Posts Uploaded By Punjabi Stories

Sub Categories

ਬੀਜੀ ਦੀ ਇੱਕ ਅਜੀਬ ਆਦਤ ਹੋਇਆ ਕਰਦੀ..
ਘਰੇ ਮੈਂ ਜੋ ਮਰਜੀ ਪਾ ਕੇ ਤੁਰੀ ਫਿਰਦੀ ਰਹਾਂ..ਕਦੀ ਕੁਝ ਨਾ ਆਖਦੀ ਪਰ ਕਿਸੇ ਵਿਆਹ ਸ਼ਾਦੀ ਅਤੇ ਮੰਗਣੇ ਤੇ ਗਈ ਦਾ ਸਾਰਾ ਧਿਆਨ ਬੱਸ ਮੇਰੇ ਵੱਲ ਹੀ ਲੱਗਾ ਰਹਿੰਦਾ..!
ਕਦੀ ਕੋਲੋਂ ਲੰਘਦੀ ਨੂੰ ਸੈਨਤ ਮਾਰ ਕੋਲ ਸੱਦ ਲੈਂਦੀ..
ਫੇਰ ਆਖਿਆ ਕਰਦੀ ਆਪਣੀ ਚੁੰਨੀ ਸਹੀ ਕਰ..ਕਦੀ ਆਖਦੀ “ਜੇ ਅੱਜ ਫਲਾਣੇ ਸੂਟ ਨਾਲ ਫਲਾਣੀ ਚੁੰਨੀ ਲਈ ਹੁੰਦੀ ਤਾਂ ਬੜੀ ਵਧੀਆ ਲੱਗਣੀ ਸੀ..
ਕਦੀ ਕਿਸੇ ਵੱਲ ਇਸ਼ਾਰਾ ਕਰ ਆਖਣ ਲੱਗਦੀ “ਵੇਖ ਕਿੱਡੀ ਸੋਹਣੀ ਲੱਗਦੀ ਏ..ਸੂਟ ਤੇ ਕਢਾਈ ਵੇਖ..ਜੁੱਤੀ ਵੇਖ..ਮੂੰਹ ਤੇ ਮੇਕਅਪ ਵੇਖ..ਜੂੜਾ ਵੇਖ..ਵਗੈਰਾ ਵਗੈਰਾ!
ਮੈਨੂੰ ਗੁੱਸਾ ਚੜ ਜਾਂਦਾ ਪਰ ਉਸਦੇ ਕੋਲ ਬੈਠੀ ਰਿਸ਼ਤੇਦਾਰੀ ਵੱਲ ਵੇਖ ਅੰਦਰੋਂ ਅੰਦਰ ਪੀ ਜਾਇਆ ਕਰਦੀ..
ਫੇਰ ਵੀ ਜਾਂਦਿਆਂ ਜਾਂਦਿਆਂ ਏਨੀ ਗੱਲ ਜਰੂਰ ਆਖ ਦਿੰਦੀ ਕੇ “ਬੀਜੀ ਤੈਨੂੰ ਤੇ ਆਪਣੀ ਕੁੜੀ ਕਦੀ ਵੀ ਚੰਗੀ ਨਾ ਲੱਗੀ”
ਉਸਨੂੰ ਪਤਾ ਲੱਗ ਜਾਇਆ ਕਰਦਾ ਕੇ ਹੁਣ ਇਹ ਘਰੇ ਜਾ ਕੇ ਪੱਕਾ ਕਲੇਸ਼ ਪਾਊ..

ਫੇਰ ਟਾਂਗੇ ਤੇ ਬੈਠੀ ਨੇ ਮੈਂ ਜਾਣ ਬੁੱਝ ਕੇ ਆਪਣਾ ਧਿਆਨ ਦੂਜੇ ਪਾਸੇ ਕੀਤਾ ਹੁੰਦਾ..
ਉਹ ਬਹਾਨੇ-ਬਹਾਨੇ ਨਾਲ ਬੁਲਾਉਣ ਦੀ ਕੋਸ਼ਿਸ਼ ਕਰਦੀ..

ਮੈਂ ਅੱਗੋਂ ਨਜਰਅੰਦਾਜ ਕਰਦੀ ਤਾਂ ਮੇਰਾ ਸਿਰ ਆਪਣੀ ਬੁੱਕਲ ਵਿਚ ਲੈ ਕੇ ਪਲੋਸਦੀ..ਲਾਡ ਪਿਆਰ ਕਰਦੀ..ਆਖਦੀ ਮੇਰੀ ਧੀ ਦੇ ਵਾਲ ਕਿੰਨੇ ਸੋਹਣੇ..ਹੱਥ ਕਿੰਨੇ ਗੋਰੇ..ਅੱਖਾਂ ਕਿੰਨੀਆਂ ਮੋਟੀਆਂ..

ਮੈਂ ਗੁੱਸੇ ਨਾਲ ਆਖਦੀ ਓਥੇ ਤੇ ਇਸ ਧੀ ਵਿਚ ਬੜੇ ਨੁਕਸ ਵਿਖ ਰਹੇ ਸਨ..!

ਏਨੇ ਨੂੰ ਸਾਡਾ ਡੇਰਾ ਆ ਜਾਂਦਾ..

ਟਾਂਗੇ ਦੀ ਘੋੜੀ ਆਪਣੇ ਆਪ ਖਲੋ ਜਾਇਆ ਕਰਦੀ..
ਮਾਂ ਪੈਸੇ ਦੇਣ ਵਿਚ ਰੁੱਝ ਜਾਇਆ ਕਰਦੀ ਤੇ ਮੈਂ ਭਰੀ ਪੀਤੀ ਕਾਹਲੇ ਕਦਮੀਂ ਉਸਤੋਂ ਕਿੰਨੀਂ ਵਿਥ ਪਾ ਜਾਇਆ ਕਰਦੀ..!
ਉਹ ਪਿੱਛੋਂ ਟਾਹਰਾਂ ਦਿੰਦੀ ਰਹਿੰਦੀ..ਬੂੰਦੀ,ਸ਼ੱਕਰ ਪਾਰਿਆਂ ਦੇ ਵੱਡੇ ਵੱਡੇ ਝੋਲੇ ਚੁੱਕੀ ਉਸ ਕੋਲੋਂ ਤੁਰਿਆ ਨਾ ਜਾਂਦਾ..ਫੇਰ ਵੀ ਆਪਣੇ ਆਪ ਨੂੰ ਹੌਲੀ ਹੌਲੀ ਧੂੰਹਦੀ ਆਉਂਦੀ!
ਮੈਂ ਬਹਾਨੇ ਜਿਹੇ ਨਾਲ ਮਗਰ ਵੇਖਦੀ..ਕਾਲਜੇ ਨੂੰ ਸੇਕ ਲੱਗਦਾ..ਓਸੇ ਵੇਲੇ ਪਿਛਾਂਹ ਪਰਤ ਉਸਦੇ ਹੱਥੋਂ ਝੋਲੇ ਫੜ ਲਿਆ ਕਰਦੀ ਤੇ ਬਿਨਾ ਕੁਝ ਆਖਿਆ ਤੁਰ ਪੈਂਦੀ..!

ਘਰੇ ਅੱਪੜ ਉਹ ਆਪਣੇ ਲੀੜੇ ਕੱਪੜੇ ਬਦਲ ਲੈਂਦੀ ਪਰ ਮੈਂ ਓਹੋ ਵਿਆਹ ਵਾਲੇ ਗੱਲ ਪਾਈ ਰੱਖਦੀ..
ਉਹ ਮਿੱਠੀ ਜਿਹੀ ਝਿੜਕ ਮਾਰਦੀ “ਜਿਉਣ ਜੋਗੀਏ ਬਦਲ ਲੈ..ਅੱਗੋਂ ਤੇਰੇ ਭੂਆ ਦੇ ਪੁੱਤ ਦਾ ਵਿਆਹ..ਓਦੂੰ ਕੀ ਪਾਵੇਂਗੀ?
ਮੈਂ ਗੁੱਸੇ ਵਿਚ ਆਖਦੀ “ਓਹੀ ਕਿਨਾਰੀ ਵਾਲਾ ਜਿਹੜਾ ਉਸ ਕੁੜੀ ਨੇ ਪਾਇਆ ਸੀ..”

ਉਹ ਅੱਗੋਂ ਚੁੱਪ ਜਿਹੀ ਕਰ ਜਾਇਆ ਕਰਦੀ..
ਸ਼ਾਇਦ ਤੁਰ ਗਏ ਭਾਪਾ ਜੀ ਦਾ ਚੇਤਾ ਆ ਜਾਇਆ ਕਰਦਾ..!
ਉਸਨੂੰ ਕਿੰਨਾ ਚਿਰ ਚੁੱਪ ਵੇਖ ਮੈਨੂੰ ਤਰਸ ਜਿਹਾ ਆ ਜਾਂਦਾ..ਫੇਰ ਰੋਟੀ ਟੁੱਕ ਕਰਦੀ ਹੋਈ ਨੂੰ ਆਣ ਪਿੱਛੋਂ ਜੱਫੀ ਪਾ ਲਿਆ ਕਰਦੀ..
ਉਸਦੀਆਂ ਅੱਖਾਂ ਵਿਚ ਪਾਣੀ ਹੁੰਦਾ..
ਪਤਾ ਨੀ ਕੋਲ ਧੁਖਦੇ ਚੁੱਲੇ ਦੀ ਅੱਗ ਪ੍ਰੇਸ਼ਾਨ ਕਰ ਰਹੀ ਹੁੰਦੀ ਕੇ ਕੋਈ ਅੰਦਰ ਦਾ ਵਲਵਲਾ ਉਸਦੇ ਨੈਣਾ ਵਿਚੋਂ ਬਸੰਤ ਬਹਾਰ ਬਣ ਵਗ ਤੁਰਦਾ..!

ਮੈਨੂੰ ਯਾਦ ਏ ਸਾਂਝੇ ਘਰ ਵਿਚ ਭਾਪਾ ਜੀ ਜਦੋਂ ਵੀ ਕੋਈ ਸੂਟ ਲੈ ਕੇ ਆਉਂਦੇ ਤਾਂ ਕਿੰਨਾ ਕਿੰਨਾ ਚਿਰ ਸਵਾਉਂਦੀ ਨਾ..
ਸੰਦੂਖ ਅੰਦਰ ਪਏ ਦਾ ਖੁਦ ਨੂੰ ਚੇਤਾ ਭੁੱਲ ਜਾਇਆ ਕਰਦਾ ਪਰ ਹੋਰ ਪਾਰਖੂ ਅੱਖੀਆਂ ਨੂੰ ਸਾਰਾ ਕੁਝ ਪਤਾ ਹੁੰਦਾ..
ਓਹਨਾ ਨੂੰ ਇਹ ਵੀ ਪਤਾ ਸੀ ਕੇ ਮਾਂ ਕੋਲੋਂ ਚੀਜ ਕਿੱਦਾਂ ਕਢਾਉਣੀ ਏ..
ਨਿੱਕੀ ਭੂਆ ਆਖਦੀ “ਭਾਬੀ ਤੇਰੇ ਕੋਲ ਉਹ ਜਿਹੜੇ ਪਿਛਲੀ ਵਾਰੀ ਦਾ ਅਨਸੀਤਾ ਪਿਆ..ਮੈਨੂੰ ਦੇ ਦੇ..ਮੇਰੀ ਸਹੇਲੀ ਦਾ ਮੰਗਣਾ..”
ਮਾਂ ਝੱਟ ਕੱਢ ਕੇ ਦੇ ਦਿੰਦੀ..
ਮੈਨੂੰ ਨਿੱਕੀ ਜਿਹੀ ਨੂੰ ਵੱਟ ਚੜ ਜਾਂਦਾ..ਆਖਦੀ ਤੂੰ ਵੀ ਤੇ ਜਾਣਾ..ਆਪ ਕੀ ਪਾਵੇਂਗੀ..?
ਉਹ ਅੱਗੋਂ ਹੱਸ ਛੱਡਦੀ..?
ਪਰ ਭੂਆ ਮੇਰੇ ਵੱਲ ਘੂਰੀ ਵੱਟਦੀ..ਆਖਦੀ ਵੱਡੀ ਮਾਂ ਦੀ ਹੇਜਲੀ..!

ਫੇਰ ਦੱਸਦੇ ਉਸ ਦਿਨ ਵੀ ਮੂੰਹ ਤੇ ਨਿੰਮਾ-ਨਿਮਾਂ ਹਾਸਾ ਹੀ ਸੀ ਜਿਸ ਦਿਨ ਉਹ ਜਹਾਨੋ ਗਈ..!

ਅੱਜ ਸੱਤ ਸਮੁੰਦਰੋਂ ਪਾਰ ਆਪਣੇ ਬਰੋਬਰ ਹੋ ਗਈ ਧੀ ਕਿਸੇ ਗਲੋਂ ਨਰਾਜ ਹੋ ਜਾਵੇ ਤਾਂ ਲੋਹ ਤੇ ਫੁਲਕੇ ਲਾਹੁੰਦੀ ਮਾਂ ਬੜੀ ਚੇਤੇ ਆਉਂਦੀ..
ਫੇਰ ਅਤੀਤ ਦੇ ਘੋੜੇ ਸਵਾਰ ਹੋ ਕੇ ਸੋਚਣ ਲੱਗਦੀ ਹਾਂ ਕੇ ਮੇਰੀ ਵਾਰੀ ਉਹ ਮੈਨੂੰ ਕਿੱਦਾਂ ਮਨਾਉਂਦੀ ਹੁੰਦੀ ਸੀ..
ਫੇਰ ਓਹੀ ਫੋਰਮੁੱਲਾ ਇਥੇ ਲਾਉਂਦੀ ਹਾਂ ਪਰ ਇਸਦੀ ਸੈੱਲ ਫੋਨ ਤੋਂ ਨਜਰ ਹੀ ਨਹੀਂ ਹਟਦੀ..ਉਡੀਕਦੀ ਰਹਿੰਦੀ ਹਾਂ ਕਦੋਂ ਉਹ ਅੱਖੀਆਂ ਮਿਲਾਵੈ ਤੇ ਗੱਲ ਕਰਾਂ..

ਫੁਲਕੇ ਲਾਹੁੰਦੀ ਨੂੰ ਬਿੜਕ ਹੁੰਦੀ ਏ ਕੇ ਸ਼ਾਇਦ ਮਗਰੋਂ ਆ ਕੇ ਕਲਾਵੇ ਵਿਚ ਲੈ ਲਵੇ..ਪਰ ਨਵੇਂ ਜਮਾਨੇ ਦੀਆਂ ਨਵੀਆਂ ਗੱਲਾਂ..!

ਜਿੰਨਾ ਮਰਜੀ ਸਮੇ ਦੀ ਹਾਣ ਬਣ ਉਸਦੀ ਸੋਚ ਦੇ ਬਰੋਬਰ ਹੋਣ ਦੀ ਕੋਸ਼ਿਸ਼ ਕਰਾਂ ਕਿਧਰੇ ਕੋਈ ਨਾ ਕੋਈ ਘਾਟ ਰਹਿ ਹੀ ਜਾਂਦੀ ਏ..
ਫੇਰ ਥੱਕ ਕੇ ਖਲੋ ਜਾਂਦੀ ਹਾਂ ਪਰ ਉਹ ਕਦੀ ਵੀ ਮੇਰੇ ਭਰੇ ਹੋਏ ਝੋਲੇ ਚੁੱਕਣ ਵਾਪਿਸ ਨਹੀਂ ਮੁੜਦੀ..!
ਫੇਰ ਜੀ ਕਰਦਾ ਵਾਪਿਸ ਪਰਤ ਆਪਣੀ ਵਾਲੀ ਨੂੰ ਕਲਾਵੇ ਵਿਚ ਲੈ ਲਵਾਂ ਪਰ ਪੁੱਲਾਂ ਹੇਠੋਂ ਇੱਕ ਵਾਰ ਲੰਘ ਗਏ ਮੁੜ ਪਰਤ ਕੇ ਕਿਧਰੇ ਆਉਂਦੇ ਨੇ..!

(ਅਸਲ ਵਾਪਰਿਆ ਬਿਰਤਾਂਤ)
ਹਰਪ੍ਰੀਤ ਸਿੰਘ ਜਵੰਦਾ

...
...

ਸੰਨ 1971 ਦੀ ਘਟਨਾ ਹੈ, ਜਨਰਲ ਜਗਜੀਤ ਸਿੰਘ ਅਰੋੜਾ ਨੇ ਬੰਗਲਾ ਦੇਸ਼ ਆਜ਼ਾਦ ਕਰਵਾਇਆ ਸੀ।
ਤਾਂ ਉਸ ਵਕਤ ਦੁਸ਼ਮਣ ਦੀਆਂ ਫੌਜਾਂ ਕੋਲੋਂ ਹਥਿਆਰ ਸੁਟਵਾ ਕੇ ਉਨ੍ਹਾਂ ਨੂੰ ਕੈਦੀ ਬਣਾ ਲਿਆ ਸੀ ਤੇ ਮੋਰਚਿਆਂ ਵਿੱਚੋਂ ਕੁਝ ਲੜਕੀਆਂ ਮਿਲੀਆਂ
ਜਿਨ੍ਹਾਂ ਦੇ ਸਰੀਰ ਨਗਨ ਅਵਸਥਾ ਵਿੱਚ ਸਨ, ਜੋ ਖਰੋਚ ਖਰੋਚ ਕੇ ਜ਼ਖਮੀ ਕੀਤੇ ਹੋਏ ਸਨ
ਤਮਾਮ ਲੜਕੀਆਂ ਅਰੋੜਾ ਜੀ ਕੋਲ ਭੱਜੀਆਂ ਆਈਆਂ ਤੇ ਪੁਕਾਰਾਂ ਕਰਨ ਲੱਗੀਆਂ ਕਿ ਸਾਨੂੰ ਬਚਾ ਲਵੋ, ਜੀ
ਸਰਦਾਰ ਜਗਜੀਤ ਸਿੰਘ ਜੀ ਨੇ ਹੈਰਾਨ ਹੋ ਕੇ ਕਿਹਾ ਕਿ ਤੁਸੀਂ ਮੈਨੂੰ ਨਹੀਂ ਸਗੋਂ ਇਨ੍ਹਾਂ ਆਪਣੇ ਸਿਪਾਹੀਆਂ ਨੂੰ ਕਹੋ ਕਿ ਇਹ ਤੁਹਾਡੀ ਮਦਦ ਕਰਨ
ਮੈਂ ਤਾਂ ਤੁਹਾਡਾ ਦੁਸ਼ਮਣ ਹਾਂ ਦੂਜੇ ਦੇਸ਼ ਵਿੱਚੋਂ ਲੜਨ ਲਈ ਆਇਆ ਹਾਂ
ਲੜਕੀਆਂ ਨੇ ਗਜ਼ਬ ਦਾ ਜਵਾਬ ਦਿੱਤਾ ਕਿ ਸਾਨੂੰ ਸਾਡਿਆਂ ਕੋਲੋਂ ਹੀ ਤਾਂ ਬਚਾਉਣਾ ਹੈ ਇਨ੍ਹਾਂ ਨੇ ਸਾਨੂੰ ਮੋਰਚਿਆਂ ਵਿੱਚ ਰੱਖ ਕੇ ਸਾਡੀ ਪਤਿ ਹੀ ਬਰਬਾਦ ਨਹੀਂ ਕੀਤੀ ਸਗੋਂ ਸਾਨੂੰ ਨੋਚ ਨੋਚ ਕੇ ਵੀ ਖਾ ਗਏ ਹਨ
ਸਾਨੂੰ ਨਹੀਂ ਪਤਾ ਕਿ ਤੁਸੀਂ ਦੁਸ਼ਮਣ ਹੋ ਜਾਂ ਆਪਣੇ ਹੋ, ਸਾਨੂੰ ਤਾਂ ਬੱਸ ਇਤਨਾ ਹੀ ਪਤਾ ਹੈ ਕਿ ਤੁਹਾਡੇ ਸਿਰ ’ਤੇ ਪੱਗ ਹੈ
ਇਸ ਪੱਗ ਨੂੰ ਬੰਨ੍ਹਣ ਵਾਲਾ ਕਦੇ ਕਿਸੇ ਦੀਆਂ ਧੀਆਂ ਭੈਣਾਂ ਦੀ ਪਤਿ ਨੂੰ ਬਰਬਾਦ ਨਹੀਂ ਕਰਦਾ ਸਗੋਂ ਬਚਾਉਂਦਾ ਹੀ ਹੈ
ਅਰੋੜਾ ਜੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਅਤੇ ਉਨ੍ਹਾਂ ਨੇ ਅੰਦਰ ਹੀ ਅੰਦਰ ਗੁਰੂ ਸਾਹਿਬ ਜੀ ਨੂੰ ਨਮਸ਼ਕਾਰ ਕੀਤੀ ਕਿ ਸਤਿਗੁਰੂ ਜੀ ਮੈਂ ਤਾਂ ਅੱਜ ਤੱਕ ਇੱਕ ਕੱਪੜਾ ਸਮਝ ਕੇ ਹੀ ਬੰਨ੍ਹਦਾ ਰਿਹਾ ਹਾਂ ਪਰ ਅੱਜ ਮੈਨੂੰ ਇਸ ਦੀ ਅਸਲ ਕਦਰ ਕੀਮਤ ਦਾ ਪਤਾ ਲੱਗਿਆ ਹੈ
ਉਨ੍ਹਾਂ ਨੇ ਨਗਨ ਲੜਕੀਆਂ ਦੇ ਸਰੀਰ ਕੱਜ ਕੇ ਉਨ੍ਹਾਂ ਨੂੰ ਨਿਡਰ ਹੋਣ ਦਾ ਹੌਂਸਲਾ ਦਿਵਾਇਆ।
ਪੱਗ ਨੇ ਹੋਰ ਵੀ ਕਈ ਮਾਣਮੱਤੇ ਇਤਿਹਾਸ ਰਚੇ ਹਨ
ਜਿੰਨ੍ਹਾਂ ਨਾਲ ਮਨੁੱਖਤਾ ਦਾ ਸਿਰ ਸਦੀਵੀ ਉੱਚਾ ਹੋ ਜਾਂਦਾ ਹੈ

...
...

ਇੰਗਲੈਂਡ ਦੀਆਂ ਗਰਮੀਆਂ ਦੀ ਸੁਹਾਵਣੀ ਸਵੇਰ , ਐਤਵਾਰ ਦਾ ਦਿਨ ਹੋਣ ਕਰਕੇ ਜ਼ਰਾ ਦੇਰ ਤੱਕ ਸੁਸਤਾਉਣ ਦਾ ਸੋਚਿਆ ਸੀ ਕਿ ਫ਼ੋਨ ਦੀ ਬੈੱਲ ਵੱਜਦੀ ਏ, ਵਟਸਐਪ ਕਾਲ ਏ ਪੰਜਾਬ ਤੋਂ , ਅਜ਼ੀਜ਼ ਦੋਸਤ ਦੀ । ਏਧਰ ਓਧਰ ਦੀਆਂ ਗੱਲਾਂ ਕਰਕੇ ਹੁਣੇ ਜਿਹੇ ਖਤਮ ਹੋਏ ਇੱਕ ਰੌਲੇ ਦਾ ਜ਼ਿਕਰ ਚੱਲ ਪਿਆ , ਸੱਚ ਕੀ ਹੁੰਦਾ ਏ, ਤੇ ਅਸੀਂ ਇੱਕੋ ਪੱਖ ਵੇਖਕੇ ਕਿਵੇ ਧਰਤੀ ਮੂਧੀ ਕਰਨ ਤੱਕ ਜਾਨੇ ਆਂ । ਉਹ ਵੀਰ ਦੱਸ ਰਿਹਾ ਏ , ਕੁਝ ਗੁੱਝੀਆਂ ਰਮਜ਼ਾਂ, ਕਿਵੇ ਕਾਰਪੋਰੇਟ ਸੈਕਟਰ , ਮਨੁੱਖਾਂ ਦੀ ਫਸਲ ਕੱਟਣ ਦੀ ਤਿਆਰੀ ਚ ਏ , ਨਸ਼ਿਆਂ ਦਾ ਕਾਰੋਬਾਰ ਕਿਵੇ ਗਿਣ ਮਿਥ ਕੇ ਸਾਡੀ ਨਸਲਕੁਸ਼ੀ ਕਰ ਰਿਹਾ ਏ,ਕਿਰਦਾਰ ਤਾਂ ਪਹਿਲਾਂ ਈ ਗਰਕ ਚੁੱਕਾ ਏ ।ਵਾੜ ਈ ਖੇਤ ਨੂੰ ਖਾ ਰਹੀ ਏ । ਗੱਲ ਖਤਮ ਹੋਈ । ਫ਼ੋਨ ਸਿਰਹਾਣੇ ਰੱਖ ਲਿਆ ।
ਫਿਰ ਟਨਨ ਦੀ ਆਵਾਜ਼ ਏ, ਵੀਡੀਓ ਸ਼ੇਅਰ ਕੀਤੀ ਏ ਕਿਸੇ ਨੇ । ਸਾਡੇ ਜਾਨ ਓ ਮਾਲ ਦੇ ਰਾਖੇ ਪੁਲਸੀਏ, ਪੰਦਰਾਂ ਕੁ ਜਣੇ ਰਲ ਕੇ ਹੱਡਾਰੋੜੀ ਦੇ ਕੁੱਤਿਆਂ ਦਾ ਰੂਪ ਧਾਰੀ ਖੜੇ ਨੇ , ਇੱਕ ਪਿਓ ਪੁੱਤਰ ਨੂੰ ਛੱਲੀਆਂ ਵਾਂਗ ਝੰਬ ਰਹੇ ਨੇ ।
ਇਹ ਕੁਝ ਦੇਖਿਆ ਈ ਏ ਤਾਂ ਇੱਕ ਹੋਰ ਸੀਨ ਆ ਗਿਆ, ਕੁਝ ਹੱਟੇ ਕੱਟੇ ਬੰਦੇ ਇੱਕ ਔਰਤ ਨੂੰ ਕਸਾਈਆਂ ਵਾਂਗ ਕੋਹ ਰਹੇ ਨੇ , ਮਾਸੂਮ ਦੁਹਾਈ ਪਾ ਰਿਹਾ ਏ ਕਿ ਮੇਰੀ ਮੰਮਾ ਨੇ ਮਰ ਜਾਣਾ ।
ਮੈ ਸੋਚ ਰਿਹਾ ਹਾਂ ਕਿ ਕਿਹੋ ਜਿਹਾ ਦਿਨ ਚੜ੍ਹਿਆ ਏ ਅੱਜ , ਹਾਲੇ ਚਾਹ ਵੀ ਨਹੀ ਪੀਤੀ ਕਿ ਮਨ ਉਦਾਸ ਹੋ ਗਿਆ । ਏਨੀ ਹੈਵਾਨੀਅਤ, ਏਨੀ ਅਫਰਾ ਤਫਰੀ, ਏਨੀ ਬੇਕਿਰਕੀ ।
ਪੰਦਰਾਂ ਕੁ ਸਾਲ ਪਹਿਲਾਂ ,ਜਦੋਂ ਸੋਸ਼ਲ ਮੀਡੀਆ, ਸਮਾਰਟਫੋਨ ਨਹੀ ਸਨ , ਤਾਂ ਸੱਤ ਯੁਰੋ ਦੇ ਕਾਰਡ ਤੋ ਪੈਂਤੀ ਮਿੰਟ ਗੱਲ ਕਰਨੀ ਆਪਣੇ ਵਤਨ। ਟਾਈਮ ਵੰਡ ਕੇ ਫ਼ੋਨ ਕਰਨੇ ਪਰ ਆਨੰਦ ਆ ਜਾਂਦਾ ਸੀ,ਪਰ ਤਕਨਾਲੋਜੀ ਦੇ ਪਸਾਰ ਨੇ ਸਹੂਲਤਾਂ ਦੇ ਕੇ ਸਕੂਨ ਖੋਹ ਲਿਆ ਏ , ਕਿਤੇ ਜ਼ਰਾ ਜਿੰਨੀ ਗੱਲ ਹੁੰਦੀ ਏ ਤਾ ਆਪੇ ਬਣੇ ਕੈਮਰਾਮੈਨ ਲਾਈਵ ਹੋ ਕੇ ਦੁਨੀਆਂ ਤੇ ਲਾਂਬੂ ਲਾ ਦੇਂਦੇ ਨੇ । ਇਹਨਾਂ ਸਹੂਲਤਾਂ ਨੇ ਸਰੀਰ ਨੂੰ ਵਿਹਲਾ ਤੇ ਨਿਕੰਮਾ ਕਰ ਦਿੱਤਾ ਏ ਪਰ ਮਨ ਲਈ ਇੱਕ ਪਲ ਵੀ ਚੈਨ ਨਹੀ ਰਹਿਣ ਦਿੱਤਾ ।
ਹਰ ਵਕਤ ਹਾਲਾ ਲਾਲਾ, ਦਗੜ ਦਗੜ । ਜਾਣੇ ਅਨਜਾਣੇ , ਅਸੀਂ ਵੀ ਪਤਾ ਨਹੀ ਲੱਗਦਾ ਕਦੋ ਇਸ ਨਾ ਮੁੱਕਣ ਵਾਲੀ ਮੈਰਾਥਨ ਚ ਭੱਜ ਪੈਂਦੇ ਆਂ, ਫਿਰ ਹੰਭਦੇ ਆਂ, ਫਿਰ ਭੱਜਦੇ ਆਂ । ਮਨ ਦਾ ਚੈਨ ਜੋ ਅਨਮੋਲ ਏ, ਖੋਹ ਬੈਠੇ ਆਂ। ਇਨਸਾਨ ਨਹੀਂ, ਰੋਬੋਟ ਬਣ ਕੇ ਵਿਚਰ ਰਹੇ ਆਂ, ਜੋ ਕੰਮ ਤਾ ਕਰਦੈ, ਪਰ ਅਹਿਸਾਸ ਤੋ ਹੀਣਾ,ਭਾਵਨਾਵਾਂ ਤੋ ਸੱਖਣਾ ।
ਕਿਤੇ ਘੁੰਮਣ ਫਿਰਨ ਜਾ ਰਹੇ ਆਂ ਤਾਂ ਪੁੱਜਣ ਦੀ ਕਾਹਲ ਚ ਸਫਰ ਦਾ ਆਨੰਦ ਗਵਾ ਲਿਆ, ਕਿਸੇ ਕੋਲ ਮਿਲਣ ਗਏ ਤਾਂ ਜਾ ਕੇ ਵੀ ਫ਼ੋਨ ਚ ਡੁੱਬੇ ਰਹੇ , ਕੋਈ ਮਿਲਣ ਆਇਆ ਏ ਦੂਰ ਦੁਰਾਡਿਓਂ, ਪਰ ਅੱਖਾਂ ਚਿਹਰਿਆਂ ਵੱਲ ਨਹੀ, ਫ਼ੋਨ ਸਕਰੀਨ ਵੱਲ ਬਾਰ ਬਾਰ ਜਾ ਰਹੀਆਂ ਨੇ ।
ਹਕੀਕਤ ਏ ਕਿ ਹਰ ਸ਼ੈਅ ਜ਼ਿੰਦਗੀ ਵਾਸਤੇ ਐ, ਪਰ ਅਸੀਂ ਵਸਤਾਂ ਚ ਜ਼ਿੰਦਗੀ ਰੋਲ ਬੈਠੇ ਆਂ।ਨਿੱਕੇ ਨਿੱਕੇ ਟੁਕੜਿਆਂ ਚ ਵੱਟ ਗਈ ਏ ਜ਼ਿੰਦਗੀ । ਸਹੂਲਤਾਂ ਦੀ ਹਨੇਰੀ ਚ ਸੁਖ ਦਾ ਸਾਹ ਲੈਣਾ ਵੀ ਦੁਸ਼ਵਾਰ ਹੋ ਗਿਆ ਏ ।ਕਿੱਥੇ ਕੁ ਰੁਕਾਂਗੇ ਜਾ ਕੇ , ਰੱਬ ਜਾਣੇ ।

ਦਵਿੰਦਰ ਸਿੰਘ ਜੌਹਲ

...
...

ਉਹ ਕਿਸੇ ਕੰਮ ਬੈੰਕ ਆਈ..
ਡਰਾਈਵਰ ਨੂੰ ਵਾਪਿਸ ਘੱਲ ਦਿੱਤਾ ਕੇ ਕੰਮ ਮੁਕਾ ਕੇ ਫੋਨ ਕਰੂੰ..
ਥੋੜੇ ਚਿਰ ਮਗਰੋਂ ਬਾਹਰ ਨਿਕਲੀ..ਵੇਖਿਆ ਫੋਨ ਦੀ ਬੈਟਰੀ ਡੈਡ ਸੀ..ਨੰਬਰ ਵੀ ਕੋਈ ਯਾਦ ਨਹੀਂ..ਹੁਣ ਕੀ ਕੀਤਾ ਜਾਵੇ?
ਅੱਧੇ ਕਿਲੋਮੀਟਰ ਦੀ ਵਾਟ..ਦੋ ਪੈਰ ਪੁੱਟੇ..ਜੂਨ ਮਹੀਨਾ..ਅੱਤ ਦੀ ਗਰਮੀ..ਛੇਤੀ ਨਾਲ ਫੇਰ ਛਾਵੇਂ ਵਾਪਿਸ ਮੁੜ ਆਈ..
ਕੋਲ ਹੀ ਇੱਕ ਰਿਕਸ਼ੇ ਵਾਲੇ ਨੂੰ ਵਾਜ ਮਾਰੀ…
“ਅਗਲੇ ਮੋੜ ਤੇ ਸੱਜੇ ਮੁੜ ਦੂਜੀ ਕੋਠੀ..ਕਿੰਨੇ ਪੈਸੇ?
“ਦਸ ਰੁਪਈਏ ਜੀ”…
“ਦਸ ਜਿਆਦਾ ਨਹੀਂ..ਆਹ ਹੀ ਤਾਂ ਹੈ..ਦੋ ਮਿੰਟ ਦਾ ਰਾਹ”..
“ਨਹੀਂ ਜੀ ਏਨੀ ਮੰਹਿਗਾਈ ਵਿਚ ਏਦੂੰ ਘੱਟ ਵਾਰਾ ਨੀ ਖਾਂਦਾ..ਅਜੇ ਤੱਕ ਰਿਕਸ਼ੇ ਦਾ ਕਿਰਾਇਆ ਤੱਕ ਪੂਰਾ ਨੀ ਹੋਇਆ..”
ਬਿਨਾ ਜੁਆਬ ਦਿੱਤਿਆਂ ਹੀ ਉਹ ਅੰਦਰ ਆ ਵੜੀ ਤੇ ਆਉਂਦਿਆਂ ਹੀ ਰਿਕਸ਼ੇ ਦੀ ਛਤਰੀ ਉੱਪਰ ਕਰਵਾ ਲਈ..
ਬਾਬਾ ਜੀ ਨੇ ਆਪਣੇ ਸੱਜੇ ਪਹੁੰਚੇ ਨੂੰ ਗੰਢ ਮਾਰ ਪੈਡਲ ਮਾਰਨੇ ਸ਼ੁਰੂ ਕਰ ਦਿੱਤੇ..!
ਕੋਠੀ ਪਹੁੰਚ ਉਹ “ਹਾਇ ਗਰਮੀ” ਆਖ ਛੇਤੀ ਨਾਲ ਅੰਦਰ ਵੜ ਗਈ..ਤੇ ਜਾਂਦਿਆਂ ਆਖ ਗਈ..ਨੌਕਰ ਹੱਥ ਪੈਸੇ ਭੇਜਦੀ ਹਾਂ..”
ਪੰਜਾਂ ਮਿੰਟਾਂ ਮਗਰੋਂ ਨੌਕਰ ਆਇਆ ਤੇ ਉਸਨੂੰ ਪੰਜਾ ਦਾ ਨੋਟ ਫੜਾ ਗੇਟ ਮਾਰ ਲਿਆ..
ਬਾਬਾ ਮਗਰੋਂ ਵਾਜ ਮਾਰਦਾ ਹੀ ਰਹਿ ਗਿਆ..”ਬਾਊ ਜੀ ਗੱਲ ਦਸਾਂ ਦੀ ਹੋਈ ਸੀ..ਇਹ ਤਾਂ ਸਿਰਫ ਪੰਜ ਰੁਪਈਏ ਨੇ”
“ਬੀਬੀ ਜੀ ਆਹਂਦੀ ਸੀ ਏਨੇ ਹੀ ਬਣਦੇ ਨੇ..ਹੁਣ ਤੁਰਦਾ ਹੋ ਨਹੀਂ ਤਾਂ ਲੱਗਾ ਛੱਡਣ ਕੁੱਤਾ..ਮੁੜ ਲਵਾਉਂਦਾ ਫਿਰੀਂ ਟੀਕੇ..”
ਉਸਨੇ ਪਹਿਲਾਂ ਨੋਟ ਵੱਲ ਦੇਖਿਆ ਫੇਰ ਕੋਠੀ ਦੇ ਬੰਦ ਗੇਟ ਵੱਲ…
ਮੁੜ ਮੁੜਕਾ ਪੂੰਝ ਅਗਲੀ ਸਵਾਰੀ ਦੀ ਤਲਾਸ਼ ਵਿਚ ਰਿਕਸ਼ਾ ਮੋੜ ਲਿਆ..ਸ਼ਾਇਦ ਮਨ ਵਿਚ ਸੋਚ ਰਿਹਾ ਸੀ..”ਚੱਲ ਮਨਾਂ..ਇਹ ਕਿਹੜਾ ਅੱਜ ਪਹਿਲੀ ਵਾਰ ਹੋਇਆ”!
ਦੋਸਤੋ ਜੇ ਕਿਸੇ ਮੌਕੇ ਰਿਕਸ਼ੇ,ਰੇਹੜੀ,ਮੋਚੀ ਤੇ ਜਾਂ ਫੇਰ ਕਿਸੇ ਸਬਜੀ ਵਾਲੇ ਨਾਲ ਵਾਹ ਪੈ ਜਾਵੇ ਤਾਂ ਏਦਾਂ ਨਾ ਕੀਤਾ ਜਾਵੇ..ਕਿਓੰਕੇ ਜਦੋਂ ਇਸ ਵਰਗ ਨਾਲ ਧੱਕਾ ਹੁੰਦਾ ਏ ਤਾਂ ਇਹਨਾਂ ਦੀ ਕਿਸੇ ਠਾਣੇ ਚੋਂਕੀ ਜਾਂ ਅਦਾਲਤ ਵਿਚ ਕੋਈ ਸੁਣਵਾਈ ਨਹੀਂ ਹੁੰਦੀ..ਇਹ ਘਟਨਾ ਮੇਰੀ ਅੱਖੀਂ ਵੇਖੀ ਹੈ..!

...
...

ਪੰਜਾਬ ਪੁਲਿਸ ਦੀ ਇੱਕ ਗੱਡੀ ਮੇਨ ਰੋਡ ਤੇ ਬਣੇ ਇੱਕ ਸੋਹਣੇ ਘਰ ਦੇ ਬਾਹਰ ਆ ਕੇ ਰੁਕੀ।
ਪੁਲਿਸ ਕਾਂਸਟੇਬਲ ਨੂੰ ਫੋਨ ਤੇ ਇਹੀ ਪਤਾ ਲਿਖਵਾਇਆ ਗਿਆ ਸੀ, ਪਰ ਇਥੇ ਤਾਂ ਸਾਰੇ ਵਧੀਆ ਮਕਾਨ ਹਨ। ਇਥੇ ਖਾਣਾ ਕਿਸਨੇ ਮੰਗਵਾਇਆ ਹੋਣਾ?
ਇਹ ਸੋਚਦੇ ਹੋਏ ਪੁਲਿਸ ਵਾਲੇ ਨੇ ਉਸੇ ਨੰਬਰ ਤੇ ਬੈਕ ਕਾਲ ਕੀਤੀ ਕਿ ਤੁਸੀਂ ਦਸ ਮਿੰਟ ਪਹਿਲਾ 112 ਤੇ ਕਾਲ ਕੀਤੀ ਸੀ ਤੇ ਖਾਣਾ ਮੰਗਵਾਇਆ ਸੀ। ਅਸੀਂ ਤੁਹਾਡੇ ਦਿੱਤੇ ਪਤੇ ਦੇ ਬਾਹਰ ਹੀ ਖੜ੍ਹੇ ਹਾਂ, ਕਿੱਥੇ ਆਉਣਾ ਹੈ? ਦੂਜੇ ਪਾਸੇਓ ਆਵਾਜ਼ ਆਈ ‘ਜਨਾਬ ਤੁਸੀਂ ਬਾਹਰ ਹੀ ਰੁੱਕੋ ਮੈਂ ਆਉਦਾ ਹਾਂ।”
ਇੱਕ ਮਿੰਟ ਬਾਅਦ ਇੱਕ 60-65 ਸਾਲ ਦਾ ਬੰਦਾ ਆਪਣੇ ਘਰੋਂ ਬਾਹਰ ਆਇਆ।
ਉਸਨੂੰ ਦੇਖ ਕੇ ਪੁਲਿਸ ਕਾਂਸਟੇਬਲ ਨੂੰ ਗੁੱਸਾ ਆ ਗਿਆ ਤੇ ਬੋਲਿਆ “ਤੁਹਾਨੂੰ ਸ਼ਰਮ ਨਹੀਂ ਆਉਂਦੀ, ਇਸ ਤਰਾਂ ਖਾਣਾ ਮੰਗਵਾਉਂਦੇ ਹੋਏ, ਗਰੀਬਾਂ ਦੇ ਹੱਕ ਦਾ ਖਾਣਾ ਜਦ ਤੁਹਾਡੇ ਵਰਗੇ ਅਮੀਰ ਬੰਦੇ ਖਾਣਗੇ ਤਾਂ ਗਰੀਬਾਂ ਤੱਕ ਖਾਣਾ ਕਿਵੇਂ ਪੁਹੰਚੇਗਾ।”
ਮੇਰਾ ਤਾਂ ਇਥੇ ਆਉਣਾ ਹੀ ਖ਼ਰਾਬ ਗਿਆ।”
ਬਜ਼ੁਰਗ ਨੇ ਕਿਹਾ ਜਨਾਬ ਇਹ ਸ਼ਰਮ ਹੀ ਸੀ ਜੋ ਸਾਨੂੰ ਇਥੇ ਤੱਕ ਲੈ ਆਈ। ਨੌਕਰੀ ਲੱਗਦੇ ਸਾਰ ਹੈ ਲੋਨ ਲੈ ਕੇ ਘਰ ਬਣਵਾ ਲਿਆ, ਅੱਧੇ ਤੋਂ ਵੀ ਜਿਆਦਾ ਕਮਾਈ ਲੋਨ ਦੀ ਕਿਸ਼ਤ ਲਈ ਜਾਂਦੀ ਰਹੀ ਤੇ ਬਾਕੀ ਜੋ ਬਚਦਾ ਉਸ ਨਾਲ ਬੱਚਿਆਂ ਦੀ ਪਰਵਰਿਸ਼ ਹੁੰਦੀ ਰਹੀ।
ਹੁਣ ਰਿਟਾਇਰਮੈਂਟ ਤੋਂ ਬਾਅਦ ਕੋਈ ਪੈਨਸ਼ਨ ਨਹੀਂ ਹੈ ਤੇ ਨਾ ਹੀ ਕੋਈ ਹੋਰ ਕਮਾਈ, ਇਸ ਲਈ ਮਕਾਨ ਦਾ ਇੱਕ ਹਿੱਸਾ ਕਿਰਾਏ ਤੇ ਦਿੱਤਾ ਸੀ, ਹੁਣ ਲਾਕ ਡਾਉਣ ਚ ਕਿਰਾਇਆ ਵੀ ਨਹੀਂ ਮਿਲਿਆ। ਮੁੰਡੇ ਦੀ ਨੌਕਰੀ ਨਹੀਂ ਲੱਗ ਰਹੀ ਸੀ ਇਸ ਲਈ ਜੋ ਫੰਡ ਮਿਲਿਆ ਸੀ ਉਸ ਪੈਸੇ ਨੂੰ ਉਸਦੇ ਕੰਮ ਕਾਰ ਚ ਲਗਾ ਦਿੱਤਾ, ਮੁੰਡਾ ਜੋ ਕਮਾਉਂਦਾ ਉਸ ਨੂੰ ਕੰਮਕਾਰ ਵੱਡਾ ਕਰਨ ਦੇ ਚੱਕਰ ਚ ਖਰਚ ਕਰਦਾ ਰਿਹਾ, ਹੁਣ 20 ਦਿਨ ਹੋ ਗਏ ਉਹ ਵੀ ਠੱਪ ਹੈ, ਕਦੇ ਬਚਤ ਕਰਨ ਦੀ ਸੋਚੀ ਹੀ ਨਹੀ। ਪਹਿਲੇ ਪੂਰੇ ਸਾਲ ਦੀ ਕਣਕ ਤੇ ਚੌਲ ਭਰ ਲਈਦੇ ਸੀ ਪਰ ਨੂੰਹ ਨੇ ਕਿਹਾ ਇਹ ਸਭ ਓਲ੍ਡ ਫੈਸ਼ਨ ਆ ਤਾਂ ਸ਼ਰਮ ਦੇ ਮਾਰੇ ਦੋਵੇਂ ਢੋਲ ਕਬਾੜ ਵਾਲੇ ਨੂੰ ਵੇਚ ਦਿੱਤੇ। ਹੁਣ ਬਾਜ਼ਾਰੋਂ ਰਾਸ਼ਨ ਦੇ ਨਾਲ 10 ਕਿੱਲੋ ਆਟੇ ਦੀ ਥੈਲੀ ਤੇ 5 ਕਿੱਲੋ ਚੋਲ ਲੈ ਆਉਂਦੇ ਹਾਂ। ਮਕਾਨ ਵਧੀਆ ਹੋਣ ਕਰਕੇ ਕਿਸੇ ਸਮਾਜਿਕ ਸੰਸਥਾ ਤੋਂ ਮਦਦ ਨਹੀਂ ਮੰਗ ਸਕਦੇ ਸੀ। ਕੱਲ ਤੋਂ ਕੋਈ ਰਸਤਾ ਨਹੀਂ ਦਿੱਖ ਰਿਹਾ ਸੀ ਅਤੇ ਜਦੋਂ ਸਵੇਰੇ ਪੋਤੀ ਨੂੰ ਭੁੱਖ ਨਾਲ ਰੋਂਦੇ ਦੇਖਿਆ ਤਾਂ ਸਾਰੀ ਸ਼ਰਮ ਇੱਕ ਪਾਸੇ ਰੱਖ ਕੇ 112 ਤੇ ਫੋਨ ਕਰ ਦਿੱਤਾ। ਇਸ ਤਰਾਂ ਇੱਟਾਂ ਦੇ ਬਣੇ ਘਰ ਨੇ ਸਾਨੂੰ ਅਮੀਰ ਕਰ ਦਿੱਤਾ ਪਰ ਅੰਦਰੋਂ ਬਿਲਕੁਲ ਖੋਖਲਾ ਕਰ ਦਿੱਤਾ। ਹੁਣ ਮਜਦੂਰੀ ਤਾਂ ਕਰ ਨਹੀਂ ਸਕਦਾ ਤੇ ਕਦੇ ਵੀ ਏਨੀ ਕਮਾਈ ਨਹੀਂ ਹੋਈ ਕੇ ਬੈਂਕ ਖਾਤੇ ਚ ਇੰਨੇ ਪੈਸੇ ਬਚਾ ਲੈਂਦੇ ਕੇ ਕੁਝ ਦਿਨ ਬਹਿ ਕੇ ਖਾ ਲੈਂਦੇ। ਕੱਲ੍ਹ ਬੇਟਾ ਕਹਿੰਦਾ ਪਾਪਾ ਮੇਰੇ account ਵਿਚੋਂ ਮਕਾਨ, ਸਕੂਟਰ ਤੇ ਇਕ ਮੋਬਾਈਲ ਦੀਆਂ ਕਿਸ਼ਤਾਂ ਬੈਂਕ ਚੋਂ ਨਿੱਕਲ ਗਈਆਂ ਹਨ। ਸੱਤ ਅੱਠ ਸੌ ਰੁਪਏ ਬਾਕੀ ਰਹਿ ਗਏ ਹਨ, ਸਵੇਰੇ ਕਢਵਾ ਕੇ ਆਟਾ ਤੇ ਕੁਛ ਹੋਰ ਲਿਆਵਾਂਗਾ। ਜਦੋਂ ਸਵੇਰੇ ਬੈਂਕ ਜਾਣ ਲੱਗਿਆਂ ਮੋਬਾਈਲ ਉਤੇ ਮੈਸੇਜ ਦੇਖਿਆ ਤਾਂ ਹੋਸ਼ ਉੱਡ ਗਏ। ਬੈਂਕ ਦੇ ਮੈਸੇਜ ਵਿਚ ਲਿਖਿਆ ਸੀ ਕਿ ਤੁਹਾਡੇ ਅਕਾਊਂਟ ਵਿਚੋਂ ਮਿਨੀਮਮ ਬੈਲੈਂਸ ਨਾ ਹੋਣ ਕਾਰਨ 590 ਰੁਪਏ ਕੱਟ ਲਏ ਗਏ ਹਨ, ਹੁਣ ਤੁਹਾਡੇ ਅਕਾਊਂਟ ਵਿਚ 134 ਰੁਪਏ ਬਕਾਇਆ ਹਨ।
ਹੁਣ ਤੁਸੀਂ ਦੱਸੋ ਮੈਂ ਕੀ ਕਰਦਾ? ਇਹ ਕਹਿ ਕੇ ਬਜ਼ੁਰਗ ਰੌਂਣ ਲੱਗ ਗਿਆ। ਪੁਲਿਸ ਵਾਲੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਬੋਲੇ, ਉਹ ਚੁੱਪਚਾਪ ਗੱਡੀ ਤਕ ਗਿਆ ਤੇ ਲੰਚ ਦਾ ਪੈਕੇਟ ਕੱਢਣ ਲੱਗਾ। ਫਿਰ ਉਸਨੂੰ ਯਾਦ ਆਇਆ ਕੇ ਜੋ ਜਰੂਰੀ ਸਮਾਨ ਤੇ ਰਾਸ਼ਨ ਉਸਦੀ ਪਤਨੀ ਨੇ ਮੰਗਵਾਇਆ ਸੀ ਉਹ ਕਲ ਘਰ ਨਾ ਜਾਣ ਕਰਕੇ ਗੱਡੀ ਦੀ ਡਿੱਗੀ ਵਿਚ ਹੀ ਪਿਆ ਸੀ। ਉਸਨੇ ਡਿੱਗੀ ਖੋਲੀ ਸਮਾਨ ਕੱਢਿਆ ਤੇ ਲੰਚ ਪੈਕੇਟ ਦੇ ਨਾਲ ਬਜ਼ੁਰਗ ਦੇ ਗੇਟ ਤੇ ਰੱਖ ਦਿੱਤਾ ਤੇ ਬਿੰਨਾ ਕੁਝ ਬੋਲੇ ਪੁਲਿਸ ਵਾਲਾ ਗੱਡੀ ਚ ਆ ਕੇ ਬੈਠ ਗਿਆ।
ਅੱਜ ਸਾਡੇ ਸਾਮਜ ਵਿੱਚ ਮਧਿਅਮ ਵਰਗ ਦੇ ਜਿਆਦਾਤਰ ਲੋਕਾਂ ਦੀ ਇਹੀ ਹਾਲਾਤ ਹੈ। ਸ਼ਰਮ ਦੇ ਮਾਰੇ ਨਾ ਤਾਂ ਕਿਸੇ ਤੋਂ ਕੁਝ ਮੰਗ ਈ ਸਕਦੇ ਆ ਤੇ ਨਾ ਹੀ ਪੱਲੇ ਕੁਝ ਬਚਿਆ ਏ। ਆਉਣ ਵਾਲੇ ਸਮੇਂ ਵਿੱਚ ਜੇਕਰ ਸਰਕਾਰਾਂ ਨੇ ਮੱਧਮ ਵਰਗ ਵੱਲ ਧਿਆਨ ਨਾ ਦਿੱਤਾ ਤਾਂ ਕਿਤੇ ਅਜਿਹੇ ਹਾਲਾਤ ਹਰ ਪਾਸੇ ਨਾ ਹੋ ਜਾਣ। 🙏

...
...

“ਲਉ ਜੀ, ਹੁਣ ਤਾਂ ਤੁਸੀਂ ਰੋਜ ਕਾਰ ਵਿੱਚ ਘੁੰਮੋਗੇ।” ਰਮੇਸ਼ ਨੇ ਮੁੰਡੇ ਨੂੰ ਵਿਆਉਣ ਜਾਂਦੇ ਸਮੇਂ ਆਪਣੀ ਘਰਵਾਲੀ ਨੂੰ ਕਿਹਾ।
“ਪਰ ਆਪਣੇ ਕੋਲ ਇੰਨੇ ਪੈਸੇ ਆਉਣਗੇ ਕਿੱਥੇ? ਤੁਹਾਡੀ ਕਮਾਈ ਵਿੱਚ ਤਾਂ ਮੁਸ਼ਕਲ ਨਾਲ ਗੁਜਾਰਾ ਚਲਦਾ ਹੈ। ਕਾਰ ਤਾਂ ਬੜੀ ਮਹਿੰਗੀ……….” ਹੈਰਾਨ ਹੁੰਦੀ ਰਮਾ ਨੇ ਕਿਹਾ।
“ਤੂੰ ਬੜੀ ਭੋਲੀ ਹੈ। ਸਾਡੀ ਅੱਜ ਲਾਟਰੀ ਖੁੱਲਣ ਵਾਲੀ ਹੈ। ਮੈਂ ਕਲ੍ਹ ਆਪਣੇ ਬੇਟੇ ਸੰਦੀਪ ਦੇ ਸਹੁਰੇ। ਫੋਨ ਕਰ ਦਿੱਤਾ ਸੀ। ਅਸੀਂ ਡੋਲੀ ਤਾਂ ਲਿਆਾਵਾਂਗੇ ਜੇ ਤੁਸੀਂ ਕਾਰ ਦੇਵੋਗੇ। ਤੂੰ ਦੇਖਦੀ ਜਾ, ਹੁਣ ਅਸੀਂ ਮਾਲੋ-ਮਾਲ ਹੋ ਜਾਵਾਂਗੇ। ਤੈਨੂੰ ਪਤਾ ਲੜਕੀ ਦੇ ਮਾਪੇ ਆਪਣੀ ਇੱਜਤ ਰੱਖਣ ਲਈ ਜੰਝ ਨੂੰ ਵਾਪਸ ਨਹੀਂ ਭੇਜਦੇ ਚਾਹੇ ਆਪ ਗਿਰਵੀ ਹੋ ਜਾਣ।”
ਰਮੇਸ਼ ਅਜੀਬ ਜਿਹਾ ਹਾਸਾ ਹੱਸਦਾ ਹੈ।
ਸ਼ਹਿਨਾਈ ਦੇ ਗੀਤਾਂ ਵਿੱਚ ਮਸਤ ਜਾਂਝੀ ਵਿਆਹ ਵਾਲੇ ਪੰਡਾਲ ਵਿੱਚ ਪਹੁੰਚ ਜਾਂਦੇ ਹਨ। ਰਮੇਸ਼ ਪੰਡਾਲ ਦਾ ਦ੍ਰਿਸ਼ ਦੇਖ ਕੇ ਹੈਰਾਨ ਹੋ ਜਾਂਦਾ ਹੈ। ਕੁੜੀ-ਮੁੰਡੇ ਦੀਆਂ ਲਾਵਾਂ ਚਲਦੀਆਂ ਹਨ। ਰਮੇਸ਼ ਇਕਦਮ ਪ੍ਰਧਾਨ ਹੋ। ਜਾਂਦਾ ਹੈ। ਸ਼ਾਇਦ ਗਲਤ ਆ ਗਏ ਪਰ ਜਲਦੀ ਸੰਭਲ ਕੇ ਕਹਿੰਦਾ ਹੈ “ਬੰਦ ਕਰੋ ਸ਼ਾਦੀ।” ਕੁੜੀ ਦਾ ਪਿਤਾ ਬੇਝਿਜਕ ਅੱਗੇ ਆਉਂਦਾ ਹੈ, ਉਹ ਕਹਿੰਦਾ ਹੈ “ਤੁਹਾਨੂੰ ਕਾਰ ਚਾਹੀਦੀ ਹੈ। ਉਹ ਮੇਰੀ ਹੈਸੀਅਤ ਨਹੀਂ। ਮੈਂ ਬਹੁਤ ਉਦਾਸ ਹੋ ਗਿਆ।” ਮੇਰੇ ਦੋਸਤ ਦੇ ਬੇਟੇ ਨੂੰ ਇਹ ਗੱਲ ਪਤਾ ਲੱਗੀ ਉਹ ਨੇਕ ਇਨਸਾਨ ਵਿਆਹ ਲਈ ਰਾਜੀ ਹੋ ਗਿਆ। “ਇਹ ਸ਼ਾਦੀ ਨਹੀਂ ਹੋ ਸਕਦੀ।” ਰਮੇਸ਼ ਨੇ ਕਿਹਾ ।
ਪੁਲਿਸ ਨੂੰ ਫੋਨ ਕਰਦਾ ਕੁੜੀ ਦੇ ਬਾਪ ਨੇ ਕਿਹਾ।
ਹਾਰੇ ਜੁਆਰੀਏ ਵਾਂਗ ਰਮੇਸ਼ ਅੱਖਾਂ ਗੱਡੀ ਖੜਾ ਸੀ। ਸਭ ਦੇ ਤਿੱਖੇ ਬੋਲ ਹਥੌੜਾ ਵਾਂਗ ਉਸਦੇ ਦਿਮਾਗ ਵਿੱਚ ਵੱਜਦੇ ਜਾ ਰਹੇ ਸਨ।
ਭੁਪਿੰਦਰ ਕੌਰ ਸਢੌਰਾ

...
...

ਉਹ ਹਰ ਵਰ੍ਹੇ ਸਿਆਲਾਂ ਚ ਹਿੰਦੂਸਤਾਨ ਦੇ ਸਭ ਤੋਂ ਸੋਹਣੇ ਸੂਬੇ ਤੋਂ ਪੰਜ ਦਰਿਆਵਾਂ ਦੀ ਧਰਤੀ ਤੇ ਸ਼ਾਲ ,ਲੋਈਆਂ ਕੋਟੀਆਂ ਲੈ ਕੇ ਆਉਂਦਾ ਸੀ । ਇੱਥੋਂ ਦੇ ਲੋਕਾਂ ਚ ਆ ਕੇ ਉਹਨੂੰ ਅਪਣਾਪਨ ਮਹਿਸੂਸ ਹੁੰਦਾ ਸੀ । ਦੋ ਤਿੰਨ ਮਹੀਨੇ ਦੱਬ ਕੇ ਮਹਿਨਤ ਕਰਨ ਤੋਂ ਬਾਅਦ ਉਹ ਵਾਪਸ ਚਲਾ ਜਾਂਦਾ ਸੀ ,,,,ਜਿਸ ਸੂਬੇ ਤੋਂ ਉਹ ਆਉਂਦਾ ਸੀ ਉੱਥੇ ਕਮਾਈ ਦੇ ਸਾਧਨ ਬਹੁਤ ਘੱਟ ਸੀ । ਉਸ ਸੂਬੇ ਤੇ ਅੱਤਬਾਦ ਦਾ ਕਦੇ ਨਾ ਮਿਟਣ ਵਾਲਾ ਦਾਗ ਲੱਗਿਆ ਹੋਣ ਕਰਕੇ ਕੋਈ ਵੀ ਕਾਰੋਬਾਰੀ ਉੱਥੇ ਪੈਸੇ ਲਾਉਣ ਨੂੰ ਤਿਆਰ ਨਹੀਂ ਸੀ ਉਹ ਲੋਕ ਫੌਜ਼ ਦੀਆਂ ਰਫਲਾਂ ਦੀ ਛਾਂ ਹੇਠ ਜਿੰਦਗੀ ਕੱਟ ਰਹੇ ਸੀ । ,,,,ਕਈ ਵਾਰ ਫੌਜ਼ ਉਪਰ ਝੂਠੇ ਮੁਕਾਬਲੇ ਤੇ ਬਲਾਤਕਾਰਾਂ ਦੇ ਦੋਸ਼ ਲੱਗੇ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਸੀ ,,,,ਉਹਦੀ ਉਮਰ 27 ਕ ਸਾਲ ਦੀ ਅਤੇ ਉਹ ਪਿਛਲੇ 10 ਸਾਲਾਂ ਤੋਂ ਪੰਜਾਬ ਆ ਰਿਹਾ ਸੀ ਇੱਥੇ ਉਸ ਦੇ ਕਈ ਦੋਸਤ ਬਣ ਗਏ ਸੀ ਜਿੰਨਾ ਵਿਚੋਂ ਇੱਕ ਗੁਰਬਚਨ ਸਿੰਘ ਸੀ ,,,,,,ਗੁਰਬਚਨ ਸਿੰਘ ਦਾ ਸਾਰਾ ਪਰਿਵਾਰ ਗੁਰ ਸਿੱਖ ਸੀ । ਜਦੋਂ ਉਹ ਪੰਜਾਬ ਆਉਂਦਾ ਸੀ ਤਾਂ ਗੁਰਬਚਨ ਕੇ ਘਰ ਹੀ ਰੁਕਦਾ ਸੀ । ਸਵੇਰ ਦੀ ਰੋਟੀ ਗੁਰਬਚਨ ਕੇ ਘਰ ਖਾ ਕੇ ਫਿਰ ਉਹ ਆਪਣੇ ਕੰਮ ਧੰਦੇ ਚਲਾ ਜਾਂਦਾ ਸੀ । ਫਿਰ ਰਾਤ ਨੂੰ ਵਾਪਸ ਆਉਂਦਾ ਸੀ । ਗੁਰਬਚਨ ਨੇ ਕਦੇ ਵੀ ਉਸ ਤੋਂ ਕਰਾਇਆ ਨਹੀਂ ਲਿਆ ਸੀ ਪਰ ਉਹ ਮੁਫਤ ਚ ਰਹਿਣ ਤੇ ਖਾਣ ਨੂੰ ਹਰਾਮ ਸਮਝਦਾ ਸੀ ਇਸ ਲਈ ਜਦੋਂ ਵੀ ਉਹ ਪੰਜਾਬ ਆਉਂਦਾ ਸੀ ਤਾਂ ਆਪਣੇ ਸੂਬੇ ਦੀਆਂ ਬਣੀਆਂ ਇੱਕ ਦੋ ਲੋਈਆਂ ਤੇ ਸ਼ਾਲਾਂ ਗੁਰਬਚਨ ਦੇ ਪਰਿਵਾਰ ਲਈ ਲੈ ਕੇ ਆਉਂਦਾ ਸੀ । ਇਸ ਵਾਰ ਜਦੋਂ ਉਹ ਆਇਆ ਸੀ ਤਾਂ ਉਹ ਬਹੁਤ ਖੁਸ਼ ਸੀ ਉਸਦਾ ਨਿਕਾਹ ਹੋਣ ਵਾਲਾ ਸੀ ਉਸਨੇ ਗੁਰਬਚਨ ਤੋਂ ਉਸਦੇ ਘਰ ਦ ਪਤਾ ਆਪਣੀ ਡਾਅਰੀ ਤੇ ਲਿਖਵਾ ਲਿਆ ਸੀ ਤੇ ਆਪਣੇ ਘਰ ਦਾ ਪਤਾ ਤੇ ਫੋਨ ਨੰਬਰ ਵੀ ਉਸਨੂੰ ਨੋਟ ਕਰਵਾ ਦਿੱਤਾ ਸੀ ਤਾਂ ਜੋ ਨਿਕਾਹ ਦਾ ਸੱਧਾ ਪੱਤਰ ਭੇਜਿਆ ਜਾ ਸਕੇ ਇਸ ਵਾਰ ਉਹ ਤਿੰਨ ਦੀ ਥਾਂ ਚਾਰ ਮਹੀਨੇ ਲਾ ਕੇ ਗਿਆ ਸੀ ਉਸਦੇ ਜਾਣ ਤੋਂ ਦੋ ਕੇ ਮਹੀਨੇ ਬਾਅਦ ਫੌਜ਼ ਨੇ ਇੱਕ ਮੁਕਾਬਲੇ ਵਿੱਚ ਉਸ ਸੂਬੇ ਦੇ ਇੱਕ ਮਸ਼ਹੂਰ ਅੱਤਵਾਦੀ ਨੂੰ ਮਾਰਿਆ ਸੀ ਫੌਜ਼ ਜਿਸ ਨੂੰ ਅੱਤਵਾਦੀ ਦੱਸਦੀ ਸੀ ਸੂਬੇ ਦੇ ਲੋਕ ਉਸਨੂੰ ਆਪਣਾ ਸਹੀਦ ਮੰਨਦੇ ਤਾਂ ਹੀ ਫੌਜ਼ ਦੇ ਰੋਕਣ ਦੇ ਬਾਵਜੂਦ ਇੱਕ ਲੱਖ ਤੋਂ ਉਪਰ ਬੰਦਾ ਉਹਨੂੰ ਦਫਨਾਉਣ ਆਇਆ ਸੀ । ਸੂਬੇ ਦਾ ਮਾਹੌਲ ਬਹੁਤ ਖਰਾਬ ਹੋ ਗਿਆ ਸੀ ਕੇਂਦਰ ਵੱਲੋਂ ਫੌਜ਼ ਨੂੰ ਖੁੱਲ੍ਹੀ ਛੁੱਟ ਦਿੱਤੀ ਗਈ ਸੀ 48 ਤੋਂ ਵੱਧ ਮੌਤਾਂ ਹੋ ਚੁੱਕਿਆਂ ਸੀ 100 ਤੋਂ ਵੱਧਾ ਲੋਕਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਹਜਾਰਾਂ ਲੋਕ ਜਖਮੀ ਹੋ ਗਏ ਸੀ । ਇੱਧਰ ਪੰਜਾਬ ਚ ਬੈਠੇ ਗੁਰਬਚਨ ਨੂੰ ਉਸਦੇ ਪਰਿਵਾਰ ਦੀ ਫਿਕਰ ਖਾ ਰਹੀ ਸੀ ਫੌਨ਼ ਉਸਦਾ ਲੱਗ ਨਹੀਂ ਰਿਹਾ ਸੀ ਮੋਬਾਈਲ ਸੇਵਾ ਸਰਕਾਰ ਵੱਲੋਂ ਬੰਦ ਕੀਤੀ ਹੋਈ ਸੀ । ਇਹ ਸਭ ਦੇਖ ਕੇ ਗੁਰਬਚਨ ਨੂੰ ਪੰਜਾਬ ਦੇ ਕਾਲੇ ਦਿਨ ਦੀ ਯਾਦ ਆ ਗਈ ਜਿਸ ਦੀਆਂ ਕਹਾਣੀਆਂ ਉਸਨੇ ਆਪਣੇ ਦਾਦੇ ਤੋਂ ਸੁਣੀਆਂ ਸੀ ,,,,ਬੜਾ ਸਮਾਂ ਸੋਚਣ ਤੋਂ ਬਾਅਦ ਇਕ ਦਿਨ ਤੜਕੇ ਨਿੱਤਨੇਮ ਕਰਕੇ ਗੁਰਬਚਨ ਲੁਧਿਆਣੇ ਆਲੀ ਬੱਸ ਬੈਠ ਗਿਆ ਅੱਜ ਉਸਨੇ ਕਰਪਾਨ ਸਵਾ ਫੁੱਟੀ ਪਾਈ ਸਿਰ ਤੇ ਪੱਗ ਦੀ ਜਗ੍ਹਾ ਦੁਮਾਲਾ ਬੰਨ੍ਹਿਆ ਸੀ ਨਾਲ 10 ਹਜਾਰ ਰੁਪਏ ਲੈ ਲਏ ਸੀ ਜੋ ਉਸਨੇ ਕਿਸੇ ਤੋਂ ਉਧਾਰ ਮੰਗੇ ਸੀ । ਲੁਧਿਆਣੇ ਤੋਂ ਜੰਮੂ ਤਵੀ ਰੇਲ ਗੱਡੀ ਵਿੱਚ ਬੈਠ ਗਿਆ ਉਹ ਪਹਿਲਾਂ ਕਦੇ ਜੰਮੂ ਨਹੀਂ ਗਿਆ ਸੀ ਪਤਾ ਨੀ ਕੀ ਚੀਜ਼ ਸੀ ਜੋ ਉਸਨੂੰ ਆਪਣੇ ਵੱਲ ਖਿੱਚ ਰਹੀ ਸੀ ਸ਼ਾਮ ਨੂੰ ਉਹ ਜੰਮੂ ਪੁੱਜ ਗਿਆ ਸੀ ਇੱਥੇ ਉਹ ਇੱਕ ਗੁਰੂ ਘਰ ਵਿੱਚ ਰਾਤ ਰੁਕਿਆ ਤੇ ਅੰਮ੍ਰਿਤ ਵੇਲੇ ਨਿੱਤਨੇਮ ਕਰਨ ਤੋਂ ਬਾਅਦ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਸ੍ਰੀਨਗਰ ਲਈ ਰਵਾਨਾ ਹੋ ਗਿਆ ਕਿਉਂ ਕਿ ਉਸਦਾ ਪਿੰਡ ਸ਼੍ਰੀਨਗਰ ਤੋਂ 10 ਕਿ ਮੀ ਦੀ ਦੂਰੀ ਤੇ ਸੀ । ਗੁਰੂ ਘਰ ਵਿਚ ਕਿਸੇ ਨੇ ਉਹਨੂੰ ਦੱਸਿਆ ਪਹਿਲੀ ਬੱਸ 5 ਵਜੇ ਜਾਂਦੀ ਆ ਨਾਲ ਹੀ ਉੱਥੇ ਦੇ ਹਲਾਂਤਾਂ ਤੋਂ ਜਾਣੂ ਕਰਵਾਇਆ । ਪਰ ਉਸਦੇ ਮਨ ਚ ਕੋਈ ਖੌਫ ਨਹੀਂ ਸੀ ਸ਼੍ਰੀਨਗਰ ਪਹੁੰਚ ਕੇ ਉਸਨੇ ਇੱਕ ਲੋਕਲ ਬੰਦੇ ਤੋਂ ਉਸ ਪਤੇ ਬਾਰੇ ਪੁੱਛਿਆ ਤੇ ਆਪਣੀ ਮੰਜਿਲ ਵੱਲ ਤੁਰ ਪਿਆ ਬੈਸੇ ਤਾਂ ਸ਼੍ਰੀਨਗਰ ਚ ਕਰਫਿਊ ਲੱਗਾ ਹੋਇਆ ਸੀ ਪਰ ਚਾਰ ਘੰਟੇ ਦੀ ਛੋਟ ਦਿੱਤੀ ਹੋਈ ਸੀ ਛੋਟ ਹੋਣ ਦੇ ਵਾਬਜੂਦ ਜਿਆਦਾਤਰ ਦੁਕਾਨਾਂ ਬੰਦ ਸੀ ਕੋਈ ਟਾਵਾਂ ਟਾਵਾਂ
ਬੰਦਾ ਹੀ ਸੜਕ ਤੇ ਦਿਖ ਰਿਹਾ ਸੀ । ਸੜਕ ਤੇ ਥਾਂ ਥਾਂ ਲੋਕਾਂ ਦੇ ਖੂਨ ਦੇ ਨਿਸ਼ਾਨ ਸੀ ਪੈਰਾਂ ਦੀਆਂ ਜੁੱਤੀਆਂ ਕੱਪੜਿਆਂ ਦੇ ਟੁਕੜੇ ਹਰ ਜਗ੍ਹਾ ਖਿਲਰੇ ਪਏ ਸੀ । ਦੁਕਾਨਾਂ ਦੇ ਸਟਰਾਂ ਤੇ ਉਰਦੂ ਤੇ ਅੰਗਰੇਜ਼ੀ ਵਿੱਚ ਅਜਾਦ ਕਸ਼ਮੀਰ ਦੀ ਮੰਗ ਲਿਖੀ ਹੋਈ ਸੀ ।
ਉਹ ਤੁਰਦਾ ਤੁਰਦਾ ਉਸਦੇ ਪਿੰਡ ਪਹੁੰਚ ਗਿਆ ਤੇ ਕਿਸੇ ਤੋਂ ਉਸਦੇ ਘਰ ਦਾ ਪਤਾ ਪੁੱਛਿਆ ਪਿੰਡ ਛੋਟਾ ਹੀ ਸੀ ਉਹ ਬੰਦਾ ਉਸਨੂੰ ਉਸਦੇ ਘਰ ਮੂਹਰੇ ਛੱਡ ਆਇਆ । ਉਸਨੇ ਘਰ ਅੱਗੇ ਪਹੁੰਚ ਕੇ ਉਸਦਾ ਨਾਮ ਲੈ ਕੇ ਆਵਾਜ਼ ਮਾਰੀ ਘਰ ਵਿੱਚ ਲਾਇਟ ਨਹੀਂ ਸੀ ਇੱਕ ਦੀਵਾ ਜਗ ਰਿਹਾ ਸੀ । ਘਰ ਵਿਚੋਂ ਇੱਕ ਸੱਠ ਕੇ ਸਾਲ ਦਾ ਬਜੁਰਗ ਬਾਹਰ ਆਇਆ ਉਹ ਗੁਰਬਚਨ ਵੱਲ ਦੇਖ ਬਹੁਤ ਹੈਰਾਨ ਹੋਇਆ ਤੇ ਪੁੱਛਿਆ ” ਕੋਨ ਹੋ ਆਪ ” ।
“ਮੈਂ ਗੁਰਬਚਨ ਸਿੰਘ ਆ ਜੀ ਆਪਕੇ ਬੇਟੇ ਇਕਲਾਖ਼ ਦਾ ਦੋਸਤ ਪੰਜਾਬ ਤੋਂ ਆਇਆਂ ” ।
ਅਪਣੇ ਬੇਟੇ ਦਾ ਨਾਮ ਸੁਣ ਕੇ ਉਸ ਬਜੁਰਗ ਦੀਆਂ ਅੱਖਾਂ ਚੋਂ ਪਾਣੀ ਆ ਗਿਆ ਤੇ ਉਹ ਬਜੁਰਗ ਬਾਂਹ ਫੜ ਕੇ ਗੁਰਬਚਨ ਨੂੰ ਘਰ ਅੰਦਰ ਲੈ ਗਿਆ ਤੇ ਪੀਣ ਲਈ ਪਾਣੀ ਦਿੱਤਾ ਤੇ ਰੋਟੀ ਲਈ ਪੁੱਛਿਆ । ਪਰ ਗੁਰਬਚਨ ਦੀਆਂ ਨਜ਼ਰਾਂ ਅਪਣੇ ਦੋਸਤ ਨੂੰ ਲੱਭ ਰਹੀਆਂ ਸੀ । ਇਕਲਾਖ਼ ਦੀ ਅੰਮੀ ਤੇ ਦੋ ਭੈਣਾਂ ਵੀ ਉੱਥੇ ਆ ਗਈਆਂ ਉਸਦੇ ਅੱਬੂ ਨੇ ਉਨ੍ਹਾਂ ਨੂੰ ਗੁਰਬਚਨ ਸਿੰਘ ਬਾਰੇ ਦੱਸਿਆ
ਇਕਲਾਖ਼ ਦੀ ਅੰਮੀ ਉਸ ਬਾਰੇ ਸਭ ਜਾਣਦੀ ਸੀ ਇਕਲਾਖ ਨੇ ਉਸ ਬਾਰੇ ਸਭ ਕੁੱਝ ਦੱਸਿਆ ਹੋਇਆ ਸੀ । ਜਦੋਂ ਗੁਰਬਚਨ ਨੇ ਉਸਦੀ ਅੰਮੀ ਤੋਂ ਇਕਲਾਖ਼ ਬਾਰੇ ਪੁੱਛਿਆ ਤਾਂ ਉਹ ਉੱਚੀ ਉੱਚੀ ਰੋਣ ਲੱਗੀ । ਇਹ ਨਫਰਤ ਦੀ ਹਨੇਰੀ ਉਨ੍ਹਾਂ ਦੇ ਘਰ ਦੇ ਚਿਰਾਗ ਨੂੰ ਬੁਝਾ ਚੁੱਕੀ ਸੀ ।
ਗੁਰਬਚਨ ਇਹ ਸਭ ਸੁਣ ਕੇ ਜਵਾ ਬੁੱਤ ਬਣ ਗਿਆ ਸੀ ਉਸਦੀਆਂ ਅੱਖਾਂ ਵਿਚੋਂ ਆਪ ਮੁਹਾਰੇ ਹੰਝੂ ਡਿੱਗ ਰਹੇ ਸੀ । ਉਸ ਦੀਆਂ ਅੱਖਾਂ ਸਾਹਮਣੇ ਇਕਲਾਖ਼ ਦਾ ਹੱਸਦਾ ਚਿਹਰਾ ਘੁੰਮ ਰਿਹਾ ਸੀ । ਘਰ ਦਾ ਇੱਕੋ ਇੱਕ ਕਮਾਊ ਜੀਅ ਦੁਨੀਆਂ ਤੋਂ ਦੂਰ ਚਲਾ ਗਿਆ ਸੀ ।
ਗੁਰਬਚਨ ਨੇ ਉਨ੍ਹਾਂ ਨੂੰ ਕਿਹਾ ਮੈ ਥੋਨੂੰ ਸਭ ਨੂੰ ਲੈਣ ਆਇਆਂ ਹਾਂ
ਤੁਸੀਂ ਮੈਨੂੰ ਵੀ ਆਪਣਾ ਪੁੱਤਰ ਸਮਝੋ ਹੁਣ ਇਸ ਪਰਿਵਾਰ ਦੀ ਜਿੰਮੇਵਾਰੀ ਮੇਰੇ ਉਪਰ ਹੈ ਇਹ ਸਭ ਸੁਣ ਕੇ ਇਕਲਾਖ਼ ਦੇ ਘਰਵਾਲੇ ਦੰਗ ਰਹਿ ਗਏ ਸੀ ਕਿਵੇਂ ਕੋਈ ਬੇਗਾਨਾ ਇੰਨੀਆਂ ਮੁਸ਼ਕਲਾਂ ਝੱਲ ਕੇ ਉਨ੍ਹਾਂ ਲਈ ਇਨ੍ਹਾਂ ਕੁੱਝ ਕਰ ਸਕਦਾ ਹੈ ਉਨ੍ਹਾਂ ਨੇ ਗੁਰੂ ਦੇ ਸਿੱਖਾਂ ਬਾਰੇ ਸੁਣਿਆ ਬਹੁਤ ਸੀ ਪਰ ਹੁਣ ਉਨ੍ਹਾਂ ਨੇ ਆਪਣੇ ਅੱਖੀਂ ਦੇਖ ਲਿਆ ਸੀ । ਦੂਜੇ ਦਿਨ ਅੰਮ੍ਰਿਤ ਵੇਲੇ ਉਹਨੇ ਨਿੱਤਨੇਮ ਕੀਤਾ ਤੇ ਇਕਲਾਖ਼ ਦੇ ਘਰ ਵਾਲਿਆਂ ਨੇ ਨਵਾਜ਼ ਪੜ੍ਹੀ ਤੇ ਉਹ ਪੰਜਾਬ ਲਈ ਤੁਰ ਪਏ ।,,ਗੁਰਬਚਨ ਨੇ ਆਪਣੇ ਨਾਲ ਲਿਆਂਦੇ ਰੁਪਇਆਂ ਵਿਚੋਂ ਥੋੜੇ ਆਪਣੇ ਕੋਲ ਰੱਖ ਕੇ ਬਾਕੀ ਉਸ ਪਿੰਡ ਦੇ ਜਰੂਰਤਮੰਦ ਲੋਕਾਂ ਚ ਵੰਡ ਦਿੱਤੇ । ਜਦੋਂ ਉਹ ਜੰਮੂ ਤੋਂ ਲੁਧਿਆਣੇ ਲਈ ਟਰੇਨ ਚ ਬੈਠੇ ਤਾਂ ਡੱਬੇ ਚ ਬੈਠੇ ਲੋਕ ਉਨ੍ਹਾਂ ਨੂੰ ਬੜੀ ਹੈਰਾਨੀ ਨਾਲ ਦੇਖ ਰਹੇ ਸੀ । ਗੁਰਬਚਨ ਨੇ ਅਪਣਾ ਇੱਕ ਹੱਥ ਕਿਰਪਾਨ ਨੂੰ ਪਾਇਆ ਸੀ ਉਹ ਕਿਸੇ ਪ੍ਰਕਾਰ ਦੇ ਹਮਲੇ ਲਈ ਬਿਲਕੁਲ ਤਿਆਰ ਸੀ । ਉਹ ਸ਼ਾਮ ਨੂੰ ਲੁਧਿਆਣੇ ਪਹੁੰਚ ਚੁੱਕੇ ਸੀ । ਇੱਥੋਂ ਉਹ ਟੈਕਸੀ ਕਰਕੇ ਉਨ੍ਹਾਂ ਨੂੰ ਆਪਣੇ ਪਿੰਡ ਲੈ ਗਿਆ ਸੀ ਉਸਦਾ ਪਿੰਡ ਮਲੇਰਕੋਟਲੇ ਬਿਲਕੁੱਲ ਨਾਲ ਸੀ । ਰਾਤ ਨੂੰ ਉਹ ਆਪਣੇ ਘਰ ਪਹੁੰਚ ਗਏ ਸੀ ਉਸਦੇ ਘਰ ਵਾਲੇ ਆਪਣੇ ਪੁੱਤਰ ਦੀ ਇਸ ਦਰਿਆ ਦਿੱਲੀ ਤੋਂ ਬਹੁਤ ਖੁਸ਼ ਹੋਏ ਸੀ । ਸਵੇਰੇ ਉਸਨੇ ਸਾਰੀ ਗੱਲ ਪੰਚਾਇਤ ਨੂੰ ਦੱਸੀ ਸਾਰੀ ਪੰਚਾਇਤ ਨੇ ਉਸਦੇ ਇਸ ਕੰਮ ਦੀ ਸਲਾਘਾ ਕਰੀ ਸੀ
ਅੱਜ ਗੁਰੂ ਦੇ ਸਿੱਖ ਗੁਰਬਚਨ ਸਿੰਘ ਨੇ ਗੁਰੂ ਦੇ ਵਚਨ ” ਮਾਨਸ ਕੀ ਜਾਤਿ ਸਭੈ ਇਕ ਪਹਿਚਾਣੋ ” ਨੂੰ ਸਿੱਧ ਕਰ ਕੇ ਦਿਖਾਇਆ ਸੀ । ਜਿੱਥੇ ਦੇਸ਼ ਦੇ ਦੂਜੇ ਸੂਬੇ ਕਸ਼ਮੀਰੀਆਂ ਨੂੰ ਅੱਤਵਾਦੀ ਦੱਸਦੇ ਸੀ ਉੱਥੇ ਪੰਜਾਬ ਕਸ਼ਮੀਰ ਨਾਲ ਹਿੱਕ ਤਾਣ ਖੜਾ ਸੀ ।

ਇਨਸਾਨੀਅਤ ਸਭ ਧਰਮਾਂ ਤੋਂ ਉੱਤੇ ਹੁੰਦੀ ਹੈ ਇਹ ਗੱਲ ਗੁਰਬਚਨ ਸਿੰਘ ਨੇ ਬਾਖੂਬੀ ਸਮਝਾ ਦਿੱਤੀ ਸੀ ।

ਗੁਰਬਚਨ ਸਿੰਘ ਵਰਗੇ ਉਨ੍ਹਾਂ ਸਭ ਵੀਰਾਂ ਨੂੰ ਮੇਰੇ ਵੱਲੋਂ ਸਲਾਮ ਆ ਜਿੰਨਾ ਕਰਕੇ ਅੱਜ ਵੀ ਇਨਸਾਨੀਅਤ ਜਿਉਂਦੀ ਹੈ ।

ਲਿਖਤ : ਸਵ : ਮਨਿੰਦਰ ਸਿੰਘ ਲੰਬੜਦਾਰ

...
...

ਲਾਡੋ ਛੋਟੀ ਜਿਹੀ ਕੁੜੀ ਜੋ ਆਪਣੇ ਵੀਰ ਤੋਂ ਦੋ ਸਾਲ ਛੋਟੀ ਸੀ ਪਰ ਉਹ ਖੁਦ ਨੂੰ ਛੋਟੀ ਸਮਝਦੀ ਨਹੀ ਸੀ ਓ ਆਪਣੇ ਵੀਰ ਦੀ ਹਰ ਸ਼ਿਕਾਇਤ ਘਰ ਆਕੇ ਲਗੌਦੀ ਸੀ ਚਾਹੇ ਓ ਸਕੂਲ ਚ ਨਾ ਪੜਨ ਦੀ ਹੁੰਦੀ ਜਾ ਬਾਹਰ ਹੋਰ ਬੱਚਿਆਂ ਨਾਲ ਲੜਨ ਦੀ ਗੱਲ ਹੁੰਦੀ ਪਰ ਕਈ ਬਾਰ ਓਹਨੂੰ ਇੰਝ ਲਗਦਾ ਜਿਵੇ ਉਹ ਆਪਣੇ ਬਾਪ ਦੇ ਸਿਰ ਭਾਰ ਹੋਵੇ ਜਾ ਆਪਣੇ ਵੀਰ di ਬਦਕਿਸਮਤੀ ਦੀ ਨਿਸ਼ਾਨੀ ਇਹ ਉਹ ਗੱਲਾਂ ਦਾ ਅਸਰ ਸੀ ਜੋ ਓ ਆਪਣੇ ਆਸ ਪਾਸ ਸੁਣਦੀ ਸੀ ਜਿਵੇ ਕਿ ਕੁੜੀਆਂ ਤਾ ਬੰਦੇ ਨੂੰ ਉਮਰ ਤੋਂ ਪਹਿਲਾ ਹਰਾ ਦਿੰਦੀਆਂ ਨੇ ਧੀਆਂ ਵਿਹੁਣੀਆਂ ਸੋਖੀਆਂ ਕੀਤੇ ਕਹਿੰਦੇ ਕੇਹੋਦੇ ਦੀ ਬਸ ਹੋ ਜਾਂਦੀਆਂ ਇਕ ਦਿਨ ਲਾਡੋ ਗੁੱਡੀ ਨਾਲ ਖੇਡ ਰਹੀ ਸੀ ਉਸਦਾ ਵੀਰ ਕੋਲ ਟਰੈਕਟਰ ਨਾਲ ਮਿੱਟੀ ਚ ਖੇਡ ਰਿਹਾ ਸੀ ਏਨੇ ਨੂੰ ਦੋ ਹੋਰ ਜੁਆਕ ਓਹਨਾ ਕੋਲ ਆਉਦੀਆ ਓਹਨਾ ਵਿੱਚੋ ਇਕ ਖੇਡ ਦੇ ਖੇਡਦੇ ਲਾਡੋ ਦੀ ਗੁੱਡੀ ਦੇ ਦੋ ਟੁਕੜੇ ਕਰ ਦਿੰਦਾ ਹੈ ਲਾਡੋ ਅੱਖਾਂ ਚ ਹੰਝੂ ਭਰੀ ਇਸ ਤਰਾਂ ਖੜੀ ਹੁੰਦੀ ਹੈ ਜਿਵੇ ਕਿਸੇ ਨੇ ਉਸਦੇ ਜਿਸਮ ਚੋ ਰੂਹ ਵੱਖ ਕਰਤੀ ਹੋਵੇ ਲਾਡੋ ਦਾ ਵੀਰ ਉਸਦੇ ਚਾਵਾਂ ਨੂੰ ਵਿਖਰਨ ਤੋਂ ਪਹਿਲਾ ਉਸ ਨੂੰ ਗਲਵਕੜੀ ਪਾਉਦੇ ਆਖਦਾ ਕੋਈ ਨਾ ਲਾਡੋ ਮ ਤੈਨੂੰ ਨਵੀ ਗੁੱਡੀ ਲਿਆ ਦੇਉ ਮੇਲੇ ਤੋਂ ਲਾਡੋ ਤਸੱਲੀ ਕਰਨ ਲਈ ਕਹਿੰਦੀ ਆ ਪੱਕਾ ਲਿਆਂਦੇ ਗਾ ਵੀਰੇ ਵੀਰ ਕਹਿੰਦਾ ਹਾਂ ਪੱਕਾ ਬਸ ਤੂੰ ਰੋਈ ਨਾ du ਬਾਰਾ ਆਪਣੇ ਵੀਰ ਨਾਲ ਖੇਡਣ ਚ ਰੁਝ ਜਾਂਦੀਆਂ ਹੁਣ ਓਹਨੂੰ ਖੇਡਣ ਲਈ ਗੁੱਡੀ ਦੀ ਲੋੜ ਨੀ ਸੀ ਓਹਨੂੰ ਇੰਜ ਲਗ ਰਿਹਾ ਸੀ ਜਿਵੇ ਓ ਆਪ ਹੀ ਇਕ ਗੁੱਡੀ ਹੋਵੇ ਆਪਣੇ ਵੀਰ ਦੀ ਜਿਸਨੂੰ ਉਹ ਕਦੇ ਵੀ ਟੁੱਟਦੇ ਨੀ ਵੇਖਣਾ ਚਾਉਂਦਾ ਲਾਡੋ ਖੇਡ ਦੇ ਖੇਡਦੇ ਇਕ ਵਾਰ ਹੋਰ ਆਪਣੇ ਵੀਰ ਨੂੰ ਸਵਾਲ ਕਰਦੀਆਂ ਵੀਰੇ ਜੇ ਮੈਂ ਨਾ ਹੁੰਦੀ ਤੇਰੀ ਜਿੰਦਗੀ ਕਿੰਨੀ ਵਧਿਆ ਹੁੰਦੀ ਮੈਂ ਤੇਰੇ ਹਿਸੇ ਦੀ ਚੀਜ ਵੀ ਖਾ ਜਾਣੀਆਂ ਫਰ ਸਾਰੇ ਤੈਨੂੰ ਮੇਰੇ ਹਿਸੇ ਦਾ ਪਿਆਰ ਵੀ ਕਰਦੇ ਵੀਰ ਨਾ ਫੇਰ ਮੇਰਾ ਇਕੱਲੇ ਜੀ ਨੀ ਲੱਗਣਾ ਸੀ ਮੈਂ ਕਿਸ ਨਾਲ ਖੇਡਦਾ ਨਾਲੇ ਤੇਰੇ ਨਾਲ ਘਰੇ ਰੌਣਕ ਲੱਗੀ ਰਹਿਦੀਆ ਮੁਕਦੀ ਗੱਲ ਕੋਈ ਕਿਸੇ ਦਾ ਹਿੱਸਾ ਨੀ ਖਾਂਦਾ ਸਭ ਆਪੋ ਆਪਣੇ ਕਰਮਾਂ ਦਾ ਖਾਂਦੇ ਨੇ ਲਾਡੋ ਚਲ ਓ ਤਾ thik ਆ ਵੀਰੇ ਫਰ ਮੇਰੇ ਵਿਆਹ ਤੇ ਵੀ ਕਿੰਨਾ ਖਰਚਾ ਹੋ ਵੀਰ ਹੈਰਾਨ ਹੋਕੇ ਲਾਡੋ ਵੱਲ ਵੇਖਦਾ ਤੇ mano ਮਨੀ ਹੱਸਦਾ ਵੀ ਇਹਨੂੰ ਹੁਣ ਤੋਂ ਹੀ ਆਪਣੇ ਵਿਆਹ ਦੀ ਨਾਲੇ ਆਪਣੇ ਵੀਰ ਦੇ ਘਰ ਦੀ ਏਨੀ ਫਿਕਰ ਓ ਲਾਡੋ ਦੀ ਗੱਲ ਦਾ ਜਵਾਬ ਦਿਤੇ ਬਿਨਾ ਓਹਨੂੰ ਪੁੱਛਦਾ ਤੈਨੂੰ ਇਹ ਗੱਲਾਂ ਕਿਸਨੇ ਸਿਖਾਇਆ ਨੇ ਕਉਂਕਿ ਘਰ ਵਿਚ ਲਾਡੋ ਨੂੰ ਕਦੇ ਕਿਸੇ ਨੇ ਅਜਿਹੀ ਗੱਲ ਨੀ ਕਹੀ ਸੀ ਲਾਡੋ ਕਿਸੇ ਨੇ ਨੀ ਵੀਰੇ ਮੈਂ ਸਹਿਜ ਸੁਭਾਏ ਪੁੱਛ ਲਿਆ vir ਤੂੰ ਏਨੀ ਸੋਚ ਨਾ ਕਰਿਆ ਕਰ ਤੇਰਾ ਵਿਆਹ ਕਰਨਾ ਕਿਡੀ ਕੁ ਵੱਡੀ ਗੱਲ ਆ ਕੀ ਪਤਾ ਤੇਰੇ ਕਾਰਮਾ ਦੀ ਫਸਲ ਜਾਂਦੇ ਨਿਕਲਦੀ ਹੋਵੇ ਫਰ ਹੱਸਦੇ ਹੋਏ ਨਹੀ ਚਲ ਫਰ ਮੈਂ ਇਹ ਸੋਚ ਲਉ ਵੀ ਦੋ ਸਾਲ ਫ਼ਸਲ ਮਾੜੀ ਹੋਗੀ ਹੋਰ ਕੀ ਆ ਲਾਡੋ ਨੂੰ ਐਵੇ ਲਗਿਆ ਜਿਵੇ ਕਿਸੇ ਨੇ ਓਹਨੂੰ ਕੜਕਦੀ ਧੁੱਪ ਵਿੱਚੋ ਖਿੱਚ ਕ ਛਾਵੇ ਕਰਤਾ ਹੋਵੇ ਓਹਦੇ ਸਿਰੋਂ ਸੋਚ ਫਿਕਰਾਂ ਦੀ ਪੰਡ ਨੂੰ ਲਾਕੇ ਇਕ ਪਾਸੇ ਧਰਤਾ ਹੋਵੇ ਇਹ ਗੱਲਾਂ ਉਸਦੇ ਵੀਰ ਨੇ ਉਸਦਾ ਦਿਲ ਰੱਖਣ ਲਈ ਕਹੀਆਂ ਜਾ ਦਿਲ ਤੋਂ ਕਹੀਆਂ ਇਹ ਤਾ ਓਹੀ ਜਾਂਦੇ ਪਰ ਓਹਦੀ ਇਹ ਗੱਲਾਂ ਨੇ ਲਾਡੋ ਦਾ ਜਿੰਦਗੀ ਨੂੰ ਵੇਖਣ ਦਾ ਨਜਰੀਆ ਬਦਲ ਦਿੱਤੋ ਹੁਣ ਉਹ ਖੁਦ ਨੂੰ ਅਣਚਾਹੀ ਜਾ ਬੋਝ ਨਈ ਸਮਝਦੀ ਸੀ ਹੁਣ ਉਹ ਖੁਦ ਨੂੰ ਆਪਣੇ ਵੀਰ ਦੇ ਚੇਹਰੇ ਦੀ ਰੌਣਕ ਓਹਦੀ ਖੁਸ਼ੀ ਤੇ ਮਾਨ ਸਮਝਦੀ ਸੀ ਲਾਡੋ ਪੜਨ ਵਿਚ ਠੀਕ ਠਾਕ ਸੀ ਪਰ ਹੁਣ ਓਹਨੇ ਜੀ ਲਗਾਕੇ ਪੜਨਾ ਸ਼ੁਰੂ ਕਰ ਦਿੱਤੋ ਤੇ ਘਰੇਲੂ ਕਮਾ ਵਿਚ ਵੀ ਮੁਹਾਰਤਾ ਹਾਸਲ ਕਰੀ ਕਉਂਕਿ ਉਹ ਨੀ ਚਾਉਂਦੀ ਸੀ ਕਿ ਉਸਦੇ ਵੀਰ ਦੀ ਗੁੱਡੀ ਫੇਲ ਹੋਵੇ ਜਾ ਓਹਨੂੰ ਕੋਈ ਕਹੇ ਤੇਰੀ ਗੁੱਡੀ ਨੂੰ ਆ ਕੰਮ ਨੀ ਆਉਦਾ ਹੁਣ ਲਾਡੋ ਵੱਡੀ ਹੋਗੀ ਹੈ ਪਰ ਇਹ ਗੱਲ ਓਹਦੇ ਅਜੇ ਵੀ ਯਾਦ ਆ ਓ ਕਾਲਜ ਪੜਨ ਜਾਂਦੀਆਂ ਪੜਨ ਵਿਚ ਹੁਸਿਆਰ ਤੇ ਸੋਹਣੀ ਸੁਨੱਖੀ ਵੀ ਆ ਅੱਜ ਕੱਲ ਕੁੜੀਆਂ ਮੁੰਡੇ ਇਕੱਠੇ ਪੜਦੇ ਹਨ ਤੇ ਇਕ ਦੂਜੇ ਨਾਲ ਗੱਲ ਕਰ ਲੈਂਦੇ ਹਨ ਤੇ ਪਿਆਰ ਕਰਨ ਲਗਦੇ ਹਨ ਜਿਨ੍ਹਾਂ ਵਿੱਚੋ ਜ਼ਿਆਦਾਤਰ ਦੇ ਦਿਲ ਟੁੱਟਦੇ ਹਨ ਇਕ ਪਾਸੇ ਹੋਣਾ ਸ਼ਇਦ ਗ਼ਲਤ ਹੋਵੇ ਇਹਦੇ ਵਿਚ ਕਸੂਰ ਦੋਵਾਂ ਦਾ ਹੀ ਨੀ ਹੁੰਦਾ ਕਈ ਵਾਰ ਕੁੜੀ ਧੋਖਾ ਦੇ ਜਾਂਦੀਆਂ ਤੇ ਕਿ ਵਾਰ ਮੁੰਡਾ ਸਿਰਫ ਆਪਣੇ ਟਾਇਮ ਪਾਸ ਲਈ ਕੁੜੀ ਦੀਆ ਭਾਵਨਾਵਾਂ ਨਾਲ ਖੇਡ ਰਿਹਾ ਹੁੰਦੇ ਜੇਕਰ ਕੋਈ ਕੁੜੀ ਘਰੋਂ ਭੱਜ ਜਾਵੇ ਜਾ ਆਪਣੇ ਪਸੰਦੀਦਾ ਮੁੰਡੇ ਨਾਲ ਵਿਆਹ ਕਰਾ ਲਵੇ ਤਾ ਲੋਕ ਗੱਲਾਂ ਕਰਦਿਆਂ ਏਸੇ ਕਰਕੇ ਤਾ ਧੀ ਜੰਮਣ ਤੋਂ ਡਰ ਲਗਦੇ ਕੋਈ ਇਹ ਨੀ ਕਹਿੰਦਾ ਕੇ ਇਸ ਕਰਕੇ ਪੁੱਤ ਜੰਮਣੋ ਡਰਦੇ ਆ ਚਾਹੇ ਓ ਓਹਨਾ ਦੇ ਸਰ ਖੇ ਪਵਾਈ ਜਾਣ ਪਰ ਲਾਡੋ ਦੀ ਸੋਚ ਹੁਣ ਜਮਾ ਵੱਖ ਸੀ ਓਹਨੇ ਕਦੇ ਇਸ ਰਾਹ ਵਲ ਜਾਣ ਵਾਰੇ ਸੋਚਿਆ ਵੀ ਨੀ ਕਉਂਕਿ ਇਹ ਗੱਲ ਓਹਦੇ ਅੰਦਰ ਘਰ ਕਰ ਗਈ ਸੀ ਕ ਓ ਆਪਣੇ ਵੀਰ ਦੀ ਗੁੱਡੀ ਆ ਓਹਦਾ ਵੀਰ ਓਹਦੇ ਲਈ ਸਭ ਤੋਂ ਵਧਿਆ ਮੁੰਡਾ ਲੱਭੇਗਾ ਹੁਣ ਓਹਦੇ ਤੇ ਲੋਕਾਂ ਦੀਆ ਗੱਲਾਂ ਦਾ ਅਸਰ ਵੀ ਨਈ ਹੁੰਦਾ ਸੀ ਕਉਂਕਿ ਉਸਦੇ ਵੀਰ ਨੇ ਕਿਹਾ ਸੀ ਕੇ dheea vare ਮਾੜਾ ਕਮਲੇ ਲੋਕ ਬੋਲਦੇ ਨੇ ਸਿਆਣੇ ਤਾ ਕੇਹਦੇ ਆ ਜਦੋ ਧੀ ਹੁੰਦੀਆਂ ਤਾ ਘਰ ਦੀਆ ਕੰਧਾਂ ਵੀ ਸੁਖ ਮਨੋਦਿਆ ਨੇ ਕੇ ਕੋਈ ਸਾਨੂੰ ਚਾੜਨ ਸਵਾਰਨ ਵਾਲਾ ਆਗਿਆ ਧੀਆਂ ਤਾ ਕਰਮਾਂ ਵਲਿਆ ਦੇ ਹੁੰਦੀਆਂ ਨੇ ਧੀ ਦਾ ਦਾਨ ਸਭ ਤੋਂ ਵੱਡਾ ਦਾਨ ਹੁੰਦੇ ਜਿਹੜੀ ਲਾਡੋ ਗੁੱਡੀ ਟੁੱਟਣ ਤੇ ਰੋ ਪਈ ਸੀ ਹੁਣ ਓ ਵੱਡੀਆਂ ਵੱਡੀਆਂ ਮੁਸੀਬਤਾਂ ਤੋਂ ਵੀ ਨੀ ਘਬਰੋਦੀ ਹੁਣ ਓ ਗੁੱਡੀ ਦੀ ਥਾ ਖੁਦ ਨੂੰ ਸਵਾਰਦੀ ਆ ਕਉਂਕਿ ਓਹਨੂੰ ਪਤਾ ਉਹ ਲੋਕਾ ਵਾਸਤੇ ਬੋਝ ਹੋਊ ਪਰ ਉਹ ਆਪਣੇ ਵੀਰ ਦਾ ਸਵੈ ਮਾਨ ਆ ਜਿਸ ਦੀ ਰੱਖਿਆ ਉਹ ਖੁਦ ਨਾਲੋਂ ਜ਼ਿਆਦਾ ਕਰਦੀਆ
ਇਸ ਕਹਾਣੀ ਵਿੱਚੋ ਮੇਨੂੰ ਇਕ ਗੱਲ ਸਿੱਖਣ ਨੂੰ ਮਿਲੀ ਹੈ ਕੇ ਸਾਨੂੰ ਦੂਜੇ ਨੂੰ ਨਿਵਾ ਦੀਖੋਨ ਦੀ ਵਜਾਏ ਓਹਨੂੰ ਹਲਾਸ਼ੇਰੀ ਦੇਣੀ ਚਾਹੀਦੀਆਂ ਕਿ ਪਤਾ ਕਿਸੇ ਦੀ ਜਿੰਦਗੀ ਤੁਹਾਡੀ ਛੋਟੀ ਜਹੀ ਹੋਂਸਲਾ ਅਵਜਾਈ ਦੀ ਮੇਹਰਵਾਨ ਹੋਵੇ ਮੁੱਖ ਮੱਕਸਦ ਇਸ ਕਹਾਣੀ ਨੂੰ ਲਿਖਣ ਦਾ ਇਹ ਸੀ ਕ ਸਾਨੂੰ ਧੀਆਂ ਪ੍ਰਤੀ ਆਪਣਾ ਰਵਈਆ ਬਦਲਣਾ ਚਾਹੀਦਾ ਓਹਨਾ ਲਈ ਭਦੇ ਸਬਦ ਨਈ ਵਰਤਣੇ ਚਾਹੀਦੇ ਕਦੇ ਖੁਦ ਨੂੰ ਇਕ ਕੁੜੀ ਦੀ ਥਾ ਰੱਖ ਕ ਦੇਖਣਾ ਓਹਨਾ ਤੇ ਕਿ ਬੀਤ ਦੀਆ ਜਦੋ ਅਸ਼ੀ ਓਹਨਾ ਨੂੰ ਬੋਝ ਆਖਦਿਆਂ ਓਹਨਾ ਨੂੰ ਦਸੋ ਕੇ ਓ ਤੁਹਾਡੀ ਅਣਖ ਇਜਤ ਮਾਣ ਹਨ ਮੈਂ ਦਾਵੇ ਨਾਲ ਕਹਿ ਸਕਦੀਆਂ ਉਹ ਕੁੜੀਆਂ ਕਦੇ ਤੁਹਾਨੂੰ ਇਹ ਸੋਚn ਦਾ ਮੌਕਾ ਨਈ ਦੇਣਗੀਆਂ ਕੇ ਜੇ ਉਹ ਨਾ ਹੁੰਦੀਆਂ ਤਾ ਚੰਗਾ ਹੁੰਦਾ ਗ਼ਲਤੀ ਲਈ ਮਾਫ਼ੀ ਜੀ ਹਰਪ੍ਰੀਤ ਔਜਲਾ ਛਾਹਾੜੀਏ

Submitted By:- Harpreet Aujla

...
...

ਵਿਆਹ ਦੀ ਵਰੇਗੰਢ ਮੌਕੇ ਸਾਨੂੰ ਦੋਹਾਂ ਨੂੰ ਜਾਣ ਬੁੱਝ ਕੇ ਹੀ ਭੀੜੇ ਜਿਹੇ ਸੋਫੇ ਤੇ ਕੋਲ ਕੋਲ ਬਿਠਾਇਆ ਗਿਆ..
ਬਥੇਰੀ ਨਾਂਹ ਨੁੱਕਰ ਕੀਤੀ ਪਰ ਕਿੰਨੇ ਸਾਰੇ ਪੋਤਰੇ ਦੋਹਤਿਆਂ ਨੇ ਪੇਸ਼ ਨਾ ਜਾਣ ਦਿੱਤੀ.. ਓਥੇ ਬੈਠੇ ਬੈਠੇ ਦੀ ਮੇਰੀ ਸੁਰਤ ਤਕਰੀਬਨ ਪੰਜਾਹ ਵਰੇ ਪਹਿਲਾਂ ਜੇਠ ਮਹੀਨੇ ਢੁੱਕੀ ਆਪਣੀ ਜੰਝ ਵੱਲ ਮੁੜ ਗਈ..
ਕਿੰਨੀਆਂ ਸਾਰੀਆਂ ਰੰਗ ਬਰੰਗੀਆਂ ਪਰਾਂਦੀਆਂ ਨਾਲ ਸ਼ਿੰਗਾਰੇ ਹੋਏ ਤਕਰੀਬਨ ਪੰਦਰਾਂ ਸੋਲਾਂ ਟਾਂਗੇ..ਇੱਕੋ ਲਾਈਨ ਸਿਰ ਤੁਰੀ ਜਾ ਰਹੇ ਸਨ..ਪੂਰੀ ਮੌਜ ਨਾਲ..ਤੀਹ ਕਿਲੋਮੀਟਰ ਦਾ ਓਬੜ-ਖਾਬੜ ਸਫ਼ਰ ਪੂਰੇ ਛੇਆਂ ਘੰਟਿਆਂ ਵਿਚ ਮੁੱਕਿਆ.. ਪਛੇਤੀ ਕਣਕ ਸਾਂਭਦੇ ਹੋਏ ਕਿੰਨੇ ਸਾਰੇ ਸ਼ੋਕੀ ਕੰਮ ਧੰਦਾ ਛੱਡ ਤੁਰੀ ਜਾਂਦੀ ਜੰਝ ਵੇਖਣ ਰਾਹ ਵੱਲ ਨੂੰ ਦੌੜ ਪਿਆ ਕਰਦੇ..
ਖੁੱਲੇ ਖ਼ਾਸੇ ਟਾਈਮ..ਨਾ ਕਿਸੇ ਨੂੰ ਲੇਟ ਹੋਣ ਦਾ ਫਿਕਰ ਤੇ ਨਾ ਹੀ ਹਨੇਰੇ ਵਿਚ ਪਿਛਾਂਹ ਪਰਤਣ ਦੀ ਚਿੰਤਾ..
ਅਗਲੇ ਘਰ ਅੱਪੜ ਕੇ ਪਤਾ ਲੱਗਣਾ ਸੀ ਜੰਝ ਦਾ ਕਿੰਨੇ ਦਿਨ ਦਾ ਪੜਾਅ ਏ..
ਅਗਲੇ ਪਾਸੇ ਜਾ ਢੁੱਕੇ ਤਾਂ ਵੱਡੀ ਸਾਰੀ ਪਸਾਰ ਵਿਚ ਖਾਣੀ-ਪੀਣੀ ਤੇ ਨਹਾਉਣ ਧੋਣ ਦਾ ਬੰਦੋਬਸਤ ਸੀ..
ਸਾਰਾ ਪਿੰਡ ਕੋਠੇ ਚੜ-ਚੜ ਵੇਖਣ ਆਇਆ..ਭੰਡਾਂ/ਲਾਗੀਆਂ ਅਤੇ ਮਰਾਸੀਆਂ ਦੀ ਪੂਰੀ ਚੜਾਈ..ਦੋ ਮੰਜਿਆਂ ਦੇ ਜੋੜ ਤੇ ਟਿਕਾਇਆ ਗਰਾਰੀ ਨਾਲ ਚੱਲਣ ਵਾਲਾ ਸਪੀਕਰ..ਤੇ ਉੱਤੇ ਵੱਜਦਾ ਮਸਤਾਨਾ,ਸੁਰਿੰਦਰ ਕੌਰ..ਅਤੇ ਲੰਮੀਂ ਹੇਕ ਵਾਲੀ ਬਾਵਾ! ਜਦੋਂ ਬਿਨਾ ਇੱਕ ਦੂਜੇ ਨੂੰ ਵੇਖਿਆ ਹੀ ਰਿਸ਼ਤਾ ਪੱਕਾ ਹੋਇਆ ਤਾਂ ਕਈਂ ਭਾਨੀਆਂ ਵੀ ਵਜੀਆਂ..
ਕਿਸੇ ਆਖਿਆ ਅੱਖੀਆਂ ਦਾ ਉਗਾੜ ਛੋਟਾ ਏ..ਕੋਈ ਆਖੇ ਕਦ ਦੀ ਮੱਧਰੀ ਏ..ਕੋਈ ਆਹਂਦਾ ਬਾਪੂ ਹੁੱਕਾ ਪੀਂਦਾ..!
ਫੇਰ ਮੱਸਿਆ ਦੇ ਮੇਲੇ ਵਿਚ ਇੱਕ ਦਿਨ ਚੋਰੀ ਚੋਰੀ ਦੂਰੋਂ ਵੇਖੀਆਂ ਇਹਨਾਂ ਛੋਟੇ ਉਗਾੜ ਵਾਲੀਆਂ ਅੱਖੀਆਂ ਦਾ ਐਸਾ ਤੀਰ ਵੱਜਾ ਕੇ ਮੁੜ ਕੇ ਕੋਈ ਹੋਰ ਸੂਰਤ ਮਨ ਵਿਚ ਟਿੱਕ ਹੀ ਨਾ ਸਕੀ..! ਅਨੰਦ ਕਾਰਜ ਮੌਕੇ ਲੰਮੇ ਸਾਰੇ ਸਾਰੇ ਘੁੰਡ ਵਿਚ ਲੁਕੀ ਹੋਈ ਨੂੰ ਕਿੰਨੇ ਸਾਰੇ ਭਰਾਵਾਂ ਨੇ ਚੁੱਕ ਕੇ ਪੰਡਾਲ ਵਿਚ ਲਿਆਂਦਾ..
ਜੀ ਕੀਤਾ ਕੇ ਇੱਕ ਵਾਰ ਧੌਣ ਟੇਢੀ ਜਿਹੀ ਕਰਕੇ ਵੇਖਾਂ ਤਾਂ ਸਹੀ..ਬਣਿਆ ਫੱਬਿਆ ਮੁਹਾਂਦਰਾਂ ਕਿੱਦਾਂ ਦਾ ਲੱਗਦਾ ਏ ਪਰ ਏਨੇ ਸਾਰੇ ਭਰਾ ਵੇਖ ਹੀਆ ਜਿਹਾ ਨਾ ਪਿਆ..
ਫੇਰ ਜਦੋ ਨਾਲਦੀ ਨੇ ਸਿੱਖਿਆ ਪੜਨੀ ਸ਼ੁਰੂ ਕੀਤੀ ਤਾਂ ਇਸਦਾ ਰੋਣ ਨਿੱਕਲ ਗਿਆ..ਨਾਲ ਹੀ ਮੇਰਾ ਵੀ ਮਨ ਭਰ ਆਇਆ!ਪੰਜਾਹ ਸਾਲ ਪਹਿਲਾਂ ਵਾਲੀਆਂ ਓਹਨਾ ਅਨਮੋਲ ਘੜੀਆਂ ਨਾਲ ਜੁੜੀ ਹੋਈ ਮੇਰੀ ਸੂਰਤ ਓਦੋਂ ਟੁੱਟੀ ਜਦੋਂ ਕੰਨ ਪਾੜਵੇਂ ਸੰਗੀਤ ਦੇ ਰੌਲੇ ਰੱਪੇ ਵਿਚ ਨਾਲਦੀ ਨੇ ਕੂਹਣੀ ਨਾਲ ਹੁੱਝ ਜਿਹੀ ਮਾਰੀ..ਸ਼ਾਇਦ ਬਿਨਾ ਆਖਿਆ ਹੀ ਕੁਝ ਪੁੱਛ ਰਹੀ ਸੀ..”ਧਿਆਨ ਕਿੱਧਰ ਏ ਤੁਹਾਡਾ”? ਮਿਲ ਰਹੀਆਂ ਵਧਾਈਆਂ ਅਤੇ ਸ਼ੁਬ-ਕਾਮਨਾਵਾਂ ਦੇ ਨਾ ਮੁੱਕਣ ਵਾਲੇ ਸਿਲਸਿਲੇ ਦੇ ਦੌਰਾਨ ਗਹੁ ਨਾਲ ਉਸ ਵੱਲ ਤੱਕਿਆ ਤਾਂ ਇੰਝ ਲੱਗਿਆ ਫੁਲਵਾੜੀ ਦੇ ਫੁਲ ਅਜੇ ਵੀ ਕਾਫੀ ਤਰੋ ਤਾਜਾ ਨੇ ..ਸ਼ਾਇਦ ਦੋਹਤੀਆਂ ਪੋਤੀਆਂ ਅਤੇ ਨੂਹਾਂ ਧੀਆਂ ਨੇ ਅੱਜ ਧੱਕੇ ਨਾਲ ਥੋੜਾ ਬਹੁਤ ਮੇਕ ਅੱਪ ਜੂ ਕਰਵਾ ਦਿੱਤਾ ਸੀ! ਅਤੀਤ ਦੇ ਵਹਿਣ ਵਿਚ ਵਹਿੰਦੇ ਹੋਏ ਨੇ ਹੌਲੀ ਜਿਹੀ ਉਸਦਾ ਹੱਥ ਫੜ ਲਿਆ..
ਉਸਨੇ ਵੀ ਇਸ ਵਾਰ ਛਡਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ..ਫੇਰ ਘੜੀ ਕੂ ਮਗਰੋਂ ਉਸਨੇ ਅਛੋਪਲੇ ਜਿਹੇ ਨਾਲ ਆਪਣਾ ਸਿਰ ਮੇਰੇ ਮੋਢੇ ਤੇ ਟਿਕਾ ਦਿੱਤਾ..
ਮੈਨੂੰ ਅੰਤਾਂ ਦੀ ਖੁਸ਼ੀ ਦੇ ਨਾਲ ਨਾਲ ਥੋੜਾ ਫਿਕਰ ਜਿਹਾ ਵੀ ਹੋਇਆ ਕੇ ਪਤਾ ਨਹੀਂ ਸੁਵੇਰੇ ਆਪਣੀ ਦਵਾਈ ਲਈ ਵੀ ਸੀ ਕੇ ਨਹੀਂ..ਉਸਨੂੰ ਹਲੂਣਿਆ ਤਾਂ ਉਸਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਜੂ ਸਨ!
ਸਾਨੂੰ ਇੰਝ ਬੈਠਿਆਂ ਦੇਖ ਇੱਕ ਬੇਪਛਾਣ ਜਿਹਾ ਨਵਾਂ ਵਿਆਹਿਆ ਜੋੜਾ ਫੋਟੋ ਖਿਚਾਉਣ ਸਾਡੇ ਪਿੱਛੇ ਆਣ ਖਲੋ ਗਿਆ..
ਕੈਮਰੇ ਦੀ ਫਲੈਸ਼ ਦੇ ਨਾਲ ਹੀ ਪਿੱਛੋਂ ਅਵਾਜ ਆਈ..ਚੂੜੇ ਵਾਲੀ ਆਪਣੇ ਨਾਲਦੇ ਨੂੰ ਆਖ ਰਹੀ ਸੀ..”ਅਕਲ ਸਿੱਖੋ ਕੁਝ ਤੁਸੀਂ ਵੀ..ਆ ਵੇਖੋ ਕਿੱਡੇ ਪਿਆਰ ਨਾਲ ਬੈਠੇ ਨੇ ਦੋਵੇਂ..ਇਸ਼ਕ ਭਾਵੇਂ ਪੰਜਾਹ ਸਾਲ ਪੂਰਾਣਾ ਏ ਪਰ ਮੁਹੱਬਤ ਅਜੇ ਵੀ ਡੁੱਲ ਡੁੱਲ ਪੈ ਰਹੀ ਏ..”
ਏਨੀ ਗੱਲ ਸੁਣ ਮੈਂ ਮਨ ਹੀ ਮਨ ਵਿਚ ਹੱਸ ਪਿਆ..ਜੀ ਕੀਤਾ ਕੇ ਪਿਛਾਂਹ ਮੁੜ ਉਸਨੂੰ ਆਖ ਦੇਵਾਂ ਕੇ ਬੀਬਾ ਇਹ ਇਸ਼ਕ ਵੀ ਕਦੇ ਪੂਰਾਣਾ ਹੋਇਆ ਏ?..ਇਸ਼ਕ ਤਾਂ ਹਰਦਮ ਤਾਜਾ ਰਹਿੰਦਾ ਭਾਵੇਂ ਦਾਹੜੀ ਹੋ ਜੇ ਚਿੱਟੀ..!

ਹਰਪ੍ਰੀਤ ਸਿੰਘ ਜਵੰਦਾ

...
...

ਬੰਤਾ ਸੋਚ ਰਿਹਾ ਸੀ ਕਿ ਉਹ ਧੀ ਦੇ ਵਿਆਹ ਤੇ ਆਪਣੀ ਹੈਸੀਅਤ ਨਾਲ ਅੱਠ ਲੱਖ ਲਾ ਕੇ ਸੁਰਖਰੂ ਹੋ ਜਾਵੇਗਾ। ਕੁੱਝ ਪੈਸੇ ਉਸਦੇ ਕੋਲ ਸੀ ਤੇ ਕੁੱਝ ਉਹ ਫੜੵ ਕੇ ਟਾਈਮ ਸਾਰ ਲਵੇਗਾ। ਭਾਵੇਂ ਕਿ ਉਹ ਬਹੁਤਾ ਜਮੀਨ ਜਾਇਦਾਦ ਵਾਲਾ ਨਹੀਂ ਸੀ ਪਰ ਮਿਹਨਤੀ ਹੋਣ ਕਰਕੇ ਦੋ ਧੀਆਂ ਤੇ ਇੱਕ ਲੜਕੇ ਨੂੰ ਪ੍ਰਾਈਵੇਟ ਸਕੂਲ ਵਿੱਚ ਔਖਾ-ਸੌਖਾ ਹੋ ਕੇ ਪੜਾਈ ਜਾ ਰਿਹਾ ਸੀ। ਪਰ ਮਹਿੰਗਾਈ ਦਾ ਯੁੱਗ ਹੋਣ ਕਰਕੇ ਉਹ ਆਪਣੀ ਧੀ ਨੂੰ ਬਹੁਤਾ ਕੁਝ ਦੇਣ ਤੋਂ ਅਸਮਰਥ ਸੀ। ਉਹ ਵਾਰ-ਵਾਰ ਪਿੰਨ ਕਾਪੀ ਚੁੱਕਦਾ ਤੇ ਹਿਸਾਬ ਕਿਤਾਬ ਲਿਖਣ ਲੱਗ ਜਾਂਦਾ। ਉਸਨੂੰ ਲੱਗਦਾ ਸੀ ਕਿ ਵਿਆਹ ਤੇ ਖਰਚਾ ਜਿਆਦਾ ਹੋ ਗਿਆ ਤਾਂ ਉਸਨੂੰ ਪੈਲੀ ਦੇ ਕੇ ਛੁਟਕਾਰਾ ਕਰਨਾ ਪਵੇਗਾ। ਇਸ ਦੁਬਿਧਾ ਵਿੱਚ ਉਸਦਾ ਸਭ ਅਰਾਮ ਚੈਨ ਛੁੱਟ ਗਿਆ ਸੀ। ਜਿਵੇਂ-ਜਿਵੇਂ ਵਿਆਹ ਦੇ ਦਿਨ ਨੇੜੇ ਆ ਰਹੇ ਸਨ ਜਮਾਂ ਕੀਤੀ ਰਕਮ ਬਰਫ ਵਾਂਗ ਖੁਰਦੀ ਜਾ ਰਹੀ ਸੀ। ਰੋਜ ਦੀ ਖਰੀਦੋ-ਫਰੋਖਤ ਨਾਲ ਘਰ ਵਿਆਹ ਦੇ ਸਮਾਨ ਨਾਲ ਭਰ ਗਿਆ ਸੀ।
ਉਸਦੀ ਪਤਨੀ ਨਿੱਤ ਨਵੀਆਂ ਲਿਸਟ ਦੇ ਕੇ ਉਸਨੂੰ ਪਾਣੀਓ-ਪਾਣੀ ਕਰੀ ਜਾ ਰਹੀ ਸੀ ਤੇ ਉੱਤੋਂ ਤਿੰਨਾਂ ਬੱਚਿਆਂ ਦੇ ਖਰਚੇ ਸਾਹ ਸੁਕਾ ਰਹੇ ਸਨ। ਉਸਦੀ ਪਤਨੀ ਮਿੰਦੋ ਤੇ ਬੱਚੇ ਵਿਆਹ ਵਿੱਚ ਪੂਰਾ ਖਰਚ ਕਰ ਕੇ ਬੱਲੇ-ਬੱਲੇ ਕਰਾਉਣਾ ਚਾਹੁੰਦੇ ਸਨ। ਉਹਨਾਂ ਆਪਣੀ ਮਰਜ਼ੀ ਨਾਲ ਪੈਲਿਸ ਬੁੱਕ ਕਰਾਇਆ ਤੇ ਵਧੀਆ ਸਟਾਲਾਂ ਦੀ ਬੁਕਿੰਗ ਕਰਵਾਈ। ਮਹਿੰਗੇ ਕੱਪੜੇ ਖਰੀਦੇ ਤੇ ਵਿਆਹ ਲਈ ਕੀਮਤੀ ਸਮਾਨ ਖਰੀਦ ਕੇ ਪੈਸਾ ਪਾਣੀ ਵਾਂਗ ਵਹਾਇਆ। ਬੰਤੇ ਦੀ ਵਿਆਹ ਦੀ ਮਿਥੀ ਰਕਮ ਵਿਆਹ ਤੋਂ ਪਹਿਲਾਂ ਹੀ ਉੱਡ-ਪੁੱਡ ਚੁੱਕੀ ਸੀ ਤੇ ਉਸਨੇ ਆੜਤੀਏ ਤੋਂ ਵਿਆਜ ਤੇ ਹੋਰ ਪੈਸੇ ਚੁੱਕਣੇ ਪਏ। ਮਿੰਦੋ ਉਦਾਸ ਬੰਤੇ ਨੂੰ ਧਰਵਾਸ ਦਿੰਦੀ ਕਹਿਣ ਲੱਗੀ ਕਿ ਹੁਣ ਹਾਥੀ ਤਾਂ ਲੰਘ ਗਿਆ ਕੇਵਲ ਪੂਛ ਹੀ ਬਾਕੀ ਹੈ , ਕਾਹਤੋਂ ਐਵੇਂ ਘਬਰਾਉਂਦੇ ਹੋ ਜੀ। ਪੰਜਾਹ ਵਿਆਹ ਦੇ ਕਾਰਡ ਹੋਰ ਲੈ ਆਇਓ ਸ਼ਹਿਰੋਂ ਜਾ ਕੇ ਕੁਝ ਰਿਸ਼ਤੇਦਾਰ ਤੇ ਪਿੰਡ ਵਾਲੇ ਹੋਰ ਯਾਦ ਆ ਗਏ। ਇਸਤੋਂ ਮਗਰੋਂ ਆਪਾਂ ਸ਼ਹਿਰੋਂ ਜਾ ਕੇ ਸੁਨਿਆਰੇ ਦੀ ਦੁਕਾਨ ਤੋਂ ਕੁਝ ਹੋਰ ਗਹਿਣੇ ਲੈ ਕੇ ਆਉਣੇ ਹਨ। ਅਸੀਂ ਧੰਨ-ਧੰਨ ਕਰਵਾਉਣੀ ਹੈ। ਅਸੀਂ ਵਿਆਹ ਵਿੱਚ ਕੰਜੂਸੀ ਕਰਕੇ ਆਪਣਾ ਨੱਕ ਨਹੀਂ ਵਡਾਉਣਾ। ਸਾਡੀ ਵੀ ਪਿੰਡ ਵਿੱਚ ਕੋਈ ਹੈਸੀਅਤ ਹੈ। ਬੰਤਾ ਸੋਚ ਰਿਹਾ ਸੀ ਕਿ ਜਦੋਂ ਬਾਪ-ਦਾਦਾ ਦੀ ਮਿਹਨਤ ਨਾਲ ਬਣਾਈ ਭੋਇੰ ਹੀ ਖੁਸ ਗਈ ਫਿਰ ਨੱਕ ਕਿਵੇਂ ਬਚਿਆ ਰਹਿ ਜਾਊ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)