Sub Categories
ਤਿੰਨ ਧੀਆਂ ਦਾ ਬਾਪ ਸੰਪੂਰਨ ਸਿੰਘ ਅੱਜ ਬੜਾ ਹੀ ਖੁਸ਼ ਸੀ…
ਵੱਡੀ ਧੀ “ਲਾਲੀ” ਅੱਜ ਵਿਆਹ ਤੋਂ ਪੂਰੇ ਅੱਠਾਂ ਵਰ੍ਹਿਆਂ ਬਾਅਦ ਉਸਨੂੰ ਮਿਲਣ ਆਪਣੇ ਘਰੇ ਆਈ ਹੋਈ ਸੀ!
ਵੱਡਾ ਜਵਾਈ ਦਾਜ ਵਿਚ ਵਧੀਆ ਮੋਟਰ ਸਾਈਕਲ ਨਾ ਦੇਣ ਵਾਲੀ ਗੱਲ ਤੋਂ ਏਨਾ ਰੁੱਸਿਆ ਕੇ ਨਾ ਆਪ ਸਹੁਰੇ ਵੜਿਆ ਤੇ ਨਾ ਲਾਲੀ ਹੀ ਮੁੜ ਕਦੀ ਪੇਕੇ ਆਈ..
ਨਾਲਦੀ ਦੇ ਤੁਰ ਜਾਣ ਮਗਰੋਂ ਬਾਕੀ ਦੋ ਧੀਆਂ ਕੱਲੇ ਕਾਰੇ ਨੇ ਕਿਦਾਂ ਵਿਆਹੀਆਂ..ਇਹ ਸਿਰਫ ਉਹ ਆਪ ਹੀ ਜਾਣਦਾ ਸੀ..ਜਮੀਨ,ਜਾਇਦਾਤ..ਸ਼ਹਿਰ ਵਾਲਾ ਮਕਾਨ ਸਭ ਕੁਝ ਹੀ ਗਹਿਣੇ ਪੈ ਗਿਆ!
ਕਦੀ ਲੋਰ ਉੱਠਦਾ ਤਾਂ ਲਾਲੀ ਨੂੰ ਮਿਲਣ ਉਸਦੇ ਸਹੁਰੇ ਘਰ ਪੁੱਜ ਜਾਂਦਾ..
ਅੱਗੋਂ ਰੁੱਖਾ ਜਿਹਾ ਵਰਤਾਉ..ਸਭ ਕੁਝ ਹੱਸਦਾ ਹੋਇਆ ਸਹਿ ਲਿਆ ਕਰਦਾ ਤੇ ਬਿਨਾ ਕੁਝ ਖਾਦੇ ਪੀਤੇ ਹੀ ਵਾਪਿਸ ਮੁੜ ਆਉਂਦਾ!
ਖੈਰ ਏਧਰ ਓਧਰ ਦੀਆਂ ਕੁਝ ਪੂਰਾਣੀਆਂ ਸੋਚਾਂ ਵਿਚਾਰਾਂ ਮਗਰੋਂ ਕੋਲ ਬੈਠੀ ‘ਲਾਲੀ” ਨੇ ਚੁੱਪ ਤੋੜ ਦਿੱਤੀ ਤੇ ਆਖਣ ਲੱਗੀ ਕੇ “ਦਾਰ ਜੀ ਕਦੀ ਕਦੀ ਬੀਜੀ ਬੜੀ ਚੇਤੇ ਆਉਂਦੀ ਏ..ਤੁਸੀਂ ਆਪਣਾ ਖਿਆਲ ਰਖਿਆ ਕਰੋ”
ਆਖਣ ਲੱਗਾ ‘ਧੀਏ ਤੂੰ ਆ ਗਈ ਏਂ..ਤੇਰਾ ਪਿਓ ਇੱਕ ਵਾਰ ਫੇਰ ਤੋਂ ਜੁਆਨ ਹੋ ਗਿਆ..ਬੜਾ ਚਿੱਤ ਕਰਦਾ ਸੀ ਤੈਨੂੰ ਮਿਲਣ ਦਾ..ਚੰਗਾ ਕੀਤਾ ਆ ਗਈ ਏਂ”
“ਦਾਰ ਜੀ ਇੱਕ ਗੱਲ ਕਰਨੀ ਸੀ..ਓਹਨਾ ਨਨਾਣ ਦਾ ਵਿਆਹ ਧਰ ਦਿੱਤਾ ਏ ਅਗਲੀ ਪੰਝੀ ਦਾ..ਤੇ..ਤੇ..ਮੈਂ ”
“ਖੁੱਲ ਕੇ ਗੱਲ ਕਰ ਮੇਰੀ ਲਾਲੀ ਧੀ..ਝਿਜਕਦੀ ਕਿਓਂ ਏਂ..ਬਾਪ ਨਾਲ ਕਾਹਦਾ ਸੰਗ-ਓਹਲਾ..ਤੂੰ ਗੱਲ ਤੇ ਦੱਸ ਮੇਰਾ ਸ਼ਿੰਦਾ ਪੁੱਤ”?
“ਇਹ ਆਖਦੇ ਸੀ ਕੇ ਜਿਹੜੇ ਮੋਟਰ ਸਾਈਕਲ ਤੋਂ ਗੁੱਸੇ ਨਰਾਜਗੀ ਹੋਈ ਸੀ..ਜੇ ਉਹ ਹੁਣ ਇਸ ਮੌਕੇ ਮਿਲ ਜਾਂਦਾ ਤਾਂ ਸੁਲ੍ਹਾ-ਸਫਾਈ ਦੇ ਰਾਹ ਖੁੱਲ ਸਕਦੇ ਨੇ”
“ਬੱਸ ਏਨੀ ਗੱਲ..ਕਰ ਦੇਵਾਂਗਾ ਬੰਦੋਬਸਤ ਮੇਰੀ ਧੀ..ਭਾਵੇਂ ਕਿਸੇ ਤਰਾਂ ਵੀ ਕਰਾਂ..ਤੂੰ ਫਿਕਰ ਨਾ ਕਰੀਂ ਭੋਰਾ ਵੀ..ਮੇਰੀ ਧੀ”
ਥੋਡੇ ਚਿਰ ਮਗਰੋਂ ਹੀ ਉਹ ਦਾਰ ਜੀ ਨੂੰ ਜੱਫੀ ਪਾ ਬਾਹਰ ਉਡੀਕਦੇ ਹੋਏ ਆਟੋ ਤੇ ਆਣ ਬੈਠੀ..
ਸ਼ਾਇਦ ਅੱਜ ਵੀ ਗਿਣੇ-ਮਿਥੇ ਟਾਈਮ ਲਈ ਹੀ ਪੇਕੇ ਆਉਣ ਦੀ ਮਨਜ਼ੂਰੀ ਮਿਲ਼ੀ ਸੀ..!
ਲਾਲੀ ਦੇ ਜਾਣ ਮਗਰੋਂ ਉਹ ਕਿੰਨੀ ਦੇਰ ਖੁੱਲੇ ਪਏ ਗੇਟ ਨੂੰ ਤੱਕਦਾ ਰਿਹਾ..ਨਿਕੀ ਹੁੰਦੀ ਲਾਲੀ ਨੇ ਇਸੇ ਗੇਟ ਤੋਂ ਡਿੱਗ ਕਿੰਨੀ ਵਾਰ ਸੱਟ ਲੁਵਾਈ ਸੀ..ਫੇਰ ਜਿੰਨੀ ਦੇਰ ਆਥਣੇ ਕੰਮ ਤੋਂ ਆਏ ਸੰਪੂਰਨ ਸਿੰਘ ਨੂੰ ਆਪਣਾ ਵਗਦਾ ਲਹੂ ਨਾ ਵਿਖਾ ਲੈਂਦੀ..ਕਿਸੇ ਨੂੰ ਮਰਹਮ ਨਾ ਲਾਉਣ ਦਿੰਦੀ..!
ਬਿਮਾਰੀਆਂ..ਦਵਾਈਆਂ..ਕਰਜੇ ਅਤੇ ਕਿਰਾਏ ਦੇ ਬੋਝ ਥੱਲੇ ਆਇਆ ਹੋਇਆ ਕਿਸੇ ਵੇਲੇ ਹਰੇਕ ਦੀਆਂ ਸੱਟਾਂ ਦੀ ਮਰਹਮ ਪੱਟੀ ਕਰਦਾ ਹੋਇਆ ਦਲੇਰ ਸੰਪੂਰਨ ਸਿੰਘ ਅੱਜ ਬੇਜਾਨ ਮਿੱਟੀ ਦਾ ਢੇਰ ਬਣਿਆ ਲਗਾਤਾਰ ਬਾਹਰ ਵੱਲ ਨੂੰ ਵੇਖੀ ਜਾ ਰਿਹਾ ਸੀ..!
ਸਾਰੀ ਰਾਤ ਬੱਸ ਇਸੇ ਉਧੇੜ-ਬੁਣ ਵਿੱਚ ਹੀ ਲੰਘ ਗਈ ਕੇ ਹੁਣ ਉਸ ਕੋਲ ਹੋਰ ਕਿਹੜੀ ਐਸੀ ਸ਼ੈ ਬਾਕੀ ਰਹਿ ਗਈ ਸੀ ਜਿਸ ਨੂੰ ਵੇਚ ਕੇ ਸਿਰ ਤੇ ਅਚਾਨਕ ਆਣ ਪਈ ਇਸ ਪਹਾੜ ਜਿੱਡੀ ਆਫ਼ਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਸੀ?
ਫੇਰ ਸਾਰੀਆਂ ਮੁਸ਼ਕਿਲਾਂ ਦਾ ਹੱਲ ਨਿੱਕਲ ਹੀ ਆਇਆ ਸੀ..
ਇਹ ਖਬਰ ਜੰਗਲ ਦੀ ਅੱਗ ਵਾਂਙ ਫੈਲ ਗਈ..ਪਿਛਲੀ ਰਾਤ ਉਹ ਮੰਜੇ ਤੇ ਪਿਆ ਪਿਆ ਹੀ ਚੜਾਈ ਕਰ ਗਿਆ ਸੀ..ਕਿੰਨੇ ਸਾਰੇ ਦੁਖਾਂ-ਕਲੇਸ਼ਾਂ,ਬਿਮਾਰੀਆਂ ਅਤੇ ਪਦਾਰਥਵਾਦ ਦੇ ਬੇਰਹਿਮ ਪੰਜਿਆਂ ਨਾਲ ਕੱਲਾ ਕਾਰਾ ਲੜਦਾ ਹੋਇਆ ਸੰਪੂਰਨ ਸਿੰਹ ਅਖੀਰ ਪੂਰਨ ਤੌਰ ਤੇ ਅਜਾਦ ਹੋ ਹੀ ਗਿਆ ਸੀ..
ਪਰ ਜਾਂਦਾ ਜਾਂਦਾ ਸ਼ਾਇਦ ਇਹ ਸੁਨੇਹਾ ਵੀ ਦੇ ਗਿਆ ਸੀ ਕੇ ਆਪਣੇ ਰੰਗ ਤਮਾਸ਼ਿਆਂ ਵਿਚ ਗਲਤਾਨ ਹੋਏ ਦੁਨੀਆ ਦੇ ਸੱਭਿਅਕ ਲੋਕੋ..ਹੋਸ਼ ਵਿਚ ਆ ਕੇ ਆਸ ਪਾਸ ਝਾਤੀ ਜਰੂਰ ਮਾਰੋ..ਤੁਹਾਨੂੰ ਦਾਜ ਵਾਲੇ ਕਾਲੇ ਨਾਗਾਂ ਦੇ ਡੱਸੇ ਹੋਏ ਹੋਰ ਕਿੰਨੇ ਸਾਰੇ ਐਸੇ ਸੰਪੂਰਨ ਸਿੰਘ ਜਰੂਰ ਮਿਲਣਗੇ ਜਿਹਨਾਂ ਦਾ ਕਸੂਰ ਸਿਰਫ ਏਨਾ ਏ ਕੇ ਉਹ ਇੱਕ ਤੋਂ ਵੱਧ ਧੀਆਂ ਦੇ ਬਾਪ ਸਨ !
ਹਰਪ੍ਰੀਤ ਸਿੰਘ ਜਵੰਦਾ