More Punjabi Kahaniya  Posts
ਵਿਆਹ ਵਾਲੇ ਘਰ


ਅਸੀਂ ਤੜਕੇ ਮੂੰਹ ਹਨੇਰੇ ਪਿੰਡੋਂ ਬਾਹਰਵਾਰ ਉਸ ਵਿਆਹ ਵਾਲੇ ਘਰ ਜਾ ਛਾਪਾ ਮਾਰਿਆ..
ਨਿੱਘੀਆਂ ਰਜਾਈਆਂ ਵਿਚ ਕਿੰਨੇ ਸਾਰੇ ਲੋਕ ਗੂੜੀ ਨੀਂਦਰ ਸੁੱਤੇ ਪਏ ਸਨ..ਥਾਣੇਦਾਰ ਨੇ ਦੂਰ ਖਲਿਆਰੀ ਜਿਪਸੀ ਵਿਚੋਂ ਦੋ ਸਿਪਾਹੀ ਅਤੇ ਇੱਕ ਹੌਲਦਾਰ ਨੂੰ ਅੰਦਰ ਘਲਿਆ..
ਹੌਲਦਾਰ ਨੇ ਗੇਟ ਤੋਂ ਅੰਦਰ ਵੜਦਿਆਂ ਹੀ ਆਪਣੀ ਸੰਤਾਲੀ ਲੋਡ ਕਰ ਲਈ ਤੇ ਐਨ ਵਿਚਕਾਰ ਜਾ ਕੇ ਆਖਣ ਲੱਗਾ..”ਓਏ ਮੁਗਲ ਚੱਕ ਵਾਲਾ “ਲਾਡੀ” ਕੌਣ ਏ ਤੁਹਾਡੇ ਵਿਚੋਂ..?

“ਜੀ ਮੈਂ ਹੀ ਹਾਂ ਦੱਸੋ ਕੀ ਗੱਲ ਹੋਈ”..ਇੱਕ ਚੌਦਾਂ ਪੰਦਰਾਂ ਸਾਲਾਂ ਦਾ ਅਣ-ਦਾਹੜੀਆਂ ਮੁੰਡਾ ਅੱਖਾਂ ਮਲਦਾ ਹੋਇਆ ਉੱਠ ਖਲੋਤਾ..!

ਹੌਲਦਾਰ ਨੇ ਉਸਨੂੰ ਅਸਾਲਟ ਦੀ ਨੋਕ ਤੇ ਅੱਗੇ ਲਾ ਲਿਆ ਤੇ ਜਿਪਸੀ ਵੱਲ ਤੋਰ ਲਿਆ..ਫੇਰ ਮੇਰੇ ਕੋਲ ਬਿਠਾ ਛੇਤੀ ਨਾਲ ਉਸਦੀਆਂ ਅੱਖਾਂ ਤੇ ਪੱਟੀ ਬੰਨ ਦਿਤੀ!

ਸਾਰੇ ਰਾਹ ਜਿਪਸੀ ਵਿਚ ਚੁੱਪੀ ਜਿਹੀ ਛਾਈ ਰਹੀ..
ਅੱਧੇ ਘੰਟੇ ਮਗਰੋਂ ਡਰਾਈਵਰ ਨੇ ਤਰਨਤਾਰਨ ਸ਼ਹਿਰ ਤੋਂ ਬਾਹਰ ਇੱਕ ਢਾਬੇ ਤੇ ਬ੍ਰੇਕ ਮਾਰ ਲਈ..ਸਾਰੇ ਚਾਹ-ਪਾਣੀ ਪੀਣ ਥੱਲੇ ਉੱਤਰ ਗਏ..ਮੈਨੂੰ ਉਸਦੇ ਕੋਲ ਅੰਦਰ ਹੀ ਬਿਠਾ ਗਏ..!

ਮੈਂ ਗਹੁ ਨਾਲ ਤੱਕਿਆ..
ਉਹ ਮੈਨੂੰ ਆਪਣੇ ਦਸਵੀਂ ਚ ਪੜ੍ਹਦੇ ਪੁੱਤ ਵਰਗਾ ਲੱਗਾ..
ਮੌਕਾ ਪਾ ਕੇ ਉਸਨੂੰ ਹੌਲੀ ਜਿਹੀ ਪੁੱਛ ਲਿਆ..”ਜਦੋਂ ਹੌਲਦਾਰ ਨੇ ਵਾਜ ਮਾਰੀ ਸੀ ਤਾਂ ਤੂੰ ਕਾਹਤੋਂ ਬੋਲ ਪਿਆ ਕੇ ਮੈਂ ਹੀ ਲਾਡੀ ਹਾਂ..ਘੇਸ ਮਾਰ ਵੜੇ ਰਹਿਣਾ ਸੀ ਰਜਾਈ ਅੰਦਰ..ਤੈਨੂੰ ਕਿਹੜਾ ਕੋਈ ਪਛਾਣਦਾ ਸੀ..”

“ਸਾਬ ਜੀ ਮੈਂ ਕਿਹੜਾ ਕੋਈ ਗਲਤ ਕੰਮ ਕੀਤਾ..ਮੈਨੂੰ ਕਾਹਦਾ ਡਰ..ਸਿਰਫ ਰਾਹ ਹੀ ਤਾਂ ਦੱਸਿਆ ਸੀ ਓਹਨਾ ਨੂੰ..ਰਾਹ ਦੱਸਣਾ ਕਿਹੜਾ ਕੋਈ ਗੁਨਾਹ ਏ”
“ਇਸ ਵਗਦੀ ਹਨੇਰੀ ਵਿਚ “ਗਲਤ ਠੀਕ” ਵੇਖਣ ਦੀ ਵੇਹਲ ਕਿਸਦੇ ਕੋਲ ਏ ਪੁੱਤਰਾ”..ਮੇਰੇ ਅੰਦਰੋਂ ਵਾਜ ਨਿੱਕਲੀ!

ਫੇਰ ਜਦੋਂ ਚਾਰ ਦਿਨਾਂ ਦੀ ਪੁੱਛਗਿੱਛ ਮਗਰੋਂ ਇੱਕ ਸੁਵੇਰ ਤੜਕੇ ਮੂੰਹ ਹਨੇਰੇ ਉਸਨੂੰ ਮੁੜ ਜਿਪਸੀ ਵਿਚ ਪਾ ਕੇ ਤੁਰਨ ਲੱਗੇ ਤਾਂ ਉਸਤੋਂ ਖਲੋਤਾ ਵੀ ਨਹੀਂ ਸੀ ਜਾ ਰਿਹਾ..ਮੈਂ ਆਸਰਾ ਦੇ ਕੇ ਉਸਨੂੰ ਅੰਦਰ ਬਿਠਾਇਆ!

ਮੈਨੂੰ ਪੁੱਛਣ ਲੱਗਾ..”ਭਾਊ ਕਿਥੇ ਕੂ ਖੜ ਕੇ ਕਰਨਾ ਕੰਮ..ਮੈਥੋਂ ਜੁਆਬ ਨਾ ਦਿੱਤਾ ਗਿਆ..ਅੱਧੇ ਕੂ ਘੰਟੇ ਦੀ ਵਾਟ ਮਗਰੋਂ ਨਹਿਰ ਵਾਲੀ ਲਿੰਕ ਰੋਡ ਤੇ ਗੱਡੀ ਮੋੜ ਲਈ ਗਈ..ਤੇ ਫੇਰ ਥੋੜੀ ਦੂਰ ਅਗਾਂਹ ਜਾ ਰੁੱਖਾਂ ਦੇ ਝੁੰਡ ਕੋਲ ਜਾ ਬ੍ਰੇਕ ਮਾਰ ਲਈ!
ਕਿਸੇ ਨੇ ਕਿਸੇ ਨੂੰ ਕੁਝ ਵੀ ਨਹੀਂ ਸੀ ਆਖਿਆ..ਸਭ ਨੂੰ ਚੰਗੀ ਤਰਾਂ ਪਤਾ ਸੀ ਕੇ ਓਹਨਾ ਕੀ ਕਰਨਾ ਏ..!

ਫੇਰ ਓਹੀ ਹੌਲਦਾਰ ਇੱਕ...

ਵਾਰ ਫੇਰ ਥੱਲੇ ਉੱਤਰਿਆ..ਐਸ.ਐੱਲ.ਆਰ ਲੋਡ਼ ਕਰਕੇ ਆਸੇ ਪਾਸੇ ਵੇਖਿਆ..ਫੇਰ ਆਖਣ ਲੱਗਾ ਲੈ ਆਓ ਜੀ ਬਾਹਰ..ਉਸਨੂੰ ਹੇਠਾਂ ਲਾਹੁਣ ਲੱਗੇ ਤਾਂ ਮੈਨੂੰ ਆਖਣ ਲੱਗਾ “ਭਾਉ ਕੰਮ ਤੇ ਕਰੀਂ ਇੱਕ ਮੇਰਾ..ਮੇਰੀ ਮਾਂ ਨੂੰ ਇੱਕ ਸੁਨੇਹਾ ਜਰੂਰ ਦੇ ਦੇਵੀਂ..ਆਖੀਂ ਲਾਡੀ ਬੜਾ ਚੇਤੇ ਕਰਦਾ ਸੀ ਜਾਣ ਲਗਿਆਂ..ਫੇਰ ਸਾਰਿਆਂ ਵੱਲ ਹੱਥ ਜੋੜਦਾ ਹੋਇਆ ਆਖਣ ਲੱਗਾ “ਚੰਗਾ ਭਰਾਵੋ..ਵਾਗਰੂ ਜੀ ਕਾ ਖਾਲਸਾ..ਵਾਗੁਰੁ ਜੀ ਕੇ ਫਤਹਿ..”

ਮੈਂ ਫਤਹਿ ਦਾ ਜੁਆਬ ਫਤਹਿ ਨਾਲ ਦਿੱਤਾ..ਗਾਤਰਾ ਪਾਇਆ ਹੋਣ ਕਰਕੇ ਮਹਿਕਮੇ ਵਿਚ ਸਾਰੇ ਮੈਨੂੰ ਨਿਹੰਗ ਆਖ ਬੁਲਾਇਆ ਕਰਦੇ ਸਨ..!
ਥਾਣੇਦਾਰ ਗਲ਼ ਪੈ ਗਿਆ..ਆਖਣ ਲੱਗਾ “ਨਿਹੰਗਾਂ ਤੈਨੂੰ ਕੀ ਲੋੜ੍ਹ ਸੀ ਫਤਹਿ ਦਾ ਜੁਆਬ ਦੇਣ ਦੀ..”
ਮੈਂ ਨਿਸੰਗ ਹੋ ਕੇ ਆਖ ਦਿੱਤਾ..”ਗੁਰੂਆਂ ਦੀ ਬਕਸ਼ੀ ਹੋਈ ਫਤਹਿ ਹੈ..ਜੁਆਬ ਦੇਣਾ ਤਾਂ ਹਰੇਕ ਸਿੱਖ ਦਾ ਫਰਜ ਬਣਦਾ ਏ..”

ਇਸਤੋਂ ਪਹਿਲਾਂ ਕੇ ਸਾਡੀ ਬਹਿਸ ਕੋਈ ਹੋਰ ਰੂਪ ਧਾਰਨ ਕਰਦੀ..”ਠਾਹ”..”ਠਾਹ” ਦੀਆਂ ਕਿੰਨੀਆਂ ਸਾਰੀਆਂ ਅਵਾਜਾਂ ਨਾਲ ਰੁੱਖਾਂ ਤੇ ਬੈਠੇ ਕਿੰਨੇ ਸਾਰੇ ਪੰਛੀ ਰੌਲਾ ਪਾਉਂਦੇ ਹੋਏ ਜਿਧਰ ਨੂੰ ਰਾਹ ਲੱਭਾ..ਉੱਡ ਗਏ..!

ਘੰਟੇ ਕੂ ਮਗਰੋਂ ਅਸੀ ਵਾਪਿਸ ਆ ਗਏ..ਨੌ ਕੂ ਵਜੇ ਕਿੰਨਿਆਂ ਦਿਨਾਂ ਤੋਂ ਠਾਣੇ ਦੇ ਬਾਹਰ ਬੈਠੇ ਉਸਦੇ ਪਿਓ ਨੂੰ ਕੋਲ ਸੱਦ ਉਸਦੇ ਲੀੜੇ ਕੱਪੜੇ ਫੜਾ ਦਿੱਤੇ..!
ਉਹ ਬਿਲਕੁਲ ਵੀ ਰੋਇਆ ਨਹੀਂ..ਨਾ ਹੀ ਉਸਨੇ ਕਿਸੇ ਨੂੰ ਮੰਦਾ ਚੰਗਾ ਹੀ ਆਖਿਆ..ਬੱਸ ਚੁੱਪ ਚਾਪ ਓਥੋਂ ਚਲਾ ਗਿਆ!

ਭਾਵੇਂ ਮਹਿਕਮੇ ਵਿਚੋਂ ਤੇ ਮੈਂ ਓਸੇ ਹਫਤੇ ਹੀ ਅਸਤੀਫਾ ਦੇ ਦਿੱਤਾ ਸੀ ਪਰ ਅੱਜ ਤਕਰੀਬਨ ਤੀਹਾਂ ਵਰ੍ਹਿਆਂ ਮਗਰੋਂ ਵੀ ਓਹੋ ਅਣ-ਦਾਹੜੀਆਂ ਲਾਡੀ ਕਿੰਨੀ ਵਾਰ ਮੇਰੇ ਸੁਫਨਿਆਂ ਵਿਚ ਆ ਜਾਂਦਾ ਏ ਤੇ ਬੱਸ ਏਹੀ ਗੱਲ ਪੁੱਛੀ ਜਾਂਦਾ ਏ ਕੇ ਭਾਊ ਉਸ ਦਿਨ ਮੇਰੀ ਮਾਂ ਨੂੰ ਸੁਨੇਹਾ ਦੇ ਦਿੱਤਾ ਸੀ ਕੇ ਨਹੀਂ?

“ਮੇਰੇ ਪਿੰਡ ਦੀ ਉਹ ਨਹਿਰ ਨੂੰ ਸੁਨੇਹਾ ਦੇ ਦਿਓ..ਨੀ ਮੈਂ ਫੇਰ ਤਾਰੀ ਲਾਊਂ ਸਿਵਿਆਂ ਚ ਸੜ ਕੇ”

ਦੋਸਤੋ ਇਹ ਓਹਨਾ ਵੇਲਿਆਂ ਦੀ ਗੱਲ ਏ ਜਦੋਂ ਅੱਤਵਾਦ ਰੋਕਣ ਅਤੇ ਤਰੱਕੀਆਂ ਲੈਣ ਦੀ ਖਾਤਿਰ ਸਦਾ ਦੀ ਨੀਂਦ ਸਵਾ ਦਿੱਤੇ ਗਏ ਕਈ ਮਾਵਾਂ ਦੇ ਪੁੱਤਾਂ ਨੂੰ ਸਿਵਿਆਂ ਦੀ ਅੱਗ ਵੀ ਨਸੀਬ ਨਹੀਂ ਸੀ ਹੋਈ..”

(ਅਸਲ ਵਾਪਰੀ ਦਾ ਵਾਰਤਕ ਰੂਪ)

ਹਰਪ੍ਰੀਤ ਸਿੰਘ ਜਵੰਦਾ

...
...



Uploaded By:Preet Singh

Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)