Posts Uploaded By ਬੱਚਿਆਂ ਦੀਆਂ ਕਹਾਣੀਆਂ

Sub Categories

ਬਜ਼ੁਰਗ ਆਸ਼ਰਮ ਵਿਚ ਸਾਰੇ ਖੁਸ਼ ਸਨ ।ਖੁਸ਼ ਵੀ ਕਿਉੰ ਨਾ ਹੁੰਦੇ ,ਅੱਜ ਕਈਂ ਦਿੰਨਾਂ ਬਾਅਦ ਉਨ੍ਹਾਂ ਨੂੰ ਫ਼ਲ ਖਾਣ ਨੂੰ ਮਿਲ ਰਹੇ ਸਨ।
“ਲਓ ਮਾਂ ਜੀ।” ਸੰਤਰਾ ਤੇ ਕੇਲਾ ਦਿੰਦਾ ਹੋਏ ਦਾਨੀ ਨੌਜਵਾਨ ਨੇ ਕਿਹਾ।
ਮਾਂ ਜੀ, ਸ਼ਬਦ ਸੁਣਕੇ ਉਸਦੀਆਂ ਅੱਖਾਂ ਵਿਚੋਂ ਹੰਝੂ ਵਗਣ ਲੱਗੇ ਤੇ ਉਹ ਫੁੱਟ-ਫੁੱਟ ਕੇ ਰੋਣ ਲੱਗੀ ।
“ਕੀ ਹੋਇਆ?” ਉਸਦੇ ਨਾਲ ਬੈਠੀ ਉਸਦੀ ਬਜ਼ੁਰਗ ਸਾਥਣ ਨੇ ਕਿਹਾ ।
“ਕੁਝ ਨਹੀਂ।” ਉਸਨੇ ਆਪਣੇ ਹੰਝੂ ਛੁਪਾਂਉਂਦੇ ਹੋਏ ਕਿਹਾ।
“ਆਸ਼ਰਮ ਵਿਚ ਅਸੀਂ ਤਾਂ ਇਕ ਦੂੱਜੇ ਦੇ ਦੁੱਖ-ਸੁੱਖ ਦੇ ਸਾਥੀ ਹਾਂ। ਆਪਣਾ ਦੁੱਖ ਮੇਰੇ ਨਾਲ ਸਾਂਝਾ ਕਰ ਲਉ। ਸਕੂਨ ਮਿਲੇਗਾ।”
ਮਾਂ ਜੀ, ਸ਼ਬਦ ਸੁਣਦੇ ਹੀ ਮੇਰੀਆਂ ਅੱਖਾਂ ਸਾਹਮਣੇ ਮੇਰੇ ਬੇਟੇ ਦੀ ਤਸਵੀਰ ਤਾਜ਼ਾ ਹੋ ਗਈ। ਜਿਸ ਨੂੰ ਕਿਸੇ ਵੇਲੇ ਜਨਮ ਦੇਣ ਲਈ ਮੈਂ ਦੋ ਲੜਕੀਆਂ ਨੂੰ ਜਨਮ ਤੋਂ ਪਹਿਲਾਂ ਮਾਰ ਦਿੱਤਾ ਸੀ। ਹਾਏ! ਹਾਏ! ਮੈਂ ਪਾਪਣ ਨੇ ਲੜਕੀਆਂ ਦੀ ਕਬਰ ਤੇ ਜਿਹੜੀ ਜਿੰਦਗੀ ਉਸਾਰੀ ਉਸ ਲੜਕੇ ਨੇ ਮੰਨੂੰ ਹੀ ਘਰੋਂ ਕੱਢ ਦਿੱਤਾ। ਹਾਏ ! ਹਾਏ ! ਮੈਨੂੰ ਕਿੱਥੇ ਸਕੂਨ ਮਿਲਣਾ ਏ ?
ਉਸਦੀ ਸਾਥਣ ਕੋਲ ਵੀ ਹੁਣ ਉਸਨੂੰ ਦਿਲਾਸਾ ਦੇਣ ਲਈ ਕੋਈ ਸ਼ਬਦ ਨਹੀਂ ਸੀ ।
…. ………ਭੁਪਿੰਦਰ ਕੌਰ ‘ਸਢੌਰਾ’

...
...

ਬੀਜੀ ਦੀ ਇੱਕ ਅਜੀਬ ਆਦਤ ਹੋਇਆ ਕਰਦੀ..
ਘਰੇ ਮੈਂ ਜੋ ਮਰਜੀ ਪਾ ਕੇ ਤੁਰੀ ਫਿਰਦੀ ਰਹਾਂ..ਕਦੀ ਕੁਝ ਨਾ ਆਖਦੀ ਪਰ ਕਿਸੇ ਵਿਆਹ ਸ਼ਾਦੀ ਅਤੇ ਮੰਗਣੇ ਤੇ ਗਈ ਦਾ ਸਾਰਾ ਧਿਆਨ ਬੱਸ ਮੇਰੇ ਵੱਲ ਹੀ ਲੱਗਾ ਰਹਿੰਦਾ..!
ਕਦੀ ਕੋਲੋਂ ਲੰਘਦੀ ਨੂੰ ਸੈਨਤ ਮਾਰ ਕੋਲ ਸੱਦ ਲੈਂਦੀ..
ਫੇਰ ਆਖਿਆ ਕਰਦੀ ਆਪਣੀ ਚੁੰਨੀ ਸਹੀ ਕਰ..ਕਦੀ ਆਖਦੀ “ਜੇ ਅੱਜ ਫਲਾਣੇ ਸੂਟ ਨਾਲ ਫਲਾਣੀ ਚੁੰਨੀ ਲਈ ਹੁੰਦੀ ਤਾਂ ਬੜੀ ਵਧੀਆ ਲੱਗਣੀ ਸੀ..
ਕਦੀ ਕਿਸੇ ਵੱਲ ਇਸ਼ਾਰਾ ਕਰ ਆਖਣ ਲੱਗਦੀ “ਵੇਖ ਕਿੱਡੀ ਸੋਹਣੀ ਲੱਗਦੀ ਏ..ਸੂਟ ਤੇ ਕਢਾਈ ਵੇਖ..ਜੁੱਤੀ ਵੇਖ..ਮੂੰਹ ਤੇ ਮੇਕਅਪ ਵੇਖ..ਜੂੜਾ ਵੇਖ..ਵਗੈਰਾ ਵਗੈਰਾ!
ਮੈਨੂੰ ਗੁੱਸਾ ਚੜ ਜਾਂਦਾ ਪਰ ਉਸਦੇ ਕੋਲ ਬੈਠੀ ਰਿਸ਼ਤੇਦਾਰੀ ਵੱਲ ਵੇਖ ਅੰਦਰੋਂ ਅੰਦਰ ਪੀ ਜਾਇਆ ਕਰਦੀ..
ਫੇਰ ਵੀ ਜਾਂਦਿਆਂ ਜਾਂਦਿਆਂ ਏਨੀ ਗੱਲ ਜਰੂਰ ਆਖ ਦਿੰਦੀ ਕੇ “ਬੀਜੀ ਤੈਨੂੰ ਤੇ ਆਪਣੀ ਕੁੜੀ ਕਦੀ ਵੀ ਚੰਗੀ ਨਾ ਲੱਗੀ”
ਉਸਨੂੰ ਪਤਾ ਲੱਗ ਜਾਇਆ ਕਰਦਾ ਕੇ ਹੁਣ ਇਹ ਘਰੇ ਜਾ ਕੇ ਪੱਕਾ ਕਲੇਸ਼ ਪਾਊ..

ਫੇਰ ਟਾਂਗੇ ਤੇ ਬੈਠੀ ਨੇ ਮੈਂ ਜਾਣ ਬੁੱਝ ਕੇ ਆਪਣਾ ਧਿਆਨ ਦੂਜੇ ਪਾਸੇ ਕੀਤਾ ਹੁੰਦਾ..
ਉਹ ਬਹਾਨੇ-ਬਹਾਨੇ ਨਾਲ ਬੁਲਾਉਣ ਦੀ ਕੋਸ਼ਿਸ਼ ਕਰਦੀ..

ਮੈਂ ਅੱਗੋਂ ਨਜਰਅੰਦਾਜ ਕਰਦੀ ਤਾਂ ਮੇਰਾ ਸਿਰ ਆਪਣੀ ਬੁੱਕਲ ਵਿਚ ਲੈ ਕੇ ਪਲੋਸਦੀ..ਲਾਡ ਪਿਆਰ ਕਰਦੀ..ਆਖਦੀ ਮੇਰੀ ਧੀ ਦੇ ਵਾਲ ਕਿੰਨੇ ਸੋਹਣੇ..ਹੱਥ ਕਿੰਨੇ ਗੋਰੇ..ਅੱਖਾਂ ਕਿੰਨੀਆਂ ਮੋਟੀਆਂ..

ਮੈਂ ਗੁੱਸੇ ਨਾਲ ਆਖਦੀ ਓਥੇ ਤੇ ਇਸ ਧੀ ਵਿਚ ਬੜੇ ਨੁਕਸ ਵਿਖ ਰਹੇ ਸਨ..!

ਏਨੇ ਨੂੰ ਸਾਡਾ ਡੇਰਾ ਆ ਜਾਂਦਾ..

ਟਾਂਗੇ ਦੀ ਘੋੜੀ ਆਪਣੇ ਆਪ ਖਲੋ ਜਾਇਆ ਕਰਦੀ..
ਮਾਂ ਪੈਸੇ ਦੇਣ ਵਿਚ ਰੁੱਝ ਜਾਇਆ ਕਰਦੀ ਤੇ ਮੈਂ ਭਰੀ ਪੀਤੀ ਕਾਹਲੇ ਕਦਮੀਂ ਉਸਤੋਂ ਕਿੰਨੀਂ ਵਿਥ ਪਾ ਜਾਇਆ ਕਰਦੀ..!
ਉਹ ਪਿੱਛੋਂ ਟਾਹਰਾਂ ਦਿੰਦੀ ਰਹਿੰਦੀ..ਬੂੰਦੀ,ਸ਼ੱਕਰ ਪਾਰਿਆਂ ਦੇ ਵੱਡੇ ਵੱਡੇ ਝੋਲੇ ਚੁੱਕੀ ਉਸ ਕੋਲੋਂ ਤੁਰਿਆ ਨਾ ਜਾਂਦਾ..ਫੇਰ ਵੀ ਆਪਣੇ ਆਪ ਨੂੰ ਹੌਲੀ ਹੌਲੀ ਧੂੰਹਦੀ ਆਉਂਦੀ!
ਮੈਂ ਬਹਾਨੇ ਜਿਹੇ ਨਾਲ ਮਗਰ ਵੇਖਦੀ..ਕਾਲਜੇ ਨੂੰ ਸੇਕ ਲੱਗਦਾ..ਓਸੇ ਵੇਲੇ ਪਿਛਾਂਹ ਪਰਤ ਉਸਦੇ ਹੱਥੋਂ ਝੋਲੇ ਫੜ ਲਿਆ ਕਰਦੀ ਤੇ ਬਿਨਾ ਕੁਝ ਆਖਿਆ ਤੁਰ ਪੈਂਦੀ..!

ਘਰੇ ਅੱਪੜ ਉਹ ਆਪਣੇ ਲੀੜੇ ਕੱਪੜੇ ਬਦਲ ਲੈਂਦੀ ਪਰ ਮੈਂ ਓਹੋ ਵਿਆਹ ਵਾਲੇ ਗੱਲ ਪਾਈ ਰੱਖਦੀ..
ਉਹ ਮਿੱਠੀ ਜਿਹੀ ਝਿੜਕ ਮਾਰਦੀ “ਜਿਉਣ ਜੋਗੀਏ ਬਦਲ ਲੈ..ਅੱਗੋਂ ਤੇਰੇ ਭੂਆ ਦੇ ਪੁੱਤ ਦਾ ਵਿਆਹ..ਓਦੂੰ ਕੀ ਪਾਵੇਂਗੀ?
ਮੈਂ ਗੁੱਸੇ ਵਿਚ ਆਖਦੀ “ਓਹੀ ਕਿਨਾਰੀ ਵਾਲਾ ਜਿਹੜਾ ਉਸ ਕੁੜੀ ਨੇ ਪਾਇਆ ਸੀ..”

ਉਹ ਅੱਗੋਂ ਚੁੱਪ ਜਿਹੀ ਕਰ ਜਾਇਆ ਕਰਦੀ..
ਸ਼ਾਇਦ ਤੁਰ ਗਏ ਭਾਪਾ ਜੀ ਦਾ ਚੇਤਾ ਆ ਜਾਇਆ ਕਰਦਾ..!
ਉਸਨੂੰ ਕਿੰਨਾ ਚਿਰ ਚੁੱਪ ਵੇਖ ਮੈਨੂੰ ਤਰਸ ਜਿਹਾ ਆ ਜਾਂਦਾ..ਫੇਰ ਰੋਟੀ ਟੁੱਕ ਕਰਦੀ ਹੋਈ ਨੂੰ ਆਣ ਪਿੱਛੋਂ ਜੱਫੀ ਪਾ ਲਿਆ ਕਰਦੀ..
ਉਸਦੀਆਂ ਅੱਖਾਂ ਵਿਚ ਪਾਣੀ ਹੁੰਦਾ..
ਪਤਾ ਨੀ ਕੋਲ ਧੁਖਦੇ ਚੁੱਲੇ ਦੀ ਅੱਗ ਪ੍ਰੇਸ਼ਾਨ ਕਰ ਰਹੀ ਹੁੰਦੀ ਕੇ ਕੋਈ ਅੰਦਰ ਦਾ ਵਲਵਲਾ ਉਸਦੇ ਨੈਣਾ ਵਿਚੋਂ ਬਸੰਤ ਬਹਾਰ ਬਣ ਵਗ ਤੁਰਦਾ..!

ਮੈਨੂੰ ਯਾਦ ਏ ਸਾਂਝੇ ਘਰ ਵਿਚ ਭਾਪਾ ਜੀ ਜਦੋਂ ਵੀ ਕੋਈ ਸੂਟ ਲੈ ਕੇ ਆਉਂਦੇ ਤਾਂ ਕਿੰਨਾ ਕਿੰਨਾ ਚਿਰ ਸਵਾਉਂਦੀ ਨਾ..
ਸੰਦੂਖ ਅੰਦਰ ਪਏ ਦਾ ਖੁਦ ਨੂੰ ਚੇਤਾ ਭੁੱਲ ਜਾਇਆ ਕਰਦਾ ਪਰ ਹੋਰ ਪਾਰਖੂ ਅੱਖੀਆਂ ਨੂੰ ਸਾਰਾ ਕੁਝ ਪਤਾ ਹੁੰਦਾ..
ਓਹਨਾ ਨੂੰ ਇਹ ਵੀ ਪਤਾ ਸੀ ਕੇ ਮਾਂ ਕੋਲੋਂ ਚੀਜ ਕਿੱਦਾਂ ਕਢਾਉਣੀ ਏ..
ਨਿੱਕੀ ਭੂਆ ਆਖਦੀ “ਭਾਬੀ ਤੇਰੇ ਕੋਲ ਉਹ ਜਿਹੜੇ ਪਿਛਲੀ ਵਾਰੀ ਦਾ ਅਨਸੀਤਾ ਪਿਆ..ਮੈਨੂੰ ਦੇ ਦੇ..ਮੇਰੀ ਸਹੇਲੀ ਦਾ ਮੰਗਣਾ..”
ਮਾਂ ਝੱਟ ਕੱਢ ਕੇ ਦੇ ਦਿੰਦੀ..
ਮੈਨੂੰ ਨਿੱਕੀ ਜਿਹੀ ਨੂੰ ਵੱਟ ਚੜ ਜਾਂਦਾ..ਆਖਦੀ ਤੂੰ ਵੀ ਤੇ ਜਾਣਾ..ਆਪ ਕੀ ਪਾਵੇਂਗੀ..?
ਉਹ ਅੱਗੋਂ ਹੱਸ ਛੱਡਦੀ..?
ਪਰ ਭੂਆ ਮੇਰੇ ਵੱਲ ਘੂਰੀ ਵੱਟਦੀ..ਆਖਦੀ ਵੱਡੀ ਮਾਂ ਦੀ ਹੇਜਲੀ..!

ਫੇਰ ਦੱਸਦੇ ਉਸ ਦਿਨ ਵੀ ਮੂੰਹ ਤੇ ਨਿੰਮਾ-ਨਿਮਾਂ ਹਾਸਾ ਹੀ ਸੀ ਜਿਸ ਦਿਨ ਉਹ ਜਹਾਨੋ ਗਈ..!

ਅੱਜ ਸੱਤ ਸਮੁੰਦਰੋਂ ਪਾਰ ਆਪਣੇ ਬਰੋਬਰ ਹੋ ਗਈ ਧੀ ਕਿਸੇ ਗਲੋਂ ਨਰਾਜ ਹੋ ਜਾਵੇ ਤਾਂ ਲੋਹ ਤੇ ਫੁਲਕੇ ਲਾਹੁੰਦੀ ਮਾਂ ਬੜੀ ਚੇਤੇ ਆਉਂਦੀ..
ਫੇਰ ਅਤੀਤ ਦੇ ਘੋੜੇ ਸਵਾਰ ਹੋ ਕੇ ਸੋਚਣ ਲੱਗਦੀ ਹਾਂ ਕੇ ਮੇਰੀ ਵਾਰੀ ਉਹ ਮੈਨੂੰ ਕਿੱਦਾਂ ਮਨਾਉਂਦੀ ਹੁੰਦੀ ਸੀ..
ਫੇਰ ਓਹੀ ਫੋਰਮੁੱਲਾ ਇਥੇ ਲਾਉਂਦੀ ਹਾਂ ਪਰ ਇਸਦੀ ਸੈੱਲ ਫੋਨ ਤੋਂ ਨਜਰ ਹੀ ਨਹੀਂ ਹਟਦੀ..ਉਡੀਕਦੀ ਰਹਿੰਦੀ ਹਾਂ ਕਦੋਂ ਉਹ ਅੱਖੀਆਂ ਮਿਲਾਵੈ ਤੇ ਗੱਲ ਕਰਾਂ..

ਫੁਲਕੇ ਲਾਹੁੰਦੀ ਨੂੰ ਬਿੜਕ ਹੁੰਦੀ ਏ ਕੇ ਸ਼ਾਇਦ ਮਗਰੋਂ ਆ ਕੇ ਕਲਾਵੇ ਵਿਚ ਲੈ ਲਵੇ..ਪਰ ਨਵੇਂ ਜਮਾਨੇ ਦੀਆਂ ਨਵੀਆਂ ਗੱਲਾਂ..!

ਜਿੰਨਾ ਮਰਜੀ ਸਮੇ ਦੀ ਹਾਣ ਬਣ ਉਸਦੀ ਸੋਚ ਦੇ ਬਰੋਬਰ ਹੋਣ ਦੀ ਕੋਸ਼ਿਸ਼ ਕਰਾਂ ਕਿਧਰੇ ਕੋਈ ਨਾ ਕੋਈ ਘਾਟ ਰਹਿ ਹੀ ਜਾਂਦੀ ਏ..
ਫੇਰ ਥੱਕ ਕੇ ਖਲੋ ਜਾਂਦੀ ਹਾਂ ਪਰ ਉਹ ਕਦੀ ਵੀ ਮੇਰੇ ਭਰੇ ਹੋਏ ਝੋਲੇ ਚੁੱਕਣ ਵਾਪਿਸ ਨਹੀਂ ਮੁੜਦੀ..!
ਫੇਰ ਜੀ ਕਰਦਾ ਵਾਪਿਸ ਪਰਤ ਆਪਣੀ ਵਾਲੀ ਨੂੰ ਕਲਾਵੇ ਵਿਚ ਲੈ ਲਵਾਂ ਪਰ ਪੁੱਲਾਂ ਹੇਠੋਂ ਇੱਕ ਵਾਰ ਲੰਘ ਗਏ ਮੁੜ ਪਰਤ ਕੇ ਕਿਧਰੇ ਆਉਂਦੇ ਨੇ..!

(ਅਸਲ ਵਾਪਰਿਆ ਬਿਰਤਾਂਤ)
ਹਰਪ੍ਰੀਤ ਸਿੰਘ ਜਵੰਦਾ

...
...

ਉਹਦਾ ਨਾਂ ਭਾਵੇਂ ਸੰਪੂਰਨ ਸਿੰਘ ਸੀ ਪਰ ਪਿਆਰ ਨਾਲ ਸਾਰੇ ਉਸਨੂੰ ਪੂਰਨ ਸਿੰਘ ਹੀ ਆਖਦੇ ਸਨ। ਉਹਨੇ ਆਪਣੇ ਨਾਂ ਵਿਚਲੇ ਅਰਥ ਦੀ ਪੂਰੀ ਲਾਜ ਰੱਖੀ ਸੀ। ਹੈ ਵੀ ਉਹ ਹਰ ਗੱਲ ਵਿੱਚ ਸੰਪੂਰਨ ਸੀ ਭਾਵ ਪੂਰਾ ਸੀ। ਉਹਦੀ ਉਮਰ ਭਾਵੇਂ ਨੱਬੇ ਸਾਲ ਹੀ ਗਈ ਸੀ ਪਰ ਸਰੀਰ ਉਹਦਾ ਪੂਰਾ ਤੰਦਰੁਸਤ ਸੀ। ਉਹ ਆਪਣੇ ਸਮੇਂ ਦਾ ਚੰਗਾ ਪੜਿਆ-ਲਿਖਿਆ ਸੀ। ਸਰਕਾਰੀ ਨੌਕਰੀ ਤਾਂ ਭਾਵੇਂ ਉਸਨੇ ਨਹੀਂ ਕੀਤੀ ਸੀ ਕਿਉਂਕਿ ਉਸ ਸਮੇਂ ਨੌਕਰੀ ਕਰਨਾ ਨਿਖਿਧ ਕਿੱਤਾ ਸਮਝਿਆ ਜਾਂਦਾ ਸੀ ਤੇ ਤਨਖਾਹ ਦੇ ਪੈਸੇ ਵੀ ਬਹੁਤੇ ਨਹੀਂ ਮਿਲਦੇ ਸਨ। ਖੇਤੀਬਾੜੀ ਵਿੱਚ ਉਸਦਾ ਡਾਢਾ ਸੌਂਕ ਸੀ ਕਿਉਂਕਿ ਉਸ ਸਮੇਂ ਖੇਤੀ ਵਿੱਚ ਪੈਸੇ ਚੰਗੇ ਬਚਦੇ ਸਨ ਤੇ ਖਰਚਾ ਕੋਈ ਹੈ ਨਹੀਂ ਸੀ। ਬਾਕੀ ਕਿਰਤ ਕਰਨਾ ਉਸਨੂੰ ਚੰਗਾ ਲੱਗਦਾ ਸੀ। ਉਹਨੇ ਔਖੇ-ਸੌਖੇ ਸਾਰੇ ਸਮੇਂ ਵੇਖੇ ਸੀ। ਉਹਨੇ ਦੇਸ ਦੀ ਗ਼ੁਲਾਮੀ ਤੋਂ ਲੈ ਅਜ਼ਾਦੀ ਤੱਕ ਤੇ ਅਜ਼ਾਦੀ ਤੋਂ ਹੁਣ ਤੱਕ ਦਾ ਲੰਮਾ ਸਫਰ ਮਾਣਿਆ ਸੀ। ਉਹ ਪੋਤਿਆਂ-ਪੜਪੋਤਿਆਂ ਵਾਲਾ ਹੋ ਗਿਆ ਸੀ। ਉਹਨੇ ਕਈ ਪੀੜ੍ਹੀਆਂ ਦਾ ਰੰਗ ਮਾਣਿਆ ਸੀ। ਉਹਨੂੰ ਸਾਦਾ ਜੀਵਨ ਨਾਲ ਗਹਿਰਾ ਲਗਾਵ ਸੀ। ਅੱਜ ਦੀ ਕਾਹਲ ਤੇ ਦਿਖਾਵੇ ਭਰਪੂਰ ਜ਼ਿੰਦਗੀ ਨੂੰ ਉਹ ਫਜ਼ੂਲ ਸਮਝਦਾ ਸੀ। ਜਿਹੜੇ ਢੰਗ ਨਾਲ ਲੋਕਾਂ ਵਿੱਚ ਅੱਜ ਵਿਹਲਾਪਣ,ਫੋਕੀ ਸ਼ੁਹਰਤ ਤੇ ਈਰਖਾਬਾਜੀ ਘਰ ਕਰ ਗਈ ਸੀ, ਇਸਨੂੰ ਉਹ ਬਿਲਕੁੱਲ ਪਸੰਦ ਨਹੀਂ ਕਰਦਾ ਸੀ। ਉਹਦਾ ਵਿਚਾਰ ਸੀ ਕਿ ਬੰਦਾ ਆਪਣੇ ਕੰਮ ਵਿੱਚ ਲੱਗਿਆ ਹੋਵੇ ਤਾਂ ਸਵਾਲ ਨਹੀਂ ਪੈਦਾ ਹੁੰਦਾ, ਐਹੋ ਜਿਹੀਆਂ ਫਜ਼ੂਲ ਗੱਲਾਂ ਸੋਚਣ ਦਾ। ਇਹ ਸਭ ਵਿਹਲੜਾਂ ਦਾ ਧੰਦਾ ਹੈ। ਦਿਖਾਵੇ ਤੇ ਉਹਨੂੰ ਡਾਢੀ ਖਿੱਝ ਚੜਦੀ ਸੀ ਕਿਉਂਕਿ ਗੁਰਬਾਣੀ ਤੇ ਹੋਰ ਧਾਰਮਿਕ ਗਰੰਥਾਂ ਦਾ ਉਹਨੂੰ ਡੂੰਘਾ ਗਿਆਨ ਸੀ। ਉਹ ਸਮਝਦਾ ਸੀ ਕਿ ਦਿਖਾਵਾ ਮਨੁੱਖ ਦੇ ਅਸਲੇ ਨੂੰ ਲੁਕੋ ਲੈਂਦਾ ਹੈ ਤੇ ਮਨੁੱਖ ਦੇ ਅਧਿਆਤਮਿਕ ਗਿਆਨ ਵਿੱਚ ਖੜੋਤ ਆ ਜਾਂਦੀ ਹੈ। ਵਿਆਹ ਸ਼ਾਦੀਆਂ ਤੇ ਹੋਰ ਕਾਰਜਾਂ ਵਿੱਚ ਕੀਤੇ ਜਾਂਦੇ ਦਿਖਾਵੇ ਤੇ ਉਹਨੂੰ ਹਾਸੀ ਵੀ ਆਉਂਦੀ ਸੀ ਕਿਉਂਕਿ ਉਹਨੂੰ ਮਨੁੱਖ ਵਿਚਲੇ ਅਗਿਆਨ ਦਾ ਪਤਾ ਸੀ। ਉਹ ਮਹਿਸੂਸ ਕਰਦਾ ਸੀ ਕਿ ਜਦੋਂ ਮਨੁੱਖ ਨੂੰ ਪੂਰਾ ਗਿਆਨ ਨਾ ਹੋਵੇ ਤਾਂ ਅਧੂਰੇ ਕਾਰਜ ਕਰਨਾ ਉਸਦੀ ਫਿਤਰਤ ਬਣ ਜਾਂਦੀ ਹੈ। ਅੱਜ ਦੀ ਨੌਜਵਾਨ ਪਨੀਰੀ ਤੋਂ ਉਹ ਕਾਫੀ ਚਿੰਤਤ ਸੀ ਜਿਹੜੀ ਨਸ਼ਿਆਂ ਦੀ ਦਲਦਲ ਵਿੱਚ ਧੱਸ ਚੁੱਕੀ ਸੀ। ਉਸਦੇ ਆਪਣੇ ਆਂਢ-ਗੁਆਂਢ ਵਿੱਚ ਅਣਗਿਣਤ ਮੁੰਡੇ ਨਸ਼ੇ ਕਰਦੇ ਸਨ ਤੇ ਜਿਆਦਾ ਡੋਜ ਕਾਰਨ ਮਰ ਗਏ ਸਨ। ਅਜਿਹੇ ਮਾਪਿਆਂ ਨੂੰ ਉਹ ਤਰਸ ਦੀ ਨਿਗਾ ਨਾਲ ਦੇਖਦਾ ਸੀ। ਇਸ ਵਿੱਚ ਕਸੂਰ ਉਹ ਮਾਪਿਆਂ ਦਾ ਵੀ ਸਮਝਦਾ ਸੀ ਜਿਹੜੇ ਆਪਣੇ ਕੰਮ-ਧੰਦੇ ਵਿੱਚ ਇੰਨਾਂ ਰੁੱਝ ਜਾਂਦੇ ਹਨ ਕਿ ਬੱਚਿਆਂ ਦਾ ਉਹਨਾਂ ਨੂੰ ਖਿਆਲ ਹੀ ਰਹਿੰਦਾ ਨਹੀਂ। ਘੱਟੋ-ਘੱਟ ਬੱਚਿਆਂ ਤੇ ਨਿਗਾ ਰੱਖਣੀ ਤਾਂ ਮਾਪਿਆਂ ਨੂੰ ਬਣਦੀ ਹੈ। ਦੁੱਧ ਤੇ ਪੁੱਤ ਵਿਗੜਦਿਆਂ ਬਹੁਤੀ ਦੇਰ ਨਹੀਂ ਲੱਗਦੀ। ਇਹ ਗੱਲਾਂ ਤਾਂ ਅਸੀਂ ਸਿਆਣਿਆਂ ਦੀਆਂ ਸੁਣੀਆਂ ਹੀ ਹਨ। ਕੋਈ ਪੈਸਾ ਔਲਾਦ ਨਾਲੋਂ ਤਾਂ ਜਰੂਰੀ ਨਹੀਂ ਹੈ ਜਿਹੜਾ ਹਰ ਵਕਤ ਹੱਥ ਧੋ ਕੇ ਇਹਦੇ ਮਗਰ ਪਏ ਰਹੋ। ਔਲਾਦ ਦੀ ਵੀ ਖਬਰਸਾਰ ਲੈਣੀ ਬਣਦੀ ਹੈ। ਮਗਰੋਂ ਡੁੱਲੇ ਬੇਰਾਂ ਤੇ ਝੋਰਾ ਕਰਨ ਦਾ ਕੀ ਫਾਇਦਾ। ਉਹ ਸਮਝਦਾ ਸੀ ਕਿ ਛੋਟੇ ਹੁੰਦੇ ਤੋਂ ਬੱਚੇ ਨੂੰ ਗੁਰਬਾਣੀ ਤੇ ਕੰਮ ਦੀ ਲਗਨ ਲਾਈ ਹੋਵੇ, ਸੁਆਲ ਨਹੀਂ ਪੈਂਦਾ ਹੁੰਦਾ ਬੱਚਾ ਵਿਗੜ ਜਾਵੇ। ਉਹਦੇ ਐਡੇ ਵੱਡੇ ਪਰਿਵਾਰ ਵਿੱਚ ਇੱਕ ਜੀਅ ਵੀ ਨਹੀਂ ਨਸ਼ਾ ਕਰਦਾ ਸੀ। ਪਰ ਉਮਰ ਦੇ ਵੱਡੇ ਪੜਾਅ ਤੇ ਪਹੁੰਚਿਆ ਹੋਣ ਕਰਕੇ ਤੇ ਚੰਗੇ ਖਿਆਲਾਂ ਦਾ ਧਾਰਨੀ ਹੋਣ ਕਰਕੇ ਸਾਰਿਆਂ ਨੂੰ ਆਪਣਾ ਸਮਝਦਾ ਸੀ। ਸਭ ਦਾ ਦੁੱਖ-ਸੁੱਖ ਆਪਣਾ ਸਮਝਦਾ ਸੀ। ਬਹੁਤ ਸਾਰੇ ਲੋਕ ਉਸਨੂੰ ਸਿਆਣਾ ਤੇ ਤਜਰਬੇਕਾਰ ਹੋਣ ਕਰਕੇ ਉਸਤੋਂ ਸਲਾਹਾਂ ਲੈਣ ਆਉਂਦੇ ਸਨ ਤੇ ਸਭ ਨੂੰ ਇੱਕ ਰਾਇ ਉਹ ਵਿਸ਼ੇਸ਼ ਦਿੰਦਾ ਸੀ ਕਿ ਜੇ ਤੁਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾ ਲਿਆ ਤਾਂ ਸਮਝੋ ਤੁਹਾਡਾ ਜੀਵਨ ਸਫਲ ਹੈ। ਬਾਕੀ ਮਾਇਆ ਤਾਂ ਆਉਣੀ-ਜਾਣੀ ਖੇਡ ਹੈ, ਇਹਦੇ ਨਾਲ ਕੋਈ ਬਹੁਤਾ ਢਿੱਡ ਨਹੀਂ ਭਰਦਾ। ਆਪਣੀਆਂ ਨਸਲਾਂ ਬਚਾਉਣ ਤੇ ਜੋਰ ਦਿਓ। ਆ ਜਿਹੜੇ ਅੱਜ ਕੱਲ੍ਹ ਦੇ ਮੁੰਡੇ ਹਰ ਵਕਤ ਸੋਸ਼ਲ ਮੀਡੀਏ ਤੇ ਫੋਕੀ ਸ਼ੁਹਰਤ ਲਈ ਆਪਣੀਆਂ ਬੇਫਾਇਦਾ ਪੋਸਟਾਂ ਪਾ ਕੇ ਫੋਕੀ ਮਸ਼ਹੂਰੀ ਚਾਹੁੰਦੇ ਹਨ, ਇਹਦਾ ਕੋਈ ਸੰਤੋਸ਼ਜਨਕ ਨਤੀਜਾ ਨਹੀਂ ਨਿਕਲਣਾ। ਜਿੰਨਾ ਚਿਰ ਇਹ ਵੀਡੀਓ ਬਣਾਉਣ ਤੇ ਪਾਉਣ ਤੇ ਲਾਉਂਦੇ ਹਨ, ਉਨ੍ਹਾਂ ਟਾਈਮ ਮਾਪਿਆਂ ਨਾਲ ਹੱਥ ਵਟਾ ਦੇਣ ਤਾਂ ਘਰ ਦੀ ਕਾਇਆ ਨਾ ਪਲਟ ਜਾਵੇ। ਐਂਵੇਂ ਵੀਡੀਓ ਪਾ ਕੇ ਆਪਣੇ ਵਿਚਾਰ ਦਿਖਾਵੇ ਵਜੋਂ ਹੋਰਾਂ ਨੂੰ ਦੱਸੀ ਜਾਣੇ, ਕੋਈ ਸਿਆਣਪ ਵਾਲੀ ਗੱਲ ਨਹੀਂ ਹੁੰਦੀ। ਇਹ ਤਾਂ ਉਹ ਗੱਲ ਹੈ ਕਿ ਖਾਲੀ ਭਾਂਡੇ ਖੜਕਦੇ ਤੇ ਭਰਿਆ ਨੂੰ ਕਾਹਦਾ ਡਰ। ਇਹ ਸਭ ਕੁੱਝ ਅਸਲ ਵਿੱਚ ਹੋਛੇਪਣ ਦੀਆਂ ਨਿਸ਼ਾਨੀਆਂ ਹਨ। ਉਹਨੇ ਜ਼ਿੰਦਗੀ ਦੇ ਮੁੱਢਲੇ ਪੜਾਅ ਤੋਂ ਲੈ ਕੇ ਅਖੀਰ ਤੱਕ ਇਹੀ ਨਿਚੋੜ ਕੱਢਿਆ ਕਿ ਫੋਕੀ ਸ਼ੁਹਰਤ ਜਾਂ ਫੋਕੀ ਵਡਿਆਈ ਵਿੱਚ ਮਨੁੱਖ ਨੂੰ ਨਾ ਤਾਂ ਅੱਜ ਤੱਕ ਸੁੱਖ ਮਿਲਿਆ ਹੈ ਤੇ ਨਾ ਹੀ ਭਵਿੱਖ ਵਿੱਚ ਸੁੱਖ ਨਸੀਬ ਹੋਣਾ ਹੈ। ਫਿਰ ਵਜਦ ਵਿੱਚ ਆਇਆ ਉਹ ਆਪ ਮੁਹਾਰੇ ਹੀ ਗੁਰਬਾਣੀ ਦੀਆਂ ਇਹ ਪੰਗਤੀਆਂ ਗੁਣਗਣਾਉਣ ਲੱਗ ਪੈਂਦਾ ਹੈ –
ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ।।
ਸਰਬਜੀਤ ਸਿੰਘ ਜਿਉਣ ਵਾਲਾ , ਫਰੀਦਕੋਟ
ਮੋਬਾਇਲ – 9464412761

...
...

ਇਕ ਦਿਨ ਸਵੇਰੇ ਸਵੇਰੇ ਬਜਾਰ ਜਾਉਂਦਿਆ ਰਾਹ ਵਿੱਚ ਮਨ ਬੜੇ ਸੋਚੀ ਜਿਹਾ ਪੈ ਗਿਆ ਜਦ ਵੇਖਿਆ ਕਿ ਇਸ ਸੰਸਾਰ ਵਿੱਚ ਪਰਮਾਤਮਾ ਨੇ ਰਿਜ਼ਕ ਪਾਉਣ ਲਈ ਹਰ ਇਨਸਾਨ ਨੂੰ ਕੋਈ ਨਾ ਕੋਈ ਧੰਦੇ ਲਾਇਆ ਹੋਇਆ ਹੈ।ਕੋਈ ਜੁਤੀਆਂ ਬਣਾ ਰਿਹਾ ਹੈ ਕੋਈ ਚਸ਼ਮੇ ਤੇ ਕੋਈ ਡਾਕਟਰ ਹੈ ਤੇ ਕੋਈ ਕਸਾਈ।ਹਰ ਮਨੁੱਖ ਚਾਹੇ ਉਹ ਚੋਰ ਹੀ ਕਿਉਂ ਨਾ ਹੋਵੇ ਉਹ ਵੀ ਧੰਦੇ ਲਗਿਆ ਹੈ।ਪਰ ਵਿਚਾਰਨ ਯੋਗ ਗੱਲ ਇਹ ਹੈ ਕਿ ਸਾਡਾ ਕੰਮ ਕਾਰ ਕਿਹੋ ਜਿਹਾ ਹੈ।ਅਸਲ ਦੁਨੀਆ ਵਿੱਚ ਸਾਡੀ ਨਜਰਾਂ ਵਿੱਚ ਇੱਕ ਕਸਾਈ ਯਾ ਚੋਰ ਦਾ ਕੰਮਕਾਰ ਘ੍ਰਿਣਾ ਯੋਗ ਹੈ ਪਰ ਜੇ ਕੋਈ ਡਾਕਟਰ ਆਪਣੇ ਮਰੀਜ ਨੂੰ ਆਪਣੀ ਕਮਿਸ਼ਨ ਖਾਤਿਰ ਝੂਠੇ ਟੈਸਟ ਤੇ ਆਪ੍ਰੇਸ਼ਨ ਦਸ ਕੇ ਇਲਾਜ ਕਰ ਰਿਹਾ ਹੈ ਤੇ ਉਹ ਤਾਂ ਉਸ ਕਸਾਈ ਤੋਂ ਵੀ ਵੱਡਾ ਕਸਾਈ ਹੈ ਜੋ ਬਿਨਾ ਛੁਰਾ ਚਲਾਉਂਦਿਆਂ ਹੀ ਆਪਣੇ ਮਰੀਜ ਜੌ ਉਸ ਤੇ ਵਿਸ਼ਵਾਸ ਕਰਦਾ ਹੈ, ਨੂੰ ਵਡ ਰਿਹਾ ਹੈ।
ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਇਸ ਰੋਜਗਾਰ ਦੇ ਸਾਧਨ ਲਈ ਇਕ ਡਾਕਟਰ ਵਕੀਲ ਯਾ ਇਕ ਕਸਾਈ ਕੁਛ ਲੋਕਾਂ ਦਾ ਯਾ ਜਾਨਵਰਾਂ ਦਾ ਹੀ ਨੁਕਸਾਨ ਕਰਦੇ ਹਨ ਪਰ ਅਗਰ ਏਹੀ ਕੰਮ ਅਗਰ ਕੋਈ ਰਾਜਨੀਤਿਕ ਨੇਤਾ ਯਾ ਕਿਸੇ ਪੰਥ ਦਾ ਆਗੂ ਕਰੇ ਤਾਂ ਪੂਰਾ ਦੇਸ਼ ਯਾ ਕੌਮ ਦਾ ਨੁਕਸਾਨ ਹੁੰਦਾ ਹੈ। ਇਸਲਈ ਕਿਸੇ ਬੰਦੇ ਦੇ ਕੰਮਕਾਰ ਤੋਂ ਉਸਦੀ ਪਛਾਣ ਨਹੀਂ ਹੁੰਦੀ ਬਲਕਿ ਉਸ ਕੰਮ ਦੇ ਪ੍ਰਤੀ ਇਮਾਨਦਾਰੀ ਮੁੱਖ ਹੈ। ਉਹ ਆਪਣੇ ਰੋਜਗਾਰ ਤੋਂ ਕੇਵਲ ਆਪਣੀ ਜੀਵਿਕਾ ਹੀ ਨਹੀਂ ਬਲਕਿ ਮਨੁੱਖਤਾ ਦੀ ਭਲਾਈ ਵੀ ਕਰ ਰਿਹਾ ਹੋਵੇ।ਜਿਵੇਂ ਅਸੀਂ ਕੂੜਾ ਚੁੱਕਣ ਵਾਲੇ ਨੂੰ ਬੜੀ ਹੀਣਤਾ ਨਾਲ ਦੇਖਦੇ ਹਾਂ ਪਰ ਉਸ ਦਾ ਰੋਜ਼ਗਾਰ ਸਾਡਾ ਆਸ ਪਾਸ ਸਵਾਰ ਰਿਹਾ ਹੈ ਇਸਲਈ ਬੰਦਾ ਆਪਣੇ ਕੰਮਕਾਰ ਤੋਂ ਨਹੀਂ ਬਲਕਿ ਉਸ ਕੰਮਕਾਰ ਤੋਂ ਹੋਣ ਵਾਲੇ ਨਫੇ ਨੁਕਸਾਨ ਤੋਂ ਪਛਾਣਾ ਜਾਉਣਾ ਚਾਹੀਦਾ ਹੈ ਜੋ ਉਹ ਮਨੁੱਖਤਾ ਲਈ ਕਰਦਾ ਹਾਂ

Submitted By:- ਸਤਨਾਮ ਕੌਰ

...
...

ਸੰਨ 1971 ਦੀ ਘਟਨਾ ਹੈ, ਜਨਰਲ ਜਗਜੀਤ ਸਿੰਘ ਅਰੋੜਾ ਨੇ ਬੰਗਲਾ ਦੇਸ਼ ਆਜ਼ਾਦ ਕਰਵਾਇਆ ਸੀ।
ਤਾਂ ਉਸ ਵਕਤ ਦੁਸ਼ਮਣ ਦੀਆਂ ਫੌਜਾਂ ਕੋਲੋਂ ਹਥਿਆਰ ਸੁਟਵਾ ਕੇ ਉਨ੍ਹਾਂ ਨੂੰ ਕੈਦੀ ਬਣਾ ਲਿਆ ਸੀ ਤੇ ਮੋਰਚਿਆਂ ਵਿੱਚੋਂ ਕੁਝ ਲੜਕੀਆਂ ਮਿਲੀਆਂ
ਜਿਨ੍ਹਾਂ ਦੇ ਸਰੀਰ ਨਗਨ ਅਵਸਥਾ ਵਿੱਚ ਸਨ, ਜੋ ਖਰੋਚ ਖਰੋਚ ਕੇ ਜ਼ਖਮੀ ਕੀਤੇ ਹੋਏ ਸਨ
ਤਮਾਮ ਲੜਕੀਆਂ ਅਰੋੜਾ ਜੀ ਕੋਲ ਭੱਜੀਆਂ ਆਈਆਂ ਤੇ ਪੁਕਾਰਾਂ ਕਰਨ ਲੱਗੀਆਂ ਕਿ ਸਾਨੂੰ ਬਚਾ ਲਵੋ, ਜੀ
ਸਰਦਾਰ ਜਗਜੀਤ ਸਿੰਘ ਜੀ ਨੇ ਹੈਰਾਨ ਹੋ ਕੇ ਕਿਹਾ ਕਿ ਤੁਸੀਂ ਮੈਨੂੰ ਨਹੀਂ ਸਗੋਂ ਇਨ੍ਹਾਂ ਆਪਣੇ ਸਿਪਾਹੀਆਂ ਨੂੰ ਕਹੋ ਕਿ ਇਹ ਤੁਹਾਡੀ ਮਦਦ ਕਰਨ
ਮੈਂ ਤਾਂ ਤੁਹਾਡਾ ਦੁਸ਼ਮਣ ਹਾਂ ਦੂਜੇ ਦੇਸ਼ ਵਿੱਚੋਂ ਲੜਨ ਲਈ ਆਇਆ ਹਾਂ
ਲੜਕੀਆਂ ਨੇ ਗਜ਼ਬ ਦਾ ਜਵਾਬ ਦਿੱਤਾ ਕਿ ਸਾਨੂੰ ਸਾਡਿਆਂ ਕੋਲੋਂ ਹੀ ਤਾਂ ਬਚਾਉਣਾ ਹੈ ਇਨ੍ਹਾਂ ਨੇ ਸਾਨੂੰ ਮੋਰਚਿਆਂ ਵਿੱਚ ਰੱਖ ਕੇ ਸਾਡੀ ਪਤਿ ਹੀ ਬਰਬਾਦ ਨਹੀਂ ਕੀਤੀ ਸਗੋਂ ਸਾਨੂੰ ਨੋਚ ਨੋਚ ਕੇ ਵੀ ਖਾ ਗਏ ਹਨ
ਸਾਨੂੰ ਨਹੀਂ ਪਤਾ ਕਿ ਤੁਸੀਂ ਦੁਸ਼ਮਣ ਹੋ ਜਾਂ ਆਪਣੇ ਹੋ, ਸਾਨੂੰ ਤਾਂ ਬੱਸ ਇਤਨਾ ਹੀ ਪਤਾ ਹੈ ਕਿ ਤੁਹਾਡੇ ਸਿਰ ’ਤੇ ਪੱਗ ਹੈ
ਇਸ ਪੱਗ ਨੂੰ ਬੰਨ੍ਹਣ ਵਾਲਾ ਕਦੇ ਕਿਸੇ ਦੀਆਂ ਧੀਆਂ ਭੈਣਾਂ ਦੀ ਪਤਿ ਨੂੰ ਬਰਬਾਦ ਨਹੀਂ ਕਰਦਾ ਸਗੋਂ ਬਚਾਉਂਦਾ ਹੀ ਹੈ
ਅਰੋੜਾ ਜੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਅਤੇ ਉਨ੍ਹਾਂ ਨੇ ਅੰਦਰ ਹੀ ਅੰਦਰ ਗੁਰੂ ਸਾਹਿਬ ਜੀ ਨੂੰ ਨਮਸ਼ਕਾਰ ਕੀਤੀ ਕਿ ਸਤਿਗੁਰੂ ਜੀ ਮੈਂ ਤਾਂ ਅੱਜ ਤੱਕ ਇੱਕ ਕੱਪੜਾ ਸਮਝ ਕੇ ਹੀ ਬੰਨ੍ਹਦਾ ਰਿਹਾ ਹਾਂ ਪਰ ਅੱਜ ਮੈਨੂੰ ਇਸ ਦੀ ਅਸਲ ਕਦਰ ਕੀਮਤ ਦਾ ਪਤਾ ਲੱਗਿਆ ਹੈ
ਉਨ੍ਹਾਂ ਨੇ ਨਗਨ ਲੜਕੀਆਂ ਦੇ ਸਰੀਰ ਕੱਜ ਕੇ ਉਨ੍ਹਾਂ ਨੂੰ ਨਿਡਰ ਹੋਣ ਦਾ ਹੌਂਸਲਾ ਦਿਵਾਇਆ।
ਪੱਗ ਨੇ ਹੋਰ ਵੀ ਕਈ ਮਾਣਮੱਤੇ ਇਤਿਹਾਸ ਰਚੇ ਹਨ
ਜਿੰਨ੍ਹਾਂ ਨਾਲ ਮਨੁੱਖਤਾ ਦਾ ਸਿਰ ਸਦੀਵੀ ਉੱਚਾ ਹੋ ਜਾਂਦਾ ਹੈ

...
...

ਇੰਗਲੈਂਡ ਦੀਆਂ ਗਰਮੀਆਂ ਦੀ ਸੁਹਾਵਣੀ ਸਵੇਰ , ਐਤਵਾਰ ਦਾ ਦਿਨ ਹੋਣ ਕਰਕੇ ਜ਼ਰਾ ਦੇਰ ਤੱਕ ਸੁਸਤਾਉਣ ਦਾ ਸੋਚਿਆ ਸੀ ਕਿ ਫ਼ੋਨ ਦੀ ਬੈੱਲ ਵੱਜਦੀ ਏ, ਵਟਸਐਪ ਕਾਲ ਏ ਪੰਜਾਬ ਤੋਂ , ਅਜ਼ੀਜ਼ ਦੋਸਤ ਦੀ । ਏਧਰ ਓਧਰ ਦੀਆਂ ਗੱਲਾਂ ਕਰਕੇ ਹੁਣੇ ਜਿਹੇ ਖਤਮ ਹੋਏ ਇੱਕ ਰੌਲੇ ਦਾ ਜ਼ਿਕਰ ਚੱਲ ਪਿਆ , ਸੱਚ ਕੀ ਹੁੰਦਾ ਏ, ਤੇ ਅਸੀਂ ਇੱਕੋ ਪੱਖ ਵੇਖਕੇ ਕਿਵੇ ਧਰਤੀ ਮੂਧੀ ਕਰਨ ਤੱਕ ਜਾਨੇ ਆਂ । ਉਹ ਵੀਰ ਦੱਸ ਰਿਹਾ ਏ , ਕੁਝ ਗੁੱਝੀਆਂ ਰਮਜ਼ਾਂ, ਕਿਵੇ ਕਾਰਪੋਰੇਟ ਸੈਕਟਰ , ਮਨੁੱਖਾਂ ਦੀ ਫਸਲ ਕੱਟਣ ਦੀ ਤਿਆਰੀ ਚ ਏ , ਨਸ਼ਿਆਂ ਦਾ ਕਾਰੋਬਾਰ ਕਿਵੇ ਗਿਣ ਮਿਥ ਕੇ ਸਾਡੀ ਨਸਲਕੁਸ਼ੀ ਕਰ ਰਿਹਾ ਏ,ਕਿਰਦਾਰ ਤਾਂ ਪਹਿਲਾਂ ਈ ਗਰਕ ਚੁੱਕਾ ਏ ।ਵਾੜ ਈ ਖੇਤ ਨੂੰ ਖਾ ਰਹੀ ਏ । ਗੱਲ ਖਤਮ ਹੋਈ । ਫ਼ੋਨ ਸਿਰਹਾਣੇ ਰੱਖ ਲਿਆ ।
ਫਿਰ ਟਨਨ ਦੀ ਆਵਾਜ਼ ਏ, ਵੀਡੀਓ ਸ਼ੇਅਰ ਕੀਤੀ ਏ ਕਿਸੇ ਨੇ । ਸਾਡੇ ਜਾਨ ਓ ਮਾਲ ਦੇ ਰਾਖੇ ਪੁਲਸੀਏ, ਪੰਦਰਾਂ ਕੁ ਜਣੇ ਰਲ ਕੇ ਹੱਡਾਰੋੜੀ ਦੇ ਕੁੱਤਿਆਂ ਦਾ ਰੂਪ ਧਾਰੀ ਖੜੇ ਨੇ , ਇੱਕ ਪਿਓ ਪੁੱਤਰ ਨੂੰ ਛੱਲੀਆਂ ਵਾਂਗ ਝੰਬ ਰਹੇ ਨੇ ।
ਇਹ ਕੁਝ ਦੇਖਿਆ ਈ ਏ ਤਾਂ ਇੱਕ ਹੋਰ ਸੀਨ ਆ ਗਿਆ, ਕੁਝ ਹੱਟੇ ਕੱਟੇ ਬੰਦੇ ਇੱਕ ਔਰਤ ਨੂੰ ਕਸਾਈਆਂ ਵਾਂਗ ਕੋਹ ਰਹੇ ਨੇ , ਮਾਸੂਮ ਦੁਹਾਈ ਪਾ ਰਿਹਾ ਏ ਕਿ ਮੇਰੀ ਮੰਮਾ ਨੇ ਮਰ ਜਾਣਾ ।
ਮੈ ਸੋਚ ਰਿਹਾ ਹਾਂ ਕਿ ਕਿਹੋ ਜਿਹਾ ਦਿਨ ਚੜ੍ਹਿਆ ਏ ਅੱਜ , ਹਾਲੇ ਚਾਹ ਵੀ ਨਹੀ ਪੀਤੀ ਕਿ ਮਨ ਉਦਾਸ ਹੋ ਗਿਆ । ਏਨੀ ਹੈਵਾਨੀਅਤ, ਏਨੀ ਅਫਰਾ ਤਫਰੀ, ਏਨੀ ਬੇਕਿਰਕੀ ।
ਪੰਦਰਾਂ ਕੁ ਸਾਲ ਪਹਿਲਾਂ ,ਜਦੋਂ ਸੋਸ਼ਲ ਮੀਡੀਆ, ਸਮਾਰਟਫੋਨ ਨਹੀ ਸਨ , ਤਾਂ ਸੱਤ ਯੁਰੋ ਦੇ ਕਾਰਡ ਤੋ ਪੈਂਤੀ ਮਿੰਟ ਗੱਲ ਕਰਨੀ ਆਪਣੇ ਵਤਨ। ਟਾਈਮ ਵੰਡ ਕੇ ਫ਼ੋਨ ਕਰਨੇ ਪਰ ਆਨੰਦ ਆ ਜਾਂਦਾ ਸੀ,ਪਰ ਤਕਨਾਲੋਜੀ ਦੇ ਪਸਾਰ ਨੇ ਸਹੂਲਤਾਂ ਦੇ ਕੇ ਸਕੂਨ ਖੋਹ ਲਿਆ ਏ , ਕਿਤੇ ਜ਼ਰਾ ਜਿੰਨੀ ਗੱਲ ਹੁੰਦੀ ਏ ਤਾ ਆਪੇ ਬਣੇ ਕੈਮਰਾਮੈਨ ਲਾਈਵ ਹੋ ਕੇ ਦੁਨੀਆਂ ਤੇ ਲਾਂਬੂ ਲਾ ਦੇਂਦੇ ਨੇ । ਇਹਨਾਂ ਸਹੂਲਤਾਂ ਨੇ ਸਰੀਰ ਨੂੰ ਵਿਹਲਾ ਤੇ ਨਿਕੰਮਾ ਕਰ ਦਿੱਤਾ ਏ ਪਰ ਮਨ ਲਈ ਇੱਕ ਪਲ ਵੀ ਚੈਨ ਨਹੀ ਰਹਿਣ ਦਿੱਤਾ ।
ਹਰ ਵਕਤ ਹਾਲਾ ਲਾਲਾ, ਦਗੜ ਦਗੜ । ਜਾਣੇ ਅਨਜਾਣੇ , ਅਸੀਂ ਵੀ ਪਤਾ ਨਹੀ ਲੱਗਦਾ ਕਦੋ ਇਸ ਨਾ ਮੁੱਕਣ ਵਾਲੀ ਮੈਰਾਥਨ ਚ ਭੱਜ ਪੈਂਦੇ ਆਂ, ਫਿਰ ਹੰਭਦੇ ਆਂ, ਫਿਰ ਭੱਜਦੇ ਆਂ । ਮਨ ਦਾ ਚੈਨ ਜੋ ਅਨਮੋਲ ਏ, ਖੋਹ ਬੈਠੇ ਆਂ। ਇਨਸਾਨ ਨਹੀਂ, ਰੋਬੋਟ ਬਣ ਕੇ ਵਿਚਰ ਰਹੇ ਆਂ, ਜੋ ਕੰਮ ਤਾ ਕਰਦੈ, ਪਰ ਅਹਿਸਾਸ ਤੋ ਹੀਣਾ,ਭਾਵਨਾਵਾਂ ਤੋ ਸੱਖਣਾ ।
ਕਿਤੇ ਘੁੰਮਣ ਫਿਰਨ ਜਾ ਰਹੇ ਆਂ ਤਾਂ ਪੁੱਜਣ ਦੀ ਕਾਹਲ ਚ ਸਫਰ ਦਾ ਆਨੰਦ ਗਵਾ ਲਿਆ, ਕਿਸੇ ਕੋਲ ਮਿਲਣ ਗਏ ਤਾਂ ਜਾ ਕੇ ਵੀ ਫ਼ੋਨ ਚ ਡੁੱਬੇ ਰਹੇ , ਕੋਈ ਮਿਲਣ ਆਇਆ ਏ ਦੂਰ ਦੁਰਾਡਿਓਂ, ਪਰ ਅੱਖਾਂ ਚਿਹਰਿਆਂ ਵੱਲ ਨਹੀ, ਫ਼ੋਨ ਸਕਰੀਨ ਵੱਲ ਬਾਰ ਬਾਰ ਜਾ ਰਹੀਆਂ ਨੇ ।
ਹਕੀਕਤ ਏ ਕਿ ਹਰ ਸ਼ੈਅ ਜ਼ਿੰਦਗੀ ਵਾਸਤੇ ਐ, ਪਰ ਅਸੀਂ ਵਸਤਾਂ ਚ ਜ਼ਿੰਦਗੀ ਰੋਲ ਬੈਠੇ ਆਂ।ਨਿੱਕੇ ਨਿੱਕੇ ਟੁਕੜਿਆਂ ਚ ਵੱਟ ਗਈ ਏ ਜ਼ਿੰਦਗੀ । ਸਹੂਲਤਾਂ ਦੀ ਹਨੇਰੀ ਚ ਸੁਖ ਦਾ ਸਾਹ ਲੈਣਾ ਵੀ ਦੁਸ਼ਵਾਰ ਹੋ ਗਿਆ ਏ ।ਕਿੱਥੇ ਕੁ ਰੁਕਾਂਗੇ ਜਾ ਕੇ , ਰੱਬ ਜਾਣੇ ।

ਦਵਿੰਦਰ ਸਿੰਘ ਜੌਹਲ

...
...

ਉਹ ਕਿਸੇ ਕੰਮ ਬੈੰਕ ਆਈ..
ਡਰਾਈਵਰ ਨੂੰ ਵਾਪਿਸ ਘੱਲ ਦਿੱਤਾ ਕੇ ਕੰਮ ਮੁਕਾ ਕੇ ਫੋਨ ਕਰੂੰ..
ਥੋੜੇ ਚਿਰ ਮਗਰੋਂ ਬਾਹਰ ਨਿਕਲੀ..ਵੇਖਿਆ ਫੋਨ ਦੀ ਬੈਟਰੀ ਡੈਡ ਸੀ..ਨੰਬਰ ਵੀ ਕੋਈ ਯਾਦ ਨਹੀਂ..ਹੁਣ ਕੀ ਕੀਤਾ ਜਾਵੇ?
ਅੱਧੇ ਕਿਲੋਮੀਟਰ ਦੀ ਵਾਟ..ਦੋ ਪੈਰ ਪੁੱਟੇ..ਜੂਨ ਮਹੀਨਾ..ਅੱਤ ਦੀ ਗਰਮੀ..ਛੇਤੀ ਨਾਲ ਫੇਰ ਛਾਵੇਂ ਵਾਪਿਸ ਮੁੜ ਆਈ..
ਕੋਲ ਹੀ ਇੱਕ ਰਿਕਸ਼ੇ ਵਾਲੇ ਨੂੰ ਵਾਜ ਮਾਰੀ…
“ਅਗਲੇ ਮੋੜ ਤੇ ਸੱਜੇ ਮੁੜ ਦੂਜੀ ਕੋਠੀ..ਕਿੰਨੇ ਪੈਸੇ?
“ਦਸ ਰੁਪਈਏ ਜੀ”…
“ਦਸ ਜਿਆਦਾ ਨਹੀਂ..ਆਹ ਹੀ ਤਾਂ ਹੈ..ਦੋ ਮਿੰਟ ਦਾ ਰਾਹ”..
“ਨਹੀਂ ਜੀ ਏਨੀ ਮੰਹਿਗਾਈ ਵਿਚ ਏਦੂੰ ਘੱਟ ਵਾਰਾ ਨੀ ਖਾਂਦਾ..ਅਜੇ ਤੱਕ ਰਿਕਸ਼ੇ ਦਾ ਕਿਰਾਇਆ ਤੱਕ ਪੂਰਾ ਨੀ ਹੋਇਆ..”
ਬਿਨਾ ਜੁਆਬ ਦਿੱਤਿਆਂ ਹੀ ਉਹ ਅੰਦਰ ਆ ਵੜੀ ਤੇ ਆਉਂਦਿਆਂ ਹੀ ਰਿਕਸ਼ੇ ਦੀ ਛਤਰੀ ਉੱਪਰ ਕਰਵਾ ਲਈ..
ਬਾਬਾ ਜੀ ਨੇ ਆਪਣੇ ਸੱਜੇ ਪਹੁੰਚੇ ਨੂੰ ਗੰਢ ਮਾਰ ਪੈਡਲ ਮਾਰਨੇ ਸ਼ੁਰੂ ਕਰ ਦਿੱਤੇ..!
ਕੋਠੀ ਪਹੁੰਚ ਉਹ “ਹਾਇ ਗਰਮੀ” ਆਖ ਛੇਤੀ ਨਾਲ ਅੰਦਰ ਵੜ ਗਈ..ਤੇ ਜਾਂਦਿਆਂ ਆਖ ਗਈ..ਨੌਕਰ ਹੱਥ ਪੈਸੇ ਭੇਜਦੀ ਹਾਂ..”
ਪੰਜਾਂ ਮਿੰਟਾਂ ਮਗਰੋਂ ਨੌਕਰ ਆਇਆ ਤੇ ਉਸਨੂੰ ਪੰਜਾ ਦਾ ਨੋਟ ਫੜਾ ਗੇਟ ਮਾਰ ਲਿਆ..
ਬਾਬਾ ਮਗਰੋਂ ਵਾਜ ਮਾਰਦਾ ਹੀ ਰਹਿ ਗਿਆ..”ਬਾਊ ਜੀ ਗੱਲ ਦਸਾਂ ਦੀ ਹੋਈ ਸੀ..ਇਹ ਤਾਂ ਸਿਰਫ ਪੰਜ ਰੁਪਈਏ ਨੇ”
“ਬੀਬੀ ਜੀ ਆਹਂਦੀ ਸੀ ਏਨੇ ਹੀ ਬਣਦੇ ਨੇ..ਹੁਣ ਤੁਰਦਾ ਹੋ ਨਹੀਂ ਤਾਂ ਲੱਗਾ ਛੱਡਣ ਕੁੱਤਾ..ਮੁੜ ਲਵਾਉਂਦਾ ਫਿਰੀਂ ਟੀਕੇ..”
ਉਸਨੇ ਪਹਿਲਾਂ ਨੋਟ ਵੱਲ ਦੇਖਿਆ ਫੇਰ ਕੋਠੀ ਦੇ ਬੰਦ ਗੇਟ ਵੱਲ…
ਮੁੜ ਮੁੜਕਾ ਪੂੰਝ ਅਗਲੀ ਸਵਾਰੀ ਦੀ ਤਲਾਸ਼ ਵਿਚ ਰਿਕਸ਼ਾ ਮੋੜ ਲਿਆ..ਸ਼ਾਇਦ ਮਨ ਵਿਚ ਸੋਚ ਰਿਹਾ ਸੀ..”ਚੱਲ ਮਨਾਂ..ਇਹ ਕਿਹੜਾ ਅੱਜ ਪਹਿਲੀ ਵਾਰ ਹੋਇਆ”!
ਦੋਸਤੋ ਜੇ ਕਿਸੇ ਮੌਕੇ ਰਿਕਸ਼ੇ,ਰੇਹੜੀ,ਮੋਚੀ ਤੇ ਜਾਂ ਫੇਰ ਕਿਸੇ ਸਬਜੀ ਵਾਲੇ ਨਾਲ ਵਾਹ ਪੈ ਜਾਵੇ ਤਾਂ ਏਦਾਂ ਨਾ ਕੀਤਾ ਜਾਵੇ..ਕਿਓੰਕੇ ਜਦੋਂ ਇਸ ਵਰਗ ਨਾਲ ਧੱਕਾ ਹੁੰਦਾ ਏ ਤਾਂ ਇਹਨਾਂ ਦੀ ਕਿਸੇ ਠਾਣੇ ਚੋਂਕੀ ਜਾਂ ਅਦਾਲਤ ਵਿਚ ਕੋਈ ਸੁਣਵਾਈ ਨਹੀਂ ਹੁੰਦੀ..ਇਹ ਘਟਨਾ ਮੇਰੀ ਅੱਖੀਂ ਵੇਖੀ ਹੈ..!

...
...

ਇੱਕ ਵਾਰ ਇੱਕ ਸੂਝਵਾਨ ਅਧਿਆਪਕ ਨੇ ਬੜਾ ਸੋਹਣਾ ਤਜਰਬਾ ਕੀਤਾ।ਆਪਣੇ ਵਿਦਿਆਰਥੀਆ ਨੂੰ ਕਿਹਾ ਕਿ ਕੱਲ੍ਹ ਨੂੰ , ਹਰੇਕ ਵਿਦਿਆਰਥੀ ਇੱਕ ਇੱਕ ਟਮਾਟਰ ਲੈ ਕੇ ਆਓ ।ਸਭ ਵਿਦਿਆਰਥੀ ਟਮਾਟਰ ਲੈ ਕੇ ਆ ਗਏ । ਅਧਿਆਪਕ ਨੇ ਉਹਨਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਟਮਾਟਰ ਤੇ ਉਸ ਵਿਅਕਤੀ ਦਾ ਨਾਮ ਲਿਖਣ ਜਿਸਨੂੰ ਉਹ ਸਭ ਤੋ ਵੱਧ ਨਫ਼ਰਤ ਕਰਦੇ ਹਨ ।ਵਿਦਿਆਰਥੀਆਂ ਨੇ ਜਦ ਨਾਮ ਲਿਖ ਲਏ ਤਾਂ ਉਸਨੇ ਉਹਨਾਂ ਨੂੰ ਕਿਹਾ ਕਿ ਇਹ ਟਮਾਟਰ ਬਿਨਾ ਕਿਸੇ ਨੂੰ ਦਿਖਾਏ ਪੌਲੀਥੀਨ ਦੇ ਲਿਫ਼ਾਫ਼ਿਆਂ ਚ ਪਾ ਲਵੋ ਤੇ ਆਪਣੇ ਸਕੂਲ ਬੈਗ ਵਿੱਚ ਰੱਖ ਲਵੋ, ਪਰ ਯਾਦ ਰਹੇ, ਜਦ ਤੱਕ ਮੈ ਨਾ ਕਹਾਂ, ਸੁੱਟਣੇ ਨਹੀਂ।ਸਭ ਵਿਦਿਆਰਥੀਆਂ ਨੇ ਹੱਸਦੇ ਹੱਸਦੇ ਇਵੇਂ ਈ ਕੀਤਾ ਪਰ ਕਈ ਦਿਨ ਲੰਘਣ ਤੋ ਬਾਅਦ ਵੀ ਅਧਿਆਪਕ ਨੇ ਟਮਾਟਰ ਸੁੱਟਣ ਬਾਰੇ ਨਾ ਕਿਹਾ, ਨਤੀਜਾ ਕੀ ਹੋਇਆ ਕਿ ਟਮਾਟਰ ਗਲ਼ ਗਿਆ , ਪਾਣੀ ਬਣ ਗਿਆ ਤੇ ਬਦਬੂ ਦੇਣ ਲੱਗਾ , ਜਦ ਵਿਦਿਆਰਥੀ ਰੋਣ ਹਾਕੇ ਹੋ ਗਏ ਤਾਂ ਅਧਿਆਪਕ ਨੇ ਸਭ ਨੂੰ ਬੁਲਾਇਆ ਤੇ ਲਿਫ਼ਾਫ਼ੇ ਕੱਢਣ ਨੂੰ ਕਿਹਾ, ਜਦ ਲਿਫ਼ਾਫ਼ੇ ਖੋਲ੍ਹੇ ਤਾਂ ਸਭ ਪਾਸੇ ਸੜ੍ਹਾਂਦ ਫੈਲ ਗਈ , ਸਭ ਨੇ ਨੱਕ ਤੇ ਰੁਮਾਲ ਰੱਖ ਲਏ , ਜਦ ਦਮ ਘੱਟਣ ਲੱਗਾ ਤਾਂ ਅਧਿਆਪਕ ਨੇ ਸਭ ਨੂੰ ਉਹ ਗਲ਼ੇ ਹੋਏ ਟਮਾਟਰ ਕੂੜਾਦਾਨ ਚ ਸੁੱਟ ਦੇਣ ਲਈ ਕਿਹਾ ।ਹੱਥ ਸਾਫ ਕਰਨ ਤੋ ਬਾਅਦ ਅਧਿਆਪਕ ਨੇ ਸਵਾਲ ਕੀਤਾ ਕਿ ਕੀ ਤੁਸੀਂ ਟਮਾਟਰ ਈ ਸੁੱਟੇ ਨੇ ਜਾਂ ਉਸ ਇਨਸਾਨ ਪ੍ਰਤੀ ਆਪਣੀ ਨਫ਼ਰਤ ਵੀ ਸੁੱਟ ਦਿੱਤੀ ਏ , ਜਿਸਦਾ ਉਹਨਾਂ ਤੇ ਨਾਮ ਲਿਖਿਆ ਸੀ ? ਸਭ ਨੇ ਜਵਾਬ ਕਿ ਨਹੀਂ । ਇਸਤੇ ਅਧਿਆਪਕ ਨੇ ਸਮਝਾਇਆ ਕਿ ਜੇਕਰ ਬਸਤੇ ਅੰਦਰ ਰੱਖਿਆ ਟਮਾਟਰ ਬਦਬੂ ਮਾਰ ਸਕਦਾ ਏ ਤਾਂ ਸੋਚੋ ਕਿ ਸਾਡੇ ਨਾਜ਼ਕ ਹਿਰਦੇ ਦਾ ਕੀ ਹਾਲ ਹੁੰਦਾ ਹੋਵੇਗਾ ਜਿਸ ਵਿੱਚ ਅਸੀਂ ਈਰਖਾ, ਨਫ਼ਰਤ , ਗ਼ੁੱਸਾ,ਸਾੜਾ, ਬੁਰੀਆਂ ਯਾਦਾਂ ਹਮੇਸ਼ਾਂ ਈ ਨਾਲ ਚੁੱਕੀ ਦੁਨੀਆਂ ਵਿੱਚ ਵਿਚਰਦੇ ਹਾਂ ?
ਸਾਡੀ ਸੋਚ ਈ ਸਾਡਾ ਸੰਸਾਰ ਸਿਰਜਦੀ ਏ ਤੇ ਸਾਡੀ ਚੰਗੀ ਜਾਂ ਬੁਰੀ ਸੋਚ ਸਾਡੇ ਚਿਹਰੇ ਮੋਹਰੇ, ਕਾਰ ਵਿਹਾਰ ਚੋ ਝਲਕਦੀ ਏ । ਜਿਵੇਂ ਵਾਲ ਵਾਹੁਨੇ ਹਾਂ, ਵਿਹੜਾ ਸੁੰਵਰਦੇ ਹਾਂ, ਜਾਂ ਕੱਪੜੇ ਧੋਂਦੇ ਆਂ,ਉਵੇਂ ਈ ਇਸ ਹਿਰਦੇ ਦੀ ਸਫਾਈ ਵੀ ਹਰ ਰੋਜ ਨਾਲ ਦੀ ਨਾਲ ਈ ਕਰ ਲੈਣੀ ਬਣਦੀ ਏ । ਕਿਸੇ ਪ੍ਰਤੀ ਵੈਰ ਵਿਰੋਧ, ਕਰੋਧ ਦੀ ਭਾਵਨਾ ਲੈ ਕੇ ਜੀਣ ਵਾਲਾ ਇਨਸਾਨ ਉਸ ਮਨੁੱਖ ਦੀ ਨਿਆਈਂ ਏ, ਜੋ ਆਪਣੀ ਤਲੀ ਤੇ ਬਲਦਾਂ ਹੋਇਆ ਅੰਗਿਆਰ ਲਈ ਫਿਰਦਾ ਏ,ਜਿਸਤੇ ਸੁੱਟਣਾ ਚਾਹੁੰਦਾ ਏ, ਉਸਨੂੰ ਸ਼ਾਇਦ ਪਤਾ ਤੱਕ ਵੀ ਨਹੀ, ਪਰ ਆਪਣਾ ਆਪ ਸਾੜ ਲੈਂਦਾ ਏ ਉਸ ਅੰਗਿਆਰੇ ਦੁਆਰਾ ।
ਗੁਰਬਾਣੀ ਵੀ ਬਾਰ ਬਾਰ ਇਹੀ ਕਹਿੰਦੀ ਏ , ਉਦਾਹਰਣ ਦੇ ਤੌਰ ਤੇ
ਪਰ ਕਾ ਬੁਰਾ ਨਾ ਰਾਖਹੁ ਚੀਤੁ ।
ਫਰੀਦਾ ਮਨੁ ਮੈਦਾਨ ਕਰਿ ।
ਫਰੀਦਾ ਬੁਰੇ ਦਾ ਭਲਾ ਕਰਿ ..
ਜਹਾਂ ਸਫਾਈ ਵਹਾਂ ਖੁੱਦਾਈ ਕਿਹਾ ਜਾਂਦਾ ਏ
ਪਰ ਹਿਰਦੇ ਦੀ ਸਫਾਈ ਤੋ ਬਿਨਾ ਬਾਕੀ ਦੀ ਸਫਾਈ ਅਧੂਰੀ ਏ।
ਜਿੰਦਗੀ ਦੇ ਰਸਤੇ ਨੂੰ ,
ਮੈਂ ਇੰਝ ਸਾਫ ਕਰਿਆ ।
ਦਿਲੋਂ ਮੰਗੀ ਮਾਫ਼ੀ ,
ਦਿਲੋਂ ਈ ਮਾਫ ਕਰਿਆ ।

ਦਵਿੰਦਰ ਸਿੰਘ ਜੌਹਲ

...
...

ਦੱਸ ਰੱਬ ਚੰਗਾ ਜੀਅ ਦੇ ਦਿੰਦਾ ਤਾਂ ਕੀ ਵਿਗੜਦਾ ਉਹਦਾ…..ਪਹਿਲਾਂ ਸੀ ਤਾਂ ਇੱਕ….ਦੂਜੀ ਹੋਰ ਘੱਲਤੀ….ਕਰਮ ਈ ਮਾੜੇ ਸਾਡੇ ਦਾ…..ਆਪ੍ਰੇਸ਼ਨ ਵਾਰਡ ਦੇ ਮੂਹਰੇ ਬੈਠੀ ਹਰਜੀਤ ਦੀ ਸੱਸ ਮੱਥੇ ਤੇ ਹੱਥ ਧਰੀ ਕੁੜੀ ਜੰਮ ਜਾਣ ਦਾ ਅਫ਼ਸੋਸ ਜ਼ਾਹਿਰ ਕਰ ਰਹੀ ਸੀ……ਇਸ ਦੇ ਉੱਤੇ ਹੀ ਡਾਕਟਰ ਦੇ ਇਹ ਬੋਲ ਵੱਡੇ ਆਪ੍ਰਰੇਸ਼ਨ ਕਰਕੇ ਇਸ ਤੋ ਬਾਅਦ ਜੇ ਦੁਬਾਰਾ ਬੱਚਾ ਪੈਂਦਾ ਕਰਨ ਦੀ ਕੋਸ਼ਸ਼ ਕਰਦੇ ਹੋ ਤਾਂ ਮਾਂ ਦੀ ਜਾਨ ਤੇ ਵੀ ਬਣ ਸਕਦੀ ਹੈ….ਹਰਜੀਤ ਦੀ ਸੱਸ ਦੇ ਸੀਨੇ ਅੱਗ ਲੱਗ ਜਾਂਦੀ ਏ ਤੇ ਹੋਰ ਉੱਚੀ ਉੱਚੀ ਰੋਂਦੀ ਹੋਈ….ਹਾਏ ਉ ਰੱਬਾ ਕਿਹੜੇ ਜਨਮਾਂ ਦਾ ਬਦਲਾ ਲੈਣਾ ਤੂੰ….ਪਰ ਕੋਲ ਖੜਾ ਹਰਜੀਤ ਦਾ ਘਰਵਾਲਾ(ਸੰਦੀਪ) ਮਾਂ ਨੂੰ ਚੁੱਪ ਕਰਵਾਉਦਾ ਹੋਇਆ…ਮਾਂ ਕਿਉ ਰੋਣੀ ਹੈਂ….ਅੱਜ ਕੱਲ ਮੁੰਡਾ ਕੁੜੀ ਸੱਭ ਬਰਾਬਰ ਨੇ……ਪਰ ਪੁਰਾਣੇ ਖਿਆਲਾ ਦੀ ਮਾਂ ਦੀ ਸਮਝ ਤੋ ਬਾਹਰ ਸਨ ਇਹ ਗੱਲਾ…….ਪਰ ਸੰਦੀਪ ਨੂੰ ਕੋਈ ਫ਼ਰਕ ਨਹੀ ਸੀ ਪੈਂਦਾ ਕਿ ਕੁੜੀ ਹੋਵੇ ਜਾਂ ਮੁੰਡਾ…ਤੁਰੰਤ ਜਾ ਕੇ ਆਪ੍ਰੇਸ਼ਨ ਥਿਟੇਰ ਚੋ ਕੁੜੀ ਨੂੰ ਚੁੱਕਦਾ ਏ ਤੇ ਬੱਚੀ ਕੋਲ਼ ਪਈ ਉਹਦੀ ਘਰਵਾਲੀ ਵੀ ਅੱਖਾਂ ਭਰ ਲੈਂਦੀ ਹੈ…..ਪਰ ਸੰਦੀਪ ਉਹਨੂੰ ਡਾਂਟਦਾ ਹੋਇਆ,ਕੀ ਰੋਣ ਧੋਣ ਲਾਇਆ ਤੁਸੀ ਦੋਵਾਂ ਸੱਸ ਨੂੰਹ ਨੇ….ਕੋਈ ਮਰ ਨੀ ਗਿਆ….ਸਗੋ ਨਵਾਂ ਜੀ ਆਇਆ…ਚੁੱਪ ਕਰ ਤੇ ਦੇਖ ਤਾਂ ਸਹੀ ਕੁੜੀ ਨੂੰ……ਅੱਖੀ ਦੇਖ ਭੁੱਖ ਲਹਿੰਦੀ ਏ…..ਮੇਰੇ ਜਿਗਰ ਦਾ ਟੁੱਕੜਾ ਏ…..ਖ਼ਬਰਦਾਰ ਜੇ ਹੁਣ ਕਿਸੇ ਨੇ ਹੰਝੂ ਬਹਾਏ……ਸੰਦੀਪ ਨੇ ਆਪ ਆਪਣੀ ਧੀ ਦਾ ਨਾਂ ਅਰਸ਼ਦੀਪ ਰੱਖਿਆ ਤੇ ਪੂਰੇ ਲਾਡਾਂ ਨਾਲ ਪਾਲਿਆਂ ਤੇ ਉਸਨੂੰ ਚੰਗੇ ਸਕੂਲ ਚ ਪੜਾਇਆ ਲਿਖਾਇਆ,ਚੰਗੇ ਸੰਸਕਾਰ ਦਿੱਤੇ……ਬਾਬਾ ਜੀ ਦੀ ਮੇਹਰ ਸੱਦਕਾ ਸੰਦੀਪ ਦੀਆਂ ਦੋਵੇਂ ਹੀ ਕੁੜੀਆਂ ਬਹੁਤ ਹੋਣਹਾਰ ਤੇ ਸਿਆਣੀਆਂ ਸਨ ਪਰ ਰਿਸ਼ਤੇਦਾਰਾਂ ਦੇ ਆ ਕੇ ਕਦੀ ਕਦਾਈ ਉਨ੍ਹਾਂ ਨੂੰ ਤਾਅਨੇ ਮਾਰਣਾ…..ਅਖੇ ਦੱਸ ਇਹ ਛੋਟੀ ਤਾਂ ਐਂਵੀ ਦੱਦ ਲਾਈ ਰੱਬ ਨੇ ਤਾਨੂੰ,ਕਿੱਥੇ ਸਜ਼ਾ ਦਿੱਤੀ….ਰੱਬ ਮੁੰਡਾ ਦੇ ਦਿੰਦਾ ਤਾਂ ਬੁਢਾਪੇ ਚ ਸਹਾਰਾ ਬਣਦਾ……ਤਾਂ ਸੰਦੀਪ ਜਵਾਬ ਦੇਂਦਾ ਆਖਦਾ,ਚਾਚੀ ਤਾਨੂੰ ਬੜੀ ਫ਼ਿਕਰ ਸਾਡੇ ਬੁਢਾਪੇ ਦੀ…..ਕੁੜੀ ਮੇਰੀ ਅਸੀਂ ਆਪੇ ਪਾਲ ਲਵਾਂਗੇ ਜੇ ਕਦੀ ਤਾਡੇ ਘਰ ਇਹਦੇ ਵਾਸਤੇ ਕੁੱਝ ਮੰਗਣ ਆਏ ਤਾਂ ਤੁਸੀ ਨਾ ਦਿਉ……ਸੁਣ ਕੇ ਚਾਚੀ ਵੀ ਵਾਹੇਗੁਰੂ ਵਾਹੇਗੁਰੂ ਕਰਦੀ ਲੰਘ ਜਾਂਦੀ…ਅਖੇ ਤਾਡੀ ਤਾਂ ਜੁਬਾਨ ਈ ਬਾਹਲੀ ਚੱਲਦੀ….ਚੱਜ ਦੀ ਗੱਲ ਕਹੋ ਤਾਂ ਖਾਣ ਨੂੰ ਪੈਂਦੇ ਨਪੁੱਤਿਆ ਦੇ……ਪੜ੍ਹਨ ਲਿਖਣ ਚ ਹੁਸ਼ਿਆਰ ਅਰਸ਼ ਹਮੇਸ਼ਾਂ ਚੰਗੇ ਨੰਬਰ ਲੈ ਕੇ ਪਾਸ ਹੁੰਦੀ ਤੇ ਹਰ ਗਤੀਵਿਧੀ ਚ ਅੱਗੇ….ਤੇ ਜਿਹੜੀ ਦਾਦੀ ਤੇ ਮਾਂ ਉਹਦੇ ਜਨਮ ਤੇ ਅਫ਼ਸੋਸ ਕਰਦੀਆਂ ਸਨ…ਅੱਜ ਉਹੀ ਤਾਰੀਫ਼ਾ ਕਰਦੀਆਂ ਨਹੀ ਸੀ ਥੱਕਦੀਆ….ਸਾਰੇ ਪਿੰਡ ਚ ਅਰਸ਼ ਅਰਸ਼ ਹੋਈ ਪਈ ਸੀ…..ਸਕੂਲ ਦੇ ਨਾਲ ਨਾਲ ਘਰਦੇ ਕੰਮਾਂ ਚ ਵੀ ਪੂਰਾ ਹੱਥ ਵਟਾਉਦੀ ਅਰਸ਼ ਤੇ ਕਦੀ ਕਿਸੇ ਨੂੰ ਮੱਥੇ ਵੱਟ ਪਾ ਕੇ ਨਾ ਮਿਲਦੀ….ਉਹਦਾ ਹੱਸੂ ਹੱਸੂ ਕਰਦਾ ਚਿਹਰਾ ਸੱਭਦਾ ਮਨ ਮੋਹ ਲੈਂਦਾ…..ਸਮਾਂ ਬੀਤਦਾ ਗਿਆ ਤੇ ਦੋਵੇਂ ਭੈਣਾ ਜਵਾਨ ਹੋ ਗਈਆ….ਵੱਡੀ ਦੇ ਵਿਆਹ ਵਾਸਤੇ ਮੁੰਡਾ ਦੇਖਣ ਲੱਗੇ……ਤੇ ਉਹਦਾ ਵਿਆਹ ਕਰ ਦਿੱਤਾ…..ਪਰ ਵਿਆਹ ਚ ਹੋਏ ਖਰਚੇ ਕਾਰਨ ਸੰਦੀਪ ਹੋਰਾਂ ਦਾ ਵਾਲ ਵਾਲ ਕਰਜ਼ੇ ਚ ਬਿੰਨਿਆ ਗਿਆ……ਕਈ ਲੋਕ ਫੇਰ ਤਾਅਨੇ ਮਾਰਦੇ ਅਖੇ ਜੇ ਮੁੰਡਾ ਹੁੰਦਾ ਤਾਂ ਕੁੱਝ ਸਹਾਰਾ ਲੱਗ ਜਾਂਦਾ ਪਰ ਅਜੇ ਤਾਂ ਛੋਟੀ ਵੀ ਵਿਆਉਣੀ ਪਈ ਏ…..ਫੇਰ ਕਿਸੇ ਨੇ ਸਲਾਹ ਦਿੱਤੀ ਕਿ ਕੁੜੀ ਤਾਡੀ ਪੜ੍ਹਨ ਚ ਤਾਂ ਹੁਸ਼ਿਆਰ ਹੈਗੀ ਹੀ ਏ….ਔਖੇ ਸੌਖੇ ਆਈਲੈਂਟਸ ਕਰਵਾਦੋ….ਤੇ ਬਾਹਰ ਭੇਜਦੋ ਵੈਸੇ ਵੀ ਪੰਜਾਬ ਚ ਕੀ ਧਰਿਆ….ਪੜ੍ਹੇ ਲਿਖੇ ਵੀ ਧੱਕੇ ਖਾਂਦੇ…..ਨਾਲੇ ਜੇ ਅਰਸ਼ ਬਾਹਰ ਚੱਲੇ ਗਈ ਤਾਂ ਤਹਾਨੂੰ ਵੀ ਸਹਾਰਾ ਲੱਗ ਜੂ……ਅਰਸ਼ ਦੇ ਪਾਪਾ ਨੂੰ ਗੱਲ ਜੱਚ ਗਈ….ਪਰ ਉਹ ਆਪਣੀ ਮਰਜ਼ੀ ਅਰਸ਼ ਤੇ ਥੋਪਨਾ ਨਹੀ ਸੀ ਚਾਹੁੰਦੇ ਤੇ ਉਨ੍ਹਾਂ ਅਰਸ਼ ਨਾਲ ਇਸ ਬਾਰੇ ਗੱਲ ਕਰੀ ਤਾਂ ਉਹ ਵੀ ਮੰਨ ਗਈ…..ਆਈਲੈਂਟਸ ਚ ਦਾਖਲਾ ਕਰਵਾ ਦਿੱਤਾ ਗਿਆ ਤੇ ਅਰਸ਼ ਆਈਲੈਂਟਸ ਕਰਨ ਲੱਗੀ…..ਤੇ ਪੂਰੇ ਅੱਠ ਬੈਂਡ ਲੈ ਕੇ ਪਾਸ ਹੋ ਗਈ….ਪਰ ਹੁਣ ਵਾਰੀ ਸੀ ਬਾਹਰ ਭੇਜਣ ਦੀ ਪਰ ਕਨੇਡਾ ਦਾ ਖਰਚ ਸੁਣ ਕੇ ਸੰਦੀਪ ਸੋਚੀ ਪੈ ਜਾਂਦਾ ਤੇ ਸੋਚਦਾ ਕੀ ਕਰਿਆ ਜਾਵੇ ਤੇ ਉਸੇ ਬੰਦੇ ਨਾਲ(ਅਮਰੀਕ ਸਿੰਘ) ਸਲਾਹ ਕਰਦਾ ਕਿ ਜੇ ਤੁਸੀ ਕੋਈ ਮੱਦਦ ਕਰਦੋ ਤਾਂ……ਉਹ ਹੱਸਦਾ ਹੋਇਆ…ਲੈ ਦੱਸ ਕਮਲਿਆਂ…ਇਹਦੇ ਚ ਚਿੰਤਾ ਵਾਲੀ ਕਿਹੜੀ ਗੱਲ……ਸੰਦੀਪ ਹੈਰਾਨ……ਅਮਰੀਕ ਆਪਣੀ ਗੱਲ ਜ਼ਾਰੀ ਰੱਖਦੇ ਹੋਏ…..ਅੱਜ ਕੱਲ ਤਾਂ ਮੁੰਡਿਆਂ ਨੂੰ ਬਾਹਰ ਜਾਣ ਦਾ ਭੁੱਤ ਸਵਾਰ ਏ….ਪਰ ਆਈਲੈਟਸ ਦੇ ਚੱਕਰ ਚ ਜਾ ਨੀ ਪਾਉਦੇ….ਤੁਸੀ ਕੁੜੀ ਲਈ ਐਂਵੇ ਦਾ ਈ ਕੋਈ ਮੁੰਡਾ ਲੱਭਲੋ ਤੇ ਵਿਆਹ ਕਰਕੇ ਬਾਹਰ ਭੇਜਦੋ…..ਨਾਲੇ ਅਗਲੇ ਖਰਚਾ ਵੀ ਸਾਰਾ ਆਪ ਚੁੱਕਦੇ……ਬਾਹਰ ਜਾਣ ਤੋ ਲੈ ਕੇ ਵਿਆਹ ਤੱਕ ਦਾ ਸਾਰਾ ਤੇ ਉਸੇ ਦੀ ਸਲਾਹ ਚ ਅਗਲੇ ਦਿਨ ਸੰਦੀਪ ਨੇ ਅਖਬਾਰ ਵਿੱਚ ਇਸ਼ਤਿਹਾਰ ਦੇ ਦਿੱਤਾ ਕਿ ਅੱਠ ਬੈਂਡਾ ਵਾਲੀ ਕੁੜੀ ਲਈ ਬਾਹਰਲੇ ਮੁੰਡੇ ਦੀ ਲੋੜ ਜੋ ਸਾਰਾ ਖਰਚਾ ਚੁੱਕ ਸਕਣ…..ਬਸ ਫੇਰ ਕਿ ਦੂਰੋ ਨੇੜਿਉ ਕਈ ਰਿਸ਼ਤੇ ਅਰਸ਼ ਲਈ ਆਉਣ ਲੱਗੇ ਤੇ ਪੂਰੇ ਪਿੰਡ ਚ ਅਰਸ਼ ਅੱਠ ਬੈਂਡਾ ਵਾਲੀ ਕੁੜੀ ਦੇ ਨਾਂ ਨਾਲ ਮਸ਼ਹੂਰ ਹੋ ਗਈ……ਸਮਾਪਤ

ਪ੍ਰਵੀਨ ਕੌਰ

...
...

ਉਹ ਦੋਵੇਂ ਅਕਸਰ ਹੀ ਮੇਰੇ ਉੱਠਣ ਤੋਂ ਪਹਿਲਾ ਦੇ ਲੜ ਰਹੇ ਹੁੰਦੇ..
ਮੈਨੂੰ ਸੁੱਝ ਜਾਇਆ ਕਰਦੀ..ਇਹ ਕੰਮ ਲੰਮਾ ਚੱਲੂ..ਸ਼ਾਇਦ ਮੇਰੇ ਸਕੂਲ ਜਾਣ ਤੱਕ..
ਮੈਂ ਆਪਣੀ ਵਰਦੀ ਪ੍ਰੈਸ ਕਰਦੀ..ਧੁਆਂਖੇ ਹੋਏ ਚੋਂਕੇ ਵਿਚ ਜਾਂਦੀ..ਅਜੇ ਵੀ ਯਾਦ ਏ ਮੇਰੀ ਰੋਟੀ ਢੱਕ ਕੇ ਰੱਖੀ ਹੁੰਦੀ..
ਮਾਂ ਦਾ ਧਿਆਨ ਜਿਆਦਾਤਰ ਲੜਨ ਵੱਲ ਹੁੰਦਾ..
ਪਿਓ ਵੱਲੋਂ ਆਖੀ ਗੱਲ ਦਾ ਜੁਆਬ ਦੇਣ ਵੱਲ..ਉਹ ਮੇਰੇ ਵੱਲ ਧਿਆਨ ਨਾ ਦਿੰਦੀ..ਏਹੀ ਆਖਦੀ ਅਹੁ ਵੇਖ ਲੈ ਤੇਰਾ ਪਿਓ ਕੀ ਆਖੀ ਜਾਂਦਾ ਈ..!

ਲੜਾਈ ਦੀ ਵਜਾ ਹਰ ਵਾਰ ਵੱਖੋ ਵੱਖ ਹੁੰਦੀ..

ਕਦੀ ਰਿਸ਼ਤੇਦਾਰ ਵੱਲੋਂ ਆਖੀ ਗੱਲ..ਕਦੀ ਜਮੀਨ ਦੇ ਹਿੱਸੇ ਤੋਂ..ਕਦੀ ਬਾਪ ਵੱਲੋਂ ਨਾਨਕਿਆਂ ਬਾਰੇ ਕੀਤੀ ਕੋਈ ਟਿੱਪਣੀ..ਤੇ ਕਦੀ ਕੋਈ ਬਾਹਰਲਾ ਮਰਦ ਜਾਂ ਫੇਰ ਔਰਤ..
ਆਸ ਪਾਸ ਵਾਲੇ ਬੱਸ ਮਾੜਾ ਮੋਟਾ ਹੀ ਹਟਾਉਂਦੇ..ਫੇਰ ਆਪੋ ਆਪਣੇ ਕੰਮੀ ਲੱਗ ਜਾਂਦੇ..ਆਖਦੇ ਰੋਜ ਦਾ ਕੰਮ ਏ ਇਹਨਾ ਦਾ ਤੇ..!

ਦੋ ਕਿਲੋਮੀਟਰ ਦੂਰ ਮੇਰਾ ਸਕੂਲ..
ਖੇਤਾਂ ਪੈਲੀਆਂ ਵਿਚੋਂ ਦੀ ਲੰਘ ਕੇ ਜਾਂਦਾ ਕੱਚਾ ਰਾਹ ਮੈਨੂੰ ਬੜਾ ਚੰਗਾ ਲੱਗਦਾ..
ਕਦੀ ਕਦੀ ਇੱਕ ਬਜ਼ੁਰਗ ਮਿਲ ਪੈਂਦੇ..ਮੇਰੇ ਸਿਰ ਤੇ ਹੱਥ ਰੱਖ ਆਖਦੇ ਸੁਖੀ ਰਹਿ ਧੀਏ..ਬੜਾ ਚੰਗਾ ਲੱਗਦਾ..
ਕਈ ਵਾਰ ਅੱਗਿਓਂ ਦੀ ਸ਼ੂਕਦਾ ਹੋਇਆ ਕੋਈ ਸੱਪ ਨਿੱਕਲ ਜਾਂਦਾ..
ਬਾਕੀ ਡਰ ਜਾਂਦੀਆਂ..ਪਰ ਮੈਂ ਤਾਂ ਪਹਿਲਾਂ ਤੋਂ ਹੀ ਡਰੀ ਹੋਈ ਹੁੰਦੀ..ਚੁੱਪ ਚਾਪ ਤੁਰੀ ਜਾਂਦੀ ਨੂੰ ਵੇਖ ਨਾਲਦੀਆਂ ਪੁੱਛਦੀਆਂ..ਕੀ ਗੱਲ ਹੋਈ?

ਅੱਗੋਂ ਕੁਝ ਨਾ ਆਖਦੀ..ਇੱਕ ਟਿਚਕਰ ਕਰਦੀ..ਆਖਦੀ ਅੱਜ ਫੇਰ ਲੜ ਪਏ ਹੋਣੇ..ਤਾਂ ਹੀ..”

ਮੈਨੂੰ ਬਿਲਕੁਲ ਵੀ ਚੰਗਾ ਨਾ ਲੱਗਦਾ..

ਫੇਰ ਅਰਦਾਸ ਕਰਦੀ ਮੇਰੇ ਵਾਪਿਸ ਮੁੜਦੀ ਨੂੰ ਸਭ ਕੁਝ ਠੀਕ ਠਾਕ ਹੋ ਗਿਆ ਹੋਵੇ..
ਸਕੂਲੇ ਪੜਾਈ ਵਿਚ ਜੀ ਨਾ ਲੱਗਦਾ..ਮਾਸਟਰ ਜੀ ਪੁੱਛਦੇ ਕੁਝ ਹੋਰ..ਜਵਾਬ ਕੋਈ ਹੋਰ ਦਿੰਦੀ..ਉਹ ਬੁਰਾ ਭਲਾ ਆਖਦੇ..!

ਅਖੀਰ ਪੂਰੀ ਛੁੱਟੀ ਮਗਰੋਂ ਘਰੇ ਅੱਪੜਦੀ ਤਾਂ ਅਗਿਓਂ ਮਾਂ ਨਾ ਦਿਸਦੀ..
ਪਤਾ ਲੱਗਦਾ ਨਰਾਜ ਹੋ ਕੇ ਪੇਕੇ ਤੁਰ ਗਈ..ਮੈਨੂੰ ਦੋਹਾਂ ਤੇ ਗੁੱਸਾ ਆਉਂਦਾ..ਮਾਂ ਤੇ ਜਿਆਦਾ..ਪਤਾ ਨੀ ਕਿਉਂ..ਫੇਰ ਓਹੀ ਰਿਸ਼ਤੇਦਾਰੀ ਦੇ ਇੱਕਠ..ਸੁਲਾਹ ਸਫਾਈ..ਤੇ ਕੁਝ ਦਿਨ ਮਗਰੋਂ ਫੇਰ ਓਹੀ ਕੁਝ..!

ਉਹ ਦੋਵੇਂ ਮੈਨੂੰ ਨਿਆਣੀ ਹੀ ਸਮਝਿਆ ਕਰਦੇ..
ਪਰ ਮੈਨੂੰ ਸਭ ਕੁਝ ਪਤਾ ਸੀ..ਮੈਨੂੰ ਖੇਰੂੰ ਖੇਰੂੰ ਹੁੰਦਾ ਆਪਣਾ ਬਚਪਨ ਦਿਸਦਾ..ਤਿਲ ਤਿਲ ਕਰਕੇ ਮਰਦੀ ਹੋਈ ਜਵਾਨੀ..
ਮੈਨੂੰ ਉਸ ਵੇਲੇ ਬਿਲਕੁਲ ਵੀ ਇਹਸਾਸ ਨਹੀਂ ਸੀ ਕੇ ਮੈਂ ਜੋ ਗਵਾਈ ਜਾ ਰਹੀ ਸਾਂ..ਮੁੜ ਕੇ ਕਦੀ ਪਰਤ ਕੇ ਨਹੀਂ ਆਉਣਾ..

“ਜੇ ਮੈਂ ਜਾਣਦੀ ਜੱਗੇ ਮਰ ਜਾਣਾ..ਇੱਕ ਦੇ ਮੈਂ ਦੋ ਜੰਮਦੀ..”

ਫੇਰ ਮੇਰੇ ਵਿਆਹ ਵਿਚ ਕਾਫੀ ਪੰਗੇ ਪਏ..
ਕਾਫੀ ਕਲੇਸ਼ ਪਿਆ..ਕਾਫੀ ਯੁੱਧ ਹੋਏ..ਲੋਕਾਂ ਨੂੰ ਮੇਰੇ ਮਾਪਿਆਂ ਦੀ ਕਮਜ਼ੋਰੀ ਪਤਾ ਸੀ..ਜਾਣ-ਬੁਝ ਕੇ ਨਿੱਕੀ ਨਿਕੀ ਘਸੂਸ ਛੇੜ ਦਿੰਦੇ..ਨਿੱਕੀ ਜਿਹੀ ਗੱਲ ਦਾ ਖਲਾਰ ਪੈ ਜਾਂਦਾ..
ਮੇਰੇ ਮਾਪਿਆਂ ਨੂੰ ਕਦੀ ਇਹ ਸਮਝ ਨਾ ਆਇਆ ਕੇ ਸਾਰੀ ਦੁਨੀਆ ਬੱਸ ਤਮਾਸ਼ਾ ਵੇਖਦੀ ਏ..!

ਫੇਰ ਖੁਦ ਦੋ ਬੱਚਿਆਂ ਦੀ ਮਾਂ ਬਣ ਗਈ..

ਸ਼ੁਰੂ ਵਿਚ ਵਧੀਆ ਮਾਹੌਲ ਮਿਲਿਆ..ਪਰ ਫੇਰ ਮੈਨੂੰ ਨਾਲਦੇ ਵਿਚ ਆਪਣਾ ਬਾਪ ਦਿਸਣ ਲੱਗਾ..ਰੋਹਬ ਪਾਉਂਦਾ..ਨੁਕਸ ਕੱਢਦਾ..ਮੈਨੂੰ ਬੜਾ ਬੁਰਾ ਲੱਗਦਾ ਪਰ ਬੱਚਿਆਂ ਖਾਤਿਰ ਚੁੱਪ ਰਹਿੰਦੀ..ਘੜੀ ਟਲ ਜਾਇਆ ਕਰਦੀ..ਫੇਰ ਕਈ ਵਾਰ ਜਦੋਂ ਉਹ ਵੀ ਮੁਆਫੀ ਮੰਗ ਲੈਂਦਾ ਤਾਂ ਬੜਾ ਮੋਹ ਆਉਂਦਾ..ਪਰ ਫੇਰ ਵੀ ਅੰਦਰੋਂ ਅੰਦਰ ਕੋਈ ਘਾਟ ਜਿਹੀ ਮਹਿਸੂਸ ਹੁੰਦੀ ਰਹਿੰਦੀ..
ਸ਼ਾਇਦ ਲੜਾਈ ਝਗੜੇ ਦੀ ਭੇਟ ਚੜ ਗਏ ਬਚਪਨ ਦੇ ਹੁਸੀਨ ਪਲ ਚੇਤੇ ਆਉਂਦੇ ਸਨ..ਸਕੂਲ ਨੂੰ ਜਾਂਦਾ ਕੱਚਾ ਰਾਹ ਅਜੇ ਵੀ ਉਂਝ ਦਾ ਉਂਝ ਸੈਨਤਾਂ ਮਾਰਦਾ ਲੱਗਦਾ..!

ਇਸ ਅਸਲ ਵਾਪਰੀ ਦਾ ਅੰਤ ਥੋੜਾ ਦਰਦਨਾਕ ਏ ਇਸ ਲਈ ਸਾਂਝਾ ਨਹੀਂ ਕਰਾਂਗਾ ਪਰ ਏਨੀ ਗੱਲ ਜਰੂਰ ਆਖਾਂਗਾ ਕੇ ਇਹ ਕਿਆਰੀਆਂ ਵਿਚ ਉੱਗੇ ਮਹਿਕਾਂ ਵੰਡਦੇ ਖਿੜੇ ਹੋਏ ਤਾਜੇ ਸੋਹਣੇ ਫੁੱਲ ਕਿਤੇ ਸਾਡੀ ਕਲਾ ਕਲੇਸ਼ ਵਾਲੇ ਚੱਕਰ ਦੀ ਭੇਂਟ ਹੀ ਨਾ ਚੜ ਜਾਣ ਇਸ ਗੱਲ ਦਾ ਸੁਹਿਰਦ ਬੰਦੋਬਸਤ ਕਰਨਾ ਸਾਡੇ ਆਪਣੇ ਹੱਥ ਵੱਸ ਏ..!

ਸਾਡਾ ਇੱਕ ਬਜੁਰਗ ਰਿਸ਼ਤੇਦਾਰ ਹੋਇਆ ਕਰਦਾ ਸੀ..ਕਦੀ ਗੁੱਸੇ ਵਿਚ ਆ ਜਾਂਦਾ ਤਾਂ ਜੁਆਕਾਂ ਸਾਹਵੇਂ ਨਾਲਦੀ ਨੂੰ ਕਦੀ ਕੋਈ ਗੱਲ ਨੀ ਸੀ ਆਖਿਆ ਕਰਦਾ..ਬੱਸ ਦੋਹਾਂ ਨੇ ਅੰਦਰ ਵੜ ਕੇ ਗੱਲ ਮੁਕਾ ਲੈਣੀ..!

ਸੋ ਦੋਸਤੋ ਜਿੰਦਗੀ ਦੇ ਕੁਝ ਕੀਮਤੀ ਪਲ ਜਦੋਂ ਰੇਤ ਦੇ ਕਿਣਕਿਆਂ ਵਾਂਙ ਖਿੱਲਰ ਰਹੇ ਹੁੰਦੇ ਤਾਂ ਕੋਲ ਖਲੋਤਾ ਸਰਤਾਜ ਏਨੀ ਗੱਲ ਜਰੂਰ ਸਮਝਾ ਰਿਹਾ ਹੁੰਦਾ ਕੇ..
“ਬੀਤ ਜਾਣੀਆਂ ਰੁੱਤਾਂ ਹਾਣੀਆਂ..ਜੇ ਨਾ ਮਾਣੀਆਂ..ਫੇਰ ਟੋਲਦਾ ਰਹੀ”..

ਸੋ ਸੰਖੇਪ ਜਿਹੀ ਜਿੰਦਗੀ ਦੇ ਇੱਕ-ਇੱਕ ਪਲ ਦਾ ਵੱਧ ਤੋਂ ਵੱਧ ਲਾਹਾ ਲੈਣਾ ਹੀ ਸਮਝਦਾਰੀ ਏ..
ਕਿਓੰਕੇ ਜਿਸਨੂੰ ਕੋਹਾਂ ਮੀਲ ਲੰਮੀ ਸਮਝ ਏਨੇ ਖਲਾਰੇ ਪਾਈ ਬੈਠੇ ਹਾਂ..ਅਖੀਰ ਨੂੰ ਅੱਖ ਦੇ ਫੋਰ ਵਿਚ ਬੀਤ ਜਾਣੀ ਏ ਤੇ ਫੇਰ ਰਹਿ ਜਾਂਣੇ ਆਖਰੀ ਵੇਲੇ ਦੇ ਪਛਤਾਵੇ..ਗਿਲੇ ਸ਼ਿਕਵੇ ਤੇ ਜਾਂ ਫੇਰ “ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ..ਹਵਾ ਦੇ ਬੁੱਲੇ..ਤੇ ਹੋਰ ਵੀ ਬੜਾ ਕੁਝ..”

“ਮੁੱਲ ਵਿਕਦਾ ਸੱਜਣ ਮਿਲ ਜਾਵੇ..ਲੈ ਲਵਾਂ ਮੈਂ ਜਿੰਦ ਵੇਚ ਕੇ”

ਇਹ ਦੁਰਲੱਭ ਜਿੰਦਗੀ..ਇਹ ਕੀਮਤੀ ਘੜੀਆਂ..ਇਹ ਹੁਸੀਨ ਪਲ..ਅਤੇ ਹੋਰ ਵੀ ਕਿੰਨਾ ਕੁਝ ਜੇ ਦੌਲਤਾਂ ਦੇ ਢੇਰ ਲਾ ਕੇ ਦੋਬਾਰਾ ਮਿਲ ਜਾਇਆ ਕਰਦਾ ਤਾਂ ਦੁਨੀਆ ਦੇ ਕਿੰਨੇ ਸਾਰੇ “ਵਾਜਪਾਈ” ਅਤੇ “ਜੇਤਲੀ” ਅੱਜ ਜਿਉਂਦੇ ਜਾਗਦੇ ਸਟੇਜਾਂ ਤੇ ਭਾਸ਼ਣ ਦੇ ਰਹੇ ਹੁੰਦੇ..!

ਉੱਤੋਂ ਵਾਜ ਪਈ ਤੇ ਹਰੇਕ ਨੂੰ ਜਾਣਾ ਹੀ ਪੈਣਾ..ਸਾਰਾ ਕੁਝ ਵਿਚ ਵਿਚਾਲੇ ਛੱਡ..ਉਹ ਵੀ ਖਾਲੀ ਹੱਥ..ਥੋੜੇ ਟੈਚੀਆਂ ਵਾਲਾ ਸੌਖਾ ਰਹੁ ਤੇ ਜ਼ਿਆਦੇ ਸਮਾਨ ਵਾਲਾ ਹੌਕੇ ਲੈਂਦਾ ਹੋਇਆ ਅੱਖੋਂ ਓਹਲੇ ਹੋਊ..ਉਚੇ ਢੇਰ ਇੰਝ ਬਿਨਾ ਰਾਖੀ ਦੇ ਛੱਡਣੇ ਕਿਹੜੇ ਸੌਖੇ ਨੇ..

ਪਰ ਅਸਲੀਅਤ ਇਹ ਹੈ ਕੇ “ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ..ਹੱਸਦਿਆਂ ਰਾਤ ਲੰਘੀ..ਪਤਾ ਨੀ ਸੁਵੇਰ ਦਾ..”

ਜਿੰਦਗੀ ਜਿੰਦਾਬਾਦ..ਹਰਪ੍ਰੀਤ ਸਿੰਘ ਜਵੰਦਾ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)