Posts Uploaded By ਬੱਚਿਆਂ ਦੀਆਂ ਕਹਾਣੀਆਂ

Sub Categories

ਜਿਸ ਪੈਟਰੋਲ ਪੰਪ ਤੇ ਨੌਕਰੀ ਮਿਲੀ..
ਫੌਜ ਚੋ ਰਿਟਾਇਰ ਕਰਨਲ ਬਲਬੀਰ ਸਿੰਘ ਜੀ ਦਾ ਸੀ..ਸੁਣਿਆ ਸਖਤ ਸੁਭਾ ਦੇ ਮਾਲਕ ਅੱਖਾਂ ਹੀ ਅੱਖਾਂ ਵਿਚ ਅਗਲੇ ਦੀ ਜਾਨ ਕੱਢ ਲਿਆ ਕਰਦੇ..!
ਇੱਕ ਦਿਨ ਸਪਲਾਈ ਵਾਲਾ ਟਰੱਕ ਆਉਣਾ ਸੀ..
ਕਾਗਜੀ ਕਾਰਵਾਈ ਪੂਰੀ ਕਰ ਹੀ ਰਿਹਾ ਸਾਂ ਕੇ ਬਾਹਰ ਰੌਲਾ ਪੈ ਗਿਆ..
ਇੱਕ ਬੰਦਾ ਤੇਲ ਪਾਉਣ ਵਾਲੇ ਮਿੱਠੂ ਸਿੰਘ ਨੂੰ ਜੂੜੇ ਤੋਂ ਫੜੀ ਧੂੰਹਦਾ ਹੋਇਆ ਅੰਦਰ ਲਿਆ ਰਿਹਾ ਸੀ..!
ਅੰਦਰ ਵੜ ਆਖਣ ਲੱਗਾ “ਆਪਣੇ ਮਾਲਕ ਨੂੰ ਸੱਦੋ”
ਪੁੱਛਿਆ ਕੀ ਗੱਲ ਹੋਈ ਤਾਂ ਮਿੱਠੂ ਸਿੰਘ ਨੂੰ ਚਪੇੜ ਮਾਰਦਾ ਆਖਣ ਲੱਗਾ..”ਪੈਟਰੋਲ ਦੀ ਥਾਂ ਡੀਜਲ ਨਾਲ ਟੈਂਕੀ ਭਰ ਦਿੱਤੀ ਇਸ ਕੰਜਰ ਨੇ..ਵੱਡਾ ਨੁਕਸਾਨ ਹੋ ਗਿਆ..ਕੌਣ ਭਰੂ ਹੁਣ ਇਹ ਨੁਕਸਾਨ”
ਹੰਜੂ ਪੂੰਝਦੇ ਮਿੱਠੂ ਸਿੰਘ ਵੱਲ ਨਜਰ ਗਈ ਤਾਂ ਉਸਦੇ ਘਰ ਦੇ ਹਾਲਾਤ ਅੱਖਾਂ ਅੱਗੇ ਘੁੰਮ ਗਏ..
ਅਜੇ ਪਿਛਲੇ ਹਫਤੇ ਹੀ ਪਿਓ ਦੀ ਅਚਾਨਕ ਹੋ ਗਈ ਮੌਤ ਦਾ ਵਾਸਤਾ ਪਵਾ ਕੇ ਨੌਕਰੀ ਤੇ ਰਖਵਾਇਆ ਸੀ ਉਸਨੂੰ..ਨਿੱਕੇ ਨਿੱਕੇ ਭੈਣ ਭਰਾਵਾਂ ਦੀ ਲੰਮੀ ਚੌੜੀ ਫੌਜ..!
ਮੈਨੂੰ ਆਪਣੀ ਤੇ ਉਸਦੀ ਨੌਕਰੀ ਚਲੇ ਜਾਣ ਨਾਲੋਂ ਉਸ ਤੇ ਪਾਏ ਜਾਣ ਵਾਲੇ ਹਰਜਾਨੇ ਦੀ ਫਿਕਰ ਕਿਤੇ ਜਿਆਦਾ ਸੀ..!
ਸਰਦਾਰ ਹੁਰਾਂ ਨੂੰ ਫੋਨ ਕੀਤਾ..ਸਾਰੀ ਗੱਲ ਦੱਸੀ..
ਘੜੀ ਕੂ ਮਗਰੋਂ ਤੁਰੇ ਆਉਂਦੇ ਕਰਨਲ ਸਾਬ ਵੱਲ ਵੇਖ ਇੰਝ ਜਾਪ ਰਿਹਾ ਸੀ ਜਿੱਦਾਂ ਛੇਤੀ ਹੀ ਦੋ ਬੱਕਰੇ ਜਿਬਾ ਹੋਣ ਜਾ ਰਹੇ ਹੋਣ..!
ਆਉਂਦਿਆਂ ਹੀ ਤਿੱਖੀਆਂ ਨਜਰਾਂ ਨਾਲ ਪਹਿਲਾਂ ਮੈਨੂੰ ਤੇ ਫੇਰ ਮਿੱਠੂ ਸਿੰਘ ਵੱਲ ਵੇਖਿਆ..ਫੇਰ ਗ੍ਰਾਹਕ ਵੱਲ ਮੁੜਦੇ ਹੋਏ ਪੁੱਛਣ ਲੱਗੇ..”ਕਿੰਨੇ ਦਾ ਨੁਕਸਾਨ ਹੋਇਆ ਜੀ ਤੁਹਾਡਾ”..?
ਪਹਿਲਾਂ ਹੀ ਪੂਰੀ ਗਿਣਤੀ ਮਿਣਤੀ ਕਰਕੇ ਬੈਠੇ ਹੋਏ ਨੇ ਮਿੰਟ ਵੀ ਨਹੀਂ ਲਾਇਆ ਤੇ ਆਖ ਦਿੱਤਾ “ਕੁਲ ਮਿਲਾ ਕੇ ਪੰਦਰਾਂ ਹਜਾਰ..”
ਸਰਦਾਰ ਹੁਰਾਂ ਫੋਨ ਕਰਕੇ ਅਕਾਊਂਟੈਂਟ ਨੂੰ ਸੱਦ ਲਿਆ..ਤੇ ਉਸਤੋਂ ਪੰਦਰਾਂ ਹਜਾਰ ਫੜ ਲਏ”
ਮਗਰੋਂ ਗ੍ਰਾਹਕ ਨੂੰ ਸੰਬੋਦਨ ਹੁੰਦੇ ਆਖਣ ਲੱਗੇ ਕੇ “ਹਰਜਾਨਾ ਭਰਨ ਤੋਂ ਪਹਿਲਾਂ ਇੱਕ ਦੋ ਸਵਾਲ ਨੇ..ਪੁੱਛ ਸਕਦਾ ਹਾਂ”?
ਅੱਗੋਂ ਹਾਂ ਹੋਣ ਤੇ ਪੂਰੇ ਫੌਜੀ ਲਹਿਜੇ ਵਿਚ ਆਉਂਦੇ ਹੋਏ ਪੁੱਛਣ ਲੱਗੇ..”ਕਿੰਨੀਆਂ ਚਪੇੜਾ ਮਾਰੀਆਂ ਤੁਸੀਂ ਮੁੰਡੇ ਨੂੰ ਤੇ ਕਿੰਨੀਆਂ ਗਾਹਲਾਂ ਕੱਢੀਆਂ”..?
ਸਿੱਧਾ ਜਵਾਬ ਦੇਣ ਦੀ ਥਾਂ ਆਖਣ ਲੱਗਾ “ਜੀ ਨੁਕਸਾਨ ਕੀਤਾ ਸੀ..ਚਪੇੜਾਂ ਮਾਰਨੀਆਂ ਤੇ ਬਣਦੀਆਂ ਹੀ ਸਨ..”
“ਤੁਹਾਡੇ ਨੁਕਸਾਨ ਦਾ ਅਸੀ ਹਰਜਾਨਾ ਭਰਨ ਜਾ ਰਹੇ ਹਾਂ..ਪਰ ਮੁੰਡੇ ਦੇ ਕੀਤੇ ਸਰੀਰਕ ਅਤੇ ਮਾਨਸਿਕ ਨੁਕਸਾਨ ਦੀ ਪੂਰਤੀ ਤੁਹਾਨੂੰ ਵੀ ਕਰਨੀ ਪਵੇਗੀ..ਵਰਨਾ ਗੱਲ ਠਾਣੇ ਤੱਕ ਵੀ ਜਾ ਸਕਦੀ ਏ..”
ਠਾਣੇ ਦਾ ਜਿਕਰ ਆਉਂਦਿਆਂ ਹੀ ਘੜੀਆਂ-ਪਲਾਂ ਵਿਚ ਮੁੱਕ ਮੁਕਾ ਹੋ ਗਿਆ..
ਸਰਦਾਰ ਹੂਰੀ ਵਾਪਿਸ ਗੱਡੀ ਵਿਚ ਬੈਠਣ ਲੱਗੇ ਤਾਂ ਡਰਦੇ ਡਰਦੇ ਨੇ ਪੁੱਛ ਲਿਆ “ਜੀ ਮਿੱਠੂ ਸਿੰਘ ਕੱਲ ਨੂੰ ਕੰਮ ਤੇ ਆ ਸਕਦਾ”?
“ਹਾਂ ਹਾਂ ਕਿਓਂ ਨਹੀਂ..ਕੰਮ ਕਰੇਗਾ ਇਹ ਮੁੰਡਾ ਇਥੇ ਹੀ..ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਏ..”
ਆਥਣ ਵੇਲੇ ਹਰਜਾਨੇ ਵੱਜੋਂ ਮਿਲੇ ਪੂਰੇ ਤਿੰਨ ਹਜਾਰ ਬੋਝੇ ਵਿਚ ਪਾਈ ਪਿੰਡ ਨੂੰ ਤੁਰੇ ਜਾਂਦੇ ਮਿੱਠੂ ਸਿੰਘ ਵੱਲ ਵੇਖ ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿੰਦਾ ਅੰਬਰੋਂ ਉੱਤਰੇ ਇੱਕ ਚਿੱਟ-ਦਾਹੜੀਏ “ਰੱਬ” ਨੇ ਐਨ ਮੌਕੇ ਤੇ ਅੱਪੜ ਮੌਤ ਦੀ ਮੂੰਹ ਵਿਚ ਜਾ ਪਈਆਂ ਦੋ ਮਸੂਮ ਜਿੰਦਗੀਆਂ ਖਤਮ ਹੋਣ ਤੋਂ ਬਚਾ ਲਈਆਂ ਹੋਣ!

ਹਰਪ੍ਰੀਤ ਸਿੰਘ ਜਵੰਦਾ

...
...

ਉਹ ਦਸ ਕੁ ਸਾਲ ਦਾ ਸੀ ਜਦੋ ਉਸਦੇ ਪਿਤਾ ਜੀ ਨੇ ਪਰਿਵਾਰ ਸਮੇਤ ਕੈਨੇਡਾ ਦੀ ਨਾਗਰਿਕਤਾ ਲੈ ਲਈ ਸੀ| ਲੈਂਦੇ ਵੀ ਕਿਉਂ ਨਾ, ਬਹੁਤ ਜਿਆਦਾ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਓਹਨਾ ਨੂੰ ਕੋਈ ਚੱਜ ਦੀ ਪੱਕੀ ਨੌਕਰੀ ਨਹੀਂ ਸੀ ਮਿਲੀ| ਉਸਦੇ ਪਿਤਾ ਨੇ ਐਮ ਐੱਸ ਸੀ ਗਣਿਤ , ਐਮ ਫਿਲ ਗਣਿਤ ਤੇ ਬੀ ਐਡ ਕੀਤੀ ਹੋਈ ਸੀ| ਉਸਦੇ ਛੋਟੇ ਹੁੰਦੇਆ ੩੦ ਕੁ ਸਾਲ ਪਹਿਲਾਂ ਜਦੋ ਪ੍ਰਕਾਸ਼ ਸਿੰਘ ਬਾਦਲ ਤੇ ਕਪਤਾਨ ਅਮਰਿੰਦਰ ਸਿੰਘ ਜਦੋ ਪੰਜਾਬ ਦੇ ਮੁਖ ਮੰਤਰੀ ਸੀ, ਉਸਦੇ ਪਿਤਾ ਜੀ ਨੇ ਬਹੁਤ ਵਾਰ ਚੰਡੀਗੜ੍ਹ ਮਟਕਾ ਚੌਕ ਤੇ ਫਿਰ ਸੈਕਟਰ ੨੫ ਚੰਡੀਗੜ੍ਹ ਦੀ ਗ੍ਰਾਉੰਡ ਵਿਚ ਬਹੁਤ ਵਾਰ ਪੱਕੀ ਨੌਕਰੀ ਲਈ ਧਰਨੇ ਦਿੱਤੇ ਸੀ| ਕਈ ਵਾਰ ਲਾਠੀਆਂ ਖਾਧੀਆਂ ਸੀ ਤੇ ਇੱਕ ਦੋ ਵਾਰ ਜੇਲ ਵੀ ਗਏ ਸੀ| ਫਿਰ ਓਹਨਾ ਨੇ ਦੇਸ਼ ਛੱਡ ਜਾਣ ਦਾ ਮਨ ਬਣਾ ਲਿਆ ਤੇ ਪੱਕੇ ਕੈਨੇਡਾ ਵਿਚ ਜਾ ਵਸੇ| ਕਨੇਡਾ ਦੀ ਸਰਕਾਰ ਦੂਜੇ ਦੇਸ਼ਾਂ ਪੜੇ ਲਿਖੇ ਲੋਕਾਂ ਦਾ ਸਵਾਗਤ ਕਰਦੀ ਸੀ ਤੇ ਸੌਖੀ ਹੀ ਨਾਗਰਿਕਤਾ ਦੇ ਦਿੰਦੀ ਸੀ|

ਉਸਦੇ ਬਚਪਨ ਦੇ ਪਹਿਲੇ ਦਸ ਸਾਲ ਪਿੰਡ ਵਿਚ ਹੀ ਬੀਤੇ ਸੀ ਤੇ ਉਹ ਹੁਣ ਪੈਂਤੀ ਕੁ ਸਾਲਾਂ ਬਾਅਦ ੨੦੪੦ ਵਿਚ ਕਨੇਡਾ ਤੋਂ ਪੰਜਾਬ ਪਰਤਿਆ ਸੀ|ਉਸਦੇ ਘਰ ਤੋਂ ਗੁਰਦਵਾਰਾ ੧੦੦ ਕੁ ਮੀਟਰ ਦੀ ਵਿਥ ਤੇ ਸੀ| ਉਹ ਸੈਰ ਕਰਨ ਜਾਂਦੇ ਹੋਏ ਸ਼ਾਮ ਦੇਖਿਆ ਕੇ ਉਸ ਗੁਰਦਵਾਰੇ ਦੇ ਨਾਲ ਇਕ ਮੰਦਿਰ ਵੀ ਬਣਿਆ ਹੋਇਆ ਹੈ ਜਿਸ ਵਿਚ ਪੁਜਾਰੀ ਭੋਲੇ ਨਾਥ ਪਾੰਡੇ ਸ਼ਾਮ ਸਵੇਰ ਪੂਜਾ ਕਰਦਾ ਹੈ| ਭੋਲੇ ਨਾਥ ਦੀ ਪਿੰਡ ਵਿਚ ਕਾਫੀ ਇਜ੍ਜਤ ਹੈ| ਗੁਰਦਵਾਰੇ ਦੀ ਇਕ ਕੰਧ ਦੇ ਇੱਕ ਪਾਸੇ ਇੱਕ ਜਗਰਾਤੇ ਦਾ ਹਿੰਦੀ ਵਿਚ ਬੈਨਰ ਲੱਗਾ ਸੀ |ਆਸ ਪਾਸ ਦੇ ਘਰ ਹੁਣ ਉੱਤਰ ਪ੍ਰਦੇਸ਼, ਬਿਹਾਰ ਤੇ ਹਿਮਾਚਲ ਦੇ ਲੋਕਾਂ ਨੇ ਖਰੀਦ ਲਏ ਹਨ| ਕਾਫੀ ਲੋਕ ਮੰਦਿਰ ਜਾਂਦੇ ਹਨ| ਓਹਨਾ ਦੇ ਪਿੰਡ ਵਿਚ ਪਹਿਲਾ ਜਾਤ ਦੇ ਅਧਾਰ ਤੇ ੩ ਗੁਰਦਵਾਰੇ ਸਨ ਪਰ ਹੁਣ ਸਿੱਖ ਘਟ ਗਿਣਤੀ ਹੋਣ ਕਰਕੇ ਇੱਕ ਹੀ ਰਹਿ ਗਿਆ ਹੈ| ਹੁਣ ਜਾਤ ਦੇ ਅਧਾਰ ਤੇ ਚਰਚ ਬਣ ਚੁੱਕੇ ਹਨ| ਪਿੰਡ ਦੀਆ ਛੋਟੀਆਂ ਜਾਤਾਂ ਜਿੰਨਾ ਨੂੰ ਉਸ ਸਮੇ ਉੱਚੀ ਜਾਤ ਵਾਲੇ ਨਫਰਤ ਕਰਦੇ ਸਨ, ਉਹ ਹੁਣ ਈਸਾਈ ਬਣ ਚੁਕੇ ਸਨ| ਗੁਰਦਵਾਰੇ ਸਾਹਮਣੇ ਜਾਂਦੇ ਹੀ ਉਸਦੀਆਂ ਅੱਖਾਂ ਸਾਹਮਣੇ ਉਸਦਾ ਸਾਰਾ ਬਚਪਨ ਦਾ ਦ੍ਰਿਸ਼ ਨਿਕਲ ਜਾਂਦਾ ਹੈ| ਉਸਨੂੰ ਯਾਦ ਆਉਂਦਾ ਹੈ ਕੇ ਉਹ ਕਿਸ ਤਰਾਹ ਗੁਰਦਵਾਰੇ ਦੇ ਵਿਚ ਛੋਟੇ ਹੁੰਦੇ ਖੇਲਦੇ ਹੁੰਦੇ ਸੀ| ਹੁਣ ਵਿਚ ਗੁਰਦਵਾਰੇ ਵਿਚਲਾ ਬੋਹੜ ਕੱਟ ਦਿੱਤਾ ਹੈ| ਉਸਨੂੰ ਯਾਦ ਆਉਂਦਾ ਹੈ ਕੇ ਕਿਵੇਂ ਛੋਟੇ ਹੁੰਦਿਆਂ ਉਹ ਬੋਹੜ ਦੀ ਦਾੜ੍ਹੀ ਨਾਲ ਝੂਟਦੇ ਹੁੰਦੇ ਸੀ| ਓਹਨਾ ਦੀ ਸਾਰੀ ਦੁਪਹਿਰ ਰੱਸੀ ਟੱਪਦੇ ਜਾ ਟਾਇਰ ਚਲਾਉਂਦੇ ਨਿਕਲ ਜਾਂਦੀ ਸੀ| ਉਹ ਗੁਰਦਵਾਰੇ ਦੀ ਕੰਧ ਦੇ ਨਾਲ ਜਿਥੇ ਮੰਦਿਰ ਦਾ ਦਰਵਾਜਾ ਹੈ ਓਥੇ ਬੰਟੇ ਵੀ ਖੇਲਦੇ ਹੁੰਦੇ ਸੀ| ਸਿਖਾਂ ਦੇ ਜਵਾਕਾਂ ਦੀ ਪੈਦਾਇਸ਼ ਵਿਚ ਗੁਰਦਵਾਰੇ ਬਹੁਤ ਹੀ ਜਿਆਦਾ ਮਹੱਤਵਪੂਰਨ ਹੁੰਦੇ ਹਨ| ਛੋਟੇ ਹੁੰਦੇ ਉਹ ਓਥੇ ਖੇਲਦੇ ਵੀ ਹਨ ਤੇ ਦਿਨ ਤਿਹਾਰ ਤੇ ਸੇਵਾ ਵੀ ਕਰਾਉਂਦੇ ਹਨ| ਉਸਨੂੰ ਉਹ ਵੀ ਸਮਾਂ ਯਾਦ ਆਉਂਦਾ ਹੈ ਕੇ ਜਦੋ ਕਿਸੇ ਨੀਵੀ ਜਾਤ ਵਾਲੇ ਗੁਰਦਵਾਰੇ ਦੇ ਕਿਸੇ ਨਗਰ ਕੀਰਤਨ ਦੇ ਸਮੇ ਕਿਸੇ ਔਰਤ ਨੇ ਉਸ ਜਾਤ ਦਾ ਨਾਮ ਲੈ ਕੇ ਬੋਲਿਆ ਸੀ ਕੇ ਓਹਨਾ ਨੇ ਆਉਣਾ ਹੈ, ਹੱਥਾਂ ਤੇ ਰੋਟੀਆਂ ਦਿਓ| ਇਹਨਾ ਦੇ ਭਾਂਡੇ ਕੌਣ ਮੰਜੁਗਾ| ਓਹਨੀ ਦਿਨੀ ਦੋਆਬੇ ਦੇ ਪਿੰਡਾਂ ਵਿਚ ਇਹ ਪਾੜਾ ਕਾਫੀ ਜਿਆਦਾ ਸੀ| ਇਸ ਆਪਸੀ ਨਫਰਤ ਦਾ ਨਤੀਜਾ ਇਹ ਨਿਕਲਿਆ ਸੀ ਕੇ ਪਿੰਡ ਦੀਆ ਜਿਆਦਾ ਜਮੀਨਾ ਪੰਜਾਬ ਦੇ ਬਾਹਰੋਂ ਆਏ ਲੋਕਾਂ ਨੇ ਖਰੀਦ ਲਈਆਂ ਸਨ , ਕਿਉਂਕਿ ਪੰਜਾਬੀ ਲੋਕ ਆਪਸੀ ਨਫਰਤ ਕਰਕੇ ਪੰਜਾਬੀਆਂ ਨੂੰ ਜਮੀਨਾ ਨੂੰ ਨਹੀਂ ਵੇਚਦੇ ਸੀ| ਇਹ ਬਾਹਰੋਂ ਆਏ ਹੋਏ ਲੋਕ ਪੰਜਾਬ ਵਿਚ ਠੇਕੇਦਾਰੀ ਕਰਦੇ ਹਨ, ਇਹਨਾ ਨਾਲ ਮਜਦੂਰੀ ਪੰਜਾਬ ਦੇ ਲੋਕ ਹੀ ਕਰਦੇ ਹਨ| ਪੰਜਾਬ ਦੇ TV ਚੰਨਲਾਂ ਤੇ ਅੱਜ ਕਲ ਇਹ ਵਿਵਾਦ ਚਲਦਾ ਹੈ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਇਕ ਵਿਸ਼ਨੂੰ ਮੰਦਿਰ ਹੈ ਜਾ ਨਹੀਂ| ਪੰਜਾਬ ਵਿਚ ਸਿਖਾਂ ਦੀ ਅਬਾਦੀ ੨੦ ਪ੍ਰਤੀਸ਼ਤ ਰਹਿ ਗਈ ਹੈ ੩੦ ਕੁ ਪ੍ਰਤੀਸ਼ਤ ਈਸਾਈ ਤੇ ੫੦ ਕੁ ਪ੍ਰਤੀਸ਼ਤ ਹਿੰਦੂ ਹਨ
ਉਸਨੂੰ ਇਹ ਵੀ ਪਤਾ ਲੱਗਿਆ ਕੇ ਹੁਣ ਸਿੱਖ ਘਟ ਗਿਣਤੀ ਹੋਣ ਕਰਕੇ ਪਹਿਲਾ ਦੀ ਤਰਾਹ ਨਫਰਤ ਨਹੀਂ ਕਰਦੇ ਹਨ| ਸਾਰੇ ਵਿੱਚੋ ਸਿਰਫ ਹੀ ਗੱਲ ਚੰਗੀ ਸੀ | ਉਹ ਜਿਨ੍ਹਾਂ ਨੂੰ ਉਹ ਔਰਤ ਛੋਟੀ ਜਾਤ ਵਾਲੇ ਕਹਿੰਦੀ ਸੀ ਓਹਨਾ ਦੇ ਅੱਗੇ ਬੱਚੇ ਜਿਆਦਾਤਰ ਈਸਾਈ ਬਣ ਚੁੱਕੇ ਹਨ| ਸਿਖਾਂ ਲਈ ਕੋਈ ਵੀ ਨਰਮ ਰਵਈਆ ਨਹੀਂ ਰੱਖਦੇ, ਕਿਓੰਕੇ ਓਹਨਾ ਨੇ ਈਸਾਈ ਧਰਮ ਵਿਚ ਹੀ ਜਨਮ ਲਿਆ ਹੈ| ਕਈ ਵਾਰ ਉਹ ਸਿਖਾਂ ਨੂੰ ਤੰਗ ਵੀ ਕਰਦੇ ਹਨ | ਉਸਦੇ ਦਿਮਾਗ ਵਿਚ ਇੱਕ ਪੰਕਤੀ ਬਹੁਤ ਰੜਕਦੀ ਹੈ: ਜਬ ਇਹ ਗਏ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ | ਪਿੰਡ ਦੇ ਓਹਨਾ ਹੀ ਰਾਹਾਂ ਤੇ ਚੱਲ ਕੇ ਉਸਨੂੰ ਯਾਦ ਆਉਂਦਾ ਹੈ ਕੇ ਓਦੋ ਇਹ ਰਾਹ ਕੱਚੇ ਹੁੰਦੇ ਸਨ, ਉਸਦੇ ਨੰਗੇ ਪੈਰੀ ਭੱਜਦਿਆਂ ਕਈ ਵਾਰ ਪੈਰਾਂ ਵਿਚ ਭਖੜਾ ਵੀ ਖੁਭ ਜਾਂਦਾ ਸੀ| ਉਸਨੂੰ ਉਹ ਭਖਦੇ ਦੇ ਪੀਲੇ ਪੀਲੇ ਫੁੱਲ ਵੀ ਯਾਦ ਆਉਂਦੇ ਹਨ ਤੇ ਖਬਲ ਦੀਆ ਤਿੜ੍ਹਾ ਵੀ, ਜਿਸ ਨਾਲ ਉਹ ਛੋਟੇ ਹੁੰਦੇ ਖੇਲਦਾ ਹੁੰਦਾ ਸੀ| ਪਰ ਹੁਣ ਪਿੰਡ ਪੂਰਾ ਬਦਲ ਚੁਕਾ ਸੀ| ਪਿੰਡ ਦੇ ਵਿਚ ਪਹਿਲਾ ਇੱਕ ਸ਼ਰਾਬ ਦਾ ਠੇਕਾ ਹੁੰਦਾ ਸੀ| ਉਸਦੇ ਪਿਤਾ ਜੀ ਨੇ ਕਈ ਵਾਰੀ ਉਹ ਠੇਕਾ ਉਠਾਉਣ ਦੀ ਸਰਕਾਰ ਨੂੰ ਸ਼ਿਕਾਇਤ ਕੀਤੀ ਸੀ ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ| ਹੁਣ ਪਿੰਡ ਵਿਚ ਹੁਣ ਪਾਨ ਦੀਆ ਦੁਕਾਨਾਂ ਖੁਲ ਗਈਆਂ ਹਨ|

ਉਹ ਆਪਣੇ ਪਿੰਡ ਵਿਚ ਹੀ ਇੱਕ ਬਚਪਨ ਦੇ ਦੋਸਤ ਸ਼ੰਭੂ ਯਾਦਵ , ਜਿਸਦਾ ਪ੍ਰਵਿਰ ਉਸਦੇ ਛੋਟੇ ਹੁੰਦੇ ਬਿਹਾਰ ਤੋਂ ਪਰਵਾਸ ਕਰਕੇ ਆਇਆ ਸੀ ਉਸਨੂੰ ਵੀ ਮਿਲਿਆ| ਉਸਨੂੰ ਛਠ ਪੂਜਾ ਦੀ ਛੁਟੀ ਸੀ| ਉਹ ਛੋਟੇ ਹੁੰਦੇ ਕੱਠੇ ਖੇਲਦੇ ਸੀ| ਸ਼ੰਭੂ ਨੇ ਦੱਸਿਆ,”ਹਮ ਕੋ ਤੋਂ ਅੱਛੀ ਨੌਕਰੀ ਮਿਲ ਗਈ| ਗਾਓ ਕੇ ਸਕੂਲ ਮੈਂ ਪੰਜਾਬੀ ਪੜ੍ਹਤੇ ਹੈਂ ਹਮ| ਕੁਛ ਦੀਨੋ ਕੇ ਬਾਅਦ ਹਮ ਹੈਡ ਮਾਸਟਰ ਬਨ ਜਾਏਗੇ ” | ਆਪਣੀ ਪਤਨੀ ਬਲਜੀਤ ਕੌਰ ਦੇ ਵਾਰੇ ਦੱਸਿਆ,” ਬਹੁਤ ਧਾਰਮਿਕ ਹੈ, ਰੋਜ ਮੰਦਿਰ ਮੈ ਜਾ ਕੇ ਪੂਜਾ ਕਰਤੀ ਹੈ ਔਰ ਕਭੀ ਕਭੀ ਗੁਰਦਵਾਰਾ ਵੀ ਜਾਤੀ ਹੈ “| ਹੋਰ ਅੱਗੇ ਬੋਲਦਿਆਂ ਦੱਸਿਆ,” ਵੋਹ ਮੇਰੀ ਬੀ .ਐਡ ਕਿ ਦੋਸਤ ਥੀ, ਇਸਕੇ ਪਾਪਾ ਬਹੁਤ ਸ਼ਰਾਬ ਪੀਤੇ ਥੇ ਔਰ ਬਾਈ ਕਿ ਚਿੱਟਾ ਪੀਨੇ ਸੇ ਮੌਤ ਹੋ ਗਈ ਥੀ, ਫਿਰ ਪਾਪਾ ਕੀ ਵੀ ਮੌਤ ਹੋ ਗਈ | ਮੁਝ ਮੈਂ ਤ੍ਰਾਸ ਆ ਗਿਆ ਔਰ ਸ਼ਾਦੀ ਕਰ ਲਈ “| ਉਸਨੇ ਇਹ ਵੀ ਦੱਸਿਆ ਕੇ ਪਹਿਲਾਂ ਪੰਜਾਬ ਵਿਚ ਨੌਕਰੀ ਲੈਣ ਲਾਇ ਦਸਵੀ ਕਲਾਸ ਵਿਚ ਪੰਜਾਬੀ ਪੜ੍ਹੀ ਹੋਣੀ ਜਰੂਰੀ ਸੀ, ਪਰ ਇਹ ਹੁਣ ਸਰਕਾਰ ਨੇ ਹਟਾ ਦਿੱਤੀ ਹੈ| ਉਸਨੇ ਇਹ ਵੀ ਦੱਸਿਆ ਕੇ ਅੱਜਕਲ ਭਾਖੜਾ ਡੈਮ ਦੀ ਬਿਜਲੀ ਪੰਜਾਬ ਨੂੰ ਹੀ ਮਿਲਦੀ ਹੈ |ਫਿਰ ਕਹਿੰਦਾ ਕੇ ਆਪਕਾ ਤੋਂ ਅੱਛਾ ਹੈ ਕੈਨੇਡਾ ਮੈ|

ਉਸਦੇ ਘਰ ਦੇ ਸਾਹਮਣੇ ਸੜਕ ਦੇ ਦੂਸਰੇ ਪਾਸੇ ਓਹਨਾ ਦਾ ਕਨਾਲ ਕੁ ਥਾਂ ਸੀ ਜੋ ਕੇ ਉਤਰਪ੍ਰਦੇਸ਼ ਤੋਂ ਆਏ ਇਕ ਰਾਮ ਯਾਦਵ ਨੇ ਕਬਜਾ ਕੀਤਾ ਹੋਇਆ ਸੀ| ਜੋ ਕੇ ਛੱਡ ਨਹੀਂ ਰਿਹਾ ਸੀ| ਪੰਜਾਬ ਦੇ ਇਸ ਤਰਾਹ ਦੇ ਪੰਗੈਆ ਲਈ ਉਹ ਬਿਲਕੁਲ ਅਣਜਾਣ ਸੀ|
ਉਹ ਆਪਣਾ ਥਾਂ ਛਡਾਉਣ ਲਈ ਪੁਲਿਸ ਠਾਣੇ ਗਿਆ| ਪੁਲਿਸ ਦਾ ਇੰਸਪੈਕਟਰ ਜਿਸਦਾ ਨਾ ਪਲੇਟ ਤੇ ਪ੍ਰਸ਼ਾਂਤ ਮਿਸ਼ਰਾ ਲਿਖਿਆ ਹੋਇਆ ਸੀ ਬਹੁਤ ਹੀ ਕੱਬੇ ਸੁਭਾਹ ਦਾ ਸੀ| ਉਹ ਉਸਨੂੰ ਮਿਲਿਆ ਤੇ ਜਲਦੀ ਕੰਮ ਕਰਾਉਣ ਨੂੰ ਕਿਹਾ | ਉਸਨੇ ਗੁੱਸੇ ਵਿਚ ਕਿਹਾ ਕੇ ਜਿਹ ਹਮਾਰਾ ਪੰਜਾਬ ਹੈ , ਤੁਮਾਰਾ ਕਨੇਡਾ ਨਹੀਂ| ਯਹਾਂ ਕਾਮ ਸਿਸਟਮ ਸੇ ਹੋਤਾ ਹੈ| ਉਹ ਚਾਹੇ ਕੈਨੇਡਾ ਦੀ ਯੂਨੀਵਰਸਟੀ ਵਿਚ ਰਸਾਇਣਿਕ ਵਿਗਿਆਨ ਦਾ ਪ੍ਰੋਫੈਸਰ ਹੈ ਪਰ ਇੰਸਪੈਕਟਰ ਦੇ ਸਾਹਮਣੇ ਆਪਣੀ ਔਕਾਤ ਜ਼ੀਰੋ ਹੀ ਲੱਗੀ| ਕਾਫੀ ਚੱਕਰ ਮਾਰੇ ਪਰ ਗੱਲ ਨਾ ਬਣੀ| ਉਸਦੀਆਂ ਛੁਟੀਆਂ ਖਤਮ ਹੋਣ ਵਾਲਿਆਂ ਸੀ ਤੇ ਮਨ ਬਹੁਤ ਉਦਾਸ ਹੋ ਚੁਕਾ ਸੀ | ਉਸਨੇ ਟਿਕਟ ਲਾਇ ਤੇ ਵਾਪਸ ਕਨੇਡਾ ਨੂੰ ਚੱਲ ਪਿਆ| ਉਸਨੇ ਸੋਚਿਆ ਕੇ ਉਹ ਦੁਬਾਰਾ ਪੰਜਾਬ ਨਹੀਂ ਆਵੇਗਾ|

ਕੇਵਲ ਸਿੰਘ

...
...

ਨਿੱਕਾ ਜਿਹਾ ਬੱਚਾ ਬਾਪੂ ਨਾਲ ਟਰੈਕਟਰ ਤੇ ਸ਼ਹਿਰ ਜਾਂਦਾ, ਭਮੱਤਰਿਆ ਵੱਡੀਆਂ ਵੱਡੀਆਂ ਦੁਕਾਨਾਂ ਦੇਖਦਾ, ਕਦੇ ਕਿਸੇ ਦੁਕਾਨ ਮੂਹਰੇ ਖੜ ਜਾਂਦਾ ਕਦੇ ਕਿਸੇ ਮੂਹਰੇ। ਜਦੋਂ ਖੇਡਾਂ ਮਿਲਦੀਆਂ ਤਾਂ ਚਾਂਭਲਿਆ ਫਿਰਦਾ ਜਿਵੇਂ ਭਾਪੇ ਦੀ ਜੇਬ ਚੋਂ ਸਾਰਾ ਸ਼ਹਿਰ ਖ਼ਰੀਦ ਲੈਣਾ ਹੋਵੇ। ਅਖੀਰ ਘਰ ਨੂੰ ਮੁੜਨ ਲੱਗਿਆ ਯਾਦ ਆਉਂਦਾ ਕਿ ਹਾਏ ਯਾਰ ਜਿਹੜੀ ਚੀਜ ਸਭ ਤੋਂ ਜ਼ਰੂਰੀ ਸੀ ਉਹ ਤਾਂ ਚਾਅ ਚਾਅ ਚ ਭੁੱਲ ਹੀ ਗਏ ਸੀ ਫੇਰ ਦੁਕਾਨ ਮੂਹਰੇ ਜਿੱਦ ਕਰਦਾ ..ਰੋਂਦਾ.. ਬਾਪੂ ਤੇ ਗੁੱਸਾ ਵੀ ਚੜਦਾ , ਪਰ ਫੇਰ ਬਾਪੂ ਦਾ ਬਾਹਲਾ ਮੋਹ ਆਉਂਦਾ ਜਦੋਂ ਬਾਪੂ ਦੁਕਾਨ ਅੰਦਰ ਜਾ ਕੇ ਕਹਿੰਦਾ… “ਲਾਲਾ ਇਹਨੂੰ ਆ ਗੁੱਡੀ ਬਣਾਉਣ ਆਲੇ ਤਾਅ ਦੇ ਦੇ ਯਾਰ .. ਰੰਗ ਬੇਰੰਗ ਜੇਹੇ .. ਨਾਲੇ ਡੋਰ ਆਲ਼ੀਆ ਦੋ ਅੱਟੀਆ ਜੀਆਂ ਵੀ ਦੇ ਦੀਂ ..

ਪਿੰਡ ਮੁੜਦਿਆਂ ਰੇਹ ਆਲ਼ੀ ਟਰਾਲੀ ਤੇ ਬੈਠਾ ਤਾਅ ਤੇ ਡੋਰ ਆਲ਼ੇ ਲਫਾਫੇ ਨੂੰ ਸੰਭਾਲ ਸੰਭਾਲ ਰੱਖਦਾ. ਘਰੇ ਵੜਦ‍ਿਆਂ ਹੀ ਟਰਾਲੀ ਦੇ ਡਾਲ਼ੇ ਤੋਂ ਛਾਲ ਮਾਰਦਾ .. ਖ਼ੁਸ਼ੀ ਚ ਸੈਕਲ ਚੱਕ ਬਾਹਰ ਨਿਕਲ ਜਾਂਦਾ ਹਾਣੀਆਂ ਨੂੰ ਦੱਸਣ ਲਈ। ਫੇਰ ਤਾਅ ਨਾਲ ਰੰਗ ਬੇਰੰਗ ਲੰਮੇ ਲੰਮੇ ਪੂੰਝਿਆਂ ਆਲ਼ੀ ਦੋ ਰੰਗੀ ਬਾਹਲ਼ੀ ਸੋਹਣੀ ਗੁੱਡੀ ਬਣਾਉਂਦਾ ,, ਵੱਡੀ ਬੇਬੇ ਤੋਂ ਡੋਰ ਆਲ਼ੀ ਅੱਟੀ ਨੂੰ ਡੱਕੇ ਤੇ ਵਲ੍ਹੇਟਣਾ ਸਿੱਖਦਾ ,, ਲੰਮਾ ਤੋਣਾ ਪਾਕੇ ਜਦੋਂ ਗੁੱਡੀ ਉਡਾਉਂਦਾ ਤਾਂ ਉਹ ਪਹਿਲਾਂ ਨਾਂਹ ਨੁਕਰ ਜਿਹੀ ਕਰਦੀ ਆ ਫੇਰ ਕੋਠਿਆਂ ਤੋਂ ਹੁੰਦੀ ਹੋਈ ਅੰਬਰੀ ਚੜ ਜਾਂਦੀ ਆ। .. ਆਸੇ ਪਾਸੇ ਗਲੀ ਗਵਾਂਢ ਦੇ ਜਵਾਕਾਂ ਚ ਚਰਚਾ ਹੁੰਦੀ ਆ ਕੇ ਆਹ ਐਡੀ ਸੋਹਣੀ ਗੁੱਡੀ ਕਿਸਦੀ ਆ ਯਾਰ।

ਇਕ ਦਿਨ ਜਵਾਕ ਚਾਈਂ ਚਾਈਂ ਕੋਠੇ ਚੜਦਾ ਹਵਾ ਦਾ ਰੁਖ ਦੇਖ ਗੁੱਡੀ ਚੜਾਉਦਾ, ਅੱਜ ਉਸਦੀਂ ਗੁੱਡੀ ਐਸੀ ਚੜੀ ਕੇ ਅਸਮਾਨੀ ਗੱਲਾਂ ਕਰਦੀ ਆ, ਸਭ ਤੋਂ ਉਚੀ ਸਭ ਤੋਂ ਸੋਹਣੀ। ਸਾਰੇ ਕੋਠਿਆਂ ਤੋਂ ਆਵਾਜ਼ਾਂ ਦਿੰਦੇ ਆ… “ਚੜਗੀ ਅੰਬਰੀ-ਚੜਗੀ ਅੰਬਰੀ”। ਅੱਜ ਜਿਵੇਂ ਉਸਦਾ ਹੀ ਦਿਨ ਹੋਵੇ, ਹਵਾ ਟਿਕ ਜਾਂਦੀ ਏ, ਥੱਲੇ ਤੋਂ ਆਵਾਜ਼ ਪੈਂਦੀਂ ਆ.. ਉਹ ਡੋਰ ਕੋਠੇ ਤੇ ਪਏ ਗੱਡੇ ਦੇ ਵਿੱਢ ਨਾਲ ਬੰਨ੍ਹ ਕੇ ਥੱਲੇ ਤੁਰ ਜਾਂਦਾ.. ਮੱਝਾਂ ਨੂੰ ਪੱਠੇ ਪਾਉਂਦਾ, ਤੂੜੀ ਦੀਆਂ ਪਿੰਡਾਂ ਭਰਦਾ ਪਰ ਧਿਆਨ ਅੰਬਰੀਂ ਚੜੀ ਗੁੱਡੀ ਚ ਹੀ ਹੁੰਦਾ। ਕੰਮ ਨਬੇੜ ਜਦੋਂ ਉਹ ਗੁੱਡੀ ਲਾਉਣ ਲੱਕੜ ਦੀ ਪੌੜੀ ਚੜਦਾ ਤਾਂ ਹਾਲੇ ਅੱਧ ਚ ਹੀ ਹੁੰਦਾ ਕਿ ਡੋਰ ਟੁੱਟਦੀ ਉਸ ਦੇ ਸਿਰ ਉੱਤੋਂ ਹੁੰਦੀ ਹੋਈ ਵਿਹੜਾ ਟੱਪ ਜਾਂਦੀ ਆ, ਉਹ ਭਮੱਤਰਿਆ ਅੱਧ ਚੋ ਛਾਲ ਮਾਰਦਾ ਟੁੱਟੀ ਡੋਰ ਤੇ ਹੱਥੋਂ ਛੁੱਟੀ ਗੁੱਡੀ ਵੱਲ ਭੱਜਦਾ, ਫਿਰ ਬਾਰ ਚੋ ਕਮਲਿਆ ਵਾਂਗ ਮੁੜਦਾ ਸੈਕਲ ਚੱਕਦਾ, ਪਿੱਛੇ ਭੱਜਦੀ ਬੀਬੀ ਨੂੰ ਬਸ ਐਨਾ ਹੀ ਸੁਣਦਾ… “ਉਹ ਬੀਬੀਏ ਮੇਰੀ ਗੁੱਡੀ ਤਾਂ ਗਈ…
ਖੇਤਾਂ ਖਾਲਾਂ ਕੰਡਿਆਂ ਰੋੜਿਆਂ ਉੱਤੋਂ ਦੀ ਠੇਡੇ ਵੱਜਦੇ ਆ ਫਿਰ ਵੀ ਉਹ ਵਾਹੋ ਵਾਹੀ ਭੱਜਦਾ ਵਾਹਣਾ ਵਿੱਚ ਦੀ ਡਿੱਗਦਾ ਜਦੋਂ ਆਪਣੀ ਗੁੱਡੀ ਤੱਕ ਪਹੁੰਚਦਾ ਤਾਂ ਉਹ ਸਾਰੀ ਇਉਂ ਪਾਟੀ ਹੁੰਦੀ ਆ ਜਿਵੇਂ ਰੋਈਆਂ ਚ ਚਾਂਭਲੇ ਕੁੱਤੇ ਮੂੰਹ ਚ ਲੀਰਾਂ ਫਸਾ ਫਸਾ ਪਾੜਦੇ ਆ। ਉਦਾਸ ਮਨ ਨਾਲ ਠੇਡੇ ਵੱਜੇ ਪੈਰਾਂ ਚੋਂ ਕੰਡੇ ਕੱਢਦਾ, ਅੱਧ ਪਚੱਧੀ ਡੋਰ ਕੱਠੀ ਕਰਦਾ ਉਹ ਵੀ ਉੱਥੇ ਮੱਝਾਂ ਚਾਰਦੇ ਮਸ਼ਟੰਡੇ ਖੋਹ ਲੈਂਦੇ ਆ। ਭਰੀਆਂ ਅੱਖਾਂ ਨਾਲ ਬਾਪੂ ਦੀ ਕੁੱਟ ਤੋਂ ਡਰਦਾ ਤੇ ਪਾਟੀ ਗੁੱਡੀ ਦੇ ਦਰਦ ਲਈ ਚੋਰੀ ਚੋਰੀ ਘਰੇ ਵੜਦਾ, ਭੁੱਬਾਂ ਮਾਰ ਉਡੀਕ ਰਹੀ ਬੀਬੀ ਦੀ ਬੁੱਕਲ ਚ ਵੜ ਜਾਂਦਾ ਜਿਵੇਂ ਸਾਰਿਆਂ ਤੋਂ ਲੁੱਕ ਜਾਣਾ ਚਾਹੁੰਦਾ ਹੋਵੇ। ਦੱਸਦੇ ਦਾ ਗੱਚ ਭਰ ਜਾਂਦਾ, ਫਿਰ ਲੋਕਾਂ ਦੀਆਂ ਚੜ੍ਹੀਆਂ ਗੁੱਡੀਆਂ ਵੱਲ ਦੇਖਦਾ ਕਹਿੰਦਾ… ”ਮੇਰੇ ਕੋਲ ਤਾਂ ਕੁਝ ਵੀ ਨੀ ਬਚਿਆ ਬੀਬੀਏ”।

ਬੀਬੀ ਘੁੱਟਕੇ ਕਾਲਜੇ ਨਾਲ ਲਾਉਂਦੀ ਦਿਲਾਸੇ ਦਿੰਦੀ ਆ, ਪੈਰ ਦੇ ਗੁੰਠੇ ਚੋਂ ਸਿਮਦੇ ਲਹੂ ਵੱਲ ਦੇਖ ਬੀਬੀ ਦੀਆਂ ਅੱਖਾਂ ਭਰ ਆਉਂਦੀਆਂ, ਚੁੰਨੀ ਦੇ ਪੱਲੇ ਨਾਲ ਲੀਰ ਪਾੜ ਕੇ ਗੂਠੇ ਤੇ ਬੰਨ੍ਹਦੀ ਆ ਫਿਰ ਛੇਈ ਦੇਣੇ ਅੰਦਰੋਂ ਪੇਟੀ ਤੇ ਵਿਛੀ ਚਾਦਰ ਥੱਲੋਂ ਪੈਸੇ ਕੱਢ ਕੇ ਜੇਬ ‘ਚ ਪਾਉਂਦੀ ਬਾਪੂ ਦਾ ਡਰ ਲਾਉਂਦੀ ਬੋਲਦੀ ਆ… “ਵੇਖ ਲਾ ਬੋਲਦਾ ਨੀ ਮੇਰਾ ਪੁੱਤ ਲੰਮੇ ਲੰਮੇ ਰੰਗ ਬਰੰਗੇ ਪਹੁੰਚਿਆਂ ਆਲੀ ਬਾਹਲੀ ਸੋਹਣੀ ਗੁੱਡੀ ਬਣਾਊਗਾ, ਇੱਕ ਦਿਨ ਫਿਰ ਮੇਰੇ ਪੁੱਤ ਦੀ ਗੁੱਡੀ ਸਾਰਿਆਂ ਤੋਂ ਉੱਚੀ ਜਾਊਗੀ , ਵੇਖ ਲਈ ਕਰਨੇ ਦੇ ਭਾਪੇ ਅੰਬਰਾਂ ਤੇ ਜਾਊ ਮੇਰੇ ਪੁੱਤ ਦੀ ਗੁੱਡੀ ਇਕ ਦਿਨ.. ਬੋਲਦਾ ਨੀ ਵੇਖੀ ਜਾਈਂ…!

ਮੈ ਜ਼ਿੰਦਗੀ ਦੀਆਂ ਪੈਤੀ ਕੁ ਪੱਤਝੜਾਂ ਤੇ ਬਹਾਰਾਂ ਵੇਖ ਆਇਆ, ਬਹੁਤ ਧੋਖੇ ਖਾਧੇ ਤੇ ਬਥੇਰੀਆਂ ਯਾਰੀਆਂ ਨਿਭਾਈਆਂ , ਬੜੀ ਵਾਰ ਡਿੱਗੇ ਹਾਂ ਬੜੀ ਵਾਰ ਉੱਠੇ ਆ, ਪਿੰਡ ਰਹਿੰਦਿਆਂ ਰਿਸ਼ਤਿਆਂ ਦਾ ਨਿੱਘ ਵੀ ਰੱਜ ਕੇ ਮਾਣਿਆ ਤੇ ਪਰਦੇਸਾਂ ਚ ਆਪਣਿਆਂ ਦੇ ਵਿਛੋੜੇ ਵੀ ਝੱਲੇ ਆ, ਘਾਟੇ ਵੀ ਬੜੇ ਆ ਜ਼ਿੰਦਗੀ ਚ ਤੇ ਬਹੁਤ ਕੁਝ ਔਕਾਤ ਨਾਲੋਂ ਵੀ ਵੱਧ ਮਿਲਿਆ ਪਰ ਕਦੇ ਬਹੁਤੀ ਚੜ੍ਹੇ ਲਹਿੰਦੇ ਦੀ ਪਰਵਾਹ ਨੀ ਕਰੀ ਦੀ।
ਮੈਂ ਜ਼ਿੰਦਗੀ ਦੀਆਂ ਮੁਸ਼ਕਲਾਂ ਵਾਲੀ ਡੋਰ ਬਾਹਲੇ ਆਰੀ ਹੁਣ ਵੀ ਕੋਠੇ ਤੇ ਪਏ ਗੱਡੇ ਦੇ ਵਿੱਢ ਨਾਲ ਬੰਨ੍ਹਕੇ ਪਰਵਾਰ ਦੀਆਂ ਖੁਸ਼ੀਆਂ ਤੇ ਬੱਚਿਆਂ ਦੇ ਹਾਸਿਆਂ ਦੀਆਂ ਪੰਡਾਂ ਭਰਨ ਥੱਲੇ ਆ ਜਾਨਾ.. ਕਿਉਂਕਿ ਮੈਨੂੰ ਬਹੁਤੀ ਫ਼ਿਕਰ ਨੀ ਹੁੰਦੀ ਕੇ ਪਿੱਛੋ ਕੋਈ ਮੇਰੀ ਚੜ੍ਹੀ ਗੁੱਡੀ ਦੀ ਡੋਰ ਕੱਟ ਦੇਊਗਾ “ਵਾਹਿਗੁਰੂ” ਕਰਕੇ ਮੇਰੇ ਕੋਲ ਰੱਬ ਦੇ ਆਸਰੇ ਵਰਗੀ ਉਹ “ਮਾਂ” ਹੈਗੀ ਆ… ਜੋ ਛੇਤੀ ਦੇਣੇ ਮੇਰੇ ਜ਼ਖ਼ਮਾਂ ਤੇ ਚੁੰਨੀ ਦੇ ਪੱਲੇ ਨਾਲੋਂ ਲੀਰ ਪਾੜ ਕੇ ਬੰਨਦੀ ਮੈਨੂੰ ਹਿੱਕ ਨਾਲ ਲਾਕੇ ਬੋਲੂਗੀ… “ਵੇਖ ਲਾ ਬੋਲਦਾ ਨੀ ਮੇਰਾ ਪੁੱਤ ਬਾਹਲੀ ਸੋਹਣੀ ਗੁੱਡੀ ਬਣਾਊਗਾ, ਇੱਕ ਦਿਨ ਫਿਰ ਮੇਰੇ ਪੁੱਤ ਦੀ ਗੁੱਡੀ ਸਾਰਿਆਂ ਤੋਂ ਉੱਚੀ ਜਾਓਗੀ, ਵੇਖ ਲਈ ਕਰਨੇ ਦੇ ਭਾਪੇ ਅੰਬਰਾਂ ਤੇ ਜਾਊ ਮੇਰੇ ਪੁੱਤ ਦੀ ਗੁੱਡੀ ਇਕ ਦਿਨ.. ਬੋਲਦਾ ਨੀ ਵੇਖੀ ਜਾਈਂ…!
ਕਰਨ ਬਰਾੜ ਹਰੀ ਕੇ ਕਲਾਂ
+61430850045

...
...

ਰੋਜ਼ਾਨਾ ਵਾਂਗ ਮੈਂ ਆਪਣੇ ਸਕੂਲ ਦਾ ਕੰਮ ਖ਼ਤਮ ਕਰਕੇ ਘਰ ਵੱਲ ਨੂੰ ਤੁਰਿਆ | ਅਕਸਰ ਕੰਮ ਦੀ ਵਜ੍ਹਾ ਕਰਕੇ ਮੈਂ ਸਕੂਲ ਤੋਂ ਲੇਟ ਹੋ ਜਾਂਦਾ ਸੀ| ਉਸ ਦਿਨ ਵੀ ਮੈਂ ਸ਼ਾਮ ਤਕਰੀਬਨ ਸਾਢੇ ਚਾਰ ਵਜੇ ਆਪਣੇ ਘਰ ਪਹੁੰਚਿਆ ਅਤੇ ਥਕੇਵਾਂ ਹੋਣ ਕਾਰਨ ਮੈਂ ਆਪਣੀ ਮਾਤਾ ਜੀ ਨੂੰ ਚਾਹ ਬਣਾਉਣ ਲਈ ਕਿਹਾ | ਸੁਭਾਵਿਕ ਹੀ ਉਸ ਦਿਨ ਮੈਂ ਘਰ ਦੇ ਬਾਹਰ ਕੁਰਸੀ ਡਾਹ ਕੇ ਬੈਠ ਗਿਆ|ਸਾਡੇ ਘਰ ਵਿੱਚ ਹੀ ਮੇਰੇ ਪਿਤਾ ਜੀ ਦੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸੀ | ਅਤੇ ਘਰ ਦੇ ਨੇੜੇ ਹੀ ਬਲਜੀਤ ਸਿੰਘ ਜੋ ਕਿ ਪਿੰਡ ਵਿੱਚ ਉੱਚ ਘਰਾਣੇ ਦਾ ਜੱਟ ਸੀ ਨੇ ਬਿਹਾਰ ਤੋਂ ਰੁਜ਼ਗਾਰ ਲਈ ਆਏ ਹੋਏ ਲੋਕਾਂ ਦੇ ਰਹਿਣ ਲਈ ਕਮਰੇ ਕਿਰਾਏ ਤੇ ਦੇਣ ਲਈ ਦੋ ਮੰਜ਼ਿਲੀ ਮਕਾਨ ਬਣਾਇਆ ਹੋਇਆ ਸੀ | ਬਲਜੀਤ ਸਿੰਘ ਬਹੁਤ ਹੀ ਖੜ੍ਹਵੇਂ ਸੁਭਾਅ ਦਾ ਵਿਅਕਤੀ ਸੀ ਅਤੇ ਅਕਸਰ ਹੀ ਮੈਂ ਉਸ ਨੂੰ ਕਿਰਾਏਦਾਰਾਂ ਨੂੰ ਗਾਲ੍ਹਾਂ ਕੱਢਦੇ ਵੇਖਿਆ ਸੀ | ਬਲਜੀਤ ਸਿੰਘ ਪਿੰਡ ਦੇ ਦੂਸਰੇ ਪਾਸੇ ਰਹਿੰਦਾ ਸੀ | ਕੰਵਲਜੀਤ ਸਿੰਘ ਅਤੇ ਬਲਜੀਤ ਸਿੰਘ ਦੋਵੇਂ ਸਕੇ ਭਰਾ ਸਨ, ਪਰ ਸ਼ਰੀਕੇਬਾਜ਼ੀ ਹੋਣ ਕਾਰਨ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਸਨ | ਬਲਜੀਤ ਸਿੰਘ ਦਾ ਪਿੰਡ ਵਿੱਚ ਰਵੱਈਆ ਬਹੁਤਾ ਵਧੀਆ ਨਹੀਂ ਸੀ ਜਦਕਿ ਦੂਸਰੇ ਪਾਸੇ ਕੰਵਲਜੀਤ ਸਿੰਘ ਨੂੰ ਪਿੰਡ ਦੇ ਸਾਰੇ ਵਿਅਕਤੀ ਹੱਸ ਕੇ ਬੁਲਾਉਂਦੇ ਸਨ| ਉਸ ਸ਼ਾਮ ਦੀ ਘਟਨਾ ਵਿੱਚ ਕੁਝ ਅਜਿਹਾ ਹੋਇਆ ਜਿਸਨੇ ਮੇਰਾ ਦਿਲ ਝੰਜੋੜ ਕੇ ਰੱਖ ਦਿੱਤਾ | ਬਿਹਾਰ ਤੋਂ ਆਏ ਹੋਏ ਇੱਕ ਪਰਿਵਾਰ ਦੀ ਛੇ ਸਾਲ ਦੀ ਛੋਟੀ ਜਿਹੀ ਬੱਚੀ ਅਕਸਰ ਸਾਡੀ ਦੁਕਾਨ ਉੱਤੇ ਆਇਆ ਕਰਦੀ ਸੀ| ਉਸ ਦਾ ਸਰੀਰ ਜ਼ਰੂਰਤ ਤੋਂ ਜ਼ਿਆਦਾ ਪਤਲਾ ਮਹਿਜ਼ ਜਿਵੇਂ ਹੱਡੀਆਂ ਦਾ ਢਾਂਚਾ ਹੋਵੇ ਅਤੇ ਚਿਹਰਾ ਮਾਸੂਮ ਸੀ| ਉਹ ਚਾਹ ਦੇ ਨਾਲ ਖਾਣ ਲਈ ਡਬਲ ਰੋਟੀ ਲੈਣ ਲਈ ਸਾਡੀ ਦੁਕਾਨ ਉੱਤੇ ਆਉਂਦੀ ਮੈਂ ਅਕਸਰ ਉਸ ਨੂੰ ਦੇਖ ਕੇ ਕੋਈ ਨਾ ਕੋਈ ਮਖੌਲ ਕਰ ਦਿੰਦਾ | ਉਸ ਸ਼ਾਮ ਵੀ ਉਹ ਆਪਣੇ ਖਾਣ ਲਈ ਡਬਲ ਰੋਟੀ ਲੈ ਕੇ ਗਈ| ਏਨੇ ਨੂੰ ਮੇਰੇ ਮਾਤਾ ਜੀ ਵੀ ਚਾਹ ਲੈ ਕੇ ਬਾਹਰ ਮੇਰੇ ਕੋਲ ਆ ਗਏ | ਮੈਂ ਆਪਣੀ ਮਾਤਾ ਜੀ ਨਾਲ ਉਨ੍ਹਾਂ ਲੋਕਾਂ ਬਾਰੇ ਗੱਲ ਕਰਨ ਲੱਗ ਗਿਆ ਜੋ ਰੋਟੀ ਦੀ ਭਾਲ ਵਿੱਚ ਪੰਜਾਬ ਆਉਂਦੇ ਸਨ | ਮੈਂ ਆਪਣੀ ਚਾਹ ਦੀ ਪਿਆਲੀ ਖਤਮ ਕਰਕੇ ਜਿਵੇਂ ਹੀ ਅੰਦਰ ਆਇਆ ਤਾਂ ਪੰਜ ਮਿੰਟ ਬਾਅਦ ਇੱਕ ਖ਼ਬਰ ਸੁਣੀ ਜਿਸ ਨਾਲ ਮੇਰਾ ਦਿਲ ਬਹੁਤ ਹੀ ਰੋ ਉੱਠਿਆ | ਘਰ ਦੇ ਨੇੜੇ ਕਿਰਾਏਦਾਰਾਂ ਲਈ ਬਣਾਈ ਦੂਸਰੀ ਮੰਜ਼ਿਲ ਦੇ ਉੱਪਰ ਚਾਰਦੀਵਾਰੀ ਨਾ ਹੋਣ ਕਾਰਨ ਉਹ ਛੇ ਸਾਲ ਦੀ ਬੱਚੀ ਹੇਠਾਂ ਡਿੱਗ ਪਈ | ਇਹ ਸੁਣ ਕੇ ਮੈਂ ਵੀ ਬਾਹਰ ਵੱਲ ਨੂੰ ਭੱਜਿਆ ਸਾਰੀ ਗਲੀ ਇਕੱਠੀ ਹੋ ਗਈ | ਹੈਰਾਨੀ ਵਾਲੀ ਗੱਲ ਸੀ ਏਨੀ ਉੱਪਰੋਂ ਗਿਰਨ ਤੋਂ ਬਾਅਦ ਵੀ ਉਸ ਬੱਚੀ ਦੇ ਕੋਈ ਖੂਨ ਨਾ ਨਿਕਲਿਆ | ਉਸ ਸਮੇਂ ਬਲਜੀਤ ਸਿੰਘ ਵੀ ਉੱਥੇ ਹੀ ਮੌਜੂਦ ਸੀ ਪਰ ਬਲਜੀਤ ਸਿੰਘ ਨੇ ਉਨ੍ਹਾਂ ਦੀ ਕੋਈ ਵੀ ਨਿੱਜੀ ਮਦਦ ਕਰਨ ਦੀ ਥਾਂ ਤੇ ਉਨ੍ਹਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ |ਅਤੇ ਉਸ ਨੇ ਬੱਚੀ ਦੀ ਪ੍ਰਵਾਹ ਕੀਤੇ ਬਿਨਾਂ ਉਨ੍ਹਾਂ ਨੂੰ ਕਿਹਾ ਕਿ ਉਹ ਆਪਣਾ ਬੋਰੀ ਬਿਸਤਰਾ ਚੱਕ ਕੇ ਇੱਥੋਂ ਦਫ਼ਾ ਹੋ ਜਾਣ | ਬਦਕਿਸਮਤੀ ਨਾਲ ਬੱਚੀ ਦੇ ਬਾਪ ਕੋਲ ਬੱਚੀ ਦੇ ਇਲਾਜ ਲਈ ਇੰਨੇ ਪੈਸੇ ਨਹੀਂ ਸਨ ਕਿ ਉਹ ਆਪਣੀ ਬੱਚੀ ਦਾ ਇਲਾਜ ਕਿਸੇ ਵਧੀਆ ਹਸਪਤਾਲ ਵਿੱਚ ਕਰਵਾ ਸਕੇ | ਬੱਚੀ ਦੀ ਤੜਫ਼ ਤੋਂ ਪਤਾ ਲੱਗ ਰਿਹਾ ਸੀ ਕਿ ਬੱਚੀ ਨੂੰ ਕੁਝ ਅੰਦਰੂਨੀ ਸੱਟਾਂ ਲੱਗੀਆਂ ਹੋਈਆਂ ਸਨ | ਅਸੀਂ ਪਿੰਡ ਵਾਲਿਆਂ ਨੇ ਮਿਲ ਕੇ ਕੁਝ ਪੈਸੇ ਇਕੱਠੇ ਕਰਕੇ ਉਸ ਵਿਅਕਤੀ ਨੂੰ ਦਿੱਤੇ | ਉਸ ਨੇ ਆਪਣੀ ਬੱਚੀ ਦਾ ਇਲਾਜ ਕਿਸੇ ਛੋਟੇ ਡਾਕਟਰ ਤੋਂ ਕਰਵਾਇਆ ਅਤੇ ਪਿੰਡ ਵਾਪਸ ਚਲਾ ਗਿਆ | ਕਈ ਦਿਨ ਤੱਕ ਮੈਂ ਉਸ ਬੱਚੀ ਬਾਰੇ ਸੋਚਦਾ ਰਿਹਾ ਅਤੇ ਮੇਰਾ ਮਨ ਬੇਚੈਨ ਹੁੰਦਾ ਰਿਹਾ ਕਿ ‘ ਕੀ ਉਹ ਠੀਕ ਹੋਵੇਗੀ ?’
ਇਸ ਘਟਨਾ ਨੇ ਮੇਰੇ ਦਿਲ ਨੂੰ ਬਹੁਤ ਪਸੀਜ ਕੇ ਰੱਖ ਦਿੱਤਾ ਅਤੇ ਮੈਂ ਸੋਚਿਆ ਕਿ ਪੈਸਿਆਂ ਦੇ ਇਸ ਲਾਲਚੀ ਵਿਅਕਤੀ ਕੋਲ ਇੰਨੇ ਪੈਸੇ ਹੋਣ ਦੇ ਬਾਵਜੂਦ ਵੀ ਉਸ ਨੇ ਉਨ੍ਹਾਂ ਦੀ ਮਦਦ ਕਰਨ ਦੀ ਥਾਂ ਤੇ ਉਨ੍ਹਾਂ ਨੂੰ ਗਾਲਾਂ ਕੱਢੀਆਂ | ਉਸ ਦੀ ਲਾਪ੍ਰਵਾਹੀ ਕਾਰਨ ਇਹ ਸਾਰੀ ਘਟਨਾ ਵਾਪਰੀ | ਪਰ ਬਲਜੀਤ ਸਿੰਘ ਨੂੰ ਇਸ ਗੱਲ ਦਾ ਬਿਲਕੁਲ ਵੀ ਅਫ਼ਸੋਸ ਨਹੀਂ ਸੀ , ਜੇਕਰ ਉਹ ਉਸ ਪਰਿਵਾਰ ਦੀ ਮਦਦ ਕਰ ਵੀ ਦਿੰਦਾ ਤਾਂ ਉਸ ਦਾ ਕੀ ਚਲਿਆ ਜਾਂਦਾ | ਪਰ ਮੈਨੂੰ ਇਉਂ ਜਾਪਿਆ ਜਿਵੇਂ ਬਲਜੀਤ ਸਿੰਘ ਦੀ ਜ਼ਮੀਰ ਹੀ ਮਰ ਗਈ ਹੋਵੇ |
ਲਿਖਤ- ਰਮਨ ਬਾਜਵਾ

...
...

ਕੁਝ ਦਿਨਾਂ ਤੋਂ ਸੁੱਤੇ ਪਏ ਦਾ ਮੂੰਹ ਸੁੱਕ ਜਾਇਆ ਕਰਦਾ..
ਰਾਤੀ ਬਾਰ ਬਾਰ ਵਾਸ਼ਰੂਮ ਜਾਣਾ ਪੈਂਦਾ..ਦਿਨ ਵੇਲੇ ਸਰੀਰ ਥੱਕਿਆ-ਥੱਕਿਆ ਜਿਹਾ ਰਹਿੰਦਾ..ਡਾਕਟਰ ਕੋਲੋਂ ਚੈਕ ਕਰਵਾਇਆ ਤਾਂ ਸ਼ੂਗਰ ਨਿੱਕਲੀ!
ਜਿੰਦਗੀ ਬੁਝ ਜਿਹੀ ਗਈ..ਪੈਂਤੀ ਸਾਲ ਦੀ ਉਮਰ ਵਿਚ ਸ਼ੂਗਰ..ਪਤਾ ਨਹੀਂ ਕੀ ਹੋਵੇਗਾ ਹੁਣ..ਸਾਰਾ ਦਿਨ ਬੱਸ ਫਿਕਰ ਲੱਗਿਆ ਰਹਿੰਦਾ..

ਨਾਲਦੇ ਲੋੜੋਂ ਵੱਧ ਡਰਾਉਂਦੇ..ਆਖਿਆ ਕਰਦੇ ਬੰਦਾ ਹਰ ਪੱਖੋਂ ਕਮਜ਼ੋਰ ਹੋ ਜਾਂਦਾ..ਗੱਲ ਤਲਾਕ ਤੱਕ ਜਾ ਅੱਪੜਦੀ ਏ..
ਕਿਡਨੀਆਂ ਵੀ ਫੇਲ ਹੋ ਸਕਦੀਆਂ..ਨਜਰ ਘਟ ਜਾਂਦੀ..ਲਿਵਰ ਜੁਆਬ ਦੇ ਜਾਂਦੇ..ਵਗੈਰਾ ਵਗੈਰਾ
ਇੱਕ ਦੂਰ ਦੀ ਮਾਸੀ ਆਖਣ ਲੱਗੀ..”ਵੇ ਕੀ ਦੱਸਾਂ ਪੁੱਤ..ਤੇਰਾ ਮਾਸੜ ਤਾਂ ਦਿਨਾਂ ਵਿਚ ਹੀ ਅਹੁ ਗਿਆ ਸੀ ਇਸੇ ਸ਼ੂਗਰ ਕਰਕੇ”
ਨਾਲਦੀ ਸੈਰ ਕਰਨ ਘੱਲਦੀ ਤਾਂ ਬਾਹਰ ਪਾਰਕ ਵਿਚ ਆ ਕੇ ਬੈਠ ਜਾਇਆ ਕੜਦਾ..
ਨਾਲ ਹੀ ਸੋਚਾਂ ਦੀ ਘੁੰਮਣ-ਘੇਰੀ ਵਿਚ ਪਏ ਨੂੰ ਟੈਨਸ਼ਨ ਵਾਲਾ ਵਾਵਰੋਲਾ ਆ ਘੇਰਦਾ..ਨਾ ਕਿਸੇ ਨਾਲ ਗੱਲ ਕਰਨ ਨੂੰ ਜੀ ਕਰਦਾ ਤੇ ਨਾ ਹੀ ਕਿਸੇ ਨਾਲ ਨਜਰਾਂ ਹੀ ਮਿਲਾਉਂਦਾ!

ਇੱਕ ਦਿਨ ਇੰਝ ਹੀ ਸਿਰ ਸੁੱਟ ਬੈਠੇ ਹੋਏ ਨੂੰ ਦੇਖ ਕੋਲੋਂ ਦੌੜ ਲਾਉਂਦੇ ਮੁੜਕੋ-ਮੁੜਕੀ ਹੋਏ ਇੱਕ ਬਜ਼ੁਰਗ ਅੰਕਲ ਖਲੋ ਗਏ..

ਆਖਣ ਲੱਗੇ “ਜਵਾਨਾਂ ਥੋੜਾ ਦੌੜਿਆ ਭਜਿਆ ਕਰ..ਮੁੜਕਾ ਕੱਢਿਆ ਕਰ..ਇਥੇ ਆ ਕੇ ਵੀ ਇੰਝ ਬੈਠਣ ਦਾ ਕੀ ਫਾਇਆ..ਏਹੀ ਤੇ ਉਮਰ ਏ ਮੇਹਨਤ ਕਰਨ ਦੀ..”

ਅੱਖਾਂ ਗਿੱਲੀਆਂ ਹੋ ਗਈਆਂ ਤੇ ਸਾਫ ਸਾਫ ਦੱਸ ਦਿੱਤਾ ਕੇ ਅੰਕਲ ਜੀ “ਰੋਗ” ਲੱਗ ਗਿਆ..

ਮੇਰੇ ਹੰਝੂ ਦੇਖ ਜੱਫੀ ਪਾ ਲਈ ਤੇ ਆਖਣ ਲੱਗੇ “ਕਾਹਦਾ ਰੋਗ ਲੱਗ ਗਿਆ ਪੁੱਤਰ”?
“ਜੀ ਸ਼ੂਗਰ ਹੋ ਗਈ..”
“ਕਦੋਂ ਤੋਂ”?
“ਪਿਛਲੇ ਹਫਤੇ ਹੀ ਰਿਪੋਰਟ ਆਈ ਏ..ਸਭ ਡਰਾਉਂਦੇ ਨੇ ਕਿ ਜੇ ਇਹ ਇੱਕ ਵਾਰੀ ਹੋ ਜਾਵੇ ਤਾਂ ਬੰਦਾ ਛੇਤੀ ਹੀ ਮੁੱਕ ਜਾਂਦਾ”
ਏਦੂੰ ਅੱਗੇ ਮੈਥੋਂ ਗੱਲ ਨਾ ਹੋਈ!

ਆਖਣ ਲੱਗੇ “ਬੱਸ ਏਨੀ ਗੱਲ..ਕਮਲਿਆ ਮੇਰੇ ਵੱਲ ਦੇਖ..ਪਿਛਲੇ ਤੀਹਾਂ ਸਾਲਾਂ ਤੋਂ ਇਸੇ ਰੋਗ ਤੋਂ ਪੀੜਤ ਹਾਂ..ਪਰ ਮੈਂ ਇਸ ਪਤੰਦਰ ਨੂੰ ਕਦੀ ਰੋਗ ਮੰਨਿਆ ਹੀ ਨਹੀਂ..ਮੇਰੇ ਲਈ ਤਾਂ ਇਹ ਇੱਕ ਚੈਲੰਜ ਏ..ਚੁਣੌਤੀ ਏ..ਲਲਕਾਰ ਏ..ਵੰਗਾਰ ਏ..ਇਹ ਹਰ ਰੋਜ ਮੇਰੇ ਨਾਲ ਅੱਖਾਂ ਮਿਲਾ ਮੈਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਏ ਪਰ ਮੈਂ ਇਸਦਾ ਜੁਆਬ ਅਗਿਓਂ ਉਚੀ ਸਾਰੀ ਬੜਕ ਮਾਰ ਕੇ ਦਿੰਦਾ ਹਾਂ..
ਬਾਹਟ ਸਾਲ ਦੀ ਉਮਰ ਏ ਤੇ ਅਜੇ ਵੀ ਦਾਅਵੇ ਨਾਲ ਆਖ ਸਕਦਾ ਹਾਂ ਕੇ ਹੋਰ ਪੱਚੀ-ਤੀਹ ਸਾਲ ਕਿਤੇ ਨਹੀਂ ਜਾਂਦਾ..
ਪੁੱਤ ਇੱਕ ਗੱਲ ਚੇਤੇ ਰਖੀਂ “ਰੋਗ ਤੇ ਵੈਰੀ ਜਿੰਨਾ ਡਰੀਏ ਓਨਾ ਹੀ ਵੱਧ ਡਰਾਉਂਦੇ ਨੇ”..ਜਿੱਦਣ ਆਉਣੀ ਏ..ਕੋਈ ਟਾਲ ਨੀ ਸਕਦਾ ਪਰ ਉਸਤੋਂ ਪਹਿਲਾਂ ਹੀ ਰੋਜ ਰੋਜ ਤਿਲ-ਤਿਲ ਕਰਕੇ ਮਰਨਾ ਬੁਜ਼ਦਿਲੀ ਏ..
ਚੱਲ ਉੱਠ ਹੁਣ ਸ਼ੇਰ ਬਣ..ਮਾਰ ਉਚੀ ਸਾਰੀ ਲਲਕਾਰਾ..ਤੇ ਲਾ ਦੇ ਇਸ ਖੱਬੀ ਖ਼ਾਨ ਨੂੰ ਇੱਕ ਖੂੰਜੇ..ਆ ਫੜ ਮੇਰਾ ਸੈੱਲ ਨੰਬਰ..ਕੋਈ ਵੀ ਗੱਲ ਹੋਵੇ ਤਾਂ ਓਸੇ ਵੇਲੇ ਕਾਲ ਕਰ..”

ਏਨੀ ਗੱਲ ਆਖ ਓਹਨਾ ਮੈਨੂੰ “ਥਾਪੀ” ਦਿੱਤੀ..ਗਲਵੱਕੜੀ ਵਿਚ ਲਿਆ ਤੇ ਮੁੜ ਟਰੈਕ ਤੇ ਦੌੜਨਾ ਸ਼ੁਰੂ ਕਰ ਦਿੱਤਾ..

ਓਥੇ ਬੈਠੇ ਹੋਏ ਨੂੰ ਇੰਝ ਲੱਗਾ ਜਿਦਾਂ ਮੇਰੀ ਰਗ ਰਗ ਵਿਚ ਲਹੂ ਨਹੀਂ ਸਗੋਂ ਜਿੰਦਗੀ ਦੌੜਨ ਲੱਗ ਪਈ ਹੋਵੇ..ਅਗਲੇ ਹੀ ਪਲ ਮੈਂ ਪੈਰੀ ਪਾਏ ਦੌੜਨ ਵਾਲੇ ਬੂਟਾਂ ਦੇ ਢਿੱਲੇ ਹੋ ਗਏ ਤਸਮੇਂ ਕੱਸਦਾ ਹੋਇਆ ਦੂਰ ਦੌੜੇ ਜਾਂਦੇ ਇੱਕ ਉਸ “ਰੱਬ” ਨੂੰ ਵੇਖੀ ਜਾ ਰਿਹਾ ਸਾਂ ਜਿਹੜਾ ਹੁਣੇ ਹੁਣੇ ਹੀ ਮੈਨੂੰ ਮੁੱਕ ਗਏ ਨੂੰ ਜਿਉਂਦਾ ਕਰ ਕੇ ਆਪਣੇ ਰਾਹ ਪੈ ਗਿਆ ਸੀ!

(ਇਸ ਅਜੋਕੇ ਮਾਹੌਲ ਵਿਚ ਵਿੱਚਰਦੀ ਹੋਈ ਹਰ ਹਾਂ ਪੱਖੀ ਸੋਚ ਨੂੰ ਸਮਰਪਿਤ)

ਹਰਪ੍ਰੀਤ ਸਿੰਘ ਜਵੰਦਾ

...
...

ਰਾਜ ੨੧ ਕੁ ਸਾਲਾ ਦੀ ਸੀ ਤੇ ਉਹਦੀ ਬੀ. ਏ. ਦੀ ਪੜਾਈ ਤਕਰੀਬਨ ਪੂਰੀ ਹੋਣ ਵਾਲੀ ਸੀ, ਘਰਦੇ ਇਹ ਵੇਖ ਕੇ ਉਹਦੇ ਵਿਆਹ ਦੀਆ ਸਲਾਹਾ ਕਰਦੇ ਰਹਿੰਦੇ ਸੀ ਜਿਵੇੰ ਸਭ ਘਰਾਂ ਚ ਧੀ-ਪੁੱਤ ਦੇ ਜਵਾਨ ਹੋਣ ਤੇ ਹੁੰਦਾ ਏ। ਉਹ ਬੜੇ ਚਾਅ ਨਾਲ ਘਰ ਵਿੱਚ ਖੇਡਦੀ-ਮੱਲਦੀ ਤੇ ਬਹੁਤ ਹੀ ਚੰਚਲ ਸੁਭਾਅ ਦੀ ਮਾਲਕ ਸੀ, ਪਰ ੳਹਦੇ ਮਾਤਾ ਜੀ ਕਹਿੰਦੇ ਕਿ ਕੱਲ ਨੂੰ ਸਹੁਰੇ ਘਰ ਜਾਣਾ ਆ ਸਾਡੀ ਬੇਇਜਤੀ ਕਰਾਏੰਗੀ ਕੋਈ ਅਕਲ ਸਿੱਖਲਾ ਹੁਣ! ਇਹ ਸਭ ਗੱਲਾ ਸੁੱਣਕੇ ਵੀ ਕਦੀ ਉਹ ਗੁੱਸਾ ਨਾ ਕਰਦੀ ਤੇ ਆਪਣਾ ਕੰਮ ਉਸੇ ਤਰਾ ਜਾਰੀ ਰੱਖਦੀ। ਕਿਸੇ ਵੇਲੇ ਉਹਨੇ ਕੋਈ ਭਾਂਡਾ ਭੰਨ ਦੇਣਾ ਜਾਂ ਖਲਾਰਾ ਪਾ ਦੇਣਾ ਤੇ ਉਹਦੇ ਮਾਤਾ ਜੀ ਨੇ ਕਹਿਣਾ “ ਨੀ ਤੈਨੂੰ ਅਕਲ ਕਦੋਂ ਆਊਗੀ ਬੇਸ਼ਰਮੇ ਜਿਹੀਏ ਕੋਈ ਸਿੱਧਾ ਕੰਮ ਵੀ ਕਰਲਿਆ ਕਰ” ਪਰ ਉਹਨੇ ਕਦੀ ਗੱਲ ਦਿਲ ਤੇ ਨਾ ਲਾਉਣੀ ਤੇ ਅੱਗੋ ਹੱਸ ਕੇ ਗੱਲ ਟਾਲ ਦੇਣੀ।

ਲਾਗੋਂ ਆਂਢ-ਗੁਆਂਢ ਦੀਆ ਜਨਾਨੀਆ ਨੇ ਆ ਜਾਣਾ ਤੇ ਰਾਜ ਦੀਆ ਇਹ ਸਭ ਨਿਆਣਿਆ ਵਾਲੀਆ ਹਰਕਤਾ ਵੇਖ ਆਖਣਾ “ ਹੈਂ ਨੀ ਰਾਜ ਤੈਂਨੂੰ ਤਾਂ ਤੇਰੀ ਸੱਸ ਈ ਸਿੱਧਾ ਕਰੂ ਨੀ ਵੇਖੀ, ਅਹੀ ਵੀ ਇਹੋ ਕੁਛ ਕਰਦੀਆ ਹੀ ਹੁਣ ਵੇਖਲਾ ਸਾਹ ਨੀ ਲੈਣ ਦਿੰਦੀ ਬੁੱਢੜੀ” ਪਰ ਉਹਨੇ ਆਖਣਾ “ ਵੇਖੀਂ ਚਾਚੀ ਸੱਸ ਆਪਣੇ ਵੱਲ ਨਾ ਕਰਲੀ ਤਾਂ ਮੈਂਨੂੰ ਰਾਜ ਕਿਨੇ ਕਹਿਣਾ” ਤੇ ਫਿਰ ਹੱਸਕੇ ਗੱਲ ਟਾਲ ਦੇਣੀ।
ਕੁਛ ਸਮਾ ਬੀਤਿਆ ਚਲੋ ਤੇ ਵਾਹਿਗੁਰੂ ਦੀ ਕ੍ਰਿਪਾ ਨਾਲ ਰਾਜ ਦਾ ਵਿਆਹ ਲਾਗਲੇ ਪਿੰਡ ਸਾਧਾ ਸਿੰਘ ਲੰਬੜਦਾਰ ਦੇ ਪੋਤੇ ਨਾਲ ਹੋ ਗਿਆ। ਸਾਧਾ ਸਿੰਘ ਵੀ ਚੰਗਾ ਅਸਲ ਰਸੂਖ ਰੱਖਣ ਵਾਲਾ ਸਰਦਾਰ ਸੀ ਤੇ ਉਹਦੇ ਘਰ ਕਿਸੇ ਚੀਜ ਦਾ ਘਾਟਾ ਨੀ ਸੀ। ਵਿਆਹ ਮਗਰੋਂ ਜਦੋਂ ਕੋਈ ਕਮੀ ਰਾਜ ਕੋਲੋ ਕਿਸੇ ਕੰਮ ਚ ਰਹਿ ਜਾਣੀ ਤਾਂ ਉਹਦੀ ਸੱਸ ਧਰਮ ਕੌਰ ਨੇ ਆਖਣਾ “ ਨੀ ਰਾਜ ਜੇ ਨਹੀ ਪਤਾ ਲੱਗਦਾ ਪੁੱਤ ਪੁੱਛ ਲਿਆ ਕਰ ਕੰਮ ਕਿੱਦਾ ਕਰਨਾ ਤੂੰ ਤਾਂ ਸਾਰਾ ਕੰਮ ਖਰਾਬ ਕਰ ਦਿੱਤਾ” ਤਾਂ ਇਹ ਸਭ ਗੱਲਾ ਸੁੱਣ ਉਹਨੂੰ ਗੁੱਸਾ ਬਹੁਤ ਆਉਂਦਾ ਸੀ। ਉਹ ਚੱਤੋ ਪਹਿਰ ਧਰਮ ਕੌਰ ਬਾਰੇ ਚੰਗਾ ਮਾੜਾ ਬੋਲਦੀ ਰਹਿੰਦੀ ਸੀ। ਇਹੋ ਗੱਲਾ ਉਹਦੀ ਆਪਣੀ ਸਕੀ ਮਾਂ ਕਹਿੰਦੀ ਸੀ ਪਰ ਸੱਸ ਵਾਰੀ ਉਹਨੂੰ ਗੁੱਸਾ ਆਉਣ ਲੱਗ ਪਿਆ।

ਅਸਲ ਚ ਉਹਨੂੰ ਆਪਣੀਆ ਗੁਆਂਢਣਾ ਦੀਆ ਕਹੀਆ ਗੱਲਾ ਯਾਦ ਸੀ ਤੇ ਉਹਨੂੰ ਲੱਗਦਾ ਸੀ ਕਿ ਸੱਸਾਂ ਮਾੜੀਆ ਈ ਹੁੰਦੀਆ ਨੇ। ਉਹ ਪਿੰਡ ਦੀਆ ਗੁਆਂਢਣਾ ਕਹਿੰਦੀਆ ਸੀ “ ਨੀ ਰਾਜ ਤੂੰ ਕਹਿਨੀ ਸੱਸ ਨੂੰ ਮਨਾ ਲਏਗੀ ਨੀ! ਪਤਾ ਹੈਗਾ ਈ ਸੱਪ ਨੂੰ ਤੇ ਇੱਕ ਸੱਸਾ ਹੁੰਦਾ ਸੱਸ ਨੂੰ ਦੋ ਹੁੰਦੇ ਈ” ਬੱਸ ਇਹੋ ਗੱਲਾ ਉਹਦੇ ਮਨ ਚ ਬੈਠੀਆ ਸੀ ਜਿੰਨਾ ਦਾ ਅਸਰ ਨਿਕਲ ਨੀ ਸੀ ਸਕਦਾ। ਫਿਰ ਉਹ ਇੰਝ ਆਪਣੇ ਘਰ ਵਾਲੇ ਬਖਤਾਵਰ ਸਿੰਘ ਨੂੰ ਵੀ ਉਹਦੀ ਮਾਂ ਖਿਲਾਫ ਚੰਗਾ ਮਾੜਾ ਦੱਸ ਕੇ ਭੜਕਾਉਣ ਲੱਗ ਪਈ। ਹੁਣ ਬਖਤਾਵਰ ਤੇ ਵਿਚਾਰਾ ਬਾਹਰ ਰਹਿੰਦਾ ਹੁੰਦਾ ਸੀ ਖੂਹ ਤੇ ਕੰਮ ਕਾਰ ਚ ਉਹਨੂੰ ਕੀ ਪਤਾ ਸੀ ਘਰ ਕੀ ਚੱਲਦਾ ਆ ਸੋ ਉਹ ਰਾਜ ਕੌਰ ਦੀਆ ਗੱਲਾ ਚ ਥੋੜਾ ਯਕੀਨ ਜਿਹਾ ਕਰਨ ਲੱਗ ਪਿਆ।
ਰਾਜ ਕੌਰ ਆਖਣ ਲੱਗੀ” ਵੇਖੋ ਸਰਦਾਰ ਜੀ ਮੈ ਨੀ ਜੇ ਰਹਿਣਾ ਇਹ ਤੁਹਾਡੀ ਕਪੱਤੀ ਬੇਬੇ ਨਾਲ ਮੈਂ ਤੇ ਅੱਢ ਹੋਣਾ, ਮੇਥੋ ਨੀ ਪੱਕਦੇ ਪਰੌਂਠੇ ਇਹਦੇ” ਸੋ ਕੋਈ ਰਾਹ ਕੱਢੋ। ਇਹ ਗੱਲ ਜਦੋਂ ਰਾਜ ਕੌਰ ਦੇ ਭਰਾ ਮੱਖਣ ਸਿੰਘ ਨੂੰ ਪਤਾ ਲੱਗੀ ਤਾਂ ਉਹਨੇ ਵੀ ਭੈਣ ਨੂੰ ਸਮਝਾਇਆ ਪਰ ਉਹਦੇ ਕੰਨ ਤੇ ਜੂੰ ਨਾਂ ਸਰਕੀ। ਪਰ ਮੱਖਣ ਆਖਣ ਲੱਗਾ ਭੈਣ ਵੇਖ ਤੂੰ ਪੇਕੇ ਘਰ ਮਾਂ ਦੀ ਗਾਲਾਂ ਵੀ ਖਾਂਦੀ ਰਹੀ ਏ ਪਰ ਤੁੰ ਕਦੀ ਗੁੱਸਾ ਨੀ ਕੀਤਾ ਪਰ ਹੁਣ ਤੈਨੂੰ ਆਮ ਗੱਲਾ ਚੁੱਭਣ ਲੱਗ ਪਈਆ ਨੇ। ਇਹ ਭੈਣੇ ਤੇਰਾ ਕਸੂਰ ਨੀ ਸਮਾਜ ਦਾ ਕਸੂਰ ਆ ਜਿੰਨਾ ਨੇ ਤੈਨੂੰ ਦੱਸਿਆ ਕਿ ਸੱਸਾ ਗਲਤ ਹੁੰਦੀਆ ਨੇ। ਤੂੰ ਸੱਸ ਨੂੰ ਮਾਂ ਸਮਝ ਕਿ ਤਾਂ ਵੇਖ ਇੱਕ ਵਾਰ ਸਾਰਾ ਕੁਛ ਚੰਗਾ ਲੱਗਣ ਲੱਗ ਜਾਣਾ ਵੇਖੀ। ਤੂੰ ਲੋਕਾਂ ਦੀਆ ਗੱਲਾ ਚ ਆ ਕਿ ਪਰਿਵਾਰ ਨਾ ਤੋੜ ਜੇ ਕੱਲ ਨੂੰ ਤੇਰੀ ਭਰਜਾਈ ਤੇਰੀ ਮਾਂ ਨਾਲ ਇੰਝ ਕਰੂ ਕੀ ਤੂੰ ਜਰ ਲਏਗੀ ਦੱਸ?
ਇਹ ਗੱਲਾ ਸੁੱਣਕੇ ਤਾਂ ਰਾਜ ਕੌਨ ਸੁੰਨ ਜਿਹੀ ਹੋ ਗਈ ਤੇ ਆਖਣ ਲੱਗੀ “ ਵੀਰਾ ਤੂੰ ਠੀਕ ਪਿਆ ਆਖਦਾ ਏਂ ਇਹ ਤੇ ਭੈੜੇ ਲੋਕਾ ਮੇਰੀ ਮੱਤ ਮਾਰਤੀ, ਮੈਂ ਐਵੇਂ ਬਦਨਾਮੀ ਖੱਟਣ ਲੱਗੀ ਹੀਂ” ਇਹ ਕਹਿ ਰਾਜ ਕੌਰ ਨੇ ਅੱਖਾ ਭਰ ਲਈਆ। ਸਹੁਰੇ ਘਰ ਆਈ ਤੇ ਘਰਵਾਲੇ ਕੋਲੋ ਮਾਫੀ ਮੰਗੀ ਤੇ ਸੱਸ ਨਾਲ ਵੀ ਪਿਆਰ ਭਰੀਆ ਗੱਲਾਂ ਕਰ ਆਪਣੀ ਭੁੱਲ ਬਖਸ਼ਾਈ। ਇਸਤੋਂ ਬਾਦ ਫਿਰ ਧਰਮ ਕੌਰ ਉਹਨੂੰ ਆਪਣੀ ਮਾਂ ਹੀ ਜਾਪਣ ਲੱਗ ਪਈ ਤੇ ਇੱਕ ਟੱਬਰ ਟੁੱਟਣ ਤੋਂ ਬੱਚ ਗਿਆ।
ਸਿੱਖਿਆ- ਅਸੀ ਕਈ ਵਾਰ ਲੋਕਾ ਦੀਆ ਗੱਲਾਂ ਚ ਆ ਆਪਦਾ ਨੁਕਸਾਨ ਕਰ ਬੈਠਦੇ ਆਂ ਸੋ ਹਮੇਸ਼ਾ ਤੁਹਾਡੇ ਹਲਾਤ ਕਿਸੇ ਦੂਜੇ ਵਰਗੇ ਨੀ ਹੁੰਦੇ ਸੋ ਭੇਡਚਾਲ ਤੋਂ ਬਚਣਾ ਚਾਹੀਦਾ ਏ।

Submitted By:- ਹਰਵੀਨ ਕੌਰ ਸੰਧੂ

...
...

ਓਹ ਇੱਕ ਯੂ-ਟਿਊਬਰ ਹੈ ਪਰ ਪੈਸੇ ਕੰਨੀਓਂ ਬਹੁਤ ਹੀ ਗਰੀਬ ਘਰ ਨਾਲ ਸੰਬੰਧ ਰੱਖਦਾ ਹੈ। ਜਨਮ ਤੋਂ ਹੀ ਓਹ ਗਰੀਬ ਨਹੀ ਸੀ ਕਿਉਂਕਿ ਰੱਬ ਨੇ ਤਾਂ ਓਹਨੂੰ ਜਨਰਲ ਕੈਟੇਗਿਰੀ ਵਿੱਚ ਹੀ ਧਰਤੀ ਤੇ ਭੇਜਿਆ ਸੀ। ਪਰ ਜਨਮ ਹੁੰਦਿਆਂ ਹੀ ਓਹਦੇ ਅਪਣਿਆਂ ਨੇ ਪਤਾ ਨੀ ਕੇਹੜੇ ਜਨਮਾਂ ਦੀ ਰੰਜਿਸ਼ ਕੱਢੀ ਸਾਰੀ ਜਾਇਦਾਦ ਵੇਚਵੱਟ ਕੇ ਓਹਨੂੰ ਠੋਕਰਾਂ ਖਾਣ ਲਈ ਛੱਡ ਦਿੱਤਾ।
ਜਿਵੇਂ-ਕਿਵੇਂ ਕਰਕੇ ਮਾਂ ਨੇ ਓਹਨੂੰ ਪੇਕੇ ਰਹਿ ਕੇ ਪੜਾਇਆ ਤੇ ਦਸਵੀਂ ਕਰਾਈ ਤੇ ਓਹ ਛੋਟਾ-ਮੋਟਾ ਕੰਮ ਕਰਦਾ ਰਿਹਾ ਜਿਸ ਕਾਰਨ ਸਮੇਂ ਅਨੁਸਾਰ ਉਸਦਾ ਵਿਆਹ ਵੀ ਹੋ ਗਿਆ।
ਰੱਬ ਦੀ ਦਿੱਤੀ ਕਹਾਣੀਆਂ ਲਿਖਣ ਦੀ ਦਾਤਿ ਤਾਂ ਉਸ ਕੋਲ ਸੀ ਹੀ ਪਰ 2020 ਦੇ ਆਸ-ਪਾਸ ਦਾ ਸਮਾਂ ਐਹੋ ਜਿਹਾ ਭੈੜਾ ਆਇਆ ਜਿਸ ਵਿੱਚ ਬਿਨਾਂ ਪੈਸੇ ਦੇ ਕੋਈ ਕੰਮ ਨਹੀ ਸੀ ਹੋ ਸਕਦਾ ਤੇ ਓਹਦਾ ਬਣਾਇਆ ਯੂ-ਟਿਊਬ ਚੈਨਲ ਵੀ ਬਿਨਾ ਪੈਸੇ ਦੇ ਸਕਸੈੱਸ ਨਹੀ ਸੀ ਹੋ ਰਿਹਾ ਤੇ ਪੈਸੇ ਬਿਨਾਂ ਨਾ ਹੀ ਉਸਦੇ ਸੰਗੀ ਸਾਥੀ, ਨਾ ਹੀ ਕੋਈ ਐਕਟਰ ਉਸਨੂੰ ਕਹਾਣੀਆਂ ਲਈ ਐਕਟ ਦੇਣ ਵਾਸਤੇ ਰਾਜੀ ਹੋ ਰਿਹਾ ਸੀ। ਕਦੇ-ਕਦੇ ਓਹ ਸੋਚਦਾ ਯਾਰ ਅੱਜਕੱਲ ਤਾਂ ਸਾਰੇ ਯੂ-ਟਿਊਬਰ ਹੀ ਫੈਮਿੱਲੀ ਡਰਾਮਾਂ ਕਰੇਟ ਕਰਦੇ ਨੇ ਸੋ ਅਗਰ ਮੇਰੀ ਫੈਮਿੱਲੀ ਹੀ ਮੇਰਾ ਸਾਥ ਦੇਵੇ ਤਾਂ ਮੇਰੀ ਚੈਨਲ ਰੂਪੀ ਪ੍ਰਾਪਰਟੀ ਤਾਂ ਓਹਨਾਂ ਦੇ ਹੀ ਕੰਮ ਆਏਗੀ, ਮੈਂ ਕੇਹੜਾ ਨਾਲ ਲੈ ਜਾਣੀ ਆਂ। ਪਰ ਉਸਦਾ ਦਿਲ ਓਦੋਂ ਟੁੱਟਿਆ ਜਦੋਂ ਉਸਦੀ ਫੈਮਿੱਲੀ ਯਾਣੀ ਕੇ ਪੁੱਤਰ ਤੇ ਪਤਨੀ ਨੇ ਵੀ ਸਾਥ ਦੇਣੋਂ ਮਨਾਂ ਕਰ ਦਿੱਤਾ।
ਓਹ ਸੋਚਦਾ “ਰੱਬਾ ਜੱਮਣ ਵਾਲਿਆਂ ਨੇ ਭਾਵੇਂ ਮੈਨੂੰ ਕਿਤੋਂ ਦਾ ਨੀ ਸੀ ਛੱਡਿਆ ਪਰ ਤੇਰੀ ਦਿੱਤੀ ਦਾਤਿ “ਕਲਾ” ਨਾਲ ਤਾਂ ਸਕਸੈੱਸ ਹੋ ਜਾਵਾਂ ਤੇ ਓਹ ਵਧੀਆ-ਵਧੀਆ ਕਹਾਣੀਆਂ ਨੂੰ ਵਧੀਆ-ਵਧੀਆ ਤਰੀਕੇ ਨਾਲ ਐਡੀਟਿੰਗ ਕਰਕੇ ਯੂ-ਟਿਊਬ ਤੇ ਪਬਲਿੱਸ਼ ਕਰਦਾ ਰਿਹਾ। ਪਰ ਪਤਾ ਨਹੀ ਕਿੰਓਂ ਕੋਈ ਵੀ ਉਸ ਗਰੀਬ ਲੇਖਕ ਦੇ ਵੀਡਿਓਜ਼ ਚ’ ਇੰਟਰੱਸਟ ਹੀ ਨਹੀ ਸੀ ਲੈ ਰਿਹਾ ਅਤੇ ਨਿਰਾਸ਼ ਹੋ ਕੇ ਓਹ ਰੱਬ ਕੋਲੋਂ ਅਪਣੀ ਜਿੰਦਗੀ ਨੂੰ ਖਤਮ ਕਰਾਉਣ ਦੀਆਂ ਅਰਦਾਸਾਂ ਕਰਨ ਲੱਗ ਪਿਆ।

ਸਮਾਪਤ

ਸੁੱਖਵਿੰਦਰ ਸਿੰਘ ਵਾਲੀਆ
ਹੈਪੀ ਪੰਜਾਬ ਐਟ ਯੂ-ਟਿਊਬ
ਮੰਡੀ ਗੋਬਿੰਦਗੜ੍ਹ
+91-8699488504

...
...

ਸ਼ਹਿਰ ਵਿੱਚ ਇਕ ਅਮੀਰ ਆਦਮੀ ਸੀ ਗੁਰਸੇਵਕ ਉਸਦੇ ਦੋ ਬੱਚੇ ਸਨ ਹੈਰੀ ਤੇ ਸੀਰਤ। ਗੁਰਸੇਵਕ ਦੋਨੋ ਬੱਚੇਆ ਦੀ ਪਰਵਰਿਸ਼ ਬਹੁਤ ਵਧੀਆ ਢੰਗ ਨਾਲ ਕਰ ਰਿਹਾ ਸੀ ਦੋਨੋ ਬੱਚੇ ਪੜਾਈ ਵਿੱਚ ਵੀ ਬਹੁਤ ਵਧੀਆਂ ਸਨ। ਇਕ ਰੋਜ ਐਤਵਾਰ ਗੁਰਸੇਵਕ ਦੋਨੋ ਬੱਚੇਆ ਨੂੰ ਨਾਲ ਲੈ ਕੇ ਝੁੱਗੀਆਂ ਨੇੜੇ ਮੈਦਾਨ ਵਿੱਚ ਖੇਡ ਰਿਹਾ ਸੀ ਅਚਾਨਕ ਸੀਰਤ ਤੋ ਹੈਰੀ ਦੀ ਗਲਤੀ ਨਾਲ ਕਮੀਜ਼ ਖਿੱਚੀ ਗਈ ਤੇ ਹੈਰੀ ਡਿਗ ਪਿਆਂ ਹੈਰੀ ਨੇ ਗ਼ੁੱਸੇ ਵਿੱਚ ਆ ਕੇ ਸੀਰਤ ਦੇ ਦੋ ਚਾਰ ਥੱਪੜ ਰਸੀਦ ਦਿੱਤੇ ਤੇ ਸੀਰਤ ਰੌਣ ਲੱਗ ਪਈ। ਗੁਰਸੇਵਕ ਨੂੰ ਵੀ ਗ਼ੁੱਸਾ ਚੜ ਗਿਆ ਉਸਨੇ ਹੈਰੀ ਦੀ ਪਿਟਾਈ ਕਰ ਦਿੱਤੀ ਨੇੜੇ ਹੀ ਇਕ ਬਜ਼ੁਰਗ ਆਦਮੀ ਸਾਰਾ ਕੁਝ ਦੇਖ ਰਿਹਾ ਸੀ ਉਸ ਨੇ ਗੁਰਸੇਵਕ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਬੇਟੇ ਆਹ ਸਹੀ ਗੱਲ ਨਹੀਂ ਬੱਚੇਆ ਨਾਲ ਮਾਰ ਕੁਟਾਈ ਠੀਕ ਨਹੀਂ ।ਗੁਰਸੇਵਕ ਨੇ ਕਿਹਾ ਕੁਟਾਪਾ ਨਾ ਚਾੜਾਂ ਤਾ ਕੀ ਕਰਾ ਕੁੜੀ ਛੋਟੀ ਹੈ ਇਹਨੂੰ ਸਮਝਣਾ ਚਾਹੀਦਾ ਕੀ ਉਹਨੂੰ ਨਾ ਮਾਰਾ ਮੈ। ਓਹ ਬਜ਼ੁਰਗ ਆਦਮੀ ਹੱਸੇਆ ਤੇ ਕਹਿਣ ਲੱਗਾ ਵੱਡੇ ਤਾ ਤੁਸੀਂ ਵੀ ਹੋ ਤੁਸੀਂ ਕਿਹੜਾ ਸਮਝਦਾਰੀ ਵਰਤੀ ਦੇਖੋ ਬੱਚੇਆ ਨੂੰ ਚੰਗੀ ਪੜਾਈ ਦੇ ਨਾਲ-ਨਾਲ ਚੰਗੇ ਸੰਸਕਾਰ ਦੇਣੇ ਵੀ ਜ਼ਰੂਰੀ ਨੇ ਮੈ ਥੋੜੇ ਦਿਨ ਪਹਿਲਾ ਏਸੇ ਝੁੱਗੀਆਂ ਵਿੱਚ ਇਕ ਘਟਨਾ ਦੇਖੀ ਜਿਹਨੇ ਮੇਰਾ ਸੋਚਣ ਦਾ ਨਜ਼ਰੀਆ ਹੀ ਬਦਲ ਦਿੱਤਾ ਚਾਰ ਛੋਟੇ-ਛੋਟੇ ਬੱਚੇ ਆਪਸ ਵਿੱਚ ਖੇਡ ਰਹੇ ਸੀ ਉਹਨਾ ਵਿੱਚੋਂ ਇਕ ਮੁੰਡੇ ਨੇ ਨਾਲ ਖੇਡਦੀ ਕੁੜੀ ਨੂੰ ਥੱਪੜ ਮਾਰ ਦਿੱਤਾ ਕੁੜੀ ਰੌਣ ਲੱਗ ਪਈ ਉਸ ਮੁੰਡੇ ਦੇ ਵੱਡੇ ਭਾਈ ਨੇ ਜੋ ਕੀ ਨਾਲ ਹੀ ਖੇਡ ਰਿਹਾ ਸੀ ਆਪਣੇ ਭਰਾ ਨੂੰ ਦੋ ਥੱਪੜ ਮਾਰੇ ਤੇ ਖਿੱਚ ਕੇ ਘਰੇ ਲੈ ਜਾਣ ਲੱਗਾ ਬਜ਼ੁਰਗ ਕਹਿੰਦਾ ਮੈ ਸਾਰਾ ਕੁਝ ਦੇਖ ਰਿਹਾ ਸੀ ਮੈਥੋ ਰਿਹਾ ਨਾ ਗਿਆ ਮੈ ਉਸ ਮੁੰਡੇ ਨੂੰ ਰੋਕ ਕੇ ਪੁਛੇਆ ਕੀ ਤੂੰ ਆਪਣੇ ਭਾਈ ਨੂੰ ਕਿਉਂ ਕੁਟੇਆ ਤਾ ਓਹ ਕਹਿਣ ਲੱਗਾ ਸਾਡੇ ਮਾਂ ਬਾਪ ਨੇ ਸਦਾ ਇਹ ਹੀ ਸਮਝਾਏਆ ਕੀ ਕੁੜੀਆ ਦੀ ਇੱਜਤ ਕਰਨੀ ਤੇ ਕਦੇ ਵੀ ਕਿਸੇ ਕੁੜੀਆ ਤੇ ਹੱਥ ਨਹੀ ਚੁੱਕਣਾ ਗਲਤੀ ਭਾਵੇਂ ਜਿਸਦੀ ਮਰਜ਼ੀ ਹੋਵੇ।ਮੇਰੇ ਭਰਾ ਤੋਂ ਗਲਤੀ ਹੋਈ ਤਾ ਮੈ ਏਸੇ ਲਈ ਇਹਨੂੰ ਥੱਪੜ ਮਾਰੇਆ।ਮੈਨੂੰ ਉਸ ਬੱਚੇ ਦੀ ਗੱਲ ਦਿਲ ਨੂੰ ਛੂਹ ਗਈ ਮੈ ਉਹਨੂੰ ਪੁੱਛੇਆ ਕਾਕਾ ਕਿਹੜੀ ਕਲਾਸ ਵਿੱਚ ਪੜਦਾ ਏ ਓਹਨੇ ਮੇਰੇ ਵੱਲ ਦੇਖੇਆ ਤੇ ਮਾਯੂਸ ਜਿਹਾ ਚੇਹਰਾ ਕਰ ਕੇ ਬੋਲੇਆ ਮੇਰੇ ਮਾਂ ਬਾਪ ਗਰੀਬ ਨੇ ਜੀ ਪੜਾ ਨਹੀਂ ਸਕਦੇ ਮੈ ਭੱਠੇ ਤੇ ਮਜ਼ਦੂਰੀ ਕਰਦਾ ਇਹ ਬੋਲਦਾ ਹੋਏਆ ਆਪਣੇ ਭਰਾ ਨੂੰ ਨਾਲ ਲੈ ਕੇ ਚਲਾ ਗਿਆ ।ਹੁਣ ਮੈਨੂੰ ਸਮਝ ਨਹੀਂ ਆ ਰਹੀ ਸੀ ਕੀ ਬੋਲਾ ਸਕੂਲ ਕਾਲਜ ਵੀ ਓਹ ਸਭ ਨਹੀਂ ਪੜਾ ਸਕਦੇ ਸੀ ਜੋ ਇਕ ਗਰੀਬ ਬੰਦਾ ਆਪਣੀ ਔਲਾਦ ਨੂੰ ਪੜਾ ਰਿਹਾ।ਬੇਸ਼ੱਕ ਕਿਤਾਬੀ ਗਿਆਨ ਨਹੀਂ ਓਹ ਦੇ ਪਾ ਰਿਹਾ ਆਪਣੇ ਬੱਚੇ ਨੂੰ ਪਰ ਦੁਨਿਆਵੀ ਗਿਆਨ ਦੇਣ ਵਿੱਚ ਕੋਈ ਕਮੀ ਨਹੀਂ ਛੱਡੀ।ਮਾਫ਼ ਕਰਨਾ ਤੁਸੀਂ ਆਪਣੇ ਬੱਚੇ ਨੂੰ ਚੰਗਾ ਕਿਤਾਬੀ ਗਿਆਨ ਤਾ ਦੇ ਰਹੇ ਹੋ ਪਰ ਚੰਗੇ ਸੰਸਕਾਰ ਨਹੀਂ ਦੇ ਰਹੇ ਹੋ।

Submitted By:- Sandeep Rajwalwala Mob 9878529408

...
...

ਬੱਸ ਵਿੱਚ ਲੁਧਿਆਣੇ ਜਾਂਦੇ ਵੇਲੇ ਰਾਮਾਂ ਮੰਡੀ ਨੇੜੇ ਬੱਸ ਵਿੱਚ ਇਕ ਭਿਖਾਰੀ ਚੜਿਆ ਸਵਾਰੀਆਂ ਤੋਂ ਪੈਸੇ ਮੰਗਦਾ ਅੱਗੇ ਵੱਧੀ ਜਾਵੇ ਤੇ ਨਾਲੇ ਗਾਲਾ ਕੱਡੀ ਜਾਵੇ ਜਿਹੜਾ ਵੀ ਉਸਨੂੰ ਪੈਸੇ ਨਾ ਦੇਵੇ।
ਅਖੀਰ ਵਿੱਚ ਉਸਨੇ ਮੇਰੇ ਨਾਲ ਬੈਠੇ ਬੰਦੇ ਕੋਲੋਂ ਪੈਸੇ ਮੰਗੇ ਓਹਨੇ ਇਕ ਪੰਜ ਰੁਪਏ ਦਾ ਸਿੱਕਾ ਉਸ ਮੰਗਤੇ ਨੂੰ ਦਿੱਤਾ ਮੰਗਤੇ ਨੇ ਸਿੱਕਾ ਨਾ ਫੜਦੇ ਹੋਏ ਉਸਨੂੰ ਗਾਲਾ ਕੱਡਣੀਆ ਸ਼ੁਰੂ ਕਰ ਦਿੱਤੀਆਂ ਮੇਰੇ ਨਾਲ ਬੈਠੇ ਬੰਦੇ ਨੂੰ ਗ਼ੁੱਸਾ ਆ ਗਿਆ ਓਹਨੇ ਫੜ ਕੇ ਮੰਗਤੇ ਨੂੰ ਕੁੱਟ ਦਿੱਤਾ ਮੰਗਤਾ ਓਹਨੂੰ ਗਾਲਾ ਕੱਡਦਾ ਕੱਡਦਾ ਬੱਸ ਤੋਂ ਉਤਰ ਗਿਆ ਮੇਰੇ ਨਾਲ ਬੈਠੇ ਬੰਦੇ ਨੂੰ ਸਵਾਰੀਆ ਨੇ ਸ਼ਾਂਤ ਕਰਵਾਇਆਂ ਤੇ ਬੱਸ ਚੱਲ ਪਈ ਥੋੜੀ ਦੇਰ ਬਾਅਦ ਬੰਦਾ ਮੇਰੇ ਨਾਲ ਗੱਲ ਬਾਤ ਕਰਨ ਲੱਗਾ ਕੀ ਮੰਗਤੇਆ ਨੂੰ ਵੀ ਸ਼ਰਮ ਨਹੀਂ ਆਉਂਦੀ ਜਿੱਥੇ ਦਿਲ ਕਰਦਾ ਮੰਗਣਾ ਸ਼ੁਰੂ ਕਰ ਦਿੰਦੇ ਨੇ ਜੇ ਕੋਈ ਆਪਣੀ ਮਰਜੀ ਨਾਲ ਕੁਝ ਦੇਣਾ ਚਾਵੇ ਓਹ ਲੈਣਾ ਨਹੀ ਸ਼ਰਮ ਹੀ ਲਾਹੀ ਪਈ ਏ ਇਹਨਾ ਨੇ ਗੱਲ ਬਾਤ ਕਰਦੇਆ ਹੀ ਪਤਾ ਲੱਗਾ ਕੀ ਉਸ ਦਾ ਨਵਾਂ ਨਵਾਂ ਵਿਆਹ ਹੋਏਆ ਏ ਉਸੇ ਵੇਲੇ ਉਸ ਦਾ ਫ਼ੋਨ ਵੱਜਦਾ ਹੈ ਓਹਨੇ ਫਿਰ ਤੋਂ ਲੜਨਾ ਸ਼ੁਰੂ ਕਰ ਦਿੱਤਾ ਫੋਨ ਤੇ ਦੁਸਰੀ ਸਾਈਡ ਓਹਦਾ ਕੋਈ ਜਾਣਕਾਰ ਸੀ ਓਹ ਉਸਨੂੰ ਕਹਿ ਰਿਹਾ ਸੀ ਕੀ ਨਹੀ ਨਹੀ ਮੈਨੂੰ ਪੰਜ ਲੱਖ ਨਹੀ ਚਾਹੀਦਾ
ਮੈ ਵੀਹ ਤੋ ਘੱਟ ਇਕ ਪੈਸਾ ਨਹੀ ਲੈਣਾ ਦੂਜੇ ਪਾਸੇ ਵਾਲਾ ਬੰਦਾ ਸਾਇਦ ਓਹਦੀਆ ਮਿੰਨਤਾ ਕਰ ਰਿਹਾ ਸੀ ਕਾਫੀ ਦੇਰ ਤੱਕ ਓਹਨਾ ਦੀ ਗੱਲ ਬਾਤ ਚੱਲਦੀ ਰਹੀ ਏਨੀ ਦੇਰ ਨੂੰ ਮੇਰਾ ਸਟਾਪ ਆ ਗਿਆ ਮੈ ਉਤਰਨ ਲੱਗਾ ਇਕ ਅਵਾਜ਼ ਮੇਰੇ ਕੰਨਾ ਵਿੱਚ ਪਈ ਓਹ ਫੋਨ ਵਾਲੇ ਬੰਦੇ ਨੂੰ ਕਹਿਦਾ ਜੇ ਪੈਸੇ ਨਹੀ ਦੇਣੇ ਤਾ ਲੈ ਜਾਓ ਆਪਣੀ ਕੁੜੀ ਵਾਪਸ ਮੈ ਨਹੀ ਰੱਖਣੀ ਆਪਣੇ ਨਾਲ । ਮੇਰੇ ਦਿਲ ਨੂੰ ਇਕਦੱਮ ਝਟਕਾ ਜਿਹਾ ਲੱਗਾ ਪਰ ਮੇਰਾ ਸਟਾਪ ਆ ਗਿਆ ਸੀ ਮੈਨੂੰ ਉਤਰਨਾ ਪਿਆ ਪਰ ਮੈ ਇਹ ਹੀ ਸੋਚਦਾ ਰਿਹਾ ਘਰ ਤੱਕ ਪਹੁੰਚਣ ਵੇਲੇ ਤੱਕ ਇਹੋ ਹੀ ਸੋਚਦਾ ਰਿਹਾ ਕੀ ਓਹ ਸੱਚ ਹੀ ਕਹਿੰਦਾ ਸੀ ਮੰਗਣ ਵਾਲੇਆ ਨੇ ਸ਼ਰਮ ਹੀ ਲਾਹੀ ਪਈ ਏ ।ਪਰ….ਅਸਲ ਵਿੱਚ ਭਿਖਾਰੀ ਕੌਣ ਸੀ? ਸਮਝ ਨਹੀਂ ਆਏਆ….।

Sandeep Rajwalwala Mob no 9878529408

...
...

(ਇਹ ਕਹਾਣੀ ਅੱਜ ਤੋਂ ਦੋ ਸੌ ਸਾਲ ਬਾਅਦ ਦੀ ਕਲਪਨਾ ਹੈ)

ਜੰਗਲ਼ ਦੇ ਬਾਦਸ਼ਾਹ ਸ਼ੇਰ ਦਾ ਪੋਤਾ ਆਪਣੇ ਦਾਦੇ ਨੂੰ ਕਹਿਣ ਲੱਗਾ, “ਤੁਸੀਂ ਮੈਨੂੰ ਬੰਦੇ ਵਾਲ਼ੀ ਕਹਾਣੀ ਸੁਣਾਉਣ ਦਾ ਲਾਰਾ ਲਾਉਂਦੇ ਰਹਿੰਦੇ ਹੋ, ਅੱਜ ਮੈਂ ਇਹ ਕਹਾਣੀ ਸੁਣੇ ਬਗੈਰ ਨਹੀਂ ਸੌਣਾ।”

ਅਗਿਉਂ ਸ਼ੇਰ ਕਹਿੰਦਾ, “ਪੁੱਤ ਇਹ ਕੋਈ ਕਹਾਣੀ ਨਹੀਂ, ਇਕ ਇਤਿਹਾਸ ਹੈ। ਕਿਸੇ ਸਮੇਂ ਇਸ ਧਰਤੀ ਤੇ ‘ਬੰਦਾ’ ਨਾਂ ਦਾ ਜਾਨਵਰ ਵੀ ਰਹਿੰਦਾ ਹੁੰਦਾ ਸੀ ਜਿਵੇਂ ਅੱਜ ਆਪਾਂ ਜੰਗਲ਼ ਵਿੱਚ ਸਾਰੇ ਜਾਨਵਰ ਰਹਿੰਦੇ ਆਂ। ਪੁੱਤਰਾ, ਆਪਾਂ ਇੰਞ ਕਰਦੇ ਆਂ ਕਿ ਜੰਗਲ਼ ਦੇ ਸਾਰੇ ਜਾਨਵਰਾਂ ਨੂੰ ਭਲ਼ਕੇ ਥਰੀਕਿਆਂ ਵਾਲ਼ੇ ਬਰੋਟੇ ਥੱਲੇ ‘ਕੱਠੇ ਕਰ ਲੈਨੇ ਆਂ, ਉਹ ਵੀ ਸੁਣ ਲੈਣਗੇ।”

ਅਗਲੇ ਦਿਨ ਜੰਗਲ਼ ਦੇ ਰਾਜੇ ਸ਼ੇਰ ਦੇ ਹੁਕਮ ਤੇ ਸਾਰੇ ਜਾਨਵਰ ਆ ਗਏ। ਸ਼ੇਰ ਬਰੋਟੇ ਥੱਲੇ ਬਣੇ ਥੜ੍ਹੇ ਤੇ ਆਪਣੇ ਸਿੰਘਾਸਨ ਤੇ ਬੈਠ ਗਿਆ।

*ਸ਼ੇਰ* — “ਲਓ ਬਈ, ਆਉਣ ਵਾਲ਼ੇ ਸਾਰੇ ਜਾਨਵਰਾਂ ਦਾ ਮੈਂ ਸਵਾਗਤ ਕਰਦਾ ਹਾਂ। ਅੱਜ ਮੈਂ ਤਹਾਨੂੰ ਇੱਕ ਲੁਪਤ ਹੋਏ ਜੀਵ “ਬੰਦੇ” ਬਾਰੇ ਕੁਝ ਗੱਲਾਂ ਦੱਸਣੀਆਂ ਹਨ ਜੋ ਕਿ ਮੈਂ ਆਪਣੇ ਵੱਡੇ ਵਡੇਰਿਆਂ ਕੋਲ਼ੋਂ ਸੁਣੀਆਂ ਹੋਈਆਂ ਹਨ।”

“ਅੱਜ ਤੋ ਤਕਰੀਬਨ ਦੋ ਕੁ ਸੌ ਸਾਲ ਪਹਿਲਾਂ ਇਸ ਧਰਤੀ ਦਾ ਰਾਜਾ ਕੋਈ ਸ਼ੇਰ ਨਹੀਂ ਸੀ ਹੁੰਦਾ ਸਗੋਂ ਬੰਦਾ ਸਾਰੀ ਧਰਤੀ ਤੇ ਰਾਜ ਕਰਦਾ ਸੀ। ਉਸਨੇ ਸ਼ੇਰਾਂ ਨੂੰ ਪਿੰਜਰੇ ਵਿੱਚ ਬੰਦ ਕਰਕੇ ਕੈਦੀ ਬਣਾਇਆ ਹੋਇਆ ਸੀ।”

ਸਾਰੇ ਜਾਨਵਰ ਹੈਰਾਨੀ ਨਾਲ਼ ਇਕੋ ਸਮੇਂ ਬੋਲ ਪਏ,“ਹੈਂਅ !!! ਸ਼ੇਰ ਤੋਂ ਵੀ ਤਾਕਤਵਰ ਸੀ ਬੰਦਾ?”

ਸ਼ੇਰ —- “ਹਾਂ, ਸਾਡੇ ਤੋਂ ਵੀ ਤਕੜਾ ਸੀ, ਵੱਡਾ ਦਿਮਾਗ ਸੀ ਉਸ ਕੋਲ਼, ਆਪਣੀ ਅਕਲ ਨਾਲ਼ ਹਰ ਜਾਨਵਰ ਨੂੰ ਕੈਦ ਕਰਕੇ ਵਰਤ ਲੈਂਦਾ ਸੀ। ਪਹਿਲਾਂ ਪਹਿਲ ਉਸਨੇ ਊਠਾਂ, ਘੋੜਿਆਂ, ਹਾਥੀਆਂ ਦੀ ਸਵਾਰੀ ਕਰਨੀ ਸ਼ੁਰੂ ਕੀਤੀ। ਫਿਰ ਇਹਨਾਂ ਨੂੰ ਲੜਾਈਆਂ ਵਿੱਚ ਵਰਤਣਾ ਸ਼ੁਰੂ ਕੀਤਾ। ਖੇਤੀ ਦਾ ਕੰਮ ਕਰਵਾਉਣ ਲਈ ਊਠਾਂ, ਬਲ਼ਦਾਂ, ਝੋਟਿਆਂ ਨੂੰ ਜੰਗਲ਼ ਵਿਚੋਂ ਫੜ੍ਹ ਕੇ ਲੈ ਗਿਆ ਤੇ ਗਾਵਾਂ – ਮੱਝਾਂ ਨੂੰ ਕਿੱਲਿਆਂ ਨਾਲ਼ ਬੰਨ੍ਹ ਕੇ ਉਹਨਾਂ ਦਾ ਦੁੱਧ ਪੀਣ ਲੱਗ ਪਿਆ।”

ਸ਼ੇਰ ਦੀ ਗੱਲ ਸੁਣਕੇ ਮੱਥਿਓਂ ਬੱਲ੍ਹੀ ਝੋਟੀ ਸ਼ਰਮ ਨਾਲ਼ ਸੁੰਗੜ ਜਿਹੀ ਗਈ।

ਸ਼ੇਰ— “ਫੇਰ ਇਸਨੇ ਹੋਰ ਤਰੱਕੀ ਕੀਤੀ, ਖੇਤੀ ਕਰਨ ਲਈ ਟ੍ਰੈਕਟਰ ਬਣਾ ਲਏ, ਕੰਬਾਈਨਾਂ ਬਣਾ ਲਈਆਂ- ਫਸਲਾਂ ਦਾ ਝਾੜ ਵਧ੍ਹ ਗਿਆ ਤੇ ਇਹ ਰੱਜ ਕੇ ਰੋਟੀ ਖਾਣ ਜੋਗਾ ਹੋ ਗਿਆ। ਆਪਣੀ ਖੁਰਾਕ ਦੀ ਭਾਲ਼ ਲਈ ਇਸਨੇ ਏਧਰ-ਓਧਰ ਭਟਕਣਾ ਛੱਡ ਦਿਤਾ। ਆਹ ਥਰੀਕੇ, ਝਾਂਡੇ, ਲਲਤੋਂ, ਪਮਾਲ, ਸੁਨੇਤ – ਇਹਨਾਂ ਸਾਰੇ ਪਿੰਡਾਂ ਵਿੱਚ ਬੰਦੇ ਹੀ ਰਹਿੰਦੇ ਹੁੰਦੇ ਸੀ।”

ਸਾਰੇ ਜਾਨਵਰ ਹੈਰਾਨ ਹੋਏ ਬੈਠੇ ਸੁਣ ਰਹੇ ਸੀ।

ਸ਼ੇਰ— “ਫਿਰ ਇਸ ਬੰਦੇ ਦੀ ਲਾਲਸਾ ਹੋਰ ਵਧਦੀ ਗਈ, ਫਸਲਾਂ ਦਾ ਹੋਰ ਝਾੜ ਲੈਣ ਲਈ ਰਸਾਇਣੀ ਖਾਦਾਂ ਪਾਉਣ ਦੇ ਨਾਲ਼ ਸਪਰੇਆਂ ਵੀ ਕਰਨ ਲੱਗ ਪਿਆ। ਆਪਣੇ ਖਾਣ ਵਾਲ਼ੇ ਕਣਕ, ਚੌਲ਼, ਦਾਲਾਂ ਤੇ ਸਬਜੀਆਂ, ਸਭ ਜ਼ਹਿਰੀਲੇ ਕਰ ਲਏ ਬੰਦੇ ਨੇ। ਬਿਮਾਰੀਆਂ ਵਧ੍ਹਣ ਲੱਗੀਆਂ”

“ਨਾਲ਼ੇ ਕਹਿੰਦੇ ਆ ਕਿ ਬੰਦੇ ਦਾ ਦਿਮਾਗ ਬਹੁਤ ਤੇਜ਼ ਸੀ, ਫਿਰ ਆਪੇ ਹੀ ਆਪਣਾ ਭੋਜਨ ਜਹਿਰੀਲਾ ਕਿਉਂ ਕਰ ਲਿਆ ਇਸਨੇ”- ਸੂਝਵਾਨ ਲੂੰਬੜ ਬੈਠਾ ਸੋਚ ਰਿਹਾ ਸੀ।

ਸ਼ੇਰ—”ਇਸਨੇ ਆਉਣ ਜਾਣ ਲਈ ਸਾਈਕਲ ਤੋਂ ਲੈਕੇ ਉਡਣ ਵਾਲ਼ੇ ਜਹਾਜ ਤੱਕ ਬਣਾ ਲਏ।ਜਾਨਵਰਾਂ ਨੂੰ ਸਰਕਸ ਵਿੱਚ ਆਪਣੇ ਦਿਲਪਰਚਾਵੇ ਲਈ ਵਰਤਣ ਲੱਗ ਪਿਆ। ਤਹਾਨੂੰ ਪਤਾ ਈ ਆ ਕਿ ਭਾਂਵੇਂ ਮੈਂ ਜੰਗਲ਼ ਦਾ ਰਾਜਾ ਹਾਂ ਪਰ ਅੱਗ ਤੋਂ ਬਹੁਤ ਡਰਦਾ ਹਾਂ, ਪਰ ਇਹ ਚਾਲਾਕ ਬੰਦਾ ਮੇਰੇ ਵੱਡੇ ਵਡੇਰਿਆਂ ਨੂੰ ਅੱਗ ਵਿਚੋਂ ਛਾਲ਼ਾਂ ਮਾਰਨ ਲਈ ਮਜਬੂਰ ਕਰ ਦਿੰਦਾ ਸੀ। ਮੇਰਾ ਵੱਡਾ ਵੀਰ ਹਾਥੀ ਕਿੰਨਾ ਭਾਰਾ ਹੁੰਦਾ, ਪਰ ਬੰਦੇ ਦੀ ਦਹਿਸ਼ਤ ਕਾਰਨ ਇਹਨੂੰ ਵੀ ਦੋ ਪੈਰਾਂ ਤੇ ਤੁਰਨਾ ਪੈਂਦਾ ਸੀ। ਉਸਨੇ ਰਿੱਛ ਦੇ ਨੱਕ ਵਿੱਚ ਨਕੇਲ ਪਾਈ ਹੁੰਦੀ ਸੀ।”

“ਕਿੰਨਾ ਭੈੜਾ ਸੀ ਬੰਦਾ।” ਕਾਟੋ ਵੀ ਬੋਲਣੋਂ ਨਾ ਰਹਿ ਸਕੀ।

ਸ਼ੇਰ— “ਫੇਰ ਇਸਨੇ ਦਰਿਆਵਾਂ ਦਾ ਪਾਣੀ ਵੀ ਗੰਦਾ ਕਰ ਲਿਆ। ਜਾਨਵਰਾਂ ਨੂੰ ਮਾਰ ਕੇ ਖਾਣ ਲੱਗ ਪਿਆ। ਹਿਰਨ, ਮੁਰਗੇ, ਬੱਕਰੇ, ਮੱਛੀਆਂ, ਤਿੱਤਰ, ਬਟੇਰੇ, ਡੱਡੂ, ਸੱਪ, ਕਬੂਤਰ, ਕਾਂ, ਕੁੱਤੇ, ਬਿੱਲੀਆਂ, ਕਿਸੇ ਨੂੰ ਵੀ ਨਾ ਬਖਸ਼ਿਆ ਬੰਦੇ ਨੇ।”

ਸਹਿਮੇ ਹੋਏ ਜਾਨਵਰ ਚੁੱਪਚਾਪ ਬੰਦੇ ਦੀਆਂ ਕਰਤੂਤਾਂ ਸੁਣ ਰਹੇ ਸੀ।

ਸ਼ੇਰ—”ਫੇਰ ਬੰਦੇ ਨੇ ਕੰਪਿਊਟਰ ਤੇ ਮੋਬਾਈਲ ਫ਼ੋਨ ਬਣਾ ਲਿਆ ਤੇ ਚੰਦ ਉੱਪਰ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ।”

ਹਿਰਨ— “ਭਲਾ ਚੰਦ ਤੇ ਕਿਵੇਂ ਚੜ੍ਹਜੂ? ਹਜੂਰ, ਮੈ ਨਹੀਂ ਮੰਨਦਾ। ਐਡੀ ਵੱਡੀ ਛਾਲ਼ ਨਹੀਂ ਮਾਰ ਸਕਦਾ ਕੋਈ।”

ਘੋੜਾ— “ਕਮਲ਼ਿਆ! ਪੌੜੀ ਲਾ ਕੇ ਚੜ੍ਹਿਆ ਹੋਣਾ, ਗੱਲ ਸਮਝੀ ਦੀ ਹੁੰਦੀ ਆ।”

ਸ਼ੇਰ — “ਨਹੀਂ ਪੁੱਤਰੋ, ਪੌੜੀ ਕਾਹਨੂੰ, ਉਹ ਤਾਂ ਹਵਾ ਵਿੱਚ ਉੱਡ ਕੇ ਜਾਂਦਾ ਸੀ। ਸਮੁੰਦਰਾਂ ਤੋਂ ਪਾਰ ਵੀ ਉੱਡ ਜਾਂਦਾ ਸੀ।”

ਬਾਜ— “ਹਜੂਰ, ਮੈ ਤਾਂ ਸੋਚਿਆ ਮੈ ਹੀ ਉੱਚਾ ਉਡਦਾਂ, ਮਤਲਬ ਬੰਦੇ ਦੇ ਖੰਭ ਮੇਰੇ ਖੰਭਾਂ ਤੋਂ ਵੀ ਵੱਡੇ ਤੇ ਮਜਬੂਤ ਸਨ।”

ਸ਼ੇਰ— “ਕਾਹਨੂੰ, ਇਸ ਬੰਦੇ ਦੇ ਤੇ ਖੰਭ ਵੀ ਨਹੀਂ ਸੀ ਹੁੰਦੇ, ਇਹ ਤਾਂ ਦੋ ਪੈਰਾਂ ਤੇ ਤੁਰਨ ਵਾਲ਼ਾ ਜਾਨਵਰ ਸੀ। ਇਸਨੇ ਇੱਕ ਮਸ਼ੀਨ ਬਣਾਈ ਸੀ ਜਿਸਨੂੰ ਜਹਾਜ ਕਹਿੰਦੇ ਸੀ। ਉਸ ਵਿੱਚ ਬੈਠ ਕੇ ਇਹ ਦੂਰ ਦੁਰਾਡੇ ਉਡ ਜਾਂਦਾ ਸੀ।”

ਬਿੱਲੀ— “ਫੇਰ ਮਹਾਰਾਜ, ਐਨੇ ਅਕਲਮੰਦ ਬੰਦੇ ਦਾ ਅੰਤ ਕਿਵੇ ਹੋਇਆ?”

ਸ਼ੇਰ— “ਮਾਸੀ, ਇਸ ਬੰਦੇ ਨੇ ਆਪਣੇ ਸਵਾਰਥ ਖਾਤਰ ਸਾਰੇ ਜੰਗਲ਼ ਵੱਢਕੇ ਹਵਾ, ਪਾਣੀ, ਮਿੱਟੀ ਸਭ ਕੁਝ ਪਲੀਤ ਕਰ ਦਿੱਤਾ।”

ਬਲ਼ਦ — “ਨਾ ਇਹਨੂੰ ਕਿਸੇ ਨੇ ਰੋਕਿਆ ਨਾ ਸਭ ਕੁਝ ਗੰਧਲ਼ਾ ਕਰਨ ਤੋਂ??

ਸ਼ੇਰ— “ਮੈਂ ਬਜੁਰਗਾਂ ਤੋਂ ਸੁਣਿਆ ਸੀ ਕਿ ਇੱਕ ਦਰਵੇਸ਼ ਸ਼ਖਸੀਅਤ ਨੇ ਸੱਤ ਸੌ ਸਾਲ ਪਹਿਲਾਂ ਧਰਤੀ ਤੇ ਜਨਮ ਲਿਆ ਸੀ। ਓਦੋਂ ਬੰਦੇ ਨੂੰ ਸਮਝਾਉਣ ਲਈ ਉਸਨੇ -ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ—ਦੀ ਗੱਲ ਇਕ ਗ੍ਰੰਥ ਵਿਚ ਲਿਖ ਦਿੱਤੀ ਸੀ ਪਰ ਖੁਦਗਰਜ਼ੀ ਦਾ ਮਾਰਿਆ ਬੰਦਾ ਉਸ ਗ੍ਰੰਥ ਨੂੰ ਸਵੇਰੇ ਸ਼ਾਮ ਪੜ੍ਹਦਾ ਤਾਂ ਰਿਹਾ ਪਰ ਕਦੇ ਉਸਦੀ ਸਿੱਖਿਆ ਤੇ ਅਮਲ ਨਾ ਕਰ ਸਕਿਆ। ਹੌਲ਼ੀ-ਹੌਲ਼ੀ ਕਈ ਤਰਾਂ ਦੀਆਂ ਬਿਮਾਰੀਆਂ ਨੇ ਇਸਨੂੰ ਘੇਰ ਲਿਆ। ਡਾਕਟਰ ਇੱਕ ਬਿਮਾਰੀ ਦਾ ਇਲਾਜ ਲੱਭਦੇ ਤਾਂ ਕੋਈ ਹੋਰ ਨਵੀਂ ਬਿਮਾਰੀ ਸ਼ੁਰੂ ਹੋ ਜਾਂਦੀ। ਆਹ ਜਿਹੜੇ ਬੁੱਢੇ ਦਰਿਆ ਦਾ ਪਾਣੀ ਆਪਾਂ ਸਾਰੇ ਪੀਨੇ ਆਂ, ਜਦੋਂ ਬੰਦਾ ਧਰਤੀ ਤੇ ਹੁੰਦਾ ਸੀ ਓਦੋਂ ਇਸ ਦਾ ਨਾਮ ਉਸਨੇ ਗੰਦਾ ਨਾਲ਼ਾ ਰੱਖਿਆ ਹੋਇਆ ਸੀ, ਨੱਕ ਮੂੰਹ ਢੱਕੇ ਬਗੈਰ ਇਸ ਕੋਲ਼ੋਂ ਲੰਘਣਾ ਵੀ ਮੁਸ਼ਕਿਲ ਹੁੰਦਾ ਸੀ।”

ਉੱਲੂ— “ਜਨਾਬ ਇਹ ਬੰਦਾ ਰਹਿੰਦਾ ਕਿਥੇ ਸੀ ?”

ਸ਼ੇਰ— “ਕਮਲ਼ਿਆ, ਆਹ ਜਿਹੜੇ ਮਕਾਨ ਖੰਡ੍ਹਰ ਬਣੇ ਪਏ ਨੇ, ਇਹ ਸਭ ਬੰਦੇ ਦੇ ਈ ਬਣਾਏ ਹੋਏ ਨੇ ਜਿੱਥੇ ਹੁਣ ਤੂੰ ਨਜਾਰੇ ਲੈਨੈਂ।”

ਸਾਰੇ ਜਾਨਵਰ ਖਿੜਖਿੜਾ ਕੇ ਹੱਸ ਪਏ ਤੇ ਉੱਲੂ ਬਗਲਾਂ ਝਾਕਣ ਲੱਗ ਪਿਆ।

ਕਾਂ— “ਮਹਾਰਾਜ, ਇਸ ਬੰਦੇ ਦੀ ਰਹਿਣੀ ਬਹਿਣੀ ਕਿਹੋ ਜਿਹੀ ਸੀ?”

ਸ਼ੇਰ— “ਹੌਲ਼ੀ-ਹੌਲ਼ੀ ਬੰਦੇ ਨੂੰ ਬੰਦਾ ਹੀ ਮਾਰਨ ਲੱਗ ਪਿਆ ਸੀ।ਅਮੀਰ ਤੇ ਗਰੀਬ ਦਾ ਪਾੜਾ ਵਧ੍ਹ ਗਿਆ ਸੀ। ਵੱਡੀਆਂ ਕੋਠੀਆਂ, ਮਹਿੰਗੀਆਂ ਕਾਰਾਂ, ਖਾਸ ਠੱਪਿਆਂ ਵਾਲ਼ੇ ਨਵੇਂ ਨਕੋਰ ਕੱਪੜੇ- ਸਭ ਸੋਸ਼ੇਬਾਜੀਆਂ ਕਰਨ ਲੱਗ ਪਿਆ ਸੀ ਬੰਦਾ। ਬੰਦੇ ਬੰਦਿਆਂ ਨਾਲ਼ ਤੇ ਔਰਤਾਂ ਔਰਤਾਂ ਨਾਲ਼ ਵਿਆਹ ਕਰਵਾਉਣ ਲੱਗ ਪਈਆਂ ਸਨ। ਭਲੇ ਲੋਕ ਉਸ ਸਮੇਂ ਨੂੰ ਕਲ਼ਯੁਗ ਕਹਿਣ ਲੱਗ ਪਏ ਸਨ।”

ਰਿੱਛ— “ਜੀ ਮੈਂ ਤਾਂ ਕਿਸੇ ਤੋਂ ਸੁਣਿਆ ਹੋਇਆ ਕਿ ਬੰਦਾ ਬਾਂਦਰ ਤੋਂ ਬਣਿਆ ਸੀ!”

ਬਾਂਦਰ — “ਮੂੰਹ ਸੰਭਾਲ਼ ਕੇ ਗੱਲ ਕਰ ਓਏ, ਆ ਗਿਆ ਵੱਡਾ ਸਿਆਣਾ! ਮਹਾਰਾਜ, ਅਸੀਂ ਤਾਂ ਇਹੋ ਜਿਹੇ ਕੁੱਤੇ “ਬੰਦੇ” ਦੀ ਮਕਾਣੇ ਨਾ ਜਾਈਏ।”

ਕੁੱਤਾ— “ਯਾਰ, ਮੈਨੂੰ ਕਾਹਤੋਂ ਵਿੱਚ ਘਸੀਟੀ ਜਾਨੇਂ ਓਂ? ਕੁੱਤਾ ਮੂੰਹ ‘ਤਾਂਹ ਕਰਕੇ ਗੁਰਰਾਇਆ।

ਸਾਰੇ ਜਾਨਵਰ ਇਕੱਠੇ ਈ ਬੋਲ ਪਏ — “ਫਿਰ ਤਾਂ ਬਾਂਦਰਾਂ ਨੂੰ ਖ਼ਤਮ ਕਰਨਾ ਪਊ, ਕਿਤੇ ਇਹਨਾਂ ਦੀਆਂ ਅਗਲੀਆਂ ਨਸਲਾਂ ਫੇਰ ਨਾ ਬੰਦੇ ਬਣ ਜਾਣ।”

ਬਾਂਦਰੀ—- “ਵੇ ਵੀਰੋ, ਰਹਿਮ ਕਰੋ ਸਾਡੇ ਤੇ, ਸਾਨੂੰ ਬਾਬੇ ‘ਵਧੂਤ ਦੀ ਸੌਂਹ ਲੱਗੇ ਜੇ ਅਸੀਂ ਕਦੇ ਭੁੱਲਕੇ ਵੀ ਬੰਦੇ ਬਣੀਏਂ।” ਬਾਂਦਰੀ ਨੇ ਖੜ੍ਹੀ ਹੋ ਕੇ ਦੋਵੇਂ ਹੱਥ ਜੋੜੇ।

ਬਿੱਲੀ— “ਮਹਾਰਾਜ, ਮੇਰਾ ਸਵਾਲ ਤਾਂ ਵਿੱਚੇ ਈ ਰਹਿ ਗਿਆ ਬਈ ਬੰਦਾ ਖਤਮ ਕਿਵੇਂ ਹੋਇਆ। ਇਹ ਆਪਦੀ ਈ ਕਾਂਵਾਂ ਰੌਲ਼ੀ ਜਿਹੀ ਪਾ ਕੇ ਬਹਿ ਗਏ।”

ਕਾਂ ਬਿੱਲੀ ਵੱਲ ਕੌੜਾ ਝਾਕਿਆ, ਪਰ ਉਹ ਗੁੱਸਾ ਪੀ ਗਿਆ ਤੇ ਚੁੱਪਚਾਪ ਬੈਠਾ ਰਿਹਾ।

ਗਧਾ— “ਹੋਣਾ ਕੋਈ ਹਾਥੀ ਵਰਗਾ ਤਕੜਾ ਜਾਨਵਰ ਜੋ ਸਾਰੇ ਬੰਦਿਆਂ ਨੂੰ ਖਾ ਗਿਆ ਹੋਊ।” ਗਧੇ ਨੇ ਆਪਣੀ ਸਿਆਣਪ ਘੋਟੀ।

ਘੋੜਾ — “ਰਿਹਾ ਨਾ ਗਧੇ ਦਾ ਗਧਾ।”

ਸ਼ੇਰ— “ਉਏ, ਮੇਰੀ ਮਾਸੀ ਨੇ ਵਾਕ ਆਊਟ ਕਰ ਜਾਣਾ, ਜੇ ਇਸ ਵਾਰ ਵੀ ਉਸਦੀ ਗੱਲ ਦਾ ਜਵਾਬ ਮੈਂ ਨਾ ਦਿੱਤਾ ਤਾਂ। ਲਓ ਫੇਰ ਸੁਣੋ ਅਸਲ ਕਹਾਣੀ। ਬੰਦੇ ਨੂੰ ਧਰਤੀ ਤੋਂ ਕਿਸੇ ਵੱਡੇ ਜਾਨਵਰ ਨੇ ਖ਼ਤਮ ਨਹੀਂ ਕੀਤਾ ਸੀ ਤੇ ਨਾ ਹੀ ਕੋਈ ਵੱਡਾ ਭੂਚਾਲ਼ ਆਇਆ ਸੀ ਜਿਵੇਂ ਦੇ ਵਿਚ ਡਾਇਨਾਸੋਰ ਮਰ ਮੁੱਕ ਗਏ ਸੀ। ਬੰਦੇ ਦੀਆਂ ਵਧੀਕੀਆਂ ਤੋਂ ਤੰਗ ਹੋਕੇ ਕੁਦਰਤ ਨੇ ਬੰਦੇ ਨੂੰ ਮਾਰਨ ਲਈ ਇੱਕ ਸੂਖਮ ਜਿਹਾ ਵਾਇਰਸ ਬਣਾਇਆ ਜਿਸਨੇ ਸਾਰੀ ਮਨੁੱਖੀ ਨਸਲ ਨੂੰ ਖ਼ਤਮ ਕਰ ਦਿੱਤਾ ਤੇ ਆਪਾਂ ਸਾਰੇ ਫਿਰ ਤੋਂ ਆਜਾਦ ਹੋ ਗਏ। ਨਾਲ਼ੇ ਹਵਾ, ਪਾਣੀ ਤੇ ਮਿੱਟੀ ਫਿਰ ਤੋਂ ਸਾਫ਼ ਸੁਥਰੇ ਹੋ ਗਏ।”

ਇੰਨਾ ਕਹਿਕੇ ਸ਼ੇਰ ਨੇ ਸਭਾ ਬਰਖ਼ਾਸਤ ਕਰ ਦਿੱਤੀ।

ਘਰਾਂ ਨੂੰ ਮੁੜ ਰਹੇ ਸਾਰੇ ਜਾਨਵਰਾਂ ਦੇ ਚਿਹਰੇੇ ਤੇ ਇਕ ਜੇਤੂ ਮੁਸਕਾਨ ਝਲਕ ਰਹੀ ਸੀ ਜਿਵੇਂ ਉਹ ਹੁਣੇ ਹੁਣੇ ਬੰਦੇ ਨੂੰ ਖ਼ਤਮ ਕਰਕੇ ਆ ਰਹੇ ਹੋਣ।

ਰਾਤ ਨੂੰ ਸੌਣ ਲੱਗਿਆਂ ਸ਼ੇਰ ਦਾ ਪੋਤਾ ਨੇੜੇ ਹੋ ਕੇ ਕਹਿਣ ਲੱਗਾ, ”ਦਾਦਾ ਜੀ, ਮੈਨੂੰ ਬੰਦੇ ਦੀ ਕਹਾਣੀ ਫੇਰ ਕਦੇ ਨਾ ਸਣਾਇਉ, ਮੈਨੂੰ ਬੰਦੇ ਤੋਂ ਬਹੁਤ ਡਰ ਲਗਣ ਲੱਗ ਪਿਆ।”

ਸ਼ੇਰ—— “ਪੁੱਤਰਾ ਡਰ ਨਾ, ਹੁਣ ਨੀ ਬੰਦਾ ਦੁਬਾਰੇ ਧਰਤੀ ਤੇ ਆਂਉਦਾ, ਨਾਲ਼ੇ ਆਪਾਂ ਭਲ਼ਕੇ ਬਾਂਦਰ ਨੂੰ ਸਭਾ ਵਿੱਚ ਬੁਲਾਕੇ ਸਮਝਾ ਦੇਵਾਂਗੇ ਕਿ ਹੁਣ ਉਹ “ਬੰਦਾ” ਬਣਨ ਦੀ ਕੋਸ਼ਿਸ਼ ਨਾ ਕਰੇ। ਅੱਗੇ ਤੋਂ ਜਿਹੜਾ ਵੀ ਬਾਂਦਰ ਦੋ ਲੱਤਾਂ ਤੇ ਤੁਰਦਾ ਫੜ੍ਹਿਆ ਗਿਆ, ਉਸਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇਗੀ।”

Submitted By:- ਜਰਮਲ ਸਿੰਘ ਬਰਾੜ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)