ਅੱਖਾਂ ਸਾਹਵੇਂ ਤਿੜਕਦੇ ਨਜ਼ਰ ਆਏ । ਹਾਲੀਂ ਮੀਨੂੰ ਦੇ ਵਿਆਹ ਨੂੰ ਤਿੰਨ ਮਹੀਨੇ ਹੋਏ ਸਨ । ਉਸ ਦਾ ਪਤੀ ਸੁਖਦੀਪ ਬਹੁਤ ਸੋਹਣਾ ਉੱਚਾ ਲੰਬਾ ਗੱਭਰੂ ਜਵਾਨ ਸੀ , ਪੜ੍ਹਿਆ ਲਿਖਿਆ ਅਤੇ ਅਗਾਂਹ ਵਧੂ ਹੋਣ ਕਰ ਕੇ ਪਿੰਡ ਵਾਸੀਆਂ ਨੇ ਉਸ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਸੀ , ਉਹ ਹਮੇਸ਼ਾਂ ਪਿੰਡ ਵਾਸੀਆਂ ਦੀ ਭਲਾਈ ਲਈ ਕੰਮ ਕਰਦਾ ਨਜ਼ਰ ਆਉਂਦਾ । ਪਿੰਡ ਦੀਆਂ ਔਰਤਾਂ ਦੀ ਭਲਾਈ ਲਈ ਉਸ ਨੇ ਬਹੁਤ ਕੰਮ ਕੀਤੇ ਸਨ ਇਕ ਸਿਲਾਈ ਸੈਂਟਰ ਵੀ ਖੁਲ੍ਹਵਾਇਆ ਸੀ । ਸਾਰੇ ਪਿੰਡ ਅਤੇ ਇਲਾਕੇ ਵਿੱਚ ਉਸ ਦੀ ਬੱਲੇ ਬੱਲੇ ਸੀ । ਉਸ ਦੀ ਸੱਸ ਵੀ ਸਮਾਜ ਸੇਵਾ ਦੇ ਕੰਮ ਵਿਚ ਅੱਗੇ ਰਹਿੰਦੀ ਸੀ । ਮੀਨੂੰ ਬਹੁਤ ਖੁਸ਼ ਸੀ ਕਿ ਉਸ ਨੂੰ ਇੱਕ ਅਗਾਂਹ ਵਧੂ ਪਰਿਵਾਰ ਮਿਲਿਆ ਹੈ । ਅੱਖਾਂ ਵਿੱਚ ਅਨੇਕਾਂ ਸੁਪਨੇ ਸਜਾਈ ਉਸ ਨੇ ਆਪਣੇ ਸਹੁਰੇ ਘਰ ਪੈਰ ਧਰਿਆ ਸੀ ।ਮੀਨੂੰ ਕਾਲਜ ਦੇ ਜ਼ਮਾਨੇ ਤੋਂ ਹੀ ਬਹੁਤ ਵਧੀਆ ਵਿਦਿਆਰਥਣ ਰਹੀ ਸੀ ਪੜ੍ਹਾਈ ਦੇ ਨਾਲ਼ ਨਾਲ਼ ਹੋਰ ਗਤੀਵਿਧੀਆਂ ਵਿੱਚ ਵੀ ਹਮੇਸ਼ਾਂ ਅੱਗੇ ਰਹਿੰਦੀ ਸੀ ਤੇ ਗਿੱਧਾ , ਗਿੱਧਾ ਤਾਂ ਉਸਦੀ ਜਾਨ ਸੀ ਉਹ ਆਪਣੇ ਕਾਲਜ ਦੀ ਗਿੱਧਾ ਟੀਮ ਦੀ ਕੈਪਟਨ ਸੀ ਤੇ ਉਸ ਦੀ ਗਿੱਧਾ ਟੀਮ ਨੇ ਯੂਥ ਫੈਸਟੀਵਲ ਵਿੱਚ ਗੋਲਡ ਮੈਡਲ ਵੀ ਜਿੱਤਿਆ...

ਸੀ ਉਸ ਨੂੰ ਬੈਸਟ ਡਾਂਸਰ ਦਾ ਇਨਾਮ ਮਿਲਿਆ ਸੀ । ਵਿਆਹ ਤੋਂ ਬਾਅਦ ਤੀਆਂ ਦਾ ਤਿਉਹਾਰ ਆ ਰਿਹਾ ਸੀ , ਕਾਲਜ ਦੀਆਂ ਪੁਰਾਣੀਆਂ ਵਿਦਿਆਰਥਣਾਂ ਵੱਲੋਂ ਹਰ ਸਾਲ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਸੀ । ਮੀਨੂੰ ਅੱਜ ਬਹੁਤ ਖੁਸ਼ ਸੀ ਅਤੇ ਖ਼ੁਸ਼ੀ ਖ਼ੁਸ਼ੀ ਉਸ ਨੇ ਆਪਣੇ ਪਤੀ ਸੁਖਦੀਪ ਕੋਲੋਂ ਤੀਆਂ ਤੇ ਜਾਣ ਬਾਰੇ ਪੁੱਛਿਆ ਸੀ ਉਸ ਨੂੰ ਪੂਰੀ ਆਸ ਸੀ ਕਿ ਸੁਖਦੀਪ ਸੁਣ ਕੇ ਬਹੁਤ ਖੁਸ਼ ਹੋਵੇਗਾ ਅਤੇ ਚਾਈਂ ਚਾਈਂ ਉਸ ਨੂੰ ਜਾਣ ਦੀ ਇਜਾਜ਼ਤ ਦੇ ਦੇਵੇਗਾ …..ਪਰ ਜਿਹੜਾ ਜਵਾਬ ਸੁਖਦੀਪ ਨੇ ਦਿੱਤਾ ਸੀ ਉਹ ਤਾਂ ਮੀਨੂੰ ਨੂੰ ਸੁਪਨੇ ਵਿੱਚ ਵੀ ਚਿੱਤ ਚੇਤੇ ਨਹੀਂ ਸੀ । ਅੱਜ ਉਹ ਸੁਖਦੀਪ ਦੇ ਦੂਹਰੇ ਕਿਰਦਾਰ ਬਾਰੇ ਸੋਚ ਰਹੀ ਸੀ ਕਿ ਇਹ ਉਹੀ ਇਨਸਾਨ ਹੈ ਜੋ ਦੂਸਰੀਆਂ ਔਰਤਾਂ ਬਾਰੇ ਤਾਂ ਚੰਗਾ ਸੋਚ ਸਕਦਾ ਹੈ , ਉਨ੍ਹਾਂ ਦੇ ਭਲੇ ਦੀ ਗੱਲ ਕਰ ਸਕਦਾ ਹੈ ਪਰ ਆਪਣੀ ਜੀਵਨ ਸਾਥਣ ਦੇ ਗੁਣਾਂ ਦੀ ਕਦਰ ਨਹੀਂ ਕਰ ਸਕਦਾ , ਆਪਣੀ ਜੀਵਨ ਸਾਥਣ ਦਾ ਹੁਨਰ ਉਸ ਨੂੰ ਕੰਜਰਖਾਨਾ ਲੱਗਦਾ ਹੈ ….. ਰਿਸ਼ਤਾ ਹੋਣ ਸਮੇਂ ਵਿਚੋਲੇ ਵੱਲੋਂ ਕਹੀ ਗੱਲ ਉਸ ਨੂੰ ਵਾਰ ਵਾਰ ਯਾਦ ਆ ਰਹੀ ਸੀ ਕਿ ਸੁਖਦੀਪ ਵਰਗਾ ਹੀਰਾ ਕੋਈ ਨਹੀਂ ਹੋ ਸਕਦਾ …..ਉਹ ਸੋਚ ਰਹੀ ਸੀ ਕਿ ਹਾਂ ਉਹ ਦੂਸਰਿਆਂ ਲਈ ਹੀਰਾ ਹੈ ਪਰ ਸ਼ਾਇਦ ਉਹ ਹੀਰਾ ਆਪਣੀ ਜੀਵਨ ਸਾਥਣ ਦੇ ਜੀਵਨ ਨੂੰ ਰੌਸ਼ਨ ਕਰਨਾ ਭੁੱਲ ਗਿਆ ਹੈ …..ਮੀਨੂੰ ਰੋ ਰਹੀ ਸੀ…..ਉਸ ਨੂੰ ਆਪਣੇ ਸਾਰੇ ਸੁਪਨੇ ਆਪਣੀਆਂ ਅੱਖਾਂ ਸਾਹਮਣੇ ਤਿੜਕਦੇ ਪ੍ਰਤੀਤ ਹੋ ਰਹੇ ਸਨ ।
ਨਿਰਮ ਜੋਸਨ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)