ਐਂਵੇ ਕਹਿ ਬੈਠਾ ਘੱਟ ਸਬਜ਼ੀ’ਚ ਲੂਣ ਮੇਰੇ ਦੋਸਤੋ।
ਫਿਰ ਜ਼ਿੰਦਗੀ ‘ ਚ ਰਿਹਾ ਨਾ ਸਕੂਨ ਮੇਰੇ ਦੋਸਤੋ।
ਘਰ ਆਏ ਤਾਂਈ ਹੁਣ ਪਾਣੀ ਨਹੀਂਓ ਮਿਲਦਾ।
ਕਿਸ ਨੂੰ ਸੁਣਾਵਾਂ ਹੁਣ ਹਾਲ ਯਾਰੋ ਦਿਲਦਾ।
ਉਹ ਲੱਭਦੀ ਲੜਾਈ ਦਾ ਮੰਜ਼ਮੂਨ ਮੇਰੇ ਦੋਸਤੋ।
ਐਂਵੇ …………………………..।
ਮੇਰਾ ਨਾਂ ਲੈ ਲੈ ਰਹਿੰਦੀ ਬੱਚਿਆਂ ਨੂੰ ਤਾੜਦੀ।
ਪਿਓ ਉੱਤੇ ਗਏ ਹੁਣ ਇਹੋ ਮੇਹਣੈ ਮਾਰਦੀ।
ਉਹਨੇ ਰੱਖਿਆ ਸੁਕਾ ਮੇਰਾ ਖੂਨ ਮੇਰੇ ਦੋਸਤੋ।
ਐਂਵੇ ……………………..,…..।
ਪਾ ਲਵਾਂ ਜੇ ਕਿਤੇ ਕੋਈ ਕੱਪੜੇ ਮੈਂ ਚੱਜਦੇ।
ਕੀਹਨੂੰ ਮਿਲਣ ਜੇ ਚੱਲੇ ਫਿਰ ਇਹੋ ਮੇਹਣੇ ਵੱਜਦੇ।
ਤਿੰਨ ਸੌ ਦੋ ਵਾਲਾ ਲੱਗਾ ਏ ਕਾਨੂੰਨ ਮੇਰੇ ਦੋਸਤੋ।
ਐਂਵੇ ………………………..।
ਮੈਂ ਕਰਦਾ ਨਾ ਗੁੱਸਾ ਹੁਣ ਉਹਦੀ ਕਿਸੇ ਗੱਲਦਾ।
ਇਹ ਤਾਂ ਦੋਹਾਂ ਜੀਆਂ ਵਿੱਚ ਰਹਿੰਦਾ ਯਾਰੋ ਚੱਲਦਾ।
ਮੈਂ ਧਾਰ ਲਿਆ ਪੱਕਾ ਹੁਣ ਮੂਨ ਮੇਰੇ ਦੋਸਤੋ।
ਐਂਵੇ …………………………।
ਸ਼ਾਮ ਨੂੰ ਜੇ ਹੋ ਜਾਵਾਂ ਥੋੜਾ ਕਿਤੇ ਲੇਟ ਜੀ।
ਆਉਂਦਿਆਂ ਨੂੰ ਖੜੀ ਹੁੰਦੀ ਵਿੱਚ ਯਾਰੋ ਗੇਟ ਜੀ।
ਘਰ ਆਉਂਦਿਆਂ ਹੀ ਚੈੱਕ ਹੁੰਦਾ ਫੂਨ ਮੇਰੇ ਦੋਸਤੋ।
ਐਂਵੇ …….,…………………..।
ਕੱਲ ਜੋ ਕੋਕਲੀ ਦੀ ਗੱਲ ਕੀਤੀ ਸੀ। ਉਸ ਦਾ ਵਰਨਣ ਇਸ ਗੀਤ ਰਾਹੀਂ।…………👇
ਜਾਂਦੀ ਭੱਜੀ , ਉਮਰ ਦੀ ਗੱਡੀ
ਇਕੋ ਆਵਾਜ਼ ਨੇ ਰੋਕਲੀ
ਦਿਲ ਵਿਚ ਲੁਕਿਆ ਬਚਪਨ ਬੋਲਿਆ
ਕਹਿੰਦਾ ਕੋਕਲੀ……
ਨਿੱਕੀਆਂ ਨਿੱਕੀਆਂ ਜਿੰਦਾਂ ਆਈਆਂ
ਪਾ ਕੇ ਰੌਲਾ ਰੌਣਕਾਂ ਲਾਈਆਂ
ਆਜੋ ਮੁੰਡਿਓ ਆਜੋ ਕੁੜੀਓ
ਰਲ ਕੇ ਖੇਡੀਏ ਲੁਕਣ ਮਚਾਈਆਂ
ਕਈਆਂ ਦੀ ਤਾਂ ਆਵਾਜ਼ ਹੁੰਦੀ ਸੀ
ਬਾਹਲੀ ਮਿੱਠੀ ਤੋਤਲੀ
ਦਿਲ ਵਿਚ ਲੁਕਿਆ ਬਚਪਨ ਬੋਲਿਆ
ਕਹਿੰਦਾ ਕੋਕਲੀ………
ਸਾਰਾ ਦਿਨ ਨਾ ਟਿਕ ਕੇ ਬਹਿਣਾ
ਜਿੱਥੇ ਮਰਜੀ ਖਾ ਪੀ ਲੈਣਾ
ਨਹਾਉਣ-ਧੋਣ ਦਾ ਫ਼ਿਕਰ ਨਹੀਂ ਸੀ
ਥੱਕ ਕੇ ਮੰਜਿਆਂ ਤੇ ਢਹਿ ਪੈਣਾ
ਕਿੰਨੀ ਚੰਗੀ ਸੀ ਓਹ ਜਿੰਦਗੀ
ਖੁੱਲੀ-ਡੁੱਲੀ ਮੋਕਲੀ
ਦਿਲ ਵਿਚ ਲੁਕਿਆ ਬਚਪਨ ਬੋਲਿਆ
ਕਹਿੰਦਾ ਕੋਕਲੀ…..
ਤਖਤਿਆਂ ਓਹਲੇ ਲੁਕ ਕੇ ਸ਼ਹਿਣਾ
ਚੋਰੀ ਅੱਖ ਨਾਲ ਵਿਹੰਦੇ ਰਹਿਣਾ
ਦੱਸਿਓ ਨਾ ਮੈ ਐਥੇ ਲੁਕਿਆਂ
ਨਾਲ ਇਸ਼ਾਰੇ ਸਭ ਨੂੰ ਕਹਿਣਾ
ਜੇ ਕੋਈ ਦਸਦਾ ਰੁੱਸ ਜਾਂਦੇ ਸਾਂ
ਆੜੀ ਤੋੜਦੂੰ ਸੋਚ ਲੀਂ
ਦਿਲ ਵਿਚ ਲੁਕਿਆ ਬਚਪਨ ਬੋਲਿਆ
ਕਹਿੰਦਾ ਕੋਕਲੀ …….
ਮੋਬਾਈਲਾਂ ਨੇ ਹੈ ਬੰਨ ਰੱਖਿਆ
ਚੰਦ ਮਾਮਾ “ਸਿੱਧੂ” ਕਦੇ ਨਾ ਤੱਕਿਆ
ਨਾ ਓਹ ਖੇਡਾਂ ਨਾ ਓਹ ਵਿੱਦਿਆ
ਕਮਰੇ ਅੰਦਰ ਬਚਪਨ ਡੱਕਿਆ
ਰਸ ਭਰਿਆ ਓਹ ਸਮਾਂ ਸੀ ਕਿੰਨਾਂ
ਹੁਣ ਤਾਂ ਜਿੰਦਗੀ ਫੋਕਲੀ
ਦਿਲ ਵਿਚ ਲੁਕਿਆ ਬਚਪਨ ਬੋਲਿਆ
ਕਹਿੰਦਾ ਕੋਕਲੀ……..ਕੋਕਲੀ….
ਜਸਵਿੰਦਰ ਸਿੰਘ ਸਿੱਧੂ ( ਚੰਗਾ ਲੱਗਾ ਤਾਂ ਸ਼ੇਅਰ ਵੀ ਕਰਿਓ ਜੀ )
ਬਰਗਰ, ਪੀਜੇ, ਪੈਟੀਆਂ ‘ਚ ਕਿੱਥੇ ਉਹੋ ਸਵਾਦ ਆਉਂਦਾ ਏ
ਹੋਟਲ ਦੇ ਟੇਬਲ ‘ਤੇ ਬਹਿਕੇ ਘਰ ਦਾ ਚੁੱਲ੍ਹਾ ਯਾਦ ਆਉਂਦਾ ਏ
ਮਾਂ ਦੀਆਂ ਚੁੱਲ੍ਹੇ ‘ਚ ਰਾੜ ਕੇ ਖਵਾਈਆਂ ਰੋਟੀਆਂ ਦਾ ਮੁੱਲ ਨਹੀਂ
ਉਂਜ ਭਾਵੇਂ ਅੱਜ ਥਾਲੀ ‘ਚ ਪੈਕ ਹੋ ਕੇ ਨਾਲ ਸਲਾਦ ਆਉਂਦਾ ਏ
ਡਾਲਰ ,ਪੌਂਡ ਇਕੱਠੇ ਕਰਨ ਦੀ ਦੌੜ ‘ਚ ਅਸੀਂ ਗੁਆਚ ਗਏ ਹਾਂ
ਅਸਲੀ ਡਾਲਰਾਂ ਦਾ ਚੇਤਾ ਉਨ੍ਹਾਂ ਦੇ ਤੁਰ ਜਾਣ ਤੋਂ ਬਾਦ ਆਉਂਦਾ ਏ
ਘਰ ਬੰਨਣ ਲਈ ਜਿਹੜਾ ਘਰ ਨੂੰ ਜਿੰਦਰਾ ਮਾਰ ਕੇ ਤੁਰ ਗਿਆ ਸੀ
ਅੱਜ ਸਭ ਕੁਝ ਗੁਆ ਕੇ ਓਸੇ ਘਰ ਨੂੰ ਕਰਨ ਅਬਾਦ ਆਉਂਦਾ ਏ
ਜਿਸ ਮਿੱਟੀ ‘ਚ ਜੰਮਿਆਂ ਓਸੇ ਮਿੱਟੀ ‘ਚ ਰੁੱਖੀ ਮਿੱਸੀ ਖਾ ਕੇ ਮਰ ਜਾਵਾਂ
‘ਸ਼ਦੀਦ’ ਏਸ ਦਰਗਾਹ ‘ਤੇ ਕਰਨ ਰੋਜ਼ ਇਹੋ ਫਰਿਆਦ ਆਉਂਦਾ ਏ
ਸਤਨਾਮ ਸ਼ਦੀਦ ਸਮਾਲਸਰ
99142-98580
ਸੱਚ ਵੇ ਬਾਬਾ ਸੱਚ |
ਤੇ ਹਾਕਮ ਮਾਰੇ ਖੱਚ |
ਗੁਰਬਤ ‘ਚ ਅਵਾਮ,
ਭਰੀ ਖੜੀ ਏ ਗੱਚ |
ਦੇਸ਼,ਕਿਸੇ ਸਕੂਲ ਦੇ ,
ਨਾਮ ਰਹੇ ਨਾ ਪਚ |
ਹਾਕਮ ਖਬਰੇ ਕਿਸ ,
ਰਿਹਾ ਇਸ਼ਾਰੇ ਨੱਚ |
ਨੰਗੇ ਸਭ ਹਮਾਮ ‘ਚ ,
ਕੋਈ ਨਾ ਰਿਹਾ ਜੱਚ |
ਨਵਿਆਂ ਨਵੇਂ ਨਾਂ ‘ਤੇ ,
ਇਤਹਾਸ ਦੇਣਾ ਰਚ |
ਕੁੱਝ ਨਾ ਕੱਢਣ ਪਾਣ ਨੂੰ,
ਦੇਖ ਨਾ ਐਵੇਂ ਮੱਚ |
”ਸਾਬ” ਹੱਥੀਂ ਪੱਥਰ ,
ਤੇ ਤਨ ਦੁਵਾਲੇ ਕੱਚ |
ਸੱਚ. ਵੇ ਬਾਬਾ ਸੱਚ |
ਆਵੇ ਸਮਝ ਨਾ ਸਮਿਆ ਖੇਡ ਤੇਰੀ,
ਰੁਕਿਆ ਕਦੇ ਨਾ ਜਦੋਂ ਦਾ ਦੌੜਿਆ ਵੇ।
ਡਾਢੀ ਤਾਂਘ ਹੈ ਖਾਸ ਪ੍ਰੇਮ ਵਾਲੀ,
ਡਾਢਾ ਡਾਢੇ ਨੇ ਜਾਂ ਫਿਰ ਕੌੜਿਆ ਵੇ।
ਅਟਕੇਂ ਜ਼ਰਾ ਨਾ ਕਿਸੇ ਵੀ ਖੁਸ਼ੀ ਮੌਕੇ,
ਲੰਘ ਜਾਂਵਦੈਂ ਝੱਟ ਤੂੰ ਸੌੜਿਆ ਵੇ।
ਰਤਾ ਦਬੇਂ ਨਾ ਕਿੱਡਾ ਵੀ ਕਹਿਰ ਹੋ ਜੇ,
ਬੇਪਰਵਾਹ ਮਿਜ਼ਾਜ ਦੇ ਕੌੜਿਆ ਵੇ।
ਧੀਰਜ ਰੱਖਦੈਂ ਸਿਰਜਣਾ ਕਰਨ ਵੇਲੇ,
ਵਿੱਚ ਪਲਾਂ ਦੇ ਭੰਨੇਂ ਹਥੌੜਿਆ ਵੇ।
ਲੋੜ ਵੇਲੇ ਨਾ ਸੱਚਿਆਂ ਨਾਲ ਚੱਲੇਂ,
ਰੋਕਣਾ ਬਦੀ ਤੋਂ ਬਦ ਨਾ ਔੜਿਆ ਵੇ।
ਨੇਕ ਰੂਹਾਂ ਨੂੰ ਕਰੇਂ ਪ੍ਰਤੱਖ ਮਗਰੋਂ,
ਮੌਕੇ ਝੂਠਿਆਂ ਨੂੰ ਦਵੇਂ ਭਗੌੜਿਆ ਵੇ।
ਆਉਂਦੇ ਪਲ ਦਾ ਭੇਤ ਜਸਵੀਰ ਨਾਹੀਂ,
ਲੰਘਿਆ ਪਲ ਨਾ ਪਰਤ ਕੇ ਬਹੁੜਿਆ ਵੇ।
ਜਸਵੀਰ ਸਿੰਘ ਪਮਾਲ
ਪਿਆਸ ਲੱਗੀ ਸੀ ਗਜ਼ਬ ਦੀ ,
ਪਰ ਪਾਣੀ ਵਿੱਚ ਜ਼ਹਿਰ ਸੀ ।
ਪੀਂਦੇ ਤਾਂ ਮਰ ਜਾਂਦੇ ,
ਨਾ ਪੀਂਦੇ ਤਾਂ ਵੀ ਮਰ ਜਾਂਦੇ।
ਬੱਸ ਇਹੀ ਦੋ ਮਸਲੇ ਜ਼ਿੰਦਗੀ ਭਰ ਹੱਲ ਨਾ ਹੋਏ,
ਨਾ ਨੀਂਦ ਪੂਰੀ ਹੋਈ, ਨਾ ਸੁਪਨੇ ਪੂਰੇ ਹੋਏ ।
ਵਕਤ ਨੇ ਕਿਹਾ—— ਥੋੜਾ ਹੋਰ ਸਬਰ ਕਰ ,
ਸਬਰ ਨੇ ਕਿਹਾ——ਕਾਸ਼ ਥੋੜਾ ਹੋਰ ਵਕਤ ਹੁੰਦਾ।
ਸ਼ਕਾਇਤਾਂ ਬਹੁਤ ਨੇ ਐ ਜ਼ਿੰਦਗੀ ਤੇਰੇ ਨਾਲ॥
ਪਰ ਚੁੱਪ ਇਸ ਲਈ ਹਾਂ ਕਿ ਜੋ ਦਿੱਤਾ ਹੈ ਤੂੰ ਮੈਨੂੰ,
ਉਹ ਵੀ ਬਹੁਤਿਆਂ ਦੇ ਨਸੀਬ ਨਈ ਹੁੰਦਾ ॥
ਬੁਜਦਿਲ ਪਾਸੇ ਕਰਕੇ ਕੀਤੀ ਗੱਲ ਦਲੇਰਾਂ ਦੀ,
ਬਾਜ਼ਾਂ ਵਾਲੇ ਨੇ ਸਾਜਤੀ ਕੌਮ ਅਣਖੀ ਸ਼ੇਰਾਂ ਦੀ।
ਸਾਰੇ ਪੰਡਾਲ “ਚ ਛਾ ਗਈ ਸੀ ਖ਼ਾਮੋਸ਼ੀ ਭਾਰੀ,
ਦਿਲ ਦੀ ਧੜਕਨ ਸੁਣਦੀ ਸੀ ਵਾਰੀ ਵਾਰੀ॥
ਗੱਲ ਏਥੇ ਨਈ ਰਹਿ ਗਈ ਹੁਣ ਤੇਰਾਂ ਮੇਰਾਂ ਦੀ,
ਕਲਗ਼ੀਆਂ ਵਾਲੇ ਵੇ ਸਾਜ ਤੀ ਕੌਮ ਅਣਖੀ ਸ਼ੇਰਾਂ ਦੀ।
ਭਾਈ ਦਯਾ ਰਾਮ ਆ ਗਿਆ ਸੀਸ ਤਲੀ ਤੇ ਧਰ ਕੇ,
ਅਣਖੀਲਾ ਸ਼ੇਰ ਉਹ ਬਣ ਗਿਆ, ਅੰਮ੍ਰਿਤ ਬਾਟੇ ਦਾ ਛਕਕੇ
ਧਰਮ ਦਾਸ ਤੇ ਮੋਹਕਮ ਚੰਦ ਨੇ ਆਣ ਸੀਸ ਝੁਕਾਇਆ ,
ਪਾਤਸ਼ਾਹ ਅਸੀ ਤਾਂ ਆਪਣੇਆਪ ਨੂੰ ਤੇਰੇ ਲੜ ਲਾਇਆ।
ਅਨੰਦਪੁਰ ਸਾਹਿਬ “ਚ ਉਦਾਸੀ ਛਾ ਗਈ ਕੇਰਾਂ ਜੀ ,
ਬਾਜਾ ਵਾਲੇ ਨੇ ਸਾਜ ਤੀ ਕੌਮ ਅਣਖੀ ਸ਼ੇਰਾਂ ਦੀ ॥ ਸਾਹਿਬ ਚੰਦ ਤੇ ਹਿੰਮਤ ਰਾਏਵੀ ਆ ਗਏ ਸਿਰ ਉੱਚੇ ਕਰਕੇ
ਆਪਣੇ ਆਪ ਨੂੰ ਉਹ ਸਮਝਦੇ ਬੱਚੇ ਕਲਗੀੰਧਰ ਦੇ ।
ਮੁਗਲਾਂ ਨੂੰ ਗਸ਼ ਪੈ ਗਈ ਦਿਨ-ਰਾਤ ਦੇ ਗੇੜਾਂ ਦੀ ,
ਕਲਗ਼ੀਆਂ ਵਾਲੇ ਨੇ ਸਾਜ ਤੀ ਕੌਮ ਅਣਖੀ ਸ਼ੇਰਾਂ ਦੀ।
ਤੇਰੀ ਸੋਭਾ ਕਰਨੀ ਔਖੀ ਏ , ਤੇਰੇ ਚੋਜ ਨਿਆਰੇ,
ਧਰਮ ਤੋਂ ਜਾਨਾਂ ਵਾਰਦੇ ਰਹਿਣਗੇ , ਤੇਰੇ ਪਿਆਰੇ।
ਪਿਤਾ ਪੁੱਤਰ ਵਾਰ ਕੇ ਵੀ ਕੀਤਾ ਵੱਡਾ ਜੇਰਾ ਜੀ,
ਬਾਜ਼ਾਂ ਵਾਲੇ ਵੇ ਸਾਜ ਤੀ ਕੌਮ ਅਣਖੀ ਸ਼ੇਰਾਂ ਦੀ ।
ਸ਼ੌਂਕ ਮਜ਼ਬੂਰੀ ਆਦਤ ਕਿੱਤਾ।
ਦੇਖ ਦਾਤੇ ਦਾਨ ਸਭਨੂੰ ਦਿੱਤਾ।
ਦਾਤਾ ਦਰ ਤੇਰੇ ਆਇਆਂ,
ਬਖਸ਼ ਮੇਰੇ ਗੁਨਾਹ।
ਮੈ ਮੰਗਤਾ ਦਰ ਤੇਰੇ ਦਾ,
ਤੂੰ ਏ ਸਾਹਿਨਸ਼ਾਹ।
ਮੈਂ ਆਸਰੇ ਦਾਤਾ ਤੇਰੇ,
ਤੂੰਹੀ ਪਾਲਣਹਾਰਾ।
ਝੂਠੇ ਰਿਸ਼ਤੇ ਨੇ ਇੱਥੇ,
ਤੂੰਹੀ ਇੱਕ ਸਹਾਰਾ।
ਹੱਥ ਪੈਰ ਸਲਾਮਤ ਰੱਖੀ,
ਨਾ ਰਹਾਂ ਕਿਸੇ ਸਹਾਰੇ।
ਤੂੰ ਦਾਤਾ ਪਾਲਣਹਾਰਾ,
ਮੈਂ ਤੇਰੇ ਬਲਿਹਾਰੇ।
✍️ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
ਧਰਵਾਸੇ
ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ,
ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ ।
ਧਰਮ ਕਾਇਮ ਮੇਰਾ ਝੂਠ ਤੇ, ਨਾਮ ਹੈ ਮੇਰਾ ਧਰਮਾਂ,
ਝੂਠਾ ਸਾਬਿਤ ਹੋਇਆ ਤਾਂ ਕੀ ਹੋਇਆ, ਅੱਲ ਮੇਰੀ ਹੈ , ਬੇਸ਼ਰਮਾਂ।
ਕੋਹਾਂ ਦੂਰ ਸੱਚ ਮੈਥੋਂ, ਮੈਂ ਅਕਲਾਂ ਵੱਲੋਂ ਲੰਗੜਾ।
ਆਪਣਾ ਦੋਸ਼ ਕਿਸੇ ਤੇ ਲਾ ਕੇ , ਖੁਸ਼ ਹੋ ਕੇ ਪਾਵਾਂ ਭੰਗੜਾ।
ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ,
ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ ।
ਪੈਸਾ ਆਉਂਦਾ ਦਿਸੇ ਜੇ ਮੈਨੂੰ, ਝੱਟ ਜ਼ੁਬਾਨੋਂ ਫਿਰ ਜਾਵਾਂ,
ਸੱਚ ਦੀ ਕਦਰ ਭੁੱਲ ਕੇ, ਮੈਂ ਝੂਠ ਅੱਗੇ ਗਿਰ ਜਾਵਾਂ।
ਪਹਿਚਾਨ ਜ਼ੁਬਾਨ ਤੋਂ ਮੈਂ ਆਸਤਿਕ, ਮੇਰੀ ਜ਼ਮੀਰੋਂ ਚੰਗਾ ਨਾਸਤਿਕ,
ਅਹਿਸਾਨ ਕਰਾ ਭਾਲਾ ਕੀਮਤਾਂ , ਬਿਨ ਪੈਸੇ ਤੇਰਾ ਮੈ ਕੀ ਕਰਾਂ।
ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ,
ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ ।
ਧਰਵਾਸੇ ਦੇਣ ਮੇਰੀਆਂ ਆਦਤਾਂ, ਚੜ੍ਹਾ ਕੋਠੇ ਪੌੜੀ ਖਿੱਚ ਦਿਆਂ,
ਮੇਰੀ ਗੱਲ ਤੇ ਤੈਨੂੰ ਸ਼ੱਕ ਹੈ, ਮੈਂ ਸੱਚਾ ਹਾਂ, ਲਿਆ ਲਿਖ ਦਿਆਂ।
ਮੈਂ ਖੁਸਰ-ਫੁਸਰ ਕਰਕੇ, ਭਾਈਆਂ ਵਿੱਚ ਪਾੜਾਂ ਪਾ ਦਿਆਂ।
ਆਪਣੀ ਦਾਦਾਗਿਰੀ ਦੱਸ ਕੇ, ਮੈਂ ਕੱਲਾ ਦੇਖ ਕੇ ਢਾਹ ਦਿਆਂ,
ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ,
ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ ।
ਫਾਹਾ ਆਪਣੇ ਗਲੇ ‘ਚੋਂ ਕੱਢ ਕੇ, ਨਿਰਦੋਸ਼ ਦੇ ਗਲ ਪਾ ਦਿਆਂ,
ਜੋ ਮੇਰੇ ਵਿਹੜੇ ਬੂਟਾ ਲਾਵੇ, ਮੈਂ ਉਸ ਦਾ ਬੂਟਾ ਪੱਟ ਦਿਆਂ।
ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ,
ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ ।
ਸੰਦੀਪ ਕੁਮਾਰ ਨਰ ਬਲਾਚੌਰ
ਕਾਲਿਜ ਤੇਰਾ ਉਹੀ ਏ,
ਜਾਂ ਕਰ ਲਿਆ, ਚੇਂਜ ਕੁੜੇ।
ਕਲਾਸ ਰੂਮ ਤੇਰਾ,ਬਦਲ ਗਿਆ,
ਜਾਂ ਉਹੀ ਮੇਜ ਕੁੜੇ।
ਸਮਝ ਨਹੀ ਆਉਂਦੀ ,ਸੁਰੂ ਕਰਾਂ
ਮੈਂ, ਕਿੱਥੋਂ ਪਰੇਮ ਕਹਾਣੀ।
ਕਿਵੇ ਮਿਲੇ ਆਪਾਂ, ਬਾਗ ਅੰਦਰ,
ਤੇ ਕਿਵੇ ਬਣਗੇ ਹਾਣੀ।
ਲਿਖਿਆ ਗੀਤ ਸੀ ਜਿਸਤੇ,
ਸਾਂਭਿਆਂ ਹੋਣਾ, ਉਹ ਪੇਜ ਕੁੜੇ,
ਕਾਲਿਜ ਤੇਰਾ ਉਹੀ ਏ,
ਜਾਂ ਕਰ ਲਿਆ ਚੇਂਜ ਕੁੜੇ,
ਕਲਾਸ ਰੂਮ ਤੇਰਾ,ਬਦਲ ਗਿਆ,
ਜਾਂ ਉਹੀ ਮੇਜ ਕੁੜੇ।
ਜਾਣਾ ਪੈ ਗਿਆ, ਦੂਰ ਤੇਰੇ ਤੋਂ,
ਸਾਡੀ ਵੀ ਕੋਈ ਮਜ਼ਬੂਰੀ ਸੀ।
ਆਇਆ ਜਦ, ਮਿਲਣ ਮੈ ਤੈਨੂੰ,
ਕਿਉਂ ਰੱਖੀ ਮੇਰੇ ਤੋਂ ਦੂਰੀ ਸੀ।
ਰਿਹਾ ਉੱਪਲ ਦੇਸੀ ਜਿਹਾ,
ਨਾ ਬਣਿਆ ਕਦੇ ਅੰਗਰੇਜ਼ ਕੁੜੇ,
ਕਾਲਿਜ ਤੇਰਾ ਉਹੀ ਏ ,
ਜਾਂ ਕਰ ਲਿਆ ਤੂੰ ਚੇਂਜ ਕੁੜੇ।
ਕਲਾਸ ਰੂਮ ਤੇਰਾ ਬਦਲ ਗਿਆ,
ਜਾਂ ਉਹੀ ਮੇਜ਼ ਕੁੜੇ।
ਸਹੇਲੀ ਤੇਰੀ ਨੇ,ਦੇਖ ਮੈਨੂੰ,
ਤੈਨੂੰ ਕੁਝ ਸਮਝਾਇਆ ਸੀ।
ਸਮਝ ਨਾ ਆਈ ਮੈਨੂੰ ਤੂੰ,
ਕਿਉ ਨਾ ਮੈਨੂੰ ਬੁਲਾਇਆ ਸੀ।
ਇਸ਼ਕ ਨਾ ਆਇਆ,
ਰਾਸ ਸੰਗਰੂਰਵੀ ਨੂੰ ,
ਵਾਂਗ ਫੁੱਲਾਂ ਦੀ ਸੇਜ ਕੁੜੇ।
ਕਾਲਿਜ ਤੇਰਾ ਉਹੀ ਏ,
ਜਾਂ ਕਰ ਲਿਆ ਚੇਂਜ ਕੁੜੇ।
ਕਲਾਸ ਰੂਮ ਤੇਰਾ, ਬਦਲ ਗਿਆ,
ਜਾਂ ਉਹੀ ਮੇਜ਼ ਕੁੜੇ।
✍️
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463