Posts Uploaded By Punjabi Stories

Sub Categories

ਕਿਸੇ ਗੱਲੋਂ ਦੋਹਾਂ ਪਿਓ ਪੁੱਤਰਾਂ ਵਿਚ ਸ਼ੁਰੂ ਹੋਈ ਬਹਿਸ ਹੁਣ ਗੰਭੀਰ ਰੂਪ ਧਾਰਨ ਕਰ ਗਈ।।
ਮੰਜੇ ਤੇ ਬਿਮਾਰ ਪਈ ਮਾਂ ਡਿੱਗਦੀ ਢਹਿੰਦੀ ਉੱਠ ਕੇ ਬਾਹਰ ਆਈ ਤੇ ਦੋਹਾਂ ਵਿਚ ਆ ਕੇ ਖੜ ਗਈ।।
ਪੁੱਤ ਅੱਗੇ ਹੱਥ ਜੋੜਦੀ ਹੋਈ ਉਸਨੂੰ ਚੁੱਪ ਹੋਣ ਦੇ ਵਾਸਤੇ ਪਾਉਣ ਲੱਗੀ।।ਪਰ ਸ਼ਰੀਕਾਂ ਦੀ ਪੁੱਠ ਤੇ ਚੜਿਆ ਪੁੱਤ ਸੀ ਕੇ ਟੱਸ ਤੋਂ ਮੱਸ ਹੋਣ ਦਾ ਨਾਮ ਨਹੀਂ ਸੀ ਲੈ ਰਿਹਾ।।

“ਮੈਨੂੰ ਬੱਸ ਵੱਖ ਕਰ ਦਿਓ।।ਜਮੀਨ ਜਾਇਦਾਤ ਡੰਗਰ ਪੈਸਾ ਧੇਲਾ ਸਭ ਕੁਝ ਵੰਡ ਦਿਓ।।ਹੁਣ ਮੇਰਾ ਇਸ ਘਰ ਵਿਚ ਦਮ ਘੁਟਦਾ ਏ।।”

ਹੋਰ ਵੀ ਕਿੰਨੀਆਂ ਸਾਰੀਆਂ ਗੱਲਾਂ ਆਖ ਜਦੋਂ ਘਰੋਂ ਬਾਹਰ ਨੂੰ ਤੁਰਨ ਲਗਿਆ ਤਾਂ ਬਾਪ ਨੇ ਪਿੱਛਿਓਂ ਵਾਜ ਮਾਰ ਲਈ।।ਆਖਣ ਲੱਗਾ “ਪੁੱਤਰਾ ਜਾਂਦਾ ਜਾਂਦਾ ਬਾਹਰ ਪਾਰਕ ਵਿਚ ਵੀ ਨਜਰ ਮਾਰਦਾ ਜਾਵੀਂ।।”

“ਕੀ ਹੋਇਆ ਏ ਪਾਰਕ ਵਿਚ”।।ਗੁੱਸੇ ਵਿਚ ਸਵਾਲ ਪੁੱਛਿਆ

“ਪੁੱਤ ਰਾਤੀਂ ਤੇਜ ਹਨੇਰੀ ਵਗੀ ਸੀ।।ਕਿੰਨੇ ਸਾਰੇ ਉਚੇ ਰੁੱਖ ਜੜੋਂ ਉਖੜ ਕੇ ਹੇਠਾਂ ਡਿੱਗੇ ਪਏ ਨੇ।।ਪਰ ਨਿੱਕੇ ਕਦ ਵਾਲਾ ਕਿੰਨਾ ਸਾਰਾ ਹਰਾ ਭਰਾ ਘਾਹ ਅਜੇ ਵੀ ਵਗੀ ਜਾਂਦੀ ਤੇਜ ਪੌਣ ਅੱਗੇ ਸੀਨਾ ਡਾਹ ਉਸਨੂੰ ਵੰਗਾਰਦਾ ਪਿਆ ਏ”

ਬਾਪ ਦੇ ਕਾਲਜੇ ਵਿਚੋਂ ਜਜਬਾਤ ਬਣ ਨਿੱਕਲੇ ਇਹ ਬੋਲ ਪੁੱਤ ਦੇ ਅੰਦਰੂਨੀ ਵਜੂਦ ਤੇ ਬਿਜਲੀ ਬਣ ਡਿੱਗੇ ਤਾਂ ਜਰੂਰ ਪਰ ਇਸ ਵਾਰ ਸੜਿਆ ਕੁਝ ਨਹੀਂ ਸਗੋਂ ਚਿਰਾਂ ਤੋਂ ਬਲਦੇ ਭਾਂਬੜ ਇੱਕਦਮ ਠੰਡੇ ਜਿਹੇ ਪੈ ਗਏ।

ਹਰਪ੍ਰੀਤ ਸਿੰਘ ਜਵੰਦਾ

...
...

ਮੈਂ ਇੱਕ ਘਰ ਦੇ ਕਰੀਬ ਗੁਜਰ ਰਿਹਾ ਸੀ,ਅਚਾਨਕ ਉਸ ਘਰ ਚੋਂ ਇੱਕ ਰੋਂਦੇ ਹੋਏ ਬੱਚੇ ਦੀ ਅਵਾਜ ਆਈ।ਉਸ ਬੱਚੇ ਦੀ ਅਵਾਜ ਦੀ ਐਂਨਾਂ ਦਰਦ ਸੀ ਕਿ ਅੰਦਰ ਜਾ ਕੇ ਬੱਚਾ ਕਿਉਂ ਰੋ ਰਿਹਾ ਹੈ ਇਹ ਪਤਾ ਕਰਨ ਤੋਂ ਮੈਂ ਆਪਣੇ ਆਪ ਨੂੰ ਰੋਕ ਨਾ ਪਾਇਆ। ਅੰਦਰ ਜਾ ਕੇ ਮੈਂ ਦੇਖਿਆ ਕੇ ਇੱਕ ਮਾਂ ਆਪਣੇ ਦੱਸ ਸਾਲ ਦੇ ਬੱਚੇ ਨੂੰ ਕੁੱਟ ਰਹੀ ਸੀ ਤੇ ਆਪ ਵੀ ਰੋ ਰਹੀ ਸੀ।ਮੈਂ ਅੱਗੇ ਜਾ ਕੇ ਪੁੱਛਿਆ ਕੇ ਭੈਣ ਕੀ ਗੱਲ ਹੋ ਗਈ ਬੱਚੇ ਨੂੰ ਕੁੱਟ ਰਹੇ ਹੋ? ਤੇ ਆਪ ਵੀ ਰੋ ਰਹੇ ਹੋ। ਉਸ ਨੇ ਜਵਾਬ ਦਿੱਤਾ ਕੇ ਵੀਰ ਜੀ ਇਹਦੇ ਪਿਤਾ ਤਾਂ ਰੱਬ ਕੋਲ ਚਲੇ ਗਏ,ਅਸੀ ਬਹੁਤ ਗਰੀਬ ਹਾਂ,ਉਹਨਾਂ ਦੇ ਜਾਣ ਤੋਂ ਬਾਅਦ ਮੈਂ ਲੋਕਾਂ ਦੇ ਘਰ ਕੰਮ ਕਰਕੇ ਘਰ ਦਾ ਤੇ ਇਹਦੀ ਪੜਾਈ ਦਾ ਖਰਚਾ ਬਹੁਤ ਮੁਸਕਿਲ ਨਾਲ ਚੱਕਦੀਂ ਹਾਂ,ਤੇ ਇਹ ਕੰਜ਼ਰ ਰੋਜਾਨਾ ਸਕੂਲ ਲੇਟ ਜਾਂਦਾਂ ਹੈ,ਲੇਟ ਹੀ ਘਰ ਵੜਦਾ ਹੈ। ਰਾਸਤੇ ਚ ਹੀ ਖੇਡਣ ਲੱਗ ਜਾਂਦਾਂ ਹੈ ਤੇ ਪੜਾਈ ਚ ਬਿਲਕੁਲ ਵੀ ਧਿਆਨ ਨਹੀ ਦਿੰਦਾਂ,ਜਿਸ ਕਰਕੇ ਇਹ ਆਪਣੀ ਸਕੂਲ ਵਰਦੀ ਗੰਦੀਂ ਕਰਕੇ ਆਉਂਦਾਂ ਹੈ। ਮੈਂ ਬੱਚੇ ਦੀ ਮਾਂ ਨੂੰ ਥੋੜ੍ਹਾ ਬਹੁਤ ਸਮਝਾਇਆ ਤੇ ਉਥੋਂ ਚੱਲ ਪਿਆ। ਇਸ ਘਟਨਾ ਨੂੰ ਕੁਛ ਕ ਦਿਨ ਹੀ ਬੀਤੇ ਸੀ ਕਿ ਇੱਕ ਦਿਨ ਸੁਬਹਾ ਸੁਬਹਾ ਕੁਛ ਕੰਮ ਸੀ ਮੈਂ ਸਬਜੀ ਮੰਡੀ ਗਿਆ। ਅਚਾਨਕ ਮੇਰੀ ਨਜਰ ਓਸੇ ਹੀ ਦੱਸ ਸਾਲ ਦੇ ਬੱਚੇ ਤੇ ਪਈ ਜੋ ਹਰ ਰੋਜ ਘਰ ਤੋਂ ਮਾਰ ਖਾਂਦਾਂ ਸੀ।ਮੈਂ ਕੀ ਦੇਖਦਾਂ ਹਾਂ ਕੇ ਉਹ ਬੱਚਾ ਸਬਜੀ ਮੰਡੀ ਚ ਘੁੰਮ ਰਿਹਾ ਸੀ ਤੇ ਜੋ ਦੁਕਾਨਦਾਰ ਆਪਣੀ ਦੁਕਾਨ ਲਈ ਸਬਜੀ ਖਰੀਦ ਕੇ ਆਪਣੀ ਬੋਰੀਆਂ ਚ ਸਬਜੀ ਪਾਉਂਦੇਂ ਤੇ ਉਸ ਵਿੱਚੋਂ ਕੋਈ ਸਬਜੀ ਜਮੀਨ ਤੇ ਗਿਰ ਜਾਂਦੀ ਸੀ ਉਹ ਬੱਚਾ ਫਟਾਫਟ ਉਠਾ ਕੇ ਆਪਣੀ ਝੋਲੀ ਚ ਪਾ ਲੈਂਦਾਂ। ਮੈਂ ਇਹ ਸਭ ਨਜਾਰਾ ਦੇਖਿਆ ਤੇ ਸੋਚਿਆ ਕੇ ਅੱਛਾ ਇਹ ਗੱਲ ਹੈ,ਮੈਂ ਉਸ ਬੱਚੇ ਦਾ ਚੋਰੀ ਚੋਰੀ ਪਿੱਛਾ ਕੀਤਾ।ਜਦੋਂ ਉਸ ਬੱਚੇ ਦੀ ਝੋਲੀ ਸਬਜੀ ਨਾਲ ਭਰ ਗਈ ਤਾਂ ਉਹ ਇਕ ਸੜਕ ਕਿਨਾਰੇ ਬੈਠ ਗਿਆ ਤੇ ਉੱਚੀ ਉੱਚੀ ਅਵਾਜ ਚ ਸਬਜੀ ਵੇਚਣ ਲੱਗ ਗਿਆ। ਮੂੰਹ ਤੇ ਮਿੱਟੀ ਗੰਦੀਂ ਵਰਦੀ ਤੇ ਅੱਖਾ ਚ ਨਮੀ, ਅਜਿਹਾ ਮਹਿਸੂਸ ਹੋਇਆ ਕੇ ਅਜਿਹਾ ਦੁਕਾਨਦਾਰ ਮੈਂ ਪਹਿਲੀ ਵਾਰ ਦੇਖ ਰਿਹਾ ਹਾਂ। ਅਚਾਨਕ ਇੱਕ ਬੰਦਾਂ ਆਪਣੀ ਤੋਂ ਉਠਿਆ, ਜਿਸਦੀ ਦੁਕਾਨ ਦੇ ਸਾਹਮਣੇ ਉਸ ਬੱਚੇ ਨੇ ਛੋਟੀ ਜਿਹੀ ਦੁਕਾਨ ਲਾਈ ਹੋਈ ਸੀ,ਉਸਨੇ ਆਉਂਦੇ ਹੀ ਇੱਕ ਜੋਰਦਾਰ ਲੱਤ ਮਾਰ ਕੇ ਉਸ ਛੋਟੀ ਜੀ ਦੁਕਾਨ ਨੂੰ ਇੱਕ ਹੀ ਝੱਟਕੇ ਚ ਰੋਡ ਤੇ ਖਿਲਾਰ ਦਿੱਤਾ ਤੇ ਬਾਹਾਂ ਤੋਂ ਫੜ ਕੇ ਉਸ ਬੱਚੇ ਨੂੰ ਵੀ ਧੱਕਾ ਦੇ ਦਿੱਤਾ। ਉਹ ਬੱਚਾ ਅੱਖਾ ਚ ਪਾਣੀ,ਚੁੱਪ ਚਾਪ ਦੁਬਾਰਾ ਆਪਣੀ ਸਬਜੀ ਨੂੰ ਇਕੱਠਾ ਕਰਨ ਲੱਗਾ ਤੇ ਥੋੜ੍ਹੀ ਦੇਰ ਬਾਅਦ ਆਪਣੀ ਸਬਜੀ ਇਕੱ ਦੂਸਰੀ ਦੁਕਾਨ ਦੇ ਸਾਹਮਣੇ ਡਰਦੇ ਡਰਦੇ ਲਗਾ ਦਿੱਤੀ।ਭਲਾ ਹੋਵੇ ਉਸ ਸਖਸ ਦਾ ਜਿਸ ਦੀ ਦੁਕਾਨ ਦੇ ਸਾਹਮਣੇ ਇਸ ਵਾਰ ਉਸਨੇ ਆਪਣੀ ਛੋਟੀ ਜਿਹੀ ਦੁਕਾਨ ਲਗਾਈ ਉਸ ਸਖਸ ਨੇ ਬੱਚੇ ਨੂੰ ਕੁਛ ਨਹੀ ਕਿਹਾ। ਥੋੜ੍ਹੀ ਜਿਹੀ ਸਬਜੀ ਸੀ ਤੇ ਉਤੋਂ ਦੂਸਰੀਆਂ ਦੁਕਾਨਾਂ ਤੋਂ ਰੇਟ ਵੀ ਘੱਟ।ਜਲਦੀ ਹੀ ਵਿਕਰੀ ਹੋ ਗਈ,ਉਹ ਬੱਚਾ ਉਠਿਆ ਤੇ ਬਜਾਰ ਚ ਇੱਕ ਕੱਪੜੇ ਵਾਲੀ ਦੁਕਾਨ ਤੇ ਗਿਆ ਤੇ ਦੁਕਾਨਦਾਰ ਨੂੰ ਉਹ ਪੈਸੇ ਦਿੱਤੇ,ਦੁਕਾਨ ਤੇ ਪਿਆ ਸਕੂਲ ਬੈਗ ਉਠਾਇਆ ਤੇ ਬਿਨਾ ਕੁਛ ਕਹੇ ਸਕੂਲ ਵੱਲ ਚੱਲ ਪਿਆ।ਮੈਂ ਵੀ ਉਸਦੇ ਪਿਛੇ ਪਿੱਛੇ ਜਾ ਰਿਹਾ ਸੀ। ਬੱਚੇ ਨੇ ਰਾਸਤੇ ਚ ਆਪਣਾ ਮੂੰਹ ਧੋਤਾ ਤੇ ਸਕੂਲ ਚ ਪਾਹੁੰਚ ਗਿਆ,ਮੈਂ ਵੀ ਪਿੱਛੇ ਪਿੱਛੇ ਸਕੂਲ ਪਾਹੁੰਚ ਗਿਆ।ਜਦੋਂ ਉਹ ਕਲਾਸ ਚ ਗਿਆ ਤਾਂ ਇੱਕ ਘੰਟਾਂ ਲੇਟ ਹੋ ਚੁੱਕਿਆ ਸੀ।ਮਾਸਟਰ ਨੇ ਉਸਨੂੰ ਡੰਡੇ ਨਾਲ ਬਹੁਤ ਮਾਰਿਆ।ਮੈਂ ਜਲਦੀ ਜਲਦੀ ਗਿਆ ਤੇ ਮਾਸਟਰ ਨੂੰ ਮਾਰਨ ਤੋਂ ਮਨਾ ਕੀਤਾ ਕਿ ਇਸ ਮਾਸੂਮ ਨੂੰ ਨਾ ਮਾਰੋ ਜੀ।ਮਾਸਟਰ ਜੀ ਬੋਲੇ ਕੇ ਇਹ ਹਰ ਰੋਜ ਲੇਟ ਆਉਂਦਾਂ ਹੈ ਤੇ ਹਰ ਰੋਜ ਮਾਰ ਖਾਂਦਾਂ ਹੈ,ਸੁਧਰਦਾ ਨਹੀ,ਕਈ ਵਾਰ ਇਸਦੇ ਘਰ ਵੀ ਖਬਰ ਭੇਜੀ ਹੈ। ਖੈਰ ਬੱਚਾ ਮਾਰ ਖਾ ਕੇ ਕਲਾਸ ਚ ਪੜਨ ਬੈਠ ਗਿਆ। ਮੈਂ ਉਸ ਟੀਚਰ ਦਾ ਮੋਬਾਇਲ ਨੰਬਰ ਲਿਆ ਤੇ ਘਰ ਦੀ ਤਰਫ ਚੱਲ ਪਿਆ।ਘਰ ਆ ਕੇ ਯਾਦ ਆਇਆ ਕੇ ਜਿਸ ਕੰਮ ਸਬਜੀ ਮੰਡੀ ਗਿਆ ਸੀ ਉਹ ਤਾ ਰਹਿ ਹੀ ਗਿਆ। ਘਰ ਆ ਕੇ ਮਾਸੂਮ ਬੱਚੇ ਨੇ ਫਿਰ ਤੋਂ ਮਾਰ ਖਾਦੀ। ਮੇਰਾ ਰਾਤ ਸਾਰੀ ਸੋਚਦੇ ਹੀ ਲੰਘ ਗਈ। ਸਵੇਰੇ ਉਠ ਕੇ ਮੈਂ ਬੱਚੇ ਦੇ ਟੀਟਰ ਨੂੰ ਹੁਣੇ ਹੀ ਹਰ ਹਾਲ ਸਬਜੀ ਮੰਡੀ ਆਉਣ ਲਈ ਕਿਹਾ।ਟੀਚਰ ਵੀ ਮੰਨ ਗਏ।ਬੱਚੇ ਦਾ ਸਕੂਲ ਟਾਇਮ ਹੋਇਆ,ਬੱਚਾ ਘਰ ਤੋਂ ਸਿੱਧਾ ਸਬਜੀ ਮੰਡੀ ਆਪਣੀ ਦੁਕਾਨ ਦਾ ਇੰਤਜਾਮ ਕਰਨ ਪਹੁੰਚਿਆ। ਮੈਂ ਬੱਚੇ ਦੇ ਘਰ ਗਿਆ ਤੇ ਉਹਦੀ ਮਾਂ ਨੂੰ ਕਿਹਾ ਕੇ ਆਊ ਭੈਣ ਮੈਂ ਦੱਸਦਾ ਕੇ ਤੁਹਾਡਾ ਬੱਚਾ ਕਿਉਂ ਲੇਟ ਜਾਂਦਾਂ ਹੈ ਸਕੂਲ ਮੇਰੇ ਨਾਲ ਆਉ। ਉਹ ਫੋਰਨ ਮੇਰੇ ਨਾਲ ਮੂੰਹ ਚ ਗੁੱਸੇ ਨਾਲ ਇਹ ਕਹਿੰਦੀਂ ਚੱਲ ਪਈ ਕੇ ਅੱਜ ਮੇਰੇ ਹੱਥੋਂ ਉਹਦੀ ਖੈਰ ਨਹੀ। ਮੰਡੀ ਚ ਟੀਚਰ ਵੀ ਆ ਚੁੱਕਿਆ ਸੀ।ਅਸੀ ਤਿੰਨਾਂ ਨੇ ਆਪਣੀ ਪੋਜੀਸਣ ਸੰਭਾਲ ਲਈ,ਤੇ ਉਹ ਬੱਚੇ ਨੂੰ ਲੁਕ ਕੇ ਦੇਖਣ ਲੱਗੇ।ਅੱਜ ਵੀ ਉਸਨੂੰ ਬਹੁਤ ਡਾਂਟ ਤੇ ਧੱਕੇ ਖਾਣੇ ਪਏ,ਆਖੀਰ ਸਬਜੀ ਵੀ ਵਿੱਕ ਗਈ,ਬੱਚਾ ਕੱਪੜੇ ਵਾਲੀ ਦੁਕਾਨ ਤੇ ਜਾ ਪਹੁੰਚਿਆ। ਅਚਾਨਕ ਮੇਰੀ ਨਜਰ ਉਸਦੀ ਮਾਂ ਤੇ ਗਈ,ਕੀ ਦੇਖਿਆ ਕੇ ਮਾਂ ਬਹੁਤ ਹੀ ਦਰਦ ਭਰੀ ਸਿਸਕਿਆਂ ਲੈ ਕੇ ਲਗਾਤਾਰ ਰੋ ਰਹੀ ਸੀ,ਤੇ ਮੈਂ ਫੋਰਨ ਮਾਸਟਰ ਜੀ ਵੱਲ ਦੇਖਿਆ ਤਾਂ ਉਹ ਹਲਕਾ ਹਲਕਾ ਰੋ ਰਹੇ ਸਨ।ਦੋਵਾਂ ਦੇ ਰੋਣ ਤੋਂ ਮੈਂਨੂੰ ਇੰਝ ਜਾਪਿਆ ਜਿਵੇਂ ਦੋਵਾਂ ਨੇ ਹੀ ਬੱਚੇ ਤੇ ਬਹੁਤ ਜੁਲਮ ਕੀਤੇ ਹੋਣ ਤੇ ਅੱਜ ਉਹਨਾ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਹੈ। ਮਾਂ ਰੋਦੇਂ ਰੋਦੇਂ ਘਰ ਤੇ ਟੀਚਰ ਰੋਦੇਂ ਹੋਏ ਸਕੂਲ ਚਲੇ ਗਏ।ਬੱਚੇ ਨੇ ਦੁਕਾਨਦਾਰ ਨੂੰ ਪੈਸੇ ਦਿੱਤੇ ਤੇ ਦੁਕਾਨਦਾਰ ਇੱਕ ਲੇਡੀਜ ਸੂਟ ਦਿੰਦੇਂ ਹੋਏ ਬੋਲਿਆ ਕੇ ਬੇਟਾ ਅੱਜ ਸੂਟ ਦੇ ਸਾਰੇ ਪੈਸੇ ਪੂਰੇ ਹੋ ਗਏ।ਆਪਣਾ ਸੂਟ ਲੈ ਲਵੋ,ਬੱਚੇ ਨੇ ਸੂਟ ਫੜਿਆ ਤੇ ਆਪਣੇ ਸਕੂਲ ਬੈਗ ਪਾ ਲਿਆ,ਤੇ ਸਕੂਲ ਚਲਿਆ ਗਿਆ। ਅੱਜ ਵੀ ਉਹ ਇੱਕ ਘੰਟਾਂ ਲੇਟ ਸੀ,ਉਹ ਸਿੱਧਾ ਟੀਚਰ ਕੋਲ ਗਿਆ ਤੇ ਡੈਸਕ ਤੇ ਬੈਗ ਰੱਖਿਆ,ਆਪਣੇ ਹੱਥ ਅੱਗੇ ਕੀਤੇ ਮਾਰ ਖਾਣ ਲਈ,ਟੀਚਰ ਕੁਰਸੀ ਤੋਂ ਉਠਿਆ ਉਸ ਬੱਚੇ ਨੂੰ ਆਪਣੇ ਗਲ ਨਾਲ ਲਾ ਲਿਆ,ਤੇ ਉੱਚੀ ਉੱਚੀ ਰੋਣ ਲੱਗ ਪਿਆ,ਮੈਂ ਵੀ ਆਪਣੇ ਆਪ ਤੇ ਕਾਬੂ ਨਹੀ ਰੱਖ ਪਾਇਆ। ਮੈਂ ਆਪਣੇ ਆਪ ਸੰਭਾਲਿਆ ਤੇ ਅੱਗੇ ਆ ਕੇ ਟੀਚਰ ਨੂੰ ਚੁੱਪ ਕਰਾਇਆ ਤੇ ਬੱਚੇ ਨੂੰ ਪੁੱਛਿਆ ਕਿ ਜਿਹੜਾ ਤੇਰੇ ਬੈਗ ਚ ਸੂਟ ਆ ਉਹ ਕਿਸ ਲਈ ਆ।ਬੱਚੇ ਨੇ ਰੋਦੇਂ ਹੋਏ ਜਵਾਬ ਦਿੱਤਾ ਕਿ ਮੇਰੀ ਮਾਂ ਅਮੀਰ ਲੋਕਾਂ ਦੇ ਘਰ ਮਜਦੂਰੀ ਕਰਨ ਜਾਂਦੀ ਹੈ ਤੇ ਉਹਦੇ ਸਾਰੇ ਕੱਪੜੇ ਫਟੇ ਹੋਏ ਹੈ,ਜਿਸਮ ਨੂੰ ਕੋਈ ਵੀ ਸੂਟ ਪੂਰਾ ਨਹੀ ਢੱਕ ਪਾਉਂਦਾ ਤੇ ਮੇਰੀ ਮਾਂ ਕੋਲ ਪੈਸੇ ਵੀ ਨਹੀ ਹੁੰਦੇਂ ਇਸ ਲਈ ਮੈਂ ਇਹ ਸੂਟ ਮਾਂ ਲਈ ਖਰੀਦਿਆ ਹੈ ਇਹ ਸੂਟ ਆਪਣੀ ਮਾਂ ਨੂੰ ਦਵੇਗਾਂ ? ਮੈਂ ਬੱਚੇ ਨੂੰ ਸਵਾਲ ਕੀਤਾ।ਜਵਾਬ ਸੁਣ ਕੇ ਮੇਰੇ ਤੇ ਮਾਸਟਰ ਜੀ ਦੇ ਪੈਰਾਂ ਹੈਠੋਂ ਜਮੀਨ ਨਿੱਕਲ ਗਈ।ਬੱਚੇ ਨੇ ਜਵਾਬ ਦਿੱਤਾ ਕੇ ਨਹੀ ਅੰਕਲ ਛੁੱਟੀ ਤੋਂ ਬਾਅਦ ਮੈਂ ਸੂਟ ਨੂੰ ਦਰਜੀ ਕੋਲ ਸਿਲਾਈ ਲਈ ਦਵਾਂਗਾਂ।ਰੋਜਾਨਾਂ ਸਕੂਲ ਛੁੱਟੀ ਤੋਂ ਬਾਅਦ ਕੰਮ ਕਰਕੇ ਥੋੜ੍ਹੇ ਥੋੜ੍ਹੇ ਪੈਸੇ ਦਰਜੀ ਕੋਲ ਜਮ੍ਹਾ ਕਰਵਾਏ ਹਨ। ਟੀਚਰ ਤੇ ਮੈਂ ਰੋਂਦੇ ਰੋਂਦੇ ਸੋਚ ਰਹੇ ਸੀ ਕੇ ਆਖਿਰ ਕਦੋਂ ਤੱਕ ਸਾਡੇ ਸਮਾਜ ਚ ਗਰੀਬਾਂ ਨਾਲ ਅਸਿਹਾ ਹੁੰਦਾਂ ਰਹੇ ਗਾ? ਕੀ ਉਪਰ ਵਾਲੇ ਦੀਆਂ ਦਿੱਤੀਆਂ ਖੁਸੀਆਂ ਚ ਗਰੀਬ ਦਾ ਕੋਈ ਹੱਕ ਨਹੀ ਹੈ? ਕੀ ਅਸੀਂ ਆਪਣੀਆਂ ਖੁਸੀਆਂ ਦੇ ਮੌਕੇ ਤੇ ਥੋੜ੍ਹੇ ਬਹੁਤ ਪੈਸੇ ਕੱਢ ਕੇ ਆਪਣੇ ਸਮਾਜ ਦੇ ਗਰੀਬ ਤੇ ਬੇਸਹਾਰਿਆਂ ਦੀ ਮੱਦਦ ਨਹੀ ਕਰ ਸਕਦੇ ? ਤੁਸੀ ਵੀ ਠੰਢੇ ਦਿਮਾਗ ਨਾਲ ਜਰੂਰ ਸੋਚੋ ਜੀ।।।।। ਅਗਰ ਹੋ ਸਕੇ ਤਾਂ ਇਸ ਲੇਖ ਨੂੰ ਸਾਰੇ ਵਧੀਆ ਮੱਦਦਗਾਰਾ ਤੱਕ ਪਹੁੰਚਾਉਂ ਜੀ ਤਾਂ ਕੇ ਇਸ ਛੋਟੀ ਜਿਹੀ ਕੋਸਿਸ ਨਾਲ ਕਿਸੇ ਵੀਰ ਭਰਾ,ਭੈਣ ਦੇ ਦਿਲ ਚ ਗਰੀਬਾਂ ਪ੍ਰਤਿ ਹਮਦਰਦੀ ਦਾ ਜਜਬਾ ਹੀ ਜਾਗ ਜਾਵੇ,ਤੇ ਇਹੀ ਲੇਖ ਕਿਸੇ ਗਰੀਬ ਕੇ ਘਰ ਖੁਸੀਆਂ ਦੀ ਵਜਹਾ ਬਣ ਜਾਵੇ।।
✍️ਸੰਦੀਪ ਸਿੰਘ ਸੋਨੀ

...
...

ਕਿਸੇ ਨਿੱਕੇ ਜਿਹੇ ਪਿੰਡ ਵਿੱਚ ਇੱਕ ਮਿਹਨਤੀ ਘੁਮਿਆਰ ਦੇ ਚਾਰ ਕਬੀਲਦਾਰ ਪੁੱਤਰ ਰਹਿੰਦੇ ਸਨ। ਤਿੰਨ ਜਣੇ ਤਾਂ ਮਿਹਨਤ ਮਜ਼ਦੂਰੀ ਕਰ ਕੇ ਖਾਂਦੇ ਸਨ, ਪਰ ਸਭ ਤੋਂ ਛੋਟਾ ਬੰਸੀ ਕੰਮ ਨਹੀਂ ਸੀ ਕਰਦਾ। ਕੁੱਝ ਚਿਰ ਤਾਂ ਭਰਾਵਾਂ ਨੇ ਮੂੰਹ ਵਲ ਵੇਖਿਆ ਬਈ ਅੱਜ ਵੀ ਕੰਮ ਕਰਦਾ, ਕੱਲ੍ਹ ਵੀ ਕਰਦਾ ਪਰ ਬੰਸੀ ਆਪਣੀਆਂ ਆਦਤਾਂ ਤੋਂ ਬਾਜ਼ ਨਾ ਆਇਆ, ਅਖ਼ੀਰ ਭਰਾਵਾਂ ਨੇ ਉਸ ਨੂੰ ਅੱਡ ਕਰ ਦਿੱਤਾ।ਕਿ ਬਈ, ਆਪੇ ਸ਼ਰਮ ਦਾ ਮਾਰਾ ਵਹੁਟੀ ਨੂੰ ਲਿਆ ਕੇ ਖੁਆਏਗਾ। ਜਦ ਬੰਸੀ ਦੇ ਗਲ ਕਬੀਲਦਾਰੀ ਦਾ ਢੋਲ ਪਿਆ ਤਾਂ ਉਸ ਨੂੰ ਵਜਾਉਣਾ ਪਿਆ। ਇੱਕ ਦਿਨ ਦੀ ਗੱਲ ਹੈ, ਕਿ ਬੰਸੀ ਰਾਤ ਨੂੰ ਮੱਝ ਦੀ ਧਾਰ ਚੋਣ ਵਾਸਤੇ ਗਿਆ, ਆਉਣ ਲੱਗੇ ਨੂੰ ਦੀਵੇਂ ਨੂੰ ਫੂਕ ਮਾਰਨ ਦਾ ਖ਼ਿਆਲ ਨਾ ਰਿਹਾ। ਸ਼ੱਕਰ ਰੱਬ ਦਾ ਮੱਝ ਬਾਹਰ ਬੰਨੀ ਹੋਣ ਕਾਰਨ ਬਚ ਗਈ, ਪਰ ਕੁੱਲੀ ਦਾ ਕੱਖ ਨਾ ਰਿਹਾ ਉਹ ਸਾਰੀ ਸੁਆਹ ਬਣ ਗਈ । ਬੰਸੀ ਨੂੰ ਸਾਰੇ ਬੁਰਾ-ਭਲਾ ਆਖ ਰਹੇ ਸਨ। ਬਈ ਕੋਈ ਕੰਮ ਦਿਮਾਗ਼ ਖੋਲ੍ਹ ਕੇ ਨਹੀਂ ਕਰਦਾ। ਬੰਸੀ ਨੇ ਚੁੱਪ-ਚਾਪ ਸੁਆਹ ਦੀ ਬੋਰੀ ਭਰੀ ਤੇ ਖੋਤੇ ਉੱਪਰ ਲੱਦੀ। ਘਰ ਵਾਲੀ ਨੂੰ ਤਾਕੀਦ ਕੀਤੀ ਕਿ ਬਸ ਮੈਂ ਗਿਆ ਤੇ ਆਇਆ, ਉਹ ਘਰੋਂ ਨਿਕਲ ਪਿਆ। ਉਹ ਹਾਲੇ ਕੁਝ ਵਾਟ ਹੀ ਗਿਆ ਸੀ ਕਿ ਉਸ ਨੂੰ ਇੱਕ ਔਰਤ ਆਪਣੇ ਬੱਚੇ ਸਮੇਤ ਪੈਦਲ ਜਾਂਦੀ ਮਿਲ ਪਈ। ਜਿਵੇਂ ਆਖਦੇ ਹੁੰਦੇ ਬਈ ਗੱਡਾ ਵੇਖ ਕੇ ਪੈਰ ਭਾਰੇ ਹੋ ਜਾਂਦੇ ਹਨ। ਇਵੇਂ ਹੀ ਔਰਤ ਆਪਣੇ ਬੱਚੇ ਨੂੰ

ਖੋਤੇ ‘ਤੇ ਬਿਠਾਉਣ ਲਈ ਬੰਸੀ ਦੀਆਂ ਮਿੰਨਤਾਂ ਕਰਨ ਲੱਗੀ। “ਵੇਖ ਬੀਬੀ ਮੈਂ ਤੇਰੇ ਮੁੰਡੇ ਨੂੰ ਬਿਠਾ ਤਾਂ ਲੈਂਦਾ ਹਾਂ, ਪਰ ਜੇ ਤੇਰੇ ਮੁੰਡੇ ਨੇ ਮੇਰਾ ਕੋਈ ਨੁਕਸਾਨ ਕਰਤਾ ਤਾਂ ਜ਼ਿੰਮੇਵਾਰੀ ਤੇਰੀ ਐ। ਔਰਤ ਦੀ ਹਾਮੀ

ਭਰਨ ਦੀ ਦੇਰ ਸੀ, ਬੰਸੀ ਨੇ ਝੱਟ ਜਵਾਕ ਉੱਪਰ ਬਿਠਾ ਲਿਆ। ਅੱਗ ਜਦ ਉਸ ਔਰਤ ਦਾ ਪਿੰਡ ਆਇਆ ਤਾਂ ਉਸ ਨੇ ਜਵਾਕ ਉਤਾਰਨ ਵਾਸਤੇ ਕਿਹਾ ਤਾਂ, ਕੁੱਛੜ ਵਿੱਚ ਲੈ ਕੇ ਜਵਾਕ ਉਤਾਰਨ ਲੱਗੇ ਨੇ ਮੂੰਹ ਨਾਲ ਪੱਦ ਦੀ ਵਾਜ਼ ਕੱਢੀ ਤੇ ਨਾਲ ਹੀ ਧਾਹ ਮਾਰੀ: “ਮਰ ਗਿਆ ਉਏ ਰੱਬਾ! ਮੇਰਾ ਸਾਰਾ ਸਮਾਨ ਰਾਖ (ਸੁਆਹ) ਕਰਤਾ।

“ਕਾਕਾ ਕਿਉ ਡਾਅਦ ਪਾਇਆ, ਮੇਰੇ ਕੁਝ ਪੱਲੇ ਪਾ ਕੀ ਗੱਲ ਬਣੀ।

‘ਬਣਨਾ ਕੀ ਬੀਬੀ ਤੇਰੇ ਜਵਾਕ ਨੇ ਉਹੀ ਗੱਲ ਕੀਤੀ ਜੀਹਦਾ ਡਰ ਸੀ। ਮਾਰ ਕੇ ਪਦ ਮੇਰਾ ਕੀਮਤੀ ਸਮਾਨ ਰਾਖ ਕਰਤਾ। ਨਾਲ ਹੀ ਸੁਆਹ ਕੱਢ ਕੇ ਵਿਖਾ ਦਿੱਤੀ। “ਵੇਖ ਕਾਕਾ ਮੈਨੂੰ ਤਾਂ ਪਤਾ ਨਹੀ ਤੇਰਾ ਸਮਾਨ ਕਿੰਨੇ ਦਾ ਪਰ ਮੈਂ ਤੇਰਾ ਹਰਜ਼ਾਨਾ ਭਰਨ ਨੂੰ ਤਿਆਰ ਆ “ਰੁਪਿਆ ਪੂਰਾ ਪੰਜ ਸੋ ਲੈਣਾ ਨਾ ਘੱਟ ਨਾ ਵੱਧ।

“ਨਾ ਕਾਕਾ ਬੰਦੇ ਦਾ ਕੋਈ ਦੀਨ-ਈਮਾਨ ਵੀ ਹੁੰਦਾ ਹੈ, ਕੋਈ ਮਾੜੀ ਮੋਟੀ ਸ਼ਰਮ ਕਰ। ਸਹੀ-ਸਹੀ ਪੇਸੇ ਦੱਸ ਜਿਹੜੇ ਲੈਣੇ ਆ ਇੱਥੇ ਬੱਕਰੀ ਨਹੀ ਨੇਟ ਹੱਗਦੀ।

ਰੌਲਾ ਸੁਣ ਕੇ ਲੋਕ ਆ ਗਏ, ਬੰਸੀ ਨੇ ਉਹਨਾਂ ਨੂੰ ਆਪਣੀ ਰਾਮ ਕਹਾਣੀ ਸੁਣਾਈ। ਅਖ਼ੀਰ ਚਾਰ ਸੌ ਰੁਪਏ ‘ਤੇ ਫ਼ੈਸਲਾ ਹੋਇਆ। ਔਰਤ ਨੇ ਮੱਚਦੀ -ਸੜਦੀ ਨੇ ਘਰੋਂ ਲਿਆ ਦਿੱਤੇ। ਖੀਸੇ ਪੈਸੇ ਪਾ ਬੰਸੀ ਘਰ ਆ ਕੇ ਫਿਰ ਸ਼ੌਕ ਦੇ ਕਬੂਤਰ ਉਡਾਉਣ ਲੱਗਾ। ਭਰਾਵਾਂ ਨੇ ਪੁੱਛਿਆ, “ਸਾਲਿਆ, ਡੱਕਾ ਤੋੜ ਕੇ ਦੁਹਰਾ ਕਰਦਾ ਨਹੀਂ ਮੌਜਾਂ ਲੁੱਟਣ ਨੂੰ ਪੈਸੇ ਕਿਥੋ ਆ ਗਏ।
“ਕੀ ਦੱਸਾ ਅੰਮਾਜਾਇਓ, ਆਪਣੀ ਕੁੱਲੀ ਦੀ ਸੁਆਹ ਵੇਚ ਕੇ ਆਇਆ

ਹਾਂ। ਇੱਥੇ ਕਾਫ਼ੀ ਦੂਰ ਚੜ੍ਹਦੇ ਪਾਸੇ ਰਾਖ ਵਿਕਦੀ ਐ। ਤੁਸੀ ਵੀ ਕੁੱਲੀਆਂ ਸਾੜ ਕੇ ਵੇਚ ਆਓ।

ਦੁਸਰੇ ਭਰਾ ਬੰਸੀ ਦੀਆਂ ਗੱਲਾਂ ਵਿੱਚ ਆ ਗਏ। ਸਵੇਰੇ ਹੀ ਉਨ੍ਹਾਂ

ਕੁੱਲੀਆਂ ਸਾੜੀਆਂ ਤੇ ਤੁਰ ਪਏ। ਉੱਚੀ-ਉੱਚੀ ਹੋਕਾ ਦੇਣ ਬਈ ਸੁਆਹ
ਲਉ, ਬਈ ਸੁਆਹ ਲੈ ਲਉ। ਲੋਕਾਂ ਨੇ ਗਾਲਾਂ ਕੱਢੀਆਂ ‘ਭੱਜ ਜਾਓ, ਸਾਲੇ ਮੁਰਖ ਨਾ ਹੋਣ ਕਿਸੇ ਥਾਂ ਦੇ ਕਦੇ ਕਿਤੇ ਸੁਆਹ ਵੀ ਵਿਕੀ ਆ।ਉਹ ਰਾਖ ਉਥੇ ਸੁੱਟ ਕੇ ਗਾਲਾਂ ਕੱਢਦੇ ਘਰ ਵੱਲ ਤੁਰ ਪਏ, ਆਉਦਿਆਂ ਹੀ ਬੰਸੀ ਨੂੰ ਸੁੱਖ ਵਾਲੇ ਬੱਕਰੇ ਵਾਂਗੂ ਢਾਅ ਲਿਆ। ਕਹਿਣ ਲੱਗੇ “ਤੂੰ ਸਾਡਾ ਭਰਾ ਨਹੀਂ, ਦੁਸ਼ਮਣ ਐਂ-ਦੁਸ਼ਮਣ। ਅਸੀਂ ਤੇਰੀਆਂ ਗੱਲਾਂ ਵਿੱਚ ਆ ਗਏ। ਬੰਸੀ ਨਾਲੇ ਤਾਂ ਛਿੱਤਰ ਖਾਂਦਾ ਰਿਹਾ ਤੇ ਨਾਲ ਹੀ ਮਨ ਹੀ ਮਨ ਹੱਸਦਾ ਰਿਹਾ, ਮੈਨੂੰ ਨਿਕਮਾ ਸਮਝਦੇ ਆ ਮੈਂ ਮਿੱਟੀ ਨੂੰ ਹੱਥ ਲਾ ਦੇਵਾਂ ਉਹ ਸੋਨਾ ਬਣੀ ਜਾਂਦੀ ਹੈ। ਮਸਾਂ ਘਰ ਵਾਲੀ ਨੇ ਮਿੰਨਤਾਂ ਕਰ-ਕਰ ਕੇ ਛੁਡਵਾਇਆ। ਜਦੋਂ ਉਹ ਐਸ਼ ਕਰਨੋਂ ਨਾ ਹੱਟਿਆ ਤਾਂ ਉਹਦੇ ਪੈਸੇ ਮੁੱਕ ਗਏ। ਜਾਨ ਬਚਣ ਜੋਗਾ ਹੀ ਕੰਮ ਕਰਦਾ ਉਹਦੇ ਨਾਲ ਘਰ ਦੀ ਦੋ ਡੰਗ ਦੀ ਮਸਾਂ ਰੋਟੀ ਤੁਰਦੀ ਘਰ ਵਾਲੀ ਅਕਸਰ ਭੁੱਰਦੀ ਰਹਿੰਦੀ, ਅਜਿਹਾ ਚਿੰਤਾ ਰੋਗ ਚਿੰਬੜਿਆ ਕੇ ਉਹਨੂੰ ਨਾਲ ਹੀ ਲੈ ਗਿਆ ਭਾਵ ਘਟਦੀ-ਘਟਦੀ ਉਹ ਮਰ ਗਈ। ਬੰਸੀ ਨੇ ਉਹਦੇ ਨਵੇ ਲੀੜੇ ਪਾਏ, ਆਪਣੇ ਮੂਹਰੇ ਇਸ ਤਰ੍ਹਾਂ ਬਿਠਾ ਲਈ ਜਿਸ ਤਰਾਂ ਜਿਊਂਦੀ-ਜਾਗਦੀ ਹੋਵੇ। ਪਿੰਡਾਂ ਉਹ ਛਿਪਦੇ ਵਲ ਨੂੰ ਨਿੱਕਲ ਤੁਰਿਆ, ਤੁਰਦੇ ਤਰਦੇ ਉਹ ਵਾਹਵਾ ਵਾਟ ਲੰਘ ਆਇਆ ਤਾਂ ਕੀ ਵੇਖਦਾ ਇੱਕ ਥਾਂ ਤੀਆਂ ਲੱਗੀਆਂ ਹੋਈਆਂ। ਜਦ ਕੁੜੀਆਂ ਦੀ ਨਜ਼ਰ ਬੰਸੀ ਅਤੇ ਉਹਦੀ ਤੀਵੀਂ ’ਤੇ ਪਈ ਤਾਂ ਉਹ ਭੱਜ ਕੇ ਆਈਆਂ।
ਵ ਵੀਰਾ ਬਣ ਕੇ ਸਾਨੂੰ ਆਵਦੀ ਵਹੁਟੀ ਤਾਂ ਦਿਖਾ ਦੇ,ਵੇਖੀਏ ਕਿੰਨੀ ਕੁ ਸੋਹਣੀ ਐ।’

“ਨਾ ਬਈ , ਆਪਾਂ ਨਹੀਂ ਦਿਖਾਉਣੀ ਜੇ ਕੁਝ ਹੋ ਗਿਆ, ਤਾਂ ਜ਼ਿੰਮੇਵਾਰ

ਕੌਣ ਆ।

ਲੇ ਕੁੜੇ ਗੱਲਾਂ ਤਾਂ ਮੈਂ ਕਰਦਾ, ਜਿਵੇਂ ਇਹਦੇ ਕੋਲੇ ਇੰਦਰ ਦੀ ਪਰੀ ਹੋਵੇ ਜਿਹੜੀ ਕਿਸੇ ਦੇ ਮੱਥੇ ਨਹੀ ਲਗਦੀ।”

ਭਾਈ ਉਹ ਗੱਲ ਨਹੀ , ਦਰਅਸਲ ਗੱਲ ਇਹ ਹੈ ਕੀ ਇਹਨੂੰ ਬਿਮਾਰੀ

ਅਜਿਹੀ ਚੰਦਰੀ ਹੈ, ਮੈਂ ਹੁਣੇ ਹੀ ਹਥਲਾ ਕਰਵਾ ਕੇ ਲਿਆਇਆਂ, ਜੇ ਰਾਹ ਵਿੱਚ ਕਿਸ ਦੇ ਮੱਥੇ ਲੱਗ ਗਈ ਤਾਂ ਇਹਨੇ ਮਰ ਜਾਣਾ। ਦੇਖ ਭਾਵੇਂ ਹਜ਼ਾਰ ਵਾਰੀ ਲਉ, ਜੋ ਕੁਝ ਹੋ ਗਿਆ ਤਾਂ ਮੈਂ ਕੀ ਕਰੂ ?”

ਵੇਖ ਸਾਡੀ ਖੂਬ ਵਰਗੀ ਸਹੇਲੀ ਆ, ਇਹਦਾ ਕੰਤ ਮਰ ਗਿਆ ਸੀ। ਚਾਚੇ ਨਾਲ ਸਲਾਹ ਕਰਕੇ ਤੇਰੇ ਨਾਲ ਤੋਰ ਦਿਆਂਗੇ। ਉਹਨੇ ਕੁੜੀਆਂ ਨੂੰ ਮਾੜਾ ਜਿਹਾ ਘੁੰਢ ਚੁੱਕ ਕੇ ਦਿਖਾਇਆ ਅਤੇ ਨਾਲ ਹੀ ਉਹਨੇ ਹੱਥ ਛੱਡ ਦਿੱਤੇ, ਤੀਵੀਂ ਇੱਕ ਪਾਸੇ ਲੁੜਕ ਗਈ। ਬੱਸੀ ਫਿਰ ਲਰਾਂ

ਮਾਰਨ ਲੱਗਾ। ਚੱਲ ਕੁੜੀਆਂ ਨੇ ਆਪਣਾ ਵਾਅਦਾ ਪੂਰਾ ਕੀਤਾ, ਬੰਸੀ ਨਵੀ .

ਵਹੁਟੀ ਲੈ ਕੇ ਘਰ ਆ ਗਿਆ। ਜਦ ਭਰਾਵਾਂ ਨੂੰ ਪਤਾ ਲੱਗਾ ਤਾਂ ਉਹਨਾਂ ਪੁੱਛਿਆਂ ਹੁਣ ਕਿਹੜੀ ਸਕੀਮ ਲਾਈ।ਉਹ ਕਹਿੰਦਾ ਛਿਪਦੇ ਵੱਲੋਂ ਲੇ ਜਾਓ,ਤੇ ਗਲਾ ਘੁੱਟ ਕੇ ਮਾਰ ਦੇਓ
ਤੋਬਾ
‘ ਸਾਡੀ ਹੁਣ ਨਹੀਂ ਮਗਰ ਲੱਗਦੇ – ਇਹ ਆਖ ਭਰਾਵਾਂ ਨੇ

ਉਥੋਂ ਖਿਸਕਣਾ ਹੀ ਚੰਗਾ ਸਮਝਿਆ। ਨਵੀਂ ਵਹੁਟੀ ਦੇ ਚਾਅ ਵਿੱਚ ਬੈਸੀ ਸਾਰਾ ਦਿਨ ਭੱਜਿਆ ਫਿਰਦਾ ਰਹਿੰਦਾ। ਕੰਮ ਵੀ ਉਹ ਕਰਦਾ ਜੀਹਦੇ ਬਿਨਾਂ ਨਾ ਸਰਦਾ, ਹੁਣ ਭੁੱਖੀ ਤਿਹਾਈ ਮੱਝ ਮਰ ਗਈ। ਉਹਦੀ ਖੱਲ ਲੁਹਾ ਕੇ ਬਰੀ ਵਿੱਚ ਪਾਈ ਖੌਤੇ ਉੱਤੋਂ
ਲੱਦ ਕੇ ਤੁਰ ਪਿਆ, ਤੁਰਦਾ-ਤੁਰਦਾ ਜੰਗਲ ਵਿੱਚ ਪਹੁੰਚ ਗਿਆ। ਜੰਗਲ ਵਿੱਚ ਅਜਿਹਾ ਭਟਕਿਆ ਰਾਤ ਪੈ ਗਈ। ਉਸ ਨੇ ਸੋਚਿਆ ਕਿ ਹੈ ਮਨਾ, ਮੇਰੇ ਕੋਲ ਮੱਝ ਦੀ ਖੱਲ ਐ, ਮੁਸ਼ਕ ਨਾਲ ਸ਼ੇਰ-ਘਿਆੜ ਹੀ ਨਾ ਆ ਜੇ। ਇਹ ਸੋਚ ਕੇ ਖੋਤਾ ਤਾਂ ਉਹਨੇ ਚਰਨਾ ਛੱਡ ਤਾ ਤੇ ਆਪ ਖੱਲ ਲੈ ਕੇ ਕਿਸੇ ਰੁੱਖ ਤੇ ਚੜ੍ਹ ਗਿਆ। ਅੱਧੀ ਰਾਤ ਚਾਰ ਚੋਰ ਉਸ ਰੁੱਖ ਥੱਲੇ ਆ ਕੇ ਬੈਠ ਗਏ । ਲੱਗ ਪਏ ਆਪਣਾ ਚੋਰੀ ਕੀਤਾ ਸਮਾਨ ਵੰਡਣ। ਬੰਸੀ ਦਾ ਡਰਦੇ ਦਾ ਪਿਸ਼ਾਬ ਨਿਕਲ ਗਿਆ। ਚੋਰ ਵੀ ਡਰ ਗਏ ਉਪਰ ਕਿਤੇ ਭੂਤ ਹੀ ਨਾ ਹੋਵੇ, ਫਿਰ ਆਪ ਹੀ ਕਹਿੰਦੇ ਭੂਤ ਦਾ ਇਥੇ ਕੀ ਕੰਮ ਕਿਸੇ ਜਨੌਰ ਨੇ ਵਿੱਠ ਕੀਤੀ ਹੋਊ। ਉਹ ਫਿਰ ਸਮਾਨ ਵੰਡਣ ਲੱਗ ਪਏ। ਬੰਸੀ ਦਾ ਦਿਮਾਗ਼ ਕੰਮ ਕਰ ਗਿਆ, ਉਹਨੇ ਸਣੇ ਬੋਰੀ ਉੱਪਰ ਖੱਲ ਸੁੱਟ ਦਿੱਤੀ। ਬੋਰੀ ਤਾਂ ਟਾਹਣੀਆਂ ਵਿੱਚ ਹੀ ਕਿਧਰੇ ਅੜ ਕੇ ਰਹਿ ਗਈ ਪਰ ਖੱਲ ਚੋਰਾਂ ਮੂਹਰੇ ਆ ਡਿੱਗੀ, ਚੋਰ ਇਹ ਸੋਚ ਕੇ ਆਪਣਾ ਸਾਰਾ ਕੀਮਤੀ ਸਾਮਾਨ ਤੇ ਧਨ ਆਦਿ ਉੱਥੇ ਹੀ ਛੱਡ ਕੇ ਚੀਕਾਂ ਮਾਰਦੇ ਭੱਜ ਗਏ ਕਿ ਸੱਚੀਂ ਉੱਤੇ ਭੂਤ ਆ, ਵੇਖੋ ਜਾਨਵਰ ਖਾ ਕੇ ਖੱਲ ਸੁੱਟ ਦਿੱਤੀ। ਬੰਸੀ ਨੇ ਸਮਾਨ ਚੁੱਕਿਆ ਫਿਰ ਰੁੱਖ ਤੇ ਚੜ੍ਹ ਗਿਆ। ਤੜਕੇ ਕੰਨੋਂ ਖੋਤਾ ਫੜਿਆ ਤੇ ਆਰਾਮ ਨਾਲ ਗਾਉਂਦਾ ਅਤੇ ਕੱਛਾਂ ਵਜਾਉਂਦਾ ਘਰ ਆ ਗਿਆ।

...
...

ਉਮਰ ਦੇ ਇਸ ਪੜਾਅ ਤੇ ਇੰਜ ਕੱਲੀ ਰਹਿ ਜਾਵਾਂਗੀ..ਕਦੀ ਸੁਫ਼ਨੇ ਵਿਚ ਵੀ ਨਹੀਂ ਸੀ ਸੋਚਿਆ!
ਬੇਟੇ ਨੂੰ ਬਾਹਰ ਗਏ ਨੂੰ ਮਸੀ ਤਿੰਨ ਮਹੀਨੇ ਵੀ ਨਹੀਂ ਸਨ ਹੋਏ ਕੇ ਇੱਕ ਦਿਨ ਚੰਗੇ ਭਲੇ ਤੁਰੇ ਫਿਰਦੇ ਇਹ ਸਾਥ ਛੱਡ ਗਏ..!

ਉਹ ਆਪਣੇ ਬਾਪ ਨੂੰ ਮੋਢਾ ਦੇਣ ਕੱਲਾ ਹੀ ਆਇਆ..

ਛੇਵੇਂ ਮਹੀਨੇ ਵਿਚ ਪੈਰ ਧਰਦੀ ਨੂੰਹ ਵਾਸਤੇ ਜਹਾਜ ਦਾ ਸਫ਼ਰ ਮਾਫਿਕ ਨਹੀਂ ਸੀ..!

ਭਾਵੇਂ ਉਸਨੇ ਢੇਰ ਸਾਰੀਆਂ ਤਸੱਲੀਆਂ ਦਿੱਤੀਆਂ ਪਰ ਉਸਦੇ ਵਾਪਿਸ ਪਰਤਣ ਮਗਰੋਂ ਇੱਕ ਵਾਰ ਫੇਰ ਗੁੰਮਨਾਮੀ ਵਾਲੇ ਹਨੇਰੇ ਦੀ ਬੁੱਕਲ ਵਿਚ ਜਾ ਪਈ..

ਸਾਰਾ ਸਾਰਾ ਦਿਨ ਬੱਸ ਬਾਲਕੋਨੀ ਵਿਚ ਕੱਲੀ ਬੈਠੀ ਰਹਿੰਦੀ..!
ਕਦੀ ਕੁਝ ਸੋਚ ਰੋੋਣ ਨਿੱਕਲ ਜਾਂਦਾ..ਕਦੀ ਪੂਰਾਣੀ ਐਲਬੰਮ ਕੱਢ ਅਤੀਤ ਵਿਚ ਅੱਪੜ ਜਾਇਆ ਕਰਦੀ..
ਕਦੀ ਇਹਨਾਂ ਦੇ ਮਨਪਸੰਦ ਕੌਫੀ ਵਾਲੇ ਕੱਪ ਵਿਚੋਂ ਕਿੰਨਾ-ਕਿੰਨਾ ਚਿਰ ਨਿੱਕੇ ਨਿੱਕੇ ਘੁੱਟ ਭਰਦੀ ਰਹਿੰਦੀ..!

ਕੁਝ ਦਿਨਾਂ ਤੋਂ ਨਾਲ ਲੱਗਦੇ ਖਾਲੀ ਫਲੈਟ ਵਿਚ ਕਾਫੀ ਰੌਣਕ ਸੀ..ਕੋਈ ਨਵਾਂ ਵਿਆਹਿਆ ਜੋੜਾ ਆ ਗਿਆ ਲੱਗਦਾ ਸੀ ਸ਼ਾਇਦ..

ਹਮੇਸ਼ਾਂ ਬਿੜਕ ਜਿਹੀ ਰਖਿਆ ਕਰਦੀ..
ਦੋਵੇਂ ਸੁਵੇਰੇ ਨਿੱਕਲ ਜਾਇਆ ਕਰਦੇ..ਆਥਣੇ ਮੁੜਦੇ..ਫੇਰ ਕਿੰਨਾ-ਕਿੰਨਾ ਚਿਰ ਬੈਠੇ ਗੱਲਾਂ ਮਾਰਦੇ ਰਹਿੰਦੇ..
ਕਦੇ ਨਿੱਕੀ ਨਿੱਕੀ ਗੱਲ ਤੋਂ ਬਹਿਸ ਹੋ ਜਾਇਆ ਕਰਦੀ..ਜਿਆਦਾਤਰ ਪਿਆਰ ਮੁਹੱਬਤ ਵਾਲੀਆਂ ਗੱਲਾਂ ਹੀ ਹੁੰਦੀਆਂ..ਮੈਂ ਸਾਰਾ ਕੁਝ ਚੁੱਪ ਚੁਪੀਤੇ ਹੀ ਆਪਣੇ ਵਜੂਦ ਤੇ ਮਹਿਸੂਸ ਕਰਦੀ ਰਹਿੰਦੀ..
ਅਖੀਰ ਬਾਲਕੋਨੀ ਦੀ ਬੱਤੀ ਜਗਾਉਣੀ ਵੀ ਬੰਦ ਜਿਹੀ ਕਰ ਦਿੱਤੀ..ਕਿਧਰੇ ਓਹਨਾ ਦੇ ਪਿਆਰ ਮੁਹੱਬਤ ਵਾਲੇ ਪਲਾਂ ਵਿਚ ਕੋਈ ਖਲਲ ਹੀ ਨਾ ਪੈ ਜਾਵੇ..!

ਇੱਕ ਦਿਨ ਐਤਵਾਰ ਸੁਵੇਰੇ ਸੁਵੇਰੇ ਬੂਹੇ ਤੇ ਦਸਤਕ ਹੋਈ..

ਬਾਰ ਖੋਲਿਆ ਤਾਂ ਉਹ ਦੋਵੇਂ ਸਨ..
ਹੱਸਦੇ ਹੋਏ..ਫੇਰ ਰਸਮੀਂ ਜਿਹੀ ਮਿਲਣੀ ਮਗਰੋਂ ਲਾਲ ਚੂੜੇ ਵਾਲੀ ਨੇ ਸੰਗਦੀ ਹੋਈ ਨੇ ਗੱਲ ਸ਼ੁਰੂ ਕੀਤੀ..
ਆਖਣ ਲੱਗੀ ਆਂਟੀ ਤੁਹਾਡੇ ਗਵਾਂਢ ਵਿਚ ਨਾਲ ਵਾਲੀ ਬਾਲਕੋਨੀ ਵਾਲੇ ਹਾਂ..
ਹੁਣੇ ਹੁਣੇ ਹੀ ਇਥੇ ਬਦਲ ਕੇ ਆਏ ਹਾਂ..
ਸਾਨੂੰ ਉੱਚੀ ਉਚੀ ਗੱਲਾਂ ਕਰਨ ਦੀ ਆਦਤ ਏ..ਆਸ ਕਰਦੇ ਹਾਂ ਤੁਹਾਨੂੰ ਪ੍ਰੇਸ਼ਨੀ ਤੇ ਨਹੀਂ ਹੁੰਦੀ ਹੋਵੇਗੀ?
ਸਹਿ ਸੂਬਾ ਹੀ ਮੂਹੋਂ ਨਿੱਕਲ ਗਿਆ ਕੇ ਧੀਏ ਪ੍ਰੇਸ਼ਾਨੀ ਕਾਹਦੀ..ਤੁਹਾਡੀਆਂ ਗੱਲਾਂ ਤੇ ਸਗੋਂ ਸੰਜੀਵਨੀ ਬੂਟੀ ਦਾ ਕੰਮ ਕਰਦੀਆਂ..!

ਫੇਰ ਕਿੰਨੀਆਂ ਸਾਰੀਆਂ ਗੱਲਾਂ..ਢੇਰ ਸਾਰੀਆਂ ਵਕਫ਼ੀਆਂ ਨਿੱਕਲੀਆਂ..
ਮਗਰੋਂ ਸਿਆਲ ਦੀ ਨਿੱਘੀ ਜਿਹੀ ਸੁਵੇਰ ਵਿਚ ਚਾਹ ਦੀਆਂ ਪਿਆਲੀਆਂ ਵਿਚੋਂ ਨਿੱਕਲਦੀ ਹੋਈ ਮਿੱਠੀ ਜਿਹੀ “ਭਾਫ” ਮੁਹੱਬਤ ਬਣ ਫਿਜ਼ਾ ਵਿਚ ਰਲਦੀ ਗਈ..!

ਉਸ ਦਿਨ ਮਗਰੋਂ ਓਹਨਾ ਦੋਹਾਂ ਨੇ ਹਰ ਗੱਲਬਾਤ ਵਿਚ ਮੇਰੀ ਸਮੂਲੀਅਤ ਜਰੂਰੀ ਜਿਹੀ ਬਣਾ ਦਿੱਤੀ..!
ਹੁਣ ਮੈਨੂੰ ਅਕਸਰ ਹੀ ਇੰਝ ਲੱਗਿਆ ਕਰਦਾ ਜਿਦਾਂ ਮੇਰਾ ਪੁੱਤ ਮੇਰੀ ਨੂੰਹ ਸਣੇ ਨਾਲਦੇ ਕਮਰੇ ਵਿਚ ਸ਼ਿਫਟ ਹੋ ਗਿਆ ਹੋਵੇ..!

ਹਰਪ੍ਰੀਤ ਸਿੰਘ ਜਵੰਦਾ

...
...

ਮੈਨੂੰ ਉਸਤੋਂ ਬੇਹੱਦ ਨਫਰਤ ਸੀ..
ਕਿਓੰਕੇ ਉਹ ਮੈਨੂੰ ਹਮੇਸ਼ਾਂ ਹਰਾ ਦਿਆ ਕਰਦਾ..
ਪੜਾਈ ਵਿਚ..ਖੇਡਾਂ ਵਿਚ..ਗੱਲਬਾਤ ਵਿਚ..ਹਰ ਖੇਤਰ ਵਿਚ..
ਇੱਕ ਵਾਰ ਅੱਧੀ ਛੁੱਟੀ ਬਾਹਰ ਖੇਡਣ ਗਿਆ..ਉਸਦੀਆਂ ਦੋ ਕਿਤਾਬਾਂ ਪਾੜ ਸੁੱਟੀਆਂ..

ਵਾਪਿਸ ਪਰਤ ਉਹ ਇਹ ਸਭ ਕੁਝ ਵੇਖ ਰੋ ਪਿਆ..ਪਰ ਆਖਿਆ ਕੁਝ ਨੀ..ਭਾਵੇਂ ਉਹ ਜਾਣਦਾ ਸੀ ਕੇ ਇਹ ਮੈਂ ਹੀ ਕੀਤਾ..!
ਇਸਤੋਂ ਬਾਅਦ ਉਹ ਮੁੜ ਕਦੇ ਵੀ ਸਕੂਲ ਨਾ ਦਿਸਿਆ..ਸ਼ਾਇਦ ਬਾਪ ਨਾਲ ਦਿਹਾੜੀ ਤੇ ਜਾਣਾ ਸ਼ੁਰੂ ਕਰ ਦਿੱਤਾ..

ਮੈਂ ਖੁਸ਼ ਸਾਂ ਕੇ ਇੱਕ ਵੱਡਾ ਦੁਸ਼ਮਣ ਰਾਹ ਤੋਂ ਹਟ ਗਿਆ..

ਕਿੰਨਿਆਂ ਵਰ੍ਹਿਆਂ ਮਗਰੋਂ ਜਦੋਂ ਕੋਠੀ ਬਣਾਉਣੀ ਸ਼ੁਰੂ ਕੀਤੀ ਤਾਂ ਲੇਬਰ ਚੌਂਕ ਤੋਂ ਬੰਦੇ ਲੈ ਆਂਦੇ..
ਇੱਕ ਚੇਹਰਾ ਜਾਣਿਆਂ ਪਹਿਚਾਣਿਆਂ ਲੱਗਿਆ..ਇਹ ਓਹੋ ਹੀ ਸੀ..ਉਸਨੇ ਵੀ ਮੈਨੂੰ ਪਹਿਚਾਣ ਲਿਆ ਪਰ ਚੁੱਪ ਰਿਹਾ..
ਵਕਤ ਦੇ ਥਪੇੜਿਆਂ ਉਸਨੂੰ ਵਕਤੋਂ ਪਹਿਲਾਂ ਹੀ ਬੁੱਢਾ ਕਰ ਦਿੱਤਾ ਸੀ..
ਪਰ ਮੇਰੀ ਨਫਰਤ ਅਜੇ ਮਰੀ ਨਹੀਂ ਸੀ..
ਇੱਕ ਵਾਰ ਫੇਰ ਜਾਗ ਉਠੀ..ਅਕਸਰ ਹੀ ਉਸਦੇ ਕੰਮ ਵਿਚ ਨੁਕਸ ਕੱਢ ਦਿਆ ਕਰਦਾ..ਕਦੀ ਝਿੜਕਾਂ ਵੀ ਮਾਰ ਦਿਆ ਕਰਦਾ..!
ਕਦੀ ਕਦੀ ਉਹ ਆਪਣੇ ਨਾਲ ਆਪਣੀ ਨਿੱਕੀ ਜਿਹੀ ਪੋਤਰੀ ਨੂੰ ਲੈ ਆਇਆ ਕਰਦਾ..!

ਮੇਰੀ ਪੋਤਰੀ ਉਸਦੀ ਪੋਤਰੀ ਦੀ ਸਹੇਲੀ ਬਣ ਗਈ..
ਮੈਨੂੰ ਚੰਗਾ ਨਾ ਲੱਗਿਆ ਕਰਦਾ..ਪਰ ਉਹ ਖਹਿੜਾ ਕਰਦੀ ਕੇ ਉਸ ਨਾਲ ਹੀ ਖੇਡਣਾ..

ਮੈਂ ਆਖਦਾ ਇਹਨਾਂ ਨਾਲ ਖੇਡੀਏ ਤਾਂ ਵਿਗੜ ਜਾਈਦਾ..

ਅਖੀਰ ਪੰਜਾਂ ਮਹੀਨਿਆਂ ਬਾਅਦ ਕੰਮ ਮੁੱਕਿਆ..
ਹਿਸਾਬ ਦੀ ਵਾਰੀ ਆਈ..ਮਨ ਵਿਚ ਪਤਾ ਨੀ ਕੀ ਆਇਆ..ਆਨੇ ਬਹਾਨੇ ਦੋ ਹਜਾਰ ਕੱਟ ਲਏ..!
ਬਾਕੀ ਸਾਰੇ ਮਜਦੂਰ ਚਲੇ ਗਏ..ਪਰ ਉਹ ਨਾ ਗਿਆ..ਮੈਂ ਸੋਚਿਆ ਜਰੂਰ ਲੜੇਗਾ..ਬਹਿਸ ਕਰੇਗਾ..ਪਰ ਉਹ ਹੱਸਦਾ ਰਿਹਾ..

ਫੇਰ ਉਸਨੇ ਕੋਲ ਖੇਡਦੀ ਮੇਰੀ ਪੋਤਰੀ ਨੂੰ ਸੈਨਤ ਮਾਰ ਕੋਲ ਸੱਦ ਲਿਆ..!

ਮਿਲੇ ਪੈਸਿਆਂ ਵਿਚੋਂ ਪੰਜ ਸੌ ਦਾ ਨੋਟ ਕੱਢ ਉਸਦੇ ਬੋਝੇ ਵਿਚ ਪਾ ਦਿੱਤਾ..
ਆਖਣ ਲੱਗਾ ਤੇਰਾ ਦਾਦਾ ਤੇ ਮੈਂ ਨਿੱਕੇ ਹੁੰਦਿਆਂ ਦੇ ਯਾਰ ਹੁੰਦੇ ਸਾਂ..ਇਸ ਹਿਸਾਬ ਨਾਲ ਮੈਂ ਵੀ ਤੇਰਾ ਵੱਡਾ ਦਾਦਾ ਲੱਗਾ..ਆਹ ਲੈ ਤਾਏ ਦਾਦੇ ਦਾ ਪਿਆਰ..!

ਏਨੀ ਗੱਲ ਆਖ ਤੁਰਦਾ ਬਣਿਆ..ਪਰ ਮੈਂ ਇਹ ਸਭ ਕੁਝ ਵੇਖ ਪੱਥਰ ਜਿਹਾ ਹੋ ਗਿਆ..ਬਿਲਕੁਲ ਹੀ ਪੱਥਰ..

ਕਿਓੰਕੇ ਉਹ ਜਾਂਦਾ ਜਾਂਦਾ ਇੱਕ ਵਾਰ ਫੇਰ ਮੈਨੂੰ ਬੁਰੀ ਤਰਾਂ ਹਰਾ ਗਿਆ ਸੀ!
(ਮਜਦੂਰ ਦਿਵਸ ਤੇ ਖਾਸ)

ਹਰਪ੍ਰੀਤ ਸਿੰਘ ਜਵੰਦਾ

...
...

ਇਕ ਵਾਰ ਗੁਰੂ ਨਾਨਕ ਦੇਵ ਜੀ ਕਿਸੇ ਪਿੰਡ ਵਿਚ ਜਾਂਦੇ ਸਨ ਜਿੱਥੇ ਕਿਸੇ ਪੀਰ ਦਾ ਡੇਰਾ ਵੀ ਸੀ ਪਿੰਡ ਵਿੱਚ ਪੌਂਚ ਕੇ ਗੁਰੂ ਨਾਨਕ ਦੇਵ ਜੀ ਇਕ ਦਰੱਖਤ ਹੇਠਾਂ ਬੈਠ ਕੇ ਧਿਆਨ ਲਾਉਣ ਲੱਗੇ ਤੇ ਨਾਲ ਬੋਲਣ ਲੱਗੇ ਲੱਖ ਪਤਾਲ ਤੇ ਲੱਖ ਅਗਾਸ ਓਥੋਂ ਹੀ ਪੀਰ ਦਾ ਚੇਲਾ ਵੀ ਲੰਘ ਰਿਹਾ ਸੀ ਇਹ ਸਭ ਸੁਣਨ ਤੋ ਬਾਅਦ ਪੀਰ ਦਾ ਚੇਲਾ ਆਪਣੇ ਗੁਰੂ ਕੋਲ ਗਿਆ ਤੇ ਬੋਲਣ ਲੱਗਾ ਕਿ ਤੁਸੀਂ 7 ਪਤਾਲ ਤੇ 7 ਅਗਾਸ ਬੋਲ ਰਹੇ ਹੋ ਓਥੇ ਦਰੱਖਤ ਹੇਠ ਬੈਠਾ ਇਕ ਵਿਅਕਤੀ ਲੱਖ ਪਤਾਲ ਤੇ ਲੱਖ ਅਗਾਸ ਦਾ ਗਿਆਨ ਲੋਕਾਂ ਨੂੰ ਦੇ ਰਿਹਾ ਹੈ ਤਾਂ ਪੀਰ ਗੁੱਸੇ ਵਿੱਚ ਆ ਕੇ ਗੁਰੂ ਨਾਨਕ ਦੇਵ ਜੀ ਕੋਲ ਪੋਂਚਦਾ ਹੈ ਤੇ ਕਹਿਣ ਲਗਦਾ ਹੈ ਕਿ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਜਦੋਂ ਕਿ ਸੱਤ ਪਤਾਲ ਤੇ ਸੱਤ ਅਗਾਸ ਸਨ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸਨ ਕਿ ਜਿਸਦੀ ਜਿੰਨੀ ਭਗਤੀ ਉਹੋ ਓਨਾ ਹੀ ਦੇਖ ਸਕਦਾ ਹੈ ਤਾਂ ਪੀਰ ਕਹਿਣ ਲਗਾ ਨਹੀਂ ਏਦਾ ਹੋ ਹੀ ਨਹੀਂ ਸਕਦਾ । ਓਹੋ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲਗਾ ਚਲੋ ਮੈਂ ਲੁਕਦਾ ਹਾਂ ਤੇ ਤੁਸੀ ਮੈਨੂੰ ਲੱਭ ਕੇ ਦਿਖਾਓ ।ਜਾਦਾ ਕਹਿਣ ਦੇ ਗੁਰੂ ਨਾਨਕ ਦੇਵ ਜੀ ਮਨ ਜਾਂਦੇ ਸਨ ਤਾਂ ਪੀਰ ਸੱਤਵੇਂ ਪਤਾਲ ਤੇ ਛੱਪੜ ਤੇ ਇਕ ਪਤੇ ਉਪਰ ਡੱਡੂ ਦੇ ਰੂਪ ਵਿਚ ਬੈਠ ਜਾਂਦਾ ਹੈ ਫੇਰ ਗੁਰੂ ਨਾਨਕ ਦੇਵ ਜੀ ਅੱਖਾਂ ਬੰਦ ਕਰਦੇ ਤੇ ਕਹਿੰਦੇ ਸੱਤਵੇਂ ਪਤਾਲ ਤੇ ਪੱਤੇ ਉਪਰ ਡੱਡੂ ਬੈਠਾ ਹੈ ਤੁਸੀਂ ਸਾਮ੍ਹਣੇ ਆਜੋ । ਹੁਣ ਵਾਰੀ ਸੀ ਗੁਰੂ ਨਾਨਕ ਦੇਵ ਜੀ ਦੀ ਤਾਂ ਪੀਰ ਪਾਤਸ਼ਾਹ ਓਹਨਾ ਨੂੰ ਲੁਕਣ ਲਈ ਕਹਿੰਦੇ ਸਨ ਗੁਰੂ ਨਾਨਕ ਦੇਵ ਜੀ ਅੱਠਵੇਂ ਪਤਾਲ ਵਿਚ ਜਾ ਕੇ ਬੈਠ ਜਾਂਦੇ ਸਨ ਪੀਰ ਪਾਤਸ਼ਾਹ ਨੇ ਬਹੁਤ ਲਭਿਆ ਪਰ ਗੁਰੂ ਨਾਨਕ ਦੇਵ ਜੀ ਨਹੀਂ ਮਿਲੇ ਕਿਓਕਿ ਓਹੋ ਸੱਤਵੇਂ ਪਤਾਲ ਤੋਂ ਅੱਗੇ ਨਹੀਂ ਦੇਖ ਸਕਦੇ ਸੀ ਫੇਰ ਪੀਰ ਪਾਤਸ਼ਾਹ ਨੇ ਬਹੁਤ ਲੱਭਣ ਤੋ ਬਾਅਦ ਗੁਰੂ ਨਾਨਕ ਦੇਵ ਜੀ ਨੂੰ ਵਾਪਸ ਆਉਣ ਲਈ ਕਿਹਾ ਤੇ ਗੁਰੂ ਜੀ ਦੇ ਆਉਂਦੇ ਹੀ ਗੁਰੂ ਦੇ ਚਰਨਾਂ ਵਿੱਚ ਡਿੱਗ ਗਏ ।।।
ਸਿੱਖਿਆ:- ਜਿਸ ਨੇ ਜਿੰਨੀ ਪੜਾਈ ਕੀਤੀ ਓਹੋ ਓਨਾ ਹੀ ਜਵਾਬ ਦੇ ਸਕਦਾ ਹੈ ਹੋ ਸਕਦਾ ਤੁਹਾਡੇ ਸਾਹਮਣੇ ਵਾਲਾ ਬੰਦਾ ਸਹੀ ਕਹਿ ਰਿਆ ਹੋਵੇ ਤੇ ਤੁਹਾਨੂੰ ਉਸ ਚੀਜ ਦਾ ਗਿਆਨ ਨਾ ਹੋਵੇ

SANDEEP SINGH DASUWAL

...
...

ਇਕ ਲੜਕੀ ਜਿਸਦਾ ਮਾਂ ਬਾਪ ਨਹੀਂ ਸੀ।ਦਾਦਾ ਦਾਦੀ ਤੇ ਚਾਚੇ ਤਾਇਆਂ ਨੇ ਪੜਾ ਲਿਖਾ ਕੇ ਹਰ ਚਾ ਪੂਰੇ ਕੀਤੇ। ਵੱਡੀ ਹੋਈ ਵਿਆਹ ਕੀਤਾ।ਚੰਗਾ ਪਰਵਾਰ ਮਿਲਿਆ। ਪਤੀ ਫੋਜੀ ਸੀ । ਪਰਵਾਰ ਵਿੱਚ ਸੱਸ ਸਹੁਰਾ ਜੇਠ ਜਠਾਣੀ ਤੇ ਦਿਓਰ ਸੀ । ਸਹੁਰਾ ਪਰਿਵਾਰ ਨੇ ਕਦੇ ਮਾ ਬਾਪ ਦੀ ਕਮੀਂ ਮਹਿਸੂਸ ਨਹੀਂ ਹੋਣ ਦਿੱਤੀ। ਪਰਵਾਰ ਵਿੱਚ ਘੁਲ ਮਿਲ ਗਈ। ਤੇ ਫਿਰ ਉਸਦੇ ਘਰ ਮੁੰਡੇ ਨੇ ਜਨਮ ਲਿਆ। ਸਾਰੇ ਬਹੁਤ ਖੁਸ਼ ਸੀ। ਪਰ ਕੁਝ ਸਮੇਂ ਬਾਅਦ ਉਹ ਚਾਚੀ ਦੀਆ ਗੱਲਾ ਵਿਚ ਆ ਕੇ ਆਪਣੇ ਪਤੀ ਨੂੰ ਬੁਰਾ ਸਮਝਣ ਲੱਗੀ । ਚਾਚੀ ਨਾਲ ਰਲ ਕੇ ਉਸਨੂੰ ਛੱਡਣ ਦੀ ਸਕੀਮ ਬਣਾਉਣ ਲੱਗੀ । ਪਤੀ ਦੇ ਡਿਊਟੀ ਤੇ ਜਾਂਦਿਆ ਹੀ ਚਾਚੀ ਕੋਲ ਚਲੇ ਜਾਂਦੀ। ਤੇ ਹਰ ਟਾਇਮ ਫੋਨ ਤੇ ਪਤਾ ਨੀ ਕਿਹਦੇ ਨਾਲ ਗ਼ਲਾ ਕਰਦੀ ਰਹਿੰਦੀ। IELTS ਲਈ ਰੋਜ ਸ਼ਹਿਰ ਜਾਣ ਲੱਗੀ । ਪਤੀ ਤੋਂ ਪੈਸੇ ਮੰਗਵੋਂਦੀ । ਸ਼ਹਰ ਕਿਸੇ ਹੋਰ ਨੂੰ ਮਿਲਦੀ ਰਹੀ ਏਨਾ ਚੰਗਾ ਪਤੀ ਹੋਣ ਦੇ ਬਾਵਜੂਦ ਵੀ। ਤੇ ਫਿਰ ਜਦੋਂ ਫੌਜੀ ਨੇ ਛੁੱਟੀ ਓਨਾ ਘਰੇ ਲੜਾਈ ਰਹਿਣ ਲੱਗੀ। ਤੇ ਇਕ ਦਿਨ ਚਾਚਾ ਚਾਚੀ ਆਏ ਤੇ ਕੁੜੀ ਨੂੰ ਆਪਣੇ ਨਾਲ ਲੇ ਗਏ। ਤੇ ਤਲਾਕ ਦੀ ਮੰਗ ਕਰਨ ਲਗੇ। ਓ ਚਾਹੁੰਦੇ ਸਨ ਕਿ ਓਹਨਾ ਨੂ ਬਸ ਮਹੀਨੇ ਬਾਅਦ ਫੋਜੀ ਦੀ ਤਨਖਾਹ ਮਿਲਦੀ ਰਹੇ ਬਸ।

To Be Continue…..

Submitted By:- K Sandhu

...
...

ਵੀਰੋ ਨੂੰ ਵਿਆਹੀ ਹੋਈ ਨੂੰ ਸੱਤ ਸਾਲ ਬੀਤ ਗਏ ਸਨ ਪਰ ਉਸਦੀ ਕੁੱਖ ਹਰੀ ਨਹੀਂ ਹੋਈ ਸੀ। ਇਸੇ ਗੱਲ ਦੀ ਚਿੰਤਾ ਨੇ ਉਸਦੀ ਜ਼ਿੰਦਗੀ ਬੇਰਸ ਕਰ ਦਿੱਤੀ ਸੀ। ਹੁਣ ਉਸਨੂੰ ਜ਼ਿੰਦਗੀ ਨਾਲ ਮੋਹ ਨਹੀਂ ਰਿਹਾ ਸੀ। ਬੱਸ ਸਾਰਾ ਦਿਨ ਉਦਾਸ-ਉਦਾਸ ਰਹਿੰਦੀ। ਉਸਨੇ ਔਲਾਦ ਦੀ ਪ੍ਰਾਪਤੀ ਲਈ ਬਥੇਰੀਆਂ ਅਰਦਾਸਾਂ ਕੀਤੀਆਂ ਸਨ ਤੇ ਸੁੱਖਾਂ ਸੁੱਖੀਆਂ ਸਨ ਪਰ ਅਜੇ ਤੱਕ ਕੋਈ ਭਾਗ ਨਹੀਂ ਲੱਗੇ ਸਨ। ਕਿਸੇ ਦੇ ਵਿਆਹ ਸ਼ਾਦੀ ਜਾਂ ਹੋਰ ਪ੍ਰੋਗਰਾਮ ਤੇ ਉਹ ਘੱਟ ਹੀ ਜਾਇਆ ਕਰਦੀ ਸੀ ਕਿਉਂਕਿ ਉੱਥੇ ਬੁੜੀਆਂ ਉਸਦੇ ਨਾ ਬੱਚਾ ਹੋਣ ਦੀ ਗੱਲ ਨੂੰ ਲੈ ਕੇ ਕਈ ਗੱਲਾਂ ਕਰਨ ਲੱਗ ਜਾਂਦੀਆਂ ਸਨ। ਕੋਈ ਇਸ ਸੰਬੰਧੀ ਰੱਬ ਨੂੰ ਕੋਸਣ ਲੱਗ ਜਾਂਦੀ ਤੇ ਕੋਈ ਕਹਿੰਦੀ ਕਿ ਉਸਦੇ ਘਰ ਅੰਧੇਰ ਨਹੀਂ ਹੈ। ਇਹ ਸਾਰੀਆਂ ਗੱਲਾਂ ਸੁਣ ਕੇ ਆਪਣੀ ਕਿਸਮਤ ਨੂੰ ਕੋਸਣ ਲੱਗ ਜਾਂਦੀ ਜਿਸਦਾ ਸਿੱਟਾ ਇਹ ਨਿਕਲਦਾ ਕਿ ਉਸਦਾ ਸਿਰ ਪਾਟਣ ਲੱਗ ਜਾਂਦਾ। ਇਸੇ ਕਰਕੇ ਹੀ ਉਸਨੂੰ ਡਾਕਟਰ ਮਾਈਗਰੇਨ ਬਿਮਾਰੀ ਹੋਣ ਦੀ ਗੱਲ ਕਰਦੇ ਤੇ ਭਵਿੱਖ ਵਿੱਚ ਨਾ ਟੈਨਸ਼ਨ ਦੀ ਸਲਾਹ ਦਿੰਦੇ। ਪਰ ਉਸਨੂੰ ਆਪਣੇ ਸਾਰੇ ਘਰ ਦਾ ਵਿਹੜਾ ਭਾਂਅ-ਭਾਅ ਕਰਦਾ ਦਿੱਸਦਾ। ਉਸਦਾ ਪਤੀ ਬਥੇਰੇ ਉਹਨੂੰ ਦਿਲਾਸੇ ਦਿੰਦਾ ਪਰ ਔਲਾਦ ਦੀ ਕਮੀ ਉਸ ਵਿੱਚ ਘਰ ਕਰ ਗਈ ਸੀ। ਮਾੜੀ-ਮਾੜੀ ਗੱਲ ਤੇ ਉਹ ਫਿਸ-ਫਿਸ ਜਾਂਦੀ ਤੇ ਅੱਖਾਂ ਭਰ ਆਉਂਦੀ।ਆਂਢ-ਗੁਆਂਢ ਤੇ ਰਿਸ਼ਤੇਦਾਰੀ ਤੋਂ ਘਰ ਵਿੱਚ ਆਉਂਦੇ ਲੋਕ ਉਸਨੂੰ ਬਿਲਕੁੱਲ ਪਸੰਦ ਨਹੀਂ ਸੀ। ਉਸਨੂੰ ਪਤਾ ਸੀ ਕਿ ਇਹ ਲੋਕ ਉਸਨੂੰ ਤਪਾਉਣ ਵਾਲੀ ਗੱਲ ਜਰੂਰ ਛੇੜਣਗੇ। ਉਹ ਇਹਨਾਂ ਤੋਂ ਕਿਨਾਰਾ ਕਰਨ ਲੱਗ ਗਈ ਸੀ। ਉਸਦਾ ਪਤੀ ਉਸਨੂੰ ਵਿਹਲੇ ਸਮੇਂ ਵਿੱਚ ਗੁਰਬਾਣੀ
ਪੜਨ ਲਈ ਕਹਿੰਦਾ ਸੀ ਤਾਂ ਕਿ ਉਸਨੂੰ ਮਾੜਾ ਮੋਟਾ ਧੀਰਜ ਬੱਝ ਜਾਵੇ। ਭਾਂਵੇਂ ਕਿ ਰੋਜ਼ਾਨਾ ਜਪੁਜੀ ਸਾਹਿਬ ਦਾ ਪਾਠ ਕਰਦੀ ਸੀ। ਹੁਣ ਵਿਹਲੇ ਸਮੇਂ ਵਿੱਚ ਪਤੀ ਦੇ ਕਹਿਣ ਤੇ ਸੁਖਮਨੀ ਸਾਹਿਬ ਦਾ ਪਾਠ ਵੀ ਸ਼ੁਰੂ ਕਰ ਦਿੱਤਾ ਸੀ। ਜਦੋਂ ਕਿਤੇ ਮਨ ਉਦਾਸ ਹੁੰਦਾ ਤਾਂ ਮਨੋਰੰਜਨ ਲਈ ਟੈਲੀਵੀਜਨ ਚਲਾ ਲੈਂਦੀ ਤੇ ਫਿਰ ਥੋੜੇ ਚਿਰ ਬਾਅਦ ਬੰਦ ਕਰ ਦਿੰਦੀ। ਸਦਾ ਇਹੀ ਸੋਚਦੀ ਰਹਿੰਦੀ ਕਿ ਔਲਾਦ ਬਿਨਾਂ ਜ਼ਿੰਦਗੀ ਵਿੱਚ ਕਿੱਥੇ ਸੁੱਖ ਹੈ। ਬੰਦਾ ਨੂੰ ਇਕੱਲਿਆਂ ਬੁਢਾਪਾ ਲੰਘਾਉਣਾ ਕਿਹੜਾ ਸੌਖਾ ਹੈ? ਆਪਣੀਆਂ ਆਢਣਾਂ-ਗੁਆਢਣਾਂ ਜਿਹੜੀਆਂ ਕੱਲ੍ਹ ਵਿਆਹੀਆਂ ਸੀ, ਉਹਨਾਂ ਦੇ ਬਾਲ ਬੱਚੇ ਦੇਖ ਕੇ ਉਸਨੂੰ ਝੋਰਾ ਲੱਗਾ ਰਹਿੰਦਾ ਸੀ। ਇੱਕ ਦਿਨ ਸੋਚਾਂ ਵਿੱਚ ਡੁੱਬੀ ਨੇ ਉਸਨੇ ਦਿਲ ਪਰਚਾਉਣ ਲਈ ਟੈਲੀਵੀਜ਼ਨ ਚਲਾ ਲਿਆ, ਅੱਗੇ ਇੱਕ ਪੰਜਾਬੀ ਚੈੱਨਲ ਤੇ ਕਥਾ ਚੱਲ ਰਹੀ ਸੀ। ਉਸਨੂੰ ਗੁਰਬਾਣੀ ਦੀ ਕਥਾ ਚੰਗੀ ਲੱਗ ਰਹੀ ਤੇ ਉਸ ਵਿੱਚੋਂ ਉਸਨੂੰ ਰਸ ਆਉਣ ਲੱਗਾ। ਬਾਬਾ “ਨਾਨਕ ਦੁਖੀਆ ਸਭੁ ਸੰਸਾਰੁ” ਸ਼ਬਦ ਦੀ ਵਿਆਖਿਆ ਕਰ ਰਿਹਾ ਸੀ ਕਿ ਦੁਨੀਆਂ ਤੇ ਕੋਈ ਵੀ ਸੁੱਖੀ ਨਹੀਂ ਹੈ ਭਾਂਵੇਂ ਉਹ ਮਹਿਲਾਂ ਦਾ ਮਾਲਕ ਹੋਵੇ ਜਾਂ ਫਿਰ ਲੱਖ ਪੁੱਤ-ਪੋਤਿਆਂ ਵਾਲਾ ਹੋਵੇ। ਹਰ ਕੋਈ ਆਪਣੇ ਸੁਆਰਥ ਲਈ ਰਿਸਤੇ ਨਿਭਾ ਰਿਹਾ ਹੈ। ਇੱਥੇ ਅਜਿਹੇ ਵੀ ਲੋਕ ਹਨ ਜੋ ਆਪਣੇ ਬੁੱਢੇ ਮਾਪਿਆਂ ਨੂੰ ਅਨਾਥ ਆਸ਼ਰਮਾਂ ਵਿੱਚ ਛੱਡ ਆਉਂਦੇ ਹਨ। ਬਹੁਤੇ ਘਰ ਮਾਪਿਆਂ ਦੀ ਸੇਵਾ ਹੀ ਨਹੀਂ ਕਰਦੇ। ਉਹ ਵਿਲਕਦੇ ਮਰ ਜਾਂਦੇ ਹਨ। ਕੋਈ ਨਾ ਕੋਈ ਦੁੱਖ ਤਾਂ ਹਰ ਕਿਸੇ ਨੂੰ ਹੈ। ਸੰਸਾਰ ਦੀ ਬੀਜ ਦੁੱਖ ਹੀ ਹੈ। ਜਿਹਨੂੰ ਮਨੁੱਖ ਅਸਲ ਵਿੱਚ ਸੁੱਖ ਸਮਝਦਾ ਹੈ, ਅਸਲ ਵਿੱਚ ਉਸ ਵਿੱਚ ਵੀ ਦੁੱਖ ਛੁਪਿਆ ਹੈ। ਸੰਸਾਰ ਵਿੱਚ ਦੁੱਖਾਂ ਦੀ ਦਾਰੂ ਪਰਮਾਤਮਾ ਦਾ ਨਾਮ ਹੈ। ਜਿਹੜਾ ਪਰਮਾਤਮਾ ਨਾਲ ਜੁੜ ਜਾਂਦਾ ਹੈ, ਉਹ ਕਦੇ ਵੀ ਦੁੱਖੀ ਨਹੀਂ ਹੁੰਦਾ। ਸ਼ਰਤ ਇਹ ਹੈ ਕਿ ਉਸਨੇ ਆਪਣੀਆਂ ਸਾਰੀਆਂ ਇੱਛਾਵਾਂ ਜਾਂ ਵਾਸ਼ਨਾਵਾਂ ਤਿਆਗੀਆਂ ਹੋਣ। ਸੰਸਾਰ ਵਿੱਚ ਵੱਡੇ-ਵੱਡੇ ਅਵਤਾਰਾਂ ਤੇ ਮਹਾਂਪੁਰਖਾਂ ਨੂੰ ਵੀ ਕੋਈ ਨਾ ਕੋਈ ਸਰੀਰਕ ਦੁੱਖ ਜਰੂਰ ਰਿਹਾ ਹੈ ਪਰ ਉਹ ਇਸ ਦੇਹ ਤੋਂ ਉੱਪਰ ਉੱਠ ਚੁੱਕੇ ਸਨ ਤਾਂ ਹੀ ਉਹਨਾਂ ਨੇ ਇਸਦੀ ਪਰਵਾਹ ਨਹੀਂ ਕੀਤੀ। ਦੋ-ਚਾਰ ਮਿੰਟਾਂ ਬਾਅਦ ਬਾਬੇ ਦੀ ਕਥਾ ਸਮਾਪਤ ਹੋ ਗਈ। ਇਸ ਤਰ੍ਹਾਂ ਦਾ ਅਨੰਦ ਪਹਿਲਾਂ ਉਸਨੇ ਕਦੀ ਮਾਣਿਆ ਨਹੀਂ ਸੀ। ਉਹ ਸੋਚ ਰਹੀ ਸੀ ਕਿ ਵਾਕਈ ਸੰਸਾਰ ਦੁੱਖੀ ਹੈ ਜਾਂ ਨਹੀਂ ਤਾਂ ਇਸਦੀ ਪ੍ਰੋੜਤਾ ਲਈ ਉਸ ਦੀਆਂ ਸੋਚਾਂ ਵਿੱਚ ਪੇਕਾ ਘਰ ਆ ਗਿਆ। ਉਸਨੇ ਵੇਖਿਆ ਕਿ ਉਸਦਾ ਇੱਕ ਭਰਾ ਜਿਆਦਾ ਨਸ਼ਾ ਕਰਦਾ ਹੋਣ ਕਰਕੇ ਉਸਦੀ ਨਨਾਣ ਦੁੱਖੀ ਸੀ। ਦੂਜੇ ਭਰਾ ਨੂੰ ਕੈਂਸਰ ਦਾ ਰੋਗ ਸੀ। ਜਿਸ ਕਾਰਨ ਉਸਦੇ ਮਾਂ-ਬਾਪ ਦੁੱਖੀ ਸਨ ਤੇ ਉੱਪਰੋਂ ਉਹਨਾਂ ਨੂੰ ਆਪਣੀ ਧੀ ਭਾਵ ਮੇਰਾ ਦੁੱਖ ਸੀ। ਉਸਦੇ ਮਾਂ-ਬਾਪ ਦੀ ਵੀ ਕਾਫੀ ਸਮੇਂ ਤੋਂ ਬਿਮਾਰੀ ਕਾਰਨ ਦਵਾਈ ਚੱਲਦੀ ਸੀ। ਉਸਨੇ ਪੇਕੇ ਘਰ ਦੇ ਆਂਢ-ਗੁਆਂਢ ਵੀ ਦੇਖਿਆ ਤਾਂ ਹਰ ਕੋਈ ਕਿਸੇ ਨਾ ਕਿਸੇ ਦੁੱਖ ਤੋਂ ਪੀੜਤ ਸੀ। ਫਿਰ ਅਚਾਨਕ ਉਸਦੀ ਨਜ਼ਰ ਸਹੁਰਾ ਘਰ ਦੇ ਗਲੀ ਮੁਹੱਲੇ ਵਿੱਚ ਪਈ। ਉਸਨੇ ਇੱਕ-ਇੱਕ ਘਰ ਨੂੰ ਬੜੀ ਨੀਝ ਨਾਲ ਦੇਖਿਆ ਤਾਂ ਸਭ ਦਾ ਹਾਲ ਇੱਕੋ ਜਿਹਾ ਹੀ ਸੀ। ਹਰ ਕੋਈ ਆਪਣਾ ਦੁੱਖ ਛੁਪਾ ਕੇ ਉੱਪਰੋਂ-ਉੱਪਰੋਂ ਹੱਸਣ ਦੀ ਕੋਸ਼ਿਸ਼ ਕਰਦਾ ਲੱਗਦਾ ਸੀ। ਉਸਨੂੰ ਹੁਣ ਅਸਲੀ ਰਮਜ਼ ਸਮਝ ਆ ਗਈ ਸੀ ਕਿ ਅਸਲ ਤ੍ਰਿਪਤੀ ਸੰਸਾਰਿਕ ਪਦਾਰਥਾਂ ਵਿੱਚ ਨਹੀਂ ਹੈ। ਅਸਲ ਵਿੱਚ ਸੰਤੁਸ਼ਟੀ ਉਸ ਮਾਲਕ ਨਾਲ ਅਭੇਦ ਹੋਣ ਵਿੱਚ ਹੈ। ਬਾਕੀ ਤਾਂ ਸਾਰਾ ਸੰਸਾਰ ਦੁੱਖਾਂ ਦਾ ਘਰ ਹੈ। ਇਹ ਗੱਲਾਂ ਸੋਚਦਿਆਂ-ਸੋਚਦਿਆਂ ਉਸਦੀ ਔਲਾਦ ਪ੍ਰਾਪਤੀ ਦੀ ਇੱਛਾ ਜਵਾਂ ਹੀ ਮਰ ਚੁੱਕੀ ਸੀ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ – 9464412761

...
...

ਕਹਾਣੀ ਥੋੜੀ ਲੰਬੀ ਹੈ ਪਰ ਪੜੀਉ ਜਰੂਰ

ਪੂੰਜੀ…( ਹਰਿੰਦਰ ਸਿੰਘ ਤੱਤਲਾ )
ਵਿਆਹ ਦੇ ਸੱਤਵੇਂ ਦਿਨ ਹੀ ਸ਼ਗਨਾਂ ਦੇ ਨਾਲ ਮਿੱਠੀਆਂ ਰੋਟੀਆਂ ਬਣਾ ਕੇ ਖੁਵਾਉਣ ਤੋਂ ਬਾਅਦ ..ਸਹੁਰੇ ਘਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ…।
ਸ਼ਹਿਰ ਵਿੱਚੋ ਆਈ ਨੂੰ ਚੁੱਲੇ ਤੇ ਕੰਮ ਕਰਨਾ ਬੜਾ ਅੌਖਾ ਲੱਗਦਾ….ਧੂੰਏਂ ਨਾਲ ਅੱਖਾਂ ਧੁਆਖੀੰਆਂ ਜਾਂਦੀਆਂ ..ਕਈ ਵਾਰ ਸਾਹ ਪੁੱਠਾ ਖਿੱਚੇ ਜਾਣ ਤੇ ਫੂਕਾਂ ਮਾਰਦੀ ਦੇ ਧੂਆਂ ਸੰਘ ਵਿੱਚ ਚਲਿਆ ਜਾਂਦਾ..।
ਸੁਆਹ ਨਾਲ ਭਾਂਡੇ ਮਾਂਜਣ ਨਾਲ ਆਪਣੇ ਹੱਥਾਂ ਦੀ ਮਹਿੰਦੀ ਨੂੰ ਫਿੱਕੀ ਹੋਣ ਤੋਂ ਪਹਿਲਾਂ ਹੀ ਘਸਮੈਲੀ ਜਿਹੀ ਹੋਈ ਦੇਖ ਮਨ ਮਾਯੂਸ ਜਿਹਾ ਹੋ ਜਾਂਦਾ..।
ਮੇਰੇ ਮਾਂ ਬਾਪ ਜਿਆਦਾ ਅਮੀਰ ਤਾਂ ਨਹੀਂ ਸਨ..ਪਰ ਉਨ੍ਹਾਂ ਦੇ ਘਰ ਕਮੀ ਵੀ ਨਹੀਂ ਸੀ ਕਿਸੇ ਚੀਜ ਦੀ ..। ਮੈਨੂੰ ਤੇ ਰੱਖਿਆ ਵੀ ਉਨ੍ਹਾਂ ਲਾਡ ਪਿਆਰ ਨਾਲ ਸੀ..।
ਪਰ ਇੱਥੇ ਸਹੁਰੇ ਘਰ ਆ ਕੇ ਤਾਂ ਲੱਗ ਰਿਹਾ ਸੀ ਜਿਵੇ ਅਰਸ਼ ਤੋਂ ਸਿੱਧੀ ਫ਼ਰਸ਼ ਤੇ ਆ ਗਈ ਹੋਵਾਂ ..ਫਰਸ਼ ਤੇ ਵੀ ਕਾਹਦੀ ਕੱਚੀ ਮਿੱਟੀ ਦੇ ਵਿਹੜੇ ਤੇ ..ਜਿਸਨੂੰ ਲਿੱਪਣਾ ਨਾ ਆਉਣ ਤੇ..ਦਾਦੀ ਸੱਸ ਦੇ ਨਾਲ ਲੱਗ ਕੇ ਲਿੱਪਣਾ ਸਿੱਖਿਆ ਸੀ..।
ਦਾਦੀ ਸੱਸ ਅਤੇ ਮੇਰੇ ਘਰ ਵਾਲੇ ਤੋਂ ਇਲਾਵਾ ਪੰਜਵੀਂ ਵਿੱਚ ਪੜ੍ਹਦੇ ਮੇਰੇ ਦੋ ਜੌੜੇ ਦਿਉਰ ਵੀ ਸਨ..ਏਸ ਘਰ ਵਿੱਚ..। ਦਾਦੇ ਸਹੁਰੇ ਨੂੰ ਗੁਜ਼ਰੇ ਕਈ ਸਾਲ ਹੋ ਗਏ ਸਨ ਅਤੇ ਕੁੱਝ ਸਾਲ ਪਹਿਲਾਂ ਇੱਕ
ਸੜਕ ਹਾਦਸੇ ਵਿੱਚ ਮੇਰੇ ਸੱਸ ਸਹੁਰਾ ਵੀ ਚਲ ਬਸੇ ਸਨ…।
ਕੰਧਾਂ ਤੇ ਲੱਗੀਆਂ ਉਨ੍ਹਾਂ ਤਿੰਨਾ ਦੀਆਂ ਫੋਟੋਆਂ ਹੀ ਦੇਖੀਆਂ ਸਨ ਮੈਂ ਤਾਂ…।
ਦਾਦੀ ਦੱਸਦੀ ਸੀ ਕਿ ਕੁੜੀ ਪੈਦਾ ਹੋਣ ਦੀ ਚਾਹਤ ਚ ਹੀ ਮੇਰੇ ਸੱਸ ਸਹੁਰੇ ਦੇ ਘਰ ਮੇਰੇ ਪਤੀ ਤੋਂ ਬਾਰਾਂ ਸਾਲ ਛੋਟੇ ਉਸਦੇ ਦੋਵੇਂ ਭਰਾਵਾਂ ਦਾ ਜਨਮ ਹੋ ਗਿਆ ਸੀ…।
ਤਿੰਨਾ ਪੋਤਿਆਂ ਨੂੰ ਇੱਕਲੀ ਪਾਲਦੀ ਦਾਦੀ ਹੁਣ ਢਿੱਲੀ ਰਹਿਣ ਲੱਗ ਪਈ ਸੀ..। ਏਸੇ ਲਈ ਮੇਰੇ ਪਤੀ ਨੂੰ ਸਕੂਲ ਕਲਰਕ ਦੀ
ਨੌਕਰੀ ਮਿਲਦੇ ਸਾਰ ਹੀ ਦਾਦੀ ਨੇ ਨੂੰਹ ਲਿਆਉਣ ਦਾ ਫੈਸਲਾ ਕੀਤਾ ਸੀ..।…ਤੇ ਸ਼ਾਇਦ ਨੌਕਰੀ ਦੇਖ ਕੇ ਹੀ ਮੇਰੇ ਮਾਪਿਆਂ ਨੇ ਮੇਰੇ ਲਈ ਇਹ ਵਰ ਚੁਣਿਆਂ ਸੀ..।ਝੱਟ ਮੰਗਣੀ ਤੇ ਪੱਟ ਵਿਆਹ ਹੋ ਗਿਆ ਸੀ..ਜਿਆਦਾ ਖਰਚ ਨਹੀਂ ਸੀ ਕੀਤਾ..ਬਸ ਚੁੰਨੀ ਚੜ੍ਹਾ
ਕੇ ਲਿਆਉਣ ਵਾਂਗ ਹੀ ਹੋਇਆ ਸੀ ਸਾਡਾ ਵਿਆਹ ।
” ਦਾਜ ਲੈਣ ਦੇ ਤਾਂ ਜਮਾਂ ਖਿਲਾਫ ਆ ਮੁੰਡਾ ਤੇ ਉਹਦੀ ਦਾਦੀ ..ਜਮਾਂ ਰੱਜੀਆਂ ਰੂਹਾਂ…ਬਸ ਕੁੜੀ ਪੜੀ ਲਿਖੀ ਤੇ ਸਮਝਦਾਰ ਭਾਲਦੇ ਆ..ਤੁਸੀਂ ਦੇਰ ਨਾ ਕਰੋ ਹਾਂ ਕਰਨ ਨੂੰ …ਕੁੜੀ ਤਾਂ ਰਾਜ ਕਰੂ ਰਾਜ..”
ਵਿਚੋਲਣ ਦੀਆਂ ਮੇਰੇ ਮਾਂ ਬਾਪ ਕੋਲ ਕਹੀਆਂ ਇਹ ਗੱਲਾਂ ਯਾਦ ਕਰਕੇ..ਉਸ ਉੱਤੇ ਬੜਾ ਗੁੱਸਾ ਆਉਂਦਾ.. ਸੋਚਦੀ ਪਤਾ ਨਹੀਂ ਕਿਹੜੇ ਜਨਮ ਦਾ ਬਦਲਾ ਲਿਆ ਡੁੱਬੜੀ ਨੇ ਮੈਨੂੰ ਇੱਥੇ ਫਸਾ ਕੇ..।
ਦਿਲ ਕਰਦਾ ਮੁੜ ਭੱਜ ਜਾਵਾਂ ਅੰਮੜੀ ਦੇ ਵਿਹੜੇ…….।
ਜਾ ਕੇ ਪੁੱਛਾਂ..ਆਹ ਪਾਥੀਆਂ ਪੱਥਣ ਲਈ ਪੜ੍ਹਾਇਆ ਸੀ ਮੈਨੂੰ ..?
ਕੀ ਏਸੇ ਨੂੰ ਕਹਿੰਦੇ ਆ ਰਾਜ ਕਰਨਾ …।
ਕਲਰਕ ਦੀ ਤਨਖਾਹ ਨਾਲੋਂ ਤਾਂ ਕਿਤੇ ਜਿਆਦਾ ਗਰਜਾਂ ਨੇ ਇਸ
ਘਰ ਦੀਆਂ ..। ਨੌਕਰੀ ਦੇ ਨਾਲ ਇਹਨਾਂ ਦੇ ਆਰਥਿਕ ਹਾਲਾਤ
ਕਿਉਂ ਨਹੀਂ ਦੇਖੇ ..ਤੁਸੀਂ ..!
ਫਿਰ ਸੋਚਦੀ ਮੇਰੇ ਇਹ ਸਭ ਕਹਿਣ ਨਾਲ ਮਾਪੇਆਂ ਦਾ
ਮਨ ਦੁਖੀ ਹੋਵੇਗਾ …..।ਪਰ ਇੱਕ ਦਿਨ ਪੇਕੇ ਮਿਲਣ ਗਈ ਆਪਣੇ ਤੇ ਕਾਬੂ ਨਾ ਰੱਖ ਸਕੀ ..ਸਮਾਂ ਜਿਹਾ ਦੇਖ ਘਰ ਵਾਲੇ ਤੋਂ ਪਾਸੇ ਹੋ ਕੇ ਮਾਂ ਨਾਲ ਮਨ ਦੇ ਸ਼ਿਕਵੇ ਸਾਂਝੇ ਕਰ ਹੀ ਲਏ..।
ਉਸਨੂੰ ਪਿੱਛੜੇ ਜਿਹੇ ਆਪਣੇ ਸਹੁਰੇ ਘਰ ਦੇ ਹਾਲਾਤ ਦੱਸੇ ਜੋ ਘਰ ਰੋਜ ਮਰਾਂ ਦੀਆਂ ਆਮ ਸਹੂਲਤਾਂ ਤੋਂ ਵੀ ਸੱਖਣਾ ਸੀ..ਫਰਿੱਜ ਅਤੇ ਗੈਸ ਕਨੈਕਸ਼ਨ ਤੱਕ ਵੀ ਨਹੀਂ ਸੀ ਉਨ੍ਹਾਂ ਕੋਲ..।
ਦਾਦੀ ਦੇ ਹਰ ਖਰਚੇ ਵਿੱਚ ਕੰਜੂਸੀ ਕਰਨ ਦੀਆਂ ਗੱਲਾਂ ਵੀ ਦੱਸੀਆਂ ..ਦਿਉਰਾਂ ਲਈ ਲੰਗਰ ਲਹੁਣ ਦੇ ਬੋਝ ਦੀਆਂ ਗੱਲਾਂ ਤੋਂ ਇਲਾਵਾ ਆਪਣੇ ਘਰ ਵਾਲੇ ਵੱਲੋਂ
ਪਹਿਲੀ ਰਾਤ ਸਿਰਫ ਚਾਂਦੀ ਦਾ ਛੱਲਾ ਦੇ ਕੇ ਸਾਰਨ ਵਰਗੀਆਂ ਕਈ ਹੋਰ ਸ਼ਿਕਾਇਤਾਂ ਵੀ ਕਰ ਦਿੱਤੀਆਂ …।
ਚੰਗੀ ਤਰ੍ਹਾਂ ਮੇਰੀਆਂ ਗੱਲਾਂ ਨੂੰ ਸੁਣ.. ਮਾਂ ਨੇ ਕੁੱਝ ਦੇਰ ਚੁੱਪ ਰਹਿਣ ਤੋਂ ਬਾਅਦ ਮੈਨੂੰ ਆਖਣਾ ਸ਼ੁਰੂ ਕੀਤਾ..
“ਦੇਖ ਪੁੱਤ.. ..ਉਨ੍ਹਾਂ ਕੋਲੇ ਭਾਵੇਂ ਅੱਜ ਜਰੂਰਤ ਦੇ ਸਮਾਨ ਦੀ ਘਾਟ ਆ ….ਪਰ ਸਬਰ ਨਾਲ..ਮਨ ਰੱਜਿਆ ਉਨ੍ਹਾਂ ਦਾ..।ਏਸੇ ਲਈ ਸਾਡੇ ਮਰਜੀ ਨਾਲ ਦੇਣ ਵਾਲੇ ਦਹੇਜ ਨੂੰ ਲੈਣ ਤੋਂ ਵੀ ਇਨਕਾਰ ਕਰ ਦਿੱਤਾ..ਉਨ੍ਹਾਂ ਨੇ…।
ਤੇਰੀ ਦਾਦੀ ਸੱਸ ਸੰਜਮ ਨਾਲ ਚੱਲਦੀ ਆ ..ਆਪਣੀ ਆਮਦਨ ਦੇਖ ਕੇ….ਮੇਰੀ ਮਾਂ ਵੀ ਏਵੇੰ ਹੀ ਕਰਦੀ ਹੁੰਦੀ ਸੀ ..ਇਹਨੂੰ ਕੰਜੂਸੀ ਨਹੀਂ ਕਹਿੰਦੇ..ਸਿਆਣਪ ਕਹਿੰਦੇ ਨੇ। ..
ਅੌਰਤ ਚਾਹਵੇ ਤਾਂ ਇਸੇ ਸਿਆਣਪ ਤੇ ਸੰਜਮ ਨਾਲ ਸੂਈ ਦੇ ਨੱਕੇ ਵਿੱਚ ਦੀ ਘਰ ਬੰਨ ਸਕਦੀਆ..ਤੇ ਬਹੁਤੇ ਖੁੱਲ੍ਹੇ ਹੱਥ ਨਾਲ ਖਿੰਡਾ ਵੀ…ਤੂੰ ਵੀ ਆਪਣੀ ਦਾਦੀ ਤੋਂ ਘਰ ਬੰਨ੍ਹਣਾਂ ਸਿੱਖ..”
ਆਖਣ ਤੋਂ ਬਾਅਦ ਮਾਂ ਨੇ ਇੱਕ ਲੰਮਾ ਸਾਹ ਲਿਆ ..ਕੁੱਝ ਵਖਵਾ ਦੇ ਕੇ ਉਸਨੇ ਮੁੜ ਕਹਿਣਾ ਸ਼ੁਰੂ ਕੀਤਾ…।
” ਤੇਰੇ ਦਿਉਰ ਤਾਂ ਮਾਂ ਪਿਉ ਤੋਂ ਸੱਖਣੇ ਜਵਾਕ ਨੇ….ਅਨਾਥ ਨੇ ਵਿਚਾਰੇ..ਜੇ ਤੂੰ ਨਹੀਂ ਸਾਂਭੇਗੀ ..ਤਾਂ ਕੌਣ ਸੰਭਾਲੂ….?
..ਉਨ੍ਹਾਂ ਨੂੰ ਨੂੰ ਰੋਟੀ ਦੇਣੀ ਤੇ ਪਾਲਣਾ ਤਾਂ ਪੁੰਨ ਆਂ….। ਤੇ ਆਪਣੇ ਹਿੱਸੇ ਆਏ..ਪੁੰਨ ਨੂੰ ਇੰਝ ਬੋਝ ਕਹਿ ਕੇ ਪਾਪਾਂ ਦੀ ਭਾਗੀ ਨਾ ਬਣ..ਧੀਏ। ..ਕੰਮ ਨੂੰ ਦੇਖ ਕੇ ਕਦੇ ਮੱਥੇ ਵੱਟ ਨਹੀਂ ਪਾਈਦਾ..ਨਾ ਹੀ ਕੰਮ ਕਰਨ ਚ ਕੋਈ ਸ਼ਰਮ ਸਮਝੀ ਦੀ ਆ…!
ਬਾਕੀ ਰਹੀ ਪੁੱਤ ਛੱਲੇਆਂ ਦੀ ਗੱਲ….ਦੋਵੇਂ ਜੀਆਂ ਚ ਪਿਆਰ ਹੋਣਾ ਚਾਹੀਦਾ ..ਪਿਆਰ ਨਾਲ ਦਿੱਤੇ ਤੋਹਫੇਆਂ ਦਾ ਕੋਈ ਮੁੱਲ ਨਹੀਂ ਹੁੰਦਾ..! ਇਹਨਾਂ ਦੀ ….ਕੀਮਤ ਨਹੀਂ ਪਰਖੀ ਜਾਂਦੀ.. ”
ਆਖਦਿਆਂ ਮਾਂ ਗੰਭੀਰ ਜਿਹੀ ਹੋ ਗਈ ਸੀ…
..ਹਮੇਸ਼ਾਂ ਮੇਰੀ ਤਰਫਦਾਰੀ ਕਰਨ ਵਾਲੀ …ਅਤੇ ਮੇਰੀ ਹਾਂ ਵਿੱਚ ਹਾਂ ਮਿਲਾਉਣ ਵਾਲੀ ਮਾਂ ਦਾ ਅੱਜ ਇਹ ਅਜੀਵ ਜਿਹਾ ਰੂਪ ਦੇਖ ਕੇ ਮੈਂ ਹੈਰਾਨ ਸਾਂ….।
ਪਰ ਮਾਂ ਦੀਆਂ ਸਹਿਜਤਾ ਨਾਲ ਭਰੀਆਂ ਸੱਚੀਆਂ ਗੱਲਾਂ ਨੇ
ਜਿਵੇਂ ਮੇਰੀ ਸੋਚ ਦੀ ਟੇਡੀ ਹੋ ਰਹੀ ਸੂਈ ਕੁੱਝ ਮਿੰਟਾਂ ਵਿੱਚ ਹੀ ਸਿੱਧੀ ਕਰ ਦਿੱਤੀ ਸੀ..ਮੇਰੇ ਮਨ ਦਾ ਬੋਝ ਉਸਦੇ ਗਹਿਰੇ ਲਫ਼ਜ਼ਾਂ ਨੇ ਯਕਦਮ ਹਲਕਾ ਕਰ ਦਿੱਤਾ ਸੀ..।
ਮਾਂ ਨਾਲ ਗੱਲਾਂ ਕਰਕੇ ਮੈਨੂੰ ਇਹ ਵੀ ਸਪਸ਼ਟ ਹੋ ਗਿਆ ਸੀ ਕਿ ਮੇਰੇ ਸਹੁਰੇ ਘਰ ਦੀ ਆਰਥਿਕ ਹਾਲਤ ਬਾਰੇ ਮੇਰੇ ਮਾਂ ਬਾਪ ਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਪਤਾ ਸੀ..।
ਪੇਕੇ ਘਰ ਤੋਂ ਵਾਪਿਸ ਆਈ ਨੂੰ ਹਫ਼ਤਾ ਕੁ ਹੀ ਹੋਇਆ ਸੀ ਕਿ
ਇੱਕ ਦਿਨ ਦਾਦੀ ਨੇ ਅਵਾਜ ਮਾਰ ਕੋਲ ਬਹਾ ਆਪਣੇ ਹੱਥ ਵਿਚਲੀ ਪੋਟਲੀ ਜਿਹੀ ਮੈਨੂੰ ਖੋਲ ਕੇ ਫੜਾ ਦਿੱਤੀ ਜਿਸ ਵਿੱਚ ਉਸਦੀਆਂ ਅਤੇ ਮੇਰੀ ਸੱਸ ਦੀਆਂ ਵਾਲੀਆਂ ਤੋਂ ਇਲਾਵਾ
ਦੋ ਤਿੰਨ ਸੋਨੇ ਦੇ ਗਹਿਣੇ ਹੋਰ ਸਨ…।
ਫਿਰ ਉਹ ਮੈਨੂੰ ਪੇਟੀ ਵਿੱਚ ਰੱਖੇ ..ਬਿਸਤਰੇ.. ਭਾਂਡੇ ਅਤੇ ਹੋਰ ਸਮਾਨ ਦਿਖਾਉਣ ਲੱਗੀ..। ਪੇਟੀ ਦੀਆਂ ਕੁੰਜੀਆਂ ਦੇ ਨਾਲ ਉਸਨੇ ਗੁੱਛ -ਮੁੱਛ ਕਰ ਰੱਖੇ ਕੁੱਝ ਨੋਟ ਵੀ ਫੜਾ ਦਿੱਤੇ..। ਮੈਂ ਬਥੇਰੀ ਨਾਂਹ ਨੁੱਕਰ ਕੀਤੀ ਪਰ ਉਸਨੇ ਜੋਰ ਦੇ ਕੇ ਸਭ ਕੁੱਝ ਮੈਨੂੰ ਰੱਖ ਲੈਣ ਲਈ ਕਿਹਾ..।
ਇਹ ਸਭ ਸ਼ਾਇਦ ਉਹ ਆਪਣੀ ਵਿਗੜ ਰਹੀ ਸਿਹਤ ਵੱਲ ਦੇਖ
ਕੇ ਕਰ ਰਹੀ ਸੀ..। ਮੈਂ ਤੇ ਪਤੀ ਨੇ ਉਸਨੂੰ ਸ਼ਹਿਰ ਦੇ ਚੰਗੇ ਡਾਕਟਰ ਨੂੰ ਦਿਖਾਇਆ …ਅਰਾਮ ਨਾ ਆਉਂਦਾ ਦੇਖ ਡਾਕਟਰ ਬਦਲੇ..ਵੀ ਪਰ ਦਾਦੀ..ਬਚ ਨਾ ਸਕੀ..।
ਕੁੱਝ ਕੁ ਮਹੀਨਿਆਂ ਵਿੱਚ ਹੀ ਮੋਹ ਦਾ ਗੂੜ੍ਹਾ ਰਿਸ਼ਤਾ ਬਣ ਗਿਆ ਸੀ ਉਸ ਨਾਲ..ਉਸ ਦੇ ਰੁਖਸਤ ਹੋ ਜਾਣ ਤੋਂ ਬਾਅਦ ਮੈਨੂੰ ਉਸਦੀ ਅਹਿਮੀਅਤ ਅਤੇ ਚੰਗੇ ਸੁਭਾਅ ਦਾ ਚੇਤਾ ਆ ਰਿਹਾ ਸੀ..।
ਕਿਵੇਂ ..ਡਿੱਗਦੀ ਢਹਿੰਦੀ ਵੀ ਮੇਰੇ ਨਾਲ ਕੰਮ ਕਰਾਉਣ ਦੀ ਕੋਸ਼ਿਸ਼ ਕਰਦੀ ..ਰਹਿੰਦੀ ਸੀ। ਕਿਵੇਂ ਮੈਥੋਂ ਰੋਟੀ ਦਾ ਥਾਲ ਫੜਨ ਲੱਗੀ ..ਅਸੀਸਾਂ ਦੀ ਝੜੀ ਲਾ ਦਿੰਦੀ..
“ਜਿਉਂਦੀ ਰਹਿ ਧੀਏ..ਰੱਬ ਤੈਨੂੰ ਰਾਜੀ ਰੱਖੇ..ਰੰਗ ਭਾਗ ਲਾਵੇ …ਦੁੱਧੀਂ ਪੁੱਤੀੰ ਨਹਾਵੇਂ..ਬੁੱਢ ਸੁਹਾਗਣ ਹੋਵੇਂ.”..ਤੇ ਹੋਰ ਪਤਾ
ਨਹੀਂ ਕਿੰਨਾ ਕੁੱਝ ..।
ਦਾਦੀ ਦੇ ਜਾਣ ਤੋਂ ਬਾਅਦ …ਕਬੀਲਦਾਰੀ ਦੀਆਂ ਜਿੰਮੇਵਾਰੀਆਂ ਨਿਭਾਉੰਦੀ..ਇੰਨੀ ਘਟ ਉਮਰ ਵਿੱਚ ..ਕਦੇ ਕਦੇ ਮੈਂ ਆਪਣੇ ਆਪ ਨੂੰ ਦਾਦੀ ਬਣੀ ਮਹਿਸੂਸ ਕਰਦੀ..।
ਦਾਦੀ ਦੀ ਤਰਾਂ ਹੀ ਰੋਜ ਚੌਕਾਂ ਸਾਫ ਕਰਕੇ..ਰਸੋਈ ਵਿੱਚ ਨਿੰਮ ਦੇ ਪੱਤਿਆਂ ਦੀ ਧੂਫ ਦੇ ਕੇ ਕੰਮ ਸ਼ੁਰੂ ਕਰਦੀ.. ਦਾਦੀ ਦੀ ਤਰ੍ਹਾਂ ਹੀ ਰੋਟੀਆਂ ਪਕਾਉੰਦੀ ਵਾਹਿਗੁਰੂ ਵਾਹਿਗੁਰੂ ਆਖਦੀ..ਤੇ ਦਾਦੀ ਦੀ ਤਰ੍ਹਾਂ ਹੀ ਮੁੱਠੀ ਘੁੱਟ ਕੇ ਖਰਚਾ
ਕਰਦੀ..।
ਪਤੀ ਦੇ ਨਾਲ ਨਾਲ ਦਿਉਰਾਂ ਵੱਲ ਧਿਆਨ ਵੀ ਦਿੱਤਾ…ਦਿਉਰਾਂ ਨੂੰ ਮਾਂ ਬਣ ਕੇ ਪਿਆਰ ਨਾਲ ਹੈਂਡਲ ਕਰਦੀ ਪਰ ਪੜ੍ਹਾਈ ਵਿੱਚ ਢਿੱਲੇ ਹੋਣ ਤੇ ਉਨ੍ਹਾਂ ਨੂੰ ਘੂਰਦੀ ਵੀ..। ਕਦੇ ਕਦਾਈਂ ਆਖੇ ਨਾ ਲੱਗਦੇ ਤਾਂ ਇੱਕ ਅੱਧੀ ਜੜ ਵੀ ਦਿੰਦੀ..।
ਉਨ੍ਹਾਂ ਨਾਲ ਸਖ਼ਤੀ ਨਾਲ ਪੇਸ਼ ਆਉਂਦੀ ਨੂੰ ਦੇਖ ਕੁੱਝ ਗੁਆਂਢਣ ਅੌਰਤਾਂ ਮੇਰੇ ਤੇ ਮਤਰੇਈ ਵਾਲਾ ਸਲੂਕ ਕਰਨ ਦੀਆਂ ਗੱਲਾਂ ਆਸ ਗੁਆਂਢ ਵਿੱਚ ਕਰਦੀਆਂ …।
ਪਰ ਮੈਂ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਚੁੱਪ ਚਾਪ ਆਪਣੇ ਕੰਮ ਕਰਦੀ ਰਹੀ ..ਮਾਂ ਦੀ ਸਿੱਖਿਆ ਅਤੇ ਮੇਰੇ ਪਤੀ ਦਾ ਭਰੋਸਾ ਮੇਰੇ ਨਾਲ ਸੀ..। ਹੋਲੀ ਹੋਲੀ ਨਿੱਕੇ ਦਿਉਰ ਵੀ ਮੇਰੀ ਭਾਵਨਾ ਨੂੰ ਸਮਝ ਰਹੇ ਸਨ..।
ਪਤੀ ਦੀ ਤਨਖਾਹ ਤੇ ਹੀ ਨਿਰਭਰ ਨਾ ਰਹਿ ਕੇ .. .ਘਰ ਦੇ ਕੰਮਾਂ ਤੋਂ ਇਲਾਵਾ ਆਸ ਗੁਆਂਢ ਅਤੇ ਪਿੰਡ ਦੇ ਬੱਚਿਆਂ ਨੂੰ ਟਿਊਸ਼ਨ ਪੜਾਉੰਦੀ …ਪਤੀ ਦੇ ਨਾਲ ਡੰਗਰਾਂ ਨੂੰ ਸੰਭਾਲਣ ਵਿੱਚ ਮਦਦ ਕਰਦੀ..! ਮਹੀਨੇ ਚ ਤਿੰਨ ਚਾਰ ਸੂਟ ਵੀ ਸਿਉੰ ਦੇੰਦੀ..।
ਮਿਹਨਤ ਕਰਨ ਨਾਲ ਘਰ ਵਿੱਚ ਸਭ ਪਾਸੇ ਤੋਂ ਪੈ ਰਹੀ ਬਰਕਤ ਨੂੰ ਮਹਿਸੂਸ ਕਰ ਮੇਰਾ ਹੌਸਲਾ ਹੋਰ ਵੱਧ ਜਾਂਦਾ..।
ਸਮਾਂ ਇੱਕ ਦਮ ਨਹੀਂ ਬਦਲਦਾ ..ਮਸ਼ੱਕਤ ਕਰਨੀ ਪੈਂਦੀ ਹੈ …ਦੁੱਖਾਂ ..ਪਰੇਸ਼ਾਨੀਆਂ ਵਿੱਚੋਂ ਲੰਘਣਾ ਪੈਂਦਾ ਹੈ…ਪਰ ਆਖਿਰ ਮਿਹਨਤ ਦਾ ਮਿਲੇਆ ਮੁੱਲ ..ਸਭ ਪਰੇਸ਼ਾਨੀਆਂ
ਭੁਲਾ ਦਿੰਦਾ ਹੈ..।
ਅੱਜ ਪੜ੍ਹ ਲਿਖ ਕੇ ਬਾਹਰਲੇ ਮੁਲਕਾਂ ਚ ਸੈੱਟ ਹੋਏ ਵਿਆਹੇ ਵਰੇ ਦੋਵੇਂ ਦਿਉਰ ਤੇ ਉਨ੍ਹਾਂ ਦਾ ਪਰਿਵਾਰ ਮੇਰੇ ਖੁੱਦ ਦੇ ਦੋਵਾਂ ਬੱਚਿਆਂ ਤੋਂ ਵੀ ਵੱਧ ਆਦਰ ਕਰਦੇ ਨੇ ..ਸਾਡੇ ਦੋਵਾਂ ਜੀਆਂ ਦਾ ।..ਕੰਡਾ ਲੱਗਿਆ ਵੀ ਨਹੀਂ ਜਰਦੇ ..ਉਹ!
ਘਰ ਚ ਕਿਸੇ ਚੀਜ ਦੀ ਕੋਈ ਵੀ ਥੋੜ੍ਹ ਨਹੀਂ ਰਹੀ…ਸਭ ਕੁੱਝ ਸਮੇਂ ਨਾਲ ਬਣ ਗਿਆ ..।
ਪਰ ਇਹ ਜੋ ਆਪ ਮਿਹਨਤ ਕਰਕੇ ਬੰਨੇ ਘਰ ਵਿੱਚ ਰਹਿਣ ਦਾ ਸਕੂਨ ਮੈਨੂੰ ਮਿਲੇਆ..ਸ਼ਾਇਦ ਕਿਸੇ ਅਮੀਰ ਘਰ ਵਿੱਚ ਵਿਆਹੀ ਜਾਣ ਤੇ ਵੀ ਨਸੀਬ ਨਹੀਂ ਸੀ ਹੋਣਾ..।
ਇਹ ਮਿਹਨਤ ਕਰਨ ਅਤੇ ਥੋੜ੍ਹ ਅੌਖ ਸਮੇ ਵੀ ਚੜ੍ਹਦੀ ਕਲਾ ਵਿੱਚ
ਰਹਿਣ ਦੀ ਤਜੁਰਬੇ ਰੂਪੀ ਪੂੰਜੀ ਮੈਂ ਆਪਣੇ ਪੁੱਤ ਅਤੇ ਲਾਡਾਂ ਨਾਲ ਪਲ ਰਹੀ ਆਪਣੀ ਧੀ ਰਾਣੀ ਨੂੰ ਵੀ ਸਿੱਖਿਆ ਦੇ ਰੂਪ ਵਿੱਚ ਦੇਣਾ ਚਾਹਾਂਗੀ..ਬਿਲਕੁਲ ਉਵੇਂ ..ਜਿਵੇਂ ਮੈਨੂੰ ਮਾਂ ਅਤੇ ਦਾਦੀ ਸੱਸ ਤੋਂ ਇਹ ਪੂੰਜੀ ਨਸੀਬ ਹੋਈ ਸੀ।
ਹਰਿੰਦਰ ਸਿੰਘ ਤੱਤਲਾ
(ਇੱਕ ਸਤਿਕਾਰ ਯੋਗ ਸਖਸ਼ੀਅਤ ਨੂੰ ਸਮਰਪਿਤ )

...
...

ਜਦੋਂ ਗੁੜਗਾਉਂ ਨਵਾਂ-ਨਵਾਂ ਕੰਮ ਸ਼ੁਰੂ ਕੀਤਾ ਤਾਂ ਕਿਸੇ ਦੀ ਸਿਫਾਰਿਸ਼ ਤੇ ਦੋ ਮੁੰਡੇ ਕੰਮ ਤੇ ਰੱਖ ਲਏ..
ਪਿਓ ਚੁਰਾਸੀ ਵੇਲੇ ਮਾਰ ਦਿੱਤਾ ਸੀ ਤੇ ਮਾਂ ਨੇ ਦੋਹਾਂ ਨੂੰ ਦਾਦੀ ਦੇ ਹਵਾਲੇ ਕਰ ਹੋਰ ਵਿਆਹ ਕਰਵਾ ਲਿਆ..ਜਦੋਂ ਵੀ ਨਿੱਕੇ ਵੱਲ ਤੱਕਦੀ ਅੱਖਾਂ ਭਰ ਆਉਂਦੀਆਂ..ਸੋਚਦੀ ਵਖਤਾਂ ਦੇ ਮਾਰਿਆਂ ਕੋਲੋਂ ਮਾਂ ਦਾ ਆਸਰਾ ਨਹੀਂ ਸੀ ਖੋਹਿਆ ਜਾਣਾ ਚਾਹੀਦਾ..ਕਈ ਵਾਰ ਕੁਵੇਲਾ ਹੋ ਜਾਂਦਾ ਤਾਂ ਸਾਡੇ ਕੋਲ ਹੀ ਬਾਹਰ ਬਣੇ ਕਵਾਟਰ ਵਿਚ ਸੌਂ ਜਾਇਆ ਕਰਦੇ..

ਇੱਕ ਦਿਨ ਸਰਦਾਰ ਜੀ ਆਖਣ ਲੱਗੇ ਦੋਵੇਂ ਆਖਦੇ ਨੇ ਕੇ ਸਾਡਾ ਹਿਸਾਬ ਕਰ ਦੇਵੋ..
ਮੈਂ ਕੋਲ ਸੱਦ ਲਿਆ..ਅੱਖਾਂ ਨਾ ਮਿਲਾਉਣ..ਫੇਰ ਵਜਾ ਪੁੱਛੀ ਤਾਂ ਨਿੱਕਾ ਆਖਣ ਲੱਗਾ..”ਸਰਦਾਰ ਹੁਰੀਂ ਬਹੁਤ ਗੁਸੇ ਹੋਏ ਅੱਜ..ਸਭ ਦੇ ਸਾਮਣੇ..ਹੁਣ ਸਾਡਾ ਜੀ ਨਹੀਂ ਕਰਦਾ ਕੰਮ ਕਰਨ ਨੂੰ ਇਥੇ..”

ਦਿਲ ਨੂੰ ਹੌਲ ਜਿਹਾ ਪਿਆ..ਫੇਰ ਵੀ ਬਾਹਰੀ ਭਾਵਾਂ ਤੇ ਕਾਬੂ ਰੱਖਦੀ ਹੋਈ ਨੇ ਗੱਲ ਪੁੱਛ ਲਈ..”ਕਿੰਨਾ ਚਿਰ ਹੋ ਗਿਆ ਦੋਹਾਂ ਨੂੰ ਇਥੇ ਕੰਮ ਕਰਦਿਆਂ”?
ਆਖਣ ਲੱਗੇ “ਜੀ ਤਕਰੀਬਨ ਛੇ ਸਾਲ..”
ਫੇਰ ਸੁਆਲ ਕੀਤਾ ਕੇ ਇਹਨਾਂ ਛੇ ਵਰ੍ਹਿਆਂ ਵਿਚ ਦਸਿਓ ਖਾਂ ਭਲਾ ਕਿੰਨੀ ਕੂ ਵਾਰੀ ਝਿੜਕ ਮਾਰੀ ਸਰਦਾਰ ਹੁਰਾਂ..?
ਕੁਝ ਸੋਚਣ ਮਗਰੋਂ ਆਖਣ ਲੱਗੇ “ਜੀ ਪੰਜ-ਛੇ ਵਾਰੀ ਤੇ ਝਿੜਕਿਆ ਹੀ ਹੋਣਾ..ਇੱਕ ਵਾਰੀ ਚਪੇੜ ਵੀ ਕੱਢ ਮਾਰੀ ਸੀ..ਮੈਨੂੰ ਚੇਤਾ ਏ..ਨਿੱਕਾ ਬੋਲ ਉਠਿਆ”

ਮੈਂ ਕੋਲ ਪਿਆ ਕੈਲਕੁਲੇਟਰ ਚੁੱਕ ਲਿਆ ਤੇ ਹਿਸਾਬ ਕਰਕੇ ਦਸਿਆ ਕੇ ਪੁੱਤਰੋ ਛੇ ਵਰ੍ਹਿਆਂ ਵਿਚ 2190 ਦਿਨ ਹੁੰਦੇ ਨੇ ਤੇ ਇਹਨਾਂ ਸਾਰੇ ਦਿਨਾਂ ਵਿਚੋਂ ਜੇ ਝਿੜਕਾਂ ਵਾਲੇ ਛੇ ਦਿਨ ਘਟਾ ਲਏ ਜਾਣ ਤਾਂ ਬਾਕੀ ਬਚਦੇ ਨੇ ਪੂਰੇ 2184 ਦਿਨ..
ਇਹਨਾਂ 2184 ਦਿਨਾਂ ਵਿਚ ਤੁਹਾਨੂੰ ਇਸ ਘਰੋਂ ਜਿੰਨਾ ਵੀ ਲਾਡ ਪਿਆਰ ਮਿਲਿਆ..ਉਸਦਾ ਹਿਸਾਬ ਕਿਤਾਬ ਮੋੜਦੇ ਜਾਵੋ ਤੇ ਥੋਨੂੰ ਜਾਣ ਦੀ ਪੂਰੀ ਖੁੱਲ ਏ..!

ਦੋਹਾਂ ਨੀਵੀਆਂ ਪਾ ਲਈਆਂ..ਪਿਆਰ ਮੁਹੱਬਤ ਨਾਲ ਭਿੱਜਿਆ ਤੀਰ ਆਪਣੇਪਨ ਦੀ ਕਮਾਨ ਵਿਚੋਂ ਐਸੀ ਸੰਜੀਦਗੀ ਨਾਲ ਨਿਕਲਿਆ ਕੇ ਵਕਤੀ ਤੌਰ ਤੇ ਉੱਠ ਖਲੋਤੀ ਨਫਰਤ ਦੀ ਉਚੀ ਸਾਰੀ ਕੰਧ ਓਸੇ ਵੇਲੇ ਢਹਿ-ਢੇਰੀ ਹੋ ਗਈ!

ਏਨੇ ਵਰ੍ਹਿਆਂ ਬਾਅਦ ਅਜੇ ਵੀ ਦੋਵੇਂ ਸਾਡੇ ਕੋਲ ਹੀ ਕੰਮ ਕਰਦੇ ਨੇ..ਦੋਹਾਂ ਦੇ ਵਿਆਹ ਵਾਲੇ ਕਾਰਜ ਵੀ ਹੱਥੀਂ ਨੇਪਰੇ ਚਾੜੇ..ਪਿੱਛੇ ਜਿਹੇ ਨਿੱਕੇ ਦੇ ਮੁੰਡਾ ਹੋਇਆ ਤਾਂ ਗੁੜਤੀ ਦਵਾਉਣ ਹਸਪਤਾਲ ਲੈ ਗਿਆ..ਆਖਣ ਲੱਗਾ ਬੀਬੀ ਜੀ ਤੁਹਾਡੇ ਤੇ ਗੁਰੂ ਦੀ ਬੜੀ ਬਖਸ਼ਿਸ ਏ..ਇਸਦੇ ਸਿਰ ਤੇ ਹੱਥ ਫੇਰ ਦਿਓ..ਜੁਆਨ ਹੋ ਕੇ ਕਿਸੇ ਚੰਗੇ ਪਾਸੇ ਲੱਗੇ!

ਮੈਨੂੰ ਸਮਝ ਨਾ ਲੱਗੀ ਕੇ ਜਿਉਣ-ਜੋਗਾ ਮੈਥੋਂ ਗੁੜਤੀ ਦਵਾ ਰਿਹਾ ਸੀ ਕੇ ਨਵੇਂ ਆਏ ਜੀ ਨੂੰ ਨਸੀਹਤ ਕਰ ਰਿਹਾ ਸੀ ਕੇ ਕਿਸੇ ਟਾਈਮ ਦੁਨਿਆਵੀ ਔਕੜਾਂ ਵੇਲੇ ਮਾਂ ਬਣ ਆਪਣਾ ਦੁੱਧ ਚੁੰਗਾਉਣ ਵਾਲੀ ਇਹ ਔਰਤ ਜਦੋਂ ਬੁੱਢੀ ਹੋ ਗਈ ਤਾਂ ਦਾਦੀ ਮਾਂ ਸਮਝ ਇਸਦੀ ਸੇਵਾ ਕਰਨ ਤੋਂ ਮੂੰਹ ਨਾ ਮੋੜੀ!

ਸੋ ਦੋਸਤੋ ਜਰੂਰੀ ਨਹੀਂ ਕੇ ਦੁਨੀਆ ਦੇ ਸਾਰੇ ਰਿਸ਼ਤੇ ਕੁੱਖ ਵਿਚਲੇ ਖੂਨ ਵਿਚ ਰਚ ਮਿਚ ਕੇ ਹੀ ਮਜਬੂਤ ਹੁੰਦੇ ਹੋਵਣ..ਕੁਝ ਭਾਵਨਾਵਾਂ ਅਤੇ ਆਪਸੀ ਮੋਹ ਵਾਲੀ ਨੀਂਹ ਤੇ ਖੜੋ ਕੇ ਵੀ ਪ੍ਰਵਾਨ ਚੜਿਆ ਕਰਦੇ ਨੇ..ਤੇ ਐਸੇ ਰਿਸ਼ਤਿਆਂ ਦਾ ਵਜੂਦ ਸਿਵਿਆਂ ਦੀ ਅੱਗ ਵਿਚ ਸੜ ਕੇ ਵੀ ਕਦੀ ਖਤਮ ਨਹੀਂ ਹੁੰਦਾ!

ਹਰਪ੍ਰੀਤ ਸਿੰਘ ਜਵੰਦਾ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)