ਡੈਂਟਲ ਕਾਲਜ ਦੇ ਆਖਰੀ ਸਾਲ ਹੀ ਮੇਰੀ ਮੰਗਣੀ ਕਰ ਦਿੱਤੀ ਗਈ!
ਅਸਲ ਵਿਚ ਮਜਬੂਰਨ ਕਰਨੀ ਪਈ..ਬੀਜੀ ਨੂੰ ਅਕਸਰ ਹੀ ਰਹਿੰਦੀ ਖੰਗ ਅਸਲ ਵਿਚ ਫੇਫੜਿਆਂ ਦਾ ਕੈਂਸਰ ਨਿੱਕਲੀ..!
ਵਿਆਹ ਮਗਰੋਂ ਮਸੀ ਦੋ ਮਹੀਨੇ ਵੀ ਨਹੀਂ ਸਨ ਲੰਘੇ ਕੇ ਸੁਨੇਹਾ ਆ ਗਿਆ..!
ਰੇਤ ਵਾਂਙ ਮੇਰੇ ਹੱਥਾਂ ਵਿਚੋਂ ਖਿੱਲਰ ਗਈ ਮੇਰੀ ਮਾਂ ਦੁਖਾਂ ਦੇ ਕਿੰਨੇ ਸਾਰੇ ਪਹਾੜ ਉਸਾਰ ਗਈ!
ਪਰ ਨਾਲਦੇ ਨੇ ਕਦੀ ਵੀ ਆਪਣੇ ਮੱਥੇ ਵੱਟ ਨਾ ਪਾਇਆ..
ਜਿਥੇ ਆਖਿਆ ਪੂਰਾ ਸਾਥ ਦਿੱਤਾ..ਜਿਹੜੇ ਦਿਨ ਡਲਹੌਜੀ ਅਤੇ ਮਸੂਰੀ ਦੀਆਂ ਪਹਾੜੀਆਂ ਤੇ ਗੁਜਾਰਨ ਦੀ ਖਾਹਿਸ਼ ਸੀ ਉਹ ਜਿਆਦਾਤਰ ਹਸਪਤਾਲ ਦੇ ਵਰਾਡਿਆਂ ਵਿਚ ਹੀ ਲੰਘੇ!
ਕੁਝ ਚਿਰ ਮਗਰੋਂ ਜਿੰਦਗੀ ਲੀਹਾਂ ਤੇ ਪੈ ਤੁਰੀ..ਲੱਗਣ ਲੱਗਾ ਜਿੱਦਾਂ ਸਮੇਂ ਨੇ ਜਮੀਰ ਤੇ ਵੱਜੇ ਡੂੰਘੇ ਫੱਟ ਕਾਫੀ ਹੱਦ ਤੱਕ ਭਰ ਦਿੱਤੇ ਸਨ..!
ਫੇਰ ਰਵਾਂ-ਰਵੀਂ ਤੁਰੀ ਜਾਂਦੀ ਜਿੰਦਗੀ ਤੇ ਇੱਕ ਹੋਰ ਬਿਜਲੀ ਆਣ ਡਿੱਗੀ..
ਸਾਰਾ ਕੁਝ ਸੜ ਕੇ ਸਵਾਹ ਹੋ ਗਿਆ..ਧੁੰਦ ਵਿਚ ਡਰਾਈਵ ਕਰਦਿਆਂ ਇਹਨਾਂ ਦੀ ਕਾਰ ਨੂੰ ਪਿੱਛਿਓਂ ਟਰੱਕ ਨੇ ਟੱਕਰ ਮਾਰ ਦਿੱਤੀ..ਮੁੱਕ ਤਾਂ ਸ਼ਾਇਦ ਥਾਏਂ ਹੀ ਗਏ ਸਨ ਪਰ ਮੈਥੋਂ ਓਹਲਾ ਰੱਖਿਆ ਗਿਆ..!
ਪਤਾ ਲੱਗਣ ਤੇ ਮੈਨੂੰ ਬੇਹੋਸ਼ ਹੋ ਗਈ ਨੂੰ ਹਸਪਤਾਲ ਖੜਨਾ ਪੈ ਗਿਆ..
ਬਹੁਤ ਹੀ ਜਿਆਦਾ ਉਲਝ ਗਏ ਕੇਸ ਕਾਰਨ ਓਥੇ ਓਪਰੇਸ਼ਨ ਮਗਰੋਂ ਸਤਮਾਹੀਂ ਧੀ ਨੇ ਜਨਮ ਲਿਆ..!
ਮੈਂ ਇਸ ਹਾਲਾਤ ਵਿਚ ਨਹੀਂ ਸਾਂ ਕੇ ਸੰਸਕਾਰ ਵੇਲੇ ਹਾਜਿਰ ਹੋ ਸਕਦੀ..ਹਸਪਤਾਲ ਵਾਲਿਆਂ ਦਵਾਈਆਂ ਦੇ ਕੇ ਮੰਜੇ ਤੇ ਸਵਾਈਂ ਰਖਿਆ ਕਰਨਾ..!
ਸੱਸ ਤਾਂ ਪਹਿਲਾਂ ਹੀ ਨਹੀਂ ਸੀ ਤੇ ਮਾਂ ਦਾ ਸਾਥ ਵੀ ਬਹੁਤੀ ਚਿਰ ਨਸੀਬ ਨਾ ਹੋਇਆ..ਹਸਪਤਾਲ ਦੇ ਬੈੱਡ ਤੇ ਜਦੋਂ ਜਾਗ ਆਇਆ ਕਰਦੀ ਤਾਂ ਇੱਕ ਬਾਪ ਸਿਰਹਾਣੇ ਬੈਠਾ ਸਿਰ ਘੁੱਟ ਰਿਹਾ ਹੁੰਦਾ ਤੇ ਦੂਜਾ ਪੈਂਦਾਂ ਵੱਲ ਬੈਠਾ ਲੱਤਾਂ!
ਇਨਕਿਊਬੇਟਰ ਵਿਚ ਰੱਖੀ ਵੱਲ ਧਿਆਨ ਜਾਂਦਾ ਤਾਂ ਮੇਰਾ ਰੋਣ ਨਿਕਲ ਜਾਇਆ ਕਰਦਾ..
ਚਾਰੇ ਪਾਸੇ ਇੱਕ ਐਸਾ ਮਾਹੌਲ ਸਿਰਜਿਆ ਗਿਆ ਜਿਸਦੀ ਕਦੀ ਕਲਪਨਾ ਤੱਕ ਵੀ ਨਹੀਂ ਸੀ ਕੀਤੀ!
ਮਹੀਨੇ ਮਗਰੋਂ ਵਾਪਿਸ ਆਈ ਤਾਂ ਘਰ ਵਿਚੋਂ ਹਰ ਐਸੀ ਚੀਜ ਗਾਇਬ ਸੀ ਜਿਸਨੂੰ ਵੇਖ ਇਹਨਾਂ ਦਾ ਚੇਤਾ ਆ ਸਕਦਾ ਸੀ..ਸਿਰਫ ਵਿਆਹ ਤੋਂ ਪਹਿਲਾਂ ਦੀ ਇੱਕ ਫੋਟੋ ਹੀ ਕੰਧ ਤੇ ਟੰਗੀ ਸੀ..
ਮੈਨੂੰ...
ਕਈ ਵਾਰ ਆਪਣੇ ਸਹੁਰਾ ਸਾਬ ਤੇ ਗੁੱਸਾ ਆ ਜਾਇਆ ਕਰਦਾ ਕੇ ਕਿੰਨਾ ਅਜੀਬ ਬਾਪ ਏ ਘਰੇ ਆਪਣੇ ਪੁੱਤ ਦੀ ਕੋਈ ਨਿਸ਼ਾਨੀ ਵੀ ਨਹੀਂ ਸੀ ਰਹਿਣ ਦਿੱਤੀ..
ਫੇਰ ਸੋਚਦੀ ਕੇ ਸ਼ਾਇਦ ਫੌਜੀ ਹੁੰਦੇ ਹੀ ਏਦਾਂ ਦੇ ਨੇ..ਸਖਤ,ਡਿਸਿਪਲਿਨ ਵਾਲੇ ਜਜਬਾਤ ਵਿਹੂਣੇ!
ਫੇਰ ਸਾਲ ਕੂ ਮਗਰੋਂ ਮੈਨੂੰ ਮੇਰੀ ਇੰਟਰਨਸ਼ਿਪ ਲਈ ਦਾਖਲਾ ਲੈ ਦਿੱਤਾ ਗਿਆ..
ਨਿੱਕੀ ਧੀ ਦੀ ਜੁੰਮੇਵਾਰੀ ਇਹਨਾਂ ਆਪਣੇ ਸਿਰ ਲੈ ਲਈ..ਸਖਤ ਪੜਾਈ ਕਾਰਨ ਧਿਆਨ ਕਿਸੇ ਪਾਸੇ ਨਾ ਜਾਇਆ ਕਰਦਾ..ਜਿੰਦਗੀ ਇੱਕ ਵਾਰ ਫੇਰ ਲੀਹੇ ਪੈ ਗਈ ਲੱਗੀ..ਕਈ ਵਾਰ ਨਿੱਕੀ ਧੀ ਤੁਰਨ ਲੱਗਦੀ ਤਾਂ ਡਿੱਗ ਪਿਆ ਕਰਦੀ..ਮੈਂ ਦੌੜ ਕੇ ਚੁੱਕਣ ਜਾਂਦੀ ਤਾਂ ਸਹੁਰਾ ਸਾਬ ਆਖ ਦਿੰਦੇ ਨਾ ਚੁੱਕੀ ਆਪੇ ਉਠੇਗੀ..!
ਫੇਰ ਜਿੰਦਗੀ ਨੇ ਇੱਕ ਵਡਾ ਸਾਰਾ ਮੋੜ ਲਿਆ..
ਮੈਨੂੰ ਅਚਾਨਕ ਹੀ ਦੂਜੇ ਵਿਆਹ ਲਈ ਮਨਾ ਲਿਆ ਗਿਆ..
ਇੱਕ ਪਾਸੇ ਦੋ ਬਾਪ ਸਨ ਤੇ ਦੂਜੇ ਪਾਸੇ ਮੈਂ ਕੱਲਮ-ਕੱਲੀ..ਮੇਰੀ ਕੋਈ ਪੇਸ਼ ਨਾ ਗਈ!
ਗੁਰੂਘਰ ਵਿਚ ਹੋਈ ਅਨੰਦ ਕਾਰਜ ਦੀ ਸਧਾਰਨ ਜਿਹੀ ਰਸਮ ਮਗਰੋਂ ਜਦੋਂ ਮੈਨੂੰ ਤੋਰਨ ਲੱਗੇ ਤਾਂ ਨਿੱਕੀ ਹੁੰਦੀ ਨੂੰ ਵੇਹੜੇ ਖਿਡਾਉਣ ਵਾਲੇ ਦੇ ਚੇਹਰੇ ਤੇ ਤਾਂ ਇੱਕ ਅਜੀਬ ਜਿਹੀ ਤਸੱਲੀ ਵਾਲੇ ਭਾਵ ਸਨ ਪਰ ਮਗਰੋਂ ਬਣਿਆ ਬਾਪ ਰੋਣੋਂ ਨਹੀਂ ਸੀ ਹਟ ਰਿਹਾ..ਬਸ ਵਾਰ ਵਾਰ ਮੇਰਾ ਸਿਰ ਹੀ ਪਲੋਸੀ ਜਾ ਰਿਹਾ ਸੀ..!
ਸਮਝ ਨਹੀਂ ਸੀ ਆ ਰਹੀ ਕੇ ਉਸ ਨੂੰ ਕਾਫੀ ਚਿਰ ਪਹਿਲਾਂ “ਰਵਾਨਗੀ” ਪਾ ਗਿਆ ਕੋਈ ਆਪਣਾ ਚੇਤੇ ਆ ਗਿਆ ਸੀ ਕੇ ਉਹ ਹੁਣ ਅੱਖੀਆਂ ਤੋਂ ਓਹਲੇ ਹੋਈ ਜਾ ਰਹੀ ਵੇਹੜੇ ਉੱਗੀ ਧਰੇਕ ਦਾ ਵਿਛੋੜਾ ਨਹੀਂ ਸੀ ਸਹਿਣ ਕਰ ਪਾ ਰਿਹਾ..
ਪਹਿਲੀ ਵਾਰ ਮਹਿਸੂਸ ਹੋਇਆ ਕੇ ਆਉਂਦੀ ਹੋਈ ਗੋਲੀ ਅੱਗੇ ਹੱਸ ਹੱਸ ਸੀਨਾ ਡਾਹੁਣ ਵਾਲੇ “ਸਖਤ” ਇਨਸਾਨ ਵੀ ਕਈ ਵਾਰ ਉਸ ਵੇਲੇ ਬੁਰੀ ਤਰਾਂ ਸਹਿਮ ਜਾਇਆ ਕਰਦੇ ਨੇ ਜਦੋਂ ਆਪਣੇ ਵਜੂਦ ਦਾ ਹਿੱਸਾ ਬਣ ਗਿਆ ਕੋਈ “ਬੇਗਾਨਾ” ਅਚਾਨਕ ਹੀ ਕਿਸੇ ਲੰਮੇ ਸਫ਼ਰ ਦੀ ਤਿਆਰੀ ਖਿੱਚ ਲਵੇ..!
ਹਰਪ੍ਰੀਤ ਸਿੰਘ ਜਵੰਦਾ
Access our app on your mobile device for a better experience!
Ravneet
I really loved all the stories written by Harpreet jawandha. All stories made me cry. These stories are written on reality.