Posts Uploaded By Punjabi Stories

Sub Categories

ਮੈਨੂੰ ਪੱਕਾ ਯਕੀਨ ਸੀ ਕੇ ਉਸਨੇ ਮੈਥੋਂ ਸੌ ਦਾ ਨੋਟ ਫੜਿਆ ਹੈ..
ਹੁਣ ਪੰਜਾਹਾਂ ਦੀ ਸਬਜੀ ਤੁਲਵਾ ਜਦੋਂ ਆਪਣਾ ਪੰਜਾਹ ਰੁਪਏ ਦਾ ਬਕਾਇਆ ਮੰਗਿਆ ਤਾਂ ਆਖਣ ਲੱਗਾ ਬੀਬੀ ਜੀ “ਅੱਲਾ ਕਸਮ” ਆਪ ਨੇ ਮੁਝੇ ਕੋਈ ਪੈਸੇ ਦੀਏ ਹੀ ਨਹੀਂ..ਆਪ ਅੱਛੇ ਸੇ ਯਾਦ ਕੀਜੀਏ..”

ਮੈਂ ਇੱਕ ਵਾਰ ਫੇਰ ਆਪਣਾ ਪਰਸ ਚੰਗੀ ਤਰਾਂ ਵੇਖਿਆ..
ਕੁਝ ਚਿਰ ਪਹਿਲਾ ਹੀ ਤਾਂ ਸੌ ਸੌ ਦੇ ਦੋ ਨੋਟ ਮੈਂ ਆਪ ਵੇਖੇ ਸਨ..ਹੁਣ ਤਾਂ ਅੰਦਰ ਸਿਰਫ ਇੱਕੋ ਨੋਟ ਹੀ ਸੀ..!

ਮੈਂ ਇੱਕ ਵਾਰ ਫੇਰ ਗੁੱਸੇ ਵਿਚ ਆ ਗਈ..”ਮੁਸਲਮਾਨ ਹੋ ਕੇ ਅੱਲਾ ਦੀ ਝੂਠੀ ਕਸਮ ਖਾਂਦਾ ਏ..ਰੱਬ ਦਾ ਖੌਫ ਖਾ ਕੁਝ..”

ਏਨੇ ਨੂੰ ਆਲੇ ਦਵਾਲੇ ਲੋਕ ਇੱਕਠੇ ਹੋਣੇ ਸ਼ੁਰੂ ਹੋ ਗਏ..

ਅਚਾਨਕ ਹੀ ਭੀੜ ਵਿਚੋਂ ਇਕ ਹੌਲੀ ਜਿਹੀ ਉਮਰ ਦਾ ਮੁੰਡਾ ਨਿੱਕਲਿਆ..
ਉਸਨੂੰ ਸ਼ਾਇਦ ਸਾਰੀ ਗੱਲ ਪਤਾ ਸੀ..ਉਸਨੇ ਆਉਂਦਿਆਂ ਹੀ ਉਸਨੂੰ ਜ਼ੋਰ ਦਾ ਥੱਪੜ ਮਾਰਿਆ..ਉਹ ਕਿੰਨੀ ਦੂਰ ਜਾ ਡਿੱਗਾ..!

ਫੇਰ ਉਸਨੇ ਉਸਦੇ ਗੱਲੇ ਵਿਚੋਂ ਕਿੰਨੇ ਸਾਰੇ ਨੋਟ ਕੱਢੇ..

ਮੈਨੂੰ ਪੰਜਾਹਾਂ ਦਾ ਨੋਟ ਫੜਾਉਣਾ ਹੋਇਆ ਆਖਣ ਲੱਗਾ ਤੁਸੀਂ ਹੁਣ ਜਾਓ..ਅਸੀ ਭੇਜਦੇ ਹਾਂ ਇਸ ਗੱਦਾਰ ਨੂੰ ਪਾਕਿਸਤਾਨ..!

ਬਾਕੀ ਦੇ ਸਾਰੇ ਪੈਸੇ ਉਸਨੇ ਮੇਰੇ ਸਾਮਣੇ ਹੀ ਆਪਣੀ ਜੇਬ ਵਿਚ ਪਾ ਲਏ..

ਮੈਂ ਆਖਣਾ ਚਾਹਿਆ ਕੇ ਤੂੰ ਗਲਤ ਕਰ ਰਿਹਾ ਪਰ ਮੇਰੀ ਪੇਸ਼ ਨਾ ਗਈ..ਫੇਰ ਕਿੰਨੀ ਸਾਰੀ ਭੀੜ ਨੇ ਉਸ ਸਬਜੀ ਵਾਲੇ ਨੂੰ ਘੇਰ ਲਿਆ..!
ਰੌਲਾ ਪੈਂਦਾ ਵੇਖ ਰਿਖਸ਼ੇ ਵਾਲਾ ਕਾਹਲਾ ਪੈ ਗਿਆ..ਘਰੇ ਜਾਂਦੀ ਹੋਈ ਸੋਚ ਹੀ ਰਹੀ ਸਾਂ ਕੇ ਦੋਹਾਂ ਵਿਚੋਂ ਵੱਡਾ ਚੋਰ ਕੌਣ ਸੀ..?

ਅਚਾਨਕ ਹੀ ਖਿਆਲ ਆਇਆ..
ਪਰਸ ਵਿਚ ਰਖਿਆ ਇੱਕ ਹੋਰ ਨਿੱਕਾ ਪਰਸ ਖੋਹਲ ਉਸਨੂੰ ਵੇਖਣ ਲੱਗੀ..
ਅੰਦਰ ਖੂੰਜੇ ਵਿਚ ਸੌ ਦਾ ਇੱਕ ਨੋਟ ਵੇਖ ਆਂਦਰਾਂ ਨੂੰ ਕਾਹਲ ਜਿਹੀ ਪਈ..ਰਿਕਸ਼ੇ ਵਾਲੇ ਨੂੰ ਆਖਿਆ ਹੁਣੇ ਹੀ ਵਾਪਿਸ ਮੋੜ ਤੇ ਮੈਨੂੰ ਓਥੇ ਲੈ ਕੇ ਚੱਲ..!

ਓਥੇ ਅੱਪੜੀ ਤਾਂ ਭੀੜ ਖਿੰਡ ਚੁਕੀ ਸੀ..
ਉਹ ਸਬਜੀ ਵਾਲਾ ਵੀ ਓਥੇ ਨਹੀਂ ਸੀ ਦਿਸ ਰਿਹਾ..
ਬਸ ਖਿੱਲਰੀ ਹੋਈ ਸਬਜੀ ਅਤੇ ਪੁੱਠੀ ਹੋਈ ਉਸਦੀ ਰੇਹੜੀ ਸਾਰੀ ਕਹਾਣੀ ਬਿਆਨ ਕਰ ਰਹੀਆਂ ਸਨ..!
ਹੁਣ ਮੈਨੂੰ ਆਪਣਾ ਆਪ ਚੋਰ ਵੀ ਤੇ ਕਾਤਿਲ ਵੀ ਲੱਗ ਰਿਹਾ ਸੀ..
ਸਾਰੀ ਉਮਰ ਵੈਸ਼ਨੂੰ ਭੋਜਨ ਖਾਣ ਵਾਲੀ ਨੂੰ ਇੰਝ ਲੱਗ ਰਿਹਾ ਸੀ ਜਿੱਦਾਂ ਮੈਂ ਇੱਕ ਜਿਉਂਦਾ ਜਾਗਦਾ ਇਨਸਾਨ ਨਿਗਲ ਗਈ ਹੋਵਾਂ..!

ਸੋ ਦੋਸਤੋ ਇਹ ਤਾਂ ਸੀ ਲੰਘੇ ਮਾਰਚ ਦੇਸ਼ ਦੇ ਕੁਝ ਹਿੱਸਿਆਂ ਵਿਚ ਵਗੀ ਜਨੂੰਨੀ ਹਨੇਰੀ ਦੇ ਦੌਰਾਨ ਵਾਪਰੀ ਇੱਕ ਸੱਚੀ ਘਟਨਾ ਦਾ ਵੇਰਵਾ ਪਰ ਸਵੈ-ਚਿੰਤਨ ਕੀਤਿਆਂ ਏਨੀ ਗੱਲ ਤੇ ਸਾਫ ਹੋ ਜਾਂਦੀ ਏ ਕੇ ਸਾਡੇ ਆਪਣੇ ਘਰਾਂ ਵਿਚ ਜਦੋਂ ਕਦੇ ਕੋਈ ਕੀਮਤੀ ਚੀਜ ਅੱਖੋਂ ਓਹਲੇ ਹੋ ਜਾਵੇ ਤਾਂ ਪਹਿਲਾ ਸ਼ੱਕ ਚਿਰਾਂ ਤੋਂ ਪੋਚੇ ਲਾਉਂਦੀ ਕੰਮ ਵਾਲੀ ਤੇ ਹੀ ਜਾਂਦਾ ਏ..!

ਹਰਪ੍ਰੀਤ ਸਿੰਘ ਜਵੰਦਾ

...
...

ਗਰਮੀ ਦਾ ਮੌਸਮ ਸੀ ਅਗਲੇ ਮਹੀਨੇ ਬੱਚਿਆ ਨੂੰ ਸਕੂਲ ਵਿੱਚੋ ਛੁੱਟੀਆ ਹੋਣੀਆ ਸਨ ਇਸ ਵਾਰ ਉਹਨਾ ਦੀ ਜਿਦ ਸੀ ਕੀ ਉਹਨਾ ਨੂੰ ਪਿਕਨਿਕ ਮਨਾਉਣ ਲਈ ਜੰਗਲ ਵਿੱਚ ਲਿਜਾਇਆ ਜਾਵੇ ਆਖਰ ਉਹ ਦਿਨ ਵੀ ਆਗਿਆ ਅਸੀ ਅਪਣੀ ਕਾਰ ਲੈ ਕੇ ਅਪਣੇ ਸਫਰ ਉੱਤੇ ਨਿੱਕਲ ਗਏ ਅਸੀ ਉੱਥੇ ਅਪਣੀ ਐਟਰੀ ਕਰਵਾਈ ਤੇ ਅੰਦਰ ਚਲੇ ਗਏ ਹੌਲੀ ਹੌਲੀ ਸਮਾਂ ਬੀਤਦਾ ਗਿਆ ਤੇ ਛੁੱਟੀਆਂ ਵੀ ਖਤਮ ਹੁੰਦੀਆ ਚਲੀਆਂ ਗਈਆ ਤੇ ਵਾਪਸੀ ਦਾ ਸਮਾਂ ਆ ਗਿਆ ਅਸੀ ਆਪਣੇ ਜਾਣ ਦੀ ਤਿਆਰੀ ਕਰਨ ਲੱਗੇ ਅਸੀ ਅਪਣਾ ਸਮਾਨ ਗੱਡੀ ਦੀ ਡਿੱਗੀ ਵਿੱਚ ਰੱਖਣ ਲੱਗੇ ਐਨੇ ਵਿੱਚ ਜੰਗਲ ਵਿੱਚ ਕਿਤੇ ਅੱਗ ਲੱਗ ਗਈ ਸਾਡਾ ਧਿਆਨ ਉਸ ਵੱਲ ਚਲਾ ਗਿਆ ਨੀਲੇ ਅੰਬਰ ਨੂੰ ਧੂੰਏ ਨੇ ਚਾਰੇ ਪਾਸੇ ਤੋ ਘੇਰ ਲਿਆ ਸੀ ਇਹ ਦੇਖਕੇ ਅਸੀ ਜਲਦੀ ਜਲਦੀ ਵਿੱਚ ਸਮਾਨ ਰੱਖਿਆ ਤੇ ਉੱਥੇ ਤੋ ਘਰ ਨੂੰ ਰਵਾਨਾ ਹੋ ਗਏ ਕਾਫੀ ਸਫਰ ਕਰਨ ਮਗਰੋ ਅਸੀ ਆਖਰ ਘਰ ਪਹੁੰਚ ਗਏ ਨੌਕਰ ਨੂੰ ਸਮਾਨ ਉੱਤਾਰਨ ਲਈ ਕਹਿ ਕੇ ਅਸੀ ਅੰਦਰ ਚਲੇ ਗਏ, ਥੋੜੀ ਦੇਰ ਬਾਅਦ ਨੌਕਰ ਭੱਜਦਾ ਹੋਇਆ ਆਇਆ ਤੇ ਕਹਿਣ ਲੱਗਾ ਸਾਹਬ ਜੀ ਬਾਹਰ ਗਾਡੀ ਮੈ ਇਕ ਬੱਚਾ ਹੈ ਇਹ ਸੁਣਕੇ ਮੈ ਉਸ ਨਾਲ ਗੱਡੀ ਕੋਲ ਚਲਾ ਗਿਆ ਮੈ ਦੇਖਿਆ ਤਾ ਉਹ ਲੂਬੜੀ ਦਾ ਬੱਚਾ ਸੀ ਮੈ ਨੌਕਰ ਨੂੰ ਕਹਿਕੇ ਉਹਨੂੰ ਪਿੰਜਰੇ ਵਿੱਚ ਬੰਦ ਕਰਵਾ ਦਿੱਤਾ ਮੈਨੂੰ ਇਹ ਸਮਝ ਨਹੀ ਆ ਰਹੀ ਸੀ ਕੀ ਉਹ ਬੱਚਾ ਗੱਡੀ ਵਿੱਚ ਆਇਆ ਕਿੱਥੋਂ ਥੋੜ੍ਹਾ ਜੋਰ ਪਾਇਆ ਤਾ ਯਾਦ ਆਇਆ ਕਿ ਜਿਸ ਸਮੇ ਜੰਗਲ ਵਿੱਚ ਅੱਗ ਲੱਗੀ ਸੀ ਸਾਈਦ ਉਸ ਸਮੇ ਇਹ ਗੱਡੀ ਵਿੱਚ ਆ ਗਿਆ ਹੋਵੇਗਾ ਇਸ ਤੋ ਬਾਅਦ ਮੈ ਅਪਣੇ ਕਮਰੇ ਵਿੱਚ ਚਲਾ ਗਿਆ ਕਈ ਦਿਨ ਬੀਤ ਗਏ ਸਨ ਮੈ ਅਪਣੇ ਕੰਮ ਵਿੱਚ ਵਿਅਸਤ ਹੋ ਗਿਆ ਮੇਰੇ ਬੱਚੇ ਸਕੂਲ ਤੋ ਆ ਕੇ ਲੂਬੜੀ ਨਾਲ ਖੇਡਣ ਲੱਗ ਜਾਦੇ ਸਨ ਹੋਲੀ ਹੋਲੀ ਉਹਨਾ ਵਿੱਚਕਾਰ ਇਕ ਰਿਸ਼ਤਾ ਬਣ ਗਿਆ ਸੀ ਉਹ ਲੂਬੜੀ ਨੂੰ ਅੰਦਰ ਲੈ ਆਉਣ ਦੀ ਜਿੱਦ ਕਰਨ ਲੱਗੇ ਮੈ ਲੱਖ ਵਾਰ ਨਾ ਕੀਤਾ ਪਰ ਉਹਨਾ ਦੀ ਜਿੱਦ ਅੱਗੇ ਹਾਰ ਗਿਆ ਅਗਲੇ ਦਿਨ ਲੂਬੜੀ ਨੂੰ ਨਹਿਲਾਉਣ ਲਈ ਨੌਕਰ ਨੂੰ ਕਿਹਾ ਉਸਨੇ ਆਪਣਾ ਕੰਮ ਬਾਖੂਬੀ ਨਿਭਾਇਆ ਨਹਿਲਾਉਣ ਮਗਰੋ ਉਸਨੂੰ ਉਸਦੇ ਸਾਈਜ ਦੇ ਕੱਪੜੇ ਪਵਾ ਦਿੱਤੇ ਜਿਸ ਨਾਲ ਉਹ ਸੁੰਦਰ ਦਿੱਸਣ ਲੱਗ ਗਈ ਸੀ ਅਤੇ ਫਿਰ ਮੈ ਉਹਨੂੰ ਅੰਦਰ ਲੈ ਗਿਆ ਬੱਚਿਆ ਨੂੰ ਸਪਰਾਈਜ਼ ਦੇਣ ਲਈ ਉਹਨਾ ਦੇ ਕਮਰੇ ਦਾ ਦਰਵਾਜ਼ਾ ਖੋਲਿਆ ਤਾ ਉਹ ਪੜ ਰਹੇ ਸਨ ਮੈ ਉਹਨਾ ਨੂੰ ਡਿਸਟਰਬ ਨਹੀ ਕਰਨਾ ਚਾਹੁੰਦਾ ਸੀ ਇਸ ਲਈ ਮੈ ਲੂਬੜੀ ਨੂੰ ਘਰ ਦੇ ਹਾਲ ਵਿਚ ਲਿਆਇਆ ਜਿੱਥੇ ਚਾਰੇ ਪਾਸੇ ਮੂੰਹ ਦੇਖਣ ਵਾਾਲੇ ਦਰਪਣ ਲੱਗੇ ਹੋੋਏ ਸਨ ਤੇ ਮੈਨੂੰ ਮੇਰੀ ਵਾਈਫ ਦੀ ਆਵਾਜ਼ ਆਈ ਤਾ ਮੈ ਚਲਾ ਗਿਆ ਹੁਣ ਲੂੂਬੜੀ ਹਾਲ ਵਿੱਚ ਇਕੱਲੀ ਸੀ ਉਹ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇੇੇਖ ਬਹੁਤ ਹੈਰਾਨ ਹੋਈ ਉਹ ਅਪਣੇ ਚਤੁਰ ਦਿਮਾਗ ਨਾਲ ਸੋਚਣ ਲੱਗੀ ਕੀ ਉਸ ਵਰਗੀਆ ਕਿੰਨੀਆ ਲੂਬੜੀਆ ਇੱਥੇ ਰਹਿ ਰਹੀਆ ਹਨ ਅਤੇ ਮੇਰੇ ਨਾਲੋਂ ਜ਼ਿਆਦਾ ਖੁਬਸੂਰਤ ਹਨ ਹਾਲਾਂਕਿ ਉਹ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇੇੇਖ ਰਹਿ ਸੀ ਉਸਨੇ ਬਾਕੀ ਲੂਬੜੀ ਦੀ ਖੁੁੁਬਸੂਰਤੀ ਖਤਮ ਕਰਨ ਭੱਜਕੇ ਜਾ ਕੇ ਉਸਨੂੰ ਟੱਕਰ ਮਾਰਨ ਬਾਰ ਸੋਚੇਆ ਫਿਰ ਉਹ ਟੱਕਰ ਮਾਰਨ ਲਈ ਭੱਜੀ ਤੇ ਉਸਨੇ ਵੇੇੇਖੇਆ ਕੀ ਦੂਸਰੀ ਲੂਬੜੀ ਵੀ ਉਸ ਵੱਲ ਭੱਜਕੇ ਆ ਰਹੀ ਹੈ ਤੇ ਉਹ ਹੋਰ ਤੇਜ ਹੋੋ ਗਈ ਤੇ ਸ਼ੀਸ਼ੇ ਕੋਲ ਜਾ ਕੇ ਅਪਣਾ ਸਿਰ ਮੂਹਰੇ ਕਰ ਦਿੱਤਾ ਜਿਸ ਨਾਲ ਉਸਦੇ ਸਿਰ ਉੱਤੇ ਸੱਟ ਵੱੱਜੀ ਉਹ ਖੜੀ ਹੋਈ ਤੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇੇੇਖ ਕੇ ਬਹੁਤ ਖੁੁਸ਼ ਹੋਈ ਕਿਉਕਿ ਉਸਦਾ ਸਿਰ ਉੱਤੇ ਗੂਮੜ ਹੋ ਗਿਆ ਸੀ

ਸਿੱਖਿਆ : ਕਦੇ ਵੀ ਅਪਣੇ ਆਪ ਨੂੰ ਕਿਸੇ ਨਾਲੋ ਘੱਟ ਨਾ ਸਮਝੋ ਤੁਸੀ ਉਹ ਸਭ ਕੁਝ ਕਰ ਸਕਦੇ ਹੋ ਜੋ ਹਰ ਇਨਸਾਨ ਕਰ ਸਕਦਾ ਹੈ ਕਦੇ ਵੀ ਆਪਣੇ ਆਪ ਨੂੰ ਕਿਸੇ ਨਾਲ ਤੋਲੋ ਨਾ ਇਸ ਨਾਲ ਤੁਸੀ ਆਪਣੀ ਨਿਗਾ ਵਿੱਚ ਆਪ ਗਿਰ ਜਾਵੋਗੇ ਇਸ ਲਈ ਆਪਣੇ ਤੇ ਭਰੋਸਾ ਰੱਖੋ

ਜਸਵਿੰਦਰ ਸਿੰਘ ਬਾੜੂ

...
...

ਪਿੰਡ ਬੁਲਾਰਾ ਜੋ ਕੀ ਲੁਧਿਆਣਾ ਸ਼ਹਿਰ ਵਿੱਚ ਵਿੱਚ ਹੈ | ਓਸ ਪਿੰਡ ਵਿੱਚ ਸਰਦਾਰ ਮਗਰ ਸਿੰਘ ਗਿੱਲ ਰਹਿੰਦਾ ਸੀ | ਮਗਰ ਸਿੰਘ ਦੇ ਪੁੱਤ ਦਾ ਨਾਂ ਹਰਬਖਸ਼ ਸਿੰਘ ਗਿੱਲ ਸੀ | ਓ ਉਸ ਦੇ ਬਚਪਨ ਵਿੱਚ ਉਸ ਨੂੰ ਖਿਡਾਉਣ ਲਈ ਪਿੰਡ ਦੇ ਬੋਹੜ ਤੇ ਟੰਗੀ ਹੋਈ ਪੀਂਗ ਤੇ ਖਿਡਾਉਣ ਲੈ ਜਾਂਦਾ| ਮਗਰ ਸਿੰਘ ਦੇ ਪੁੱਤ ਦਾ ਬਚਪਨ ਓਸੇ ਬੋੜ ਦੀ ਪੀਂਗ ਤੇ ਬੀਤਿਆ | ਮਗਰ ਸਿੰਘ ਦਾ ਇਕੋ ਇੱਕ ਪੁੱਤ ਸੀ ਉਸ ਦਾ ਪੁੱਤ ਜੋ ਵੀ ਮੰਗ ਰੱਖਦਾ ਓ ਪਹਿਲੇ ਬੋਲ ਪੂਰੀ ਕਰ ਦਿੰਦਾ |
ਹਰਬਖਸ਼ ਸਿੰਘ ਤੇ ਜਵਾਨੀ ਚੜ ਰਹੀ ਸੀ | ਸਿਆਣੇ ਕਹਿੰਦੇ ਨੇ ਕੇ ਚੜਦੀ ਜਵਾਨੀ ਚ ਜੇ ਮਾੜੀ ਸੰਗਤ ਨਾਲ ਮੇਲ ਹੋ ਜਾਵੇ ਤਾਂ ਬੰਦੇ ਦੀ ਜ਼ਿੰਦਕੀ ਤਬਾਹ ਹੋ ਜਾਂਦੀ ਹੈ
ਇਹਦਾਂ ਹੀ ਹਰਬਖਸ਼ ਸਿੰਘ ਨਾਲ ਹੋਇਆ ਓ ਮਾਪੇਆ ਦਾ ਲਾਡਲਾ ਪੁੱਤ ਸੀ ਓਸ ਨੂੰ ਪੈਸੇ ਘਰੋਂ ਮਿਲਦੇ ਰਹਿੰਦੇ.

ਵੇਹਲਾ ਮਨ ਸ਼ੈਤਾਨ ਦਾ ਘਰ

ਓਸ ਨੇ ਆਪਣੇ ਯਾਰਾਂ ਨਾਲ ਮਿਲ ਕੇ ਪਹਿਲੀ ਵਾਰ ਸਿਗਰੇਟ ਪੀਤੀ ਓਸ ਨੂੰ ਨਸ਼ਾ ਕਰਕੇ ਇਹਦਾ ਲਗਦਾ ਜਿਵੇੰ ਕੀ ਉਹਨੂੰ ਸਵਰਗ ਮਿਲ ਗਿਆ ਹੋਵੇ | ਓਸ ਦਾ ਹੌਲੀ ਹੌਲੀ ਪ੍ਰਮੋਸ਼ਨ ਹੁੰਦਾ ਰਿਹਾ ਓਸ ਨੇ ਇੱਕ ਦਿਨ ਚਿੱਟੇ ਦਾ ਟਿੱਕਾ ਲਾਇਆ ਓ ਇੱਕ ਦਿਨ ਵਿੱਚ ਚਾਰ ਤੋਂ ਪੰਜ ਹਜਾਰ ਦਾ ਨਸ਼ਾ ਖਾਣ ਲਗ ਗਿਆ
ਓ ਘਰਦਿਆਂ ਦਾ ਇਹਡਾ ਵੀ ਲਾਡਲਾ ਨਈਂ ਸੀ ਕੇ ਓ ਹਰਬਖਸ਼ ਸਿੰਘ ਨੂੰ ਇੱਕ ਦਿਨ ਵਿੱਚ ਚਾਰ ਪੰਜ ਹਜਾਰ ਰੁਪਏ ਦੇ ਦੇਣ | ਹਰਬਖਸ਼ ਸਿੰਘ ਨੇ ਘਰ ਦਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਓਸ ਦੇ ਘਰਦੇ ਹਲਾਤ ਬਓਤ ਜਿਆਦਾ ਖਰਾਬ ਹੋ ਗਏ ਸੀ | ਓਸ ਦੇ ਵਿੱਚ ਪਿਆਰ ਨਾਮ ਦੀ ਚੀਜ਼ ਮੁਕ ਗਈ ਸੀ ਮਾਂ ਦੇ ਚਿੱਟੇ ਪੁੱਤ ਨੂੰ ਚਿੱਟੇ ਨੇ ਤਬਾਹ ਕਰਤਾ
ਓਸ ਨੇ ਆਪਣੀ ਮਾਂ ਤੋਂ ਪੈਸੇ ਮੰਗੇ ਓਸ ਨੇ ਕਿਆ ਪੁੱਤ ਮੇਰੇ ਕੋਲ ਹੈਨੀ ਤਾਂ ਓਹਨੇ ਗੁਸੇ ਵਿੱਚ ਆਪਣੀ ਮਾਂ ਨੂੰ
ਇਹੋ ਹੱਦ ਤੱਕ ਕੁੱਟੇਆ ਕੀ ਉਸ ਦੀ ਮਾਂ ਦੀਆਂ ਪਸਲੀਆਂ ਬੈਠ ਗਈਆ ਸਮਾਂ ਠੰਡ ਦਾ ਸੀ ਜਿਹੜੀ ਚੀਸਾ ਦਾ ਦਰਦ ਹਰਬਖਸ਼ ਸਿੰਘ ਦੀ ਮਾਂ ਨੇ ਸਿਆ ਉਸ ਨੂੰ ਬਿਆਨ ਨੀਂ ਕਰ ਸਕਦੇ

ਮਾਂ ਨੇ ਕਿਆ ਪੁੱਤ ਤੇਰੇ ਪਿਓ ਦੀ ਜਵਾਨੀ ਨੇ ਮੇਰੀ ਜ਼ਿੰਦਕੀ ਸ਼ਰਾਬ ਨੇ ਖਰਾਬ ਕਰਤੀ
ਬੁੱਢਾਪੇ ਵਿੱਚ ਤੇਰੇ ਚਿੱਟੇ ਨੇ ਜ਼ਿੰਦਕੀ ਤਬਾਹ ਕਰਤੀ

ਓਹਨਾ ਦੇ ਘਰ ਦੇ ਚੁੱਲ੍ਹੇ ਵਿੱਚ ਰੋਟੀ ਪਕਣੋਂ ਵੀ ਰੁਕ ਗਈ ਸੀ ਓਸ ਦੇ ਘਰ ਦੇ ਇਹੋ ਹੱਦ ਤੱਕ ਹਲਾਤ ਖਰਾਬ ਹੁੰਦੇ ਗਏ ਜੋ ਸਰੋਂ ਦੇ ਸਾਗ ਨਾਲ ਰੋਟੀ ਖਾਂਦੇ ਸੀ ਅੱਜ ਓਹਨਾ ਨੂੰ ਰੁਖੀ ਰੋਟੀ ਵੀ ਨਸੀਬ ਨਈਂ ਹੋ ਰਹੀ ਸੀ | ਓਸ ਦੇ ਬਾਪੂ ਤੇ ਕਰਜੇ ਦਾ ਭਾਰ ਬਹੁਤ ਵਧ ਗਿਆ ਸੀ ਮਗਰ ਸਿੰਘ ਨੇ ਨਸ਼ੇੜੀ ਪੁੱਤ ਕਰਕੇ ਪਿੰਡ ਦੇ ਓਸੇ ਬੋਹੜ ਤੇ ਫਾਹਾ ਲੈ ਲਿਆ ਜਿਸ ਤੇ ਓ ਆਪਣੇ ਪੁੱਤ ਨੂੰ ਖਡਾਉਦਾਂ ਸੀ..

ਹਰਜੋਤ

...
...

ਲੈ ਸੁਣ ਲਾ ਭੀਮੇ ਅਮਲੀ ਦੀ 👉😜
ਪਤੰਦਰ ਭੁੱਕੀ ਬਾਹਲੀ ਖਾ ਲੈਂਦਾ ਫਿਰ ਇਧਰ ਓਧਰ ਦੀਆਂ ਊਈ ਮਾਰੀ ਜਾਊ । ਇੱਕ ਹੈਗਾ ਵੀ ਘਤਿੱਤੀ ਵਾਲਾ ਆ । ਜਿੱਥੇ ਜਾਂਦਾ ਕੁੱਟ ਖਾ ਕੇ ਈ ਆਉਂਦਾ ਊ ਕਈ ਵਾਰ ਵਧੀਆ ਸਕੀਮ ਵੀ ਲਾ ਜਾਂਦਾ ।
ਆਹ ਥੋੜੇ ਦਿਨਾਂ ਦੀ ਗੱਲ ਆ ਸਾਡੇ ਪਿੰਡ ਖੇਤਾਂ ਆਲਿਆਂ ਦੇ ਰੋਹੀ ਸ਼ਹੀਦਾਂ ਦੇ ਮਟ ਤੇ ਅਖੰਡ ਪਾਠ ਖੁਲਵਾਇਆ ਸੀ ।
ਭੋਗ ਆਲੇ ਦਿਨ ਭੀਮਾਂ ਅਮਲੀ ਸਾਜਰੇ ਈ ਮਾਰ ਕੇ ਦੋ ਵਾਟੇ ਚਾਹ☕ ਦੇ ਅੰਦਰ ਤੇ ਖਾ ਕੇ ਪਾਇਆ ਭੁੱਕੀ । ਨਹਾ ਕੇ ਤਿਆਰ ਹੋ ਕੇ ਚੱਲ ਪਿਆ ਓਧਰ ਨੂੰ ਵੀ ਅੱਜ ਲੰਗਰ ਪਾਣੀ ਓਥੇਂ ਈ ਸਕਾ ਗੇ ।
ਚਲਾ ਗਿਆ ਭਾਈ ਜਾ ਕੇ ਪਹਿਲਾਂ ਤੇ ਕੌਲਾ ਚਾਹ ਦਾ ਹੋਰ ਮਾਰਿਆ ਅੰਦਰ । ਓਥੇ ਜਦੋਂ ਲੰਗਰ ਸਕਾਉਣ ਲਈ ਟਾਟ ਜੇ ਵਸਾਉਣ ਲੱਗੇ ਇਹ ਆਵਦੀਆਂ ਈ ਸਕੀਮਾਂ ਦਈ ਜਾਵੇ ਵੀ ਏਧਰ ਨੀ ਓਧਰ ਨੂੰ ਵਿਸਾਓ ਆਏ ਕਰੋ ਜੌ ਕਰੋ । ਜਦੋਂ ਵੀ ਕੋਈ ਕੰਮ ਕਰਦਾ ਹੋਇਆ ਕਰੇ ਉਸਨੂੰ ਟੋਕਣ ਲੱਗ ਜਿਆ ਕਰੇ ਅਖੇ ਆਏ ਨੀ ਆਏ ਆ । ਸੇਵਾ ਕਰਨ ਵਾਲੇ ਮੁੰਡੇ ਇਹ ਤੇ ਅੱਕੇ ਫਿਰਨ ਪਰ ਫਿਰ ਪਾਸਾ ਜਿਆ ਵੱਟ ਜਿਆ ਕਰਨ ਵੀ ਕੀ ਕਹਿਣਾ । ਊ ਉਹਨਾਂ ਨੂੰ ਪਤਾ ਸੀ ਵੀ ਇਹ ਅੱਜ ਖਾ ਕੇ ਈ ਜਾਊ ।👉😜😜
ਜਦੋਂ ਚੱਲਿਆ 🍜🌯ਲੰਗਰ ਇਹ ਵੀ ਲੋਟ ਜਿਆ ਹੋ ਕੇ ਬਹਿ ਗਿਆ ਲਾਈਨ ਚ । ਮੁੰਡਾ ਫੁਲਕੇ ਵਰਤਾਉਣ ਵਾਲਾ ਮੁੰਡਾ ਜਦ ਆਇਆ ਇਹਦੇ ਕੋਲ ਪਹਿਲਾਂ ਤੇ ਉਹਨੂੰ ਕਹਿੰਦਾ ਗਰਮ ਜੇ ਕੱਢ ਕੇ ਦਈ ਚੱਲੇ ਉਹਨੇਂ ਫੜਾ ਤੇ ਉਹਨੂੰ ਬਣਾ ਸਵਾਰ ਕੇ ਕਹਿੰਦਾ ਆਏ ਨੀ ਫੜਾਈ ਦੇ ਹੁੰਦੇ ਥੋੜਾ ਨੀਵਾਂ ਹੋ ਕੇ ਫੜਾਇਆ ਕਰੋ ਡਿੱਗ ਜਾਂਦਾ ਹੁੰਦਾ । ਚੱਲ ਭਾਈ ਉਹ ਤੇ ਤੁਰ ਗਿਆ ਮਗਰ ਈ ਉਹਦੇ ਦਾਲ ਵਾਲਾ ਸੀ ਉਹਨੇਂ ਪਹਿਲਾਂ ਈ ਕੜਛੀ ਕੌਲੀ ਦੇ ਨੇੜੇ ਕਰਕੇ ਦਾਲ ਪਾਤੀ ਵੀ ਬਾਅਦ ਫਿਰ ਕਹੂ ਵੀ ਨੀਵੇਂ ਹੋ ਕੇ ਪਾਇਆ ਕਰੋ , ਇਹ ਪਤੰਦਰ ਉਹਨੂੰ ਕਹਿੰਦਾ ਏਨੀਂ ਨੇੜੇ ਕਰਕੇ ਨੀ ਕੜਛੀ ਦਾਲ ਪਾਈਦੀ ਹੁੰਦੀ ਕਈ ਵਾਰ ਕੌਲੀ ਜੂਠੀ ਹੁੰਦੀ ਏ , ਨਾਲ ਈ ਕਹਿੰਦਾ ਇੱਕ ਕੜਛੀ ਹੋਰ ਪਾ ਦੇ ਦਾਲ ਦੀ ਉਹਨੇਂ ਭਾਈ ਉੱਚੀ ਜਹੀ ਰੱਖ ਕੇ ਪਾਤੀ । ਬਣਾ ਸਵਾਰ ਕੇ ਉਹਨੂੰ ਕਹਿੰਦਾ ਏਨੀ ਉੱਚੀ ਨੀ ਕਰਨੀ ਆਏ ਫਿਰ ਸਿੱਟੇ ਪੈਂਦੇ ਉੱਪਰ ਪੈਂਦੇ 😂। ਉਹਨੇਂ ਅੱਕੇ ਵੇ ਨੇ ਕੜਛੀ ਈ ਮੂੰਹ ਤੇ ਮਾਰੀ ਕਹਿੰਦਾ ਤੂੰ ਈ ਨੀ ਲੋਟ ਆਉਂਦਾ ਤੇ ਲੈ ਲਿਆ ਗੋਡਿਆਂ ਥੱਲੇ ਓਦੋੰ ਨੂੰ ਦੂਜੇ ਵੀ ਆਗੇ ਪੈਣ ਦੇ ਜਿੱਥੇ ਪੈਂਦੀ ਆ ਫਿਰ 🤜👊👊👊 ਮਾਰ ਮਾਰ ਮੁੱਕੀਆਂ ਚੰਗਾ ਸੁਜਾ ਤਾ ਆਏ ਖੜਕੇ ਜਿਵੇਂ ਟੀਨ ਆਲਾ ਪੀਪਾ ਖੜਕਦਾ ਹੁੰਦਾ ,,ਚੱਲ ਸਿਆਣੇ ਬੰਦਿਆਂ ਨੇ ਸੁਡਾ ਤਾ ਵੀ ਛੱਡੋ ਇਹ ਤੇ ਜਿਹੋ ਜਿਆ ਹੈਗਾ ਠੀਕ ਏ ।
ਖਾ ਖੂ ਕੇ ਕੁੱਟ ਰੇਲ ਦੀ ਸਪੀਡ ਆਂਗੂ ਸਾਇਕਲ🚴‍♂️🚴‍♂️ ਪਿੰਡ ਵੱਲ ਨੂੰ ਖਿੱਚੀ ਆਵੇ ।
ਆ ਕੇ ਪਿੰਡ ਸਿੱਧਾ ਵੱਜਿਆ ਡਾਕਟਰ ਦੇ ਉਹਨੂੰ ਕਹਿੰਦਾ ਦਰਦਾ ਦਾ ਟੀਕਾ ਲਾ ਦੇ । ਉਹਨੇ ਸਰਿੰਜ ਭਰਲੀ ਪਹਿਲਾਂ ਤਾਂ ਇਹ ਬਾਹ ਜਹੀ ਤਾਹ ਨੂੰ ਚੜਾਈ ਜਾਵੇ ਫਿਰ ਪਤਾ ਨੀ ਕੀ ਔੜ ਗੀ ਮੂੰਧਾ ਪੈ ਗਿਆ ਵੀ ਚਿੱਤੜਾਂ ਤੇ ਲਵਾ ਲੂ 😂। ਜਦੋਂ ਡਾਕਟਰ ਲਾਉਣ ਲੱਗਾ ਕਹਿੰਦਾ ਰੁਕਜੋ ਰੁਕਜੋ ਬਾਹ ਤੇ ਈ ਲਾਇਓ ਆਏ ਕਹਿ ਕੇ ਉੱਠਣ ਈ ਲੱਗਾ ਸੀ ਡਾਕਟਰ ਨੇ ਓਵੇਂ ਈ ਜਿੱਥੇ ਜੇ ਲੋਟ ਆਇਆ ਗੱਡ ਤਾ 👉😜।
ਬਾਆਦ ਚ ਚਾਰ ਦਿਨ ਘਰੋਂ ਈ ਨੀ ਨਿੱਕਲਿਆ ਨਾਲੇ ਤੇ ਕੁੱਟੇ ਵੇ ਹੱਡ ਦੁਖਦੇ ਸੀ ਨਾਲੇ ਟੀਕਾ ਦੁਖੇ 👉😂😜😎
ਲੱਕੀ ਗਿੱਲ

...
...

ਜੰਮੂ ਤੋਂ ਆਖਰੀ ਬੱਸ ਮਿੱਥੇ ਟਾਈਮ ਤੋਂ ਕਾਫੀ ਲੇਟ ਆਈ ਸੀ..
ਬਹੁਤ ਘੱਟ ਸਵਾਰੀਆਂ ਉੱਤਰੀਆਂ..ਹੌਲੀ ਜਿਹੀ ਉਮਰ ਦੀ ਇੱਕ ਕੁੜੀ ਏਧਰ ਓਧਰ ਤੱਕ ਰਹੀ ਸੀ!
ਆਟੋ ਉਸਦੇ ਕੋਲ ਹੀ ਲੈ ਗਿਆ..
ਪੁੱਛਿਆ ਕਿਥੇ ਜਾਣਾ?..ਆਖਣ ਲੱਗੀ “ਕਿਸੇ ਨੇ ਲੈਣ ਆਉਣਾ..ਸ਼ੁਕਰੀਆ”
ਕੱਲੀ ਕਾਰੀ ਕੁੜੀ..ਉੱਤੋਂ ਸਿਆਲਾਂ ਦੀ ਸ਼ਾਮ..ਫੋਨ ਵੀ ਨਹੀਂ ਸੀ ਕੋਲ ਉਸਦੇ..!
ਮੈਂ ਆਟੋ ਓਥੇ ਹੀ ਖਲਿਆਰੀ ਰੱਖਿਆ..
ਕੁਝ ਚਿਰ ਓਥੇ ਖਲੋਤੀ ਉਡੀਕਦੀ ਰਹੀ ਫੇਰ ਆਪ ਹੀ ਮੇਰੇ ਕੋਲ ਆ ਕੇ ਆਖਣ ਲੱਗੀ ਕੇ ਰੇਲਵੇ ਸਟੇਸ਼ਨ ਸਾਮਣੇ ਹੋਟਲ ਜਾਣਾ..
ਪਿਛਲੀ ਸੀਟ ਤੇ ਬੈਠੀ ਦੇ ਹਾਵ ਭਾਵ ਵੇਖ ਤਰੀਕੇ ਜਿਹੇ ਨਾਲ ਕੁਝ ਸਵਾਲ ਪੁੱਛ ਲਏ
ਸ਼੍ਰੀਨਗਰ ਤੋਂ ਇਥੇ ਕਿਸੇ ਵਾਕਿਫ਼ਕਾਰ ਨੂੰ ਮਿਲਣ ਆਈ ਸੀ..
ਹੁਣ ਮੈਨੂੰ ਅਸਲ ਕਹਾਣੀ ਕੁਝ-ਕੁਝ ਸਮਝ ਵਿਚ ਆਉਣ ਲੱਗੀ..
ਟੇਸ਼ਨ ਲਾਗੇ ਚੋਰ ਬਜਾਰ ਕੋਲ ਬਣੇ ਇੱਕ ਨਿੱਕੇ ਜਿਹੇ ਹੋਟਲ ਅੱਗੇ ਆਟੋ ਰੁਕਵਾ ਲਿਆ..
ਮੈਂ ਸਲਾਹ ਦਿੱਤੀ ਕੇ ਸਮਾਨ ਇਥੇ ਹੀ ਛੱਡ ਜਾ..ਜਦੋਂ ਅਗਲਾ ਮਿਲ ਜਾਵੇ ਤਾਂ ਇਸ਼ਾਰਾ ਕਰ ਦੇਵੀਂ..ਮੈਂ ਅੰਦਰ ਲੈ ਆਵਾਂਗਾ..!
ਕੁਝ ਦੇਰ ਬਾਅਦ ਅੱਖਾਂ ਪੂੰਝਦੀ ਹੋਈ ਆਈ ਤੇ ਮੁੜ ਆਟੋ ਵਿਚ ਆਣ ਬੈਠੀ..ਪੰਝਾਹ ਕੂ ਸਾਲ ਦਾ ਇੱਕ ਭਾਈ ਵੀ ਭੱਜਾ-ਭੱਜਾ ਮਗਰੇ ਹੀ ਆ ਗਿਆ..!
ਕੋਲ ਆ ਕੇ ਆਖਣ ਲੱਗਾ..ਰੁਬੀਨਾ ਮੈਂ ਹੀ ਹਾਂ “ਹੈਦਰ”..ਪ੍ਰੋਫ਼ਾਈਲ ਤੇ ਤਸਵੀਰ ਤਾਂ ਮੇਰੇ ਭਤੀਜੇ ਦੀ ਹੈ..ਪਰ ਮੈਂ ਤੈਨੂੰ ਅਜੇ ਵੀ ਓਨਾ ਹੀ ਪਿਆਰ ਕਰਦਾ ਹਾਂ!
ਏਨੀ ਗੱਲ ਸੁਣ ਮੈਂ ਆਟੋ ਤੋਂ ਹੇਠਾਂ ਉੱਤਰ ਆਇਆ ਤੇ ਉਸ ਵੱਲ ਵਧਿਆ..ਮਸਲਾ ਖੜਾ ਹੁੰਦਾ ਦੇਖ ਉਹ ਵਾਪਿਸ ਮੁੜ ਕਿਧਰੇ ਤੰਗ ਜਿਹੀ ਗਲੀ ਵਿਚ ਅਲੋਪ ਹੋ ਗਿਆ..!
ਹੁਣ ਉਹ ਕੁਝ ਦੇਰ ਖਾਮੋਸ਼ ਬੈਠੀ ਰਹੀ..ਫੇਰ ਪੁੱਛਿਆ “ਹੁਣ ਕਿਥੇ ਜਾਵੇਂਗੀ”?
ਹੁਣ ਉਹ ਗੋਡਿਆਂ ਵਿਚ ਸਿਰ ਦੇ ਕੇ ਰੋਣ ਲੱਗ ਪਈ..ਮੈਂ ਉਸਦੇ ਸਿਰ ਤੇ ਹੱਥ ਫੇਰ ਉਸਦੇ ਪਿਓ ਦਾ ਨਾਮ ਅਤੇ ਨੰਬਰ ਮੰਗਿਆ..
ਫੇਰ ਓਸੇ ਵੇਲੇ ਸ਼੍ਰੀਨਗਰ ਨੂੰ ਫੋਨ ਲਾਇਆ..ਆਖਿਆ “ਮਹਿਮੂਦ ਭਾਈ ਜਾਨ ਅੰਮ੍ਰਿਤਸਰੋਂ ਬੋਲਦਾ ਹਾਂ..ਤੁਹਾਡੀ ਧੀ ਮੇਰੀ ਧੀ ਦੀ ਸਹੇਲੀ ਏ ਤੇ ਸ਼ਾਇਦ ਥੋਨੂੰ ਬਿਨਾ ਦਸਿਆਂ ਹੀ ਇਥੇ ਉਸਨੂੰ ਮਿਲਣ ਇਥੇ ਆ ਗਈ ਏ..
ਇਸ ਵੇਲੇ ਹਿਫਾਜਤ ਨਾਲ ਸਾਡੇ ਕੋਲ ਹੀ ਏ..ਕੋਈ ਫਿਕਰ ਨਾ ਕਰਨਾ”
ਏਨੀ ਗੱਲ ਸੁਣ ਘਰ ਵਿਚ ਪਰਤ ਆਇਆ ਬੇਅੰਤ ਖੁਸ਼ੀ ਦਾ ਮਾਹੌਲ ਫੋਨ ਤੇ ਮੈਨੂੰ ਸਾਫ-ਸਾਫ ਸੁਣਾਈ ਦੇ ਰਿਹਾ ਸੀ..
ਫੇਰ ਜਦੋਂ ਦੁਆਵਾਂ ਅਤੇ ਸ਼ੁਕਰਾਨਿਆਂ ਦਾ ਸਿਲਸਿਲਾ ਮਾੜਾ ਜਿਹਾ ਥੰਮਿਆਂ ਤਾਂ ਮਹਮੂਦ ਆਖਣ ਲੱਗਾ ਕੇ ਉਹ ਅਗਲੀ ਸੁਵੇਰ ਹੀ ਪਹਿਲੀ ਬੱਸੇ ਚੜ ਅਮ੍ਰਿਤਸਰ ਅੱਪੜ ਜਾਵੇਗਾ!
ਫੇਰ ਦੋ ਦਿਨ ਕੋਲ ਹੀ ਰਹੇ..ਜਦੋਂ ਤੀਜੇ ਦਿਨ ਦੋਵੇਂ ਪਿਓ ਧੀ ਜੰਮੂ ਵਾਲੀ ਬਸ ਤੇ ਚੜ੍ਹਨ ਲੱਗੇ ਤਾਂ ਮੇਰੇ ਕੋਲੋਂ ਨਾ ਹੀ ਰਿਹਾ ਗਿਆ..
ਸਾਰੀ ਅਸਲ ਗੱਲ ਦੱਸ ਦਿੱਤੀ..ਹੁਣ ਮਹਮੂਦ ਕੋਲੋਂ ਗੱਲ ਨਾ ਕੀਤੀ ਜਾਵੇ..ਮੇਰੇ ਪੈਰੀਂ ਪੈ ਗਿਆ..ਬੱਸ ਵਾਰ-ਵਾਰ ਏਹੀ ਏਹੀ ਗੱਲ ਆਖੀ ਜਾਵੇ..”ਸ਼ੁਕਰੀਆ ਤੁਹਾਡਾ ਅਤੇ ਤੁਹਾਡੀ ਕੌਮ ਦਾ ਜਿਸਨੇ ਸ਼੍ਰੀਨਗਰ ਦੇ ਇੱਕ ਗਰੀਬ ਮੁਸਲਮਾਨ ਦੀ ਇੱਜਤ ਨੂੰ ਆਪਣੀ ਚਾਦਰ ਨਾਲ ਢੱਕੀ ਰਖਿਆ”..”ਅੱਲਾ ਪਾਕ ਤੁਹਾਡੀ ਝੋਲੀ ਮੇਰੇ ਹਿੱਸੇ ਦੀਆਂ ਸਾਰੀਆਂ ਰਹਿਮਤਾਂ ਨਾਲ ਨੱਕੋ ਨੱਕ ਭਰ ਦੇਵੇੇ..”
ਏਨੇ ਨੂੰ ਕੰਡਕਟਰ ਕਾਹਲਾ ਪੈ ਗਿਆ ਤੇ ਉਸਨੇ ਉਚੀ ਸਾਰੀ ਸੀਟੀ ਮਾਰ ਬੱਸ ਤੋਰ ਲਈ..!
ਅੱਖੋਂ ਓਹਲੇ ਹੁੰਦੀ ਜਾਂਦੀ ਬੱਸ ਦੀ ਬਾਰੀ ਵਿਚੋਂ ਦੂਰ ਤੱਕ ਹਿੱਲਦੇ ਜਾਂਦੇ ਸ਼ੁਕਰਾਨੇ ਵਾਲੇ ਹੱਥਾਂ ਨੂੰ ਵੇਖ ਅੰਦਰੋਂ ਇੱਕ ਵਾਜ ਜਿਹੀ ਨਿੱਕਲੀ ਕੇ “ਭਰਾਵਾਂ ਕਾਹਦਾ ਇਹਸਾਨ..ਮੈਂ ਤੇ ਸਗੋਂ ਖੁਦ ਤੇਰਾ ਸ਼ੁਕਰਗੁਜ਼ਾਰ ਹਾਂ ਜਿਸਨੇ ਮੈਨੂੰ ਪਹਾੜ ਜਿੱਡੇ ਇੱਕ ਉਸ ਕਰਜੇ ਦੀ ਨਿੱਕੀ ਜਿਹੀ ਕਿਸ਼ਤ ਮੋੜਨ ਦਾ ਮੌਕਾ ਬਖਸ਼ਿਆ ਏ ਜਿਹੜਾ ਕੁਝ ਵਰੇ ਪਹਿਲਾਂ ਇੱਕ ਰਹਿਮ ਦਿਲ ਸ਼ੇਖ ਨੇ ਕਨੇਡਾ ਦਾ ਲਾਰਾ ਲਾ ਕੇ ਧੋਖੇ ਨਾਲ ਉਸਦੇ ਮੁਲਖ ਕੁਵੈਤ ਭੇਜ ਦਿੱਤੀ ਗਈ ਮੇਰੀ ਸਕੀ ਭਾਣਜੀ ਨੂੰ ਆਪਣੇ ਖਰਚੇ ਤੇ ਵਾਪਿਸ ਅਮ੍ਰਿਤਸਰ ਭੇਜ ਮੇਰੇ ਸਿਰ ਚਾੜਿਆ ਸੀ!
ਸੋ ਦੋਸਤੋ ਜਿੰਦਗੀ ਵਿੱਚ ਸਿਰ ਚੜੇ ਕੁਝ ਕਰਜੇ ਐਸੇ ਵੀ ਹੁੰਦੇ ਜਿਹਨਾਂ ਦੇ ਵਿਆਜ ਦੀ ਤਾਂ ਗੱਲ ਹੀ ਛੱਡੋ..ਮੂਲ ਦੀ ਪਹਿਲੀ ਕਿਸ਼ਤ ਮੋੜਦਿਆਂ ਹੀ ਉਮਰਾਂ ਲੰਘ ਜਾਂਦੀਆਂ ਨੇ!

ਹਰਪ੍ਰੀਤ ਸਿੰਘ ਜਵੰਦਾ

...
...

ਕੋਈ ਖ਼ਾਸ ਨਹੀਂ ਸੀ ਮੇਰੀ ਜ਼ਿੰਦਗੀ , ਬਸ ਜਿਦਾਂ ਹਵਾ ਵਿੱਚ ਰੁੱਖਾਂ ਦੇ ਪੱਤੇ ਝੂਲਦੇ ਨੇ , ਮੈਂ ਵੀ ਬਿਪਤਾ, ਦੁੱਖਾਂ, ਮੁਸ਼ਕਿਲਾਂ ਵਿੱਚ ਉਦਾ ਹੀ ਝੂਲ ਰਿਹਾ ਸੀ । ਦਿਨ ਚੜ੍ਹਨ ਦੇ ਵਾਵਜੂਦ ਵੀ ਜ਼ਿੰਦਗੀ ਦੀਆਂ ਚਾਰੇ ਦਿਸ਼ਾਵਾਂ ਚ ‘ ਹਨੇਰ ਹੀ ਹਨੇਰ ਦਿਸਦਾ ਸੀ । ਕਰਨਾ ਤਾਂ ਕੁਜ ਹੈਨੀ ਸੀ ਮੈਂ , ਬਸ ਸੋਚਾਂ ਚ ‘ ਹੀ ਪਾ ਕੇ ਸਭ ਗਵਾਅ ਲੈਂਦਾ ਸੀ। ਇਦਾ ਹੀ ਕਾਫ਼ੀ ਸਮਾਂ ਵੇਹਲੇ ਪਣ ਦੀਆਂ ਪੀਘਾਂ ਝੂਟਦਾ ਰਿਹਾ।

ਸਭ ਛੱਡ ਗਏ ਸਾਥ ਮੇਰਾ,
ਵੇਖ ਬੁਰਾ ਹਲਾਤ ਮੇਰਾ।

ਫਿਰ ਮੈਂ ਇੱਕ ਦਿਨ ਦੋ ਪਲ਼ ਲਈ ਖੁਸ਼ੀ (ਸੁੱਖ) ਨੂੰ ਮਿਲਿਆ, ਮੈਂ ਉਸ ਨੂੰ ਕਿਹਾ ਕਿ ਯਰ ਤੂੰ ਕਿੰਨੀ ਖੁਸ਼ਨਸੀਬ ਐ ‘ ਕਿਸਮਤਾਂ ਵਾਲਿਆਂ ਨੂੰ ਹੀ ਮਿਲਦੀ ਆ। ਬਹੁਤ ਹੀ ਖ਼ੂਬਸੂਰਤ ਜਵਾਬ ਸੀ ਉਸਦਾ। ਕਹਿੰਦੀ ਇਦਾ ਦੀ ਕੋਈ ਗੱਲ ਨਹੀਂ ਜਨਾਬ। ਮੈਂ ਤਾਂ ਉਸ ਦੀ ਦੀਵਾਨੀ ਆ, ਜੋ ਮਿਹਨਤਾਂ ਦੇ ਪੁਜਾਰੀ ਨੇ। ਮੇਰੇ ਪੈਰਾਂ ਥੱਲਿਉਂ ਜਮੀਨ ਖਿਸਕੀ , ਸਾਰੇ ਸਰੀਰ ਅੰਦਰ ਭੂਚਾਲ ਦੀ ਤਰ੍ਹਾਂ ਝਟਕਾ ਵੱਜਿਆ ਵੀ “ਦੁੱਖ-ਸੁੱਖ, ਖੁਸ਼ੀ-ਗ਼ਮੀ” ਮਿਹਨਤਾਂ ਨਾਲ ਕੀ ਸਬੰਧ। ਫਿਰ ਖੁਸ਼ੀ ਬੋਲੀ ਐਵੇਂ ਸੋਚ ਸੋਚ ਪਾਗ਼ਲ ਨਾ ਹੋਜੀ, ਜ਼ਰਾ ਸੁਣ ਪੇਟ ਦੀ ਭੁੱਖ ਲਈ ਤੂੰ ਰੋਜ਼ ਰੋਟੀ ਖਾਨਾ ਤੇ ਮੈਨੂੰ ਦਸ ਉਹ ਰੋਟੀ ਸਿੱਧੀ ਆਪਣੇ ਆਪ ਬਣਕੇ ਕਦੇ ਪੇਟ ਚ ਪਈ ਆ । ਉਸ ਰੋਟੀ ਨੂੰ ਤਿਆਰ ਕਰਨ ਤੇ ਕਿੰਨੀ ਮਿਹਨਤ , ਖੇਚਲਾ ਹੋਈ ਕੀ ਕੁਜ ਇਕੱਠਾ ਕਰਨਾ ਪਿਆ , ਸੜਨਾ ਪਿਆ ਫਿਰ ਤੂੰ ਉਸ ਨੂੰ ਚੁੱਕ ਕੇ, ਸਲਾਦ ਨਾਲ਼ ਖਾਂਧੀ ਫਿਰ ਪੇਟ ਭਰ ਹੋਇਆ। ਹੁਣ ਸੋਚ ਤੂੰ ਪਾਗਲਾਂ ਕਿੰਨੀ ਮੇਹਨਤ ਕਰਨ ਤੇ ਪੇਟ ਭਰ ਹੋਇਆ ਤੇ ਮੈਨੂੰ ਪਾਉਣ ਲਈ ਤੂੰ ਕੀਤਾ ਵੀ ਕੀਆ ਜੋ ਤੇਰੇ ਕੋਲ਼ ਆਵਾਂ, ਤੇਰੇ ਸੰਘ ਰਹਾ।
ਕਦੇ ਮੈਨੂੰ ਤੂੰ ਰੱਬ ਤੋਂ ਮੰਗਦਾ, ਕਦੇ ਹੋਰ ਗੁਰੂ ਆ ਪੀਰਾਂ ਤੋਂ ਮੰਗਦਾ । ਯਰ ਤੂੰ ਕੀ ਕੀ ਨੀ ਕਰਦਾ ਜਾਕੇ ਧਾਰਮਿਕ ਸਥਾਨਾਂ ਤੇ , ਫਿਰ ਵੀ ਨੀ ਮੈਂ ਤੈਨੂੰ ਨਸੀਬ ਹੁੰਦੀ। ਮੈਂ ਮੰਗਿਆ ਨਹੀਂ ਮਿਲਣੀ , ਪਾਇਆ ਮਿਲਣੀ ਆ ਪਾਉਣਾ ਪਉ ਮੈਨੂੰ । ਮੰਗਤਾ ਨਾ ਬਣ , ਚਾਹਵਾਨ ਬਣ।
“ਜਿੰਦਾ ਇਸ਼ਕ ਲਈ ਆਸ਼ਕ ਬਣਨਾ ਪੈਦਾ”।
ਇੱਕ ਗੱਲ ਯਾਦ ਰੱਖੀਂ ਦੋ ਭੈਣਾਂ ਤੇ ਦੋ ਭਰਾ ਆ ਅਸੀਂ। ਇੱਕ ਮੈਂ ਖੁਸ਼ੀ ਤੇ ਦੂਜੀ ਗ਼ਮੀ। ਇਸੇ ਤਰ੍ਹਾਂ ਸੁੱਖ, ਦੁੱਖ ਦੋ ਭਰਾ ਨੇ। ਖੁਸ਼ੀ ਤੇ ਸੁੱਖ ਦੀ ਆਪਸੀ ਵਧੀਆ ਬਣਦੀ ਆ , ਓਦਾਂ ਹੀ ਗ਼ਮੀ ਤੇ ਦੁੱਖ ਦੀ। ਅਸੀਂ ਦੋਵੇਂ ਧਿਰ ਇੱਕ ਦੂਜੇ ਦੇ ਵੈਰੀ ਆ ।
ਚੇਤੇ ਕਰ ਦੋਸਤ ਤੇ ਆਪਣੇ ਆਲੇ-ਦੁਆਲੇ ਇੱਕ ਅੱਖ ਦੀ ਪਲਕ ਦੇ ਫੜਕਣ ਜਿੰਨੀ ਝਾਤੀ ਮਾਰ ਕੇ ਵੇਖ ਹਰ ਕਿਸੇ ਦੀ ਜ਼ਿੰਦਗੀ ਵਿੱਚ ਅਸੀਂ ਚਾਰਾਂ ਨੇ ਆਉਣਾ ਹੀ ਆਉਣਾ । ਬਸ ਫ਼ਰਕ ਇਨ੍ਹਾਂ ਕੁ ਆ ਕਦੇ ਓ ਪਹਿਲਾਂ ਆ ਜਾਂਦੇ ਨੇ ਕਦੇ ਅਸੀਂ। ਸਾਡਾ ਆਪਸੀ ਵੀ ਇਹੀ ਵੈਰ ਆ ਕਿ ਅਸੀਂ ਦਿਲ ਵਿੱਚ ਰਹਿਨੇ ਆ ।
ਇੱਕ ਗੱਲ ਹੋਰ ਜਹਿਨ ਚ ‘ ਰੱਖੀ ਦੋਸਤ ਅਸੀਂ ਮਿਹਨਤੀ, ਕਦਰਦਾਨਾਂ , ਹੌਸਲੇ ਵਾਲਿਆ ਦੇ ਬਾਲੀ ਆ। ਗ਼ਮੀ ਤੇ ਦੁੱਖ ਇਹ ਅਯੋਗਤਾ ਦੇ ਯਾਰ ਨੇ।
ਚੱਲ ਚੰਗਾ ਫਿਰ ਮੈਂ ਚੱਲੀ ਹੁਣ ਟਾਈਮ ਹੋ ਗਿਆ। ਫਿਰ ਮਿਲਦੇ ਆ ਕਦੇ ਕਿਸੇ ਨਵੇਂ ਪ੍ਰੇਮੀ ਜੋੜੇ ਦੀ ਪਹਿਲੀ ਮੁਲਾਕਾਤ ਵਾਂਗ। ਮੈਂ ਤੇਰੇ ਬੁਲਾਉਣ ਦਾ ਇੰਤਜ਼ਾਰ ਕਰੂਗੀ , ਨਲੇ ਉਮੀਦ ਕਰੂ ਕਿ ਅਗਲੀ ਵਾਰ ਮੈਨੂੰ ਤੇਰੇ ਕੋਲ਼ ਰਹਿਣ ਲਈ ਲੰਮੇ ਸਮੇਂ ਦਾ ਸਮਾਂ ਮਿਲੂ।
ਦ੍ਰਿੜ੍ਹ ਰਹੀ ਆਪਣੇ ਮਕਸਦ ਵਿੱਚ। ਜਜ਼ਬਾਤੀ ਓਦੋਂ ਬਣੀ ਦਾ ਹੁੰਦਾ, ਜਦੋ ਦਿਲ ਸਾਥ ਦੇਵੇ । ਦਿਲ ਦੀ ਮੰਜ਼ਿਲ ਹੋਰ ਆ ਤੇ ਦਿਮਾਗ ਦੀ ਹੋਰ ਤੇ ਮੇਰੇ ਦੋਸਤ ਤੇਰੀ ਮੰਜ਼ਿਲ ਹੋਰ ਆ। ਏ ਕਹਿ ਖੁਸ਼ੀ ਚਲੀ ਗਈ ਫਿਰ ਉਹੀ ਸ਼ੁਰੂ ਹੋ ਗਿਆ ਜੋ ਪਹਿਲਾ ਸੀ।
ਕੁਜ ਦਿਨ ਲੰਘੇ ਆਖ਼ਰ ਨੂੰ ਮੁੱਕ ਗਏ ਪੰਗੇ। ਪਾਣੀ ਦਾ ਪਾਣੀ ਦੁੱਧ ਦਾ ਦੁੱਧ, ਮੈਂ ਹੀ ਜਾਗਰੂਕਤਾ ਤੋਂ ਗੰਦਲਾ ਸੀ ਕਾਬਲੀਅਤ ਸਫ਼ਲਤਾ ਸੀ ਸ਼ੁੱਧ।
ਹੁਣ ਮੇਰੀ ਸੋਚ ਬਦਲ ਗਈ, ਸੋਚਣ ਦਾ ਅੰਦਾਜ਼ ਬਦਲ ਗਿਆ, ਮੈਂ ਬਦਲ ਗਿਆ। ਕੋਈ ਫ਼ਰਿਸ਼ਤਾ ਮੇਰੀ ਜ਼ਿੰਦਗੀ ਦੇ ਦੀਵੇ ਚ ਤੇਲ ਪਾਕੇ ਜਗਾ ਗਿਆ । ਜ਼ਿੰਦਗੀ ਚ ਹੁਣ ਇੱਕ ਪਾਸਿਓਂ ਚਾਨਣ ਪੈਣ ਲੱਗਾ। ਉਸ ਦਿਨ ਇੱਕ ਗੱਲ ਤਹਿ ਹੋਗੀ ਸੀ। ਮੇਹਨਤ ਨਾਲ ਹੀ ਫ਼ਲ ਹੈ, ਸਵਰ ਨਾਲ ਫ਼ਲ ਮਿੱਠਾ ਹੈ।
ਸੋਚਣ, ਕਹਿਣ ਤੇ ਕਰਨ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ।
ਜ਼ਿੰਦਗੀ ਦਾ ਹਰ ਇੱਕ ਪਲ਼, ਪੜਾਅ ਮੇਹਨਤ ਨਾਲ ਜੁੜਿਆ ਹੈ।
ਭਾਵੇ ਓ ਕੁਜ ਵੀ ਹੋਵੇ । ਆਪਾ ਨੂੰ ਸਾਹ ਆਉਣਾ ਜਾ ਆਪਣਾ ਜਿਉਂਦਾ ਰਹਿਣਾ ਏ ਵੀ ਇੱਕ ਮੇਹਨਤ ਦੀ ਬਦੌਲਤ ਹੈ, ਮਤਲਬ ਆਪਣਾ ਸਰੀਰਕ ਅੰਦਰਲਾ ਸਿਸਟਮ ਮੇਹਨਤ ਕਰ ਰਿਹਾ ਹੈ।
ਇਸ ਲਈ ਖੁਸ਼ੀ ਹੋਵੇ ਮੰਜ਼ਿਲ ਹੋਵੇ , ਚਾਹੇ ਚੀਜ਼ ਹੋਵੇ ਕਾਮਜ਼ਬੀ ਹੋਵੇ , ਮੇਹਨਤ ਤਾਂ ਕਰਨੀ ਹੀ ਪਉ ।

ਮਿਹਨਤ ਬਿਨਾਂ ਮੁੱਲ ਨਹੀਂ,
ਕੱਢੇ ਕਦੇ ਬਣਦੇ ਫੁੱਲ ਨਹੀਂ।
ਮੌਕਾ ਕਿਸੇ ਦਾ ਦੋਸਤ ਨਹੀਂ,
ਸਮੇਂ ਕਿਸੇ ਤੇ ਹੁੰਦੇ ਡੁੱਲ ਨਹੀਂ।

ਜਾਂਦੀ ਜਾਂਦੀ ਖੁਸ਼ੀ ਨੇ ਬੋਲ ਦੋ ਕਹੇ ਕੰਨਾ ਵਿੱਚ ਰਹਿਣ ਗੂੰਜਦੇ,

ਦੁੱਖ ਵੰਡਿਆ ਘੱਟਦਾ,
ਸੁੱਖ ਵੰਡਿਆ ਵਧਦਾ।
ਦੁੱਖ ਸੁੱਖ ਤਾਂ ਤੇਰੇ ਹੱਥ,
ਰੌਲਾ ਨੀ ਕੋਈ ਵੱਟਦਾ।

ਹਰ ਇੱਕ ਖੁਸ਼ੀ ਵਿੱਚ ਮਿਹਨਤ ਦਾ ਰਾਜ ਹੈ।

KJ Singh
ਕੇ.ਜੇ. ਸਿੰਘ
8288888268

...
...

ਇੱਕ ਬੰਦਾ ਆਪਣੇ ਦਫਤਰ ਤੋ ਥਕਾਵਟ ਨਾਲ ਚੂਰ ਹੋ ਕੇ ਅਜੇ ਘਰੇ ਪੈਰ ਪਾਉਣ ਲਗਦਾ । ਉਸ ਨੂੰ ਆਪਣੇ ਘਰ ਵਿੱਚੋਂ ਉੱਚੀ ਉੱਚੀ ਬੋਲਣ ਦੀ ਆਵਾਜ਼ ਆਉਂਦੀ ਆ। ਉਹ ਜਲਦੀ ਜਲਦੀ ਘਰ ਦੇ ਅੰਦਰ ਵੜਦਾ ਕਿ ਦੇਖਦਾ ਕਿ ਉਸਦੀ ਪਤਨੀ ਤੇ ਮਾਤਾ ਕਿਸੇ ਗੱਲ ਤੋਂ ਲੜ ਰਹੀਆ ਹੁੰਦੀਆਂ ।
ਉਹ ਦੋਵਾਂ ਨੂੰ ਚੁੱਪ ਹੋਣ ਲਈ ਕਹਿੰਦਾ ਪਰ ਦੋਵਾਂ ਚ’ ਕੋਈ ਵੀ ਉਸ ਦੀ ਨਹੀਂ ਸੁਣਦਾ ।ਉਹ ਉੱਚੀ ਆਵਾਜ਼ ਚ’ ਖਿਝ ਕੇ ਬੋਲਦਾ ।ਉਸ ਨੂੰ ਗੁੱਸੇ ਚ’ਦੇਖ ਉਸ ਪਤਨੀ ਬੁੜ ਬੁੜ ਕਰਦੀ ਆਪਣੇ ਕਮਰੇ ਵੱਲ ਚੱਲ ਜਾਂਦੀ ਆ ।ਉਹ ਆਪਣੀ ਮਾਂ ਕੋਲ ਬਹਿ ਜਾਂਦਾ । ਉਹ ਆਪਣੀ ਮਾਂ ਨੂੰ ਕਹਿੰਦਾ ਮਾਤਾ ਜੀ ਉਹ ਤੇ ਅਜੇ ਕੱਲ ਇਸ ਘਰ ਚ’ ਆਈ ਆ ਤੁਸੀਂ ਤੇ ਵਡੇ ਓ ਜੇ ਉਸ ਤੋ ਕੋਈ ਗਲਤੀ ਹੋ ਜਾਂਦੀ ਆ ਪਿਆਰ ਨਾਲ ਸਮਝਾਇਆ ਕਰੋ ਕਿਓ ਰੋਜ਼ ਘਰ ਚ’ ਕਲੇਸੇ ਪਾ ਕੇ ਬਹਿ ਜਾਂਦੇ ਓ । ਇਨੀ ਗੱਲ ਸੁਣਦੇ ਹੀ ਉਸ ਦੀ ਮਾਤਾ ਬੋਲਣ ਲਗ ਜਾਂਦੀ ਆ । ਕਿ ਜੇ ਤੂੰ ਚੰਗਾ ਹੋਵੇ ਉਸ ਦੀ ਕੀ ਹਿੰਮਤ ਮੇਰੇ ਅਗੇ ਬੋਲ ਜਾਏ । ਤੂੰ ਰੰਨ ਦੇ ਥੱਲੇ ਲੱਗਾ ।ਇੰਨੀ ਗੱਲ ਸੁਣ ਮੁੰਡਾ ਬਿਨਾਂ ਕੁਝ ਕਹੇ ਆਪਣੇ ਕਮਰੇ ਵੱਲ ਨੂੰ ਤੁਰ ਪਿਆ ।ਅਜੇ ਕਮਰੇ ਚ’ ਵੜਨ ਲਗਦਾ ਤੇ ਉਸ ਦੀ ਪਤਨੀ ਬੋਲਣਾ ਸ਼ੁਰੂ ਕਰ ਦਿੰਦੀ ਆ ।ਆ ਗਿਆ ਮਾਂ ਦੀਆਂ ਸੁਣਕੇ ਮੇਰੀ ਤੇ ਇਸ ਘਰ ਵਿੱਚ ਕੋਈ ਇਜ਼ਤ ਨਈ ਆ । ਮੈ ਤੇ ਨੌਕਰਾਣੀ ਆ ਨਾਲੇ ਸਾਰਾ ਦਿਨ ਇੰਨਾ ਕੰਮ ਦੇ ਕਰੋ ਨਾਲੇ ਇੰਨਾ ਦੀਆਂ ਜੁੱਤੀਆਂ ਖਓ । ਇਸ ਨਾਲੋ ਚੰਗਾ ਮੈ ਕੁਝ ਖਾਕੇ ਮਰ ਜਾਵਾਂ । ਤੂੰ ਤੇ ਆਪਣੀ ਮਾਂ ਨੂੰ ਕੁਝ ਕਹਿਣਾ ਨਈ ਤੂੰ ਉਹਨਾਂ ਦੇ ਥੱਲੇ ਲੱਗਾ ।ਇੰਨੀ ਗੱਲ ਸੁਣਦੇ ਹੀ ਮੁੰਡਾ ਬਿਨਾਂ ਕੁਝ ਕਹੇ ਛੱਤ ਤੇ ਚੱਲ ਜਾਂਦਾ। ਛੱਤ ਤੇ ਜਾਕੇ ਸੋਚਣ ਲੱਗ ਜਾਂਦਾ ਕਿ ਉਹ ਕਿਸ ਦੇ ਥੱਲੇ ਲੱਗੇ ।ਉਸ ਮਾਂ ਦੇ ਜਿਸ ਨੇ 9 ਮਹੀਨੇ ਆਪਣੇ ਪੇਟ ਚ’ ਰਖਕੇ ਦੁਖ ਸਹਿ ਕੇ ਉਸ ਨੂੰ ਜਨਮ ਦਿੱਤਾ ।ਜਾ ਫਿਰ ਉਸ ਪਤਨੀ ਦੇ ਜੋ ਉਸ ਲਈ ਆਪਣਾ ਸਭ ਕੁਝ ਛੱਡ ਗੁਰੂ ਦੀ ਹਜੂਰੀ ਚ’ 4 ਲਾਵਾਂ ਲੈ ਇਸ ਆਸ ਨਾਲ ਆਈ ਕੇ ਉਸ ਦੇ ਦੁਖ ਸੁੱਖ ਚ’ ਮੈ ਉਸ ਸਾਥ ਦੇਵਾਂਗਾ । ਇਹ ਸਭ ਸੋਚ ਮੁੰਡਾ ਆਪਣੇ ਆਪ ਨੂੰ ਬੇਵਸ ਮਹਿਸੂਸ ਕਰਦਾ ਤੇ ਭੁੱਖਾ ਸਾਰੀ ਰਾਤ ਛੱਤ ਤੇ ਬੈਠਾ ਰਹਿੰਦਾ ।

ਤਲਵਿੰਦਰ ਸਿੰਘ

...
...

ਗੱਲ ਅੱਜ ਤੋਂ ਕਰੀਬ ਵੀਹ ਸਾਲ ਪੁਰਾਣੀ ਹੋਵੇਗੀ। ਜਦੋਂ ਮੈਂ ਆਪਣੇ ਦੋਸਤਾਂ ਨਾਲ ਬੱਸ ਤੇ ਚੰਡੀਗੜ੍ਹ ਜਾ ਰਿਹਾ ਸੀ। ਮੈਨੂੰ ਉੱਥੇ ਪੰਜਾਬ ਯੂਨੀਵਰਸਿਟੀ ਵਿੱਚ ਪੜਾਈ ਸੰਬੰਧੀ ਕੋਈ ਜ਼ਰੂਰੀ ਕੰਮ ਸੀ ਤੇ ਮੇਰੇ ਦੋਸਤ ਆਪਣੇ ਕਿਸੇ ਹੋਰ ਕੰਮ ਸੰਬੰਧੀ ਜਾ ਰਹੇ ਸਨ। ਅਸੀਂ ਲਗਭਗ ਢਾਈ ਵਜੇ ਆਪਣੇ ਪਿੰਡ ਤੋਂ ਬੱਸ ਲਈ ਸੀ। ਸਾਡੇ ਪਿੰਡ ਤੋਂ ਚੰਡੀਗੜ੍ਹ ਦਾ ਰਸਤਾ ਦੋ ਸੌ ਕਿਲੋਮੀਟਰ ਦੇ ਲਗਭਗ ਹੋਵੇਗਾ। ਸਾਡੇ ਵਿੱਚੋਂ ਇੱਕ ਮਿੱਤਰ ਦੀ ਜਾਣ-ਪਛਾਣ ਲੁਧਿਆਣੇ ਸੀ। ਸੋ ਰਸਤੇ ਵਿੱਚ ਸਾਰਿਆਂ ਨੇ ਰੁਕਣ ਦਾ ਮਨ ਬਣਾਇਆ। ਓਦੋਂ ਅੱਜ ਵਾਂਗ ਤੇਜ ਤਰਾਰ ਜ਼ਿੰਦਗੀ ਨਹੀਂ ਸੀ। ਅਸੀਂ ਚਾਰ ਜਾਣੇ ਪੰਜ ਕੁ ਵਜੇ ਉਹਨਾਂ ਦੇ ਘਰੇ ਪਹੁੰਚ ਗਏ। ਉਹਨਾਂ ਦਾ ਘਰ ਬਜਾਰ ਦੇ ਨੇੜੇ ਸੀ। ਇਹ ਮੇਰੀ ਜ਼ਿੰਦਗੀ ਦਾ ਸ਼ਹਿਰ ਵਿੱਚ ਰਾਤ ਕੱਟਣ ਦਾ ਪਹਿਲਾ ਵਾਕਿਆ ਸੀ। ਜਦੋਂ ਅਸੀ ਘਰ ਦੇ ਗੇਟ ਤੋਂ ਘੰਟੀ ਵਜਾਈ ਤਾਂ ਉਹਨਾਂ ਬਾਰ ਖੋਲ੍ਹ ਕੇ ਸਾਨੂੰ ਡਰਾਇੰਗ ਰੂਮ ਵਿੱਚ ਬਿਠਾ ਲਿਆ। ਪਰਿਵਾਰ ਚੰਗਾ ਪੜਿਆ-ਲਿਖਿਆ ਤੇ ਨੌਕਰੀ ਪੇਸ਼ਾ ਲੱਗ ਰਿਹਾ ਸੀ। ਉਹਨਾਂ ਨੇ ਸਾਡੇ ਸਾਥੀ ਤੋਂ ਉਹਨਾਂ ਦੇ ਪਰਿਵਾਰ ਦੀ ਖੈਰੀਅਤ ਪੁੱਛੀ ਤੇ ਕਾਫੀ ਕਰੀਬੀ ਗੱਲਾਂ ਕੀਤੀਆਂ। ਸਾਡੇ ਸਾਥੀ ਮਿੱਤਰ ਨੇ ਪਹਿਲਾਂ ਹੀ ਘਰ ਵਾਲੇ ਟੈਲੀਫੋਨ ਤੋਂ ਉਹਨਾਂ ਨੂੰ ਆਉਣ ਦੀ ਅਗਾਊ ਸੂਚਨਾ ਦੇ ਦਿੱਤੀ ਸੀ। ਓਦੋਂ ਮੋਬਾਇਲ ਤਾਂ ਕਿਸੇ ਵਿਰਲੇ ਕੋਲ ਹੀ ਹੁੰਦਾ ਸੀ। ਉਹ ਪੰਜਾਹ ਕੁ ਸਾਲ ਦੇ ਦੋਵੇਂ ਮੀਆਂ ਬੀਵੀ ਸਾਡੇ ਨਾਲ ਗੱਲਾਂ ਕਰ ਰਹੇ ਸਨ। ਸਾਨੂੰ ਉੱਥੇ ਹੋਰ ਕੋਈ ਵੀ ਨਜ਼ਰ ਨਹੀਂ ਆ ਰਿਹਾ ਸੀ। ਘੰਟੇ ਕੁ ਬਾਅਦ ਉਹਨਾਂ ਨੇ ਸਾਨੂੰ ਕੋਠੀ ਦੇ ਪਿਛਲੇ ਪਾਸੇ ਖੁੱਲੀ ਜਗਾ ਵਿੱਚ ਦੋ ਮੰਜੇ ਡਾਹ ਦਿੱਤੇ ਤੇ ਨਾਲ ਹੀ ਕੋਠੀ ਦੇ ਬਾਹਰਲਾ ਬਾਥਰੂਮ ਵਿਖਾ ਦਿੱਤਾ। ਅਸੀਂ ਉਸ ਭੀੜੀ ਜਿਹੀ ਜਗਾ ਵਿੱਚ ਛੱਤ ਵਾਲਾ ਪੱਖਾ ਛੱਡ ਲਿਆ। ਅੱਧਾ ਘੰਟਾ ਗੱਲਾਂ ਕਰ ਕੇ ਅਸੀਂ ਬਜ਼ਾਰ ਜਾਣ ਦਾ ਮਨ ਬਣਾਇਆ। ਸ਼ਾਮ ਦਾ ਘੁਸਮੁਸਾ ਹੋ ਗਿਆ ਸੀ। ਲਾਈਟਾਂ ਵਿੱਚ ਬਜ਼ਾਰ ਦਾ ਦ੍ਰਿਸ਼ ਆਪਣਾ ਹੀ ਰੰਗ ਬਖੇਰ ਰਿਹਾ ਸੀ। ਬਜ਼ਾਰ ਦੀ ਰੰਗੀਨੀ ਵੇਖ ਕੇ ਸਾਡੇ ਵੀ ਮਨ ਸ਼ਹਿਰੀ ਜੀਵਨ ਵੱਲ ਖਿੱਚੇ ਜਾ ਰਹੇ ਸਨ। ਅਸੀਂ ਸਾਰੇ ਸ਼ਹਿਰੀ ਜੀਵਨ ਦੀਆਂ ਵਡਿਆਈਆਂ ਕਰੀ ਜਾ ਰਹੇ ਸਾਂ। ਅਸੀਂ ਪਿੰਡਾਂ ਵਿੱਚ ਰਹਿਣ ਵਾਲੇ ਸ਼ਹਿਰੀ ਜੀਵਨ ਦੀ ਚਕਾਚੌਂਧ ਵਿੱਚ ਗੁਆਚ ਗਏ। ਬਜ਼ਾਰ ਵਿੱਚ ਘੁੰਮ ਕੇ ਅਤੇ ਥੋੜਾ ਖਾ ਪੀ ਕੇ ਅਸੀਂ ਘਰ ਵੱਲ ਚਾਲੇ ਪਾ ਦਿੱਤੇ। ਜਦੋਂ ਘਰ ਪਹੁੰਚੇ ਤਾਂ ਲੌਬੀ ਵਿੱਚ ਡਾਇਨਿੰਗ ਟੇਬਲ ਤੇ ਨਵ ਵਿਆਹਾ ਜੋੜਾ ਆਪਸ ਵਿੱਚ ਕਲੋਲ ਕਰ ਰਿਹਾ ਸੀ ਤੇ ਨਾਲੇ ਕੁੱਝ ਖਾ ਰਿਹਾ ਸੀ। ਜਦੋਂ ਅਸੀਂ ਕੋਲ ਦੀ ਲੰਘੇ ਤਾਂ ਉਹਨਾਂ ਨੇ ਸਾਡੇ ਵੱਲ ਦੇਖਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਹ ਵੇਖ ਕੇ ਸਾਨੂੰ ਬੜਾ ਹੀ ਅਜੀਬ ਲੱਗਿਆ।ਉਹ ਮਸਤੀ ਵਿੱਚ ਆਪਣੀ ਧੁਨ ਵਿੱਚ ਲੱਗੇ ਹੋਏ ਮਜੇ ਲੈ ਰਹੇ ਸਨ ਤੇ ਮਾਤਾ ਜੀ ਰਸੋਈ ਵਿੱਚ ਰੋਟੀ ਦਾ ਪ੍ਰਬੰਧ ਕਰੀ ਜਾ ਰਹੇ ਸਨ। ਜਿਉਂ ਹੀ ਅਸੀਂ ਮੰਜੇ ਤੇ ਬੈਠੇ ਤੇ ਉੱਧਰ ਵੱਲ ਹੀ ਕਮਰੇ ਦਾ ਇੱਕ ਬਾਰ ਥੋੜਾ ਜਿਹਾ ਖੁੱਲ੍ਹਾ ਦੇਖਿਆ। ਪਹਿਲਾਂ ਇਹ ਬਾਰ ਅੰਦਰੋਂ ਭੇੜਿਆ ਹੋਇਆ ਸੀ। ਅਸੀਂ ਜਦੋਂ ਬਾਥਰੂਮ ਤੇ ਹੱਥ ਧੋਣ ਲੱਗੇ ਤਾਂ ਸਾਨੂੰ ਇੱਕ ਵਡੇਰੀ ਉਮਰ ਦਾ ਬਜੁਰਗ ਪਿਆ-ਪਿਆ ਰਹਿਰਾਸਿ ਸਾਹਿਬ ਦਾ ਪਾਠ ਕਰਦਾ ਸੁਣਾਈ ਦਿੱਤਾ। ਥੋੜਾ ਵੇਖਣ ਉਪਰੰਤ ਪਤਾ ਲੱਗਾ ਕਿ ਉਸਦੀ ਉਮਰ ਅੱਸੀ ਸਾਲ ਤੋਂ ਉੱਪਰ ਹੋਵੇਗੀ। ਉਸਨੂੰ ਐਨੀ ਵੱਡੀ ਉਮਰ ਵਿੱਚ ਕੋਠੀ ਦੇ ਮਗਰਲੇ ਕਮਰੇ ਵਿੱਚ ਪਿਆ ਦੇਖ ਕੇ ਹੈਰਾਨੀ ਜਿਹੀ ਹੋਈ ਜਿਵੇਂ ਉਸਨੂੰ ਅਣਗੌਲਿਆਂ ਕੀਤਾ ਗਿਆ ਹੋਵੇ। ਸਾਡੇ ਉੱਥੇ ਆਉਣ ਤੋਂ ਲੈ ਕੇ ਹੁਣ ਤੱਕ ਕੋਈ ਵੀ ਉਸ ਕੋਲ ਨਹੀਂ ਆਇਆ ਸੀ। ਅਸੀਂ ਸਾਰੇ ਆਪਸ ਵਿੱਚ ਗੱਲਾਂ ਕਰਕੇ ਤਰਸ ਨਾਲ ਭਰ ਗਏ ਪਰ ਉਹ ਆਪਣੀ ਧੁਨ ਵਿੱਚ ਪਾਠ ਕਰੀ ਜਾ ਰਿਹਾ ਸੀ। ਲੌਬੀ ਵਿੱਚ ਬੈਠਾ ਲੜਕਾ ਤੇ ਲੜਕੀ ਸਾਨੂੰ ਉਸਦਾ ਪੋਤਾ ਤੇ ਪੋਤ ਨੂੰਹ ਜਾਪੇ। ਇੱਕ ਬਜੁਰਗ ਪ੍ਰਤੀ ਐਨੀ ਲਾਪਰਵਾਹੀ ਦੇਖ ਕੇ ਸਾਡੇ ਮਨ ਵਿੱਚ ਸ਼ਹਿਰੀ ਜੀਵਨ ਪ੍ਰਤੀ ਨਫਰਤ ਦੀਆਂ ਭਾਵਨਾਵਾਂ ਉਜਾਗਰ ਹੋ ਗਈਆਂ। ਜਿਹੜੇ ਸ਼ਹਿਰੀ ਜੀਵਨ ਦੇ ਪਹਿਲਾਂ ਅਸੀਂ ਸੋਹਲੇ ਗਾ ਰਹੇ ਤੇ ਹੁਣ ਉਸਨੂੰ ਭੰਡ ਰਹੇ ਸੀ ਕਿ ਕਿਵੇਂ ਇੱਥੇ ਵਸਦੇ ਲੋਕ ਆਪਣੇ ਬਜ਼ੁਰਗਾਂ ਦਾ ਨਿਰਾਦਰ ਕਰ ਰਹੇ ਹਨ। ਸਾਡੇ ਮਨ ਵਿੱਚ ਸਿਆਣਿਆਂ ਦੀ ਉਹ ਗੱਲ ਚੇਤੇ ਆ ਰਹੀ ਸੀ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਸ਼ਹਿਰੀ ਜੀਵਨ ਦੇ ਬਾਹਰੀ ਪੱਖ ਤੇ ਅੰਦਰੂਨੀ ਜੀਵਨ ਵਿੱਚ ਸਾਨੂੰ ਵੱਡਾ ਅੰਤਰ ਦਿੱਸਿਆ। ਸਾਨੂੰ ਇਸ ਤਰ੍ਹਾਂ ਜਾਪਿਆ ਜਿਵੇਂ ਲੋਕ ਵਸਤੂ ਨੂੰ ਵਰਤ ਕੇ ਕੁਬਾੜ ਵਿੱਚ ਸੁੱਟ ਦਿੰਦੇ ਹਨ, ਓਸੇ ਤਰ੍ਹਾਂ ਦਾ ਹਾਲ ਇੱਥੇ ਬਜੁਰਗਾਂ ਦਾ ਹੈ। ਇੱਕ ਵੱਡੇ ਘਰ ਵਿੱਚ ਇੱਕ ਬਜੁਰਗ ਦਾ ਗੁੰਮਨਾਮ ਜੀਵਨ ਬਸਰ ਕਰਨਾ ਅਤਿ ਦੁੱਖਦਾਈ ਲੱਗ ਰਿਹਾ ਸੀ। ਪਰਿਵਾਰ ਦੇ ਸਾਰੇ ਜੀਆਂ ਦਾ ਅੱਡ-ਅੱਡ ਬੈਠਣਾ ਕੋਝਾ ਲੱਗ ਰਿਹਾ ਸੀ। ਸਾਨੂੰ ਗੁਰਬਾਣੀ ਪੜਦਾ ਉਹ ਬਜੁਰਗ ਕਿਸੇ ਵੱਡੇ ਬੋਹੜ ਦੇ ਦਰੱਖਤ ਵਰਗਾ ਲੱਗ ਰਿਹਾ ਸੀ ਜਿਸਨੂੰ ਛੱਡ ਕੇ ਉਸਦੇ ਜਾਏ ਏਅਰ ਕੰਡੀਸ਼ਨਰ ਦਾ ਸਹਾਰਾ ਲੈ ਕੇ ਬਣਾਉਟੀ ਸੁੱਖਾਂ ਦੀ ਕਲਪਨਾ ਕਰਦੇ ਜਾਪ ਰਹੇ ਸਨ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ — 9464412761

...
...

ਲੈ ਤੇਰੀ ਆਲੀ ਗੱਲ ਤੋਂ ਇੱਕ ਗੱਲ ਯਾਦ ਆਗੀ ,,
ਕੇਰਾਂ ਭਾਈ ਬੰਤੋਂ ਤੇ ਮਿੰਦੋ ਗੋਹਾ ਸੈੱਟਣ ਗਈਆਂ ਈ ਡੰਡੀ ਪਿੱਛੇ ਲੜ ਪਈਆਂ ।।ਬੰਤੋਂ ਕਹਿੰਦੀ ਤੂੰ ਸਾਡੇ ਵਾੜੇ ਚ ਦੀ ਡੰਡੀ ਬਣਾਈ ਫਿਰਦੀ ਏ ,,ਮਿੰਦੋਂ ਕਹਿੰਦੀ ਇਹ ਸਰਕਾਰੀ ਪਹਿਲਾਂ ਦੀ ਈ ਡੰਡੀ ਏ ਤੂੰ ਰੋਕ ਰੋਕ ਆਪਣਾ ਬਾੜੇ ਚ ਕਰੀ ਜਾਂਦੀਂ ਏ ।। ਤੇ ਫਿਰ ਕੀ ਸੀ ਹੋ ਗੀਆਂ ਹੋ ਸ਼ੁਰੂ ਦੇ ਗਾਲ ਤੇ ਗਾਲ ਇੱਕ ਦੂਜੀ ਨੂੰ ,, ਮਿੰਦੋਂ ਕਹਿੰਦੀ ਮੈਂ ਏਥੋਂ ਦੀ ਈ ਸਿੱਟੂ ਗੋਹਾ ਲਿਆਊ ਸਰਪੰਚ ਨੂੰ ,, ਬੰਤੋਂ ਕਹਿੰਦੀ ਆਉਣ ਦੇ ਉਸਨੂੰ ਵੀ ਕੰਜਰ ਨੂੰ 👉😜😎।। ਕੁਦਰਤੀ ਈ ਸਰਪੰਚ ਲੰਘਿਆ ਜਾਵੇ ਓਥੋਂ ਦੀ ਉਹ ਵਿਚਾਰਾ ਗਾਲ ਜਹੀ ਸੁਣ ਕੇ ਕੱਚਾ ਜਿਆ ਹੋ ਗਿਆ ,,ਤੇ ਓਦੋਂ ਈ ਚੱਕਮੇ ਪੈਰੀ ਹੋ ਕੇ ਲੰਘ ਗਿਆ 😎 ਵੀ ਇਹਨਾਂ ਦਾ ਕੀ ਪਤਾ ਹਜੇ ਹੋਰ ਕੀ ਬੋਲਣ ।।
ਚੱਲ ਬੋਲਦੀਆਂ ਬੋਲਦੀਆਂ ਘਰਾਂ ਨੂੰ ਚਲੀਆਂ ਗਈਆਂ ਜਾ ਕੇ ਦੋਵਾਂ ਨੇ ਭਰਤੇ ਆਵਦੇ ਆਵਦੇ ਖਸਮਾਂ ਦੇ ਕੰਨ ।।
ਉਹ ਪਤੰਦਰ ਵੀ ਆਥਣੇ ਜੇ ਪੀ ਕੇ ਪਾਈਆ ਪਾਈਆ ਲੱਗ ਗੇ ਇੱਕ ਦੂਜੇ ਨੂੰ ਗਾਲਾਂ ਜਹੀਆਂ ਕੱਢਣ ।।ਲੋਕਾਂ ਨੇ ਬਥੇਰੇ ਹਟਾਏ ਕਿੱਥੇ ਹਟਦੇ ਹੋ ਗਏ ਜੱਫੋ ਜੱਫੀ ।। ਬੰਤੋਂ ਦੇ ਘਰ ਆਲੇ ਦੇ ਮਾੜੀ ਜਹੀ ਸਿਰ ਜੇ ਚ ਵੱਜ ਗੀ । ।
ਡਾਕਟਰ ਦੇ ਲੈ ਗੇ ਉਹਨੂੰ ਪਿੰਡ ਆਲੇ ਡਕਟਰ ਨੇ ਈ ਪੱਟੀ ਕਰਤੀ ,, ਹੈ ਤੇ ਥੋੜੀ ਈ ਸੀ ,, ਪਰ ਚੱਕ ਦੇਣ ਵਾਲੇ ਕਿੱਥੇ ਹਟਦੇ ਆ ਕਹਿੰਦੇ ਥਾਣੇ ਜਾ ਕੇ ਰਪਟ ਲਿਖਾ ਆ ।। ਉਹਨੇ ਚੱਕਿਆ ਸਾਇਕਲ ਵੱਜਿਆ ਥਾਣੇ ਥਾਣੇ ਆਲੇ ਰਪਟ ਲਿਖਣ ਦਾ ਈ ਹਜਾਰ ਲੈ ਗੇ 😜।। ਮਿੰਦੋ ਦੇ ਘਰ ਆਲੇ ਨੂੰ ਲੈ ਗੇ ਆਕੇ ਪੁਲਸ ਆਲੇ ,,ਉਹਨੂੰ ਕਹਿੰਦੇ ਨਹੀਂ ਤੇ ਕੇਸ ਪਊ ਲੈ ਦੇ ਕੇ ਰਾਜੀਨਾਮਾਂ ਕਰਾ ਦਿੰਦੇ ਆ । ।ਦੋ ਹਜਾਰ ਉਸ ਤੋਂ ਲੈ ਲਿਆ । ਦੂਜੇ ਦਿਨ ਪਿੰਡ ਦੇ ਮੋਹਤਬਰ ਬੰਦੇ ਜਾ ਕੇ ਥਾਣੇ ਰਾਜੀਨਾਮ ਕਰਾ ਆਏ ।।
ਲੈ ਆਹ ਜਮਾਨਾ ਆ ਗਿਆ ਨਾ ਕੱਢਿਆ ਤੇ ਨਾ ਪਾਇਆ ਕੁਝ ,,ਆਹ ਗੋਹਾ ਸਿੱਟਣ ਦਾ ਕੰਮ ਈ 4-5 ਹਜਾਰ ਚ ਪੈ ਗਿਆ ਨਾਲੇ ਸੱਟਾਂ ਖਾਦੀਆਂ ਉਹ ਵਾਧੂ 😜😎।।
ਲੱਕੀ ਗਿੱਲ

...
...

(ਇੱਕ ਗਰੀਬ ਪਰਿਵਾਰ ਦੀ ਧੀ ਤੇ ਅਧਾਰਿਤ ਸੱਚੀ ਘਟਨਾ)
17 ਸਾਲ 8 ਮਹੀਨੇ ਦੀ (ਆਰਤੀ) ਕਾਲਪਨਿਕ ਨਾਮ ਦਾ ਬਲਾਤਕਾਰ ਹੋਇਆ ਸੀ ਉਸਦੇ ਆਪਣੇ ਸਕੇ ਪਿਤਾ ਵਲੋਂ ! ਜਦ ਮੈਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੇਰੀਆਂ ਲੱਤਾਂ ਕੰਬਣ ਲੱਗ ਗਈਆਂ ਸੁਣਕੇ । ਲੜਕੀ ਨੇ ਹਿੰਮਤ ਕਰਕੇ , ਆਪਣੇ ਪਿਤਾ ਖਿਲਾਫ ਰਿਪੋਰਟ ਦਰਜ ਕਰਵਾ ਦਿੱਤੀ ਪਿਓ ਗੁਨਾਹਗਾਰ ਨਿਕਲਿਆ ਤੇ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ। ਪਰਿਵਾਰ ਨੂੰ ਯਕੀਨ ਸੀ ਕਿ ਪੁਲਿਸ ਇਸ ਕੇਸ ਨੂੰ ਚੰਗੀ ਤਰਾਂ ਛਾਣ ਬੀਨ ਕਰ ਰਹੀ ਹੈ। ਮੈਨੂੰ ਵੀ ਯਕੀਨ ਸੀ ਕਿ ਇੱਕ ਲੜਕੀ ਦਾ ਕੇਸ ਸਬ ਇੰਸਪੈਕਟਰ ਮਹਿਲਾ ਪੁਲਿਸ ਚੰਗਾ ਸਹਿਯੌਗ ਦਵੇਗੀ। ਮੇਰੇ ਮਨ ਚ ਵਲਵਲੇ ਉੱਠਣ ਲੱਗੇ ਲੋਕ ਧੀਆਂ ਐਵੇਂ ਮਾਰੀ ਜਾਂਦੇ । ਵੇਖ ਕਿੰਨੀ ਸੋਹਣੀ ਲੱਗਦੀ ਵਰਦੀ ਪਾਈ ਇਹ ਵੀ ਕਿਸੇ ਦੀ ਧੀ ਹੈ। , । ਸਬ ਇੰਸਪੈਕਟਰ ਕਹਿੰਦੀ ਸੀ ਦੂਜਾ ਮੁਲਜ਼ਮ ਵੀ ਬਖਸਿਆ ਨਹੀਂ ਜਾਵੇਗਾ ਮੈਨੂੰ ਬਹੁਤ ਉਮੀਦ ਸੀ ਜਿਵੇਂ ਲੜਕੀ ਦਾ ਪਿਤਾ ਜੇਲ ਅੰਦਰ ਗਿਆ ! ਦੂਜਾ ਮੁਲਜਮ ਵੀ ਜਲਦ ਜੇਲ ਅੰਦਰ ਜਾਵੇਗਾ । ਪਹਿਲੇ ਦਿਨ ਪੁਲਿਸ ਏਨੇ ਜੋਸ ਵਿੱਚ ਸੀ ਜਿਵੇਂ ਕਿ ਕੇਸ ਦੇ ਬਾਕੀ ਮੁਲਜਮ ਅੰਦਰ ਜਾਣਗੇ। 3 ਦਿਨ ਬਾਅਦ ਜਦ ਸਬ ਇੰਸਪੈਕਟਰ ਨੂੰ ਪੁੱਛਿਆ ਕਿ ਮੈਡਮ ਲੜਕੀ ਨੂੰ ਮੈਜਿਸਟ੍ਰੇਟ ਕੋਲ ਲੈ ਕਿ ਜਾਣਾ ਹੈ ,ਤੇ ਤੁਸੀਂ ਦੂਜੇ ਮੁਲਜ਼ਮ ਵੱਲ ਵੀ ਜਾਣਾ ਸੀ ਤੁਸੀਂ। ਤਾਂ ਇੰਸਪੈਕਟਰ ਬੋਲੀ !!! ਤੁਹਾਡਾ ਦਿਮਾਗ ਖਰਾਬ ਹੋ ਗਿਆ ,
ਤੁਸੀਂ ਏਧਰੋਂ ਓਧਰੋਂ ਸਫਾਈ ਕਰਵਾ ਲੈਣੀ ਸੀ ਲੜਕੀ ਦੀ , ਐਵੇਂ ਅੱਤ ਚੁੱਕੀ ਆ ਐਵੇਂ ਨਾ ਕਿਸੇ ਦਾ ਨਾਮ ਲਗਾ ਦੇਣਾ ਜਾਓ ਬੈਠੋ ਅਰਾਮ ਨਾਲ ਜਦੋਂ ਲੋਡ਼ ਪਵੇਗੀ ਬੁਲਾ ਲਵਾਂਗੀ।
ਏਨੀ ਗੱਲ ਸੁਣਕੇ ਪਰਿਵਾਰ ਢਿਲਾ ਜਿਹਾ ਹੋ ਕਿ ਘਰ ਆ ਗਿਆ।
ਜਿਹੜੀ ਮੈਡਮ ਕਲ ਦੂਜੇ ਮੁਲਜ਼ਮ ਨੂੰ ਜੇਲ ਚ ਡੱਕਣ ਦਾ ਵਾਅਦਾ ਕਰ ਰਹੀ ਸੀ ਅੱਜ ਉਹ ਮੁਲਜ਼ਮ ਦੀ ਬੋਲੀ ਬੋਲ ਰਹੀ ਸੀ ਕਿਉਂਕਿ ਉਸਨੇ ਦੂਜੇ ਮੁਲਜ਼ਮ ਕੋਲੋ 50,000 ਰੁਪਏ ਰਿਸ਼ਵਤ ਲਈ ਸੀ ਉਸਨੂੰ ਬਚਾਉਣ ਲਈ। ਦੂਜੇ ਮੁਲਜ਼ਮ ਨੂੰ ਕੇਸ ਵਿਚੋਂ ਬਾਹਰ ਕਰ ਦਿੱਤਾ ਗਿਆ ਜਦ ਹੁਣ ਉਹ ਸਬ ਇੰਸਪੈਕਟਰ ਨੂੰ ਵੇਖਦਾ ਹਾਂ ਤਾਂ ਮੈਨੂੰ ਉਸਦੇ ਮੋਢੇ ਤੇ ਲੱਗੇ ਚਮਕਦੇ ਸਟਾਰ ਫਿੱਕੇ ਲੱਗਦੇ ਹਨ ! ਮੈਂ ਸੋਚਦਾ ਹੀ ਰਹਿ ਗਿਆ ਇਮਾਨਦਾਰੀ ਨਾਲ ਸਟਾਰ ਲੱਗੇ ਹੁੰਦੇ ਤਾਂ ਅੱਜ ਦੂਜਾ ਮੁਲਜ਼ਮ ਵੀ ਸਲਾਖਾਂ ਪਿੱਛੇ ਹੁੰਦਾ। .
ਨੋਟ — ਸਾਰੇ ਪੁਲਿਸ ਵਾਲੇ ਰਿਸ਼ਵਤ ਖੋਰ ਨਹੀਂ ਹੁੰਦੇ ਇੱਕ ਕਰਕੇ 99 ਵੀ ਬਦਨਾਮ ਹੁੰਦੇ ਹਨ।
ਨਵਨੀਤ ਸਿੰਘ
9646865500
ਜਿਲ੍ਹਾ ਗੁਰਦਾਸਪੁਰ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)