More Gurudwara Wiki  Posts
25 ਮਈ ਦਾ ਇਤਿਹਾਸ – ਗੁਰੂ ਅਮਰਦਾਸ ਜੀ


25 ਮਈ ਦਾ ਇਤਿਹਾਸ
ਗੁਰੂ ਅਮਰਦਾਸ ਜੀ ਮਹਾਰਾਜ ਦੇ ਪ੍ਕਾਸ ਪੁਰਬ ਦੀਆਂ ਸਰਬੱਤ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਗੁਰੂ ਅੰਗਦ ਦੇਵ ਜੀ ਨੇ ( ਗੁਰੂ ) ਅਮਰਦਾਸ ਜੀ ਨੂੰ ਦਿੱਤੀਆਂ 12 ਬਖਸ਼ਿਸ਼ਾਂ
1. ਨਿਮਾਣਿਆ ਦੇ ਮਾਣ
2. ਨਿਤਾਣਿਆਂ ਦੇ ਤਾਣ
3. ਨਿਓਟਿਆਂ ਦੀ ਓਟ
4. ਨਿਆਸਰਿਆਂ ਦਾ ਆਸਰਾ
5. ਨਿਥਾਵਿਆ ਥਾਵ
6. ਨਿਲੱਜਿਆ ਦੀ ਲਜ
7. ਨਿਪਤਿਆ ਦੀ ਪਤ
8. ਨਿਗਤਿਆ ਦੀ ਗਤ
9. ਨਿਧਿਰਿਆ ਦੀ ਧਿਰ
10. ਨਿਚੀਜਿਆ ਦੀ ਚੀਜ
11. ਨਿਰਜੋਰਿਆ ਦਾ ਜੋਰ
12. ਪੀਰਾਂ ਦੇ ਪੀਰ
ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪਿੰਡ ਬ੍ਸਾਰਕੇ , ਜਿਲਾ ਅਮ੍ਰਿਤਸਰ , ਅਮ੍ਰਿਤਸਰ ਤੋਂ ਪੰਜ ਕੁ ਮੀਲ ਦੀ ਦੂਰੀ ਤੇ ਬਾਬਾ ਤੇਜ ਭਾਨ ਤੇ ਮਾਤਾ ਸੁਲਖਣੀ ਦੇ ਘਰ ਹੋਇਆ । ਬਾਬਾ ਤੇਜ ਭਾਨ ਪੜੇ ਲਿਖੇ ,ਸੁਚੱਜੇ ਮਿਹਨਤੀ , ਇਮਾਨਦਾਰ ਤੇ ਧਾਰਮਿਕ ਬਿਰਤੀ ਦੇ ਇਨਸਾਨ ਸਨ । ਪਿੰਡ ਵਿਚ ਕੁਝ ਜਮੀਨ ਦੇ ਮਾਲਕ ਸਨ ਜਿਸ ਵਿਚ ਖੇਤੀ-ਬਾੜੀ ਕਰਾਉਦੇ ਤੇ ਨਾਲ ਵਣਜ -ਵਪਾਰ ਦਾ ਕੰਮ ਵੀ ਕਰਦੇ ਸਨ ਗੁਰੂ ਅਮਰ ਦਾਸ ਆਪਣੇ ਪਿਤਾ ਦੇ ਕੰਮ ਵਿਚ ਹਥ ਵਟਾਉਂਦੇ ਰਹੇ । 1503 ਵਿਚ ਉਨ੍ਹਾ ਦਾ ਵਿਵਾਹ ਸਨਖਤਰੇ ਦੇਵੀ ਚੰਦ ਬਹਿਲ ਦੀ ਸਪੁਤਰੀ ਰਾਮ ਕੌਰ (ਮਨਸਾ ਦੇਵੀ ) ਨਾਲ ਹੋਇਆ । ਉਨ੍ਹਾ ਦੇ ਘਰ ਦੋ ਸਪੁਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਤੇ ਦੋ ਸਪੁਤ੍ਰੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਹੋਈਆਂ ।
ਸਫਲ ਪਰਿਵਾਰਿਕ ਜੀਵਨ ਪਿਛੋਂ ਇਹ ਬੜੀ ਤੀਬਰਤਾ ਨਾਲ ਧਾਰਮਿਕ ਰਾਹਾਂ ਤੇ ਚਲ ਪਏ ਜਦੋਂ ਇਹ ਗੁਰੂ ਅੰਗਦ ਦੇਵ ਜੀ ਦੇ ਘਰ ਆਏ ਤਾਂ ਇਨਾ ਦੀ ਉਮਰ 61 ਸਾਲ ਦੀ ਸੀ । ਇਸਤੋਂ ਪਹਿਲਾਂ ਆਪਜੀ ਨੇ ਵੀ ਭਾਈ ਲਹਿਣਾ ਦੀ ਤਰਹ 20 ਸਾਲ ਗੰਗਾ ਦੀ ਯਾਤਰਾ ਕਰਨ ਦੀ ਕਠਿਨ ਘਾਲ ਘਾਲੀ ਸਾਲ ਵਿਚ ਸਿਰਫ 6 ਮਹੀਨੇ ਘਰ ਰਹਿੰਦੇ ਤੇ ਬਾਕੀ ਸਮਾ ਤੀਰਥ ਯਾਤਰਾਂ ਤੇ ! ਜਦੋਂ ਓਹ ਵੀਹਵੀਂ ਵਾਰੀ ਗੰਗਾ ਇਸ਼ਨਾਨ ਤੇ ਗਏ ਤੇ ਉਨ੍ਹਾ ਨਾਲ ਇਕ ਐਸੀ ਘਟਨਾ ਵਾਪਰੀ ਕੀ ਉਨਾ ਦੀ ਪੂਰੀ ਜਿੰਦਗੀ ਦੀ ਰੋਂ ਹੀ ਬਦਲ ਗਈ । ਮੁਲਾਣੇ ਪਰਗਨੇ ਦੇ ਪਿੰਡ ਮੋਹੜੇ ਵਿਚ ਇਕ ਬ੍ਰਹਮਣ ਰਹਿੰਦਾ ਸੀ ਜਿਸ ਕੋਲ ਯਾਤਰੀ ਅਕਸਰ ਠਹਿਰਦੇ ਸੀ ਉਥੇ ਓਨ੍ਹਾ ਦਾ ਮੇਲ ਇਕ ਵੈਸਨਵ ਬ੍ਰਾਮਚਾਰੀ ਨਾਲ ਹੋਇਆ ਜਿਸ ਨਾਲ ਗੁਰੂ ਸਾਹਿਬ ਦਾ ਮੇਲ ਜੋਲ ਬਹੁਤ ਵਧ ਗਿਆ , ਇਥੋ ਤਕ ਕੀ ਖਾਣਾ ਪੀਣਾ ਵੀ ਇਕਠਾ ਹੋ ਗਿਆ । ਅਚਾਨਕ ਉਸਨੇ ਪੁਛ ਲਿਆ ਕੀ ਤੁਹਾਡਾ ਗੁਰੂ ਕੌਣ ਹੈ ? ” ਗੁਰੂ ਦੀ ਭਾਲ ਵਿਚ ਉਮਰ ਗੁਜਰ ਗਈ ਹੈ ਅਜੇ ਤਕ ਕੋਈ ਮਿਲਿਆ ਨਹੀ “। ਇਹ ਜਵਾਬ ਸੁਣਕੇ ਉਸ ਨੂੰ ਬਹੁਤ ਬੁਰਾ ਲਗਾ ਤੇ ਇਹ ਕਹਿਕੇ ਉਨ੍ਹਾ ਦੀ ਸੰਗਤ ਛਡ ਗਿਆ ,” ਹੈ ਰਾਮ! ਨਿਗੁਰੇ ਕਾ ਸੰਗ , ਨਿਗੁਰੇ ਕਾ ਧਨ, ਨਿਗੁਰੇ ਕਾ ਹਥ ਕਾ ਪਕਾ ਅੰਨ ? ਜਨਮ ਗਿਆ ਤੇਰਾ ‘।
ਬਹੁਤ ਡੂੰਘੀ ਚੋਟ ਲਗੀ ਗੁਰੂ ਅਮਰਦਾਸ ਜੀ ਦੇ ਮਨ ਤੇ , ਇਕ ਡੂੰਘੀ ਖੋਹ, ਤਾਂਘ , ਬੇਚੈਨੀ ਤੇ ਉਦਾਸੀ ਦਿਲ ਵਿਚ ਘਰ ਕਰ ਗਈ । ਉਸਤੋਂ ਬਾਦ ਕਈ ਸਾਧੂਆਂ ਨੂੰ ਮਿਲੇ ਪਰ ਮਨ ਨਾ ਪਤੀਜਿਆ ਅਚਾਨਕ ਇਕ ਦਿਨ ਬੀਬੀ ਅਮਰੋ ਜੋ ਉਨ੍ਹਾ ਦੇ ਭਰਾ ਦੀ ਨੂੰਹ ਤੇ ਗੁਰੂ ਅੰਗਦ ਦੇਵ ਜੀ ਦੀ ਸਪੁਤਰੀ ਸੀ ਦੇ ਮੂੰਹੋਂ ,ਸਵੇਰੇ ਸਵੇਰੇ , ਦੁਧ ਰਿੜਕਦੇ ਵਕਤ ਬਾਣੀ ਸੁਣੀ । ਜਦ ਬੀਬੀ ਅਮਰੋ ਤੋਂ ਪੁਛਿਆ ਕੀ ਸਵੇਰੇ ਸਵੇਰੇ ਤੁਸੀਂ ਕੀ ਗਾ ਰਹੇ ਸੀ ਤਾਂ ਉਨ੍ਹਾ ਨੇ ਕਿਹਾ ਕੀ ਮੇਰਾ ਪਿਤਾ ਜੀ ਦੀ ਬਾਣੀ ਉਚਾਰੀ ਹੋਈ ਹੈ । ਬਾਣੀ ਦੇ ਬੋਲ ਇਤਨੇ ਪਿਆਰੇ, ਉਤੋਂ ਬੀਬੀ ਅਮਰੋ ਦੀ ਅਵਾਜ਼ ਇਤਨੀ ਮਿਠੀ ਸੀ ਕੀ ਗੁਰੂ ਅਮਰ ਦਾਸ ਦੇ ਦਿਲ ਵਿਚ ਮਿਲਣ ਦੀ ਤਾਂਘ ਪੈਦਾ ਹੋ ਗਈ ਬਸ ਫਿਰ ਕੀ ਸੀ ਓਹ ਬੀਬੀ ਅਮਰੋ ਨਾਲ ਮਿਲਣ ਵਾਸਤੇ ਗਏ ਤਾਂ ਉਨਾ ਜੋਗੇ ਹੀ ਰਹਿ ਗਏ , ਮੁੜ ਵਾਪਿਸ ਨਹੀਂ ਆਏ ।
12 ਸਾਲ ਗੁਰੂ ਘਰ ਵਿਚ ਰਹਕੇ ਅਨਥਕ ਸੇਵਾ ਕੀਤੀ , ਆਪਣੇ ਮਾਨ ਅਪਮਾਨ ਤੇ ਰਿਸ਼ਤੇ ਤੋ ਉਚੇਰੇ ਉਠਕੇ , ਪੂਰੇ ਸਿਦਕ ਪ੍ਰੇਮ ਤੇ ਉਤਸ਼ਾਹ ਨਾਲ ਹਰ ਰੋਜ਼ ਅਮ੍ਰਿਤ ਵੇਲੇ ਉਠਕੇ ਤਿੰਨ ਕੋਹ ਦੂਰ ਬਿਆਸ ਨਦੀ ਤੋਂ ਪਾਣੀ ਭਰ ਕੇ ਲਿਆਂਦੇ , ਗੁਰੂ ਸਾਹਿਬ ਨੂੰ ਇਸ਼ਨਾਨ ਕਰਾਂਦੇ, ਉਨ੍ਹਾ ਦੇ ਕਪੜੇ ਧੋਂਦੇ , ਤੇ ਲੰਗਰ ਦੀ ਸੇਵਾ ਵਿਚ ਲਗ ਜਾਂਦੇ । ਲੰਗਰ ਦੇ ਭਾਂਡੇ ਮਾਜਣੇ ,ਪਾਣੀ ਢੋਣਾ, ਪਖਾ ਝਲਣਾ , ਮੂੰਹ ਚੋ ਬਾਣੀ, ਹਥ ਕਾਰ ਵਲ ਤੇ ਚਿਤ ਕਰਤਾਰ ਵਲ ਰਹਿੰਦਾ ਘਟ ਬੋਲਦੇ ਘਟ ਖਾਂਦੇ ਤੇ ਘਟ ਸੋਂਦੇ ਹਾੜ, ਸਿਆਲ, ਹਨੇਰੀ ਮੀਹ ,ਝਖੜ , ਕਦੀ ਵੀ ਉਨਾ ਦੇ ਨੇਮ ਤੇ ਪ੍ਰੇਮ ਵਿਚ ਫਰਕ ਨਹੀਂ ਆਇਆ । ਕਈ ਵਾਰ ਹਨੇਰੇ ਵਿਚ ਠੁਡੇ ਠੇਡੇ ਵੀ ਖਾਂਦੇ ਇਸ ਕਰੜੀ ਤੇ ਅਤ- ਗਾਖੜੀ ਸੇਵਾ ਦੇ ਅੰਤਲੇ ਦਿਨਾ ਵਿਚ ਵਾਪਰੀ ਇਹ ਘਟਨਾ ਸੇਵਾ ਅਤੇ ਗੁਰਸਿਖ ਦੇ ਪਰਸਪਰ ਸਬੰਧਾ ਦੀ ਇਕ ਅਦੁਤੀ ਮਿਸਾਲ ਹੈ ।
ਇਕ ਦਿਨ ਸਦਾ ਵਾਂਗ ਅਮ੍ਰਿਤ ਵੇਲੇ ਬਿਆਸ ਨਦੀ ਤੋਂ ਪਾਣੀ ਭਰ ਕੇ ਲਿਆ ਰਹੇ ਸੀ , ਅਤ ਦਾ ਮੀਹ ਵਸ ਰਿਹਾ ਸੀ , ਝਖੜ ਝੁਲ ਰਿਹਾ ਸੀ , ਜਦੋਂ ਪਿੰਡ ਪਹੁੰਚੇ ਠੋਕਰ ਲਗੀ ਤਾਂ ਗਿਰ ਗਏ ਪਰ ਪਾਣੀ ਦੀ ਗਾਗਰ ਮੋਢੇ ਤੋ ਡਿਗਣ ਨਹੀਂ ਦਿਤੀ ,ਖੜਾਕ ਹੋਇਆ , ਨਾਲ ਹੀ ਇਕ ਘਰ ਵਿਚੋਂ ਜੁਲਾਹੇ ਨੇ ਜੁਲਾਹੀ ਤੋ ਪੁਛਿਆ ,” ਇਹ ਖੜਾਕ ਤਾਂ ਡਿਗਣ ਦਾ ਹੈ ਇਸ ਵੇਲੇ ਕੋਣ ਹੋਵੇਗਾ ? ਜੁਲਾਹੀ ਨੇ ਕਿਹਾ ,” ਹੋਰ ਕੋਣ ਹੋ ਸਕਦਾ ਹੈ, ਅਮਰੂ ਨਿਥਾਵਾਂ ਹੋਣਾ ,ਜੋ ਪੇਟ ਦੀ ਖਾਤਿਰ ਕੁੜਮਾ ਦਾ ਪਾਣੀ ਭਰਦਾ ਹੈ ਤੇ ਚਾਕਰੀ ਕਰਦਾ ਹੈ । ਗੁਰੂ ਸਾਹਿਬ ਨੇ ਵੀ ਉਨ੍ਹਾ ਦਾ ਵਾਰਤਾਲਾਪ ਸੁਣਿਆ ਤੇ ਕਿਹਾ ,” ਕਮਲੀਏ ਮੈ ਨਿਥਾਵਾਂ ਕਿਉਂ ਹਾਂ , ਜਿਸ ਨੂੰ ਪਾਤਸ਼ਾਹਾਂ ਦੇ ਪਾਤਸ਼ਾਹ ਨੇ ਠਿਕਾਣਾ ਦਿਤਾ ਹੋਵੇ ਓਹ ਨਿਥਾਵਾਂ ਕਿਵੇਂ ਹੋ ਸਕਦਾ ਹੈ ।
ਦਿਨ ਚੜੇ ਜਦ ਗੁਰੂ ਸਾਹਿਬ ਨੂੰ ਇਸ ਵਾਪਰੀ ਘਟਨਾ ਬਾਰੇ ਪਤਾ ਚਲਿਆ ਤਾਂ ਉਨ੍ਹਾ ਨੇ ਗੁਰੂ ਅਮਰ ਦਾਸ ਤੋ ਪੁਛਿਆ ਗੁਰੂ ਅਮਰ ਦਾਸ ਨੇ ਇਨਾ ਹੀ ਕਿਹਾ ਕੀ ਤੁਸੀਂ ਆਪ ਜਾਣੀ ਜਾਨ ਹੋ ਮੈ ਕੀ ਦਸ ਸਕਦਾ ਹਾਂ । ਇਤਨੇ ਨੂੰ ਜੁਲਹਾ ਆਪਣੀ ਬੀਵੀ ਨੂੰ ਜੋ ਕਮਲੀ ਹੋ ਚੁਕੀ ਸੀ , ਮਾਫ਼ੀ ਮੰਗਣ ਲਈ ਆਇਆ ਭਰੇ ਦਰਬਾਰ ਵਿਚ ਗੁਰੂ ਅੰਗਦ ਦੇਵ ਜੀ ਨੇ ਕਿਹਾ ,” ਤੁਸੀਂ ਅਮਰਦਾਸ ਦੀ ਬੜੀ ਨਿਰਾਦਰੀ ਕੀਤੀ ਹੈ ਓਹ ਨਿਥਾਵੇਂ ਕਿਵੇਂ ਹਨ । ਓਹ ਤਾ ਨਿਥਾਵਿਆਂ ਦੀ ਥਾਂ ,ਨਿਓਟਿਆਂ ਦੀ ਓਟ ,ਨਿਪਤਿਆਂ ਦੀ ਪਤ,ਨਿਗਤਿਆਂ ਦੀ ਗਤ , ਨਿਧਿਰੀਆਂ ਦੀ ਧਿਰ, ਗਏ ਬੇਹੋੜ ਬੰਦੀ ਛੋੜ – ਪੁਰਖਾ ਤੁਸੀਂ ਥੰਨ ਹੋ “।
ਕੁਝ ਦਿਨ ਮਗਰੋਂ ਗੁਰੂ ਅੰਗਦ ਦੇਵ ਜੀ ਨੇ ਉਨ੍ਹਾ ਨੂੰ ਗੋਇੰਦਵਾਲ ਵਸਾਣ ਦੀ ਆਗਿਆ ਦਿਤੀ ਗੋਇੰਦਵਾਲ ਗੋੰਦੇ ਦੀ ਬਹੁਤ ਸਾਰੀ ਜਮੀਨ ਸੀ ਜਿਥੇ ਓਹ ਬਸਤੀ ਵਸਾਣਾ ਚਾਹੁੰਦਾ ਸੀ । ਬਸਤੀ ਬਹੁਤ ਸੋਹਣੀ ਸੀ , ਪੱਤਣ ਤੇ ਸੀ ਵਸਦੀ ਤਾਂ ਸੀ ਪਰ ਭੂਤ ਪ੍ਰੇਤਾਂ ਦੇ ਡਰ ਤੋਂ ਫਿਰ ਉਜੜ ਜਾਂਦੀ ਗੋੰਦੇ ਦੀ ਬੇਨਤੀ ਮਨ ਕੇ ਗੁਰੂ ਅੰਗਦ ਦੇਵ ਜੀ ਨੇ ਅਮਰ ਦਾਸ ਜੀ ਨੂੰ ਨਾਲ ਭੇਜਿਆ । ਆਗਿਆ ਨੂੰ ਸਿਰ ਮਥੇ ਮੰਨਿਆ , ਪਰ ਫਿਰ ਵੀ ਇਸ਼ਨਾਨ ਕਰਾਣ, ਕਪੜੇ ਧੋਣ ਤੇ ਲੰਗਰ ਦੀ ਸੇਵਾ ਜਾਰੀ ਰਖੀ । ਦਿਨੇ ਸੇਵਾ ਕਰਦੇ ਤੇ ਸ਼ਾਮ ਨੂੰ ਗੋਇੰਦਵਾਲ ਚਲੇ ਜਾਂਦੇ ਅਖੀਰ ਕੁਛ ਚਿਰ ਮਗਰੋਂ ਗੁਰੂ ਸਾਹਿਬ ਨੇ ਉਨ੍ਹਾ ਨੂੰ ਗੋਇੰਦਵਾਲ ਟਿਕਣ ਦੀ ਆਗਿਆ ਦੇ ਦਿਤੀ ਰੁਝੇਵੇਂ ਵਧਦੇ ਗਏ ਪਰ ਸੇਵਾ ਵਿਚ ਕੋਈ ਤੋਟ ਨਾ ਪੈਣ ਦਿਤੀ ।
ਗੁਰਗਦੀ
ਇਕ ਦਿਨ ਜਨਵਰੀ 1552 ਵਿਚ ਜਦ ਗੁਰੂ ਅੰਗਦ ਦੇਵ ਜੀ ਨੂੰ ਲਗਾ ਕੀ ਉਨ੍ਹਾ ਦਾ ਸਮਾ ਨੇੜੇ ਆ ਗਿਆ ਹੈ ਤਾਂ ਪ੍ਰੇਮ, ਸਿਦਕ ,ਘਾਲ- ਕਮਾਈ ਤੇ ਯੋਗਤਾ ਦੇ ਪਖੋਂ ਹਕਦਾਰ ਸਮਝਕੇ , ਸੰਗਤ ਦੇ ਸਾਮਣੇ 5 ਪੈਸੇ ਤੇ ਨਾਰੀਅਲ ਰਖ ਕੇ ਅਰਦਾਸ ਕਰ ਮਥਾ ਟੇਕਿਆ । ਗੁਰਆਈ ਦੇ ਤਿਲਕ ਦਾ ਮਾਣ ਬਾਬਾ ਬੁਢਾ ਜੀ ਨੂੰ ਬਖਸ਼ਿਆ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ ਕੀ ਗੁਰਗਦੀ ਦੇ ਵਾਰਿਸ ਗੁਰੂ ਅਮਰ ਦਾਸ ਜੀ ਹੋ ਸਕਦੇ ਹਨ , ਇਤਨੇ ਨਿਮਾਣੇ ਤੇ ਇਤਨੀ ਬਿਰਧ ਅਵਸਥਾ ਵਿਚ ਗੁਰੂ ਸਾਹਿਬ ਦੇ ਦੋਨੋ ਪੁਤਰ ਦਾਤੂ ਤੇ ਦਾਸੂ ਜੀ ਵੀ ਪੂਰੀ ਆਸ ਲਗਾਏ ਬੈਠੇ ਸੀ । ਸੰਗਤ ਨੇ ਹੁਕਮ ਮਨ ਕੇ ਗੁਰੂ ਅਮਰ ਦਾਸ ਅਗੇ ਸੀਸ ਨਿਵਾਇਆ ਪਰ ਪੁਤਰਾਂ ਨੇ ਅਜਿਹਾ ਕਰਨੋ ਨਾਂਹ ਕਰ ਦਿਤੀ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮੋਣ ਤੋ ਬਾਅਦ ਗੁਰਗਦੀ ਦੀ ਪਗ ਦਾਸੂ ਨੂੰ ਬੰਨ ਦਿਤੀ ਥੋੜੇ ਸਮੇ ਬਾਅਦ ਦਾਸੂ ਦਾ ਸਿਰ ਫਿਰ ਗਿਆ ਮਾਤਾ ਖੀਵੀ ਦਾਸੂ ਨੂੰ ਗੁਰੂ ਸਾਹਿਬ ਕੋਲ ਲੈ ਗਈ, ਮਾਫ਼ੀ ਮੰਗੀ , ਗੁਰੂ ਸਾਹਿਬ ਨੇ ਮਾਫ਼ ਕਰ ਦਿਤਾ ਤੇ ਅਸੀਸ ਦਿਤੀ ਦਾਸੂ ਠੀਕ ਹੋ ਗਿਆ , ਫਿਰ ਉਸਨੇ ਕਦੀ ਕੋਈ ਬਖੇੜਾ ਖੜਾ ਕਰਨ ਦੀ ਕੋਸਿਸ਼ ਨਹੀ ਕੀਤੀ ।
ਦਾਤੂ ਆਪਣੀ ਜਿਦ ਤੇ ਅੜਿਆ ਰਿਹਾ ਗੁਰੂ ਅਮਰ ਦਾਸ ਜੀ ਦਾ ਵਧਦਾ ਪ੍ਰਤਾਪ ਦੇਖ ਕੇ ਕੁੜਦਾ ਰਹਿੰਦਾ ਇਕ ਦਿਨ ਗੋਇੰਦਵਾਲ ਸਾਹਿਬ ਗਿਆ ਗੁਰੂ ਸਾਹਿਬ ਸਿੰਘਾਸਨ ਤੇ ਬੇਠੇ ਸੀ । ਸਮਾਧੀ ਵਿਚ ਲੀਨ ਸੀ ,ਬਰਦਾਸ਼ਤ ਨਹੀ ਕਰ ਸਕਿਆ , ਜਾ ਲਤ ਮਾਰੀ ਗੁਰੂ ਸਾਹਿਬ ਨੇ ਨੇਤਰ ਖੋਲੇ, ਸੰਭਲੇ ਤੇ ਦਾਤੂ ਦੇ ਚਰਨ ਪਕੜਕੇ ਕਿਹਾ, ਸਾਡੀਆਂ ਬੁਡੀਆਂ ਹਡੀਆਂ ਸਖਤ ਹਨ ਤੁਹਾਡੇ ਪੈਰ ਕੂਲੇ ਤੇ ਨਰਮ ਹਨ ਕਿਤੇ ਚੋਟ ਤੇ ਨਹੀ ਆਈ ? ਗੁਰੂ ਸਾਹਿਬ ਦੀ ਨਿਮਰਤਾ ਨੂੰ ਦਾਤੂ ਕਮਜੋਰੀ ਸਮਝ ਬੈਠਾ ਤੇ ਕਹਿਣ ਲਗਾ ,” ਗਦੀ ਦਾ ਹਕਦਾਰ ਮੈਂ ਹਾਂ ਤੂੰ ਨਹੀ ਤੂੰ ਸਾਡਾ ਚਾਕਰ ਹੈਂ , ਤੇਰੀ ਸੇਵਾ ਦੀ ਹੁਣ ਸਾਨੂੰ ਲੋੜ ਨਹੀ ਤੂੰ ਜਾਹ ਇਥੋ ਚਲਾ ਜਾਹ “ ।
ਸ਼ਾਂਤੀ, ਤਿਆਗ ਦੇ ਨਿਮਰਤਾ ਦੇ ਪੁੰਜ, ਸਤਿਗੁਰੁ ਉਥੋਂ ਚਲੇ ਗਏ ਚੁਪ ਚਪੀਤੇ ਬਿਨਾ ਕਿਸੇ ਨੂੰ ਦਸੇ ਆਪਣੇ ਪਿੰਡ ਬ੍ਸਾਰਕੇ ਪਹੁੰਚ ਗਏ । ਪਿੰਡੋ ਬਾਹਰ ਇਕ ਕੋਠੇ ਵਿਚ ਬੈਠ ਗਏ ਅੰਦਰੋ ਕੁੰਡਾ ਲਗਾ ਲਿਆ ਬਾਹਰ ਲਿਖ ਦਿਤਾ ਜੇਹੜਾ ਕੋਈ ਦਰਵਾਜ਼ਾ ਖੋਲਕੇ ਅੰਦਰ ਆਣ ਦੀ ਕੋਸ਼ਿਸ਼ ਕਰੇਗਾ ਸਾਡਾ ਸਿਖ ਨਹੀ ਹੋਵੇਗਾ ।
ਅਖੀਰ ਸੰਗਤਾ ਵਡੀ ਭਾਲ ਪਿਛੋਂ ਬਾਬਾ ਬੁਢਾ ਜੀ ਦੀ ਅਗਵਾਈ ਹੇਠ ਬਸਾਰਕੇ ਪਹੁੰਚੀਆਂ ਬਾਬਾ ਬੁਢਾ ਜੀ ਨੇ ਲਿਖਿਆ ਦੇਖਿਆ ਐਸੀ ਵਿਓਂਤ ਬਣਾਈ ਕੀ ਅਵਿਗਿਆ ਵੀ ਨਾ ਹੋਵੇ ਤੇ ਬੇਨਤੀ ਵੀ ਕੀਤੀ ਜਾ ਸਕੇ । ਕੋਠੇ ਦੇ ਚੜਦੇ ਪਾਸੇ ਕੰਧ ਵਿਚ ਸੰਨ ਲਗਾਈ ਤੇ ਜਾ ਅੰਦਰ ਮਥਾ ਟੇਕਿਆ । ਗੁਰੂ ਸਾਹਿਬ ਬਾਬਾ ਬੁਢਾ ਜੀ ਤੇ ਸੰਗਤਾ ਦਾ ਪ੍ਰੇਮ ਸਤਿਕਾਰ ਤੇ ਹਲੀਮੀ ਦੇਖਕੇ ਬੜੇ ਖੁਸ਼ ਹੋਏ ਤੇ ਸੰਗਤਾ ਦਾ ਹੁਕਮ ਮੰਨ ਮੁੜ ਗੋਇੰਦਵਾਲ ਆਕੇ ਪਹਿਲੇ ਵਰਗਾ ਦਰਬਾਰ ਲਗਾਓਣ ਲਗ ਪਏ ।
22 ਸਾਲ ਗੁਰਗਦੀ ਤੇ ਰਹੇ ਜਿਸ ਵਿਚ ਉਨ੍ਹਾ ਨੇ ਸਿਖੀ ਮਹੱਲ ਨੂੰ ਉਸਾਰਨ ਵਲ ਵਿਸ਼ੇਸ਼ ਧਿਆਨ ਦਿਤਾ ਕਈ ਧਾਰਮਿਕ, ਸਮਾਜਿਕ ਸੁਧਾਰ ਕੀਤੇ ਤੇ ਸਿਖੀ ਦੇ ਰਾਹਾਂ ਨੂੰ ਮਜਬੂਤ ਕਰਨ ਲਈ ਕਈ ਢੰਗ ਅਪਨਾਏ ਗੁਰੂ ਨਾਨਕ ਦੇਵ ਤੇ ਗੁਰੂ ਅੰਗਦ ਦੇਵ ਜੀ ਦੇ ਚਲਾਏ ਰਾਹਾਂ ਨੂੰ ਵਧੇਰੇ ਪਧਰਾ , ਸਾਫ਼, ਸੌਖਾ ਤੇ ਚੌੜਾ ਕਰਨ ਦਾ ਯਤਨ ਕੀਤਾ ਆਪਣੀ ਬਾਣੀ ਦੁਆਰਾ ਗੁਰਮਤਿ ਦੇ ਸਿਧਾਂਤਾਂ ਨੂੰ ਵਧੇਰੇ ਸਪਸ਼ਟ ਤੇ ਸਰਲ ਬਣਾਇਆ ਸਿਖ ਸੰਗਤ ਤੇ ਸਮਾਜ ਵਿਚ ਭਾਈਚਾਰੇ ਦੇ ਓਹ ਪੂਰਨੇ ਪਾਏ ਜੋ ਆਉਣ ਵਾਲੀਆਂ ਪੁਸ਼ਤਾਂ ਲਈ ਚਾਨਣ ਮੁਨਾਰਾ ਬਣ ਕੇ ਸਾਬਤ ਹੋਏ । ਉਨ੍ਹਾ ਦਾ ਆਪਣਾ ਜੀਵਨ ਬੜਾ ਪਵਿਤਰ , ਸਿਧਾ ਸਾਦਾ, ਸਿਧਾਂਤਿਕ, ਧਾਰਮਿਕ , ਸੇਵਾ ਸਿਮਰਨ ,ਸਹਿਨਸ਼ੀਲਤਾ ਦਇਆ ਤੇ ਪਿਆਰ ਦਾ ਨਮੂਨਾ ਸੀ । ਆਪ ਇਕ ਚੰਗੇ ਗ੍ਰਿਹਿਸਤੀ , ਸਚੀ ਤੇ ਸੁੱਚੀ ਕਿਰਤ ਤੇ ਗਰੀਬਾਂ, ਲੋੜਵੰਦਾ, ਦੀਨ ਦੁਖੀਆਂ ਦੀ ਸਹਾਇਤਾ ਕਰਨ ਵਾਲੇ ਸੀ ।
ਜੋੜ ਮੇਲੇ
ਹੁਣ ਤਕ ਪ੍ਰਚਾਰ ਕਾਫੀ ਹੋ ਚੁਕਾ ਸੀ ਉਹਨਾ ਨੇ ਸਾਲ ਵਿਚ ਤਿੰਨ ਜੋੜ -ਮੇਲੇ ਨਿਯਤ ਕਰਕੇ ਗੁਰੂ ਨਾਨਕ ਦੀਆਂ ਸਿਖ ਸੰਗਤਾ ਨੂੰ ਇਕਠਾ ਕਰਨ ਦਾ ਉਪਰਾਲਾ ਕੀਤਾ । ਦਿਵਾਲੀ ਵੈਸਾਖੀ ਤੇ ਮਾਘੀ ਵਾਲੇ ਦਿਨ ਗੋਇੰਦਵਾਲ ਸਾਹਿਬ ਵਡੀ ਗਿਣਤੀ ਵਿਚ ਸੰਗਤਾ ਜੁੜਦੀਆਂ ਜਿਸ ਵਿਚ ਦੇਸ਼ ਦੇ ਕੋਨੇ ਕੋਨੇ ਤੋਂ ਆਈਆਂ ਸਮਸਿਆਵਾਂ ਦਾ ਪਾਰ ਉਤਾਰਾ ਕਰਨ ਦਾ ਯਤਨ ਕੀਤਾ ਜਾਂਦਾ ਸੀ – ਕੁਝ ਸਮਸਿਆਵਾਂ ਹਕੂਮਤ ਨਾਲ ਵੀ ਸੰਬਧਿਤ ਹੋਣਗੀਆਂ ਜਿਸਦਾ ਬੈਖੋਫ਼ ਹੋਕੇ ਕਹਿਣ, ਸੁਣਨ ਤੇ ਉਸਦਾ ਹਲ ਕਢਣ ਦਾ ਉਪਰਾਲਾ ਕੀਤਾ ਜਾਂਦਾ ਇਉ ਸਿਖ ਸੰਗਤ ਦੀ ਜਥੇਬੰਦੀ ਤੇ ਭਾਈਚਾਰਕ ਸਾਂਝ ਮਜਬੂਤ ਹੋਣ ਲਗੀ ।
ਲੰਗਰ ਪ੍ਰਥਾ
ਹੁਣ ਗੋਇੰਦਵਾਲ ਸਾਹਿਬ ਵਿਚ ਖਡੂਰ ਸਾਹਿਬ ਵਾਂਗ ਰੋਣਕਾਂ ਲਗ ਗਈਆਂ ਗੁਰੂ ਅਮਰਦਾਸ ਜੀ ਦਾ ਇਥੇ ਨਿਵਾਸ ਹੋਣ ਕਰਕੇ ਇਹ ਸਿਖੀ ਦਾ ਉਸ ਵੇਲੇ ਦਾ ਪ੍ਰਮੁਖ ਕੇਂਦਰ ਬਣ ਗਿਆ । ਸਵੇਰ ਤੋ ਸ਼ਾਮ ਤਕ ਕੀਰਤਨ ਲੰਗਰ ,ਵਿਚਾਰ , ਪਾਠ ਹੋਣ ਲਗੇ ਦੂਰ ਦੂਰ ਤੋਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਤੇ ਵਿਚਾਰਾਂ ਨੂੰ ਸੁਣਨ ਆਉਂਦੀਆਂ । ਗੁਰੂ ਸਾਹਿਬ ਨੇ ਇਥੇ ਲੰਗਰ ਪ੍ਰਥਾ ਨੂੰ ਮਜਬੂਤ ਕਰਨ ਲਈ ਹੁਕਮ ਕੀਤਾ ” ਪਹਿਲੇ ਪੰਗਤ ਪਾਛੇ ਸੰਗਤ” ਗੁਰੂ ਦਰਬਾਰ ਆਉਣ ਤੋ ਪਹਿਲਾਂ ਲੰਗਰ ਛਕਣਾ ਜਰੂਰੀ ਕਰ ਦਿਤਾ ਗਿਆ , ਜਿਸਦਾ ਮੁਖ ਉਦੇਸ਼ ਸੀ ਜਾਤ -ਪਾਤ, ਛੁਆ -ਛੂਤ ਊਚ -ਨੀਚ ਦੀ ਭਾਵਨਾ ਤੋਂ ਉਪਰ ਉਠਕੇ , ਮਨੁਖੀ ਏਕਤਾ , ਭਾਈਚਾਰੇ, ਤੇ ਸਰਬ ਸਾਂਝੀਵਾਲਤਾ ਨੂੰ ਮਜਬੂਤ ਕਰਨਾ । ਇਸ ਨਾਲ ਸੰਗਤ ਦੇ ਪੰਗਤ ਵਿਚ ਇਕ ਡੂੰਘੀ ਸਾਂਝ ਪੈ ਗਈ । ਉਸ ਵਕਤ ਇਹ ਖਾਸ ਜੁਰਅਤ ਵਾਲਾ ਕੰਮ ਸੀ ਜਿਸ ਵਕਤ ਮਨੁਖ ਮਨੁਖ ਦੇ ਪਰਛਾਵਾਂ ਪੈਣ ਤੇ ਭਿੱਟ ਜਾਂਦਾ ਸੀ । ਲੰਗਰ ਲੋਕਾਂ ਦੀ ਸਿਹਤ ਤੇ ਸਵਾਦ ਨੂੰ ਮੁਖ ਰਖ ਕੇ ਬਣਦਾ ਸੀ ਗੁਰੂ ਸਾਹਿਬ ਆਪ ਚਾਹੇ ਅਲੂਣਾ ਓਗਰਾ ਹੀ ਖਾਂਦੇ ਸੀ ਪਰ ਸੰਗਤ ਵਾਸਤੇ ਹਰ ਤਰਹ ਦੇ ਪਕਵਾਨ ਤੇ ਰਸ ਅਮ੍ਰਿਤ ਘੀਰ ਖਿਆਲੀ ਬਣਦੀ ਸੀ ।
ਵਧਦੀ ਫੁਲਦੀ ਸਿਖੀ, ਸਮਾਜਿਕ ਸੁਧਾਰ ਤੇ ਸਾਂਝੇ ਲੰਗਰ ਦੀ ਪਰਮਪਾਵਾਂ ਹਿੰਦੂ ਧਰਮ ਦੇ ਮੁਖੀ , ਕਾਜ਼ੀ, ਮੁਲਾਣੇ ਤੇ ਮੋਲਵੀਆਂ ਨੂੰ ਅਖਰ ਰਹੀਆਂ ਸੀ , ਉਹ ਬਹੁਤ ਔਖੇ ਹੋਏ , ਅਕਬਰ ਨੂੰ ਸ਼ਕਾਇਤ ਵੀ ਕੀਤੀ , ਜਿਸਦੀ ਚਰਚਾ ਲਈ ਭਾਈ ਜੇਠਾ ਜੀ ਨੂੰ ਲਾਹੌਰ ਭੇਜਿਆ ਗਿਆ । ਉਹਨਾ ਨੇ ਇਸ ਕਦਰ ਅਕਬਰ ਦੀ ਤਸੱਲੀ ਕਰਵਾਈ ਕਿ ਅਕਬਰ ਖੁਦ ਬੜੀ ਨਿਮਰਤਾ ਸਹਿਤ ਗੁਰੂ ਸਹਿਬ ਨੂੰ ਮਿਲਣ ਵਾਸਤੇ ਗੋਇੰਦਵਾਲ ਆਏ ਤੇ ਗੁਰੂ ਦਰਬਾਰ ਵਿਚ ਆਣ ਤੇ ਪਹਿਲੇ ਬੜੇ ਪਿਆਰ ਤੇ ਸ਼ਰਧਾ ਨਾਲ ਪੰਗਤ ਵਿਚ ਬੈਠਕੇ ਲੰਗਰ ਵੀ ਛਕਿਆ । ਓਹ ਇਤਨਾ ਖੁਸ਼ ਹੋਇਆ ਕਿ ਚੋਖੀ ਮਾਇਆ ਤੇ ਜਗੀਰਾਂ ਭੇਂਟ ਕਰਣ ਲਈ ਬੇਨਤੀ ਕੀਤੀ , ਪਰ ਗੁਰੂ ਸਾਹਿਬ ਨੇ ਇਨਕਾਰ ਕਰ ਦਿਤਾ ਇਹ ਕਹਿਕੇ ਕੀ ਇਹ ਸਾਡਾ ਨਹੀ ਸੰਗਤ ਦਾ ਉਪਰਾਲਾ ਹੈ । ਅਕਬਰ ਨੇ ਬਹੁਤ ਮਜਬੂਰ ਕੀਤਾ ਪਰ ਜਦ ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ,” ਮੈਂ ਨਹੀਂ ਚਾਹੁੰਦਾ ਕੀ ਲੰਗਰ ਕਿਸੇ ਇਕ ਆਦਮੀ ਦੇ ਸਹਾਰੇ ਚਲੇ , ਇਹ ਸੰਗਤ ਦਾ ਹੈ ਤੇ ਸੰਗਤ ਹੀ ਇਸ ਨੂੰ ਚਲਾਇਗੀ । ਗੁਰੂ ਜੀ ਨੇ ਅਕਬਰ ਨੂਸ਼ ਆਖ ਕੇ ਅਕਾਲ ਤੋਂ ਪੀੜਤ ਕਿਸਾਨਾ ਨੂੰ ਟੈਕਸ ਤੋਂ ਛੂਟ ਦੇ ਦਿਤੀ 1563 ਵਿਚ ਅਕਬਰ ਨੇ ਯਾਤਰਾ ਟੈਕਸ ਨੂੰ ਜੋ ਫਿਰੋਜ਼ ਸ਼ਾਹ ਤੁਗਲਕ ਵੇਲੇ ਦਾ ਲਗਾ ਹੋਇਆ ਸੀ ਮਾਫ਼ ਕਰ ਦਿਤਾ । ਸਤੀ ਪ੍ਥਾ ਵੀ ਖਤਮ ਕਰਵਾਈ ਅਕਬਰ ਨੂੰ ਕਹਿ ਕੇ ਗੁਰੂ ਜੀ ਨੇ ਇਹ ਕਨੂੰਨ ਬਣਾਇਆ ਕਿ ਕੋਈ ਜਬਰਦਸਤੀ ਔਰਤ ਨੂੰ ਸਤੀ ਨਹੀ ਕਰ ਸਕਦਾ ।
ਗੋਇੰਦਵਾਲ ਸਾਹਿਬ ਵਿਚ ਬਾਉਲੀ
ਲੰਗਰ ਜਾਤ-ਪਾਤ ਨੂੰ ਖਤਮ ਕਰਨ ਦਾ ਇਕ ਤਕੜਾ ਉਦਮ ਸੀ ਜਿਸ ਨੂੰ ਮੰਨਣ ਵਾਲਿਆ ਦੀ ਇਕ ਤਕੜੀ ਸੰਗਤ ਬਣ ਗਈ ਪਰ ਵਿਰੋਧੀ ਵੀ ਉਥੇ ਸਨ । ਉਨਾ ਨੇ ਸਿਖਾਂ ਨੂੰ ਖੂਹ ਤੋ ਪਾਣੀ ਭਰਨ ਦੀ ਮਨਾਹੀ ਕਰ ਦਿਤੀ , ਬਹੁਤ ਰੁਕਾਵਟਾ ਪਾਈਆਂ ਕਈ ਵਾਰ ਘੜੇ ਵੀ ਭਂਨ ਦਿਤੇ । ਗੁਰੂ ਸਾਹਿਬ ਨੇ ਜਾਤ -ਪਾਤ ਦੇ ਵੰਡ- ਵਿਤਕਰੇ ਨੂੰ ਖਤਮ ਕਰਨ ਲਈ ਗੋਇੰਦਵਾਲ ਸਾਹਿਬ ਇਕ ਵਡੇ ਪੈਮਾਨੇ ਤੇ 84 ਪੋੜੀਆਂ ਵਾਲੀ ਬਾਓਲੀ ਬਣਵਾਈ ਟਕ ਬਾਬਾ ਬੁਢਾ ਜੀ ਨੇ ਲਗਾਇਆ । ਜਿਸਦਾ ਜਲ ਅਟੁਟ ਸੀ ,ਜਿਸ ਵਿਚ ਹਰ ਇਕ ਨੂੰ ਪਾਣੀ ਭਰਨ ਦੀ , ਇਸ਼ਨਾਨ ਕਰਨ ਦੀ ਖੁਲ ਸੀ । ਮਾਲ, ਡੰਗਰਾ ਤੇ ਖੇਤੀ ਵਾਸਤੇ ਇਕ ਵਡਾ ਖੂਹ ਵੀ ਬਣਵਾਇਆ ਜਿਥੇ ਹਰਟ ਚਲਵਾਏ ਗੋਇੰਦਵਾਲ ਸਾਹਿਬ ਸਿਖਾਂ ਦਾ ਪਹਿਲਾ ਕੇਂਦਰ ਤੇ ਤੀਰਥ ਅਸਥਾਨ ਬਣ ਗਿਆ ।
ਅਮ੍ਰਿਤਸਰ ਵਸਾਣਾ
ਦੂਜੀ ਮਹਤਵ ਪੂਰਨ ਉਸਾਰੀ ਅਮ੍ਰਿਤਸਰ ਦੀ ਹੈ ਜੋ ਉਨ੍ਹਾ ਦੀ ਸਿਖੀ ਨੂੰ ਮਹਾਨ ਦੇਣ ਹੈ ਰਾਮਦਾਸ ਜੀ ਨੂੰ ਅਮ੍ਰਿਤਸਰ ਸ਼ਹਿਰ ਵਸਾਣ ਦਾ ਹੁਕਮ ਦਿਤਾ ਜੋ ਸਿਖਾ ਦਾ ਬਾਅਦ ਵਿਚ ਸਿਖੀ ਦਾ ਮੁਖ ਕੇਂਦਰ ਬਣਿਆ ਤੇ ਇਸ ਵਿਚ ਹਰਿਮੰਦਰ ਸਾਹਿਬ ਦੀ ਉਸਾਰੀ ਤੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਨਾਲ ਸਦਾ ਲਈ ਪਵਿਤਰ ਤੇ ਅਮਰ ਹੋ ਗਿਆ...

। ਗੁਮਟਾਲਾ ,ਤੁੰਗ , ਸੁਲਤਾਨ ਵਿੰਡ ਤੇ ਗਿਲਵਾਨੀ ਪਿੰਡਾਂ ਦੇ ਮੁਖੀਆਂ ਨੂੰ ਇਕਠਾ ਕਰਕੇ ,ਜਮੀਨ ਖਰੀਦੀ ਤੇ 1570 ਈਸਵੀ ਵਿਚ ਮੋੜੀ ਗਡਵਾ ਕੇ ਇਸ ਦਾ ਨਾਂ ਗੁਰੂ ਕਾ ਚਕ ਰਖ ਦਿਤਾ ਇਸ ਦੀ ਉਸਾਰੀ ਦਾ ਕੰਮ ਭਾਈ ਜੇਠਾ ਜੀ ਦੀ ਨਿਗਰਾਨੀ ਹੇਠ ਹੋਇਆ ।
ਇਸਤਰੀ ਦਾ ਦਰਜਾ ;-
ਗੁਰੂ ਅਮਰਦਾਸ ਕ੍ਰਾਂਤੀਕਾਰੀ ਤੇ ਸਮਾਜ ਸੁਧਾਰਕ ਵੀ ਸਨ ਆਪਣੇ ਬੜੇ ਸੁਚਜੇ ਢੰਗ ਨਾਲ ਸਮਾਜਿਕ ਕੁਰੀਤੀਆਂ ਦੇ ਵਿਰੁਧ ਆਵਾਜ਼ ਉਠਾਈ ਤੇ ਲੋਕਾਂ ਨੂੰ ਜਥੇਬੰਦ ਕੀਤਾ ।
ਪੁਰਾਤਨ ਕਾਲ ਵਿਚ ਇਸਤਰੀ ਦਾ ਦਰਜਾ ਬਹੁਤ ਨੀਵਾਂ ਸਮ੍ਝਿਆ ਜਾਂਦਾ ਸੀ ਜੈਨੀ ਖੁਲੇ ਤੋਰ ਤੇ ਪ੍ਰਚਾਰ ਕਰਦੇ ਸਨ ਕੀ ਇਸਤਰੀ ਕਦੀ ਰਬ ਨਾਲ ਇਕਮਿਕ ਨਹੀ ਹੋ ਸਕਦੀ । ਯੂਨਾਨੀ ਇਸਤਰੀ ਨੂੰ ਨਾ-ਮੁਕੰਬਲ ਸ਼ੈ ਆਖਦੇ ਹਨ , ਤੇ ਮੁਸਲਮਾਨ ਔਰਤ ਨੂੰ ਪ੍ਰਮਾਤਮਾ ਦੀ ਮਜ਼ੇਦਾਰ ਗਲਤੀ ਕਿਹਾ ਕਰਦੇ ਸਨ । ਬੁਧ ਧਰਮ ਵਿਚ ਇਥੋਂ ਤਕ ਲਿਖਿਆ ਹੈ ਕਿ ਜੇ ਔਰਤ ਨਦੀ ਵਿਚ ਗੋਤੇ ਖਾ ਰਹੀ ਹੋਵੇ ,ਭਾਵੇਂ ਉਸਦੀ ਮੋਤ ਹੀ ਕਿਉਂ ਨਾ ਹੋ ਜਾਵੇ, ਕੋਈ ਵੀ ਨਰ ਭਿਕਸ਼ੂ ਉਸ ਨੂੰ ਬਚਾਣ ਦਾ ਹੀਲਾ ਤਕ ਨਾ ਕਰੇ । ਰਾਮ ਨੁਜ ਉਸ ਨੂੰ ਧਰਮ ਵਿਚ ਦਾਖਲ ਹੀ ਨਹੀਂ ਕਰਦੇ ਕਿਓਕੀ ਓਹ ਰਿਸ਼ੀਆਂ ਮੁਨੀਆਂ ਦੀ ਇਬਾਬਤ ਨਸ਼ਟ ਕਰ ਦਿੰਦੀ ਹੈ । ਸਿਰਫ ਸਿਖ ਧਰਮ ਹੀ ਐਸਾ ਧਰਮ ਹੈ ਜਿਸ ਵਿਚ ਇਸਤਰੀ ਨੂੰ ਮਰਦ ਦੇ ਬਰਾਬਰ ਥਾਂ ਦਿਤੀ ਗਈ ਹੈ । ਗੁਰੂ ਨਾਨਕ ਸਾਹਿਬ ਨੇ ਇਸਤਰੀ ਬਾਰੇ ਲਿਖਿਆ ਹੈ ।
ਸੋ ਕਿਓਂ ਮੰਦਾ ਆਖੀਏ ਜਿਤ ਜੰਮੇ ਰਾਜਾਨੁ
ਗੁਰੂ ਨਾਨਕ ਸਾਹਿਬ ਨੇ ਇਸਤਰੀ ਜਾਤੀ ਦੇ ਹਕ਼ ਵਿਚ ਆਪਣੀ ਅਵਾਜ਼ ਬੁਲੰਦ ਕੀਤੀ ਤੇ ਉਸ ਨੂੰ ਬੁਰਾ,ਨੀਵਾਂ ਜਾਂ ਕਮਤਰ ਸਮਝਣ ਦਾ ਖੰਡਨ ਕੀਤਾ । ਗੁਰੂ ਨਾਨਕ ਦੇਵ ਜੀ ਨੇ ਇਸ ਲਹਿਰ ਨੂੰ ਸ਼ੁਰੂ ਕੀਤਾ ਉਸਤੋਂ ਪਿਛੋਂ ਗੁਰੂ ਅੰਗਦ ਦੇਵ ਜੀ , ਗੁਰੂ ਅਮਰ ਦਾਸ ਜੀ ਤੇ ਬਾਕੀ ਸਭ ਗੁਰੂਆਂ ਨੇ ਇਸ ਨੂੰ ਮਜਬੂਤ ਕੀਤਾ । ਗੁਰੂ ਅੰਗਦ ਦੇਵ ਜੀ ਨੇ ਮਾਤਾ ਖੀਵੀ ਨੂੰ ਲੰਗਰ ਦੇ ਮੁਖੀ ਦੀ ਸੇਵਾ ਬਖਸ਼ ਕੇ ਇਸਤਰੀ ਜਾਤੀ ਦਾ ਮਾਨ ਵਧਾਇਆ । ਗੁਰੂ ਅਮਰ ਦਾਸ ਜੀ ਨੇ 22 ਮੰਜੀਆਂ ਵਿਚੋਂ 2 ਮੰਜੀਆਂ 55 ਪੀੜੀਆਂ ਦਾ ਮੁਖੀਆ ਬੀਬੀਆਂ ਨੂੰ ਬਣਾਇਆ ।
ਗੁਰੂ ਸਾਹਿਬ ਨੇ ਇਸਤਰੀ ਤੇ ਪੁਰਸ਼ ਦਾ ਵਿਵਾਹ ਖਾਲੀ ਸ਼ਰੀਰਕ ਨਹੀ ਬਲਕਿ ਆਤਮਿਕ ਤੇ ਬਰਾਬਰ ਦੀ ਸਾਂਝ ਕਰਾਰ ਦੇਕੇ ਉਚਾ ਤੇ ਸੁਚਾ ਬਣਾਇਆ । ਦੂਸਰੇ ਦੀਆ ਧੀਆਂ ਭੈਣਾ ਨੂੰ ਇਜ਼ਤ ਨਾਲ ਦੇਖਣਾ ਸਿਖੀ ਦਾ ਮੁਢਲਾ ਅਸੂਲ ਰਿਹਾ , ਜਿਸਨੇ ਸਿਖੀ ਆਚਰਨ ਨੂੰ ਖੰਦਿਕੇ ਜ਼ਿਲਤ ਵਿਚੋਂ ਕਢਕੇ ਇਕ ਨਵੇਂ ਤੇ ਵਖਰੇ ਮੁਕਾਮ ਤੇ ਖੜਾ ਕਰ ਦਿਤਾ । ਗੁਰੂ ਅਮਰ ਦਾਸ ਨੇ ਇਸਤਰੀ ਜਾਤੀ ਵਾਸਤੇ ਕਈ ਠੋਸ ਕਦਮ ਚੁਕੇ ਪਰਦੇ ਦੀ ਰਸਮ ਨੂੰ ਖਤਮ ਕੀਤਾ ਉਨ੍ਹਾ ਨੇ ਫੁਰਮਾਇਆ ਪਰਦਾ ਗੁਲਾਮੀ ਦੀ ਨਿਸ਼ਾਨੀ ਹੈ । ਇਜ਼ਤ ਲੈਣ ਦੇਣ ਦਾ ਇਸ ਨਾਲ ਕੋਈ ਸਬੰਧ ਨਹੀ ਦਰਬਾਰ ਵਿਚ ਇਸਤਰੀਆਂ ਨੂੰ ਪਰਦਾ ਕਰਕੇ ਆਣ ਦਾ ਹੁਕਮ ਨਹੀਂ ਸੀ ,ਉਨ੍ਹਾ ਨੂੰ ਸੰਗਤ ਵਿਚ ਅਜਾਦੀ ਨਾਲ ਸੇਵਾ ਕਰਨ ਦੀ ਖੁਲ ਸੀ । ਵਿਧਵਾ ਨੂੰ ਵਿਆਹ ਕਰਨ ਦੀ ਖੁਲ ਦਿਤੀ ਕਈਆਂ ਜਵਾਨ ਇਸਤਰੀਆਂ ਦੇ ਵਿਵਾਹ ਕਰਵਾਏ ਤੇ ਉਨ੍ਹਾ ਦੇ ਜੀਵਨ ਦੀਆਂ ਖੁਸ਼ੀਆਂ ਬਹਾਲ ਕਰਵਾਈਆਂ । ਉਸ ਵਕਤ ਲੜਕੀਆਂ ਨੂੰ ਲੋਕ ਜੰਮਦਿਆਂ ਹੀ ਮਾਰ ਦਿੰਦੇ ਯਾ ਟੋਇਆ ਪੁਟ ਕੇ ਉਸ ਵਿਚ ਦਬ ਦਿੰਦੇ ਗੁਰੂ ਸਾਹਿਬ ਨੇ ਇਸ ਕੁਰੀਤੀ ਜੋ ਕੀ ਕਾਦਰ ਤੇ ਕੁਦਰਤ ਦੀ ਨਿਰਾਦਰੀ ਸੀ , ਬੜੀ ਸਖਤੀ ਨਾਲ ਵਿਰੋਧ ਕੀਤਾ ਤੇ ਸਿਖਾਂ ਵਿਚ ਬੰਦ ਕਰਨ ਦਾ ਹੁਕਮ ਦਿਤਾ । ਸਤੀ ਪ੍ਰਥਾ ਇਸਤਰੀ ਲਈ ਵਡੀ ਲਾਹਨਤ ਸੀ ਇਸਤਰੀ ਦੀ ਮਰਜੀ ਦੇ ਖਿਲਾਫ਼ ਉਸ ਨੂੰ ਮਲੋ -ਮਲੀ ਪਤੀ ਨਾਲ ਸੜਨ ਲਈ ਜਲਦੀ ਚਿਖਾ ਵਿਚ ਸੁਟ ਦਿਤਾ ਜਾਂਦਾ ਇਸਤੋਂ ਵਡਾ ਜੁਲਮ ਕੀ ਹੋ ਸਕਦਾ ਹੈ । ਸਤੀ ਰਸਮ ਦੇ ਵਿਰੁਧ ਜੋਰਦਾਰ ਅਵਾਜ ਉਠਾਈ ਤੇ ਇਸ ਨੂੰ ਖਾਸ ਕਰਕੇ ਪੰਜਾਬ ਤੇ ਪੰਜਾਬ ਤੋ ਬਾਹਰ ਵੀ ਸਿਖਾਂ ਨੂੰ ਇਸ ਰਸਮ ਨੂੰ ਬੰਦ ਕਰਨ ਦਾ ਹੁਕਮ ਦਿਤਾ ।
ਸਤੀਆਂ ਇਹਿ ਨਾ ਅਖੀਆਨਿ ਜੋ ਮੜੀਆਂ ਲਗਿ ਜ੍ਲੰਨਿ
ਨਾਨਕ ਸਤੀਆਂ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ ।।
ਭੀ ਸੋ ਸਤੀਆਂ ਜਾਣੀਅਨਿ ਸੀਲ ਸੰਤੋਖ ਰਹੰਨਿ
ਸੇਵਨਿ ਸਾਈ ਆਪਣਾ ਨਿਤਿ ਉਠਿ ਸਮਾਲੰਨਿ ।।
ਨਸ਼ਿਆਂ ਵਿਰੁਥ ਵੀ ਗੁਰੂ ਜੀ ਪ੍ਰਚਾਰ ਕੀਤਾ
ਲੋਕਾਂ ਨੂੰ ਜਨਮ ਮਰਨ ਤੇ ਵਿਆਹ ਦੇ ਸੰਸਕਾਰਾਂ , ਗ੍ਰਿਹਿ, ਮਹੂਰਤਾਂ ਤੇ ਗੁੰਝਲਦਾਰ ਰਸਮਾ ਤੋਂ ਕਢਕੇ ਸੰਖੇਪ ਤੇ ਅਜਾਦ ਕੀਤਾ , ਜਿਸ ਨਾਲ ਸਿਖੀ ਨੂੰ ਆਤਮਿਕ ਤੋਰ ਤੇ ਇਕ ਅਲਗ ਪਹਚਾਨ ਮਿਲੀ ਜਿਸਦਾ ਸਰੀਰਕ ਰੂਪ ਗੁਰੂ ਗੋਬਿੰਦ ਸਿੰਘ ਨੇ 1699 ਵਿਚ ਖਾਲਸੇ ਦੀ ਸਾਜਨਾ ਕਰ ਕੇ ਦਿਤਾ ।
ਕਰਮ ਕਾਂਡ
ਸੰਨ 1553 ਵਿਚ ਗੁਰੂ ਸਾਹਿਬ ਫਿਰ ਤੀਰਥ ਯਾਤਰਾ ਲਈ ਗੰਗਾ , ਯਮਨਾ ਤੇ ਕੁਰਕਸ਼ੇਤਰ ਆਦਿ ਹਿੰਦੂ ਤੀਰਥਾਂ ਤੇ ਗਏ ਪਰ ਇਸ ਵਾਰੀ ਕੋਈ ਅਧਿਆਤਮਿਕ ਮਕਸਦ ਨਹੀ ਸੀ ਬਲਕਿ ਲੋਕਾਂ ਦੇ ਵਹਿਮ ਭਰਮ ਤੇ ਕਰਮ ਕਾਂਡ ਦੇ ਜਾਲ ਨੂੰ ਤੋੜਨ ਵਾਸਤੇ । ਸੰਗਤਾ ਸਮੇਤ ਗੋਇੰਦਵਾਲ ਤੋ ਬਿਆਸਾ ਪਾਰ ਕਰਕੇ ਦੁਆਬੇ ਵਿਚ ਨੂਰ ਮਹਲ ਆ ਟਿਕੇ ਇਥੇ ਅਨੇਕ ਸਿਖ ਗੁਰੂ ਸਾਹਿਬ ਦੀ ਸੰਗਤ ਵਿਚ ਇਸ ਮੁਹਿਮ ਦੇ ਜਾਣ ਲਈ ਇਕਠੇ ਹੋਏ । ਜਦ ਸਿਖ-ਸੰਗਤਾ ਤੋ ਯਾਤਰਾ ਟੈਕਸ ਮੰਗਿਆ ਤਾਂ ਗੁਰੂ ਸਾਹਿਬ ਨੇ ਸਾਫ਼ ਇਨਕਾਰ ਕਰ ਦਿਤਾ ਇਹ ਕਹਿਕੇ ਕੀ ਇਹ ਟੈਕਸ ਧਰਮ ਕਰਮ ਵਿਚ ਵਿਘਨ ਤੇ ਹਿੰਦੂ -ਮੁਸਲਮਾਨਾ ਵਿਚ ਦੀਵਾਰ ਖੜੀ ਕਰਦਾ ਹੈ । ਕੁਰਕਸ਼ੇਤਰ ਪਹੁੰਚ ਕੇ ਸੂਰਜ ਗ੍ਰਿਹਣ ਨਾਲ ਸਦੀਆਂ ਤੋਂ ਜੁੜੇ ਕਰਮ -ਕਾਂਡਾਂ ਦਾ ਖੰਡਨ ਕੀਤਾ ਸਮਾਜਿਕ ਕੁਰੀਤੀਆਂ ਤੇ ਟਿਪਣੀ ਕੀਤੀ ਖਾਸ ਕਰਕੇ ਦੀਵਾ ਜਗਾਣਾ, ਪਿੰਡ ਪਤਲ, ਬਬਾਣ ਕਢਣਾ , ਘੜਾ ਭੰਨਣਾ , ਅਸਥਿਆਂ ਗੰਗਾ ਪ੍ਰਵਾਹ ਕਰਣੀਆਂ ਆਦਿ ਨੂੰ ਕਰਮਕਾਂਡ ਦਸਿਆ । ਕਰਮਾ ਦੇ ਅਧਾਰ ਤੇ ਮਨੁਖ ਦੀ ਗਤੀ ਹੁੰਦੀ ਹੈ ਇਸ ਕਰਕੇ ਸਹੀ ਕਰਮ ਕਰਨ ਦਾ ਉਪਦੇਸ਼ ਦਿਤਾ ਫਿਰ ਥਨੇਸਰ, ਕਰਨਾਲ ਤੋ ਹੁੰਦੇ ਪਾਨੀਪਤ ਆਏ ।
ਉਦਾਸੀ ਮਤ
ਗੁਰੂ ਸਾਹਿਬ ਨੇ ਸਿਖ -ਮਤ ਨੂੰ ਉਦਾਸੀ -ਮਤ ਤੋਂ ਅਡ ਕਰਨ ਦਾ ਉਪਰਾਲਾ ਕੀਤਾ ਬਾਬਾ ਸ੍ਰੀ ਚੰਦ ਨੇ ਉਦਾਸੀ ਮਤ ਦੀ ਨੀਹ ਰਖੀ ਗੁਰੂ ਨਾਨਕ ਦੇਵ ਜੀ ਤੇ ਬੇਟੇ ਹੋਣ ਕਰਕੇ ਉਨ੍ਹਾ ਦਾ ਵੀ ਇਜ਼ਤ ਰਸੂਖ ਤਾਂ ਸੀ । ਗੁਰੂ ਅਮਰ ਦਾਸ ਵਕਤ ਇਸ ਮਤ ਨੇ ਫਿਰ ਇਕ ਵਾਰੀ ਜੋਰ ਪਕੜ ਲਿਆ ਗੁਰੂ ਸਾਹਿਬ ਨੇ ਪੂਰੀ ਤਾਕਤ , ਸਿਆਣਪ ਤੇ ਸੂਝ- ਬੂਝ ਨਾਲ ਵਕਤ ਨੂੰ ਸੰਭਾਲਿਆ ਗ੍ਰਹਿਸਤੀ ਜੀਵਨ ਵਿਚ ਰਹਿ ਕੇ ਆਪਣੇ ਆਪ ਨੂੰ ਅਕਾਲ ਪੁਰਖ ਨਾਲ ਜੋੜੋ , ਕਿਰਤ ਕਰਨਾ ਵੰਡ ਕੇ ਛਕਣ ਤੇ ਸਿਮਰਨ ਕਰਨ ਦੇ ਉਪਦੇਸ਼ ਦਿਤੇ । ਉਨ੍ਹਾ ਨੇ ਸਮਝਾਇਆ ਕੀ ਨਾਮ ਪਾਕੇ ਰੋਜ਼ੀ ਲਈ ਗ੍ਰਿਹਸਤੀਆਂ ਦੇ ਦਰ ਤੇ ਭਟਕਣਾ ਪਵੇ , ਉਨ੍ਹਾ ਦੀ ਕਮਾਈ ਤੇ ਆਪਣਾ ਪੇਟ ਪਾਲਣਾ ਪਵੇ ਤਾ ਓਹ ਨਾਮ ਅਧੂਰਾ ਹੈ ਤੇ ਮਾਇਆ, ਦੁਨੀਆ ਦੇ ਸੁਖ ਆਰਾਮ ਹਾਸਲ ਕਰਕੇ ਪ੍ਰਭੁ ਨੂੰ ਵਿਸਰ ਜਾਣਾ ਵੀ ਵਿਅਰਥ ਹੈ ਦੋਨੋ ਦਾ ਸੁਮੇਲ ਹੀ ਅਸਲੀ ਜੀਵਨ ਹੈ ।
“ਮਨ ਰੇ ਗ੍ਰਿਹ ਹੀ ਮਹਿ ਉਦਾਸਾ ”
ਉਨ੍ਹਾ ਨੇ ਗੁਰੂ ਨਾਨਕ ਦਾ ਰਾਹ ਸਮਝਾਇਆ ਗੁਰੂ ਅਮਰ ਦਾਸ ਨੇ ਗ੍ਰਹਿਸਤੀ ਸਿਖਾਂ ਨੂੰ ਬਾਬਾ ਸ੍ਰੀ ਚੰਦ ਦੇ ਧਰਮ ਤੋ ਅਡ ਕਰ ਦਿਤਾ ਤੇ ਅਲੋਪ ਹੋਣ ਤੋਂ ਬਚਾ ਲਿਆ ।
ਸਿਖੀ ਪ੍ਰਚਾਰ
ਸਿਖ ਜਥੇਬੰਦੀ ਨੂੰ ਪਕੇ ਪੈਰਾਂ ਤੇ ਖੜੇ ਕਰਨ ਦਾ ਮਾਣ ਗੁਰੂ ਅਮਰਦਾਸ ਜੀ ਨੂੰ ਮਿਲਿਆ ਸਿਖਾਂ ਦੀ ਗਿਣਤੀ ਪ੍ਰਚਾਰ ਸਦਕਾ ਦਿਨੋ -ਦਿਨ ਵਧ ਰਹੀ ਸੀ ਤੇ ਪੂਰੇ ਹਿੰਦੁਸਤਾਨ ਵਿਚ ਫੈਲ ਰਹੀ ਸੀ । ਗੁਰੂ ਅਮਰਦਾਸ ਨੇ ਸਾਰੇ ਸਿਖ ਜਗਤ ਨੂੰ 22 ਹਿਸਿਆਂ ਵਿਚ ਵੰਡਿਆ ਜਿਨਾਂ ਨੂੰ ਮੰਜੀਆਂ ਕਿਹਾ ਜਾਂਦਾ ਸੀ । ਹੌਲੀ ਹੌਲੀ ਇਹਨਾ ਮੰਜੀਆਂ ਦੀ ਜਿਮੇਵਾਰੀ ਸਿਖੀ ਪ੍ਰਚਾਰ ਦੀ ਚੋਣਵੈ ਸਿਖਾਂ ਨੂੰ ਦਿਤੀ, ਜਿਨਾਂ ਨੇ ਦੂਰ ਦੁਰਾਡੇ ਇਲਾਕਿਆਂ ਵਿਚ ਸਿਖੀ ਪ੍ਰਚਾਰ ਤੇ ਪ੍ਰਸਾਰ ਕੀਤਾ । 22 ਮੰਜੀਆਂ ਜਿਨਾ ਵਿਚੋਂ 2 ਮੰਜੀਆਂ ਯੋਗ ਬੀਬੀਆਂ ਨੂੰ ਦੇਕੇ ਇਸਤਰੀ ਜਾਤੀ ਦਾ ਮਾਨ ਵਧਾਇਆ ਕਪੂਰਥਲਾ ਵਿਚ ਇਕ ਮੰਜੀ ਇਕ ਮੁਸਲਮਾਨ ਅਲਾਯਾਰ ਖਾਨ ਪਠਾਨ ਨੂੰ ਦੇਕੇ ਧਰਮਾਂ ਵਿਚ ਵਿਥ ਮਿਟਾਣ ਦਾ ਉਪਰਾਲਾ ਕੀਤਾ । ਧਰਮਸਾਲ ਵਿਚ ਆਮ ਸੰਗਤ ਜ਼ਮੀਨ ਤੇ ਸਫ ਵਿਛਾਕੇ ਬੈਠਦੀ ਤੇ ਪ੍ਰਚਾਰਕ ਮੰਜੀ ਤੇ ਬੈਠਕੇ ਪ੍ਰਚਾਰ ਕਰਦੇ ਸਨ । ਜਿਨਾਂ ਨੂੰ ਮੰਜੀਦਾਰ, ਮਨਸਦ, ਤੇ ਹੌਲੀ ਹੌਲੀ ਮਸੰਦ ਕਹਿਣ ਲਗੇ ਇਹ ਮਸੰਦ ਵਧੇਰੇ ਪੰਜਾਬ ਵਿਚ ਹੀ ਸਨ ਪਰ ਹੌਲੀ ਹੌਲੀ ਇਹ ਪੂਰੇ ਹਿੰਦੁਸਤਾਨ ਤੇ ਹਿੰਦੁਸਤਾਨ ਦੀਆਂ ਹਦਾਂ ਸਰਹਦਾਂ ਪਾਰ ਕਰਕੇ ਦੂਰ ਦੂਰ ਤਕ ਫੈਲ ਗਏ । ਕਹਿੰਦੇ ਹਨ ਕੀ ਗੁਰੂ ਅਰਜਨ ਸਾਹਿਬ ਵੇਲੇ ਤਕ ਹਿੰਦੁਸਤਾਨ ਵਿਚ ਕੋਈ ਇਲਾਕਾ ਅਜਿਹਾ ਨਹੀ ਸੀ ਜਿਥੇ ਕੋਈ ਸਿਖ ਨਾ ਰਹਿੰਦਾ ਹੋਵੇ । ਗੁਰੂ ਸਾਹਿਬ ਦੀ ਮਿਹਨਤ ਨਾਲ ਨਵੇਂ ਵਿਚਾਰਾਂ ਤੇ ਸੁਧਾਰਾਂ ਦਾ ਪਰਸਾਰ ਬੜੀ ਤੇਜੀ ਨਾਲ ਵਿਕਸਿਤ ਹੋ ਰਿਹਾ ਸੀ । ਗੁਰੂ ਸਾਹਿਬ ਖੁਦ ਵੀ ਪ੍ਰਚਾਰਕ ਦੌਰਿਆਂ ਤੇ ਜਾਇਆ ਕਰਦੇ ਸੀ ।
ਸਿਖੀ ਮਰਯਾਦਾ :- ਗੁਰੂ ਸਾਹਿਬ ਕਿਹਾ ਕਰਦੇ ਸੀ ਕੀ ਜਦ ਖਾਣਾ ਤਿਆਰ ਕਰੋ ਪਹਿਲੇ ਲੋੜਵੰਦ , ਭੁਖੇ ਸਿਖ ਦੇ ਮੂੰਹ ਵਿਚ ਪਾਉ ਸਿਖ ਦਾ ਮੂੰਹ ਗੁਰੂ ਦੀ ਗੋਲਕ ਹੈ ।
ਬੀਬੀ ਭਾਨੀ ਦਾ ਵਿਆਹ
ਬੀਬੀ ਭਾਨੀ ਹੁਣ ਜਵਾਨ ਹੋ ਗਈ ਸੀ ਇਕ ਦਿਨ ਗੁਰੂ ਅਮਰਦਾਸ ਦੀ ਪਤਨੀ ਮਨਸਾ ਦੇਵੀ ਕਹਿਣ ਲਗੀ ਕੀ ਭਾਨੀ ਦਾ ਵਿਵਾਹ ਕਰਨ ਲਈ ਕੋਈ ਵਰ ਲਭਣਾ ਚਾਹੀਦਾ ਹੈ ਤਾਂ ਗੁਰੂ ਸਾਹਿਬ ਪੁਛਣ ਲਗੇ ਤੈਨੂੰ ਭਾਨੀ ਵਾਸਤੇ ਕਿਹੋ ਜਿਹਾ ਵਰ ਚਾਹੀਦਾ ਹੈ ? ਤਾ ਮਾਨਸਾ ਦੇਵੀ ਜੀ ਨੇ ਸਾਮਣੇ ਸੰਕੇਤ ਕਰਕੇ ਕਿਹਾ .” ਇਹੋ ਜਿਹਾ ,ਸ਼ਰੀਫ਼ ਤੇ ਗੁਰੂ ਘਰ ਦੀ ਸੇਵਾ ਤੇ ਸਿਮਰਨ ਕਰਨ ਵਾਲਾ ” ਉਸ ਵਕਤ ਭਾਈ ਜੇਠਾ ਜੀ ਸਾਮਣੇ ਸੇਵਾ ਕਰ ਰਹੇ ਸੀ । ਗੁਰੂ ਸਾਹਿਬ ਨੇ ਕਿਹਾ ” ਇਹੋ ਜਿਹਾ ਤਾਂ ਇਹੀ ਹੋ ਸਕਦਾ ਹੈ “ ਉਸੇ ਵੇਲੇ ਭਾਈ ਜੇਠਾ ਜੀ ਦੀ ਨਾਨੀ ਨੂੰ ਬੁਲਾ ਕੇ ਦੋਨੋ ਦਾ ਰਿਸ਼ਤਾ ਪਕਾ ਕਰ ਦਿਤਾ ।
ਗੁਰੂ ਅਮਰ ਦਾਸ ਦੇ ਦੋ ਪੁਤਰ ਸਨ , ਬਾਬਾ ਮੋਹਨ ਤੇ ਬਾਬ ਮੋਹਰੀ ਜੀ ਇਨ੍ਹਾ ਵਿਚੋਂ ਕੋਈ ਵੀ ਗੁਰਗਦੀ ਦੀਆਂ ਜਿਮੇਵਾਰੀਆਂ ਸੰਭਾਲਣ ਦੇ ਯੋਗ ਨਹੀ ਸੀ । ਰਾਮ ਦਾਸ ਜੀ ਹਰ ਪ੍ਰੀਖਿਆ ਵਿਚੋਂ ਪੂਰੇ ਉਤਰੇ ਅਤੇ ਹਰ ਤਰਾਂ ਨਾਲ ਯੋਗ ਸਾਬਤ ਹੋਏ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਪਰੰਪਰਾ ਤੇ ਮਰਯਾਦਾ ” ਜੋ ਘਾਲਿਹ ਸੋ ਪਾਏ” ਗੁਰੂ ਰਾਮ ਦਾਸ ਨੂੰ ਗੁਰਗਦੀ ਦੇਕੇ ਮਜਬੂਤ ਕੀਤਾ । ਜਦ ਗੁਰੂ ਸਾਹਿਬ ਨੂੰ ਲਗਾ ਕੀ ਉਨ੍ਹਾ ਦੀ ਸਚ ਖੰਡ ਦੀ ਵਾਪਸੀ ਦਾ ਸਮਾ ਆ ਗਿਆ ਹੈ ,ਪਹਿਲੀ ਸਤੰਬਰ 1574 ਦੇ ਦਿਨ ਗੁਰੂ ਰਾਮਦਾਸ ਅਗੇ 5 ਪੈਸੇ ਤੇ ਨਾਰੀਅਲ ਰਖ ਕੇ ਮਥਾ ਟੇਕਿਆ ਤੇ ਆਪਣੇ ਸਿਘਾਸਨ ਤੇ ਬਿਠਾਇਆ ਬਾਬਾ ਬੁੱਢਾ ਜੀ ਨੇ ਰਸਮ ਪੂਰੀ ਕੀਤੀ ਤੇ ਗੋਇੰਦਵਾਲ ਵਿਖੇ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਗਏ । ਬਿਆਸ ਦਰਿਆ ਦੇ ਕੰਢੇ ਤੇ ਓਨ੍ਹਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਅਸਥਾਨ ਤੇ ਉਨ੍ਹਾ ਦੀ ਯਾਦਗਾਰ ਵੀ ਕਾਇਮ ਕੀਤੀ ਗਈ ਜੋ ਬਾਦ ਵਿਚ ਦਰਿਆ ਦੀ ਭੇਂਟ ਚੜ ਗਈ ।
ਬਾਣੀ :-
ਗੁਰੂ ਸਾਹਿਬ ਨੇ 17 ਰਾਗਾਂ ਵਿਚ ਬਾਣੀ ਲਿਖੀ ਹੈ ਜੋ ਰੋਜ਼ਾਨਾ ਜੀਵਨ ਦੇ ਬਹੁਤ ਨੇੜੇ ਹੈ ਤੇ ਕਈ ਸ਼ੰਕਿਆ ਦਾ ਸ੍ਮਿਧਾਨ ਕਰਦੀ ਹੈ ਤੇ ਗੁਰਮਤ ਅਨੁਸਾਰ ਜੀਵਨ ਜਾਚ ਦਸਦੀ ਹੈ । 869 ਸ਼ਬਦ ਲਿਖੇ ਹਨ ਗੁਰੂ ਅਮਰਦਾਸ ਜੀ ਦੀ ਬਾਣੀ 17 ਰਾਗਾ ਵਿਚ ਸੀ , ਗੁਰੂ ਨਾਨਕ ਸਾਹਿਬ ਦੇ 19 ਰਾਗਾਂ ਵਿਚੋ ਦੋ ਰਾਗ ਤਿਲੰਗ ਤੇ ਰਾਗ ਤੁਖਾਰੀ ਛਡ ਕੇ ਉਨਾ ਦੀਆਂ ਪ੍ਰਸਿਧ ਰਚਨਾਵਾ ਵਿਚੋਂ ਅਨੰਦੁ ਸਾਹਿਬ , ਚਾਰ ਵਾਰਾਂ ,ਪਟੀ ਆਸਾ, ਆਦਿ । ਓਹਨਾ ਦੀ ਬਾਣੀ ਦੇ ਕੁਝ ਸ਼ਬਦ ਬਾਬਾ ਫਰੀਦ ਦੇ ਸ਼ਲੋਕਾਂ ਵਿਚ ਆਏ ਹਨ । ਅਨੰਦੁ ਸਾਹਿਬ ਨਿਤਨੇਮ ਤੇ ਹਰ ਖੁਸ਼ੀ ਗਮੀ ਵਿਚ ਇਸਦਾ ਪਾਠ ਕਰਕੇ ਅਰਦਾਸ ਕੀਤੀ ਜਾਂਦੀ ਹੈ ਜਿਸਦਾ ਮਤਲਬ ਮਰਨੇ ਪਿਛੋਂ ਰੋਣ ਧੋਣ ਨਾਲੋਂ ਪਾਠ -ਕੀਰਤਨ ਕਰਕੇ ਮ੍ਰਿਤਕ ਲਈ ਸਚ ਖੰਡ ਦਾ ਰਸਤਾ ਤਿਆਰ ਕਰਨਾ ਚਾਹਿਦਾ ਹੈ । ਹਰ ਖੁਸ਼ੀ ਗਮੀ ਵਿਚ ਖੁਸ਼ ਰਹੋ ਤੇ ਅਕਾਲ ਪੁਰਖ ਦਾ ਧੰਨਵਾਦ ਕਰੋ । ਉਨਾ ਨੇ ਵਿਆਹ ,ਜਨਮ, ਮਰਨ ਤੇ ਗੁਰਬਾਣੀ ਨੂੰ ਉਚਾਰ ਕੇ ਸਿਖੀ ਨੂੰ ਅੱਲਗ ਪਹਚਾਨ ਦਿਤੀ ।
ਗੁਰਬਾਣੀ ਸਿਰਫ ਪ੍ਰਮਾਤਮਾ ਦਾ ਗਿਆਨ ਹੀ ਨਹੀਂ ਦਿੰਦੀ ਇਹ ਪ੍ਰਤੱਖ ਤੋਰ ਤੇ ਧਰਤੀ ਉਤੇ ਪ੍ਰਮਾਤਮਾ ਦਾ ਰੂਪ ਹੈ । ਇਸ ਨੂੰ ਮਨ ਵਿਚ ਵਸਾ ਲੈਣਾ ਹੀ ਆਪਣੇ ਆਪ ਨੂੰ ਪ੍ਰਮਾਤਮਾ ਨਾਲ ਜੋੜ ਲੈਣਾ ਹੈ । ਕੋਈ ਵੀ ਮਨੁਖੀ ਗੁਰੂ, ਬ੍ਰਾਹਮਣ ,ਜੋਗੀ ,ਮੁਰਸ਼ਦ , ਪੀਰ ,ਦੇਵੀ ,ਦੇਵਤਾ ,ਅਵਤਾਰ ਇਸ ਤੁਲ ਨਹੀਂ ਹਨ । ਗੁਰੂ ਸਾਹਿਬ ਨੇ ਸ਼ਬਦ ਗੁਰੂ ਦੇ ਸਿਧਾਂਤ ਤੇ ਗੁਰਬਾਣੀ ਦੀ ਮਹੱਤਤਾ ਨੂੰ ਸਮਝਾਇਆ ਤੇ ਪ੍ਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਮਨਿਆ ।
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸ ਜੇਵਡੁ ਅਵਰੁ ਨਾ ਕੋਈ
ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ।।
ਉਨਾ ਨੇ ਆਪਣੇ ਜੀਵਨ ਕਰਤਵ ਤੇ ਬਾਣੀ ਦੁਆਰਾ ਗੁਰਮਤ ਦੇ ਸਿਧਾਂਤਾਂ ਨੂੰ ਵਧੇਰੇ ਸਪਸ਼ਟ ਤੇ ਸਰਲ ਬਣਾਇਆ ।
“ਆਵਹਿ ਸਿਖ ਸਤਗੁਰੁ ਕੇ ਪਿਆਰਿਓ ਗਾਵਹਿ ਸਚੀ ਬਾਣੀ ।।
ਗੁਰੂ ਸਾਹਿਬ ਆਪਣੀ ਬਾਣੀ ਵਿਚ ਬਾਰ ਬਾਰ ਇਹੋ ਦਸਦੇ ਹਨ ਕੀ ਗੁਰੂ ਦੀ ਸ਼ਰਨ ਤੋ ਬਿਨਾ ਪ੍ਰਭੁ ਦਾ ਦਰ ਨਹੀਂ ਲਭਦਾ ਬਿਨਾ ਗੁਰਮਤ ਤਤੋ ਤੁਰਿਆਂ ਮਨ ਪਵਿਤਰ ਨਹੀ ਹੁੰਦਾ , ਨਾ ਹੀ ਸਹਿਜ ਅਵਸਥਾ ਬਣਦੀ ਹੈ । ਆਪ ਸਿਖ ਨੂੰ ਸੁਚੇਤ ਕਰਦੇ ਹਨ ਜਿਨ੍ਹਾ ਨੇ ਗੁਰੂ ਨਾਲ ਚਿਤ ਨਹੀਂ ਲਾਇਆ ,ਸਤਿਗੁਰੁ ਦੀ ਸ਼ਰਨ ਨਹੀਂ ਲਈ , ਅਕਾਲ ਪੁਰਖ ਨਾਲ ਪ੍ਰੇਮ ਨਹੀ ਬਣਿਆ ਉਨ੍ਹਾ ਦਾ ਦੁਨੀਆਂ ਵਿਚ ਆਓਣਾ ਧਿਕਾਰ ਹੈ ।
ਜੇਹੜਾ ਗੁਰੂ ਬਚਨ ਮਨ ਵਿਚ ਵਸਾਂਦਾ ਨਹੀ ਓਹ ਪ੍ਰਮਾਤਮਾ ਦੀ ਰਹਿਮਤ ਦਾ ਪਾਤਰ ਨਹੀਂ ਬਣ ਸਕਦਾ ।
ਸਤਿਗੁਰ ਤੇ ਜੋ ਮੁੰਹ ਫੇਰਹਿ ਮਥੇ ਤਿਨ ਕਾਲੇ ।।
ਅਨਦਿਨ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ ।।
ਸੁਪਨੈ ਸੁਖੁ ਣ ਦੇਖਣੀ ਬਹੁ ਚਿੰਤਾ ਪਰਜਲੇ ।।
ਗੁਰੂ ਸਾਹਿਬ ਨੇ ਆਪ ਇਕ ਲੰਬੇ ਅਰਸੇ ਗੁਰੂ ਅੰਗਦ ਦੇਵ ਜੀ ਸੇਵਾ ਕੀਤੀ ਉਨ੍ਹਾ ਨੇ ਆਪਣੀ ਬਾਣੀ ਵਿਚ ਸੇਵਾ ਕਰਨ ਤੇ ਬਹੁਤ ਜੋਰ ਦਿਤਾ । ਉਨ੍ਹਾ ਦਾ ਕਥਨ ਸੀ ਕਿ ਸੇਵਾ ਨਾਲ ਹਿਰਦਾ ਸ਼ੁਧ ਹੁੰਦਾ ਹੈ , ਹੋਮੇ ਦੂਰ ਹੁੰਦੀ ਹੈ ਤੇ ਪ੍ਰਮਾਤਮਾ ਦਾ ਨਾਮ ਅੰਦਰ ਵਸਦਾ ਹੈ ਜੋ ਕੋਈ ਵੀ ਤਨ- ਮਨ ਨਾਲ ,ਚਿਤ ਲਾਕੇ ਸੇਵਾ ਕਰੇਗਾ, ਉਸ ਨੂੰ ਅਧਿਆਤਮਿਕ ਸਫਲਤਾ ਅਵਸ਼ ਮਿਲੇਗੀ ।
ਸਤਗੁਰਿ ਕੀ ਸੇਵਾ ਸਫਲ ਹੈ ਜੋ ਕੋ ਕਰੇ ਚਿਤੁ ਲਾਇ ।।
ਬਿਨਾ ਸ਼ਰਨ ਤੇ ਸੇਵਾ ਤੋਂ ਵਾਹਿਗੁਰੂ ਨਾਲ ਪਿਆਰ ਨਹੀਂ ਹੋ ਸਕਦਾ , ਮਾਇਆ, ਮੋਹ, ਹਓਮੇ ਨੂੰ ਨਹੀ ਛਡਿਆ ਜਾ ਸਕਦਾ ।
ਗੁਰਮਤ ਤੇ ਤੁਰਨ ਤੋ ਬਿਨਾ ਸਰੀਰਕ ਕਰਮ ਜਿਵੇਂ ਪਾਠ ਕਰਨਾ, ਜਾਪ ਕਰਨਾ ਆਦਿ ਮਨ ਜੁੜਦਾ ਨਹੀ ਭਟਕਦਾ ਹੀ ਰਹਿੰਦਾ ਹੈ । ਗੁਰੂ ਦੇ ਸ਼ਰਨ ਵਿਚ ਪੈਕੇ ਜਿਸ ਮਨੁਖ ਨੇ ਪ੍ਰਭੁ ਦੀ ਸਿਫਤ ਸਲਾਹ ਕੀਤੀ ਹੈ ਉਸਦੇ ਪਿਛਲੇ ਪਾਪ ਬਖਸ਼ ਕੇ ,ਪ੍ਰਭੁ ਆਪਣੇ ਚਰਨਾ ਨਾਲ ਲਗਾ ਲੈਂਦਾ ਹੈ । ਸੋ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਜਿਨੀ ਦੇਰ ਮੇਰੇ ਸਰੀਰ ਵਿਚ ਜਾਨ ਹੈ ਮੈਂ ਤੇਰੀ ਸਿਫਤ ਸਲਾਹ ਕਰਦਾ ਰਹਾਂ ।
ਮਨਮੁਖ ਤੇ ਗੁਰਮੁਖ ਦੀ ਤੁਲਣਾ ਕਰਦਿਆਂ ਕਿਹਾ ਹੈ ਮਨਮੁਖ ਹੰਕਾਰੀ ਹੁੰਦਾ ਹੈ ਤੇ ਚਿਤ ਕਠੋਰ ,ਕੂੜ-ਕੁਸਤ ਨੂੰ ਮੁਖ ਰਖਕੇ ਜੀਵਨ ਦਾ ਉਦੇਸ਼ ਭੁਲ ਜਾਂਦਾ ਹੈ । ਗੁਰਮੁਖ ਸਦਾ ਅਮ੍ਰਿਤ ਬਾਣੀ ਬੋਲਦਾ ਹੈ ਤੇ ਉਸਦੀ ਹੋਂਦ ਨੂੰ ਸਮਝਦਾ ਹੈ ਸਮਝਦਾ ਹੈ ਕੀ ਸਾਰੇ ਦੁਖਾਂ ਦਾ ਦਾਰੂ ਗੁਰੂ ਹੀ ਹੈ ਜਿਸਤੋਂ ਬੇਮੁਖ ਹੋਣਾ ਧਰਮ ਨਹੀਂ ਹੈ । ਗੁਰੂ ਤੇ ਬਿਨਾ ਉਸਦੀ ਗਤ ਨਹੀਂ ਹੈ ਗੁਰਮੁਖ ਤੇ ਮਨਮੁਖ ਬਾਰੇ ਤੁਲਨਾਤਮਿਕ ਬਿਆਨ ਕਰਦੇ ਹਨ ।
ਗੁਰਮੁਖ਼ਿ ਸੁਖੀਆ ਮਨਮੁਖ਼ਿ ਦੁਖਿਆ ।।
ਗੁਰਮਖਿ ਸਨਮੁਖਿ ਮਨਮੁਖਿ ਵੇਮੁਖਿਆ ।।
ਸਤਿਗੁਰੁ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ ।
ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਲੇ ।।
ਉਨ੍ਹਾ ਨੇ ਸਮਝਾਇਆ ਕੀ ਗੁਰ- ਪ੍ਰਮੇਸ਼ਵਰ ਇਨਸਾਨ ਦੇ ਮਨ ਵਿਚ ਵਸਦਾ ਹੈ ਜਿਸ ਦੀ ਪ੍ਰਾਪਤੀ ਲਈ ਬਾਹਰ ਭਟਕਣ ਦੀ ਲੋੜ ਨਹੀਂ ਸਿਰਫ ਬੰਦੇ ਨੂੰ ਆਪਣਾ ਮੂਲ ਪਹਿਚਾਨਣ ਦੀ ਲੋੜ ਹੈ ।
ਮਨਿ ਤੂੰ ਜੋਤਿ ਸਰੂਪ ਹੈਂ ਆਪਣਾ ਮੂਲੁ ਪਛਾਣ ।।
ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਗੁਰੂ ਸਾਹਿਬ ਆਪ ਨਾਰਾਇਣ ਦਾ ਰੂਪ ਧਾਰ ਕੇ ਗੁਰੂ ਅਮਰ ਦਾਸ ਦੇ ਜਾਮੇ ਵਿਚ ਜਗਤ ਵਿਚ ਆਏ ।
ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕੀ ਫਤਹਿ ।।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)