Posts Uploaded By ਬੱਚਿਆਂ ਦੀਆਂ ਕਹਾਣੀਆਂ

Sub Categories

ਇੱਕ ਹੀ ਜ਼ਿੰਦਗੀ ਮਿਲੀ ਸਭ ਨੂੰ, ਇਸ ਇੱਕ ਜ਼ਿੰਦਗੀ ਵਿੱਚ ਅਸੀਂ ਕਈ ਜ਼ਿੰਦਗੀਆਂ ਜੀਅ ਸਕਦੇ ਹਾਂ,ਬਸ ਸਿਰਫ਼ ਇੱਕ ਦੋ ਗੱਲਾਂ ਨੂੰ ਆਪਣੇ ਜੀਵਨ ਵਿੱਚ ਵਾਪਸ ਲੈ ਆਈਏ ਜੋ ਸ਼ਇਦ ਅਸੀਂ ਕਿਤੇ ਆਪਣੇ ਬਚਪਨ ਵਿੱਚ ਕਰਦੇ ਸੀ ਇੱਕ ਉਤਸ਼ਾਹ ਤੇ ਦੂਜੀ postivity ਜਿਵੇ ਛੋਟੇ ਹੁੰਦੇ ਹਰ ਕੰਮ ਨੂੰ ਬੜੇ ਉਤਸ਼ਾਹ ਨਾਲ ਕਰਿਆ ਕਰਦੇ ਸੀ ,ਚੱਲ ਯਾਰ ਅੱਜ ਸ਼ਾਮ ਨੂੰ ਕਿਤੇ ਘੁੰਮ ਆਈਏ, ਚੱਲੋ ਮੰਮਾ ਅੱਜ ਆਪਾਂ ਪਨੀਰ ਦੀ ਸਬਜ਼ੀ ਬਣਾਉਦੇ ਹਾਂ, ਕਦੇ ਪਿੱਠੂ , ਕਦੇ ਸਟਾਪੂ ,ਹਰ ਕੰਮ ਲਈ ਹਰ ਵੇਲੇ ਤਿਆਰ👍🏻

ਕੀ ਇਹ ਉਤਸ਼ਾਹ ਅੱਜ ਸਾਡੀ ਰੋਜ਼ਮਰਾ ਵਿੱਚ ਹੈ ?🤔

ਨਹੀਂ _ _ _ _ _ _ _

ਸਵੇਰੇ ਜਲਦੀ ਉੱਠਣ ਦਾ ਚਾਅ ਨਹੀਂ, ਕੰਮ ਵਾਲਿਆਂ ਨੂੰ ਕੰਮ ਤੇ ਜਾਣ ਦੀ ਕੋਈ ਖੁਸ਼ੀ ਨਹੀਂ, ਘਰ ਰਹਿਣ ਵਾਲੀਆਂ ਔਰਤਾਂ ਨੂੰ ਅੱਜ ਕੁੱਛ ਨਵਾਂ ਕਰਨ , ਕੁੱਛ ਨਵਾਂ ਪਕਾਉਣ ਦਾ ਸ਼ੋਂਕ ਨਹੀਂ, ਬੱਚਿਆਂ ਨੂੰ ਖੁੱਲ੍ਹੇ ਮੈਦਾਨ’ ਚ ਜਾ ਕੇ ਖੇਲਣ ਦਾ ਕੋਈ ਚਾਅ ਨਹੀਂ, ਬਜ਼ੁਰਗਾਂ ਨੂੰ ਆਪਣੀ ਜ਼ਿੰਦਗੀ ਵਿੱਚ ਆਪਣੇ ਬੁਢਾਪੇ ਨੂੰ ਸਹੀ ਢੰਗ ਨਾਲ ਖੁਸ਼ੀ ਨਾਲ ਬਿਤਾਉਣ ਦਾ ਚਾਅ ਨਹੀਂ , ਜਵਾਨਾਂ’ ਚ ਖੇਡਣ ਕੁੱਦਣ ਦੀ ਤਾਕਤ ਨਹੀਂ , 35- 40 ਸਾਲ ਪਾਰ ਕਰ ਗਿਆ ਨੂੰ ਲੱਗਦਾ ,ਉਮਰ ਬੀਤ ਗਈ ,ਹੁਣ ਕੀ ਰਹਿ ਗਿਆ , ਗੱਲ ਸਿਰਫ ਇੰਨੀ ਹੈ ਕਿ ਜ਼ਿੰਦਗੀ ਜਿਉਂਣਾ ਹਰ ਕੋਈ ਚਾਹੁੰਦਾ ਹੈ ਪਰ ਜ਼ਿੰਦਗੀ ਨੂੰ ਜਿਉਣ ਦਾ ਕੋਈ ਚਾਅ ਨਹੀਂ | ਕਿਸੇ ਸ਼ਾਇਰ ਨੇ ਲਿਖਿਆ –✍🏻

ਜਬ ਗਰੀਬੀ ਥੀ, ਤਬ ਸਸਤੀ ਥੀ

ਬੇਸ਼ੱਕ ਨਾ ਮੇਰੀ ਹਸਤੀ ਥੀ

ਜਬ ਸ਼ੋਹਰਤ ਪੈਸਾ ਪਾਸ ਆਏ

ਮੈ ਇਨ ਦੋਨੋ ਕਾ ਹੋ ਬੈਠਾ

ਹਸਤੀ ਬਣਨੇ ਕੇ ਚੱਕਰ ਮੇਂ, ਮੈ ਮਸਤੀ ਆਪਣੀ ਕਹੀ ਖੋ ਬੈਠਾ

ਅਸਲ ਵਿੱਚ ਅਸੀਂ ਹਸਤੀ ਬਣਨ ਦੇ ਚੱਕਰ ਵਿੱਚ ਆਪਣੀ ਮਸਤੀ ਗਵਾ ਲੈਂਦੇ ਹਾਂ ਤਾਂ ਹੀ ਤਾਂ ਸਿਆਣੇ ਕਹਿੰਦੇ ਨੇ ਕਿ ਹਮੇਸ਼ਾ ਬੱਚੇ ਬਣ ਕੇ ਰਹੋ ਆਪਣੇ ਬਚਪਨ ਵਾਲਾ ਸੁਭਾਅ ਅੰਦਰੋਂ ਜਾਣ ਨਾ ਦੀਓ

ਜ਼ਿੰਦਗੀ ਨੂੰ ਸਵਾਦ ਲੈਕੇ ਜੀਓ ਅਤੇ ਇਸ ਸਵਾਦ ਨੂੰ ਵਾਪਸ ਲੈਕੇ ਆਉਣ ਲਈ ਸਭ ਤੋਂ ਪਹਿਲਾ ਸਾਨੂੰ ਆਪਣੀ ਜ਼ਿੰਦਗੀ ਦੇ ਹਰ ਕੰਮ ਵਿੱਚ 100% ਲੈਕੇ ਆਉਣਾ ਪਏਗਾ, ਤੇ ਇਹ 100% ? ਜੇ ਕੰਮ ਤੇ ਜਾਣਾ ਹੈ ਤਾਂ ਸ਼ੋਂਕ ਨਾਲ ਜਾਈਏ ਤੇ ਕਹੀਏ ਕਿ 8-10 ਘੰਟੇ ਦੀ ਡਿਊਟੀ ਹੈ ਮਜ਼ੇ ਨਾਲ ਦਿਲ ਲਗਾ ਕੇ ਕੰਮ ਕਰ ਕੇ ਆਉਂਦੇ ਹਾਂ ਤੇ ਸ਼ਾਮ ਨੂੰ ਘਰ ਆ ਕੇ ਘਰਦਿਆਂ ਨਾਲ ਅੱਜ ਪਕੌੜਿਆਂ ਨਾਲ ਚਾਹ ਪੀਵਾਂਗੇ | ਘਰ ਬੈਠਿਆਂ ਵੀ ਕੁੱਛ ਵੱਖਰਾ, ਕੁਝ ਨਵਾਂ ਕਰਨ ਦਾ ਸੋਚਣ

ਕਹਿਣ ਤੋਂ ਭਾਵ ਜਿਹੜਾ ਵੀ ਕੰਮ ਕਰੀਏ ਸ਼ੋਂਕ ਨਾਲ ,ਪਿਆਰ ਨਾਲ , ਦਿਲ ਦਿਮਾਗ ਜਦ ਦੋਵੇ ਇੱਕ ਜਗਾਂ ਹੋ ਕੇ ਕੰਮ ਕਰਨਗੇ ਤਾਂ ਹਰ ਕੰਮ ਵਿੱਚ 100% ਹੋਵੇਗਾ ਤੇ ਜ਼ਿੰਦਗੀ ਜਿਉਣ ਦਾ ਸਵਾਦ ਵੀ ਆਏਗਾ ਹਰ ਕੰਮ ਵਿੱਚ ਸਕਾਰਤਮਕ ਸੋਚ ਲੈਕੇ ਆਈਏ |ਕੁੱਛ ਚੰਗਾ ਪੜੀਏ ,ਕੁੱਛ ਚੰਗਾ ਖੇਡੀਏ , ਜਿਸ ਤਰਾਂ ਦਾ ਵੀ ਕੰਮ ਕਰਨਾ ਪਵੇ ਉਸਨੂੰ ਉਤਸ਼ਾਹ ਨਾਲ ਕਰੀਏ, ਖੁਸ਼ੀ ਨਾਲ ਕਰੀਏ |

ਕਮਾਉਣਾ ਵੀ ਹੈ ਤੇ ਖਾਣਾ ਵੀ ਹੈ ਤੇ ਜੇ ਖੁਸ਼ ਹੋ ਕੇ ਕਰਾਂਗੇ ਤਾਂ ਇੱਕ ਜ਼ਿੰਦਗੀ ਵਿੱਚ ਅਨੇਕਾਂ ਹੀ ਜ਼ਿੰਦਗੀਆਂ ਜੀਅ ਲਵਾਂਗੇ😊 ਤੇ ਜੇ ਨਿਰਾਸ਼ ਹੋ ਕੇ ਕਰੀਏ ਤਾਂ, ਮੌਤ ਆਉਣ ਤੋਂ ਪਹਿਲਾਂ ਅਨੇਕਾਂ ਮੌਤਾਂ ਮਰਾਂਗੇ😔

–⭐ ਮਨਦੀਪ ਕੌਰ⭐

...
...

ਗੱਡੀ ਦੇ AC ਕੋਚ ਦੇ ਬਾਹਰ ਲੱਗੇ ਰਿਜਰਵੇਸ਼ਨ ਚਾਰਟ ਵਿਚ ਆਪਣਾ ਨਾਮ ਪੜਿਆ..
ਜਿਗਿਆਸਾ ਜਿਹੀ ਜਾਗੀ ਕੇ ਵੇਖਾਂ ਤਾਂ ਸਹੀ ਨਾਲ ਦੀਆਂ ਸੀਟਾਂ ਵਾਲੇ ਮੇਰੇ ਹਮਸਫਰ ਕਿਹੜੇ ਕਿਹੜੇ ਨੇ?
ਇੱਕ ਨਾਮ ਪੜਿਆ “ਨਵਜੋਤ ਕੌਰ ਭਿੰਡਰ”..
ਸੋਚਣ ਲੱਗਾ ਚਲੋ ਦੋ ਘੰਟੇ ਦਾ ਸਫ਼ਰ ਤਾਂ ਚੰਗਾ ਕਟ ਜਾਵੇਗਾ..
ਅੰਦਰ ਗਿਆ ਤਾਂ ਸਾਮਣੇ ਵਾਲੀ ਸੀਟ ਤੇ ਸਧਾਰਨ ਜਿਹੇ ਕੱਪੜੇ ਪਾਈ ਸ਼ਾਲ ਦੀ ਬੁੱਕਲ ਮਾਰੀ ਉਹ ਅਖਬਾਰ ਦੀ ਕਿਸੇ ਖਬਰ ਤੇ ਨਜਰਾਂ ਗੱਡੀ ਬੈਠੀ ਹੋਈ ਸੀ..!

ਨੈਣ ਮਿਲੇ ਤੇ ਫੇਰ ਮੌਕਾ ਸੰਭਾਲਦੇ ਨੇ ਹਲਕੀ ਜਿਹੀ ਮੁਸਕਾਨ ਦੇ ਨਾਲ ਸਤਿ ਸ੍ਰੀ ਅਕਾਲ ਬੁਲਾ ਦਿੱਤੀ..
ਮੋਟੀਆਂ ਅੱਖਾਂ ਦਾ ਉਗਾੜ..ਤੇ ਉੱਤੋਂ ਮਾਰੂ ਜਿਹੀ ਮੁਸਕੁਰਾਹਟ ਨਾਲ ਜਦੋਂ ਉਸਨੇ ਫਤਹਿ ਦਾ ਜੁਆਬ ਦਿੱਤਾ ਤਾਂ ਦਿਲ ਦੀ ਧੜਕਣ ਆਪਣੇ ਉਫਾਨ ਤੇ ਜਾ ਪਈ..!

ਘੜੀ ਕੂ ਮਗਰੋਂ ਮਾੜੀ ਮੋਟੀ ਗੱਲਬਾਤ ਦਾ ਸਿਲਸਿਲਾ ਵੀ ਤੁਰ ਜਿਹਾ ਪਿਆ..

ਗੱਲਾਂ ਗੱਲਾਂ ਵਿਚ ਪਤਾ ਲੱਗਾ ਕੇ ਮਾਲ ਮਹਿਕਮੇ ਵਿਚ ਲਾ-ਅਫਸਰ ਦੀ ਨਵੀਂ-ਨਵੀਂ ਨਿਯੁਕਤੀ ਹੋਈ ਸੀ ਤੇ ਆਪਣੀ ਪਹਿਲੀ ਹਾਜਰੀ ਲਈ ਵਾਇਆ ਰਾਜਪੂਰਾ ਚੰਡੀਗੜ ਨੂੰ ਜਾ ਰਹੀ ਸੀ!
ਪਿਛੋਕੜ ਪੇਂਡੂ ਪਰ ਹੈ ਜੱਟਾਂ ਦੀ ਕੁੜੀ ਸੀ..ਉੱਤੋਂ ਸੂਰਤ ਅਤੇ ਸੀਰਤ ਦਾ ਐਸਾ ਸੁਮੇਲ ਕੇ ਵੇਖਿਆਂ ਭੁੱਖ ਲਹਿੰਦੀ..ਜਦੋਂ ਗੱਲ ਕਰਦੀ ਤਾਂ ਇੰਝ ਲੱਗਦਾ ਫੁੱਲ ਝੜਦੇ ਹੋਣ..
ਪਰਿਵਾਰ ਬਾਰੇ ਗੱਲ ਤੁਰੀ ਤਾਂ ਪਤਾ ਲੱਗਾ ਮਾਪਿਆਂ ਦੀ ਇਕਲੌਤੀ ਸੰਤਾਨ ਸੀ!

ਮੈਂ ਗਜਟਿਡ ਕਲਾਸ ਵਾਲੀ ਆਪਣੀ ਖੁਦ ਦੀ ਸਰਕਾਰੀ ਨੌਕਰੀ ਬਾਰੇ ਦੱਸਦਾ ਹੋਇਆ ਖਿਆਲਾਂ ਦੇ ਸਮੁੰਦਰ ਵਿਚ ਜਜਬਾਤਾਂ ਦੀ ਕਿਸ਼ਤੀ ਲੈ ਬਹੁਤ ਦੂਰ ਤੱਕ ਨਿੱਕਲ ਗਿਆ!
ਸੋਚਣ ਲੱਗਾ ਕੇ ਵੇਖਣ ਨੂੰ ਵੀ ਹੂ-ਬਹੂ ਵੈਸੀ ਹੀ ਲੱਗਦੀ ਸੀ ਜੈਸੀ ਦਾ ਜਿਕਰ ਮਾਂ ਅਕਸਰ ਹੀ ਗੱਲਾਂ ਗੱਲਾਂ ਵਿਚ ਕਰਿਆ ਕਰਦੀ ਸੀ..
ਉਸਨੇ ਤੇ ਪਹਿਲੀ ਸੱਟੇ ਹਾਂ ਕਰ ਦੇਣੀ..
ਰਹੀ ਗੱਲ ਭਾਪਾ ਜੀ ਦੀ..ਓਹਨਾ ਦਾ ਕੀ ਹੈ..ਬੀਜੀ ਨੇ ਜ਼ੋਰ ਪਾਇਆ ਤਾਂ ਝੱਟ ਹੀ ਮੰਨ ਜਾਣਾ ਓਹਨਾ ਨੇ..

ਮਨ ਹੀ ਮਨ ਵਿਚ ਬਣਾ ਧਰੀ ਇਸ ਜੋੜੀ ਬਾਰੇ ਸੋਚ ਰੱਬ ਦਾ ਸ਼ੁਕਰਾਨਾ ਵੀ ਕਰ ਮਾਰਿਆ..ਵਾਹ ਰੱਬਾ..ਸਦਕੇ ਜਾਵਾਂ ਤੇਰੀ ਇਸ ਜੋੜੀਆਂ ਘੜਨ ਵਾਲੀ ਅਦੁੱਤੀ ਕਲਾ ਤੇ..ਜੋੜੀਆਂ ਜੱਗ ਥੋੜੀਆਂ..ਬਾਕੀ ਨਰੜ ਬਥੇਰੇ..!

ਖਿਆਲਾਂ ਦੇ ਘੋੜੇ ਤੇ ਚੜੇ ਹੋਏ ਨੂੰ ਪਤਾ ਹੀ ਨੀ ਲੱਗਾ ਕਦੋ ਰਾਜਪੂਰਾ ਆ ਗਿਆ..
ਥੋੜਾ ਅਫਸੋਸ ਜਿਹਾ ਹੋਇਆ ਪਰ ਤਸੱਲੀ ਵਾਲੀ ਗੱਲ ਇਹ ਸੀ..ਉਸਦਾ ਐਡਰੈੱਸ ਮੈਂ ਪਹਿਲਾਂ ਹੀ ਲੈ ਚੁੱਕਿਆਂ ਸਾਂ..ਹੁਣ ਤੇ ਬੱਸ ਅਗਲੀ ਮੁਲਾਕਾਤ ਦਾ ਹੀ ਇੰਤਜਾਰ ਸੀ..!

ਜਾਂਦੀ ਵਾਰੀ ਸ਼ਿਸ਼ਟਾਚਾਰ ਵੱਜੋਂ ਉਸਦਾ ਸਮਾਨ ਕੱਢਣ ਵਿਚ ਮਦਦ ਦੇਣ ਦੀ ਪੇਸ਼ਕਸ਼ ਵੀ ਕਰ ਦਿੱਤੀ..!

ਉਸਨੇ ਵੀ ਮੁਸ੍ਕੁਰਾਉਂਦੀ ਹੋਈ ਨੇ ਸੀਟ ਦੇ ਹੇਠਾਂ ਪਏ ਆਪਣੇ ਸਮਾਨ ਵੱਲ ਇਸ਼ਾਰਾ ਕਰ ਦਿੱਤਾ..

ਹੇਠਾਂ ਪਏ ਸਮਾਨ ਤੇ ਜਦੋਂ ਨਜਰ ਪਈ ਤਾਂ ਮੈਨੂੰ ਜ਼ੋਰਦਾਰ ਚੱਕਰ ਜਿਹਾ ਆਇਆ..ਅੱਖਾਂ ਅੱਗੇ ਹਨੇਰਾ ਛਾ ਗਿਆ..ਤੇ ਮੇਰੀ ਸੋਚਣ ਸਮਝਣ ਤੇ ਵੇਖਣ ਦੀ ਸ਼ਕਤੀ ਇੱਕਦਮ ਹੀ ਜਾਂਦੀ ਰਹੀ..!

ਥੋੜੇ ਚਿਰ ਮਗਰੋਂ ਜਦੋਂ ਹੋਸ਼ ਆਈ ਤਾਂ ਵੇਖਿਆ ਉਹ ਪਲੇਟ ਫਾਰਮ ਤੇ “ਵਸ਼ਾਖੀਆਂ” ਦੇ ਸਹਾਰੇ ਤੁਰੀ ਜਾ ਰਹੀ ਸੀ..
ਸ਼ਾਇਦ ਇੱਕ ਲੱਤ ਵਿਚ ਕੋਈ ਜਮਾਂਦਰੂ ਨੁਕਸ ਸੀ..ਮੇਰੇ ਸਾਰੇ ਸੁਫ਼ਨੇ..ਭਵਿੱਖ ਦੀਆਂ ਯੋਜਨਾਵਾਂ ਅਤੇ ਜਜਬਾਤਾਂ ਦੇ ਕਿੰਨੇ ਸਾਰੇ ਮਹਿਲ ਘੜੀਆਂ ਪਲਾਂ ਵਿਚ ਹੀ ਤਾਸ਼ ਦੇ ਪੱਤਿਆਂ ਵਾਂਙ ਖਿੱਲਰ ਗਏ!

ਏਨੇ ਨੂੰ ਤੁਰ ਪਈ ਗੱਡੀ ਦਾ ਮੇਰੇ ਵਾਲਾ ਡੱਬਾ ਉਸਦੇ ਬਿਲਕੁਲ ਬਰੋਬਰ ਜਿਹਾ ਆ ਗਿਆ..
ਤੁਰੀ ਜਾਂਦੀ ਨੇ ਇੱਕ ਵਾਰ ਮੇਰੇ ਵੱਲ ਵੇਖਿਆ..ਨਿੰਮਾਂ ਜਿਹਾ ਮੁਸਕੁਰਾਈ ਤੇ ਧਿਆਨ ਇੱਕ ਵਾਰ ਫੇਰ ਸਾਮਣੇ ਵੱਲ ਨੂੰ ਕਰ ਲਿਆ..

ਇੰਝ ਲੱਗਿਆ ਆਖ ਰਹੀ ਹੋਵੇ ਕੇ ਦੋਸਤਾ “ਜ਼ਮਾਨਾ ਬੇਸ਼ੱਕ ਲੱਖ ਦਿਲਾਂ ਦੀ ਗੱਲ ਕਰਦਾ ਹੋਵੇ ਪਰ “ਮੁਹੱਬਤ” ਅੱਜ ਵੀ ਚੇਹਰਿਆਂ ਤੋਂ ਸ਼ੁਰੂ ਹੋ ਕੇ “ਬਾਹਰੀ ਦਿੱਖ” ਤੇ ਆ ਕੇ ਮੁੱਕ ਜਾਇਆ ਕਰਦੀ ਏ”

ਹਰਪ੍ਰੀਤ ਸਿੰਘ ਜਵੰਦਾ

...
...

ਸਿਮਰ” ਨਾਮ ਸੀ ਉਸਦਾ..
ਬੀ.ਕਾਮ ਤੇ ਐੱਮ.ਕਾਮ ਦੋਹਾਂ ਨੇ ਇੱਕਠਿਆਂ ਨੇ ਕੀਤੀ..
ਮੈਂ ਅਕਸਰ ਪੜਾਈ ਵਿਚ ਪੱਛੜ ਜਾਇਆ ਕਰਦਾ..ਪਰ ਉਹ ਆਪਣੇ ਨੋਟਸ ਕਿਸੇ ਤਰਾਂ ਮੇਰੇ ਤੱਕ ਪਹੁੰਚਦੇ ਕਰ ਹੀ ਦਿਆਂ ਕਰਦੀ..
ਆਪਸੀ ਗੱਲਬਾਤ ਅਕੈਡਮਿਕ ਲੈਣ ਦੇਣ ਤੱਕ ਹੀ ਸੀਮਤ ਸੀ..ਹੋਰ ਕਿਸੇ ਵੀ ਵਿਸ਼ੇ ਤੇ ਗੱਲ ਬਾਤ ਕਰਨ ਤੋਂ ਦੋਵੇਂ ਸੰਗ ਜਾਇਆ ਕਰਦੇ..!
ਫੇਰ ਆਖਰੀ ਸਾਲ ਦੀ ਫੇਅਰਵੈਲ ਪਾਰਟੀ ਵਿਚ ਖੁੱਲ ਕੇ ਗੱਲਾਂ ਹੋਈਆਂ..
ਇੱਕ ਦੂਜੇ ਬਾਰੇ ਹੋਰ ਵੀ ਬਹੁਤ ਕੁਝ ਪਤਾ ਲੱਗਾ..ਦੋਵੇਂ ਚੰਗੀ ਤਰਾਂ ਜਾਣਦੇ ਸਾਂ ਕੇ ਅੱਜ ਤੋਂ ਬਾਅਦ ਸਾਡੇ ਦੋਹਾਂ ਦੀ ਜਿੰਦਗੀ ਦੀਆਂ ਦਿਸ਼ਾਵਾਂ ਬਦਲ ਜਾਣੀਆਂ ਸਨ..ਫੇਰ ਵੀ ਦਿਲ ਵਿਚ ਕਿਤੇ ਨਾ ਕਿਤੇ ਇੱਕ ਦੂਜੇ ਲਈ ਜਗਾ ਬਣਾਈ ਰੱਖਣ ਦਾ ਫੈਸਲਾ ਕਰ ਲਿਆ..
ਫੇਰ ਉਹ ਬੀ ਐੱਡ ਕਰਕੇ ਟੀਚਰ ਬਣ ਗਈ ਸੀ..
ਵਧਾਈ ਦੇਣ ਤੋਂ ਮੁੜ ਅੱਗੇ ਤੁਰਿਆ ਸਿਲਸਿਲਾ ਚਿੱਠੀ ਪੱਤਰ ਤੱਕ ਜਾ ਅੱਪੜਿਆ..
ਫੇਰ ਰੁੱਕੇ..ਸੁਨੇਹੇ ਫੋਨ ਤੇ ਹੋਰ ਵੀ ਕਿੰਨਾ ਕੁਝ…ਫੇਰ ਇਕੱਠਿਆਂ ਰਹਿਣ ਦੇ ਹੋਰ ਵੀ ਕਿੰਨੇ ਸਾਰੇ ਕੌਲ ਕਰਾਰ ਹੁੰਦੇ ਹੀ ਰਹੇ..!
ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਉਸਦਾ ਜਿਕਰ ਕਰ ਦਿੱਤਾ..
ਘਰੇ ਤੂਫ਼ਾਨ ਜਿਹਾ ਆ ਗਿਆ..ਜਾਤ ਬਰਾਦਰੀ..ਸਟੇਟਸ..ਰੁਤਬਾ..ਰਹਿਣ ਸਹਿਣ..ਆਰਥਿਕ ਅਤੇ ਸਮਾਜਿਕ ਵਖਰੇਵੇਂ ਪੱਕੀ ਕੰਧ ਬਣ ਖਲੋ ਗਏ..!
ਮਾਂ ਨੇ ਮੰਜਾ ਅਤੇ ਜਿੱਦ ਦੋਵੇਂ ਚੀਜਾਂ ਇਕੱਠਿਆਂ ਹੀ ਫੜ ਲਈਆਂ..
ਅਖੀਰ ਗੋਡੇ ਟੇਕਣੇ ਪੈ ਗਏ..ਰਿਸ਼ਤੇਦਾਰੀ ਵਿਚੋਂ ਰਾਣੀ ਨਾਮ ਦੀ ਕੁੜੀ ਨੇ ਅਸਲ ਰਾਣੀ ਬਣ ਵੇਹੜੇ ਆਣ ਪੈਰ ਪਾਇਆ..!
ਅਗਲੇ ਵਰੇ ਓਹੀ ਵੇਹੜਾ “ਧੀ” ਦੀਆਂ ਕਿਲਕਾਰੀਆਂ ਨਾਲ ਮਹਿਕ ਉਠਿਆ..!
ਨਾਮ ਰੱਖਣ ਦਾ ਵਾਰੀ ਆਈ..
ਮੇਰੇ ਮੂਹੋਂ ਆਪ ਮੁਹਾਰੇ ਹੀ “ਸਿਮਰ ਕੌਰ” ਨਿੱਕਲ ਗਿਆ..
ਸਭ ਨੂੰ ਚੰਗਾ ਵੀ ਲਗਿਆ ਅਤੇ ਫੇਰ ਇਸੇ ਤੇ ਹੀ ਪੱਕੀ ਮੁਹਰ ਲੱਗ ਗਈ!
ਪੰਜ ਸਾਲ ਮਗਰੋਂ “ਸਿਮਰ ਕੌਰ” ਨੂੰ ਸਕੂਲ ਦਾਖਿਲ ਕਰਾਉਣ ਵਾਲੀ ਘੜੀ ਵੀ ਆਂ ਪਹੁੰਚੀ..
ਪ੍ਰਿੰਸੀਪਲ ਦਫਤਰ ਦੇ ਬਾਹਰ ਲੱਗੀ ਨੇਮ-ਪਲੇਟ ਤੇ ਸਿਮਰ ਕੌਰ ਨਾਮ ਪੜ ਮੱਥਾ ਜਿਹਾ ਠਣਕਿਆ..
ਅੰਦਰ ਗਿਆ ਤਾਂ ਉਹ ਓਹੀ ਹੀ ਸੀ..
ਨਜਰਾਂ ਮਿਲੀਆਂ..ਇੱਕ ਪਲ ਇੰਝ ਲਗਾ ਜਿੱਦਾਂ ਸਮੇਂ ਦਾ ਵਹਿਣ ਥੰਮ ਜਿਹਾ ਗਿਆ ਹੋਵੇ..
ਫੇਰ ਉਸਨੇ ਧੀ ਦਾ ਨਾਮ ਪੁੱਛਿਆ..ਜੁਆਬ ਸੁਣਕੇ ਥੋੜੀ ਅਸਹਿਜ ਜਿਹੀ ਹੋ ਗਈ..
ਮੈਨੂੰ ਸੁੰਨ ਜਿਹੇ ਹੋ ਗਏ ਨੂੰ ਪਤਾ ਲੱਗ ਗਿਆ ਕੇ ਉਸਦੇ ਦਿਲੋਂ-ਦਿਮਾਗ ਵਿਚ ਉਸ ਵੇਲੇ ਕੀ ਚੱਲ ਰਿਹਾ ਹੋਵੇਗਾ..
ਖੈਰ ਘਰੇ ਆ ਕੇ ਨਾਲਦੀ ਨੂੰ ਜ਼ੋਰ ਪਾਇਆ ਕੇ ਸਿਮਰ ਨੂੰ ਕਿਸੇ ਹੋਰ ਸਕੂਲੇ ਦਾਖਿਲ ਕਰਵਾ ਦਿੰਨੇ ਆ..ਡਰ ਸਤਾ ਰਿਹਾ ਸਾਂ ਕੇ ਸੁੱਤੀਆਂ ਕਲਾ ਇੱਕ ਵਾਰ ਫੇਰ ਹੀ ਨਾ ਜਾਗ ਜਾਵਣ ਤੇ ਰਵਾਂ ਰਵੀਂ ਲੀਹੇ ਪਈ ਗ੍ਰਹਿਸਥੀ ਵਿਚ ਕੋਈ ਤੂਫ਼ਾਨ ਜਿਹਾ ਹੀ ਨਾ ਖੜਾ ਹੋ ਜਾਵੇ..!
ਪਰ ਰਾਣੀ ਨੇ ਜਿੱਦ ਫੜੀ ਰੱਖੀ..ਅਖੀਰ ਗੱਲ ਮੰਨਣੀ ਪਈ..!
ਮੈਂ ਅਕਸਰ ਹੀ ਉਸਨੂੰ ਸਕੂਲ ਛੱਡਣ ਲਿਆਉਣ ਤੋਂ ਟਾਲ਼ਾ ਜਿਹਾ ਵੱਟਣ ਲੱਗਾ..
ਮਗਰੋਂ ਪਤਾ ਲੱਗਿਆ ਕੇ ਉਸ ਨੇ ਵਿਆਹ ਵੀ ਨਹੀਂ ਸੀ ਕਰਵਾਇਆ..
ਅਖੀਰ ਇੱਕ ਦਿੰਨ ਰਾਣੀ ਆਖਣ ਲੱਗੀ ਕੇ ਉਸਦੀ ਕਿਸੇ ਹੋਰ ਸ਼ਹਿਰ ਬਦਲੀ ਹੋ ਗਈ ਏ..!
ਮੈਨੂੰ ਅੰਦਰੋਂ ਅੰਦਰੀ ਵੱਡਾ ਧੱਕਾ ਜਿਹਾ ਲੱਗਾ..
ਚੰਗੀ ਤਰਾਂ ਜਾਣਦਾ ਸਾਂ ਕੇ ਬਦਲੀ ਹੋਈ ਨਹੀਂ..ਸਗੋਂ ਖੁਦ ਕਰਵਾ ਲਈ ਸੀ..
ਕਿਓੰਕੇ ਉਹ ਅਕਸਰ ਹੀ ਆਖਿਆ ਕਰਦੀ ਸੀ ਕੇ ਪਾਕ ਪਵਿੱਤਰ ਮੁਹੱਬਤਾਂ ਵਾਲੇ ਰਾਹਾਂ ਦੇ ਸਾਫ ਦਿਲ ਪਾਂਧੀ ਕਿਸੇ ਨੰਗੇ ਪੈਰੀ ਤੁਰੇ ਜਾਂਦੇ ਆਪਣੇ ਮਿੱਤਰ ਪਿਆਰੇ ਦੇ ਰਾਹਾਂ ਵਿਚ ਕਦੇ ਵੀ ਬਲੈਕਮੇਲਿੰਗ ਵਾਲੇ ਕੰਡੇ ਨਹੀਂ ਬੀਜਿਆ ਕਰਦੇ..ਸਗੋਂ ਉਹ ਤਾਂ ਖੁਦ ਫ਼ੁੱਲ ਬਣ ਓਹਨਾ ਦੇ ਪੱਬਾਂ ਹੇਠ ਇੰਝ ਵਿੱਛ ਜਾਇਆ ਕਰਦੇ ਨੇ ਜਿੱਦਾਂ ਓਹਨਾ ਨੂੰ ਆਪਣੇ ਵਜੂਦ ਦੇ ਮਿੱਧੇ ਜਾਣ ਦੀ ਭੋਰਾ ਜਿੰਨੀ ਵੀ ਪ੍ਰਵਾਹ ਨਾ ਹੋਵੇ..!
ਅਤੀਤ ਦੇ ਸਮੁੰਦਰ ਵਿਚ ਗੋਤੇ ਖਾਂਦੀ ਮੇਰੀ ਸੁਰਤਿ ਨੂੰ ਜਦੋਂ ਵਰਤਮਾਨ ਵਿਚ ਆ ਕੇ ਥੋੜਾ ਬਹੁਤ ਸਾਹ ਜਿਹਾ ਆਇਆ ਤਾਂ ਇੰਝ ਮਹਿਸੂਸ ਹੋਇਆ ਜਿੱਦਾਂ ਉਹ ਜਾਂਦੀ ਜਾਂਦੀ ਵੀ ਮੇਰੀ ਜਿੰਦਗੀ ਦੇ ਇੱਕ ਅਹਿਮ ਪਰਚੇ ਵਿਚ ਜਬਰਦਸਤੀ ਥੋਪ ਦਿੱਤੇ ਗਏ ਇੱਕ ਬਹੁਤ ਹੀ ਔਖੇ ਜਿਹੇ ਸੁਆਲ ਦਾ ਜੁਆਬ ਖੁਦ ਹੀ ਇੱਕ ਪਰਚੀ ਤੇ ਲਿਖ ਮੇਰੇ ਤੱਕ ਪੁੱਜਦਾ ਕਰ ਗਈ ਹੋਵੇ..!
ਸਹੀ ਆਖਿਆ ਕਿਸੇ ਨੇ “ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ”

ਹਰਪ੍ਰੀਤ ਸਿੰਘ ਜਵੰਦਾ

...
...

ਸੰਨ ਉੱਨੀ ਸੌ ਪਚਾਸੀ..
ਲੈਕਚਰਾਰ ਲੱਗਣ ਮਗਰੋਂ ਰਿਸ਼ਤਿਆਂ ਦਾ ਜਿਵੇਂ ਹੜ ਆ ਗਿਆ ਹੋਵੇ..
ਰਸੋਈ..ਗੇਟ ਦੇ ਬਿਲਕੁਲ ਸਾਹਮਣੇ ਹੋਣ ਕਰਕੇ ਹਰ ਅੰਦਰ ਲੰਘ ਆਏ ਨੂੰ ਅੰਦਰੋਂ ਵੇਖ ਲਿਆ ਕਰਦੀ..
ਫੇਰ ਹਰੇਕ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਨਾਂਹ ਕਰ ਦੇਣੀ ਮੇਰੀ ਆਦਤ ਜਿਹੀ ਬਣ ਗਈ ਸੀ..ਮਗਰੋਂ ਦਾਦੀ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ..
ਆਖਿਆ ਕਰਦੀ ਕੇ ਕੋਈ ਅਰਸ਼ੋਂ ਹੀ ਉੱਤਰੂ ਜਿਸਨੂੰ ਇਹ ਕੁੜੀ “ਹਾਂ” ਕਰੂ..ਪਰ ਪਾਪਾ ਹੱਸ ਕੇ ਹਰ ਗੱਲ ਆਈ ਗਈ ਕਰ ਦਿਆ ਕਰਦੇ..
ਮਗਰੋਂ ਫੋਟੋ ਫਰੇਮ ਵਿਚ ਹਰ ਵੇਲੇ ਹੱਸਦੀ ਹੋਈ ਮੇਰੀ “ਮਾਂ” ਵੀ ਅਕਸਰ ਹੀ ਮੇਰੀ ਹਿਮਾਇਤ ਤੇ ਉੱਤਰ ਆਇਆ ਕਰਦੀ..

ਮੇਰੇ ਆਸ ਪਾਸ ਇੱਕ ਤੋਂ ਵੱਧ ਖਰੂਦੀ ਸਹੇਲੀਆਂ ਦਾ ਘੇਰਾ ਹੋਇਆ ਕਰਦਾ ਸੀ..
ਹਰ ਵੇਲੇ ਬੱਸ ਮੁੰਡਿਆਂ ਦੀ ਨੁਕਤਾ ਚੀਨੀ..ਅਖ਼ੇ ਪੋਚਵੀਂ ਪੱਗ ਵਾਲਾ ਆਕੜ-ਖ਼ਾਨ ਹੁੰਦਾ..ਬਾਹਰੋਂ ਆਏ ਨੇ ਅਕਸਰ ਹੀ ਬਾਹਰ ਵਿਆਹ ਕਰਵਾਇਆ ਹੁੰਦਾ..
ਫ਼ੀਏਟ ਕਾਰ ਤੇ ਆਇਆ ਦਿਖਾਵੇਬਾਜ ਅਤੇ ਲਾਲਚੀ ਹੁੰਦਾ..
ਬਹੁਤੇ ਲੰਮੇ ਮੁੰਡੇ ਹਮੇਸ਼ਾਂ ਰੋਹਬ ਥੱਲੇ ਰੱਖਦੇ..
ਗੱਲ ਕੀ ਬੀ ਦਿਮਾਗ ਵਿਚ ਬੈਠ ਗਿਆ ਕੇ ਦੁਨੀਆ ਦਾ ਹਰ ਮੁੰਡਾ ਬੱਸ ਐਬਾਂ ਦੀ ਹੀ ਪੰਡ ਹੈ..ਵਿਚਾਰੇ..
ਕਈ ਵਾਰ ਅਗਲੇ ਤੇ ਤਰਸ ਅਤੇ ਆਪਣੇ ਤੇ ਗੁੱਸਾ ਵੀ ਆ ਜਾਂਦਾ ਪਰ ਅਗਲੇ ਹੀ ਪਲ ਇਹ ਸੋਚ ਫੇਰ ਭਾਰੂ ਹੋ ਜਾਇਆ ਕਰਦੀ..ਕੇ ਜੋ ਕਰ ਰਹੀਆਂ ਹਾਂ..ਇਹ ਸਾਡਾ ਜਮਾਂਦਰੂ ਹੱਕ ਏ..!

ਸਾਨੂੰ ਕਾਲਜ ਦੀ ਬੱਸ ਘਰ ਛੱਡ ਕੇ ਆਇਆ ਕਰਦੀ ਸੀ..
ਚਿੱਟੀ ਦਾਹੜੀ ਵਾਲੇ ਡਰਾਈਵਰ ਅੰਕਲ..ਰਿਟਾਇਰਡ ਫੌਜੀ..ਸਖਤ ਸੁਭਾਅ..ਇੱਕ ਮਿੰਟ ਵੀ ਲੇਟ ਹੋ ਗਏ ਸਮਝੋ ਬੱਸ ਨਿੱਕਲ ਗਈ..ਇਸੇ ਲਈ ਦਸ ਮਿੰਟ ਪਹਿਲਾਂ ਹੀ ਆ ਜਾਇਆ ਕਰਦੀ..!

ਗਰਮੀਆਂ ਦੀਆਂ ਛੁਟੀਆਂ ਵਿਚ ਪੱਤਰ ਵਿਹਾਰ ਵਾਲਿਆਂ ਦੀਆਂ ਕਲਾਸਾਂ ਸਨ..
ਇੱਕ ਦਿਨ ਬੱਸ ਉਡੀਕਦੀ ਨੂੰ ਅਜੇ ਪੰਜ ਮਿੰਟ ਹੀ ਹੋਏ ਹੋਣੇ ਕੇ ਮੋਹਲੇਧਾਰ ਮੀਂਹ ਸ਼ੁਰੂ ਹੋ ਗਿਆ..ਕੁਝ ਨਾ ਸੁੱਝੇ ਕੇ ਹੁਣ ਕੀ ਕਰਾਂ..
ਏਨੇ ਨੂੰ ਪੋਚਵੀਂ ਪੱਗ ਵਾਲਾ ਉਚਾ-ਲੰਮਾ ਸਰਦਾਰ ਮੁੰਡਾ ਪਤਾ ਨੀ ਕਿਧਰੋਂ ਨਿੱਕਲ ਆਇਆ ਤੇ ਕੋਲ ਆ ਸਕੂਟਰ ਦੀ ਬ੍ਰੇਕ ਮਾਰ ਦਿੱਤੀ..
ਮੇਰੇ ਵੱਲ ਇੱਕ ਛਤਰੀ ਵਧਾਉਂਦਾ ਹੋਇਆ ਆਖਣ ਲੱਗਾ “ਜੀ ਰੱਖ ਲਵੋ ਜੇ ਮੋੜਨੀ ਹੋਵੇ ਤਾਂ ਕੱਲ ਸਾਇੰਸ ਬਲਾਕ ਦੇ ਦਫਤਰ ਵਿਚ ਦੇ ਜਾਇਓ..”
ਸਾਰਾ ਕੁਝ ਏਨੀ ਛੇਤੀ ਹੋਇਆ ਕੇ ਮੈਂ ਹੀ ਕੁਝ ਪੁੱਛ ਹੀ ਨਾ ਸਕੀ..
ਅਗਲੇ ਦਿਨ ਪਤਾ ਕਰਾਇਆ..ਅਸਿਸਟੈਂਟ ਲੈਕਚਰਰ ਦੀ ਸਿਲੈਕਸ਼ਨ ਹੋਈ ਸੀ..
ਮਗਰੋਂ ਅਕਸਰ ਹੀ ਜਦੋਂ ਕਦੀ ਅਗਿਓਂ ਤੁਰੇ ਆਉਂਦੇ ਨਾਲ ਟਾਕਰੇ ਹੋ ਜਾਂਦੇ ਤਾਂ ਹੌਲੀ ਜਿਹੀ ਸਸਰੀ ਕਾਲ ਬੁਲਾ ਨੀਵੀਂ ਪਾਈ ਕੋਲੋਂ ਦੀ ਲੰਘ ਜਾਂਦਾ..
ਗੁੱਸਾ ਆਉਂਦਾ ਕੇ ਬੜਾ ਅਜੀਬ ਏ..ਸਿਵਾਏ ਸਾਸਰੀ ਕਾਲ ਤੋਂ ਹੋਰ ਕੋਈ ਵਾਧੂ ਗੱਲ ਹੀ ਨਹੀਂ..ਪਰ ਉਸਦਾ ਇਹ ਵਰਤਾਰਾ ਮੈਨੂੰ ਹੀਣ-ਭਾਵਨਾ ਵਾਲੇ ਸਮੁੰਦਰ ਵਿਚ ਧੱਕ ਦਿਆ ਕਰਦਾ..
ਮੇਰੇ ਵਿਦਿਆਰਥੀ ਵੀ ਜਦੋਂ ਕਦੀ ਉਸਦੀਆਂ ਸਿਫਤਾਂ ਕਰਦੇ ਹੋਏ ਦਿਸ ਪੈਂਦੇ ਤਾਂ ਮੇਰੇ ਕੰਨ ਖੜੇ ਹੋ ਜਾਇਆ ਕਰਦੇੇ..ਕਈ ਵਾਰ ਕੱਲੀ ਬੈਠੀ ਦੇ ਮਨ ਵਿਚ ਖਿਆਲ ਆਉਂਦਾ ਕੇ ਕਾਸ਼ ਕੋਈ ਇਹੋ ਜਿਹਾ “ਮੁੰਡਾ” ਹੀ..”

ਫੇਰ ਇੱਕ ਦਿਨ ਪਾਪਾ ਜੀ ਆਖਣ ਲੱਗੇ ਕੇ ਆਉਂਦੇ ਐਤਵਾਰ ਫੇਰ ਕੁਝ ਪ੍ਰਾਹੁਣੇ ਆ ਰਹੇ ਨੇ..
ਇੱਕ ਵਾਰ ਫੇਰ ਮਿੱਥੇ ਟਾਈਮ ਰਸੋਈ ਵਿਚ ਪਾਸੇ ਜਿਹੇ ਹੋ ਖਲੋ ਗਈ..
ਜਦੋਂ ਸਾਰੇ ਜਣੇ ਅੰਦਰ ਅੰਦਰ ਲੰਘਣ ਲੱਗੇ ਤਾਂ ਹੋਸ਼-ਹਵਾਸ ਉੱਡ ਗਏ..
ਇਹ ਤਾਂ ਓਹੀ ਹੀ ਸੀ ਛਤਰੀ ਵਾਲਾ..ਦਿਲ ਕੀਤਾ ਕੇ ਖੰਬ ਲਾ ਕੇ ਕਿਤੇ ਦੂਰ ਅੰਬਰਾਂ ਵਿਚ ਉਡਾਰੀ ਲਾ ਆਵਾਂ..ਖੈਰ ਖਰੂਦੀ ਮਨ ਨੂੰ ਇੱਕ ਅਜੀਬ ਸ਼ਰਾਰਤ ਜਿਹੀ ਸੁਝੀ..
ਜਾਣ ਬੁਝਕੇ ਉਸਦੇ ਕੱਪ ਵਿਚ ਤਿੰਨ ਚਮਚੇ ਖੰਡ ਦੇ ਵਾਧੂ ਦੇ ਪਾ ਦਿੱਤੇ..ਉਸ ਵਿਚਾਰੇ ਨੇ ਨਿੱਮਾ-ਨਿੱਮਾ ਹੱਸਦੇ ਹੋਏ ਨੇ ਚੁੱਪ ਚਾਪ ਪੀ ਲਈ..

ਫੇਰ ਸੰਖੇਪ ਜਿਹੀ ਰਸਮੀਂ ਗੱਲਬਾਤ ਮਗਰੋਂ ਮੈਂ ਫੇਰ ਰਸੋਈ ਵਿਚ ਪਰਤ ਆਈ..!

ਆਦਤਨ ਪਾਪਾ ਜੀ ਇਸ ਵਾਰ ਫੇਰ ਮੇਰੇ ਹਾਵ-ਭਾਵ ਜਾਨਣ ਬਹਾਨੇ ਜਿਹੇ ਨਾਲ ਰਸੋਈ ਅੰਦਰ ਲੰਘ ਆਏ..
ਅੱਗੇ ਤਾਂ ਉਹ ਇੱਕ ਗੱਲ ਪਤਾ ਨੀ ਕਿੰਨੀ ਵਾਰ ਪੁੱਛਿਆ ਕਰਦੇ ਤਾਂ ਜਾ ਕੇ ਕਿਤੇ ਮੇਰਾ ਮੂੰਹ ਖੁਲਿਆ ਕਰਦਾ ਪਰ ਇਸ ਵਾਰ ਮੈਨੂੰ ਪਤਾ ਨੀ ਕੀ ਗਿਆ ਸੀ..
ਅਜੇ ਓਹਨਾ ਕੁਝ ਪੁੱਛਿਆ ਵੀ ਨਹੀਂ ਸੀ ਕੇ ਮੇਰੇ ਮੂੰਹੋਂ ਆਪਮੁਹਾਰੇ ਹੀ “ਹਾਂ” ਨਿੱਕਲ ਗਈ!

ਹਰਪ੍ਰੀਤ ਸਿੰਘ ਜਵੰਦਾ

...
...

ਇਸ ਸਮੇਂ ਸੋਸ਼ਲ ਮੀਡੀਆ ਦਾ ਚਲਨ ਹੋਣ ਕਾਰਣ ਕੋਈ ਵੀ ਕਿੱਥੇ ਬੈਠੇ ਹੋਏ ਵੀ ਟੀਕਾ ਟਿੱਪਣੀ ਕਰਨ ਲਈ ਤਿਆਰ ਹੈ।
ਇਸੇ ਤਰ੍ਹਾਂ ਹੀ ਸਾਡੇ ਨਾਲ ਵੀ ਇੱਕ ਵਾਕਿਆ ਹੋਇਆ ਜਿਸਨੇ ਮੈਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਅੱਜ ਸਾਡੀ ਕੌਮ ਐਸੀ ਜਗ੍ਹਾ ਤੇ ਖੜ੍ਹੀ ਹੈ ਜਿੱਥੇ ਅਸੀ ਆਪ ਨਾਲ ਆਪ ਲੜਦੇ ਪਏ ਹਾਂ।
ਗਲ ਇਸ ਤਰ੍ਹਾਂ ਹੋਈ ਕਿ ਭਰਾ ਦੇ ਇੱਕ ਫੇਸਬੁੱਕ ਮਿੱਤਰ ਨੇ ਪਟਿਆਲਾ ਵਿਖੇ ਹੋਏ ਨਿਹੰਗ ਸਿੰਘਾਂ ਦੇ ਮਾਮਲੇ ਤੇ ਕਮੈਂਟ ਕਰਦੇ ਹੋਏ ਲਿਖਿਆ ਕਿ ਸਿੱਖ ਧਰਮ ਸਾਡੇ ਦੇਸ਼ ਦਾ ਦੁਸ਼ਮਣ ਹੈ ਅਤੇ ਇਨ੍ਹਾਂ ਦੇ ਗੁਰੂਦਵਾਰੇ ਹਥਿਆਰਾਂ ਦੇ ਸਪਲਾਅਰ ਹਨ ਇਨ੍ਹਾਂ ਨੂੰ ਦੇਸ਼ ਤੋਂ ਬਾਹਰ ਕਢ ਦੇਣਾ ਚਾਹੀਦਾ ਹੈ। ਵੀਰ ਜੀ ਵੀ ਉੱਚੀ ਸੋਚ ਰੱਖਦੇ ਹਨ, ਉਨ੍ਹਾਂ ਉਸ ਮਿੱਤਰ ਨੂੰ ਸਮਝਾਇਆ ਕਿ ਬਿਨਾ ਪੂਰੀ ਗੱਲ ਬਾਤ ਜਾਣੇ ਕਿਸੇ ਦੇ ਧਰਮ ਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਅਤੇ ਸਿੱਖ ਧਰਮ ਤੇ ਬਣਿਆ ਹੀ ਮਨੁੱਖਤਾ ਦੀ ਭਲਾਈ ਲਈ ਹੈ।ਇਨ੍ਹਾਂ ਦੇ ਗੁਰੂਦੁਆਰਿਆ ਵਿਚ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਦਿੱਤਾ ਜਾਉਂਦਾ ਹੈ ਤੇ ਪ੍ਰੇਮ ਪਿਆਰ ਨਾਲ ਲੰਗਰ ਅਤੇ ਭਾਈਚਾਰੇ ਦਾ ਨਾ ਖਤਮ ਹੋਣ ਵਾਲਾ ਪ੍ਰਵਾਹ ਚਲਦਾ ਹੈ।ਵੀਰੇ ਨੇ ਪਿਆਰ ਨਾਲ ਉਸਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਦਿਤੀ ਕਿ ਸਿੱਖ ਧਰਮ ਅਤੇ ਇਸਦੇ ਯੋਧਾ ਸਿੰਘਾਂ ਨੇ ਹਮੇਸ਼ਾ ਮਜਲੂਮਾਂ ਦੀ, ਭਾਵੇਂ ਉਹ ਕਿਸੇ ਵੀ ਧਰਮ ਦਾ ਹੀ ਕਿਉਂ ਨਾ ਹੋਵੇ ਸਦਾ ਆਪਣੀ ਜਾਨ ਤੇ ਖੇਡ ਕੇ ਯਾ ਜਾਨ ਦੇ ਕੇ ਰਾਖੀ ਕੀਤੀ ਹੈ। ਗੁਰੂ ਇਤਿਹਾਸ ਜਾਨ ਕੇ ਉਸ ਮਿੱਤਰ ਨੇ ਮਾਫ਼ੀ ਮੰਗੀ ਅਤੇ ਆਪਣੀ ਪੋਸਟ ਡਿਲੀਟ ਵੀ ਕੀਤੀ।
ਦੂਜੇ ਪਾਸੇ ਪਤੀ ਨਾਲ ਵੀ ਇੱਕ ਵ੍ਹਟਸਐਪ ਗਰੁੱਪ ਜਿਸ ਵਿਚ ਇਕ ਸਿੱਖ ਭਰਾ ਦੇ ਦਸ਼ਮ ਪਿਤਾ ਦੀ ਬਾਣੀ ਦੇ ਵਿਰੋਧ ਚ ਕੀਤੀ ਲੰਬੀ ਬਹਿਸ ਜਿਸ ਵਿਚ ਉਹ ਕਿਸੇ ਵੀ ਹਦ ਤਕ ਜਾਉਣ ਲਈ ਤਿਆਰ ਹੋ ਗਏ ਨੇ ਮੈਨੂੰ ਹੁਣ ਪਾ ਦਿੱਤਾ ਕਿ ਅਸੀ ਬਾਹਰ ਹੋ ਰਹੀ ਜੰਗ ਤੋਂ ਤਾਂ ਜੀਤ ਜਾਵਾਂਗੇ,ਦੂਜੇ ਲੋਕਾਂ ਨੂੰ ਆਪਣੇ ਧਰਮ ਦੇ ਪ੍ਰਤੀ ਜਾਣਕਾਰੀ ਦੇ ਕੇ ਸ਼ਰਧਾਲੂ ਬਣਾ ਲਵਾਂਗੇ ਪਰ ਧਰਮ ਅੰਦਰ ਚਲਦੇ ਵਿਚਾਰਾਂ ਦੇ ਮਤਭੇਦ ਨੂੰ ਕਿਵੇਂ ਖਤਮ ਕੀਤਾ ਜਾਵੇ ਕੇ ਆਪਣੇ ਭੈਣ ਭਰਾ ਇਕੋ ਛੱਤ ਹੇਠਾਂ ਕਠੇ ਹੋ ਕੇ ਧਰਮ ਨੂੰ ਅੱਗੇ ਵਧਾ ਸਕੀਏ। ਜੋ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਸੀ ਮਤਭੇਦ ਖਤਮ ਕਰਕੇ ਆਪਣੇ ਗੁਰੂਆਂ ਦੀ ਬਾਣੀ ਦਾ ਸੱਚਾ ਸੰਦੇਸ਼ ਸਾਰੀ ਲੁਕਾਈ ਨੂੰ ਪਹੁੰਚਾ ਕੇ ਆਪਣੇ ਧਰਮ ਤੇ ਉਠਦੇ ਸਵਾਲਾਂ ਅਤੇ ਵਿਰੋਧ ਨੂੰ ਖਤਮ ਕਰਕੇ ਅੱਗੇ ਵਧਣ ਲਈ ਉਤਸ਼ਾਹਿਤ ਹੋਵੀਏ।

Submitted By:- ਸਤਨਾਮ ਕੌਰ

...
...

ਮਿਹਨਤ 6 ਮਹਿਨੇ ਸੀ ਕਰੀ
ਜਿਹੜੀ ਗਈ ਨਾ ਤੇਰੇ ਤੋ ਜਰੀ
ਪਾਣੀ ਖੜੀ ਫਸਲ ਤੇ ਫੇਰਿਆ
ਮਾਰ-ਮਾਰ ਗੜੇ ਬੱਲੀਆ ਨੂੰ ਕੇਰਿਆ
ਜੇ ਜੱਟ ਨੇ ਛੱਡ ਦਿੱਤਾ ਖੇਤੀ ਕਰਨਾ
ਦੱਸ ਫੇਰ ਦੁਨੀਆ ਦਾ ਢਿੱਡ ਕਿੱਥੋ ਭਰੇਗਾ
ਚੱਲ ਛੱਡ ਤੇਰੇ ਨਾਲ ਕੀ ਗੱਲ ਕਰਨਾ ਤੇਰੇ ਕਿਹੜਾ ਬਾਪ ਹੋਉ ਤਾਂ ਕਿ ਮੈਂ ਤੈਨੂੰ ਆਪਣੇ ਦਰਦ ਦਾ ਅਹਿਸਾਸ ਕਰਾ ਸਕਾ
ਜਦੋ ਮੇਰਾ ਬਾਪ ਹੱਥੀ ਬੀਜੀ ਫਸਲ ਤਬਾਹ ਹੁੰਦੀ ਦੇਖ ਰਿਹਾ ਸੀ। ਮੈਨੂੰ ਸਿਰਫ ਹੱਡਬੀਤੀ ਦਾ ਹੀ ਦੁੱਖ ਨਹੀਂ ਜੱਗਬੀਤੀ ਦਾ ਵੀ ਆ
ਬਾਕੀ ਦੁਨੀਆ ਤੇ ਵੀ ਜੁਲਮ ਤੂੰ ਘੱਟ ਨੀ ਕਰ ਰਿਹਾ
ਮੈ ਦੋ ਲਾਈਨਾਂ ਸੁਣੀਆ ਸੀ ਬਾਬੇ ਨਾਨਕ ਦੀਆਂ
ਪਰ ਅਫਸੋਸ ਤੇਰੇ ਤੇ ਨੀ ਟੁਕਦੀਆਂ
‘ਅਖੇ ਮਰਦਾਨਿਆ ਦੇਖੀ ਚੱਲ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੁਜਿਆਂ ਨੂੰ ਮਾਰਦੇ’
ਉਹਨਾਂ ਤੈਨੂੰ ਕਰਤਾਰ ਕਿਹਾ ਸੀ ਮੈ ਰੱਬ ਕਹਿ ਰਹੀਆ
ਸਾਨੂੰ ਜਮਾਂ ਵਧੀਆ ਨੀ ਲੱਗਦੇ ਤੇਰੇ ਰੰਗ ਤੈਨੂੰ ਕੁਝ ਦਿਖ ਨੀ ਰਿਹਾ ਦੁਨੀਆ ਤੇ ਕੀ ਹੋ ਰਿਹਾ ਕੀਤੇ ਤੂੰ ਲੀਡਰਾਂ ਵਰਗਾ ਤਾਂ ਨੀ ਬਣਗਿਆ ਜਿਹੜੇ ਜਿੱਤ ਕੇ ਸਾਰ ਨੀ ਲੈਦੇ ਲੋਕਾਂ ਦੀ। ਲਗਦੇ ਤੇਰਾ ਚਾਅ ਵੀ ਮੁੱਕ ਗਿਆ ਰੱਬ ਬਣਨ ਦਾ ਜਿਸ ਨੂੰ ਆਪਣੀ ਬਣਾਈ ਦੁਨੀਆ ਦੀ ਸਾਰ ਨੀ।
ਮੈ ਤਾਂ ਇਹ ਵੀ ਸੁਣਿਆ ਸੀ ਤੂੰ ਹਰ ਇੱਕ ਨਾਲ ਇਨਸਾਫ ਕਰਦੇ। ਪਰ ਸੁਣਿਆ ਹੀ ਅੇ ਕਦੇ ਦੇਖਿਆ ਨੀ। ਕਹਿੰਦੇ ਤਾਂ ਇਹ ਵੀ ਆ ਤੂੰ ਨਿਡਰ ਆ ਜਿਸ ਨੂੰ ਕਿਸੇ ਦਾ ਕੋਈ ਡਰ ਨੀ ਫੇਰ ਸਹਮਣੇ ਆਉਣ ਤੋ ਕਿਉ ਡਰਦੇ
ਇਕ ਵਾਰੀ ਆ ਕੇ ਦੁਨੀਆ ਨੂੰ ਡਰਾਏ ਜਾ ਤਾ ਕਿ ਇਥੇ ਰਿਸ਼ਵਤਖੋਰੀ ਬਲਾਤਕਾਰ ਨਾ ਹੋਵੇ। ਤੇਰੇ ਲਈ ਕਿੰਨੀ ਕੁ ਵੱਡੀ ਗੱਲ ਐ । ਜੇ ਤੂੰ ਕਹੇ ਮੈ ਸਪਾਰਸ਼ ਵੀ ਲਗਵਾ ਦਿਉ ਕਿਸੇ ਮੰਦਰ ਦੇ ਪੁਜਾਰੀ ਦੀ ਕਿਸੇ ਗੁਰੂ ਘਰ ਦੇ ਪਾਠੀ ਦੀ ਜਾ ਕਿਸੇ ਚੜਾਵੇ ਵਾਲੇ ਬਾਬੇ ਦੀ। ਹਾਂ ਪਰ ਮੇਰਾ ਕੰਮ ੳਸੇ ਟਾਈਮ ਪੱਕਾ ਹੋਣਾ ਚਾਹੀਦੇ।
ਕੀਤੇ ਤੇਰੀ ਉਡੀਕ ਕਰਦੇ ਕਰਦੇ ਮੈ ਹੀ ਨਾਂ ਮੁੱਕ ਜਾਵਾਂ।
ਇਹ ਤਾਂ ਕਿਹਾ ਹੁਣ ਤੂੰ ਬਹੁਤ ਹੋਲੀ ਹਿਸਾਬ ਕਿਤਾਬ ਕਰਦੇ।
ਤੇਰੀ ਦੁਨੀਆਂ ਦੀ ‘ਜੈਸਾ ਕਰੇਗਾ ਵੈਸਾ ਭਰੇਗਾ’ ਵਾਲੀ ਗੱਲ ਨੀ ਰਹੀ ਹੁਣ ਤਾਂ ਕਰਦਾ ਕੋਈ ਆ ਭਰਦਾ ਕੋਈ। ਜਿਵੇ ਤੂੰ ਤਾਂ ਕੀਤੇ ਜਾ ਕੇ ਸੋਂ ਗਿਆ।
ਪਰ ਤੂੰ ਵੀ ਕੀ ਕਰੇ ਦੁਨੀਆ ਹੋ ਏ ਵਾਲੀ ਗਈ ਕਿਸ ਕਿਸ ਦਾ ਹਿਸ਼ਾਬ ਰਖੇ ਤੂੰ ਪਰ ਕੁਝ ਤਾਂ ਤੈਨੂੰ ਕਰਣਾ ਪਉ।
ਮੈ ਸੁਣਿਆ ਤੇਰੇ ਬੰਦਿਆਂ ਤੋ ਕਿ ‘ਪੁੱਤ ਕਪੁੱਤ ਹੋ ਜਾਂਦਿਆ ਪਰ ਮਾਪੇ ਕੁਮਾਪੇ ਨਈ ਹੁੰਦੇ’ ਇਹ ਗੱਲ ਸੱਚ ਵੀ ਆ ਤੇਰੀ ਦੁਨੀਆ ਤੇ ਪਰ ਤੇਰੇ ਤੇ ਨੀ ਸਾਰੀ ਦੁਨੀਆ ਦਾ ਜਨਮਦਾਤਾ ਤੂੰ ਐ ਸਾਰੇ ਤੈਨੂੰ ਰੱਬ ਕਹਿੰਦੇ ਆ ਹੁਣ ਤੈਨੂੰ ਕੁਰੱਬ ਕਹਿਣ ਚ ਮੈਨੂੰ ਕੋਈ ਝਿਜਕ ਨਈ। ਹਾਂ ਜੇ ਤੂੰ ਥੱਕ ਗਿਆ ਜਾ ਬੁੱਢਾ ਹੋਗਿਆ ਤਾਂ ਵੀ ਦੱਸਦੇ। ਕਿ ਤੂੰ ਆਪਣੀ ਬਣਾਈ ਦੁਨੀਆਂ ਦੀ ਡੋਰ ਤੂੰ ਇਸਦੇ ਹੱਥ ਹੀ ਸ਼ੱਡ ਤੀ। ਅਸੀ ਤੇਰੇ ਤੌ ਆਸ ਰੱਖਣੀ ਛੱਡ ਦੇਵਾਗੇ ਤੇ ਆਪਣੀ ਜਿੰਮੇਵਾਰੀ ਖੁਦ ਚੱਕਾਗੇ ਤੇਰੀ ਹੋਂਦ ਨੂੰ ਯਾਦ ਰੱਖਕੇ। ਸ਼ਾਇਦ ਦੁਨੀਆ ਦਾ ਸੁਧਾਰ ਹੋ ਜਾਵੇ।
ਹਰਪੀ੍ਤ ਔਜਲਾ

...
...

ਰਾਏ ਬੁਲਾਰ ਦੇ ਵਾਰਿਸਾਂ ਨੇ ਜਮੀਨ ਦੇ ਲਾਲਚ ਵਿਚ ਅਦਾਲਤ ਵਿਚ ਮੁਕੱਦਮਾ ਕਰ ਦਿਤਾ ਕਿ ਸਾਡੇ ਬਜੁਰਗ ਰਾਏ ਬੁਲਾਰ ਦਾ ਦਿਮਾਗ ਉਦੋਂ ਸਹੀ ਨਹੀ ਸੀ ਜਦ ਉਸਨੇ ਆਪਣੀ ਅੱਧੀ ਜਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ ਸੀ ਤੇ ਹੁਣ ਉਹ ਪੈਲੀ ਸਾਨੂੰ ਮਿਲਣੀ ਚਾਹੀਦੀ ਹੈ-ਇਸ ਮਗਰੋਂ ਜੋ ਕੁਝ ਹੋਇਆ,ਉਹ ਜਾਨਣ ਲਈ ਇਹ ਲੇਖ ਪੜੋ-ਕਮਾਲ -ਕਮਾਲ-ਵਿਸਮਾਦ…!
ਰਾਇ ਬੁਲਾਰ ਖ਼ਾਨ ਸਾਹਿਬ ਨਾਲ ਗੁਰੂ ਨਾਨਕ ਦੇਵ ਜੀ ਦੀ ਇੱਕ ਸਾਂਝ ਦਾ ਜ਼ਿਕਰ ਸਾਡੀਆਂ ਸਾਖੀਆਂ ਵਿੱਚ ਨਹੀਂ ਆਉਂਦਾ। ਵੱਡੀ ਘਟਨਾ ਵਾਪਰੀ ਪਰ ਸਾਖੀਆਂ ਵਿੱਚ ਦਰਜ ਨਹੀਂ ਕੀਤੀ ਗਈ। ਇਹ ਸਾਖੀ ਮੈਨੂੰ ਗੁਰੂ ਨਾਨਕ ਗੌਰਮਿੰਟ ਡਿਗਰੀ ਕਾਲਜ ਨਨਕਾਣਾ ਸਾਹਿਬ ਦੇ ਠੇਕੇਦਾਰ ਨੇ ਸੁਣਾਈ।
ਹੋਇਆ ਇੰਜ ਕਿ 10 ਅਪਰੈਲ 1993 ਨੂੰ ਨਨਕਾਣਾ ਸਾਹਿਬ ਮੱਥਾ ਟੇਕਿਆ, ਕੀਰਤਨ ਸੁਣਿਆ ਤੇ ਲੰਗਰ ਛਕਿਆ। ਸੋਚਿਆ ਕਿ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਮਿਲਾਂ, ਗੱਲਾਂ ਕਰਾਂ। ਕਾਲਜ ਤਾਂ ਹੋਣਾ ਨਹੀਂ ਇੱਥੇ, ਸਕੂਲ ਹੋਏਗਾ। ਕਿਸੇ ਮਾਸਟਰ ਨੂੰ ਮਿਲੀਏ। ਪੁਲੀਸ ਅਫ਼ਸਰ ਨੂੰ ਦੱਸਿਆ ਕਿ ਮੈਂ ਪ੍ਰੋਫੈਸਰ ਹਾਂ। ਕਿਸੇ ਪ੍ਰੋਫ਼ੈਸਰ ਜਾਂ ਮਾਸਟਰ ਨੂੰ ਮਿਲਣਾ ਚਾਹੁੰਦਾ ਹਾਂ। ਡੀ.ਐੱਸ.ਪੀ. ਨੇ ਦੱਸਿਆ, ‘‘ਅਹਿ ਇਧਰ ਦੋ ਕੁ ਫਰਲਾਂਗ ’ਤੇ ਕਾਲਜ ਹੈ, ਚਲੇ ਜਾਓ।’’ ਤੁਰਦਾ ਗਿਆ। ਅੱਗੇ ਗੇਟ ਆ ਗਿਆ। ਅੰਗਰੇਜ਼ੀ ਅਤੇ ਉਰਦੂ ਅੱਖਰਾਂ ਵਿੱਚ ਲਿਖਿਆ ਹੋਇਆ ਸੀ- ਗੁਰੂ ਨਾਨਕ ਗੌਰਮਿੰਟ ਡਿਗਰੀ ਕਾਲਜ ਨਨਕਾਣਾ ਸਾਹਿਬ। ਅੰਦਰ ਲੰਘਿਆ, ਕੋਈ ਦਿਸਿਆ ਨਹੀਂ। ਚੌਕੀਦਾਰ ਨੇ ਸਲਾਮਾਲੇਕਮ ਆਖਿਆ ਤੇ ਕਿਹਾ, ‘‘ਜੀ ਖਿਦਮਤ?’’ ਮੈਂ ਕਿਹਾ, ‘‘ਕੋਈ ਪ੍ਰੋਫ਼ੈਸਰ ਹੈ?’’ ਉਸ ਨੇ ਕਿਹਾ, ‘‘ਹਨ, ਇਮਤਿਹਾਨ ਹੋ ਰਹੇ ਹਨ। ਡਿਊਟੀਆਂ ’ਤੇ ਹਨ। ਕੰਮ ਹੈ ਤਾਂ ਜਿਸ ਨੂੰ ਕਹੋ ਬੁਲਾ ਲਿਆਉਂਦਾ ਹਾਂ।’’ ਮੈਂ ਕਿਹਾ, ‘‘ਕੰਮ ਤਾਂ ਕੋਈ ਨਹੀਂ। ਘੰਟੇ ਨੂੰ ਫੇਰ ਆ ਜਾਵਾਂਗਾ ਪੰਜ ਵਜੇ।’’ ਵਾਪਸ ਤੁਰ ਪਿਆ। ਸਾਢੇ ਛੇ ਫੁੱਟ ਲੰਮਾ 65-70 ਸਾਲ ਦਾ ਬਜ਼ੁਰਗ ਸਲਵਾਰ ਕਮੀਜ਼ ਦਸਤਾਰ ਪਹਿਨੀ ਮੇਰੇ ਵੱਲ ਤੇਜ਼ੀ ਨਾਲ ਆਇਆ, ‘‘ਸਰਦਾਰ ਜੀ ਸਤਿ ਸ੍ਰੀ ਅਕਾਲ। ਪਰਤ ਕਿਉਂ ਚਲੇ? ਮੈਂ ਤੁਹਾਨੂੰ ਦੇਖਿਆ ਤਾਂ ਲੇਬਰ ਨੂੰ ਛੁੱਟੀ ਦੇ ਦਿੱਤੀ। ਮੈਂ ਠੇਕੇਦਾਰ ਹਾਂ। ਮੁੰਡਿਆਂ ਲਈ ਹੋਸਟਲ ਬਣਾ ਰਿਹਾ ਹਾਂ। ਆਉ ਇਧਰ ਬੈਠੀਏ। ਗੱਲਾਂ ਕਰਾਂਗੇ।’’ ਦੋ-ਤਿੰਨ ਕੁਰਸੀਆਂ ਮੰਗਵਾ ਲਈਆਂ। ਕੋਈ ਮਜ਼ਦੂਰ ਛੁੱਟੀ ਕਰਕੇ ਘਰ ਨਹੀਂ ਗਿਆ, ਸਾਰੇ ਸਾਡੇ ਇਰਦ-ਗਿਰਦ ਜ਼ਮੀਨ ਉਪਰ ਬੈਠ ਗਏ। ਗੱਲਾਂ ਦੌਰਾਨ ਮੈਂ ਪੁੱਛਿਆ, ‘‘ਗੁਰਦੁਆਰਾ ਸਾਹਿਬ ਦੇ ਨਾਮ ਕਿੰਨੀ ਜ਼ਮੀਨ ਹੈ ਇੱਥੇ?’’ ਉਸ ਨੇ ਕਿਹਾ, ‘‘ਜੀ ਕਿਉਂ ਪੁੱਛੀ ਇਹ ਗੱਲ? ਰਹਿਣ-ਸਹਿਣ ਖਾਣ-ਪੀਣ ਵਿੱਚ ਕੋਈ ਦਿੱਕਤ ਆਈ?’’ ਮੈਂ ਕਿਹਾ, ‘‘ਨਹੀਂ। ਕੋਈ ਕਮੀ ਨਹੀਂ ਰਹੀ। ਇਹ ਮੇਰੇ ਬਾਬੇ ਦਾ ਜਨਮ ਸਥਾਨ ਹੈ ਨਾ। ਇਸ ਵਾਸਤੇ ਕੀ ਮੇਰਾ ਫ਼ਿਕਰਮੰਦ ਹੋਣ ਦਾ ਹੱਕ ਨਹੀਂ?’’ ਉਸ ਨੇ ਕਿਹਾ, ‘‘ਬਿਲਕੁਲ ਨਹੀਂ। ਫ਼ਿਕਰ ਕਰਨ ਦਾ ਹੱਕ ਵੱਡਿਆਂ ਦਾ ਹੈ। ਸਾਡਾ ਤੁਹਾਡਾ ਹੱਕ ਬੰਦਗੀ ਕਰਨ ਦਾ ਹੈ। ਹਜ਼ਰਤ ਬਾਬਾ ਨਾਨਕ ਅਲਹਿ ਸਲਾਮ ਸਾਡਾ ਫ਼ਿਕਰ ਕਰਦਾ ਹੈ।’’
ਮੈਂ ਕਿਹਾ, ‘‘ਦਰੁਸਤ। ਅੱਛਾ ਇਹ ਦੱਸੋ ਕਿ ਜਾਣਨ ਦਾ ਹੱਕ ਤਾਂ ਹੈ?’’ ਉਸ ਨੇ ਕਿਹਾ, ‘‘ਹਾਂ, ਜਾਣਨ ਦਾ ਹੱਕ ਹੈ। ਸਾਢੇ ਸੱਤ ਸੌ ਮੁਰੱਬਾ ਜ਼ਮੀਨ ਗੁਰਦੁਆਰੇ ਦੇ ਨਾਮ ਹੈ।’’ ਫਿਰ ਪੁੱਛਿਆ, ‘‘ਕੀ ਮਹਾਰਾਜਾ ਰਣਜੀਤ ਸਿੰਘ ਨੇ ਲੁਆਈ ਸੀ ਇਹ ਜ਼ਮੀਨ?’’ ਠੇਕੇਦਾਰ ਨੇ ਕਿਹਾ, ‘‘ਬਿਲਕੁਲ ਨਹੀਂ। ਇੰਨੀ ਜ਼ਮੀਨ ਕਿਸੇ ਗੁਰਦੁਆਰੇ ਦੇ ਨਾਮ ਮਹਾਰਾਜੇ ਨੇ ਨਹੀਂ ਲੁਆਈ। ਇਹ ਸਾਡੇ ਭੱਟੀਆਂ ਦੇ ਸਰਦਾਰ ਨੇ ਲੁਆਈ ਸੀ।’’ ਮੈਂ ਫਿਰ ਪੁੱਛਿਆ, ‘‘ਭੱਟੀਆਂ ਦਾ ਸਰਦਾਰ ਕੌਣ?’’ ਉਸ ਨੇ ਕਿਹਾ, ‘‘ਭੱਟੀਆਂ ਦੇ ਸਰਦਾਰ ਨੂੰ ਨਹੀਂ ਜਾਣਦੇ? ਇੱਥੇ ਪੰਜਾਹ ਪਿੰਡਾਂ ਵਿੱਚ ਬੱਚੇ-ਬੱਚੇ ਨੂੰ ਉਸ ਦਾ ਤੇ ਬਾਬੇ ਦੇ ਨਾਮ ਦਾ ਪਤਾ ਹੈ। ਉਸ ਦਾ ਨਾਮ ਸੀ ਰਾਇ ਬੁਲਾਰ ਖ਼ਾਨ ਸਾਹਿਬ। ਇੱਥੇ ਬੜੇ ਪਿੰਡ ਹਨ ਜੀ ਭੱਟੀਆਂ ਦੇ। ਤੁਸਾਂ ਨਹੀਂ ਸਰਦਾਰ ਦਾ ਨਾਮ ਸੁਣਿਆ?’’ ਮੈਂ ਕਿਹਾ, ‘‘ਇਸ ਸਰਦਾਰ ਦਾ ਨਾਮ ਤਾਂ ਸਾਡੇ ਕਣ-ਕਣ ਵਿੱਚ ਰਸਿਆ ਹੋਇਆ ਹੈ ਭਰਾ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਰਾਇ ਸਾਹਿਬ ਭੱਟੀ ਸਨ।’’
ਠੇਕੇਦਾਰ ਨੇ ਕਿਹਾ, ‘‘ਜੀ ਅਸੀਂ ਭੱਟੀ, ਆਮ ਨਹੀਂ ਹਾਂ। ਮੈਂ ਵੀ ਭੱਟੀ ਹਾਂ। ਸਾਰਿਆਂ ਜਹਾਨਾਂ ਦੇ ਮਾਲਕ ਗੁਰੂ ਬਾਬੇ ਨੂੰ ਸਭ ਤੋਂ ਪਹਿਲਾਂ ਸਾਡੇ ਸਰਦਾਰ ਨੇ ਪਛਾਣਿਆ ਸੀ। ਇੱਕ ਕੋਹਿਨੂਰ ਦੀ ਸ਼ਨਾਖਤ ਕਰ ਲਈ ਸੀ….!
ਭੱਟੀ ਸਰਦਾਰ ਨੇ ਉਦੋਂ ਹੀ, ਜਦੋਂ ਉਹ ਬਚਪਨ ਵਿੱਚ ਸੀ। ਹੁਣ ਸੁਣੋ ਜ਼ਮੀਨ ਦੇਣ ਦੀ ਗੱਲ। ਰਾਇ ਬੁਲਾਰ ਖ਼ਾਨ ਪੰਦਰਾਂ ਸੌ ਮੁਰੱਬਿਆਂ ਦਾ ਤਕੜਾ ਰਈਸ ਅਤੇ ਖ਼ੁਦਦਾਰ ਇਨਸਾਨ ਸੀ ਪਰ ਸੀ ਨੇਕੀ ਦਾ ਮੁਜੱਸਮਾ। ਬਾਬਾ ਜੀ ਦਾ ਕਦਰਦਾਨ ਸੀ ਪੂਰਾ। ਉਸ ਦੀ ਉਮਰ ਚਾਲੀਆਂ ਤੋਂ ਟੱਪ ਚੱਲੀ ਪਰ ਔਲਾਦ ਨਹੀਂ ਸੀ। ਘੋੜੇ ’ਤੇ ਸਵਾਰ ਹੋ ਕੇ ਮੁਰੱਬਿਆਂ ਦਾ ਦੌਰਾ ਕਰਨ ਗਿਆ। ਗੁਰੂ ਬਾਬੇ ਦੀ ਉਮਰ 12-13 ਸਾਲ ਸੀ। ਬਾਬਾ ਮੱਝਾਂ ਚਾਰ ਰਿਹਾ ਸੀ। ਰਾਇ ਸਾਹਿਬ ਘੋੜੇ ਤੋਂ ਉਤਰੇ। ਜੋੜੇ ਉਤਾਰੇ। ਬਾਬਾ ਜੀ ਦੇ ਨਜ਼ਦੀਕ ਹੱਥ ਜੋੜ ਕੇ ਖਲੋ ਗਏ ਤੇ ਕਿਹਾ- ਬਾਬਾ ਮੇਰੀ ਮੁਰਾਦ ਪੂਰੀ ਕਰ।
ਜੀ ਕਦੀ ਬਾਲ ਘਰ ਵਿੱਚ ਖੇਡੇ, ਇਹ ਮੁਰਾਦ ਮਨ ਵਿੱਚ ਲੈ ਕੇ ਅਰਜ਼ ਗੁਜ਼ਾਰਨ ਗਏ ਸਨ। ਬਾਬਾ ਜੀ ਨੇ ਅਸੀਸਾਂ ਦਿੱਤੀਆਂ ਅਤੇ ਕਿਹਾ- ਰਾਇ ਤੁਸਾਂ ਦੀ ਮੁਰਾਦ ਪੂਰੀ ਹੋਈ, ਸ਼ੱਕ ਨਾ ਕਰਨਾ।
ਸਾਲ ਬਾਅਦ ਰਾਇ ਸਾਹਿਬ ਦੇ ਘਰ ਬੇਟੇ ਦਾ ਜਨਮ ਹੋਇਆ। ਸਰਦਾਰ ਏਨਾ ਖ਼ੁਸ਼ ਕਿ ਬੜੀ ਵੱਡੀ ਦਾਅਵਤ ਦਿੱਤੀ। ਜੀ ਨਵਾਬ ਦੌਲਤ ਖ਼ਾਨ ਸਾਹਿਬ ਖ਼ੁਦ ਆਏ ਸਨ ਇਸ ਜਸ਼ਨ ਵਿੱਚ ਸ਼ਿਰਕਤ ਕਰਨ। ਪਿੰਡਾਂ ਦੇ ਪਿੰਡ ਆਣ ਉਤਰੇ ਸਨ। ਇਸ ਭਾਰੀ ਇਕੱਠ ਵਿੱਚ ਸ਼ੁਕਰਾਨਾ ਕਰਨ ਮਗਰੋਂ ਰਾਇ ਸਾਹਿਬ ਨੇ ਆਪਣੀ ਅੱਧੀ ਜ਼ਮੀਨ ਹਜ਼ਰਤ ਬਾਬਾ ਨਾਨਕ ਦੇ ਨਾਮ ਇੰਤਕਾਲ ਤਬਦੀਲ ਕਰ ਦੇਣ ਦਾ ਐਲਾਨ ਕੀਤਾ। ਸੋ ਉਦੋਂ ਸਾਢੇ ਸੱਤ ਸੌ ਮੁਰੱਬੇ ਬਾਬਾ ਜੀ ਦੇ ਨਾਮ ਹੋਏ ਜੋ ਹੁਣ ਤਕ ਤੁਰੇ ਆਂਵਦੇ ਹਨ। ਸਾਡੇ ਖਿਆਲ ਵਿੱਚ ਇਹ ਗੱਲ ਆਈ ਪਈ ਮਾਲਕ ਅਸੀਂ, ਕਾਬਜ਼ ਅਸੀਂ, ਕਾਸ਼ਤਕਾਰ ਅਸੀਂ ਪਰ ਨਾਮ ਸਾਡਾ ਮਾਲ ਰਿਕਾਰਡ ਵਿੱਚ ਬੋਲਦਾ ਨਹੀਂ। ਅਸੀਂ ਇਸ ਜ਼ਮੀਨ ਉਪਰ ਕਬਜ਼ੇ ਪੁਸ਼ਤਾਂ ਤੋਂ ਕੀਤੇ ਹੋਏ ਹਨ। ਸੌ ਕੁ ਕਿੱਲੇ ਜ਼ਮੀਨ ਬਚੀ ਹੋਈ ਹੈ ਗੁਰਦਵਾਰੇ ਦੇ ਕਬਜ਼ੇ ਵਿੱਚ। ਬਾਕੀ ਦੀ ਭੱਟੀ ਵਾਹੁੰਦੇ ਬੀਜਦੇ ਹਨ। ਅਸੀਂ ਸ਼ੇਖਪੁਰੇ ਅਦਾਲਤ ਵਿੱਚ ਮੁਕੱਦਮਾ ਦਾਇਰ ਕਰ ਦਿੱਤਾ ਕਿ ਪਿਛਲੀ ਉਮਰੇ ਸਾਡੇ ਬਜ਼ੁਰਗਾਂ ਦੇ ਬਜ਼ੁਰਗ ਰਾਇ ਬੁਲਾਰ ਸਾਹਿਬ ਦਾ ਦਿਮਾਗ਼ ਹਿੱਲ ਗਿਆ ਸੀ। ਉਸ ਨੇ ਅੱਧੀ ਜ਼ਮੀਨ ਇੱਕ ਫ਼ਕੀਰ ਨਾਨਕ ਦੇ ਨਾਮ ਕਰਵਾ ਦਿੱਤੀ ਪਰ ਉਸ ਦੇ ਹੱਕਦਾਰ ਅਸੀਂ ਹਾਂ। ਕਾਬਜ਼ ਕਾਸ਼ਤਕਾਰ ਵੀ ਖ਼ੁਦ ਹਾਂ। ਸਾਡੇ ਨਾਮ ਇੰਤਕਾਲ ਤਬਦੀਲ ਹੋਵੇ। ਲਉ ਜੀ ਤਲਬੀਆਂ, ਇਤਲਾਹਾਂ, ਰਿਕਾਰਡ, ਬਹਿਸਾਂ ਸਭ ਹੋ ਗਈਆਂ। ਚਾਰ ਸਾਲ ਮੁਕੱਦਮੇ ਦੀ ਕਾਰਵਾਈ ਚੱਲੀ। ਫ਼ੈਸਲੇ ਦੀ ਤਰੀਕ ਆਈ ਤਾਂ ਫ਼ੈਸਲਾ ਸਾਡੇ ਖ਼ਿਲਾਫ਼। ਇੰਤਕਾਲ ਤਬਦੀਲ ਨਹੀਂ ਹੋ ਸਕਦਾ। ਅਸੀਂ ਲਾਹੌਰ ਹਾਈਕੋਰਟ ਵਿੱਚ ਅਪੀਲ ਦਾਇਰ ਕਰ ਦਿੱਤੀ। ਤਿੰਨ ਚਾਰ ਸਾਲ ਉਥੇ ਸੁਣਵਾਈ ਹੁੰਦੀ ਰਹੀ। ਜਜਮੈਂਟ ਹੋਈ, ਇੰਤਕਾਲ ਤਬਦੀਲ ਨਹੀਂ ਹੋ ਸਕਦਾ। ਅਪੀਲ ਖਾਰਜ ਦਾਖ਼ਲ ਦਫ਼ਤਰ। ਅਸੀਂ ਜੀ ਸੁਪਰੀਮ ਕੋਰਟ ਇਸਲਾਮਾਬਾਦ ਅਪੀਲ ਦਾਇਰ ਕੀਤੀ। ਤਿੰਨ ਸਾਲ ਸੁਣਵਾਈ ਹੋਈ। ਅਖ਼ੀਰ ਜਦੋਂ ਫ਼ੈਸਲਾ ਸੁਣਾਉਣ ਦਾ ਵਕਤ ਆਇਆ ਤਾਂ ਬੈਂਚ ਨੇ ਕਿਹਾ- ਆਪਣੇ ਪੰਜ ਚਾਰ ਮੁਹਤਬਰ ਬੰਦੇ ਲੈ ਕੇ ਆਉਣਾ। ਵਕੀਲਾਂ ਨੂੰ ਨਹੀਂ ਲਿਆਉਣਾ। ਕੋਈ ਜ਼ਰੂਰੀ ਗੱਲ ਕਰਨੀ ਹੈ। ਅਸੀਂ ਪੁੱਛਿਆ ਜੀ ਕੀ ਗੱਲ ਕਰਨੀ ਹੈ, ਰਤਾ ਦੱਸੋ ਤਾਂ ਕਿ ਤਿਆਰੀ ਕਰਕੇ ਆਈਏ। ਆਪਸ ਵਿੱਚ ਸਲਾਹ ਜੋ ਕਰਨੀ ਹੋਈ। ਸਾਂਝਾ ਕੰਮ ਹੈ। ਜੱਜਾਂ ਨੇ ਕਿਹਾ- ਤੁਸੀਂ ਇਹ ਮੁਕੱਦਮਾ ਕਰਕੇ ਚੰਗਾ ਕੰਮ ਨਹੀਂ ਕੀਤਾ। ਇਹ ਦੱਸਣਾ ਹੈ। ਮਹੀਨਾ ਤਾਰੀਕ ਪਾ ਦਿੱਤੀ।
ਪਿੰਡਾਂ ਦੇ ਆਪਣੇ-ਆਪਣੇ ਇਕੱਠ ਹੋਏ। ਫਿਰ ਸਾਂਝੇ ਇਕੱਠ ਹੋਏ। ਅੱਠ ਬੰਦੇ ਚੁਣੇ ਗਏ ਜਿਹੜੇ ਬੈਂਚ ਨਾਲ ਗੱਲ ਕਰਨ ਅਦਾਲਤ ਜਾਣਗੇ। ਤਰੀਕ ਆ ਗਈ। ਸੈਂਕੜੇ ਬੰਦੇ ਅਦਾਲਤ ਦੇ ਬਾਹਰ ਪੁੱਜ ਗਏ। ਸਾਡੀ ਵਾਰੀ ਆਈ ਤਾਂ ਅੰਦਰ ਦਾਖਲ ਹੋਏ। ਇੱਕ ਮੈਂ ਵੀ ਸਾਂ। ਜੱਜਾਂ ਨੇ ਇੱਕ ਘੰਟੇ ਲਈ ਅਦਾਲਤ ਮੁਲਤਵੀ ਕਰ ਦਿੱਤੀ। ਸਾਨੂੰ ਪਿਛਲੇ ਕਮਰੇ ਵਿੱਚ ਲੈ ਗਏ। ਚਾਹ ਪਾਣੀ ਮੰਗਵਾ ਲਿਆ। ਫਿਰ ਗੱਲ ਤੋਰੀ। ਜੱਜ ਸਾਹਿਬਾਨ ਨੇ ਕਿਹਾ- ਅਸੀਂ ਬੜੀ ਬਾਰੀਕੀ ਨਾਲ ਕੇਸ ਦੇਖਿਆ ਹੈ। ਤੁਸੀਂ ਗਲਤ ਕੰਮ ਛੇੜ ਬੈਠੇ। ਜਿਨ੍ਹਾਂ ਫ਼ਕੀਰਾਂ ਉਪਰ ਮੁਕੱਦਮੇ ਦਾਇਰ ਕੀਤੇ ਉਨ੍ਹਾਂ ਤੋਂ ਮੁਰਾਦਾਂ ਮੰਗਦੇ ਤਾਂ ਠੀਕ ਸੀ। ਉਹ ਨੇਕਬਖ਼ਤ ਇਨਸਾਨ ਜਿਨ੍ਹਾਂ ਦੀ ਬਦੌਲਤ ਤੁਸੀਂ ਦੁਨੀਆਂ ਦੀ ਰੋਸ਼ਨੀ ਦੇਖੀ, ਤੁਸੀਂ ਉਨ੍ਹਾਂ ਉਪਰ ਮੁਕੱਦਮੇ ਕੀਤੇ, ਦਿਮਾਗ਼ ਹੱਲ ਜਾਣ ਵਰਗੇ ਬਦ ਇਲਜ਼ਾਮ ਲਾਏ। ਸਰਦਾਰ ਰਾਇ ਬੁਲਾਰ ਖ਼ਾਨ ਸਾਹਿਬ ਦਾ ਦਿਮਾਗ਼ ਅੱਧਾ ਤਾਂ ਕਾਇਮ ਰਿਹਾ ਜੋ ਅੱਧੀ ਜ਼ਮੀਨ ਬਚਾ ਲਈ। ਜਿਸ ਫ਼ਕੀਰ ਦੇ ਨਾਮ ਅੱਧੀ ਜ਼ਮੀਨ ਦਾ ਇੰਤਕਾਲ ਕਰਵਾਇਆ, ਉਸ ਨੇ ਕਦੇ ਇਸ ਜ਼ਮੀਨ ਵੱਲ ਦੇਖਿਆ ਭੀ ਨਹੀਂ। ਉਸ ਦੀ ਔਲਾਦ ਨੇ ਇਸ ਉਪਰ ਹੱਕ ਨਹੀਂ ਜਮਾਇਆ। ਸਿੱਖਾਂ ਨੇ ਕਦੀ ਨਾ ਇਹ ਜ਼ਮੀਨ ਰੋਕੀ, ਨਾ ਦਾਅਵੇ ਅਦਾਲਤਾਂ ਵਿੱਚ ਕੀਤੇ। ਤੁਸੀਂ ਇਸ ਉਪਰ ਪੁਸ਼ਤਾਂ ਤੋਂ ਕਬਜ਼ੇ ਕੀਤੇ ਹੋਏ ਹਨ, ਹੁਣ ਅਦਾਲਤਾਂ ਵਿੱਚ ਦਾਅਵੇ ਕੀਤੇ। ਦਸ ਬਾਰਾਂ ਸਾਲਾਂ ਤੋਂ ਤੁਸੀਂ ਵੱਡਿਆਂ ਦੀ ਬੇਅਦਬੀ ਕਰਦੇ ਆਏ ਹੋ, ਕਿਸੇ ਨੇ ਅਕਲ ਨਹੀਂ ਦਿੱਤੀ ਕਿ ਗੁਨਾਹ ਨਾ ਕਰੋ? ਜ਼ਮੀਨ ਤੋਂ ਵਧੀਕ ਉਹ ਤੁਹਾਨੂੰ ਪਿਆਰ ਕਰਦੇ ਸਨ। ਤੁਸੀਂ ਉਨ੍ਹਾਂ ਦਰਵੇਸ਼ਾਂ ਨੂੰ ਨਫ਼ਰਤ ਕਰਦੇ ਹੋ ਤੇ ਜ਼ਮੀਨ ਨਾਲ ਪਿਆਰ ਪਾ ਲਿਆ। ਤੁਹਾਡੇ ਕੋਲ ਹੀ ਰਹੇਗੀ ਜ਼ਮੀਨ। ਮੁਕੱਦਮਾ ਨਾ ਕਰਦੇ ਤਾਂ ਠੀਕ ਹੁੰਦਾ।
ਅਸੀਂ ਕਿਹਾ, ਜੀ ਜ਼ਮੀਨ ਸਾਡੇ ਈ ਕਬਜ਼ੇ ਵਿੱਚ ਹੈ ਪਰ ਰਿਕਾਰਡ ਮਾਲ ਵਿੱਚ ਸਾਡਾ ਨਾਮ ਨਹੀਂ। ਜੱਜਾਂ ਨੇ ਕਿਹਾ- ਨਾਮ ਨਹੀਂ ਰਹੇਗਾ। ਨਾ ਤੁਹਾਡਾ ਨਾ ਸਾਡਾ। ਨਾਮ ਰਹੇਗਾ ਅੱਲਾਹ ਪਰਵਰਦਗਾਰ ਦਾ। ਨਾਮ ਰਹੇਗਾ ਉਸ ਦੀ ਬੰਦਗੀ ਕਰਨ ਵਾਲਿਆ ਦਰਵੇਸ਼ਾਂ ਦਾ। ਉਹ ਜਿਹੜੇ ਚੰਦ ਤਾਰਿਆਂ ਦੇ ਮਾਲਕ ਹਨ ਉਹੀ ਰਹਿਣਗੇ, ਹੋਰ ਨਹੀਂ ਰਹੇਗਾ ਕੋਈ। ਸਾਡੀ ਤੁਹਾਨੂੰ ਇਹੀ ਸਲਾਹ ਹੈ ਕਿ ਮੁਕੱਦਮਾ ਵਾਪਸ ਲੈ ਲਉ। ਅਸੀਂ ਕਿਹਾ, ਜੀ ਬਾਹਰ ਸਾਡਾ ਭਾਈਚਾਰਾ ਖਲੋਤਾ ਹੈ, ਉਸ ਨਾਲ ਸਲਾਹ ਕਰ ਲਈਏ। ਜੱਜਾਂ ਨੇ ਕਿਹਾ- ਜ਼ਰੂਰ ਕਰੋ। ਹੁਣ ਸਾਢੇ ਗਿਆਰਾਂ ਵੱਜੇ ਹਨ। ਸ਼ਾਮੀਂ ਚਾਰ ਵਜੇ ਤਕ ਸਲਾਹ ਕਰ ਲਉ। ਜੇ ਮੁਕੱਦਮਾ ਵਾਪਸ ਨਾ ਲਿਆ ਤਾਂ ਫਿਰ ਅਸੀਂ ਫ਼ੈਸਲਾ ਸੁਣਾ ਦਿਆਂਗੇ। ਅਦਾਲਤ ਤੋਂ ਬਾਹਰ ਤੁਹਾਨੂੰ ਅਸੀਂ ਇਹ ਇੱਕ ਸਲਾਹ ਦਿੱਤੀ ਹੈ। ਇਹ ਸਲਾਹ ਮੰਨਣ ਦੇ ਤੁਸੀਂ ਪਾਬੰਦ ਨਹੀਂ। ਫ਼ੈਸਲਾ ਸ਼ਾਮੀ ਸੁਣਾਵਾਂਗੇ।
ਅਸੀਂ ਬਾਹਰ ਆ ਗਏ। ਭਾਈਚਾਰਾ ਉਡੀਕ ਰਿਹਾ ਸੀ। ਸਾਰੀ ਗੱਲ ਦੱਸੀ। ਸੋਚਣ ਵਿਚਾਰਨ ਲੱਗੇ। ਦਿਮਾਗ਼ ਰਿੜਕੇ। ਅਖ਼ੀਰ ਵਿੱਚ ਫ਼ੈਸਲਾ ਹੋਇਆ ਕਿ ਦੋਵਾਂ ਵਿੱਚੋਂ ਇੱਕ ਦੀ ਚੋਣ ਕਰਨੀ ਹੈ। ਅਪੀਲ ਵਾਪਸ ਲੈਣੀ ਹੈ ਕਿ ਮੁਕੱਦਮਾ ਹਾਰਨ ਦੀ ਜੱਜਮੈਂਟ ਲੈਣੀ ਹੈ। ਜੱਜਾਂ ਦੀਆਂ ਗੱਲਾਂ ਤੋਂ ਦਿਸ ਗਿਆ ਸੀ ਕਿ ਜਿੱਤਣ ਦਾ ਸਵਾਲ ਨਹੀਂ ਪੈਦਾ ਹੁੰਦਾ। ਅਸਾਂ ਸਾਰਿਆਂ ਨੇ ਮੁਕੱਦਮਾ ਵਾਪਸ ਲੈਣ ਦਾ ਫ਼ੈਸਲਾ ਕੀਤਾ। ਸ਼ਾਮੀਂ ਚਾਰ ਵਜੇ ਵਕੀਲਾਂ ਸਣੇ ਹਾਜ਼ਰ ਹੋ ਕੇ ਅਪੀਲ ਵਾਪਸ ਲੈ ਲਈ। ਅਸੀਂ ਬਚ ਗਏ ਸਰਦਾਰ ਜੀ। ਅਪੀਲ ਵਾਪਸ ਨਾ ਲੈਂਦੇ ਤਾਂ ਹਾਰਨਾ ਸੀ। ਦੁਨੀਆਂ ਵੀ ਜਾਣੀ ਸੀ ਦੀਨ ਵੀ। ਹੁਣ ਦੋਵੇਂ ਬਚ ਗਏ। ਅਗਲੀ ਦਰਗਾਹ ਵਿੱਚ ਇਨ੍ਹਾਂ ਦਰਵੇਸ਼ਾਂ ਸਾਹਮਣੇ ਖਲੋ ਕੇ ਗੁਨਾਹਾਂ ਦੀ ਮੁਆਫ਼ੀ ਮੰਗਣ ਜੋਗੇ ਰਹਿ ਗਏ। ਉਹ ਬੜੇ ਰਹਿਮਦਿਲ ਹਨ ਜੀ। ਆਪਣੀ ਔਲਾਦ ਦੀਆਂ ਗਲਤੀਆਂ ਮਾਪੇ ਬਖਸ਼ ਦਿਆ ਕਰਦੇ ਹਨ। ਦੇਖੋ ਭਰਾ ਜੀ ਕਿੰਨੀਆਂ ਤਾਕਤਾਂ ਦੇ ਮਾਲਕ ਹਨ ਹਜ਼ਰਤ ਬਾਬਾ ਨਾਨਕ। ਸਦੀਆਂ ਬੀਤ ਗਈਆਂ ਪਰ ਨੇਕੀ ਕਰਨ ਦਾ ਹੁਕਮ ਅਜੇ ਕਿਸੇ ਨਾ ਕਿਸੇ ਜ਼ਰੀਏ ਪੁਚਾ ਰਹੇ ਹਨ। ਸੁਪਰੀਮ ਕੋਰਟ ਨੂੰ ਕਿਹਾ ਕਿ ਇਨ੍ਹਾਂ ਨੂੰ ਗਲਤ ਰਸਤੇ ਭਟਕਣ ਤੋਂ ਰੋਕ। ਸੁਪਰੀਮ ਕੋਰਟ ਨੇ ਰੋਕਿਆ। ਬਾਬਾ ਜੀ ਨੇ ਸੁਪਰੀਮ ਕੋਰਨ ਤੋਂ ਸਾਡੀ ਹੱਤਕ ਨਹੀਂ ਕਰਵਾਈ। ਵਰਜਿਆ ਵੀ, ਇੱਜ਼ਤ ਵੀ ਰੱਖੀ। ਉਸ ਦੇ ਨਾਮ ਨੂੰ ਲੱਖ ਸਲਾਮ। ਅੱਜ ਵੀ ਮਾਲ ਰਿਕਾਰਡ ਅਨੁਸਾਰ ਇਹਨਾਂ ਮੁਰੱਬਿਆਂ ਵਿੱਚ ਗੁਰੂ ਬਾਬਾ ਨਾਨਕ ਖੇਤੀ ਕਰਦਾ ਹੈ…!

ਹਰਪਾਲ ਸਿੰਘ ਪੰਨੂ

...
...

ਮਸੀਂ ਪੰਜ-ਛੇ ਸਾਲਾਂ ਦਾ ਹੋਵਾਂਗਾ..
ਅਕਸਰ ਹੀ ਵੇਖਦਾ ਸਾਰੇ ਉਸਨੂੰ ਜਾਦੂਗਰਨੀ ਆਖਦੇ..
ਪਰ ਮੈਨੂੰ ਉਹ ਬੜੀ ਚੰਗੀ ਲਗਿਆ ਕਰਦੀ..ਮੈਨੂੰ ਕਿੰਨਾ ਕੁਝ ਖਾਣ ਨੂੰ ਦਿਆ ਕਰਦੀ..ਲਾਡ ਲਡਾਉਂਦੀ..ਢੇਰ ਸਾਰਾ ਮੋਹ ਕਰਦੀ..!

ਪਰ ਮੇਰੀ ਮਾਂ ਪਤਾ ਨੀ ਕਿਓਂ ਮੈਨੂੰ ਓਹਦੇ ਕੋਲ ਜਾਣ ਤੋਂ ਵਰਜਿਆ ਕਰਦੀ..ਇੱਕ ਦੋ ਵਾਰ ਉਹ ਉਸਦੇ ਨਾਲ ਲੜ ਵੀ ਪਈ..
ਉਹ ਅਗਿਓਂ ਚੁੱਪ ਰਹਿੰਦੀ..ਜਦੋਂ ਸਾਰੇ ਬੰਬੀ ਨੂੰ ਜਾਣ ਲੱਗਦੇ ਤਾਂ ਮੈਂ ਖਹਿੜਾ ਕਰਦਾ ਕੇ ਮੈਂ ਉਸਦੇ ਕੋਲ ਘਰੇ ਹੀ ਰਹਿਣਾ..
ਪਰ ਉਹ ਮੈਨੂੰ ਜਬਰਦਸਤੀ ਆਪਣੇ ਨਾਲ ਲੈ ਜਾਇਆ ਕਰਦੇ..!

ਮੇਰੀ ਮਾਂ ਨੂੰ ਫਿਕਰ ਹੋ ਜਾਂਦਾ..ਸ਼ਾਇਦ ਜਾਦੂ ਆਪਣਾ ਅਸਰ ਕਰ ਗਿਆ ਏ..
ਫੇਰ ਉਹ ਸਿਆਣੇ ਕੋਲੋਂ ਮੇਰੇ ਫਾਂਡਾ ਕਰਵਾਉਂਦੀ..ਫੇਰ ਤਾਕੀਦ ਕਰਦੀ ਹੁਣ ਉਸਦੇ ਕੋਲ ਨਹੀਂ ਜਾਣਾ..!

ਰਿਸ਼ਤੇ ਵਿਚ ਉਹ ਮੇਰੀ ਚਾਚੀ ਲੱਗਦੀ ਸੀ..ਹਮੇਸ਼ਾਂ ਹੱਸਦੀ ਹੋਈ..
ਪਰ ਪਤਾ ਨੀ ਕਿਓਂ ਚਾਚੇ ਕੋਲੋਂ ਕਾਫੀ ਗਾਹਲਾਂ ਖਾਂਦੀ ਸੀ..ਕਈ ਵਾਰ ਜਦੋਂ ਉਹ ਚਾਚੇ ਨੂੰ ਸ਼ਰਾਬ ਪੀਣੋਂ ਮੋੜਦੀ ਤਾਂ ਉਹ ਉਸਨੂੰ ਕੁੱਟ ਵੀ ਲਿਆ ਕਰਦਾ..!
ਨਾਲੇ ਉੱਚੀ ਸਾਰੀ ਆਖਦਾ ਨਿੱਕਲ ਜਾ ਮੇਰੇ ਘਰੋਂ..ਏਨੇ ਸਾਲ ਹੋ ਗਏ ਇੱਕ ਜਵਾਕ ਤੱਕ ਨੀ ਜੰਮ ਸਕੀ..!
ਉਹ ਪਿੱਛੋਂ ਬੜੇ ਗਰੀਬ ਘਰੋਂ ਸੀ..ਉਸਦੇ ਕਿੰਨੇ ਸਾਰੇ ਭੈਣ ਭਾਈ ਵੀ ਸਨ..ਉਸਦਾ ਕਮਜ਼ੋਰ ਜਿਹਾ ਬਾਪ ਜਦੋਂ ਵੀ ਉਸਨੂੰ ਇਥੇ ਛੱਡਣ ਆਉਂਦਾ ਤਾਂ ਕੋਈ ਵੀ ਉਸਨੂੰ ਸਿਧੇ ਮੂੰਹ ਨਾ ਬੁਲਾਇਆ ਕਰਦਾ..ਉਹ ਬੱਸ ਸਾਰਿਆਂ ਅੱਗੇ ਹੱਥ ਹੀ ਜੋੜਦਾ ਰਹਿੰਦਾ..!
ਚਾਚੀ ਨੂੰ ਹਰੇਕ ਅੱਗੇ ਹੱਥ ਜੋੜਦੇ ਆਪਣੇ ਬਾਪ ਤੇ ਕਾਫੀ ਤਰਸ ਆਉਂਦਾ ਪਰ ਉਹ ਰੋਣ ਤੋਂ ਸਿਵਾਏ ਕੁਝ ਨਾ ਕਰ ਸਕਦੀ..!

ਮੈਂ ਅਕਸਰ ਹੀ ਦੂਰ ਖਲੋਤਾ ਇਹ ਸਭ ਕੁਝ ਵੇਖਦਾ ਰਹਿੰਦਾ..
ਸਾਰੇ ਸਮਝਦੇ ਸਨ ਕੇ ਮੈਂ ਅੰਞਾਣਾ ਸਾਂ..ਇਸਨੂੰ ਕੁਝ ਸਮਝ ਨੀ ਆਉਂਦੀ..ਪਰ ਮੈਨੂੰ ਸਭ ਕੁਝ ਪਤਾ ਲੱਗ ਜਾਂਦਾ ਸੀ..
ਇਹ ਸਾਰਾ ਕੁਝ ਸ਼ਾਇਦ ਇਸ ਲਈ ਕੀਤਾ ਜਾਂਦਾ ਕਿਓੰਕੇ ਉਸਦੇ ਵਿਚ ਮਾਂ ਬਣਨ ਦੀ ਸਮਰੱਥਾ ਨਹੀਂ ਸੀ..
ਉਹ ਹਮੇਸ਼ਾਂ ਪਾਠ ਕਰਦੀ ਰਹਿੰਦੀ..ਸੁਖਾਂ ਸੁਖਦੀ ਰਹਿੰਦੀ..ਅਖੀਰ ਹਾਲਾਤਾਂ ਨੇ ਉਸਨੂੰ ਸਿਆਣਿਆਂ ਦੇ ਵੱਸ ਪਾ ਦਿੱਤਾ..ਫੇਰ ਲੋਕ ਉਸਨੂੰ ਜਾਦੂਗਰਨੀ ਸਮਝਣ ਲੱਗ ਪਏ..ਜੁਆਕ ਆਉਂਦੀ ਨੂੰ ਵੇਖ ਰਾਹੋਂ ਪਰੀ ਹੋ ਜਾਂਦੇ..!

ਫੇਰ ਇੱਕ ਦਿਨ ਪਤਾ ਲੱਗਾ ਉਹ ਨਾਲ ਲੱਗਦੀ ਨਹਿਰ ਵਿਚ ਡੁੱਬ ਗਈ..
ਪਿੰਡ ਦੇ ਕੁਝ ਲੋਕ ਦੱਬੀ ਅਵਾਜ ਵਿਚ ਇਹ ਵੀ ਆਖਦੇ ਕੇ ਉਸ ਨੂੰ ਡੋਬ ਦਿੱਤਾ ਗਿਆ ਸੀ..!
ਇਸਤੋਂ ਬਾਅਦ ਉਹ ਮੈਨੂੰ ਬੜਾ ਯਾਦ ਆਉਂਦੀ..
ਜਦੋਂ ਚੋਂਕੇ ਵਿਚ ਪਈ ਉਸਦੀ ਖਾਲੀ ਪੀੜੀ ਵੱਲ ਵੇਖਦਾ ਤਾਂ ਉਹ ਮੈਨੂੰ ਓਥੇ ਬੈਠੀ ਹੋਈ ਸੈਨਤ ਮਾਰ ਆਪਣੇ ਕੋਲ ਬੁਲਾਉਂਦੀ ਹੋਈ ਜਾਪਦੀ..!

ਅੱਜ ਏਨੇ ਵਰ੍ਹਿਆਂ ਬਾਅਦ ਜਦੋਂ ਮੇਰੀ ਖੁਦ ਦੀ ਰਿਪੋਰਟ ਆਈ ਤਾਂ ਗੋਰੀ ਡਾਕਟਰ ਸਮਝਾਉਣ ਲੱਗੀ ਕੇ ਸ਼ੁਕਰਾਨੂੰ ਘੱਟ ਨੇ..ਸ਼ਾਇਦ ਸਾਰੀ ਉਮਰ ਔਲਾਦ ਦਾ ਸੁਖ ਨਾ ਭੋਗ ਸਕਾਂ..ਫੇਰ ਹੋਰ ਤਕਨੀਕਾਂ ਬਾਰੇ ਦੱਸਦੀ ਗਈ ਪਰ ਮੈਂ ਵੀਹ ਸਾਲ ਪਹਿਲਾਂ ਵਾਲੇ ਜਮਾਨੇ ਵਿਚ ਅੱਪੜ ਗਿਆ ਸਾਂ..

ਮੈਨੂੰ ਇੰਝ ਲੱਗਾ ਸ਼ਾਇਦ ਮੇਰਾ ਹਸ਼ਰ ਵੀ ਮੇਰੀ ਚਾਚੀ ਵਰਗਾ ਹੀ ਨਾ ਕਰ ਦਿੱਤਾ ਜਾਵੇ ਪਰ ਜਜਬਾਤੀ ਹੋ ਗਏ ਨੂੰ ਆਪਣੀ ਗਲਵੱਕੜੀ ਵਿਚ ਲੈਂਦੀ ਹੋਈ ਆਪਣੀ ਹਮਸਫਰ ਵੱਲ ਵੇਖ ਮੈਨੂੰ ਇੰਝ ਪ੍ਰਤੀਤ ਹੋਇਆ ਜਿੱਦਾਂ ਨਹਿਰ ਵਿਚ ਡੁੱਬ ਗਈ ਮੇਰੀ ਚਾਚੀ ਵਾਪਿਸ ਪਰਤ ਆਈ ਹੋਵੇ ਤੇ ਮੈਨੂੰ ਆਪਣੇ ਬੁੱਕਲ ਵਿਚ ਲੈ ਆਖ ਰਹੀ ਹੋਵੇ ਕੇ ਜੇ ਕੁਦਰਤ ਇਨਸਾਨ ਵਿਚ ਕੋਈ ਨੁਕਸ ਪਾ ਦੇਵੇ ਤਾਂ ਭਲਾ ਆਪਣਿਆਂ ਦਾ ਇੰਝ ਤਿਆਗ ਥੋੜਾ ਕਰ ਦਈਦਾ ਹੁੰਦਾ..
ਇਹ ਰੂਹਾਨੀ ਪਿਆਰ ਤਾਂ ਨ੍ਹਾ ਹੋਇਆ ਸਗੋਂ ਇਸਨੂੰ ਉਹ ਜਿਸਮਾਨੀ ਕਾਰੋਬਾਰ ਹੀ ਆਖਿਆ ਜਾ ਸਕਦਾ ਏ ਜਿਸ ਵਿਚ ਘਾਟਾ ਪੈ ਜਾਣ ਦੀ ਸੂਰਤ ਵਿਚ ਸਭ ਤੋਂ ਪਹਿਲਾਂ ਭਾਈਵਾਲੀ ਨੂੰ ਹੀ ਤੋੜ ਦਿੱਤਾ ਜਾਂਦਾ ਏ..!
ਦੋਸਤੋ ਅਸੀ ਅੱਜ ਵੀ ਓਸੇ ਦੌਰ ਵਿਚ ਹਾਂ ਜਿਥੇ ਜੇਕਰ ਛੁਰੀ ਖਰਬੂਜੇ ਤੇ ਡਿੱਗੇ ਤੇ ਜਾਂ ਫੇਰ ਖਰਬੂਜਾ ਛੁਰੀ ਤੇ..ਭਾਰੀ ਕੀਮਤ ਹਮੇਸ਼ਾਂ ਖਰਬੂਜੇ ਨੂੰ ਹੀ ਚੁਕਾਉਣੀ ਪੈਂਦੀ ਏ..!

ਹਰਪ੍ਰੀਤ ਸਿੰਘ ਜਵੰਦਾ

...
...

ਇਹ ਹੈ ਮੇਰੀ ਕਹਾਣੀ , ਮੈਂ ਆਰਤੀ। ਮੈਂ ਅੱਜ ਵੀ ਜਦੋਂ ਆਪਣੇ ਬਾਰੇ ਸੋਚਦੀ ਹਾਂ ਤਾਂ ਰੋ ਪੈਂਦੀ ਹਾਂ , ਮੇਰਾ ਤਾਂ ਬਚਪਨ ਵੀ ਬਸ ਮੁਸ਼ਕਿਲ ਚ ਨਿਕਲ ਗਿਆ , ਅਸੀਂ ਆਪਣੇ ਮਾਂ ਬਾਪ ਦੇ ਚਾਰ ਬੱਚੇ ਸੀ , ਤਿੰਨ ਭੈਣਾਂ ਤੇ ਇੱਕ ਛੋਟਾ ਭਰਾ , ਅਸੀਂ ਜਦੋਂ ਛੋਟੇ ਛੋਟੇ ਸੀ ਤਾਂ ਸਾਡੇ ਪਾਪਾ ਸਾਨੂੰ ਛੱਡ ਕੇ ਕਿਤੇ ਚਲ ਗਏ ਸਨ , ਫਿਰ ਤਾਏ ਚਾਚੇ ਨੇ ਘਰੋਂ ਕੱਢ ਦਿੱਤਾ ਤੇ ਇੱਕ ਨਿੱਕੇ ਜਿਹੇ ਕਮਰੇ ਵਿੱਚ ਅਸੀਂ ਸਾਰੇ ਰਹਿਣ ਲੱਗ ਪਏ , ਸਾਡੀ ਮੰਮੀ ਨੇ ਸਾਨੂੰ ਬਹੁਤ ਔਖੇ ਹੋ ਕੇ ਪਾਲਿਆ , ਮੈਨੂੰ ਅੱਜ ਵੀ ਦਿਨ ਯਾਦ ਆ, ਇੱਕ ਵਾਰ ਮੇਰੇ ਛੋਟੇ ਭਰਾ ਨੂੰ ਬਹੁਤ ਭੁੱਖ ਲੱਗੀ ਤੇ ਘਰ ਚ ਖਾਣ ਨੂੰ ਕੁਝ ਵੀ ਨਹੀਂ ਸੀ , ਮੰਮੀ ਵੀ ਘਰ ਨਹੀਂ ਸਨ ਉਹ ਕਿਤੇ ਕੰਮ ਲੱਭਣ ਗਏ ਹੋਏ ਸਨ ਤੇ ਭਰਾ ਬਹੁਤ ਰੋ ਰਿਹਾ ਸੀ , ਮੈਂ ਹਨਾ ਉਸਨੂੰ ਸੁੱਕੀਆਂ ਹੋਈਆਂ ਮਿਰਚਾਂ ਪਈਆਂ ਸੀ ਘਰ ਚ , ਉਹ ਪਾਣੀ ਚ ਨਮਕ ਪਾ ਕੇ ਤੇ ਉਬਾਲ ਕੇ ਦੇ ਦਿੱਤੀ , ਉਸ ਟਾਈਮ ਉਹ ਵੀ ਬਹੁਤ ਸਵਾਦ ਲੱਗੀ ਸੀ ਮੇਰੇ ਭਰਾ ਨੂੰ , ਸਾਨੂੰ ਸਾਰੇ ਬੁਰੀ ਨਜ਼ਰਾਂ ਨਾਲ ਦੇਖਣ ਲੱਗ ਗਏ , ਸਾਨੂੰ ਚੋਰ ਦੇ ਬੱਚੇ ਬੋਲਣ ਲੱਗ ਗਏ , ਪਰ ਸਾਡੀ ਮਾਂ ਨੇ ਸਾਨੂੰ ਇਹੀ ਸਿਖਾਇਆ ਸੀ ਕਿ ਕਦੇ ਕਿਸੇ ਕੋਲੋਂ ਮੰਗ ਕੇ ਨਹੀਂ ਖਾਣਾ , ਟਾਈਮ ਨਿਕਲਦਾ ਗਿਆ , ਮੇਰੀ ਵੱਡੀ ਭੈਣ ਦਾ ਵਿਆਹ ਮੇਰੀ ਮਾਸੀ ਨੇ ਕਰ ਦਿੱਤਾ ਉਹ ਆਪਣੇ ਘਰ ਖੁਸ਼ ਸੀ , ਫੇਰ ਮੇਰਾ ਵਿਆਹ ਕਰ ਦਿੱਤਾ ਮੇਰਾ ਵਿਆਹ ਬਹੁਤ ਛੋਟੀ ਉਮਰ ਚ ਹੋਇਆ ਸੀ , ਮੈਂ 17 ਸਾਲ ਦੀ ਸੀ ਜਦੋਂ ਮੇਰਾ ਵਿਆਹ ਹੋ ਗਿਆ ਸੀ , ਫਿਰ ਤਾਂ ਜ਼ਿੰਦਗੀ ਹੋਰ ਵੀ ਔਖੀ ਹੋ ਗਈ , ਜਿਸ ਨਾਲ ਮੇਰਾ ਵਿਆਹ ਹੋਇਆ ਸੀ ਬਹੁਤ ਸ਼ਰਾਬ ਪੀਂਦਾ ਸੀ , ਤੇ ਜੂਆ ਵੀ ਬਹੁਤ ਖੇਡਦਾ ਸੀ , ਪਰ ਮੈਂ ਕਦੇ ਵੀ ਆਪਣੀ ਮੰਮੀ ਨੂੰ ਨਹੀਂ ਦੱਸਿਆ ਕੇ ਉਹ ਦੁਖੀ ਹੋਣਗੇ , ਚੁੱਪ ਚਾਪ ਸਹਿੰਦੀ ਰਹੀ ਤੇ ਫਿਰ ਮੇਰੇ ਘਰ ਇੱਕ ਕੁੜੀ ਹੋਈ 2002 ਵਿੱਚ , ਪਰ ਫਿਰ ਵੀ ਕੁਝ ਨਹੀਂ ਬਦਲਿਆ , ਫਿਰ ਤੇ ਮੇਰੀ ਜ਼ਿੰਦਗੀ ਹੋਰ ਮੁਸ਼ਕਿਲ ਹੋ ਗਈ , ਫਿਰ ਕਿਸੇ ਦੇ ਘਰ ਦਾ ਕੰਮ ਕਰਨ ਲੱਗ ਗਈ ਤੇ ਸਮਾਂ ਨਿਕਲਦਾ ਰਿਹਾ , 2006 ਵਿਚ ਮੇਰੇ ਇੱਕ ਹੋਰ ਕੁੜੀ ਹੋਈ , ਫਿਰ ਜ਼ਿੰਦਗੀ ਚ ਹੋਰ ਦੁੱਖ ਆਉਣੇ ਸ਼ੁਰੂ ਹੋ ਗਏ , ਫਿਰ ਮੇਰੇ ਪਤੀ ਨੇ ਜ਼ਿਆਦਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ , ਤੇ ਜੂਆ ਖੇਡਣਾ ਵੀ ਬਹੁਤ ਕਰ ਦਿੱਤਾ , ਫਿਰ ਮੈਂ ਦੋ ਘਰਾਂ ਦਾ ਕੰਮ ਕਰਨ ਲੱਗ ਪਈ , ਸਵੇਰੇ ਲੋਕਾਂ ਦੇ ਘਰ ਦਾ ਕੰਮ ਕਰਨਾ ਤੇ ਫਿਰ ਕਿਸੇ ਦੀ ਦੁਕਾਨ ਤੇ ਵੀ ਕਰਨਾ , ਫਿਰ ਇੱਕ ਦਿਨ ਮੇਰੇ ਪਤੀ ਨੇ ਕਰਜ਼ੇ ਹੱਥੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ ਤੇ ਮੈਂ ਵਿਧਵਾ ਹੋ ਗਈ , ਬਸ ਫਿਰ ਕੀ ਸੀ ਮੇਂ ਤੇ ਮੇਰੀ ਦੋਨੋ ਧੀਆਂ ਰਹਿ ਗਈਆਂ , ਮੈਂ ਉਹਨਾਂ ਲਈ ਹੀ ਜੀਅ ਰਹੀ ਹਾਂ , ਨਾ ਤੇ ਮੈਂ ਦੂਜਾ ਵਿਆਹ ਕਰਵਾਇਆ ਕਿਉਂਕਿ ਮੈਂ ਇਹਨਾਂ ਦੋਵਾਂ ਨੂੰ ਨਹੀਂ ਸੀ ਛੱਡ ਸਕਦੀ , ਮੇਰੀਆਂ ਦੋਵੇਂ ਧੀਆਂ ਪੜ੍ਹਾਈ ਚ ਬਹੁਤ ਹੁਸ਼ਿਆਰ ਨੇ , ਮੇਰੀ ਵੱਡੀ ਕੁੜੀ ਨੇ 12ਵੀਂ ਚ ਟਾਪ ਕੀਤਾ ਪਰ ਹੁਣ ਮੈਂ ਇਕੱਲੀ ਹਾਂ , ਮੈਂ ਬਹੁਤ ਦੁਖੀ ਹਾਂ ਮੈਂ ਚਾਹੁੰਦੀ ਹਾਂ ਕਿ ਮੇਰੀਆਂ ਦੋਨੋ ਧੀਆਂ ਪੜ੍ਹ ਲਿਖ ਕੇ ਕੁਝ ਬਣ ਜਾਣ , ਪਰ ਮੈਂ ਕੀ ਕਰਨਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ , ਮੇਰੀ ਜ਼ਿੰਦਗੀ ਚ ਦੁੱਖ ਜਿਆਦਾ ਨੇ ਤੇ ਲਫ਼ਜ਼ ਘੱਟ , ਮੈਂ ਬਹੁਤ ਰੋਂਦੀ ਹਾਂ ਆਪਣੀ ਜ਼ਿੰਦਗੀ ਬਾਰੇ ਸੋਚ ਕੇ , ਮੈਂ ਆਰਤੀ ਇੱਕ ਵਿਧਵਾ

...
...

ਪਾਕਿਸਤਾਨ ਦੀ ਸਰਜ਼ਮੀਨ, ਜੇਹਲਮ ਦਰਿਆ ਦੇ ਕਿਨਾਰੇ ਵਸਿਆ ਸ਼ਹਿਰ ‘ਸਰਾਏ ਆਲਮਗੀਰ’। ਸ਼ਹਿਰ ਦੇ ਇੱਕ ਕੋਨੇ ਵਿੱਚ ਜੇਹਲਮ ਦੀ ਵੱਖੀ ਨਾਲ ਬਣੀ ਤਿੰਨ ਮੰਜ਼ਿਲਾਂ ਸੁਰਮਈ ਹਵੇਲੀ, ਇੰਨੀ ਸ਼ੁਰਮਈ ਕਿ ਦੂਰੋ ਕਿਸੇ ਪਹਾੜ ਦਾ ਭੁੱਲੇਖਾ ਪਵੇ। ਛੱਤ ਤੇ ਖੜ੍ਹਾ ਇਨਸਾਨ ਜੇਹਲਮ ਦਰਿਆ ਦੇ ਹੁਸਨ ਨੂੰ ਨੰਗਿਆ ਦੇਖ ਸਕਦਾ ਸੀ। ਇਸ ਛੱਤ ਤੇ ਖੜ੍ਹੋ ਕੇ ਹਵੇਲੀ ਦੀ ਮਾਲਕਣ ਨੇ ਬੇਸ਼ੁਮਾਰ ਵਾਰੀ ਜੇਹਲਮ ਦੇ ਹੁਸਨ ਦਾ ਜਲਵਾ ਦੇਖਿਆ ਸੀ। ਪਰ ਉਸਦੇ ਆਪਣੇ ਹੁਸਨ ਨੂੰ ਸਿਰਫ ਹਵਾ ਤੇ ਸੂਰਜ ਤੋਂ ਇਲਾਵਾ ਸ਼ਾਇਦ ਇਸ ਸ਼ਹਿਰ, ਚ’ ਕਿਸੇ ਨਹੀ ਸੀ ਦੇਖਿਆ ਸੀ ਜਾਂ ਫੇਰ ਦਰਿਆ ਜੇਹਲਮ ਉਸਦਾ ਹਮਰਾਜ਼ ਸੀ।
ਇਸ ਛੱਤ ਤੇ ਉਸਦੀ ਜਿੰਦਗੀ ਦਾ ਬਹੁਤਾ ਹਿਸਾ ਇਸੇ ਤਰ੍ਹਾ ਘੁੰਮਦਿਆ ਗੁਜ਼ਰਿਆ ਸੀ। ਕਦੇ ਉਦਾਸ ਤੇ ਕਦੇ ਪੁਰਸਕੂਨ । ਜੇਹਲਮ ਅਤੇ ਉਹ ਦੋਵੇਂ ਆਪਣੇ ਅੰਦਰ ਉਠਦੇ ਤੂਫਾਨਾਂ ਨੂੰ ਸਾਂਝਿਆਂ ਕਰਦੇ। ਕਦੇ ਸ਼ਾਤ ਹੋ ਕੇ ਹੇਠਾਂ ਉਤਰਦੀ ਤੇ ਕਦੇ ਦੋਵੇ ਮਿਲ ਕੇ ਦੁੱਗਣੇ ਭੜਕਦੇ । ਪਿਛਲੇ ਚਾਲ੍ਹੀ ਸਾਲਾਂ ਤੋਂ ਇਹੀ ਹੋ ਰਿਹਾ ਸੀ। ਪਿਛਲੀ ਜ਼ੁੰਮੇਰਾਤ ਨੂੰ ਉਸਦੇ ਬੇਟੇ ਸ਼ਮੀਰ ਦਾ ਇੰਗਲੈਡ ਤੋਂ ਖੱਤ ਆਇਆ ਸੀ ਕਿ ‘ਅੰਮੀ ਤੁਸੀ ਸਾਡੇ ਕੋਲ ਆ ਜਾਉ। ਬੱਚੇ ਤੁਸਾਂ ਨੂੰ ਯਾਦ ਕਰਦੇ ਨੇ । ਫਿਰਦੋਸ਼ ਸਲਾਮ ਭੇਜਦੀ ਹੈ, ਤੇ ਹੋਰ ਪਤਾ ਨਹੀ ਕੀ ਕੁਛ ਲਿਖਿਆ ਸੀ। ਖੱਤ ਪੜ੍ਹਕੇ ਬਨੇਰੇ ਤੇ ਰੱਖ ਦਿਤਾ ਤੇ ਤੇਜ਼ ਹਵਾ ਆਈ ਤੇ ਖੱਤ ਉਡਦਾ ਹੋਇਆ ਜੇਹਲਮ ਦੇ ਪਾਣੀ, ‘ਚ ਜਾ ਸਮਾਇਆ ਸੀ।
ਅੱਜ ਫਿਰ ਸੁਬਹਾ ਜਦੋ ਸਮੀਰ ਦਾ ਫੋਨ ਆਇਆ, ਤਾਂ ਉਹ ਅੱਧ-ਸੁੱਤੀ ਸੀ। ਨੌਕਰ ਨੇ ਦਰਵਾਜ਼ੇ ਤੇ ਦਸਤਕ ਦਿਤੀ ਤਾਂ ਉਸਨੇ ਬਹਾਨਾਂ ਬਣਾ ਦਿਤਾ ਸੀ ਕਿ ਆਖ ਦੇਵੇ ‘ਅੰਮੀ ਸੌਂ ਰਹੀ ਏ.ਤਬੀਅਤ ਠੀਕ ਨਹੀਂ ਏਂ । ਬਜ਼ੁਰਗ ਨੌਕਰ ਫਾਰੂਕ ਪਿਛਲੇ ਪੰਜਾਹ ਸਾਲਾਂ ਤੋਂ ਇਸ ਹਵੇਲੀ ਵਿੱਚ ਕੰਮ ਕਰ ਰਿਹਾ ਸੀ ਅਤੇ ਬੇਗਮ ਸਹਿਬਾ ਦੀ ਰਗ ਰਗ ਦਾ ਵਾਕਿਫ਼ ਸੀ। ਉਹ ਮੁੜ ਸੌਂ ਨਾ ਸਕੀ ਸੀ। ਸੁੱਕੇ ਜ਼ਖਮ ਹਰੇ ਹੋ ਗਏ ਸੀ। ਉਸਦੇ ਜ਼ਖਮੀ ਦਿਲ ਦੀਆ ਤਾਰਾਂ ਫੜ੍ਹਕੇ ਕਿਸੇ ਨੇ ਝੰਜੋੜ ਦਿਤੀਆ ਸਨ । ਫੇਰ ਕੋਈ ਪੁਰਾਣਾ ਅਫ਼ਸਾਨਾ ਯਾਦ ਆ ਗਿਆ ਸੀ । ਅਫ਼ਸਾਨਾ, ਜੋ ਹਰ ਵਕਤ ਉਸ ਦੇ ਦਿਲੋ-ਦਿਮਾਗ ਵਿੱਚ ਘੁੰਮਦਾ ਸੀ। ਅਫ਼ਸਾਨਾ, ਜੋ ਉਸਦੇ ਨਾਲ ਗੁਜ਼ਰਿਆ ਸੀ। ਅਫ਼ਸਾਨਾ, ਜੋ ਉਸਦੀ ਹਕੀਕਤ ਸੀ, ਤੇ ਅਫ਼ਸਾਨਾ ਜੋ ਉਹ ਖੁਦ ਬਣ ਗਈ ਸੀ।
ਵੈਸੇ ਤੇ ਮਰਦ ਸਮਾਜ, ਚ’ ਔਰਤਾ ਦੇ ਅਫ਼ਸਾਨੇ ਬਣਨੇ ਬੜੇ ਆਸਾਨ ਹੁੰਦੇ ਨੇ। ਔਰਤ ਤਾਂ ਦੋ ਵਾਰੀ ਖਿੜ੍ਹਕੀ ਵਿੱਚ ਖੜ੍ਹੀ ਹੋ ਜਾਵੇ ਤਾਂ ਅਫ਼ਸਾਨਾ ਬਣ ਜਾਂਦਾ ਹੈ। ਰਾਹ ਜਾਂਦੀ ਦੇ ਕਿੱਸੇ ਘੜੇ ਜਾਂਦੇ ਹਨ। ਥਾਂ ਥਾਂ ਅਫ਼ਸਾਨਾ-ਨਿਗਾਰ ਬੈਠੇ ਹਨ ਉਸ ਦੇ ਲਈ।……ਪਰ ਉਸਨੇ ਤਾਂ ਅਸਲੋਂ ਜੱਗੋ ਤੇਰ੍ਹਵੀ ਕੀਤੀ ਸੀ। ਅਫ਼ਸਾਨਾ ਵੀ ਉਹ ਬਣਿਆ ਸੀ ਕਿ ਕੋਈ ਸੁਣੇ ਤਾਂ ਫੈਸਲਾ ਨਾ ਕਰ ਸਕੇ ਕਿ ਉਸਦੀ ਹਾਲਤ ਤੇ ਹੱਸਿਆ ਜਾਵੇ ਜਾਂ ਆਂਸੂ ਬਹਾਏ ਜਾਣ।
ਪਰ ਬੇਗਮ ਸਾਹਿਬਾ ਹੁਣ ਖੁੱਦਾਰ, ਮਗਰੂਰ ਤੇ ਬੁਲੰਦ, ਉਹ ਕਿਸੇ ਚਟਾਨ ਵਾਂਗ ਸੀ। ਜਿਸ ਦੇ ਆਸੇ ਪਾਸਿਉ ਤੂਫਾਨ ਲੰਘ ਜਾਂਦੇ ਸੀ ਤੇ ਉਸਦਾ ਸਿਰ ਨਹੀਂ ਸੀ ਝੁਕਦਾ। ਪਿਛਲੇ ਚਾਲ੍ਹੀ ਸਾਲ ਤੋਂ ਉਹ ਕਿਸੇ ਕੈਦੀ ਵਾਂਗ ਇਸ ਹਵੇਲੀ ਵਿੱਚ ਨਜ਼ਰਬੰਦ ਸੀ। ਕੈਦੀ ਜੋ ਜੇਲ੍ਹ ਦਾ ਮਾਲਿਕ ਹੋਵੇ। ਇਹ ਉਮਰ ਕੈਦ ਖੁਦ ਉਸਨੇ ਆਪਣੇ ਆਪ ਨੂੰ ਦਿਤੀ ਸੀ।
ਚਾਲ੍ਹੀ ਸਾਲ ਪਹਿਲਾ ਉਹ ਕਿਸੇ ਤੂਫਾਨ ਵਾਂਗ ਆਈ ਸੀ ਅਤੇ ਹਵੇਲੀ ਦੀਆ ਕਿਲ੍ਹੇ ਵਰਗੀਆ ਕੰਧਾਂ ਵਿੱਚ ਸਮਾਅ ਗਈ ਸੀ। ਉਸ ਤੂਫਾਨ ਨਾਲ ਜੋ ਗਰਦੋ-ਗੁਬਾਰ ਉਡੀ ਸੀ, ਉਹ ਵਕਤ ਨਾਲ ਉਤਰ ਗਈ।
ਬੱਸ ਕੋਈ ਕੋਈ ਸਖਸ਼ ਸੀ, ਉਸਦੇ ਜ਼ਮਾਨੇ ਦਾ ਜੋ ਉਸਦੇ ਅਫ਼ਸਾਨੇ ਨੂੰ ਛੇੜ ਬਹਿੰਦਾ ਸੀ। ਵਰਨਾ ਉਹ ਹੁਣ ਇੱਕ ਬੀਤ ਚੁੱਕੀ ਬਾਤ ਸੀ। ਪੁਰਾਣੇ ਲੋਕ ਜਾ ਚੁੱਕੇ ਸੀ ਤੇ ਨਵੇਂ ਆ ਰਹੇ ਸੀ । ਬੁੱਢੇ ਮਰ ਚੁੱਕੇ ਸਨ । ਨੌਜਵਾਨ ਬੁੱਢੇ ਹੋ ਗਏ ਸਨ ਤੇ ਬੱਚੇ ਜਵਾਨ ਹੋ ਗਏ ਸਨ । ੳਹਦਾ ਰਾਜ਼ ਹੁਣ ਇਸ ਹਵੇਲੀ ਦੀਆ ਕੰਧਾਂ ਵਿੱਚ ਮਹਿਫੂਜ਼ ਸੀ । ਪੂਰੀ ਆਦਮਜ਼ਾਤ ਨਾਲ ਜਿਵੇਂ ਉਸਨੂੰ ਨਫ਼ਰਤ ਸੀ । ਦੋ ਸ਼ਬਦਾ ਤੋਂ ਵੱਧ ਗੱਲ ਨਾ ਕਰਦੀ। ਮਾਇਕੇ ਉਹ, ਇਸ਼ਕ ਵਿੱਚ ਛੱਡ ਕੇ ਆ ਗਈ ਸੀ ਤੇ ਸਸੁਰਾਲ ਉਸਨੇ ਨਫ਼ਰਤ ਵਿੱਚ ਛੱਡ ਦਿਤਾ ਸੀ।
ਮੁਹੱਬਤ ਅਤੇ ਨਫ਼ਰਤ ਦੇ ਦੋ ਰੰਗਾਂ ਵਿੱਚ ਰੰਗੀ ਉਹ ਦੁਨੀਆ ਦੇ ਹਰ ਤੀਜੇ ਰੰਗ ਤੋ ਬੇਖ਼ਬਰ ਸੀ। ਨਫ਼ਰਤ ਦਾ ਰੰਗ ਉਸਦੀ ਮਮਤਾ ਦੇ ਰੰਗ ਨੂੰ ਵੀ ਖਾ ਗਿਆ ਸੀ। ਪੁੱਤਰ ਸ਼ਮੀਰ ਨੇ ਵੀ ਕੀ ਕੀਤਾ ਸੀ…? ਆਪਣੀ ਹੀ ਮਾਂ ਦੇ ਜਜ਼ਬਾਤ ਦੀ ਪ੍ਰਵਾਹ ਨਾ ਕਰਦਿਆਂ ਵਿਕ ਗਿਆ ਸੀ। ਉਨ੍ਹਾਂ ਲੋਕਾਂ ਕੋਲ, ਜਿੰਨ੍ਹਾਂ ਦਾ ਨਾਮ ਲੈਣਾ ਵੀ ਉਹ ਆਪਣੀ ਤੌਹੀਨ ਸਮਝਦੀ ਸੀ। ਉਹ ਲੋਕ ਜਿੰਨ੍ਹਾਂ ਨੇ ਫੁੱਲ ਵਰਗੀ “ਗੁਲਬਾਨੋ”ਨੂੰ ਕੰਡਿਆਂ ਦੀ ਝਾੜ ਉਪਰ ਸੁੱਟ ਦਿਤਾ ਸੀ ।
ਹਾਂ ਫੁੱਲ ਵਰਗੀ ਤਾਂ ਸੀ ਉਹ ਗੁਲਬਾਨੋ…..ਤਾਜ਼ਾ ਖਿੜ੍ਹੇ ਗੁਲਾਬ ਵਰਗੀ। ਗੁਲਾਬੀ ਰੰਗ ਤੇ ਕਾਬੁਲ ਦੇ ਅਨਾਰ ਵਰਗੀਆ ਸ਼ੁੱਰਖ ਗਲ੍ਹਾਂ । ਸ਼ਰਬਤੀ ਅੱਖਾਂ ‘ਚ ਧਾਰੀਦਾਰ ਸ਼ੁਰਮਾ। ਨਾਜ਼ਿਕ ਪੱਤੀਆ ਵਰਗੇ ਹੋਂਠ । ਬੋਲਦੀ ਸੀ ਤਾਂ ਲਗਦਾ ਸੀ ਜਿਵੇਂ ਬੁਲਬੁਲ ਚਹਿਕ ਰਹੀ ਹੋਵੇ । ਪੌਣੇ ਛੇ ਫੁੱਟ ਦੀ ਲੰਮ-ਸਲੰਮੀ ਕੱਦ ਵਾਲੀ ਕਿ ਸਧਾਰਣ ਮਰਦ ਉੁਸਦੇ ਸਾਹਮਣੇ ਬੌਣਾ ਲੱਗਦਾ ਸੀ। ਸੁਰਾਹੀ ਵਰਗੀ ਗਰਦਨ, ਗੋਰੀਆ ਗੋਲ ਬਾਹਾਂ ਤੇ ਬਾਹਾਂ ਵਿੱਚ ਸੱਤ-ਰੰਗੀਆਂ ਬੰਗਾਂ।
ਜ਼ੁਲਫਾਂ ਦੇ ਸਿਆਹ ਛੱਲੇ ਤੇ ਛੱਲਿਆਂ, ਚ’ ਘਿਰਿਆ ਰੋਸ਼ਨ ਚਿਹਰਾ। ਗਿੱਠ ਉਚੀਆ ਸਖਤ ਛਾਤੀਆ ਤੇ ਸੰਗਮਰਮਰੀ ਬਦਨ । ਹੁਸਨ ਦਾ ਕੋਈ ਮੁਜ਼ੱਸਮਾ ਸੀ ਉਹ ਗੁਲਬਾਨੋ…ਹਨੇਰੀ ਵਾਂਗ ਜਵਾਨੀ ਚੜ੍ਹੀ ਸੀ ਉਸਨੂੰ ਜਿਵੇਂ ਅਟਕ ਦਰਿਆ ਵਿੱਚ ਹੜ੍ਹ ਆਇਆ ਹੋਵੇ। ਠਾਰਾ ਸਾਲਾਂ, ਚ’ ਛੱਬੀਆ ਦੀ ਲੱਗਦੀ ਸੀ ਉਹ।
ਉਸਦੀ ਅੰਮੀ ਉਸਨੂੰ ਛੁਪਾ-ਛੁਪਾ ਰੱਖਦੀ ਸੀ ਕਿ ਕਿਸੇ ਦੀ ਨਜ਼ਰ ਨਾ ਲੱਗ ਜਾਵੇ। ਅੱਬੂ ਉਸਨੂੰ ਪੁੱਤਰਾ ਨਾਲੋ ਵੱਧ ਪਿਆਰ ਦਿੰਦੇ ਅਤੇ ਚਾਰੇ ਭਰਾਵਾਂ ਦੀ ਜਾਨ ਤੋਂ ਪਿਆਰੀ ਸੀ। ਜਿੰਨੀ ਹਸੀਨ ਸੀ ਉਨ੍ਹੀ ਹੀ ਜ਼ਹੀਨ ਸੀ। ਜ਼ਮੀਨਦਾਰ ਨਾਸਿਰ ਹੁਸੈਨ ਦੀ ਚਾਰਾ ਪੁੱਤਰਾ ਤੋ ਬਾਅਦ ਇੱਕਲੀ ਛੋਟੀ ਧੀ ਸੀ ਉਹ। ਹਾਲੇ ਦਸ ਸਾਲਾਂ ਦੀ ਸੀ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸੀ। ਪਰ ਅੰਮੀ ਉਸਦਾ ਵਿਆਹ ਟਾਲਦੀ ਆ ਰਹੀ ਸੀ। “ਤੇਰੇ ਬਗੈਰ ਸਾਡਾ ਦਿਲ ਕਿੱਦਾ ਲੱਗੇਗਾ ਬੱਚੀਏ”ਅੰਮੀ ਉਸਦੇ ਵਿਆਹ ਦੀ ਗੱਲ ਛਿੜਦਿਆਂ ਹੀ ਅਕਸਰ ਅੱਖਾਂ ਭਰ ਲੈਦੀ।
ਗੁਲਬਾਨੋ, ਸਾਰੀਆ ਦੁਨੀਆਦਾਰੀ ਤੋਂ ਦੂਰ ਮਸਤ ਆਪਣੀਆ ਸਹੇਲੀਆਂ ਵਿੱਚ ਕਸੀਦੇ ਕੱਢਦੀ ਰਹਿੰਦੀ। ਅਮੀਰੀ ਤੇ ਹੁਸਨ, ਸੋਨੇ ਤੇ ਸੁਹਾਗਾ। ਅਲੜ੍ਹ ਉਮਰ, ਬੇਗਮ, ਬੇਪ੍ਰਵਾਹ ਅਤੇ ਬੇਖੌਫ।
ਉਮਰ, ਜੋ ਜਾਗਦਿਆ ਖਾਬ ਦੇਖੇ..ਉਮਰ, ਜੋ ਕਸਤੂਰੀ ਵਾਲੇ ਹਿਰਨ ਵਾਂਗ ਆਪਣੀ ਮਹਿਕ, ਚ’ ਹੀ ਮਦਮਸਤ ਹੋਵੇ। ਇਹੀ ਉਮਰ ਸੀ ਜਦੋਂ ਉਹ ਆਪਣੀ ਸਹੇਲੀ ਦੇ ਘਰ ਸਿੱਖਰ ਦੁਪਿਹਰ ਕਸੀਦਾ ਕੱਢਣ ਗਈ ਡੰਗੀ ਗਈ ਸੀ। ਮਿੱਠਾ-ਮਿਠਾ ਜ਼ਹਿਰ ਚੜ੍ਹਿਆ ਸੀ ਉਸ ਤੇ ਹਲਕਾ-ਹਲਕਾ ਸਰੂਰ ਹੋ ਗਿਆ ਸੀ। ਰਾਤ ਨੂੰ ਬਿਸਤਰ ਤੇ ਪਈ ਉਹ ਕਰਵਟਾਂ ਬਦਲਦੀ ਰਹੀ। ਪਰ ਉਹ ਹੁਸੀਨ ਚਿਹਰਾ ਉਸਦੀ ਨੀਂਦ ਉੜਾ ਕੇ ਲੈ ਗਿਆ ਸੀ। ਚਿਹਰਾ ਜੋ ਆਫ਼ਤਾਬੀ ਸੀ। ਨਜ਼ਰ, ਜੋ ਜਾਦੂ ਸੀ ਤੇ ਹੁਸਨ, ਜਿਵੇ ਟੂਣਾ ਸੀ।
“ਫਿਰੋਜ਼”…ਉਸਦੇ ਬੰਦ ਹੋਠਾਂ ਨੇ ਕਈ ਵਾਰ ਉਸ ਯਾਦੂਗਰ ਦਾ ਨਾਂ ਲਿਆ ਸੀ, ਜਿਸ ਨੇ ਦਿਲ ਦਾ ਸਕੂਨ ਚੁਰਾ ਲਿਆ ਸੀ। ਫਿਰੋਜ਼ ਦਾਮਾਦ ਸੀ ਉਸਦੇ ਪੜੌਸੀਆਂ ਦਾ। ਉਸਦੀ ਪੱਕੀ ਸਹੇਲੀ ਸ਼ਕੀਲਾ ਦਾ ਸ਼ੌਹਰ। ਇੱਕ ਦੰਦ ਰੋਟੀ ਸੀ ਦੋਹਾਂ ਸਹੇਲੀਆ ਦੀ। ਸ਼ਕੀਲਾ ਦੀ ਸ਼ਾਦੀ ਸਮੇਂ ਗੁਲਬਾਨੋ ਆਪਣੀ ਖਾਲਾਂ ਦੀ ਬੇਟੀ ਦੀ ਸ਼ਾਦੀ ਤੇ ਗਈ ਹੋਈ ਸੀ, ਫਿਰੋਜ਼ ਨੂੰ ਨਹੀ ਮਿਲੀ ਸੀ। ਨਹੀ ਸੀ ਪਤਾ ਉਸਨੂੰ ਕਿ ਸ਼ਕੀਲਾ ਦੀ ਝੋਲੀ ਨੂੰ ਕੁਦਰਤ ਨੇ ਇੰਨ੍ਹਾ ਨਾਯਾਬ ਤੋਹਫਾ ਬਖਸ਼ਿਆ ਸੀ। ਸ਼ਕੀਲਾ ਨੇ ਜਦੋ ਗੁਲਬਾਨੋ ਦਾ ਫਿਰੋਜ਼ ਨਾਲ ਤੁਆਰਫ ਕਰਵਾਇਆ, ਤਾਂ ਦੋਹਾਂ ਨੂੰ ਜਿਵੇਂ ਕਾਠ ਮਾਰ ਗਿਆ। ਮੂੰਹਾਂ, ਚੋਂ ਆਵਾਜ਼ ਨਾ ਨਿੱਕਲੀ, ਅੱਖਾਂ ਵਿੱਚ ਅੱਖਾਂ ਫਸ ਗਈਆ ਦੋਹਾਂ ਦੀਆ। ਹੋਂਠ ਕੰਬੇਂ ਤੇ “ਇਸਲਾਮਾ ਲੇਕਮ”ਜੀਭ ਤੇ ਆ ਕੇ ਰੁਕ ਗਿਆ ਦੋਨਾਂ ਦੀਆ ਬੋਲਾ ਵਿਚੋ । ਫਿਰੋਜ਼ ਦੇ ਹੋਸ਼ ਤਾਂ ਉਡਣੇ ਹੀ ਸੀ ਗੁਲਬਾਨੋ ਤੇ ਵੀ ਤੀਰ ਚੱਲ ਗਿਆ ਸੀ।
“ਏਨਾਂ ਖੂਬਸੂਰਤ ਨੌਜਵਾਨ..!ਜਿਵੇ ਕੋਈ ਤਸਵੀਰ ਹੋਵੇ। ਗੁਲਬਾਨੋ ਤੋਂ ਦੋ ਗਿੱਠ ਉਚਾ, ਗੋਰਾ ਨਿਛੋਹ ਰੰਗ, ਤੇ ਫ਼ੋਲਾਦੀ ਜਿਸਮ । ਕਾਲੀ ਸਿਆਹ ਜ਼ੁਲਫਾ ਦੇ ਪੇਚ ਚੌੜੇ ਮੱਥੇ ਨੂੰ ਚੁੰਮਣ ਦੀ ਹਸਰਤ ਵਿੱਚ ਝੁਕ ਝੁਕ ਜਾਂਦੇ । ਗੁਲਬਾਨੋ ਦੇ ਦਿਲ ਦੇ ਕੋਰੇ ਤੇ ਖਾਲੀ ਫਰੇਮ ਵਿੱਚ ਫਿਰੋਜ਼ ਦੀ ਤਸਵੀਰ ਵਸ ਗਈ ਸੀ । ਗੁਲਬਾਨੋ ਦੇ ਨੱਕ ਵਿੱਚ ਪਾਏ ਹੀਰੇ ਦੇ ਲੌਂਗ ਦੇ ਲਿਸ਼ਕਾਰੇ ਸੂਰਜ ਦੀਆਂ ਕਿਰਨਾਂ ਨਾਲ ਝਗੜ ਕੇ ਫਿਰੋਜ਼ ਦੀਆ ਅੱਖਾਂ ਵਿੱਚ ਪੈ ਰਹੇ ਸੀ। ਦੂਜੇ ਦਿਨ ਫਿਰੋਜ਼ ਵੀ ਦਿਲ ਨੂੰ ਸੰਭਾਲਦਾ ਆਪਣੇ ਸ਼ਹਿਰ ਵਾਪਸ ਚਲਾ ਗਿਆ।
ਥੋੜ੍ਹਾ ਅਰਸਾ ਬੀਤ ਗਿਆ, ਸ਼ਕੀਲਾ ਅਕਸਰ ਗੁਲਬਾਨੋ ਕੋਲ ਆਪਣੇ ਖਾਵੰਦ ਦੀਆਂ ਗੱਲਾਂ ਕਰਦੀ। ਜਦੋ ਵੀ ਫਿਰੋਜ਼ ਦਾ ਜ਼ਿਕਰ ਛਿੜਦਾ ਗੁਲਬਾਨੋ ਦਾ ਦਿਲ ਧੜਕਣ ਲੱਗ ਜਾਂਦਾ। ਫਿਰੋਜ਼ ਨਾਲ ਅਧੂਰੀ ਜਿਹੀ ਮੁਲਾਕਾਤ ਨੇ ਉਸ ਦੇ ਅਰਮਾਨ ਜਗਾਅ ਦਿਤੇ ਸੀ। ਨਾ ਉਹ ਉਸ ਨੂੰ ਮਿਲ ਸਕਦੀ ਸੀ ਤੇ ਨਾ ਭੁੱਲ ਸਕਦੀ ਸੀ। ਨਾ ਖੱਤ ਨਾ ਸੁਨੇਹਾ। ਨਾ ਹਾਂ, ਨਾ ਨਾਂਹ। ਕਾਸ਼ ! ਇਕ ਵਾਰ ਫਿਰ ਮਿਲੇ, ਉਹ ਨੂਰਾਨੀ ਚਿਹਰਾ ਦੂਹਰੀ ਵਾਰ ਦੇਖਣ ਲਈ ਉਹ ਖੁਦਾ ਅੱਗੇ ਦੁਆ ਕਰਦੀ।
ਤੇ ਖੁਦਾ ਨੇ ਉਹਦੀ ਛੇਤੀ ਸੁਣ ਲਈ।ਫਿਰੋਜ਼ ਇਕ ਦਿਨ ਅਚਾਨਕ ਘੋੜੇ ਤੇ ਚੜ੍ਹ ਕੇ ਆ ਗਿਆ। ਬਹਾਨਾ ਕੀਤਾ ਕਿ ਉਹ ਆਪਣੇ ਦੋਸਤ ਨਾਲ ਸ਼ਿਕਾਰ ਖੇਡਣ ਗਿਆ ਸੀ। ਵਾਪਸੀ ਤੇ ਸੋਚਿਆ ਕਿ ਸੁਸਰਾਲ ਵਾਲਿਆ ਨੂੰ ਵੀ ਮਿਲਦਾ ਜਾਵੇ। ਗੁਲਬਾਨੋ ਨੇ ਸੁਣਿਆ ਤਾਂ ਜਿਵੇਂ ਉਸਨੂੰ ਮਨ ਦੀ ਮੁਰਾਦ ਮਿਲ ਗਈ, ਉਹ ਬੁਲਬੁਲਟੀਨ ਦਾ ਨਵਾਂ ਗਰਾਰਾ ਸੂਟ ਪਾ ਕੇ ਸ਼ਕੀਲਾ ਦਾ ਘਰ ਪਹੁੰਚ ਗਈ। ਗੁਲਬਾਨੋ ਉਨ੍ਹਾਂ ਲਈ ਘਰ ਦੀ ਹੀ ਲੜਕੀ ਸੀ, ਇਸ ਲਈ ਕਿਸੇ ਨੂੰ ਸ਼ੱਕ ਨਹੀ ਪਈ । ਫਿਰੋਜ਼ ਤੇ ਗੁਲਬਾਨੋ ਨੇ ਰੱਜ ਕੇ ਅੱਖਾਂ ਦੀ ਪਿਆਸ ਬੁਝਾਈ, ਕੋਈ ਗੱਲ ਨਹੀ ਹੋਈ । ਦੋਵਾਂ ਨੇ ਖਾਮੋਸ਼ ਇਕਰਾਰ ਕੀਤੇ ਤੇ ਸ਼ਾਮ ਨੂੰ ਦੋਵੇਂ ਪਿੰਡ ਤੋਂ ਬਾਹਰ ਮਸਜਿਦ ਕੋਲ ਮਿਲੇ।
ਮੈਂ ਬੜੇ ਬਹਾਨੇ ਬਣਾਕੇ ਆਇਆ ਹਾਂ । ਬਹੁਤ ਉਦਾਸ ਹੋ ਗਿਆ ਸਾਂ, ਉਸਨੇ ਆਉਣ ਦਾ ਮਕਸਦ ਦੱਸਿਆ।
“ਮੈਨੂੰ ਇਲਮ ਏ….ਤੂੰ ਝੂਠ ਬੋਲ ਕੇ ਆਇਆ ਏ…ਤੇ ਮੈਂ ਵੀ…ਗੁਲਬਾਨੋ ਤੋਂ ਗੱਲ ਨਹੀ ਸੀ ਹੋ ਰਹੀ ਸੀ।
ਦੇਰ ਤੱਕ ਉਹ ਜ਼ਮੀਨ ਤੇ ਬੈਠੇ ਗੱਲਾਂ ਕਰਦੇ ਰਹੇ। ਇਕ-ਦੂਜੇ ਦਾ ਹੱਥ ਫੜੀ ਕਸ਼ਮਾਂ-ਵਾਅਦੇ ਹੁੰਦੇ ਰਹੇ। ਦੋਨਾਂ ਦਾ ਘਰ ਜਾਣ ਨੂੰ ਦਿਲ ਨਾ ਕਰੇ । ਆਖ਼ਰ ਦੋਵਾਂ ਨੇ ਫਿਰੋਜ਼ ਦੀ ਫੂਫੀ ਨਜ਼ੀਰਾਂ ਦੇ ਘਰ ਮਿਲਣ ਲਈ ਵਾਅਦਾ ਕੀਤਾ। ਫਿਰੋਜ਼ ਨੇ ਸੋਚਿਆ ਉਹ ਆਪਣੀ ਫੂਫੀ ਜਾਨ ਨੂੰ ਆਪਣੇ ਦਿਲ ਦੀ ਗੱਲ ਦੱਸੇਗਾ ਤੇ ਉਹ ਉਨ੍ਹਾਂ ਦਾ ਸਾਥ ਦੇਵੇਗੀ।
ਫੂਫੋ ‘ਨਜ਼ੀਰਾਂ ਬੇਗ’ ਨੂੰ ਜਦੋ ਫਿਰੋਜ਼ ਤੇ ਗੁਲਬਾਨੋ ਦੇ ਇਸ਼ਕ ਦੀ ਗੱਲ ਪਤਾ ਲੱਗੀ ਤਾਂ ਉਹ ਖਿੜ ਕੇ ਕੁੱਪਾ ਹੋ ਗਈ। ਉਹ ਫਿਰੋਜ਼ ਦੇ ਸੁਸਰਾਲ ਨੂੰ ਪਸੰਦ ਨਹੀ ਸੀ ਕਰਦੀ ਤੇ ਉਸਨੇ ਫਿਰੋਜ਼ ਤੇ ਗੁਲਬਾਨੋ ਦੇ ਇਸ਼ਕ ਦੀ ਅੱਗ ਨੂੰ ਦੋਵੇਂ ਹੱਥਾਂ ਨਾਲ ਪੱਖੀਆ ਝੱਲਕੇ ਹਵਾ ਦਿਤੀ।
ਗੁਲਬਾਨੋ ਤੇ ਫਿਰੋਜ਼ ਚੋਰੀਉ ਫੂਫੀ ਨਜ਼ੀਰਾਂ ਦੇ ਘਰ ਮਿਲਦੇ ਰਹਿੰਦੇ, ਪਰ ਇਸ਼ਕ-ਮੁਸ਼ਕ ਛੁਪਾਇਆ ਨਾ ਛੁੱਪੇ। ਹੌਲੀ ਹੌਲੀ ਲੋਕਾਂ, ਚ’ ਫੈਲਦੀ ਗੱਲ ਗੁਲਬਾਨੋ ਦੀ ਅੰਮੀ ਤੱਕ ਪੁੱਜੀ । ਅੰਮੀ ਨੇ ਅੰਦਰ ਵੜਕੇ ਗੁਲਬਾਨੋ ਨੂੰ ਸਮਝਾਇਆ ਜੇ ਤੇਰੇ ਭਰਾਵਾਂ ਤੱਕ ਗੱਲ ਚਲੀ ਗਈ ਤੈਨੂੰ ਤੇ ਫਿਰੋਜ਼ ਨੂੰ ਜਾਨੋ ਮਾਰ ਦੇਣਗੇ। ਸ਼ਾਦੀਸ਼ੁਦਾ ਨਾਲ ਤੇਰੇ ਤਅਲੁਕਾਤ ਨੂੰ ਬਰਦਾਸ਼ਤ ਨਹੀ ਕਰਨਗੇ, ਫਿਰੋਜ਼ ਕੁਆਰਾ ਹੁੰਦਾ ਗੱਲ ਹੋਰ ਸੀ।
ਗੁਲਬਾਨੋ, ਫਿਰੋਜ਼ ਦੀ ਫੂਫੀ ਨਜ਼ੀਰਾਂ ਕੋਲ ਜਾ ਕੇ ਰੋਈ । ਉਸ ਨੂੰ ਹੁਣ ਕੁੜੀ ਨਾਲ ਹਮਦਰਦੀ ਹੋਣ ਲੱਗੀ।
“ਕੁੜੀ ਨਾਲ ਵਫ਼ਾ ਕਰੀ ਵੇ ਮੁੰਡਿਆ, ਜੇ ਹੱਥ ਫੜਿਆ ਈ ਤਾਂ ਪਾਰ ਲੰਘਾ ਨਹੀ ਤਾਂ ਅਗਲੀ ਦਰਗਾਹ, ਚ’ ਮੂੰਹ ਕਾਲਾ ਹੋਸੀ”..ਫੂਫੋ ਨੇ ਫਿਰੋਜ਼ ਨੂੰ ਬੁਲਾ ਕੇ ਸਮਝਾਇਆ।
ਅਗਲੇ ਦਿਨ ਫਿਰੋਜ਼ ਤੇ ਗੁਲਬਾਨੋ ਮਿਲੇ ਤਾਂ ਕਾਫੀ ਦੇਰ ਗੁਫਤਗੂ ਹੋਈ ਤਾਂ…. ਜ਼ਮਾਨੇ ਦਾ ਮੁਕਾਬਲਾ ਕਰਨ ਲਈ ਘਰੋ ਭੱਜਣ ਦਾ ਹੱਲ ਹੀ ਨਜ਼ਰ ਆਇਆ।
“ਬਦਨਾਮ ਹੋ ਜਾਵਾਂਗੇ”… ਜਵਾਨੀ ਦੀ ਬਦਨਾਮੀ ਸਾਰੀ ਉਮਰ ਪਿੱਛਾ ਨਹੀ ਛੱਡਦੀ, ਅੱਬੂ ਜਾਨ, ਅੰਮੀ ਤੇ ਭਰਾਵਾਂ ਦੀ ਇੱਜਤ ਬੂ”….ਤੋਬਾ ਮੇਰੀ ਥਾਂ ਥਾਂ ਚਰਚੇ ਹੋਣਗੇ। ਉਹ ਇੰਨੀ ਵੱਡੀ ਉਡਾਰੀ ਲਗਾਉਣ ਤੋਂ ਪਹਿਲਾਂ ਆਪਣੇ ਪਰ ਤੋਲ ਰਹੀ ਸੀ….ਗੁਲਬਾਨੋ ਨੇ ਡਰ ਕੇ ਕਿਹਾ..
“ਉਹ ਜਵਾਨੀ ਹੀ ਕੀ ਜਿਸ ਨੇ ਇਸ਼ਕ ਨੀ ਕੀਤਾ ਤੇ ਉਹ ਇਸ਼ਕ ਹੀ ਕੀ..ਜਿਸ ਦਾ ਚਰਚਾ ਨਾ ਹੋਇਆ..ਫਿਰੋਜ਼ ਜੁਵਾਬ ਦਿੰਦਾ।
ਇਸ ਦਾ ਮਤਲਬ ਈ, ਤੂੰ ਮੈਨੂੰ ਕੱਢ ਕੇ ਲੈ ਜਾਣ ਦਾ ਇਰਾਦਾ ਕਰ ਲਿਆ ਏ..!ਗੁਲਬਾਨੋ ਉਸਦੇ ਮੱਥੇ ਤੇ ਪੈਂਦੀਆਂ ਜ਼ੁਲਫ਼ਾ ਨਾਲ ਖੇਡਦੀ ਬੋਲੀ…
“ਮੈਂ ਤੈਨੂੰ ਆਪਣੇ ਘਰ ਲੈ ਕੇ ਜਾਵਾਂਗਾ ਹੋਰ ਕਿਤੇ ਨੀ ਗੁਲਬਾਨੋ”…..ਇੱਕ ਵਾਰ ਤੂੰ ਆਪਣਾ ਘਰ ਛੱਡਕੇ ਮੇਰੇ ਨਾਲ ਨਿਕਲ ਗਈ ਤਾਂ ਮੇਰੇ ਵਾਲਦਾਇਨ ਨੂੰ ਮਜਬੂਰਨ ਸਾਡੀ ਸ਼ਾਦੀ ਕਰਨੀ ਪਵੇਗੀ..ਫਿਰੋਜ਼ ਨੇ ਸਮਝਾਇਆ ।
“ਕਿਉ ਨਹੀ ਮੰਨਣਗੇ..! ਮੇਰੇ ਚਾਚਾ ਜਾਨ ਨੇ ਚਾਰ ਸ਼ਾਦੀਆ ਕੀਤੀਆ ਸੂ । ਇਸਲਾਮ ਵਿੱਚ ਚਾਰ ਸ਼ਾਦੀਆ ਦੀ ਇਜ਼ਾਜਤ ਏ । ਤੈਨੂੰ ਵੀ ਉਹੀ ਹੱਕ ਮਿਲਣਗੇ ਜੋ ਸ਼ਕੀਲਾ ਕੋਲ ਹੈਨ..ਫਿਰੋਜ਼ ਨੇ ਤਸੱਲੀ ਦਿਤੀ।
ਤੇ ਦੂਸਰੇ ਦਿਨ ਸਿਖਰ ਦੁਪਹਿਰੇ ਆਪਣੀ ਕਿਸੇ ਸਹੇਲੀ ਦੇ ਘਰ ਕਸੀਦਾ ਕੱਢਣ ਗਈ ਗੁਲਬਾਨੋ ਘਰ ਨਹੀ ਆਈ । ਬੁਰਕੇ ਵਿੱਚ ਖ਼ੁਦ ਨੂੰ ਛੁਪਾਕੇ ਉਹ ਫਿਰੋਜ਼ ਦੇ ਘੋੜੇ ਤੇ ਬੈਠ ਆਪਣੇ ਪਿੰਡ ਨੂੰ ਅਲਵਿਦਾ ਕਹਿ ਗਈ । ਇਹ ਸੋਚ ਕੇ, ਛੇਤੀ ਹੀ ਉਹ ਫਿਰੋਜ਼ ਨਾਲ ਸ਼ਾਦੀ ਕਰਕੇ.. ਸ਼ਾਨੋ-ਸ਼ੌਕਤ ਨਾਲ ਪੇਕੇ ਪਿੰਡ ਵਾਪਸ ਆਵੇਗੀ। ਉਹ ਪਿੰਡ, ਜੋ ਉਸਦੀ ਕੰਵਾਰੀ ਮੁਹੱਬਤ ਨੂੰ ਨਜ਼ਾਇਜ ਦੱਸ ਰਿਹਾ ਏ, ਨਿਕਾਹ ਦੀ ਮੋਹਰ ਲੱਗ ਜਾਣ ਬਾਅਦ ਉਸ ਦਾ ਸੁਆਗਤ ਕਰੇਗਾ।
ਦੁਪਹਿਰ ਢਲ ਗਈ ਸੀ, ਫਿਰੋਜ਼ ਨਾਲ ਬੈਠੀ ਗੁਲਬਾਨੋ ਧੁੱਪ ਵਿੱਚ ਕੁਮਲਾ ਗਈ ਸੀ। ਪਿਆਸ ਨਾਲ ਗਲਾ ਸੁੱਕ ਰਿਹਾ ਸੀ। ਫਿਰੋਜ਼ ਦੀ ਪਿੱਠ ਨੂੰ ਚੰਬੜੀ, ਜਿਵੇ ਹਵਾ, ਚ’ ਉਡ ਰਹੀ ਸੀ।ਜਿਵੇ ਕੋਈ ਮੈਦਾਨ ਸਰ ਕਰ ਲਿਆ ਹੋਵੇ। ਉਸਦਾ ਪਿਆਰ ਉਸਨੂੰ ਮਿਲ ਗਿਆ ਸੀ, ਹੋਰ ਕੀ ਚਾਹੀਦਾ ਸੀ। ਜਿਸ ਨੂੰ ਮਹਿਬੂਬ ਮਿਲ ਜਾਵੇ ਫਿਰ ਰੱਬ ਵੀ ਭੁੱਲ ਜਾਂਦਾ। ਭੁੱਖ-ਪਿਆਸ ਤਾਂ ਕੀ ਚੀਜ਼ ਸੀ, ਉਹ ਤਾਂ ਆਪਣੇ ਬਾਪ ਦੀ ਧਨ-ਦੌਲਤ, ਇੱਜਤ ਤੇ ਪ੍ਰਵਾਰ ਦੇ ਪਿਆਰ ਤੱਕ ਨੂੰ ਭੁਲਾ ਬੈਠੀ ਸੀ।
ਇੱਕ ਵਾਰ ਵੀ ਨਹੀ ਸੋਚਿਆਕਿ ਜਵਾਨ ਭੈਣ ਦੇ ਘਰੋ ਭੱਜਣ ਤੋਂ ਬਾਅਦ ਗੱਭਰੂ ਭਰਾ ਮੁਆਸ਼ਰੇ ਵਿੱਚ ਕੀ ਮੂੰਹ ਦਿਖਾਉਣਗੇ। ਉਸਨੂੰ ਤਾਂ ਫਿਰੋਜ਼ ਚਾਹੀਦਾ ਸੀ, ਹਰ ਕੀਮਤ, ਹਰ ਕੁਰਬਾਨੀ ਦੇ ਕੇ ਆਪਣਾ ਪਿਆਰ ਹਾਸ਼ਲ ਕਰਨਾ ਚਹੁੰਦੀ ਸੀ। ਅੱਜ ਦੁਨੀਆ ਜਹਾਨ ਨੂੰ ਠੁਕਰਾ ਕੇ ਸ਼ਰਮ-ਹਯਾ ਲਾਹ ਕੇ ਉਹ ਫਿਰੋਜ਼ ਨਾਲ ਆਪਣੀ ਨਵੀ ਮੰਜ਼ਿਲ ਵੱਲ ਵੱਧ ਰਹੀ ਸੀ, ਜੋ ਬਸ ਥੋੜ੍ਹੀ ਹੀ ਦੂਰ ਸੀ।
ਜੇਹਲਮ ਦਰਿਆ ਦੇ ਨਾਲ ਨਾਲ ਕਈ ਘੰਟੇ ਘੋੜਾ ਭਜਾਉਣ ਤੋਂ ਬਾਅਦ ਦਰੱਖਤ ਹੇਠਾਂ ਫਿਰੋਜ਼ ਰੁਕਿਆ। ਦੋਹਾਂ ਨੇ ਪਾਣੀ ਪੀਤਾ, ਮੂੰਹ ਤੇ ਠੰਡੇ ਪਾਣੀ ਦੇ ਸਿੱਟੇ ਮਾਰੇ। ਸ਼ਾਮ ਤੈਰ ਰਹੀ ਸੀ, ਗੁਲਬਾਨੋ ਨੇ ਜ਼ਮੀਨ ਤੇ ਬੈਠ ਕੇ ਫਿਰੋਜ਼ ਦਾ ਸਿਰ ਆਪਣੀ ਗੋਦੀ ਵਿਚ ਲੈ ਲਿਆ।
ਬਾਨੋ…ਜੇ ਇਸ ਵੇਲੇ ਤੇ ਭਰਾ ਆਪਣਾ ਪਿੱਛਾ ਕਰਦੇ ਆ ਜਾਣ ਤਾਂ ਮੇਰੀ ਰਫ਼ਲ ਦਰੱਖਤ ਤੇ ਤਾਂ ਨਹੀ ਟੰਗ ਦੇਵੇਗੀ…! ਫਿਰੋਜ਼ ਨੇ ਮਜ਼ਾਕ ਵਿੱਚ ਪੁੱਛਿਆ।
“ਤੂੰ ਕਿੱਧਰ ਦਾ ਵੇ ਮਿਰਜ਼ਾ ਆ ਗਿਆ..! ਬਾਨੋ ਨੇ ਮਜ਼ਾਕ ਦਾ ਜਵਾਬ ਮਜ਼ਾਕ ਵਿੱਚ ਦਿਤਾ ।
ਹੋਰ ਤੂੰ ਐਵੇਂ ਨੀ ਟੁਰ ਪਈ ਏਂ ਮੇਰੇ ਨਾਲ..! ਜੇ ਦਸ ਆਦਮੀ ਵੀ ਆ ਜਾਣ, ਤਾਂ ਮੇਰੀ ਰਫ਼ਲ ਕਿਸੇ ਨੂੰ ਬੱਚ ਕੇ ਨਹੀ ਜਾਣ ਦਿੰਦੀ…ਪਠਾਣ ਹਾਂ ਪਠਾਣ…ਫਿਰੋਜ਼ ਨੇ ਆਪਣਾ ਫੌਲਾਦੀ ਸੀਨਾ ਉਸ ਦੇ ਸਾਹਮਣੇ ਨੰਗਾ ਕੀਤਾ।
“ਸੱਚ ਕਹਾਂ ਪਤਾ ਨਹੀਂ ਤੂੰ ਕੀ ਏਂ ! ਪਰ ਮੈਂ ਉਹ ਸਹਿਬਾਂ ਨਹੀ, ਜਿਹਨੇ ਭਰਾਵਾਂ ਲਈ ਯਾਰ ਨਾਲ ਦਗਾ ਕੀਤਾ ਸੀ। ਪਹਿਲਾ ਖੁੱਦ ਜਾਨ ਦਿਆਂਗੀ, ਫੇਰ ਕੋਈ ਤੇਰੇ ਵੱਲ ਆਵੇਗਾ….ਗੁਲਬਾਨੋ ਵੀ ਸਿਰ ਤੇ ਕਫਨ ਬੰਨ੍ਹ ਕੇ ਘਰੋ ਤੁਰੀ ਸੀ।
ਝੱਲੀਏ…ਮੇਰੇ ਹੁੰਦੇ ਤੂੰ ਜਾਨ ਦੇਵੇ…! ਫਿਰੋਜ਼ ਇੰਨ੍ਹਾਂ ਕੱਚਾ ਨਹੀ..ਵਕਤ ਆਏ ਤੇ ਜਾਣ ਜਾਵੇਗੀ..ਫਿਰੋਜ਼ ਉਠ ਬੈਠਾ।
“ਇਸੇ ਯਕੀਨ ਤੇ ਤਾਂ ਸਭ ਕੁਛ ਛੱਡ-ਛਡਾ ਕੇ ਆ ਗਈ ਤੇਰੇ ਨਾਲ। ਵਰਨਾ ਕੱਚਿਆ ਤੇ ਤਰਨ ਵਾਲੀਆਂ ਤਾਂ ਕਈ ਡੁੱਬ ਗਈਆਂ ਇੰਨ੍ਹਾਂ ਦਰਿਆਵਾਂ ਵਿੱਚ…ਬਾਨੋ ਨੇ ਜੇਹਲਮ ਦੇ ਪਾਣੀ ਵੱਲ ਲੰਮੀ ਝਾਤ ਮਾਰੀ।
ਦੋਵੇ ਦੇਰ ਤੱਕ ਬੈਠੇ ਆਉਣ ਵਾਲੀ ਜ਼ਿੰਦਗੀ ਦੇ ਸੁਨਹਿਰੀ ਖ਼ਾਬ ਦੇਖਦੇ ਰਹੇ। ਰਾਤ ਉਤਰ ਆਈ, ਦੂਰ ‘ਸਰਾਏ ਆਲਮਗੀਰ’ ਵਿੱਚ ਰੋਸ਼ਨੀਆਂ ਜਗਮਗਾ ਉਠੀਆ ਸੀ। ਫਿਰੋਜ਼ ਤੇ ਗੁਲਬਾਨੋ ਘੋੜੇ ਤੇ ਸਵਾਰ ਹੋ ਕੇ ਮੁਕਾਮ ਵੱਲ ਵਧੇ।
“ਹਾਕਮ ਖ਼ਾਨ ਦੀ ਹਵੇਲੀ ਵਿੱਚ ਭੁਚਾਲ ਆ ਗਿਆ। ਫਿਰੋਜ਼ ਜਿਵੇਂ ਘੋੜੇ ਉਤੇ ਗੁਲਬਾਨੋ ਨੂੰ ਨਹੀ ਬਲਕਿ ਕੋਈ ਅੱਗ ਬਿਠਾ ਲਿਆਇਆਂ ਸੀ। ਹਾਕਮ ਖ਼ਾਨ ‘ਹਾਜੀ-ਨਮਾਜ਼ੀ’ ਇਨਸਾਨ ਸਨ। ਭਾਈਚਾਰੇ ਵਿੱਚ ਲੋਕ ਉਨ੍ਹਾਂ ਦਾ ਨਾਮ ਇਜ਼ਤ ਨਾਲ ਲੈਦੇਂ ਸੀ। ਪੁੱਤਰ ਫਿਰੋਜ਼ ਦੀ ਹਰਕਤ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿਤਾ। ਡਿਉਢੀ, ਚ’ ਵੜਦਿਆਂ ਹੀ ਫਿਰੋਜ਼ ਦਾ ਸਾਹਮਣਾ ਅੱਬਾਜਾਨ ਨਾਲ ਹੀ ਹੋ ਗਿਆ। ਗੁਲਬਾਨੋ ਨਕਾਬ ਵਿੱਚ ਮੂੰਹ ਛੁਪਾਈ ਕਿਸੇ ਚੋਰ ਵਾਂਗ ਪੈਰ ਦੱਬੀ ਉਸਦੇ ਪਿੱਛੇ ਆ ਗਈ ਸੀ। ਹਾਕਮ ਖਾਨ ਨੇ ਹੈਰਾਨ ਪਰੇਸ਼ਾਨ ਨਜ਼ਰਾਂ ਨਾਲ ਉਸ ਨਕਾਬ ਵਾਲੀ ਔਰਤ ਵੱਲ ਦੇਖਿਆ। ਫਿਰੋਜ਼ ਨੇ ਹਿੰਮਤ ਕੀਤੀ ਤੇ ਗੁਲਬਾਨੋ ਨੂੰ ਫੜਕੇ ਦੀਵਾਨ ਉਤੇ ਬਿਠਾ ਦਿਤਾ।
“ਅੱਬਾ ਹਜ਼ੂਰ…ਇਹ ਗੁਲਬਾਨੋ ਹੈ, ਮੇਰੇ ਸਹੁਰਿਆਂ ਦੇ ਪਿੰਡ ਦੀ ਏਂ, ਉਨ੍ਹਾਂ ਦੇ ਪੜੋਸੀ ਜ਼ਮੀਨਦਾਰ ਨਾਸਿਰ ਹੁਸੈਨ ਦੀ ਧੀ ਹੈ”…ਫਿਰੋਜ਼ ਨੇ ਜਿਵੇਂ ਕਿਸੇ ਅਦਾਲਤ ਵਿੱਚ ਅਰਜ਼ੀ ਦਿਤੀ।
“ਇਥੇ ਕੀ ਕਰਨ ਆਈ ਊ….! ਹਾਕਮ ਖਾਨ ਦੀ ਹੈਰਾਨੀ ਹੋਰ ਵੱਧ ਗਈ…
“ਮੇਰੇ ਨਾਲ ਆਈ ਏ ਅੱਬਾ ਜਾਨ, ਅਸੀ ਸ਼ਾਦੀ ਕਰਨਾ ਚਹੁੰਦੇ ਹਾਂ। ਮੈਂ ਸਹਿਮਤੀ ਨਾਲ ਇਸ ਨੂੰ ਘਰੋ ਭਜਾ ਕੇ ਲਿਆਇਆ ਹਾਂ…ਫਿਰੋਜ਼ ਨੂੰ ਡਰਦਿਆ ਆਖਿਰ ਸੱਚ ਦੱਸਣਾ ਪਿਆ….
“ਸ਼ਾਦੀ”…! ਘਰੋ ਉਧਾਲ ਕੇ ਲਿਆਇਆ ਆਪਣੇ ਨਾਲ ਊ…! ਯਾਹ ਅੱਲਾਹ ਹਾਕਮ ਖਾਨ ਨੇ ਮੂੰਹ ਵਿੱਚ ਉਗਲਾਂ ਪਾ ਲਈਆ। ਹਾਕਮ ਖਾਨ ਨੂੰ ਹੁਣ ਹੋਰ ਪੁੱਛਣ ਦੀ ਲੋੜ ਨਹੀ ਪਈ ਸੀ। ਸਭ ਕੁਝ ਸਮਝ ਗਏ ਉਹ। ਬੁਰਕੇ, ਚ’ ਲਿਪਟੀ ਲੜਕੀ, ਫਿਰੋਜ਼ ਦਾ ਉਡਿਆ ਚਿਹਰਾ, ਗਲ ਪਾਈ ਰਫਲ ਅਤੇ ਬਾਹਰ ਖੜ੍ਹਾ ਘੋੜਾ । ਥੋੜ੍ਹਾ ਚਿਰ ਖਾਮੋਸ਼ੀ ਰਹੀ, ਜਿਵੇਂ ਅਦਾਲਤ ਵਿੱਚ ਫੈਸਲਾ ਸੁਨਣ ਵੇਲੇ ਵਰਗੀ ਖਾਮੋਸ਼ੀ।
“ਅੱਬਾ ਹਜ਼ੂਰ”ਅਸੀ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ। ਚਾਚਾ ਜਾਨ ਨਦੀਮ ਖ਼ਾਨ ਨੇ ਵੀ ਚਾਰ ਸ਼ਾਦੀਆ ਕੀਤੀਆ ਸੂ ।
ਮੈਨੂੰ ਵੀ ਦੋ ਦੀ ਇਜਾਜ਼ਤ ਦੇ ਦਿਉ ਖ਼ੁਦਾ ਦੇ ਵਾਸਤੇ..!ਇਸਲਾਮ ਵਿੱਚ ਇਜਾਜ਼ਤ ਏ । ਫਿਰੋਜ਼ ਨੂੰ ਉਮੀਦ ਸੀ ਕਿ ਅੱਬਾ ਜਾਨ, ਉਸਦੀਆ ਬਾਕੀ ਜ਼ਿੱਦਾਂ ਵਾਂਗ ਇਹ ਵੀ ਮੰਨ ਜਾਣਗੇ…!
“ਖਾਮੌਸ਼… ਬੇਗੈਰਤ ਅਤੇ ਗੁਸਤਾਖ ਲੜਕੇ…ਹਾਲੇ ਪਿਛਲੇ ਸਾਲ ਤੇਰੀ ਸ਼ਾਦੀ ਹੋਈ ਸੂ । ਅੱਜ ਨਵੀ ਲੜਕੀ ਲੈ ਆਇਆ। ਉਹ ਪੁਰਾਣੀ ਹੋ ਗਈ ਸੂ…! ਤੂੰ ਕਿਧਰ ਦਾ ਆਲਮ ਬਣ ਗਿਆ ਏ…! ਚਾਚਾ ਨਦੀਮ ਨੇ ਤੇਰੀ ਔਕਾਤ ਦੀ ਤਰ੍ਹਾਂ ਔਰਤਾਂ ਉਧਾਲ ਕੇ ਨਹੀ ਲਿਆਦੀਆਂ ਸੂ । ਉਸ ਦੀ ਹੈਸੀਅਤ ਨੂੰ ਰਿਸ਼ਤੇ ਹੋਏ ਸੂ । ਬੇਸਹਾਰਾ ਔਰਤਾਂ ਨੂੰ ਸਹਾਰਾ ਅਤੇ ਬਰਾਬਰ ਦੇ ਹਕੂਕ ਦੇਣ ਲਈ ਇਸਲਾਮ ਵਿੱਚ ਚਾਰ ਸ਼ਾਦੀਆ ਦੀ ਇਜਾਜ਼ਤ ਏ । ਔਰਤਾਂ ਨੂੰ ਖਿਡੌਣਾ ਬਣਾ ਕੇ ਖੇਡਣ ਲਈ ਹਰਗਿਜ਼ ਨਹੀ । ਤੇਰੀ ਪਹਿਲੀ ਬੀਵੀ ਵਿਚ ਕੀ ਕਮੀ ਊ.. ! ਉਸਦੇ ਹੱਕਾਂ ਤੇ ਡਾਕਾ ਨਹੀ ਪੈਣ ਦਿਆਗਾਂ ਮੈ ।ਹਾਕਮ ਖਾਨ ਨੇ ਅੱਜ ਤੱਕ ਕਦੇ ਪੁੱਤਰ ਦਾ ਮੂੰਹ ਨਹੀ ਸੀ ਮੋੜਿਆ ਸੀ, ਪਰ ਇੰਨੇ ਖਤਰਨਾਕ ਅਤੇ ਬੇਗੈਰਤੇ ਹਾਲਤ ਦੀ ਫਿਰੋਜ਼ ਤੋਂ ਉਮੀਦ ਨਹੀ ਸੀ।
“ਮੈਂ ਪਿਆਰ ਦੇ ਹੱਥੋ ਮਜਬੂਰ ਹਾਂ ਅੱਬਾ ਜਾਨ । ਫਿਰੋਜ਼ ਨੇ ਪਿਆਰ ਦੀ ਭੀਖ ਮੰਗੀ ।
“ਆਪਣੇ ਹੱਥੀ ਗੋਲੀ ਮਾਰਦੇ ਇਹੋ ਜਿਹੇ ਅਵਾਰਾ ਦਿਲ ਨੂੰ ਜੋ ਖਾਨਦਾਨ ਦੀ ਇੱਜ਼ਤ ਤੇ ਧੱਬਾ ਏਂ, ਅਤੇ ਵਾਪਸ ਛੱਡ ਕੇ ਆ ਇਸ ਅਵਾਰਾ ਲੜਕੀ ਨੂੰ ਇੰਨ੍ਹਾਂ ਦੇ ਮਾਪਿਆ ਕੋਲ, ਜਿਥੋਂ ਲੈ ਕੇ ਆਂਦੀ ਏਂ….ਹਾਕਮ ਖਾਨ ਨੇ ਫੈਸਲਾ ਸੁਣਾਇਆ। ਗੁਲਬਾਨੋ ਇਹ ਸੱਭ ਸੁਣਦਿਆਂ ਡਰ ਅਤੇ ਸਹਿਮ ਨਾਲ ਖੜ੍ਹੀ ਹੋ ਗਈ ।
ਅੱਬਾ ਹਜ਼ੂਰ…ਇਹ ਲੜਕੀ ਅਵਾਰਾ ਨਹੀ, ਜ਼ਮੀਨਦਾਰ ਨਾਸਿਰ ਹੁਸੈਨ ਦੀ ਧੀ ਏਂ ਜੋ ਪੰਜ ਪਿੰਡਾਂ ਦਾ ਮਾਲਕ ਏਂ, ਬਹੁਤ ਸ਼ਰੀਫ ਖ਼ਾਨਦਾਨ ਏਂ..ਫਿਰੋਜ਼ ਨੂੰ ਗੁਲਬਾਨੋ ਬਾਰੇ ਵਰਤੇ ਸ਼ਬਦ ਅਵਾਰਾ ਅਲਫ਼ਾਜ਼ ਤੇ ਦੁੱਖ ਲੱਗਿਆ ਸੀ।
“ਸ਼ਰੀਫ਼ ਖਾਨਦਾਨਾਂ ਦੀਆਂ ਕੁੜੀਆ ਇਸ ਤਰ੍ਹਾਂ ਮਾਪਿਆਂ ਦੀ ਇਜ਼ਤ ਦਾਅ ਤੇ ਲਾ ਕੇ ਘਰੋਂ ਨਹੀ ਭਜਦੀਆਂ । ਮੇਰੇ ਘਰ ਵਿੱਚ ਇਸ ਲਈ ਕੋਈ ਥਾਂ ਨਹੀ। ਬੇਗੈਰਤ, ਬੇਹਯਾ….ਤੇਰੀਆਂ ਭੈਣਾਂ ਤੇ ਕੀ ਅਸਰ ਪਵੇਗਾ ਤੇਰੀ ਕਰਤੂਤ ਦਾ..! ਕੱਲ੍ਹ ਨੂੰ ਉਹ ਵੀ ਇਹਦੇ ਵਾਂਗ ਮੇਰੀ ਪੱਗ ਨੂੰ ਮਿਟੀ, ਚ’ ਰੋਲ ਕੇ ਗੈਰ ਮਰਦਾਂ ਨਾਲ ਨੱਠ ਜਾਣਗੀਆਂ..! ਛੋੜ ਕੇ ਆ ਇਸ ਨੂੰ ਇਹਦੇ ਘਰ। ਤਿੰਨ ਖਾਨਦਾਨਾਂ ਦੀ ਦੁਸ਼ਮਣੀ ਪੁਆਉਣ ਲੱਗਿਆ ਏਂ ਤੂੰ, ਆਪਣੇ ਇਸ਼ਕ ਦੀ ਖ਼ਾਤਿਰ। ਹਾਕਮ ਖ਼ਾਨ ਨੂੰ ਆਪਣੇ ਖ਼ਾਨਦਾਨ ਦੀ ਇੱਜ਼ਤ ਜਾਨ ਨਾਲੋ ਵੀ ਵੱਧ ਪਿਆਰੀ ਸੀ।
“ਇਹ ਵਾਪਸ ਨਹੀਂ ਜਾ ਸਕਦੀ ਅੱਬਾ ਜਾਨ..ਇਹਦੇ ਭਰਾ ਮਾਰ ਦੇਣਗੇ ਇਸ ਨੂੰ, ਰਹਿਮ ਕਰੋ ਇਸ ਤੇ ਅੱਬਾ ਜਾਨ…ਫਿਰੋਜ਼ ਅੱਬੂ ਦੇ ਪੈਰਾਂ ਨੂੰ ਛੂੰਹਦਾਂ ਹੋਇਆ ਗਿੜਗੜਾਇਆ ।
“ਜੇ ਤੂੰ ਇਸ ਨੂੰ ਵਾਪਸ ਨਾ ਛੱਡਣ ਗਿਆ ਤਾਂ ਮੈਂ ਤੈਨੂੰ ਗੋਲੀ ਮਾਰ ਦਿਆਗਾਂ…ਹਾਕਮ ਖਾਨ ਨੇ ਗੁੱਸੇ, ਚ’ ਆੳਦਿਆਂ ਸਾਹਮਣੇ ਦੀਵਾਰ ਤੇ ਟੰਗੀ ਦੋਨਾਲੀ ਰਫਲ ਉਤਾਰੀ।
ਫਿਰੋਜ਼ ਦੀ ਮਾਂ ਪਰਦੇ ਪਿੱਛੇ ਖੜ੍ਹੀ ਸਭ ਸੁਣ ਰਹੀ ਸੀ, ਪਰ ਸ਼ੋਹਰ ਦੇ ਡਰ ਕਾਰਨ ਸਾਹਮਣੇ ਨਹੀਂ ਸੀ ਆ ਰਹੀ। ਪਰ ਜਦੋਂ ਹਾਕਮ ਖਾਨ ਦੇ ਹੱਥ, ਚ’ ਰਫਲ ਦੇਖਕੇ ਉਹ ਚੀਕ ਮਾਰਕੇ ਪੁੱਤਰ ਸਾਹਮਣੇ ਆ ਗਈ।
“ਰਹਿਮ ਕਰੋ ਮੇਰੇ ਬੱਚੇ ਉਤੇ”..ਜਵਾਨੀ, ਚ’ ਗਲਤੀ ਹੋ ਈ ਜਾਂਦੀ ਊਂ । ਘਰ ਵਿੱਚ ਸਿਆਣੇ ਬੈਠੇ ਸੂ, ਉਨ੍ਹਾਂ ਦੀ ਸਲਾਹ ਲੈ ਲਵੋ, ਆਪਣੇ ਭਰਾਵਾਂ ਨੂੰ ਸੱਦ ਲਉ ਪੁੱਤਰ ਨੂੰ ਜਾਨੋ ਕਿਉ ਮਾਰਦੇ ਓਂ..ਫਿਰੋਜ਼ ਦੀ ਮਾਂ ਨੇ ਰੋਂਦਿਆਂ ਪੁੱਤ ਦੀ ਜਿੰਦਗੀ ਮੰਗੀ।
ਹਾਕਮ ਖਾਨ ਦਾ ਦਾ ਗੁੱਸਾ ਕੁਝ ਢਲਿਆ। ਮਾਂ ਫਿਰੋਜ਼ ਨੂੰ ਲੈ ਕੇ ਅੰਦਰ ਚਲੀ ਗਈ। ਗੁਲਬਾਨੋ ਡਿਉਢੀ ਦੇ ਵਿਚਕਾਰ ਖੜ੍ਹੀ ਡਰ ਨਾਲ ਕੰਬ ਰਹੀ ਸੀ। ਉਸ ਨੂੰ ਅਜਿਹੇ ਹਾਲਤ ਦੀ ਉਮੀਦ ਨਹੀ ਸੀ। ਕੀ ਕਰ ਬੈਠੀ ਸੀ ਉਹ…!!! ਜਵਾਨੀ ਤੇ ਇਸ਼ਕ ਦੇ ਨਸ਼ੇ ਵਿੱਚ ਫ਼ਿਰੋਜ਼ ਦੇ ਪਿੱਛੇ ਲੱਗ ਤੁਰੀ ਸੀ ਅਤੇ ਆਪਣਾ ਅੰਜ਼ਾਮ ਨਹੀ ਸੀ ਸੋਚਿਆ ।ਹਾਕਮ ਖ਼ਾਨ ਨੇ ਨੌਕਰ ਭੇਜਕੇ ਉਸੇ ਵਕਤ ਕਬੀਲੇ ਦੇ ਅਜ਼ੀਮ ਬੰਦੇ ਸੱਦ ਲਏ ਤੇ ਪੰਚਾਇਤ ਜੁੜ ਗਈ।
“ਮੇਰਾ ਪੁੱਤਰ ਫ਼ਿਰੋਜ਼ ਖ਼ਾਨ ਜ਼ਮੀਨਦਾਰ ਨਾਸਿਰ ਹੁਸੈਨ ਦੀ ਧੀ ਨੂੰ ਕੱਢ ਲਿਆਇਆਂ ਸੂ । ਬੇਗੈਰਤ ਨੇ ਖ਼ਾਨਦਾਨ ਦੀ ਇਜ਼ਤ ਆਬਰੂ ਮਿੱਟੀ ਵਿੱਚ ਰੋਲ ਕੇ ਰੱਖ ਦਿਤੀ ਸੂ । ਮੈਂ ਚਹੁੰਦਾਂ ਹਾਂ, ਇਸ ਲੜਕੀ ਨੂੰ ਵਾਪਸ ਇਸਦੇ ਪਿਉ ਦੇ ਘਰ ਭੇਜਿਆ ਜਾਵੇ।
“ਪਰ ਫਿਰੋਜ਼ ਕਹਿੰਦਾਂ..ਇਸ ਦੇ ਭਰਾ ਇਸ ਨੂੰ ਮਾਰ ਦੇਣਗੇ । ਤੁਸੀ ਫੈਸਲਾ ਕਰੋ ਇਸ ਲੜਕੀ ਨੂੰ ਵਾਪਸ ਕਿਵੇ ਭੇਜਿਆ ਜਾਵੇ”….ਹਾਕਮ ਖ਼ਾਨ, ਜੋ ਲੋਕਾਂ ਦੇ ਫ਼ੈਸਲੇ ਆਪ ਕਰਦਾ ਹੁੰਦਾਂ ਸੀ, ਅੱਜ ਖੁੱਦ ਮੁਜਰਮ ਬਣਕੇ ਕਟਹਿਰੇ, ਚ’ ਖੜ੍ਹਾ ਸੀ।
ਕਾਫੀ ਦੇਰ ਸੋਚ ਵਿਚਾਰ ਹੁੰਦੀ ਰਹੀ। ਫਿਰੋਜ਼ ਖਾਨ ਠੀਕ ਆਖਦਾ ਏਂ । ਲੜਕੀ ਦੇ ਭਰਾ ਇਸ ਨੂੰ ਮਾਰ ਦੇਣਗੇ । ਘਰੋ ਭੱਜੀ ਨੂੰ ਮਰਦ ਸਮਾਜ ਮਾਫ਼ ਨਹੀ ਕਰਦਾ। ਕਿਹੜਾ ਮਰਦ ਇਸ ਦਾ ਹੱਥ ਫੜੇਗਾ..! ਕਿਸ ਨਾਲ ਇਹ ਸ਼ਾਦੀ ਕਰੇਗੀ..! ਉਧਲ ਗਈਆ ਬੇਮੌਤ ਮਾਰੀਆਂ ਜਾਂਦੀਆ ਹਨ । ਫਿਰੋਜ਼ ਨਾਲ ਘਰੋਂ ਨੱਠ ਕੇ ਜੇ ਇਹ ਸਾਡੇ ਕਬੀਲੇ ਆ ਗਈ ਏਂ, ਤਾਂ ਇਸ ਨੂੰ ਪਨਾਹ ਦੇਣਾ ਸਾਡਾ ਇਖ਼ਲਾਕੀ ਫਰਜ਼ ਏਂ, ਪੰਚਾਂ ਨੇ ਸਲਾਹ ਕੀਤੀ।
ਲੰਮੀ ਗੁਫਤਗੂ ਤੋਂ ਬਾਅਦ ਹਾਕਮ ਖਾਨ ਦੇ ਮਰਹੂਮ ਭਰਾ ਨਵਾਜ਼ ਖਾਨ ਦੇ ਪੁੱਤਰ ਅਮੀਰ ਖਾਨ ਨੂੰ ਬੁਲਾਇਆਂ ਗਿਆ। ਅਮੀਰ ਖਾਨ ਦੀ ਬੀਵੀ ਪਿੱਛਲੇ ਸਾਲ ਬੱਚੇ ਨੂੰ ਜਨਮ ਦਿੰਦਿਆਂ ਫੌਤ ਹੋ ਗਈ ਸੀ। ਪੰਚਾਇਤ ਵਿੱਚ ਅਮੀਰ ਖਾਨ ਨੂੰ ਫਿਰੋਜ਼ ਤੇ ਗੁਲਬਾਨੋ ਦੀ ਕਹਾਣੀ ਸੁਣਾਈ ਗਈ । ਉਸ ਸਾਹਮਣੇ, ਗੁਲਬਾਨੋ ਨਾਲ ਨਿਕਾਹ ਕਰ ਲੈਣ ਦੀ ਤਜਵੀਜ਼ ਰੱਖੀ ਗਈ ।
ਅਮੀਰ ਖਾਨ ਜੋ ਸੰਜੀਦਾਂ ਕਿਸਮ ਅਤੇ ਠਹਿਰੀ ਹੋਈ ਤਬੀਅਤ ਦਾ ਮਾਲਕ ਸੀ, ਆਪਣੀ ਬੀਵੀ ਦੇ ਗਮ ਨੂੰ ਭੁੱਲਿਆ ਨਹੀ ਸੀ। ਪਰ ਜਿੰਦਗੀ ਇੱਕਲਿਆਂ ਵੀ ਪਹਾੜ ਵਾਂਗ ਲੱਗਦੀ ਸੀ।
“ਪਰ ਇਹ ਲੜਕੀ ਫਿਰੋਜ਼ ਦੇ ਇਸ਼ਕ ਵਿੱਚ ਆਪਣੇ ਮਾਪਿਆਂ ਭੈਣ-ਭਰਾਵਾਂ ਨੂੰ ਛੱਡ ਕੇ ਆਈ ਏਂ । ਪਿਆਰ ਇਹ ਫਿਰੋਜ਼ ਨੂੰ ਕਰਦੀ ਏਂ ਤੇ ਉਮਰ ਭਰ ਕਰਦੀ ਰਹੇਗੀ । ਮੇਰੇ ਨਾਲ ਸ਼ਾਦੀ ਤੋਂ ਬਾਅਦ ਵੀ ਇੰਨ੍ਹਾਂ ਦੀ ਆਸ਼ਨਾਈ ਜਾਰੀ ਰਹੇਗੀ, ਇਸ ਲਈ ਮੈਂ ਇਹ ਖਤਰਾ ਨਹੀ ਸਹੇੜ ਸਕਦਾ, ਬੀਵੀ ਮੇਰੀ ਹੋਵੇ ਤੇ ਇਸ਼ਕ ਮੇਰੇ ਭਰਾ ਨੂੰ ਕਰੇ, ਮੈਨੂੰ ਗਵਾਰਾ ਨਹੀ ਹੋਵੇਗਾ”..!
ਅਮੀਰ ਖਾਨ ਨੇ ਬਿਨਾਂ ਕਿਸੇ ਲਾਗ ਲਪੇਟ ਤੋਂ ਆਪਣੇ ਦਿਲ ਦੀ ਗੱਲ ਕਹੀ ।
“ਇਹ ਤੂੰ ਸਾਡੇ ਤੇ ਛੱਡਦੇ ਅਮੀਰ ਖਾਨ”..ਤੇਰੀ ਬੀਵੀ ਤੇਰੀ ਹੋਵੇਗੀ। ਕਿਸੇ ਗ਼ੈਰ ਦੀ ਮਜ਼ਾਲ ਨਹੀ, ਜੋ ਤੇਰੀ ਬੀਵੀ ਤੇ ਅੱਖ ਚੁੱਕ ਵੀ ਦੇਖ ਲਵੇ । ਅਸੀ ਲੱਤਾਂ ਵੱਢ ਦਿਆਂਗੇ ਫਿਰੋਜ਼ ਦੀਆਂ, ਜੇ ਤੇਰੀ ਹਵੇਲੀ ਵੱਲ ਕਦੇ ਉਸਨੇ ਕਦਮ ਪਾਇਆ। ਸਾਡੇ ਖਾਨਦਾਨ ਦੀ ਇੱਜ਼ਤ ਦਾ ਸਵਾਲ ਏਂ, ਫਿਰੋਜ਼ ਨਾਦਾਨ, ਅਵਾਰਾਗਰਦ ਛੋਕਰੇ ਨੇ ਜਿਹੜੀ ਮੇਰੀ ਪੱਗ ਉਛਾਲੀ ਏਂ ਤੂੰ ਉਸਨੂੰ ਮੇਰੇ ਸਿਰ ਤੇ ਵਾਪਸ ਰੱਖ ਸਕਦਾ ਏਂ ਪੁੱਤਰ । ਘਰ ਦੀ ਗੱਲ ਘਰ ਵਿੱਚ ਰਹਿ ਜਾਵੇ, ਇਸ ਵਿੱਚ ਹੀ ਆਪਣਾ ਸੱਭ ਦਾ ਭਲਾ ਏਂ”…ਹਾਕਮ ਖਾਨ ਨੇ ਅਮੀਰ ਖ਼ਾਨ ਅੱਗੇ ਹੱਥ ਜੋੜ ਦਿਤੇ ।
ਅਖੀਰ, ਚ’ ਫੈਸਲਾ ਹੋ ਗਿਆ, ਗੁਲਬਾਨੋ ਅਤੇ ਅਮੀਰ ਖਾਨ ਦੀ ਸ਼ਾਦੀ ਦਾ। ਦੂਜੇ ਦਿਨ ਦਰਜ਼ੀ ਬੁਲਾ ਲਿਆ ਗਿਆ, ਗੁਲਬਾਨੋ ਦੇ ਨਿਕਾਹ ਦਾ ਸੂਟ ਬਨਾਉਣ ਲਈ।
ਗੁਲਬਾਨੋ ਨੂੰ ਡਿਉਢੀ ਵਿਚੋਂ ਉਠਾਕੇ ਇੱਕ ਅਲੱਗ ਕਮਰੇ, ਚ’ ਬਿਠਾ ਦਿਤਾ। ਜਿਵੇਂ ਉਹ ਇਸ ਘਰ ਦੀ ਇਕ ਵਸਤੂ ਹੋਵੇ। ਘਰ ਦੀ ਕੋਈ ਔਰਤ ਉਸ ਕੋਲ ਨਹੀ ਆਈ ਸੀ। ਬੱਚੇ ਆਉਦੇ ਤੇ ਉਸ ਵੱਲ ਦੇਖਕੇ ਹੱਸ ਕੇ ਚਲੇ ਜਾਂਦੇ ਜਿਵੇਂ ਉਹ ਕੋਈ ਤਮਾਸ਼ਾਂ ਹੋਵੇ। ਨੌਕਰ ਆ ਕੇ ਖਾਣਾਂ ਦੇ ਗਿਆ ਸੀ, ਪਰ ਉਸਨੇ ਖਾਣੇ ਤੱਕ ਨੂੰ ਹੱਥ ਵੀ ਨਾ ਲਾਇਆ। ਕਿਸੇ ਬੁੱਤ ਵਾਂਗ ਸੁੰਨ ਬੈਠੀ ਸੀ ਉਹ। ਅਡੋਲ, ਬੇਹਰਕਤ ਤੇ ਬੇਜ਼ੁਬਾਨ। ਕਿਸੇ ਨੇ ਆ ਕੇ ਉਸ ਦਾ ਹਾਲ ਨਹੀ ਪੁੱਛਿਆ ਸੀ। ਇਕ ਫਤਵੇ ਵਾਂਗ ਉਸਦੇ ਨਿਕਾਹ ਦਾ ਐਲਾਨ ਸੁਣਾ ਦਿੱਤਾ ਗਿਆ ਤੇ ਉਹ ਸਜ਼ਾਏ-ਮੌਤ ਵਾਂਗ ਚੁੱਪ-ਚਾਪ ਸੁਣਦੀ ਰਹੀ।
ਡਿਉਢੀ ਦੇ ਨਾਲ ਲੱਗਦੇ ਕਮਰੇ ਵਿੱਚ ਪਰਦੇ ਪਿੱਛੇ ਬੈਠੀ ਉਹ ਪੰਚਾਇਤ ਦੀ ਸਾਰੀ ਕਾਰਵਾਈ ਸੁਣਦੀ ਰਹੀ ਸੀ। ਕਿਸੇ ਦਾ ਚਿਹਰਾ ਨਹੀਂ ਸੀ ਦੇਖਿਆ ਉਸਨੇ । ਮਹਿਸੂਸ ਕਰ ਰਹੀ ਸੀ ਜਿਵੇਂ ਸੱਭ ਦੇ ਚਿਹਰੇ ਅਤੇ ਇਕੋ ਜਿਹੇ ਹੀ ਸਨ । ਕਿਸੇ ਇਕ ਨੇ ਵੀ ਫਿਰੋਜ਼ ਨਾਲ ਉਸਦੇ ਨਿਕਾਹ ਦੀ ਗੱਲ ਨਹੀ ਸੀ ਕੀਤੀ। ਤੇ ਫਿਰੋਜ਼ ਜੋ ਖ਼ੁਦ ਨੂੰ ਵੱ’ਡਾ ਸੁੱਚਾ ਸੂਰਮਾਂ’ ਦੱਸਦਾ ਹੁੰਦਾਂ ਸੀ, ਕਿਸੇ ਛਾਏ ਵਾਂਗ ਅਲੋਪ ਹੋ ਗਿਆ ਸੀ। ਮੁੜਕੇ ਨਾ ਉਸਨੇ ਫ਼ਿਰੋਜ਼ ਦੀ ਅਵਾਜ਼ ਸੁਣੀ ਤੇ ਨਾ ਸ਼ਕਲ ਦੇਖੀ। ਉਸਨੂੰ ਇਸ ਕੈਦਖਾਨੇ, ਚ’ਸੁੱਟਕੇ ਉਹ ਖ਼ੁਦ ਪਤਾ ਨਹੀ ਕਿਥੇ ਚਲੇ ਗਿਆ ਸੀ। ਬੁਲਬੁਲ ਨੂੰ ਪਿੰਜਰੇ ਵਿੱਚ ਪਾ ਕੇ ਸ਼ਿਕਾਰੀ ਖੁਦ ਗਾਇਬ ਹੋ ਗਿਆ ਸੀ….!
ਗੁਲਬਾਨੋ ਦਾ ਹੁਣ ਅਮੀਰ ਖਾਨ ਨਾਲ ਨਿਕਾਹ ਕਰ ਦਿਤਾ । ਫਿਰੋਜ ਦੀ ਹਵੇਲੀ ਵਿਚੋਂ, ਉਹ ਕਿਸੇ ਸਮਾਨ ਵਾਂਗ ਅਮੀਰ ਖਾਨ ਦੀ ਹਵੇਲੀ ਆ ਗਈ । ਜਿਵੇਂ ਕਿਸੇ ਦੀ ਮਈਅਤ ਉਠੀ ਹੋਵੇ । ਨਾ ਸ਼ਗਨ ਨਾ ਸ਼ਹਿਨਾਈ । ਜ਼ਮੀਨਦਾਰ ਨਾਸਿਰ ਹੁਸੈਨ ਦੀ ਇਕਲੌਤੀ ਲਾਡਲੀ ਧੀ ਦਾ ਨਿਕਾਹ ਇੱਦਾ ਹੋਵੇਗਾ, ਕਿਸੇ ਨੇ ਤਸੱਵਰ ਵੀ ਨਹੀ ਕੀਤਾ ਸੀ। ਗੁਲਬਾਨੋ ਨੇ, ਨਾ ਤਾਂ ਫਿਰੋਜ਼ ਦੀ ਹਵੇਲੀ ਦੇਖੀ ਸੀ ਤੇ ਨਾ ਅੱਖ ਚੁੱਕ ਕੇ ਅਮੀਰ ਦੇ ਘਰ ਨੂੰ ਦੇਖਿਆ । ਘਰ ਵਿੱਚ ਨੌਕਰ ਸਨ, ਜੋ ਵਾਰ ਵਾਰ ਆਉਦੇਂ ਤੇ ਉਸਨੂੰ ਆਦਾਬ ਵਜਾਂਉਦੇ ਅਤੇ ਖਿਦਮਤ ਲਈ ਪੁੱਛਦੇ । ਪਰ ਉਹ ਕਿਸੇ ਮੁਰਦੇ ਵਾਂਗ ਬੇਜ਼ਾਨ ਬਿਸਤਰ ਤੇ ਪਈ ਸੀ। ਪਿੱਛਲੀਆਂ ਤਿੰਨ ਰਾਤਾਂ ਤੋਂ ਸੁੱਤੀ ਨਹੀ ਸੀ ਉਹ । ਅੱਖਾਂ ਪਥਰਾ ਗਈਆ ਸੀ ਉਸ ਦੀਆਂ। ਆਪਣੇ ਨਾਲ ਬੀਤੇ ਹਾਦਸੇ ਨੇ ਉਸ ਦਾ ਜਿਹਨ ਸੁੰਨ ਕਰ ਦਿਤਾ ਸੀ ।
ਅਮੀਰ ਖਾਨ ਨੇ ਕਮਰੇ, ਚ’ ਕਦਮ ਰੱਖਿਆ ਤਾਂ ਵੀ ਗੁਲਬਾਨੋ ਉਠ ਕੇ ਨਹੀ ਬੈਠੀ। ਪੱਖੀ ਝੱਲ ਰਹੀ ਨੌਕਰਾਣੀ ਨੇ ਰੇਸ਼ਮੀ ਨਕਾਬ ਨਾਲ ਗੁਲਬਾਨੋ ਦਾ ਮੂੰਹ ਢੱਕ ਦਿਤਾ ਤੇ ਖੁੱਦ ਉਠਕੇ ਬਾਹਰ ਚਲੀ ਗਈ । ਅਮੀਰ ਕਦਮ ਰੱਖਦਾ ਪਲੰਘ ਵੱਲ ਵਧਿਆ । ਗੁਲਬਾਨੋ ਦੇ ਚਿਹਰੇ ਤੋਂ ਨਕਾਬ ਚੁੱਕਿਆ ਤੇ ਸਾਹ ਲੈਣਾ ਭੁੱਲ ਗਿਆ ਉਹ ।
“ਸੁਭਾਨ ਅੱਲਾਹ”..”ਗੁਲਬਾਨੋ ਤੈਨੂੰ ਦੇਖ ਕੇ ਤਾਂ ਫਰਿਸ਼ਤਿਆਂ ਦਾ ਈਮਾਨ ਡੋਲ ਜਾਵੇ”…..! ਅਮੀਰ ਨੂੰ ਉਮੀਦ ਨਹੀ ਸੀਂ ਕਿ ਵਿਆਹਿਆ ਵਰ੍ਹਿਆਂ ਫਿਰੌਜ਼..ਹੁਸਨ ਦੀ ਸਰਕਾਰ ਲੁੱਟਕੇ ਲਿਆਇਆ ਹੋਵੇਗਾ । ਅਮੀਰ ਖਾਨ ਨੇ ਉਸਦਾ ਮੂੰਹ-ਸਿਰ ਨੰਗਾ ਕਰ ਦਿਤਾ ।
ਗੁਲਬਾਨੋ ਨੇ ਅੱਖਾਂ ਚੱਕ ਕੇ ਉਸ ਵੱਲ ਦੇਖਿਆ । ਭੱਦਾ ਚਿਹਰਾ, ਸਾਉਲਾ ਰੰਗ ਤੇ ਮੋਟੇ ਹੋਂਠ, ਕਨਪਟੀਆ ਕੋਲ ਸਫੇਦ ਵਾਲ । ਕਿਥੇ ਫਿਰੋਜ਼ ਤੇ ਕਿਥੇ ਅਮੀਰ । ਕਿਥੇ ਖੂਬਸੂਰਤ ਮਹਿਬੂਬ ਤੇ ਕਿਥੇ ਬਦਸ਼ਕਲ ਸ਼ੋਹਰ..ਯਾ ਮੌਲਾ, !ਕਿਸ ਨੂੰ ਦਿਲ, ਚ’ ਵਸਾਇਆ, ਇਬਾਦਤ ਕੀਤੀ ਤੇ ਪੱਲੇ ਕੌਣ ਪੈ ਗਿਆ । ਪਿਆਰ ਕਿਸ ਨੂੰ ਕੀਤਾ ਤੇ ਨਿਕਾਹ ਇੱਕ ਰੰਡਵੇ ਨਾਲ…! ਕਿਸ ਸਦਕਾ ਦੁਨੀਆਂ ਨਾਲ ਬਗਾਵਤ ਕੀਤੀ ਤੇ ਹਾਸ਼ਿਲ ਕੀ ਕੀਤਾ। ਗੁਲਬਾਨੋ ਤੋਂ ਦਿਲ ਅੰਦਰ ਉਠਦੇ ਤੂਫਾਨ ਸੰਭਾਲੇ ਨਹੀ ਜਾ ਰਹੇ ਸਨ ।ਅਮੀਰ ਖਾਨ ਕਾਫੀ ਦੇਰ ਤੱਕ ਗੁਲਬਾਨੋ ਨੂੰ ਸਾਹਮਣੇ ਦੇਖਕੇ ਇੱਕਲਾ ਹੀ ਗੱਲਾਂ ਕਰਦਾ ਰਿਹਾ ਤੇ ਗੁਲਬਾਨੋ ਨੇ ਕੋਈ ਜਵਾਬ ਨਾ ਦਿਤਾ।
“ਗੁਲਬਦਨ”, ਅਮੀਰ ਨੇ ਉਸਨੂੰ ਆਪਣੀਆਂ ਬਾਹਾਂ, ਚ’ ਲੈ ਘੁੱਟਿਆ । ਹੌਲੀ ਹੌਲੀ ਜੇਵਰ ਉਤਾਰੇ, ਪਰ ਉਹ ਟਿਕਟਿਕੀ ਲਾਈ ਛੱਤ ਵੱਲ ਤੱਕਦੀ ਰਹੀ। ਕੋਈ ਹਰਕਤ ਨਾ ਕੀਤੀ, ਕਿਸੇ ਜਜ਼ਬਾਤ ਦਾ ਪ੍ਰਛਾਵਾਂ ਉਸਦੇ ਚਿਹਰੇ ਤੇ ਨਾ ਆਇਆ । ਉਹ ਹੁਣ ਉਸਦੇ ਖੂਬਸੂਰਤ ਅੰਗਾਂ ਨਾਲ ਖੇਡ ਰਿਹਾਂ ਸੀ, ਤੇ ਉਹ ਸਾਹ ਰੋਕੀ ਬੇਜਾਨ ਪਈ ਰਹੀ । ਅਮੀਰ ਨੇ ਜਦੋਂ ਉਸਦੇ ਰੇਸ਼ਮੀ ਗਰਾਰੇ ਦੇ ਨਾਲੇ ਨੂੰ ਹੱਥ ਪਾਇਆ ਤਾਂ ਜਿਵੇਂ ਅਚਾਨਕ ਗੁਲਬਾਨੋ ਦੇ ਕਰੰਟ ਲੱਗਿਆ ।
“ਮੈਨੂੰ ਬਜ਼ਾਰ ਵਿਚ ਨਿਲਾਮ ਕਰਨ ਵਾਲੇ ਫਿਰੋਜ਼ ਤੇਰਾ ਕੱਖ ਨਾ ਰਹੇ, ਤੇਰਾ ਕੱਖ ਨਾ ਰਹੇ ਓ ਮੇਰੇ ਅੱਲਾ “…ਗੁਲਬਾਨੋ ਦੀ ਕੂਕ ਪੂਰੀ ਹਵੇਲੀ, ਚ’ ਗੂੰਜ ਗਈ ।
“ਇਹ ਤੂੰ ਕੀ ਕਹਿ ਰਹੀ ਏਂ ਬੇਗਮ”, ! ਅਮੀਰ ਬਿਸਤਰ ਤੋਂ ਉਠਿਆਂ ਤੇ ਕਮਰੇ, ਚ’ ਖੜ੍ਹਾ ਹੋ ਗਿਆ, ਜਿਵੇਂ ਉਸਨੂੰ ਆਪਣੇ ਕੰਨਾਂ ਤੇ ਯਕੀਨ ਨਾ ਆ ਰਿਹਾਂ ਹੋਵੇ ।ਗੁਲਬਾਨੋ ਫੁੱਟ-ਫੁੱਟ ਕੇ ਰੋ ਪਈ । ਪਿਛਲੇ ਤਿੰਨ, ਦਿਨ-ਰਾਤਾਂ ਦਾ ਥੰਮਿਆਂ ‘ਗਮ-ਦਰਦ’, ਸੈਲਾਬ ਵਾਂਗ ਵਹਿ ਤੁਰਿਆ ਸੀ ਤੇ ਉਹ ਹੰਝੂਆਂ, ਚ’ ਡੁੱਬ ਗਈ । ਉਠ ਕੇ ਬੈਠ ਗਈ ਤੇ ਗੋਡਿਆ ਵਿੱਚ ਮੂੰਹ ਦੇ ਕੇ ਹੁਬਕੀਆਂ ਲੈਦੀਆਂ ਰੋਣ ਲੱਗੀ । ਅਮੀਰ ਥੋੜ੍ਹੀ ਦੇਰ ਖੜ੍ਹਾ ਹਾਲਤ ਨੂੰ ਸਮਝਣ ਦੀ ਕੋਸ਼ਿਸ ਕਰਦਾ ਰਿਹਾ ।
“ਤੂੰ ਗਲਤ ਸਮਝ ਰਹੀ ਏਂ ਗੁਲਬਾਨੋ ਬੇਗਮ “..ਇਹ ਬਜ਼ਾਰ ਨਹੀਂ ਤੇਰਾ ਘਰ ਏਂ । ਇਸ ਹਵੇਲੀ ਦੀ ਆਬਰੂ ਹੈ ਤੂੰ…ਮੈਂ ਇਸਲਾਮੀ ਨੁੱਕਤਾ-ਏ-ਨਜ਼ਰ ਨਾਲ, ਤੇਰੇ ਨਾਲ ਹੱਕ-ਏ-ਨਿਕਾਹ ਕੀਤਾ ਏਂ । ਆਪਣੀ ਬੀਵੀ ਕਬੂਲ ਕੀਤਾ ਏਂ । ਪਰ ਜੇ ਫਿਰ ਵੀ ਵਾਪਿਸ ਜਾਣਾ ਚਾਹੇ ਤਾਂ ਮੈਂ ਤੈਨੂੰ ਰੋਕਾਗਾ ਨਹੀ…!ਇਸ ਸਭ ਦਾ ਅਮੀਰ ਖ਼ਾਨ ਨੂੰ ਪਹਿਲਾਂ ਹੀ ਇਹ ਡਰ ਖਾਈ ਜਾ ਰਿਹਾ ਸੀ ।
“ਜੇ ਵਾਪਿਸ ਜਾ ਸਕਦੀ ਤਾਂ ਕੁਰਬਾਨੀ ਦਾ ਬਕਰਾ ਕਿਉਂ ਬਣਦੀ”, ! ਗੁਲਬਾਨੋ ਨੇ ਰੋਂਦਿਆ ਪੁੱਛਿਆ …!
“ਕੁਰਬਾਨੀ ਦਾ ਬੱਕਰਾ ਨਹੀ ਹੈ ਤੂੰ..ਬੇਗਮ ਅਮੀਰ ਖਾਨ ਹੈ ਤੂੰ …। ਮੈਨੂੰ ਪਤਾ ਏ ਤੇਰੇ ਅਰਮਾਨ ਟੁੱਟੇ ਨੇ, ਧੋਖਾ ਹੁੰਦਾਂ ਆਇਆ ਤੇਰੇ ਨਾਲ, ਪਰ ਹਰ ਮਰਦ ਫਿਰੋਜ ਨਹੀ ਹੁੰਦਾ । ਤੈਨੂੰ ਆਪਣੀ ਜ਼ਿੰਦਗੀ ਤੇ ਪੂਰਾ ਅਖਤਿਆਰ ਏਂ । ਅਗਰ ਤੂੰ ਚਾਹੇ ਤਾਂ ਇਸ ਹਵੇਲੀ, ਚ’ ਇਕ ਮਹਿਮਾਨ ਦੇ ਤੌਰ ਤੇ ਜ਼ਿੰਦਗੀ ਬਾਸ਼ਬਰ ਕਰ ਸਕਦੀ ਏਂ..!! ਘਰ ਦਾ ਹਰ ਸ਼ਖਸ ਤੇਰਾ ਅਹਿਤਰਾਮ ਕਰੇਗਾ । ਮੈਂ…..ਮੈਂ……ਮੈਂ ਗੁਸਤਾਖੀ ਲਈ ਸ਼ਰਮਿੰਦਾ ਹਾਂ । ਆਖਕੇ, ਅਮੀਰ ਬਾਹਰ ਚਲਿਆ ਗਿਆ ਤੇ ਗੁਲਬਾਨੋ ਸਾਰੀ ਰਾਤ ਬੈਠੀ ਰੋਂਦੀ ਰਹੀ ।
ਦਿਨ ਬੀਤਣੇ ਸੁਰੂ ਹੋਏ, ਗੁਲਬਾਨੋ ਦੀ ਉਦਾਸੀ ਨਾ ਟੁੱਟੀ। ਉਹ ਆਪਣੇ ਕਮਰੇ, ਚੋਂ ਬਾਹਰ ਨਾ ਨਿੱਕਲਦੀ। ਹਾਰ ਸਿੰਗਾਰ ਸੱਭ ਛੱਡ ਗਈ, ਫੁੱਲ ਵਰਗਾ ਚਿਹਰਾ ਮੁਰਝਾ ਗਿਆ । ਜ਼ੁਲਫ਼ਾ ਦੇ ਪੇਚ ਢਿੱਲੇ ਪੈ ਗਏ। ਅੱਖਾਂ ਸੁਰਮੇ ਨੂੰ ਤਰਸ਼ ਗਈਆ । ਪਰੀਆ ਵਰਗੀ ਸ਼ਕਲ ਤੇ ਮਾਯੂਸੀ ਛਾ ਗਈ । ਹੋਂਠ ਮੁਸਕ੍ਰਾਹਟ ਭੁੱਲ ਗਏ ਤੇ ਬੁਲਬਲ ਨੇ ਚਹਿਕਣਾ ਛੱਡ ਦਿਤਾ। ਸ਼ੋਖੀ ਗਾਇਬ ਹੋ ਗਈ ਤੇ ਸੰਜੀਦਗੀ ਆ ਗਈ । ਦੁਖ ਅਤੇ ਗਮ ਨੇ ਉਸਦੇ ਜ਼ਿਸਮ ਤੇ ਚਿਹਰੇ ਦਾ ਮਾਸ ਤਰਾਸ਼ ਦਿਤਾ… ਜਿਵੇਂ ਕੋਈ ਬੁੱਤਘਾੜਾ ਕਿਸੇ ਬੁੱਤ ਦੇ ਅੰਗ ਨਿਖਾਰਨ ਲਈ ਉਸਦਾ ਫਾਲਤੂ ਸੰਗਮਰਮਰ ਆਪਣੇ ਔਜ਼ਾਰਾਂ ਨਾਲ ਛਿੱਲ ਦੇਵੇ ।
ਅਮੀਰ ਖ਼ਾਨ ਨੇ, ਮੁੜ ਉਸਨੂੰ ਬਲਾਉਣ ਦੀ ਕੋਸ਼ਿਸ ਨਾ ਕੀਤੀ । ਉਹ ਨੌਕਰਾ ਤੋਂ ਆਪਣੇ ਕੰਮ ਕਰਵਾਉਦਾ । ਗੁਲਬਾਨੋ ਦਾ ਖ਼ਿਆਲ ਰੱਖਣ ਦੀਆਂ ਹਦਾਇਤਾਂ ਕਰਦਾ ਤੇ ਉਸ ਦੀ ਜ਼ਰੂਰਤ ਦੀ ਹਰ ਚੀਜ਼ ਵਕਤ ਤੋਂ ਪਹਿਲਾਂ ਹਾਜ਼ਰ ਕਰਵਾਉਦਾ । ਗੁਲਬਾਨੋ ਲਈ ਰੇਸ਼ਮੀ ਸੂਟ, ਜੇਵਰ, ਮੇਵੇ, ਇਤਰ ਤੇ ਮਹਿਕਾ ਦੇ ਢੇਰ ਲੱਗੇ ਰਹਿੰਦੇ ਪਰ ਉਹ ਅੱਖ ਉਠਾ ਨਾ ਦੇਖਦੀ। ਨੌਕਰ ਸਭ ਸਮਝਦੇ ਸੀ, ਪਰ ਹਵੇਲੀ ਦੀ ਕੋਈ ਗੱਲ ਤੇ ਭੇਤ ਕਦੇ ਬਾਹਰ ਨਹੀ ਗਏ ਸੀ। ਕਿਸੇ ਨੂੰ ਕੋਈ ਨਹੀਂ ਸੀ ਪਤਾ ਕੇ ਇਸ ਹਵੇਲੀ ਦੀ ਚਾਰ ਦੀਵਾਰੀ ਅੰਦਰ ਕੀ ਕਹਾਣੀ ਚੱਲ ਰਹੀ ਹੈ।
ਅਮੀਰ ਖ਼ਾਨ ਦੇ ਮਰਹੂਮ ਬਾਪ ਦੀ ਸਲਾਨਾ ਬਰਸੀ ਸੀ । ਹਰ ਸ਼ਾਲ ਬਰਸ਼ੀ ਤੇ ਰਿਸ਼ਤੇਦਾਰ ਅਮੀਰ ਖ਼ਾਨ ਦੇ ਘਰ ਇੱਕਠੇ ਹੁੰਦੇ ਸੀ ।ਇਸ ਸਾਲ ਵੀ ਤਿਆਰੀਆਂ ਹੋਣ ਲੱਗੀਆਂ, ਤਾਂ ਗੁਲਬਾਨੋ ਨੂੰ ਵੀ ਸ਼ਾਮਲ ਹੋਣ ਲਈ ਕਿਹਾ ਗਿਆ ।
“ਮੈਂ ਨਹੀ ਕੁਝ ਕਰਨਾ ਤੇ ਨਾਂ ਸ਼ਾਮਲ ਹੋਣਾਂ ਏਂ । ਉਹ ਕੁੱਤਾ-ਕਮੀਨਾਂ ਫਿਰੋਜ਼ ਵੀ ਆਵੇਗਾ। ਮੱਥੇ ਨਹੀ ਲੱਗਣਾ ਚਹੁੰਦੀ ਮੈਂ ਉਸ ਜ਼ਲੀਲ ਦੇ “ਗੁਲਬਾਨੋ ਨੇ ਪਰਦੇ ਪਿੱਛੇ ਖੜ੍ਹੇ ਖੜੇ ਅਮੀਰ ਖ਼ਾਨ ਨੂੰ ਸੁਣਾ ਕੇ ਨੌਕਰਾਣੀ ਨੂੰ ਕਿਹਾ। ਤੇ ਅਮੀਰ ਖ਼ਾਨ ਨੇ ਬਾਪ ਦੀ ਬਰਸ਼ੀ ਨਾ ਮਨਾਉਣ ਦਾ ਫੈਸਲਾ ਕਰ ਲਿਆ ।
ਰਿਸ਼ਤੇਦਾਰਾ ਮੈਹਣੇ ਮਾਰਨ ਲੱਗੇ…”ਔਰਤ ਦੇ ਹੇਠਾਂ ਲੱਗ ਗਿਆ”..
“ਇਸ ਘਰ, ਚ’ ਉਹੀ ਹੋਵੇਗਾ ਜੋ ਮਾਲਕਣ ਚਾਹੇਗੀ “, ਤੁਸੀ ਬਰਸੀ ਮਨਾਉਣੀ ਤਾਂ ਮੈਂ ਬਾਹਰ ਪ੍ਰਬੰਧ ਕਰ ਦਿਆਗਾਂ, ਅਮੀਰ ਨੇ ਘਰ ਆਏ ਤਾਏ-ਚਾਚੇ ਸਾਕ-ਸਬੰਧੀ ਵਾਪਸ ਮੋੜ ਦਿਤੇ । ਇਸ ਘਟਨਾ ਤੋਂ ਬਾਅਦ ਗੁਲਬਾਨੋ ਦੀ ਖਾਮੋਸ਼ੀ ਥੋੜੀ ਟੁੱਟੀ। ਹੁਣ ਉਹ ਘਰ ਵਿੱਚ ਨੌਕਰਾਣੀ ਨਾਲ ਥੋੜ੍ਹੀ ਗੱਲਬਾਤ ਕਰਨ ਲੱਗ ਪਈ । ਉਸ ਤੋਂ ਆਪਣੇ ਵਾਲਾਂ ਵਿੱਚ ਖ਼ੁਸ਼ਬੂਦਾਰ ਤੇਲ ਲਗਵਾਉਣ ਲੱਗ ਪਈ ਤੇ ਕਦੇ ਕਦੇ ਉਸ ਨਾਲ ਹਵੇਲੀ ਦੀ ਡਿਉਢੀ ਵਿੱਚ ਬੈਠ ਕੇ ਉਸਦੇ ਬੱਚਿਆਂ ਨਾਲ ਵਕਤ ਗੁਜ਼ਾਰਨ ਲੱਗ ਪਈ ।
ਅਮੀਰ ਖ਼ਾਨ ਨਾਲ ਗੁਲਬਾਨੋ ਦੀ ਕੋਈ ਗੁਫਤਗੂ ਨਹੀਂ, ਨਾ ਜ਼ੁਬਾਨੀ ਨਾ ਕਲਾਮੀ ਸੀ। ਅਮੀਰ ਖਾਨ ਸ਼ਾਮ ਨੂੰ ਘਰ ਆਉਦਾਂ ਤਾਂ, ਉਹ ਆਪਣੇ ਕਮਰੇ ਵਿੱਚ ਚਲੀ ਜਾਂਦੀ। ਉਹ ਖਾਣਾਂ ਖਾਣ ਤੋ ਬਾਅਦ ਡਿਉਢੀ ਵਿੱਚ ਬੈਠ ਜਾਂਦਾ। ਜੇ ਬਾਹਰੋ ਕੋਈ ਮਿਲਣ ਆ ਜਾਂਦਾ ਤਾਂ ਗੱਲਾਂਬਾਤਾ ਕਰਦਾ ਵਰਨਾ ਹਨੇਰੇ, ਚ’ ਖਾਮੋਸ਼ ਅੱਖਾਂ ਮੀਚ ਕੁਰਸੀ ਤੇ ਬੈਠਾ ਰਹਿੰਦਾ।
ਕਿਸੇ ਕੋਲ ਉਸਨੇ ਦਿਲ ਦੀ ਗੱਲ ਨਹੀ ਸੀ ਕੀਤੀ। ਕਦੇ ਜ਼ਾਹਰ ਨਹੀਂ ਹੋਣ ਦਿਤਾ ਸੀ ਕਿ ਦੂਸਰੀ ਵਾਰੀ ਵੀ ਉਸਦੇ ਮੁਕੱਦਰ ਨੇ ਉਸ ਨਾਲ ਦਗ਼ਾ ਕੀਤਾ ਸੀ। ਕਦੇ ਕਦੇ ਨੌਕਰਾਣੀ ਨਾਦਿਰਾ ਦੇ ਬੱਚੇ ਅਮੀਰ ਖ਼ਾਨ ਕੋਲ ਆ ਖੇਡਦੇ। ਉਹ ਬਿਠਾ ਲੈਂਦਾ, ਉਨ੍ਹਾਂ ਲਈ ਤੋਹਫੇ ਲੈ ਕੇ ਆਉਦਾ। ਜਿੰਨੀ ਦੇਰ ਬੱਚੇ ਉਸ ਕੋਲ ਰਹਿੰਦੇ, ਉਹ ਬੱਚਾ ਬਣਿਆਂ ਉਨ੍ਹਾਂ ਨਾਲ ਖੇਡਦਾ ਰਹਿੰਦਾਂ। ਉਨ੍ਹਾਂ ਦੇ ਜਾਂਦਿਆਂ ਹੀ ਉਦਾਸੀ ਦੀ ਚਾਦਰ ਓੜ ਕੇ ਲੰਮਿਆਂ ਪੈ ਜਾਂਦਾ।
ਆਪਣੇ ਸ਼ਰੀਕੇ ਨਾਲੋਂ ਤਾਂ ਪੂਰਾ ਟੁੱਟ ਚੁੱਕਾ ਸੀ। ਹੁਣ ਅਮੀਰ ਬੀਮਾਰ ਰਹਿਣ ਲੱਗ ਪਿਆ ਸੀ। ਡਿਉਢੀ ਵਿਚੋਂ ਉਹਦੇ ਖੰਘਣ ਦੀ ਆਵਾਜ਼ ਗੁਲਬਾਨੋ ਨੂੰ ਆਪਣੇ ਕਮਰੇ ਵਿੱਚ ਸੁਣਾਈ ਦਿੰਦੀ। ਉਹ ਕਈ ਵਾਰ ਪਰਦੇ ਵਿਚੋਂ ਅਮੀਰ ਖ਼ਾਨ ਨੂੰ ਡਿਉਢੀ ਵਿੱਚ ਬੈਠਿਆ ਦੇਖਦੀ। ਵਧੀ ਹੋਈ ਦਾੜੀ, ਵੀਰਾਨ ਅੱਖਾਂ ਦੇ ਆਸੇ ਪਾਸੇ ਵਧ ਰਹੇ ਸਿਆਹ ਘੇਰੇ ਤੇ ਮੋਟੇ ਹੋਂਠਾਂ ਤੇ ਜੰਮ ਰਹੀ ਖੁਸ਼ਕੀ ਤੇ ਪੀਲਾ ਚਿਹਰਾ।
ਇਕ ਵਾਰੀ ਅਮੀਰ ਕਈ ਦਿਨਾਂ ਤੋਂ ਆਪਣੇ ਬਿਜ਼ਨਸ ਤੇ ਨਾ ਗਿਆ, ਹਕੀਮ ਆਉਦਾਂ ਦਵਾਈ ਦੇ ਕੇ ਚਲਾ ਜਾਦਾਂ। ਇਹ ਪਹਿਲੀ ਵਾਰ ਹੋਇਆ ਸੀ, ਕਿ ਗੁਲਬਾਨੋ ਹੈਰਾਨ ਹੋਈ ਸੀ। ਨੌਕਰ ਨੇ ਦੱਸਿਆ ਕਿ ਖ਼ਾਨ ਸਾਹਬ ਦੀ ਤਬੀਅਤ ਠੀਕ ਨਹੀਂ ਏਂ। ਹਕੀਮ ਨੇ ਆਰਾਮ ਕਰਨ ਲਈ ਦੱਸਿਆ ਏਂ। ਗੁਲਬਾਨੋ ਦੇ ਅੰਦਰ ਕੋਈ ਹੱਲਚੱਲ ਜਿਹੀ ਹੋਈ, ਕਾਫ਼ੀ ਦੇਰ ਬੈਠੀ ਉਹ ਸੋਚਦੀ ਰਹੀ। ਉਸ ਰਾਤ ਅਮੀਰ ਖ਼ਾਨ ਰਾਤ ਨੂੰ ਗਰਮ ਚਾਦਰ ਲਪੇਟ ਕੇ ਛੱਤ ਤੇ ਘੁੰਮ ਰਿਹਾ ਸੀ। ਨੌਕਰ ਫਾਰੂਕ ਨੇ ਬਾਵਰਚੀ ਖਾਨੇ ਵਿਚੋਂ ਹਕੀਮ ਵੱਲੋਂ ਦਿਤੀ ਦਵਾਈ ਉਬਾਲੀ ਤੇ ਪਿਆਲੇ ਵਿੱਚ ਪਾ ਉਪਰ ਜਾਣ ਲੱਗਿਆ ਤਾਂ ਗੁਲਬਾਨੋ ਨੇ ੳਸਦੇ ਹੱਥੋਂ ਪਿਆਲਾ ਫੜ੍ਹ ਲਿਆ।
“ਮੈਂ ਲੈ ਕੇ ਜਾਂਦੀ ਹਾਂ “…. ਉਸਨੇ ਬਿਨਾਂ ਨੌਕਰ ਵੱਲ ਦੇਖਦਿਆਂ ਕਿਹਾ। ਨੌਕਰ, ਜੋ ਇਸ ਘਰ ਦੇ ਸਾਰੇ ਭੇਤ ਜਾਣਦਾ ਸੀ, ਗੁਲਬਾਨੋ ਦੀ ਇਸ ਪੇਸ਼ਕਸ਼ ਤੇ ਹੈਰਾਨ ਹੋ ਗਿਆ ਸੀ।
“ਬਹੁਤ ਅੱਛਾ ਬੇਗ਼ਮ ਸਹਿਬਾਂ “..ਉਸਨੇ ਸਿਰ ਝੁਕਾ ਕੇ ਪਿਆਲਾ ਗੁਲਬਾਨੋ ਨੂੰ ਦੇ ਦਿਤਾ।
ਗੁਲਬਾਨੋ ਪਹਿਲੀ ਵਾਰ ਹਵੇਲੀ ਦੀ ਛੱਤ ਤੇ ਚੜ੍ਹੀ ਸੀ। ਜਿਸ ਦਿਨ ਦੀ ਘਰੋ ਨਿਕਲੀ ਸੀ, ਆਸਮਾਨ ਦਾ ਰੰਗ ਨਹੀ ਸੀ ਦੇਖਿਆ ਸੀ। ਤਿੰਨ ਮੰਜ਼ਲੀ ਹਵੇਲੀ ਚੜ੍ਹਦਿਆਂ ਸਾਹ ਫੁਲ ਗਿਆ ਸੀ ਉਸਦਾ। ਖੁੱਲ੍ਹੀ ਚੌੜੀ ਛੱਤ ..ਕਿਸੇ ਮੈਦਾਨ ਵਰਗੀ, ਚੌਂਹੀ ਪਾਸੀ ਜਾਲੀਦਾਰ ਬਨੇਰੇ ਤੇ ਉਤੇ ਖੁੱਲ੍ਹਾ ਆਕਾਸ਼ । ਜਦੋਂ ਉਹ ਉਪਰ ਚੜ੍ਹੀ ਅਮੀਰ ਖਾਨ ਬਨੇਰੇ ਕੋਲ ਖੜ੍ਹਾ ਜਿਹਲਮ ਦੇ ਪਾਣੀ ਨੂੰ ਤੱਕ ਰਿਹਾ ਸੀ।ਗੁਲਬਾਨੋ ਵਲ ਪਿੱਠ ਸੀ ਉਸਦੀ। ਗੁਲਬਾਨੋ ਨੇ ਦਵਾਈ ਬਨੇਰੇ ਤੇ ਰੱਖੀ
ਤੇ ਕੁਝ ਦੇਰ ਸੋਚਿਆ। ਅਮੀਰ ਹਾਲੇ ਵੀ ਉਸ ਤੋਂ ਬੇਖਬਰ ਸੀ।
“ਮੈਂ ਆ ਗਈ ਹਾਂ ਖ਼ਾਨ ਸਾਹਬ “…ਗੁਲਬਾਨੋ ਦੀ ਸੁਰੀਲੀ ਆਵਾਜ਼ ਕਿਸੇ ਜਲਤਰੰਗ ਵਾਂਗ ਖਿਜ਼ਾ ਵਿੱਚ ਫੈਲ ਗਈ।
ਅਮੀਰ ਖ਼ਾਨ ਨੇ ਹੈਰਾਨ ਹੁੰਦਿਆਂ ਪਿੱਛੇ ਦੇਖਿਆ, ਯਕੀਨ ਨਾ ਆਇਆ ਜਿਵੇਂ ਕੋਈ ਖ਼ਾਬ ਦੇਖ ਰਿਹਾ ਹੋਵੇ। ਗੁਲਬਾਨੋ ਸਫੇਦ ਲਿਬਾਸ, ਚ’ ਬੇਪਰਦਾ ਸਾਹਮਣੇ ਖੜ੍ਹੀ ਸੀ। ਜਿਵੇ ਚਿੱਟੇ ਬੱਦਲਾਂ ਵਿਚੋਂ ਕੋਈ ਪਰੀ ਛੱਤ ‘ਤੇ ਉਤਰ ਆਈ ਹੋਵੇ ਜਾਂ ਜਿਹਲਮ ਦੇ ਠਾਠਾਂ ਮਾਰਦੇ ਪਾਣੀ ਦੀ ਕੋਈ ਛੱਲ ਔਰਤ ਦੀ ਸੂਰਤ ਵਿੱਚ ਉਸਨੂੰ ਮੁਖ਼ਾਤਿਬ ਹੋ ਰਹੀ ਹੋਵੇ। ਉਹ ਗੁਲਬਾਨੋ ਵੱਲ ਵੇਖਦਾ ਹੀ ਰਹਿ ਗਿਆ।
“ਮੈਂ…ਮੈਂ..ਤੁਸਾਂ ਦੀ ਦਵਾਈ ਲੈ ਕੇ ਆਈ ਹਾਂ… ਖਾਨ ਸਾਹਬ “……ਗੁਲਬਾਨੋ ਨੇ ਬਨੇਰੇ ਤੋਂ ਪਿਆਲਾ ਚੁੱਕ ਕੇ ਕਿਹਾ ਤੇ ਅਮੀਰ ਜਿਵੇਂ ਨੀਂਦ, ਚੋਂ ਜਾਗਿਆ ।
“ਉਹ..! ਤੁਹਾਨੂੰ ਤਕੱਲੁਫ ਕਰਨ ਦੀ ਕੀ ਲੋੜ ਸੀ, ਘਰ ਵਿੱਚ ਨੌਕਰ ਹੈਨ “.. ਉਹਨੂੰ ਹਕੀਕਤ ਯਾਦ ਆਈ ।
“ਮੈਨੂੰ ਇਲਮ ਏਂ “..ਪਰ ਅੱਜ ਤੁਸਾਂ ਨੂੰ ਮੇਰੀ ਜਰੂਰਤ ਏ..!ਪਰ ਅੱਜ ਤੁਸਾਂ ਨੂੰ ਮੇਰੀ ਜ਼ਰੂਰਤ ਏਂ ਖ਼ਾਨ ਸਾਹਬ”ਗੁਲਬਾਨੋ
ਨੇ ਜਵਾਬ ਦਿਤਾ ਤਾਂ, ਅਮੀਰ ਨੂੰ ਕੰਨਾਂ ਤੇ ਯਕੀਨ ਨਾ ਆਇਆ ।
“ਮਿਹਰਬਾਨੀ “…ਆਖ ਉਸਨੇ ਦੀਵਾਈ ਗੁਲਬਾਨੋ ਕੋਲੋ ਫੜ ਲਈ ।
“ਖੁਦਾ ਕਰੇ ਤੁਹਾਡੀ ਸਿਹਤ ਜਲਦੀ ਠੀਕ ਹੋ ਜਾਏ”..ਗੁਲਬਾਨੋ ਨੇ ਦੁਆ ਮੰਗੀ ।
“ਇੰਸ਼ਾ ਅੱਲਾਹ ! ਤੁਸਾਂ ਆਪਣੇ ਕੁਆਰੇ ਹੱਥਾਂ ਨਾਲ ਦਵਾ ਪਿਲਾਈ ਏਂ ਤਾਂ ਜਰੂਰ ਅਸਰ ਕਰੇਗੀ “… ਅਮੀਰ ਨੇ ਜਵਾਬ ਦਿਤਾ ਤੇ ਗੁਲਬਾਨੋ ਦੇ ਚਿਹਰੇ ‘ਤੇ ਗੁਲਾਬੀ ਰੰਗ ਫਿਰ ਗਿਆ ।
ਥੋੜ੍ਹੀ ਦੇਰ ਦੋਵੇਂ ਖਾਮੋਸ਼ ਖੜ੍ਹੇ ਰਹੇ। ਬੜਾ ਸ਼ਾਤ ਮਾਹੌਲ ਸੀ। ਜਿਹਲਮ ਦੇ ਪਾਣੀ ਦੀ ਅਵਾਜ਼ ਤੋਂ ਬਗੈਰ ਹੋਰ ਕੋਈ ਦੂਸਰੀ ਆਵਾਜ਼ ਨਹੀ ਆ ਰਹੀ ਸੀ।
“ਜੇਹਲਮ ਵਿੱਚ ਤੂਫਾਨ ਆਇਆ ਹੋਇਆ ਏ…”ਅਮੀਰ ਨੇ ਦਰਿਆ ਵੱਲ ਵੇਖ ਕੇ ਕਿਹਾ ।
“ਤੂਫਾਨ ਤਾਂ ਇਸ ਹਵੇਲੀ ਵਿੱਚ ਵੀ ਆਇਆ ਹੋਇਆ ਏ “… ਮੈਨੂੰ ਡਰ ਲੱਗਦਾ ਏ ਕਿਤੇ ਇਹ ਮੈਨੂੰ ਦੂਹਰੀ ਵਾਰ ਰੋੜ੍ਹ ਕੇ ਨਾ ਜਾਵੇ “…ਗੁਲਬਾਨੋ ਨੇ ਪਹਿਲੀ ਵਾਰ ਅਮੀਰ ਦੀਆ ਅੱਖਾਂ ਨਾਲ ਅੱਖਾਂ ਮਿਲਾਈਆਂ।
“ਕੀ ਮਤਲਬ”….! ਅਮੀਰ ਘਬਰਾ ਗਿਆਂ “….
“ਇਸ ਹਨੇਰੇ ਨੂੰ ਇਕ ਚਿਰਾਗ ਦੀ ਜਰੂਰਤ ਏ ਖਾਨ ਸਾਹਿਬ..! ਇਸ ਹਵੇਲੀ ਨੂੰ ਵਾਰਿਸ ਚਾਹੀਦਾ ਏ….! ਇਹੀ ਤੁਸਾਂ ਦੇ ਦੁੱਖ ਦੀ ਦਾਰੂ ਏ “… ਹਕੀਮ ਦੀਆਂ ਜੜ੍ਹੀ-ਬੂਟੀਆਂ ਕੁਛ ਨਹੀ ਕਰਨਗੀਆਂ… ਗੁਲਬਾਨੋ ਨੇ ਕੇਵਲ ਚਿਹਰੇ ਦਾ ਹੀ ਨਹੀਂ, ਦਿਲ ਦਾ ਪਰਦਾ ਵੀ ਲਾਹ ਸੁੱਟਿਆ..
“ਗੁਲਬਾਨੋ “…ਅਮੀਰ ਨੇ ਉਮਰ ਜਿੱਡਾ ਹਾਉਕਾ ਲਿਆ….
“ਮੈਂ ਔਰਤ ਹਾਂ “… ਸਮਝਦੀ ਹਾਂ ਸੱਭ ਕੁਛ…. ਮੇਰਾ ਫਰਜ਼ ਏ ਕਿ ਜਿਸ ਘਰ ਨੇ ਮੈਨੂੰ ਪਨਾਹ ਦਿਤੀ ਏ ਉਸ ਨੂੰ ਰੋਸ਼ਨੀ ਦੇਵਾਂ… ਔਰਤ, ਮਰਦ ਨੂੰ ਸਿਰਫ ਜਿਸਮਾਨੀ ਸੁੱਖ ਨਹੀ ਦਿੰਦੀ, ਉਹਨੂੰ ਬਾਪ ਦਾ ਰੁਤਬਾ ਵੀ ਬਖਸ਼ਦੀ ਏ, ਵਰਨਾ ਜ਼ਮਾਨਾ ਮਰਦ ਨੂੰ “ਨ-ਮਰਦ”ਦੱਸਦਾ ਏ “!! ਗੁਲਬਾਨੋ ਤੋਂ ਇੰਨੀ ਸੰਜੀਦਗੀ ਦੀ ਅਮੀਰ ਨੂੰ ਆਸ ਨਹੀ ਸੀ।
“ਏਨੀ ਦਲੇਰੀ “!!! ਅਮੀਰ ਖ਼ਾਨ ਦੇ ਆਪ ਮੁਹਾਰੇ ਮੂੰਹੋਂ ਨਿਕਲਿਆਂ….
“ਖ਼ਾਨ ਸਾਹਬ ਦਲੇਰ ਔਰਤਾ, ਦਲੇਰ ਮਰਦਾ ਨੂੰ ਹੀ ਰੂਹ ਦਾ ਹਾਣੀ ਸਮਝਦੀਆਂ ਨੇ ਭਗੋੜਿਆਂ ਨੂੰ ਨਹੀਂ “…ਉਹਨੇ ਨਫਰਤ ਨਾਲ ਜਵਾਬ ਦਿਤਾ…..ਅਮੀਰ ਨੂੰ ਜੁਵਾਬ ਨਾ ਸੁੱਝਿਆ ।
“ਮੇਰੀਆਂ ਗੁਸਤਾਖ਼ੀਆਂ ਮਾਫ਼ ਕਰ ਦਿਉ ਖਾਨ ਸਾਹਬ… ਮੈਂ ਗੁੰਮਰਾਹ ਹੋ ਗਈ ਸਾਂ…ਤੁਸਾਂ ਨੂੰ ਬੜਾ ਦੁੱਖ ਦਿਤਾ ਏ ਮੈਂ। ਗੁਨਾਹਗਾਰ ਹਾਂ ਤੁਹਾਡੀ”….ਗੁਲਬਾਨੋ ਦਾ ਗਲਾ ਭਰ ਆੲਆ ਸੀ।
“ਪਗਲੀ”…ਗੁਨਾਹਗਾਰ ਤੂੰ ਨਹੀਂ ਮੈਂ ਹਾਂ। ਬਗੈਰ ਤੇਰੇ ਜਜ਼ਾਬਤ ਨੂੰ ਸਮਝਿਆਂ ਕਿਸੇ ਭੁੱਖੇ ਜਾਨਵਰ ਵਾਂਗ ਮੈਂ ਤੇਰੇ ਗੋਸ਼ਤ ‘ਤੇ ਟੁੱਟ ਪਿਆ ਸੀ..ਤੈਨੂੰ ਕੀ ਪਤਾ ਏਂ ਕਿੰਨਾ ਸ਼ਰਮਿੰਦਾਂ ਹਾਂ। ਅਮੀਰ ਸੱਚਮੁੱਚ ਅੰਦਰੋਂ ਸ਼ਰਮਸਾਰ ਹੋ ਗਿਆ ਸੀ ਤੇ ਹਿੰਮਤ ਨਹੀ ਪੈ ਰਹੀ ਸੀ ਕਿ ਅੱਖਾਂ, ਚ’ ਅੱਖਾ ਪਾ ਝਾਕ ਸਕੇ।
“ਨਹੀਂ..ਫਰਿਸ਼ਤੇ ਹੋ ਤੁਸੀ ਤਾਂ..ਮੈਂ ਦਰੜਿਆ, ਕੁਮਲਾਇਆ ਫੁੱਲ ਹਾਂ ਜੋ ਤੁਹਾਡੇ ਕਾਬਲ ਨਹੀ, ਘਰੋ ਭੱਜੀ”ਗੁਲਬਾਨੋ ਦੀਆਂ ਅੱਖਾਂ, ਚੋਂ ‘ਆਂਸੂ ਵਹਿ ਤੁਰੇ…
“ਪਗਲੀ ਕੋਈ ਫਰਿਸ਼ਤਾ ਜਾਂ ਫੁੱਲ ਦ੍ਰੜਿਆ ਨਹੀ ਹੁੰਦਾਂ, ਇਨਸਾਨ ਹਾਂ ਅਸੀ ਸੱਭ..ਜੇ ਮੇਰੀ ਭੈਣ-ਬੇਟੀ ਇਹ ਕਦਮ ਚੁੱਕ ਲੈਂਦੀ ਤਾਂ ਕੀ ਮੈਂ ਉਸਨੂੰ ਮਾਫ਼ ਨਾ ਕਰਦਾ ! ਬੀਵੀ ਏਂ ਤੂੰ ਮੇਰੀ..ਮੇਰੀ ਸ਼ਰੀਕੇ ਹਯਾਤ ਹੈ ਤੂੰ..ਇਸ ਹਵੇਲੀ ਦੀ ਮਾਲਕਣ”
“ਸਿਰਫ ਹਵੇਲੀ ਦੀ”.. ! ਗੁਲਬਾਨੋ ਸੁਬਕੀ ਰੋਣ ਲੱਗੀ…
“ਨਹੀ..ਮੇਰੇ ਦਿਲੋਂ ਜਾਨ ਦੀ ਵੀ”ਅੱਜ ਅਮੀਰ ਦੇ ਉਦਾਸ, ਬੀਮਾਰ ਮੂੰਹ ਤੇਂ ਪਹਿਲੀ ਵਾਰ ਮੁਸਕ੍ਰਾਹਟ ਆਈ ।
ਗੁਲਬਾਨੋ ਤੋਂ ਹੁਣ ਆਪਣਾ ਆਪ ਸੰਭਾਲਿਆ ਨਹੀ ਜਾ ਰਿਹਾ ਸੀ। ਅਮੀਰ ਦੇ ਕਿਰਦਾਰ ਸਾਹਮਣੇ ਉਸਨੂੰ ਆਪਣਾ ਜਾਤੀ ਗਰੂਰ ਬਹੁਤ ਛੋਟਾ ਲੱਗਿਆ । ਇਕ ਬਦਸੂਰਤ ਮਰਦ ਦੇ ਪਿਆਰ ਦੀ ਗਰਮੀ ਸਾਹਮਣੇ ਉਸਦਾ ਵਜੂਦ ਪਿਘਲ ਗਿਆ ਤੇ ਉਹ ਲੜਖੜਾ ਕੇ ਅਮੀਰ ਦੀਆਂ ਬਾਹਾਂ ਵਿੱਚ ਚਲੀ ਗਈ । ਅਮੀਰ ਬਹੁਤ ਦੇਰ ਤੱਕ ਉਸਦੇ ਵਾਲਾਂ ਵਿੱਚ ਹੱਥ ਫੇਰਦਾ ਰਿਹਾ। ਹੌਲੀ ਹੌਲੀ ਉਸਦਾ ਦਾ ਸਿਰ ਸਹਿਲਾਓਦਾਂ ਰਿਹਾ ਤੇ ਗੁਲਬਾਨੋ ਨੂੰ ਲੱਗਿਆ ਜਿਵੇਂ ਬਹੁਤ ਅਰਸੇ ਬਾਅਦ ਅੱਜ ਉਹ ਆਪਣੇ ਅੱਬਾ ਦਾ ਹੱਥ ਆਪਣੇ ਸਿਰ ‘ਤੇ ਮਹਿਸੂਸ ਕਰ ਰਹੀ ਸੀ ਜਾਂ ਆਪਣੇ ਵੱਡੇ ਭਰਾ ਦੇ ਮੋਢੇ ‘ਤੇ ਸਿਰ ਰੱਖ ਰੋ ਰਹੀ ਸੀ। ਅਮੀਰ ਖਾਨ ਨੇ ਉਸ ਨੂੰ ਚੁੱਪ ਨਾ ਕਰਾਇਆ । ਉਹ ਚਾਹੁੰਦਾ ਸੀ ਗੁਲਬਾਨੋ ਦੇ ਦਿਲ-ਮਨ ਅੰਦਰ ਨਫਰਤ ਦਾ ਜੋ ਨਾਸੂਰ ਬਣ ਗਿਆ ਸੀ, ਉਹ ਹੰਝੂਆਂ ਰਾਹੀ ਨਿਕਲ ਜਾਵੇ । ਗੁਲਬਾਨੋ ਬਹੁਤ ਦੇਰ ਤੱਕ ਰੋਂਦੀ ਰਹੀ। ਥੱਕ ਗਈ ਤਾਂ ਚੁੰਨੀ ਦੇ ਪਲੜੇ ਨਾਲ ਮੂੰਹ ਪੂੰਝਣ ਲੱਗੀ…।
“ਗਮ ਨਾ ਕਰ “…ਮੇਰੇ ਹੁੰਦੇ ਕੋਈ ਤੂਫਾਨ ਤੈਨੂੰ ਉਡਾ ਕੇ ਨਹੀ ਲਿਜਾ ਸਕਦਾ।….. “ਇਸ਼ਕ ਹਕੀਕੀ ਤੇ ਮਾਜਾਜੀ ਦਾ ਫਰਕ ਨਹੀਂ ਮਲੂਮ ਤੈਨੂੰ…ਅਨਜਾਨ ਏਂ ਤੂੰ “..! ਅਮੀਰ ਖਾਨ ਦੇ ਅਰਮਾਨਾਂ ਨੇ ਸਿਰ ਚੁਕਿਆ ।
“ਕਿਹੜਾ ਇਸ਼ਕ”…! ਗਲ ਪਿਆ ਢੋਲ ਵਜਾ ਰਹੇ ਹੋਂ ਤੁਸੀ। ਇਕ ਮਰੇ ਹੋਏ ਰਿਸ਼ਤੇ ਨੂੰ ਨਿਭਾ ਰਹੇ ਹੋ…..ਜਿਸ ਦਾ ਕੋਈ…!! ਗੁਲਬਾਨੋ ਨੇ ਗੱਲ ਪੂਰੀ ਨਹੀਂ ਕਤੀ ਸੀ ਕਿ ਅਮੀਰ ਨੇ ਆਪਣਾ ਹੱਥ ਉਸ ਦੇ ਮੂੰਹ ਤੇ ਰੱਖ ਦਿਤਾ…..।
“ਮਰਿਆਂ ਹੋਇਆਂ ਦੇ ‘ਤਾਂ ਤਾਜਮਹਿਲ ਬਣਾਏ ਨੇ…ਬਣਾਉਣ ਵਾਲਿਆਂ ਨੇ….ਪਿਆਰ ਦੀ ਕੋਈ ਹੱਦ ਨਹੀ ਹੁੰਦੀ ਗੁਲਬਾਨੋ “….ਅਮੀਰ ਨੇ ਉਸਨੂੰ ਆਪਣੇ ਸੀਨੇ ਨਾਲ ਲਗਾ ਲਿਆ, ਉਹ ਕੁਝ ਨਾ ਬੋਲੀ ।
“ਅੱਜ ਆਪਣਾ ਅਸਲ ਨਿਕਾਹ ਹੋਇਆ ਏਂ ਜਦੋਂ ਦੋ ਦਿਲਾਂ ਨੇ ਇੱਕ ਦੂਜੇ ਨੂੰ ਕਬੂਲ ਕੀਤਾ ਏਂ । ਜੇ ਦਿਲ ਨਾ ਮੰਨੇ ਤਾਂ ਨਿਕਾਹ ਨਹੀ ਜਬਰਜਿਨਾਹ ਹੁੰਦਾਂ ਏਂ । ਗੁਲਬਾਨੋ ਮੈਨੂੰ ਇਸ ਗੁਨਾਹ ਤੋਂ ਅੱਜ ਤੂੰ ਬਚਾ ਲਿਆ …। ਅਮੀਰ ਨੇ ਆਪਣਾ ਮੂੰਹ ਉਸਦੇ ਮੂੰਹ ਨਾਲ ਜੋੜਿਆ ।
“ਊਈ ਅੱਲਾਹ”….ਉਹ ਸਮੀਰ ਦੇ ਸੀਨੇ ਨਾਲ ਜੁੜੀ ਸਟਪਟਾਈ ।
“ਕੀ ਹੋਇਆ “…!! ਅਮੀਰ ਵੀ ਘਬਰਾ ਗਿਆ ।
“ਦਾੜ੍ਹੀ ਚੁੱਭਦੀ ਏਂ “ਗੁਲਬਾਨੋ ਨੇ ਆਪਣੀ ਕੋਮਲ ਗਲ ‘ਤੇ ਹੱਥ ਫੇਰਿਆ ।
“ਦਾੜ੍ਹੀ ਕਟਵਾਂ ਦਿੰਦਾਂ ਹਾਂ “ਅਮੀਰ ਅੱਖਾਂ, ਚ’ ਅੱਖੀ ਪਾਈ ਮਸਕਰਾਇਆ ।
“ਮੇਰੇ ਮੌਲ੍ਹਾ..ਇਸ ਨਾਚੀਜ਼ ਲਈ ਦਾੜ੍ਹੀ ਕਟਵਾਓਗੇ “…! ਗੁਲਬਾਨੋ ਨੇ ਅਦਾ ਨਾਲ ਪੁੱਛਿਆ ।
“ਇਸ਼ਕ ਵਿੱਚ ਤਾਂ ਸਿਰ ਕੱਟ ਜਾਂਦੇ ਨੇ, ਦਾੜ੍ਹੀ ਤਾਂ ਮਾਮੂਲੀ ਚੀਜ਼ ਏਂ ਤੇਰੇ ਲਈ ਗੁਲਬਾਨੋ “ਅਮੀਰ ਦਾ ਹਾਸ਼ਾ ਰਾਤ ਦੇ ਹਨੇਰੇ ਵਿੱਚ ਦੂਰ ਦੂਰ ਤੱਕ ਉਡਿਆ, ਅਤੇ ਇਸੇ ਹਾਸੇ ਵਿੱਚ ਉਡ ਗਿਆ ਦੋਹਾਂ ਦੇ ਜਿਸਮਾਂ ਵਿੱਚਕਾਰਲਾਂ ਫਾਸਲਾ । ਦੋਹੇਂ ਇੱਕ-ਦੂਜੇ ਨੂੰ ਲਿਪਟੇ, ਹਾਸਿਆ, ਚ’ ਗੁਆਚੇ ਪੌੜੀਆਂ ਉਤਰਦੇ ਆਪਣੇ ਕਮਰੇ, ਚ’ ਚਲੇ ਗਏ ।
ਅਮੀਰ ਖਾਨ ਦੀ ਹਵੇਲੀ ਵਿੱਚ ਮੁੜ ਤੋਂ ਬਹਾਰ ਆ ਗਈ ਸੀ। ਮਹਿਕਾਂ ਦੀਆ ਸੁਗੰਧੀਆਂ ਨਾਲ ਹਵੇਲੀ ਦੀਆ ਕੰਧਾਂ ਜਿਵੇਂ ਜਗ-ਮਗਾ ਰਹੀਆ ਹੋਣ । ਨੌਕਰਾਂ ਚਾਕਰਾਂ ਦੇ ਵੀ ਚਿਹਰਿਆਂ ‘ਤੇ ਵੀ ਰੌਣਕਾ ਪ੍ਰਤ ਆਈਆ । ਘਰ ਦੀ ਘੁੱਟਣ ਖਤਮ ਹੋ ਗਈ । ਮੀਆਂ-ਬੀਵੀ ਦੇ ਪਿਆਰ ਨੇ ਸੁੰਨੀ ਹਵੇਲੀ ਆਬਾਦ ਕਰ ਦਿਤੀ ਵਕਤ ਗੁਜ਼ਰਦਾ ਰਿਹਾ । ਗੁਲਬਾਨੋ ਦੇ ਤਿੰਨ ਸਾਲਾਂ ਵਿੱਚ ਤਿੰਨ ਲੜਕੀਆਂ ਪੈਦਾ ਹੋਈਆ । ਨਹੀਦਾ, ਫਰੀਦਾ ਤੇ ਵਹੀਦਾ । ਦਸ ਸਾਲਾਂ ਬਾਅਦ ਜਾ ਕੇ ਪੈਦਾ ਹੋਇਆ ਸੀ ਸਮੀਰ । ਅਮੀਰ ਖਾਨ ਦਾ ਪੁੱਤਰ ਸਮੀਰ ਖਾਨ । ਹਵੇਲੀ ਦਾ ਵਾਰਿਸ਼, ਮਾਲਿਕ । ਭਾਵੇਂ ਬੇਟੀਆ ਦੇ ਪੈਦਾ ਹੋਣ ‘ਤੇ ਵੀ ਅਮੀਰ ਖਾਨ ਨੇ ਦਾਅਵਤਾਂ ਦਿੱਤੀਆ ਸੀ, ਪਰ ਪੁੱਤਰ ਦੇ ਜਨਮ ਉਤੇ ਜਸ਼ਨ ਮਨਾਏ ਗਏ । ਕਿਉ ਜੋ ਹਵੇਲੀ ਦਾ ਵਾਰਿਸ਼ ਪੈਦਾ ਹੋਇਆ ਸੀ। ਲੱਖਾਂ ਦੀ ਜਾਇਦਾਤ ਦਾ..ਮਾਲਕ।
ਗੁਲਬਾਨੋ ਹੁਣ ਮੁਕੰਮਲ ਔਰਤ ਬਣ ਗਈ ਸੀ। ਬੱਚਿਆਂ ਦੀ ਪਰਵਰਿਸ਼ ਤੇ ਘਰ ਦੇ ਕੰਮਾਂਕਾਰਾ ਕਾਰਨ ਉਸਨੂੰ ਆਪਣੇ ਬਾਰੇ ਸੋਚਣ ਦੀ ਫੁਰਸ਼ਤ ਨਹੀ ਸੀ। ਵਕਤ ਦੇ ਨਾਲ ਬੇਟੀਆ ਜੁਆਨ ਹੋਈਆ, ਰਿਸ਼ਤੇ ਲੱਭਕੇ ਵਿਆਹ ਕਰ ਦਿਤੇ। ਉਹ ਆਪਣੇ ਘਰ ਚਲੀਆ ਗਈਆ।
ਸੁਮੀਰ ਹਾਲੇ ਕਾਲਿਜ ਵਿੱਚ ਹੀ ਪੜ੍ਹਦਾ ਸੀ ਕਿ ਅਮੀਰ ਖਾਨ ਲੰਮੀ ਬਿਮਾਰੀ ਤੋਂ ਬਾਅਦ ਅੱਲਾਹ ਨੂੰ ਪਿਆਰਾ ਹੋ ਗਿਆ। ਗੁਲਬਾਨੋ ਦਾ ਇੱਕੋ-ਇੱਕ ਸਾਥੀ ਉਸਦਾ “ਮਿਜ਼ਾਜੀ ਖੁਦਾ”ਇਸ ਦੁਨੀਆ ਤੋਂ ਚਲਾ ਗਿਆ ਸੀ। ਪਰ ਗੁਲਬਾਨੋ ਨੇ ਸੁਮੀਰ, ਹਵੇਲੀ ਤੇ ਜਾਇਦਾਤ ਦੀ ਜੁੰਮੇਂਵਾਰੀ ਖਾਤਿਰ ਆਪਣੇ ਆਪ ਨੂੰ ਫਿਰ ਤੋਂ ਸੰਭਾਲਿਆਂ । ਗੁਲਬਾਨੋ ਅਤੇ ਸੁਮੀਰ ਇੱਕਲੇ ਰਹਿ ਗਏ ਕਿਲ੍ਹੇ ਵਰਗੀ ਹਵੇਲੀ ਵਿੱਚ। ਬਾਹਰਲੀ ਦੁਨੀਆਂ ਨਾਲ ਉਸਦਾ ਕੋਈ ਰਾਬਤਾ ਨਹੀ ਸੀ। ਅਮੀਰ ਖਾਨ ਨੇ ਕਦੇ ਉਸਨੂੰ ਮਜਬੂਰ ਵੀ ਨਹੀ ਕੀਤਾ ਸੀ ਕਿ ੳਸਦੇ ਪ੍ਰਵਾਰ ਤੇ ਸ਼ਰੀਕੇ ਨੂੰ ਮਿਲੇ ।
ਸਮੀਰ ਜਦੋ ਕਾਨੂੰਨ ਦੀ ਪੜ੍ਹਾਈ ਕਰਨ ਲਾਹੌਰ ਚਲਾ ਗਿਆ ਤਾਂ ਗੁਲਬਾਨੋ ਇਕ ਵਾਰ ਫਿਰ ਤਨਹਾ ਹੋ ਗਈ । ਉਦਾਸੀਆਂ ਨੇ ਫੇਰ ਘੇਰ ਲਿਆ ਸੀ ਗੁਲਬਾਨੋ ਨੂੰ । ਇਕੋ ਆਸ਼ ਤੇ ਜੀਅ ਰਹੀ ਸੀ ਕਿ ਛੇਤੀ ਹੀ ਸ਼ਮੀਰ ਪੜ੍ਹਾਈ ਪੂਰੀ ਕਰਕੇ ਘਰ ਵਾਪਸ ਆ ਜਾਵੇਗਾ। ਉਸਦੀ ਸ਼ਾਦੀ ਕਰਾਗੀ ਤੇ ਸੁੰਨੀ ਹਵੇਲੀ ਮੁੜ ਆਬਾਦ ਹੋ ਜਾਵੇਗੀ।
ਸਮੀਰ ਪੜ੍ਹਾਈ ਕਰਨ ਗਿਆ, ਆਪਣੀ ਜ਼ਿੰਦਗੀ ਦਾ ਫੈਸਲਾ ਵੀ ਕਰ ਆਇਆ ਸੀ। “ਫਿਰੋਜ ਖਾਨ”ਦੀ ਧੀ ਫਿਰਦੋਸ਼ ਨਾਲ ਇਸ਼ਕ ਹੋ ਗਿਆ ਸੀ, ਜੋ ਉਸਦੀ ਕਲਾਸ ਵਿੱਚ ਹੀ ਪੜ੍ਹਦੀ ਸੀ। ਗੁਲਬਾਨੋ ਨੂੰ ਪਤਾ ਲੱਗਿਆ ਤਾਂ ਜਿਵੇ ਉਸਦੇ ਸਿਰ ਤੇ ਬਿਜਲੀ ਗਿਰੀ । ਲੱਗਿਆ ਜਿਵੇਂ 35 ਸਾਲ ਪਹਿਲਾਂ ਗੁਜ਼ਰਿਆਂ ਹਾਦਸਾ ਮੁੜ ਸਾਹਮਣੇ ਆ ਗਿਆ ਹੋਵੇ । ਸਮੀਰ, ਫਿਰਦੌਸ਼ ਨਾਲ ਨਿਕਾਹ ਕਰਨ ਦਾ ਫੈਸਲਾ ਕਰੀ ਬੈਠਾ ਸੀ। ਗੁਲਬਾਨੋ ਨੂੰ ਸਮਝ ਨਹੀ ਆ ਰਹੀ ਸੀ ਕਿ ਜਵਾਨ ਪੁੱਤਰ ਨੂੰ ਅਣਹੋਣੀ ਤੋਂ ਕਿਵੇ ਰੋਕੇ ।
“ਸਮੀਰ ਪੁੱਤਰ….ਉਸ ਖਾਨਦਾਨ ਨਾਲ ਸਾਡੀ ਬੜੀ ਪੁਰਾਣੀ ਦੁਸ਼ਮਣੀ ਏਂ “…..ਗੁਲਬਾਨੋ ਨੇ ਸਮੀਰ ਨੂੰ ਸਮਝਾਇਆ ।
“ਦੁਸ਼ਮਣੀ ਨੂੰ ਦੋਸਤੀ ਵਿੱਚ ਬਦਲ ਦੇਣਾ ਚਾਹੀਦਾ ਏ ਅੰਮੀ-ਜਾਨ ਜੀ “….ਸਮੀਰ ਨੇ ਮਾਂ ਦੀ ਗੱਲ ਮੋੜੀ ।
“ਮੇਰੇ ਪੁੱਤਰ, ਤੇਰੇ ਅੱਬਾ-ਜਾਨ ਜ਼ਿੰਦਾ ਹੁੰਦੇ ਤਾਂ ਉਨ੍ਹਾਂ ਨੂੰ ਬੜਾ ਦੁੱਖ ਹੋਣਾ ਸੀ ਕੇ ਤੂੰ ਕਿਸ ਕਾਰਨਾਮੇ ਨੂੰ ਅੰਜ਼ਾਮ ਦੇਣ ਜਾ ਰਿਹਾਂ ਏਂ…!! ਗੁਲਬਾਨੋ ਨੇ ਸਖਤ ਆਵਾਜ਼, ਚ’ ਸਮੀਰ ਨੂੰ ਤਾੜਿਆ ।
“ਅੱਬਾਜਾਨ ਨੇ ਤਾਂ ਬਹੁਤ ਖੁਸ਼ ਹੋਣਾ ਸੀ ਅੰਮੀ”…ਉਹ ਤਾਂ ਇੰਨਕਲਾਬੀ ਇਨਸਾਨ ਸਨ । ਮੈਂ ਤਾਂ ਫਿਰੋਜ ਅੰਕਲ ਦੀ ਪੜ੍ਹੀ ਲਿਖੀ ਬੇਟੀ ਨਾਲ ਨਿਕਾਹ ਕਰ ਰਿਹਾਂ ਹਾਂ । ਪਰ ਅੱਬਾਜਾਨ ਨੇ ਤਾਂ ਅੰਕਲ ਫਿਰੋਜ਼ ਦੀ ਠੁਕਰਾਈ ਹੋਈ ਮਾਸ਼ੂਕ ਗੁਲਬਾਨੋ ਦਾ ਹੱਥ ਫੜ ਲਿਆਂ ਸੀ । ਸਮੀਰ ਨੇ ਮਜ਼ਾਕ ਕੀਤਾ ।
ਪਰ ਗੁਲਬਾਨੋ ਦੇ ਜਿਵੇਂ ਸੀਨੇ ਵਿੱਚ ਤੀਰ ਲੱਗਿਆ ਹੋਵੇ । “ਸਮੀਰ”…ਗੁਲਬਾਨੋ ਦੇ ਹੋਂਠ ਕੰਬੇ ਅਤੇ ਥਰਥਰਾਏ ।
ਮੁੜ, ਮਾਂ-ਪੁੱਤਰ ਵਿੱਚਕਾਰ ਗੱਲ ਨਾ ਹੋਈ । ਸਮੀਰ, ਅੰਮੀ ਦੀਆਂ ਭਾਵਨਾਵਾਂ ਨੂੰ ਕਤਲ ਕਰਕੇ ਫਿਰਦੌਸ਼ ਨਾਲ ਨਿਕਾਹ ਕਰਕੇ ਵਲਾਇਤ ਚਲਾ ਗਿਆ । ਫਿਰੋਜ਼ ਦੀ ਹਵੇਲੀ ਨਿਕਾਹ ਹੋਇਆ । ਉਸ ਹਵੇਲੀ ਵਿੱਚ ਜਿਥੋਂ ਗਲਬਾਨੋ ਨੂੰ ਬੇਇੱਜ਼ਤ, ਬੇਆਬਰੂ ਕਰਕੇ ਕੱਢਿਆ ਸੀ । ਗੁਲਬਾਨੋ ਤੇ ਉਸ ਦੀਆਂ ਧੀਆਂ ਸਮੀਰ ਦੇ ਨਿਕਾਹ, ਚ’ਸ਼ਰੀਕ ਨਹੀ ਹੋਈਆ ।
ਸਮੀਰ ਇੰਗਲੈਂਡ ਜਾਣ ਤੋਂ ਪਹਿਲਾਂ ਆਪਣੀ ਬੀਵੀ ਨਾਲ ਮਿਲਣ ਆਇਆ ਸੀ। ਪਰ ਗੁਲਬਾਨੋ ਨੇ ਨੌਕਰ ਤੋਂ ਕਹਿਲਵਾ ਦਿਤਾ ਸੀ ਕਿ ਬੇਗ਼ਮ ਸਾਹਿਬਾਂ ਦੀ ਤਬੀਅਤ ਠੀਕ ਨਹੀ ਏਂ । ਪੁੱਤਰ ਦੇ ਮੱਥੇ ਨਹੀ ਲੱਗੀ ਸੀ ਉਹ ।
ਬਾਕੀ ਦੁਨੀਆਂ ਵਾਂਗ ਆਪਣੇ ਇੱਕਲੌਤੇ ਪੁੱਤਰ ਨਾਲੋਂ ਵੀ ਨਾਤਾ ਤੋੜ ਲਿਆ ਸੀ। ਹਨੇਰੀ ਹਵੇਲੀ ਦਾ ਚਿਰਾਗ ਤੇ ਇੱਕਲੌਤਾ ਵਾਰਿਸ ਹਵੇਲੀ ਦੇ ਦਰਵਾਜ਼ੇ ਤੋਂ ਵਾਪਿਸ ਮੋੜ ਦਿਤਾ ਗਿਆ ਸੀ।
ਉਮਰ ਬੀਤ ਰਹੀ ਸੀ। ਗੁਲਬਾਨੋ ਕੋਲ ਸਮੀਰ ਦੇ ਕਈ ਸੁਨੇਹੇ ਆਏ, ਮੁਆਫੀਆਂ ਮੰਗੀਆਂ ਗਈਆਂ । ਇੰਗਲੈਂਡ ਦੀ ਟਿੱਕਟ, ਪੌਡਾਂ ਦੇ ਮਨੀਆਰਡਰ ਤੇ ਬੱਚਿਆਂ ਦੇ ਪਿਆਰ ਦੇ ਵਾਸਤੇ ਦਿਤੇ ਗਏ । ਪਰ ਗੁਲਬਾਨੋ ਨੇ ਕਦੀ ਕੋਈ ਜੁਵਾਬ ਨਾ ਦਿਤਾ। ਦਰਿਆ ਜਿਹਲਮ ਵਾਂਗ ਹੋ ਗਈ ਸੀ ਉਹ…ਜਿਸਦੇ ਵਿਚੋਂ ਤੂਫਾਨ ਲੰਘਦੇ ਸੀ, ਪਰ ਕੰਢੇ ਨਹੀ ਹਿਲਦੇ ਸੀ। ਇਸ ਹਵੇਲੀ ਵਾਂਗ ਮਜਬੂਤ ਬਣ ਗਈ ਸੀ ਉਹ…ਜਿਸਦੀ ਛੱਤ ‘ਤੇ ਖੜ੍ਹੋ ਕੇ ਉਹ ਆਕਾਸ਼ ਨਾਲ ਗੱਲਾਂ ਕਰਦੀ ਸੀ ਤੇ ਧਰਤੀ ਦੇ ਲੋਕਾਂ ਦੀ ਉਸ ਤੱਕ ਕੋਈ ਪਹੁੰਚ ਨਹੀ ਸੀ।

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)