Posts Uploaded By ਪੰਜਾਬੀ ਕਹਾਣੀਆਂ

Sub Categories

ਨਿੱਕੀ ਹੁੰਦੀ ਜਦੋਂ ਵੀ ਮੈਂ ਧਰੇਕ ਹੇਠ ਮੰਜਾ ਡਾਹ ਕੇ ਪੜ੍ਹਦੀ ਹੁੰਦੀ ਤਾਂ ਲੋਹ ਤੇ ਰੋਟੀਆਂ ਪਕਾਉਂਦੀ ਮਾਂ ਸੈਨਤ ਮਾਰ ਕੋਲ ਸੱਦ ਲਿਆ ਕਰਦੀ..
ਆਖਦੀ ਆ ਤੈਨੂੰ ਪੇੜਾ ਕਰਨਾ,ਵੇਲਣਾ ਅਤੇ ਗੋਲ ਰੋਟੀ ਬਨਾਉਣੀ ਸਿਖਾਵਾਂ..
ਮੈਂ ਜਾਣ ਬੁੱਝ ਕੇ ਹੀ ਪੁੱਠਾ ਸਿੱਧਾ ਵੇਲ ਦੀਆ ਕਰਦੀ..!
ਗੁੱਸੇ ਹੋਣ ਲੱਗਦੀ ਤਾਂ ਬਾਪੂ ਹੁਰਾਂ ਨੂੰ ਪਤਾ ਲੱਗ ਜਾਂਦਾ..ਉਹ ਮੈਨੂੰ ਏਨੀ ਗੱਲ ਆਖ ਮੁੜ ਪੜਨ ਬਿਠਾ ਦਿਆ ਕਰਦੇ ਮੈਂ ਤਾਂ ਓਥੇ ਵਿਆਹੁਣੀ ਏ ਜਿਥੇ ਚੁੱਲੇ ਚੌਂਕੇ ਦਾ ਯੱਬ ਹੀ ਨਾ ਹੋਵੇ!

ਵਿਆਹ ਮਗਰੋਂ ਅਗਲੇ ਘਰ ਇਨ੍ਹਾਂ ਦੀ ਮਾਤਾ ਜੀ ਕੁਝ ਵਰੇ ਪਹਿਲਾਂ ਪੂਰੀ ਹੋ ਗਈ ਸੀ..
ਘਰੇ ਦੂਰ ਦੇ ਮਾਸੀ ਮਾਸੜ ਦੀ ਕਾਫੀ ਚੱਲਦੀ ਸੀ!
ਗੁਝੀ ਗੁਝੀ ਇਹ ਵੀ ਸੁਣੀ ਸੀ ਕੇ ਆਪਣੇ ਸਹੁਰਿਆਂ ਤੋਂ ਇਹਨਾਂ ਨੂੰ ਕੋਈ ਰਿਸ਼ਤਾ ਕਰਵਾਉਣਾ ਚਾਹੁੰਦੀ ਸੀ ਪਰ ਇੱਕੋ ਸਕੂਲ ਪੜ੍ਹਾਉਂਦਿਆਂ ਸਾਡੇ ਦੋਹਾਂ ਦੇ ਪਕਾਏ ਆਪਸੀ ਮਤਿਆ ਨੇ ਕਿਸੇ ਦੀ ਪੇਸ਼ ਨਾ ਜਾਣ ਦਿੱਤੀ..

ਖੈਰ ਅੰਦਰੋਂ ਅੰਦਰ ਕਿੜ ਰੱਖਿਆ ਕਰਦੀ..!

ਜਦੋਂ ਵੀ ਮਿਲਣ ਆਉਂਦੀ ਤਾਂ ਕੰਮ ਵਾਲੀ ਨੂੰ ਬਹਾਨਾ ਲਾ ਕਿਧਰੇ ਬਾਹਰ ਭੇਜ ਦਿਆ ਕਰਦੀ..
ਮੁੜ ਆਖਦੀ “ਅੱਜ ਤੇ ਮੈਂ ਨਵਜੋਤ ਦੇ ਹੱਥਾਂ ਦੀ ਪੱਕੀ ਹੀ ਖਾਣੀ ਏ..”
ਮੇਰੀ ਰਮਝ ਪਛਾਣਦਾ ਮੇਰਾ ਨਾਲਦਾ ਹਮੇਸ਼ਾਂ ਬਹਾਨੇ ਜਿਹੇ ਨਾਲ ਚੋਂਕੇ ਵਿਚ ਆ ਜਾਇਆ ਕਰਦਾ ਤੇ ਫੇਰ ਅਸੀਂ ਦੋਵੇਂ ਰਲ ਮਿਲ ਕੇ ਸਬ ਕੁਝ ਤਿਆਰ ਕਰਦੇ..!

ਫੇਰ ਵੀ ਬਹਾਨੇ ਬਹਾਨੇ ਨਾਲ ਟੇਢੇ-ਮੇਢੇ ਤੇ ਸੜ ਗਏ ਫੁਲਕਿਆਂ ਦਾ ਜਿਕਰ ਛੇੜ ਮਜਾਕ ਵਾਲੀਆਂ ਅਗਲੀਆਂ ਪਿਛਲੀਆਂ ਕਸਰਾਂ ਕੱਢ ਦੀਆ ਕਰਦੀ..ਚਲਾਕ ਏਨੀ ਕੇ ਕੌੜੀ ਗੋਲੀ ਹਮੇਸ਼ਾ ਖੰਡ ਦੀ ਮਿੱਠੀ ਚਾਸ਼ਨੀ ਵਿਚ ਡੋਬ ਕੇ ਦਿਆ ਕਰਦੀ..!

ਇੱਕ ਵਾਰ ਇੰਝ ਹੀ ਘਰੇ ਆਈ ਨੇ ਮੇਰੇ ਹੱਥਾਂ ਦੀ ਰੋਟੀ ਦੀ ਫਰਮਾਇੱਸ਼ ਕਰ ਦਿੱਤੀ..!
ਆਦਤ ਮੁਤਾਬਿਕ ਇਹ ਬਹਾਨੇ ਜਿਹੇ ਨਾਲ ਉਸਦੇ ਕੋਲੋਂ ਉੱਠ ਚੋਂਕੇ ਵੱਲ ਨੂੰ ਆਉਣ ਹੀ ਲੱਗੇ ਕੇ ਬਾਹੋਂ ਫੜ ਕੋਲ ਬਿਠਾ ਲਿਆ..ਅਖੇ ਕਦੀ ਮਾਸੀ ਨਾਲ ਵੀ ਦੋ ਚਾਰ ਗੱਲਾਂ ਕਰ ਲਿਆ ਕਰ!

ਹੁਣ ਜੰਗ ਦੇ ਮੈਦਾਨ ਵਿਚ ਆਪਣੇ ਆਪ ਨੂੰ ਕੱਲੀ ਕਾਰੀ ਵੇਖ ਬਿੰਦ ਕੂ ਲਈ ਮੈਂ ਸੋਚੀ ਪੈ ਗਈ..ਹੁਣ ਸ਼ੁਰੂ ਕਿਥੋਂ ਕਰਾਂ..?
ਅਖੀਰ ਵਾਹਿਗੁਰੂ ਨੂੰ ਧਿਆ ਕੇ ਪੇੜਾ ਚੱਕਲੇ ਤੇ ਰੱਖ ਵੇਲਣਾ ਸ਼ੁਰੂ ਕਰ ਦਿੱਤਾ..
ਉੱਤੋਂ ਤਵਾ ਗਰਮ ਹੋਈ ਜਾਵੇ..ਅੱਗ ਘੱਟ ਕੀਤੀ..ਫੇਰ ਪਤਾ ਨਹੀਂ ਕਿਥੋਂ ਇੱਕ ਫੁਰਨਾ ਜਿਹਾ ਫੁਰਿਆ..!
ਕੋਲ ਪਏ ਬਿਸਕੁਟਾਂ ਵਾਲੇ ਗੋਲ ਜਿਹੇ ਡੱਬੇ ਦਾ ਢੱਕਣ ਖੋਲ ਵੇਲੇ ਹੋਏ ਪੇੜੇ ਦੇ ਐਨ ਵਿਚਕਾਰ ਜਿਹੇ ਰੱਖ ਜ਼ੋਰ ਦੀ ਦੱਬ ਦਿੱਤਾ..ਢੱਕਣ ਦੇ ਮਜਬੂਤ ਕੰਢਿਆਂ ਨੇ ਅਮਰੀਕਾ ਦਾ ਨਕਸ਼ਾ ਬਣ ਗਏ ਪੇੜੇ ਦੇ ਵਾਧੂ ਦੇ ਕੰਢੇ ਕਟ ਦਿੱਤੇ ਤੇ ਪੇੜਾ ਪੂਰਨਮਾਸ਼ੀ ਦੇ ਚੰਦ ਵਾਂਙ ਐਨ ਗੋਲ ਬਣ ਗਿਆ..

ਫੇਰ ਤੇ ਪੁਛੋ ਕੁਝ ਨਾ..ਗੋਲ ਰੋਟੀਆਂ ਨਾਲ ਚੰਗੇਰ ਭਰ ਗਿਆ..!

ਐਨ ਇੱਕੋ ਸਾਈਜ ਦੀਆਂ ਕਿੰਨੀਆਂ ਸਾਰੀਆਂ ਰੋਟੀਆਂ ਵੇਖ ਮਾਸੀ ਚੁੱਪ ਜਿਹੀ ਹੋ ਗਈ..ਪਰ ਸ਼ੱਕ ਪੈ ਗਿਆ ਕੇ ਅੱਜ ਇੱਕੋ ਜਿੰਨੀ ਗੋਲਾਈ ਤੇ ਮੋਟਾਈ..ਇਹ ਹੋ ਕਿੱਦਾਂ ਗਿਆ?
ਅਖੀਰ ਰੱਜ ਪੁੱਜ ਕੇ ਬਹਾਨੇ ਜਿਹੇ ਨਾਲ ਕੰਸੋਵਾਂ ਲੈਣ ਉੱਠ ਚੋਂਕੇ ਵੱਲ ਨੂੰ ਹੋ ਤੁਰੀ ਤਾਂ ਰਮਝਾ ਸਮਝਣ ਵਾਲੇ ਮੇਰੇ ਨਾਲਦੇ ਨੇ ਏਨੀ ਗੱਲ ਆਖ ਬਾਹੋਂ ਫੜ ਓਥੇ ਹੀ ਬਿਠਾ ਲਈ ਕੇ “ਮਾਸੀ ਕਦੇ ਭਾਣਜੇ ਨਾਲ ਵੀ ਦੋ ਘੜੀਆਂ ਦੁੱਖ ਸੁਖ ਫਰੋਲ ਲਿਆ ਕਰ..”

ਰਹੀ ਸਹੀ ਕਸਰ ਮਗਰੋਂ ਇਹਨਾਂ ਵੱਲੋਂ ਉਸ ਦਿਨ ਹੀ ਸੁਵੇਰੇ ਸਬੱਬ ਨਾਲ ਬਣਾਈ ਬਦਾਮਾਂ ਵਾਲੀ ਖੀਰ ਨੇ ਪੂਰੀ ਕਰ ਦਿੱਤੀ..
ਮਗਰੋਂ ਖੁਸ਼ਗਵਾਰ ਜਿਹਾ ਮਾਹੌਲ ਵੇਖ ਦਾਦੀ ਦੀ ਆਖੀ ਪੂਰਾਣੀ ਗੱਲ ਚੇਤੇ ਆ ਗਈ..”ਚੰਦਰਾ ਗਵਾਂਢ ਨਾ ਹੋਵੇ ਤੇ ਲਾਈ ਲੱਗ ਨਾ ਹੋਵੇ ਘਰ ਵਾਲਾ”

ਹਰਪ੍ਰੀਤ ਸਿੰਘ ਜਵੰਦਾ

...
...

ਉਹ ਕਿਸੇ ਕੰਮ ਬੈੰਕ ਆਈ..
ਡਰਾਈਵਰ ਨੂੰ ਵਾਪਿਸ ਘੱਲ ਦਿੱਤਾ ਕੇ ਕੰਮ ਮੁਕਾ ਕੇ ਫੋਨ ਕਰੂੰ..
ਥੋੜੇ ਚਿਰ ਮਗਰੋਂ ਬਾਹਰ ਨਿਕਲੀ..ਵੇਖਿਆ ਫੋਨ ਦੀ ਬੈਟਰੀ ਡੈਡ ਸੀ..ਨੰਬਰ ਵੀ ਕੋਈ ਯਾਦ ਨਹੀਂ..ਹੁਣ ਕੀ ਕੀਤਾ ਜਾਵੇ?
ਅੱਧੇ ਕਿਲੋਮੀਟਰ ਦੀ ਵਾਟ..ਦੋ ਪੈਰ ਪੁੱਟੇ..ਜੂਨ ਮਹੀਨਾ..ਅੱਤ ਦੀ ਗਰਮੀ..ਛੇਤੀ ਨਾਲ ਫੇਰ ਛਾਵੇਂ ਵਾਪਿਸ ਮੁੜ ਆਈ..
ਕੋਲ ਹੀ ਇੱਕ ਰਿਕਸ਼ੇ ਵਾਲੇ ਨੂੰ ਵਾਜ ਮਾਰੀ…
“ਅਗਲੇ ਮੋੜ ਤੇ ਸੱਜੇ ਮੁੜ ਦੂਜੀ ਕੋਠੀ..ਕਿੰਨੇ ਪੈਸੇ?
“ਦਸ ਰੁਪਈਏ ਜੀ”…
“ਦਸ ਜਿਆਦਾ ਨਹੀਂ..ਆਹ ਹੀ ਤਾਂ ਹੈ..ਦੋ ਮਿੰਟ ਦਾ ਰਾਹ”..
“ਨਹੀਂ ਜੀ ਏਨੀ ਮੰਹਿਗਾਈ ਵਿਚ ਏਦੂੰ ਘੱਟ ਵਾਰਾ ਨੀ ਖਾਂਦਾ..ਅਜੇ ਤੱਕ ਰਿਕਸ਼ੇ ਦਾ ਕਿਰਾਇਆ ਤੱਕ ਪੂਰਾ ਨੀ ਹੋਇਆ..”

ਬਿਨਾ ਜੁਆਬ ਦਿੱਤਿਆਂ ਹੀ ਉਹ ਅੰਦਰ ਆ ਵੜੀ ਤੇ ਆਉਂਦਿਆਂ ਹੀ ਰਿਕਸ਼ੇ ਦੀ ਛਤਰੀ ਉੱਪਰ ਕਰਵਾ ਲਈ..
ਬਾਬੇ ਜੀ ਨੇ ਆਪਣੇ ਸੱਜੇ ਪਹੁੰਚੇ ਨੂੰ ਗੰਢ ਮਾਰ ਪੈਡਲ ਮਾਰਨੇ ਸ਼ੁਰੂ ਕਰ ਦਿੱਤੇ..!

ਕੋਠੀ ਪਹੁੰਚ ਉਹ “ਹਾਇ ਗਰਮੀ” ਆਖ ਛੇਤੀ ਨਾਲ ਅੰਦਰ ਵੜ ਗਈ..ਤੇ ਜਾਂਦਿਆਂ ਆਖ ਗਈ..ਨੌਕਰ ਹੱਥ ਪੈਸੇ ਭੇਜਦੀ ਹਾਂ..”

ਪੰਜਾਂ ਮਿੰਟਾਂ ਮਗਰੋਂ ਨੌਕਰ ਆਇਆ ਤੇ ਉਸਨੂੰ ਪੰਜਾ ਦਾ ਨੋਟ ਫੜਾ ਗੇਟ ਮਾਰ ਲਿਆ..
ਬਾਬਾ ਮਗਰੋਂ ਵਾਜ ਮਾਰਦਾ ਹੀ ਰਹਿ ਗਿਆ..”ਬਾਊ ਜੀ ਗੱਲ ਦਸਾਂ ਦੀ ਹੋਈ ਸੀ..ਇਹ ਤਾਂ ਸਿਰਫ ਪੰਜ ਰੁਪਈਏ ਨੇ”

“ਬੀਬੀ ਜੀ ਆਹਂਦੀ ਸੀ ਏਨੇ ਹੀ ਬਣਦੇ ਨੇ..ਹੁਣ ਤੁਰਦਾ ਹੋ ਨਹੀਂ ਤਾਂ ਲੱਗਾ ਛੱਡਣ ਕੁੱਤਾ..ਮੁੜ ਲਵਾਉਂਦਾ ਫਿਰੀਂ ਟੀਕੇ..”

ਉਸਨੇ ਪਹਿਲਾਂ ਨੋਟ ਵੱਲ ਦੇਖਿਆ ਫੇਰ ਕੋਠੀ ਦੇ ਬੰਦ ਗੇਟ ਵੱਲ…
ਮੁੜ ਮੁੜਕਾ ਪੂੰਝ ਅਗਲੀ ਸਵਾਰੀ ਦੀ ਤਲਾਸ਼ ਵਿਚ ਰਿਕਸ਼ਾ ਮੋੜ ਲਿਆ..ਸ਼ਾਇਦ ਮਨ ਵਿਚ ਸੋਚ ਰਿਹਾ ਸੀ..”ਚੱਲ ਮਨਾਂ..ਇਹ ਕਿਹੜਾ ਅੱਜ ਪਹਿਲੀ ਵਾਰ ਹੋਇਆ”!

ਦੋਸਤੋ ਜੇ ਕਿਸੇ ਮੌਕੇ ਰਿਕਸ਼ੇ,ਰੇਹੜੀ,ਮੋਚੀ ਤੇ ਜਾਂ ਫੇਰ ਕਿਸੇ ਸਬਜੀ ਵਾਲੇ ਨਾਲ ਵਾਹ ਪੈ ਜਾਵੇ ਤਾਂ ਏਦਾਂ ਨਾ ਕੀਤਾ ਜਾਵੇ..ਕਿਓੰਕੇ ਜਦੋਂ ਇਸ ਵਰਗ ਨਾਲ ਧੱਕਾ ਹੁੰਦਾ ਏ ਤਾਂ ਇਹਨਾਂ ਦੀ ਕਿਸੇ ਠਾਣੇ ਚੋਂਕੀ ਜਾਂ ਅਦਾਲਤ ਵਿਚ ਕੋਈ ਸੁਣਵਾਈ ਨਹੀਂ ਹੁੰਦੀ..ਇਹ ਘਟਨਾ ਮੇਰੀ ਅੱਖੀਂ ਵੇਖੀ ਦੀ ਹੈ..!

ਹਰਪ੍ਰੀਤ ਸਿੰਘ ਜਵੰਦਾ

...
...

ਬੱਤਿਆਂ ਦਾ ਸਵਾਦ
ਚਾਲੀ ਕੁ ਸਾਲ ਪਹਿਲਾਂ ਸਾਡੇ ਬਚਪਨ ਵੇਲੇ ਕੋਲਡ ਡਰਿੰਕਸ ਨੂੰ ਬੱਤੇ ਹੀ ਕਿਹਾ ਜਾਂਦਾ ਸੀ। ਉਸ ਵੇਲੇ ਦੀ ਇਹ ਸਭ ਤੋਂ ਸਵਾਦ ਤੇ ਸਭ ਤੋਂ ਵੱਧ ਤਰਸ ਕੇ ਮਿਲਣ ਵਾਲੀ ਸ਼ੈਅ ਹੁੰਦੀ ਸੀ। ਉਸ ਵੇਲੇ ਪਿੰਡਾਂ ਵਿੱਚ ਬਰਾਂਡਿਡ ਕੋਲਾ ਨਹੀਂ ਸੀ ਮਿਲਦਾ ਸਗੋਂ ਉਹਨਾਂ ਹੀ ਬੋਤਲਾਂ ਵਿੱਚ ਦੇਸੀ ਮਾਲ ਭਰਿਆ ਜਾਂਦਾ ਸੀ। ਬ੍ਰਾਂਡ ਕੇਵਲ ਕੈਂਪਾ ਕੋਲਾ, ਲਿਮਕਾ, ਗੋਲਡ ਸਪਾਟ ਤੇ ਡਬਲ ਸੈਵਨ ਹੀ ਹੁੰਦੇ ਸਨ ਉਹ ਵੀ ਦੋ ਸੌ ਐੱਮ.ਐੱਲ.ਦੀਆਂ ਬੋਤਲਾਂ ਵਿੱਚ।
ਪਿੰਡਾਂ ਦੀਆਂ ਹੱਟੀਆਂ ਵਾਲਿਆਂ ਦਾ ਬੱਤੇ ਪਿਆਉਣ ਦਾ ਇੱਕ ਆਪਣਾ ਹੀ ਤਰੀਕਾ ਹੁੰਦਾ ਸੀ। ਇੱਕ ਵੱਡੇ ਸਾਰੇ ਗਲਾਸ ਨੂੰ ਸੂਏ ਨਾਲ ਬਰਫ਼ ਤੋੜ ਕੇ ਭਰਿਆ ਜਾਂਦਾ ਸੀ। ਫਿਰ ਉਸ ਉੱਪਰ ਚਮਚੇ ਨਾਲ ਕਾਲਾ ਲੂਣ ਪਾਇਆ ਜਾਂਦਾ ਸੀ ਤੇ ਅਖੀਰ ‘ਤੇ ਬੋਤਲ ਖੋਲ੍ਹ ਕੇ ਲਾਲ ਜਾਂ ਪੀਲੇ ਰੰਗ ਦਾ ਸੋਢਾ ਉਲੱਦ ਦਿੱਤਾ ਜਾਂਦਾ। ਫਿਰ ਇਹ ਉਬਲਦੇ ਗੈਸ ਵਾਲਾ ਸੋਢਾ ਹਿਲਾ-ਹਿਲਾ ਕੇ ਸਾਰੀ ਬਰਫ ਵਿੱਚੇ ਹੀ ਖੋਰ ਕੇ ਪੀਤਾ ਜਾਂਦਾ ਸੀ। ਇੱਕ ਵਾਰ ਮੈਂ ਕਣਕ ਦੀਆਂ ਵਾਢੀਆਂ ਦੇ ਦਿਨਾਂ ਵਿੱਚ ਨਾਨਕੇ ਪਿੰਡ ਠੱਠੀਖਾਰੇ ਗਿਆ ਤਾਂ ਰਾਤ ਨੂੰ ਮਾਮੇ ਦੇ ਮੁੰਡੇ ਨਾਲ ਕਣਕ ਦੇ ਬੋਹਲ ਦੀ ਰਾਖੀ ਸੌਣ ਚਲਾ ਗਿਆ।
ਰਾਤ ਨੂੰ ਅਸੀਂ ਬੱਤੇ ਪੀਣ ਦੀ ਸਲਾਹ ਬਣਾ ਲਈ। ਸਿਰਹਾਣੇ ਦੇ ਉਛਾੜ ਵਿੱਚ ਕਣਕ ਭਰ ਲਈ ਤੇ ਹੱਟੀ ਵਾਲਿਆਂ ਦਾ ਜਾ ਬੂਹਾ ਖੜਕਾਇਆ।
ਉਹਨਾਂ ਕੋਲੋਂ ਬੋਤਲਾਂ, ਬਰਫ਼, ਸੂਆ ਤੇ ਲੂਣ ਲੈ ਆਏ। ਪਾਣੀ ਵਾਲੇ ਡੋਲੂ ਵਿੱਚ ਘੋਲ ਤਿਆਰ ਕਰ ਕੇ ਗਲਾਸਾਂ ਨਾਲ ਰੱਜ ਕੇ ਪੀਤਾ ਤੇ ”ਕਣਕ ਦੀ ਰਾਖੀ” ਸੌਂ ਗਏ। ਸਵੇਰੇ ਬਾਬੇ ਦੇ ਬੋਲਣ ਨਾਲ ਬੋਤਲਾਂ ਤੇ ਸੂਆ ਹੱਟੀ ਵਾਲੇ ਨੂੰ ਵਾਪਿਸ ਕਰ ਆਏ।
ਇਹ ਕੰਮ ਤਿੰਨ ਕੁ ਦਿਨ ਚਲਦਾ ਰਿਹਾ ਕਿਉਂਕਿ ਬਿਜਲੀ ਦੇ ਥਰੈਸ਼ਰ ਨਾਲ ਕਣਕ ਦੀ ਗਹਾਈ ਕਈ ਦਿਨ ਚਲਦੀ ਹੁੰਦੀ ਸੀ। ਇੱਕ ਦਿਨ ਸਾਡੀ ਸਵੇਰੇ ਜਾਗ ਨਾ ਖੁੱਲੀ ਤੇ ਮਾਮੀ ਜੀ ਚਾਹ ਦੇਣ ਆ ਗਏ। ਸਾਡੇ ਲਾਗੇ ਪਈਆਂ ਬੋਤਲਾਂ ਤੋਂ ਸਾਡਾ ਭੇਤ ਖੁੱਲ੍ਹ ਗਿਆ ਤੇ ਸਾਡੇ ਕਣਕ ਦੀ ਰਾਖੀ ਸੌਣ ‘ਤੇ ਪਾਬੰਦੀ ਲੱਗ ਗਈ।
ਹੁਣ ਭਾਵੇਂ ਘਰ ਵਿੱਚ ਬਰਾਂਡਿਡ ਡ੍ਰਿੰਕ੍ਸ ਦਾ ਢੇਰ ਲੱਗਾ ਰਹਿੰਦਾ ਹੈ ਪਰ ਨਾ ਤਾਂ ਓਨਾ ਪੀਣ ਨੂੰ ਹੀ ਦਿਲ ਤਰਸਦਾ ਹੈ ਅਤੇ ਨਾ ਹੀ ਉਹਨਾਂ ਬੱਤਿਆਂ ਜਿੰਨਾ ਸਵਾਦ ਹੀ ਆਉਂਦਾ ਹੈ।

...
...

*ਮਨ ਦਾ ਪ੍ਰੀਤ*
ਹੋਰ ਚਾਚਾ ਕੀ ਹਾਲ਼ ਚਾਲ਼ ਆ?
ਵਧੀਆ ਭਤੀਜ ਤੂੰ ਸੁਣਾ..
ਚਾਚਾ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਕਿ ਜਦੋਂ ਮੈ ਕਾਲਜ ਜਾਨ੍ਹਾ, ਤਾਂ ਰਾਸਤੇ ‘ਚ ਮੇਰੇ ਯਾਰ ਮੈਨੂੰ ਗੱਲ੍ਹਾਂ ਸੁਣਾਉਣਗੇ, ਉਹ ਗੋਪੀ ਯਾਰ ਮੈਨੂੰ ਤਾਂ ਸੱਚਾ ਪਿਆਰ ਹੋ ਗਿਆ ਤੇਰੀ ਭਾਬੀ ਨਾਲ, ਚਾਚਾ ਭਲਾ ਇਦਾਂ ਵੀ ਸੱਚਾ ਪਿਆਰ ਹੋ ਜਾਂਦਾ ਏ,
ਨਹੀਂ ਭਤੀਜ ਅੱਜ ਕੱਲ ਕਿੱਥੇ ਉਹ ਸੱਚੇ ਪਿਆਰ? ਸੱਚੇ ਪਿਆਰ ਤਾਂ ਰੂਹਾਂ ਨਾਲ ਹੁੰਦੇ ਸੀ, ਜਿਸਮਾਂ ਨਾਲ ਨਹੀਂ।
ਅੱਜ ਦੀ ਪੀੜ੍ਹੀ ਤਾਂ ਮਨਾਂ ਨਾਲ ਪਿਆਰ ਕਰਦੀ ਹੈ ਗੋਪੀ, ਦਿਲਾਂ ਨਾਲ ਨਹੀਂ। ਅਜੇ ਕੱਲ ਦੀ ਗੱਲ੍ਹ ਆ, ਮੈਂ ਪਿੰਡ ਦੇ ਬੱਸ ਸਟੈਂਡ ਕੋਲ ਖੜਾ ਬੱਸ ਦੀ ਉਡੀਕ ਕਰ ਰਿਹਾ ਸੀ। ਕਿ ਇਹਨੇ ਨੂੰ ਮੇਰੇ ਕੋਲ ਇਕ ਕੁੜੀ ਆ ਕੇ ਖੜ ਗਈ। ਕੁੜੀ ਨੂੰ ਦੇਖਦੇ ਹੀ ਉੱਥੇ ਇਕ ਬੁਲਟ ਵਾਲਾ ਮੁੰਡਾ ਗੇੜੀਆਂ ਲਾਉਣ ਲੱਗਾ। ਇਹ ਇਕ ਮਹੀਨਾਂ ਇਹਦਾਂ ਹੀ ਚੱਲਦਾ ਗਿਆ। ਅਖੀਰ ਮੁੰਡੇ ਨੇ ਕੁੜੀ ਨੂੰ ਪਰਪੋਸ ਕਰ ਦਿੱਤਾ। ਕੁੜੀ ਨੇ ਅੱਗੋਂ ਕੋਈ ਜਵਾਬ ਨਾ ਦਿੱਤਾ।
ਕੁੱਝ ਦਿਨ ਬੀਤੇ ਮੁੰਡੇ ਨੇ ਕੁੜੀ ਦੇ ਪਿੱਛੇ ਜਾਣਾ ਨਾ ਛੱਡਿਆ। ਤੇ ਕਿਵੇਂ ਨਾ ਕਿਵੇਂ ਕੁੜੀ ਤੋਂ ਹਾਂ ਕਰਵਾ ਹੀ ਲਈ। ਮੁੰਡਾ ਬਹੁਤ ਖੁਸ਼, ਬਾਗੋ-ਬਾਗ। ਤੇ ਆਪਣੇ ਯਾਰਾਂ-ਦੋਸਤਾਂ ‘ਚ ਜਾ ਕੇ ਕਹਿਣ ਲੱਗਾ,
“ਓਹ ਹਾਂ ਕਰਤੀ ਅੱਜ ਤੁਹਾਡੀ ਭਾਬੀ ਨੇ,”
ਪੈ ਹੀ ਗਿਆ ਮੁੱਲ ਗੇੜੀਆਂ ਦਾ।
ਉਸ ਤੋਂ ਬਾਅਦ ਮੁੰਡੇ ਕੁੜੀ ਦੀ ਗੱਲ੍ਹ ਹੋਣ ਲੱਗੀ। ਮੁੰਡਾ ਰੋਜ ਕੁੜੀ ਨਾਲ ਮਿੱਠੀਆਂ-ਮਿੱਠੀਆਂ ਗੱਲ੍ਹਾਂ ਕਰਦਾ। ਸਾਰੀ ਸਾਰੀ ਰਾਤ ਕੁੜੀ ਨਾਲ ਚੈਟ ਕਰਦਾ। ਵਧੀਆ-ਵਧੀਆ ਗੱਲ੍ਹਾਂ ਕਰਕੇ ਮੁੰਡੇ ਨੇ ਕੁੜੀ ਦਾ ਦਿਲ ਹੀ ਜਿੱਤ ਲਿਆ। ਤੇ ਹੁਣ ਕੁੜੀ ਨੂੰ ਲੱਗਣ ਲੱਗਾ ਕਿ ਮੁੰਡਾ ਸੱਚਮੁੱਚ ਹੀ ਮੈਨੂੰ ਸੱਚਾ ਪਿਆਰ ਕਰਦਾ ਹੈ। ਪਰ…
ਜਿਹੜੀ ਗੱਲ੍ਹ ਦਾ ਕੁੜੀ ਨੂੰ ਡਰ ਸੀ, ਮੁੰਡੇ ਨੇ ਅਖੀਰ ਓਹੀ ਕਹਿ ਦਿੱਤੀ। ਕਿ ਮੈਂ ਤੈਨੂੰ ਮਿਲਣਾ ਹੈ, ਹੁਣ ਮੇਰਾ ਤੇਰੇ ਬਿਨ੍ਹਾਂ ਬਿਲਕੁਲ ਵੀ ਦਿਲ ਨਹੀਂ ਲੱਗਦਾ। ਹਰ ਵੇਲੇ ਤੇਰਾ ਹੀ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਘੁੰਮਦਾ ਰਹਿੰਦਾ ਹੈ। ਮੈਥੋਂ ਨਹੀਂ ਰਿਹਾ ਜਾਂਦਾ ਹੁਣ ਤੇਰੇ ਬਿਨ।
ਦੱਸ ਕਿੱਦਣ ਮਿਲੇਗੀ?
ਕੁੜੀ ਨੇ ਅੱਗੋਂ ਸਾਫ਼ ਮਨ੍ਹਾ ਕਰ ਦਿੱਤਾ,
ਕਿ ਮੈਂ ਤੈਨੂੰ ਨਹੀਂ ਮਿਲ ਸਕਦੀ, ਤੂੰ ਇਹਦਾ ਫੋਨ ‘ਤੇ ਗੱਲ੍ਹ ਕਰ ਲਿਆ ਕਰ।
ਪਰ ਮੁੰਡੇ ਨੇ ਜਿੱਦ ਨਾ ਛੱਡੀ, ਕੁੜੀ ਨੂੰ ਸੌਹਾਂ-ਸੂਹਾਂ ਦੇ ਕੇ ਕਿਵੇਂ ਨਾ ਕਿਵੇਂ ਮਿਲਣ ਲਈ ਮਨਾ ਹੀ ਲੈਂਦਾ ਹੈ। ਤੇ ਉਹ ਅਗਲੇ ਦਿਨ ਕਿਸੇ ਹੋਟਲ ‘ਚ ਇਕ-ਦੂਜੇ ਨੂੰ ਮਿਲਦੇ ਹਨ। ਕੁੜੀ ਦੇ ਨਾ ਚਾਹੁਣ ਉੱਤੇ ਵੀ ਮੁੰਡਾ ਕੁੜੀ ਦੇ ਜਿਸਮ ਨਾ ਖੇਡਦਾ ਹੈ। ਕੁੜੀ ਨੂੰ ਇਹ ਬਿਲਕੁੱਲ ਵੀ ਚੰਗਾ ਨਹੀਂ ਲੱਗਦਾ, ਪਰ ਉਹ ਆਪਣੇ ਪਿਆਰ ਲਈ ਇਹ ਸੱਭ ਕੁੱਝ ਕੁਰਬਾਨ ਕਰ ਦਿੰਦੀ।
ਥੋੜੇ ਦਿਨਾਂ ਬਾਅਦ ਮੁੰਡਾ ਕੁੜੀ ਨਾਲ ਗੱਲ੍ਹ ਕਰਨੀ ਘੱਟ ਕਰ ਦਿੰਦਾ। ਕੁੜੀ ਨੂੰ ਬਹੁਤ ਬੁਰਾ ਲੱਗਦਾ ਹੈ, ਕਿ ਜਦੋਂ ਮਿਲਣਾ ਸੀ, ਉਹਦੋਂ ਤਾਂ ਅੱਧੀ-ਅੱਧੀ ਰਾਤ ਤੱਕ ਗੱਲ੍ਹਾਂ ਕਰਦਾ ਸੀ ਤੇ ਹੁਣ ਫੋਨ ਦਾ ਜਵਾਬ ਵੀ ਨਹੀਂ ਦਿੰਦਾ।
ਅਖੀਰ, ਉਹੀ ਗੱਲ੍ਹ ਹੋਈ ਜਿਸਦਾ ਉਹਨੂੰ ਡਰ ਸੀ, ਜਿਹੜੇ ਹੋਟਲ ‘ਚ ਕੁੜੀ-ਮੁੰਡਾ ਇਕ ਦੂਜੇ ਨੂੰ ਮਿਲੇ ਸੀ, ਉਸੇ ਹੋਟਲ ‘ਚੋਂ ਜਦੋਂ ਉਹ ਮੁੰਡਾ ਕਿਸੇ ਹੋਰ ਕੁੜੀ ਨਾਲ ਬਾਹਰ ਨਿਕਲਦਾ ਤਾਂ ਕੁੜੀ ਦੇ ਪੈਰਾਂ ਥੱਲੋਂ ਜਮੀਨ ਨਿਕਲ ਜਾਂਦੀ।
“ਕਿ ਇਹਨਾਂ ਵੱਡਾ ਧੋਖਾ”
ਮੈਂ ਕਦੇ ਸੋਚ ਵੀ ਨਹੀਂ ਸਕਦੀ, ਕਿ ਜਿਸਨੂੰ ਮੈਂ ਦਿਲੋਂ ਪਿਆਰ ਕੀਤਾ ਸੀ, ਸਭ ਕੁੱਝ ਆਪਣਾ ਸਮਝਿਆ, ਉਹ ਮੈਨੂੰ ਕੱਲ੍ਹਾ ਮਨੋਂ ਪਿਆਰ ਹੀ ਕਰਦਾ ਰਿਹਾ। ਮੈਨੂੰ ਬਰਬਾਦ ਕਰਕੇ ਰੱਖ ਦਿੱਤਾ ਉਹਨੇ।
ਮੈਨੂੰ ਤਾਂ ਉਸ ਦਿਨ ਹੀ ਸ਼ੱਕ ਹੋ ਗਿਆ ਸੀ, ਕਿ ਜਿਹੜੇ ਰੂਹਾਂ ਨਾਲ ਪਿਆਰ ਕਰਦੇ ਆ, ਉਹ ਕਦੇ ਜਿਸਮਾਂ ਦੀ ਭੁੱਖ ਨਹੀਂ ਰੱਖਦੇ। ਤੇ ਅੱਜ ਮੇਰਾ ਉਹ ਸ਼ੱਕ ਉਹਨੇ ਜਕੀਨ ਵਿੱਚ ਬਦਲ ਦਿੱਤਾ ਹੈ। ਮੈਨੂੰ ਤਾਂ ਇਊ ਲੱਗਦਾ ਸੀ ਕਿ ਮੁੰਡਾ ਮੈਨੂੰ ਦਿਲ ਤੋਂ ਪ੍ਰੀਤ(ਪਿਆਰ) ਕਰਦਾ ਹੈ, ਪਰ ਉਹ ਤਾਂ ਮਨ ਦਾ ਪ੍ਰੀਤ ਨਿਕਲਿਆ। ਇਹਨੀਂ ਗੱਲ੍ਹ ਕਹਿ ਕੇ ਰੋਂਦੀ-ਕੁਰਲਾਉਂਦੀ ਉੱਥੇ ਹੀ ਡਿੱਗ ਪੈਂਦੀ ਹੈ….

ਧੰਜਲ ਜ਼ੀਰਾ।

...
...

ਰਿਸ਼ਤੇਦਾਰੀ ਚੋਂ ਲੱਗਦੀ ਦੂਰ ਦੀ ਮਾਸੀ..
ਤਕੜੇ ਘਰ ਵਿਆਹੀ ਹੋਈ ਸੀ..ਤਕਰੀਬਨ ਸੌ ਏਕੜ ਤੋਂ ਵੱਧ ਜਮੀਨ ਅਤੇ ਹੋਰ ਵੀ ਬੇਸ਼ੁਮਾਰ ਦੌਲਤ ਸੀ..
ਦੱਸਦੇ ਪੈਦਲ ਤੁਰਨ ਵਾਲੇ ਪਿਛਲੇ ਜ਼ਮਾਨਿਆਂ ਵਿਚ ਕੋਲ ਵਧੀਆ ਨਸਲ ਦੀਆਂ ਘੋੜੀਆਂ ਹੋਇਆ ਕਰਦੀਆਂ ਸਨ!
ਮਗਰੋਂ ਸਾਈਕਲਾਂ ਵਾਲੇ ਦੌਰ ਵਿਚ ਕੋਲ ਕਿੰਨੇ ਸਾਰੇ ਬੰਬੂ-ਕਾਟ ਲੈ ਲਏ..
ਮਗਰੋਂ ਜਦੋਂ ਕਾਰਾਂ ਮੋਟਰਾਂ ਆਮ ਹੋ ਗਈਆਂ ਤਾਂ ਦਿਮਾਗਾਂ ਵਿਚ ਵੱਧ ਕੀਮਤਾਂ ਵਾਲੀਆਂ ਦੀ ਦੌੜ ਜਿਹੀ ਲੱਗ ਗਈ..ਹਮੇਸ਼ਾਂ ਹੋਰਨਾਂ ਤੋਂ ਦੋ ਕਦਮ ਅੱਗੇ ਰਹਿਣ ਵਾਲੀ ਮਾਨਸਿਕਤਾ..!
ਬਾਕੀ ਟਾਂਗਿਆਂ ਬੱਸਾਂ ਵਿਚ ਆਇਆ ਕਰਦੇ ਤੇ ਇਹਨਾਂ ਦੇ ਵਰਦੀ ਵਾਲੇ ਡਰਾਈਵਰ ਕੋਲ ਦਸ ਲੱਖ ਵਾਲੀ ਹੁੰਦੀ..

ਆਮ ਲੋਕ ਸਾਰੀ ਦਿਹਾੜੀ ਰੋਜੀ ਰੋਟੀ ਦੇ ਚੱਕਰ ਵਿਚ ਕਮਲੇ ਹੋਏ ਫਿਰਦੇ ਰਹਿੰਦੇ ਤੇ ਇਹ ਸੋਨੇ ਦੀਆਂ ਪੰਡਾਂ ਨਾਲ ਲੱਦੇ ਹੋਏ ਹਮਾਤੜਾਂ ਦੇ ਚੇਹਰੇ ਪੜਨ ਵਿਚ ਮਗ਼ਨ ਹੁੰਦੇ..
ਕੋਈ ਇਹਨਾਂ ਦੇ ਅੰਬਾਰ ਵੇਖ ਕਿੰਨਾ ਪ੍ਰਭਾਵਿਤ ਹੋ ਰਿਹਾ..ਕਿਸਨੇ ਸਲਾਹੁਤਾਂ ਵਿਚ ਕਿੰਨੇ ਕਸੀਦੇ ਪੜੇ..ਕਿੰਨੇ ਕਿੰਨੀਆਂ ਵਧਾਈਆਂ ਦਿੱਤੀਆਂ..ਚੋਵੀ ਘੰਟੇ ਬੱਸ ਏਹੀ ਗਿਣਤੀਆਂ ਮਿਣਤੀਆਂ..
ਵਿਆਹਵਾਂ ਸ਼ਗਨ ਸਵਾਰਥਾਂ ਤੇ ਜੇ ਕਿਤੇ ਕੋਈ ਖਾਸ ਉਚੇਚ ਨਾ ਹੁੰਦੀ ਤਾਂ ਵੱਡਾ ਮਸਲਾ ਖੜਾ ਕਰ ਦਿਆ ਕਰਦੇ..
ਟਰੇਆਂ ਫੜ ਆਸ ਪਾਸ ਫਿਰਦੇ ਰਹਿੰਦੇ ਬਹਿਰੇ ਅਤੇ ਸਿਫਤਾਂ ਕਰਦੀ ਰਿਸ਼ਤੇਦਾਰੀ ਇਹਨਾਂ ਨੂੰ ਬੜਾ ਹੀ ਅਨੰਦ ਦਿਆ ਕਰਦੀ..
ਹਰ ਭੋਗ-ਇਕੱਠ ਤੇ ਧਾਰਮਿਕ ਸਮਾਗਮ ਵਿਚ ਬੱਸ ਹਰ ਪਾਸੇ ਮੁਰੱਬਿਆਂ ਵਾਲੇ ਮਾਸੀ ਮਾਸੜ ਦਾ ਹੀ ਜਿਕਰ ਹੋਣਾ ਜਰੂਰੀ ਹੋਇਆ ਕਰਦਾ ਸੀ!

ਬੱਲੇ-ਬੱਲੇ ਦੇ ਨਸ਼ੇ ਨਾਲ ਸੁਵੇਰ ਦਾ ਹਰ ਸੂਰਜ ਚੜਿਆ ਕਰਦਾ ਤੇ ਵਾਹ ਭਾਈ ਵਾਹ ਦੇ ਨਾਲ ਹੀ ਰਾਤ ਪੈ ਜਾਇਆ ਕਰਦੀ.!
ਰਿਸ਼ਤੇਦਾਰੀ ਵਿਚ ਬਹੁਤੇ ਪਰਵਾਰਿਕ ਮਸਲਿਆਂ ਵਿਚ ਇਸ ਮਾਸੀ ਮਾਸੜ ਦੀ ਹਾਮੀਂ ਜਿਸ ਧਿਰ ਵੱਲ ਉੱਲਰ ਜਾਇਆ ਕਰਦੀ ਸਮਝੋ ਉਸਨੂੰ ਕੋਰਟ ਕਚਹਿਰੀ ਵਿਚ ਮੁਕੱਦਮਾਂ ਜਿੱਤਣ ਤੋਂ ਵੀ ਵੱਧ ਦਾ ਚਾਅ ਚੜ ਜਾਇਆ ਕਰਦਾ!

ਕਈ ਜਾਗਦੀ ਜਮੀਰ ਵਾਲੇ ਮੂੰਹ ਤੇ ਗੱਲ ਕਰਨ ਦੀ ਜੁੱਰਤ ਵੀ ਰਖਿਆ ਕਰਦੇ..
ਪਰ ਪਰਿਵਾਰਿਕ ਪਾਲੀਟਿਕਸ ਦਾ ਮਾਹਿਰ ਮਾਸੜ ਹਮੇਸ਼ਾਂ ਇਸ ਤਰਾਂ ਦੇ ਵਿਰੋਧੀਆਂ ਨੂੰ ਪਹਿਲਾਂ ਦੂਜਿਆਂ ਨਾਲੋਂ ਤੋੜ-ਵਿਛੋੜ ਕੇ ਕੱਲਾ ਕਾਰਾ ਪਾ ਦਿਆ ਕਰਦਾ..
ਫੇਰ ਉਸ ਤੋਂ ਗਿਣ ਗਿਣ ਕੇ ਬਦਲੇ ਲਏ ਜਾਂਦੇ..ਹਰ ਪਾਸੇ ਅਤੇ ਹਰ ਕੰਮ ਵਿਚ ਬਸ ਚੰਮ ਦੀਆਂ ਹੀ ਚੱਲਿਆ ਕਰਦੀਆਂ!

ਫੇਰ ਅਖੀਰ ਇੱਕ ਦਿਨ ਓਹੀ ਗੱਲ ਹੋ ਗਈ..
ਸਦਾ ਨਾ ਬਾਗੀਂ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾਂ..ਬੱਲੇ-ਬੱਲੇ ਵਾਲੀ ਦੁਪਹਿਰ ਹੌਲੀ-ਹੌਲੀ ਢਲਣ ਤੇ ਆ ਗਈ..ਫਿਕਰਾਂ ਵਾਲੇ ਪਰਛਾਵੇਂ ਲੰਮੇ ਹੋਣੇ ਸ਼ੁਰੂ ਹੋ ਗਏ ਤੇ ਮੁਰੱਬਿਆਂ ਵਾਲਾ ਮਾਸੜ ਆਪਣੇ ਧੌਲੇ ਵੇਖ ਉਦਾਸ ਰਹਿਣ ਲੱਗ ਪਿਆ..
ਫੇਰ ਡਿਪ੍ਰੈਸ਼ਨ ਦੀ ਮਾਰ ਹੇਠ ਆਇਆ ਵਕਤ ਨੂੰ ਧੱਕੇ ਜਿਹੇ ਦੇਣ ਲਈ ਮਜਬੂਰ ਹੋ ਗਿਆ..ਨਾਲਦੀ ਕੈਂਸਰ ਨਾਲ ਦਿਨਾਂ ਵਿਚ ਹੀ ਅਹੁ ਗਈ ਅਹੁ ਗਈ ਹੋ ਗਈ..ਉਚੇ ਢੇਰ ਅਤੇ ਅਮਰੀਕਾ ਦੇ ਵਧੀਆ ਹਸਪਤਾਲ..ਸਾਰਾ ਕੁਝ ਬੱਸ ਧਰਿਆ ਧਰਾਇਆ ਹੀ ਰਹਿ ਗਿਆ..ਅਖੀਰ ਨੂੰ ਨੂਹਾਂ ਵੀ ਗੱਲ ਸੁਣਨੋਂ ਹਟ ਜਿਹੀਆਂ ਗਈਆਂ..ਇੱਕ ਦੀਆਂ ਅੱਗੋਂ ਚਾਰ ਸੁਣਾਇਆ ਕਰਦੀਆਂ..ਪਰ ਸੜ ਗਈ ਰੱਸੀ ਦੇ ਪੂਰਾਣੇ ਵੱਟ ਅਜੇ ਵੀ ਓਦਾਂ ਦੇ ਓਦਾਂ ਹੀ ਸਨ..!

ਅਖੀਰ ਨੂੰ ਮੁੰਡਿਆਂ ਦਾ ਆਪਸ ਵਿਚ ਬੋਲਚਾਲ ਬੰਦ ਹੋ ਗਈ..
ਮਾਸੜ ਨਾਲ ਓਹਨਾ ਦੀ ਅਕਸਰ ਹੀ ਇਸ ਗੱਲੋਂ ਕਾਟੋ-ਕਲੇਸ਼ ਰਹਿੰਦੀ ਕੇ ਜਾਇਦਾਤ ਦੀ ਵੰਡ ਕਿਓਂ ਨਹੀਂ ਕਰਦਾ..
ਆਖ ਦਿਆ ਕਰਦੇ ਜੇ ਸਾਡੇ ਕੋਲ ਬਾਹਰ ਆਉਣਾ ਏ ਤਾਂ ਮੁੱਰਬੇ ਵੇਚ ਕੇ ਵੰਡ ਵਡਾਈ ਕਰ ਕੇ ਫੇਰ ਹੀ ਆਉਣਾ ਪੈਣਾ..
ਲੇਖਾਂ ਮਾਵਾਂ ਧੀਆਂ ਦਾ..ਅਗਲਾ ਔਲਾਦ ਦਾ ਬਦਲਿਆ ਹੋਇਆ ਰੂਪ ਵੇਖ ਅੰਦਰੋਂ ਅੰਦਰੀ ਇਸ ਗਲੋਂ ਵੀ ਡਰਿਆ ਕਰਦਾ ਬੀ ਵੰਡ ਵੰਡਾਈ ਦੇ ਚੱਕਰ ਵਿਚ ਮਾੜੀ ਮੋਟੀ ਹੁੰਦੀ ਪੁੱਛਗਿੱਛ ਤੋਂ ਵੀ ਨਾ ਜਾਂਦਾ ਰਹਾਂ!

ਅਖੀਰ ਕਿੰਨੀਆਂ ਸਾਰੀਆਂ ਬਿਮਾਰੀਆਂ ਦੇ ਮੱਕੜ ਜਾਲ ਵਿਚ ਫਸਿਆ ਹੋਇਆ ਡੰਗੋਰੀ ਫੜ ਕੇ ਤੁਰਨ ਲਈ ਮਜਬੂਰ ਹੋ ਗਿਆ..
ਮੁਰੱਬਿਆਂ ਦਾ ਗੇੜਾ ਮਾਰਨ ਗਿਆ ਜਦੋਂ ਥੱਕ-ਹਾਰ ਕੇ ਕਿਸੇ ਰੁੱਖ ਹੇਠ ਬੈਠ ਜਾਂਦਾ ਏ ਤਾਂ ਓਹੀ ਮੁਰੱਬੇ ਹੱਸਦੇ ਹੋਏ ਏਨੀ ਗੱਲ ਆਖਦੇ ਹੋਏ ਮਹਿਸੂਸ ਹੁੰਦੇ ਕੇ ਬਾਬਾ ਜੀ ਸਾਨੂੰ ਸਦੀਵੀਂ ਕਬਜੇ ਹੇਠਾਂ ਕਰਨ ਨੂੰ ਫਿਰਦੇ ਸੋ..ਪਰ ਕਈ ਤੁਹਾਥੋਂ ਕਿੰਨੇ ਵੱਡੇ ਸਿਕੰਦਰ ਇਥੋਂ ਖਾਲੀ ਹੱਥ ਚਲੇ ਗਏ..ਤੁਸੀਂ ਕਿਹੜੇ ਬਾਗ ਦੀ ਮੂਲੀ ਹੋ..ਫੇਰ ਅੱਗੋਂ ਕੋਈ ਜੁਆਬ ਨਾ ਅਹੁੜਦਾ..ਏਨੀ ਦਿਲ ਵਿਚ ਜਰੂਰ ਆਉਂਦੀ ਕੇ ਜਿਸਨੂੰ ਸਾਰਾ ਕੁਝ ਸਮਝ ਲਿਆ ਸੀ ਉਹ ਤੇ ਨਿੱਰੀ ਪੂਰੀ ਮਿੱਟੀ ਦਾ ਢੇਰ ਹੀ ਨਿੱਕਲੀ..!

ਕਈ ਮੌਕਿਆਂ ਤੇ ਕਿਸੇ ਵੇਲੇ ਵੰਡ ਵੰਡਾਈ ਦੇ ਡਰੋਂ ਘਰੇ ਜੰਮਦੀਆਂ ਹੀ ਫੀਮ ਚਟਾ ਕੇ ਮੁਕਾ ਦਿੱਤੀਆਂ ਬੜੀਆਂ ਚੇਤੇ ਆਇਆ ਕਰਦੀਆਂ..ਅੱਖਾਂ ਵਿਚ ਗਲੇਡੂ ਭਰ ਅਕਸਰ ਹੀ ਸੋਚਦਾ ਹੁੰਦਾ ਕੇ ਜੇ ਇੱਕ ਵੀ ਬਚਾਅ ਕੇ ਰੱਖ ਲਈ ਹੁੰਦੀ ਤਾਂ ਸ਼ਾਇਦ ਅੱਜ ਓਦੇ ਨਾਲ ਹੀ ਦਿਲ ਹੌਲਾ ਕਰ ਲਿਆ ਕਰਦਾ..ਪਰ ਜਵਾਨੀ ਅਤੇ ਦੌਲਤ ਦੀ ਸਿਖਰ ਦੁਪਹਿਰ ਵੇਲੇ ਏਨੀ ਗੱਲ ਦੀ ਹੋਸ਼ ਹੀ ਕਿਸਨੂੰ ਰਹਿੰਦੀ ਏ ਕੇ ਆਥਣ ਵੇਲੇ ਦੇ ਢਲਦੇ ਹੋਏ ਪਰਛਾਵੇਂ ਅਕਸਰ ਹੀ ਆਪਣੇ ਵਜੂਦ ਤੋਂ ਵੀ ਲੰਮੇ ਹੋ ਜਾਇਆ ਕਰਦੇ ਨੇ..!

ਦੋਸਤੋ ਨਾਨੀ ਨਿੱਕੇ ਹੁੰਦਿਆਂ ਸਾਨੂੰ ਅਕਸਰ ਹੀ ਵਰਜਦੀ ਹੁੰਦੀ ਸੀ ਕੇ ਪੁੱਤ ਭੋਏਂ ਤੇ ਹੀ ਖੇਡਿਆ ਕਰੋ..ਬਿਨ ਬਨੇਰੇ ਵਾਲੇ ਚੁਬਾਰਿਆਂ ਤੇ ਨਾ ਜਾ ਚੜ ਜਾਇਆ ਕਰੋ..ਜੇ ਖੇਡਦਿਆਂ-ਮੱਲਦਿਆਂ ਕਿਸੇ ਦਿਨ ਹੇਠਾਂ ਆਣ ਪਏ ਤਾਂ ਧਰਮ ਨਾਲ ਸੱਟ-ਪੇਟ ਬੜੀ ਭੈੜੀ ਲੱਗੂ..
ਹੁਣ ਅਮਝ ਆਈ ਕੇ ਬਿਲਕੁਲ ਸਹੀ ਆਖਿਆ ਕਰਦੀ ਸੀ..ਉਚਾਈ ਤੋਂ ਡਿੱਗਿਆਂ ਵਾਕਿਆ ਹੀ ਸੱਟ ਬੜੀ ਭੈੜੀ ਲੱਗਦੀ ਏ..ਕਈ ਵਾਰ ਤੇ ਪਾਣੀ ਮੰਗਣ ਦੀ ਮੋਹਲਤ ਤੱਕ ਵੀ ਨਹੀਂ ਮਿਲਦੀ..

ਬੇਸ਼ੱਕ ਜਹਾਨੋ ਗਈ ਨੂੰ ਤਕਰੀਬਨ ਪੂਰੇ ਬੱਤੀ ਵਰੇ ਹੋਣ ਨੂੰ ਹਨ ਪਰ ਅੱਜ ਵੀ ਜਦੋਂ ਕਦੀ ਸੁਫਨਿਆਂ ਦੀ ਦੁਨੀਆਂ ਵਿਚ ਦਰਸ਼ਨ ਮੇਲੇ ਹੋ ਜਾਂਦੇ ਨੇ ਤਾਂ ਪਤਾ ਨੀ ਕਿਓਂ ਨਾਲ ਹੀ ਉਤਲੀ ਹਵਾਏ ਪਈ ਇੱਕ ਇੱਲ ਦਿਨ ਢਲੇ ਵਾਪਿਸ ਜਮੀਨ ਵੱਲ ਨੂੰ ਮੁੜਦੀ ਹੋਈ ਨਜ਼ਰੀਂ ਕਿਓਂ ਪੈ ਜਾਂਦੀ ਏ..!

ਹਰਪ੍ਰੀਤ ਸਿੰਘ ਜਵੰਦਾ

...
...

. *ਸਮਾਂ*

*ਪੰਜਵੀਂ ਤਁਕ* ਘਰ ਤੋਂ ਫਁਟੀ ਲੈ ਕੇ ਸਕੂਲ ਗਏ ਸੀ।

*ਸਲੇਟ ਨੂੰ ਜੀਭ ਨਾਲ ਚੱਟ ਕੇ* ਅੱਖਰ ਮਿਟਾਉਣੇ ਸਾਡੀ ਸਥਾਈ ਆਦਤ ਸੀ,ਲੇਕਿਨ ਇਸ ਵਿੱਚ ਪਾਪ-ਬੋਧ ਵੀ ਸੀ ਕਿ ਕਿੱਧਰੇ ਵਿੱਦਿਆ ਮਾਤਾ ਨਰਾਜ ਨਾਂ ਹੋ ਜਾਏ।

*ਪਡ਼ਾਈ ਦਾ ਤਨਾਉ* ਅਸੀਂ ਪੈਨਸਿਲ ਦਾ ਮਗਰਲਾ ਹਿੱਸਾ ਚੱਬ ਕੇ ਮਿਟਾਇਆ ਸੀ।

*ਸਕੂਲ ਵਿਁਚ ਤਁਪਡ਼ ਦੀ ਘਾਟ* ਕਾਰਨ ਘਰੋਂ ਬੋਰੀ ਦਾ ਟੁਕਡ਼ਾ ਲੈਕੇ ਜਾਣਾ ਸਾਡਾ ਨਿੱਤਕਰਮ ਸੀ।

*ਕਿਤਾਬ ਦੇ ਵਿੱਚ* ਵਿੱਦਿਆ-ਪੜ੍ਹਾਈ ਦੇ ਪੌਦੇ ਦੇ ਪੱਤੇ ਅਤੇ ਮੋਰਪੰਖ ਰੱਖਣ ਨਾਲ ਅਸੀਂ ਹੁਸ਼ਿਆਰ ਹੋ ਜਾਵਾਂਗੇ _ਇਹ ਸਾਡਾ ਦਿ੍ਡ਼ ਵਿਸ਼ਵਾਸ਼ ਸੀ।_

ਜਮਾਤ 6ਵੀਂ ਵਿਁਚ *ਪਹਿਲੀ ਵਾਰ ਅਸੀ ਅੰਗਰੇਜੀ* ਦਾ ਐਲਫਾਬੈਟ ਪਡ਼ਿਆ ਅਤੇ ਪਹਿਲੀ ਵਾਰ ਏ ਬੀ ਸੀ ਡੀ ਦੇਖੀ।

ਇਹ ਗੱਲ ਵਁਖਰੀ ਹੈ ਕਿ ਵਧੀਆ *ਸਮਾਲ ਲੈਟਰ ਬਣਾਉਣਾ ਸਾਨੂੰ ਬਾਹਰਵੀਂ ਤੱਕ ਵੀ ਨਹੀਂ ਆਇਆ ਸੀ।*

*ਕੱਪਡ਼ੇ ਦੇ ਝੋਲੇ* ਵਿਁਚ ਕਿਤਾਬਾਂ ਕਾਪੀਆਂ ਨੂੰ ਸਲੀਕੇ ਨਾਲ ਪਾਉਣਾ ਸਾਡਾ ਰਚਨਾਤਮਿਕ ਹੁਨਰ ਸੀ।

*ਹਰ ਸਾਲ ਨਵੀਂ ਕਲਾਸ* ਦੇ ਨਵੇਂ ਬਸਤੇ ਬਣਦੇ ਉਦੋਂ ਕਿਤਾਬਾਂ ਕਾਪੀਆਂ ਉੱਤੇ ਜਿਲਦ ਚਡ਼ਾਉਣਾ ਸਾਡੇ *ਜੀਵਨ ਦਾ ਸਾਲਾਨਾ ਉਤਸਵ* ਸੀ।

*ਮਾਤਾ ਪਿਤਾ ਨੂੰ ਸਾਡੀ ਪਡ਼ਾਈ ਦੀ ਕੋਈ ਫਿਕਰ ਨਹੀ ਸੀ*,ਨਾ ਸਾਡੀ ਪਡ਼ਾਈ ਉਹਨਾਂ ਦੀ ਜੇਬ ਤੇ ਬੋਝ ਸੀ।ਸਾਲੋਂ-ਸਾਲ ਬੀਤ ਜਾਦੇਂ ਪਰ *ਮਾਂ ਪਿਉ ਦੇ ਕਦਮ ਸਾਡੇ ਸਕੂਲ ਵਿਁਚ ਨਹੀਂ ਪੈਂਦੇ ਸਨ।*

ਇੱਕ *ਦੋਸਤ ਨੂੰ ਸਾਈਕਲ* ਦੇ ਡੰਡੇ ਉੱਤੇ ਦੂਸਰੇ ਨੂੰ ਮਗਰ ਕੈਰੀਅਰ ਉੱਤੇ ਬਿਠਾ ਅਸੀਂ ਕਿੰਨੇ ਰਾਸਤੇ ਮਿਣੇ । *ਇਹ ਹੁਣ ਯਾਦ ਨਹੀਂ ਬਸ ਕੁੱਝ ਧੁੰਦਲੀਆਂ ਯਾਦਾਂ ਹਨ*।

*ਸਕੂਲ ਵਿੱਚ ਕੁੱਟ ਖਾਂਦੇ* ਅਤੇ ਮੁਰਗਾ ਬਣਦੇ ਸਾਡੀ *”ਈਗੋ”* ਸਾਨੂੰ ਕਦੇ ਪੇ੍ਸ਼ਾਨ ਨਹੀਂ ਕਰਦੀ ਸੀ, ਦਰਅਸਲ *ਅਸੀਂ ਜਾਣਦੇ ਹੀ ਨਹੀਂ ਸੀ ਕਿ “ਈਗੋ” ਹੁੰਦੀ ਕੀ ਹੈ?*

*ਕੁੱਟ* ਸਾਡੇ ਰੋਜਾਨਾ ਜੀਵਨ ਦੀ ਸਹਿਜ ਆਮ ਪ੍ਕਿਰਿਆ ਸੀ। ਕੁੱਟਣ ਵਾਲਾ ਅਤੇ ਕੁੱਟਿਆ ਜਾਣ ਵਾਲਾ ਦੋਨੋ ਖੁਸ਼ ਸੀ। ਕੁੱਟਿਆ ਜਾਣ ਵਾਲਾ ਇਸ ਲਈ ਕਿ ਘੱਟ ਪਈਆਂ, *ਕੁੱਟਣ ਵਾਲਾ ਇਸ ਲਈ ਖੁਸ਼ ਕਿ ਹੱਥ ਸਾਫ ਹੋਇਆ।*

ਅਸੀਂ *ਆਪਣੇ ਮਾਂ ਪਿਉ ਨੂੰ* ਕਦੇ ਨਹੀਂ ਦਁਸ ਸਕੇ *ਕਿ ਅਸੀਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਹਾਂ,* ਕਿਉਂ ਕਿ ਸਾਨੂੰ _ਆਈ ਲਵ ਯੂ_ ਕਹਿਣਾ ਨਹੀਂ ਆਉਂਦਾ ਸੀ।

ਅੱਜ *ਅਸੀਂ ਡਿਁਗਦੇ-ਸੰਭਲਦੇ,ਸੰਘਰਸ਼ ਕਰਦੇ* ਦੁਨੀਆਂ ਦਾ ਹਿੱਸਾ ਬਣ ਚੁੱਕੇ ਹਾਂ। *ਕੁਁਝ ਮੰਜਿਲ ਪਾ ਗਏ ਤੇ ਕੁਁਝ ਨਾ ਜਾਣੇ ਕਿਁਥੇ ਗੁੰਮ ਹੋ ਗਏ ।*

ਅਸੀਂ *ਦੁਨੀਆਂ ਵਿਁਚ ਕਿਧਰੇ ਵੀ ਹੋਈਏ* ਲੇਕਿਨ ਇਹ ਸੱਚ ਹੈ,ਸਾਨੂੰ ਹਕੀਕਤਾਂ ਨੇ ਪਾਲਿਆ ਹੈ , *ਅਸੀ ਸੱਚ ਦੀ ਦੁਨੀਆਂ ਦੇ ਯੋਧੇ* ਰਹੇ ਹਾਂ।

*ਕੱਪਡ਼ਿਆਂ ਨੂੰ ਵਲਾਂ ਤੋ ਬਚਾਈ ਰਁਖਣਾ* ਅਤੇ ਰਿਸ਼ਤਿਆ ਨੂੰ ਉਪਚਾਰਿਕਤਾ ਨਾਲ ਬਣਾਈ ਰੱਖਣਾ ਸਾਨੂੰ ਕਦੇ ਨਹੀਂ ਆਇਆ, *ਇਸ ਮਾਮਲੇ ਵਿੱਚ ਅਸੀਂ ਸਦਾ ਮੂਰਖ ਹੀ ਰਹੇ ।*

*ਆਪਣਾ ਆਪਣਾ ਹਰ ਦੁੱਖ ਸਹਿੰਦੇ ਹੋਏ* ਅਸੀਂ ਅੱਜ ਵੀ ਸੁਪਨੇ ਬੁਣ ਰਹੇ ਹਾਂ। ਸ਼ਾਇਦ ਸੁਪਨੇ ਬੁਨਣਾ ਹੀ ਸਾਨੂੰ ਜਿੰਦਾ ਰੱਖ ਰਿਹਾ ਹੈ, ਵਰਨਾ *ਜੋ ਜੀਵਨ ਅਸੀਂ ਜੀ ਕੇ ਆਏ ਹਾਂ, ਉਸਦੇ ਸਾਹਮਣੇ ਵਰਤਮਾਨ ਕੁੱਝ ਵੀ ਨਹੀਂ।* ਅਸੀਂ *ਚੰਗੇ ਸੀ, ਜਾਂ ਮੰਦੇ ਸੀ, ਪਰ ਅਸੀਂ ਆਪਣੇ ਆਪ ਵਿੱਚ ਪੂਰਣ ਤੌਰ ‘ਤੇ ਇੱਕ ਸਮਾਂ ਹੁੰਦੇ ਸੀ।*
ਕਾਸ਼ ਉਹ ਸਮਾਂ ਫਿਰ ਮੁਡ਼ ਆਵੇ !

...
...

ਬਲਵੰਤ ਸਿੰਘ ਇਕ ਮਿਹਨਤੀ ਇਨਸਾਨ ਸੀ ।
ਬਲਵੰਤ ਸਿੰਘ ਦੋ ਲੜਕੀਆਂ ਦਾ ਪਿਤਾ ਸੀ ਅਤੇ ਇਕ ਪੁੱਤਰ ਫੌਜ ਅਤੇ ਇਕ ਘਰ ਦੇ ਕੰਮਾਂ ਵਿੱਚ ਰੁਝਿਆ ਰਹਿੰਦਾ ਸੀ । ਘਰ ਵਿਚ ਕੰਮ ਕਾਰ ਕਰਨ ਵਾਲੇ ਪੇਂਡੂ ਬੰਦੇ ਸਧਾਰਨ ਹੀ ਸਨ ਛੂਹ ਫੈਅ ਵਾਲੇ ਨਹੀਂ ਸਨ
ਸਮਾਂ ਬੀਤਦਾ ਗਿਆ ਦੋਨੋਂ ਲੜਕੀਆਂ ਦਾ ਵਿਆਹ ਸ਼ਹਿਰ ਵਿੱਚ ਇਕ ਘਰ ਵਿਚ ਹੋ ਗਿਆ ।ਜਿਹਨਾਂ ਵਿੱਚੋਂਇੱਕ ਸਰਕਾਰੀ ਮੁਲਾਜ਼ਮ ਸੀ ।ਹੁਣ ਕੁੜੀਆਂ ਦੇ ਤੌਰ ਤਰੀਕੇ ਬਦਲ ਰਹੇ ਸਨ ।ਉਹ ਜਿਆਦਾ ਸ਼ਹਿਰੀ ਬਣ ਗਈਆ ਸਨ।
ਸਮਾਂ ਬੀਤਦਾ ਗਿਆ, ਹੁਣ ਬਲਵੰਤ ਸਿੰਘ ਨੇ ਨਾਨਕ ਛੱਕ ਭਰਨ ਦਾ ਸਮਾਂ ਆ ਗਿਆ ਸਭ ਨੂੰ ਬਹੁਤ ਖੁਸ਼ੀ ਸੀ ਕੀ ਅਸੀਂ ਸ਼ਹਿਰ ਵਿੱਚ ਵਿਆਹ ਜਾਣਾ ਸਿੱਧੇ ਸਾਦੇ ਲੋਕ ਆਪਣੀ ਲੜਕੀ ਦੇ ਲਹਿਜੇ ਵਾਰੇ ਨਹੀਂ ਸਨ ਜਾਣਦੇ ਜੋ ਹੁਣ ਬਹੁਤ ਬਦਲ ਚੁੱਕੀ ਸੀ ।
ਪੇਕੇ ਘਰ ਗਰੀਬੀ ਸੀ ਤੇ ਉਹ ਅਮੀਰੀ ਦੇ ਗੁਮਾਨ ਨੇ ਅੰਨ੍ਹੀ ਕਰ ਰੱਖੀ ਸੀ ।
ਬਲਵੰਤ ਦੀ ਲੜਕੀ ਨੇ ਆਪਣੇ ਪੇਕੇ ਇਕ ਸ਼ਰਤ ਰੱਖ ਲਈ ਕੀ ਜੇਕਰ ਮੇਰੇ ਘਰ ਵਿਆਹ ਆਏ ਤਾਂ ਪੇਂਟ ਕੋਟ, ਟਾਈਆਂ ਲਾ ਕੇ ਆਉਣਾ ਮੇਰੇ ਘਰ ਵੱਡੇ ਲੋਕ ਆਉਣਗੇ , ਜੇ ਨਾ ਹੋ ਸਕੀਆਂ ਤਾਂ ਨਾ ਆਉਣਾ ।
ਇਹ ਸੁਣ ਕੇ ਸਾਰਾ ਪਰਿਵਾਰ ਰੋਣ ਲੱਗਾਂ ਸਭ ਉਦਾਸ ਸਨ
ਕੋਈ ਵੀ ਵਿਆਹ ਨਹੀਂ ਗਿਆ
ਦੋ ਕੁ ਮਹੀਨਿਆਂ ਬਾਅਦ ਬਲਵੰਤ ਦੀ ਲੜਕੀ ਦਾ ਘਰ ਵਾਲਾ ਅਚਾਨਕ ਮਰ ਗਿਆ
ਹੁਣ ਪੇਕਿਆਂ ਨੂੰ ਗਮੀ ਦਾ ਸੁਨੇਹਾ ਆਇਆ ਕੀ ਜਲਦੀ ਆਓ
ਤਾਂ ਅੱਗੋਂ ਸਵਾਲ ਸੀ ਕੀ ਸਾਡੇ ਕੋਲ ਪੇਂਟ ਕੋਟ ਨਹੀਂ
ਲੜਕੀ ਆਪਣੇ ਕੀਤੇ ਤੇ ਪਛਤਾਵਾ ਸੀ ਅਤੇ ਕੋਈ ਜਵਾਬ ਨਹੀਂ ਸੀ

ਸੱਤਪਾਲ ਸਿੰਘ ਧਾਲੀਵਾਲ

...
...

ਜੇਕਰ ਅੱਜ ਮੈਨੂੰ ਕੋਈ ਬੰਦਾ ਪੁੱਛੇ ਜਾਂ ਕਈ ਵਾਰ ਕੋਈ ਪੁੱਛ ਵੀ ਲੈਂਦਾ ਹੈ। ਕੀ ਵੀਰ ਜੀ ਤੁਸੀ ਅੱਜ mother day ਤੇ ਆਪਣੀ ਮਾਂ ਦੀ ਕੋਈ ਤਸਵੀਰ ਨੈੱਟ,ਤੇ ਨਹੀ ਪਾਈ ਕੀ ਤੁਹਾਨੂੰ ਆਪਣੀ ਮਾਂ ਨਾਲ ਪਿਆਰ ਨਹੀ ਜਾਂ ਤੁਹਾਨੂੰ ਆਪਣੀ ਮਾਂ ਚੰਗੀ ਨਹੀ ਲੱਗਦੀ ਤਾਂ ਮੈ ਏਹੀ ਕਹਾਂਗਾ ਚਲੋ ਮਨ ਲਵੋ ਕੀ ਮੈ ਨੈੱਟ ਦੇ ਉੱਤੇ ਆਪਣੀ ਮਾਂ ਦੀ ਤਸਵੀਰ ਪਾ ਦੇਨਾ ਵਾਂ। ਪਰ ਇੱਥੋ ਪਤਾ ਲੱਗ ਜਾਵੇਗਾ ਕੀ ਮੈਂ ਆਪਣੀ ਮਾਂ ਨੂੰ ਪਿਆਰ ਕਰਦਾ ਜਾ ਨਹੀ । ਇੱਕ ਗੱਲ ਹੋਰ ਜਦੋ ਇਹ mobile phone ਜਾਂ ਇੰਟਰਨੈੱਟ ਨਹੀ ਹੁੰਦੇ ਸੀ ਉਦੋ ਕਿਹੜਾ ਕੋਈ ਤਸਵੀਰ ਪਾਉਂਦਾ ਸੀ। ਕੀ ਉਦੋ ਕਿਸੇ ਨੂੰ ਆਪਣੇ ਮਾਂ-ਪਿਉ ਨਾਲ ਪਿਆਰ ਨਹੀ ਸੀ। ਇਹ ਜੋ ਮਾਂ-ਪਿਉ ਪ੍ਤੀ ਸਾਡਾ ਪਿਆਰ ਸ਼ੋਸ਼ਲ ਮੀਡੀਆ ਤੇ ਤਸਵੀਰਾਂ ਪਾ ਕੇ ਜਤਾਇਆ ਜਾ ਰਿਹਾ ਹੈ ਇਹੀ ਪਿਆਰ ਕਿਤੇ ਅਸਲ ਜਿੰਦਗੀ ਵਿੱਚ ਕੀਤਾ ਜਾਵੇ ਤਾਂ ਦੁਨੀਆਂ ਸਵਰਗ ਤੋ ਘੱਟ ਨਹੀ ਹੋਵੇਗੀ।

ਗੁਰਪਰੀਤ ਸਿੰਘ

...
...

ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ , ਇਹ ਕਹਾਣੀ ਮੇਰੇ ਖੁਦ ਨਾਲ ਬੀਤੀ ਹੈ | ਮੈਂ ਇਹ ਕਹਾਣੀ ਇਸ ਲਈ ਸ਼ੇਅਰ ਕਰਨਾ ਚਾਹੁੰਦੀ ਸੀ ਤਾਂ ਜੋ ਜੋ ਮੇਰੇ ਨਾਲ ਹੋਇਆ ਹੋਰ ਕਿਸੇ ਨਾਲ ਨਾ ਹੋਵੇ , ਸ਼ਾਇਦ ਕੋਈ ਮੇਰਾ ਵੀਰ ਮੇਰੀ ਕਹਾਣੀ ਪੜ੍ਹ ਕੇ ਸ਼ਰਾਬ ਛੱਡ ਜਾਵੇ | ਸ਼ੁਰੂ ਕਰਦੀ ਆ ਮੇਰੀ ਕਹਾਣੀ
ਮੇਰਾ ਵਿਆਹ 2005 ਚ ਹੋਇਆ ਸੀ , ਮੁੰਡਾ ਮਨੀਲੇ (ਫ਼ਿਲਿਪੀੰਸ) ਚ ਰਹਿੰਦਾ ਸੀ , ਸੋ ਇਕ ਸਾਲ ਬਾਅਦ ਮੈਂ ਵੀ ਮਨੀਲਾ ਚਲੀ ਗਈ , ਉਹ ਰੋਜ਼ ਹੀ ਸ਼ਰਾਬ ਪੀਂਦੇ ਸੀ
ਜੇ ਮੈਂ ਰੋਕਦੀ ਤਾਂ ਰੋਜ਼ ਸ਼ਾਮ ਨੂੰ ਕਿਸੇ ਨਾ ਕਿਸੇ ਬਹਾਨੇ ਬਾਹਰ ਨਿਕਲ ਜਾਂਦੇ ਤੇ ਰਾਤ ਨੂੰ ਸ਼ਰਾਬ ਪੀ ਕੇ ਘਰ ਆਉਂਦੇ ਸੀ , ਮੈਂ ਬਹੁਤ ਪ੍ਰੇਸ਼ਾਨ ਰਹਿੰਦੀ ਸੀ , ਪਰ ਮੇਰੀ ਸਾਰੀ ਖੁਸ਼ੀ ਮੇਰੇ ਪੁੱਤਰ ਚ ਵਸਦੀ ਸੀ ਜਿਸਨੇ ਮਨੀਲੇ ਆ ਕੇ ਜਨਮ ਲਿਆ ਸੀ ,
ਸਭ ਕੁਛ ਠੀਕ ਚਲ ਰਿਹਾ ਸੀ ਮੈਂ ਜਿਵੇ ਮਰਜ਼ੀ ਆਪਣੇ ਪਤੀ ਨਾਲ ਰਹਿ ਰਹੀ ਸੀ ,
ਫੇਰ ਮੇਰੀ ਜ਼ਿੰਦਗੀ ਦਾ ਸਭ ਤੋਂ ਮਾੜਾ ਦਿਨ ਜਿਹਨੂੰ ਮੈਂ ਸਾਰੀ ਜ਼ਿੰਦਗੀ ਨੀ ਭੁੱਲ ਸਕਦੀ , ਰਾਤ ਦੇ 2 ਕ ਵਜੇ ਸੀ , ਅਚਾਨਕ ਮੇਰਾ ਪੁੱਤਰ ਉੱਚੀ ਉੱਚੀ ਰੋਂ ਲੱਗ ਗਿਆ ,
ਮੈਂ ਬਹੁਤ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ , ਦੁੱਧ ਪਿਲਾਇਆ ਪਰ ਕੋਈ ਗੱਲ ਨੀ ਬਣੀ
ਮੈਂ ਆਪਣੇ ਪਤੀ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਕ ਹਸਪਤਾਲ ਚੋਂ ਦਵਾਈ ਲੈ ਆਈਏ , ਪਰ ਰੋਜ਼ ਦੀ ਤਰਾਂ ਉਹ ਅੱਜ ਵੀ ਪੀ ਕੇ ਪਏ ਸਨ ਕੋਈ ਹੋਸ਼ ਨਹੀਂ
ਮੈਂ ਕਾਫੀ ਚਿਰ ਅਵਾਜ਼ਾਂ ਮਾਰ ਕੇ ਹਟ ਗਈ , ਮੈਂ ਖੁਦ ਵੀ ਨੀ ਜਾ ਸਕਦੀ ਸੀ , ਨਾ ਤਾਂ ਮੈਨੂੰ ਗੱਡੀ ਸਕੂਟਰੀ ਚਲਾਉਣੀ ਆਉਂਦੀ ਸੀ , ਨਾ ਸਾਨੂ ਇਥੇ ਹੋਰ ਕੋਈ ਜਾਣਦਾ ਸੀ ਜਿਸਨੂੰ ਆਵਾਜ਼
ਮਾਰ ਲੈਂਦੀ , ਥੋੜੀ ਦੇਰ ਬਾਅਦ ਮੇਰੇ ਪੁੱਤਰ ਦੀ ਰੋਣ ਦੀ ਆਵਾਜ਼ ਵੀ ਬੰਦ ਹੋ ਗਈ , ਤੇ ਫੇਰ ਉਹ ਕਦੇ ਵੀ ਨੀ ਰੋਇਆ ,
ਜੇ ਉਹ 1 ਘੰਟਾ ਬਰਬਾਦ ਨਾ ਹੁੰਦਾ , ਮੇਰੇ ਪਤੀ ਨੇ ਨਾ ਪੀਤੀ ਹੁੰਦੀ ਅਸੀਂ ਸਮੇਂ ਤੇ ਹਸਪਤਾਲ ਪਹੁੰਚ ਜਾਣਾ ਸੀ
ਤੇ ਸ਼ਾਇਦ ਮੇਰਾ ਬੇਟਾ ਅੱਜ ਜੀਉਂਦਾ ਹੁੰਦਾ ,
ਉਸਤੋਂ ਬਾਅਦ ਮੈਂ ਆਪਣੇ ਪਤੀ ਨੂੰ ਛੱਡ ਦਿੱਤਾ , ਉਸਨੇ ਮੈਨੂੰ ਬਹੁਤ ਮਨਾਉਣ ਦੀ ਕੋਸ਼ਿਸ ਕੀਤੀ ਕੇ ਹੁਣ ਉਸਨੇ ਸ਼ਰਾਬ ਛੱਡ ਦਿੱਤੀ ਆ
ਪਰ ਹੁਣ ਸਿਰਫ ਮੈਨੂੰ ਮੇਰੇ ਪੁੱਤਰ ਦਾ ਕਾਤਿਲ ਲਗਦਾ , ਮੈਂ ਆਪਣਾ ਕੰਮ ਕਰਦੀ ਆ ਤੇ ਆਪਣੇ ਬੇਟੇ ਦੀਆਂ ਯਾਦਾਂ ਨਾਲ ਦਿਨ ਕੱਢ ਰਹੀ ਆ
ਮੇਰੇ ਸਾਰੇ ਵੀਰਾ ਨੂੰ ਹੀ ਬੇਨਤੀ ਆ ਕੇ ਜੇ ਤੁਹਾਨੂੰ ਕਿਸੇ ਨੇ ਆਪਣੀ ਧੀ , ਕਿਸੇ ਦੀ ਧੀ ਨੇ ਆਪਣੀ ਸਾਰੀ ਜ਼ਿੰਦਗੀ ਦਿੱਤੀ ਆ ਉਸਨੂੰ ਵੀ ਅਹਮੀਅਤ ਦਿਓ
ਸ਼ਰਾਬ ਨੇ ਸਾਰੇ ਰਿਸ਼ਤੇ ਤੋਢ਼ਨੇ ਨੇ ਕਦੇ ਜੋੜਨੇ ਨਹੀਂ
ਧੰਨਵਾਦ (ਰਾਜਦੀਪ ਕੌਰ)

...
...

ਮੈਨੂੰ ਪੱਕਾ ਯਕੀਨ ਸੀ ਕੇ ਉਸਨੇ ਮੈਥੋਂ ਸੌ ਦਾ ਨੋਟ ਫੜਿਆ ਹੈ..
ਹੁਣ ਪੰਜਾਹਾਂ ਦੀ ਸਬਜੀ ਤੁਲਵਾ ਜਦੋਂ ਆਪਣਾ ਪੰਜਾਹ ਰੁਪਏ ਦਾ ਬਕਾਇਆ ਮੰਗਿਆ ਤਾਂ ਆਖਣ ਲੱਗਾ ਬੀਬੀ ਜੀ “ਅੱਲਾ ਕਸਮ” ਆਪ ਨੇ ਮੁਝੇ ਕੋਈ ਪੈਸੇ ਦੀਏ ਹੀ ਨਹੀਂ..ਆਪ ਅੱਛੇ ਸੇ ਯਾਦ ਕੀਜੀਏ..”

ਮੈਂ ਇੱਕ ਵਾਰ ਫੇਰ ਆਪਣਾ ਪਰਸ ਚੰਗੀ ਤਰਾਂ ਵੇਖਿਆ..
ਕੁਝ ਚਿਰ ਪਹਿਲਾ ਹੀ ਤਾਂ ਸੌ ਸੌ ਦੇ ਦੋ ਨੋਟ ਮੈਂ ਆਪ ਵੇਖੇ ਸਨ..ਹੁਣ ਤਾਂ ਅੰਦਰ ਸਿਰਫ ਇੱਕੋ ਨੋਟ ਹੀ ਸੀ..!

ਮੈਂ ਇੱਕ ਵਾਰ ਫੇਰ ਗੁੱਸੇ ਵਿਚ ਆ ਗਈ..”ਮੁਸਲਮਾਨ ਹੋ ਕੇ ਅੱਲਾ ਦੀ ਝੂਠੀ ਕਸਮ ਖਾਂਦਾ ਏ..ਰੱਬ ਦਾ ਖੌਫ ਖਾ ਕੁਝ..”

ਏਨੇ ਨੂੰ ਆਲੇ ਦਵਾਲੇ ਲੋਕ ਇੱਕਠੇ ਹੋਣੇ ਸ਼ੁਰੂ ਹੋ ਗਏ..

ਅਚਾਨਕ ਹੀ ਭੀੜ ਵਿਚੋਂ ਇਕ ਹੌਲੀ ਜਿਹੀ ਉਮਰ ਦਾ ਮੁੰਡਾ ਨਿੱਕਲਿਆ..
ਉਸਨੂੰ ਸ਼ਾਇਦ ਸਾਰੀ ਗੱਲ ਪਤਾ ਸੀ..ਉਸਨੇ ਆਉਂਦਿਆਂ ਹੀ ਉਸਨੂੰ ਜ਼ੋਰ ਦਾ ਥੱਪੜ ਮਾਰਿਆ..ਉਹ ਕਿੰਨੀ ਦੂਰ ਜਾ ਡਿੱਗਾ..!

ਫੇਰ ਉਸਨੇ ਉਸਦੇ ਗੱਲੇ ਵਿਚੋਂ ਕਿੰਨੇ ਸਾਰੇ ਨੋਟ ਕੱਢੇ..

ਮੈਨੂੰ ਪੰਜਾਹਾਂ ਦਾ ਨੋਟ ਫੜਾਉਣਾ ਹੋਇਆ ਆਖਣ ਲੱਗਾ ਤੁਸੀਂ ਹੁਣ ਜਾਓ..ਅਸੀ ਭੇਜਦੇ ਹਾਂ ਇਸ ਗੱਦਾਰ ਨੂੰ ਪਾਕਿਸਤਾਨ..!

ਬਾਕੀ ਦੇ ਸਾਰੇ ਪੈਸੇ ਉਸਨੇ ਮੇਰੇ ਸਾਮਣੇ ਹੀ ਆਪਣੀ ਜੇਬ ਵਿਚ ਪਾ ਲਏ..

ਮੈਂ ਆਖਣਾ ਚਾਹਿਆ ਕੇ ਤੂੰ ਗਲਤ ਕਰ ਰਿਹਾ ਪਰ ਮੇਰੀ ਪੇਸ਼ ਨਾ ਗਈ..ਫੇਰ ਕਿੰਨੀ ਸਾਰੀ ਭੀੜ ਨੇ ਉਸ ਸਬਜੀ ਵਾਲੇ ਨੂੰ ਘੇਰ ਲਿਆ..!
ਰੌਲਾ ਪੈਂਦਾ ਵੇਖ ਰਿਖਸ਼ੇ ਵਾਲਾ ਕਾਹਲਾ ਪੈ ਗਿਆ..ਘਰੇ ਜਾਂਦੀ ਹੋਈ ਸੋਚ ਹੀ ਰਹੀ ਸਾਂ ਕੇ ਦੋਹਾਂ ਵਿਚੋਂ ਵੱਡਾ ਚੋਰ ਕੌਣ ਸੀ..?

ਅਚਾਨਕ ਹੀ ਖਿਆਲ ਆਇਆ..
ਪਰਸ ਵਿਚ ਰਖਿਆ ਇੱਕ ਹੋਰ ਨਿੱਕਾ ਪਰਸ ਖੋਹਲ ਉਸਨੂੰ ਵੇਖਣ ਲੱਗੀ..
ਅੰਦਰ ਖੂੰਜੇ ਵਿਚ ਸੌ ਦਾ ਇੱਕ ਨੋਟ ਵੇਖ ਆਂਦਰਾਂ ਨੂੰ ਕਾਹਲ ਜਿਹੀ ਪਈ..ਰਿਕਸ਼ੇ ਵਾਲੇ ਨੂੰ ਆਖਿਆ ਹੁਣੇ ਹੀ ਵਾਪਿਸ ਮੋੜ ਤੇ ਮੈਨੂੰ ਓਥੇ ਲੈ ਕੇ ਚੱਲ..!

ਓਥੇ ਅੱਪੜੀ ਤਾਂ ਭੀੜ ਖਿੰਡ ਚੁਕੀ ਸੀ..
ਉਹ ਸਬਜੀ ਵਾਲਾ ਵੀ ਓਥੇ ਨਹੀਂ ਸੀ ਦਿਸ ਰਿਹਾ..
ਬਸ ਖਿੱਲਰੀ ਹੋਈ ਸਬਜੀ ਅਤੇ ਪੁੱਠੀ ਹੋਈ ਉਸਦੀ ਰੇਹੜੀ ਸਾਰੀ ਕਹਾਣੀ ਬਿਆਨ ਕਰ ਰਹੀਆਂ ਸਨ..!
ਹੁਣ ਮੈਨੂੰ ਆਪਣਾ ਆਪ ਚੋਰ ਵੀ ਤੇ ਕਾਤਿਲ ਵੀ ਲੱਗ ਰਿਹਾ ਸੀ..
ਸਾਰੀ ਉਮਰ ਵੈਸ਼ਨੂੰ ਭੋਜਨ ਖਾਣ ਵਾਲੀ ਨੂੰ ਇੰਝ ਲੱਗ ਰਿਹਾ ਸੀ ਜਿੱਦਾਂ ਮੈਂ ਇੱਕ ਜਿਉਂਦਾ ਜਾਗਦਾ ਇਨਸਾਨ ਨਿਗਲ ਗਈ ਹੋਵਾਂ..!

ਸੋ ਦੋਸਤੋ ਇਹ ਤਾਂ ਸੀ ਲੰਘੇ ਮਾਰਚ ਦੇਸ਼ ਦੇ ਕੁਝ ਹਿੱਸਿਆਂ ਵਿਚ ਵਗੀ ਜਨੂੰਨੀ ਹਨੇਰੀ ਦੇ ਦੌਰਾਨ ਵਾਪਰੀ ਇੱਕ ਸੱਚੀ ਘਟਨਾ ਦਾ ਵੇਰਵਾ ਪਰ ਸਵੈ-ਚਿੰਤਨ ਕੀਤਿਆਂ ਏਨੀ ਗੱਲ ਤੇ ਸਾਫ ਹੋ ਜਾਂਦੀ ਏ ਕੇ ਸਾਡੇ ਆਪਣੇ ਘਰਾਂ ਵਿਚ ਜਦੋਂ ਕਦੇ ਕੋਈ ਕੀਮਤੀ ਚੀਜ ਅੱਖੋਂ ਓਹਲੇ ਹੋ ਜਾਵੇ ਤਾਂ ਪਹਿਲਾ ਸ਼ੱਕ ਚਿਰਾਂ ਤੋਂ ਪੋਚੇ ਲਾਉਂਦੀ ਕੰਮ ਵਾਲੀ ਤੇ ਹੀ ਜਾਂਦਾ ਏ..!

ਹਰਪ੍ਰੀਤ ਸਿੰਘ ਜਵੰਦਾ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)