Posts Uploaded By ਪੰਜਾਬੀ ਕਹਾਣੀਆਂ

Sub Categories

ਇੱਕ 4 ਕੁ ਸਾਲ ਦਾ ਬੱਚਾ ਜਿਸਨੂੰ ਮੰਜੀ ਤੇ ਹੱਥ ਬੰਨ ਕੇ ਪਾ ਦਿੱਤਾ ਜਾਂਦਾ ਹੈ ਕਿਉਂਕਿ ਉਸਨੂੰ ਚੇਚਕ ਹੈ ਤੇ ਉਹ ਖੁੱਲੇ ਹੱਥਾਂ ਨਾਲ ਖੁਰਕ ਕੇ ਮੂੰਹ ਦੇ ਜਖ਼ਮ ਪੱਟ ਲੈਂਦਾ ਹੈ।

ਪਿਤਾ ਬਠਿੰਡੇ ਰੇਲਵੇ ਚ ਛੋਟੀ ਜੀ ਸਰਕਾਰੀ ਨੌਕਰੀ ਕਰਦਾ ਹੈ ਤੇ ਮਾਂ ਘਰਾਂ ਦਾ ਕੰਮ ਕਰਨ ਚਲੀ ਜਾਂਦੀ ਹੈ। ਅਚਾਨਕ ਇਕ ਦਿਨ ਘਰੇ ਪੁਲਿਸ ਆਉਂਦੀ ਹੈ ਤੇ ਬੱਚੇ ਦੇ ਪਿਉ ਨੂੰ ਗਿਰਫਤਾਰ ਕਰਦੀ ਹੈ ਕਿਉਂਕਿ ਰੇਲਵੇ ਸਟੇਸ਼ਨ ਦੇ 15 ਸੀਮਿੰਟ ਦੇ ਗੱਟੇ ਚੋਰੀ ਹੋ ਜਾਂਦੇ ਹਨ, ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਅਤੇ ਸਰਕਾਰੀ ਕੁਆਟਰ ਖਾਲੀ ਕਰਨ ਨੂੰ ਕਿਹਾ ਜਾਂਦਾ ਹੈ।

ਬੱਚੇ ਦੀ ਮਾਂ ਰੌਲਾ ਪਾਉਂਦੀ ਹੈ ਕਿ ਇਨੇਂ ਛੋਟੇ ਬੱਚਿਆਂ ਨੂੰ ਲੈਕੇ ਕਿਥੇ ਜਾਵੇਗੀ ਪਰ ਰੇਲਵੇ ਅਧਿਕਾਰੀ ਹਰ ਹਾਲਤ ਕੁਆਟਰ ਖਾਲੀ ਕਰਨ ਨੂੰ ਕਹਿੰਦੇ ਹਨ ਜਦੋ ਬੱਚੇ ਦੀ ਮਾਂ ਜਿ਼ਦ ਕਰਦੀ ਹੈ ਤਾਂ ਰੇਲਵੇ ਦਾ ਇੱਕ ਸਫਾਈ ਕਰਮਚਾਰੀ (ਜਮਾਂਦਾਰ) ਗੰਦ ਦਾ ਟੋਕਰਾ ਭਰ ਕੇ ਲਿਆਉਦਾ ਤੇ ਕਹਿੰਦਾ ਜੇ ਕੁਆਟਰ ਖਾਲੀ ਨਾ ਹੋਇਆ ਤਾ ਉਹ ਉਥੇ ਗੰਦ ਖਿਲਾਰ ਦੇਵੇਗਾ।

ਮਜਬੂਰਨ ਕੁਆਟਰ ਖਾਲੀ ਕਰਨਾ ਪੈਂਦਾ ਹੈ ਤੇ ਇਕ ਹੋਰ ਗਵਾਂਢੀ ਜਮਾਂਦਾਰ ਰਹਿਣ ਲਈ ਕਮਰਾ ਅਰੇਂਜ ਕਰਵਾਉਂਦਾ ਹੈ। ਖਾਣ ਲਈ ਘਰ ਚ ਕੁਝ ਨੀ ਫਿਰ ਮਾਂ ਉਸ 4 ਸਾਲ ਦੇ ਬੱਚੇ ਨੂੰ ਇੱਕ ਚਾਹ ਦੇ ਖੋਖੇ ਤੇ ਕੰਮ ਲਾਉਣ ਲੈ ਜਾਂਦੀ ਹੈ । ਬਹੁਤ ਛੋਟਾ ਹੋਣ ਕਰਕੇ ਬੱਚੇ ਨੂੰ ਇਕ ਪਾਣੀ ਦੀ ਬਾਲਟੀ ਕੋਲ ਬੈਠ ਕੇ ਸਾਰਾ ਦਿਨ ਗਲਾਸ ਧੋਣ ਦਾ ਕੰਮ ਕਰਾਇਆ ਜਾਂਦਾ ਹੈ, ਚਾਹ ਦੇਣ ਇਸ ਲਈ ਨੀ ਭੇਜਿਆ ਜਾਂਦਾ ਕਿਉਂਕਿ ਬਹੁਤ ਛੋਟਾ ਹੈ ਤੇ ਸੜਕ ਪਾਰ ਨਹੀ ਕਰ ਸਕਦਾ।

ਇੱਕ ਦਿਨ ਬੱਚੇ ਦੀ ਮਾਂ ਉਸਨੂੰ ਜਦੋਂ ਖੋਖੇ ਤੋ ਲੈਣ ਲਈ ਆਉਂਦੀ ਹੈ ਤਾ ਖੋਖੇ ਦਾ ਮਾਲਕ ਜਿਸਦੀ ਸ਼ਰਾਬ ਪੀਤੀ ਹੁੰਦੀ ਹੈ, ਕਹਿੰਦਾ ਹੈ ਕਿ ਮੈਂ ਅੱਜ ਤਹਾਨੂੰ ਘਰ ਛੱਡ ਦਿੰਦਾ ਹਾਂ। ਉਹ ਰਿਕਸ਼ਾ ਕਰਾਉਦਾ ਹੇੈ ਤੇ ਰਾਹ ਚੋਂ ਰੁਕ ਕੇ ਕੁਝ ਫਰੂਟ, ਅੰਗੂਰ ਤੇ ਕੇਲੇ ਵੀ ਲੈ ਲੈੰਦਾ ਹੈ। ਘਰ ਆਕੇ ਕਮਰੇ ਚ ਮੰਜੇ ਤੇ ਬੈਠ ਜਾਂਦਾ ਹੈ, ਬੱਚੇ ਦੀ ਮਾਂ ਨੂੰ ਉਸਦੇ ਇਰਾਦੇ ਠੀਕ ਨਹੀਂ ਲਗਦੇ ਤਾਂ ਉਹ ਬਹਾਨੇ ਨਾਲ ਬਾਹਰੋਂ 2 -3 ਗਵਾਂਢੀ ਔਰਤਾਂ ਨੂੰ ਬੁਲਾ ਕੇ ਲਿਆਉਦੀ ਹੈ।

ਖੋਖੇ ਦੇ ਮਾਲਕ ਨੂੰ ਅਹਿਸਾਸ ਹੁੰਦਾ ਹੈ ਕਿ ਹੁਣ ਗੱਲ ਨਹੀਂ ਬਣਨੀ ਤੇ ਉਹ ਉੱਠ ਕੇ ਤੁਰ ਪੈੰਦਾ ਹੈ। ਜਾਂਦਾ ਜਾਂਦਾ ਕਹਿੰਦਾ ਹੈ ਕਿ ਕੱਲ ਨੂੰ ਇਹਨੂੰ ਕੰਮ ਤੇ ਨਾ ਭੇਜੇ।
ਉਧਰ ਪਿਤਾ ਆਪਣਾ ਕੇਸ ਆਪ ਲੜਦਾ ਹੈ ਕਿਉਂਕਿ ਵਕੀਲ ਲਈ ਫੀਸ ਹੈਨੀ। ਆਖੀਰ ਜੱਜ ਸਟੇਸ਼ਨ ਦਾ ਮੌਕਾ ਦੇਖ ਕੇ ਪਿਤਾ ਨੂੰ ਬਰੀ ਕਰ ਦਿੰਦਾ ਹੈ ਕਿਉਂਕਿ ਇਕ ਬੰਦਾ 15 ਗੱਟੇ ਚੁੱਕ ਕੇ 20 ਰੇਲਵੇ ਟਰੈਕ ਬਿਨਾਂ ਕਿਸੇ ਦੇ ਨਜ਼ਰ ਪਏ ਨਈ ਲਿਜਾ ਸਕਦਾ। ਇਸ ਬੱਚੇ ਦਾ ਇਕ ਵੱਡਾ ਭਰਾ ਵੀ ਹੈ ਜੋ ਸਟੇਸ਼ਨ ਤੇ ਕੁਲੀ ਦਾ ਕੰਮ ਕਰਦਾ ਹੈ। ਸਾਰੀ ਉਮਰ ਉਹਨਾ ਦਾ ਆਪਣਾ ਘਰ ਨਹੀਂ ਤੇ ਕਿਰਾਏ ਤੇ ਵੀ ਘਰ ਨਹੀ ਸਗੋਂ ਇਕ ਛੋਟਾ ਕਮਰਾ ਹੀ ਨਸੀਬ ਹੋਇਆ ।

ਇਹ ਬੱਚਾ ਬਚਪਨ ਚ ਜਿਆਦਾਤਰ ਰੇਲਵੇ ਟਰੈਕ ਤੇ ਹੀ ਖੇਡਿਆ ਤੇ ਬਾਲਣ ਦੇ ਜੁਗਾੜ ਵਾਸਤੇ ਕੋਇਲਾ ਕੱਠਾ ਕਰਦਾ ਰਿਹਾ। ਗਰੀਬੀ ਕਰਕੇ ਫਿਰ ਬੱਚੇ ਨੂੰ ਮਾਮੇ ਕੋਲ ਲੁਧਿਆਣੇ ਭੇਜਿਆ ਜਾਂਦਾ ਹੈ ਜਿਥੇ ਉਹ ਪੜ੍ਹਾਈ ਕਰਕੇ ਨਾਲ ਨਾਲ ਛੋਟੀ ਮੋਟੀ ਨੌਕਰੀ ਕਰਕੇ ਟਿਉਸ਼ਨਾ ਪੜਾਉਦਾ ਹੈ। ਦਿਨੇ ਕਾਲਜ ਰਾਤ ਨੂੰ ਕੰਮ। ਤੇ ਨਾਲ ਨਾਲ ਡਰਾਮਾ ਸਕੂਲ ਵਿੱਚ ਨਾਟਕ ਵੀ ਕਰਦਾ ਹੈ। ਕਿਸੇ ਦਿਨ ਹਰਪਾਲ ਟਿਵਾਣਾ ਵਰਗੇ ਪਾਰਖੂ ਦੀ ਨਜ਼ਰ ਇਸ ਕੋਇਲੇ ਚ ਖੇਡ ਕੇ ਵੱਡੇ ਹੋਏ ਹੀਰੇ ਤੇ ਪੈਂਦੀ ਹੈ ਤੇ ਉਹ ਇਸ ਬੱਚੇ ਨੂੰ ਥਿਏਟਰ ਤੱਕ ਲੈਕੇ ਜਾਂਦਾ ਹੈ। ਦੋਸਤੋ ਇਹ ਬੱਚੇ ਨੂੰ ਤੁਸੀ ਸਾਰੇ ਈ ਜਾਣਦੇ ਹੋ ਇਹ ਉਮ ਪੁਰੀ ਸਾਹਿਬ ਹਨ ਤੇ ਹੁਣ ਅੱਗੇ ਇਹਨਾਂ ਦੀ ਮਹਾਨਤਾ ਬਾਰੇ ਦੱਸਣ ਦੀ ਲੋੜ ਨਹੀਂ ।

ਉਮ ਪੁਰੀ ਜੀ ਨੂੰ ਸਾਰੀ ਉਮਰ ਬਸ ਇੱਕ ਹੀ ਦੁੱਖ ਸੀ ਕਿ ਉਹਨਾ ਕੋਲ ਆਪਣੀ ਮਾਂ ਦੀ ਕੋਈ ਫੋਟੋ ਨਹੀਂ ਸੀ । ਗਰੀਬੀ ਕਰਕੇ ਓਹ ਕਦੇ ਫੋਟੋ ਖਿਚਵਾ ਹੀ ਨਹੀ ਸਕੇ।

ਇਹ ਸਾਰੀਆਂ ਗੱਲਾ ਉਹਨਾ ਨੇ ਇਕ ਇਟਰਵਿਉ ਚ ਆਪਣੀ ਜੁਬਾਨੋਂ ਦੱਸੀਆ ਹਨ ਜੋ ਕਿ ਉਹਨਾਂ ਦੇ ਸਵਰਗਵਾਸ ਹੋਣ ਤੋਂ 4 ਕੁ ਮਹੀਨੇ ਪਹਿਲਾਂ ਲਈ ਗਈ ਸੀ। ਸਾਨੂੰ ਆਪਣੇ ਬੱਚਿਆਂ ਨੂੰ ਇਹਨਾਂ ਮਹਾਨ ਰੂਹਾਂ ਬਾਰੇ ਦੱਸਣਾ ਚਾਹੀਦਾ ਹੈ।

...
...

ਗਰੀਬ ਪਰਿਵਾਰ ਵਿੱਚ ਮੈਂ ਪੈਦਾ ਹੋਈ, ਪੜ੍ਹਨ ਦਾ ਬਹੁਤ ਸ਼ੌਂਕ ਸੀ ਮੈਨੂੰ ਪਰ ਘਰ ਦਾ ਖਰਚਾ ਹੀ ਮੁਸ਼ਕਲ ਨਾਲ ਚੱਲਦਾ ਸੀ ਪਰ ਪਿਤਾ ਜੀ ਆਪਣੇ ਹਿੱਸੇ ਦੀ ਆਉਂਦੀ ਜਮੀਨ ਵੇਚ ਮੈਨੂੰ ਵਕੀਲੀ ਦਾ ਕੋਰਸ ਕਰਵਾ ਦਿੱਤਾ ਸੋਚਿਆ ਕੇ ਕੋਰਸ ਤੋਂ ਬਾਅਦ ਆਪਣਾ ਲੱਗਾ ਪੈਸੇ ਕਮਾ ਕੇ ਬਾਪੂ ਨੂੰ ਪੈਸੇ ਵਾਪਿਸ ਕਰ ਦੇਵਾਂਗੀ ਪਰ ਇਸ ਤਰਾਂ ਹੋਇਆ ਨਹੀਂ,!
ਇਕ ਦਿਨ ਘਰੇ ਆਈ ਗੁਆਂਢ ਤੋਂ ਤਾਈ ਚਰਣੀ ਨੇ ਕਿਸੇ ਮੁੰਡੇ ਦੀ ਦੱਸ ਪਾ ਦਿੱਤੀ ਸਾਡੇ ਘਰੇ !ਘਰ ਵਾਲਿਆਂ ਨੇ ਮੇਰੀ ਮੰਗਣੀ ਕਰਕੇ ਹੀ ਸਾਹ ਲਿਆ ਮੁੰਡਾ ਮਾਸਟਰ ਸੀ ਅਤੇ ਵਿਆਹ ਕਰਨ ਦੇ ਬਦਲੇ ਸਾਡੇ ਤੋਂ 15 ਲੱਖ ਦੀ ਮੰਗ ਕੀਤੀ ਪਰ ਮੇਰੇ ਬਾਪੂ ਨੇ ਆਪਣੀ ਗ਼ਰੀਬੀ ਦਾ ਵਾਸਤਾ ਦਿੱਤਾ ਪਰ ਮੁੰਡੇ ਵਾਲਿਆਂ ਨੇ ਅੱਗੋਂ ਕਿਹਾ ਕੇ ਤੁਹਾਡੀ ਕੁੜੀ ਤਾਂ ਬਹੁਤ ਕਾਲੀ ਆ ਕੌਣ ਸ਼ਾਦੀ ਕਰੇਗਾ ਫ੍ਰੀ ਵਿੱਚ ਉਸ ਨਾਲ ਪਰ ਸਾਡੇ ਮੁੰਡੇ ਨੂੰ ਤਾਂ ਬਾਹਰ ਤੋਂ ਰਿਸ਼ਤੇ ਆ ਰਹੇ ਆ, ਅਸੀਂ ਤਾਂ ਬੱਸ ਤੁਹਾਡੇ ਮੂੰਹ ਨੂੰ ਅੰਕਲ ਜੀ ਸ਼ਾਦੀ ਲਈ ਹਾਂ ਕੀਤੀ ਕੇ ਤੁਸੀਂ ਭਲਾ ਮਾਨਸ ਇਨਸਾਨ ਹੋ , ਪਰ ਮੈਂ ਇਹ ਸੁਣ ਰਹੀ ਸੀ, ਮੈਂ ਆਪਣੇ ਪਿਤਾ ਨੂੰ ਬਹੁਤ ਸਮਜੌਣ ਦੀ ਕੋਸ਼ਿਸ਼ ਕੀਤੀ ਪਰ ਬਾਪੂ ਕਹਿੰਦਾ ਨਹੀਂ ਪੁੱਤ ਤੇਰੇ ਤੋਂ ਵੱਧ ਕੇ ਪੈਸਾ ਨਹੀਂ !ਤੇਰੀ ਖੁਸ਼ੀ ਲਈ ਆਪਣੀ ਜਾਨ ਵੀ ਦੇ ਸਕਦਾ ਹਾਂ ,ਬਾਪੂ ਨੇ ਉਹਨਾਂ ਦੀ ਸ਼ਰਤ ਕਬੂਲ ਕਰਦੇ ਹੋਏ ਰਿਸ਼ਤੇਦਾਰਾਂ ਤੋਂ ਹੁਦਾਰ ਚੁੱਕਦੇ ਹੋਏ , ਮੰਗੇ ਨਗਦ ਪੈਸੇ ਦੇ ਮੇਰਾ ਵਿਆਹ ਉਸ ਮਾਸਟਰ ਨਾਲ ਕਰ ਦਿੱਤਾ ਜਿੱਥੇ ਕੁੱਛ ਦਿਨਾਂ ਬਾਅਦ ਹੀ ਸਾਰਾ ਪਰਵਾਰ ਮੇਰੇ ਸਾਂਵਲੇ ਰੰਗ ਤੋਂ ਘਿਰਣਾ ਕਰਨ ਲੱਗੇ ਸਗੋਂ ਮੇਰਾ ਪਤੀ ਦੇਵਰਾਜ ਵੀ ਮੈਨੂੰ ਇਸ ਕਾਲੇ ਰੰਗ ਦੇ ਮੇਹਣੇ ਦੇਣ ਲੱਗਾ, ਅਤੇ ਕਿਸੇ ਵੀ ਪਾਰਟੀ ਵਿੱਚ ਨਾਲ ਲਿਜਾਣ ਤੋਂ ਗੁਰੇਜ ਕਰਨ ਲੱਗਾ ਅਤੇ ਹੁਣ ਤਾਂ ਮੇਰੇ ਨਾਲ ਮਾਰ ਕੁਟਾਈ ਵੀ ਕਰਨ ਲੱਗਾ, ਪਰ ਕਦੇ ਮੈਂ ਆਪਣੀ ਇਸ ਹਾਲਤ ਨੂੰ ਆਪਣੇ ਪੇਕੇ ਆਪਣੇ ਬਾਪ ਨੂੰ ਨਹੀਂ ਦਸਿਆ ਕਦੇ !ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕੇ ਮੇਰਾ ਬਜ਼ੁਰਗ ਬਾਪ ਇਹ ਸਭ ਸੁਨ ਕੇ ਆਪਣਾ ਆਪ ਹੀ ਖੋ ਬੈਠੇ ਅਤੇ ਕਿਸੇ ਮਾਨਸਿਕ ਰੋਗ ਦਾ ਸ਼ਿਕਾਰ ਹੋ ਜਾਏ ! ਇਹਨਾਂ ਤੰਗੀਆਂ ਤੁਰਸ਼ੀਆਂ ਵਿੱਚੋ ਗੁਜਰਦੀ ਨੂੰ 1 ਸਾਲ ਲੰਘ ਚੁੱਕਾ ਸੀ, ਕਦੇ ਮੈਂ ਰੱਬ ਨਾਲ ਨਿਰਾਜ ਹੋਣਾ ਕੇ ਕਿਉਂ ਰੱਬਾ ਮੈਨੂੰ ਇਹ ਕਾਲਾ ਰੰਗ ਦਿੱਤਾ ਜਿਸਦੀ ਦੀ ਦੁਨੀਆਂ ਕਦਰ ਨਹੀਂ ਕਰਦੀ ,ਪਰ ਉਸੇ ਪਲ ਮੇਰੇ ਦਿਮਾਗ ਵਿੱਚ ਇੱਕ ਫਿਰ ਉਪਜ ਕਰਨੀ ਕੇ ਇਹ ਪਰਿਵਾਰ ਹੀ ਐਸਾ ਹੈ ਜੋ ਹੋ ਸਕਦਾ ਮੇਰੇ ਸੋਹਣੇ ਰੰਗ ਦੀ ਵੀ ਕਦਰ ਨਾਂ ਕਰਦਾ , ਰੋ ਰੋ ਕੱਟੇ ਇਹ ਦਿਨ ਮੈਨੂੰ ਸਲਾਮਤੀ ਨਾਂ ਦੇ ਸਕੇ ਅਤੇ ਮੈਂ ਸੋਚਣਾ ਕੇ ਕਦੇ ਕੋਟ ਵਿੱਚ ਇੱਕ ਤੋਂ ਇੱਕ ਚੰਗੇ ਵਕੀਲ ਨੂੰ ਕਦੇ ਮੈਂ ਮੌਕਾ ਨਹੀਂ ਦਿੱਤਾ ਕੇਸ ਜਿੱਤਣ ਦਾ ਫਿਰ ਇਹ ਕੌਣ ਮੈਨੂੰ ਹਾਰੁਣ ਵਾਲੇ ਪਰ ਆਪਣੀ ਇੱਜਤ ਨੂੰ ਸਲਾਮਤ ਰੱਖਦੀ ਹੋਈ ਉਸ ਰੱਬ ਨੂੰ ਪਿਆਰੀ ਹੋਣ ਹੀ ਵਾਲੀ ਸੀ ਕੇ ਇੱਕ ਦਿਨ ਅਚਾਨਕ ਲੱਗੀ ਸਲੰਡਰ ਨੂੰ ਅੱਗ ਨੇ ਸੱਬ ਕੁਛ ਬਦਲ ਕੇ ਰੱਖ ਦਿੱਤਾ ! ਜਦੋ ਪਤੀ ਦੇ ਮੂੰਹ ਤੇ ਪਈ ਅੱਗ ਨੇ ਇਹਨਾਂ ਸਾੜ ਕੇ ਕਾਲਾ ਕਰ ਦਿੱਤਾ ਕੇ ਵੇਖਣ ਨੂੰ ਵੀ ਦਿਲ ਨਾਂ ਕਰੇ ਪਤੀ ਨੂੰ ਕਿਸੇ ਦਾ! ਉਸ ਦਿਨ ਤੋਂ ਬਾਅਦ ਮੈਨੂੰ ਘਰ ਵਿੱਚ ਕਾਲੇ ਰੰਗ ਦਾ ਮੇਹਣਾ ਤਾਂ ਕੀ ਦੇਣਾ ਸੀ ਕਿਸੇ ਨੇ ਕਦੇ ਕਾਲੇ ਰੰਗ ਦਾ ਨਾਂ ਲੈਣੋ ਵੀ ਡਰਦੇ ਸੀ ਮੇਰੇ ਘਰ ਵਾਲੇ ਬਸ ਉਸ ਦਿਨ ਤੋਂ ਬਾਅਦ ਮੇਰੀ ਕਾਲੇ ਰੰਗ ਦੀ ਸ਼ਾਨ ਦੀ ਚਮਕ ਵੀ ਸੋਨੇ ਵਰਗੀ ਹੋ ਗਈ ਲੱਗਦੀ ਸੀ!
ਲੇਖਕ ਜਗਜੀਤ ਡੱਲ

...
...

ਧਰਮਰਾਜ ਕ੍ਰੋਧਿਤ ਮੂਡ ਵਿੱਚ ਆਪਣੇ ਸਿੰਘਾਸਣ ਤੇ ਬੈਠੇ ਹੋਏ ਹਨ ਤੇ ਯਮ ਦਰਬਾਰ ਦੇ ਦੋਵੇਂ ਪਾਸੇ ਭਿਆਨਕ ਹਥਿਆਰ ਲਈ ਭੈਭੀਤ ਖੜ੍ਹੇ ਹਨ। ਧਰਮਰਾਜ ਨੇ ਦਰਬਾਰ ਦੇ ਸ਼ੁਰੂ ਹੋਣ ਤੇ ਪਹਿਲਾਂ ਯਮਾਂ ਨੂੰ ਇਹ ਪ੍ਰਸ਼ਨ ਹੀ ਕੀਤਾ ਕਿ ਅੱਜ ਕਿੰਨੇ ਪ੍ਰਾਣੀ ਚੜਾਈ ਕਰ ਗਏ ਹਨ। ਯਮਾਂ ਨੇ ਕਿਹਾ ਕਿ ਹਜੂਰ ਸਾਹਿਬ! ਕਰੋਨਾ ਆਤਮਾਵਾਂ ਤੋਂ ਇਲਾਵਾ ਹੋਰ ਕੋਈ ਨਹੀਂ ਆਇਆ। “ਇਹ ਕਿਵੇਂ ਹੋ ਸਕਦਾ ਹੈ ਕਿ ਐਨੀਆਂ ਘੱਟ ਮੌਤਾਂ”,ਧਰਮਰਾਜ ਨੇ ਯਮਾਂ ਨੂੰ ਕਿਹਾ। ਇਸ ਮਹਾਂਮਾਰੀ ਤੋਂ ਪਹਿਲਾਂ ਤਾਂ ਐਨੇ ਸੜਕ ਦੁਰਘਟਨਾਵਾਂ ਨਾਲ ਹੀ ਮਰ ਜਾਂਦੇ ਸੀ। ਤੇ ਜਿਹੜੇ ਨਸ਼ੇ, ਲੜਾਈ-ਝਗੜੇ, ਭੁੱਖਮਰੀ, ਆਤਮ ਹਤਿਆਵਾਂ, ਹੋਰ ਭਿਆਨਕ ਰੋਗਾਂ ਨਾਲ ਮਰਦੇ ਸੀ, ਉਹ ਮਰਨ ਵਾਲੇ ਅਚਾਨਕ ਕਿੱਧਰ ਗਾਇਬ ਹੋ ਗਏ। ਜੇ ਇਸ ਤਰ੍ਹਾਂ ਹੀ ਰਿਹਾ ਤਾਂ ਸਾਡਾ ਧੰਦਾ ਚੌਪਟ ਹੋਣ ਦਾ ਡਰ ਹੈ। ਰੱਬ ਸਾਥੋਂ ਇਸ ਸੰਬੰਧੀ ਹਿਸਾਬ-ਕਿਤਾਬ ਪੁੱਛ ਸਕਦਾ ਹੈ। ਅਸੀਂ ਇਸਦਾ ਕੀ ਜਵਾਬ ਦੇਵਾਂਗੇ ਕਿਉਂਕਿ ਇਹ ਸਾਡਾ ਕਿੱਤਾ ਹੈ ਕਿ ਹਰ ਪ੍ਰਾਣੀ ਦੀ ਮੌਤ ਦਾ ਰਿਕਾਰਡ ਰੱਖਣਾ। ਉਹਨੂੰ ਮਰਨ ਤੋਂ ਮਗਰੋਂ ਉਸਦੇ ਕਰਮਾਂ ਦਾ ਹਿਸਾਬ ਕਿਤਾਬ ਕਰਕੇ ਸਵਰਗ-ਨਰਕ ਵਿੱਚ ਭੇਜਣਾ ਸਾਡਾ ਹੀ ਤਾਂ ਕੰਮ ਹੈ। ਇਹ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ ਵਿੱਚ ਕੋਈ ਖ਼ਾਸ ਵਾਧਾ ਨਹੀਂ ਹੋਇਆ। ਬਾਕੀ ਪਾਸਿਓਂ ਕੋਈ ਹਿਲਜੁਲ ਨਹੀਂ ਹੋ ਰਹੀ, ਬੜੀ ਹੀ ਸੰਜੀਦਾ ਗੱਲ ਹੈ। ਯਮ ਕਹਿਣ ਲੱਗੇ ਕਿ ਜਨਾਬ, ਤੁਸੀਂ ਇਸ ਸੰਬੰਧੀ ਰੱਬ ਨਾਲ ਗੱਲ ਕਰਕੇ ਤਾਂ ਦੇਖੋ । ਆਪੇ ਰੱਬ ਜੀ ਤੁਹਾਡੇ ਸ਼ੰਕੇ ਨਵਿਰਤ ਕਰ ਦੇਣਗੇ। ਸਾਡੇ ਤਾਂ ਗੱਲ ਜਨਾਬ ਜੀ ਵੱਸੋਂ ਬਾਹਰ ਹੈ। ਅਸੀਂ ਤਾਂ ਕਦੇ ਅਜਿਹਾ ਸਮਾਂ ਦੇਖਿਆ ਹੀ ਨਹੀਂ, ਸ਼ਾਇਦ ਸਾਡੇ ਪੁਰਖਿਆਂ ਨੇ ਵੀ ਨਹੀਂ ਦੇਖਿਆ ਹੋਣਾ, ਨਹੀਂ ਤਾਂ ਇਸ ਸੰਬੰਧੀ ਸਾਨੂੰ ਉਹਨਾਂ ਕੋਈ ਨਾ ਕੋਈ ਕਹਾਣੀ ਜਰੂਰ ਸੁਣਾਉਣੀ ਸੀ। ਚੱਲੋ, ਅੱਜ ਦਾ ਦਰਬਾਰ ਇੱਥੇ ਹੀ ਸਮਾਪਤ ਕਰਦੇ ਹਾਂ, ਕੱਲ੍ਹ ਨੂੰ ਮੈਂ ਆਪ ਰੱਬ ਜੀ ਦੇ ਦਰ ਤੇ ਫੇਰੇ ਪਾਉਂਦਾ ਹਾਂ। ਅੰਮ੍ਰਿਤ ਵੇਲਾ ਹੈ ਤੇ ਧਰਮਰਾਜ ਬੇਚੈਨ ਹੋਏ ਰੱਬ ਦੇ ਦਰ ਨਤਮਸਤਕ ਹੋਏ। ਚਾਰੇ ਪਾਸੇ ਸ਼ਾਂਤੀ ਹੀ ਸ਼ਾਂਤੀ ਹੈ। ਅਨਾਹਦ ਨਾਦ ਵੱਜ ਰਹੇ ਹਨ। ਧਰਮਰਾਜ ਇਸ ਅਨੰਦ ਨੂੰ ਵੇਖ ਸ਼ਾਂਤੀ ਦੀ ਮੁਦਰਾ ਵਿੱਚ ਆ ਗਏ। ਸਾਹਮਣਿਓਂ ਅਵਾਜ਼ ਆਈ ਕਿ ਹੇ ਭਗਤਾ, ਕਿਵੇਂ ਆਉਣੇ ਹੋਏ। ਹੇ ਅੰਤਰਯਾਮੀ ਮਹਾਰਾਜ ! ਤੁਹਾਡੇ ਤੋਂ ਕੀ ਓਹਲਾ ਹੈ। ਮਹਾਰਾਜ ਜੀ, ਆਹ ਕੀ ਖੇਡ ਰਚੀ ਹੈ ? ਸਭ ਕੁੱਝ ਠੱਪ ਕਰ ਦਿੱਤਾ, ਤੁਸਾਂ ਨੇ। ਇੱਕ ਥਾਂ ਟਿਕ ਕੇ ਨਾ ਬੈਠਣ ਵਾਲੇ ਇਨਸਾਨ ਨੂੰ ਤੁਸਾਂ ਪੜੵਨੇ ਪਾ ਦਿੱਤਾ। ਇਹ ਕੁੱਝ ਤਾਂ ਅਸਾਂ ਨੇ ਜਨਾਬ ਦੇਖਿਆ ਹੀ ਨਹੀਂ ਪਹਿਲਾਂ। ਸਾਡਾ ਵੀ ਕਾਰੋਬਾਰ ਬਹੁਤ ਮੰਦਾ ਜਾ ਰਿਹਾ ਹੈ। ਕੇਵਲ ਕਰੋਨਾ ਨਾਲ ਮਰਨ ਵਾਲੇ ਬਜ਼ੁਰਗ ਹੀ ਸਾਡੇ ਕੋਲ ਆ ਰਹੇ ਹਨ। ਬਾਕੀ ਤਾਂ ਪੁੱਠੇ-ਸਿੱਧੇ ਕੰਮ ਕਰਨ ਵਾਲੇ ਪਤਾ ਨਹੀਂ ਕਿਹੜੇ ਘੋਰਨਿਆਂ ਵਿੱਚ ਜਾ ਵੜੇ। ਅੱਗੇ ਤਾਂ ਸਾਥੋਂ ਇਹਨਾਂ ਦੇ ਕਰਮਾਂ ਦਾ ਲੇਖਾ-ਜੋਖਾ ਕਰ ਨਹੀਂ ਹੁੰਦਾ ਸੀ। ਇੰਨੀਆਂ ਵੱਡੀਆਂ ਲਾਈਨਾਂ ਲੱਗ ਜਾਂਦੀਆਂ ਸੀ। ਨਾਲੇ ਸਾਡੇ ਕੋਲ ਜਿਹੜੇ ਕਰੋਨਾ ਨਾਲ ਮਰ ਕੇ ਆਉਂਦੇ ਹਨ, ਉਹ ਗਿਲਾ ਕਰਦੇ ਹਨ ਕਿ ਸਾਡਾ ਤਾਂ ਕੋਈ ਚੰਗੀ ਤਰ੍ਹਾਂ ਸਸਕਾਰ ਨਹੀਂ ਕਰਦਾ। ਕੋਈ ਵੀ ਧੀ-ਪੁੱਤ ਕਰੋਨਾ ਵਾਲੇ ਕੋਲ ਖੜਦਾ ਨਹੀਂ। ਹੋਰ ਤਾਂ ਹੋਰ ਜਨਾਬ, ਸਿਵਿਆਂ ਵਿੱਚ ਐਂਟਰੀ ਨਹੀਂ ਕਰਨ ਦਿੱਤੀ ਜਾਂਦੀ। ਪਦਮ ਸ੍ਰੀ ਭਾਈ ਸਾਹਿਬ ਦੀ ਉਦਾਹਰਨ ਤਾਂ ਤੁਸੀਂ ਵੇਖੀ ਹੈ। ਬਹੁਤੀਆਂ ਆਤਮਾਵਾਂ ਤਾਂ ਸੰਸਾਰ ਵਿੱਚ ਭਟਕਦੀਆਂ ਫਿਰਦੀਆਂ ਹਨ, ਚੰਗੀ ਤਰ੍ਹਾਂ ਗਤ ਨਾ ਹੋਣ ਕਰਕੇ। ਇਹ ਮਨੁੱਖ ਬਹੁਤ ਸੁਆਰਥੀ ਤੇ ਅਹਿਸਾਨ ਫਰਾਮੋਸ਼ ਹੋ ਗਿਆ ਹੈ। ਬਿਮਾਰੀ ਦੇ ਲੱਛਣ ਆਉਣ ਸਾਰ ਹੀ ਸਾਰੇ ਰਿਸਤੇ-ਨਾਤੇ ਖਤਮ ਕਰ ਦਿੰਦੇ ਹਨ। ਬੱਸ, ਇੱਕ ਗੱਲ ਚੰਗੀ ਹੋਈ ਹੈ, ਜਿਹੜਾ ਵਾਤਾਵਰਨ ਸਾਫ ਹੋ ਗਿਆ। ਨਹੀਂ ਤਾਂ ਸਦੀਆਂ ਤੱਕ ਵੀ ਸਾਫ਼ ਨਹੀਂ ਹੋਣਾ ਸੀ। ਦੂਜੀ ਗੱਲ, ਪਰਿਵਾਰ ਕੋਲ ਬੈਠਣ ਦਾ ਵੀ ਸਮਾਂ ਮਿਲ ਗਿਆ ਇਹਨਾਂ ਦੁਨੀਆਦਾਰਾਂ ਨੂੰ । ਨਹੀਂ ਤਾਂ ਹਰ ਕੋਈ ਕਾਹਲੀ ਵਿੱਚ ਹੀ ਦਿੱਸਦਾ ਸੀ। ਬਾਕੀ ਸਭ ਨੂੰ ਪਤਾ ਲੱਗ ਗਿਆ ਹੈ ਕਿ ਰੱਬ ਜਾਂ ਤੁਹਾਡੀ ਕੁਦਰਤ ਤੋਂ ਵੱਡਾ ਕੋਈ ਨਹੀਂ। ਪਰ ਜਨਾਬ ਕਈ ਲੋਕ ਇਸ ਮਹਾਂਮਾਰੀ ਦੌਰਾਨ ਵੀ ਕਾਲਾ ਬਜਾਰੀ ਤੇ ਲੁੱਟ ਦੀ ਨੀਤੀ ਅਪਣਾਈ ਜਾ ਰਹੇ ਹਨ। ਬਾਕੀ ਜਨਾਬ ਅਸੀਂ ਤਾਂ ਆਪ ਕਰੋਨਾ ਆਤਮਾਵਾਂ ਨੂੰ ਸਜਾ ਦੇਣ ਤੋਂ ਅਸਮਰਥ ਹਾਂ। ਪਹਿਲਾਂ ਹੀ ਉਹਨਾਂ ਨਾਲ ਬਹੁਤ ਕੁੱਤੇਖਾਣੀ ਹੋਈ ਜਾਂਦੀ ਹੈ। ਕਿਸੇ ਵੱਲੋਂ ਕੋਈ ਸਿਹਤ ਸਹੂਲਤ ਨਹੀਂ ਮਿਲ ਰਹੀ ਤੇ ਪਰਿਵਾਰ ਤੇ ਲੋਕਾਂ ਵੱਲੋਂ ਗੈਰ ਜ਼ਿੰਮੇਵਾਰਾਨਾ ਰਵੱਈਆ ਅਪਣਾਇਆ ਜਾ ਰਿਹਾ ਹੈ। ਸਾਨੂੰ ਇਹਨਾਂ ਤੇ ਤਰਸ ਆਉਂਦਾ ਹੈ। ਬਾਕੀ ਸਾਡੇ ਮੰਦੇ ਧੰਦੇ ਬਾਰੇ ਵੀ ਤੁਸੀਂ ਸੋਚੋ। ਧਰਮਰਾਜ ਦੀਆਂ ਕਰੋਨਾ ਸੰਬੰਧੀ ਗੱਲਾਂ ਤੇ ਆਪਣੀ ਪਦਵੀ ਦੀ ਸਥਿਰਤਾ ਸੰਬੰਧੀ ਗੱਲਾਂ ਸੁਣ ਕੇ ਰੱਬ ਜੀ ਕਹਿਣ ਲੱਗੇ ਕਿ ਹੇ ਭਗਤਾ ! ਭਾਵੇਂ ਸੰਸਾਰ ਦਾ ਪਰਵਾਹ ਅਨਾਦੀ ਹੈ ਪਰ ਮੇਰੇ ਰੰਗਾਂ ਬਾਰੇ ਕੋਈ ਨਹੀਂ ਜਾਣ ਸਕਦਾ ਕਿ ਕਦੋਂ ਮੈਂ ਕੀ ਕਰ ਦੇਵਾਂ ? ਤੂੰ ਆਪਣੀ ਡਿਊਟੀ ਕਰ, ਅੱਗੇ ਹੋਣ ਵਾਲੇ ਸਮੇਂ ਬਾਰੇ ਨਾ ਸੋਚ ਤੇ ਬੱਸ ਮੇਰਾ ਚਿੰਤਨ ਕਰ। ਬਾਕੀ ਮੇਰੇ ਅਧਿਆਤਮਿਕ ਗਿਆਨ ਨਾਲ ਤੈਨੂੰ ਆਪੇ ਸਭ ਕੁੱਝ ਸਮਝ ਆ ਜੂ। ਧਰਮਰਾਜ ਗੰਭੀਰ ਹੋ ਕੇ ਸੋਚਣ ਲੱਗੇ ਕਿ ਜੇ ਉਸਦੇ ਦਰ ਤੇ ਐਨੀ ਸ਼ਾਂਤੀ ਤੇ ਅਨੰਦ ਹੈ, ਜੇ ਬੰਦਾ ਇਸਨੂੰ ਆਪਣੇ ਮਨ ਮੰਦਰ ਵਿੱਚ ਧਾਰਨ ਕਰ ਲਵੇ ਤਾਂ ਇਸਦੀਆਂ ਸਾਰੀਆਂ ਦੁਬਿਧਾਵਾਂ ਪਲ ਵਿੱਚ ਖਤਮ ਹੋ ਜਾਣ ਤੇ ਸੰਸਾਰ ਵਿੱਚ ਸਾਰੇ ਸ਼ਾਂਤੀ ਹੀ ਸ਼ਾਂਤੀ ਹੋਵੇ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ – 9464412761

...
...

ਪਾਰਕ ਦੇ ਚੱਕਰ ਲਾ ਕੇ ਜਦੋਂ ਨੁੱਕਰ ਵਾਲੇ ਬੈਂਚ ਤੇ ਸਾਹ ਲੈਣ ਬੈਠਦਾ ਤਾਂ ਉਹ ਦੋਵੇਂ ਮੈਨੂੰ ਲਾਗੇ ਹੀ ਲਾਏ ਕੂੜੇ ਦੇ ਢੇਰ ਵਿਚੋਂ ਪਲਾਸਟਿਕ ਚੁਗਦੀਆਂ ਹੋਈਆਂ ਅਕਸਰ ਹੀ ਦਿਸ ਪਿਆ ਕਰਦੀਆਂ..!
ਹੌਲੀ ਜਿਹੀ ਉਮਰ ਵਾਲੀ ਦਾ ਨਾਮ “ਭੋਲੀ” ਸੀ ਤੇ ਦੂਜੀ ਸ਼ਾਇਦ “ਹਰਨਾਮੋੰ”..ਉਮਰ ਚਾਲੀ ਕੂ ਸਾਲ..!

ਇੱਕ ਦਿਨ ਹਰਨਾਮੋ ਕੋਲ ਖਲੋਤੀ ਭੋਲੀ ਨੂੰ ਆਖਣ ਲੱਗੀ..
“ਅੜੀਏ ਜੇ ਕਿਧਰੇ ਕੋਈ ਮੂੰਹ-ਮੱਥੇ ਲੱਗਦੀ ਚਾਹ ਵਾਲੀ ਥਰਮਸ ਦਿਸ ਪਵੇ ਤਾਂ ਵੱਖਰੀ ਕਰ ਕੇ ਰੱਖ ਲਵੀਂ..ਵੱਡੇ ਨੂੰ ਚਾਹੀਦੀ ਏ..ਦਸਵੀਂ ਦੇ ਪੇਪਰਾਂ ਦੀ ਤਿਆਰੀ ਕਰਦਾ ਘੜੀ-ਘੜੀ ਚਾਹ ਗਰਮ ਕਰ ਕਰ ਕਮਲਾ ਹੋ ਜਾਂਦਾ ਏ..ਇੱਕ ਵਾਰ ਇੱਕਠੀ ਬਣਾ ਕੇ ਧਰ ਆਇਆ ਕਰਾਂਗੀ”

ਮੈਂ ਸੋਚਣ ਲੱਗਾ ਕੇ ਆਪਣੇ ਘਰੇ ਕਈ ਥਰਮਸਾਂ ਵਾਧੂ ਤਾਂ ਪਈਆਂ ਹੀ ਨੇ..ਇੱਕ ਲਿਆ ਕੇ ਦੇ ਦੇਵਾਂਗਾ..
ਫੇਰ ਖਿਆਲ ਆਇਆ ਕੇ ਜੇ ਕਿਸੇ ਤੰਗ ਨਜਰੀਏ ਵਾਲੇ ਨੇ ਇੰਝ ਕਰਦਿਆਂ ਵੇਖ ਲਿਆ ਤਾਂ ਪਤਾ ਨੀ ਕੀ ਸੋਚੇ..
ਉੱਤੋਂ ਕਈ ਵਾਰ ਸਵੈ-ਮਾਣ ਦੇ ਲੋਰ ਵਿਚ ਆਏ ਹੋਏ ਇਹ ਮਿਹਨਤਕਸ਼ ਲੋਕ ਏਦਾਂ ਦਿੱਤੀ ਹੋਈ ਚੀਜ ਦਾ ਬੁਰਾ ਵੀ ਮਨਾ ਲਿਆ ਕਰਦੇ ਨੇ..!

ਅਗਲੇ ਦਿਨ ਮੂੰਹ-ਹਨੇਰੇ ਨਵੀਂ ਨਕੋਰ ਥਰਮਸ ਲਫਾਫੇ ਵਿਚ ਪਾਈ ਤੇ ਓਹਲੇ ਜਿਹੇ ਨਾਲ ਆ ਕੂੜੇ ਦੇ ਢੇਰ ਤੇ ਰੱਖ ਦਿੱਤੀ..
ਫੇਰ ਮਨ ਹੀ ਮਨ ਅਰਦਾਸ ਕਰਨ ਲੱਗਾ ਕੇ ਭੋਲੀ ਤੇ ਹਰਨਾਮੋੰ ਦੀ ਜੋੜੀ ਤੋਂ ਪਹਿਲਾਂ ਕੋਈ ਹੋਰ ਹੀ ਨਾ ਆ ਕੇ ਚੁੱਕ ਲੈ ਜਾਵੇ..!
ਫੇਰ ਘੜੀ ਕੂ ਮਗਰੋਂ ਭੋਲੀ ਤਾਂ ਦਿਸ ਪਈ..ਪਰ ਹਰਨਾਮ ਕੌਰ ਕਿਧਰੇ ਵੀ ਨਜਰ ਨਾ ਆਈ..!
ਫੇਰ ਅਚਾਨਕ ਕੂੜਾ ਫਰੋਲਦੀ ਭੋਲੀ ਨੇ ਓਥੇ ਰੱਖੀ ਉਹ ਥਰਮਸ ਵੇਖੀ..
ਬਿੰਦ ਕੂ ਲਈ ਏਧਰ ਓਧਰ ਵੇਖਿਆ..ਕੁਝ ਸੋਚਿਆ ਅਤੇ ਫੇਰ ਛੇਤੀ ਨਾਲ ਚੁੱਕ ਝੋਲੇ ਵਿਚ ਪਾ ਲਈ..!

ਮੈਨੂੰ ਆਪਣੀ ਬਣੀ ਬਣਾਈ ਸਕੀਮ ਤੇ ਪਾਣੀ ਫਿਰਦਾ ਨਜਰ ਆਉਣ ਲੱਗਾ..!

ਮਨ ਹੀ ਮਨ ਸੋਚਣ ਲੱਗਾ ਕੇ ਜਿਸਦੀ ਅਮਾਨਤ ਸੀ..ਪਤਾ ਨੀ ਉਸ ਕੋਲ ਪੁੱਜਦੀ ਵੀ ਹੈ ਕੇ ਨਹੀਂ..
ਖੈਰ ਮੇਰੇ ਬੈਠਿਆਂ-ਬੈਠਿਆਂ ਹੀ ਹਰਨਾਮੋੰ ਵੀ ਓਥੇ ਆ ਗਈ..ਭੋਲੀ ਨੇ ਝੱਟਪੱਟ ਹੀ ਉਹ ਥਰਮਸ ਆਪਣੇ ਝੋਲੇ ਵਿਚੋਂ ਕੱਢ ਉਸਦੇ ਹਵਾਲੇ ਕਰ ਦਿੱਤੀ..ਆਪਸ ਵਿਚ ਕੁਝ ਗੱਲਾਂ ਕੀਤੀਆਂ ਤੇ ਫੇਰ ਦੋਵੇਂ ਖਿੜ-ਖਿੜਾ ਕੇ ਹੱਸ ਪਈਆਂ..!

ਥਰਮਸ ਫੜਦੀ ਹੋਈ ਹਰਨਾਮ ਕੌਰ ਦੇ ਚੇਹਰੇ ਦੇ ਭਾਵ ਕੁਝ ਏਦਾਂ ਦੇ ਸਨ ਜਿੱਦਾਂ ਉਸਨੂੰ ਕੋਈ ਕੋਹੇਨੂਰ ਹੀਰਾ ਲੱਭ ਗਿਆ ਹੋਵੇ..!

ਕਾਫੀ ਅਰਸੇ ਮਗਰੋਂ ਇੱਕ ਦਿਨ ਖੁਸ਼ੀ ਵਿਚ ਖੀਵੀ ਹੁੰਦੀ ਹੋਈ ਹਰਨਾਮ ਕੌਰ ਨੂੰ ਜਦੋਂ ਇਹ ਆਖਦਿਆਂ ਸੁਣਿਆ ਕੇ “ਪੁੱਤ ਦੀ ਮਿਹਨਤ ਰੰਗ ਲਿਆਈ ਏ” ਤਾਂ ਇੰਝ ਮਹਿਸੂਸ ਹੋਇਆ ਜਿੱਦਾਂ ਉਸਦਾ ਮੁੰਡਾ ਹੀ ਨਹੀਂ ਸਗੋਂ ਮੈਂ ਖੁਦ ਵੀ ਜਿੰਦਗੀ ਦੇ ਕਿਸੇ ਔਖੇ ਜਿਹੇ ਇਮਤਿਹਾਨ ਵਿਚੋਂ ਪੂਰੇ ਨੰਬਰ ਲੈ ਕੇ ਪਾਸ ਹੋ ਗਿਆ ਹੋਵਾਂ..

ਨਾਲ ਹੀ ਕੁੜੇ ਦਿਆਂ ਢੇਰਾਂ ਤੇ ਵੱਡੀ ਸਾਰੀ ਕਬੀਲਦਾਰੀ ਦੇ ਸੁਫ਼ਨੇ ਬੁਣਦੀਆਂ ਦੋ ਸੋਨ-ਪਰੀਆਂ ਵੇਖ ਸੰਤ ਰਾਮ ਉਦਾਸੀ ਦੇ ਇਹ ਬੋਲ ਵੀ ਚੇਤੇ ਆ ਗਏ ਕੇ “ਮੱਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵੇਹੜੇ”..

ਹਰਪ੍ਰੀਤ ਸਿੰਘ ਜਵੰਦਾ

...
...

ਪੂਰੇ ਅਠਾਰਾਂ ਵਰੇ ਪਹਿਲਾਂ..
ਚੰਗੀ ਤਰਾਂ ਯਾਦ ਹੈ ਅੱਧੀ ਰਾਤ ਨੂੰ ਡਾਕਟਰਾਂ ਤੇ ਨਰਸਾਂ ਦੀਆਂ ਅਵਾਜਾਂ ਗੂੰਜ ਰਹੀਆਂ ਸਨ..
“ਬੱਸ ਥੋੜੀ ਦੇਰ ਹੋਰ..ਹਿੰਮਤ ਰੱਖ ਧੀਏ”
ਫੇਰ ਵੱਡਾ ਸਾਰਾ ਜਵਾਰਭਾਟਾ ਆਇਆ ਤੇ ਅਗਲੇ ਹੀ ਪਲ ਇਹ ਮੇਮਣਾ ਮੇਰੇ ਸਾਮਣੇ ਅਚੇਤ ਪਿਆ ਸੀ..!

ਮੈਂ ਪੀੜਾਂ ਦੇ ਸਮੁੰਦਰ ਵਿਚੋਂ ਬਾਹਰ ਆ ਚੁਕੀ ਸਾਂ..ਬੈੱਡ ਕੋਲ ਪਏ ਸ਼ੀਸ਼ੇ ਦੇ ਬਕਸੇ ਵਿਚ ਵੱਡੇ ਸਾਰੇ ਬਲਬ ਦੀ ਗਰਮੀ ਹੇਠ ਸਥਿਰ ਪਿਆ ਉਹ ਪਤਾ ਨਹੀਂ ਰੋ ਕਿਓਂ ਨਹੀਂ ਸੀ ਰਿਹਾ?

ਮੈਨੂੰ ਬੇਅਕਲੀ ਨੂੰ ਏਨਾ ਵੀ ਨਹੀਂ ਸੀ ਪਤਾ ਕੇ ਇਹ ਵਾਕਿਆ ਹੀ ਖਤਰੇ ਵਾਲੀ ਗੱਲ ਸੀ..
ਕੋਲ ਹੀ ਹੁੰਦੀ ਨੱਸ ਭੱਜ ਦੇ ਦੌਰਾਨ ਬਾਹਰੋਂ ਮਾਂ ਦੇ ਰੋਣ ਦੀ ਅਵਾਜ ਕੰਨੀ ਪਈ..ਮੇਰਾ ਵੀ ਰੋਣ ਨਿੱਕਲ ਗਿਆ..ਪੱਕਾ ਕੋਈ ਅਣਹੋਣੀ ਹੋ ਗਈ ਹੋਣੀ!

ਫੇਰ ਵਾਹਿਗੁਰੂ ਦੀ ਮੇਹਰ ਹੋਈ..ਉਹ ਸਤਮਹਿਆਂ ਜੰਮ ਪਿਆ ਅਚਾਨਕ ਹੀ ਉਚੀ ਸਾਰੀ ਰੋ ਪਿਆ ਤੇ ਬਾਕੀ ਸਾਰੀਆਂ ਦੀ ਜਾਨ ਵਿਚ ਜਾਨ ਆ ਪਈ..!

ਮੈਂ ਸਾਰੀ ਰਾਤ ਰੋਂਦੇ ਹੋਏ ਨੂੰ ਸੁਣ ਸੁਖਾਂ ਮੰਗਦੀ ਰਹੀ..ਅਰਦਾਸਾਂ ਕਰਦੀ ਰਹੀ..ਪਰ ਸ਼ਰਮ ਦੀ ਮਾਰੀ ਉਸਨੂੰ ਘੜੀ ਪਲ ਲਈ ਵੀ ਆਪਣੀ ਝੋਲੀ ਪਾਉਣ ਲਈ ਮੰਗ ਨਾ ਸਕੀ..!

ਫੇਰ ਦਿਨ ਚੜੇ ਜਦੋਂ ਮਾਂ ਨੇ ਉਸਨੂੰ ਹੌਲੀ ਜਿਹੀ ਮੇਰੇ ਨਾਲ ਪਾਇਆ ਤਾਂ ਇੰਝ ਲੱਗਾ ਜਿੱਦਾਂ ਸੱਤਾਂ ਜਹਾਨਾਂ ਦੀਆਂ ਸਾਰੀਆਂ ਖੁਸ਼ੀਆਂ ਮੇਰੇ ਵਜੂਦ ਵਿਚ ਸਮੋ ਗਈਆਂ ਹੋਣ!

ਫੇਰ ਛੇਵੀਂ ਜਮਾਤ ਤੱਕ ਉਸਨੂੰ ਮੇਰੇ ਢਿਡ੍ਹ ਤੇ ਹੱਥ ਰੱਖੇ ਬਗੈਰ ਨੀਂਦਰ ਨਹੀਂ ਸੀ ਪਿਆ ਕਰਦੀ..
ਮੈਨੂੰ ਵੀ ਉਸਦੇ ਪੋਲੇ ਜਿਹੇ ਹੱਥ ਦੀ ਆਦਤ ਜਿਹੀ ਪੈ ਗਈ..
ਫੇਰ ਇੱਕ ਦਿਨ ਕਿਸੇ ਗੱਲੋਂ ਅੱਗੋਂ ਬੋਲ ਪਿਆ..ਗੁੱਸਾ ਆਇਆ..ਚੰਡ ਕੱਢ ਮਾਰੀ..ਫੇਰ ਆਪਣੇ ਆਪ ਤੇ ਗੁੱਸਾ ਆਇਆ..ਅਖੀਰ ਮਹਿਸੂਸ ਹੋਇਆ ਕੇ ਹੁਣ ਵੱਡਾ ਹੋ ਰਿਹਾ ਏ..

ਪੂਰੇ ਅਠਾਰਾਂ ਸਾਲ ਬਾਅਦ ਅੱਜ ਪਹਿਲੀ ਵਾਰ ਪੜਨ ਲਈ ਸਾਥੋਂ ਕਿੰਨੀ ਦੂਰ ਸੱਤ ਸਮੁੰਦਰ ਪਾਰ ਜਾ ਰਿਹਾ ਸੀ..

ਕਦੇ ਕਦੇ ਦਿਲ ਚੋਂ ਹੂਕ ਜਿਹੀ ਉੱਠਦੀ ਏ ਤਾਂ ਬੁਰਾ ਹਾਲ ਹੋ ਜਾਂਦਾ..
ਫੇਰ ਉਸਦੀ ਅਲਮਾਰੀ,ਭਾਂਡੇ,ਜੁੱਤੀਆਂ,ਕਿਤਾਬਾਂ,ਕੱਪੜੇ ਤੇ ਕਮਰੇ ਵਿਚ ਪਿਆ ਉਂਝ ਦਾ ਉਂਝ ਖਲਾਰਾ ਦੇਖ ਕਲੇਜਾ ਮੂੰਹ ਨੂੰ ਆਉਂਦਾ ਏ!

ਪਤਾ ਨੀ ਕਿਓਂ ਲੱਗਦਾ ਕੇ ਕਾਲਜ ਜਾ ਕੇ ਬਦਲ ਜਿਹਾ ਗਿਆ ਸੀ..
ਸਾਰਾ ਦਿਨ ਬੱਸ ਸੈੱਲ ਫੋਨ..ਕਦੇ ਹੱਸ ਪਿਆ ਕਰਦਾ ਤੇ ਕਦੀ ਸੀਰੀਅਸ..ਕਦੀ ਕਦੀ ਸ਼ੱਕ ਜਿਹਾ ਪੈਂਦਾ..ਕੋਈ ਗਰਲ-ਫ੍ਰੇਂਡ ਹੀ ਨਾ ਬਣਾ ਲਈ ਹੋਵੇ?

ਜਿਊਣ-ਜੋਗਾ ਜਾਣ ਲਗਿਆਂ ਚੱਜ ਨਾਲ ਮਿਲ ਕੇ ਵੀ ਤਾਂ ਨਹੀਂ ਸੀ ਗਿਆ..
ਕਹਿੰਦਾ ਮੰਮਾ ਕੋਈ ਫਿਕਰ ਨਾ ਕਰ..ਸਭ ਕੁਸ਼ ਠੀਕ ਹੋ ਜੂ..ਫੋਨ ਕਰਿਆ ਕਰੂੰ ਰੋਜ..!

ਪਰ ਜਦੋਂ ਹੌਲੇ ਪੈ ਗਏ ਦਿਲ ਕੋਲੋਂ ਵਿਛੋੜਾ ਹੋਰ ਨਹੀਂ ਸਿਹਾ ਜਾਂਦਾ ਤਾਂ ਅਕਸਰ ਹੀ ਅੱਖਾਂ ਪੂੰਝਦੀ ਬਾਹਰ “ਮਣੀ-ਪਲਾਂਟ” ਦੀ ਲੰਮੀਂ ਹੁੰਦੀ ਜਾਂਦੀ ਵੇਲ ਕੋਲ ਆਣ ਬਹਿੰਦੀ ਹਾਂ..
ਫੇਰ ਆਪਣੇ ਆਪ ਨੂੰ ਤਸੱਲੀਆਂ ਦਿੰਦੀ ਹਾਂ ਕੇ ਇਸ ਦੁਨੀਆ ਵਿਚ ਅੱਗੇ ਵਧਣ ਵਾਸਤੇ ਆਪਣੀਂ ਜੜਾਂ ਤੋਂ ਤਾਂ ਦੂਰ ਹੋਣਾ ਹੀ ਪੈਂਦਾ ਇੱਕ ਦਿਨ..
ਫੇਰ ਕਿ ਹੋਇਆ ਜੇ ਅੱਜ ਚਲਾ ਗਿਆ..ਅਖੀਰ ਇੱਕ ਦਿਨ ਤੇ ਜਰੂਰ ਮੋੜਾ ਪਾਊ!

ਫੇਰ ਗੁਆਂਢ ਵਾਲੇ ਰੰਧਾਵਾ ਸਾਬ ਚੇਤੇ ਆ ਜਾਂਦੇ..
ਸਾਰੀ ਦਿਹਾੜੀ ਲੰਮੇ ਪਏ ਬੱਸ ਇੱਕਟੱਕ ਗੇਟ ਵੱਲ ਤੱਕਦੇ ਹੋਏ ਪਤਾ ਨੀ ਕਿਸਨੂੰ ਹਾਕਾਂ ਮਾਰਦੇ ਰਹਿੰਦੇ..
ਓਹਨਾ ਵਾਲਾ ਵੀ ਤਾਂ ਇੱਕ ਦਿਨ ਏਹੀ ਕੁਝ ਹੀ ਆਖ ਕੇ ਗਿਆ ਸੀ..
ਮੁੜ ਆਵਾਂਗਾ..ਫਿਕਰ ਨਾ ਕਰਿਓ..ਪਰ ਨਾ ਅੱਜ ਤੱਕ ਆਪ ਮੁੜਿਆ ਤੇ ਨਾ ਓਹਨਾ ਨੂੰ ਹੀ ਆਪਣੇ ਕੋਲ ਬੁਲਾਇਆ..
ਕਈਂ ਵਾਰ ਅੱਧੀ ਰਾਤ ਨੌਕਰ ਨੂੰ ਜਗਾ ਕੇ ਗੇਟ ਖੋਲਣ ਘੱਲਦੇ ਹੋਏ ਮੈ ਖੁਦ ਆਪ ਦੇਖੇ..ਸ਼ਾਇਦ ਕੋਈ ਝਉਲਾ ਪੈਂਦਾ ਹੋਣਾ”

ਮੈਂ ਫੇਰ ਉਦਾਸੀਆਂ ਦੇ ਡੂੰਘੇ ਸਮੁੰਦਰ ਵਿਚ ਜਾ ਡੁੱਬਦੀ ਹਾਂ..ਪਤਾ ਨੀ ਕਿਹੋ ਜਿਹਾ ਰਿਸ਼ਤਾ ਬਣਾਇਆ ਏ ਬਣਾਉਣ ਵਾਲੇ ਨੇ..ਸਿੱਧਾ ਆਂਦਰਾਂ ਨੂੰ ਹੀ ਖੋਰੀ ਜਾਂਦਾ ਏ..ਦੁਨੀਆ ਸਾਹਵੇਂ ਹੱਸਦਾ ਹੋਇਆ ਅੰਦਰੋਂ-ਅੰਦਰੀ ਚੱਤੇ ਪਹਿਰ ਹੰਝੂਆਂ ਦੀ ਝੜੀ ਲਾਈ ਰੱਖਦਾ..ਅੱਧੀ ਰਾਤ ਦੇ ਤੌਖਲੇ..ਫਿਕਰਾਂ ਦੇ ਪੰਧ..ਮਾਏ ਨੀ ਮੈ ਕਿੰਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨੀ..!

ਫੇਰ ਵੋਟਾਂ ਮੰਗਦੀ ਗੰਦੀ ਸਿਆਸਤ ਦੇ ਬਦਸੂਰਤ ਮੋਹਰੇ ਅਤੇ ਨਪੁੰਸਕ ਸਰਕਾਰਾਂ ਦੇ ਖੋਖਲੇ ਵਾਅਦੇ ਚੇਤੇ ਆ ਜਾਂਦੇ..
ਨਾ ਇਹ ਇਹੋ ਜਿਹੇ ਹਾਲਾਤ ਪੈਦਾ ਕਰਦੀਆਂ ਤੇ ਨਾ ਹੀ ਅਣਗਿਣਤ ਜਿਗਰ ਦੇ ਟੋਟੇ ਅੱਖੋਂ ਓਹਲੇ ਕਰਨੇ ਪੈਂਦੇ..!

ਕੰਧਾਂ ਕੋਠੇ ਟੱਪਦਾ..ਗਿਆ ਸਮੁੰਦਰ ਟੱਪ..ਜਿੰਨੀ ਵੱਡੀ ਛਾਲ ਸੀ..ਓਨੀ ਵੱਡੀ ਸੱਟ

ਹਰਪ੍ਰੀਤ ਸਿੰਘ ਜਵੰਦਾ

...
...

ਜੀਤੇ ਦਾ ਬਾਪੂ ਦੁਨੀਆ ਤੋ ਕੂਚ ਕਰ ਗਿਆ ਸੀ, ਅਤੇ ਪਿੱਛੇ ਤਿੰਨ ਧੀਆਂ ਤੇ ਇੱਕ ਪੁੱਤ ਛੱਡ ਗਿਆ।ਲੋਕਾ ਦੇ ਖੇਤਾਂ ਵਿੱਚ ਦਿਹਾੜੀਦਾਰ ਹੋਣ ਕਰਕੇ ਪੱਲੇ ਕੁਝ ਜੋੜ ਤਾ ਨਹੀ ਸਕਿਆ ਸੀ। ਪਰ ਦਿਨ ਰਾਤ ਇੱਕ ਕਰਕੇ ਮਾਲਕ ਤੀਵੀਂ ਆਪਣੇ ਧੀਆਂ ਪੁੱਤ ਪੜਾ ਜਰੂਰ ਰਹੇ ਸੀ।ਜੀਤੇ ਦੇ ਬਾਪੂ ਦੇ ਅਚਾਨਕ ਜਾਣ ਨਾਲ ਸਾਰੀ ਕਬੀਲਦਾਰੀ ਜੀਤੇ ਦੀ ਬੇਬੇ ਦੇ ਗਲ ਆਣ ਪਈ।ਬੇਬੇ ਹੁਣ ਘਰ ਵਿੱਚ ਇਕੱਲੀ ਕਮਾਉਣ ਵਾਲੀ ਰਹਿ ਗਈ ਸੀ,ਤੇ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਸੀ।ਜਿਸ ਕਰਕੇ ਉਸਨੇ ਖੇਤਾਂ ਵਿੱਚ ਦਿਹਾੜੀ ਕਰਨ ਦੇ ਨਾਲ-ਨਾਲ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ।ਖੇਤਾਂ ‘ਚ ਦਿਹਾੜੀ ਜਾਣ ਤੋ ਪਹਿਲਾ ਤੜਕੇ ਸਾਜਰੇ ਹੀ ਉਹ ਲੋਕਾਂ ਦੇ ਘਰਾਂ ‘ਚ ਕੰਮ ਨਬੇੜ ਆਇਆ ਕਰਦੀ।ਸਾਰਾ ਦਿਨ ਮੰਜੇ ਤੇ ਢੂਹੀ ਨਾ ਲੱਗਣ ਕਾਰਨ ਉਹ ਥੱਕ ਵੀ ਜਾਇਆ ਕਰਦੀ ਸੀ।ਜੀਤਾ ਸਾਰਾ ਦਿਨ ਆਪਣੀ ਕਾਲਜ ਦੀ ਪੜਾਈ ਵਿੱਚ ਹੀ ਰੁੱਝਾ ਰਹਿੰਦਾ ਸੀ, ਕਿਉਕਿ ਉਹ ਆਪਣੀ ਮਾਂ ਦੀ ਹਾਲਤ ਤੇ ਛੋਟੀਆਂ ਭੈਣਾਂ ਦੀ ਜਿੰਮੇਵਾਰੀ ਤੋ ਚੰਗੀ ਤਰਾਂ ਵਾਕਫ਼ ਸੀ।ਜੀਤੇ ਨੂੰ ਕਾਲਜ ਵਿੱਚ ਮੁੰਡੇ ਕੁੜੀਆਂ ਗਰੀਬ ਘਰ ਦਾ ਹੋਣ ਕਰਕੇ ਬਹੁਤਾ ਬੁਲਾਉਣਾ ਪਸੰਦ ਨਹੀ ਕਰਦੇ ਸੀ,ਅਤੇ ਉਸ ਦਾ ਆਏ ਦਿਨ ਬਹਾਨੇ ਸਿਰ ਕੋਈ ਨਾ ਕੋਈ ਮਜ਼ਾਕ ਬਣਾਉਦੇ ਰਹਿੰਦੇ।ਇੱਕ ਦਿਨ ਤਾਂ ਜਾਣੋ ਹੱਦ ਹੀ ਹੋ ਗਈ।ਜੀਤਾ ਆਪਣਾ ਲੈਕਚਰ ਲਗਾਉਣ ਲਈ ਕਲਾਸ ਰੂਮ ਵੱਲ ਨੂੰ ਜਾ ਹੀ ਰਿਹਾ ਸੀ, ਕਿ ਕੁਝ ਸ਼ਰਾਰਤੀ ਅਨਸਰਾਂ ਨੇ ਉਸ ਨੂੰ ਘੇਰ ਕੇ ਜਲੀਲ ਕਰਨਾ ਸ਼ੁਰੂ ਕਰ ਦਿੱਤਾ, ਕੋਈ ਕਹਿ ਰਿਹਾ ਸੀ ਕਿ ਇਹਦੀ ਮਾਂ ਖੇਤਾਂ ‘ਚ ਜਾ ਧੰਦਾ ਕਰਦੀ ਹੈ,ਤੇ ਕੋਈ ਕਹਿ ਰਿਹਾ ਸੀ,ਕਿ ਤੇਰੀਆਂ ਭੈਣਾਂ ਵੀ ਬਹੁਤ ਸੋਹਣੀਆ ਨੇ,ਸਾਡੀ ਉਹਨਾਂ ਨਾਲ ਗੱਲ ਹੀ ਕਰਾ ਦੇ,ਨਹੀ ਦੱਸ ਇੱਕ ਰਾਤ ਦਾ ਕਿੰਨੇ ‘ਚ ਸੌਦਾ ਕਰਦੀਆਂ ਨੇ,ਤੇਰਾ ਤਾਂ ਘਰੇ ਹੀ ਸਰ ਜਾਦਾ ਹੋਣਾ!ਇੰਨਾਂ ਸੁਣਦੇ ਹੀ ਜੀਤੇ ਨੇ ਗੁੱਸੇ ਨਾਲ ਦਹਾੜਦੇ ਨੇ ਹੱਥ ‘ਚ ਪਾਇਆ ਕੜਾ ਇੱਕ ਦੇ ਮੂੰਹ ਤੇ ਮਾਰਿਆ, ਮੂੰਹ ਛੱਲੀ ਹੋ ਗਿਆ ਤੇ ਨੱਕ ਦੀ ਨਕਸੀਰ ਛੁੱਟ ਗਈ।ਬਾਕੀ ਦੇ ਸਭ ਤਾਂ ਖੰਭ ਲਾ ਕੇ ਪਤਾ ਹੀ ਨੀ ਲੱਗਾ ਕਿੱਧਰ ਨੂੰ ਤਿੱਤਰ ਗਏ ।ਉਸ ਤੋ ਬਾਅਦ ਕੁਝ ਦਿਨ ਜੀਤਾ ਘਰੇ ਹੀ ਉਦਾਸ ਜਿਹਾ ਹੋ ਕੇ ਰਹਿਣ ਲੱਗਾ।ਬੇਬੇ ਦੇ ਬਾਰ-ਬਾਰ ਪੁੱਛਣ ਤੇ ਸਿਰ ਦਰਦ ਦਾ ਬਹਾਨਾ ਲਗਾ ਕੇ ਟਾਲ ਦਿੰਦਾ।ਮਾਂ ਤਾ ਮਾਂ ਹੀ ਹੁੰਦੀ ਹੈ।ਸਾਰੀ ਸਾਰੀ ਰਾਤ ਬੇਬੇ ਦਾ ਦਿਲ ਕਾਹਲ਼ੇ ਪਈ ਜਾਦਾਂ।ਲੱਖ ਕੌਸ਼ਿਸ਼ਾਂ ਦੇ ਬਾਵਜੂਦ ਨੀੰਦ ਨਾ ਆਉਦੀ। ਜਦੋ ਧੀ ਪੁੱਤ ਦੁੱਖੀ ਹੋਵੇ ਫ਼ਿਰ ਨੀਂਦ ਆਉਂਦੀ ਵੀ ਕਿੱਥੇ ਹੈ।ਇੱਕ ਰਾਤ ਬੇਬੇ ਉਠ ਕੇ ਅੰਦਰ ਜੀਤੇ ਦੇ ਕਮਰੇ ਵਿੱਚ ਚਲੀ ਗਈ।ਅੱਗੋਂ ਜੀਤਾ ਇੱਕ ਹੱਥ ਵਿੱਚ ਪਾਣੀ ਦਾ ਗਿਲਾਸ ਤੇ ਦੂਜੇ ਹੱਥ ਵਿੱਚ ਫ਼ਰਨੈਲ ਦੀਆ ਗੋਲੀਆ ਚੁੱਕੀ ਖੜਾ ਸੀ।ਐਨਾ ਦੇਖਦੇ ਹੀ ਬੇਬੇ ਦੀ ਭੁੱਬ ਨਿਕਲ ਜਾਦੀ ਹੈ, ਤੇ ਭੱਜ ਜੇ ਉਸਦੇ ਹੱਥ ਪਟਕਾ ਦਿੰਦੀ ਦੀ ਹੈ।ਬੇਬੇ ਜੀਤੇ ਉੱਪਰ ਥੋੜਾ ਗੁੱਸੇ ਹੋਣ ਤੋ ਬਾਅਦ, ਜਦੋ ਪਿਆਰ ਨਾਲ ਉਸਦੇ ਚੁੱਕੇ ਇਸ ਕਦਮ ਬਾਰੇ ਪੁੱਛਦੀ ਹੈ, ਤਾਂ ਜੀਤਾ ਬੇਬੇ ਦੇ ਗਲ਼ ਲੱਗ ਕੇ ਫੁੱਟ-ਫੁੱਟ ਰੌਣ ਲੱਗਦਾ ਹੈ, ਅਤੇ ਖ਼ੁਦ ਨਾਲ ਬੀਤੀ ਸਾਰੀ ਘਟਨਾ ਦੱਸਦਾ ਹੈ,ਤੇ ਨਾਲ ਇਹ ਵੀ ਆਖਦਾ ਹੈ ਕਿ ਹੁਣ ਕਦੇ ਵੀ ਉਹ ਕਾਲਜ ਨਹੀ ਜਾਵੇਗਾ।ਬੇਬੇ ਸਾਰੀ ਗੱਲ ਸੁਣ ਕੇ ਉਸ ਨੂੰ ਬੜੇ ਪਿਆਰ ਨਾਲ ਸਮਝਾਉਦੀ ਹੈ ਕਿ ਪੁੱਤ ਲੋਕਾ ਦਾ ਕੰਮ ਹੀ ਇਹੋ ਹੁੰਦਾ ਹੈ ।ਅੱਗੇ ਵੱਧਦੇ ਨੂੰ ਤਾ ਕੋਈ ਰਾਜੇ ਰਾਮਾਂ ਨੂੰ ਨੀ ਜਰਦਾ ਆਪਾਂ ਤਾ ਫ਼ਿਰ ਦੋ ਡੰਗ ਦੀ ਕਰਕੇ ਖਾਣ ਵਾਲੇ ਹੁੰਦੇ ਹਾ।ਜੇ ਮੈਂ ਐਨੀ ਲੋਕਾਂ ਦੀ ਪਰਵਾਹ ਕਰਦੀ ਹੁੰਦੀ, ਫ਼ਿਰ ਮੈਂ ਤਾ ਕਦੋਂ ਦੀ ਮਰ ਜਾਣਾ ਸੀ।ਬੇਬੇ ਦੇ ਮਸਾਂ ਲੱਖ ਸਮਝਾਉਣ ਤੇ ਜੀਤਾ ਅਗਲੇ ਦਿਨ ਤਿਆਰ ਹੋ ਕਾਲਜ ਨੂੰ ਜਾਦਾ ਹੈ।ਪਰ ਉੱਥੇ ਉਹਨਾਂ ਵੱਡੇ ਘਰਾਂ ਦੇ ਮਸਟੰਡਿਆ ਦੀ ਪਿ੍ੰਸੀਪਲ ਨਾਲ ਸੈਟਿੰਗ ਹੋਣ ਕਰਕੇ ਉਸਨੂੰ ਪਿੱਛਲੀ ਲੜਾਈ ਹੋਣ ਦਾ ਕਾਰਨ ਦੱਸਦੇ ਹੋਏ , ਧੱਕੇ ਮਾਰ ਕਾਲਜ ‘ਚੋ ਕੱਢਿਆ ਜਾਦਾ ਹੈ।ਥਾਣੇ ਕਚਿਹਰੀਆ ਜਾ ਕੇ ਵੀ ਕੀ ਕਰਦੇ,ਜਦੋ ਗਰੀਬ ਦੀ ਕੋਈ ਸੁਣਦਾ ਹੀ ਨਹੀ।ਜੀਤੇ ਨੇ ਹੁਣ ਥੱਕ ਹਾਰ ਕੇ ਇੱਟਾਂ ਵਾਲੇ ਭੱਠੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।ਆਪਣੀ ਬੇਬੇ ਨੂੰ ਵੀ ਉਸਨੇ ਬਹੁਤ ਕੰਮ ਕਰ ਲਿਆ,ਹੁਣ ਆਰਾਮ ਕਰੇ ਕਹਿ ਕੇ ਕੰਮ ਤੋ ਮੁਕਤ ਕਰ ਦਿੱਤਾ ਸੀ।ਤੇ ਬੱਸ ਹੁਣ ਆਪਣੀਆਂ ਭੈਣਾਂ ਨੂੰ ਚੰਗਾ ਪੜਾ ਲਿਖਾ ਕੇ ਆਪਣਾ ਸੁਪਣਾ ਉਹਨਾਂ ਵਿੱਚ ਦੀ ਪੂਰਾ ਕਰਨਾ ਚਾਹੁੰਦਾ ਸੀ।ਇੱਕ ਦਿਨ ਜੀਤਾ ਦੇਰ ਰਾਤ ਨੂੰ ਕੰਮ ਤੋ ਘਰ ਵਾਪਿਸ ਪਰਤ ਰਿਹਾ ਸੀ।ਰਸਤੇ ‘ਚ ਜ਼ੋਰਦਾਰ ਝੱਖੜ ਹਨੇਰੀ ਚੱਲੀ ਕੁਝ ਕੁ ਮਿੰਟਾਂ ਬਾਅਦ ਹੀ ਲਿਸ਼ਕਦੀ ਹੋਈ ਬਿਜਲੀ ਗਰਜੀ ਤੇ ਤੇਜ਼ ਧਾਰ ਮੀੰਹ ਵਰਨ ਲੱਗਾ। ਇੰਨੇ ਖਰਾਬ ਮੌਸਮ ਵਿੱਚ ਸਾਇਕਲ ਚਲਾਉਣਾ ਵੀ ਔਖਾ ਸੀ।ਜੀਤਾ ਅਪਣੇ ਪਿੰਡ ਤੋਂ ਛੇ ਕੁ ਪੈਡੇੰ ਦੀ ਦੁੁੂਰੀ ਤੇ ਪੈਦੇੰ ਕਿਸੇ ਪਿੰਡ ਪਹੁੰਚਿਆ। ਬਹੁਤੇ ਲੋਕਾਂ ਦੇ ਘਰਾਂ ਦੇ ਬੂਹੇ ਖੜਕਾਏ , ਪਰ ਕਿਸੇ ਨੇ ਵੀ ਜ਼ਮਾਨਾ ਖ਼ਰਾਬ ਹੈ,ਕਹਿ ਕੇ ਮੱਦਦ ਲਈ ਬੂਹਾ ਨਾ ਖੋਲਿਆ।ਨਿਰਾਸ਼ ਹੋ ਜੀਤਾ ਸਾਇਕਲ ਰੇੜਦਾ ਹੋਇਆ ਠੇਡੇ ਖਾਦਾ,ਆਪਣੇ ਪਿੰਡ ਵੱਲ ਨੂੰ ਹੀ ਟੁਰ ਪਿਆ।ਰਸਤੇ ਵਿੱਚ ਪੈਂਦੇ ਵੱਡੀ ਸੜਕ ਦੇ ਮੌੜ ਤੇ ਇੱਕ ਟਰੱਕ ਤੇਜ਼ ਰਫਤਾਰ ਆਇਆ ਤੇ ਜੀਤੇ ਨੂੰ ਸੜਕ ਨਾਲ ਚੇਪਦਾ ਹੋਇਆ ਛੂ ਕਰਦਾ ਅੱਗੇ ਨੂੰ ਵੱਧ ਗਿਆ।ਜੇ ਅਪਣੇ ਅਧੂਰੇ ਚਾਅ ਮਾਰ ਕੇ ਜੀਤਾ ਪਰਿਵਾਰ ਲਈ ਕੁਝ ਕਰਨ ਲੱਗਾ ਸੀ ਤਾ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜੀਤਾ ਪੁੱਤ ਅੱਜ ਵਾਹਲਾ ਹੀ ਲੇਟ ਹੋ ਗਿਆ ਕਹਿੰਦੀ ਹੋਈ,ਬੇਬੇ ਤੇ ਉਸਦੀਆ ਧੀਆਂ ਮੀਂਹ ਵਿੱਚ ਹੀ ਬੂਹੇ ਅੱਗੇ ਖੜ ਜੀਤੇ ਦੀ ਉਡੀਕ ਕਰਨ ਲੱਗੀਆ।ਉਹਨਾਂ ਨੂੰ ਕੀ ਪਤਾ ਸੀ, ਕਿ ਹੁਣ ਤਿੰਨ ਭੈਣਾਂ ਦਾ ਭਾਈ ਤੇ ਬੇਬੇ ਦਾ ਇਕਲੌਤਾ ਜਵਾਨ ਪੁੱਤ ਜਿਉਦਾ ਜੀ ਕਦੇ ਵਾਪਸ ਨੀ ਆਉਗਾ।

ਮਮਤਾ ਸ਼ਰਮਾਂ

ਈਮੇਲ- mamta03089@gmail.com

ਇੰਸਟਾਗ੍ਰਾਮ- mamta89740

...
...

ਬੜੀ ਪੱਕੀ ਯਾਰੀ ਸੀ ਬਿੱਕਰ ਤੇ ਪਾਸ਼ੇ ਦੀ। ਤੂਤਾਂ ਆਲਾ ਸਾਰਾ ਪਿੰਡ ਹਾਮੀ ਭਰਦਾ ਸੀ ਇਹਨਾ ਦੀ ਯਾਰੀ ਦੀ। ਬਿੱਕਰ ਜਾਤ ਦਾ ਜੱਟ ਜਿਮੀਦਾਰ ਸੀ ਤੇ ਪਾਸ਼ਾ ਮਜ੍ਹਬੀ ਸਿੱਖ। ਗਵਾਂਡ ਚ ਘਰ ਹੋਣ ਕਰਕੇ ਬਚਪਨ ਵੀ ਕੱਠਿਆਂ ਦਾ ਲੰਗਿਆ। ਇਕੱਠੇ ਹੀ ਪੜਨ ਲੱਗੇ ਪਰ ਪੰਜਵੀ ਬਾਅਦ ਹੱਟ ਗਏ। ਪਾਸ਼ਾ ਆਵਦੇ ਪਿਓ ਨਾਲ ਦਿਹਾੜੀ ਦੱਪੇ ਜਾਣ ਲੱਗ ਗਿਆ ਤੇ ਬਿੱਕਰ ਹੁਣ ਖੇਤ ਬੰਨੇ ਜਾ ਵੜ ਦਾ…ਵਕ਼ਤ ਆਵਦੀ ਤੋਰ ਚਲਦਾ ਗਿਆ। ਦੋਵੇ ਵਿਆਹੇ ਵੀ ਗਏ ਪਰ ਯਾਰੀ ਨਾ ਘਟੀ..ਕਹਿੰਦੇ ਪਾਸ਼ੇ ਦੀ ਭੈਣ ਦੇ ਵਿਆਹ ਵੇਲੇ ਬਾਰਾਤ ਨੂੰ ਸਾਰਾ ਰੋਟੀ ਪਾਣੀ ਬਿੱਕਰ ਨੇ ਆਵਦੇ ਘਰੋ ਕਰਿਆ ਸੀ। ਰੋਜ਼ ਦੋਵੇ ਜਾਣੇ ਸੱਥ ਅਲੀ ਥੜੀ ਤੇ ਜਰੂਰ ਹਾਜ਼ਰੀ ਭਰਦੇ। .. ਓਥੇ ਗੱਲਾਂ ਸੁਣਦੇ ਵੀ ਹੁਣ ਪੰਜਾਬੀ ਸੂਬਾ ਭਾਸ਼ਾ ਦੇ ਅਧਾਰ ਤੇ ਵੰਡਿਆ ਗਿਆ। ਨਵਾਂ ਹਰਿਆਣਾ ਕੱਡ ਤਾ ਵਿਚੋਂ। ਹੁਣ ਲੀਡਰ ਵੀ ਪਿੰਡਾਂ ਚ ਗੇੜੇ ਮਾਰਨ ਲੱਗ ਗਏ.. ਰਾਜਨੀਤੀ ਓਹ ਨਾ ਰਹੀ.. ਹੁਣ ਲੀਡਰ ਘਟੀਆ ਚਾਲਾਂ ਚੱਲਣ ਲੱਗ ਗਏ ਸੀ ਵੋਟਾ ਲਈ. ਇਕ ਨਵੀ ਚਾਲ ਜਿਹੜੀ ਸੀ ਓਹ ਸੀ ਪਿੰਡਾ ਦਿਆਂ ਲੋਕਾਂ ਵਿਚ ਜਾਤਾਂ ਦੇ ਅਧਾਰ ਤੇ ਰੌਲੇ ਪਵਾਉਣੇ ਤੇ ਕਿਸੇ ਗਰੀਬ ਜਾਤ ਦੇ ਬੰਦੇ ਨੂੰ ਕੋਈ ਰੁਤਬਾ ਦੇ ਕੇ ਓਹਦੇ ਕਬੀਲੇ ਦੀਆਂ ਸਾਰੀਆਂ ਵੋਟਾਂ ਇੱਕ ਹੱਥ ਕਰਨੀਆ.. ਤੂਤਾਂ ਆਲਾ ਪਿੰਡ ਵਾਵਾ ਵੱਡਾ ਸੀ.. ਪਿੰਡ ਵਿੱਚ ਬਾਕੀ ਜਾਤਾਂ ਦੀ ਗਿਣਤੀ ਵੀ ਜੱਟ ਜਿਮੀਦਾਰਾ ਦੇ ਬਰਾਬਰ ਸੀ.. ਪਹਿਲਾਂ ਸਾਰਾ ਪਿੰਡ ਟਕਸਾਲੀ ਆਗੂ ਸੁਰਜਨ ਸਿੰਘ ਦੇ ਮਗਰ ਸੀ.. ਜਿਥੇ ਓਹਨੇ ਕਹਿਣਾ ਪਿੰਡ ਨੇ ਓਸ ਪਾਸੇ ਉੱਲਰ ਜਾਣਾ। ਪਰ ਇਕ ਵਿਰੋਧੀ ਸੀ ਪਿੰਡ ਚ.. ਗੱਜਣ ਸਿੰਘ। ਜ਼ਮੀਨ ਜਾਇਦਾਦ ਸਭ ਤੋ ਵੱਧ ਸੀ ਪਰ ਪਿੰਡ ਦੇ ਥੋੜੇ ਘਰ ਹੀ ਓਹਦੇ ਮਗਰ ਤੁਰਦੇ ਸੀ। ਇਲਾਕੇ ਦਾ ਲੀਡਰ ਹਾਕਮ ਸਿੰਘ ਪਿੰਡ ਵਿਚ ਗੇੜੇ ਮਾਰਨ ਲੱਗ ਗਿਆ..ਓਹਨੇ ਗੱਜਣ ਨੂੰ ਆਵਦੇ ਨਾਲ ਰਲਾਇਆ ਤੇ ਰਾਜਨੀਤੀ ਦਾ ਪਹਿਲਾ ਮੋਹਰਾ ਇਹ ਸਿੱਟਿਆ ਕੇ ਓਹਨਾ ਨੇ ਪਿੰਡ ਦੇ ਗੁਰੂਘਰ ਵਿਚ ਮੁਨੀ ਦਾਸ ਮਹੰਤ ਬਿਠਾ ਦਿੱਤਾ.. ਓਹਨੇ ਹੋਲੀ ਹੋਲੀ ਆਵਦਾ ਕੰਮ ਸ਼ੁਰੂ ਕਰ ਦਿੱਤਾ। ਓਹ ਨੀਵੀਆਂ ਜਾਤਾਂ ਆਲਿਆਂ ਨੂੰ ਸੇਵਾ ਕਰਨ ਤੋ ਟੋਕਦਾ ਰਹਿੰਦਾ। ਮੱਸਿਆ ਪੁੰਨਿਆ ਤੇ ਲੜਾਈ ਹੋਣ ਲੱਗ ਗਈ। ਓਹਨੇ ਭਾਂਡੇ ਵੀ ਅੱਡ ਕਰ ਦਿੱਤੇ ਵੀ ਇਹ ਜੱਟ ਜਿਮੀਦਾਰਾਂ ਦੇ ਬਾਕੀ ਦੂਜੀਆਂ ਜਾਤਾਂ ਦੇ। ਪਿੰਡ ਦੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਤਾ ਲੀਡਰ ਹਾਕਮ ਨੇ ਸਰਕਾਰੇ ਦਰਬਾਰੇ ਤੋ ਧਮਕੀ ਦਵਾ ਦੇਣੀ। ਹੁਣ ਮੁਨੀ ਦਾਸ ਵੀ ਆਵਦੇ ਨਾਲ ਬੰਦੇ ਰੱਖਣ ਲੱਗ ਗਿਆ। ਦੂਜੇ ਪਾਸੇ ਹਾਕਮ ਸਿੰਘ ਨੇ ਨੀਵੀਆਂ ਜਾਤਾਂ ਆਲੇ ਕਈ ਬੰਦਿਆ ਨੂੰ ਪਿਛੇ ਲਾਇਆ ਕੀ ਮੈਂ ਤੁਹਾਡੇ ਲਈ ਨਵਾਂ ਗੁਰੂਘਰ ਬਣਾ ਕੇ ਦਿੰਨਾ। ਭੋਲੇ ਲੋਕ ਗੱਲਾਂ ਵਿਚ ਆ ਗਏ। ਹੋਰ ਵੀ ਕਈ ਸਹੂਲਤਾਂ ਦੇਣ ਲੱਗ ਗਿਆ ਤੇ ਪਿੰਡ ਵਿਚ ਹੁਣ ਦੋ ਧੜੇ ਬਣ ਗਏ।
ਪਿੰਡ ਦੇ ਸਾਂਝੇ ਥਾਵਾਂ ਦੇ ਲੜਾਈਆਂ ਸ਼ੁਰੂ ਹੋ ਗਈਆਂ। ਮਚਦੀ ਤੇ ਤੇਲ ਪਾਉਣ ਲਈ ਮੁਨੀ ਦਾਸ ਦੇ ਬੰਦਿਆ ਨੇ ਗੁਰੂਘਰ ਆਈਆਂ ਮਜ੍ਹਬੀ ਸਿਖਾਂ ਦੀਆਂ ਧੀਆਂ ਭੈਣਾ ਨਾਲ ਬਦਫੈਲੀ ਕਰ ਦਿੱਤੀ। ਲੋਕ ਸਿਆਸੀ ਭੇਦ ਨਾ ਸਮਝ ਸਕੇ ਤੇ ਸਭ ਨੂੰ ਇਹ ਜੱਟਾਂ ਦੇ ਮੁੰਡਿਆ ਦਾ ਕੰਮ ਲੱਗਿਆ ਤੇ ਲੜਾਈ ਹੋਈ ਤੇ ਦੋਹਾ ਧੜਿਆਂ ਦੇ ਕਈ ਬੰਦੇ ਵੱਡੇ ਟੁੱਕੇ ਗਏ। ਬਿੱਕਰ,ਪਾਸ਼ਾ ਤੇ ਹੋਰ ਕਈ ਬੰਦੇ ਅੱਜ ਸੱਥ ਆਲੀ ਥੜੀ ਤੇ ਬੈਠੇ ਬਲਦੇ ਹੋਏ ਪਿੰਡ ਨੂੰ ਵੇਖ ਰਹੇ ਸੀ। ਸਾਰੇ ਅੰਦਰੋ ਅੰਦਰੀ ਸਬ ਜਾਣ ਦੇ ਸਨ।
ਬਾਕੀ ਸਾਰੇ ਉਠ ਕੇ ਚਲੇ ਗਏ ਪਰ ਬਿੱਕਰ ਤੇ ਪਾਸ਼ਾ ਓਥੇ ਹੀ ਬੈਠੇ ਰਹੇ। ਜਦੋ ਰਾਤ ਗੂੜੀ ਹੋ ਗਈ ਤਾ ਪੱਕੇ ਯਾਰ ਬਿਨਾ ਬੋਲੇ ਇਕ ਦੂਜੇ ਦੇ ਦਿਲ ਦੀ ਗੱਲ ਸਮਝ ਗਏ। ਬਿੱਕਰ ਬਾਹਰਲੀ ਬੈਠਕ ਚੋ ਗੰਡਾਸਾ ਚੱਕ ਲਿਆਇਆ ਤੇ ਪਾਸ਼ਾ ਖਾਲੀ ਹੱਥ ਹੀ ਮਗਰ ਤੁਰ ਪਿਆ। ਗੁਰੂ ਘਰ ਦੀ ਬਾਹਰਲੀ ਕੰਧ ਕੋਲ ਖੜੇ ਮੁਨੀ ਦਾਸ ਦੇ ਇਕ ਚੇਲੇ ਨੂੰ ਓਦੋ ਹੀ ਪਤਾ ਲੱਗਿਆ ਜਦੋਂ ਪਾਸ਼ੇ ਨੇ ਮਗਰੋ ਜਾ ਕੇ ਜੱਫਾ ਮਾਰ ਕੇ ਸਿੱਟ ਲਿਆ। ਚੀਖ ਵੀ ਨਾ ਨਿਕਲਣ ਦਿੱਤੀ ਤੇ ਪਿੰਡ ਆਲੀ ਫਿਰਨੀ ਤੇ ਸਵੇਰੇ ਲੋਥ ਹੀ ਮਿਲੀ। ਬਥੇਰਾ ਜ਼ੋਰ ਲਾਇਆ ਪਰ ਕੋਈ ਭਿਣਕ ਨਾਂ ਲੱਗੀ ਪੁਲਸ ਨੂੰ। ਦੂਜੇ ਪਾਸੇ ਸਾਰੀਆਂ ਜਾਤਾਂ ਦੇ ਮੋਹਤਬਾਰ ਬੰਦਿਆ ਦਾ ਕੱਠ ਕੀਤਾ ਗਿਆ। ਸੁਰਜਨ ਸਿੰਘ ਨੇ ਸਿਆਸਤ ਦੇ ਦਾਅ ਪੇਚ ਸਮਝਾਏ ਲੋਕਾਂ ਨੂੰ। ਹੁਣ ਨਿੱਤ ਸੁਰਜਨ ਸਿੰਘ ਦੇਬੂ ਝਿਓਰ ਤੇ ਤੇਜਾ ਘੁਮਿਆਰ ਲੋਕਾਂ ਦੇ ਘਰੋ ਘਰੀ ਜਾਂਦੇ ਤੇ ਲੋਕਾਂ ਨੂੰ ਮੁਨੀ ਦਾਸ ਦੀਆਂ ਕਰਤੂਤਾਂ ਬਾਰੇ ਦੱਸ ਦੇ। ਹੁਣ ਪਿੰਡ ਦੇ ਲੋਕਾਂ ਨੂੰ ਵੀ ਅਸਲ ਗੱਲ ਦੀ ਸਮਝ ਆ ਗਈ। ਮਤਾ ਪੈ ਗਿਆ ਤੇ ਗੁਰੂਘਰ ਅਖੰਡ ਪਾਠ ਕਰਨ ਦਾ ਫੈਸਲਾ ਹੋਇਆ ਤੇ ਨਾਲ ਹੀ ਮੁਨੀ ਦਾਸ ਨੂੰ ਪਿੰਡ ਚੋ ਕੱਡਣ ਦਾ। ਭੋਗ ਆਲਾ ਦਿਨ ਆ ਗਿਆ। ਸਾਰਾ ਪਿੰਡ ਰਲ ਕੇ ਸੇਵਾ ਕਰ ਰਿਹਾ ਸੀ। ਸੁਰਜਨ ਸਿੰਘ, ਦੇਬੂ ਝਿਓਰ ਦਾ ਪਿਓ ਬੰਤ ਤੇ ਮਜ੍ਹਬੀ ਸਿਖਾਂ ਦਾ ਹਰਨਾਮ ਰਲ ਕੇ ਬਾਬੇ ਫਰੀਦ ਦੇ ਸਲੋਕ ਪੜਨ ਲੱਗ ਗਏ
ਜਾਪੇ ਜਿਵੇਂ ਹਵਾ ਵਿਚ ਕਿਸੇ ਨੇ ਸ਼ਹਿਦ ਹੀ ਘੋਲ ਦਿੱਤਾ ਹੋਵੇ। ਮੁਨੀ ਦਾਸ ਤੋ ਇਹ ਜਰਿਆ ਨਾ ਗਿਆ। ਓਹ ਭੋਰੇ ਚੋ ਬਾਹਰ ਆ ਕੇ ਟੋਕਨ ਲੱਗ ਗਿਆ। ਖੀਰ ਆਲੇ ਕੜਾਹੇ ਚ ਖੁਰਚਣਾ ਮਾਰ ਰਹੇ ਪਾਸ਼ੇ ਨਾਲ ਬਹਿਸ ਪਿਆ। ਰੋਲਾ ਰੱਪਾ ਪੈਣ ਲੱਗੇ ਚ ਜਦੋ ਪਿੰਡ ਮੁਨੀ ਦਾਸ ਦੇ ਗਲ ਪੈਣ ਲੱਗਿਆ ਤਾ ਮੁਨੀ ਦਾਸ ਦੇ ਬੰਦਿਆ ਨੇ ਗੋਲੀ ਚਲਾ ਦਿੱਤੀ। ਪਾਸ਼ੇ ਨੇ ਚੁਰ ਵਿਚੋ ਬਲਦੀ ਹੋਈ ਲੱਕੜ ਕੱਡ ਲਈ ਤੇ ਜਿਵੇਂ ਹੀ ਮੁਨੀ ਦਾਸ ਕੰਨੀ ਹੋਣ ਲੱਗਿਆ ਤਾ ਅੱਗੋ ਮੁਨੀ ਦਾਸ ਨੇ ਡੱਬ ਚੋ ਪਿਸਤੋਲ ਕੱਡ ਕੇ ਪਾਸ਼ੇ ਵੱਲ ਗੋਲੀ ਚਲਾ ਦਿੱਤੀ। ਪਾਸ਼ਾ ਓਥੇ ਹੀ ਨਿਢਾਲ ਹੋ ਕੇ ਡਿੱਗ ਪਿਆ। ਏਨੇ ਚਿਰ ਨੂੰ ਬਿੱਕਰ ਅੰਦਰ ਮਹਾਰਾਜ ਦੇ ਸਰੂਪ ਅੱਗੇ ਰੱਖੇ ਹਥਿਆਰਾਂ ਚੋਂ ਕਿਰਪਾਨ ਚੱਕ ਲਿਆਇਆ ਤੇ ਕਾਹਲੀ ਨਾਲ ਏਹੋ ਜਾ ਵਾਰ ਕੀਤਾ ਕੇ ਸਣੇ ਪਿਸਤੋਲ ਮੁਨੀ ਦਾਸ ਦੀ ਬਾਂਹ ਧੜ ਨਾਲੋ ਅੱਡ ਹੋ ਕੇ ਡਿੱਗ ਪਈ। ਮੁਨੀ ਦਾਸ ਦੇ ਬੰਦੇ ਭੱਜ ਗਏ ਪਰ ਭੱਜੇ ਜਾਂਦੇ ਇੱਕ ਨੇ ਬਿੱਕਰ ਵਾਲ ਫੈਰ ਕਰ ਦਿੱਤਾ। ਬਿੱਕਰ ਨੇ ਥੋੜੇ ਸਮੇਂ ਲਈ ਮੌਤ ਤੋ ਵੀ ਮੋਹਲਤ ਲੈ ਲਈ ਤੇ ਤੜਫਦੇ ਹੋਏ ਮੁਨੀ ਦੱਸ ਦੀ ਹਿੱਕ ਚੋ ਕਿਰਪਾਨ ਆਰ ਪਾਰ ਕਰ ਦਿੱਤੀ। ਆਵਦੇ ਆਪ ਨੂੰ ਸੰਭਾਲ ਦਾ ਬਿੱਕਰ ਪਾਸ਼ੇ ਦੀ ਲੋਥ ਕੋਲ ਕੰਧ ਦਾ ਸਹਾਰਾ ਲਾ ਕੇ ਬਹਿ ਗਿਆ। ਓੁਹਦਾ ਸਿਰ ਆਵਦੀ ਝੋਲੀ ਵਿਚ ਰੱਖਦਾ ਬੋਲਿਆ ਦੇਖ ਪਾਸ਼ੇ ਓਏ ਸਾਰਾ ਤੂਤਾਂ ਆਲਾ ਕੱਠਾ ਹੋਇਆ ਪਿਆ ਅੱਜ। ਓਹ ਦੇਖ ਅੱਜ ਕੋਈ ਰੋਲਾ ਨੀ ਜਾਤਾਂ ਪਾਤਾਂ ਆਲਾ। ਐਨਾ ਬੋਲਦਾ ਬਿੱਕਰ ਵੀ ਪਿੰਡ ਨੂੰ ਅਲਵਿਦਾ ਕਹਿ ਗਿਆ। ਬਿੱਕਰ ਦਾ ਡੁੱਲ ਦਾ ਲਹੂ ਪਾਸ਼ੇ ਦੀ ਲੋਥ ਚੋ ਵੱਗ ਦੇ ਲਹੂ ਨਾਲ ਜਾ ਰਲਿਆ। ਰਲੇ ਲਹੂ ਦਾ ਰੰਗ ਹੋਰ ਗੂੜਾ ਹੋ ਗਿਆ। ਓਨਾ ਹੀ ਗੂੜਾ ਜਿੰਨਾ ਗੂੜਾ ਗੁਰੂਘਰ ਦੀ ਚਿੱਟੀ ਕੰਧ ਤੇ ਇਹ ਲਿਖਿਆ ਸੀ…
…”ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ।
ਗੁਰਨੈਬ ਸਿੰਘ…

...
...

ਰਿਸ਼ਤਾ ਹੋ ਗਿਆ ਤੇ ਮਹੀਨੇ ਕੂ ਮਗਰੋਂ ਹੀ ਵਿਆਹ ਵਾਲਾ ਦਿਨ ਵੀ ਮਿੱਥ ਲਿਆ..
ਮਿੱਥੀ ਹੋਈ ਤਰੀਕ ਤੋਂ ਕੁਝ ਦਿਨ ਪਹਿਲਾਂ ਅਚਾਨਕ ਹੀ ਇੱਕ ਦਿਨ ਮੁੰਡੇ ਦੇ ਪਿਓ ਨੇ ਬਿਨਾ ਦੱਸਿਆਂ ਹੀ ਆਣ ਕੁੜਮਾਂ ਦਾ ਬਾਰ ਖੜਕਾਇਆ..!
ਅਗਲੇ ਫ਼ਿਕਰਮੰਦ ਹੋ ਗਏ ਪਤਾ ਨੀ ਕੀ ਗੱਲ ਹੋ ਗਈ..
ਪਾਣੀ-ਧਾਣੀ ਪੀਣ ਮਗਰੋਂ ਉਹ ਆਪਣੇ ਕੁੜਮ ਨੂੰ ਏਨੀ ਗੱਲ ਆਖ ਬਾਹਰ ਨੂੰ ਲੈ ਗਿਆ ਕੇ “ਆਜੋ ਬਾਹਰ ਨੂੰ ਚੱਲੀਏ..ਕੋਈ ਜਰੂਰੀ ਗੱਲ ਕਰਨੀ ਏ..”
ਫੇਰ ਕੁਝ ਦੂਰ ਜਾ ਉਸਨੇ ਗੱਲ ਛੇੜ ਲਈ..
ਆਖਣ ਲੱਗਾ “ਭਾਜੀ ਤੁਸਾਂ ਦਾ ਤੇ ਇਹ ਪਹਿਲਾ-ਪਹਿਲਾ ਕਾਰਜ ਏ ਤੇ ਅਸਾਡਾ ਆਖਰੀ..
ਇੱਕ ਬੇਨਤੀ ਏ ਕੇ ਪਹਿਲੇ ਕਾਰਜ ਦੇ ਬੋਝ ਥੱਲੇ ਆ ਤੇ ਜਾ ਕਿਸੇ ਹੋਰ ਦੇ ਆਖੇ ਕੋਈ ਏਦਾਂ ਦਾ ਕੰਮ ਨਾ ਕਰ ਬੈਠਿਓਂ ਕੇ ਥੋੜੇ ਪੈਰ ਔਕਾਤ ਵਾਲੀ ਚਾਦਰ ਨੂੰ ਪਾੜ ਬਾਹਰ ਨੂੰ ਫੈਲ ਜਾਵਣ..!
ਏਨੀ ਗੱਲ ਨਾ ਭੂਲਿਓ ਕੇ ਤੁਹਾਡੀਆਂ ਦੋ ਅਜੇ ਹੋਰ ਵੀ ਨੇ..ਤੇ ਮੈਂ ਤੇ ਹੁਣੇ ਹੁਣੇ ਹੀ ਆਪਣੇ ਨਿੱਕੀ ਤੇ ਆਖਰੀ ਧੀ ਦੇ ਕਾਰਜ ਨੇਪਰੇ ਚਾੜ ਕੇ ਹਟਿਆ ਹਾਂ..
ਕਿਸੇ ਵੀ ਸਲਾਹ ਦੀ ਲੋੜ ਹੋਵੇ ਤਾਂ ਸੰਗਿਓ ਨਾ..ਨਿਸੰਗ ਹੋ ਕੇ ਪੁੱਛ ਲਿਓਂ..
ਇਹਨਾਂ ਵੇਲਿਆਂ ਵਿੱਚ ਇੱਕ ਧੀ ਦੇ ਬਾਪ ਦੀ ਮਾਨਸਿਕ ਸਥਿਤੀ ਕੀ ਹੁੰਦੀ ਏ..ਇਹ ਗੱਲ ਮੈਥੋਂ ਵੱਧ ਹੋਰ ਕੌਣ ਜਾਣਦਾ ਹੋਊ”

ਹੋਰ ਵੀ ਕਿੰਨੀਆਂ ਸਾਰੀਆਂ ਜਰੂਰੀ ਗੱਲਾਂ ਮੁਕਾਉਣ ਉਪਰੰਤ ਜਦੋਂ ਉਹ ਦੋਵੇਂ ਘਰ ਨੂੰ ਵਾਪਿਸ ਪਰਤੇ ਤਾਂ ਬਹਾਨੇ-ਬਹਾਨੇ ਨਾਲ ਬਿੜਕਾਂ ਲੈਂਦੀ ਹੋਈ ਫ਼ਿਕਰਮੰਦ ਧੀ ਦੇ ਬਾਪ ਨੂੰ ਇੰਝ ਲੱਗ ਰਿਹਾ ਸੀ ਜਿਦਾਂ ਬੇਪਰਵਾਹੀ ਦੇ ਘੋੜੇ ਚੜਿਆ ਉਹ ਹੁਣ ਪਹਿਲਾਂ ਤੋਂ ਹੀ ਸਿਰ ਤੇ ਚੁਕਾ ਦਿੱਤੀਆਂ ਗਈਆਂ ਫਿਕਰ ਅਤੇ ਕਰਜਿਆਂ ਵਾਲੀਆਂ ਕਿੰਨੀਆਂ ਸਾਰੀਆਂ ਪੰਡਾ ਪੱਟੇ ਹੋਏ ਕਿਸੇ ਡੂੰਗੇ ਟੋਏ ਵਿਚ ਸਦਾ ਲਈ ਦੱਬ ਆਇਆ ਹੋਵੇ..!

ਦੋਸਤੋ ਪਦਾਰਥਵਾਦ ਦੀ ਵਹਿ ਤੁਰੀ ਅੱਜ ਦੀ ਤੇਜ ਹਨੇਰੀ ਵਿੱਚ ਉਲਟੇ ਪਾਣੀ ਤਾਰੀ ਲਾਉਂਦਾ ਹੋਇਆ ਇਹ ਮਿੱਠਾ ਜਿਹਾ ਘਟਨਾ ਕਰਮ ਜੇ ਕਿਸੇ ਮਾਈ ਭਾਈ ਦੇ ਪਰਿਵਾਰ ਨਾਲ ਹਕੀਕਤ ਵਿਚ ਅੱਜ ਵੀ ਕਿਧਰੇ ਵਾਪਰਿਆ ਹੋਵੇ ਤਾਂ ਸਾਂਝਾ ਜਰੂਰ ਕਰਿਓ..

ਸੁਣਿਆ ਏ ਚੰਗਿਆਈ ਵਾਲਾ ਬੀਜ ਸਭ ਤੋਂ ਪਹਿਲਾਂ ਦਿਮਾਗਾਂ ਵਿਚ ਹੀ ਪੁੰਗਰਿਆ ਕਰਦਾ ਏ..!

(1987-88 ਦੇ ਗਿਆਰਾਂ ਜਾਂਞੀਆਂ ਵਾਲੇ ਦੌਰ ਵਿਚ ਅਖੀਂ ਵੇਖੀ ਘਟਨਾ ਤੇ ਅਧਾਰਿਤ)

ਹਰਪ੍ਰੀਤ ਸਿੰਘ ਜਵੰਦਾ

...
...

ਛੋਟੇ ਹੁੰਦਿਆਂ ਖੇਤ ਵਿੱਚ ਟਾਹਲੀ ਬੜੇ ਸ਼ੌਂਕ ਨਾਲ ਲਾਈ ਸੀ ਕਿ ਨਾਲੇ ਛਾਂ ਹੋ ਜਾਓ ਤੇ ਨਾਲੇ ਟਾਹਲੀ ਦੀ ਲੱਕੜ ਮਹਿੰਗੀ ਬਹੁਤ ਵਿਕਦੀ ਹੈ। ਟਾਹਲੀ ਦੀ ਚੰਗੀ ਤਰਾਂ ਕੀਤੀ ਦੇਖਭਾਲ ਕਰਕੇ ਕੁਝ ਵਰਿਆਂ ਵਿੱਚ ਇਹ ਵੱਡੇ ਰੁੱਖ ਦਾ ਰੂਪ ਧਾਰਨ ਕਰ ਗਈ। ਇਸ ਵੱਡੀ ਹੋਈ ਟਾਹਲੀ ਨੂੰ ਦੇਖ ਕੇ ਮਨ ਵਿੱਚ ਬੜੀ ਖੁਸ਼ੀ ਹੁੰਦੀ । ਪਰ ਬਦਕਿਸਮਤੀ ਨਾਲ ਝੋਨੇ ਦੀ ਵੱਟ ਦੇ ਨੇੜੇ ਹੋਣ ਕਰਕੇ ਇਹ ਖੇਤ ਦੀ ਕੋਠੀ ਦੀ ਛੱਤ ਤੇ ਉਲਰ ਗਈ। ਹੁਣ ਕੋਠੀ ਦੇ ਡਿੱਗਣ ਦੇ ਡਰ ਕਰਕੇ ਇਸਨੂੰ ਪੁੱਟਣਾ ਹੀ ਮੁਨਾਸਬ ਸਮਝਿਆ ਗਿਆ। ਟਾਹਲੀ ਨੂੰ ਖਰੀਦਣ ਵਾਲਿਆਂ ਨੂੰ ਸੱਦਿਆ ਗਿਆ ਤਾਂ ਉਹਨਾਂ ਨੇ ਕੋਈ ਚੰਗਾ ਹੁੰਗਾਰਾ ਨਾ ਦਿੱਤਾ। ਕਿਸੇ ਨੇ ਕਿਹਾ ਦਿਹਾੜੀ ਤੇ ਪੁਟਾ ਕੇ ਘਰੇ ਸੁੱਟ ਲਓ। ਪਰ ਜੇ ਤੁਸੀਂ ਸਾਨੂੰ ਪੁਟਾਉਣੀ ਚਾਹੁੰਦੇ ਹੋ ਤਾਂ ਅਸੀ ਪੰਚੀ ਸੌ ਤੋ ਵੱਧ ਆਨਾ ਨਹੀਂ ਦੇਣਾ। ਉਹਨਾਂ ਦੇ ਮੂੰਹ ਐਨੀ ਘੱਟ ਰਕਮ ਸੁਣ ਕੇ ਮੇਰੇ ਪੈਰਾਂ ਥੱਲੋਂ ਜਮੀਨ ਖਿਸਕ ਗਈਂ। ਚਲੋ,ਗੱਲ ਅਖੀਰ ਨੂੰ ਪੁੱਟ ਕੇ ਘਰੇ ਸੁੱਟਣ ਤੇ ਪੁੱਜ ਗਈ। ਪਿੰਡ ਵਿੱਚ ਰੁੱਖ ਪੁੱਟਣ ਵਾਲਿਆਂ ਨੂੰ ਨੌ ਸੌ ਰੁਪਏ ਦੇ ਕੇ ਟਾਹਲੀ ਘਰੇ ਪੁੱਟ ਕੇ ਸੁੱਟ ਲਈ ਗਈ। ਛੋਟੀਆਂ ਟਾਹਣੀਆਂ ਨੂੰ ਬਾਲਣ ਦੇ ਤੌਰ ਤੇ ਵਰਤਾਂਗੇ ਤੇ ਵੱਡੇ ਮੁੱਢ ਦਾ ਬੈੱਡ ਜਾਂ ਡਾਈਨਿੰਗ ਟੇਬਲ ਬਣਾ ਲਵਾਂਗੇ।ਲੱਕੜ ਦੇ ਜਾਣ ਪਛਾਣ ਵਾਲੇ ਮਿਸਤਰੀ ਨੂੰ ਮੁੱਢ ਦਾ ਕੁਝ ਨਾ ਕੁਝ ਬਣਾਉਣ ਲਈ ਸੱਦਿਆ ਗਿਆ। ਉਸਨੇ ਸਲਾਹ ਦਿੱਤੀ ਕਿ ਬੈੱਡ ਇਸਦਾ ਬਣਨਾ ਨਹੀਂ ਤੇ ਡਾਈਨਿੰਗ ਟੇਬਲ ਤੇ ਕੁਰਸੀਆਂ ਬਹੁਤ ਬਰੀਕੀ ਵਾਲਾ ਕੰਮ ਹੈ ਉਸਦੇ ਸੰਦ ਸਾਡੇ ਕੋਲ ਨਹੀਂ ਹਨ। ਬਾਰ-ਬਾਰੀਆਂ ਤੁਹਾਡੇ ਲੱਕੜ ਦੀਆਂ ਪਹਿਲਾਂ ਲੱਗੀਆਂ ਹਨ। ਮੇਰੀ ਰਾਇ ਮੰਨੋ ਤਾਂ ਇਸਨੂੰ ਮੰਡੀ ਤੇ ਵੇਚ ਆਓ ਨਹੀਂ ਤਾਂ ਇਸਨੂੰ ਘੁਣ ਲੱਗ ਜਾਣਾ ਹੈ।
ਦੋ ਮਹੀਨਿਆਂ ਮਗਰੋਂ ਛੋਟੇ ਹਾਥੀ ਤੇ ਦੋ ਟੋਟੇ ਕਰਕੇ ਇਸਨੂੰ ਬੜੀ ਜਦੋ ਜਹਿਦ ਕਰਕੇ ਲੱਦ ਲਿਆ ਗਿਆ। ਅੱਠ ਵਜੇ ਮੰਡੀ ਵਿੱਚ ਪਹੁੰਚੇ ਤਾਂ ਬੋਲੀ ਸ਼ੁਰੂ ਹੋ ਚੁੱਕੀ ਸੀ ਤੇ ਪਹਿਲੀ ਵਾਰੀ ਵੀ ਸਾਡੀ ਸੀ। ਛੇ ਸੌ ਪਜੱਤਰ ਰੁਪਏ ਕੁਵਿੰਟਲ ਦੇ ਬੋਲੀ ਦੇ ਲਾ ਦਿੱਤੇ ਗਏ। ਇੰਨੇ ਘੱਟ ਰੇਟ ਦੀ ਬੋਲੀ ਨਾਲੋਂ ਪਿੰਡ ਹੀ ਵੇਚ ਦਿੰਦੇ,ਐਂਵੇ ਖੱਜਲ ਖੁਆਰ ਕਾਹਨੂੰ ਹੋਣਾ ਸੀ ਪਰ ਕਰ ਵੀ ਕੀ ਸਕਦੇ ਸੀ । ਬੋਲੀ ਲਾਉਣ ਵਾਲਾ ਅਫਸਰ ਖਰੀਦਣ ਵਾਲਿਆਂ ਨਾਲ ਰਲਿਆ ਹੋਇਆ ਸੀ। ਖਰੀਦਣ ਵਾਲਿਆਂ ਦੇ ਵੱਡੇ ਵੱਡੇ ਆਰਿਆ ਦੇ ਸਟਾਲ ਸਨ ਤੇ ਉਹ ਦਲਾਲ ਰਾਹੀਂ ਘੱਟ ਬੋਲੀ ਲਾ ਕੇ ਇੱਕ ਦੂਜੇ ਦੀਆਂ ਜੇਬਾਂ ਭਰਦੇ ਸਨ। ਬੋਲੀ ਅਫਸਰ ਨੇ ਸਾਨੂੰ ਕਿਹਾ ਕਿ ਟਾਹਲੀ ਦੇ ਮੁੱਢ ਨਾਲੋਂ ਮਿੱਟੀ ਲਾ ਕੇ ਕੰਡੇ ਤੇ ਇਸਦੀ ਤੁਲਾਈ ਕਰਵਾਓ ਤੇ ਸੌ ਤੋਂ ਉੱਪਰ ਦੀ ਰਕਮ ਦੇ ਟੁੱਟੇ ਰੁਪਏ ਤੁਹਾਨੂੰ ਨਹੀਂ ਦਿੱਤੇ ਜਾਣਗੇ। ਬਾਕੀ ਵੇਚਣ ਵਾਲੇ ਵੀ ਘੁਸਰ ਮੁਸਰ ਕਰ ਰਹੇ ਸਨ ਕਿ 30% ਕਾਟ ਕੱਟੀ ਜਾਵੇਗੀ । ਦਲਾਲ ਨੇ ਸਾਨੂੰ ਇੱਕ ਹੋਰ ਨਾਦਰਸ਼ਾਹੀ ਫੁਰਮਾਣ ਸੁਣਾਇਆ ਕਿ ਆਰੇ ਤੇ ਲੱਕੜ ਤੁਹਾਨੂੰ ਇਕੱਲਿਆਂ ਨੂੰ ਲਾਹੁਣੀ ਪੈਣੀ ਹੈ ,ਆਰੇ ਵਾਲਿਆਂ ਨੇ ਤੁਹਾਡੇ ਨਾਲ ਨਹੀਂ ਲੱਗਣਾ। ਮੈਂ ਮਨ ਵਿੱਚ ਸੋਚਿਆ ਕਿ ਜੱਟ ਨੇ ਫਸਲ ਵੇਚਣ ਲੱਗਿਆ ਕਦੇ ਕੋਈ ਸ਼ਰਤ ਨਹੀਂ ਰੱਖੀ ਤੇ ਇਹ ਲੋਕ ਤਿੰਨ ਚਾਰ ਹਜਾਰ ਦੀ ਲੱਕੜ ਪਿੱਛੇ ਹਜਾਰਾਂ ਸ਼ਰਤਾਂ ਗਿਣਵਾ ਰਹੇ ਹਨ । ਮੈਨੂੰ ਇਹ ਸੁਣ ਬੜਾ ਅਚੰਭਾ ਹੋਇਆ ਕਿ ਜੇ ਉਹ ਨਾਲ ਲੱਗ ਜਾਣਗੇ ਤਾਂ ਕੁਝ ਘੱਟ ਜਾਓਗਾ ਉਹਨਾਂ ਦਾ। ਨਾਲੇ ਪੇਮਿੰਟ ਤੁਹਾਨੂੰ ਤਿੰਨ ਵਜੇ ਤੋਂ ਮਗਰੋਂ ਮਿਲੇਗੀ।ਸਾਨੂੰ ਆਏ ਲੱਗਦਾ ਸੀ ਕਿ ਅਸੀਂ ਟਾਹਲੀ ਕਾਹਦੀ ਵੇਚੀ ਹੈ , ਕੋਈ ਗੁਨਾਹ ਕੀਤਾ ਹੈ। ਅਸੀਂ ਟਾਹਲੀ ਦਾ ਵਜਨ ਕਰਨ ਲਈ ਕੰਡੇ ਤੇ ਪਹੁੰਚ ਗਏ ਤੇ ਫਿਰ ਟਾਹਲੀ ਖਰੀਦਣ ਵਾਲੇ ਦੇ ਆਰੇ ਤੇ ਲਾਹੁਣ ਲਈ। ਜਿਉਂ ਹੀ ਅਸੀਂ ਪਹੁੰਚੇ ਉਸਦੇ ਲੇਬਰ ਕਰਨ ਵਾਲੇ ਮੁੰਡੇ ਕੰਮ ਕਰੀ ਜਾਂਦੇ ਸਨ। ਅਸੀਂ ਉਹਨਾਂ ਨੂੰ ਨਾਲ ਲੱਗਣ ਲਈ ਕਿਹਾ ਤਾਂ ਆਰੇ ਦੇ ਮਾਲਕ ਨੇ ਕੋਰੀ ਨਾਂਹ ਕਰ ਦਿੱਤੀ ਕਿ ਅਸੀਂ ਨਾਲ ਨਹੀਂ ਲੱਗ ਸਕਦੇ। ਅਸੀਂ ਆਪਣਾ ਕੰਮ ਵੀ ਕਰਨਾ ਹੈ। ਮੈਨੂੰ ਬੜੀ ਹੈਰਾਨੀ ਹੋਈ ਕਿ ਪੰਜਾਬ ਵਿੱਚ ਐਨਾ ਸੁਆਰਥ ਕਦੋਂ ਦਾ ਵੱਧ ਗਿਆ। ਪਿੰਡਾਂ ਵਾਲੇ ਤਾਂ ਘਰ ਪੁੱਛਣ ਵਾਲੇ ਨੂੰ ਘਰੇ ਛੱਡ ਕੇ ਆਉਂਦੇ ਹਨ ਪਰ ਇਹ ਸ਼ਹਿਰੀ ਲੋਕ ਤੌਬਾ-ਤੌਬਾ। ਮਸਾਂ ਘੁੱਲ ਕੇ ਮੈਂ ਤੇ ਡਰਾਈਵਰ ਨੇ ਟਾਹਲੀ ਦਾ ਮੁੱਢ ਤੇ ਇੱਕ ਹੋਰ ਛਤੀਰ ਲਾਹਿਆ। ਫਿਰ ਅਸੀ ਖਾਲੀ ਹਾਥੀ ਦਾ ਵਜਣ ਕਰਾਉਣ ਲਈ ਕੰਡੇ ਤੇ ਤੁਰ ਪਏ । ਵਜਣ ਕਰਾਉਣ ਉਪਰੰਤ ਪਰਚੀ ਲੈ ਕੇ ਮੈਂ ਪੇਮਿੰਟ ਲੈਣ ਲਈ ਆਰੇ ਤੇ ਗਿਆ ਤਾਂ ਆਰੇ ਦਾ ਮਾਲਕ ਕਹਿੰਦੇ ਮੇਰਾ ਭਰਾ ਆ ਕੇ ਦਿਓਗਾ ਪੈਸੇ ਤੁਹਾਨੂੰ, ਹਾਲੇ ਉਹ ਅਫਸਰ ਨਾਲ ਮੰਡੀ ਵਿੱਚ ਬੋਲੀ ਕਰਵਾ ਰਿਹਾ ਹੈ। ਮੈਂ ਨਿੰਮੋਝੂਣਾ ਹੋ ਕੇ ਬਜਾਰ ਚਲਾ ਗਿਆ ਕਿ ਬਜਾਰੋਂ ਸਮਾਨ ਖਰੀਦ ਕੇ ਵਾਪਸੀ ਉਪਰੰਤ ਪੈਸੇ ਲੈ ਲਵਾਂਗੇ। ਮੈਨੂੰ ਬਜਾਰੋਂ ਖਰੀਦੋ ਫਰੋਖਤ ਕਰਦੇ ਨੂੰ ਦੋ ਵੱਜ ਗਏ ਤਾਂ ਮੈਂ ਆਰੇ ਦੀ ਸਟਾਲ ਤੋਂ ਪੈਸੇ ਲੈਣ ਚਲਾ ਗਿਆ। ਗਲੀਆਂ ਵਿੱਚੋਂ ਦੀ ਮੋਟਰ ਸਾਈਕਲ ਤੇ ਚਿੱਕੜ ਪਾਰ ਕਰਦਿਆਂ ਜਦ ਮੈਂ ਪਹੁੰਚਿਆਂ ਤਾਂ ਗੇਟ ਨੂੰ ਤਾਲਾ ਲੱਗਾ ਹੋਇਆ ਸੀ। ਮੈਂ ਦਲਾਲ ਨੂੰ ਫੂਨ ਲਾਇਆ ਤਾਂ ਉਸਨੇ ਕਿਹਾ ਦੋ ਵਜੇ ਆਉਣਗੇ। ਚਾਹ ਪੀਣ ਗਏ ਹੋਏ ਹਨ। ਮੈਂ ਬਾਹਰ ਗੇਟ ਤੇ ਧੁੱਪ ਵਿੱਚ ਖੜਾ ਇੰਤਜਾਰ ਕਰਨ ਲੱਗਿਆ। ਪੌਣੇ ਤਿੰਨ ਵੱਜ ਗਏ ਪਰ ਉਹ ਫਿਰ ਵੀ ਨਹੀਂ ਆਏ। ਮੈਨੂੰ ਬੜਾ ਗੁੱਸਾ ਆ ਰਿਹਾ ਸੀ ਕਿ ਤਿੰਨ ਹਜਾਰ ਰੁਪਏ ਪਿੱਛੇ ਐਨੀ ਖੱਜਲ ਖੁਆਰੀ। ਮੈਂ ਇਸ ਬੈਚੇਨੀ ਨੂੰ ਮਹਿਸੂਸ ਕਰ ਰਿਹਾ ਸੀ ਕਿ ਮੈਨੂੰ ਖਿਆਲ ਆਇਆ ਕਿ ਟਾਹਲੀ ਕਹਾਣੀ ਲਿਖੀ ਜਾਵੇ ਤੇ ਇਸ ਪਿੱਛੇ ਛਿਪੀ ਅਸਲੀਅਤ ਪਰਗਟ ਕੀਤੀ ਜਾਵੇ। ਮੈਂ ਅੱਧੀ ਕਹਾਣੀ ਲਿਖੀ ਸੀ ਕਿ ਤਿੰਨ ਵਜੇ ਆਰੇ ਵਾਲੇ ਆ ਗਏ। ਮੈਂ ਪੇਮਿੰਟ ਵਾਲੀ ਪਰਚੀ ਕੱਢ ਕੇ ਮਾਲਕ ਨੂੰ ਫੜਾਈ ਤਾਂ ਉਸਨੇ ਵੇਖ ਕੇ ਕਿਹਾ ਦਲਾਲ ਤੋਂ ਇਸਦੀ ਪਰਚੀ ਤਾਂ ਬਣਾ ਲੈਂਦਾ। ਮੈਂ ਕਿਹਾ ਮੈਨੂੰ ਨਹੀਂ ਪਤਾ ਕਿਹੜੀ ਪਰਚੀ ਬਣਾਉਣੀ ਸੀ । ਮੈਂ ਤਾਂ ਪਹਿਲੀ ਵਾਰੀ ਇਸ ਕੰਮ ਵਿੱਚ ਪਿਆ ਹਾਂ । ਉਹ ਆਪਣੀ ਰੋਅਬ ਭਰੀ ਅਵਾਜ ਵਿੱਚ ਕਹਿਣ ਲੱਗਾ ਕਿ ਦਲਾਲ ਤੋਂ ਰੇਟ ਤੇ ਵਜਨ ਦੇ ਹਿਸਾਬ ਨਾਲ ਟੋਟਲ ਰਕਮ ਲਿਖਾਉਣੀ ਜਰੂਰੀ ਸੀ। ਮੈਂ ਮਨ ਵਿੱਚ ਹੀ ਕਿਹਾ ਕਿ ਦੋ ਪਰਚੀਆਂ ਤੋਂ ਆਪ ਬਣਾ ਲੈ।
ਉਸਨੇ ਆਧਾਰ ਕਾਰਡ ਲੈ ਕੇ ਮੇਰਾ ਐਡਰਿਸ ਲਿਖਿਆ ਤੇ ਦੋ ਥਾਂਵਾਂ ਤੇ ਸਾਇਨ ਕਰਵਾ ਲਏ ਤੇ ਤਿੰਨ ਹਜਾਰ ਰੁਪਏ ਕੱਢ ਕੇ ਮੈਨੂੰ ਦੇ ਦਿੱਤੇ। ਮੈਨੂੰ 150 ਰੁਪਏ ਘੱਟ ਹੋਣ ਦਾ ਖਦਸਾ ਸੀ। ਪਰ ਮੈਂ ਚੁੱਪ ਵੱਟ ਗਿਆ। ਉਸਨੇ ਮੈਨੂੰ ਪੁੱਛਿਆ ਕਿਹੜਾ ਪਿੰਡ ਹੈ ਤੇ ਕੀ ਕੰਮ ਕਰਦਾ ਹੈਂ। ਮੈਂ ਕਿਹਾ ਮੈਂ ਪਰਾਈਵੇਟ ਸਕੂਲ ਵਿੱਚ ਅਧਿਆਪਕ ਹਾਂ। ਉਹ ਹੈਰਾਨ ਹੋ ਗਿਆ ਸਧਾਰਨ ਪਹਿਰਾਵੇ ਵਿੱਚ ਪੜੇ ਲਿਖੇ ਇਨਸਾਨ ਨੂੰ ਮੈਂ ਐਨੀ ਖੱਜਲ ਖੁਆਰੀ ਦਿੱਤੀ। ਮੈਂ ਕਿਹਾ ਕਿ ਮੈਂ ਟਾਹਲੀ ਕਹਾਣੀ ਲਿਖੀ ਹੈ ਬੱਸ ਅੱਧੀ ਰਹਿ ਗਈ। ਉਸ ਵਿੱਚ ਤੂੰ ਕੀ ਲਿਖਿਆ ਹੈ ਬੱਸ ਇਹੀ ਖੱਜਲ ਖੁਆਰੀ ਬਾਕੀ ਤੂੰ ਮੈਨੂੰ ਆਪਣਾ ਨੰਬਰ ਦੇ ਤੇ ਪੜ ਲਵੀਂ । ਹੋਰ ਕੀ ਲਿਖਦਾ ਹੁੰਨਾ ਹੈ ,ਮੈਂ ਕਿਹਾ ਸਭ ਕੁਝ । ਉਸਨੇ ਕਿਹਾ ਕਿ ਮੈਂ ਵੀ ਧਾਰਮਿਕ ਸੰਸਥਾ ਨਾਲ ਜੁੜਿਆ ਹਾਂ। ਮੈਨੂੰ ਉਸਦੀ ਦਾਹੜੀ ਤੇ ਵਿਵਹਾਰ ਦੇਖ ਕੇ ਬਹੁਤ ਬੁਰਾ ਲੱਗਿਆ ਕਿ ਲੋਕ ਐਂਵੇ ਫਾਲਤੂ ਦਿਖਾਵਾ ਕਰਦੇ ਫਿਰਦੇ ਹਨ , ਧਰਮ ਦੀ ਅਸਲੀਅਤ ਤੋਂ ਉਹ ਕੋਹਾਂ ਦੂਰ ਹਨ। ਉਸਨੇ ਮੈਨੂੰ ਸੌ ਦਾ ਨੋਟ ਕੱਢ ਕੇ ਫੜਾ ਦਿੱਤਾ ਤੇ ਕਿਹਾ ਬਾਕੀ ਮੈਂ ਦਲਾਲ ਨੂੰ ਆਪੇ ਦੇ ਦਿਊਂ। ਜੇ ਤੂੰ ਕੰਡੇ ਵੱਲ ਦੀ ਗਿਆ ਤਾਂ ਉਸਨੂੰ ਪੈਸੇ ਦਿੰਦਾ ਜਾਵੀਂ। ਜੇ ਨਾ ਹੋਇਆ ਤਾਂ ਨਾ ਦੇਵੀਂ
ਉਸਨੂੰ ਪਤਾ ਲੱਗ ਗਿਆ ਸੀ ਕਿ ਇਹ ਰਹਿੰਦੀ ਰਕਮ ਬਾਰੇ ਜਾਣਦਾ ਹੈ ਤੇ ਕਿਤੇ ਮੇਰੇ ਤੇ ਕਹਾਣੀ ਵਿੱਚ ਤਵਾ ਨਾ ਲਾ ਦੇਵੇਂ। ਦਲਾਲ ਤੋਂ ਪਰਚੀ ਬਣਾਉਣ ਦੀ ਜਿਹੜੀ ਗੱਲ ਉਹ ਕਰਦਾ ਸੀ ,ਅਸਲ ਵਿੱਚ ਉਹ ਮੇਰੇ ਕੋਲੋਂ ਉਸਦਾ ਹਿੱਸਾ ਦਵਾਉਣਾ ਚਾਹੁੰਦਾ ਸੀ। ਉਸਨੇ ਜਦੋਂ ਮੇਰੇ ਬਾਰੇ ਸਾਰੀ ਗੱਲ ਜਾਣ ਲਈ ਤਾਂ ਉਸਨੇ ਆਪਣੇ ਭਰਾ ਨੂੰ ਕਿਹਾ ਕਿ ਪਾਣੀ ਲੈ ਕੇ ਆ ਬਾਈ ਲਈ। ਮੈਂ ਪਾਣੀ ਪੀ ਕੇ ਪਿੰਡ ਨੂੰ ਮੋਟਰ ਸਾਈਕਲ ਤੇ ਚੱਲਦਾ ਬਣਿਆ ਤੇ ਟਾਹਲੀ ਸੰਬੰਧੀ ਹੋਈ ਖੱਜਲ ਖੁਆਰੀ ਬਾਰੇ ਸਾਰੇ ਰਾਹ ਸੋਚਦਾ ਰਿਹਾ ਕਿ ਕਿਵੇਂ ਕੁੱਤੀ ਚੋਰਾਂ ਨਾਲ ਰਲ ਕੇ ਆਮ ਲੋਕਾਂ ਦਾ ਮਾਨਸਿਕ ਤੇ ਆਰਥਿਕ ਸ਼ੋਸ਼ਣ ਕਰਦੀ ਹੈ।
ਸਰਬਜੀਤ ਸਿੰਘ ਜਿਉਣ ਵਾਲਾ,ਫਰੀਦਕੋਟ
ਮੋਬਾਇਲ – 9464412761

...
...

ਬੈਠੇ ਬੈਠੇ ਉਸ ਘੁਮਿਆਰ ਦੀ ਕਹਾਣੀ ਯਾਦ ਆ ਗਈ ,ਜਿਸਦਾ ਗਧਾ ਢੱਠੇ ਖੂਹ ਵਿੱਚ ਜਾ ਪਿਆ ਸੀ। ਕੋਈ ਜੱਰੀਆ ਨਾ ਬਣਿਆਂ ਕਿ ਗਰੀਬ ਜਾਨਵਰ ਨੂੰ ਕੱਢਿਆ ਜਾਵੇ ਬਾਹਰ , ਕਿਸੇ ਤਰਾਂ । ਘੁਮਿਆਰ ਨੇ ਖੂਹ ਵਿੱਚ ਘਾਹ ਫ਼ੂਸ ਸੁੱਟਣਾ ਸ਼ੁਰੂ ਕਰ ਦਿੱਤਾ , ਲੋਕ ਵੀ ਰਹਿੰਦ ਖੂੰਹਦ, ਕੂੜਾ ਕਰਕਟ ਸੁੱਟਣ ਲੱਗ ਪਏ ਉਸ ਉਜਾੜ ਖੂਹ ਵਿੱਚ , ਘੁਮਿਆਰ ਨੇ ਵੀ ਸੋਚਿਆ ਕਿ ਗਧਾ ਮਿੱਟੀ ਘੱਟੇ ਹੇਠ ਦੱਬ ਕੇ ਮਰ ਮੁੱਕ ਜਾਵੇਗਾ , ਵੈਸੇ ਵੀ ਉਮਰ ਹੰਢਾ ਚੁੱਕਾ ਸੀ ਵਿਚਾਰਾ ਜਾਨਵਰ ।
ਪਰ ਇਹ ਕੀ, ਕੁਝ ਦਿਨਾਂ ਬਾਅਦ ਗਧਾ ਫਿਰ ਘੁਮਿਆਰ ਦੇ ਵਿਹੜੇ ਖੜਾ ਸੀ । ਜਿਉਂ ਜਿਉਂ ਮਿੱਟੀ ਘੱਟਾ ਖੂਹ ਚ ਡਿੱਗਦਾ ਰਿਹਾ, ਗਧਾ ਸਰੀਰ ਛੰਡ ਕੇ ਮਿੱਟੀ ਦੇ ਉੱਪਰ ਚੜ੍ਹ ਜਾਂਦਾ ਤੇ ਆਖਰ ਬਾਹਰ ਆ ਗਿਆ ।
ਹੈ ਤਾਂ ਕਹਾਣੀ , ਪਰ ਬੜੀ ਜਾਨਦਾਰ ਏ। ਜਦ ਅਣਕਿਆਸੇ ਹਾਲਾਤ ਉੱਭਰ ਆਉਦੇ ਨੇ ਜਿੰਦਗੀ ਚ, ਜਦ ਪਾਣੀ ਪੁਲਾਂ ਦੇ ਉੱਪਰੋਂ ਦੀ ਵਗਦਾ ਏ ਤਾਂ ਆਪਣੇ ਵੀ ਮੂੰਹ ਮੋੜ ਲੈਂਦੇ ਨੇ , ਜਿਨ੍ਹਾਂ ਦੀ ਖ਼ਾਤਰ ਇਨਸਾਨ ਗਧੇ ਵਾਂਗ ਭਾਰ ਢੋਂਦਾ ਏ ਸਾਰੀ ਉਮਰ । ਪਰ ਉਹੀ ਮੌਕਾ ਹੁੰਦਾ ਏ ਜਦ ਇਨਸਾਨ ਤੇ ਪਰਮਾਤਮਾ ਦੇ ਦਰਮਿਆਨ ਕੋਈ ਹੋਰ ਰਹਿ ਈ ਨਹੀ ਜਾਂਦਾ ।
ਤੇ ਕੋਈ ਅਦਿੱਖ ਸ਼ਕਤੀ ਬਾਂਹ ਫੜਦੀ ਏ ਉਸਦੀ , ਥਾਪੜਾ ਦਿੰਦਾ ਏ ਖ਼ੁਦ ਨੂੰ ਕੀ ਕੀ ਹੋਇਆ ਜੇ ਇਕੱਲਾ ਏਂ, ਜ਼ਿੰਦਾ ਤਾਂ ਏਂ । ਮਾਰ ਹਿੰਮਤ , ਛੰਡ ਦੇ ਬੁਰੇ ਵਕਤ ਦੀ ਗਰਦਿਸ਼ ਨੂੰ ਤੇ ਹਿੱਕ ਤਾਣ ਖੜ੍ਹ ਜਾ , ਆਪਣੇ ਪੈਰਾਂ ਸਿਰ । ਲੋੜ ਏ ਬਾਕੀ ਸ਼ੋਰ ਤੋ ਧਿਆਨ ਹਟਾ ਕੇ ਸਿਰਫ ਉਸ ਆਵਾਜ਼ ਨੂੰ ਸੁਣਨ ਦੀ, ਜੋ ਹਮੇਸ਼ਾਂ ਈ ਮੌਜੂਦ ਸੀ, ਮੌਜੂਦ ਹੈ ਤੇ ਮੌਜੂਦ ਰਹੇਗੀ । ਸਿਰਫ ਗ਼ਫ਼ਲਤ ਵੱਸ ਪੈ ਕਦੀ ਸੁਣੀ ਹੀ ਨਹੀ ਸੀ ।
ਜਦ ਅਸੀਂ ਡੂੰਘੇ ਦੱਬ ਗਏ ਮਹਿਸੂਸ ਕਰਦੇ ਆਂ ਤਾਂ ਇਹ ਵਿਸ਼ਵਾਸ਼ ਕਰਨਾ ਬਣਦਾ ਏ ਕਿ ਕੁਦਰਤ ਸਾਨੂੰ ਬੀਜ ਰਹੀ ਏ, ਫਿਰ ਤੋਂ ਕਿਸੇ ਨਵੇਂ ਰੂਪ ਵਿੱਚ ਵਿਸ਼ਾਲ ਦਰਖ਼ਤ ਬਣਨ ਲਈ ।

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)