Posts Uploaded By ਬੱਚਿਆਂ ਦੀਆਂ ਕਹਾਣੀਆਂ

Sub Categories

ਇਹ ਗੱਲ ਥੋੜੇ ਦਿਨ ਪਹਿਲਾਂ ਦੀ ਹੈ।ਅਸੀਂ ਘਰ ਬਣਾਉਣਾ ਸ਼ੁਰੂ ਕੀਤਾ ਹੋਇਆ ਸੀ ਤਾਂ ਦਿਹਾੜੀ ਤੇ ਇੱਕ ਮੁੰਡਾ ਆਇਆ,ਉਸ ਤੋਂ ਪੁਰਾ ਕੰਮ ਨਾ ਹੋਵੇ,ਇਕ ਤਸਲਾ ਚੱਕੇ ਤੇ ਥੱਕ ਕੇ ਬਹਿ ਜਾਵੇ।ਮੇਰੇ ਭਰਾ ਦੀ ਉਸ ਨਾਲ ਗੱਲ ਹੋਈ ਤਾਂ ਗੱਲਾਂ ਵਿੱਚ ਪਤਾ ਲਗਿਆ ਵੀ ਉਹ ਕਿਸੇ ਟਾਇਮ ਕਰੋੜਪਤੀ ਰਹਿ ਚੁਕਿਆ।ਜਵਾਨ ਹੋਇਆ ਤਾਂ ਅਮੀਰ ਬਣਨ ਦਾ ਚਾਅ ਸੀ ਤਾਂ ਪੈਸੇ ਦੇ ਲਾਲਚ ਵਿੱਚ ਉਹ ਨਸ਼ੇ ਵੇਚਣ ਲੱਗ ਗਿਆ।ਪਹਿਲਾ ਕੁੱਝ ਕ ਪੈਸੈ ਕਮਾਏ ਤੇ ਫੇਰ ਇੱਕ ਦਿਨ ਦਾ ਇੱਕ ਲੱਖ ਵੀ ਕਮਾਇਆ।ਪਰ ਕਿਸੇ ਦੀ ਜਿੰਦਗੀ ਬਰਬਾਦ ਕਰਕੇ ਕਮਾਇਆ ਪੈਸਾ ਉਸ ਦੀ ਜਿੰਦਗੀ ਵੀ ਕਿਵੇਂ ਅਬਾਦ ਕਰ ਸਕਦਾ ਸੀ।ਉਸਨੇ ਬਹੁਤ ਨਸ਼ਾ ਵੇਚਿਆ,ਤੇ ਉਸ ਪੈਸੇ ਨਾਲ ਇਨੋਵਾ,ਇੱਕ ਜੀਪ,ਕਰੇਟਾ ਗੱਡੀ,ਬੂਲਟ ਅਤੇ ਆਰ ਵਣ ਫਾਈਵ ਮੋਟਰ ਸਾਈਕਲ ਲੀਤਾ।ਪੂਰੀ ਐਸ਼ ਕੀਤੀ।ਪਰ ਪਤਾ ਨਹੀਂ ਕਿੰਨੇ ਘਰ ਖਰਾਬ ਕੀਤੇ।ਕਿਸੇ ਦੀ ਬਦ-ਦੂਆ ਤਾਂ ਲੱਗਣੀ ਹੀ ਸੀ।ਉਸਦੀ ਕਿਸੇ ਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਤੇ ਉਹ ਰੰਗੇ ਹੱਥੀ ਫੜਿਆ ਗਿਆ ਜੋ ਵੀ ਕਮਾਇਆ ਸੀ ਸਭ ਉਸਦੀ ਜਮਾਨਤ ਤੇ ਲੱਗ ਗਿਆ।ਹੁਣ ਉਸਦਾ ਸਮਾਂ ਕੁੱਝ ਇਸ ਤਰਾਂ ਸੀ ਵੀ ਦਿਹਾੜੀ ਲਈ ਮਜਬੂਰ।
ਚੰਗੇ ਬੁਰੇ ਦੀ ਹਿਸਾਬ ਸਭ ਇਸੇ ਜਨਮ ਦੇਣਾ ਪੈਂਦਾ।

Submitted By:- ਅਮਨਪ੍ਰੀਤ ਕੌਰ

...
...

ਜਿੰਦਗੀ ਵਿੱਚ ਕੰਮ ਆਉਣ ਵਾਲੀ ਗਿਆਨ ਦੀ ਗੱਲ।

ਕੇਰਾਂ ਚੰਡੀਗੜ੍ਹ ਤੋਂ ਬੁਢਲਾਡਾ ਦੇ ਬੱਸ ਸਫ਼ਰ ਦੌਰਾਨ ਦੋ ਬੰਦੇ ਉੱਚੀ-ਉੱਚੀ ਵਾਜ ਵਿੱਚ ਗੱਲਾਂ ਬਾਤਾਂ ਕਰਦੇ ਰਹੇ। ਗੱਲ ਕੀ,ਸਾਰੀ ਬੱਸ ਦਾ ਸਿਰ ਖਾ ਲਿਆ? ਕੁਝ ਸਵਾਰਿਆ ਨੇ ਉਹਨਾਂ ਵੱਲ ਬਹੁਤਾ ਧਿਆਨ ਨਾ ਦਿੱਤਾ।

ਘੰਟੇ ਕੁੰ ਦੇ ਸਫ਼ਰ ਤੋਂ ਬਾਅਦ ਉਹ ਦੋਵੇਂ ਗੱਲਾਂ ਵਿੱਚ ਲੀਨ।

ਇੱਕ ਕਹਿੰਦਾ ਬਾਈ ਆਪਾਂ ਗੱਲਾਂਬਾਤਾਂ ਵਿੱਚ ਹੀ ਭੁੱਲ ਗਏ?…. ਐਵੇਂ ਤਾਂ ਦੱਸਿਆ ਹੀ ਨਹੀਂ ਵੀ ਤੈ ਜਾਣਾ ਕਿੱਥੇ ਐਂ?…..
ਦੂਸਰਾ ਕਹਿੰਦਾ ਗੱਲ ਤਾਂ ਤੇਰੀ ਠੀਕ ਐਂ ਬਾਈ ਆਪਾਂ ਗੱਲਾਂ ਗੱਲਾਂ ਵਿੱਚ ਹੀ ਭੁੱਲ ਗਏ? ਮੇਰੇ ਵੀ ਚੇਤੇ ਨੀ ਆਈ ਗੱਲ….. ਮੈਂ ਜਾਣਾ ਬੁਲਾਡੇ?…

ਪਹਿਲਾਂ ਕਹਿੰਦਾ ਲ਼ੈ ਫੇਰ ਬਣ ਗਈ ਗੱਲ?? ਜਾਣਾ ਮੈਂ ਵੀ ਬੁਲਾਡੇ ਹੀ ਐਂ?

ਪਹਿਲੇ ਨੇ ਫੇਰ ਪੁੱਛਿਆ,ਅਖੇ ਬਾਈ ਬੁਲਾਡੇ ਰਹਿੰਦਾ ਕਿੱਥੇ ਐਂ?….

ਦੂਸਰਾ ਕਹਿੰਦਾ ਬਾਈ ਸਿਨੇਮਾ ਆਲੇ ਰੋਡ?…
ਪਹਿਲਾਂ ਹੱਸ ਕੇ, ਲ਼ੈ ਬਾਈ ਫੇਰ ਮੈਂ ਵੀ ਸਿਨੇਮਾ ਆਲੇ ਰੋਡ ਤੇ ਹੀ ਰਹਿੰਦਾ?….

ਪਹਿਲਾਂ ਕਹਿੰਦਾ ਬਾਈ ਕਿਹੜੀ ਗਲ਼ੀ ਵਿੱਚ ਘਰ ਐਂ?….
ਦੂਸਰਾ ……… ਗਲ਼ੀ ਨੰਬਰ ਪੰਜ ਵਿੱਚ ਐਂ ਪਿਆਰਿਓ?…

ਪਹਿਲਾਂ ਥੋੜ੍ਹਾ ਹੋਰ ਹੱਸ ਪਿਆ,ਅਖੇ ਬਾਈ ਪੰਜ ਨੰਬਰ ਵਿੱਚ ਹੀ ਮੈਂ ਰਹਿੰਦਾ ਹਾਂ?… ਕਦੇ ਮਿਲੇ ਹੀ ਨਹੀਂ?

ਪਹਿਲੇ ਨੇ ਫੇਰ ਸਵਾਲ ਕਰਤਾ?ਪੰਜ ਨੰਬਰ ਗਲ਼ੀ ਵਿੱਚ ਮਕਾਨ ਨੰਬਰ ਕਿੰਨਾ ਐਂ ਜੀ?
ਦੂਸਰਾ ਨੇ ਕਿਹਾ?…….. ਮਕਾਨ ਨੰਬਰ ਪੰਦਰਾਂ???

ਪਹਿਲਾਂ ਹੈਰਾਨ ਹੋ ਕੇ!……ਕੀ ਗੱਲ ਕਰਦੇ ਓ ਜੀ?…. ਪੰਦਰਾਂ ਨੰਬਰ ਕੋਠੀ ਵਿੱਚ ਤਾਂ ਮੈਂ ਵੀ ਰਹਿੰਦਾ ਹਾਂ?

ਪਹਿਲਾਂ ਕਹਿੰਦਾ ਮੈਂ ਹੇਠਾਂ ਰਹਿੰਦਾ ਹਾਂ ਜੀ?
ਦੂਸਰਾ ਕਹਿੰਦਾ ਮੈਂ ਉੱਪਰ????

ਪਿੱਛਲੀਆਂ ਸਵਾਰੀਆਂ ਗੱਲਾਂ ਸੁਣ ਰਹੀਆਂ ਸੀ। ਇੱਕ ਪੜ੍ਹਿਆ ਲਿਖਿਆ ਜਿਹਾ ਬੰਦਾ ਕਹਿੰਦਾ ਬਾਈ ਤੁਸੀਂ ਰਹਿੰਦੇ ਵੀ ਇੱਕ ਘਰ ਵਿੱਚ ਹੋ, ਇੱਕ ਹੀ ਸ਼ਹਿਰ ਦੇ ਹੋ?…. ਫੇਰ ਵੀ ਇੱਕ ਦੂਜੇ ਨੂੰ ਨਹੀਂ ਜਾਣਦੇ?

ਐਨੇ ਵਿੱਚ ਉਹ ਕਹਿੰਦੇ ਚੁੱਪ ਕਰ ਭਾਈ ਅਸੀਂ ਤਾਂ ਪਿਓ ਪੁੱਤ ਆ। ਅਸੀਂ ਤਾਂ ਟਾਇਮ ਪਾਸ ਕਰ ਰਹੇ ਆ।ਤੈ ਦੱਸ ਕੀ ਲੈਣਾ 😀

...
...

ਮੈਂ ਇਕ ਮੱਧ ਵਰਗ ਪਰਿਵਾਰ ਵਿਚੋਂ ਹਾ।ਸਾਡੇ ਘਰ ਨੇੜੇ ਹੀ ਇਕ ਲਾਲਿਆਂ ਦਾ ਘਰ ਹੈ।ਸਾਡਾ ਦੋਹਾਂ ਟਬਰਾਂ ਦਾ ਸ਼ੁਰੂ ਤੋਂ ਹੀ ਬਹੁਤ ਪਿਆਰ ਰਿਹਾ,ਸਾਡਾ ਬੱਚਿਆ ਦਾ ਵੀ ਬਹੁਤ ਪਿਆਰ ਆਪਸ ਵਿੱਚ।ਉਹਨਾਂ ਦੀ ਦੋਹਤਰੀ ਦਾ ਵੀ ਮੇਰੇ ਨਾਲ ਬਹੁਤ ਪਿਆਰ।ਗਰਮੀ ਦੀ ਛੂਟੀਆਂ ਹੋਣੀਆ,ਉਸਨੇ ਸਾਡੇ ਸ਼ਹਿਰ ਆਉਣਾ।ਅਸੀਂ ਸਾਰਾ ਦਿਨ ਇੱਕਠੇ ਖੇਡਣਾ। ਵੱਡੇ ਹੋਏ ਇੱਕਠੇ ਬੈਠ ਕੇ ਬਚਪਨ ਯਾਦ ਕਰਨਾ।ਫੇਰ ਮੇਰੀ ਸਹੇਲੀ ਦੀ ਆਸਟਰੈਲੀਆ ਦਾ ਵੀਜਾ ਆ ਗਿਆ।
ਮੈਂ ਸੋਚਿਆ ਇੱਕ ਵਾਰ ਮਿਲ ਆਵਾਂ ਫੇਰ ਪਤਾ ਨਹੀਂ ਕਦੋਂ ਮਿਲਣਾ।ਮੈਂ ਬਹੁਤ ਪਿਆਰ ਨਾਲ ਉਸਦੇ ਲਈ ਇੱਕ 3000 ਦੀ ਜੈਕਟ ਲਈ ਅਤੇ ਮਿਲਣ ਉਸਦੇ ਸ਼ਹਿਰ ਗਈ।ਬਹੁਤ ਸੇਵਾ ਕੀਤੀ ਮੇਰੀ,ਬਹੁਤ ਪਕਵਾਨ ਬਣਾਏ। ਰਾਤ ਹੋਈ ਅਸੀਂ ਸਾਰੇ ਬੈਠ ਕੇ ਗੱਲਾਂ ਕਰਨ ਲੱਗੇ। ਗੱਲਾਂ ਗੱਲਾਂ ਵਿੱਚ ਉਸਦੇ ਪਾਪਾ ਕਹਿਣ ਲੱਗੇ ਕਿ ਮੈਨੂੰ ਆ ਦੇਣ ਲੈਣ ਜਵਾਂ ਪਸੰਦ ਨਹੀਂ।ਕੋਈ ਲੈਕੇ ਆਉਂਦਾ ਤਾਂ ਉਸ ਨੂੰ ਦੇਣਾ ਵੀ ਪੈਂਦਾ।ਸਵੇਰੇ ਘਰ ਆਉਣਾ ਸੀ ਤਾਂ ਉਹਨਾਂ ਨੇ ਮੈਨੂੰ ਇੱਕ ਜੈਕਟ ਦਿੱਤੀ, ਮੈਨੂੰ ਏ ਵੱਟਾ ਲਗਿਆ ਦੋ ਮਿੰਟ ਲਈ ਏਦਾ ਲਗਿਆ ਕਿ ਰਾਤ ਅੰਕਲ ਨੇ ਮੇਰੇ ਲਈ ਹੀ ਕਿਹਾ ਸੀ ਕਿ ਦੇਣ ਲੈਣ ਨਹੀਂ ਪਸੰਦ।

Amanpreet kaur

...
...

ਅੱਜ ਦੇ ਸਮੇਂ ਵਿੱਚ ਇਕ ਗੱਲ ਬਹੁਤ ਪ੍ਰਚਲਿਤ ਹੈ ਕਿ ਜਿਹੜਾ ਮਨੁੱਖ ਅੰਗਰੇਜ਼ੀ ਵਿੱਚ ਗਿਟ-ਪਿਟ ਕਰੇ ਉਹਨੂੰ ਪੜ੍ਹਿਆ ਲਿਖਿਆ ਸਮਝਿਆ ਜਾਂਦਾ ਹੈ ਅਤੇ ਜੋ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਗੱਲ ਕਰੇ ਉਹਨੂੰ ਅਨਪੜ੍ਹ ਸਮਝਿਆ ਜਾਂਦਾ ਹੈ। ਮੈਂ ਇਸ ਲੇਖ ਦੁਆਰਾ ਲੋਕਾਂ ਦੀ ਇਸ ਬੇਤੁਕੀ ਸੋਚ ਨੂੰ ਨੱਥ ਪਾਉਣੀ ਚਾਹੁੰਦਾ ਹਾਂ। ਨਾ ਤਾਂ ਪੰਜਾਬੀ ਅਨਪੜ੍ਹ ਹੁੰਦੇ ਨੇ ਅਤੇ ਨਾ ਪੰਜਾਬੀ ਅਨਪੜ੍ਹਾਂ ਦੀ ਬੋਲੀ ਹੈ। ਜੇਕਰ ਤੁਸੀ ਪੰਜਾਬੀ ਸਾਹਿਤ ਨੂੰ ਪੜ੍ਹੋ ਤਾਂ ਤੁਹਾਡਾ ਆਪਣੀ ਮਾਂ ਬੋਲੀ ਨਾਲ ਪਿਆਰ ਹੋਰ ਵੱਧ ਜਾਵੇਗਾ। ਮੈਂ ਅੰਗਰੇਜ਼ੀ ਬੋਲੀ ਜਾਂ ਹੋਰਾਂ ਬੋਲੀਆਂ ਦਾ ਵਿਰੋਧ ਨਹੀਂ ਕਰ ਰਿਹਾ ਪਰ ਜੇਕਰ ਕੋਈ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦਾ ਹੈ ਤਾਂ ਇਸਤੋਂ ਨਿੰਦਾਜਨਕ ਹੋਰ ਕੁਝ ਨਹੀਂ। ਆਪਣੀ ਮਾਂ ਬੋਲੀ ਨੂੰ ਭੁੱਲ ਜਾਣਾ ਆਪਣੀ ਮਾਂ ਨੂੰ ਭੁੱਲ ਜਾਣ ਦੇ ਸਮਾਣ ਹੈ।

” ਮੈਂ ਪੰਜਾਬੀ ਅਤੇ ਪੜ੍ਹਿਆ ਲਿਖਿਆ ਹਾਂ ,
ਪੱਕੀ ਨੂੰ ਦੇਖਕੇ ਨਾ ਕਦੇ ਬਿਕਿਆਂ ਹਾਂ ।
ਹਰ ਵਿਸ਼ੇ ਹਰ ਭਾਸ਼ਾ ਦਾ ਗਿਆਨ ਹੈ ,
ਮਾਂ ਬੋਲੀ ਨੂੰ ਭੁੱਲਣਾ ਮਾਂ ਨੂੰ ਭੁੱਲਣ ਦੇ ਸਮਾਣ ਹੈ ।। ”

ਅੱਜ ਜੇਕਰ ਵਿਦਿਆ ਪੱਧਰ ਤੇ ਗੱਲ ਕੀਤੀ ਜਾਵੇ ਤਾਂ ਇੱਕ ਨਾਮੀਂ ਕਾਨਵੈਂਟ ਸਕੂਲ ਵਿੱਚ ਪੰਜਾਬੀ ਦੀ ਕਿਤਾਬ ਹੁਣ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੈ। ਹਰ ਪਾਠ ਤੋਂ ਬਾਅਦ ਸ਼ਬਦ-ਅਰਥ ਪੰਜਾਬੀ ਤੋਂ ਬਾਅਦ ਅੰਗਰੇਜ਼ੀ ਵਿੱਚ ਲਿਖੇ ਹੋਏ ਹਨ ਤਾਂ ਜੋ ਬੱਚੇ ਇਹ ਸ਼ਬਦ ਆਸਾਨੀ ਨਾਲ ਸਮਝ ਜਾਣ। ਪੰਜਾਬੀ ਅੱਜ ਪਿੰਡਾਂ ਦੀ ਭਾਸ਼ਾ ਬਣਕੇ ਰਹਿ ਗਈ ਅਤੇ ਸ਼ਹਿਰਾਂ ਵਿੱਚ ਪੰਜਾਬੀ ਬੋਲਣ ਵਾਲੇ ਨੂੰ ਪੇਂਡੂ ਆਖਿਆ ਜਾਂਦਾ ਹੈ। ਪਰ ਜਦੋਂ ਤੱਕ ਮੇਰੇ ਵਰਗੇ ਪੜ੍ਹੇ ਲਿਖੇ ਅਤੇ ਪੰਜਾਬੀ ਜਿਉਂਦੇ ਨੇ ਉਦੋਂ ਤੱਕ ਸਾਡੀ ਮਾਂ ਬੋਲੀ ਨੂੰ ਕੋਈ ਖਤਰਾ ਨਹੀਂ। ਜੋ ਇੰਟਰਨੈੱਟ ਤੇ ਦੁਖ ਦਰਸੋਂਦੇ ਨੇ ਪਰ ਉਹ ਕਰਦੇ ਕੁਝ ਨਹੀਂ।

‘ ਪੰਜਾਬੀ ਮਾਂ ਬੋਲੀ ਨੂੰ ਹੈ ਖਤਰਾ ਇਹ ਕਹਿ ਕੇ ਦੁਖ ਦਰਸੋਂਦੇ ਹੋ
ਸੱਚ ਦੱਸਿਓ ਆਪਣੇ ਬੱਚੇ ਕਿਹੜੇ ਸਕੂਲ ਪੜ੍ਹਾਂਦੇ ਹੋ ‘

ਮੈਨੂੰ ਆਪਣੇ ਪੰਜਾਬੀ ਹੋਣ ਦਾ ਬਹੁਤ ਮਾਣ ਹੈ। ਜਦੋ ਵੀ ਦੇਸ਼ ਦੀ ਗੱਲ ਆਂਦੀ ਹੈ ਤਾਂ ਕੁਰਬਾਨੀਆਂ ਚ’ ਸੱਭ ਤੋਂ ਪਹਿਲਾਂ ਨਾਮ ਪੰਜਾਬੀਆਂ ਦਾ ਆਉਂਦਾ ਹੈ। ਹਰ ਫ਼ਿਲਮ ਚ’ ਗੀਤ ਪੰਜਾਬੀ ਹਰ ਪ੍ਰਾਂਤ ਚ’ ਰੀਤ ਪੰਜਾਬੀ। ਅੱਜ ਪੰਜਾਬੀ ਪੂਰੀ ਦੁਨੀਆਂ ਵਿੱਚ ਇੱਕ ਵੱਖਰੀ ਪਹਿਚਾਣ ਤੇ ਹੋਂਦ ਰੱਖਦੇ ਨੇ। ਮੈਂ ਹਰ ਪੰਜਾਬੀ ਨੂੰ ਇਸ ਲੇਖ ਦੁਆਰਾ ਇਹ ਦਾਅਵਾ ਕਰਦਾ ਹਾਂ ਕਿ ਇਕ ਦਿਨ ਐਸਾ ਜਰੂਰ ਆਵੇਗਾ ਜਦੋ ਪੰਜਾਬੀ ਦੁਨੀਆਂ ਦੀ ਪਹਿਲੀ ਦਸ ਭਾਸ਼ਾਵਾਂ ਵਿੱਚ ਆਵੇਗੀ। ਜੇ ਅੱਜ ਤੋਂ ਬਾਅਦ ਤੁਹਾਨੂੰ ਕੋਈ ਪੁੱਛੇ ਕਿ ਪੰਜਾਬੀ ਵਿੱਚ ਕੀ ਹੈ ਜੋ ਅੰਗਰੇਜ਼ੀ ਵਿੱਚ ਨਹੀਂ ਤਾਂ ਉਹਨੂੰ ਇਹ ਜਵਾਬ ਦੇਣਾ ਕਿ ਅੰਗਰੇਜ਼ੀ ਵਿੱਚ ਸਾਨੂੰ ‘ੜ ‘ ਲਿਖਕੇ ਦਿਖਾਓ ।

© ਅਨੁਜ ਬੈਂਸ
9876023112

...
...

ਦੋਵੇਂ ਖਿੜ ਖਿੜ ਕੇ ਹੱਸ ਰਹੇ ਸਨ ਕਿਉਂਕਿ “ਸਾਹਿਬਾਂ” ਨੇ ਅੱਜ ਫੇਰ ਚੰਨ ਵੱਲ ਵੇਖ ਕੇ “ਚੰਨ ਦੀ ਸੈਰ” ਬਾਰੇ ਕਿਹਾ ਸੀ ਜ਼ੋ ਅਕਸਰ ਉਹ ਓਦੋਂ ਕਿਹਾ ਕਰਦੀ ਸੀ ਜਦੋਂ ਓਹਨਾ ਦੋਵਾਂ ਨੇ ਮੁਹੱਬਤ ਦੇ ਰਾਵਾਂ ਤੇ ਪੈਰ ਪੁੱਟੇ ਸਨ। ਤਕਰੀਬਨ ਅੱਜ ਤੋਂ 10 ਸਾਲ ਪਹਿਲਾ, ਉਹ ਦੋਵੇਂ” ਸਾਹਿਬਾ ਤੇ ਰਣਵੀਰ” ਮੁਹੱਬਤ ਦੇ ਰੰਗਾਂ ਵਿੱਚ ਭਿੱਜੇ ਸਨ।ਰਣਵੀਰ ਸਾਹਿਬਾ ਦੇ ਨਾਲ ਦੇ ਪਿੰਡ ਦਾ ਵਸਨੀਕ ਸੀ। ਓਹ ਦੋਵੇਂ ਇਕ ਦੂਜੇ ਨੂੰ ਕਾਲਜ ਵਿੱਚ ਡਿਗਰੀ ਕਰਦੇ ਸਮੇਂ ਮਿਲੇ ਸਨ।ਓਹ ਦੋਵੇਂ ਅਕਸਰ ਸਹਿਰ ਇਕ ਚਾਹ ਦੀ ਦੁਕਾਨ ਤੇ ਚਾਹ ਪੀਂਦੇ ਸਨ ਤੇ ਹੋਲੀ ਹੋਲੀ ਪਿਆਰ ਦੇ ਸਮੁੰਦਰ ਵਿੱਚ ਏਨੇ ਡੂੰਘਾਈ ਚ ਉੱਤਰੇ ਕੇ ਇਕ ਦੂਜੇ ਬਿਨਾ ਸਾਹ ਲੈਣਾ ਔਖਾ ਪ੍ਰਤੀਤ ਹੋਣ ਲੱਗਾ।ਓਹ ਜਦੋਂ ਵੀ ਰਾਤ ਸਮੇਂ ਫੋਨ ਤੇ ਇਕ ਦੂਜੇ ਨਾਲ ਗੱਲ ਕਰਦੇ ਤਾਂ ਸਾਹਿਬਾ ਹਰ ਰੋਜ” ਚੰਨ ਦੀ ਸੈਰ” ਕਰਾਉਣ ਦੀ ਜਿੱਦ ਕਰਦੀ ਸੀ।
ਰਣਵੀਰ ਦੇ ਘਰਦੀ ਆਰਥਿਕ ਹਾਲਤ ਕੋਈ ਬਹੁਤੀ ਠੀਕ ਨਹੀਂ ਸੀ। ਇਸ ਕਰਕੇ ਸਾਹਿਬਾਂ ਦੇ ਪਿਉ ਨੇ ਓਹਦਾ ਰਿਸ਼ਤਾ ਆਪਣੀ ਧੀ ਲਈ ਮਨਜੂਰ ਨਾ ਕੀਤਾ।ਪਰ ਫਿਰ ਵੀ ਉਹ ਘਰਦਿਆਂ ਤੋਂ ਚੋਰੀ ਇਕ ਦੂਜੇ ਨਾਲ ਗੱਲ ਕਰਦੇ ਤੇ ਰਣਵੀਰ ਨੇ ਵਿਦੇਸ਼ ਜਾਣ ਦਾ ਫੈਸਲਾ ਕੀਤਾ ਤਾਂ ਹੋ ਓਹ ਘਰਦੇ ਹਾਲਾਤ ਠੀਕ ਕਰਨ ਤੋ ਬਾਅਦ ਸਾਹਿਬਾਂ ਨੂੰ ਵਿਆਹ ਸਕੇ।ਸਾਹਿਬਾ ਓਸਦੇ ਏਸ ਫੈਸਲੇ ਤੋਂ ਕੋਈ ਬਹੁਤੀ ਖੁਸ਼ ਨਾ ਸੀ ਪਰ ਉਸ ਨੇ ਉਹਨੂੰ ਜਾਣ ਤੋਂ ਰੋਕਿਆ ਨਾ ਕਿਉਂਕਿ ਉਹ ਵੀ ਓਹਦੇ ਨਾਲ ਹੀ ਜਿਉਣਾ ਚਾਉਂਦੀ ਸੀ।
ਓਹ ਇਕ ਦੂਸਰੇ ਦੇ ਸੰਪਰਕ ਚ ਰਹੇ ਤੇ ਏਸ ਗੱਲ ਦਾ ਪਤਾ ਜਦੋਂ ਸਾਹਿਬਾ ਦੇ ਪਿਉ ਨੂੰ ਲੱਗਿਆ ਤਾਂ ਉਸਨੇ ਜਬਰਦਸਤੀ ਸਾਹਿਬਾਂ ਦਾ ਵਿਆਹ ਸਹਿਰ ਦੇ ਕਿਸੇ ਪੜ੍ਹੇ ਲਿਖੇ ਨੌਜਵਾਨ ਨਾਲ ਕੀਤਾ।ਓਹ ਰਣਵੀਰ ਨਾਲ ਗੱਲ ਕਰਨੀ ਚਾਉਂਦੀ ਸੀ ਪਰ ਹਾਲਾਤਾਂ ਨੇ ਉਸਨੂੰ ਮਨਜੂਰੀ ਨਾ ਦਿੱਤੀ ਤੇ ਏਸੇ ਤਰ੍ਹਾਂ ਰਣਵੀਰ ਉੱਥੇ ਸਾਹਿਬਾਂ ਦੀ ਯਾਦ ਚ ਬੇਵਸ ਸੀ ਨਾ ਵਾਪਿਸ ਆ ਸਕਦਾ ਸੀ। ਚਾਰ ਸਾਲ ਮਗਰੋਂ ,ਓਹ ਦੋਵੇਂ ਹਲੇ ਵੀ ਇਕ ਦੂਜੇ ਨੂੰ ਓਨਾ ਹੀ ਪਿਆਰ ਕਰਦੇ ਯਾਦ ਕਰਦੇ ਸਨ।ਇਕ ਰਾਤ ਐਸੀ ਆਈ ਕਿ ਰਣਵੀਰ ਦਾ ਸਾਹਿਬਾਂ ਦੀ ਯਾਦ ਚ ਬੁਰਾ ਹਾਲ ਸੀ ਤੇ ਓਸ ਨੇ ਰਾਤੋ ਰਾਤ ਪਿੰਡ ਵਾਪਿਸ ਜਾਣ ਦਾ ਫੈਸਲਾ ਕੀਤਾ ਤੇ 2ਦਿਨਾਂ ਬਾਅਦ ਓਹ ਪਿੰਡ ਆ ਗਿਆ।ਓਸਨੇ ਕਿਸੇ ਤੋ ਪਤਾ ਕੀਤਾ ਤਾਂ ਉਸਨੂੰ ਪਤਾ ਲੱਗਿਆ ਕੇ ਸਾਹਿਬਾਂ ਦਾ ਵਿਆਹ ਸਹਿਰ ਦੇ ਕਿਸੇ ਮੁੰਡੇ ਨਾਲ ਕਰ ਦਿੱਤਾ ਗਿਆ ਸੀ ਤੇ ਓਹ ਵਿਆਹ ਤੋਂ 3ਮਹੀਨੇ ਬਾਅਦ ਹੀ ਵਿਧਵਾ ਹੋ ਗਈ ਸੀ ਤੇ ਹੁਣ ਇਕੱਲੀ ਸਹਿਰ ਹੀ ਰਹਿੰਦੀ ਹੈ। ਇਹ ਸਬ ਸੁਣ ਕੇ ਓਹ ਇਕ ਦਮ ਚੁੱਪ ਹੋ ਗਿਆ ਤੇ ਚੁੱਪ ਚਾਪ ਸਹਿਰ ਚਲਾ ਗਿਆ।ਓਹ ਪੂਰਾ ਦਿਨ ਸਾਹਿਬਾਂ ਦਾ ਪਤਾ ਲਭਦਾ ਰਿਹਾ ਪਰ ਉਸਨੂੰ ਕੋਈ ਸੂਹ ਨਾ ਮਿਲੀ ਤੇ ਜਿਵੇਂ ਹੀ ਸੂਰਜ ਢਲ ਰਿਹਾ ਸੀ , ਓਸਦਾ ਮਨ ਓਸ ਚਾਹ ਵਾਲੀ ਦੁਕਾਨ ਵੱਲ ਜਾ ਰਿਹਾ ਸੀ ਜਿੱਥੇ ਓਹ ਅਕਸਰ ਚਾਹ ਪੀਂਦੇ ਸਨ,ਤੇ ਹੋਲੀ ਹੋਲੀ ਜਦੋਂ ਓਹ ਉੱਥੇ ਪਹੁੰਚਿਆ ਤੇ ਓਸਨੇ ਉੱਥੇ ਇੱਕ ਅੌਰਤ ਨੂੰ ਨਿੱਕੀ ਜਿਹੀ ਬੱਚੀ ਨਾਲ ਖੜੇ ਦੇਖਿਆ ਜੋ ਮਸਾ 2ਸਾਲ ਦੀ ਹੋਵੇ ਗਈ ਤੇ ਓਹ ਅੌਰਤ ਓਸ ਛੋਟੀ ਬੱਚੀ ਨੂੰ ਚੁੱਪ ਕਰਾਉਂਦੀ ਹੋਈ ਕਹਿ ਰਹੀ ਸੀ ਕੇ ਤੇਰੇ ਪਾਪਾ ਜਰੂਰ ਆਉਣ ਗੇ ।ਜਦੋਂ ਓਸ ਅੌਰਤ ਨੇ ਪਿੱਛੇ ਦੇਖਿਆ ਤਾਂ ਰਣਵੀਰ ਦੇ ਪੈਰਾਂ ਨਿਚੋ ਧਰਤੀ ਖਿਸਕ ਗਈ ਜਾਪੀ ਤੇ ਓਹਨਾ ਦੋਵਾਂ ਦੀਆ ਅੱਖਾਂ ਚ ਹੰਜੂ ਸਨ।ਰਣਵੀਰ ਨੇ ਸਾਹਿਬਾਂ ਨੂੰ ਘੁੱਟ ਕੇ ਗੱਲ ਨਾਲ ਲਾਇਆ ਤੇ ਓਹਨਾ ਦੋਵਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਓਸ ਛੋਟੀ ਬੱਚੀ ਨੇ ਰਣਵੀਰ ਨੂੰ ਪਾਪਾ ਆਖ ਬੁਲਾਇਆ।
ਸਾਰਾ ਮਾਹੌਲ ਜਿਵੇਂ ਓਹਨਾ ਨਾਲ ਖ਼ੁਸ਼ ਹੋ ਗਿਆ ਹੋਵੇ, ਓਹ ਹੋਲੀ ਹੌਲੀ ਉੱਥੇ ਸਾਹਿਬਾ ਦੇ ਓਸ ਘਰ ਵਿਚ ਗਏ ਜਿੱਥੇ ਓਹ ਰਹਿੰਦੀ ਸੀ।ਓਹ ਤਿੰਨੋ ਸ਼ਾਮ ਨੂੰ ਛੱਤ ਤੇ ਬੈਠੇ ਚੰਨ ਵੱਲ ਵੇਖ ਰਹੇ ਸੀ ਤੇ ਨਿੱਕੀ ਬਚੀ ਚੰਨ ਵੱਲ ਇਸ਼ਾਰਾ ਕਰ ਰਹੀ ਸੀ।ਰਣਵੀਰ ਨੇ ਸਾਹਿਬਾਂ ਤੋ ਪੁੱਛਿਆ ਕਿ ਇਹ ਕਿ ਕਹਿਣਾ ਚਾਉਂਦੀ ਹੈ ਤਾਂ ਉਸਨੇ ਕਿਹਾ ਕਿ ਇਹ ਚੰਨ ਦੀ ਸੈਰ ਲਈ ਕਹਿੰਦੀ ਹੈ ਤੇ ਕਹਿੰਦੀ ਹੈ ਤੁਸੀਂ ਸਾਨੂੰ ਚੰਨ ਦੀ ਸੈਰ ਕਦੋਂ ਕਰਵਾਉਣੀ ਹੈ। ਤਾਂ ਰਣਵੀਰ ਹਸਦਾ ਹੈ ਤੇ ਓਹਨਾ ਦੋਵਾਂ ਨੂੰ ਬੁੱਕਲ ਚ ਲੈ ਕ ਓਹ ਆਪਣੀ ਜਿੰਦਗੀ ਦੀ ਸਾਰੀ ਕਹਾਣੀ ਸੁਣਾਉਂਦਾ ਹੈ, ਜਿਸ ਵਿੱਚ ਚੰਨ ਦੇ ਡੂੰਘੇ ਟੋਏ ਵਰਗੇ ਵਿਛੋੜੇ ਆਲੇ ਦਿਨ ਸਨ,ਚਾਨਣੀ ਵਰਗੀਆਂ ਮਿੱਠਿਆਂ ਯਾਦਾਂ ਤੇ ਸੁਪਨੇ,ਚੰਨ ਵਰਗੇ ਸੋਹਣੇ ਵਾਅਦੇ ਸਨ ਜ਼ੋ ਸਾਹਿਬਾ ਤੇ ਰਣਵੀਰ ਨੇ ਓਦੋਂ ਕੀਤਾ ਸਨ ਜਦੋਂ ਓਹ ਇਕੱਠੇ ਪੜ੍ਹ ਦੇ ਸਨ,ਤੇ ਸਾਹਿਬਾ ਹਸਦੀ ਹੈ ਤੇ ਕਹਿੰਦੀ ਹੈ ਕਿ ਇੱਕ ਸੀ ਸੱਚਾ ਪਿਆਰ ਜਿਸਦੀ ਵਾਟ ਵੀ ਚੰਨ ਜਿੰਨੀ ਦੂਰ ਹੈ ।ਓਹ ਦੋਵੇਂ ਉੱਚੀ ਉੱਚੀ ਹੱਸਦੇ ਹਨ ਜਦੋਂ ਰਣਵੀਰ ਕਹਿੰਦਾ ਹੈ ਕਿ ਇਹ ਸੀ ਆਪਣੀ “ਚੰਨ ਦੀ ਸੈਰ “।
ਸੱਚਾ ਪਿਆਰ ਕਦੇ ਹਾਰ ਨਹੀਂ ਮੰਨਦਾ ਇਹ ਗੱਲ ਓਦੋਂ ਸੱਚ ਹੁੰਦੀ ਹੈ ਜਦੋਂ ਓਹ ਵਿਧਵਾ ਹੋਈ ਆਪਣੀ ਸਾਹਿਬਾ ਤੇ ਉਸਦੀ ਧੀ ਨੂੰ ਅਪਣਾਉਂਦਾ ਹੈ ਤੇ ਓਹ ਖੁਸ਼ੀ ਖੁਸ਼ੀ ਆਪਣੀ ਜਿੰਦਗੀ ਬਿਤਾਉਂਦੇ ਹਨ।👨‍👩‍👧

HARMANDEEP KAUR CHAHAL

...
...

ਇਹ ਬਹੁਤ ਚਿਰ ਪਹਿਲਾਂ ਦੀ ਗੱਲ ਐ,ਮੈਂ ਆਪਣੇ ਵੀਰੇ ਦਾ ਵਿਆਹ ਵੇਖ ਕੇ ਵਾਪਿਸ ਆ ਰਹੀ ਸੀ ਮੁੜ ਕਾਲਜ਼ ਲਈ,ਬੱਸ ਵਿੱਚ ਬੈਠਾ ਕੇ ਸਮਾਨ ਰੱਖ ਕੇ ਪਾਪਾ ਥੱਲੇ ਉਤਰਨ ਲੱਗੇ ਤਾਂ ਮੈਂ ਉਹਨਾਂ ਨੂੰ ਕਿਹਾ ਪਾਪਾ ਮੈਂ ਲੇਟ ਹੋ ਜਾਵਾਂਗੀ ਹੁਣ ਮੇਰਾ 1 ਲੈਕਚਰ ਗਿਆ,ਪਾਪਾ ਨੇ ਮੁਸਕੁਰਾਹਟ ਦਿੱਤੀ ਤੇ ਉਤਰ ਗਏ, ਬੱਸ ਭਰੀ ਹੋਈ ਸੀ, P.A.P ਚੌਕ ਤੋਂ ਇੱਕ ਛੋਟੀ ਜਹੀ ਬੱਚੀ ਆਪਣੀ ਮੰਮੀ ਨਾਲ ਚੜ੍ਹੀ,ਸਿਰ ਤੇ ਦੋ ਗੁੱਤਾਂ ਕੀਤੀਆਂ ਹੋਈਆਂ ਸਨ,ਤੇ ਹੱਥ ਵਿੱਚ ਲੋਲੀਪੋਪ ਸੀ ਬਹੁਤ ਹੀ ਪਿਆਰੀ ਜਿਹੀ ਸੀ,ਬੱਸ ਵਿੱਚ ਜਗ੍ਹਾ ਨਹੀਂ ਸੀ ਤੇ ਉਹ ਮੇਰੇ ਸੀਟ ਤੋਂ ਕੁਝ ਕ ਅਗਾਂਹ ਹੀ ਖਲੋਤੇ ਸੀ ,ਮੈਂ ਉਸਨੂੰ ਕਿਹਾ ਕਿ ਉਹ ਮੇਰੀ ਗੋਦੀ ਵਿੱਚ ਆ ਕੇ ਬੈਠ ਜਾਏ,ਪਰ ਉਸਨੇ ਟੇਡਾ ਜੇਹਾ ਹੋ ਕੇ ਮੇਰੇ ਵੱਲ ਵੇਖਿਆ ਫਿਰ ਆਪਣੀ ਮੰਮੀ ਵੱਲ ਤੇ ਫਿਰ ਨਜ਼ਰਾਂ ਘੁਮਾਂ ਲਈਆਂ,ਫਿਰ ਉਸਦੀ ਮੰਮੀ ਨੇ ਉਸਨੂੰ ਕਿਹਾ ਕਿ ਬੈਠ ਜਾ ਬੇਟਾ ਦੀਦੀ ਕਹਿ ਰਹੀ ਹੈ,ਫਿਰ ਉਹ ਮੁਸਕੁਰਾਈ ਤੇ ਮੇਰੇ ਕੋਲ ਆ ਕੇ ਬੈਠ ਗਈ,ਮੈ ਉਸਨੂੰ ਕਿਹਾ ਕਿ ਉਹ ਕਿਥੇ ਜਾ ਰਹੀ ਹੈ ਤਾਂ ਉਸਨੇ ਬੜੇ ਪਿਆਰ ਨਾਲ ਜਵਾਬ ਦਿੱਤਾ ਕਿ ਓਹ ਸਕੂਲ ਜਾ ਰਹੀ ਹੈ,ਅੱਜ ਉਸਦੀ ਵੈਨ ਨਹੀਂ ਆਉਂਣੀ ਸੀ ਇਸ ਲਈ ਉਸਦੀ ਮੰਮੀ ਉਸਨੂੰ ਛੱਡਣ ਜਾ ਰਹੀ ਹੈ,ਆਪਣਾ ਜਵਾਬ ਦੇਦੇਂ ਹੀ ਉਸਨੇ ਮੇਰੇ ਤੋਂ ਵੀ ਇਹੀ ਪੁੱਛਿਆ,”ਮੈ ਉਸਨੂੰ ਕਿਹਾ ਕਿ ਮੈਂ ਵੀ ਆਪਣੇ ਕਾਲਜ ਜਾ ਰਹੀ ਹਾਂ,ਉਸਨੇ ਮੈਨੂੰ ਕਿਹਾ ਕਿ ਫਿਰ ਤੁਹਾਡੀ ਮੰਮੀ ਕਿੱਥੇ ਐ ,ਉਸਦੀ ਗੱਲ ਸੁਣ ਕੇ ਮੈਂ ਮੁਸਕੁਰਾਈ ,ਕਿ ਮੈਂ ਹੁਣ ਵੱਡੀ ਹੋ ਗਈ ਹਾਂ ਤੇ ਮੇਰੇ ਕਾਲਜ ਦੂਰ ਹੈ ਇਸ ਲਈ ਮੈ ਇੱਕਲੀ ਜਾ ਰਹੀ ਹਾਂ,ਉਸਨੇ ਮੇਰੇ ਵੱਲ ਵੇਖਿਆ ਤੇ ਓਹ ਫਿਰ ਮੁਸਕੁਰਾਈ,ਮੈਂ ਉਸ ਕੋਲੋਂ ਉਸਦਾ ਨਾਮ ਪੁੱਛਿਆ ,ਉਸ ਦੇ ਗੱਲੇ ਵਿੱਚ ID ਕਾਰਡ ਸੀ ,ਮੈਂ ਫੜ੍ਹ ਕੇ ਪੜ੍ਹਨ ਲੱਗੀ ,ਉਸ ਦਾ ਨਾਮ ਸੀ ਵਿਪੁਲ, ਮੈਂ ਪੜ੍ਹ ਕੇ ਹੱਸਣ ਲੱਗੀ, ਉਸਨੇ ਕਿਹਾ ਕਿ ਹੋਇਆ ਤੁਹਾਨੂੰ ਪਸੰਦ ਨੀ ਆਇਆ, ਮੇਰਾ ਨਾਮ ਤਾਂ ਬਹੁਤ ਸੋਹਣਾ ਐ,ਮੈਂ ਉਸਨੂੰ ਕਿਹਾ ਕਿ ਮੇਰਾ ਨਾਮ ਵੀ ਬਿਪੁਲ ਐ ,ਉਸਨੇ ਯਕੀਨ ਨਾ ਮੰਨਿਆ ,ਮੈਂ ਬੈਗ ਚੋਂ ਆਪਣਾ ID ਕਾਰਡ ਕੱਢ ਕੇ ਵਿਖਾਇਆ,ਉਹ ਜੋੜ ਕਰਕੇ ਅੱਖਰ ਪੜਨ ਲੱਗੀ ਤੇ ਫਿਰ ਜੋਰ ਦੀ ਮੁਸਕੁਰਾਈ ,ਫਿਰ ਮੇਰੀ ਨਿਗਾਹ ਅਗਲੀ ਲਾਇਨ ਤੇ ਗਈ ਜਿਸ ਤੇ ਉਸਦੇ ਪਿਤਾ ਦਾ ਨਾਮ ਲਿਖਿਆ ਸੀ,ਉਹ ਪੜ੍ਹ ਕੇ ਮੇਰਾ ਹਾਸਾ ਉੱਡ ਗਿਆ ਮੈਂ ਉਸਦੀ ਮੰਮੀ ਵੱਲ ਵੇਖਿਆ ਸਾਡੀ ਦੋਵਾਂ ਦੀ ਅੱਖਾਂ ਵਿੱਚ ਇੱਕ ਅਣਕਹਿ ਅਹਿਸਾਸ ਦੇ ਹੰਝੂ ਸਨ,ਮੇਰਾ ਅਚਾਨਕ ਮੁਰਝਾਇਆ ਚਿਹਰਾ ਵੇਖ ਕੇ ,ਉਸ ਬੱਚੀ ਨੇ ਆਪਣੀ ਮੰਮੀ ਨੂੰ ਪੁੱਛਿਆ , ਮੰਮੀ ਇਹ ,”ਲੇਟ ਦਾ ਮਤਲਬ ਕਿ ਹੁੰਦਾ ਏ”, ਉਸਦੇ ਪਿਤਾ ਦੇ ਨਾਮ ਅਗਾਂਹ ਲਿਖਿਆ ਹੋਇਆ ਸੀ ਲੇਟ(late) ਸੂਬੇਦਾਰ ਕੁਲਵੰਤ ਸਿੰਘ ,ਇਹਨਾਂ ਪੁੱਛਦੇ ਸਾਰ ਹੀ ਉਹਨਾਂ ਦਾ ਸਟਾਪ(bus stop) ਆ ਗਿਆ ,ਉਸਦੀ ਮੰਮੀ ਨੇ ਉਸਨੂੰ ਉਠਾਇਆ ਤੇ ਉਹ ਜਾਣ ਲੱਗੇ,ਉਸਦਾ ਲੋਲੀਪੋਪ ਮੇਰੇ ਕੋਲ ਹੀ ਰਹਿ ਗਿਆ ਮੈਂ ਆਵਾਜ਼ ਦਿੱਤੀ ਤੁਹਾਡਾ ਲੋਲੀਪੋਪ ਉਸਨੇ ਜੋਰ ਦੀ ਕਿਹਾ ਦੀਦੀ ਤੁਸੀਂ ਰੱਖ ਲਵੋ ਤੇ ਫਿਰ ਏਕ ਮੁਸਕੁਰਾਹਟ ਦਿੱਤੀ….
ਉਹ ਉਤਰ ਗਏ….ਪਰ ਮੇਰਾ ਮਨ ਲੇਟ ਵਿੱਚ ਉੱਲਝ ਗਿਆ , ਮੈਂਨੂੰ ਆਪਣਾ ਕਾਲਜ਼ ਤੋਂ ਲੇਟ ਹੋਣਾ ਭੁੱਲ ਗਿਆ,ਮੇਰਾ ਕਾਲਜ ਲਈ ਲੇਟ ਹੋਣਾ ਉਸ ਲੇਟ ਸਾਮਹਣੇ ਕੁਝ ਵੀ ਨਹੀਂ ਸੀ…..ਵਾਰ ਵਾਰ ਮੇਰੇ ਦਿਮਾਗ ਵਿਚ ਹੁਣ ਲੇਟ ਸਬਦ ਘੁੰਮ ਰਿਹਾ ਸੀ……ਤੇ ਰੋਜ਼ਾਨਾ ਇਹੋ ਜਿਹੇ ਕਿੰਨੇ ਜਵਾਨ ਸਹੀਦ ਹੁੰਦੇ ਹਨ ਉਹ ਕਦੇ ਆਪਣੇ ਫਰਜ਼ ਨਿਭਾਉਣ ਤੋਂ ਲੇਟ ਨਹੀਂ ਹੁੰਦੇ…ਬੱਸ ਦੀ ਖਿੜਕੀ ਚੋ ਬਾਹਰ ਵੇਖਦੇ ਹੋਏ ਮੇਰੇ ਜ਼ਹਿਨ ਵਿੱਚ ਲੇਟ ਸ਼ਬਦ ਗੁੰਮ ਰਿਹਾ ਸੀ……..

-ਬਿਪੁਲਜੀਤ

...
...

ਕਿਸੇ ਨੇ ਨਵੀਂ ਕਾਰ ਖਰੀਦੀ ਸੀ । ਉਹ ਬੜੀ ਤੇਜ਼ ਜਾ ਰਿਹਾ ਸੀ, ਅਚਾਨਕ ਇੱਕ ਵੱਟਾ ਉਸ ਦੀ ਕਾਰ ਦੇ ਪਾਸੇ ਨਾਲ ਵੱਜਿਆ। ਕਾਰ ਇਕ ਪਾਸੇ ਕਰਕੇ ਰੋਕੀ, ਇਕ ਛੋਟਾ ਜਿਹਾ ਲੜਕਾ ਖੜੵਾ ਸੀ, ਫੜ ਲਿਆ । ਉਹ ਲੜਕੇ ਨੂੰ ਕੁੱਟਣ ਹੀ ਲੱਗਿਆ ਸੀ ਕਿ ਲੜਕੇ ਨੇ ਕਿਹਾ ਮੁਆਫ਼ ਕਰਨਾ, ਕੋਈ ਰੁੱਕ ਨਹੀਂ ਸੀ ਰਿਹਾ, ਮੈਨੂੰ ਸੁੱਝ ਨਹੀਂ ਸੀ ਰਿਹਾ ਕਿ ਮੈਂ ਕਾਰ ਰੋਕਣ ਵਾਸਤੇ ਕੀ ਕਰਾਂ, ਮੇਰੀ ਅਪੰਗ ਭੈਣ ਦੀ ਪਹੀਆ ਕੁਰਸੀ ਉਲਟ ਗਈ ਸੀ, ਮੈਂ ਉਸ ਨੂੰ ਚੁੱਕ ਨਹੀਂ ਸਕਦਾ। ਪਰਮਾਤਮਾ ਤੁਹਾਡਾ ਭਲਾ ਕਰੇ, ਮੈਨੂੰ ਮੁਆਫ਼ ਕਰ ਦੇਣਾ । ਕਾਰ ਦੇ ਮਾਲਕ ਨੇ ਉਸ ਅਪੰਗ ਲੜਕੀ ਨੂੰ ਚੁੱਕ ਕੇ ਉਲਟੀ ਹੋਈ ਪਹੀਆ ਕੁਰਸੀ ਸਿੱਧੀ ਕਰਕੇ, ਵਿਚ ਬਿਠਾਇਆ ।
ਭਰਾ ਭੈਣ ਭਰਪੂਰ ਧੰਨਵਾਦ ਕਰਕੇ ਚਲੇ ਗਏ।
ਮਾਲਕ ਨੇ ਵੱਟਾ ਲੱਗਣ ਨਾਲ ਪਿਆ ਚਿੱਬ, ਠੀਕ ਨਹੀਂ ਸੀ ਕਰਵਾਇਆ, ਕਿਉਂਕਿ ਉਹ ਚਿੱਬ ਉਸ ਨੂੰ ਯਾਦ ਕਰਵਾਉਦਾਂ ਸੀ ਕਿ ਜ਼ਿੰਦਗੀ ਵਿਚੋਂ ਇਤਨੀ ਤੇਜ਼ੀ ਨਾਲ ਨਹੀਂ ਲੰਘਣਾ ਚਾਹੀਦਾ ਕਿ ਤੁਹਾਡਾ ਧਿਆਨ ਖਿੱਚਣ ਵਾਸਤੇ ਕਿਸੇ ਨੂੰ ਵੱਟਾ ਮਾਰਨਾ ਪਏ ❤️❤️

...
...

ਜੰਮੂ ਤੋਂ ਆਖਰੀ ਬੱਸ ਮਿੱਥੇ ਟਾਈਮ ਤੋਂ ਕਾਫੀ ਲੇਟ ਆਈ ਸੀ..
ਬਹੁਤ ਘੱਟ ਸਵਾਰੀਆਂ ਉੱਤਰੀਆਂ..ਹੌਲੀ ਜਿਹੀ ਉਮਰ ਦੀ ਇੱਕ ਕੁੜੀ ਏਧਰ ਓਧਰ ਤੱਕ ਰਹੀ ਸੀ!
ਆਟੋ ਉਸਦੇ ਕੋਲ ਹੀ ਲੈ ਗਿਆ..
ਪੁੱਛਿਆ ਕਿਥੇ ਜਾਣਾ?..ਆਖਣ ਲੱਗੀ “ਕਿਸੇ ਨੇ ਲੈਣ ਆਉਣਾ..ਸ਼ੁਕਰੀਆ”
ਕੱਲੀ ਕਾਰੀ ਕੁੜੀ..ਉੱਤੋਂ ਸਿਆਲਾਂ ਦੀ ਸ਼ਾਮ..ਫੋਨ ਵੀ ਨਹੀਂ ਸੀ ਕੋਲ ਉਸਦੇ..!
ਮੈਂ ਆਟੋ ਓਥੇ ਹੀ ਖਲਿਆਰੀ ਰੱਖਿਆ..
ਕੁਝ ਚਿਰ ਓਥੇ ਖਲੋਤੀ ਉਡੀਕਦੀ ਰਹੀ ਫੇਰ ਆਪ ਹੀ ਮੇਰੇ ਕੋਲ ਆ ਕੇ ਆਖਣ ਲੱਗੀ ਕੇ ਰੇਲਵੇ ਸਟੇਸ਼ਨ ਸਾਮਣੇ ਹੋਟਲ ਜਾਣਾ..
ਪਿਛਲੀ ਸੀਟ ਤੇ ਬੈਠੀ ਦੇ ਹਾਵ ਭਾਵ ਵੇਖ ਤਰੀਕੇ ਜਿਹੇ ਨਾਲ ਕੁਝ ਸਵਾਲ ਪੁੱਛ ਲਏ
ਸ਼੍ਰੀਨਗਰ ਤੋਂ ਇਥੇ ਕਿਸੇ ਵਾਕਿਫ਼ਕਾਰ ਨੂੰ ਮਿਲਣ ਆਈ ਸੀ..
ਹੁਣ ਮੈਨੂੰ ਅਸਲ ਕਹਾਣੀ ਕੁਝ-ਕੁਝ ਸਮਝ ਵਿਚ ਆਉਣ ਲੱਗੀ..
ਟੇਸ਼ਨ ਲਾਗੇ ਚੋਰ ਬਜਾਰ ਕੋਲ ਬਣੇ ਇੱਕ ਨਿੱਕੇ ਜਿਹੇ ਹੋਟਲ ਅੱਗੇ ਆਟੋ ਰੁਕਵਾ ਲਿਆ..
ਮੈਂ ਸਲਾਹ ਦਿੱਤੀ ਕੇ ਸਮਾਨ ਇਥੇ ਹੀ ਛੱਡ ਜਾ..ਜਦੋਂ ਅਗਲਾ ਮਿਲ ਜਾਵੇ ਤਾਂ ਇਸ਼ਾਰਾ ਕਰ ਦੇਵੀਂ..ਮੈਂ ਅੰਦਰ ਲੈ ਆਵਾਂਗਾ..!
ਕੁਝ ਦੇਰ ਬਾਅਦ ਅੱਖਾਂ ਪੂੰਝਦੀ ਹੋਈ ਆਈ ਤੇ ਮੁੜ ਆਟੋ ਵਿਚ ਆਣ ਬੈਠੀ..ਪੰਝਾਹ ਕੂ ਸਾਲ ਦਾ ਇੱਕ ਭਾਈ ਵੀ ਭੱਜਾ-ਭੱਜਾ ਮਗਰੇ ਹੀ ਆ ਗਿਆ..!
ਕੋਲ ਆ ਕੇ ਆਖਣ ਲੱਗਾ..ਰੁਬੀਨਾ ਮੈਂ ਹੀ ਹਾਂ “ਹੈਦਰ”..ਪ੍ਰੋਫ਼ਾਈਲ ਤੇ ਤਸਵੀਰ ਤਾਂ ਮੇਰੇ ਭਤੀਜੇ ਦੀ ਹੈ..ਪਰ ਮੈਂ ਤੈਨੂੰ ਅਜੇ ਵੀ ਓਨਾ ਹੀ ਪਿਆਰ ਕਰਦਾ ਹਾਂ!
ਏਨੀ ਗੱਲ ਸੁਣ ਮੈਂ ਆਟੋ ਤੋਂ ਹੇਠਾਂ ਉੱਤਰ ਆਇਆ ਤੇ ਉਸ ਵੱਲ ਵਧਿਆ..ਮਸਲਾ ਖੜਾ ਹੁੰਦਾ ਦੇਖ ਉਹ ਵਾਪਿਸ ਮੁੜ ਕਿਧਰੇ ਤੰਗ ਜਿਹੀ ਗਲੀ ਵਿਚ ਅਲੋਪ ਹੋ ਗਿਆ..!
ਹੁਣ ਉਹ ਕੁਝ ਦੇਰ ਖਾਮੋਸ਼ ਬੈਠੀ ਰਹੀ..ਫੇਰ ਪੁੱਛਿਆ “ਹੁਣ ਕਿਥੇ ਜਾਵੇਂਗੀ”?
ਹੁਣ ਉਹ ਗੋਡਿਆਂ ਵਿਚ ਸਿਰ ਦੇ ਕੇ ਰੋਣ ਲੱਗ ਪਈ..ਮੈਂ ਉਸਦੇ ਸਿਰ ਤੇ ਹੱਥ ਫੇਰ ਉਸਦੇ ਪਿਓ ਦਾ ਨਾਮ ਅਤੇ ਨੰਬਰ ਮੰਗਿਆ..
ਫੇਰ ਓਸੇ ਵੇਲੇ ਸ਼੍ਰੀਨਗਰ ਨੂੰ ਫੋਨ ਲਾਇਆ..ਆਖਿਆ “ਮਹਿਮੂਦ ਭਾਈ ਜਾਨ ਅੰਮ੍ਰਿਤਸਰੋਂ ਬੋਲਦਾ ਹਾਂ..ਤੁਹਾਡੀ ਧੀ ਮੇਰੀ ਧੀ ਦੀ ਸਹੇਲੀ ਏ ਤੇ ਸ਼ਾਇਦ ਥੋਨੂੰ ਬਿਨਾ ਦਸਿਆਂ ਹੀ ਇਥੇ ਉਸਨੂੰ ਮਿਲਣ ਇਥੇ ਆ ਗਈ ਏ..
ਇਸ ਵੇਲੇ ਹਿਫਾਜਤ ਨਾਲ ਸਾਡੇ ਕੋਲ ਹੀ ਏ..ਕੋਈ ਫਿਕਰ ਨਾ ਕਰਨਾ”
ਏਨੀ ਗੱਲ ਸੁਣ ਘਰ ਵਿਚ ਪਰਤ ਆਇਆ ਬੇਅੰਤ ਖੁਸ਼ੀ ਦਾ ਮਾਹੌਲ ਫੋਨ ਤੇ ਮੈਨੂੰ ਸਾਫ-ਸਾਫ ਸੁਣਾਈ ਦੇ ਰਿਹਾ ਸੀ..
ਫੇਰ ਜਦੋਂ ਦੁਆਵਾਂ ਅਤੇ ਸ਼ੁਕਰਾਨਿਆਂ ਦਾ ਸਿਲਸਿਲਾ ਮਾੜਾ ਜਿਹਾ ਥੰਮਿਆਂ ਤਾਂ ਮਹਮੂਦ ਆਖਣ ਲੱਗਾ ਕੇ ਉਹ ਅਗਲੀ ਸੁਵੇਰ ਹੀ ਪਹਿਲੀ ਬੱਸੇ ਚੜ ਅਮ੍ਰਿਤਸਰ ਅੱਪੜ ਜਾਵੇਗਾ!
ਫੇਰ ਦੋ ਦਿਨ ਕੋਲ ਹੀ ਰਹੇ..ਜਦੋਂ ਤੀਜੇ ਦਿਨ ਦੋਵੇਂ ਪਿਓ ਧੀ ਜੰਮੂ ਵਾਲੀ ਬਸ ਤੇ ਚੜ੍ਹਨ ਲੱਗੇ ਤਾਂ ਮੇਰੇ ਕੋਲੋਂ ਨਾ ਹੀ ਰਿਹਾ ਗਿਆ..
ਸਾਰੀ ਅਸਲ ਗੱਲ ਦੱਸ ਦਿੱਤੀ..ਹੁਣ ਮਹਮੂਦ ਕੋਲੋਂ ਗੱਲ ਨਾ ਕੀਤੀ ਜਾਵੇ..ਮੇਰੇ ਪੈਰੀਂ ਪੈ ਗਿਆ..ਬੱਸ ਵਾਰ-ਵਾਰ ਏਹੀ ਏਹੀ ਗੱਲ ਆਖੀ ਜਾਵੇ..”ਸ਼ੁਕਰੀਆ ਤੁਹਾਡਾ ਅਤੇ ਤੁਹਾਡੀ ਕੌਮ ਦਾ ਜਿਸਨੇ ਸ਼੍ਰੀਨਗਰ ਦੇ ਇੱਕ ਗਰੀਬ ਮੁਸਲਮਾਨ ਦੀ ਇੱਜਤ ਨੂੰ ਆਪਣੀ ਚਾਦਰ ਨਾਲ ਢੱਕੀ ਰਖਿਆ”..”ਅੱਲਾ ਪਾਕ ਤੁਹਾਡੀ ਝੋਲੀ ਮੇਰੇ ਹਿੱਸੇ ਦੀਆਂ ਸਾਰੀਆਂ ਰਹਿਮਤਾਂ ਨਾਲ ਨੱਕੋ ਨੱਕ ਭਰ ਦੇਵੇੇ..”
ਏਨੇ ਨੂੰ ਕੰਡਕਟਰ ਕਾਹਲਾ ਪੈ ਗਿਆ ਤੇ ਉਸਨੇ ਉਚੀ ਸਾਰੀ ਸੀਟੀ ਮਾਰ ਬੱਸ ਤੋਰ ਲਈ..!
ਅੱਖੋਂ ਓਹਲੇ ਹੁੰਦੀ ਜਾਂਦੀ ਬੱਸ ਦੀ ਬਾਰੀ ਵਿਚੋਂ ਦੂਰ ਤੱਕ ਹਿੱਲਦੇ ਜਾਂਦੇ ਸ਼ੁਕਰਾਨੇ ਵਾਲੇ ਹੱਥਾਂ ਨੂੰ ਵੇਖ ਅੰਦਰੋਂ ਇੱਕ ਵਾਜ ਜਿਹੀ ਨਿੱਕਲੀ ਕੇ “ਭਰਾਵਾਂ ਕਾਹਦਾ ਇਹਸਾਨ..ਮੈਂ ਤੇ ਸਗੋਂ ਖੁਦ ਤੇਰਾ ਸ਼ੁਕਰਗੁਜ਼ਾਰ ਹਾਂ ਜਿਸਨੇ ਮੈਨੂੰ ਪਹਾੜ ਜਿੱਡੇ ਇੱਕ ਉਸ ਕਰਜੇ ਦੀ ਨਿੱਕੀ ਜਿਹੀ ਕਿਸ਼ਤ ਮੋੜਨ ਦਾ ਮੌਕਾ ਬਖਸ਼ਿਆ ਏ ਜਿਹੜਾ ਕੁਝ ਵਰੇ ਪਹਿਲਾਂ ਇੱਕ ਰਹਿਮ ਦਿਲ ਸ਼ੇਖ ਨੇ ਕਨੇਡਾ ਦਾ ਲਾਰਾ ਲਾ ਕੇ ਧੋਖੇ ਨਾਲ ਉਸਦੇ ਮੁਲਖ ਕੁਵੈਤ ਭੇਜ ਦਿੱਤੀ ਗਈ ਮੇਰੀ ਸਕੀ ਭਾਣਜੀ ਨੂੰ ਆਪਣੇ ਖਰਚੇ ਤੇ ਵਾਪਿਸ ਅਮ੍ਰਿਤਸਰ ਭੇਜ ਮੇਰੇ ਸਿਰ ਚਾੜਿਆ ਸੀ!
ਸੋ ਦੋਸਤੋ ਜਿੰਦਗੀ ਵਿੱਚ ਸਿਰ ਚੜੇ ਕੁਝ ਕਰਜੇ ਐਸੇ ਵੀ ਹੁੰਦੇ ਜਿਹਨਾਂ ਦੇ ਵਿਆਜ ਦੀ ਤਾਂ ਗੱਲ ਹੀ ਛੱਡੋ..ਮੂਲ ਦੀ ਪਹਿਲੀ ਕਿਸ਼ਤ ਮੋੜਦਿਆਂ ਹੀ ਉਮਰਾਂ ਲੰਘ ਜਾਂਦੀਆਂ ਨੇ!

ਹਰਪ੍ਰੀਤ ਸਿੰਘ ਜਵੰਦਾ

...
...

ਲੈ ਤੇਰੀ ਆਲੀ ਗੱਲ ਤੋਂ ਇੱਕ ਗੱਲ ਯਾਦ ਆਗੀ ,,
ਕੇਰਾਂ ਭਾਈ ਬੰਤੋਂ ਤੇ ਮਿੰਦੋ ਗੋਹਾ ਸੈੱਟਣ ਗਈਆਂ ਈ ਡੰਡੀ ਪਿੱਛੇ ਲੜ ਪਈਆਂ ।।ਬੰਤੋਂ ਕਹਿੰਦੀ ਤੂੰ ਸਾਡੇ ਵਾੜੇ ਚ ਦੀ ਡੰਡੀ ਬਣਾਈ ਫਿਰਦੀ ਏ ,,ਮਿੰਦੋਂ ਕਹਿੰਦੀ ਇਹ ਸਰਕਾਰੀ ਪਹਿਲਾਂ ਦੀ ਈ ਡੰਡੀ ਏ ਤੂੰ ਰੋਕ ਰੋਕ ਆਪਣਾ ਬਾੜੇ ਚ ਕਰੀ ਜਾਂਦੀਂ ਏ ।। ਤੇ ਫਿਰ ਕੀ ਸੀ ਹੋ ਗੀਆਂ ਹੋ ਸ਼ੁਰੂ ਦੇ ਗਾਲ ਤੇ ਗਾਲ ਇੱਕ ਦੂਜੀ ਨੂੰ ,, ਮਿੰਦੋਂ ਕਹਿੰਦੀ ਮੈਂ ਏਥੋਂ ਦੀ ਈ ਸਿੱਟੂ ਗੋਹਾ ਲਿਆਊ ਸਰਪੰਚ ਨੂੰ ,, ਬੰਤੋਂ ਕਹਿੰਦੀ ਆਉਣ ਦੇ ਉਸਨੂੰ ਵੀ ਕੰਜਰ ਨੂੰ 👉😜😎।। ਕੁਦਰਤੀ ਈ ਸਰਪੰਚ ਲੰਘਿਆ ਜਾਵੇ ਓਥੋਂ ਦੀ ਉਹ ਵਿਚਾਰਾ ਗਾਲ ਜਹੀ ਸੁਣ ਕੇ ਕੱਚਾ ਜਿਆ ਹੋ ਗਿਆ ,,ਤੇ ਓਦੋਂ ਈ ਚੱਕਮੇ ਪੈਰੀ ਹੋ ਕੇ ਲੰਘ ਗਿਆ 😎 ਵੀ ਇਹਨਾਂ ਦਾ ਕੀ ਪਤਾ ਹਜੇ ਹੋਰ ਕੀ ਬੋਲਣ ।।
ਚੱਲ ਬੋਲਦੀਆਂ ਬੋਲਦੀਆਂ ਘਰਾਂ ਨੂੰ ਚਲੀਆਂ ਗਈਆਂ ਜਾ ਕੇ ਦੋਵਾਂ ਨੇ ਭਰਤੇ ਆਵਦੇ ਆਵਦੇ ਖਸਮਾਂ ਦੇ ਕੰਨ ।।
ਉਹ ਪਤੰਦਰ ਵੀ ਆਥਣੇ ਜੇ ਪੀ ਕੇ ਪਾਈਆ ਪਾਈਆ ਲੱਗ ਗੇ ਇੱਕ ਦੂਜੇ ਨੂੰ ਗਾਲਾਂ ਜਹੀਆਂ ਕੱਢਣ ।।ਲੋਕਾਂ ਨੇ ਬਥੇਰੇ ਹਟਾਏ ਕਿੱਥੇ ਹਟਦੇ ਹੋ ਗਏ ਜੱਫੋ ਜੱਫੀ ।। ਬੰਤੋਂ ਦੇ ਘਰ ਆਲੇ ਦੇ ਮਾੜੀ ਜਹੀ ਸਿਰ ਜੇ ਚ ਵੱਜ ਗੀ । ।
ਡਾਕਟਰ ਦੇ ਲੈ ਗੇ ਉਹਨੂੰ ਪਿੰਡ ਆਲੇ ਡਕਟਰ ਨੇ ਈ ਪੱਟੀ ਕਰਤੀ ,, ਹੈ ਤੇ ਥੋੜੀ ਈ ਸੀ ,, ਪਰ ਚੱਕ ਦੇਣ ਵਾਲੇ ਕਿੱਥੇ ਹਟਦੇ ਆ ਕਹਿੰਦੇ ਥਾਣੇ ਜਾ ਕੇ ਰਪਟ ਲਿਖਾ ਆ ।। ਉਹਨੇ ਚੱਕਿਆ ਸਾਇਕਲ ਵੱਜਿਆ ਥਾਣੇ ਥਾਣੇ ਆਲੇ ਰਪਟ ਲਿਖਣ ਦਾ ਈ ਹਜਾਰ ਲੈ ਗੇ 😜।। ਮਿੰਦੋ ਦੇ ਘਰ ਆਲੇ ਨੂੰ ਲੈ ਗੇ ਆਕੇ ਪੁਲਸ ਆਲੇ ,,ਉਹਨੂੰ ਕਹਿੰਦੇ ਨਹੀਂ ਤੇ ਕੇਸ ਪਊ ਲੈ ਦੇ ਕੇ ਰਾਜੀਨਾਮਾਂ ਕਰਾ ਦਿੰਦੇ ਆ । ।ਦੋ ਹਜਾਰ ਉਸ ਤੋਂ ਲੈ ਲਿਆ । ਦੂਜੇ ਦਿਨ ਪਿੰਡ ਦੇ ਮੋਹਤਬਰ ਬੰਦੇ ਜਾ ਕੇ ਥਾਣੇ ਰਾਜੀਨਾਮ ਕਰਾ ਆਏ ।।
ਲੈ ਆਹ ਜਮਾਨਾ ਆ ਗਿਆ ਨਾ ਕੱਢਿਆ ਤੇ ਨਾ ਪਾਇਆ ਕੁਝ ,,ਆਹ ਗੋਹਾ ਸਿੱਟਣ ਦਾ ਕੰਮ ਈ 4-5 ਹਜਾਰ ਚ ਪੈ ਗਿਆ ਨਾਲੇ ਸੱਟਾਂ ਖਾਦੀਆਂ ਉਹ ਵਾਧੂ 😜😎।।
ਲੱਕੀ ਗਿੱਲ

...
...

ਮਾਂ ਦੀ ਮੌਤ ਦੀ ਖਬਰ ਸੁਣ ਕੇ ਉਹ ਰੋਂਦੀ ਕੁਰਲਾਉਂਦੀ ਪੇਕੇ ਪਹੁੰਚੀ,ਸ਼ਾਮ ਦੇ ਤਕਰੀਬਨ ਸਾਢੇ ‘ਕ ਚਾਰ ਵਜੇ ਮਾਂ ਦਾ ਸਸਕਾਰ ਕਰਨ ਤੋਂ ਬਾਅਦ ਗੁਰਦੁਆਰੇ ਮੱਥਾ ਟੇਕ ਕੇ ਜਦੋਂ ਸਾਰੇ ਘਰ ਪਹੁੰਚੇ ਤਾਂ ਕੁੱਝ
ਸਿਆਣੀਆਂ ਬੁੜੀਆਂ ਕਹਿਣ ਲਗੀਆਂ,’ਵਿਆਹੀਆਂ ਕੁੜੀਆਂ ਭਾਈ ਅਪਣੇ ਘਰ ਜਾਓ, ਸਸਕਾਰ ਤੋਂ ਬਾਅਦ ਵਾਲੀ ਰਾਤ ਕੁੜੀਆਂ ਪੇਕੇ ਨਹੀਂ ਰਹਿੰਦੀਆਂ, ‘ਚੰਗਾ ਨਹੀਂ ਹੁੰਦਾ’
ਉਹ ਓਵੇਂ ਹੀ ਉੱਠ ਕੇ ਅਪਣੇ ਪਤੀ ਨਾਲ ਤੁਰ ਪਈ। ਮਨ ਤਾਂ ਭਰਿਆ ਹੀ ਹੋਇਆ ਸੀ, ਆਖਰ ਜਾਣ ਵਾਲੀ ਮਾਂ ਸੀ ਓਦੀ। ਘਰ ਆ ਕੇ ਵੀ ਕਿਹੜਾ ਮਨ ਟਿਕਣਾ ਸੀ ,ਜਿਵੇਂ ਕਿਵੇਂ ਬੱਚਿਆਂ ਨੂੰ ਰੋਟੀ ਬਣਾ ਕੇ ਦਿੱਤੀ ਪਤੀ ਨੂੰ ਦਿੱਤੀ ਅਪਣੇ ਕਿੱਥੇ ਲੰਘਣੀ ਸੀ ਓਦੇ ਬੁਰਕੀ ਅੰਦਰ…ਓਵੇਂ ਹੀ ਭੁੱਖਣ ਭਾਣੀ ਮੰਜੇ ਤੇ ਪੈ ਗਈ ਮਾਂ ਬਾਰੇ ਸੋਚਦੀ ਦੀਆਂ ਭੁੱਬਾ ਨਿਕਲ ਗਈਆ।
ਅਚਾਨਕ ਪਤੀ ਦੀ ਗੱਲ ਨੇ ਸੁੰਨ ਕਰਤਾ ….’ਅਖੇ ਹੁਣ ਮੇਰੇ ਘਰ ਨਾਂ ਵਾਧੂ ਦਾ ਮਾਤਮ ਪਾ ਇਹ ਰੋਣਾ- ਧੋਣਾ ਅਪਣੇ ਘਰ ਹੀ ਕਰ ਲੈਂਦੀ ਜਿਹੜਾ ਕਰਨਾ ਸੀ…..’ ਹੁਣ ਕਦੇ ਓਦੇ ਕੰਨਾ ਚ ਪੇਕੇ ਘਰ ਵਾਲੀਆਂ ਬੁੜੀਆਂ ਦੇ ਬੋਲ ਗੂੰਜਦੇ ਕਿ ‘ਵਿਆਹੀਆਂ ਕੁੜੀਆਂ ਅਪਣੇ ਘਰ ਜਾਓ’ ਤੇ ਕਦੇ ਪਤੀ ਦੇ ਬੋਲ ਕਿ ‘ਅਪਣੇ ਘਰ ਹੀ ਕਰ ਲੈਂਦੀ ਜਿਹੜਾ ਰੋਣਾ-ਧੋਣਾ ਕਰਨਾ ਸੀ।’ ਉਹ ਸੋਚੀ ਗਈ ਕਿ ਅੱਧੀ ਉਮਰ ਤਾਂ ਉਹਦੀ ਬਾਪ ਦਾ ਘਰ ਜੋੜਦੀ ਦੀ ਲੰਘ ਗਈ ਤੇ ਬਾਕੀ ਪਤੀ ਦਾ (ਜੀਨੂੰ ਹੁਣ ਤਕ ਉਹ ਅਪਣਾ ਹੀ ਸਮਝਦੀ ਰਹੀ ਸੀ) ਪਰ ਉਹਦਾ ਅਪਣਾ ਘਰ ਕਿਹੜਾ….. ਜਿੱਥੇ ਹੋਰ ਕੁੱਝ ਨਹੀਂ ਕਮ ਸੇ ਕਮ ਉਹ ਅਪਣੀ ਮਰੀ ਹੋਈ ਮਾਂ ਨੂੰ ਤਾਂ ਦੋ ਘੜੀਆਂ ਰੋ ਸਕੇ… !

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)