More Gurudwara Wiki  Posts
1 ਅਕਤੂਬਰ ਜੋਤੀ ਜੋਤ ਦਿਹਾੜਾ ਗੁਰੂ ਨਾਨਕ ਸਾਹਿਬ ਜੀ


1 ਅਕਤੂਬਰ ਜੋਤੀ ਜੋਤ ਦਿਹਾੜਾ ਗੁਰੂ ਨਾਨਕ ਸਾਹਿਬ ਜੀ ਦਾ ਜੀ ਆਉ ਸੰਖੇਪ ਝਾਤ ਮਾਰੀਏ ਆਪਣੇ ਪਿਆਰੇ ਬਾਬਾ ਜੀ ਦੇ ਜੀਵਨ ਤੇ ਜੀ ।
ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਵਿਖੇ, ਜੋ ਸਤਿਗੁਰਾਂ ਨੇ ਸੰਮਤ 1561 ਵਿਚ ਵਸਾਇਆ ਸੀ, ਜੋਤੀ ਜੋਤਿ ਸਮਾਏ ਸਨ। ਇਸ ਪਵਿੱਤਰ ਅਸਥਾਨ ਤੇ ਦੇਸ਼ਾਂ ਦੇਸ਼ਾਂਤਰਾਂ ਵਿਚ ਸਿੱਖ ਧਰਮ ਦਾ ਉਪਦੇਸ਼ ਦੇਣ ਉਪਰੰਤ ਸਤਿਗੁਰੂ ਜੀ ਨੇ ਸੰਮਤ 1579 ਵਿਚ ਰਹਾਇਸ਼ ਕੀਤੀ ਸੀ। ਭਾਈ ਗੁਰਦਾਸ ਜੀ ਲਿਖਦੇ ਹਨ :
“ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ।।
ਪਹਿਰ ਸੰਸਾਰੀ ਕਪੜੇ, ਮੰਜੀ ਬੈਠ ਕੀਆ ਅਵਤਾਰਾ।।
ਇਸ ਨਗਰ ਦੇ ਵਸਾਉਣ ਵਿਚ ਭਾਈ ਦੋਦਾ ਅਤੇ ਦੁਨੀ ਚੰਦ (ਕਰੋੜੀ ਮੱਲ) ਦਾ ਉੱਦਮ ਹੋਇਆ, ਜਿਨ੍ਹਾਂ ਨੇ ਸਤਿਗੁਰੂ ਲਈ ਪਿੰਡ ਵਸਾ ਕੇ ਧਰਮਸ਼ਾਲ ਬਣਵਾਈ। ਬਾਬਾ ਲਹਿਣਾ ਜੀ ਦਾ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਕਰਤਾਰਪੁਰ ਸਾਹਿਬ ਵਿਖੇ ਅਕਤੂਬਰ-ਨਵੰਬਰ ਸੰਨ 1532 ਵਿਚ ਹੋਇਆ। ਰੂਹ ਨੂੰ ਅਜਿਹੀ ਖਿੱਚ ਪਈ ਕਿ ਉਹ ਗੁਰ ਚਰਨ-ਕਮਲਾਂ ਦੇ ਭੌਰੇ ਹੋ ਗਏ। ਪਰਿਵਾਰਕ ਜ਼ਿੰਮੇਵਾਰੀਆਂ ਤੋਂ ਜਦੋਂ ਵੀ ਮੌਕਾ ਮਿਲਦਾ, ਖਡੂਰ ਸਾਹਿਬ ਤੋਂ ਕਰਤਾਰਪੁਰ ਪਹੁੰਚ ਜਾਂਦੇ। ਗੁਰੂ ਨਾਨਕ ਸਾਹਿਬ ਜੀ ਵੀ ਮਾਝੇ ਵਿਚ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਬਾਬਾ ਲਹਿਣਾ ਜੀ ਪਾਸ ਖਡੂਰ ਸਾਹਿਬ ਠਹਿਰਦੇ ਸਨ। ਸਮੇਂ ਨਾਲ ਭਾਈ ਲਹਿਣਾ ਜੀ ਦਾ ਕਰਤਾਰਪੁਰ ਵਿਖੇ ਠਹਿਰਨ ਦਾ ਵਕਤ ਵਧਦਾ ਗਿਆ। ਕਰਤਾਰਪੁਰ ਰਹਿੰਦਿਆਂ ਅੰਮ੍ਰਿਤ ਵੇਲੇ ਸੰਗਤਾਂ ਉੱਠਦੀਆਂ ਤੇ ਗੁਰੂ ਨਾਨਕ ਸਾਹਿਬ ਜੀ ਦੇ ਰਚੇ ਸ਼ਬਦ ਪੜ੍ਹਦੀਆਂ। ਸ਼ਾਮ ਵੇਲੇ ਸੋਦਰ ਤੇ ਆਰਤੀ ਦਾ ਪਾਠ ਹੁੰਦਾ ਸੀ। ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ 38ਵੀਂ ਪਾਉੜੀ ਵਿਚ ਦਰਜ ਹੈ :
ਸੋਦਰ ਆਰਤੀ ਗਾਵੀਐ,
ਅੰਮ੍ਰਿਤ ਵੇਲੇ ਜਾਪ ਉਚਾਰਾ।।
ਅੰਮ੍ਰਿਤ ਵੇਲੇ ਪਾਠ ਕਰਨ ਲਈ ਕੋਈ ਨਿਸ਼ਚਿਤ ਬਾਣੀ ਨਹੀਂ ਸੀ। ਮਿਹਰਬਾਨ ਵਾਲੀ ਜਨਮ ਸਾਖੀ ਅਨੁਸਾਰ ਗੁਰੂ ਨਾਨਕ ਸਾਹਿਬ ਦੇ ਮਨ ਵਿਚ ਖ਼ਿਆਲ ਆਇਆ ਕਿ ਇਕ ਬਾਣੀ ਇਸ ਤਰ੍ਹਾਂਂ ਦੀ ਹੋਣੀ ਚਾਹੀਦੀ ਹੈ ਜੋ ਵਿਸ਼ੇਸ਼ ਅੰਮ੍ਰਿਤ ਵੇਲੇ ਸੰਗਤਾਂ ਪੜ੍ਹਨ। ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਬਚਨ ਕੀਤਾ ਕਿ ਉਨ੍ਹਾਂ ਦੀ ਰਚਨਾ ਵਿੱਚੋਂ ਇਕ ਜਪੁ ਸੰਗ੍ਰਹਿ ਕਰਨਾ ਹੈ ਜੋ ਆਪਣੇ ਆਪ ਵਿਚ ਇਕ ਸੰਪੂਰਣ ਰਚਨਾ ਹੋਵੇ। ਗੁਰੂ ਸਾਹਿਬ ਨੇ ਆਪਣੀ ਰਚੀ ਬਾਣੀ ਭਾਈ ਲਹਿਣਾ ਜੀ ਨੂੰ ਦੇ ਦਿੱਤੀ ਤੇ ਆਗਿਆ ਕੀਤੀ ਕਿ ਇਨ੍ਹਾਂ ਵਿੱਚੋਂ ਅਕਾਲ ਪੁਰਖ ਦੀ ਉਸਤਤ ਦੀਆਂ ਪਉੜੀਆਂ ਨੂੰ ਵੱਖ ਕਰਨ। ਇਸ ਸੰਗ੍ਰਹਿ ਦਾ ਮੁੱਢ ਗੁਰੂ ਸਾਹਿਬ ਨੇ ਇਨ੍ਹਾਂ ਸ਼ਬਦਾਂ ਨਾਲ ਕੀਤਾ :
ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।
ਭਾਈ ਲਹਿਣਾ ਜੀ ਨੇ ਪਾਉੜੀਆਂ ਦੀ ਚੋਣ ਆਰੰਭ ਦਿੱਤੀ। ਭਾਈ ਲਹਿਣਾ ਜੀ ਹਰ ਰੋਜ਼ ਅੰਮ੍ਰਿਤ ਵੇਲੇ ਪਾਉੜੀਆਂ ਗੁਰੂ ਨਾਨਕ ਸਾਹਿਬ ਜੀ ਨੂੰ ਸੁਣਾਉਂਦੇ। ਗੁਰੂ ਸਾਹਿਬ ਭਾਈ ਲਹਿਣਾ ਜੀ ਦੀ ਚੋਣ ਨੂੰ ਬਹੁਤ ਧਿਆਨ ਨਾਲ ਵੇਖਦੇ। ਇਸ ਤਰ੍ਹਾਂ ਫਿਰ ਇਕ ਦਿਨ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਸਾਰੀ ਰਚਨਾ ਵਿੱਚੋਂ 38 ਪਾਉੜੀਆਂ ਚੁਣ ਕੇ ਅੰਮ੍ਰਿਤ ਵੇਲੇ ਬਾਬਾ ਜੀ ਨੂੰ ਸੁਣਾਈਆਂ। ਇਹ 38 ਪਾਉੜੀਆਂ ਦੀ ਚੋਣ ਬਾਬਾ ਜੀ ਨੇ ਪ੍ਰਵਾਨ ਕਰ ਲਈ। ਇਸ ਤਰ੍ਹਾਂ ਜਪੁਜੀ ਸਾਹਿਬ ਜਿਸ ਵਿਚ ਅਠੱਤੀ ਪਾਉੜੀਆਂ ਅਤੇ ਸਲੋਕ ਹਨ, ਦੀ ਮੌਜੂਦਾ ਤਰਤੀਬ ਹੋਂਦ ਵਿਚ ਆਈ। ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਹੋਏ ਬਾਣੀ ਨੂੰ ਪੂਰਨ ਰੂਪ ਵਿਚ ਧਾਰਨ ਕਰ ਲਿਆ। ਉਨ੍ਹਾਂ ਦਾ ਅੰਤਰੀਵ ਬਾਣੀ ਸਰੂਪ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਲਹਿਣਾ ਜੀ ਨੂੰ ਆਪਣੇ ਗਲ਼ ਲਾਇਆ ਤੇ ਆਖਿਆ, ”ਤੇਰੇ ਮੇਰੇ ਵਿਚ ਕੋਈ ਵਿੱਥ ਨਹੀਂ ਰਹੀ।” ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਲਹਿਣਾ ਜੀ ਦਾ ਨਵਾਂ ਨਾਂ ਧਰ ਦਿੱਤਾ- ਅੰਗਦ। ਜੀਵਨ ਤਬਦੀਲ ਕਰ ਦਿੱਤਾ, ਨਾਂ ਵੀ ਤਬਦੀਲ ਕਰ ਦਿੱਤਾ।
ਆਪਣਾ ਜੋਤੀ ਜੋਤਿ ਸਮਾਉਣ ਦਾ ਸਮਾਂ ਨੇੜੇ ਜਾਣ ਕੇ 2 ਅੱਸੂ ਸੰਮਤ 1596, ਮੁਤਾਬਿਕ 2 ਸਤੰਬਰ 1539 ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਭ ਪਰਿਵਾਰ ਨੂੰ ਇਕੱਠਾ ਕੀਤਾ। ਪਿੰਡ ਦੇ ਸਭ ਲੋਕਾਂ ਨੂੰ ਸੱਦਿਆ ਤੇ ਸਾਰਿਆਂ ਦੇ ਸਾਹਮਣੇ ਭਾਈ ਲਹਿਣਾ ਜੀ ਅੱਗੇ ਪੰਜ ਪੈਸੇ ਰੱਖ ਕੇ ਮੱਥਾ ਟੇਕਿਆ। ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ ਬਣਾ ਕੇ ਆਪਣੀ ਸਾਰੀ ਜ਼ਿੰਮੇਵਾਰੀ ਸੌਂਪ ਦਿੱਤੀ। ਉਹ ਪੋਥੀ, ਜਿਸ ਵਿਚ ਗੁਰੂ ਨਾਨਕ ਸਾਹਿਬ ਜੀ ਦੀ ਰਚੀ ਬਾਣੀ ਅਤੇ ਬਾਬਾ ਫ਼ਰੀਦ ਜੀ, ਭਗਤ ਨਾਮਦੇਵ, ਭਗਤ ਕਬੀਰ, ਰਵਿਦਾਸ ਜੀ ਸਮੇਤ ਸਾਰੇ ਭਗਤਾਂ ਦੀ ਬਾਣੀ ਲਿਖ ਕੇ ਰੱਖੀ ਹੋਈ ਸੀ, ਗੁਰੂ ਅੰਗਦ ਸਾਹਿਬ ਜੀ ਨੂੰ ਸੌਂਪ ਦਿੱਤੀ। ਵਲਾਇਤ ਵਾਲੀ ਜਨਮ ਸਾਖੀ ਵਿਚ ਲਿਖਿਆ ਹੈ, “ਤਿਤੁ ਮਹਲਿ ਜੋ ਸ਼ਬਦ ਹੋਆ ਸੋ ਪੋਥੀ ਗੁਰੂ ਅੰਗਦ ਜੋਗ ਮਿਲੀ।”
ਭਾਈ ਕਰਮ ਸਿੰਘ ਰਚਿਤ ‘ਗੁਰੂ ਪੁਰਬ ਨਿਰਣਯ’ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦੀ ਸਰੀਰਕ ਤੌਰ ਤੇ ਉਮਰ ਸੱਤਰ ਸਾਲ, ਪੰਜ ਮਹੀਨੇ, ਤਿੰਨ ਦਿਨ ਸੀ। ਵਲਾਇਤ ਵਾਲੀ ਅਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ‘ਚ ਦਰਜ ਹੈ ਕਿ ਆਪ ਜੀ ਸੰਮਤ 1596, ਮੁਤਾਬਕ 1 ਅਕਤੂਬਰ 1539 ਈਸਵੀ ਨੂੰ ਜੋਤੀ ਜੋਤਿ ਸਮਾਏ। ਵਲਾਇਤ ਵਾਲੀ ਅਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ‘ਚ ਅੰਕਿਤ ਹੈ ਕਿ ਜਦੋਂ ਗੁਰੂ ਜੀ ਜੋਤੀ ਜੋਤਿ ਸਮਾਏ ਤਾਂ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਝਗੜਾ ਹੋ ਗਿਆ। ਹਿੰਦੂ ਕਹਿਣ ਕਿ ਗੁਰੂ ਨਾਨਕ ਦੇਵ ਜੀ ਹਿੰਦੂਆਂ ਦੇ ਗੁਰੂ ਹਨ, ਉਨ੍ਹਾਂ ਦੀ ਦੇਹ ਦਾ ਸਸਕਾਰ ਕਰਨਾ ਹੈ। ਮੁਸਲਮਾਨ ਦਾਅਵਾ ਕਰਨ ਕਿ ਗੁਰੂ ਨਾਨਕ ਦੇਵ ਜੀ ਮੁਸਲਮਾਨਾਂ ਦੇ ਪੀਰ ਹਨ ਤੇ ਉਨ੍ਹਾਂ ਦੀ ਦੇਹ ਨੂੰ ਦਫ਼ਨਾਉਣਾ ਹੈ। ਪ੍ਰੰਤੂ ਮਿਹਰਬਾਨ ਅਤੇ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਹਿੰਦੂਆਂ ਤੇ ਮੁਸਲਮਾਨਾਂ ਦੇ ਝਗੜੇ ਵਾਲਾ ਬਿਰਤਾਂਤ ਦਰਜ ਨਹੀਂ ਹੈ।
ਵਲਾਇਤ ਵਾਲੀ ਜਨਮ ਸਾਖੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਲਿਖੀ ਗਈ। ਇਸੇ ਸਮੇਂ ‘ਦਬਿਸਤਾਨ-ਇ-ਮਜ਼ਾਹਬ’ ਪੁਸਤਕ ਲਿਖੀ ਗਈ, ਜਿਸ ਵਿਚ ਇੰਨ-ਬਿੰਨ ਹਿੰਦੂ-ਮੁਸਲਮਾਨਾਂ ਦੇ ਝਗੜੇ ਵਾਲੀ ਗੱਲ ਕਬੀਰ ਸਾਹਿਬ ਦੇ ਦਿਹਾਂਤ ਮਗਰੋਂ ਵੀ ਲਿਖੀ ਹੋਈ ਹੈ ।
ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਵਿਚ ਲਿਖਦੇ ਹਨ ਕਿ ਅੰਤਮ ਸੰਸਕਾਰ ਕਰਨ ਲਈ ਸਿੱਖ, ਹਿੰਦੂ ਅਤੇ ਮੁਸਲਮਾਨਾਂ ਦਾ ਪਰਸਪਰ ਬਹੁਤ ਵਿਵਾਦ ਹੋਇਆ ਕਿਉਂਕਿ ਇਹ ਸਭ ਜਗਤ ਗੁਰੂ ਨੂੰ ਕੇਵਲ ਆਪਣਾ ਗੁਰੂ ਪੀਰ ਮੰਨਦੇ ਸਨ।।ਅੰਤ ਨੂੰ ਗੁਰੂ ਸਾਹਿਬ ਦਾ ਵਸਤਰ ਲੈ ਕੇ ਮੁਸਲਮਾਨਾਂ ਨੇ ਕਬਰ ਬਣਾਈ ਅਤੇ ਸਿੱਖਾਂ ਹਿੰਦੂਆਂ ਨੇ ਸਸਕਾਰ ਕੀਤਾ। ਗੁਰੂ ਅਰਜਨ ਸਾਹਿਬ ਜੀ ਰਾਗ ਗਾਉੜੀ ‘ਚ ਫ਼ੁਰਮਾਉਂਦੇ ਹਨ :
ਹਰਖ ਅਨੰਤ ਸੋਗ ਨਹੀ ਥੀਆ,
ਸੋ ਘਰੁ ਗੁਰਿ ਨਾਨਕ ਕਉ ਦੀਆ।।
ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਜੀ ਨੇ ਜ਼ਿੰਦਗੀ ਦੇ 18 ਸਾਲ ਗੁਜ਼ਾਰੇ। ਰਾਵੀ ਦਰਿਆ ਦੇ ਕੰਢੇ ਇਸ ਅਸਥਾਨ ‘ਤੇ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ। ਜਿਸ ਅਸਥਾਨ ਪੁਰ ਸਿੱਖਾਂ ਅਤੇ ਹਿੰਦੂਆਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਦੇਹ ਦਾ ਸਸਕਾਰ ਕੀਤਾ ਸੀ, ਉਸ ਜਗ੍ਹਾ ਸਮਾਧ ਬਣਾ ਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰ ਦਿੱਤੀ। ਉਸੇ ਅਸਥਾਨ ਤੋਂ 5-7 ਗਜ਼ ਹਟ ਕੇ ਜਿੱਥੇ ਮੁਸਲਮਾਨ ਸ਼ਰਧਾਲੂਆਂ ਨੇ ਗੁਰੂ ਸਾਹਿਬ ਦੇ ਵਸਤਰਾਂ ਨੂੰ ਦਫ਼ਨਾਇਆ ਸੀ, ਉਸ ਕਬਰ ‘ਤੇ ਸੁੰਦਰ ਮਜ਼ਾਰ ਸੁਸ਼ੋਭਿਤ ਹੈ।
ਇਸ ਪਵਿੱਤਰ ਅਸਥਾਨ ਦੀ ਖ਼ਾਸੀਅਤ ਹੈ ਕਿ ਗੁਰਦੁਆਰਾ ਸਾਹਿਬ ਅਤੇ ਮਜ਼ਾਰ ਸਾਹਿਬ ਇਕੱਠੇ ਹਨ। ਸੰਨ 1919 ਵਿਚ ਰਾਵੀ ਦਰਿਆ ਵਿਚ ਆਏ ਹੜ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੀ ਪਵਿੱਤਰ ਇਤਿਹਾਸਕ ਇਮਾਰਤ ਲਈ ਖ਼ਤਰਾ ਪੈਦਾ ਕਰ ਦਿੱਤਾ। ਸਿੱਖ ਸੰਗਤ ਦੇ ਸਹਿਯੋਗ ਸਦਕਾ ਮਹਾਰਾਜਾ ਪਟਿਆਲਾ ਸਰ ਭੁਪਿੰਦਰ ਸਿੰਘ ਨੇ ਇਕ ਲੱਖ ਪੈਂਤੀ ਹਜ਼ਾਰ ਛੇ ਸੌ ਰੁਪਏ ਖ਼ਰਚ ਕੇ ਮੌਜੂਦਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੀ ਇਮਾਰਤ ਨੂੰ ਤਿਆਰ ਕਰਨ ਦੀ ਸੇਵਾ ਕੀਤੀ ਅਤੇ ਦਰਿਆ ਰਾਵੀ ਤੇ ਕਰਤਾਰਪੁਰ ਸਾਹਿਬ ਵੱਲ ਬੰਨ੍ਹ ਬੰਨਿਆ।
9 ਨਵੰਬਰ 2019 ਵਾਲੇ ਸੁਭਾਗੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਤੇ ਪਾਕਿਸਤਾਨ ਦੇ ਸਦਰ ਇਮਰਾਨ ਖ਼ਾਨ ਨੇ ਗੁਰੂ ਨਾਨਕ ਦੇਵ ਜੀ ਦੇ ਮਾਨਵੀ ਸਾਂਝੀਵਾਲਤਾ ਦੇ ਸੰਦੇਸ਼ ‘ਤੇ ਅਮਲ ਕਰਦਿਆਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਉਦਘਾਟਨ ਕੀਤਾ।
ਜਿਥੇ ਵੀ ਗੁਰੂ ਨਾਨਕ ਸਾਹਿਬ ਗਏ ਉਹ ਥਾਂ ਪੂਜਾ ਸਥਾਨ ਬਣ ਗਈ ਸੁਮੇਰ ਗਏ ਤਾਂ ਸਿਧ ਪਹਿਲੀ ਨਜਰ ਨਾਲ ਜਾਂਣ ਗਏ ਕੀ ਇਹ ਕੋਈ ਆਮ ਆਦਮੀ ਨਹੀਂ ਹਨ । ਬਗਦਾਦ ਵਿਚ ਜਦੋਂ ਗੁਰੂ ਨਾਨਕ ਸਾਹਿਬ ਤੇ ਕਾਜ਼ੀ ਵਲੋਂ ਗੁਰੂ ਨਾਨਕ ਸਾਹਿਬ ਤੇ ਸੰਗ-ਸਾਰ ਕਰਨ ਦਾ ਹੁਕਮ ਦਿਤਾ ਗਿਆ ਤੇ ਪਥਰ ਲੋਕਾ ਦੇ ਹੱਥਾਂ ਵਿਚ ਹੀ ਰਹਿ ਗਏ ਜਦ ਉਨ੍ਹਾ ਨੇ ਤੇਜ਼ਮਈ ਸ਼੍ਖ੍ਸ਼ੀਅਤ ਦੇ ਦਰਸ਼ਨ ਕੀਤੇ ।
ਸੁਜਾਨ ਰਾਇ ਨੇ ਇਨ੍ਹਾ ਨੂੰ ਰੱਬ ਨੂੰ ਪਹਿਚਾਣਨ ਵਾਲਿਆਂ ਦਾ ਨੇਤਾ ਕਿਹਾ ਪ੍ਰੋਹਿਤ ਨੇ ਉਨ੍ਹਾ ਦੇ ਜਨਮ ਵਕਤ ਕਿਹਾ ਕੀ ਇਸਕੋ ਹਿੰਦੂ , ਮੁਸਲਮਾਨ ਜਪੇਗੇਂ । ਸਮਕਾਲੀ ਭਟਾਂ ਨੇ ਇਨ੍ਹਾ ਨੂੰ ਸ਼ਬਦ ਦਾ ਸੋਮਾ ਕਿਹਾ ਇਨ੍ਹਾ ਨੂੰ ਸਮਝਣ ਲਈ ਗੰਭੀਰਤਾ, ਧੀਰਜ ਤੇ ਉਚ ਕੋਟੀ ਦੀ ਅਕਲ ਦੀ ਲੋੜ ਹੈ । ਭਾਈ ਨੰਦ ਲਾਲ ਜੀ ਲਿਖਦੇ ਹਨ ਕਿ ਉਸਦੇ ਪਵਿਤਰ ਨਾਮ ਦੇ ਦੋਨੋ ਨੂਨ ਨਿਆਮਤਾਂ ਬਖਸ਼ਣ ਵਾਲੇ ਤੇ ਸਹਾਈ ਹੋਣ ਵਾਲੇ ਹਨ ਵਿਚਕਾਰਲਾ ਕਾਫ਼ ਅਮਨ ਤੇ ਮਹਾਂਪੁਰਖ ਦਾ ਸੂਚਕ ਹੈ । ਉਸਦੀ ਫਕੀਰੀ ਕਾਂਮਲ ਫਕਰ ਦਾ ਸਿਰ ਉਚਾ ਕਰਨ ਵਾਲੀ ਹੈ ਉਸਦੀ ਸਖਾਵਤ ਦੋਨੋ ਜਹਾਨਾ ਵਿਚ ਭਰਪੂਰ ਹੈ ਉਸ ਜਿਹਾ ਕੋਈ ਦਰਵੇਸ਼ ਸੰਸਾਰ ਵਿਚ ਨਹੀਂ ਆਇਆ ।
ਮੋਲਵੀ ਗੁਲਾਮ ਅਲੀ ਜੋ ਫ਼ਰਖਸੀਅਰ ਦਾ ਮੁਨਸ਼ੀ ਸੀ ਲਿਖਦਾ ਹੈ” ਗੁਰੂ ਸਾਹਿਬ ਕੋਲ ਇਲਮ ਤੇ ਹੁਨਰ ਜਿਤਨਾ ਨਬੀਆਂ ਪਾਸ ਹੁੰਦਾ ਹੈ, ਪੂਰਾ ਪੂਰਾ ਸੀ ਜਿਸਤੋਂ ਵਧ ਇਲਮ ਹੋਰ ਕਿਸੇ ਪਾਸ ਨਹੀਂ ਸੀ” ।
ਖੁਸ਼ਵੰਤ ਰਾਇ ਨੇ ਲਿਖਿਆ ਹੈ ਕਿ ,” ਗੁਰੂ ਨਾਨਕ ਸਾਹਿਬ ਇਕ ਮਹਾਨ ਰਹਸਵਾਦੀ , ਰੱਬ ਦੀ ਏਕਤਾ ਦੇ ਗਾਇਕ, ਭਾਣੇ ਵਿਚ ਰਹਿਣ ਵਾਲੇ , ਰਬੀ ਰਹਿਮਤਾਂ ਦੇ ਚਸ਼ਮੇ , ਦੋਹਾਂ ਜਹਾਨਾ ਦੇ ਰਮਜਾਂ ਤੋਂ ਜਾਣੂ , ਸਭ ਵਿਦਿਆ ਦੇ ਗਿਆਤਾ ਅਤੇ ਧਰਤੀ ਤੇ ਆਕਾਸ਼ ਦੇ ਭੇਦ ਜਾਣਨ ਵਾਲੇ ਸਨ । ਆਪਜੀ ਦੀ ਸੱਚੀ ਬਾਣੀ ਨੇ ਦੇਸ਼ ਦੇਸ਼ਾਂਤਰਾਂ ਵਿਚ ਉਤਸਾਹ ਪੈਦਾ ਕੀਤਾ ਆਪਜੀ ਦੀ ਇਕ ਇਕ ਤੁਕ ਹਕੀਕੀ ਰਮਜਾਂ ਦਾ ਪ੍ਰਗਟਾਵਾ ਕਰਦੀ ਹੈ “।
ਭਗਤ ਮਾਲ ਨੇ ਆਪਜੀ ਨੂੰ ਪੁਲਾੜ ਤੇ ਆਕਾਸ਼ ਦੀਆਂ ਰਮਜਾਂ ਜਾਣਨ ਵਾਲਾ ਕਿਹਾ ਹੈ । ਲੇਫਟੀਨੇਂਟ ਸਟੈਨਬੈਕ ਨੇ ਗੁਰੂ ਸਾਹਿਬ ਨੂੰ ਕਲਹ ਦਾ ਵੈਰੀ ਲਿਖ਼ਿਆ ਹੈ, ਮਤਲਬ ਦੁਸ਼ਮਣੀ ਤੇ ਲੜਾਈ ਝਗੜੇ ਦਾ ਵੈਰੀ ਜਿਸ ਦੀਆਂ ਕਈ ਉਦਾਰਹਣਾ ਇਤਿਹਾਸ ਵਿਚ ਮਿਲਦੀਆਂ ਹਨ । ਜਦ ਗੁਰੂ ਸਹਿਬਾਨ ਸੰਗਲਦੀਪ ਗਏ ਤਾਂ ਉਥੇ ਸਾਰੇ ਮੁਲਕ ਵਿਚ 1400 ਪਿੰਡ ਸੀ ਜਿਸਦੇ ਸੱਤ ਵਖ ਵਖ ਰਾਜੇ ਸੀ ਗੁਰੂ ਸਾਹਿਬ ਦੇ ਕਹਿਣ ਉਤੇ ਇਕ ਰਾਜੇ ਦੇ ਹੇਠ ਸਾਰੇ ਪਿੰਡ ਆ ਗਏ ਜਿਥੇ ਵੀ ਗੁਰੂ ਸਾਹਿਬ ਜਾਂਦੇ ਸੰਗਤ ਬਣਾ ਆਉਂਦੇ ਤਾਕਿ ਸਾਰੇ ਇਕ...

ਥਾਂ ਮਿਲਕੇ ਬੈਠ ਸਕਣ ।
ਜਾਰਜ ਫਾਰਸਟਰ ਨੇ ਜਦ 1798 ਵਿਚ ਉਹ ਪੰਜਾਬ ਆਇਆ ਤਾਂ ਉਸਨੇ ਆਪਣੇ ਸਫ਼ਰਨਾਮੇ ਵਿਚ ਗੁਰੂ ਸਾਹਿਬ ਨੂੰ ਇਕ ਇਨਸਾਫ਼ ਪਸੰਦ ,ਜਿਨ੍ਹਾ ਨੇ ਆਪਣੀ ਮਿਠੀ ਜ਼ੁਬਾਨ ਤੇ ਸੁਹਜ ਨਾਲ ਆਪਣੇ ਹਰ ਬਿਖਮ ਮੁਹਿਮ ਨੂੰ ਪਰ ਕਰਨੇ ਵਿਚ ਕਾਮਯਾਬ ਹੋਏ । ਮੈਕਗ੍ਰੇਗਰ ਨੇ ਲਿਖਿਆ ਕਿ ਗੁਰੂ ਸਾਹਿਬ ਨੇ ਉਨ੍ਹਾ ਲੋਕਾਂ ਨੂੰ ਆਪਣੇ ਪਾਸ ਬਿਠਾਇਆ ਜਿਸਦੇ ਪਰਛਾਵੇਂ ਤੋਂ ਵੀ ਲੋਕ ਨਫਰਤ ਕਰਦੇ ਸੀ ਤੇ ਇਹ ਗੁਰੂ ਨਾਨਕ ਸਾਹਿਬ ਦੀ ਅਗਵਾਈ ਸੀ ਜਿਸ ਕਰਕੇ ਉਨ੍ਹਾ ਦੇ ਸਿਖਾਂ ਵਿਚ ਬੇਪਨਾਹ ਸਾਹਸ ਤੇ ਅਥਾਹ ਸਹਜ ਸੀ ।
ਰਾਬਰਟ ਨੀਡਮ ਕਸਟ ਨੇ ਲਿਖਿਆ ਹੈ ਕਿ ਗੁਰੂ ਨਾਨਕ ਇਕ ਐਸੀ ਸ਼ਖਸ਼ੀਅਤ ਸੀ ਜੋ ਸਦੀਆਂ ਗੁਜਰ ਜਾਣ ਬਾਅਦ ਵੀ ਉਹੀ ਖਿਚ ਪਾਉਂਦੀ ਹੈ । ਸਾਨੂੰ ਦੇਖਣਾ ਪਵੇਗਾ ਕੀ ਉਨ੍ਹਾ ਵਿਚ ਐਸੀ ਕਿਹੜੀ ਚੁੰਬਕ ਸ਼ਕਤੀ ਸੀ ਰੁਤਬੇ, ਰੂਪਏ ਜਾਂ ਰੁਹਬ ਤਾਂ ਕਾਰਨ ਨਹੀਂ ਸੀ । ਐਸੇ ਪੁਰਸ਼ ਨੂੰ ਹੀ ਮਹਾਨ ਪੁਰਸ਼ ਕਿਹਾ ਜਾ ਸਕਦਾ ਹੈ ਉਨ੍ਹਾ ਨੇ ਆਪਣੇ ਹਮਵਤਨਾ ਵਿਚ ਸੁਧਾਰ ਦੇ ਐਸੇ ਅਸੂਲ ਪਾਏ ਕੀ ਪਰੋਹਿਤ ਵਾਦ,ਕਾਜ਼ੀਵਾਦ,ਰਸਮਾਂ , ਰੀਤਾਂ,ਰਵਾਜਾਂ,ਤੇ ਵਰਣ ਸ਼ਰਮ ਦੇ ਚੁੰਗਲਾਂ ਵਿਚੋਂ ਲੋਕਾਂ ਨੂੰ ਕਢ ਕੇ ਅਜ਼ਾਦ ਕਰ ਦਿਤਾ ।
ਮੈਲਕਮ ਨੇ ਆਪਣੀ ਪੁਸਤਕ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਨੇ ਜੋ ਮਹਾਨਤਾ ਤੇ ਪ੍ਰ੍ਸਿਧਤਾ ਪ੍ਰਾਪਤ ਕੀਤੀ ਤੇ ਜਿਸ ਸਫਲਤਾ ਨਾਲ ਵਿਰੋਧਤਾ ਦਾ ਟਾਕਰਾ ਕੀਤਾ ਉਹ ਕਹਿਣ ਲਈ ਕਾਫੀ ਹੈ ਕੀ ਉਹ ਸਧਾਰਨ ਮਨੁਖ ਨਹੀਂ ਸਨ । ਉਹ ਅਜਿਹੇ ਸੂਬੇ ਵਿਚ ਪੈਦਾ ਹੋਏ ਜਿਥੇ ਮੁਸਲਮਾਨਾ ਦਾ ਮੱਤ ਤੇ ਹਿੰਦੁਆਂ ਦੀ ਮੂਰਤੀ ਪੂਜਾ ਆਪਸ ਵਿਚ ਖਹਿੰਦੇ ਸੀ ਤੇ ਆਪਸੀ ਅਤ ਘਿਰਣਾ ਤੇ ਦੁਸ਼ਮਣੀ ਸੀ , ਪਿਆਰ ਦਾ ਨਾਅਰਾ ਲਗਾਣਾ ਇਕ ਕਮਾਲ ਦਾ ਕੰਮ ਸੀ ।
ਸੀ.ਐਚ.ਪੈਨ ਲਿਖਦਾ ਹੈ ਗੁਰੂ ਨਾਨਕ ਨੇ ਸਭ ਧਰਮਾਂ ਨੂੰ ਸਿਖਾਇਆ ਕੀ ਸੰਸਾਰ ਵਿਚ ਕਿਵੇਂ ਚੰਗੀ ਤਰਹ ਰਹਿਣਾ ਚਾਹੀ ਦਾ ਹੈ । ਉਨ੍ਹਾ ਦਾ (ਗੁਰੂ ਗਰੰਥ ਸਾਹਿਬ) ਬਾਣੀ ਵਰਗੀ ਉਚੀ ਮਰਿਯਾਦਾ ਤੇ ਜੋਰ ਦੇਣਾ , ਸਚ ਤੋਂ ਉਪਰ ਸਚੇ ਆਚਾਰ ਤੇ ਜੋਰ ਦੇਣਾ ਕਿਓਂਕਿ ਸਚੇ ਆਚਾਰ ਤੋ ਬਿਨਾ ਧਰਮ ਕਿਸੇ ਅਰਥ ਨਹੀਂ । ਵਿਸ਼ਵਾਸ , ਜਤ ,ਨਿਆਂ ,ਰਹਿਮ ,ਦਇਆ,ਧੀਰਜ ਤੇ ਪਵਿੱਤਰਤਾ ਤੇ ਜੋਰ ਦਿਤਾ ਤੇ ਕੁਬੁਧੀ, ਕੁਦਇਆ, ਜਬਰ,ਲੋਭ ਤੇ ਵਿਲਾਸ ਦੇ ਵਿਰੁਧ ਜੋਰਦਾਰ ਅਵਾਜ਼ ਉਠਾਈ । ਸੀ.ਏ.ਕਿਨਕੇਡ ਨੇ ਟੀਚਰਸ ਓਫ ਇੰਡੀਆ ਵਿਚ ਲਿਖਿਆ ਹੈ ਕਿ ਇਕ ਯੂਨਾਨੀ ਆਖਾਣ ਹੈ ਕੀ ਮਾਲਕ ਦੇ ਡਰ ਤੋਂ ਹੀ ਸੂਝ ਦਾ ਪ੍ਰਕਾਸ਼ ਹੁੰਦਾ ਹੈ ਪਰ ਨਾਨਕ ਸ਼ਾਹ ਨੇ ਆਪਣੇ ਨਾਮ ਲੇਵਿਆਂ ਨੂੰ ਨਿਰਭਉ ਬਣਾ ਕੇ ਬੰਧਨਾ ਤੋ ਅਜਾਦ ਕੀਤਾ ਹੈ । ਇਬਸਟਨ ਨੇ ਲਿਖਿਆ ਹੈ ਕੀ ਗੁਰੂ ਨਾਨਕ ਜੀ ਲੋਕਾਂ ਨੂੰ ਮਨਾਂ ਦੇ ਪਰਛਾਵੇਂ ਤੋਂ ਹਟਾ ਕੇ ਪ੍ਰੱਤਖ ਦਿਸ਼ਾ ਵਲ ਲਿਜਾਣ ਆਏ ਸੀ ।
ਬਾਣੀ / ਉਪਦੇਸ਼
ਗੁਰੂ ਨਾਨਕ ਸਾਹਿਬ ਨੇ ਸਿਰਫ ਅਧਿਆਤਮਿਕ ਗਿਆਨ ਹੀ ਨਹੀ ਦਿਤਾ, ਸਗੋ ਸਮਾਜਿਕ, ਰਾਜਨੀਤਕ , ਆਰਥਿਕ ਤੇ ਪ੍ਰਕਿਰਤਿਕ ਪਖੋਂ ਵੀ ਲੋਕਾਂ ਨੂੰ ਸੇਧ ਦਿਤੀ । ਵੱਖ ਵੱਖ ਰਬ ਦੇ ਸਰੂਪਾਂ ਦੀ ਥਾਂ ਇਕ ਅਕਾਲ ਪੁਰਖ ਦਾ ਸਿਮਰਨ ਦਾ ਰਾਹ ਦਸਿਆ ਜਿਸਦੀ ਪ੍ਰਾਪਤੀ ਲਈ ਸ਼ਬਦ ਗੁਰੂ ਨਾਲ ਜੋੜ ਦਿਤਾ ਜੁੜਨ ਦਾ ਸੋਖਾ ਰਾਹ ਸ਼ਬਦ ਨਾਲ ਕੀਰਤਨ, (ਸੰਗੀਤ) ਦਸਿਆ ।
ਪਵਨ ਆਰੰਭ ਸਤਿਗੁਰ ਮਤਿ ਵੇਲਾ
ਸਬਦੁ ਗੁਰੂ ਸੁਰਤਿ ਧੁਨਿ ਚੇਲਾ
ਬੁਤ ਪੂਜਾ , ਮੂਰਤੀ ਪੂਜਾ ਤੇ ਕਰਮ ਕਾਂਡਾਂ ਦਾ ਖੰਡਣ ਕੀਤਾ ਗਰੀਬ, ਅਮੀਰ , ਊਚ-ਨੀਚ ,ਜਾਤ ਪਾਤ , ਵਰਣ ਵੰਡ ਨੂੰ ਨਕਾਰਿਆ ਮਨੁਖਤਾ ਨੂੰ ਮੁਕਤੀ ਦਾ ਸੋਖਾ ਰਾਹ ਦਸਿਆ । ਹੁਕਮ ਰਜ਼ਾ ਵਿਚ ਰਹਿੰਦੀਆਂ , ਗ੍ਰਹਿਸਤੀ ਜੀਵਨ ਵਿਚ ਰਹਿਕੇ , ਸਾਰੇ ਰਿਸ਼ਤੇ ਤੇ ਜੁਮੇਵਾਰੀਆਂ ਨਿਭਾਂਦਿਆਂ ਉਸ ਅਕਾਲ ਪੁਰਖ ਦਾ ਸਿਮਰਨ ਕਰਨਾ ਹੀ ਅਸਲੀ ਯੋਗ ਹੈ ।
ਗੁਰੁ ਪੀਰੁ ਸਦਾਏ ਮੰਗਣ ਜਾਇ ।
ਤਾ ਕੈ ਮੂਲਿ ਨ ਲਗੀਐ ਪਾਇ ।
ਘਾਲਿ ਖਾਇ ਕਿਛੁ ਹਥਹੁ ਦੇਇ ।
ਨਾਨਕ ਰਾਹੁ ਪਛਾਣਹਿ ਸੇਇ ।।
ਪ੍ਰਕਿਰਿਤੀ ਦੀ ਵਿਸ਼ਾਲਤਾ ਵਲ ਧਿਆਨ ਦਵਾਇਆ ਅਜ ਤੋ 550 ਸਾਲ ਪਹਿਲੇ ਲਖਾਂ ਪਾਤਾਲਾ, ਅਕਾਸ਼ਾਂ ,ਸੂਰਜ ,ਚੰਨ ,ਤੇ ਖੰਡਾਂ ,ਬ੍ਰਹਿਮੰਡਾ ਦੀ ਜਾਣਕਾਰੀ ਦਿਤੀ ਗੁਰੂ ਸਾਹਿਬ ਅਨੁਸਾਰ ਪ੍ਰਮਾਤਮਾ ਇਸ ਕੁਦਰਤ ਨਾਲ ਇਕ ਮਿਕ ਹੈ । ਹਵਾ ਪਾਣੀ ਅਗਨੀ ,ਚੰਨ , ਸੂਰਜ, ਧਰਤੀ ਬਨਸਪਤੀ ਸਭ ਕੁਦਰਤ ਦੇ ਗੁਣ ਗਾਓਦੇ ਹਨ ਉਨ੍ਹਾ ਦੀ ਆਰਤੀ ਕਰਦੇ ਹਨ । ਕੁਦਰਤ ਵਿਚੋਂ ਹੀ ਵਿਸਮਾਦ ਪੈਦਾ ਹੁੰਦਾ ਹੈ ਧਰਤੀ ਨੂੰ ਧਰਮਸਾਲ ਕਿਹਾ ਹੈ । ਗੁਰੂ ਸਾਹਿਬ ਖੁਦ ਵੀ ਕੁਦਰਤ ਨੂੰ ਵੇਖ ਵੇਖ ਕੇ ਬਲਿਹਾਰ ਜਾਂਦੇ ਹਨ ਉਨ੍ਹਾ ਨੇ ਬ੍ਰਹਿਮੰਡਾ ਦੀ ਵਿਸ਼ਾਲਤਾ ਦੀ ਅਨੇਕ ਜਗਹ ਤੇ ਜਿਕਰ ਕੀਤਾ ਹੈ ।
ਉਨ੍ਹਾ ਨੇ ਜਗਤ ਦੇ ਉਧਾਰ ਵਾਸਤੇ ਇਕ ਵਿਸ਼ਵ-ਵਿਆਪੀ ਤੇ ਕ੍ਰਾਂਤੀਕਾਰੀ ਵਿਚਾਰਧਾਰਾ ਪੇਸ਼ ਕੀਤੀ , ਜਿਸਦੀ ਬੁਨਿਆਦ , ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ ਸੀ । ਉਨ੍ਹਾ ਲੋਕਾਂ ਨਾਲ ਸਾਂਝ ਬਣਾਈ ਜੋ ਇਸ ਸੋਚ ਤੇ ਅਮਲ ਕਰਦੇ ਮਲਕ ਭਾਗੋ ਦੀਆਂ ਪੂੜੀਆਂ ਦੀ ਥਾਂ ਭਾਈ ਲਾਲੋ ਦੀ ਕੋਦਰੇ ਦੀ ਰੋਟੀ ਖਾਣੀ ਨੂੰ ਉਤਮ ਸਮਝਿਆ । ਭਾਈ ਮਰਦਾਨਾ ਜੋ ਮਰਾਸੀ , ਉਸ ਵੇਲੇ ਦੀਆਂ ਨੀਵੀਆਂ ਜਾਤਾਂ ਵਿਚ ਸੀ ਤੇ ਮੁਸਲਮਾਨ ਵੀ , ਉਸਨੂੰ ਪੱਕਾ ਸਾਥੀ ਤੇ ,ਜੀਵਨ ਦਾ ਅੰਗ ਬਣਾ ਲਿਆ ਜੋ 60 ਸਾਲ ਗੁਰੂ ਸਾਹਿਬ ਦੇ ਨਾਲ ਰਹਿਆ । ਤੀਰਥ ਯਾਤਰਾ , ਵਰਤ, ਜਨੇਊ, ਪਿਤਰ ਪੂਜਾ ਸਰਾਧ ਆਦਿ ਨੂੰ ਅਡੰਬਰ ਤੇ ਪਰਜਾ ਨੂੰ ਲੁਟਣ ਲਈ ਕਰਮ ਕਾਂਡ ਕਹਿਕੇ ਨਕਾਰ ਦਿਤਾ ।
ਗੁਰੂ ਸਾਹਿਬ ਨੇ ਜੀਵ ਨੂੰ ਖਾਣਾ ਪੀਣਾ ,ਸੌਣਾ ਤੇ ਆਪਣੀ ਰਹਨੀ ਬਹਿਣੀ ਨੂੰ ਉਸ ਤਰਹ ਰਖਣ ਦਾ ਉਪਦੇਸ਼ ਦਿਤਾ ਹੈ ਜਿਸ ਨਾਲ ਤਨ ਤੇ ਮਨ ਨੂੰ ਤਕਲੀਫ਼ ਨਾ ਹੋਵੇ , ਮਨ ਵਿਚ ਵਿਕਾਰ ਨਾ ਚਲਣ ।
ਕੁਦਰਤ ਦੀ ਰਚਨਾ ਮਨੁਖ ਹੈ ਇਸ ਨੂੰ ਪਿਆਰ ਕਰੋ, ਉਸਦੀ ਜਾਤੀ, ਧਰਮ, ਊਚ ਨੀਚ ਗਰੀਬ ਅਮੀਰ ਦੇਸ਼ ਕੌਮ , ਹਦਾਂ ਸਰਹੱਦਾ ਤੋ ਉਪਰ ਉਠਕੇ ਹਿੰਸਾ , ਨਸ਼ੇ, ਬੁਰਾਈਆਂ ਛਡ ਕੇ ਇਸ ਸੰਸਾਰ ਨੂੰ ਇਕ ਪਰਿਵਾਰ ਦਾ ਰੂਪ ਦੇਕੇ ਸਾਂਝੀਵਾਲਤਾ , ਪਿਆਰ, ਮਾਨ ਤੇ ਸਤਕਾਰ ਨਾਲ ਵਿਚਰੋ ।
ਆਰਥਿਕ ਪਖ ਤੋ ਹਾਲਤ ਡਾਵਾਂ ਡੋਲ ਸੀ ਜਿਸਦਾ ਮੁਖ ਕਾਰਨ ਰਾਜੇ ਮਹਾਰਾਜੇ ,ਅਹਿਲਕਾਰ ਤੇ ਹਾਕਮ ਦੀ ਪਰਜਾ ਉਪਰ ਅਤਿਆਚਾਰ ਤੇ ਲੁਟ ਖਸੁਟ ਸੀ ਜਿਸਦੀ ਉਨ੍ਹਾ ਨੇ ਬੈਖੋਫ਼ ਹੋਕੇ ਭਰਪੂਰ ਨਿੰਦਾ ਤੇ ਨਿਖੇਦੀ ਕੀਤੀ ।
ਰਾਜੇ ਸ਼ੀਂਹ ਮੁਕਦਮ ਕੁਤੇ , ਜੈ ਜਗਾਇਨਿ ਬੈਠੇ ਸੁਤੇ
ਚਾਕਰ ਨਹਦਾ ਪਾਇਨਿ ਘਾਉ ਰਤੁ ਪਿਤੁ ਕੁਤਿਹੋ ਚਟ ਜਾਹੁ ।।
ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ ਦੇ ਦਸੇ ਰਾਹ ਤੇ ਚਲਣ ਵਾਲਿਆਂ ਨੂੰ ਇਤਨੀਆਂ ਮੁਸੀਬਤਾਂ ਤੇ ਚੁਣੋਤੀਆਂ ਦਾ ਸਾਮਣਾ ਕਰਨਾ ਪਿਆ । ਪਹਿਲੇ ਤਾਂ ਗੁਰੂ ਨਾਨਕ ਸਾਹਿਬ ਆਪ ਹੀ ਏਮਨਾਬਾਦ , ਬਾਬਰ ਦੇ ਜੇਲ ਵਿਚ ਰਹੇ , ਗੁਰੂ ਅਰਜਨ ਦੇਵ ਜੀ ਅਨੇਕਾਂ ਤਸੀਹੇ ਦੇਕੇ ਸ਼ਹੀਦ ਕੀਤਾ ਗਿਆ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿਚ ਕੈਦ ਰਹੇ , ਗੁਰੂ ਹਰ ਰਾਇ ਤੇ ਗੁਰੂ ਹਰ ਕ੍ਰਿਸ਼ਨ ਨੂੰ ਦਿੱਲੀ ਤਫਦੀਸ਼ ਲਈ ਬੁਲਾਇਆ, ਗੁਰੂ ਤੇਗ ਬਾਹਦਰ ਤੇ ਉਨ੍ਹਾ ਦੇ ਸਾਥੀਆਂ ਨੂੰ ਚਾਂਦਨੀ ਚੌਕ ਵਿਚ ਸ਼ਹੀਦ ਕੀਤਾ ਗਿਆ । ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਦਾ ਤਾ ਕੋਈ ਅੰਤ ਨਹੀ , ਉਸਤੋ ਬਾਦ ਕਈ ਘੱਲੂ -ਘਾਰੇ ਛੋਟੇ ਤੇ ਵਡੇ ਜਿਨਾ ਵਿਚ ਅਧੀ ਕੌਮ ਸਹੀਦ ਹੋ ਗਈ ਪਰ ਇਨਾ ਚੁਨੋਤੀਆਂ , ਮੁਸ਼ਕਿਲਾਂ ਵਿਚ ਵੀ ਉਨ੍ਹਾ ਦੇ ਹੌਸਲੇ ਤੇ ਹਿੰਮਤ ਬੁਲੰਦ ਰਹੀ ।
ਗੁਰੂ ਨਾਨਕ ਸਾਹਿਬ ਮਹਾਨ ਕ੍ਰਾਂਤੀਕਾਰੀ ਤੇ ਧਾਰਮਿਕ ਆਗੂ ਸਨ ਜਿਨਾ ਦੀ ਵਿਚਾਰਧਾਰਾ ਨੇ ਸਮੁਚੀ ਮਨੁਖਤਾ ਤੇ ਜੀਵਨ ਦੇ ਸਾਰੇ ਪਖਾਂ ਨੂੰ ਆਪਣੇ ਘੇਰੇ ਵਿਚ ਸਮੇਟਿਆ ਜਿਸਦਾ ਮਕਸਦ ਸੀ ਮਨੁਖ ਦੀ ਕਾਇਆ-ਕਲਪ ਕਰਨਾ ਤੇ ਇਨਕਲਾਬ ਲਿਆਉਣਾ ਜਿਸ ਨਾਲ ਪੂਰੀ ਮਨੁਖਤਾ ਦਾ ਭਲਾ ਹੋਵੇ ।
ਗੁਰੂ ਸਾਹਿਬ ਵਲੋਂ ਚਲਾਈ ਪੰਗਤ ਅਤੇ ਸੰਗਤ ਦੀ ਪਰੰਪਰਾ ਇਸ ਗਲ ਦੀ ਗਵਾਹੀ ਭਰਦਾ ਹੈ ਕੀ ਬਿਨਾ ਕਿਸੀ ਭੇਦ-ਭਾਵ ਤੋਂ ਹਰ ਬੰਦਾ , ਚਾਹੇ ਓਹ ਹਿੰਦੁਸਤਾਨ ਦਾ ਬਾਦਸ਼ਾਹ ਹੋਵੇ ਯਾ ਭਿਖਾਰੀ ਇਕ ਥਾਂ ਬੈਠ ਕੇ ਲੰਗਰ ਛਕੇ । ਗੁਰੂ ਅਮਰਦਾਸ ਜੀ ਨੇ ਤਾਂ ਗੁਰੂ ਦਰਬਾਰ ਵਿਚ ਆਣ ਤੋ ਪਹਿਲਾ ਲੰਗਰ ਛਕਣਾ ਲਾਜ਼ਮੀ ਕਰ ਦਿਤਾ ਸੀ ,” ਪਹਿਲੇ ਪੰਗਤ ਫਿਰ ਸੰਗਤ ” ‘ਇਸੇ ਪੰਗਤ ਵਿਚ ਬੈਠਕੇ ਬਾਦਸ਼ਾਹ ਅਕਬਰ ਨੇ ਲੰਗਰ ਛਕਿਆ ਤੇ ਸੰਗਤ ਵਿਚ ਬੈਠਕੇ ਗੁਰੂ ਸਾਹਿਬ ਦੇ ਉਪਦੇਸ਼ ਸੁਣੇ ।
ਦਰਬਾਰ ਸਾਹਿਬ ਦੀ ਨੀਂਹ ਇਕ ਸੂਫ਼ੀ ਸੰਤ ਮੀਆਂ ਮੀਰ ਜੋ ਮੁਸਲਮਾਨ ਦਰਵੇਸ਼ ਸਨ , ਕੋਲੋਂ ਰਖਵਾਣੀ ,ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਚਹੁੰਆਂ ਵਰਨਾ ਲਈ , ਗੁਰੂ ਸਾਹਿਬ ਵਲੋਂ ਖੂਹ , ਸਰੋਵਰ ਤੇ ਬਉਲੀਆਂ ਦਾ ਪ੍ਰਬੰਧ ਕੀਤਾ ਜਿਸ ਨੂੰ ਹਰ ਕੋਈ ਇਸਤਮਾਲ ਕਰ ਸਕਦਾ ਸੀ ਜੋ ਜਾਤ-ਪਾਤ ਨੂੰ ਖਤਮ ਕਰਨ ਦੀ ਇਕ ਸਾਰਥਿਕ ਪਹਿਲ ਸੀ । ਅਲਗ ਅਲਗ ਖਿਤਿਆਂ ਵਿਚ ਰਹਿਣ ਵਾਲੇ ,ਵਖ ਵਖ ਧਰਮਾਂ ਦੇ ਪੈਰੋਕਾਰ , ਅਤੇ ਭਿਨ ਭਿਨ ਜਾਤੀਆਂ ਅਤੇ ਵਰਗਾਂ ਦੇ ਸੰਤਾਂ ਦੀ ਬਾਣੀ ਨੂੰ ਬਰਾਬਰ ਦਾ ਦਰਜਾ ਦੇਕੇ ਗੁਰੂ ਗਰੰਥ ਸਾਹਿਬ ਵਿਚ ਦਰਜ਼ ਕਰਨਾ , ਜਿਸਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਨਹੀ ਹੈ ।
ਜਾਤਿ ਕਾ ਗਰਬੁ ਨ ਕਰੀਅਹ ਕੋਈ
ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ ।।
ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹੀਂ ਜਿਹ
ਰੂਪ ਰੰਗ ਅਰੁ ਰੇਖ ਭੇਖ ਕਊ ਕਹਿ ਨਾ ਸਕਤਿ ਕਿਹ ।।
ਬਾਣੀ ਦਾ ਵੇਰਵਾ :-
ਗੁਰੂ ਸਾਹਿਬ ਨੇ 19 ਰਾਗਾਂ ਵਿਚ ਬਾਣੀ ਉਸਾਰੀ 8 ਸਵੇਰ ਲਈ 5 ਸ਼ਾਮ ਲਈ 5 ਰਾਤ ਲਈ ਤੇ 1 ਦੁਪਿਹਰ ਲਈ ਉਨ੍ਹਾ ਦੀਆਂ ਲਿਖੀਆਂ ਬਾਣੀਆਂ ਦੇ ਵੇਰਵੇ :-
ਸੁਤੰਤਰ ਬਾਣੀਆ:- ਜਪੁ ਜੀ , ਪਹਰੇ,ਵਾਰ ਮਾਝ, ਪਟੀ, ਵਾਰ ਆਸਾ, ਅਲਾਹਣੀਆ , ਕੁਚਜੀ-ਸੁਚਜੀ. ਥਿਤੀ, ਦਖਣੀ ਓੰਅਕਾਰ, ਸਿਧ ਗੋਸ਼ਟਿ , ਬਾਰਹ ਮਾਂਹ, ਵਾਰ ਮਲਾਰ ਆਦਿ ।
19 ਰਾਗ :-ਸ੍ਰੀ ਰਾਗ, ਮਾਝ, ਗਉੜੀ, ਆਸਾ,ਗੂਜਰੀ, ਬਿਹਾਗੜਾ, ਵਡਹੰਸ ,ਸੋਰਠ,ਧਨਾਸਰੀ,ਤਿਲੰਗ, ਸੂਹੀ,ਬਿਲਾਵਲ,ਰਾਮਕਲੀ, ਮਾਰੂ, ਤੁਖਾਰੀ,ਭੈਰਓ ,ਬਸੰਤ, ਸਾਰੰਗ, ਮਾਲਾਰ ਰਾਗਾਂ ਵਿੱਚ ਬਾਣੀ ਲਿਖੀ
ਮੂਲਮੰਤਰ-1, ਚਉਪਦੇ-206, ਅਸ਼ਟਪਦੀਆਂ-121, ਛੰਦ-24, ਪਉੜੀਆਂ-116, ਸਲੋਕ-260, ਅਲਾਹਣੀਆਂ-5, ਕੁਚਜੀ-ਸੁਚਜੀ -2, ਸੋਲਹੇ-22, ਪਦੇ -199 = ਕੁਲ 956
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੁ ਜੀ ਕੀ ਫਤਹਿ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)