Posts Uploaded By ਬੱਚਿਆਂ ਦੀਆਂ ਕਹਾਣੀਆਂ

Sub Categories

ਪਾਕਿਸਤਾਨ ਦੀ ਸਰਜ਼ਮੀਨ, ਜੇਹਲਮ ਦਰਿਆ ਦੇ ਕਿਨਾਰੇ ਵਸਿਆ ਸ਼ਹਿਰ ‘ਸਰਾਏ ਆਲਮਗੀਰ’। ਸ਼ਹਿਰ ਦੇ ਇੱਕ ਕੋਨੇ ਵਿੱਚ ਜੇਹਲਮ ਦੀ ਵੱਖੀ ਨਾਲ ਬਣੀ ਤਿੰਨ ਮੰਜ਼ਿਲਾਂ ਸੁਰਮਈ ਹਵੇਲੀ, ਇੰਨੀ ਸ਼ੁਰਮਈ ਕਿ ਦੂਰੋ ਕਿਸੇ ਪਹਾੜ ਦਾ ਭੁੱਲੇਖਾ ਪਵੇ। ਛੱਤ ਤੇ ਖੜ੍ਹਾ ਇਨਸਾਨ ਜੇਹਲਮ ਦਰਿਆ ਦੇ ਹੁਸਨ ਨੂੰ ਨੰਗਿਆ ਦੇਖ ਸਕਦਾ ਸੀ। ਇਸ ਛੱਤ ਤੇ ਖੜ੍ਹੋ ਕੇ ਹਵੇਲੀ ਦੀ ਮਾਲਕਣ ਨੇ ਬੇਸ਼ੁਮਾਰ ਵਾਰੀ ਜੇਹਲਮ ਦੇ ਹੁਸਨ ਦਾ ਜਲਵਾ ਦੇਖਿਆ ਸੀ। ਪਰ ਉਸਦੇ ਆਪਣੇ ਹੁਸਨ ਨੂੰ ਸਿਰਫ ਹਵਾ ਤੇ ਸੂਰਜ ਤੋਂ ਇਲਾਵਾ ਸ਼ਾਇਦ ਇਸ ਸ਼ਹਿਰ, ਚ’ ਕਿਸੇ ਨਹੀ ਸੀ ਦੇਖਿਆ ਸੀ ਜਾਂ ਫੇਰ ਦਰਿਆ ਜੇਹਲਮ ਉਸਦਾ ਹਮਰਾਜ਼ ਸੀ।
ਇਸ ਛੱਤ ਤੇ ਉਸਦੀ ਜਿੰਦਗੀ ਦਾ ਬਹੁਤਾ ਹਿਸਾ ਇਸੇ ਤਰ੍ਹਾ ਘੁੰਮਦਿਆ ਗੁਜ਼ਰਿਆ ਸੀ। ਕਦੇ ਉਦਾਸ ਤੇ ਕਦੇ ਪੁਰਸਕੂਨ । ਜੇਹਲਮ ਅਤੇ ਉਹ ਦੋਵੇਂ ਆਪਣੇ ਅੰਦਰ ਉਠਦੇ ਤੂਫਾਨਾਂ ਨੂੰ ਸਾਂਝਿਆਂ ਕਰਦੇ। ਕਦੇ ਸ਼ਾਤ ਹੋ ਕੇ ਹੇਠਾਂ ਉਤਰਦੀ ਤੇ ਕਦੇ ਦੋਵੇ ਮਿਲ ਕੇ ਦੁੱਗਣੇ ਭੜਕਦੇ । ਪਿਛਲੇ ਚਾਲ੍ਹੀ ਸਾਲਾਂ ਤੋਂ ਇਹੀ ਹੋ ਰਿਹਾ ਸੀ। ਪਿਛਲੀ ਜ਼ੁੰਮੇਰਾਤ ਨੂੰ ਉਸਦੇ ਬੇਟੇ ਸ਼ਮੀਰ ਦਾ ਇੰਗਲੈਡ ਤੋਂ ਖੱਤ ਆਇਆ ਸੀ ਕਿ ‘ਅੰਮੀ ਤੁਸੀ ਸਾਡੇ ਕੋਲ ਆ ਜਾਉ। ਬੱਚੇ ਤੁਸਾਂ ਨੂੰ ਯਾਦ ਕਰਦੇ ਨੇ । ਫਿਰਦੋਸ਼ ਸਲਾਮ ਭੇਜਦੀ ਹੈ, ਤੇ ਹੋਰ ਪਤਾ ਨਹੀ ਕੀ ਕੁਛ ਲਿਖਿਆ ਸੀ। ਖੱਤ ਪੜ੍ਹਕੇ ਬਨੇਰੇ ਤੇ ਰੱਖ ਦਿਤਾ ਤੇ ਤੇਜ਼ ਹਵਾ ਆਈ ਤੇ ਖੱਤ ਉਡਦਾ ਹੋਇਆ ਜੇਹਲਮ ਦੇ ਪਾਣੀ, ‘ਚ ਜਾ ਸਮਾਇਆ ਸੀ।
ਅੱਜ ਫਿਰ ਸੁਬਹਾ ਜਦੋ ਸਮੀਰ ਦਾ ਫੋਨ ਆਇਆ, ਤਾਂ ਉਹ ਅੱਧ-ਸੁੱਤੀ ਸੀ। ਨੌਕਰ ਨੇ ਦਰਵਾਜ਼ੇ ਤੇ ਦਸਤਕ ਦਿਤੀ ਤਾਂ ਉਸਨੇ ਬਹਾਨਾਂ ਬਣਾ ਦਿਤਾ ਸੀ ਕਿ ਆਖ ਦੇਵੇ ‘ਅੰਮੀ ਸੌਂ ਰਹੀ ਏ.ਤਬੀਅਤ ਠੀਕ ਨਹੀਂ ਏਂ । ਬਜ਼ੁਰਗ ਨੌਕਰ ਫਾਰੂਕ ਪਿਛਲੇ ਪੰਜਾਹ ਸਾਲਾਂ ਤੋਂ ਇਸ ਹਵੇਲੀ ਵਿੱਚ ਕੰਮ ਕਰ ਰਿਹਾ ਸੀ ਅਤੇ ਬੇਗਮ ਸਹਿਬਾ ਦੀ ਰਗ ਰਗ ਦਾ ਵਾਕਿਫ਼ ਸੀ। ਉਹ ਮੁੜ ਸੌਂ ਨਾ ਸਕੀ ਸੀ। ਸੁੱਕੇ ਜ਼ਖਮ ਹਰੇ ਹੋ ਗਏ ਸੀ। ਉਸਦੇ ਜ਼ਖਮੀ ਦਿਲ ਦੀਆ ਤਾਰਾਂ ਫੜ੍ਹਕੇ ਕਿਸੇ ਨੇ ਝੰਜੋੜ ਦਿਤੀਆ ਸਨ । ਫੇਰ ਕੋਈ ਪੁਰਾਣਾ ਅਫ਼ਸਾਨਾ ਯਾਦ ਆ ਗਿਆ ਸੀ । ਅਫ਼ਸਾਨਾ, ਜੋ ਹਰ ਵਕਤ ਉਸ ਦੇ ਦਿਲੋ-ਦਿਮਾਗ ਵਿੱਚ ਘੁੰਮਦਾ ਸੀ। ਅਫ਼ਸਾਨਾ, ਜੋ ਉਸਦੇ ਨਾਲ ਗੁਜ਼ਰਿਆ ਸੀ। ਅਫ਼ਸਾਨਾ, ਜੋ ਉਸਦੀ ਹਕੀਕਤ ਸੀ, ਤੇ ਅਫ਼ਸਾਨਾ ਜੋ ਉਹ ਖੁਦ ਬਣ ਗਈ ਸੀ।
ਵੈਸੇ ਤੇ ਮਰਦ ਸਮਾਜ, ਚ’ ਔਰਤਾ ਦੇ ਅਫ਼ਸਾਨੇ ਬਣਨੇ ਬੜੇ ਆਸਾਨ ਹੁੰਦੇ ਨੇ। ਔਰਤ ਤਾਂ ਦੋ ਵਾਰੀ ਖਿੜ੍ਹਕੀ ਵਿੱਚ ਖੜ੍ਹੀ ਹੋ ਜਾਵੇ ਤਾਂ ਅਫ਼ਸਾਨਾ ਬਣ ਜਾਂਦਾ ਹੈ। ਰਾਹ ਜਾਂਦੀ ਦੇ ਕਿੱਸੇ ਘੜੇ ਜਾਂਦੇ ਹਨ। ਥਾਂ ਥਾਂ ਅਫ਼ਸਾਨਾ-ਨਿਗਾਰ ਬੈਠੇ ਹਨ ਉਸ ਦੇ ਲਈ।……ਪਰ ਉਸਨੇ ਤਾਂ ਅਸਲੋਂ ਜੱਗੋ ਤੇਰ੍ਹਵੀ ਕੀਤੀ ਸੀ। ਅਫ਼ਸਾਨਾ ਵੀ ਉਹ ਬਣਿਆ ਸੀ ਕਿ ਕੋਈ ਸੁਣੇ ਤਾਂ ਫੈਸਲਾ ਨਾ ਕਰ ਸਕੇ ਕਿ ਉਸਦੀ ਹਾਲਤ ਤੇ ਹੱਸਿਆ ਜਾਵੇ ਜਾਂ ਆਂਸੂ ਬਹਾਏ ਜਾਣ।
ਪਰ ਬੇਗਮ ਸਾਹਿਬਾ ਹੁਣ ਖੁੱਦਾਰ, ਮਗਰੂਰ ਤੇ ਬੁਲੰਦ, ਉਹ ਕਿਸੇ ਚਟਾਨ ਵਾਂਗ ਸੀ। ਜਿਸ ਦੇ ਆਸੇ ਪਾਸਿਉ ਤੂਫਾਨ ਲੰਘ ਜਾਂਦੇ ਸੀ ਤੇ ਉਸਦਾ ਸਿਰ ਨਹੀਂ ਸੀ ਝੁਕਦਾ। ਪਿਛਲੇ ਚਾਲ੍ਹੀ ਸਾਲ ਤੋਂ ਉਹ ਕਿਸੇ ਕੈਦੀ ਵਾਂਗ ਇਸ ਹਵੇਲੀ ਵਿੱਚ ਨਜ਼ਰਬੰਦ ਸੀ। ਕੈਦੀ ਜੋ ਜੇਲ੍ਹ ਦਾ ਮਾਲਿਕ ਹੋਵੇ। ਇਹ ਉਮਰ ਕੈਦ ਖੁਦ ਉਸਨੇ ਆਪਣੇ ਆਪ ਨੂੰ ਦਿਤੀ ਸੀ।
ਚਾਲ੍ਹੀ ਸਾਲ ਪਹਿਲਾ ਉਹ ਕਿਸੇ ਤੂਫਾਨ ਵਾਂਗ ਆਈ ਸੀ ਅਤੇ ਹਵੇਲੀ ਦੀਆ ਕਿਲ੍ਹੇ ਵਰਗੀਆ ਕੰਧਾਂ ਵਿੱਚ ਸਮਾਅ ਗਈ ਸੀ। ਉਸ ਤੂਫਾਨ ਨਾਲ ਜੋ ਗਰਦੋ-ਗੁਬਾਰ ਉਡੀ ਸੀ, ਉਹ ਵਕਤ ਨਾਲ ਉਤਰ ਗਈ।
ਬੱਸ ਕੋਈ ਕੋਈ ਸਖਸ਼ ਸੀ, ਉਸਦੇ ਜ਼ਮਾਨੇ ਦਾ ਜੋ ਉਸਦੇ ਅਫ਼ਸਾਨੇ ਨੂੰ ਛੇੜ ਬਹਿੰਦਾ ਸੀ। ਵਰਨਾ ਉਹ ਹੁਣ ਇੱਕ ਬੀਤ ਚੁੱਕੀ ਬਾਤ ਸੀ। ਪੁਰਾਣੇ ਲੋਕ ਜਾ ਚੁੱਕੇ ਸੀ ਤੇ ਨਵੇਂ ਆ ਰਹੇ ਸੀ । ਬੁੱਢੇ ਮਰ ਚੁੱਕੇ ਸਨ । ਨੌਜਵਾਨ ਬੁੱਢੇ ਹੋ ਗਏ ਸਨ ਤੇ ਬੱਚੇ ਜਵਾਨ ਹੋ ਗਏ ਸਨ । ੳਹਦਾ ਰਾਜ਼ ਹੁਣ ਇਸ ਹਵੇਲੀ ਦੀਆ ਕੰਧਾਂ ਵਿੱਚ ਮਹਿਫੂਜ਼ ਸੀ । ਪੂਰੀ ਆਦਮਜ਼ਾਤ ਨਾਲ ਜਿਵੇਂ ਉਸਨੂੰ ਨਫ਼ਰਤ ਸੀ । ਦੋ ਸ਼ਬਦਾ ਤੋਂ ਵੱਧ ਗੱਲ ਨਾ ਕਰਦੀ। ਮਾਇਕੇ ਉਹ, ਇਸ਼ਕ ਵਿੱਚ ਛੱਡ ਕੇ ਆ ਗਈ ਸੀ ਤੇ ਸਸੁਰਾਲ ਉਸਨੇ ਨਫ਼ਰਤ ਵਿੱਚ ਛੱਡ ਦਿਤਾ ਸੀ।
ਮੁਹੱਬਤ ਅਤੇ ਨਫ਼ਰਤ ਦੇ ਦੋ ਰੰਗਾਂ ਵਿੱਚ ਰੰਗੀ ਉਹ ਦੁਨੀਆ ਦੇ ਹਰ ਤੀਜੇ ਰੰਗ ਤੋ ਬੇਖ਼ਬਰ ਸੀ। ਨਫ਼ਰਤ ਦਾ ਰੰਗ ਉਸਦੀ ਮਮਤਾ ਦੇ ਰੰਗ ਨੂੰ ਵੀ ਖਾ ਗਿਆ ਸੀ। ਪੁੱਤਰ ਸ਼ਮੀਰ ਨੇ ਵੀ ਕੀ ਕੀਤਾ ਸੀ…? ਆਪਣੀ ਹੀ ਮਾਂ ਦੇ ਜਜ਼ਬਾਤ ਦੀ ਪ੍ਰਵਾਹ ਨਾ ਕਰਦਿਆਂ ਵਿਕ ਗਿਆ ਸੀ। ਉਨ੍ਹਾਂ ਲੋਕਾਂ ਕੋਲ, ਜਿੰਨ੍ਹਾਂ ਦਾ ਨਾਮ ਲੈਣਾ ਵੀ ਉਹ ਆਪਣੀ ਤੌਹੀਨ ਸਮਝਦੀ ਸੀ। ਉਹ ਲੋਕ ਜਿੰਨ੍ਹਾਂ ਨੇ ਫੁੱਲ ਵਰਗੀ “ਗੁਲਬਾਨੋ”ਨੂੰ ਕੰਡਿਆਂ ਦੀ ਝਾੜ ਉਪਰ ਸੁੱਟ ਦਿਤਾ ਸੀ ।
ਹਾਂ ਫੁੱਲ ਵਰਗੀ ਤਾਂ ਸੀ ਉਹ ਗੁਲਬਾਨੋ…..ਤਾਜ਼ਾ ਖਿੜ੍ਹੇ ਗੁਲਾਬ ਵਰਗੀ। ਗੁਲਾਬੀ ਰੰਗ ਤੇ ਕਾਬੁਲ ਦੇ ਅਨਾਰ ਵਰਗੀਆ ਸ਼ੁੱਰਖ ਗਲ੍ਹਾਂ । ਸ਼ਰਬਤੀ ਅੱਖਾਂ ‘ਚ ਧਾਰੀਦਾਰ ਸ਼ੁਰਮਾ। ਨਾਜ਼ਿਕ ਪੱਤੀਆ ਵਰਗੇ ਹੋਂਠ । ਬੋਲਦੀ ਸੀ ਤਾਂ ਲਗਦਾ ਸੀ ਜਿਵੇਂ ਬੁਲਬੁਲ ਚਹਿਕ ਰਹੀ ਹੋਵੇ । ਪੌਣੇ ਛੇ ਫੁੱਟ ਦੀ ਲੰਮ-ਸਲੰਮੀ ਕੱਦ ਵਾਲੀ ਕਿ ਸਧਾਰਣ ਮਰਦ ਉੁਸਦੇ ਸਾਹਮਣੇ ਬੌਣਾ ਲੱਗਦਾ ਸੀ। ਸੁਰਾਹੀ ਵਰਗੀ ਗਰਦਨ, ਗੋਰੀਆ ਗੋਲ ਬਾਹਾਂ ਤੇ ਬਾਹਾਂ ਵਿੱਚ ਸੱਤ-ਰੰਗੀਆਂ ਬੰਗਾਂ।
ਜ਼ੁਲਫਾਂ ਦੇ ਸਿਆਹ ਛੱਲੇ ਤੇ ਛੱਲਿਆਂ, ਚ’ ਘਿਰਿਆ ਰੋਸ਼ਨ ਚਿਹਰਾ। ਗਿੱਠ ਉਚੀਆ ਸਖਤ ਛਾਤੀਆ ਤੇ ਸੰਗਮਰਮਰੀ ਬਦਨ । ਹੁਸਨ ਦਾ ਕੋਈ ਮੁਜ਼ੱਸਮਾ ਸੀ ਉਹ ਗੁਲਬਾਨੋ…ਹਨੇਰੀ ਵਾਂਗ ਜਵਾਨੀ ਚੜ੍ਹੀ ਸੀ ਉਸਨੂੰ ਜਿਵੇਂ ਅਟਕ ਦਰਿਆ ਵਿੱਚ ਹੜ੍ਹ ਆਇਆ ਹੋਵੇ। ਠਾਰਾ ਸਾਲਾਂ, ਚ’ ਛੱਬੀਆ ਦੀ ਲੱਗਦੀ ਸੀ ਉਹ।
ਉਸਦੀ ਅੰਮੀ ਉਸਨੂੰ ਛੁਪਾ-ਛੁਪਾ ਰੱਖਦੀ ਸੀ ਕਿ ਕਿਸੇ ਦੀ ਨਜ਼ਰ ਨਾ ਲੱਗ ਜਾਵੇ। ਅੱਬੂ ਉਸਨੂੰ ਪੁੱਤਰਾ ਨਾਲੋ ਵੱਧ ਪਿਆਰ ਦਿੰਦੇ ਅਤੇ ਚਾਰੇ ਭਰਾਵਾਂ ਦੀ ਜਾਨ ਤੋਂ ਪਿਆਰੀ ਸੀ। ਜਿੰਨੀ ਹਸੀਨ ਸੀ ਉਨ੍ਹੀ ਹੀ ਜ਼ਹੀਨ ਸੀ। ਜ਼ਮੀਨਦਾਰ ਨਾਸਿਰ ਹੁਸੈਨ ਦੀ ਚਾਰਾ ਪੁੱਤਰਾ ਤੋ ਬਾਅਦ ਇੱਕਲੀ ਛੋਟੀ ਧੀ ਸੀ ਉਹ। ਹਾਲੇ ਦਸ ਸਾਲਾਂ ਦੀ ਸੀ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸੀ। ਪਰ ਅੰਮੀ ਉਸਦਾ ਵਿਆਹ ਟਾਲਦੀ ਆ ਰਹੀ ਸੀ। “ਤੇਰੇ ਬਗੈਰ ਸਾਡਾ ਦਿਲ ਕਿੱਦਾ ਲੱਗੇਗਾ ਬੱਚੀਏ”ਅੰਮੀ ਉਸਦੇ ਵਿਆਹ ਦੀ ਗੱਲ ਛਿੜਦਿਆਂ ਹੀ ਅਕਸਰ ਅੱਖਾਂ ਭਰ ਲੈਦੀ।
ਗੁਲਬਾਨੋ, ਸਾਰੀਆ ਦੁਨੀਆਦਾਰੀ ਤੋਂ ਦੂਰ ਮਸਤ ਆਪਣੀਆ ਸਹੇਲੀਆਂ ਵਿੱਚ ਕਸੀਦੇ ਕੱਢਦੀ ਰਹਿੰਦੀ। ਅਮੀਰੀ ਤੇ ਹੁਸਨ, ਸੋਨੇ ਤੇ ਸੁਹਾਗਾ। ਅਲੜ੍ਹ ਉਮਰ, ਬੇਗਮ, ਬੇਪ੍ਰਵਾਹ ਅਤੇ ਬੇਖੌਫ।
ਉਮਰ, ਜੋ ਜਾਗਦਿਆ ਖਾਬ ਦੇਖੇ..ਉਮਰ, ਜੋ ਕਸਤੂਰੀ ਵਾਲੇ ਹਿਰਨ ਵਾਂਗ ਆਪਣੀ ਮਹਿਕ, ਚ’ ਹੀ ਮਦਮਸਤ ਹੋਵੇ। ਇਹੀ ਉਮਰ ਸੀ ਜਦੋਂ ਉਹ ਆਪਣੀ ਸਹੇਲੀ ਦੇ ਘਰ ਸਿੱਖਰ ਦੁਪਿਹਰ ਕਸੀਦਾ ਕੱਢਣ ਗਈ ਡੰਗੀ ਗਈ ਸੀ। ਮਿੱਠਾ-ਮਿਠਾ ਜ਼ਹਿਰ ਚੜ੍ਹਿਆ ਸੀ ਉਸ ਤੇ ਹਲਕਾ-ਹਲਕਾ ਸਰੂਰ ਹੋ ਗਿਆ ਸੀ। ਰਾਤ ਨੂੰ ਬਿਸਤਰ ਤੇ ਪਈ ਉਹ ਕਰਵਟਾਂ ਬਦਲਦੀ ਰਹੀ। ਪਰ ਉਹ ਹੁਸੀਨ ਚਿਹਰਾ ਉਸਦੀ ਨੀਂਦ ਉੜਾ ਕੇ ਲੈ ਗਿਆ ਸੀ। ਚਿਹਰਾ ਜੋ ਆਫ਼ਤਾਬੀ ਸੀ। ਨਜ਼ਰ, ਜੋ ਜਾਦੂ ਸੀ ਤੇ ਹੁਸਨ, ਜਿਵੇ ਟੂਣਾ ਸੀ।
“ਫਿਰੋਜ਼”…ਉਸਦੇ ਬੰਦ ਹੋਠਾਂ ਨੇ ਕਈ ਵਾਰ ਉਸ ਯਾਦੂਗਰ ਦਾ ਨਾਂ ਲਿਆ ਸੀ, ਜਿਸ ਨੇ ਦਿਲ ਦਾ ਸਕੂਨ ਚੁਰਾ ਲਿਆ ਸੀ। ਫਿਰੋਜ਼ ਦਾਮਾਦ ਸੀ ਉਸਦੇ ਪੜੌਸੀਆਂ ਦਾ। ਉਸਦੀ ਪੱਕੀ ਸਹੇਲੀ ਸ਼ਕੀਲਾ ਦਾ ਸ਼ੌਹਰ। ਇੱਕ ਦੰਦ ਰੋਟੀ ਸੀ ਦੋਹਾਂ ਸਹੇਲੀਆ ਦੀ। ਸ਼ਕੀਲਾ ਦੀ ਸ਼ਾਦੀ ਸਮੇਂ ਗੁਲਬਾਨੋ ਆਪਣੀ ਖਾਲਾਂ ਦੀ ਬੇਟੀ ਦੀ ਸ਼ਾਦੀ ਤੇ ਗਈ ਹੋਈ ਸੀ, ਫਿਰੋਜ਼ ਨੂੰ ਨਹੀ ਮਿਲੀ ਸੀ। ਨਹੀ ਸੀ ਪਤਾ ਉਸਨੂੰ ਕਿ ਸ਼ਕੀਲਾ ਦੀ ਝੋਲੀ ਨੂੰ ਕੁਦਰਤ ਨੇ ਇੰਨ੍ਹਾ ਨਾਯਾਬ ਤੋਹਫਾ ਬਖਸ਼ਿਆ ਸੀ। ਸ਼ਕੀਲਾ ਨੇ ਜਦੋ ਗੁਲਬਾਨੋ ਦਾ ਫਿਰੋਜ਼ ਨਾਲ ਤੁਆਰਫ ਕਰਵਾਇਆ, ਤਾਂ ਦੋਹਾਂ ਨੂੰ ਜਿਵੇਂ ਕਾਠ ਮਾਰ ਗਿਆ। ਮੂੰਹਾਂ, ਚੋਂ ਆਵਾਜ਼ ਨਾ ਨਿੱਕਲੀ, ਅੱਖਾਂ ਵਿੱਚ ਅੱਖਾਂ ਫਸ ਗਈਆ ਦੋਹਾਂ ਦੀਆ। ਹੋਂਠ ਕੰਬੇਂ ਤੇ “ਇਸਲਾਮਾ ਲੇਕਮ”ਜੀਭ ਤੇ ਆ ਕੇ ਰੁਕ ਗਿਆ ਦੋਨਾਂ ਦੀਆ ਬੋਲਾ ਵਿਚੋ । ਫਿਰੋਜ਼ ਦੇ ਹੋਸ਼ ਤਾਂ ਉਡਣੇ ਹੀ ਸੀ ਗੁਲਬਾਨੋ ਤੇ ਵੀ ਤੀਰ ਚੱਲ ਗਿਆ ਸੀ।
“ਏਨਾਂ ਖੂਬਸੂਰਤ ਨੌਜਵਾਨ..!ਜਿਵੇ ਕੋਈ ਤਸਵੀਰ ਹੋਵੇ। ਗੁਲਬਾਨੋ ਤੋਂ ਦੋ ਗਿੱਠ ਉਚਾ, ਗੋਰਾ ਨਿਛੋਹ ਰੰਗ, ਤੇ ਫ਼ੋਲਾਦੀ ਜਿਸਮ । ਕਾਲੀ ਸਿਆਹ ਜ਼ੁਲਫਾ ਦੇ ਪੇਚ ਚੌੜੇ ਮੱਥੇ ਨੂੰ ਚੁੰਮਣ ਦੀ ਹਸਰਤ ਵਿੱਚ ਝੁਕ ਝੁਕ ਜਾਂਦੇ । ਗੁਲਬਾਨੋ ਦੇ ਦਿਲ ਦੇ ਕੋਰੇ ਤੇ ਖਾਲੀ ਫਰੇਮ ਵਿੱਚ ਫਿਰੋਜ਼ ਦੀ ਤਸਵੀਰ ਵਸ ਗਈ ਸੀ । ਗੁਲਬਾਨੋ ਦੇ ਨੱਕ ਵਿੱਚ ਪਾਏ ਹੀਰੇ ਦੇ ਲੌਂਗ ਦੇ ਲਿਸ਼ਕਾਰੇ ਸੂਰਜ ਦੀਆਂ ਕਿਰਨਾਂ ਨਾਲ ਝਗੜ ਕੇ ਫਿਰੋਜ਼ ਦੀਆ ਅੱਖਾਂ ਵਿੱਚ ਪੈ ਰਹੇ ਸੀ। ਦੂਜੇ ਦਿਨ ਫਿਰੋਜ਼ ਵੀ ਦਿਲ ਨੂੰ ਸੰਭਾਲਦਾ ਆਪਣੇ ਸ਼ਹਿਰ ਵਾਪਸ ਚਲਾ ਗਿਆ।
ਥੋੜ੍ਹਾ ਅਰਸਾ ਬੀਤ ਗਿਆ, ਸ਼ਕੀਲਾ ਅਕਸਰ ਗੁਲਬਾਨੋ ਕੋਲ ਆਪਣੇ ਖਾਵੰਦ ਦੀਆਂ ਗੱਲਾਂ ਕਰਦੀ। ਜਦੋ ਵੀ ਫਿਰੋਜ਼ ਦਾ ਜ਼ਿਕਰ ਛਿੜਦਾ ਗੁਲਬਾਨੋ ਦਾ ਦਿਲ ਧੜਕਣ ਲੱਗ ਜਾਂਦਾ। ਫਿਰੋਜ਼ ਨਾਲ ਅਧੂਰੀ ਜਿਹੀ ਮੁਲਾਕਾਤ ਨੇ ਉਸ ਦੇ ਅਰਮਾਨ ਜਗਾਅ ਦਿਤੇ ਸੀ। ਨਾ ਉਹ ਉਸ ਨੂੰ ਮਿਲ ਸਕਦੀ ਸੀ ਤੇ ਨਾ ਭੁੱਲ ਸਕਦੀ ਸੀ। ਨਾ ਖੱਤ ਨਾ ਸੁਨੇਹਾ। ਨਾ ਹਾਂ, ਨਾ ਨਾਂਹ। ਕਾਸ਼ ! ਇਕ ਵਾਰ ਫਿਰ ਮਿਲੇ, ਉਹ ਨੂਰਾਨੀ ਚਿਹਰਾ ਦੂਹਰੀ ਵਾਰ ਦੇਖਣ ਲਈ ਉਹ ਖੁਦਾ ਅੱਗੇ ਦੁਆ ਕਰਦੀ।
ਤੇ ਖੁਦਾ ਨੇ ਉਹਦੀ ਛੇਤੀ ਸੁਣ ਲਈ।ਫਿਰੋਜ਼ ਇਕ ਦਿਨ ਅਚਾਨਕ ਘੋੜੇ ਤੇ ਚੜ੍ਹ ਕੇ ਆ ਗਿਆ। ਬਹਾਨਾ ਕੀਤਾ ਕਿ ਉਹ ਆਪਣੇ ਦੋਸਤ ਨਾਲ ਸ਼ਿਕਾਰ ਖੇਡਣ ਗਿਆ ਸੀ। ਵਾਪਸੀ ਤੇ ਸੋਚਿਆ ਕਿ ਸੁਸਰਾਲ ਵਾਲਿਆ ਨੂੰ ਵੀ ਮਿਲਦਾ ਜਾਵੇ। ਗੁਲਬਾਨੋ ਨੇ ਸੁਣਿਆ ਤਾਂ ਜਿਵੇਂ ਉਸਨੂੰ ਮਨ ਦੀ ਮੁਰਾਦ ਮਿਲ ਗਈ, ਉਹ ਬੁਲਬੁਲਟੀਨ ਦਾ ਨਵਾਂ ਗਰਾਰਾ ਸੂਟ ਪਾ ਕੇ ਸ਼ਕੀਲਾ ਦਾ ਘਰ ਪਹੁੰਚ ਗਈ। ਗੁਲਬਾਨੋ ਉਨ੍ਹਾਂ ਲਈ ਘਰ ਦੀ ਹੀ ਲੜਕੀ ਸੀ, ਇਸ ਲਈ ਕਿਸੇ ਨੂੰ ਸ਼ੱਕ ਨਹੀ ਪਈ । ਫਿਰੋਜ਼ ਤੇ ਗੁਲਬਾਨੋ ਨੇ ਰੱਜ ਕੇ ਅੱਖਾਂ ਦੀ ਪਿਆਸ ਬੁਝਾਈ, ਕੋਈ ਗੱਲ ਨਹੀ ਹੋਈ । ਦੋਵਾਂ ਨੇ ਖਾਮੋਸ਼ ਇਕਰਾਰ ਕੀਤੇ ਤੇ ਸ਼ਾਮ ਨੂੰ ਦੋਵੇਂ ਪਿੰਡ ਤੋਂ ਬਾਹਰ ਮਸਜਿਦ ਕੋਲ ਮਿਲੇ।
ਮੈਂ ਬੜੇ ਬਹਾਨੇ ਬਣਾਕੇ ਆਇਆ ਹਾਂ । ਬਹੁਤ ਉਦਾਸ ਹੋ ਗਿਆ ਸਾਂ, ਉਸਨੇ ਆਉਣ ਦਾ ਮਕਸਦ ਦੱਸਿਆ।
“ਮੈਨੂੰ ਇਲਮ ਏ….ਤੂੰ ਝੂਠ ਬੋਲ ਕੇ ਆਇਆ ਏ…ਤੇ ਮੈਂ ਵੀ…ਗੁਲਬਾਨੋ ਤੋਂ ਗੱਲ ਨਹੀ ਸੀ ਹੋ ਰਹੀ ਸੀ।
ਦੇਰ ਤੱਕ ਉਹ ਜ਼ਮੀਨ ਤੇ ਬੈਠੇ ਗੱਲਾਂ ਕਰਦੇ ਰਹੇ। ਇਕ-ਦੂਜੇ ਦਾ ਹੱਥ ਫੜੀ ਕਸ਼ਮਾਂ-ਵਾਅਦੇ ਹੁੰਦੇ ਰਹੇ। ਦੋਨਾਂ ਦਾ ਘਰ ਜਾਣ ਨੂੰ ਦਿਲ ਨਾ ਕਰੇ । ਆਖ਼ਰ ਦੋਵਾਂ ਨੇ ਫਿਰੋਜ਼ ਦੀ ਫੂਫੀ ਨਜ਼ੀਰਾਂ ਦੇ ਘਰ ਮਿਲਣ ਲਈ ਵਾਅਦਾ ਕੀਤਾ। ਫਿਰੋਜ਼ ਨੇ ਸੋਚਿਆ ਉਹ ਆਪਣੀ ਫੂਫੀ ਜਾਨ ਨੂੰ ਆਪਣੇ ਦਿਲ ਦੀ ਗੱਲ ਦੱਸੇਗਾ ਤੇ ਉਹ ਉਨ੍ਹਾਂ ਦਾ ਸਾਥ ਦੇਵੇਗੀ।
ਫੂਫੋ ‘ਨਜ਼ੀਰਾਂ ਬੇਗ’ ਨੂੰ ਜਦੋ ਫਿਰੋਜ਼ ਤੇ ਗੁਲਬਾਨੋ ਦੇ ਇਸ਼ਕ ਦੀ ਗੱਲ ਪਤਾ ਲੱਗੀ ਤਾਂ ਉਹ ਖਿੜ ਕੇ ਕੁੱਪਾ ਹੋ ਗਈ। ਉਹ ਫਿਰੋਜ਼ ਦੇ ਸੁਸਰਾਲ ਨੂੰ ਪਸੰਦ ਨਹੀ ਸੀ ਕਰਦੀ ਤੇ ਉਸਨੇ ਫਿਰੋਜ਼ ਤੇ ਗੁਲਬਾਨੋ ਦੇ ਇਸ਼ਕ ਦੀ ਅੱਗ ਨੂੰ ਦੋਵੇਂ ਹੱਥਾਂ ਨਾਲ ਪੱਖੀਆ ਝੱਲਕੇ ਹਵਾ ਦਿਤੀ।
ਗੁਲਬਾਨੋ ਤੇ ਫਿਰੋਜ਼ ਚੋਰੀਉ ਫੂਫੀ ਨਜ਼ੀਰਾਂ ਦੇ ਘਰ ਮਿਲਦੇ ਰਹਿੰਦੇ, ਪਰ ਇਸ਼ਕ-ਮੁਸ਼ਕ ਛੁਪਾਇਆ ਨਾ ਛੁੱਪੇ। ਹੌਲੀ ਹੌਲੀ ਲੋਕਾਂ, ਚ’ ਫੈਲਦੀ ਗੱਲ ਗੁਲਬਾਨੋ ਦੀ ਅੰਮੀ ਤੱਕ ਪੁੱਜੀ । ਅੰਮੀ ਨੇ ਅੰਦਰ ਵੜਕੇ ਗੁਲਬਾਨੋ ਨੂੰ ਸਮਝਾਇਆ ਜੇ ਤੇਰੇ ਭਰਾਵਾਂ ਤੱਕ ਗੱਲ ਚਲੀ ਗਈ ਤੈਨੂੰ ਤੇ ਫਿਰੋਜ਼ ਨੂੰ ਜਾਨੋ ਮਾਰ ਦੇਣਗੇ। ਸ਼ਾਦੀਸ਼ੁਦਾ ਨਾਲ ਤੇਰੇ ਤਅਲੁਕਾਤ ਨੂੰ ਬਰਦਾਸ਼ਤ ਨਹੀ ਕਰਨਗੇ, ਫਿਰੋਜ਼ ਕੁਆਰਾ ਹੁੰਦਾ ਗੱਲ ਹੋਰ ਸੀ।
ਗੁਲਬਾਨੋ, ਫਿਰੋਜ਼ ਦੀ ਫੂਫੀ ਨਜ਼ੀਰਾਂ ਕੋਲ ਜਾ ਕੇ ਰੋਈ । ਉਸ ਨੂੰ ਹੁਣ ਕੁੜੀ ਨਾਲ ਹਮਦਰਦੀ ਹੋਣ ਲੱਗੀ।
“ਕੁੜੀ ਨਾਲ ਵਫ਼ਾ ਕਰੀ ਵੇ ਮੁੰਡਿਆ, ਜੇ ਹੱਥ ਫੜਿਆ ਈ ਤਾਂ ਪਾਰ ਲੰਘਾ ਨਹੀ ਤਾਂ ਅਗਲੀ ਦਰਗਾਹ, ਚ’ ਮੂੰਹ ਕਾਲਾ ਹੋਸੀ”..ਫੂਫੋ ਨੇ ਫਿਰੋਜ਼ ਨੂੰ ਬੁਲਾ ਕੇ ਸਮਝਾਇਆ।
ਅਗਲੇ ਦਿਨ ਫਿਰੋਜ਼ ਤੇ ਗੁਲਬਾਨੋ ਮਿਲੇ ਤਾਂ ਕਾਫੀ ਦੇਰ ਗੁਫਤਗੂ ਹੋਈ ਤਾਂ…. ਜ਼ਮਾਨੇ ਦਾ ਮੁਕਾਬਲਾ ਕਰਨ ਲਈ ਘਰੋ ਭੱਜਣ ਦਾ ਹੱਲ ਹੀ ਨਜ਼ਰ ਆਇਆ।
“ਬਦਨਾਮ ਹੋ ਜਾਵਾਂਗੇ”… ਜਵਾਨੀ ਦੀ ਬਦਨਾਮੀ ਸਾਰੀ ਉਮਰ ਪਿੱਛਾ ਨਹੀ ਛੱਡਦੀ, ਅੱਬੂ ਜਾਨ, ਅੰਮੀ ਤੇ ਭਰਾਵਾਂ ਦੀ ਇੱਜਤ ਬੂ”….ਤੋਬਾ ਮੇਰੀ ਥਾਂ ਥਾਂ ਚਰਚੇ ਹੋਣਗੇ। ਉਹ ਇੰਨੀ ਵੱਡੀ ਉਡਾਰੀ ਲਗਾਉਣ ਤੋਂ ਪਹਿਲਾਂ ਆਪਣੇ ਪਰ ਤੋਲ ਰਹੀ ਸੀ….ਗੁਲਬਾਨੋ ਨੇ ਡਰ ਕੇ ਕਿਹਾ..
“ਉਹ ਜਵਾਨੀ ਹੀ ਕੀ ਜਿਸ ਨੇ ਇਸ਼ਕ ਨੀ ਕੀਤਾ ਤੇ ਉਹ ਇਸ਼ਕ ਹੀ ਕੀ..ਜਿਸ ਦਾ ਚਰਚਾ ਨਾ ਹੋਇਆ..ਫਿਰੋਜ਼ ਜੁਵਾਬ ਦਿੰਦਾ।
ਇਸ ਦਾ ਮਤਲਬ ਈ, ਤੂੰ ਮੈਨੂੰ ਕੱਢ ਕੇ ਲੈ ਜਾਣ ਦਾ ਇਰਾਦਾ ਕਰ ਲਿਆ ਏ..!ਗੁਲਬਾਨੋ ਉਸਦੇ ਮੱਥੇ ਤੇ ਪੈਂਦੀਆਂ ਜ਼ੁਲਫ਼ਾ ਨਾਲ ਖੇਡਦੀ ਬੋਲੀ…
“ਮੈਂ ਤੈਨੂੰ ਆਪਣੇ ਘਰ ਲੈ ਕੇ ਜਾਵਾਂਗਾ ਹੋਰ ਕਿਤੇ ਨੀ ਗੁਲਬਾਨੋ”…..ਇੱਕ ਵਾਰ ਤੂੰ ਆਪਣਾ ਘਰ ਛੱਡਕੇ ਮੇਰੇ ਨਾਲ ਨਿਕਲ ਗਈ ਤਾਂ ਮੇਰੇ ਵਾਲਦਾਇਨ ਨੂੰ ਮਜਬੂਰਨ ਸਾਡੀ ਸ਼ਾਦੀ ਕਰਨੀ ਪਵੇਗੀ..ਫਿਰੋਜ਼ ਨੇ ਸਮਝਾਇਆ ।
“ਕਿਉ ਨਹੀ ਮੰਨਣਗੇ..! ਮੇਰੇ ਚਾਚਾ ਜਾਨ ਨੇ ਚਾਰ ਸ਼ਾਦੀਆ ਕੀਤੀਆ ਸੂ । ਇਸਲਾਮ ਵਿੱਚ ਚਾਰ ਸ਼ਾਦੀਆ ਦੀ ਇਜ਼ਾਜਤ ਏ । ਤੈਨੂੰ ਵੀ ਉਹੀ ਹੱਕ ਮਿਲਣਗੇ ਜੋ ਸ਼ਕੀਲਾ ਕੋਲ ਹੈਨ..ਫਿਰੋਜ਼ ਨੇ ਤਸੱਲੀ ਦਿਤੀ।
ਤੇ ਦੂਸਰੇ ਦਿਨ ਸਿਖਰ ਦੁਪਹਿਰੇ ਆਪਣੀ ਕਿਸੇ ਸਹੇਲੀ ਦੇ ਘਰ ਕਸੀਦਾ ਕੱਢਣ ਗਈ ਗੁਲਬਾਨੋ ਘਰ ਨਹੀ ਆਈ । ਬੁਰਕੇ ਵਿੱਚ ਖ਼ੁਦ ਨੂੰ ਛੁਪਾਕੇ ਉਹ ਫਿਰੋਜ਼ ਦੇ ਘੋੜੇ ਤੇ ਬੈਠ ਆਪਣੇ ਪਿੰਡ ਨੂੰ ਅਲਵਿਦਾ ਕਹਿ ਗਈ । ਇਹ ਸੋਚ ਕੇ, ਛੇਤੀ ਹੀ ਉਹ ਫਿਰੋਜ਼ ਨਾਲ ਸ਼ਾਦੀ ਕਰਕੇ.. ਸ਼ਾਨੋ-ਸ਼ੌਕਤ ਨਾਲ ਪੇਕੇ ਪਿੰਡ ਵਾਪਸ ਆਵੇਗੀ। ਉਹ ਪਿੰਡ, ਜੋ ਉਸਦੀ ਕੰਵਾਰੀ ਮੁਹੱਬਤ ਨੂੰ ਨਜ਼ਾਇਜ ਦੱਸ ਰਿਹਾ ਏ, ਨਿਕਾਹ ਦੀ ਮੋਹਰ ਲੱਗ ਜਾਣ ਬਾਅਦ ਉਸ ਦਾ ਸੁਆਗਤ ਕਰੇਗਾ।
ਦੁਪਹਿਰ ਢਲ ਗਈ ਸੀ, ਫਿਰੋਜ਼ ਨਾਲ ਬੈਠੀ ਗੁਲਬਾਨੋ ਧੁੱਪ ਵਿੱਚ ਕੁਮਲਾ ਗਈ ਸੀ। ਪਿਆਸ ਨਾਲ ਗਲਾ ਸੁੱਕ ਰਿਹਾ ਸੀ। ਫਿਰੋਜ਼ ਦੀ ਪਿੱਠ ਨੂੰ ਚੰਬੜੀ, ਜਿਵੇ ਹਵਾ, ਚ’ ਉਡ ਰਹੀ ਸੀ।ਜਿਵੇ ਕੋਈ ਮੈਦਾਨ ਸਰ ਕਰ ਲਿਆ ਹੋਵੇ। ਉਸਦਾ ਪਿਆਰ ਉਸਨੂੰ ਮਿਲ ਗਿਆ ਸੀ, ਹੋਰ ਕੀ ਚਾਹੀਦਾ ਸੀ। ਜਿਸ ਨੂੰ ਮਹਿਬੂਬ ਮਿਲ ਜਾਵੇ ਫਿਰ ਰੱਬ ਵੀ ਭੁੱਲ ਜਾਂਦਾ। ਭੁੱਖ-ਪਿਆਸ ਤਾਂ ਕੀ ਚੀਜ਼ ਸੀ, ਉਹ ਤਾਂ ਆਪਣੇ ਬਾਪ ਦੀ ਧਨ-ਦੌਲਤ, ਇੱਜਤ ਤੇ ਪ੍ਰਵਾਰ ਦੇ ਪਿਆਰ ਤੱਕ ਨੂੰ ਭੁਲਾ ਬੈਠੀ ਸੀ।
ਇੱਕ ਵਾਰ ਵੀ ਨਹੀ ਸੋਚਿਆਕਿ ਜਵਾਨ ਭੈਣ ਦੇ ਘਰੋ ਭੱਜਣ ਤੋਂ ਬਾਅਦ ਗੱਭਰੂ ਭਰਾ ਮੁਆਸ਼ਰੇ ਵਿੱਚ ਕੀ ਮੂੰਹ ਦਿਖਾਉਣਗੇ। ਉਸਨੂੰ ਤਾਂ ਫਿਰੋਜ਼ ਚਾਹੀਦਾ ਸੀ, ਹਰ ਕੀਮਤ, ਹਰ ਕੁਰਬਾਨੀ ਦੇ ਕੇ ਆਪਣਾ ਪਿਆਰ ਹਾਸ਼ਲ ਕਰਨਾ ਚਹੁੰਦੀ ਸੀ। ਅੱਜ ਦੁਨੀਆ ਜਹਾਨ ਨੂੰ ਠੁਕਰਾ ਕੇ ਸ਼ਰਮ-ਹਯਾ ਲਾਹ ਕੇ ਉਹ ਫਿਰੋਜ਼ ਨਾਲ ਆਪਣੀ ਨਵੀ ਮੰਜ਼ਿਲ ਵੱਲ ਵੱਧ ਰਹੀ ਸੀ, ਜੋ ਬਸ ਥੋੜ੍ਹੀ ਹੀ ਦੂਰ ਸੀ।
ਜੇਹਲਮ ਦਰਿਆ ਦੇ ਨਾਲ ਨਾਲ ਕਈ ਘੰਟੇ ਘੋੜਾ ਭਜਾਉਣ ਤੋਂ ਬਾਅਦ ਦਰੱਖਤ ਹੇਠਾਂ ਫਿਰੋਜ਼ ਰੁਕਿਆ। ਦੋਹਾਂ ਨੇ ਪਾਣੀ ਪੀਤਾ, ਮੂੰਹ ਤੇ ਠੰਡੇ ਪਾਣੀ ਦੇ ਸਿੱਟੇ ਮਾਰੇ। ਸ਼ਾਮ ਤੈਰ ਰਹੀ ਸੀ, ਗੁਲਬਾਨੋ ਨੇ ਜ਼ਮੀਨ ਤੇ ਬੈਠ ਕੇ ਫਿਰੋਜ਼ ਦਾ ਸਿਰ ਆਪਣੀ ਗੋਦੀ ਵਿਚ ਲੈ ਲਿਆ।
ਬਾਨੋ…ਜੇ ਇਸ ਵੇਲੇ ਤੇ ਭਰਾ ਆਪਣਾ ਪਿੱਛਾ ਕਰਦੇ ਆ ਜਾਣ ਤਾਂ ਮੇਰੀ ਰਫ਼ਲ ਦਰੱਖਤ ਤੇ ਤਾਂ ਨਹੀ ਟੰਗ ਦੇਵੇਗੀ…! ਫਿਰੋਜ਼ ਨੇ ਮਜ਼ਾਕ ਵਿੱਚ ਪੁੱਛਿਆ।
“ਤੂੰ ਕਿੱਧਰ ਦਾ ਵੇ ਮਿਰਜ਼ਾ ਆ ਗਿਆ..! ਬਾਨੋ ਨੇ ਮਜ਼ਾਕ ਦਾ ਜਵਾਬ ਮਜ਼ਾਕ ਵਿੱਚ ਦਿਤਾ ।
ਹੋਰ ਤੂੰ ਐਵੇਂ ਨੀ ਟੁਰ ਪਈ ਏਂ ਮੇਰੇ ਨਾਲ..! ਜੇ ਦਸ ਆਦਮੀ ਵੀ ਆ ਜਾਣ, ਤਾਂ ਮੇਰੀ ਰਫ਼ਲ ਕਿਸੇ ਨੂੰ ਬੱਚ ਕੇ ਨਹੀ ਜਾਣ ਦਿੰਦੀ…ਪਠਾਣ ਹਾਂ ਪਠਾਣ…ਫਿਰੋਜ਼ ਨੇ ਆਪਣਾ ਫੌਲਾਦੀ ਸੀਨਾ ਉਸ ਦੇ ਸਾਹਮਣੇ ਨੰਗਾ ਕੀਤਾ।
“ਸੱਚ ਕਹਾਂ ਪਤਾ ਨਹੀਂ ਤੂੰ ਕੀ ਏਂ ! ਪਰ ਮੈਂ ਉਹ ਸਹਿਬਾਂ ਨਹੀ, ਜਿਹਨੇ ਭਰਾਵਾਂ ਲਈ ਯਾਰ ਨਾਲ ਦਗਾ ਕੀਤਾ ਸੀ। ਪਹਿਲਾ ਖੁੱਦ ਜਾਨ ਦਿਆਂਗੀ, ਫੇਰ ਕੋਈ ਤੇਰੇ ਵੱਲ ਆਵੇਗਾ….ਗੁਲਬਾਨੋ ਵੀ ਸਿਰ ਤੇ ਕਫਨ ਬੰਨ੍ਹ ਕੇ ਘਰੋ ਤੁਰੀ ਸੀ।
ਝੱਲੀਏ…ਮੇਰੇ ਹੁੰਦੇ ਤੂੰ ਜਾਨ ਦੇਵੇ…! ਫਿਰੋਜ਼ ਇੰਨ੍ਹਾਂ ਕੱਚਾ ਨਹੀ..ਵਕਤ ਆਏ ਤੇ ਜਾਣ ਜਾਵੇਗੀ..ਫਿਰੋਜ਼ ਉਠ ਬੈਠਾ।
“ਇਸੇ ਯਕੀਨ ਤੇ ਤਾਂ ਸਭ ਕੁਛ ਛੱਡ-ਛਡਾ ਕੇ ਆ ਗਈ ਤੇਰੇ ਨਾਲ। ਵਰਨਾ ਕੱਚਿਆ ਤੇ ਤਰਨ ਵਾਲੀਆਂ ਤਾਂ ਕਈ ਡੁੱਬ ਗਈਆਂ ਇੰਨ੍ਹਾਂ ਦਰਿਆਵਾਂ ਵਿੱਚ…ਬਾਨੋ ਨੇ ਜੇਹਲਮ ਦੇ ਪਾਣੀ ਵੱਲ ਲੰਮੀ ਝਾਤ ਮਾਰੀ।
ਦੋਵੇ ਦੇਰ ਤੱਕ ਬੈਠੇ ਆਉਣ ਵਾਲੀ ਜ਼ਿੰਦਗੀ ਦੇ ਸੁਨਹਿਰੀ ਖ਼ਾਬ ਦੇਖਦੇ ਰਹੇ। ਰਾਤ ਉਤਰ ਆਈ, ਦੂਰ ‘ਸਰਾਏ ਆਲਮਗੀਰ’ ਵਿੱਚ ਰੋਸ਼ਨੀਆਂ ਜਗਮਗਾ ਉਠੀਆ ਸੀ। ਫਿਰੋਜ਼ ਤੇ ਗੁਲਬਾਨੋ ਘੋੜੇ ਤੇ ਸਵਾਰ ਹੋ ਕੇ ਮੁਕਾਮ ਵੱਲ ਵਧੇ।
“ਹਾਕਮ ਖ਼ਾਨ ਦੀ ਹਵੇਲੀ ਵਿੱਚ ਭੁਚਾਲ ਆ ਗਿਆ। ਫਿਰੋਜ਼ ਜਿਵੇਂ ਘੋੜੇ ਉਤੇ ਗੁਲਬਾਨੋ ਨੂੰ ਨਹੀ ਬਲਕਿ ਕੋਈ ਅੱਗ ਬਿਠਾ ਲਿਆਇਆਂ ਸੀ। ਹਾਕਮ ਖ਼ਾਨ ‘ਹਾਜੀ-ਨਮਾਜ਼ੀ’ ਇਨਸਾਨ ਸਨ। ਭਾਈਚਾਰੇ ਵਿੱਚ ਲੋਕ ਉਨ੍ਹਾਂ ਦਾ ਨਾਮ ਇਜ਼ਤ ਨਾਲ ਲੈਦੇਂ ਸੀ। ਪੁੱਤਰ ਫਿਰੋਜ਼ ਦੀ ਹਰਕਤ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿਤਾ। ਡਿਉਢੀ, ਚ’ ਵੜਦਿਆਂ ਹੀ ਫਿਰੋਜ਼ ਦਾ ਸਾਹਮਣਾ ਅੱਬਾਜਾਨ ਨਾਲ ਹੀ ਹੋ ਗਿਆ। ਗੁਲਬਾਨੋ ਨਕਾਬ ਵਿੱਚ ਮੂੰਹ ਛੁਪਾਈ ਕਿਸੇ ਚੋਰ ਵਾਂਗ ਪੈਰ ਦੱਬੀ ਉਸਦੇ ਪਿੱਛੇ ਆ ਗਈ ਸੀ। ਹਾਕਮ ਖਾਨ ਨੇ ਹੈਰਾਨ ਪਰੇਸ਼ਾਨ ਨਜ਼ਰਾਂ ਨਾਲ ਉਸ ਨਕਾਬ ਵਾਲੀ ਔਰਤ ਵੱਲ ਦੇਖਿਆ। ਫਿਰੋਜ਼ ਨੇ ਹਿੰਮਤ ਕੀਤੀ ਤੇ ਗੁਲਬਾਨੋ ਨੂੰ ਫੜਕੇ ਦੀਵਾਨ ਉਤੇ ਬਿਠਾ ਦਿਤਾ।
“ਅੱਬਾ ਹਜ਼ੂਰ…ਇਹ ਗੁਲਬਾਨੋ ਹੈ, ਮੇਰੇ ਸਹੁਰਿਆਂ ਦੇ ਪਿੰਡ ਦੀ ਏਂ, ਉਨ੍ਹਾਂ ਦੇ ਪੜੋਸੀ ਜ਼ਮੀਨਦਾਰ ਨਾਸਿਰ ਹੁਸੈਨ ਦੀ ਧੀ ਹੈ”…ਫਿਰੋਜ਼ ਨੇ ਜਿਵੇਂ ਕਿਸੇ ਅਦਾਲਤ ਵਿੱਚ ਅਰਜ਼ੀ ਦਿਤੀ।
“ਇਥੇ ਕੀ ਕਰਨ ਆਈ ਊ….! ਹਾਕਮ ਖਾਨ ਦੀ ਹੈਰਾਨੀ ਹੋਰ ਵੱਧ ਗਈ…
“ਮੇਰੇ ਨਾਲ ਆਈ ਏ ਅੱਬਾ ਜਾਨ, ਅਸੀ ਸ਼ਾਦੀ ਕਰਨਾ ਚਹੁੰਦੇ ਹਾਂ। ਮੈਂ ਸਹਿਮਤੀ ਨਾਲ ਇਸ ਨੂੰ ਘਰੋ ਭਜਾ ਕੇ ਲਿਆਇਆ ਹਾਂ…ਫਿਰੋਜ਼ ਨੂੰ ਡਰਦਿਆ ਆਖਿਰ ਸੱਚ ਦੱਸਣਾ ਪਿਆ….
“ਸ਼ਾਦੀ”…! ਘਰੋ ਉਧਾਲ ਕੇ ਲਿਆਇਆ ਆਪਣੇ ਨਾਲ ਊ…! ਯਾਹ ਅੱਲਾਹ ਹਾਕਮ ਖਾਨ ਨੇ ਮੂੰਹ ਵਿੱਚ ਉਗਲਾਂ ਪਾ ਲਈਆ। ਹਾਕਮ ਖਾਨ ਨੂੰ ਹੁਣ ਹੋਰ ਪੁੱਛਣ ਦੀ ਲੋੜ ਨਹੀ ਪਈ ਸੀ। ਸਭ ਕੁਝ ਸਮਝ ਗਏ ਉਹ। ਬੁਰਕੇ, ਚ’ ਲਿਪਟੀ ਲੜਕੀ, ਫਿਰੋਜ਼ ਦਾ ਉਡਿਆ ਚਿਹਰਾ, ਗਲ ਪਾਈ ਰਫਲ ਅਤੇ ਬਾਹਰ ਖੜ੍ਹਾ ਘੋੜਾ । ਥੋੜ੍ਹਾ ਚਿਰ ਖਾਮੋਸ਼ੀ ਰਹੀ, ਜਿਵੇਂ ਅਦਾਲਤ ਵਿੱਚ ਫੈਸਲਾ ਸੁਨਣ ਵੇਲੇ ਵਰਗੀ ਖਾਮੋਸ਼ੀ।
“ਅੱਬਾ ਹਜ਼ੂਰ”ਅਸੀ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ। ਚਾਚਾ ਜਾਨ ਨਦੀਮ ਖ਼ਾਨ ਨੇ ਵੀ ਚਾਰ ਸ਼ਾਦੀਆ ਕੀਤੀਆ ਸੂ ।
ਮੈਨੂੰ ਵੀ ਦੋ ਦੀ ਇਜਾਜ਼ਤ ਦੇ ਦਿਉ ਖ਼ੁਦਾ ਦੇ ਵਾਸਤੇ..!ਇਸਲਾਮ ਵਿੱਚ ਇਜਾਜ਼ਤ ਏ । ਫਿਰੋਜ਼ ਨੂੰ ਉਮੀਦ ਸੀ ਕਿ ਅੱਬਾ ਜਾਨ, ਉਸਦੀਆ ਬਾਕੀ ਜ਼ਿੱਦਾਂ ਵਾਂਗ ਇਹ ਵੀ ਮੰਨ ਜਾਣਗੇ…!
“ਖਾਮੌਸ਼… ਬੇਗੈਰਤ ਅਤੇ ਗੁਸਤਾਖ ਲੜਕੇ…ਹਾਲੇ ਪਿਛਲੇ ਸਾਲ ਤੇਰੀ ਸ਼ਾਦੀ ਹੋਈ ਸੂ । ਅੱਜ ਨਵੀ ਲੜਕੀ ਲੈ ਆਇਆ। ਉਹ ਪੁਰਾਣੀ ਹੋ ਗਈ ਸੂ…! ਤੂੰ ਕਿਧਰ ਦਾ ਆਲਮ ਬਣ ਗਿਆ ਏ…! ਚਾਚਾ ਨਦੀਮ ਨੇ ਤੇਰੀ ਔਕਾਤ ਦੀ ਤਰ੍ਹਾਂ ਔਰਤਾਂ ਉਧਾਲ ਕੇ ਨਹੀ ਲਿਆਦੀਆਂ ਸੂ । ਉਸ ਦੀ ਹੈਸੀਅਤ ਨੂੰ ਰਿਸ਼ਤੇ ਹੋਏ ਸੂ । ਬੇਸਹਾਰਾ ਔਰਤਾਂ ਨੂੰ ਸਹਾਰਾ ਅਤੇ ਬਰਾਬਰ ਦੇ ਹਕੂਕ ਦੇਣ ਲਈ ਇਸਲਾਮ ਵਿੱਚ ਚਾਰ ਸ਼ਾਦੀਆ ਦੀ ਇਜਾਜ਼ਤ ਏ । ਔਰਤਾਂ ਨੂੰ ਖਿਡੌਣਾ ਬਣਾ ਕੇ ਖੇਡਣ ਲਈ ਹਰਗਿਜ਼ ਨਹੀ । ਤੇਰੀ ਪਹਿਲੀ ਬੀਵੀ ਵਿਚ ਕੀ ਕਮੀ ਊ.. ! ਉਸਦੇ ਹੱਕਾਂ ਤੇ ਡਾਕਾ ਨਹੀ ਪੈਣ ਦਿਆਗਾਂ ਮੈ ।ਹਾਕਮ ਖਾਨ ਨੇ ਅੱਜ ਤੱਕ ਕਦੇ ਪੁੱਤਰ ਦਾ ਮੂੰਹ ਨਹੀ ਸੀ ਮੋੜਿਆ ਸੀ, ਪਰ ਇੰਨੇ ਖਤਰਨਾਕ ਅਤੇ ਬੇਗੈਰਤੇ ਹਾਲਤ ਦੀ ਫਿਰੋਜ਼ ਤੋਂ ਉਮੀਦ ਨਹੀ ਸੀ।
“ਮੈਂ ਪਿਆਰ ਦੇ ਹੱਥੋ ਮਜਬੂਰ ਹਾਂ ਅੱਬਾ ਜਾਨ । ਫਿਰੋਜ਼ ਨੇ ਪਿਆਰ ਦੀ ਭੀਖ ਮੰਗੀ ।
“ਆਪਣੇ ਹੱਥੀ ਗੋਲੀ ਮਾਰਦੇ ਇਹੋ ਜਿਹੇ ਅਵਾਰਾ ਦਿਲ ਨੂੰ ਜੋ ਖਾਨਦਾਨ ਦੀ ਇੱਜ਼ਤ ਤੇ ਧੱਬਾ ਏਂ, ਅਤੇ ਵਾਪਸ ਛੱਡ ਕੇ ਆ ਇਸ ਅਵਾਰਾ ਲੜਕੀ ਨੂੰ ਇੰਨ੍ਹਾਂ ਦੇ ਮਾਪਿਆ ਕੋਲ, ਜਿਥੋਂ ਲੈ ਕੇ ਆਂਦੀ ਏਂ….ਹਾਕਮ ਖਾਨ ਨੇ ਫੈਸਲਾ ਸੁਣਾਇਆ। ਗੁਲਬਾਨੋ ਇਹ ਸੱਭ ਸੁਣਦਿਆਂ ਡਰ ਅਤੇ ਸਹਿਮ ਨਾਲ ਖੜ੍ਹੀ ਹੋ ਗਈ ।
ਅੱਬਾ ਹਜ਼ੂਰ…ਇਹ ਲੜਕੀ ਅਵਾਰਾ ਨਹੀ, ਜ਼ਮੀਨਦਾਰ ਨਾਸਿਰ ਹੁਸੈਨ ਦੀ ਧੀ ਏਂ ਜੋ ਪੰਜ ਪਿੰਡਾਂ ਦਾ ਮਾਲਕ ਏਂ, ਬਹੁਤ ਸ਼ਰੀਫ ਖ਼ਾਨਦਾਨ ਏਂ..ਫਿਰੋਜ਼ ਨੂੰ ਗੁਲਬਾਨੋ ਬਾਰੇ ਵਰਤੇ ਸ਼ਬਦ ਅਵਾਰਾ ਅਲਫ਼ਾਜ਼ ਤੇ ਦੁੱਖ ਲੱਗਿਆ ਸੀ।
“ਸ਼ਰੀਫ਼ ਖਾਨਦਾਨਾਂ ਦੀਆਂ ਕੁੜੀਆ ਇਸ ਤਰ੍ਹਾਂ ਮਾਪਿਆਂ ਦੀ ਇਜ਼ਤ ਦਾਅ ਤੇ ਲਾ ਕੇ ਘਰੋਂ ਨਹੀ ਭਜਦੀਆਂ । ਮੇਰੇ ਘਰ ਵਿੱਚ ਇਸ ਲਈ ਕੋਈ ਥਾਂ ਨਹੀ। ਬੇਗੈਰਤ, ਬੇਹਯਾ….ਤੇਰੀਆਂ ਭੈਣਾਂ ਤੇ ਕੀ ਅਸਰ ਪਵੇਗਾ ਤੇਰੀ ਕਰਤੂਤ ਦਾ..! ਕੱਲ੍ਹ ਨੂੰ ਉਹ ਵੀ ਇਹਦੇ ਵਾਂਗ ਮੇਰੀ ਪੱਗ ਨੂੰ ਮਿਟੀ, ਚ’ ਰੋਲ ਕੇ ਗੈਰ ਮਰਦਾਂ ਨਾਲ ਨੱਠ ਜਾਣਗੀਆਂ..! ਛੋੜ ਕੇ ਆ ਇਸ ਨੂੰ ਇਹਦੇ ਘਰ। ਤਿੰਨ ਖਾਨਦਾਨਾਂ ਦੀ ਦੁਸ਼ਮਣੀ ਪੁਆਉਣ ਲੱਗਿਆ ਏਂ ਤੂੰ, ਆਪਣੇ ਇਸ਼ਕ ਦੀ ਖ਼ਾਤਿਰ। ਹਾਕਮ ਖ਼ਾਨ ਨੂੰ ਆਪਣੇ ਖ਼ਾਨਦਾਨ ਦੀ ਇੱਜ਼ਤ ਜਾਨ ਨਾਲੋ ਵੀ ਵੱਧ ਪਿਆਰੀ ਸੀ।
“ਇਹ ਵਾਪਸ ਨਹੀਂ ਜਾ ਸਕਦੀ ਅੱਬਾ ਜਾਨ..ਇਹਦੇ ਭਰਾ ਮਾਰ ਦੇਣਗੇ ਇਸ ਨੂੰ, ਰਹਿਮ ਕਰੋ ਇਸ ਤੇ ਅੱਬਾ ਜਾਨ…ਫਿਰੋਜ਼ ਅੱਬੂ ਦੇ ਪੈਰਾਂ ਨੂੰ ਛੂੰਹਦਾਂ ਹੋਇਆ ਗਿੜਗੜਾਇਆ ।
“ਜੇ ਤੂੰ ਇਸ ਨੂੰ ਵਾਪਸ ਨਾ ਛੱਡਣ ਗਿਆ ਤਾਂ ਮੈਂ ਤੈਨੂੰ ਗੋਲੀ ਮਾਰ ਦਿਆਗਾਂ…ਹਾਕਮ ਖਾਨ ਨੇ ਗੁੱਸੇ, ਚ’ ਆੳਦਿਆਂ ਸਾਹਮਣੇ ਦੀਵਾਰ ਤੇ ਟੰਗੀ ਦੋਨਾਲੀ ਰਫਲ ਉਤਾਰੀ।
ਫਿਰੋਜ਼ ਦੀ ਮਾਂ ਪਰਦੇ ਪਿੱਛੇ ਖੜ੍ਹੀ ਸਭ ਸੁਣ ਰਹੀ ਸੀ, ਪਰ ਸ਼ੋਹਰ ਦੇ ਡਰ ਕਾਰਨ ਸਾਹਮਣੇ ਨਹੀਂ ਸੀ ਆ ਰਹੀ। ਪਰ ਜਦੋਂ ਹਾਕਮ ਖਾਨ ਦੇ ਹੱਥ, ਚ’ ਰਫਲ ਦੇਖਕੇ ਉਹ ਚੀਕ ਮਾਰਕੇ ਪੁੱਤਰ ਸਾਹਮਣੇ ਆ ਗਈ।
“ਰਹਿਮ ਕਰੋ ਮੇਰੇ ਬੱਚੇ ਉਤੇ”..ਜਵਾਨੀ, ਚ’ ਗਲਤੀ ਹੋ ਈ ਜਾਂਦੀ ਊਂ । ਘਰ ਵਿੱਚ ਸਿਆਣੇ ਬੈਠੇ ਸੂ, ਉਨ੍ਹਾਂ ਦੀ ਸਲਾਹ ਲੈ ਲਵੋ, ਆਪਣੇ ਭਰਾਵਾਂ ਨੂੰ ਸੱਦ ਲਉ ਪੁੱਤਰ ਨੂੰ ਜਾਨੋ ਕਿਉ ਮਾਰਦੇ ਓਂ..ਫਿਰੋਜ਼ ਦੀ ਮਾਂ ਨੇ ਰੋਂਦਿਆਂ ਪੁੱਤ ਦੀ ਜਿੰਦਗੀ ਮੰਗੀ।
ਹਾਕਮ ਖਾਨ ਦਾ ਦਾ ਗੁੱਸਾ ਕੁਝ ਢਲਿਆ। ਮਾਂ ਫਿਰੋਜ਼ ਨੂੰ ਲੈ ਕੇ ਅੰਦਰ ਚਲੀ ਗਈ। ਗੁਲਬਾਨੋ ਡਿਉਢੀ ਦੇ ਵਿਚਕਾਰ ਖੜ੍ਹੀ ਡਰ ਨਾਲ ਕੰਬ ਰਹੀ ਸੀ। ਉਸ ਨੂੰ ਅਜਿਹੇ ਹਾਲਤ ਦੀ ਉਮੀਦ ਨਹੀ ਸੀ। ਕੀ ਕਰ ਬੈਠੀ ਸੀ ਉਹ…!!! ਜਵਾਨੀ ਤੇ ਇਸ਼ਕ ਦੇ ਨਸ਼ੇ ਵਿੱਚ ਫ਼ਿਰੋਜ਼ ਦੇ ਪਿੱਛੇ ਲੱਗ ਤੁਰੀ ਸੀ ਅਤੇ ਆਪਣਾ ਅੰਜ਼ਾਮ ਨਹੀ ਸੀ ਸੋਚਿਆ ।ਹਾਕਮ ਖ਼ਾਨ ਨੇ ਨੌਕਰ ਭੇਜਕੇ ਉਸੇ ਵਕਤ ਕਬੀਲੇ ਦੇ ਅਜ਼ੀਮ ਬੰਦੇ ਸੱਦ ਲਏ ਤੇ ਪੰਚਾਇਤ ਜੁੜ ਗਈ।
“ਮੇਰਾ ਪੁੱਤਰ ਫ਼ਿਰੋਜ਼ ਖ਼ਾਨ ਜ਼ਮੀਨਦਾਰ ਨਾਸਿਰ ਹੁਸੈਨ ਦੀ ਧੀ ਨੂੰ ਕੱਢ ਲਿਆਇਆਂ ਸੂ । ਬੇਗੈਰਤ ਨੇ ਖ਼ਾਨਦਾਨ ਦੀ ਇਜ਼ਤ ਆਬਰੂ ਮਿੱਟੀ ਵਿੱਚ ਰੋਲ ਕੇ ਰੱਖ ਦਿਤੀ ਸੂ । ਮੈਂ ਚਹੁੰਦਾਂ ਹਾਂ, ਇਸ ਲੜਕੀ ਨੂੰ ਵਾਪਸ ਇਸਦੇ ਪਿਉ ਦੇ ਘਰ ਭੇਜਿਆ ਜਾਵੇ।
“ਪਰ ਫਿਰੋਜ਼ ਕਹਿੰਦਾਂ..ਇਸ ਦੇ ਭਰਾ ਇਸ ਨੂੰ ਮਾਰ ਦੇਣਗੇ । ਤੁਸੀ ਫੈਸਲਾ ਕਰੋ ਇਸ ਲੜਕੀ ਨੂੰ ਵਾਪਸ ਕਿਵੇ ਭੇਜਿਆ ਜਾਵੇ”….ਹਾਕਮ ਖ਼ਾਨ, ਜੋ ਲੋਕਾਂ ਦੇ ਫ਼ੈਸਲੇ ਆਪ ਕਰਦਾ ਹੁੰਦਾਂ ਸੀ, ਅੱਜ ਖੁੱਦ ਮੁਜਰਮ ਬਣਕੇ ਕਟਹਿਰੇ, ਚ’ ਖੜ੍ਹਾ ਸੀ।
ਕਾਫੀ ਦੇਰ ਸੋਚ ਵਿਚਾਰ ਹੁੰਦੀ ਰਹੀ। ਫਿਰੋਜ਼ ਖਾਨ ਠੀਕ ਆਖਦਾ ਏਂ । ਲੜਕੀ ਦੇ ਭਰਾ ਇਸ ਨੂੰ ਮਾਰ ਦੇਣਗੇ । ਘਰੋ ਭੱਜੀ ਨੂੰ ਮਰਦ ਸਮਾਜ ਮਾਫ਼ ਨਹੀ ਕਰਦਾ। ਕਿਹੜਾ ਮਰਦ ਇਸ ਦਾ ਹੱਥ ਫੜੇਗਾ..! ਕਿਸ ਨਾਲ ਇਹ ਸ਼ਾਦੀ ਕਰੇਗੀ..! ਉਧਲ ਗਈਆ ਬੇਮੌਤ ਮਾਰੀਆਂ ਜਾਂਦੀਆ ਹਨ । ਫਿਰੋਜ਼ ਨਾਲ ਘਰੋਂ ਨੱਠ ਕੇ ਜੇ ਇਹ ਸਾਡੇ ਕਬੀਲੇ ਆ ਗਈ ਏਂ, ਤਾਂ ਇਸ ਨੂੰ ਪਨਾਹ ਦੇਣਾ ਸਾਡਾ ਇਖ਼ਲਾਕੀ ਫਰਜ਼ ਏਂ, ਪੰਚਾਂ ਨੇ ਸਲਾਹ ਕੀਤੀ।
ਲੰਮੀ ਗੁਫਤਗੂ ਤੋਂ ਬਾਅਦ ਹਾਕਮ ਖਾਨ ਦੇ ਮਰਹੂਮ ਭਰਾ ਨਵਾਜ਼ ਖਾਨ ਦੇ ਪੁੱਤਰ ਅਮੀਰ ਖਾਨ ਨੂੰ ਬੁਲਾਇਆਂ ਗਿਆ। ਅਮੀਰ ਖਾਨ ਦੀ ਬੀਵੀ ਪਿੱਛਲੇ ਸਾਲ ਬੱਚੇ ਨੂੰ ਜਨਮ ਦਿੰਦਿਆਂ ਫੌਤ ਹੋ ਗਈ ਸੀ। ਪੰਚਾਇਤ ਵਿੱਚ ਅਮੀਰ ਖਾਨ ਨੂੰ ਫਿਰੋਜ਼ ਤੇ ਗੁਲਬਾਨੋ ਦੀ ਕਹਾਣੀ ਸੁਣਾਈ ਗਈ । ਉਸ ਸਾਹਮਣੇ, ਗੁਲਬਾਨੋ ਨਾਲ ਨਿਕਾਹ ਕਰ ਲੈਣ ਦੀ ਤਜਵੀਜ਼ ਰੱਖੀ ਗਈ ।
ਅਮੀਰ ਖਾਨ ਜੋ ਸੰਜੀਦਾਂ ਕਿਸਮ ਅਤੇ ਠਹਿਰੀ ਹੋਈ ਤਬੀਅਤ ਦਾ ਮਾਲਕ ਸੀ, ਆਪਣੀ ਬੀਵੀ ਦੇ ਗਮ ਨੂੰ ਭੁੱਲਿਆ ਨਹੀ ਸੀ। ਪਰ ਜਿੰਦਗੀ ਇੱਕਲਿਆਂ ਵੀ ਪਹਾੜ ਵਾਂਗ ਲੱਗਦੀ ਸੀ।
“ਪਰ ਇਹ ਲੜਕੀ ਫਿਰੋਜ਼ ਦੇ ਇਸ਼ਕ ਵਿੱਚ ਆਪਣੇ ਮਾਪਿਆਂ ਭੈਣ-ਭਰਾਵਾਂ ਨੂੰ ਛੱਡ ਕੇ ਆਈ ਏਂ । ਪਿਆਰ ਇਹ ਫਿਰੋਜ਼ ਨੂੰ ਕਰਦੀ ਏਂ ਤੇ ਉਮਰ ਭਰ ਕਰਦੀ ਰਹੇਗੀ । ਮੇਰੇ ਨਾਲ ਸ਼ਾਦੀ ਤੋਂ ਬਾਅਦ ਵੀ ਇੰਨ੍ਹਾਂ ਦੀ ਆਸ਼ਨਾਈ ਜਾਰੀ ਰਹੇਗੀ, ਇਸ ਲਈ ਮੈਂ ਇਹ ਖਤਰਾ ਨਹੀ ਸਹੇੜ ਸਕਦਾ, ਬੀਵੀ ਮੇਰੀ ਹੋਵੇ ਤੇ ਇਸ਼ਕ ਮੇਰੇ ਭਰਾ ਨੂੰ ਕਰੇ, ਮੈਨੂੰ ਗਵਾਰਾ ਨਹੀ ਹੋਵੇਗਾ”..!
ਅਮੀਰ ਖਾਨ ਨੇ ਬਿਨਾਂ ਕਿਸੇ ਲਾਗ ਲਪੇਟ ਤੋਂ ਆਪਣੇ ਦਿਲ ਦੀ ਗੱਲ ਕਹੀ ।
“ਇਹ ਤੂੰ ਸਾਡੇ ਤੇ ਛੱਡਦੇ ਅਮੀਰ ਖਾਨ”..ਤੇਰੀ ਬੀਵੀ ਤੇਰੀ ਹੋਵੇਗੀ। ਕਿਸੇ ਗ਼ੈਰ ਦੀ ਮਜ਼ਾਲ ਨਹੀ, ਜੋ ਤੇਰੀ ਬੀਵੀ ਤੇ ਅੱਖ ਚੁੱਕ ਵੀ ਦੇਖ ਲਵੇ । ਅਸੀ ਲੱਤਾਂ ਵੱਢ ਦਿਆਂਗੇ ਫਿਰੋਜ਼ ਦੀਆਂ, ਜੇ ਤੇਰੀ ਹਵੇਲੀ ਵੱਲ ਕਦੇ ਉਸਨੇ ਕਦਮ ਪਾਇਆ। ਸਾਡੇ ਖਾਨਦਾਨ ਦੀ ਇੱਜ਼ਤ ਦਾ ਸਵਾਲ ਏਂ, ਫਿਰੋਜ਼ ਨਾਦਾਨ, ਅਵਾਰਾਗਰਦ ਛੋਕਰੇ ਨੇ ਜਿਹੜੀ ਮੇਰੀ ਪੱਗ ਉਛਾਲੀ ਏਂ ਤੂੰ ਉਸਨੂੰ ਮੇਰੇ ਸਿਰ ਤੇ ਵਾਪਸ ਰੱਖ ਸਕਦਾ ਏਂ ਪੁੱਤਰ । ਘਰ ਦੀ ਗੱਲ ਘਰ ਵਿੱਚ ਰਹਿ ਜਾਵੇ, ਇਸ ਵਿੱਚ ਹੀ ਆਪਣਾ ਸੱਭ ਦਾ ਭਲਾ ਏਂ”…ਹਾਕਮ ਖਾਨ ਨੇ ਅਮੀਰ ਖ਼ਾਨ ਅੱਗੇ ਹੱਥ ਜੋੜ ਦਿਤੇ ।
ਅਖੀਰ, ਚ’ ਫੈਸਲਾ ਹੋ ਗਿਆ, ਗੁਲਬਾਨੋ ਅਤੇ ਅਮੀਰ ਖਾਨ ਦੀ ਸ਼ਾਦੀ ਦਾ। ਦੂਜੇ ਦਿਨ ਦਰਜ਼ੀ ਬੁਲਾ ਲਿਆ ਗਿਆ, ਗੁਲਬਾਨੋ ਦੇ ਨਿਕਾਹ ਦਾ ਸੂਟ ਬਨਾਉਣ ਲਈ।
ਗੁਲਬਾਨੋ ਨੂੰ ਡਿਉਢੀ ਵਿਚੋਂ ਉਠਾਕੇ ਇੱਕ ਅਲੱਗ ਕਮਰੇ, ਚ’ ਬਿਠਾ ਦਿਤਾ। ਜਿਵੇਂ ਉਹ ਇਸ ਘਰ ਦੀ ਇਕ ਵਸਤੂ ਹੋਵੇ। ਘਰ ਦੀ ਕੋਈ ਔਰਤ ਉਸ ਕੋਲ ਨਹੀ ਆਈ ਸੀ। ਬੱਚੇ ਆਉਦੇ ਤੇ ਉਸ ਵੱਲ ਦੇਖਕੇ ਹੱਸ ਕੇ ਚਲੇ ਜਾਂਦੇ ਜਿਵੇਂ ਉਹ ਕੋਈ ਤਮਾਸ਼ਾਂ ਹੋਵੇ। ਨੌਕਰ ਆ ਕੇ ਖਾਣਾਂ ਦੇ ਗਿਆ ਸੀ, ਪਰ ਉਸਨੇ ਖਾਣੇ ਤੱਕ ਨੂੰ ਹੱਥ ਵੀ ਨਾ ਲਾਇਆ। ਕਿਸੇ ਬੁੱਤ ਵਾਂਗ ਸੁੰਨ ਬੈਠੀ ਸੀ ਉਹ। ਅਡੋਲ, ਬੇਹਰਕਤ ਤੇ ਬੇਜ਼ੁਬਾਨ। ਕਿਸੇ ਨੇ ਆ ਕੇ ਉਸ ਦਾ ਹਾਲ ਨਹੀ ਪੁੱਛਿਆ ਸੀ। ਇਕ ਫਤਵੇ ਵਾਂਗ ਉਸਦੇ ਨਿਕਾਹ ਦਾ ਐਲਾਨ ਸੁਣਾ ਦਿੱਤਾ ਗਿਆ ਤੇ ਉਹ ਸਜ਼ਾਏ-ਮੌਤ ਵਾਂਗ ਚੁੱਪ-ਚਾਪ ਸੁਣਦੀ ਰਹੀ।
ਡਿਉਢੀ ਦੇ ਨਾਲ ਲੱਗਦੇ ਕਮਰੇ ਵਿੱਚ ਪਰਦੇ ਪਿੱਛੇ ਬੈਠੀ ਉਹ ਪੰਚਾਇਤ ਦੀ ਸਾਰੀ ਕਾਰਵਾਈ ਸੁਣਦੀ ਰਹੀ ਸੀ। ਕਿਸੇ ਦਾ ਚਿਹਰਾ ਨਹੀਂ ਸੀ ਦੇਖਿਆ ਉਸਨੇ । ਮਹਿਸੂਸ ਕਰ ਰਹੀ ਸੀ ਜਿਵੇਂ ਸੱਭ ਦੇ ਚਿਹਰੇ ਅਤੇ ਇਕੋ ਜਿਹੇ ਹੀ ਸਨ । ਕਿਸੇ ਇਕ ਨੇ ਵੀ ਫਿਰੋਜ਼ ਨਾਲ ਉਸਦੇ ਨਿਕਾਹ ਦੀ ਗੱਲ ਨਹੀ ਸੀ ਕੀਤੀ। ਤੇ ਫਿਰੋਜ਼ ਜੋ ਖ਼ੁਦ ਨੂੰ ਵੱ’ਡਾ ਸੁੱਚਾ ਸੂਰਮਾਂ’ ਦੱਸਦਾ ਹੁੰਦਾਂ ਸੀ, ਕਿਸੇ ਛਾਏ ਵਾਂਗ ਅਲੋਪ ਹੋ ਗਿਆ ਸੀ। ਮੁੜਕੇ ਨਾ ਉਸਨੇ ਫ਼ਿਰੋਜ਼ ਦੀ ਅਵਾਜ਼ ਸੁਣੀ ਤੇ ਨਾ ਸ਼ਕਲ ਦੇਖੀ। ਉਸਨੂੰ ਇਸ ਕੈਦਖਾਨੇ, ਚ’ਸੁੱਟਕੇ ਉਹ ਖ਼ੁਦ ਪਤਾ ਨਹੀ ਕਿਥੇ ਚਲੇ ਗਿਆ ਸੀ। ਬੁਲਬੁਲ ਨੂੰ ਪਿੰਜਰੇ ਵਿੱਚ ਪਾ ਕੇ ਸ਼ਿਕਾਰੀ ਖੁਦ ਗਾਇਬ ਹੋ ਗਿਆ ਸੀ….!
ਗੁਲਬਾਨੋ ਦਾ ਹੁਣ ਅਮੀਰ ਖਾਨ ਨਾਲ ਨਿਕਾਹ ਕਰ ਦਿਤਾ । ਫਿਰੋਜ ਦੀ ਹਵੇਲੀ ਵਿਚੋਂ, ਉਹ ਕਿਸੇ ਸਮਾਨ ਵਾਂਗ ਅਮੀਰ ਖਾਨ ਦੀ ਹਵੇਲੀ ਆ ਗਈ । ਜਿਵੇਂ ਕਿਸੇ ਦੀ ਮਈਅਤ ਉਠੀ ਹੋਵੇ । ਨਾ ਸ਼ਗਨ ਨਾ ਸ਼ਹਿਨਾਈ । ਜ਼ਮੀਨਦਾਰ ਨਾਸਿਰ ਹੁਸੈਨ ਦੀ ਇਕਲੌਤੀ ਲਾਡਲੀ ਧੀ ਦਾ ਨਿਕਾਹ ਇੱਦਾ ਹੋਵੇਗਾ, ਕਿਸੇ ਨੇ ਤਸੱਵਰ ਵੀ ਨਹੀ ਕੀਤਾ ਸੀ। ਗੁਲਬਾਨੋ ਨੇ, ਨਾ ਤਾਂ ਫਿਰੋਜ਼ ਦੀ ਹਵੇਲੀ ਦੇਖੀ ਸੀ ਤੇ ਨਾ ਅੱਖ ਚੁੱਕ ਕੇ ਅਮੀਰ ਦੇ ਘਰ ਨੂੰ ਦੇਖਿਆ । ਘਰ ਵਿੱਚ ਨੌਕਰ ਸਨ, ਜੋ ਵਾਰ ਵਾਰ ਆਉਦੇਂ ਤੇ ਉਸਨੂੰ ਆਦਾਬ ਵਜਾਂਉਦੇ ਅਤੇ ਖਿਦਮਤ ਲਈ ਪੁੱਛਦੇ । ਪਰ ਉਹ ਕਿਸੇ ਮੁਰਦੇ ਵਾਂਗ ਬੇਜ਼ਾਨ ਬਿਸਤਰ ਤੇ ਪਈ ਸੀ। ਪਿੱਛਲੀਆਂ ਤਿੰਨ ਰਾਤਾਂ ਤੋਂ ਸੁੱਤੀ ਨਹੀ ਸੀ ਉਹ । ਅੱਖਾਂ ਪਥਰਾ ਗਈਆ ਸੀ ਉਸ ਦੀਆਂ। ਆਪਣੇ ਨਾਲ ਬੀਤੇ ਹਾਦਸੇ ਨੇ ਉਸ ਦਾ ਜਿਹਨ ਸੁੰਨ ਕਰ ਦਿਤਾ ਸੀ ।
ਅਮੀਰ ਖਾਨ ਨੇ ਕਮਰੇ, ਚ’ ਕਦਮ ਰੱਖਿਆ ਤਾਂ ਵੀ ਗੁਲਬਾਨੋ ਉਠ ਕੇ ਨਹੀ ਬੈਠੀ। ਪੱਖੀ ਝੱਲ ਰਹੀ ਨੌਕਰਾਣੀ ਨੇ ਰੇਸ਼ਮੀ ਨਕਾਬ ਨਾਲ ਗੁਲਬਾਨੋ ਦਾ ਮੂੰਹ ਢੱਕ ਦਿਤਾ ਤੇ ਖੁੱਦ ਉਠਕੇ ਬਾਹਰ ਚਲੀ ਗਈ । ਅਮੀਰ ਕਦਮ ਰੱਖਦਾ ਪਲੰਘ ਵੱਲ ਵਧਿਆ । ਗੁਲਬਾਨੋ ਦੇ ਚਿਹਰੇ ਤੋਂ ਨਕਾਬ ਚੁੱਕਿਆ ਤੇ ਸਾਹ ਲੈਣਾ ਭੁੱਲ ਗਿਆ ਉਹ ।
“ਸੁਭਾਨ ਅੱਲਾਹ”..”ਗੁਲਬਾਨੋ ਤੈਨੂੰ ਦੇਖ ਕੇ ਤਾਂ ਫਰਿਸ਼ਤਿਆਂ ਦਾ ਈਮਾਨ ਡੋਲ ਜਾਵੇ”…..! ਅਮੀਰ ਨੂੰ ਉਮੀਦ ਨਹੀ ਸੀਂ ਕਿ ਵਿਆਹਿਆ ਵਰ੍ਹਿਆਂ ਫਿਰੌਜ਼..ਹੁਸਨ ਦੀ ਸਰਕਾਰ ਲੁੱਟਕੇ ਲਿਆਇਆ ਹੋਵੇਗਾ । ਅਮੀਰ ਖਾਨ ਨੇ ਉਸਦਾ ਮੂੰਹ-ਸਿਰ ਨੰਗਾ ਕਰ ਦਿਤਾ ।
ਗੁਲਬਾਨੋ ਨੇ ਅੱਖਾਂ ਚੱਕ ਕੇ ਉਸ ਵੱਲ ਦੇਖਿਆ । ਭੱਦਾ ਚਿਹਰਾ, ਸਾਉਲਾ ਰੰਗ ਤੇ ਮੋਟੇ ਹੋਂਠ, ਕਨਪਟੀਆ ਕੋਲ ਸਫੇਦ ਵਾਲ । ਕਿਥੇ ਫਿਰੋਜ਼ ਤੇ ਕਿਥੇ ਅਮੀਰ । ਕਿਥੇ ਖੂਬਸੂਰਤ ਮਹਿਬੂਬ ਤੇ ਕਿਥੇ ਬਦਸ਼ਕਲ ਸ਼ੋਹਰ..ਯਾ ਮੌਲਾ, !ਕਿਸ ਨੂੰ ਦਿਲ, ਚ’ ਵਸਾਇਆ, ਇਬਾਦਤ ਕੀਤੀ ਤੇ ਪੱਲੇ ਕੌਣ ਪੈ ਗਿਆ । ਪਿਆਰ ਕਿਸ ਨੂੰ ਕੀਤਾ ਤੇ ਨਿਕਾਹ ਇੱਕ ਰੰਡਵੇ ਨਾਲ…! ਕਿਸ ਸਦਕਾ ਦੁਨੀਆਂ ਨਾਲ ਬਗਾਵਤ ਕੀਤੀ ਤੇ ਹਾਸ਼ਿਲ ਕੀ ਕੀਤਾ। ਗੁਲਬਾਨੋ ਤੋਂ ਦਿਲ ਅੰਦਰ ਉਠਦੇ ਤੂਫਾਨ ਸੰਭਾਲੇ ਨਹੀ ਜਾ ਰਹੇ ਸਨ ।ਅਮੀਰ ਖਾਨ ਕਾਫੀ ਦੇਰ ਤੱਕ ਗੁਲਬਾਨੋ ਨੂੰ ਸਾਹਮਣੇ ਦੇਖਕੇ ਇੱਕਲਾ ਹੀ ਗੱਲਾਂ ਕਰਦਾ ਰਿਹਾ ਤੇ ਗੁਲਬਾਨੋ ਨੇ ਕੋਈ ਜਵਾਬ ਨਾ ਦਿਤਾ।
“ਗੁਲਬਦਨ”, ਅਮੀਰ ਨੇ ਉਸਨੂੰ ਆਪਣੀਆਂ ਬਾਹਾਂ, ਚ’ ਲੈ ਘੁੱਟਿਆ । ਹੌਲੀ ਹੌਲੀ ਜੇਵਰ ਉਤਾਰੇ, ਪਰ ਉਹ ਟਿਕਟਿਕੀ ਲਾਈ ਛੱਤ ਵੱਲ ਤੱਕਦੀ ਰਹੀ। ਕੋਈ ਹਰਕਤ ਨਾ ਕੀਤੀ, ਕਿਸੇ ਜਜ਼ਬਾਤ ਦਾ ਪ੍ਰਛਾਵਾਂ ਉਸਦੇ ਚਿਹਰੇ ਤੇ ਨਾ ਆਇਆ । ਉਹ ਹੁਣ ਉਸਦੇ ਖੂਬਸੂਰਤ ਅੰਗਾਂ ਨਾਲ ਖੇਡ ਰਿਹਾਂ ਸੀ, ਤੇ ਉਹ ਸਾਹ ਰੋਕੀ ਬੇਜਾਨ ਪਈ ਰਹੀ । ਅਮੀਰ ਨੇ ਜਦੋਂ ਉਸਦੇ ਰੇਸ਼ਮੀ ਗਰਾਰੇ ਦੇ ਨਾਲੇ ਨੂੰ ਹੱਥ ਪਾਇਆ ਤਾਂ ਜਿਵੇਂ ਅਚਾਨਕ ਗੁਲਬਾਨੋ ਦੇ ਕਰੰਟ ਲੱਗਿਆ ।
“ਮੈਨੂੰ ਬਜ਼ਾਰ ਵਿਚ ਨਿਲਾਮ ਕਰਨ ਵਾਲੇ ਫਿਰੋਜ਼ ਤੇਰਾ ਕੱਖ ਨਾ ਰਹੇ, ਤੇਰਾ ਕੱਖ ਨਾ ਰਹੇ ਓ ਮੇਰੇ ਅੱਲਾ “…ਗੁਲਬਾਨੋ ਦੀ ਕੂਕ ਪੂਰੀ ਹਵੇਲੀ, ਚ’ ਗੂੰਜ ਗਈ ।
“ਇਹ ਤੂੰ ਕੀ ਕਹਿ ਰਹੀ ਏਂ ਬੇਗਮ”, ! ਅਮੀਰ ਬਿਸਤਰ ਤੋਂ ਉਠਿਆਂ ਤੇ ਕਮਰੇ, ਚ’ ਖੜ੍ਹਾ ਹੋ ਗਿਆ, ਜਿਵੇਂ ਉਸਨੂੰ ਆਪਣੇ ਕੰਨਾਂ ਤੇ ਯਕੀਨ ਨਾ ਆ ਰਿਹਾਂ ਹੋਵੇ ।ਗੁਲਬਾਨੋ ਫੁੱਟ-ਫੁੱਟ ਕੇ ਰੋ ਪਈ । ਪਿਛਲੇ ਤਿੰਨ, ਦਿਨ-ਰਾਤਾਂ ਦਾ ਥੰਮਿਆਂ ‘ਗਮ-ਦਰਦ’, ਸੈਲਾਬ ਵਾਂਗ ਵਹਿ ਤੁਰਿਆ ਸੀ ਤੇ ਉਹ ਹੰਝੂਆਂ, ਚ’ ਡੁੱਬ ਗਈ । ਉਠ ਕੇ ਬੈਠ ਗਈ ਤੇ ਗੋਡਿਆ ਵਿੱਚ ਮੂੰਹ ਦੇ ਕੇ ਹੁਬਕੀਆਂ ਲੈਦੀਆਂ ਰੋਣ ਲੱਗੀ । ਅਮੀਰ ਥੋੜ੍ਹੀ ਦੇਰ ਖੜ੍ਹਾ ਹਾਲਤ ਨੂੰ ਸਮਝਣ ਦੀ ਕੋਸ਼ਿਸ ਕਰਦਾ ਰਿਹਾ ।
“ਤੂੰ ਗਲਤ ਸਮਝ ਰਹੀ ਏਂ ਗੁਲਬਾਨੋ ਬੇਗਮ “..ਇਹ ਬਜ਼ਾਰ ਨਹੀਂ ਤੇਰਾ ਘਰ ਏਂ । ਇਸ ਹਵੇਲੀ ਦੀ ਆਬਰੂ ਹੈ ਤੂੰ…ਮੈਂ ਇਸਲਾਮੀ ਨੁੱਕਤਾ-ਏ-ਨਜ਼ਰ ਨਾਲ, ਤੇਰੇ ਨਾਲ ਹੱਕ-ਏ-ਨਿਕਾਹ ਕੀਤਾ ਏਂ । ਆਪਣੀ ਬੀਵੀ ਕਬੂਲ ਕੀਤਾ ਏਂ । ਪਰ ਜੇ ਫਿਰ ਵੀ ਵਾਪਿਸ ਜਾਣਾ ਚਾਹੇ ਤਾਂ ਮੈਂ ਤੈਨੂੰ ਰੋਕਾਗਾ ਨਹੀ…!ਇਸ ਸਭ ਦਾ ਅਮੀਰ ਖ਼ਾਨ ਨੂੰ ਪਹਿਲਾਂ ਹੀ ਇਹ ਡਰ ਖਾਈ ਜਾ ਰਿਹਾ ਸੀ ।
“ਜੇ ਵਾਪਿਸ ਜਾ ਸਕਦੀ ਤਾਂ ਕੁਰਬਾਨੀ ਦਾ ਬਕਰਾ ਕਿਉਂ ਬਣਦੀ”, ! ਗੁਲਬਾਨੋ ਨੇ ਰੋਂਦਿਆ ਪੁੱਛਿਆ …!
“ਕੁਰਬਾਨੀ ਦਾ ਬੱਕਰਾ ਨਹੀ ਹੈ ਤੂੰ..ਬੇਗਮ ਅਮੀਰ ਖਾਨ ਹੈ ਤੂੰ …। ਮੈਨੂੰ ਪਤਾ ਏ ਤੇਰੇ ਅਰਮਾਨ ਟੁੱਟੇ ਨੇ, ਧੋਖਾ ਹੁੰਦਾਂ ਆਇਆ ਤੇਰੇ ਨਾਲ, ਪਰ ਹਰ ਮਰਦ ਫਿਰੋਜ ਨਹੀ ਹੁੰਦਾ । ਤੈਨੂੰ ਆਪਣੀ ਜ਼ਿੰਦਗੀ ਤੇ ਪੂਰਾ ਅਖਤਿਆਰ ਏਂ । ਅਗਰ ਤੂੰ ਚਾਹੇ ਤਾਂ ਇਸ ਹਵੇਲੀ, ਚ’ ਇਕ ਮਹਿਮਾਨ ਦੇ ਤੌਰ ਤੇ ਜ਼ਿੰਦਗੀ ਬਾਸ਼ਬਰ ਕਰ ਸਕਦੀ ਏਂ..!! ਘਰ ਦਾ ਹਰ ਸ਼ਖਸ ਤੇਰਾ ਅਹਿਤਰਾਮ ਕਰੇਗਾ । ਮੈਂ…..ਮੈਂ……ਮੈਂ ਗੁਸਤਾਖੀ ਲਈ ਸ਼ਰਮਿੰਦਾ ਹਾਂ । ਆਖਕੇ, ਅਮੀਰ ਬਾਹਰ ਚਲਿਆ ਗਿਆ ਤੇ ਗੁਲਬਾਨੋ ਸਾਰੀ ਰਾਤ ਬੈਠੀ ਰੋਂਦੀ ਰਹੀ ।
ਦਿਨ ਬੀਤਣੇ ਸੁਰੂ ਹੋਏ, ਗੁਲਬਾਨੋ ਦੀ ਉਦਾਸੀ ਨਾ ਟੁੱਟੀ। ਉਹ ਆਪਣੇ ਕਮਰੇ, ਚੋਂ ਬਾਹਰ ਨਾ ਨਿੱਕਲਦੀ। ਹਾਰ ਸਿੰਗਾਰ ਸੱਭ ਛੱਡ ਗਈ, ਫੁੱਲ ਵਰਗਾ ਚਿਹਰਾ ਮੁਰਝਾ ਗਿਆ । ਜ਼ੁਲਫ਼ਾ ਦੇ ਪੇਚ ਢਿੱਲੇ ਪੈ ਗਏ। ਅੱਖਾਂ ਸੁਰਮੇ ਨੂੰ ਤਰਸ਼ ਗਈਆ । ਪਰੀਆ ਵਰਗੀ ਸ਼ਕਲ ਤੇ ਮਾਯੂਸੀ ਛਾ ਗਈ । ਹੋਂਠ ਮੁਸਕ੍ਰਾਹਟ ਭੁੱਲ ਗਏ ਤੇ ਬੁਲਬਲ ਨੇ ਚਹਿਕਣਾ ਛੱਡ ਦਿਤਾ। ਸ਼ੋਖੀ ਗਾਇਬ ਹੋ ਗਈ ਤੇ ਸੰਜੀਦਗੀ ਆ ਗਈ । ਦੁਖ ਅਤੇ ਗਮ ਨੇ ਉਸਦੇ ਜ਼ਿਸਮ ਤੇ ਚਿਹਰੇ ਦਾ ਮਾਸ ਤਰਾਸ਼ ਦਿਤਾ… ਜਿਵੇਂ ਕੋਈ ਬੁੱਤਘਾੜਾ ਕਿਸੇ ਬੁੱਤ ਦੇ ਅੰਗ ਨਿਖਾਰਨ ਲਈ ਉਸਦਾ ਫਾਲਤੂ ਸੰਗਮਰਮਰ ਆਪਣੇ ਔਜ਼ਾਰਾਂ ਨਾਲ ਛਿੱਲ ਦੇਵੇ ।
ਅਮੀਰ ਖ਼ਾਨ ਨੇ, ਮੁੜ ਉਸਨੂੰ ਬਲਾਉਣ ਦੀ ਕੋਸ਼ਿਸ ਨਾ ਕੀਤੀ । ਉਹ ਨੌਕਰਾ ਤੋਂ ਆਪਣੇ ਕੰਮ ਕਰਵਾਉਦਾ । ਗੁਲਬਾਨੋ ਦਾ ਖ਼ਿਆਲ ਰੱਖਣ ਦੀਆਂ ਹਦਾਇਤਾਂ ਕਰਦਾ ਤੇ ਉਸ ਦੀ ਜ਼ਰੂਰਤ ਦੀ ਹਰ ਚੀਜ਼ ਵਕਤ ਤੋਂ ਪਹਿਲਾਂ ਹਾਜ਼ਰ ਕਰਵਾਉਦਾ । ਗੁਲਬਾਨੋ ਲਈ ਰੇਸ਼ਮੀ ਸੂਟ, ਜੇਵਰ, ਮੇਵੇ, ਇਤਰ ਤੇ ਮਹਿਕਾ ਦੇ ਢੇਰ ਲੱਗੇ ਰਹਿੰਦੇ ਪਰ ਉਹ ਅੱਖ ਉਠਾ ਨਾ ਦੇਖਦੀ। ਨੌਕਰ ਸਭ ਸਮਝਦੇ ਸੀ, ਪਰ ਹਵੇਲੀ ਦੀ ਕੋਈ ਗੱਲ ਤੇ ਭੇਤ ਕਦੇ ਬਾਹਰ ਨਹੀ ਗਏ ਸੀ। ਕਿਸੇ ਨੂੰ ਕੋਈ ਨਹੀਂ ਸੀ ਪਤਾ ਕੇ ਇਸ ਹਵੇਲੀ ਦੀ ਚਾਰ ਦੀਵਾਰੀ ਅੰਦਰ ਕੀ ਕਹਾਣੀ ਚੱਲ ਰਹੀ ਹੈ।
ਅਮੀਰ ਖ਼ਾਨ ਦੇ ਮਰਹੂਮ ਬਾਪ ਦੀ ਸਲਾਨਾ ਬਰਸੀ ਸੀ । ਹਰ ਸ਼ਾਲ ਬਰਸ਼ੀ ਤੇ ਰਿਸ਼ਤੇਦਾਰ ਅਮੀਰ ਖ਼ਾਨ ਦੇ ਘਰ ਇੱਕਠੇ ਹੁੰਦੇ ਸੀ ।ਇਸ ਸਾਲ ਵੀ ਤਿਆਰੀਆਂ ਹੋਣ ਲੱਗੀਆਂ, ਤਾਂ ਗੁਲਬਾਨੋ ਨੂੰ ਵੀ ਸ਼ਾਮਲ ਹੋਣ ਲਈ ਕਿਹਾ ਗਿਆ ।
“ਮੈਂ ਨਹੀ ਕੁਝ ਕਰਨਾ ਤੇ ਨਾਂ ਸ਼ਾਮਲ ਹੋਣਾਂ ਏਂ । ਉਹ ਕੁੱਤਾ-ਕਮੀਨਾਂ ਫਿਰੋਜ਼ ਵੀ ਆਵੇਗਾ। ਮੱਥੇ ਨਹੀ ਲੱਗਣਾ ਚਹੁੰਦੀ ਮੈਂ ਉਸ ਜ਼ਲੀਲ ਦੇ “ਗੁਲਬਾਨੋ ਨੇ ਪਰਦੇ ਪਿੱਛੇ ਖੜ੍ਹੇ ਖੜੇ ਅਮੀਰ ਖ਼ਾਨ ਨੂੰ ਸੁਣਾ ਕੇ ਨੌਕਰਾਣੀ ਨੂੰ ਕਿਹਾ। ਤੇ ਅਮੀਰ ਖ਼ਾਨ ਨੇ ਬਾਪ ਦੀ ਬਰਸ਼ੀ ਨਾ ਮਨਾਉਣ ਦਾ ਫੈਸਲਾ ਕਰ ਲਿਆ ।
ਰਿਸ਼ਤੇਦਾਰਾ ਮੈਹਣੇ ਮਾਰਨ ਲੱਗੇ…”ਔਰਤ ਦੇ ਹੇਠਾਂ ਲੱਗ ਗਿਆ”..
“ਇਸ ਘਰ, ਚ’ ਉਹੀ ਹੋਵੇਗਾ ਜੋ ਮਾਲਕਣ ਚਾਹੇਗੀ “, ਤੁਸੀ ਬਰਸੀ ਮਨਾਉਣੀ ਤਾਂ ਮੈਂ ਬਾਹਰ ਪ੍ਰਬੰਧ ਕਰ ਦਿਆਗਾਂ, ਅਮੀਰ ਨੇ ਘਰ ਆਏ ਤਾਏ-ਚਾਚੇ ਸਾਕ-ਸਬੰਧੀ ਵਾਪਸ ਮੋੜ ਦਿਤੇ । ਇਸ ਘਟਨਾ ਤੋਂ ਬਾਅਦ ਗੁਲਬਾਨੋ ਦੀ ਖਾਮੋਸ਼ੀ ਥੋੜੀ ਟੁੱਟੀ। ਹੁਣ ਉਹ ਘਰ ਵਿੱਚ ਨੌਕਰਾਣੀ ਨਾਲ ਥੋੜ੍ਹੀ ਗੱਲਬਾਤ ਕਰਨ ਲੱਗ ਪਈ । ਉਸ ਤੋਂ ਆਪਣੇ ਵਾਲਾਂ ਵਿੱਚ ਖ਼ੁਸ਼ਬੂਦਾਰ ਤੇਲ ਲਗਵਾਉਣ ਲੱਗ ਪਈ ਤੇ ਕਦੇ ਕਦੇ ਉਸ ਨਾਲ ਹਵੇਲੀ ਦੀ ਡਿਉਢੀ ਵਿੱਚ ਬੈਠ ਕੇ ਉਸਦੇ ਬੱਚਿਆਂ ਨਾਲ ਵਕਤ ਗੁਜ਼ਾਰਨ ਲੱਗ ਪਈ ।
ਅਮੀਰ ਖ਼ਾਨ ਨਾਲ ਗੁਲਬਾਨੋ ਦੀ ਕੋਈ ਗੁਫਤਗੂ ਨਹੀਂ, ਨਾ ਜ਼ੁਬਾਨੀ ਨਾ ਕਲਾਮੀ ਸੀ। ਅਮੀਰ ਖਾਨ ਸ਼ਾਮ ਨੂੰ ਘਰ ਆਉਦਾਂ ਤਾਂ, ਉਹ ਆਪਣੇ ਕਮਰੇ ਵਿੱਚ ਚਲੀ ਜਾਂਦੀ। ਉਹ ਖਾਣਾਂ ਖਾਣ ਤੋ ਬਾਅਦ ਡਿਉਢੀ ਵਿੱਚ ਬੈਠ ਜਾਂਦਾ। ਜੇ ਬਾਹਰੋ ਕੋਈ ਮਿਲਣ ਆ ਜਾਂਦਾ ਤਾਂ ਗੱਲਾਂਬਾਤਾ ਕਰਦਾ ਵਰਨਾ ਹਨੇਰੇ, ਚ’ ਖਾਮੋਸ਼ ਅੱਖਾਂ ਮੀਚ ਕੁਰਸੀ ਤੇ ਬੈਠਾ ਰਹਿੰਦਾ।
ਕਿਸੇ ਕੋਲ ਉਸਨੇ ਦਿਲ ਦੀ ਗੱਲ ਨਹੀ ਸੀ ਕੀਤੀ। ਕਦੇ ਜ਼ਾਹਰ ਨਹੀਂ ਹੋਣ ਦਿਤਾ ਸੀ ਕਿ ਦੂਸਰੀ ਵਾਰੀ ਵੀ ਉਸਦੇ ਮੁਕੱਦਰ ਨੇ ਉਸ ਨਾਲ ਦਗ਼ਾ ਕੀਤਾ ਸੀ। ਕਦੇ ਕਦੇ ਨੌਕਰਾਣੀ ਨਾਦਿਰਾ ਦੇ ਬੱਚੇ ਅਮੀਰ ਖ਼ਾਨ ਕੋਲ ਆ ਖੇਡਦੇ। ਉਹ ਬਿਠਾ ਲੈਂਦਾ, ਉਨ੍ਹਾਂ ਲਈ ਤੋਹਫੇ ਲੈ ਕੇ ਆਉਦਾ। ਜਿੰਨੀ ਦੇਰ ਬੱਚੇ ਉਸ ਕੋਲ ਰਹਿੰਦੇ, ਉਹ ਬੱਚਾ ਬਣਿਆਂ ਉਨ੍ਹਾਂ ਨਾਲ ਖੇਡਦਾ ਰਹਿੰਦਾਂ। ਉਨ੍ਹਾਂ ਦੇ ਜਾਂਦਿਆਂ ਹੀ ਉਦਾਸੀ ਦੀ ਚਾਦਰ ਓੜ ਕੇ ਲੰਮਿਆਂ ਪੈ ਜਾਂਦਾ।
ਆਪਣੇ ਸ਼ਰੀਕੇ ਨਾਲੋਂ ਤਾਂ ਪੂਰਾ ਟੁੱਟ ਚੁੱਕਾ ਸੀ। ਹੁਣ ਅਮੀਰ ਬੀਮਾਰ ਰਹਿਣ ਲੱਗ ਪਿਆ ਸੀ। ਡਿਉਢੀ ਵਿਚੋਂ ਉਹਦੇ ਖੰਘਣ ਦੀ ਆਵਾਜ਼ ਗੁਲਬਾਨੋ ਨੂੰ ਆਪਣੇ ਕਮਰੇ ਵਿੱਚ ਸੁਣਾਈ ਦਿੰਦੀ। ਉਹ ਕਈ ਵਾਰ ਪਰਦੇ ਵਿਚੋਂ ਅਮੀਰ ਖ਼ਾਨ ਨੂੰ ਡਿਉਢੀ ਵਿੱਚ ਬੈਠਿਆ ਦੇਖਦੀ। ਵਧੀ ਹੋਈ ਦਾੜੀ, ਵੀਰਾਨ ਅੱਖਾਂ ਦੇ ਆਸੇ ਪਾਸੇ ਵਧ ਰਹੇ ਸਿਆਹ ਘੇਰੇ ਤੇ ਮੋਟੇ ਹੋਂਠਾਂ ਤੇ ਜੰਮ ਰਹੀ ਖੁਸ਼ਕੀ ਤੇ ਪੀਲਾ ਚਿਹਰਾ।
ਇਕ ਵਾਰੀ ਅਮੀਰ ਕਈ ਦਿਨਾਂ ਤੋਂ ਆਪਣੇ ਬਿਜ਼ਨਸ ਤੇ ਨਾ ਗਿਆ, ਹਕੀਮ ਆਉਦਾਂ ਦਵਾਈ ਦੇ ਕੇ ਚਲਾ ਜਾਦਾਂ। ਇਹ ਪਹਿਲੀ ਵਾਰ ਹੋਇਆ ਸੀ, ਕਿ ਗੁਲਬਾਨੋ ਹੈਰਾਨ ਹੋਈ ਸੀ। ਨੌਕਰ ਨੇ ਦੱਸਿਆ ਕਿ ਖ਼ਾਨ ਸਾਹਬ ਦੀ ਤਬੀਅਤ ਠੀਕ ਨਹੀਂ ਏਂ। ਹਕੀਮ ਨੇ ਆਰਾਮ ਕਰਨ ਲਈ ਦੱਸਿਆ ਏਂ। ਗੁਲਬਾਨੋ ਦੇ ਅੰਦਰ ਕੋਈ ਹੱਲਚੱਲ ਜਿਹੀ ਹੋਈ, ਕਾਫ਼ੀ ਦੇਰ ਬੈਠੀ ਉਹ ਸੋਚਦੀ ਰਹੀ। ਉਸ ਰਾਤ ਅਮੀਰ ਖ਼ਾਨ ਰਾਤ ਨੂੰ ਗਰਮ ਚਾਦਰ ਲਪੇਟ ਕੇ ਛੱਤ ਤੇ ਘੁੰਮ ਰਿਹਾ ਸੀ। ਨੌਕਰ ਫਾਰੂਕ ਨੇ ਬਾਵਰਚੀ ਖਾਨੇ ਵਿਚੋਂ ਹਕੀਮ ਵੱਲੋਂ ਦਿਤੀ ਦਵਾਈ ਉਬਾਲੀ ਤੇ ਪਿਆਲੇ ਵਿੱਚ ਪਾ ਉਪਰ ਜਾਣ ਲੱਗਿਆ ਤਾਂ ਗੁਲਬਾਨੋ ਨੇ ੳਸਦੇ ਹੱਥੋਂ ਪਿਆਲਾ ਫੜ੍ਹ ਲਿਆ।
“ਮੈਂ ਲੈ ਕੇ ਜਾਂਦੀ ਹਾਂ “…. ਉਸਨੇ ਬਿਨਾਂ ਨੌਕਰ ਵੱਲ ਦੇਖਦਿਆਂ ਕਿਹਾ। ਨੌਕਰ, ਜੋ ਇਸ ਘਰ ਦੇ ਸਾਰੇ ਭੇਤ ਜਾਣਦਾ ਸੀ, ਗੁਲਬਾਨੋ ਦੀ ਇਸ ਪੇਸ਼ਕਸ਼ ਤੇ ਹੈਰਾਨ ਹੋ ਗਿਆ ਸੀ।
“ਬਹੁਤ ਅੱਛਾ ਬੇਗ਼ਮ ਸਹਿਬਾਂ “..ਉਸਨੇ ਸਿਰ ਝੁਕਾ ਕੇ ਪਿਆਲਾ ਗੁਲਬਾਨੋ ਨੂੰ ਦੇ ਦਿਤਾ।
ਗੁਲਬਾਨੋ ਪਹਿਲੀ ਵਾਰ ਹਵੇਲੀ ਦੀ ਛੱਤ ਤੇ ਚੜ੍ਹੀ ਸੀ। ਜਿਸ ਦਿਨ ਦੀ ਘਰੋ ਨਿਕਲੀ ਸੀ, ਆਸਮਾਨ ਦਾ ਰੰਗ ਨਹੀ ਸੀ ਦੇਖਿਆ ਸੀ। ਤਿੰਨ ਮੰਜ਼ਲੀ ਹਵੇਲੀ ਚੜ੍ਹਦਿਆਂ ਸਾਹ ਫੁਲ ਗਿਆ ਸੀ ਉਸਦਾ। ਖੁੱਲ੍ਹੀ ਚੌੜੀ ਛੱਤ ..ਕਿਸੇ ਮੈਦਾਨ ਵਰਗੀ, ਚੌਂਹੀ ਪਾਸੀ ਜਾਲੀਦਾਰ ਬਨੇਰੇ ਤੇ ਉਤੇ ਖੁੱਲ੍ਹਾ ਆਕਾਸ਼ । ਜਦੋਂ ਉਹ ਉਪਰ ਚੜ੍ਹੀ ਅਮੀਰ ਖਾਨ ਬਨੇਰੇ ਕੋਲ ਖੜ੍ਹਾ ਜਿਹਲਮ ਦੇ ਪਾਣੀ ਨੂੰ ਤੱਕ ਰਿਹਾ ਸੀ।ਗੁਲਬਾਨੋ ਵਲ ਪਿੱਠ ਸੀ ਉਸਦੀ। ਗੁਲਬਾਨੋ ਨੇ ਦਵਾਈ ਬਨੇਰੇ ਤੇ ਰੱਖੀ
ਤੇ ਕੁਝ ਦੇਰ ਸੋਚਿਆ। ਅਮੀਰ ਹਾਲੇ ਵੀ ਉਸ ਤੋਂ ਬੇਖਬਰ ਸੀ।
“ਮੈਂ ਆ ਗਈ ਹਾਂ ਖ਼ਾਨ ਸਾਹਬ “…ਗੁਲਬਾਨੋ ਦੀ ਸੁਰੀਲੀ ਆਵਾਜ਼ ਕਿਸੇ ਜਲਤਰੰਗ ਵਾਂਗ ਖਿਜ਼ਾ ਵਿੱਚ ਫੈਲ ਗਈ।
ਅਮੀਰ ਖ਼ਾਨ ਨੇ ਹੈਰਾਨ ਹੁੰਦਿਆਂ ਪਿੱਛੇ ਦੇਖਿਆ, ਯਕੀਨ ਨਾ ਆਇਆ ਜਿਵੇਂ ਕੋਈ ਖ਼ਾਬ ਦੇਖ ਰਿਹਾ ਹੋਵੇ। ਗੁਲਬਾਨੋ ਸਫੇਦ ਲਿਬਾਸ, ਚ’ ਬੇਪਰਦਾ ਸਾਹਮਣੇ ਖੜ੍ਹੀ ਸੀ। ਜਿਵੇ ਚਿੱਟੇ ਬੱਦਲਾਂ ਵਿਚੋਂ ਕੋਈ ਪਰੀ ਛੱਤ ‘ਤੇ ਉਤਰ ਆਈ ਹੋਵੇ ਜਾਂ ਜਿਹਲਮ ਦੇ ਠਾਠਾਂ ਮਾਰਦੇ ਪਾਣੀ ਦੀ ਕੋਈ ਛੱਲ ਔਰਤ ਦੀ ਸੂਰਤ ਵਿੱਚ ਉਸਨੂੰ ਮੁਖ਼ਾਤਿਬ ਹੋ ਰਹੀ ਹੋਵੇ। ਉਹ ਗੁਲਬਾਨੋ ਵੱਲ ਵੇਖਦਾ ਹੀ ਰਹਿ ਗਿਆ।
“ਮੈਂ…ਮੈਂ..ਤੁਸਾਂ ਦੀ ਦਵਾਈ ਲੈ ਕੇ ਆਈ ਹਾਂ… ਖਾਨ ਸਾਹਬ “……ਗੁਲਬਾਨੋ ਨੇ ਬਨੇਰੇ ਤੋਂ ਪਿਆਲਾ ਚੁੱਕ ਕੇ ਕਿਹਾ ਤੇ ਅਮੀਰ ਜਿਵੇਂ ਨੀਂਦ, ਚੋਂ ਜਾਗਿਆ ।
“ਉਹ..! ਤੁਹਾਨੂੰ ਤਕੱਲੁਫ ਕਰਨ ਦੀ ਕੀ ਲੋੜ ਸੀ, ਘਰ ਵਿੱਚ ਨੌਕਰ ਹੈਨ “.. ਉਹਨੂੰ ਹਕੀਕਤ ਯਾਦ ਆਈ ।
“ਮੈਨੂੰ ਇਲਮ ਏਂ “..ਪਰ ਅੱਜ ਤੁਸਾਂ ਨੂੰ ਮੇਰੀ ਜਰੂਰਤ ਏ..!ਪਰ ਅੱਜ ਤੁਸਾਂ ਨੂੰ ਮੇਰੀ ਜ਼ਰੂਰਤ ਏਂ ਖ਼ਾਨ ਸਾਹਬ”ਗੁਲਬਾਨੋ
ਨੇ ਜਵਾਬ ਦਿਤਾ ਤਾਂ, ਅਮੀਰ ਨੂੰ ਕੰਨਾਂ ਤੇ ਯਕੀਨ ਨਾ ਆਇਆ ।
“ਮਿਹਰਬਾਨੀ “…ਆਖ ਉਸਨੇ ਦੀਵਾਈ ਗੁਲਬਾਨੋ ਕੋਲੋ ਫੜ ਲਈ ।
“ਖੁਦਾ ਕਰੇ ਤੁਹਾਡੀ ਸਿਹਤ ਜਲਦੀ ਠੀਕ ਹੋ ਜਾਏ”..ਗੁਲਬਾਨੋ ਨੇ ਦੁਆ ਮੰਗੀ ।
“ਇੰਸ਼ਾ ਅੱਲਾਹ ! ਤੁਸਾਂ ਆਪਣੇ ਕੁਆਰੇ ਹੱਥਾਂ ਨਾਲ ਦਵਾ ਪਿਲਾਈ ਏਂ ਤਾਂ ਜਰੂਰ ਅਸਰ ਕਰੇਗੀ “… ਅਮੀਰ ਨੇ ਜਵਾਬ ਦਿਤਾ ਤੇ ਗੁਲਬਾਨੋ ਦੇ ਚਿਹਰੇ ‘ਤੇ ਗੁਲਾਬੀ ਰੰਗ ਫਿਰ ਗਿਆ ।
ਥੋੜ੍ਹੀ ਦੇਰ ਦੋਵੇਂ ਖਾਮੋਸ਼ ਖੜ੍ਹੇ ਰਹੇ। ਬੜਾ ਸ਼ਾਤ ਮਾਹੌਲ ਸੀ। ਜਿਹਲਮ ਦੇ ਪਾਣੀ ਦੀ ਅਵਾਜ਼ ਤੋਂ ਬਗੈਰ ਹੋਰ ਕੋਈ ਦੂਸਰੀ ਆਵਾਜ਼ ਨਹੀ ਆ ਰਹੀ ਸੀ।
“ਜੇਹਲਮ ਵਿੱਚ ਤੂਫਾਨ ਆਇਆ ਹੋਇਆ ਏ…”ਅਮੀਰ ਨੇ ਦਰਿਆ ਵੱਲ ਵੇਖ ਕੇ ਕਿਹਾ ।
“ਤੂਫਾਨ ਤਾਂ ਇਸ ਹਵੇਲੀ ਵਿੱਚ ਵੀ ਆਇਆ ਹੋਇਆ ਏ “… ਮੈਨੂੰ ਡਰ ਲੱਗਦਾ ਏ ਕਿਤੇ ਇਹ ਮੈਨੂੰ ਦੂਹਰੀ ਵਾਰ ਰੋੜ੍ਹ ਕੇ ਨਾ ਜਾਵੇ “…ਗੁਲਬਾਨੋ ਨੇ ਪਹਿਲੀ ਵਾਰ ਅਮੀਰ ਦੀਆ ਅੱਖਾਂ ਨਾਲ ਅੱਖਾਂ ਮਿਲਾਈਆਂ।
“ਕੀ ਮਤਲਬ”….! ਅਮੀਰ ਘਬਰਾ ਗਿਆਂ “….
“ਇਸ ਹਨੇਰੇ ਨੂੰ ਇਕ ਚਿਰਾਗ ਦੀ ਜਰੂਰਤ ਏ ਖਾਨ ਸਾਹਿਬ..! ਇਸ ਹਵੇਲੀ ਨੂੰ ਵਾਰਿਸ ਚਾਹੀਦਾ ਏ….! ਇਹੀ ਤੁਸਾਂ ਦੇ ਦੁੱਖ ਦੀ ਦਾਰੂ ਏ “… ਹਕੀਮ ਦੀਆਂ ਜੜ੍ਹੀ-ਬੂਟੀਆਂ ਕੁਛ ਨਹੀ ਕਰਨਗੀਆਂ… ਗੁਲਬਾਨੋ ਨੇ ਕੇਵਲ ਚਿਹਰੇ ਦਾ ਹੀ ਨਹੀਂ, ਦਿਲ ਦਾ ਪਰਦਾ ਵੀ ਲਾਹ ਸੁੱਟਿਆ..
“ਗੁਲਬਾਨੋ “…ਅਮੀਰ ਨੇ ਉਮਰ ਜਿੱਡਾ ਹਾਉਕਾ ਲਿਆ….
“ਮੈਂ ਔਰਤ ਹਾਂ “… ਸਮਝਦੀ ਹਾਂ ਸੱਭ ਕੁਛ…. ਮੇਰਾ ਫਰਜ਼ ਏ ਕਿ ਜਿਸ ਘਰ ਨੇ ਮੈਨੂੰ ਪਨਾਹ ਦਿਤੀ ਏ ਉਸ ਨੂੰ ਰੋਸ਼ਨੀ ਦੇਵਾਂ… ਔਰਤ, ਮਰਦ ਨੂੰ ਸਿਰਫ ਜਿਸਮਾਨੀ ਸੁੱਖ ਨਹੀ ਦਿੰਦੀ, ਉਹਨੂੰ ਬਾਪ ਦਾ ਰੁਤਬਾ ਵੀ ਬਖਸ਼ਦੀ ਏ, ਵਰਨਾ ਜ਼ਮਾਨਾ ਮਰਦ ਨੂੰ “ਨ-ਮਰਦ”ਦੱਸਦਾ ਏ “!! ਗੁਲਬਾਨੋ ਤੋਂ ਇੰਨੀ ਸੰਜੀਦਗੀ ਦੀ ਅਮੀਰ ਨੂੰ ਆਸ ਨਹੀ ਸੀ।
“ਏਨੀ ਦਲੇਰੀ “!!! ਅਮੀਰ ਖ਼ਾਨ ਦੇ ਆਪ ਮੁਹਾਰੇ ਮੂੰਹੋਂ ਨਿਕਲਿਆਂ….
“ਖ਼ਾਨ ਸਾਹਬ ਦਲੇਰ ਔਰਤਾ, ਦਲੇਰ ਮਰਦਾ ਨੂੰ ਹੀ ਰੂਹ ਦਾ ਹਾਣੀ ਸਮਝਦੀਆਂ ਨੇ ਭਗੋੜਿਆਂ ਨੂੰ ਨਹੀਂ “…ਉਹਨੇ ਨਫਰਤ ਨਾਲ ਜਵਾਬ ਦਿਤਾ…..ਅਮੀਰ ਨੂੰ ਜੁਵਾਬ ਨਾ ਸੁੱਝਿਆ ।
“ਮੇਰੀਆਂ ਗੁਸਤਾਖ਼ੀਆਂ ਮਾਫ਼ ਕਰ ਦਿਉ ਖਾਨ ਸਾਹਬ… ਮੈਂ ਗੁੰਮਰਾਹ ਹੋ ਗਈ ਸਾਂ…ਤੁਸਾਂ ਨੂੰ ਬੜਾ ਦੁੱਖ ਦਿਤਾ ਏ ਮੈਂ। ਗੁਨਾਹਗਾਰ ਹਾਂ ਤੁਹਾਡੀ”….ਗੁਲਬਾਨੋ ਦਾ ਗਲਾ ਭਰ ਆੲਆ ਸੀ।
“ਪਗਲੀ”…ਗੁਨਾਹਗਾਰ ਤੂੰ ਨਹੀਂ ਮੈਂ ਹਾਂ। ਬਗੈਰ ਤੇਰੇ ਜਜ਼ਾਬਤ ਨੂੰ ਸਮਝਿਆਂ ਕਿਸੇ ਭੁੱਖੇ ਜਾਨਵਰ ਵਾਂਗ ਮੈਂ ਤੇਰੇ ਗੋਸ਼ਤ ‘ਤੇ ਟੁੱਟ ਪਿਆ ਸੀ..ਤੈਨੂੰ ਕੀ ਪਤਾ ਏਂ ਕਿੰਨਾ ਸ਼ਰਮਿੰਦਾਂ ਹਾਂ। ਅਮੀਰ ਸੱਚਮੁੱਚ ਅੰਦਰੋਂ ਸ਼ਰਮਸਾਰ ਹੋ ਗਿਆ ਸੀ ਤੇ ਹਿੰਮਤ ਨਹੀ ਪੈ ਰਹੀ ਸੀ ਕਿ ਅੱਖਾਂ, ਚ’ ਅੱਖਾ ਪਾ ਝਾਕ ਸਕੇ।
“ਨਹੀਂ..ਫਰਿਸ਼ਤੇ ਹੋ ਤੁਸੀ ਤਾਂ..ਮੈਂ ਦਰੜਿਆ, ਕੁਮਲਾਇਆ ਫੁੱਲ ਹਾਂ ਜੋ ਤੁਹਾਡੇ ਕਾਬਲ ਨਹੀ, ਘਰੋ ਭੱਜੀ”ਗੁਲਬਾਨੋ ਦੀਆਂ ਅੱਖਾਂ, ਚੋਂ ‘ਆਂਸੂ ਵਹਿ ਤੁਰੇ…
“ਪਗਲੀ ਕੋਈ ਫਰਿਸ਼ਤਾ ਜਾਂ ਫੁੱਲ ਦ੍ਰੜਿਆ ਨਹੀ ਹੁੰਦਾਂ, ਇਨਸਾਨ ਹਾਂ ਅਸੀ ਸੱਭ..ਜੇ ਮੇਰੀ ਭੈਣ-ਬੇਟੀ ਇਹ ਕਦਮ ਚੁੱਕ ਲੈਂਦੀ ਤਾਂ ਕੀ ਮੈਂ ਉਸਨੂੰ ਮਾਫ਼ ਨਾ ਕਰਦਾ ! ਬੀਵੀ ਏਂ ਤੂੰ ਮੇਰੀ..ਮੇਰੀ ਸ਼ਰੀਕੇ ਹਯਾਤ ਹੈ ਤੂੰ..ਇਸ ਹਵੇਲੀ ਦੀ ਮਾਲਕਣ”
“ਸਿਰਫ ਹਵੇਲੀ ਦੀ”.. ! ਗੁਲਬਾਨੋ ਸੁਬਕੀ ਰੋਣ ਲੱਗੀ…
“ਨਹੀ..ਮੇਰੇ ਦਿਲੋਂ ਜਾਨ ਦੀ ਵੀ”ਅੱਜ ਅਮੀਰ ਦੇ ਉਦਾਸ, ਬੀਮਾਰ ਮੂੰਹ ਤੇਂ ਪਹਿਲੀ ਵਾਰ ਮੁਸਕ੍ਰਾਹਟ ਆਈ ।
ਗੁਲਬਾਨੋ ਤੋਂ ਹੁਣ ਆਪਣਾ ਆਪ ਸੰਭਾਲਿਆ ਨਹੀ ਜਾ ਰਿਹਾ ਸੀ। ਅਮੀਰ ਦੇ ਕਿਰਦਾਰ ਸਾਹਮਣੇ ਉਸਨੂੰ ਆਪਣਾ ਜਾਤੀ ਗਰੂਰ ਬਹੁਤ ਛੋਟਾ ਲੱਗਿਆ । ਇਕ ਬਦਸੂਰਤ ਮਰਦ ਦੇ ਪਿਆਰ ਦੀ ਗਰਮੀ ਸਾਹਮਣੇ ਉਸਦਾ ਵਜੂਦ ਪਿਘਲ ਗਿਆ ਤੇ ਉਹ ਲੜਖੜਾ ਕੇ ਅਮੀਰ ਦੀਆਂ ਬਾਹਾਂ ਵਿੱਚ ਚਲੀ ਗਈ । ਅਮੀਰ ਬਹੁਤ ਦੇਰ ਤੱਕ ਉਸਦੇ ਵਾਲਾਂ ਵਿੱਚ ਹੱਥ ਫੇਰਦਾ ਰਿਹਾ। ਹੌਲੀ ਹੌਲੀ ਉਸਦਾ ਦਾ ਸਿਰ ਸਹਿਲਾਓਦਾਂ ਰਿਹਾ ਤੇ ਗੁਲਬਾਨੋ ਨੂੰ ਲੱਗਿਆ ਜਿਵੇਂ ਬਹੁਤ ਅਰਸੇ ਬਾਅਦ ਅੱਜ ਉਹ ਆਪਣੇ ਅੱਬਾ ਦਾ ਹੱਥ ਆਪਣੇ ਸਿਰ ‘ਤੇ ਮਹਿਸੂਸ ਕਰ ਰਹੀ ਸੀ ਜਾਂ ਆਪਣੇ ਵੱਡੇ ਭਰਾ ਦੇ ਮੋਢੇ ‘ਤੇ ਸਿਰ ਰੱਖ ਰੋ ਰਹੀ ਸੀ। ਅਮੀਰ ਖਾਨ ਨੇ ਉਸ ਨੂੰ ਚੁੱਪ ਨਾ ਕਰਾਇਆ । ਉਹ ਚਾਹੁੰਦਾ ਸੀ ਗੁਲਬਾਨੋ ਦੇ ਦਿਲ-ਮਨ ਅੰਦਰ ਨਫਰਤ ਦਾ ਜੋ ਨਾਸੂਰ ਬਣ ਗਿਆ ਸੀ, ਉਹ ਹੰਝੂਆਂ ਰਾਹੀ ਨਿਕਲ ਜਾਵੇ । ਗੁਲਬਾਨੋ ਬਹੁਤ ਦੇਰ ਤੱਕ ਰੋਂਦੀ ਰਹੀ। ਥੱਕ ਗਈ ਤਾਂ ਚੁੰਨੀ ਦੇ ਪਲੜੇ ਨਾਲ ਮੂੰਹ ਪੂੰਝਣ ਲੱਗੀ…।
“ਗਮ ਨਾ ਕਰ “…ਮੇਰੇ ਹੁੰਦੇ ਕੋਈ ਤੂਫਾਨ ਤੈਨੂੰ ਉਡਾ ਕੇ ਨਹੀ ਲਿਜਾ ਸਕਦਾ।….. “ਇਸ਼ਕ ਹਕੀਕੀ ਤੇ ਮਾਜਾਜੀ ਦਾ ਫਰਕ ਨਹੀਂ ਮਲੂਮ ਤੈਨੂੰ…ਅਨਜਾਨ ਏਂ ਤੂੰ “..! ਅਮੀਰ ਖਾਨ ਦੇ ਅਰਮਾਨਾਂ ਨੇ ਸਿਰ ਚੁਕਿਆ ।
“ਕਿਹੜਾ ਇਸ਼ਕ”…! ਗਲ ਪਿਆ ਢੋਲ ਵਜਾ ਰਹੇ ਹੋਂ ਤੁਸੀ। ਇਕ ਮਰੇ ਹੋਏ ਰਿਸ਼ਤੇ ਨੂੰ ਨਿਭਾ ਰਹੇ ਹੋ…..ਜਿਸ ਦਾ ਕੋਈ…!! ਗੁਲਬਾਨੋ ਨੇ ਗੱਲ ਪੂਰੀ ਨਹੀਂ ਕਤੀ ਸੀ ਕਿ ਅਮੀਰ ਨੇ ਆਪਣਾ ਹੱਥ ਉਸ ਦੇ ਮੂੰਹ ਤੇ ਰੱਖ ਦਿਤਾ…..।
“ਮਰਿਆਂ ਹੋਇਆਂ ਦੇ ‘ਤਾਂ ਤਾਜਮਹਿਲ ਬਣਾਏ ਨੇ…ਬਣਾਉਣ ਵਾਲਿਆਂ ਨੇ….ਪਿਆਰ ਦੀ ਕੋਈ ਹੱਦ ਨਹੀ ਹੁੰਦੀ ਗੁਲਬਾਨੋ “….ਅਮੀਰ ਨੇ ਉਸਨੂੰ ਆਪਣੇ ਸੀਨੇ ਨਾਲ ਲਗਾ ਲਿਆ, ਉਹ ਕੁਝ ਨਾ ਬੋਲੀ ।
“ਅੱਜ ਆਪਣਾ ਅਸਲ ਨਿਕਾਹ ਹੋਇਆ ਏਂ ਜਦੋਂ ਦੋ ਦਿਲਾਂ ਨੇ ਇੱਕ ਦੂਜੇ ਨੂੰ ਕਬੂਲ ਕੀਤਾ ਏਂ । ਜੇ ਦਿਲ ਨਾ ਮੰਨੇ ਤਾਂ ਨਿਕਾਹ ਨਹੀ ਜਬਰਜਿਨਾਹ ਹੁੰਦਾਂ ਏਂ । ਗੁਲਬਾਨੋ ਮੈਨੂੰ ਇਸ ਗੁਨਾਹ ਤੋਂ ਅੱਜ ਤੂੰ ਬਚਾ ਲਿਆ …। ਅਮੀਰ ਨੇ ਆਪਣਾ ਮੂੰਹ ਉਸਦੇ ਮੂੰਹ ਨਾਲ ਜੋੜਿਆ ।
“ਊਈ ਅੱਲਾਹ”….ਉਹ ਸਮੀਰ ਦੇ ਸੀਨੇ ਨਾਲ ਜੁੜੀ ਸਟਪਟਾਈ ।
“ਕੀ ਹੋਇਆ “…!! ਅਮੀਰ ਵੀ ਘਬਰਾ ਗਿਆ ।
“ਦਾੜ੍ਹੀ ਚੁੱਭਦੀ ਏਂ “ਗੁਲਬਾਨੋ ਨੇ ਆਪਣੀ ਕੋਮਲ ਗਲ ‘ਤੇ ਹੱਥ ਫੇਰਿਆ ।
“ਦਾੜ੍ਹੀ ਕਟਵਾਂ ਦਿੰਦਾਂ ਹਾਂ “ਅਮੀਰ ਅੱਖਾਂ, ਚ’ ਅੱਖੀ ਪਾਈ ਮਸਕਰਾਇਆ ।
“ਮੇਰੇ ਮੌਲ੍ਹਾ..ਇਸ ਨਾਚੀਜ਼ ਲਈ ਦਾੜ੍ਹੀ ਕਟਵਾਓਗੇ “…! ਗੁਲਬਾਨੋ ਨੇ ਅਦਾ ਨਾਲ ਪੁੱਛਿਆ ।
“ਇਸ਼ਕ ਵਿੱਚ ਤਾਂ ਸਿਰ ਕੱਟ ਜਾਂਦੇ ਨੇ, ਦਾੜ੍ਹੀ ਤਾਂ ਮਾਮੂਲੀ ਚੀਜ਼ ਏਂ ਤੇਰੇ ਲਈ ਗੁਲਬਾਨੋ “ਅਮੀਰ ਦਾ ਹਾਸ਼ਾ ਰਾਤ ਦੇ ਹਨੇਰੇ ਵਿੱਚ ਦੂਰ ਦੂਰ ਤੱਕ ਉਡਿਆ, ਅਤੇ ਇਸੇ ਹਾਸੇ ਵਿੱਚ ਉਡ ਗਿਆ ਦੋਹਾਂ ਦੇ ਜਿਸਮਾਂ ਵਿੱਚਕਾਰਲਾਂ ਫਾਸਲਾ । ਦੋਹੇਂ ਇੱਕ-ਦੂਜੇ ਨੂੰ ਲਿਪਟੇ, ਹਾਸਿਆ, ਚ’ ਗੁਆਚੇ ਪੌੜੀਆਂ ਉਤਰਦੇ ਆਪਣੇ ਕਮਰੇ, ਚ’ ਚਲੇ ਗਏ ।
ਅਮੀਰ ਖਾਨ ਦੀ ਹਵੇਲੀ ਵਿੱਚ ਮੁੜ ਤੋਂ ਬਹਾਰ ਆ ਗਈ ਸੀ। ਮਹਿਕਾਂ ਦੀਆ ਸੁਗੰਧੀਆਂ ਨਾਲ ਹਵੇਲੀ ਦੀਆ ਕੰਧਾਂ ਜਿਵੇਂ ਜਗ-ਮਗਾ ਰਹੀਆ ਹੋਣ । ਨੌਕਰਾਂ ਚਾਕਰਾਂ ਦੇ ਵੀ ਚਿਹਰਿਆਂ ‘ਤੇ ਵੀ ਰੌਣਕਾ ਪ੍ਰਤ ਆਈਆ । ਘਰ ਦੀ ਘੁੱਟਣ ਖਤਮ ਹੋ ਗਈ । ਮੀਆਂ-ਬੀਵੀ ਦੇ ਪਿਆਰ ਨੇ ਸੁੰਨੀ ਹਵੇਲੀ ਆਬਾਦ ਕਰ ਦਿਤੀ ਵਕਤ ਗੁਜ਼ਰਦਾ ਰਿਹਾ । ਗੁਲਬਾਨੋ ਦੇ ਤਿੰਨ ਸਾਲਾਂ ਵਿੱਚ ਤਿੰਨ ਲੜਕੀਆਂ ਪੈਦਾ ਹੋਈਆ । ਨਹੀਦਾ, ਫਰੀਦਾ ਤੇ ਵਹੀਦਾ । ਦਸ ਸਾਲਾਂ ਬਾਅਦ ਜਾ ਕੇ ਪੈਦਾ ਹੋਇਆ ਸੀ ਸਮੀਰ । ਅਮੀਰ ਖਾਨ ਦਾ ਪੁੱਤਰ ਸਮੀਰ ਖਾਨ । ਹਵੇਲੀ ਦਾ ਵਾਰਿਸ਼, ਮਾਲਿਕ । ਭਾਵੇਂ ਬੇਟੀਆ ਦੇ ਪੈਦਾ ਹੋਣ ‘ਤੇ ਵੀ ਅਮੀਰ ਖਾਨ ਨੇ ਦਾਅਵਤਾਂ ਦਿੱਤੀਆ ਸੀ, ਪਰ ਪੁੱਤਰ ਦੇ ਜਨਮ ਉਤੇ ਜਸ਼ਨ ਮਨਾਏ ਗਏ । ਕਿਉ ਜੋ ਹਵੇਲੀ ਦਾ ਵਾਰਿਸ਼ ਪੈਦਾ ਹੋਇਆ ਸੀ। ਲੱਖਾਂ ਦੀ ਜਾਇਦਾਤ ਦਾ..ਮਾਲਕ।
ਗੁਲਬਾਨੋ ਹੁਣ ਮੁਕੰਮਲ ਔਰਤ ਬਣ ਗਈ ਸੀ। ਬੱਚਿਆਂ ਦੀ ਪਰਵਰਿਸ਼ ਤੇ ਘਰ ਦੇ ਕੰਮਾਂਕਾਰਾ ਕਾਰਨ ਉਸਨੂੰ ਆਪਣੇ ਬਾਰੇ ਸੋਚਣ ਦੀ ਫੁਰਸ਼ਤ ਨਹੀ ਸੀ। ਵਕਤ ਦੇ ਨਾਲ ਬੇਟੀਆ ਜੁਆਨ ਹੋਈਆ, ਰਿਸ਼ਤੇ ਲੱਭਕੇ ਵਿਆਹ ਕਰ ਦਿਤੇ। ਉਹ ਆਪਣੇ ਘਰ ਚਲੀਆ ਗਈਆ।
ਸੁਮੀਰ ਹਾਲੇ ਕਾਲਿਜ ਵਿੱਚ ਹੀ ਪੜ੍ਹਦਾ ਸੀ ਕਿ ਅਮੀਰ ਖਾਨ ਲੰਮੀ ਬਿਮਾਰੀ ਤੋਂ ਬਾਅਦ ਅੱਲਾਹ ਨੂੰ ਪਿਆਰਾ ਹੋ ਗਿਆ। ਗੁਲਬਾਨੋ ਦਾ ਇੱਕੋ-ਇੱਕ ਸਾਥੀ ਉਸਦਾ “ਮਿਜ਼ਾਜੀ ਖੁਦਾ”ਇਸ ਦੁਨੀਆ ਤੋਂ ਚਲਾ ਗਿਆ ਸੀ। ਪਰ ਗੁਲਬਾਨੋ ਨੇ ਸੁਮੀਰ, ਹਵੇਲੀ ਤੇ ਜਾਇਦਾਤ ਦੀ ਜੁੰਮੇਂਵਾਰੀ ਖਾਤਿਰ ਆਪਣੇ ਆਪ ਨੂੰ ਫਿਰ ਤੋਂ ਸੰਭਾਲਿਆਂ । ਗੁਲਬਾਨੋ ਅਤੇ ਸੁਮੀਰ ਇੱਕਲੇ ਰਹਿ ਗਏ ਕਿਲ੍ਹੇ ਵਰਗੀ ਹਵੇਲੀ ਵਿੱਚ। ਬਾਹਰਲੀ ਦੁਨੀਆਂ ਨਾਲ ਉਸਦਾ ਕੋਈ ਰਾਬਤਾ ਨਹੀ ਸੀ। ਅਮੀਰ ਖਾਨ ਨੇ ਕਦੇ ਉਸਨੂੰ ਮਜਬੂਰ ਵੀ ਨਹੀ ਕੀਤਾ ਸੀ ਕਿ ੳਸਦੇ ਪ੍ਰਵਾਰ ਤੇ ਸ਼ਰੀਕੇ ਨੂੰ ਮਿਲੇ ।
ਸਮੀਰ ਜਦੋ ਕਾਨੂੰਨ ਦੀ ਪੜ੍ਹਾਈ ਕਰਨ ਲਾਹੌਰ ਚਲਾ ਗਿਆ ਤਾਂ ਗੁਲਬਾਨੋ ਇਕ ਵਾਰ ਫਿਰ ਤਨਹਾ ਹੋ ਗਈ । ਉਦਾਸੀਆਂ ਨੇ ਫੇਰ ਘੇਰ ਲਿਆ ਸੀ ਗੁਲਬਾਨੋ ਨੂੰ । ਇਕੋ ਆਸ਼ ਤੇ ਜੀਅ ਰਹੀ ਸੀ ਕਿ ਛੇਤੀ ਹੀ ਸ਼ਮੀਰ ਪੜ੍ਹਾਈ ਪੂਰੀ ਕਰਕੇ ਘਰ ਵਾਪਸ ਆ ਜਾਵੇਗਾ। ਉਸਦੀ ਸ਼ਾਦੀ ਕਰਾਗੀ ਤੇ ਸੁੰਨੀ ਹਵੇਲੀ ਮੁੜ ਆਬਾਦ ਹੋ ਜਾਵੇਗੀ।
ਸਮੀਰ ਪੜ੍ਹਾਈ ਕਰਨ ਗਿਆ, ਆਪਣੀ ਜ਼ਿੰਦਗੀ ਦਾ ਫੈਸਲਾ ਵੀ ਕਰ ਆਇਆ ਸੀ। “ਫਿਰੋਜ ਖਾਨ”ਦੀ ਧੀ ਫਿਰਦੋਸ਼ ਨਾਲ ਇਸ਼ਕ ਹੋ ਗਿਆ ਸੀ, ਜੋ ਉਸਦੀ ਕਲਾਸ ਵਿੱਚ ਹੀ ਪੜ੍ਹਦੀ ਸੀ। ਗੁਲਬਾਨੋ ਨੂੰ ਪਤਾ ਲੱਗਿਆ ਤਾਂ ਜਿਵੇ ਉਸਦੇ ਸਿਰ ਤੇ ਬਿਜਲੀ ਗਿਰੀ । ਲੱਗਿਆ ਜਿਵੇਂ 35 ਸਾਲ ਪਹਿਲਾਂ ਗੁਜ਼ਰਿਆਂ ਹਾਦਸਾ ਮੁੜ ਸਾਹਮਣੇ ਆ ਗਿਆ ਹੋਵੇ । ਸਮੀਰ, ਫਿਰਦੌਸ਼ ਨਾਲ ਨਿਕਾਹ ਕਰਨ ਦਾ ਫੈਸਲਾ ਕਰੀ ਬੈਠਾ ਸੀ। ਗੁਲਬਾਨੋ ਨੂੰ ਸਮਝ ਨਹੀ ਆ ਰਹੀ ਸੀ ਕਿ ਜਵਾਨ ਪੁੱਤਰ ਨੂੰ ਅਣਹੋਣੀ ਤੋਂ ਕਿਵੇ ਰੋਕੇ ।
“ਸਮੀਰ ਪੁੱਤਰ….ਉਸ ਖਾਨਦਾਨ ਨਾਲ ਸਾਡੀ ਬੜੀ ਪੁਰਾਣੀ ਦੁਸ਼ਮਣੀ ਏਂ “…..ਗੁਲਬਾਨੋ ਨੇ ਸਮੀਰ ਨੂੰ ਸਮਝਾਇਆ ।
“ਦੁਸ਼ਮਣੀ ਨੂੰ ਦੋਸਤੀ ਵਿੱਚ ਬਦਲ ਦੇਣਾ ਚਾਹੀਦਾ ਏ ਅੰਮੀ-ਜਾਨ ਜੀ “….ਸਮੀਰ ਨੇ ਮਾਂ ਦੀ ਗੱਲ ਮੋੜੀ ।
“ਮੇਰੇ ਪੁੱਤਰ, ਤੇਰੇ ਅੱਬਾ-ਜਾਨ ਜ਼ਿੰਦਾ ਹੁੰਦੇ ਤਾਂ ਉਨ੍ਹਾਂ ਨੂੰ ਬੜਾ ਦੁੱਖ ਹੋਣਾ ਸੀ ਕੇ ਤੂੰ ਕਿਸ ਕਾਰਨਾਮੇ ਨੂੰ ਅੰਜ਼ਾਮ ਦੇਣ ਜਾ ਰਿਹਾਂ ਏਂ…!! ਗੁਲਬਾਨੋ ਨੇ ਸਖਤ ਆਵਾਜ਼, ਚ’ ਸਮੀਰ ਨੂੰ ਤਾੜਿਆ ।
“ਅੱਬਾਜਾਨ ਨੇ ਤਾਂ ਬਹੁਤ ਖੁਸ਼ ਹੋਣਾ ਸੀ ਅੰਮੀ”…ਉਹ ਤਾਂ ਇੰਨਕਲਾਬੀ ਇਨਸਾਨ ਸਨ । ਮੈਂ ਤਾਂ ਫਿਰੋਜ ਅੰਕਲ ਦੀ ਪੜ੍ਹੀ ਲਿਖੀ ਬੇਟੀ ਨਾਲ ਨਿਕਾਹ ਕਰ ਰਿਹਾਂ ਹਾਂ । ਪਰ ਅੱਬਾਜਾਨ ਨੇ ਤਾਂ ਅੰਕਲ ਫਿਰੋਜ਼ ਦੀ ਠੁਕਰਾਈ ਹੋਈ ਮਾਸ਼ੂਕ ਗੁਲਬਾਨੋ ਦਾ ਹੱਥ ਫੜ ਲਿਆਂ ਸੀ । ਸਮੀਰ ਨੇ ਮਜ਼ਾਕ ਕੀਤਾ ।
ਪਰ ਗੁਲਬਾਨੋ ਦੇ ਜਿਵੇਂ ਸੀਨੇ ਵਿੱਚ ਤੀਰ ਲੱਗਿਆ ਹੋਵੇ । “ਸਮੀਰ”…ਗੁਲਬਾਨੋ ਦੇ ਹੋਂਠ ਕੰਬੇ ਅਤੇ ਥਰਥਰਾਏ ।
ਮੁੜ, ਮਾਂ-ਪੁੱਤਰ ਵਿੱਚਕਾਰ ਗੱਲ ਨਾ ਹੋਈ । ਸਮੀਰ, ਅੰਮੀ ਦੀਆਂ ਭਾਵਨਾਵਾਂ ਨੂੰ ਕਤਲ ਕਰਕੇ ਫਿਰਦੌਸ਼ ਨਾਲ ਨਿਕਾਹ ਕਰਕੇ ਵਲਾਇਤ ਚਲਾ ਗਿਆ । ਫਿਰੋਜ਼ ਦੀ ਹਵੇਲੀ ਨਿਕਾਹ ਹੋਇਆ । ਉਸ ਹਵੇਲੀ ਵਿੱਚ ਜਿਥੋਂ ਗਲਬਾਨੋ ਨੂੰ ਬੇਇੱਜ਼ਤ, ਬੇਆਬਰੂ ਕਰਕੇ ਕੱਢਿਆ ਸੀ । ਗੁਲਬਾਨੋ ਤੇ ਉਸ ਦੀਆਂ ਧੀਆਂ ਸਮੀਰ ਦੇ ਨਿਕਾਹ, ਚ’ਸ਼ਰੀਕ ਨਹੀ ਹੋਈਆ ।
ਸਮੀਰ ਇੰਗਲੈਂਡ ਜਾਣ ਤੋਂ ਪਹਿਲਾਂ ਆਪਣੀ ਬੀਵੀ ਨਾਲ ਮਿਲਣ ਆਇਆ ਸੀ। ਪਰ ਗੁਲਬਾਨੋ ਨੇ ਨੌਕਰ ਤੋਂ ਕਹਿਲਵਾ ਦਿਤਾ ਸੀ ਕਿ ਬੇਗ਼ਮ ਸਾਹਿਬਾਂ ਦੀ ਤਬੀਅਤ ਠੀਕ ਨਹੀ ਏਂ । ਪੁੱਤਰ ਦੇ ਮੱਥੇ ਨਹੀ ਲੱਗੀ ਸੀ ਉਹ ।
ਬਾਕੀ ਦੁਨੀਆਂ ਵਾਂਗ ਆਪਣੇ ਇੱਕਲੌਤੇ ਪੁੱਤਰ ਨਾਲੋਂ ਵੀ ਨਾਤਾ ਤੋੜ ਲਿਆ ਸੀ। ਹਨੇਰੀ ਹਵੇਲੀ ਦਾ ਚਿਰਾਗ ਤੇ ਇੱਕਲੌਤਾ ਵਾਰਿਸ ਹਵੇਲੀ ਦੇ ਦਰਵਾਜ਼ੇ ਤੋਂ ਵਾਪਿਸ ਮੋੜ ਦਿਤਾ ਗਿਆ ਸੀ।
ਉਮਰ ਬੀਤ ਰਹੀ ਸੀ। ਗੁਲਬਾਨੋ ਕੋਲ ਸਮੀਰ ਦੇ ਕਈ ਸੁਨੇਹੇ ਆਏ, ਮੁਆਫੀਆਂ ਮੰਗੀਆਂ ਗਈਆਂ । ਇੰਗਲੈਂਡ ਦੀ ਟਿੱਕਟ, ਪੌਡਾਂ ਦੇ ਮਨੀਆਰਡਰ ਤੇ ਬੱਚਿਆਂ ਦੇ ਪਿਆਰ ਦੇ ਵਾਸਤੇ ਦਿਤੇ ਗਏ । ਪਰ ਗੁਲਬਾਨੋ ਨੇ ਕਦੀ ਕੋਈ ਜੁਵਾਬ ਨਾ ਦਿਤਾ। ਦਰਿਆ ਜਿਹਲਮ ਵਾਂਗ ਹੋ ਗਈ ਸੀ ਉਹ…ਜਿਸਦੇ ਵਿਚੋਂ ਤੂਫਾਨ ਲੰਘਦੇ ਸੀ, ਪਰ ਕੰਢੇ ਨਹੀ ਹਿਲਦੇ ਸੀ। ਇਸ ਹਵੇਲੀ ਵਾਂਗ ਮਜਬੂਤ ਬਣ ਗਈ ਸੀ ਉਹ…ਜਿਸਦੀ ਛੱਤ ‘ਤੇ ਖੜ੍ਹੋ ਕੇ ਉਹ ਆਕਾਸ਼ ਨਾਲ ਗੱਲਾਂ ਕਰਦੀ ਸੀ ਤੇ ਧਰਤੀ ਦੇ ਲੋਕਾਂ ਦੀ ਉਸ ਤੱਕ ਕੋਈ ਪਹੁੰਚ ਨਹੀ ਸੀ।

...
...

ਕਿਸੇ ਗੱਲੋਂ ਦੋਹਾਂ ਪਿਓ ਪੁੱਤਰਾਂ ਵਿਚ ਸ਼ੁਰੂ ਹੋਈ ਬਹਿਸ ਹੁਣ ਗੰਭੀਰ ਰੂਪ ਧਾਰਨ ਕਰ ਗਈ।।
ਮੰਜੇ ਤੇ ਬਿਮਾਰ ਪਈ ਮਾਂ ਡਿੱਗਦੀ ਢਹਿੰਦੀ ਉੱਠ ਕੇ ਬਾਹਰ ਆਈ ਤੇ ਦੋਹਾਂ ਵਿਚ ਆ ਕੇ ਖੜ ਗਈ।।
ਪੁੱਤ ਅੱਗੇ ਹੱਥ ਜੋੜਦੀ ਹੋਈ ਉਸਨੂੰ ਚੁੱਪ ਹੋਣ ਦੇ ਵਾਸਤੇ ਪਾਉਣ ਲੱਗੀ।।ਪਰ ਸ਼ਰੀਕਾਂ ਦੀ ਪੁੱਠ ਤੇ ਚੜਿਆ ਪੁੱਤ ਸੀ ਕੇ ਟੱਸ ਤੋਂ ਮੱਸ ਹੋਣ ਦਾ ਨਾਮ ਨਹੀਂ ਸੀ ਲੈ ਰਿਹਾ।।

“ਮੈਨੂੰ ਬੱਸ ਵੱਖ ਕਰ ਦਿਓ।।ਜਮੀਨ ਜਾਇਦਾਤ ਡੰਗਰ ਪੈਸਾ ਧੇਲਾ ਸਭ ਕੁਝ ਵੰਡ ਦਿਓ।।ਹੁਣ ਮੇਰਾ ਇਸ ਘਰ ਵਿਚ ਦਮ ਘੁਟਦਾ ਏ।।”

ਹੋਰ ਵੀ ਕਿੰਨੀਆਂ ਸਾਰੀਆਂ ਗੱਲਾਂ ਆਖ ਜਦੋਂ ਘਰੋਂ ਬਾਹਰ ਨੂੰ ਤੁਰਨ ਲਗਿਆ ਤਾਂ ਬਾਪ ਨੇ ਪਿੱਛਿਓਂ ਵਾਜ ਮਾਰ ਲਈ।।ਆਖਣ ਲੱਗਾ “ਪੁੱਤਰਾ ਜਾਂਦਾ ਜਾਂਦਾ ਬਾਹਰ ਪਾਰਕ ਵਿਚ ਵੀ ਨਜਰ ਮਾਰਦਾ ਜਾਵੀਂ।।”

“ਕੀ ਹੋਇਆ ਏ ਪਾਰਕ ਵਿਚ”।।ਗੁੱਸੇ ਵਿਚ ਸਵਾਲ ਪੁੱਛਿਆ

“ਪੁੱਤ ਰਾਤੀਂ ਤੇਜ ਹਨੇਰੀ ਵਗੀ ਸੀ।।ਕਿੰਨੇ ਸਾਰੇ ਉਚੇ ਰੁੱਖ ਜੜੋਂ ਉਖੜ ਕੇ ਹੇਠਾਂ ਡਿੱਗੇ ਪਏ ਨੇ।।ਪਰ ਨਿੱਕੇ ਕਦ ਵਾਲਾ ਕਿੰਨਾ ਸਾਰਾ ਹਰਾ ਭਰਾ ਘਾਹ ਅਜੇ ਵੀ ਵਗੀ ਜਾਂਦੀ ਤੇਜ ਪੌਣ ਅੱਗੇ ਸੀਨਾ ਡਾਹ ਉਸਨੂੰ ਵੰਗਾਰਦਾ ਪਿਆ ਏ”

ਬਾਪ ਦੇ ਕਾਲਜੇ ਵਿਚੋਂ ਜਜਬਾਤ ਬਣ ਨਿੱਕਲੇ ਇਹ ਬੋਲ ਪੁੱਤ ਦੇ ਅੰਦਰੂਨੀ ਵਜੂਦ ਤੇ ਬਿਜਲੀ ਬਣ ਡਿੱਗੇ ਤਾਂ ਜਰੂਰ ਪਰ ਇਸ ਵਾਰ ਸੜਿਆ ਕੁਝ ਨਹੀਂ ਸਗੋਂ ਚਿਰਾਂ ਤੋਂ ਬਲਦੇ ਭਾਂਬੜ ਇੱਕਦਮ ਠੰਡੇ ਜਿਹੇ ਪੈ ਗਏ।

ਹਰਪ੍ਰੀਤ ਸਿੰਘ ਜਵੰਦਾ

...
...

ਸਰਦਾਰ ਸਾਬ ਦੀ ਇੱਕ ਅਜੀਬ ਜਿਹੀ ਆਦਤ ਹੋਇਆ ਕਰਦੀ ਸੀ..
ਜਦੋਂ ਵੀ ਆਉਂਦੇ ਤਾਂ ਦੱਬੇ ਪੈਰੀ ਬਿਨਾ ਦੱਸਿਆ ਹੀ ਫੈਕਟਰੀ ਦਾ ਗੇੜਾ ਮਾਰ ਜਾਇਆ ਕਰਦੇ..
ਸਾਰਾ ਕੁਝ ਵੇਖ ਜਾਚ ਫੇਰ ਅਗਲੇ ਦਿਨ ਦੱਸਦੇ ਕੇ ਮੈਂ ਰਾਤੀ ਆਇਆ ਸਾਂ!

ਇੱਕ ਵਾਰ ਰਾਤ ਕੰਮ ਤੇ ਲੱਗਣ ਤੋਂ ਪਹਿਲਾਂ ਮੈਂ ਆਪਣੇ ਦਫਤਰ ਭੁੰਜੇ ਹੀ ਚਾਦਰ ਵਿਛਾ ਰਹਿਰਾਸ ਸਾਬ ਦਾ ਪਾਠ ਕਰ ਰਿਹਾ ਸਾਂ ਕੇ ਬਾਹਰ ਬਿੜਕ ਜਿਹੀ ਹੋਈ..

ਦੇਖਿਆ ਤਾਂ ਸਰਦਾਰ ਹੂਰੀ ਖਲੋਤੇ ਸਨ..

ਆਖਣ ਲੱਗੇ ਮਾਨ ਸਿਆਂ ਗੱਲ ਕਰਨੀ ਏ ਇੱਕ ਤੇਰੇ ਨਾਲ..
ਗਹੁ ਨਾਲ ਵੇਖਿਆ..ਬੱਲਬ ਦੇ ਚਾਨਣ ਵਿਚ ਸਰਦਾਰ ਹੁਰਾਂ ਦੀਆਂ ਅੱਖਾਂ ਵਿਚ ਤੈਰਦਾ ਹੋਇਆ ਨਮੀਂ ਦਾ ਸਮੁੰਦਰ ਸਾਫ ਦਿਸ ਰਿਹਾ ਸੀ..

ਕਾਹਲੀ ਨਾਲ ਗੁਟਕਾ ਸਾਬ ਰੁਮਾਲ ਵਿਚ ਲਪੇਟਦੇ ਹੋਏ ਨੇ ਪੁੱਛ ਲਿਆ ਸਾਬ ਜੀ ਕੀ ਗੱਲ ਏ..ਸਭ ਸੁਖ-ਸਾਂਦ ਤੇ ਹੈ?

ਓਹਨਾ ਅੱਖਾਂ ਸਾਫ ਕੀਤੀਆਂ..ਤੇ ਫੇਰ ਆਖਣ ਲੱਗੇ ਕੇ ਯਾਰ ਜਦੋਂ ਤੇਰੇ ਕਮਰੇ ਵਿਚ ਆਇਆ ਸਾਂ ਤੇ ਦੇਖਿਆ ਤੂੰ ਬਾਣੀ ਪੜਨ ਵਿਚ ਮਗਨ ਸੈਂ..ਫੇਰ ਬਾਹਰ ਨੂੰ ਗਿਆ ਤਾਂ ਦੇਖਿਆ ਭੱਠੀ ਤੇ ਕੰਮ ਕਰਦੇ ਉਹ ਦੋਵੇਂ ਪਿਓ-ਪੁੱਤ ਥੱਲੇ ਭੋਏਂ ਤੇ ਪਰਨਾ ਵਿਛਾ ਕੇ ਆਰਾਮ ਨਾਲ ਇੱਕਠੇ ਬੈਠ ਰਾਤ ਦਾ ਰੋਟੀ-ਟੁੱਕ ਖਾ ਰਹੇ ਸਨ..

ਓਹਨਾ ਅੱਗੇ ਪਈਆਂ ਰੋਟੀਆਂ,ਕੁੱਟੀ ਹੋਈ ਚਟਨੀ ਅਤੇ ਤੇ ਹੋਰ ਵੀ ਕਿੰਨਾ ਸਾਰਾ ਨਿੱਕ ਸੁੱਕ ਦੇਖ ਉਹ ਸਾਰੇ ਪਕਵਾਨ ਚੇਤੇ ਆ ਗਏ ਜਿਹੜੇ ਡਾਕਟਰਾਂ ਨੇ ਖਰਾਬ ਸਿਹਤ ਦੇ ਚੱਲਦਿਆਂ ਸਦਾ ਲਈ ਖਾਣ ਤੋਂ ਮਨਾ ਕੀਤੇ ਹੋਏ ਨੇ..ਨਾਲ ਹੀ ਹਮੇਸ਼ਾਂ ਹੀ ਵਿਦੇਸ਼ੀ ਟੂਰਾਂ ਤੇ ਨਿੱਕਲਿਆ ਰਹਿੰਦਾ ਤੇਰਾ ਨਿੱਕਾ ਸਰਦਾਰ ਚੇਤੇ ਆ ਗਿਆ..ਪਤਾ ਨੀ ਕਿੰਨਾ ਚਿਰ ਹੋ ਗਿਆ ਸਾਨੂੰ ਦੋਹਾਂ ਨੂੰ ਇਕੱਠਿਆਂ ਕੋਲ ਕੋਲ ਬੈਠ ਰੋਟੀ ਖਾਦਿਆਂ ਨੂੰ..ਮੈਨੂੰ ਤੇ ਇਹ ਵੀ ਨਹੀਂ ਪਤਾ ਹੁਣ ਹੈ ਕਿਹੜੇ ਮੁਲਖ ਵਿਚ ਓ..!

ਤੈਨੂੰ ਪਾਠ ਕਰਦੇ ਨੂੰ ਵੇਖ ਅੰਦਰੋਂ ਫਿਟਕਾਰ ਜਿਹੀ ਪਈ ਕੇ ਯਾਦ ਕਰ ਵੱਡਿਆ ਸਰਦਾਰਾ..ਆਖਰੀ ਵਾਰ ਤੂੰ ਖੁਦ ਇੰਝ ਭੋਏਂ ਤੇ ਬੈਠ ਕੇ ਪਾਠ ਕਦੋਂ ਕੀਤਾ ਸੀ?

ਲੋਰ ਵਿਚ ਆਏ ਸਰਦਾਰ ਜੀ ਗੱਲਾਂ ਕਰੀ ਜਾ ਰਹੇ ਸਨ..
ਆਹਂਦੇ ਯਾਰ ਲੋਕੀ ਮੈਨੂੰ ਰਾਜਾ ਸਮਝਦੇ ਨੇ ਪਰ ਸੱਚ ਪੁਛੇਂ ਤਾਂ ਮੇਰੇ ਪੱਲੇ ਬੱਸ “ਭਟਕਣ” ਹੀ ਰਹਿ ਗਈ ਏ..
ਓਹੀ ਭਟਕਣ ਜਿਸਨੂੰ ਬਾਹਰੀ ਦੁਨੀਆ ਅਮੀਰੀ ਅਤੇ ਵੱਡੇਪਣ ਦਾ ਨਾਮ ਦਿੰਦੀ ਏ..ਸਿਜਦੇ ਸਲਾਮਾਂ ਕਰਦੀ ਏ..ਰੋਹਬ ਮੰਨਦੀ ਏ..ਅਤੇ ਜਿਹੜੀ ਹਮੇਸ਼ਾਂ ਹੀ ਮੇਰੇ ਵਰਗਿਆਂ ਨੂੰ ਇਸ ਭਰਮ ਭੁਲੇਖੇ ਵਿਚ ਪਾਈ ਰੱਖਦੀ ਏ ਕੇ ਕੋਲ ਜਿੰਨੀ ਜਿਆਦਾ ਮਾਇਆ ਆਵੇਗੀ ਓਨੇ ਹੀ ਵੱਧ ਸੁਖੀ ਅਤੇ ਖੁਸ਼ ਹੋਵਾਂਗੇ..
ਬਸ ਮ੍ਰਿਗ ਤ੍ਰਿਸ਼ਨਾ ਹੀ ਹੈ ਜਿਹੜੀ ਦਿਨੋਂ ਦਿਨ ਵਧੀ ਹੀ ਜਾਂਦੀ ਏ..ਥੰਮਣ ਦਾ ਨਾਮ ਹੀ ਨਹੀਂ ਲੈਂਦੀ..ਪਰ ਹੁਣ ਮੈਂ ਥੱਕ ਗਿਆ ਹਾਂ..ਕਈ ਵਾਰ ਸੋਚਦਾ ਦੋ ਘੜੀਆਂ ਤੇਰੇ ਵਾਂਙ ਬੈਠ ਆਰਾਮ ਕਰ ਲਵਾਂ ਪਰ ਫੇਰ ਬੇ-ਲਗਾਮ ਹੋ ਚੁੱਕਾ ਮਨ ਅੰਦਰੋਂ ਅਵਾਜ ਦਿੰਦਾ ਏ..ਨਾ-ਨਾ ਆਰਾਮ ਨਾ ਕਰੀਂ..ਪਿੱਛੇ ਰਹਿ ਜਾਵੇਂਗਾ..ਬਾਕੀ ਅਗਾਂਹ ਨਿੱਕਲ ਤੇਰਾ ਮੌਜੂ ਉਡਾਉਣਗੇ..ਮੈਂ ਫੇਰ ਅੰਨੀ ਸੁਰੰਗ ਵਿਚ ਭੱਜ ਉੱਠਦਾ ਹਾਂ..

ਰਾਤੀ ਸੁੱਤੇ ਪਿਆ ਵੀ ਬੱਸ ਇਹੋ ਫਿਕਰ ਖਾਈ ਜਾਂਦਾ ਏ ਕੇ ਪਤਾ ਨੀ ਫਰੀਦਾਬਾਦ ਫੈਕਟਰੀ ਵਿਚ ਮਾਲ ਪੁੱਜਾ ਏ ਕੇ ਨਹੀਂ..ਨੋਇਡਾ ਵਾਲੀ ਵਿਚ ਲੇਬਰ ਆਈ ਕੇ ਨਹੀਂ..ਲੁਧਿਆਣੇ ਕੰਮ ਸ਼ੁਰੂ ਹੋਇਆ ਕੇ ਨਹੀਂ..ਸ਼ੇਅਰ ਮਾਰਕੀਟ ਡਿੱਗ ਤਾਂ ਨਹੀਂ ਪਈ ਰਾਤੋ ਰਾਤ?

ਡਾਕਟਰ ਜਦੋਂ ਵੇਲੇ ਕੁਵੇਲੇ ਕਾਲ ਕਰ ਲਵੇਂ ਤਾਂ ਤਰਾਹ ਨਿੱਕਲ ਜਾਂਦਾ..ਕਿਧਰੇ ਟੈਸਟਾਂ ਦੀ ਰਿਪੋਰਟ ਤਾਂ ਨੀ ਗ਼ਲਤ ਆ ਗਈ?
ਦੋਹਾਂ ਭਰਾਵਾਂ ਵਿਚ ਵੰਡ-ਵੰਡਾਈ ਵਾਲੇ ਚੱਕਰ..ਕੋਰਟ ਵਿਚ ਚੱਲਦੇ ਕਿੰਨੇ ਸਾਰੇ ਮੁੱਕਦਮੇ..ਤੇ ਹੋਰ ਵੀ ਬੜਾ ਕੁਝ..”

ਅਖੀਰ ਵਾਹਵਾ ਚਿਰ ਕੋਲ ਬੈਠ ਮਨ ਦਾ ਸਾਰਾ ਗੁਬਾਰ ਕੱਢ ਦੂਰ ਖਲੋਤੇ ਡਰਾਈਵਰ ਨੂੰ ਵਾਜ ਮਾਰ ਲਈ..

ਫੇਰ ਤੁਰੇ ਜਾਂਦੇ ਇੱਕ ਵਾਰ ਫੇਰ ਵਾਪਿਸ ਪਰਤ ਆਏ..
ਆਖਣ ਲੱਗੇ “ਯਾਰ ਈਰਖਾ ਜਿਹੀ ਹੋਈ ਜਾਂਦੀ ਏ ਤੁਹਾਨੂੰ ਲੋਕਾਂ ਨੂੰ ਵੇਖ..ਬੱਸ ਇਹੀ ਸੋਚੀਂ ਜਾਂਦਾ ਹਾਂ ਕੇ ਪੱਲੇ ਬਹੁਤਾ ਕੁਝ ਨਾ ਹੁੰਦੇ ਹੋਏ ਵੀ ਕਿੰਨਾ ਕੀਮਤੀ ਸਰਮਾਇਆ ਸਾਂਭੀ ਬੈਠੇ ਹੋ ਤੁਸੀਂ ਲੋਕ..ਉਹ ਸਰਮਾਇਆ ਜਿਹੜਾ ਸ਼ਾਇਦ ਮੇਰਾ ਵਰਗਾ ਸਰਮਾਏਦਾਰ ਭਾਵੇਂ ਆਪਣੀ ਸਾਰੀ ਦੌਲਤ ਵੀ ਕਿਓਂ ਨਾ ਵੇਚ ਦੇਵੇ ਤਾਂ ਵੀ ਕਦੀ ਹਾਸਿਲ ਨਹੀਂ ਕਰ ਸਕਦਾ..”

ਆਪਣੀ ਗਰੀਬੀ ਅਤੇ ਤੰਗੀਆਂ ਤੁਰਸ਼ੀਆਂ ਬਾਰੇ ਸੋਚ ਅਕਸਰ ਹੀ ਰੱਬ ਨਾਲ ਸ਼ਿਕਵੇ-ਸ਼ਿਕਾਇਤਾਂ ਕਰਦੇ ਰਹਿੰਦੇ ਨੂੰ ਉਸ ਦਿਨ ਓਹਨਾ ਦੇ ਤੁਰ ਜਾਣ ਮਗਰੋਂ ਸੱਚ-ਮੁੱਚ ਹੀ ਬੜਾ ਜਿਆਦਾ ਸੁਕੂਨ ਜਿਹਾ ਮਿਲਿਆ..
ਸ਼ਾਇਦ ਜਿੰਦਗੀ ਵਿਚ ਇੰਝ ਪਹਿਲੀ ਵਾਰ ਹੋਇਆ ਕੇ ਮਹਿੰਗੀ ਜਿਹੀ ਗੱਡੀ ਵਿਚ ਬੈਠਾ ਇੱਕ ਐਸਾ ਇਨਸਾਨ ਨਜਰੀ ਪੈ ਗਿਆ ਸੀ ਜੋ ਅਸਲ ਵਿਚ ਮੇਰੇ ਨਾਲੋਂ ਵੀ ਕਿਤੇ ਵੱਧ ਜਿਆਦਾ ਗਰੀਬ ਨਿੱਕਲਿਆਂ!

(ਅਸਲ ਵਾਪਰੀ ਤੇ ਅਧਾਰਿਤ)

ਹਰਪ੍ਰੀਤ ਸਿੰਘ ਜਵੰਦਾ

...
...

ਤਮੱਨਾ ਸੀ ਕੁਝ ਲਿਖਣੇ ਦੀ,
ਟੈਲੀਵਿਜ਼ਨ , ਅਖ਼ਬਾਰਾਂ ਚ ਦਿਖਣੇ ਦੀ,
ਵਾਂਗ ਕਿਤਾਬਾਂ ਪਾਸ਼ ਦੀਆਂ, ਬਾਜ਼ਾਰ ਚ ਵਿਕਣੇ ਦੀ,
ਇਕ ਤਮੱਨਾ ਸੀ ਦਿਲ ਅੰਦਰ, ਕੁਝ ਚੰਗਾ ਲਿਖਣੇ ਦੀ ।।
ਤੇ ਮੇਰੀ ਇਹ ਤਮੱਨਾ ਮੁਕੱਮਲ ਕਿਵੇਂ ਹੋਈ ਅਗੇ ਪੜੋ—
ਗਲ ਕੁਝ ਬੀਤੇ ਸਾਲਾਂ ਦੀ ਹੈ,ਅੱਡੋ-ਅੱਡ ਲਿਖਾਰੀਆਂ ਦੇ ਗੀਤ ਸੁਣਨੇ ਦਾ ਸ਼ੌਂਕੀ ਹੋਣ ਕਾਰਣ ਮਨ ਵਿੱਚ ਖੁਦ ਕੁਝ ਲਿਖਣ ਦਾ ਸ਼ੌਂਕ ਜਨਮ ਲੈਣ ਲੱਗਾ ਸੀ । ਕਈ ਵਾਰ ਉਸ ਸਮੇਂ ਆਪਣੀ ਸੋਚ ਮੁਤਾਬਕ ਲਿਖਣਾ ਚਾਹਿਆ, ਪਰ ਹਰ ਵਾਰ ਬੇਤੁਕਿਆ ਜਾ ਰਿਹਾ । ਕਈ ਦਿਨ ਏਦਾਂ ਚਲਿਆ ਤੇ ਗਲ ਨਾ ਬਣਨ ਕਾਰਨ ਮਨ ਅਕਣ ਲੱਗਾ । ਮੇਰੇ ਬਾਪੂ ਜੀ ਅਕਸਰ ਆਖਿਆ ਕਰਦੇ ਸੀ ਕਿ , “੧੮ ਸਾਲ ਦੀ ਉਮਰ ਵਿੱਚ ਮੁੰਡਿਆ ਦੀ ਜਵਾਨੀ ਪੁੰਗਰਨ ਲਗਦੀ ਹੈ , ਤੇ ਉਹਦੋਂ ਉਹ ਹੋਸ਼ ਨਾਲ ਘਟ ਤੇ ਜੋਸ਼ ਨਾਲ ਵੱਧ ਕਮ ਲੈਂਦੇ ਹਨ“ ।ਮੇਰੇ ਤੇ ਵੀ ਉਦੋਂ ਜਵਾਨੀ ਚੜੀ ਹੀ ਸੀ ਤੇ ਇਸ਼ਕ ਦੇ ਰਾਹੇ ਪੈ ਚੁੱਕਾ ਸੀ । ਹੁਣ ਜ਼ਿਆਦਾਤਰ ਸਮਾਂ ਮੇਰਾ ਇਹਨਾ ਗੱਲਾਂ ਵਿੱਚ ਹੀ ਬੀਤਣ ਲੱਗਾ । ਰੱਬ ਵਿੱਚ ਅੰਨਾ ਵਿਸ਼ਵਾਸ਼ ਹੋਣ ਕਾਰਨ ਮੈਨੂੰ ਇੰਜ ਲਗਣ ਲੱਗਾ ਕਿ , ਇਹ ਜੋ ਕੁਝ ਵੀ ਚਲ ਰਿਹਾ ਮੇਰੇ ਲਈ ਬੋਹਤ ਚੰਗਾ
ਹੈ । ਹੁਣ ਮੈਂ ਸਾਡੇ ਰਿਸ਼ਤੇ ਨੂੰ ਬਹੁਤ ਗੰਭੀਰ ਲੈਣ ਲੱਗਾ ਸੀ ਅਤੇ ਮਨੋ-ਮਨ ਹੀ ਓੁਸਦੇ ਖਾਬ ਦੇਖਣ ਲੱਗਾ ਸੀ । ਇਸ ਸਭ ਦੇ ਚਲਦਿਆਂ ਮੈਨੂੰ ਜਮਾ ਵੀ ਅੰਦਾਜ਼ਾ ਨਹੀ ਸੀ ਕਿ , ਜਿਸਦੇ ਮੈ ਦਿਨ ਰਾਤ ਖਾਬ ਦੇਖਦਾ ਹਾਂ ਇਕ ਦਿਨ ਉਹੀ ਮੈਨੂੰ ਝੂਠੇ ਲਾਰਿਆਂ ਵਿਚ ਰੱਖ ਮੇਰੇ ਛੋਟੇ ਕਦ ਕਾਰਣ ਮੈਨੂੰ ਛੱਡ ਜਾਊਗੀ । ਇਹ ਸਭ ਕੁਝ ਜਾਣਨ ਤੋਂ ਬਾਦ ਹੌਲੀ ਹੌਲੀ ਮੇਰੇ ਮਨ ਵਿਚ ਉਹਦੇ ਲਈ ਜ਼ਹਿਰ ਭਰਨ ਲੱਗਾ ਅਤੇ ਹਰ ਇਕ ਨਾਲ ਹੀ ਮੇਰਾ ਬਰਤਾਵ ਵਿਗੜਨ ਲੱਗਾ ਸੀ । ਪਰ ਹੁਣ ਉਹਨੂੰ ਕੋਸਣ ਦੀ ਬੇਜਾਏ ਮੈਂ ਰੱਬ ਦਾ ਭਾਣਾ ਮੱਨ ਸ਼ਾਂਤ ਤੇ ਇਕੱਲਾ ਰਹਿਣ ਲੱਗਾ । ਉਸ ਇਕੱਲੇ ਪਨ ਨੇ ਮੈਨੂੰ ਦਿਲ ਵਿੱਚ ਦੱਬੇ ਜੱਜ਼ਬਾਤ ਬਾਹਰ ਕੱਡਣ ਅਤੇ ਹੱਥ ਵਿੱਚ ਕਲਮ ਚੁੱਕਣ ਲਈ ਮਜਬੂਰ ਕਰ ਦਿੱਤਾ । ਅੱਖਾਂ ਵਿੱਚ ਹੰਝੂ ਲੈ ਫਿਰ ਜਦ ਲਿਖਣਾ ਸ਼ੁਰੂ ਕਿੱਤਾ , ਦਿਲ ਵੀ ਹੌਲਾ ਹੋਣ ਲਗਾ ਤੇ ਬੇਤੁਕੀਆਂ ਸਤਰਾਂ ਦੀ ਤੁਕ ਬਣਨ ਲੱਗੀ । ਖੁਦ ਤੇ ਵਿਸ਼ਵਾਸ਼ ਨਾ ਹੋਣ ਕਾਰਣ ਮੈਂ ਆਪਣੀਆਂ ਲਿੱਖੀਆਂ ਕੁਝ ਸਤਰਾਂ ਕਰੀਬੀ ਮਿਤਰਾਂ ਵਿਚ ਖੱੜ ਕੇ ਸੁਨਾਉਣ ਲਗਾ ਅਤੇ ਉਹਨਾਂ ਮੇਰੇ ਮੋਡੇ ਤੇ ਹੱਥ ਰੱਖ ਮੈਨੂੰ ਹੌਂਸਲਾ ਅਫਜ਼ਾਈ ਦੇ ਸਹਿਰਾਇਆ । ਹੁਣ ਮੈਂ ਰੋਜ਼ ਕੁੱਛ ਨਾ ਕੱਛ ਲਿਖਦਾ ਤੇ ਪਹਿਲਾਂ ਨਾਲੋ ਖੁਸ਼ ਰਹਿਣ ਲੱਗਾ ਸੀ । ਮੈਨੂੰ ਬੀਤੀਆਂ ਕਾਲੀਆਂ ਰਾਤਾਂ ਦਾ ਦੁੱਖ ਘੱਟ ਅਤੇ ਮੁੱੜ ਚੱੜਦੇ ਸੂਰਜ ਦਾ ਸੁੱਖ ਜਿਆਦਾ ਮਹਿਸੂਸ ਹੋਇਆ ਤੇ ਮੈਨੂੰ ਇਹਸਾਸ ਹੋਣ ਲੱਗਾ ਕਿ ਉਸ ਮਾਲਕ(ਰੱਬ) ਤੇ ਭਰੋਸਾ ਰੱਖੋ , ਉਹ ਥੋਡੇ ਨਾਲ ਜੋ ਵੀ ਕਰਦਾ ਹੱਸ ਕੇ ਮੱਨੋ ਕਿਉਂਕੀ ਉਹ ਕਦੇ ਕਿਸੇ ਦਾ ਮਾੜਾ ਨਹੀ ਸੋਚਦਾ । ਸਮੇਂ ਦੇ ਨਾਲ ਮੇਰੀ ਕਲਮ ਵਿੱਚ ਕੁਝ ਸੁਧਾਰ ਆਇਆ ਤੇ “ਪ੍ਰਮਾਤਮਾ” ਦੀ ਮਿਹਰ ਸਦਕਾ ਅੱਜ-ਕੱਲ ਕੁਝ ਲੋਕਾਂ ਵਿੱਚ ਮੇਰੀ ਪਹਿਚਾਨ ਬਤੋਰ ਇਕ ਨਵੇਂ ਉਭਰਦੇ ਸ਼ਾਇਰ ਬਾਝੋਂ ਬਣ ਚੁੱਕੀ ਹੈ ।
” ਜ਼ਿੰਦਗੀ ਵਿੱਚ ਮਿਲੀਆਂ ਠੋਕਰਾਂ ਤੁਹਾਨੂੰ ਦੋ ਕਦਮ ਅੱਗੇ ਹੀ ਸੁੱਟਦੀਆ ਹਨ ਅਤੇ ਬਹੁਤ ਕੁਝ ਸਿਖਾ ਜਾਂਦੀਆ ਹਨ” ਇਸ ਲਈ ਕਦੇ ਹੌਂਸਲਾ ਨਾ ਹਾਰਿਉ ਤੇ ਰੱਬ ਤੇ ਭਰੋਸਾ ਰੱਖਿਉ ।।

ਲਿਖਾਰੀ : ਸ. ਅਰਸ਼ਦੀਪ ਸਿੰਘ

...
...

ਗੱਡੀ ਦੇ AC ਕੋਚ ਦੇ ਬਾਹਰ ਲੱਗੇ ਰਿਜਰਵੇਸ਼ਨ ਚਾਰਟ ਵਿਚ ਆਪਣਾ ਨਾਮ ਪੜਿਆ..
ਜਿਗਿਆਸਾ ਜਿਹੀ ਜਾਗੀ ਕੇ ਵੇਖਾਂ ਤਾਂ ਸਹੀ ਨਾਲ ਦੀਆਂ ਸੀਟਾਂ ਵਾਲੇ ਮੇਰੇ ਹਮਸਫਰ ਕਿਹੜੇ ਕਿਹੜੇ ਨੇ?
ਇੱਕ ਨਾਮ ਪੜਿਆ “ਨਵਜੋਤ ਕੌਰ ਭਿੰਡਰ”..
ਸੋਚਣ ਲੱਗਾ ਚਲੋ ਦੋ ਘੰਟੇ ਦਾ ਸਫ਼ਰ ਤਾਂ ਚੰਗਾ ਕਟ ਜਾਵੇਗਾ..
ਅੰਦਰ ਗਿਆ ਤਾਂ ਸਾਮਣੇ ਵਾਲੀ ਸੀਟ ਤੇ ਸਧਾਰਨ ਜਿਹੇ ਕੱਪੜੇ ਪਾਈ ਸ਼ਾਲ ਦੀ ਬੁੱਕਲ ਮਾਰੀ ਉਹ ਅਖਬਾਰ ਦੀ ਕਿਸੇ ਖਬਰ ਤੇ ਨਜਰਾਂ ਗੱਡੀ ਬੈਠੀ ਹੋਈ ਸੀ..!

ਨੈਣ ਮਿਲੇ ਤੇ ਫੇਰ ਮੌਕਾ ਸੰਭਾਲਦੇ ਨੇ ਹਲਕੀ ਜਿਹੀ ਮੁਸਕਾਨ ਦੇ ਨਾਲ ਸਤਿ ਸ੍ਰੀ ਅਕਾਲ ਬੁਲਾ ਦਿੱਤੀ..
ਮੋਟੀਆਂ ਅੱਖਾਂ ਦਾ ਉਗਾੜ..ਤੇ ਉੱਤੋਂ ਮਾਰੂ ਜਿਹੀ ਮੁਸਕੁਰਾਹਟ ਨਾਲ ਜਦੋਂ ਉਸਨੇ ਫਤਹਿ ਦਾ ਜੁਆਬ ਦਿੱਤਾ ਤਾਂ ਦਿਲ ਦੀ ਧੜਕਣ ਆਪਣੇ ਉਫਾਨ ਤੇ ਜਾ ਪਈ..!

ਘੜੀ ਕੂ ਮਗਰੋਂ ਮਾੜੀ ਮੋਟੀ ਗੱਲਬਾਤ ਦਾ ਸਿਲਸਿਲਾ ਵੀ ਤੁਰ ਜਿਹਾ ਪਿਆ..

ਗੱਲਾਂ ਗੱਲਾਂ ਵਿਚ ਪਤਾ ਲੱਗਾ ਕੇ ਮਾਲ ਮਹਿਕਮੇ ਵਿਚ ਲਾ-ਅਫਸਰ ਦੀ ਨਵੀਂ-ਨਵੀਂ ਨਿਯੁਕਤੀ ਹੋਈ ਸੀ ਤੇ ਆਪਣੀ ਪਹਿਲੀ ਹਾਜਰੀ ਲਈ ਵਾਇਆ ਰਾਜਪੂਰਾ ਚੰਡੀਗੜ ਨੂੰ ਜਾ ਰਹੀ ਸੀ!
ਪਿਛੋਕੜ ਪੇਂਡੂ ਪਰ ਹੈ ਜੱਟਾਂ ਦੀ ਕੁੜੀ ਸੀ..ਉੱਤੋਂ ਸੂਰਤ ਅਤੇ ਸੀਰਤ ਦਾ ਐਸਾ ਸੁਮੇਲ ਕੇ ਵੇਖਿਆਂ ਭੁੱਖ ਲਹਿੰਦੀ..ਜਦੋਂ ਗੱਲ ਕਰਦੀ ਤਾਂ ਇੰਝ ਲੱਗਦਾ ਫੁੱਲ ਝੜਦੇ ਹੋਣ..
ਪਰਿਵਾਰ ਬਾਰੇ ਗੱਲ ਤੁਰੀ ਤਾਂ ਪਤਾ ਲੱਗਾ ਮਾਪਿਆਂ ਦੀ ਇਕਲੌਤੀ ਸੰਤਾਨ ਸੀ!

ਮੈਂ ਗਜਟਿਡ ਕਲਾਸ ਵਾਲੀ ਆਪਣੀ ਖੁਦ ਦੀ ਸਰਕਾਰੀ ਨੌਕਰੀ ਬਾਰੇ ਦੱਸਦਾ ਹੋਇਆ ਖਿਆਲਾਂ ਦੇ ਸਮੁੰਦਰ ਵਿਚ ਜਜਬਾਤਾਂ ਦੀ ਕਿਸ਼ਤੀ ਲੈ ਬਹੁਤ ਦੂਰ ਤੱਕ ਨਿੱਕਲ ਗਿਆ!
ਸੋਚਣ ਲੱਗਾ ਕੇ ਵੇਖਣ ਨੂੰ ਵੀ ਹੂ-ਬਹੂ ਵੈਸੀ ਹੀ ਲੱਗਦੀ ਸੀ ਜੈਸੀ ਦਾ ਜਿਕਰ ਮਾਂ ਅਕਸਰ ਹੀ ਗੱਲਾਂ ਗੱਲਾਂ ਵਿਚ ਕਰਿਆ ਕਰਦੀ ਸੀ..
ਉਸਨੇ ਤੇ ਪਹਿਲੀ ਸੱਟੇ ਹਾਂ ਕਰ ਦੇਣੀ..
ਰਹੀ ਗੱਲ ਭਾਪਾ ਜੀ ਦੀ..ਓਹਨਾ ਦਾ ਕੀ ਹੈ..ਬੀਜੀ ਨੇ ਜ਼ੋਰ ਪਾਇਆ ਤਾਂ ਝੱਟ ਹੀ ਮੰਨ ਜਾਣਾ ਓਹਨਾ ਨੇ..

ਮਨ ਹੀ ਮਨ ਵਿਚ ਬਣਾ ਧਰੀ ਇਸ ਜੋੜੀ ਬਾਰੇ ਸੋਚ ਰੱਬ ਦਾ ਸ਼ੁਕਰਾਨਾ ਵੀ ਕਰ ਮਾਰਿਆ..ਵਾਹ ਰੱਬਾ..ਸਦਕੇ ਜਾਵਾਂ ਤੇਰੀ ਇਸ ਜੋੜੀਆਂ ਘੜਨ ਵਾਲੀ ਅਦੁੱਤੀ ਕਲਾ ਤੇ..ਜੋੜੀਆਂ ਜੱਗ ਥੋੜੀਆਂ..ਬਾਕੀ ਨਰੜ ਬਥੇਰੇ..!

ਖਿਆਲਾਂ ਦੇ ਘੋੜੇ ਤੇ ਚੜੇ ਹੋਏ ਨੂੰ ਪਤਾ ਹੀ ਨੀ ਲੱਗਾ ਕਦੋ ਰਾਜਪੂਰਾ ਆ ਗਿਆ..
ਥੋੜਾ ਅਫਸੋਸ ਜਿਹਾ ਹੋਇਆ ਪਰ ਤਸੱਲੀ ਵਾਲੀ ਗੱਲ ਇਹ ਸੀ..ਉਸਦਾ ਐਡਰੈੱਸ ਮੈਂ ਪਹਿਲਾਂ ਹੀ ਲੈ ਚੁੱਕਿਆਂ ਸਾਂ..ਹੁਣ ਤੇ ਬੱਸ ਅਗਲੀ ਮੁਲਾਕਾਤ ਦਾ ਹੀ ਇੰਤਜਾਰ ਸੀ..!

ਜਾਂਦੀ ਵਾਰੀ ਸ਼ਿਸ਼ਟਾਚਾਰ ਵੱਜੋਂ ਉਸਦਾ ਸਮਾਨ ਕੱਢਣ ਵਿਚ ਮਦਦ ਦੇਣ ਦੀ ਪੇਸ਼ਕਸ਼ ਵੀ ਕਰ ਦਿੱਤੀ..!

ਉਸਨੇ ਵੀ ਮੁਸ੍ਕੁਰਾਉਂਦੀ ਹੋਈ ਨੇ ਸੀਟ ਦੇ ਹੇਠਾਂ ਪਏ ਆਪਣੇ ਸਮਾਨ ਵੱਲ ਇਸ਼ਾਰਾ ਕਰ ਦਿੱਤਾ..

ਹੇਠਾਂ ਪਏ ਸਮਾਨ ਤੇ ਜਦੋਂ ਨਜਰ ਪਈ ਤਾਂ ਮੈਨੂੰ ਜ਼ੋਰਦਾਰ ਚੱਕਰ ਜਿਹਾ ਆਇਆ..ਅੱਖਾਂ ਅੱਗੇ ਹਨੇਰਾ ਛਾ ਗਿਆ..ਤੇ ਮੇਰੀ ਸੋਚਣ ਸਮਝਣ ਤੇ ਵੇਖਣ ਦੀ ਸ਼ਕਤੀ ਇੱਕਦਮ ਹੀ ਜਾਂਦੀ ਰਹੀ..!

ਥੋੜੇ ਚਿਰ ਮਗਰੋਂ ਜਦੋਂ ਹੋਸ਼ ਆਈ ਤਾਂ ਵੇਖਿਆ ਉਹ ਪਲੇਟ ਫਾਰਮ ਤੇ “ਵਸ਼ਾਖੀਆਂ” ਦੇ ਸਹਾਰੇ ਤੁਰੀ ਜਾ ਰਹੀ ਸੀ..
ਸ਼ਾਇਦ ਇੱਕ ਲੱਤ ਵਿਚ ਕੋਈ ਜਮਾਂਦਰੂ ਨੁਕਸ ਸੀ..ਮੇਰੇ ਸਾਰੇ ਸੁਫ਼ਨੇ..ਭਵਿੱਖ ਦੀਆਂ ਯੋਜਨਾਵਾਂ ਅਤੇ ਜਜਬਾਤਾਂ ਦੇ ਕਿੰਨੇ ਸਾਰੇ ਮਹਿਲ ਘੜੀਆਂ ਪਲਾਂ ਵਿਚ ਹੀ ਤਾਸ਼ ਦੇ ਪੱਤਿਆਂ ਵਾਂਙ ਖਿੱਲਰ ਗਏ!

ਏਨੇ ਨੂੰ ਤੁਰ ਪਈ ਗੱਡੀ ਦਾ ਮੇਰੇ ਵਾਲਾ ਡੱਬਾ ਉਸਦੇ ਬਿਲਕੁਲ ਬਰੋਬਰ ਜਿਹਾ ਆ ਗਿਆ..
ਤੁਰੀ ਜਾਂਦੀ ਨੇ ਇੱਕ ਵਾਰ ਮੇਰੇ ਵੱਲ ਵੇਖਿਆ..ਨਿੰਮਾਂ ਜਿਹਾ ਮੁਸਕੁਰਾਈ ਤੇ ਧਿਆਨ ਇੱਕ ਵਾਰ ਫੇਰ ਸਾਮਣੇ ਵੱਲ ਨੂੰ ਕਰ ਲਿਆ..

ਇੰਝ ਲੱਗਿਆ ਆਖ ਰਹੀ ਹੋਵੇ ਕੇ ਦੋਸਤਾ “ਜ਼ਮਾਨਾ ਬੇਸ਼ੱਕ ਲੱਖ ਦਿਲਾਂ ਦੀ ਗੱਲ ਕਰਦਾ ਹੋਵੇ ਪਰ “ਮੁਹੱਬਤ” ਅੱਜ ਵੀ ਚੇਹਰਿਆਂ ਤੋਂ ਸ਼ੁਰੂ ਹੋ ਕੇ “ਬਾਹਰੀ ਦਿੱਖ” ਤੇ ਆ ਕੇ ਮੁੱਕ ਜਾਇਆ ਕਰਦੀ ਏ”

ਹਰਪ੍ਰੀਤ ਸਿੰਘ ਜਵੰਦਾ

...
...

ਤਿੰਨ ਹਫਤੇ ਪੇਕੇ ਰਹਿ ਕੇ ਵਾਪਿਸ ਪਰਤੀ ਨੂੰਹ ਦਾ ਅਚਾਨਕ ਹੀ ਬਦਲਿਆ ਬਦਲਿਆ ਜਿਹਾ ਰਵਈਆ ਵੇਖ ਉਹ ਅਕਸਰ ਹੀ ਚਿੰਤਾਵਾਂ ਦੀ ਘੁੰਮਣ ਘੇਰੀ ਵਿਚ ਵਹਿ ਤੁਰਦੀ..
ਸੋਚਦੀ ਪਤਾ ਨਹੀਂ ਹੁਣ ਕਿਹੜਾ ਚੱਕਰ ਚਲਾਉਣ ਦੀ ਤਿਆਰੀ ਵਿਚ ਏ ਜਿਹੜੀ ਅਚਾਨਕ ਹੀ ਗੁੜ ਨਾਲੋਂ ਵੀ ਮਿੱਠੀ ਹੋ ਗਈ..

ਓਧਰ ਕੰਮਾਂ ਕਾਰਾਂ ਵਿਚ ਰੁੱਝੀ ਹੋਈ ਨੂੰਹ ਦਾ ਧਿਆਨ ਅਕਸਰ ਹੀ ਆਪਣੇ ਪੇਕੇ ਘਰ ਤਿੰਨ ਭਾਬੀਆਂ ਹੱਥੋਂ ਹਰ ਵੇਲੇ ਜਲੀਲ ਹੁੰਦੀ ਰਹਿੰਦੀ ਆਪਣੀ ਬੁੱਢੀ ਮਾਂ ਵੱਲ ਚਲਾ ਜਾਇਆ ਕਰਦਾ!

ਫੇਰ ਉਸ ਨੂੰ ਬਜ਼ੁਰਗ ਬਾਬਾ ਜੀ ਦੇ ਆਖੇ ਬੋਲ ਚੇਤੇ ਆ ਜਾਂਦੇ ਕੇ “ਧੀਏ ਇੱਕ ਥਾਂ ਕਿਸੇ ਨਾਲ ਕੀਤੀ ਪੁੰਨ ਭਲਾਈ ਦੂਜੀ ਥਾਂ ਕਿਸੇ ਧੱਕੇ-ਸ਼ਾਹੀ ਦੇ ਸ਼ਿਕਾਰ ਹੋਏ ਦੇ ਵਜੂਦ ਤੇ ਮਰਹਮ ਪੱਟੀ ਦਾ ਕੰਮ ਕਰਿਆ ਕਰਦੀ ਏ..”

ਦੋਪਾਸੜ੍ਹ ਗਲਤਫਹਿਮੀ ਹੁਣ ਇੱਕ ਸੁਖਦ ਖੁਸ਼ ਫਹਿਮੀ ਦਾ ਰੂਪ ਧਾਰਨ ਕਰ ਚੁਕੀ ਸੀ ਅਤੇ ਪਹਿਲੋਂ ਹਰ ਵੇਲੇ ਹੀ ਕਲਾ-ਕਲੇਸ਼ ਦੀ ਗ੍ਰਿਫਤ ਵਿਚ ਰਹਿਣ ਵਾਲਾ ਸਾਂਝਾ ਵੇਹੜਾ ਹੁਣ ਅਮਨ-ਅਮਾਨ ਵਾਲੀਆਂ ਰੱਬੀ ਰਹਿਮਤਾਂ ਵਾਲਾ ਮੀਂਹ ਵਰਾਈ ਜਾ ਰਿਹਾ ਸੀ!

ਹਰਪ੍ਰੀਤ ਸਿੰਘ ਜਵੰਦਾ

...
...

ਜਿਸ ਪੈਟਰੋਲ ਪੰਪ ਤੇ ਨੌਕਰੀ ਮਿਲੀ..
ਫੌਜ ਚੋ ਰਿਟਾਇਰ ਕਰਨਲ ਬਲਬੀਰ ਸਿੰਘ ਜੀ ਦਾ ਸੀ..ਸੁਣਿਆ ਸਖਤ ਸੁਭਾ ਦੇ ਮਾਲਕ ਅੱਖਾਂ ਹੀ ਅੱਖਾਂ ਵਿਚ ਅਗਲੇ ਦੀ ਜਾਨ ਕੱਢ ਲਿਆ ਕਰਦੇ..!
ਇੱਕ ਦਿਨ ਸਪਲਾਈ ਵਾਲਾ ਟਰੱਕ ਆਉਣਾ ਸੀ..
ਕਾਗਜੀ ਕਾਰਵਾਈ ਪੂਰੀ ਕਰ ਹੀ ਰਿਹਾ ਸਾਂ ਕੇ ਬਾਹਰ ਰੌਲਾ ਪੈ ਗਿਆ..
ਇੱਕ ਬੰਦਾ ਤੇਲ ਪਾਉਣ ਵਾਲੇ ਮਿੱਠੂ ਸਿੰਘ ਨੂੰ ਜੂੜੇ ਤੋਂ ਫੜੀ ਧੂੰਹਦਾ ਹੋਇਆ ਅੰਦਰ ਲਿਆ ਰਿਹਾ ਸੀ..!
ਅੰਦਰ ਵੜ ਆਖਣ ਲੱਗਾ “ਆਪਣੇ ਮਾਲਕ ਨੂੰ ਸੱਦੋ”
ਪੁੱਛਿਆ ਕੀ ਗੱਲ ਹੋਈ ਤਾਂ ਮਿੱਠੂ ਸਿੰਘ ਨੂੰ ਚਪੇੜ ਮਾਰਦਾ ਆਖਣ ਲੱਗਾ..”ਪੈਟਰੋਲ ਦੀ ਥਾਂ ਡੀਜਲ ਨਾਲ ਟੈਂਕੀ ਭਰ ਦਿੱਤੀ ਇਸ ਕੰਜਰ ਨੇ..ਵੱਡਾ ਨੁਕਸਾਨ ਹੋ ਗਿਆ..ਕੌਣ ਭਰੂ ਹੁਣ ਇਹ ਨੁਕਸਾਨ”
ਹੰਜੂ ਪੂੰਝਦੇ ਮਿੱਠੂ ਸਿੰਘ ਵੱਲ ਨਜਰ ਗਈ ਤਾਂ ਉਸਦੇ ਘਰ ਦੇ ਹਾਲਾਤ ਅੱਖਾਂ ਅੱਗੇ ਘੁੰਮ ਗਏ..
ਅਜੇ ਪਿਛਲੇ ਹਫਤੇ ਹੀ ਪਿਓ ਦੀ ਅਚਾਨਕ ਹੋ ਗਈ ਮੌਤ ਦਾ ਵਾਸਤਾ ਪਵਾ ਕੇ ਨੌਕਰੀ ਤੇ ਰਖਵਾਇਆ ਸੀ ਉਸਨੂੰ..ਨਿੱਕੇ ਨਿੱਕੇ ਭੈਣ ਭਰਾਵਾਂ ਦੀ ਲੰਮੀ ਚੌੜੀ ਫੌਜ..!
ਮੈਨੂੰ ਆਪਣੀ ਤੇ ਉਸਦੀ ਨੌਕਰੀ ਚਲੇ ਜਾਣ ਨਾਲੋਂ ਉਸ ਤੇ ਪਾਏ ਜਾਣ ਵਾਲੇ ਹਰਜਾਨੇ ਦੀ ਫਿਕਰ ਕਿਤੇ ਜਿਆਦਾ ਸੀ..!
ਸਰਦਾਰ ਹੁਰਾਂ ਨੂੰ ਫੋਨ ਕੀਤਾ..ਸਾਰੀ ਗੱਲ ਦੱਸੀ..
ਘੜੀ ਕੂ ਮਗਰੋਂ ਤੁਰੇ ਆਉਂਦੇ ਕਰਨਲ ਸਾਬ ਵੱਲ ਵੇਖ ਇੰਝ ਜਾਪ ਰਿਹਾ ਸੀ ਜਿੱਦਾਂ ਛੇਤੀ ਹੀ ਦੋ ਬੱਕਰੇ ਜਿਬਾ ਹੋਣ ਜਾ ਰਹੇ ਹੋਣ..!
ਆਉਂਦਿਆਂ ਹੀ ਤਿੱਖੀਆਂ ਨਜਰਾਂ ਨਾਲ ਪਹਿਲਾਂ ਮੈਨੂੰ ਤੇ ਫੇਰ ਮਿੱਠੂ ਸਿੰਘ ਵੱਲ ਵੇਖਿਆ..ਫੇਰ ਗ੍ਰਾਹਕ ਵੱਲ ਮੁੜਦੇ ਹੋਏ ਪੁੱਛਣ ਲੱਗੇ..”ਕਿੰਨੇ ਦਾ ਨੁਕਸਾਨ ਹੋਇਆ ਜੀ ਤੁਹਾਡਾ”..?
ਪਹਿਲਾਂ ਹੀ ਪੂਰੀ ਗਿਣਤੀ ਮਿਣਤੀ ਕਰਕੇ ਬੈਠੇ ਹੋਏ ਨੇ ਮਿੰਟ ਵੀ ਨਹੀਂ ਲਾਇਆ ਤੇ ਆਖ ਦਿੱਤਾ “ਕੁਲ ਮਿਲਾ ਕੇ ਪੰਦਰਾਂ ਹਜਾਰ..”
ਸਰਦਾਰ ਹੁਰਾਂ ਫੋਨ ਕਰਕੇ ਅਕਾਊਂਟੈਂਟ ਨੂੰ ਸੱਦ ਲਿਆ..ਤੇ ਉਸਤੋਂ ਪੰਦਰਾਂ ਹਜਾਰ ਫੜ ਲਏ”
ਮਗਰੋਂ ਗ੍ਰਾਹਕ ਨੂੰ ਸੰਬੋਦਨ ਹੁੰਦੇ ਆਖਣ ਲੱਗੇ ਕੇ “ਹਰਜਾਨਾ ਭਰਨ ਤੋਂ ਪਹਿਲਾਂ ਇੱਕ ਦੋ ਸਵਾਲ ਨੇ..ਪੁੱਛ ਸਕਦਾ ਹਾਂ”?
ਅੱਗੋਂ ਹਾਂ ਹੋਣ ਤੇ ਪੂਰੇ ਫੌਜੀ ਲਹਿਜੇ ਵਿਚ ਆਉਂਦੇ ਹੋਏ ਪੁੱਛਣ ਲੱਗੇ..”ਕਿੰਨੀਆਂ ਚਪੇੜਾ ਮਾਰੀਆਂ ਤੁਸੀਂ ਮੁੰਡੇ ਨੂੰ ਤੇ ਕਿੰਨੀਆਂ ਗਾਹਲਾਂ ਕੱਢੀਆਂ”..?
ਸਿੱਧਾ ਜਵਾਬ ਦੇਣ ਦੀ ਥਾਂ ਆਖਣ ਲੱਗਾ “ਜੀ ਨੁਕਸਾਨ ਕੀਤਾ ਸੀ..ਚਪੇੜਾਂ ਮਾਰਨੀਆਂ ਤੇ ਬਣਦੀਆਂ ਹੀ ਸਨ..”
“ਤੁਹਾਡੇ ਨੁਕਸਾਨ ਦਾ ਅਸੀ ਹਰਜਾਨਾ ਭਰਨ ਜਾ ਰਹੇ ਹਾਂ..ਪਰ ਮੁੰਡੇ ਦੇ ਕੀਤੇ ਸਰੀਰਕ ਅਤੇ ਮਾਨਸਿਕ ਨੁਕਸਾਨ ਦੀ ਪੂਰਤੀ ਤੁਹਾਨੂੰ ਵੀ ਕਰਨੀ ਪਵੇਗੀ..ਵਰਨਾ ਗੱਲ ਠਾਣੇ ਤੱਕ ਵੀ ਜਾ ਸਕਦੀ ਏ..”
ਠਾਣੇ ਦਾ ਜਿਕਰ ਆਉਂਦਿਆਂ ਹੀ ਘੜੀਆਂ-ਪਲਾਂ ਵਿਚ ਮੁੱਕ ਮੁਕਾ ਹੋ ਗਿਆ..
ਸਰਦਾਰ ਹੂਰੀ ਵਾਪਿਸ ਗੱਡੀ ਵਿਚ ਬੈਠਣ ਲੱਗੇ ਤਾਂ ਡਰਦੇ ਡਰਦੇ ਨੇ ਪੁੱਛ ਲਿਆ “ਜੀ ਮਿੱਠੂ ਸਿੰਘ ਕੱਲ ਨੂੰ ਕੰਮ ਤੇ ਆ ਸਕਦਾ”?
“ਹਾਂ ਹਾਂ ਕਿਓਂ ਨਹੀਂ..ਕੰਮ ਕਰੇਗਾ ਇਹ ਮੁੰਡਾ ਇਥੇ ਹੀ..ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਏ..”
ਆਥਣ ਵੇਲੇ ਹਰਜਾਨੇ ਵੱਜੋਂ ਮਿਲੇ ਪੂਰੇ ਤਿੰਨ ਹਜਾਰ ਬੋਝੇ ਵਿਚ ਪਾਈ ਪਿੰਡ ਨੂੰ ਤੁਰੇ ਜਾਂਦੇ ਮਿੱਠੂ ਸਿੰਘ ਵੱਲ ਵੇਖ ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿੰਦਾ ਅੰਬਰੋਂ ਉੱਤਰੇ ਇੱਕ ਚਿੱਟ-ਦਾਹੜੀਏ “ਰੱਬ” ਨੇ ਐਨ ਮੌਕੇ ਤੇ ਅੱਪੜ ਮੌਤ ਦੀ ਮੂੰਹ ਵਿਚ ਜਾ ਪਈਆਂ ਦੋ ਮਸੂਮ ਜਿੰਦਗੀਆਂ ਖਤਮ ਹੋਣ ਤੋਂ ਬਚਾ ਲਈਆਂ ਹੋਣ!

ਹਰਪ੍ਰੀਤ ਸਿੰਘ ਜਵੰਦਾ

...
...

ਮੈਂ ਇੱਕ ਘਰ ਦੇ ਕਰੀਬ ਗੁਜਰ ਰਿਹਾ ਸੀ,ਅਚਾਨਕ ਉਸ ਘਰ ਚੋਂ ਇੱਕ ਰੋਂਦੇ ਹੋਏ ਬੱਚੇ ਦੀ ਅਵਾਜ ਆਈ।ਉਸ ਬੱਚੇ ਦੀ ਅਵਾਜ ਦੀ ਐਂਨਾਂ ਦਰਦ ਸੀ ਕਿ ਅੰਦਰ ਜਾ ਕੇ ਬੱਚਾ ਕਿਉਂ ਰੋ ਰਿਹਾ ਹੈ ਇਹ ਪਤਾ ਕਰਨ ਤੋਂ ਮੈਂ ਆਪਣੇ ਆਪ ਨੂੰ ਰੋਕ ਨਾ ਪਾਇਆ। ਅੰਦਰ ਜਾ ਕੇ ਮੈਂ ਦੇਖਿਆ ਕੇ ਇੱਕ ਮਾਂ ਆਪਣੇ ਦੱਸ ਸਾਲ ਦੇ ਬੱਚੇ ਨੂੰ ਕੁੱਟ ਰਹੀ ਸੀ ਤੇ ਆਪ ਵੀ ਰੋ ਰਹੀ ਸੀ।ਮੈਂ ਅੱਗੇ ਜਾ ਕੇ ਪੁੱਛਿਆ ਕੇ ਭੈਣ ਕੀ ਗੱਲ ਹੋ ਗਈ ਬੱਚੇ ਨੂੰ ਕੁੱਟ ਰਹੇ ਹੋ? ਤੇ ਆਪ ਵੀ ਰੋ ਰਹੇ ਹੋ। ਉਸ ਨੇ ਜਵਾਬ ਦਿੱਤਾ ਕੇ ਵੀਰ ਜੀ ਇਹਦੇ ਪਿਤਾ ਤਾਂ ਰੱਬ ਕੋਲ ਚਲੇ ਗਏ,ਅਸੀ ਬਹੁਤ ਗਰੀਬ ਹਾਂ,ਉਹਨਾਂ ਦੇ ਜਾਣ ਤੋਂ ਬਾਅਦ ਮੈਂ ਲੋਕਾਂ ਦੇ ਘਰ ਕੰਮ ਕਰਕੇ ਘਰ ਦਾ ਤੇ ਇਹਦੀ ਪੜਾਈ ਦਾ ਖਰਚਾ ਬਹੁਤ ਮੁਸਕਿਲ ਨਾਲ ਚੱਕਦੀਂ ਹਾਂ,ਤੇ ਇਹ ਕੰਜ਼ਰ ਰੋਜਾਨਾ ਸਕੂਲ ਲੇਟ ਜਾਂਦਾਂ ਹੈ,ਲੇਟ ਹੀ ਘਰ ਵੜਦਾ ਹੈ। ਰਾਸਤੇ ਚ ਹੀ ਖੇਡਣ ਲੱਗ ਜਾਂਦਾਂ ਹੈ ਤੇ ਪੜਾਈ ਚ ਬਿਲਕੁਲ ਵੀ ਧਿਆਨ ਨਹੀ ਦਿੰਦਾਂ,ਜਿਸ ਕਰਕੇ ਇਹ ਆਪਣੀ ਸਕੂਲ ਵਰਦੀ ਗੰਦੀਂ ਕਰਕੇ ਆਉਂਦਾਂ ਹੈ। ਮੈਂ ਬੱਚੇ ਦੀ ਮਾਂ ਨੂੰ ਥੋੜ੍ਹਾ ਬਹੁਤ ਸਮਝਾਇਆ ਤੇ ਉਥੋਂ ਚੱਲ ਪਿਆ। ਇਸ ਘਟਨਾ ਨੂੰ ਕੁਛ ਕ ਦਿਨ ਹੀ ਬੀਤੇ ਸੀ ਕਿ ਇੱਕ ਦਿਨ ਸੁਬਹਾ ਸੁਬਹਾ ਕੁਛ ਕੰਮ ਸੀ ਮੈਂ ਸਬਜੀ ਮੰਡੀ ਗਿਆ। ਅਚਾਨਕ ਮੇਰੀ ਨਜਰ ਓਸੇ ਹੀ ਦੱਸ ਸਾਲ ਦੇ ਬੱਚੇ ਤੇ ਪਈ ਜੋ ਹਰ ਰੋਜ ਘਰ ਤੋਂ ਮਾਰ ਖਾਂਦਾਂ ਸੀ।ਮੈਂ ਕੀ ਦੇਖਦਾਂ ਹਾਂ ਕੇ ਉਹ ਬੱਚਾ ਸਬਜੀ ਮੰਡੀ ਚ ਘੁੰਮ ਰਿਹਾ ਸੀ ਤੇ ਜੋ ਦੁਕਾਨਦਾਰ ਆਪਣੀ ਦੁਕਾਨ ਲਈ ਸਬਜੀ ਖਰੀਦ ਕੇ ਆਪਣੀ ਬੋਰੀਆਂ ਚ ਸਬਜੀ ਪਾਉਂਦੇਂ ਤੇ ਉਸ ਵਿੱਚੋਂ ਕੋਈ ਸਬਜੀ ਜਮੀਨ ਤੇ ਗਿਰ ਜਾਂਦੀ ਸੀ ਉਹ ਬੱਚਾ ਫਟਾਫਟ ਉਠਾ ਕੇ ਆਪਣੀ ਝੋਲੀ ਚ ਪਾ ਲੈਂਦਾਂ। ਮੈਂ ਇਹ ਸਭ ਨਜਾਰਾ ਦੇਖਿਆ ਤੇ ਸੋਚਿਆ ਕੇ ਅੱਛਾ ਇਹ ਗੱਲ ਹੈ,ਮੈਂ ਉਸ ਬੱਚੇ ਦਾ ਚੋਰੀ ਚੋਰੀ ਪਿੱਛਾ ਕੀਤਾ।ਜਦੋਂ ਉਸ ਬੱਚੇ ਦੀ ਝੋਲੀ ਸਬਜੀ ਨਾਲ ਭਰ ਗਈ ਤਾਂ ਉਹ ਇਕ ਸੜਕ ਕਿਨਾਰੇ ਬੈਠ ਗਿਆ ਤੇ ਉੱਚੀ ਉੱਚੀ ਅਵਾਜ ਚ ਸਬਜੀ ਵੇਚਣ ਲੱਗ ਗਿਆ। ਮੂੰਹ ਤੇ ਮਿੱਟੀ ਗੰਦੀਂ ਵਰਦੀ ਤੇ ਅੱਖਾ ਚ ਨਮੀ, ਅਜਿਹਾ ਮਹਿਸੂਸ ਹੋਇਆ ਕੇ ਅਜਿਹਾ ਦੁਕਾਨਦਾਰ ਮੈਂ ਪਹਿਲੀ ਵਾਰ ਦੇਖ ਰਿਹਾ ਹਾਂ। ਅਚਾਨਕ ਇੱਕ ਬੰਦਾਂ ਆਪਣੀ ਤੋਂ ਉਠਿਆ, ਜਿਸਦੀ ਦੁਕਾਨ ਦੇ ਸਾਹਮਣੇ ਉਸ ਬੱਚੇ ਨੇ ਛੋਟੀ ਜਿਹੀ ਦੁਕਾਨ ਲਾਈ ਹੋਈ ਸੀ,ਉਸਨੇ ਆਉਂਦੇ ਹੀ ਇੱਕ ਜੋਰਦਾਰ ਲੱਤ ਮਾਰ ਕੇ ਉਸ ਛੋਟੀ ਜੀ ਦੁਕਾਨ ਨੂੰ ਇੱਕ ਹੀ ਝੱਟਕੇ ਚ ਰੋਡ ਤੇ ਖਿਲਾਰ ਦਿੱਤਾ ਤੇ ਬਾਹਾਂ ਤੋਂ ਫੜ ਕੇ ਉਸ ਬੱਚੇ ਨੂੰ ਵੀ ਧੱਕਾ ਦੇ ਦਿੱਤਾ। ਉਹ ਬੱਚਾ ਅੱਖਾ ਚ ਪਾਣੀ,ਚੁੱਪ ਚਾਪ ਦੁਬਾਰਾ ਆਪਣੀ ਸਬਜੀ ਨੂੰ ਇਕੱਠਾ ਕਰਨ ਲੱਗਾ ਤੇ ਥੋੜ੍ਹੀ ਦੇਰ ਬਾਅਦ ਆਪਣੀ ਸਬਜੀ ਇਕੱ ਦੂਸਰੀ ਦੁਕਾਨ ਦੇ ਸਾਹਮਣੇ ਡਰਦੇ ਡਰਦੇ ਲਗਾ ਦਿੱਤੀ।ਭਲਾ ਹੋਵੇ ਉਸ ਸਖਸ ਦਾ ਜਿਸ ਦੀ ਦੁਕਾਨ ਦੇ ਸਾਹਮਣੇ ਇਸ ਵਾਰ ਉਸਨੇ ਆਪਣੀ ਛੋਟੀ ਜਿਹੀ ਦੁਕਾਨ ਲਗਾਈ ਉਸ ਸਖਸ ਨੇ ਬੱਚੇ ਨੂੰ ਕੁਛ ਨਹੀ ਕਿਹਾ। ਥੋੜ੍ਹੀ ਜਿਹੀ ਸਬਜੀ ਸੀ ਤੇ ਉਤੋਂ ਦੂਸਰੀਆਂ ਦੁਕਾਨਾਂ ਤੋਂ ਰੇਟ ਵੀ ਘੱਟ।ਜਲਦੀ ਹੀ ਵਿਕਰੀ ਹੋ ਗਈ,ਉਹ ਬੱਚਾ ਉਠਿਆ ਤੇ ਬਜਾਰ ਚ ਇੱਕ ਕੱਪੜੇ ਵਾਲੀ ਦੁਕਾਨ ਤੇ ਗਿਆ ਤੇ ਦੁਕਾਨਦਾਰ ਨੂੰ ਉਹ ਪੈਸੇ ਦਿੱਤੇ,ਦੁਕਾਨ ਤੇ ਪਿਆ ਸਕੂਲ ਬੈਗ ਉਠਾਇਆ ਤੇ ਬਿਨਾ ਕੁਛ ਕਹੇ ਸਕੂਲ ਵੱਲ ਚੱਲ ਪਿਆ।ਮੈਂ ਵੀ ਉਸਦੇ ਪਿਛੇ ਪਿੱਛੇ ਜਾ ਰਿਹਾ ਸੀ। ਬੱਚੇ ਨੇ ਰਾਸਤੇ ਚ ਆਪਣਾ ਮੂੰਹ ਧੋਤਾ ਤੇ ਸਕੂਲ ਚ ਪਾਹੁੰਚ ਗਿਆ,ਮੈਂ ਵੀ ਪਿੱਛੇ ਪਿੱਛੇ ਸਕੂਲ ਪਾਹੁੰਚ ਗਿਆ।ਜਦੋਂ ਉਹ ਕਲਾਸ ਚ ਗਿਆ ਤਾਂ ਇੱਕ ਘੰਟਾਂ ਲੇਟ ਹੋ ਚੁੱਕਿਆ ਸੀ।ਮਾਸਟਰ ਨੇ ਉਸਨੂੰ ਡੰਡੇ ਨਾਲ ਬਹੁਤ ਮਾਰਿਆ।ਮੈਂ ਜਲਦੀ ਜਲਦੀ ਗਿਆ ਤੇ ਮਾਸਟਰ ਨੂੰ ਮਾਰਨ ਤੋਂ ਮਨਾ ਕੀਤਾ ਕਿ ਇਸ ਮਾਸੂਮ ਨੂੰ ਨਾ ਮਾਰੋ ਜੀ।ਮਾਸਟਰ ਜੀ ਬੋਲੇ ਕੇ ਇਹ ਹਰ ਰੋਜ ਲੇਟ ਆਉਂਦਾਂ ਹੈ ਤੇ ਹਰ ਰੋਜ ਮਾਰ ਖਾਂਦਾਂ ਹੈ,ਸੁਧਰਦਾ ਨਹੀ,ਕਈ ਵਾਰ ਇਸਦੇ ਘਰ ਵੀ ਖਬਰ ਭੇਜੀ ਹੈ। ਖੈਰ ਬੱਚਾ ਮਾਰ ਖਾ ਕੇ ਕਲਾਸ ਚ ਪੜਨ ਬੈਠ ਗਿਆ। ਮੈਂ ਉਸ ਟੀਚਰ ਦਾ ਮੋਬਾਇਲ ਨੰਬਰ ਲਿਆ ਤੇ ਘਰ ਦੀ ਤਰਫ ਚੱਲ ਪਿਆ।ਘਰ ਆ ਕੇ ਯਾਦ ਆਇਆ ਕੇ ਜਿਸ ਕੰਮ ਸਬਜੀ ਮੰਡੀ ਗਿਆ ਸੀ ਉਹ ਤਾ ਰਹਿ ਹੀ ਗਿਆ। ਘਰ ਆ ਕੇ ਮਾਸੂਮ ਬੱਚੇ ਨੇ ਫਿਰ ਤੋਂ ਮਾਰ ਖਾਦੀ। ਮੇਰਾ ਰਾਤ ਸਾਰੀ ਸੋਚਦੇ ਹੀ ਲੰਘ ਗਈ। ਸਵੇਰੇ ਉਠ ਕੇ ਮੈਂ ਬੱਚੇ ਦੇ ਟੀਟਰ ਨੂੰ ਹੁਣੇ ਹੀ ਹਰ ਹਾਲ ਸਬਜੀ ਮੰਡੀ ਆਉਣ ਲਈ ਕਿਹਾ।ਟੀਚਰ ਵੀ ਮੰਨ ਗਏ।ਬੱਚੇ ਦਾ ਸਕੂਲ ਟਾਇਮ ਹੋਇਆ,ਬੱਚਾ ਘਰ ਤੋਂ ਸਿੱਧਾ ਸਬਜੀ ਮੰਡੀ ਆਪਣੀ ਦੁਕਾਨ ਦਾ ਇੰਤਜਾਮ ਕਰਨ ਪਹੁੰਚਿਆ। ਮੈਂ ਬੱਚੇ ਦੇ ਘਰ ਗਿਆ ਤੇ ਉਹਦੀ ਮਾਂ ਨੂੰ ਕਿਹਾ ਕੇ ਆਊ ਭੈਣ ਮੈਂ ਦੱਸਦਾ ਕੇ ਤੁਹਾਡਾ ਬੱਚਾ ਕਿਉਂ ਲੇਟ ਜਾਂਦਾਂ ਹੈ ਸਕੂਲ ਮੇਰੇ ਨਾਲ ਆਉ। ਉਹ ਫੋਰਨ ਮੇਰੇ ਨਾਲ ਮੂੰਹ ਚ ਗੁੱਸੇ ਨਾਲ ਇਹ ਕਹਿੰਦੀਂ ਚੱਲ ਪਈ ਕੇ ਅੱਜ ਮੇਰੇ ਹੱਥੋਂ ਉਹਦੀ ਖੈਰ ਨਹੀ। ਮੰਡੀ ਚ ਟੀਚਰ ਵੀ ਆ ਚੁੱਕਿਆ ਸੀ।ਅਸੀ ਤਿੰਨਾਂ ਨੇ ਆਪਣੀ ਪੋਜੀਸਣ ਸੰਭਾਲ ਲਈ,ਤੇ ਉਹ ਬੱਚੇ ਨੂੰ ਲੁਕ ਕੇ ਦੇਖਣ ਲੱਗੇ।ਅੱਜ ਵੀ ਉਸਨੂੰ ਬਹੁਤ ਡਾਂਟ ਤੇ ਧੱਕੇ ਖਾਣੇ ਪਏ,ਆਖੀਰ ਸਬਜੀ ਵੀ ਵਿੱਕ ਗਈ,ਬੱਚਾ ਕੱਪੜੇ ਵਾਲੀ ਦੁਕਾਨ ਤੇ ਜਾ ਪਹੁੰਚਿਆ। ਅਚਾਨਕ ਮੇਰੀ ਨਜਰ ਉਸਦੀ ਮਾਂ ਤੇ ਗਈ,ਕੀ ਦੇਖਿਆ ਕੇ ਮਾਂ ਬਹੁਤ ਹੀ ਦਰਦ ਭਰੀ ਸਿਸਕਿਆਂ ਲੈ ਕੇ ਲਗਾਤਾਰ ਰੋ ਰਹੀ ਸੀ,ਤੇ ਮੈਂ ਫੋਰਨ ਮਾਸਟਰ ਜੀ ਵੱਲ ਦੇਖਿਆ ਤਾਂ ਉਹ ਹਲਕਾ ਹਲਕਾ ਰੋ ਰਹੇ ਸਨ।ਦੋਵਾਂ ਦੇ ਰੋਣ ਤੋਂ ਮੈਂਨੂੰ ਇੰਝ ਜਾਪਿਆ ਜਿਵੇਂ ਦੋਵਾਂ ਨੇ ਹੀ ਬੱਚੇ ਤੇ ਬਹੁਤ ਜੁਲਮ ਕੀਤੇ ਹੋਣ ਤੇ ਅੱਜ ਉਹਨਾ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਹੈ। ਮਾਂ ਰੋਦੇਂ ਰੋਦੇਂ ਘਰ ਤੇ ਟੀਚਰ ਰੋਦੇਂ ਹੋਏ ਸਕੂਲ ਚਲੇ ਗਏ।ਬੱਚੇ ਨੇ ਦੁਕਾਨਦਾਰ ਨੂੰ ਪੈਸੇ ਦਿੱਤੇ ਤੇ ਦੁਕਾਨਦਾਰ ਇੱਕ ਲੇਡੀਜ ਸੂਟ ਦਿੰਦੇਂ ਹੋਏ ਬੋਲਿਆ ਕੇ ਬੇਟਾ ਅੱਜ ਸੂਟ ਦੇ ਸਾਰੇ ਪੈਸੇ ਪੂਰੇ ਹੋ ਗਏ।ਆਪਣਾ ਸੂਟ ਲੈ ਲਵੋ,ਬੱਚੇ ਨੇ ਸੂਟ ਫੜਿਆ ਤੇ ਆਪਣੇ ਸਕੂਲ ਬੈਗ ਪਾ ਲਿਆ,ਤੇ ਸਕੂਲ ਚਲਿਆ ਗਿਆ। ਅੱਜ ਵੀ ਉਹ ਇੱਕ ਘੰਟਾਂ ਲੇਟ ਸੀ,ਉਹ ਸਿੱਧਾ ਟੀਚਰ ਕੋਲ ਗਿਆ ਤੇ ਡੈਸਕ ਤੇ ਬੈਗ ਰੱਖਿਆ,ਆਪਣੇ ਹੱਥ ਅੱਗੇ ਕੀਤੇ ਮਾਰ ਖਾਣ ਲਈ,ਟੀਚਰ ਕੁਰਸੀ ਤੋਂ ਉਠਿਆ ਉਸ ਬੱਚੇ ਨੂੰ ਆਪਣੇ ਗਲ ਨਾਲ ਲਾ ਲਿਆ,ਤੇ ਉੱਚੀ ਉੱਚੀ ਰੋਣ ਲੱਗ ਪਿਆ,ਮੈਂ ਵੀ ਆਪਣੇ ਆਪ ਤੇ ਕਾਬੂ ਨਹੀ ਰੱਖ ਪਾਇਆ। ਮੈਂ ਆਪਣੇ ਆਪ ਸੰਭਾਲਿਆ ਤੇ ਅੱਗੇ ਆ ਕੇ ਟੀਚਰ ਨੂੰ ਚੁੱਪ ਕਰਾਇਆ ਤੇ ਬੱਚੇ ਨੂੰ ਪੁੱਛਿਆ ਕਿ ਜਿਹੜਾ ਤੇਰੇ ਬੈਗ ਚ ਸੂਟ ਆ ਉਹ ਕਿਸ ਲਈ ਆ।ਬੱਚੇ ਨੇ ਰੋਦੇਂ ਹੋਏ ਜਵਾਬ ਦਿੱਤਾ ਕਿ ਮੇਰੀ ਮਾਂ ਅਮੀਰ ਲੋਕਾਂ ਦੇ ਘਰ ਮਜਦੂਰੀ ਕਰਨ ਜਾਂਦੀ ਹੈ ਤੇ ਉਹਦੇ ਸਾਰੇ ਕੱਪੜੇ ਫਟੇ ਹੋਏ ਹੈ,ਜਿਸਮ ਨੂੰ ਕੋਈ ਵੀ ਸੂਟ ਪੂਰਾ ਨਹੀ ਢੱਕ ਪਾਉਂਦਾ ਤੇ ਮੇਰੀ ਮਾਂ ਕੋਲ ਪੈਸੇ ਵੀ ਨਹੀ ਹੁੰਦੇਂ ਇਸ ਲਈ ਮੈਂ ਇਹ ਸੂਟ ਮਾਂ ਲਈ ਖਰੀਦਿਆ ਹੈ ਇਹ ਸੂਟ ਆਪਣੀ ਮਾਂ ਨੂੰ ਦਵੇਗਾਂ ? ਮੈਂ ਬੱਚੇ ਨੂੰ ਸਵਾਲ ਕੀਤਾ।ਜਵਾਬ ਸੁਣ ਕੇ ਮੇਰੇ ਤੇ ਮਾਸਟਰ ਜੀ ਦੇ ਪੈਰਾਂ ਹੈਠੋਂ ਜਮੀਨ ਨਿੱਕਲ ਗਈ।ਬੱਚੇ ਨੇ ਜਵਾਬ ਦਿੱਤਾ ਕੇ ਨਹੀ ਅੰਕਲ ਛੁੱਟੀ ਤੋਂ ਬਾਅਦ ਮੈਂ ਸੂਟ ਨੂੰ ਦਰਜੀ ਕੋਲ ਸਿਲਾਈ ਲਈ ਦਵਾਂਗਾਂ।ਰੋਜਾਨਾਂ ਸਕੂਲ ਛੁੱਟੀ ਤੋਂ ਬਾਅਦ ਕੰਮ ਕਰਕੇ ਥੋੜ੍ਹੇ ਥੋੜ੍ਹੇ ਪੈਸੇ ਦਰਜੀ ਕੋਲ ਜਮ੍ਹਾ ਕਰਵਾਏ ਹਨ। ਟੀਚਰ ਤੇ ਮੈਂ ਰੋਂਦੇ ਰੋਂਦੇ ਸੋਚ ਰਹੇ ਸੀ ਕੇ ਆਖਿਰ ਕਦੋਂ ਤੱਕ ਸਾਡੇ ਸਮਾਜ ਚ ਗਰੀਬਾਂ ਨਾਲ ਅਸਿਹਾ ਹੁੰਦਾਂ ਰਹੇ ਗਾ? ਕੀ ਉਪਰ ਵਾਲੇ ਦੀਆਂ ਦਿੱਤੀਆਂ ਖੁਸੀਆਂ ਚ ਗਰੀਬ ਦਾ ਕੋਈ ਹੱਕ ਨਹੀ ਹੈ? ਕੀ ਅਸੀਂ ਆਪਣੀਆਂ ਖੁਸੀਆਂ ਦੇ ਮੌਕੇ ਤੇ ਥੋੜ੍ਹੇ ਬਹੁਤ ਪੈਸੇ ਕੱਢ ਕੇ ਆਪਣੇ ਸਮਾਜ ਦੇ ਗਰੀਬ ਤੇ ਬੇਸਹਾਰਿਆਂ ਦੀ ਮੱਦਦ ਨਹੀ ਕਰ ਸਕਦੇ ? ਤੁਸੀ ਵੀ ਠੰਢੇ ਦਿਮਾਗ ਨਾਲ ਜਰੂਰ ਸੋਚੋ ਜੀ।।।।। ਅਗਰ ਹੋ ਸਕੇ ਤਾਂ ਇਸ ਲੇਖ ਨੂੰ ਸਾਰੇ ਵਧੀਆ ਮੱਦਦਗਾਰਾ ਤੱਕ ਪਹੁੰਚਾਉਂ ਜੀ ਤਾਂ ਕੇ ਇਸ ਛੋਟੀ ਜਿਹੀ ਕੋਸਿਸ ਨਾਲ ਕਿਸੇ ਵੀਰ ਭਰਾ,ਭੈਣ ਦੇ ਦਿਲ ਚ ਗਰੀਬਾਂ ਪ੍ਰਤਿ ਹਮਦਰਦੀ ਦਾ ਜਜਬਾ ਹੀ ਜਾਗ ਜਾਵੇ,ਤੇ ਇਹੀ ਲੇਖ ਕਿਸੇ ਗਰੀਬ ਕੇ ਘਰ ਖੁਸੀਆਂ ਦੀ ਵਜਹਾ ਬਣ ਜਾਵੇ।।
✍️ਸੰਦੀਪ ਸਿੰਘ ਸੋਨੀ

...
...

ਪਿਆਰ ਕਦੇ ਵੀ ਜਾਤ-ਪਾਤ ਵੇਖ ਕੇ ਨਹੀ ਹੁੰਦਾ ਨਾ ਹੀ ਇਹ ਵੇਖਦਾ ਕੇ ਜਿਦੇ ਨਾਲ ਪਿਆਰ ਹੋਇਆ ਉਹ ਅਮੀਰ ਹੈ ਜਾ ਫਿਰ ਗਰੀਬ ਇਹ ਤਾਂ ਬਸ ਹੋ ਜਾਂਦਾ । ਇਸੇ ਤਰ੍ਹਾ ਹੀ ਆ ਇਨ੍ਹਾ ਦੀ ਇਸ਼ਕ ਕਹਾਣੀ ਜੋ ਮਿਲ ਕੇ ਵੀ ਨਾ ਮਿਲੇ ਪਰ ਪਿਆਰ ਤਨੋ ਮਨੋ ਨਿਭਾਇਆ ।
ਪੰਜਾਬ ਵਿੱਚ ਨਾ ਜਾਨੇ ਕਿੱਨੇ ਹੀ ਪਿੰਡ ਤੇ ਸ਼ਹਿਰ ਹਨ। ਅਜਿਹਾ ਕੋਈ ਵਿਰਲਾ ਹੀ ਪਿੰਡ ਹੋਵੇਗਾ ਜਿਸ ਵਿੱਚ ਕੋਈ ਪਿਆਰ ਦੀ ਕਹਾਣੀ ਨਾ ਹੋਵੇ ।ਇੱਦਾ ਹੀ ਇਹ ਕਹਾਣੀ ਏ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਦੋ ਪਿਆਰ ਕਰਨ ਵਾਲਿਆ ਦੀ । ਰਾਜਸਥਾਨ ਦੇ ਲਾਗੇ ਲੱਗਦਾ ਇਹ ਪਿੰਡ ਦੁਨੀਆ ਦਾ ਸੱਭ ਤੋਂ ਸੋਹਣਾ ਪਿੰਡ ਐ । ਜਿੱਥੇ ਮੈਂ ਅੱਪਣਾ ਬਚਪਨ ਬਿਤਾਇਆ ਅਪਣੀ ਜਵਾਨੀ ਮਾਣੀ ਤੇ ਇਸੇ ਪਿੰਡ ‘ਚ ਹੀ ਮੈਨੂੰ ਪਹਿਲੀ ਵਾਰੀ ਪਿਆਰ ਹੋਇਆ।
ਇਹ ਕਹਾਣੀ ਐ ਮੇਰੀ ਤੇ ਮੇਰੇ ਪਿਆਰ ਦੀ। ਮੈਂ ਮਜ੍ਹਬੀ ਸਿੱਖ ਜਾਤੀ ਨਾਲ ਸੰਬੰਧ ਰੱਖਦਾ। ਪਿਤਾ ਜੀ ਸਰਕਾਰੀ ਨੌਕਰੀ ਕਰਦੇ ਨੇ ਤਾ ਥੋੜਾ ਘਰੋ ਚੰਗਾ। ਪਰਿਵਾਰ ਚ ਮਾਂ ਪਿਉ ਤੇ ਤਿੰਨ ਭੈਣਾ ਨੇ।15 ਸਾਲ ਦਾ ਹੋਇਆ ਤਾਂ ਮਾਂ ਦਾ ਸਾਇਆ ਸਿਰ ਤੋਂ ਉੱਠ ਗਿਆ।ਹੋਲੀ-ਹੋਲੀ ਸੱਭ ਪਹਿਲਾ ਵਾਂਗ ਹੋ ਗਿਆ। ਮੈਂ ਇਸੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜਦਾ ਸੀ।8ਵੀ ਤੱਕ ਤਾਂ ਸਾਡਾ ਮੁੰਡਿਆ ਦਾ ਹੀ ਸਕੂਲ ਸੀ।ਫਿਰ 9ਵੀ ਵਿੱਚ ਕੁੜੀਆ ਵੀ ਆ ਗੀਆ ਸਾਡੇ ਨਾਲ। ਹੋਲੀ ਹੋਲੀ ਜਾਣ-ਪਹਿਚਾਣ ਹੋਣ ਲੱਗੀ।ਕੁੜੀਆ ਤਾਂ ਬਹੁਤ ਆਈਆ ਪਰ ਮੈ ਕਦੇ ਕਿਸੇ ਕੁੜੀ ਵੱਲ ਧਿਆਨ ਹੀ ਨਹੀ ਮਾਰਿਆ ਸੀ ਪਰ ਕੁੱਝ ਦਿਨਾ ਬਾਅਦ ਉਨ੍ਹੇ ਵੀ ਦਾਖਲਾ ਲਿਆ।ਪਹਿਲੀ ਵਾਰ ਉਹਨੂੰ ਮੈਂ ਪ੍ਰਿੰਸੀਪਲ ਦੇ ਦਫਤਰ ‘ਚ ਦੇਖਿਆ ਤੇ ਦੇਖਦਾ ਹੀ ਰਹਿ ਗਿਆ।ਉਹਨੂੰ ਪਹਿਲੀ ਵਾਰ ਦੇਖ ਕੇ ਲੱਗਿਆ ਜਿੱਦਾ ਰੱਬ ਨੇ ਉਹਨੂੰ ਮੇਰੇ ਲਈ ਹੀ ਭੇਜਿਆ ਹੋਵੇ।ਮੈਂ ਘਰ ਆ ਕੇ ਵੀ ਉਹਦੇ ਬਾਰੇ ਹੀ ਸੋਚਦਾ ਰਿਹਾ ਤੇ ਰੱਬ ਅੱਗੇ ਅਰਦਾਸਾ ਕਰਦਾ ਰਿਹਾ ਕੇ ਉਹ ਮੇਰੇ ਵਾਲੇ ਸੈਕਸ਼ਨ ’ਚ ਹੀ ਆਵੇ। ਅੱਗਲੇ ਦਿਨ ਜਦੋ ਸਕੂਲ ਗਿਆ। ਸੁਹਬਾ ਦੀ ਪ੍ਰਥਾਨਾ ‘ਚ ਤਾਂ ਸੁੱਖ ਨਾਲ ਅਸੀ ਕਦੇ ਵੜੇ ਹੀ ਨਹੀ ਸੀ। ਪਰ ਜਿਵੇ ਹੀ ਪ੍ਰਾਥਨਾ ਖਤਮ ਹੋ ਜਾਂਦੀ ਅਸੀ ਕਲਾਸ ਵਿੱਚ ਪਹੁੰਚ ਜਾਂਦੇ ਸਾ। ਉਸ ਦਿਨ ਵੀ ਇੱਦਾ ਹੀ ਹੋਇਆ। ਮੈਂ ਜਿਵੇ ਹੀ ਕਲਾਸ ਵਿੱਚ ਵੜਿਆ ਤੇ ਉਹਨੂੰ ਪਹਿਲੇ ਬੈਂਚ ਤੇ ਬੈਠੀ ਦੇਖ ਕੇ ਮੇਰੀ ਖੁਸ਼ੀ ਦਾ ਕੋਈ ਠਿਕਾਨਾ ਨਾ ਰਿਹਾ ਮੈਂ ਬਹੁਤ ਖੁਸ਼ ਸੀ ਓਸ ਦਿਨ।ਜਿਵੇ ਜਿਵੇ ਦਿਨ ਬੀਤੇ ਤਾਂ ਮੇਰੀ ਉਹਦੇ ਵੱਲ ਖਿੱਚ ਵੱਧਣ ਲੱਗੀ।ਉਹਦਾ ਨਾਮ ਰਮਨ (ਬਦਲਿਆ ਨਾਮ) ਸੀ।ਮਿਸਤਰੀਆ ਦੀ ਕੁੜੀ ਸੀ। ਆਪਣੇ ਸਕੂਲ ਦੀ ਸੱਭ ਤੋਂ ਹੁਸ਼ਿਆਰ ਕੁੜੀ ਸੀ। ਇਸੇ ਗੱਲ ਨੇ ਮੈਨੂੰ ਡਰਾ ਕੇ ਰੱਖਿਆ ਸੀ ਨਾ ਜਾਣੇ ਮੇਰੇ ਵਰਗੇ ਨਲਾਇਕ ਨੂੰ ਉਹ ਪਸੰਦ ਕਰੂ ਜਾ ਨਹੀ।ਸਾਲ ਦੇ ਖਤਮ ਹੁੰਦੇ-ਹੁੰਦੇ ਸਾਡੀ ਦੋਸਤੀ ਕਾਫੀ ਚੰਗੀ ਤੇ ਪੱਕੀ ਹੋ ਗਈ ਸੀ ਤੇ ਇਸ ਦੋਸਤੀ ਨੇ ਕਦੋ ਪਿਆਰ ਦਾ ਰੂਪ ਲੈ ਲਿਆ ਸਾਨੂੰ ਦੋਨਾ ਨੂੰ ਪਤਾ ਹੀ ਨਾ ਲੱਗਿਆ।

ਅਗਿਆਤ

...
...

ਤਰਸੇਮ ਦੇ ਵਿਆਹ ਤੋਂ ਕੁਝ ਕੁ ਸਮੇਂ ਬਾਅਦ ਘਰਵਾਲ਼ੀ ਚੱਲ ਵੱਸੀ ਸੀ ਇਕ 5 ਵਰਿਆ ਦੀ ਧੀ ਗੁਰਪ੍ਰਤਾਪ ਪਿੱਛੇ ਛੱਡ ਕੇ, ਤਰਸੇਮ ਕੋਲ 2 ਕੀਲੇ ਜ਼ਮੀਨ ਸੀ ਤੇ ਉਸਤੋ ਆਈ ਚਲਾਈ ਚੱਲੀ ਜਾਂਦੀ , ਤਰਸੇਮ ਦੇ ਕੋਈ ਭੈਣ-ਭਰਾ ਜਾਂ ਮਾਂ- ਬਾਪ ਨਹੀਂ ਸਨ । ਉਸਨੇ ਆਪਣੀ ਧੀ ਨੂੰ ਮਾਂ ਬਣਨੇ ਤੇ ਕਦੇ ਬਾਪ ਬਣਕੇ ਪਾਲਿਆ ਤੇ ਉਸਨੂੰ ਖ਼ੂਬ ਲਾਡ ਪਿਆਰ ਨਾਲ ਵੱਡਾ ਕੀਤਾ ਤੇ ਕਦੇ ਉਸਨੂੰ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ ।ਜਦੋਂ ਗੁਰਪ੍ਰਤਾਪ ਨੇ 12 ਵੀ ਜਮਾਤ ਦੇ ਪੇਪਰ ਦਿੱਤੇ ਹੀ ਸਨ ਤਾਂ ਇਕ ਬਹੁਤ ਚੰਗੇ ਪੜੇ-ਲਿਖੇ ਪਰਿਵਾਰ ਦੇ ਮੁੰਡੇ ਦਾ ਰਿਸ਼ਤਾ ਆਇਆ ਤੇ ਮੁੰਡਾ ਸਰਕਾਰੀ ਨੌਕਰੀ ਕਰਦਾ ਸੀ, ਕਲਰਕ ਲੱਗਾ ਸੀ । ਤਾਂ ਤਰਸੇਮ ਦੇ ਮਨ ਹੀ ਮਨ ਵਿੱਚ ਆਇਆ ਕਿ ਇਸ ਤੋਂ ਵਧੀਆਂ ਕੀ ਹੋ ਸਕਦਾ ਜ਼ਮੀਨ ਹੈਗੀ ਮੁੰਡੇ ਕੋਲ ਤੇ ਸਰਕਾਰੀ ਨੌਕਰੀ ਤਾਂ ਤਰਸੇਮ ਨੇ ਆਪਣੀ ਧੀ ਨਾਲ ਭਰੇ ਮਨ ਨਾਲ ਗੱਲ ਕਰਕੇ ਆੜਤੀਏ ਕੋਲੋਂ ਵਿਆਜ ਤੇ ਪੈਸੇ ਚੱਕ ਕੇ ਤੇ ਜ਼ਮੀਨ ਗਹਿਣੇ ਰੱਖ ਆਪਣੇ ਹੈਸ਼ੀਅਤ ਤੋਂ ਵਧੀਆਂ ਵਿਆਹ ਕੀਤਾ ਤਾਂ ਕਿ ਕੋਈ ਕਮੀ ਨਾ ਰਹਿ ਜਾਵੇ ਤਰਸੇਮ ਦੀ ਇਕੋ ਇਕ ਤਾਂ ਧੀ ਸੀ ਸਭ ਉਸੇ ਦਾ ਸੀ । ਤਰਸੇਮ ਧੀ ਦਾ ਚੰਗੇ ਘਰ ਵਿਆਹ ਕਰਕੇ ਬਹੁਤ ਖੁਸ਼ ਸੀ । ਸਮਾਂ ਬੀਤਦਾ ਗਿਆ ਕੁਝ ਕੁ ਸਮੇਂ ਬਾਅਦ ਗੁਰਪ੍ਰਤਾਪ ਦੇ ਚੇਹਰੇ ਦੀ ਖ਼ੁਸ਼ੀ ਖਤਮ ਜਿਹੀ ਹੁੰਦੀ ਦਿੱਖਦੀ ਤਰਸੇਮ ਨੂੰ ਤੇ ਉਸਨੇ ਪੁੱਛਣਾ ਵੀ ਚਾਹਿਆਂ ਤਾਂ ਗੁਰਪ੍ਰਤਾਪ ਹੱਸ ਕੇ ਟਾਲ ਦਿੰਦੀ ਕਿ ਥੋਨੂੰ ਐਵੇ ਫਿਕਰ ਹੋਈ ਜਾਂਦਾ ਸਭ ਕੁਝ ਬਹੁਤ ਵਧੀਆ ।
ਤਰਸੇਮ ਇਹ ਸੁਣਕੇ ਖੁਸ ਹੋ ਜਾਂਦਾ ਕਿ ਸਾਇਦ ਮੈਨੂੰ ਈ ਬਹਿਮ ਜਿਹਾ ਹੋਈ ਜਾਂਦਾ । ਇਕ ਦਿਨ ਸਿਖਰ ਦੁਪਹਿਰ ਤਰਸੇਮ ਕੇ ਲੈਡਲਾਈਨ ਫ਼ੋਨ ਤੇ ਫ਼ੋਨ ਵੱਜਦਾ ਤੇ ਤਰਸ਼ੇਮ ਥੱਕਿਆ ਹੋਇਆ ਘਰ ਆਇਆ ਈ ਸੀ ਖੇਤ ਤੋਂ ਕਿ ਜਦੋਂ ਫ਼ੋਨ ਚੱਕਦਾ ਤਾਂ ਚੀਕਾਂ ਦੀ ਆਵਾਜ ਆ ਰਹੀ ਆ ਤੇ ਗੁਰਪ੍ਰਤਾਪ ਉਚੀ ਉੱਚੀ ਬਹੁਤ ਡਰੀ ਹੋਈ ਬੋਲ ਰਹੀ ਆ ਕਿ ਬਾਪੂ ਮੈਨੂੰ ਬਚਾ ਲਾ ਬਾਪੂ ਮੈਨੂੰ ਬਚਾ ਲਾ ਇਹ ਮੈਨੂੰ ਅੱਗ ਲਾਉਦੇ ਨੇ ਤੇ ਇਕ ਦਮ ਫ਼ੋਨ ਕੱਟਿਆਂ ਜਾਂਦਾ ਤਾਂ ਤਰਸੇਮ ਦੇ ਪੈਰਾ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਤੇ ਉਹ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਤੇ ਸਿੱਧਾ ਗੁਰਪ੍ਰਤਾਪ ਦੇ ਸਹੁਰੇ ਘਰ ਪਹੁੰਚਦਾ ਜਿੱਥੇ ਜਾ ਕੇ ਲੋਕਾਂ ਦੀਆ ਗੱਲਾਂ ਸੁਣਦਾ ਕਿ ਭਾਈ ਬਹੁਤ ਬੁਰਾ ਹੋਇਆ ਗੈਸ ਲੀਕ ਹੋਗੀ ਤੇ ਕੁੜੀ ਨੂੰ ਅੱਗ ਲੱਗ ਗਈ ਤੇ ਹਸਪਤਾਲ ਲੈ ਕੇ ਗਏ ਨੇ ਪਤਾ ਨੀ ਬਚਾ ਜਾ ਨਹੀਂ ਤਾਂ ਤਰਸ਼ੇਮ ਸਿੱਧਾ ਹਸਪਤਾਲ ਪੁੱਜਦਾ ਤੇ ਗੁਰਪ੍ਰਤਾਪ ਪੂਰੀ ਤਰਾਂ ਅੱਗ ਨਾਲ ਮੱਚੀ ਹੋਈ ਬੈਂਡ ਤੇ ਪਈ ਆ ਤੇ ਤਰਸੇਮ ਉਸਦੇ ਬੈਂਡ ਕੋਲ ਬੈਠ ਕੇ ਰੋ ਪੈਦਾ ਤੇ ਧੀ ਦਾ ਹੱਥ ਫੜਦਾ ਤਾਂ ਗੁਰਪ੍ਰਤਾਪ ਬੋਲਦੀ ਆ ਹੌਲੀ ਹੌਲੀ ਬਾਪੂ ਇਹਨਾਂ ਨੇ ਮੈਨੂੰ ਵਿਆਹ ਤੋਂ ਕੁਝ ਸਮੇਂ ਬਾਅਦ ਈ ਕੁੱਟਣਾ ਸ਼ੁਰੂ ਕਰਤਾ ਦੀ ਕਹਿੰਦੇ ਸੀ ਸਾਡੇ ਨਾਲ ਧੋਖਾ ਹੋਇਆ ਸਾਡਾ ਮੂੰਡਾ ਸਰਕਾਰੀ ਨੌਕਰੀ ਕਰਦਾ ਤੂੰ ਕੀ ਲੈ ਕੇ ਆਈ ਆ ਤੇ ਰੋਜ਼ ਕਹਿੰਦੇ ਸੀ ਜਿਹੜੇ 2 ਕੀਲੇ ਨੇ ਉਹ ਮੁੰਡੇ ਨਾਮ ਕਰਾਵੇ ਤੇਰਾ ਬਾਪੂ ਨਹੀਂ ਤੈਨੂੰ ਲੈ ਜਾਵੇ ਪਰ ਬਾਪੂ ਆਪਾ ਤਾਂ ਆਪਣੇ ਤੋਂ ਵੱਧ ਕੇ ਕੀਤਾ ਸਾਰਾ ਕੁਝ ਪਰ ਇਹਨਾਂ ਨੇ ਮੇਰੀ ਇਕ ਨੀ ਸੁਣੀ ਤੇ ਇਹਨਾਂ ਦੀ ਭੂਆ ਕਿਸੇ ਹੋਰ ਦਾ ਰਿਸ਼ਤਾ ਲੈ ਕੇ ਆਈ ਸੀ ਤੇ ਕਹਿੰਦੀ ਇਹਨੂੰ ਪਾਸੇ ਕਰੋ ਦੂਜੀ ਨੂੰ 20 ਕੀਲੇ ਜ਼ਮੀਨ ਆਉਦੀ ਆ ਰਿਸ਼ਤਾ ਮੈਂ ਕਰਾਓੁ ਬਾਪੂ ਇਹਨਾਂ ਨੇ ਗੈਸ ਖੁੱਲ੍ਹੀ ਛੱਡ ਕੇ ਮੈਨੂੰ ਅੱਗ ਲਾ ਦਿੱਤੀ । ਤਰਸੇਮ ਦੀਆ ਅੱਖਾਂ ਚ ਪਾਣੀ ਤੇ ਧੀ ਨੂੰ ਘੁੱਟ ਕੇ ਜੱਫੀ ਪਾਉਦਾ ਤੇ ਕਹਿੰਦਾ ਤੂੰ ਮੇਰਾ ਸ਼ੇਰ ਪੁੱਤ ਆ ਅੱਜ ਤੋਂ ਤੂੰ ਬਾਪੂ ਕੋਲ ਰਹੇਗੀ । ਗੁਰਪ੍ਰਤਾਪ ਦੀ ਜਾਨ ਬਚ ਜਾਂਦੀ ਆ ਪਰ ਉਸਦੇ ਸਰੀਰ ਤੇ ਕੁਝ ਦਾਗ ਰਹਿ ਜਾਂਦੇ ਨੇ । ਤਰਸੇਮ ਉਸਨੂੰ ਘਰ ਲੈ ਆਉਦਾ ਤੇ ਕਿਸੇ ਨੂੰ ਕੁਝ ਨੀ ਕਹਿੰਦਾ ਕਿਉਕਿ ਉਹ ਪਹਿਲਾ ਈ ਇਨਾ ਕਰਜਾਈ ਆ ਤੇ ਬਾਕੀ ਗੁਰਪ੍ਰਤਾਪ ਦੇ ਕਹਿਣ ਤੇ ਸਭ ਛੱਡ ਆਪਣੇ ਘਰ ਆ ਜਾਂਦੇ ਨੇ ਤੇ ਉਹਨਾ ਨਾਲ ਫੈਸਲਾ ਕਰ ਲੈਂਦੇ ਨੇ । ਸਮਾਂ ਬੀਤਦਾ ਰਹਿੰਦਾ ਤੇ ਗੁਰਪ੍ਰਤਾਪ ਸਦਮੇ ਵਿੱਚੋਂ ਹੌਲੀ ਹੌਲੀ ਬਾਹਰ ਆਉਦੀ ਤਾਂ ਇਕ ਦਿਨ ਬਾਪੂ ਨੂੰ ਫਿਰ ਤੋਂ ਅੱਗੇ ਪੜਨ ਦੀ ਇੱਛਾ ਜ਼ਾਹਰ ਕਰਦੀ ਆ ਤਾਂ ਤਰਸੇਮ ਖ਼ੁਸ਼ੀ ਨਾਲ ਉਸਨੂੰ ਦਾਖਲ ਕਰਵਾ ਦਿੰਦਾ ਤੇ ਗੁਰਪ੍ਰਤਾਪ ਖ਼ੂਬ ਲਗਨ ਨਾਲ ਲੜਦੀ ਜਾਂਦੀ ਆ ਹਰ ਕਲਾਸ ਚੋ ਅੱਵਲ ਰਹਿ ਕੇ ਤੇ ਪੜਾਈ ਪੂਰੀ ਮੇਹਨਤ ਤੇ ਲਗਨ ਨਾਲ ਪੂਰੀ ਕਰਨ ਤੋਂ ਬਾਅਦ ਗੁਰਪ੍ਰਤਾਪ PCSC ਦਾ ਇਮਤਿਹਾਨ ਪਾਸ ਕਰ ਜਾਂਦੀ ਆ ਤੇ ਸਿੱਧੀ ਜੱਜ ਭਰਤੀ ਹੁੰਦੀ ਆ । ਤਰਸੇਮ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨੀ ਰਹਿੰਦਾ। ਧੀ ਦੇ ਜੱਜ ਬਣਨ ਦੀ ਖ਼ੁਸ਼ੀ ਉਸ ਤੋਂ ਸੰਭਾਲ਼ੀ ਨੀ ਜਾਂਦੀ । ਗੁਰਪ੍ਰਤਾਪ ਟੈਨਿੰਗ ਪੂਰੀ ਕਰਨ ਤੋਂ ਬਾਅਦ ਪਹਿਲੇ ਦਿਨ ਡਿਊਟੀ ਤੇ ਜਾਂਦੀ , ਉਸਦੇ ਸਫੇਦ ਰੰਗ ਦਾ ਬਹੁਤ ਸੋਹਣਾ ਸੂਟ ਪਾਇਆ ਤੇ ਚੁੰਨੀ ਬਹੁਤ ਸਲੀਕੇ ਨਾਲ ਲਈ ਹੋਈ ਆ ਤੇ ਮੱਚਣ ਨਾਲ ਮੂੰਹ ਦੇ ਪਿਆਂ ਦਾਗ ਵੀ ਢੱਕਿਆ ਹੋਇਆ । ਜਦੋ ਈ ਉਹ ਆਪਣੀ ਕੁਰਸੀ ਤੇ ਬੈਠਦੀ ਆ ਸਾਹਮਣੇ ਖੜੇ ਉਸਦੇ ਪਤੀ , ਸੱਸ , ਨਣਦ (ਪਤੀ ਦੀ ਭੈਣ) ਜਿਸਦਾ ਮੂੰਹ ਪੂਰੀ ਤਰਾਂ ਜਲ ਚੁੱਕਿਆਂ ਤੇ ਸਰੀਰ ਤੇ ਵੀ ਬਹੁਤ ਨਿਸ਼ਾਨ ਨੇ ਇਕ ਵੀਲ ਚੇਅਰ ਤੇ ਬੈਠੀ ਆ ਤੇ ਨਾਲ ਹੀ ਭੂਆ ਖੜੀ ਆ ਉਹਨਾਂ ਸਾਰਿਆ ਦੇ ਚੇਹਰੇ ਹੱਕੇ ਬੱਕੇ ਰਹਿ ਜਾਂਦੇ ਨੇ ਅੱਜ ਉਹਨਾਂ ਦੀ ਧੀ ਨੂੰ ਕਿਸੇ ਨੇ ਦਾਜ ਪਿੱਛੇ ਅੱਗ ਲਗਾ ਦਿੱਤੀ ਤੇ ਉਸਦੇ ਕੇਸ ਦੀ ਪਹਿਲੀ ਤਰੀਕ ਗੁਰਪ੍ਰਤਾਪ ਦੀ ਕੋਰਟ ਵਿੱਚ ਲੱਗੀ ।।।

ਚੱਲਦਾ …

ਜੋਬਨਪ੍ਰੀਤ ਸਿੰਘ
83442-55559

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)