More Gurudwara Wiki  Posts
ਭਗਤ ਸਧਨਾ ਜੀ


ਭਗਤ ਸਧਨਾ ਜੀ
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੂ ਤਰੈ।। ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ ।।
ਭਗਤ ਸਧਨਾ ਜੀ ਜਾਂ ਸਧਨਾ ਕਸਾਈ ਉੱਤਰੀ ਭਾਰਤ ਦਾ ਇੱਕ ਮੁਸਲਮਾਨ ਸੰਤ ਕਵੀ ਹੋਇਆ ਹੈ।
ਇੱਕ ਰਵਾਇਤ ਅਨੁਸਾਰ ਭਗਤ ਸਧਨਾ ਜੀ ਦਾ ਜਨਮ ਸਿੰਧ ਪ੍ਰਾਤ (ਪਾਕਿਸਤਾਨ)ਦੇ ਸੇਹਵਾਨ ਪਿੰਡ ਵਿੱਚ ਚੌਦਵੀਂ ਸਦੀ ਦੇ ਆਰੰਭ ਵਿੱਚ ਹੋਇਆ। ਆਪ ਨਾਮਦੇਵ ਜੀ ਦੇ ਸਮਕਾਲੀ ਸਨ। ਆਪ ਦੇ ਜੀਵਨ ਦਾ ਮੁਢਲਾ ਸਮਾਂ ਪਿਤਾ ਪੁਰਖੀ ਕਸਾਈ ਦਾ ਕੰਮ ਕਰਨ ਵਿੱਚ ਗੁਜ਼ਾਰਿਆ । ਉਹ ਕਿਰਤ ਭਾਵੇਂ ਮਾਸ ਵੇਚਣ ਦੀ ਕਰਦੇ ਸਨ ਜਾਂ ਬੱਕਰੇ ਵੱਢਣ ਦੀ ਪਰ ਉਨ੍ਹਾਂ ਦਾ ਮਨ ਕਿੱਧਰੇ ਹੋਰ, ਕਿਸੇ ਹੋਰ ਦੀ ਤਲਾਸ਼ ਵਿੱਚ ਰਹਿੰਦਾ ਸੀ। ਉਨ੍ਹਾਂ ਦੇ ਸ਼ਬਦ ਵਿੱਚ ਪ੍ਰਭੂ ਮਿਲਾਪ ਵਾਸਤੇ ਤਰਲਾ ਸਾਫ਼ ਦਿੱਸਦਾ ਹੈ। ਬਾਅਦ ਵਿੱਚ ਆਪ ਕਸਾਈ ਦਾ ਕੰਮ ਛਡ ਭਗਤੀ ਵਿੱਚ ਲੀਨ ਹੋ ਗਏ। ਇਤਨੇ ਕਠੋਰ ਪੈਸ਼ਾ ਤੇ ਇਤਨਾ ਕੋਮਲ ਦਿਲ ,ਆਪਦੇ ਜੀਵਨ ਨੇ ਕਿਸ ਤਰ੍ਹਾ ਮੋੜ ਖਾਧਾ ਇਸ ਨਾਲ ਇਕ ਘਟਨਾ ਮਸਕੀਨ ਜੀ ਬਿਆਨ ਕਰਦੇ ਹਨ ।
ਕਹਿੰਦੇ ਹਨ ਇਕ ਦਿਨ ਉਥੋਂ ਦੇ ਰਾਜੇ ਦੇ ਘਰ ਬੇਵ੍ਕ਼ਤ ਮਹਿਮਾਨ ਆ ਗਏ ਰਾਜੇ ਨੇ ਆਪਣੇ ਅਹਿਲਕਾਰਾਂ ਨੂੰ ਸਧਨਾ ਕੋਲ 1-2 ਸੇਰ ਮਾਸ ਲੈਣ ਲਈ ਭੇਜਿਆ , ਦੁਕਾਨ ਬੰਦ ਹੋ ਚੁਕੀ ਸੀ , ਰਾਜੇ ਦੇ ਅਹਿਲਕਾਰ ਸਧਨਾ ਕੋਲ ਗਏ ਤੇ ਰਾਜੇ ਦਾ ਹੁਕਮ ਸੁਣਾਇਆ ਨਾਂਹ ਨਹੀਂ ਸੀ ਕੀਤੀ ਜਾ ਸਕਦੀ, ਰਾਜੇ ਦਾ ਹੁਕਮ ਸੀ। ਸੋਚਿਆ ਕਿ ਜੇ ਪੂਰਾ ਬਕਰਾ ਝਟਕਾਇਆ ਤਾਂ ਬਾਕੀ ਦਾ ਮਾਸ ਸਵੇਰੇ ਤਕ ਖਰਾਬ ਹੋ ਜਾਏਗਾ, ਸੋਚਿਆ ਕਿ ਬਕਰੇ ਦੀ ਇਕ ਟੰਗ ਵੱਡ ਦਿੰਦਾਂ ਹਾਂ ਜਦ ਛੁਰਾ ਲੈਕੇ ਬਕਰੇ ਕੋਲ ਗਏ ਤਾਂ ਮਨ ਵਿਚ ਉਸਦੇ ਦਰਦ , ਉਸਦੀ ਤੜਫ ਦਾ ਵੀ ਖ਼ਿਆਲ ਆ ਗਿਆ ਜੋ ਸਾਰੀ ਰਾਤ ਬਕਰੇ ਨੇ ਝੇਲਣਾ ਸੀ । ਆਪਣੇ ਪੇਸ਼ੇ ਬਾਰੇ ਵੀ ਸੋਚਿਆ ਕਿ ਇਹ ਦਰਦ ਉਹ ਕਿਨੀ ਵਾਰੀ ਤੇ ਕਿਨੇ ਜਾਨਵਰਾਂ ਨੂੰ ਹਰ ਰੋਜ਼ ਦਿੰਦੇ ਹਨ, ਹਥੋਂ ਛੁਰਾ ਡਿਗ ਪਿਆ, ਫੈਸਲਾ ਕਰ ਲਿਆ ਕਿ ਅਜ ਤੋਂ ਬਾਅਦ ਮੈਂ ਇਹ ਗੁਨਾਹ ਕਦੀ ਨਹੀਂ ਕਰਾਂਗਾ ਅਹਿਲਕਾਰਾਂ ਨੂੰ ਕਹਿ ਦਿਤਾ ਕਿ ਅਜ ਤੋਂ ਮੈਂ ਕਸਾਈ ਦਾ ਪੇਸ਼ਾ ਛਡ ਦਿਤਾ ਹੈ., ਮੈ ਬਕਰੇ ਨਹੀਂ ਵਡਿਆ ਕਰਾਂਗਾ ਅਜ ਤੋਂ ਮੈਂ ਆਪਣੇ ਕੀਤੇ ਪਾਪਾਂ ਤੇ ਗੁਨਾਹਾਂ ਨੂੰ ਵਡਣਾ ਹੈ ।ਅਹਿਲਕਾਰ ਵੀ ਨੇਕ ਸੀ ,ਇਨ੍ਹਾ ਦੇ ਦਰਦ ਨੂੰ ਸਮਝ ਗਏ ਉਹ ਦਿਨ ਉਨ੍ਹਾ ਦਾ ਇਸ ਪੇਸ਼ੇ ਦਾ ਆਖਰੀ ਦਿਨ ਸੀ । ਉਸਤੋਂ ਬਾਅਦ ਉਨ੍ਹਾਂ ਨੇ ਅਜਿਹੀ ਸ਼ਿਦਿਤ ਨਾਲ ਭਗਤੀ ਕੀਤੀ ਰੱਬ ਨਾਲ ਇਕ-ਮਿਕ ਹੋ ਗਏ ਬਾਣੀ ਉਚਾਰਨ ਕੀਤੀ ,ਕਈ ਦੋਹੇ ਲਿਖੇ ਉਨ੍ਹਾਂ ਦੇ ਪੰਜਾਬ ਰਾਜਿਸਥਾਨ ਅਤੇ ਯੂ: ਪੀ ਵਿੱਚ ਬਣੀ ਦੇ ਪ੍ਰਚਾਰ ਲਈ ਘੁੰਮਣ ਫਿਰਨ ਦੇ ਸੰਕੇਤ ਮਿਲਦੇ ਹਨ ।
ਭਗਤ ਸਧਨਾ ਜੀ ਦਾ ਰਾਗੁ ਬਿਲਾਵਲੁ ਵਿੱਚ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਨਾ 852 ਉੱਤੇ ਅੰਕਿਤ ਹੈ ਜਿਸ ਵਿਚ ਉਹ ਫੁਰਮਾਂਦੇ ਹਨ ਕਿ ਭਗਤ ਜੋ ਮਨ ਉਸ ਪ੍ਰਮਾਤਮਾ ਨੂੰ ਦੇਕੇ ਭਗਤੀ ਕਰਦਾ ਹੈ, ਆਪਣਾ ਆਪ ਤਿਆਗ ਕੇ ਪ੍ਰਭੂ ਦਾ ਹੋ ਜਾਂਦਾ ਹੈ, ਉਸਦੀ ਲਾਜ ਪ੍ਰਮਾਤਮਾ ਆਪ ਰਖਦਾ ਹੈ । ਇਸ ਸਲੋਕ ਵਿੱਚ ਭਗਤ ਸਧਨਾ ਜੀ ਜਗਤ ਗੁਰੂ ਨੂੰ ਵੰਗਾਰ ਦੇ ਰੂਪ ਵਿੱਚ ਅਰਦਾਸ ਕਰਦੇ ਹਨ ਜੋ ਕਿ ਇੱਕ ਦਿਲੋਂ ਨਿਕਲੀ ਹੂਕ ਹੈ।
ਮੈ ਨਾਹੀ ਕਛੁ ਹਉ ਨਹੀਂ ਕਿਛੁ ਅਹਿ ਨ ਮੋਰਾ।I ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ।I
ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ॥ ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ॥
ਅਸੀਂ ਸਾਰੀ ਉਮਰ ਚੰਗੇ-ਮੰਦੇ ਕਰਮਾਂ ਵਿੱਚ ਵਿਅੱਸਤ ਰਹਿੰਦੇ ਹਾਂ ਤੇ ਕਰਮਾ ਅਨੁਸਾਰ ਦੁਖ ਸੁਖ ਭੋਗਦੇ ਹਨ । ਪਰ ਜਦੋਂ ਵੀ ਸਮਝ ਆ ਜਾਏ, ਜੇਕਰ ਨੇਕ ਨੀਤੀ ਨਾਲ ਮਾਲਕ ਦੀ ਸ਼ਰਨ ਵਿੱਚ ਚਲੇ ਜਾਈਏ, ਉਸਦੀ ਰਜ਼ਾ ਵਿੱਚ ਰਹਿਣਾ ਕਬੂਲ ਕਰ ਲਈਏ ਤਾਂ ਨਿਰੰਕਾਰ ਅਉਗੁਣਹਾਰਿਆਂ ਨੂੰ ਅੰਗੀਕਾਰ ਕਰ ਲੈਂਦਾ ਹੈ। ਐਸਾ ਕਰਨਾ ਉਸ ਦਾ ਸੁਭਾਓ ਹੈ।
ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨਹਾਰ॥ ਦਰਗਾਹ ਵਿੱਚ ਸ਼ੁੱਭ ਕਰਮ ਹੀ ਪਰਵਾਣ ਹਨ।
ਹੇਠ ਲਿਖੇ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਇੱਕ ਹੋਰ ਮਿਥਹਾਸਿਕ ਕਹਾਣੀ ਜਾਨਣੀ ਬੜੀ ਜ਼ਰੂਰੀ ਹੈ ਜੋ ਉਸ ਸਮੇਂ ਕਿਤਨੀ ਪ੍ਰਚੱਲਤ ਰਹੀ ਹੋਵੇਗੀ ਜਿਸ ਦਾ ਭਗਤ ਜੀ ਨੇ ਇਸ ਸ਼ਬਦ ਦੇ ਅਰੰਭ ਵਿੱਚ ਹੀ ਇਸ਼ਾਰਾ ਦਿੱਤਾ ਹੈ। ਇੱਕ ਰਾਜੇ ਦੀ ਲਕੜੀ ਨੇ ਐਲਾਨ ਕਰ ਦਿੱਤਾ ਸੀ ਕਿ ਜੇ ਉਹ ਵਿਆਹ ਕਰਾਵੇਗੀ ਤਾਂ ਵਿਸ਼ਨੂੰ ਭਗਵਾਨ ਨਾਲ ਹੀ ਕਰਾਵੇਗੀ। ਰਾਜੇ ਨੇ ਬੜਾ ਸਮਝਾਇਆ ਪਰ ਲੜਕੀ ਜ਼ਿਦ ਤੇ ਅੜੀ ਰਹੀ। ਇਕ ਤ੍ਰਖਾਣ ਦੇ ਲੜਕੇ ਨੇ ਵਿਸ਼ਨੂੰ ਭਗਵਾਨ ਬਾਰੇ ਜਾਣਕਾਰੀ ਹਾਸਲ ਕੀਤੀ। ਆਪਣੇ ਵਾਸਤੇ ਦੋ ਬਾਹਵਾਂ ਹੋਰ ਬਣਾ ਲਈਆਂ ਅਤੇ ਗਰੁੜ ਵਰਗਾ ਉੱਡਣ ਖਟੋਲਾ ਤਿਆਰ ਕਰ ਲਿਆ। ਉਸ ਤ੍ਰਖਾਣ ਦੇ ਲੜਕੇ ਦਾ ਰਾਜੇ ਦੀ ਬੇਟੀ ਨਾਲ ਵਿਆਹ ਕਰਵਾਉਣ ਦਾ ਮਕਸਦ ਕਾਮ ਤ੍ਰਿਪਤੀ ਅਤੇ ਮਹਿਲਾਂ ਵਿੱਚ ਰਹਿਣਾ ਨਿਜੀ ਸਵਾਰਥ ਸੀ। ਇੱਕ ਦਿਨ ਉਸ ਲੜਕੇ ਨੇ ਉਡਣ ਖਟੋਲਾ ਲੈ ਕੇ ਰਾਜੇ ਦੇ ਮਹਲ ਉੱਪਰ ਦੋ ਚਾਰ ਗੇੜੇ ਦਿੱਤੇ ਅਤੇ ਆਪਣਾ ਉੱਡਣ ਖਟੋਲਾ ਮਹਿਲਾਂ ਵਿਚ ਜਾ ਉਤਾਰਿਆ। ਰਾਜੇ ਅਤੇ ਰਾਜਕੁਮਾਰੀ ਨੇ ਉਸ ਨੂੰ ਵਿਸ਼ਨੂੰ ਭਗਵਾਨ ਸਮਝਕੇ ਸਵਾਗਤ ਕੀਤਾ ਤੇ ਅਗਲੇ ਦਿਨ ਹੀ ਰਾਜੇ ਨੇ ਉਸ ਨਾਲ ਆਪਣੀ ਲੜਕੀ ਦਾ ਵਿਆਹ ਕਰ ਦਿੱਤਾ। ਸਾਰੇ ਜਣੇ ਖੁਸ਼ੀ ਖੁਸ਼ੀ ਰਹਿਣ ਲੱਗੇ। ਰਾਜੇ ਨੇ ਸੋਚਿਆ ਕਿ ਹੁਣ ਆਪਣਾ ਜੁਆਈ ਵਿਸ਼ਨੂੰ ਭਗਵਾਨ ਹੈ, ਫੌਜ ਰੱਖ ਕੇ ਕੀ ਕਰਨੀ ਹੈ। ਫੌਜੀਆਂ ਨੂੰ ਹਟਾ ਕੇ ਘਰੋ-ਘਰੀ ਭੇਜ ਦਿੱਤਾ।
ਗਵਾਂਢੀ ਰਾਜੇ ਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਰਾਜੇ ਉੱਤੇ ਹਮਲਾ ਕਰ ਦਿੱਤਾ। ਰਾਜੇ ਨੇ ਜੁਆਈ ਰਾਜਾ ਪਾਸ ਮਦਦ ਲਈ ਗੁਹਾਰ ਲਾਈ। ਜੁਆਈ ਨੇ ਰਾਜੇ ਨੂੰ ਹੌਸਲਾ ਜ਼ਰੂਰ ਦਿੱਤਾ ਪਰ ਆਪ ਸਕਤੇ ਵਿਚ ਆ ਗਿਆ । ਰਾਤ ਪਈ...

ਤਾਂ ਤ੍ਰਖਾਣ ਦੇ ਲੜਕੇ ਨੇ ਆਪਣਾ ਗਰੁੜ ਉੜਾਨ ਦੀ ਕੋਸ਼ਿਸ਼ ਕੀਤੀ ਪਰ ਉਹ ਉਡਿਆ ਨਹੀਂ । ਲੜਕਾ ਬੜੀ ਦੁਬਿੱਧਾ ਵਿੱਚ ਫੱਸ ਗਿਆ। ਕਰੇ ਤਾਂ ਕੀ ਕਰੇ ? ਭੱਜ ਕੇ ਕਿਧਰੇ ਜਾ ਨਹੀਂ ਸੀ ਸਕਦਾ। ਸਚ ਬੋਲ ਨਹੀਂ ਸੀ ਸਕਦਾ ਅਖੀਰ ਸਾਰੇ ਰਸਤੇ ਬੰਦ ਦੇਖ ਕੇ ਲੜਕੇ ਨੇ ਪਾਣੀ ਵਿੱਚ ਡੁੱਬ ਮਰਨ ਦੀ ਸਕੀਮ ਬਣਾਈ। ਲੜਕਾ ਨਦੀ ਵਿੱਚ ਵੜਨ ਵਾਲਾ ਹੀ ਸੀ ਕਿ ਅਸਲੀ ਵਿਸ਼ਨੂੰ ਭਗਵਾਨ ਨੇ ਆ ਕੇ ਲੜਕੇ ਦੀ ਬਾਂਹ ਫੜ ਲਈ ਅਤੇ ਕਿਹਾ, “ ਤੂੰ ਤਾਂ ਮਰ ਕੇ ਮੁਕਤ ਹੋ ਜਾਏਂਗਾ ਪਰ ਮੈਂ ਤਾਂ ਜਿਊਂਦੇ ਜੀਅ ਹੀ ਮਾਰਿਆ ਜਾਊਂਗਾ ? ਤੇਰੇ ਮਰਨ ਨਾਲ ਲੋਕਾਂ ਨੇ ਸਮਝ ਲੈਣਾ ਹੈ ਕਿ ਵਿਸ਼ਨੂੰ ਮਰ ਗਿਆ ਹੈ। ਫਿਰ ਮੇਰੀ ਪੂਜਾ ਕੌਣ ਕਰੇਗਾ? ਤੂੰ ਮਰਨ ਦਾ ਖ਼ਿਆਲ ਤਿਆਗ ਦੇ। ਮੇਰੀ ਹੋਂਦ ਹੁਣ ਤੇਰੀ ਹੋਂਦ ਉੱਤੇ ਨਿਰਭਰ ਹੋ ਗਈ ਹੈ। ਜੇ ਤੂੰ ਮਰ ਗਿਆ ਤਾਂ ਮੈਂ ਕਿੱਸੇ ਪਾਸੇ ਜੋਗਾ ਨਹੀਂ ਰਹਾਂਗਾ। ਤੂੰ ਮੇਰੀ ਮਦਦ ਕਰ। ਤੇਰਾ ਕੰਮ ਮੈਂ ਸੰਭਾਲ ਲਵਾਂਗਾ। ਤੂੰ ਇਦਾਂ ਕਰ ਆਪਣੇ ਘਰ ਜਾਹ। ਬਾਕੀ ਸਾਰਾ ਕੰਮ ਤੂੰ ਮੇਰੇ ਤੇ ਛੱਡ ਦੇ।”ਵਿਸ਼ਨੂੰ ਭਗਵਾਨ ਜੀ ਨੇ ਭੇਖੀ ਤ੍ਰਖਾਣ ਦੀ ਥਾਂ ਆਪ ਪਹਿਰਾ ਦੇ ਕੇ ਹਮਲਾਵਰ ਫੌਜ ਦਾ ਮੁਕਾਬਲਾ ਕੀਤਾ ਸੀ, ਭਗਤ ਸਧਨਾ ਜੀ ਦੇ ਸ਼ਬਦ ਦੀਆਂ ਪਹਿਲੀਆਂ ਦੋ ਸਤਰਾਂ ਇਸ ਮਿਥ ਦੀ ਵਿਆਖਿਆ ਹਨ। ਭਗਤ ਸਧਨਾ ਜੀ ਭਗਵਾਨ ਨੂੰ ਅਰਦਾਸ ਕਰਦੇ ਹੋਏ ਕਹਿੰਦੇ ਹਨ ਕਿ ਪਖੰਡੀ ਤ੍ਰਖਾਣ ਲੜਕੇ ਦੀ ਤੁਸਾਂ ਰੱਖਿਆ ਕੀਤੀ ਸੀ, ਮੈਂ ਤਾਂ ਤੁਹਾਡਾ ਭਗਤ ਹਾਂ।
॥ ਪੰਨਾ 858 ॥
ਬਾਣੀ ਸਧਨੇ ਕੀ ਰਾਗੁ ਬਿਲਾਵਲੁ (858-13)
ੴ ਸਤਿਗੁਰ ਪ੍ਰਸਾਦਿ ॥
ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ ॥
ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ॥
ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ ॥
ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥1॥ ਰਹਾਉ ॥
ਏਕ ਬੂੰਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ ॥
ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ ॥2॥
ਪ੍ਰਾਨ ਜੁ ਥਾਕੇ ਥਿਰੁ ਨਹੀ ਕੈਸੇ ਬਿਰਮਾਵਉ ॥
ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ ॥3॥
ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ ॥
ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ ॥4॥1॥
ਅਰਥਾਤ ਹੇ ਜਗਤ ਪਿਤਾ ਪਰਮੇਸ਼ਵਰ !ਜੇਕਰ ਮੈਂ ਪਿਛਲੇ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦੇ ਅਨੁਸਾਰ ਹੁਣ ਵੀ ਬੁਰੇ ਕਰਮ ਕਰਾਂਗਾ ਤਾਂ ਤੁਹਾਡੀ ਸ਼ਰਣ ਵਿੱਚ ਆਉਣ ਦਾ ਮੈਨੂੰ ਕੀ ਗੁਣ ਜਾਂ ਮੁਨਾਫ਼ਾ ਪ੍ਰਾਪਤ ਹੋਵੇਗਾ। ਸ਼ੇਰ ਦੀ ਸ਼ਰਣ ਵਿੱਚ ਜਾਣ ਦਾ ਕੀ ਮੁਨਾਫ਼ਾ, ਜੇਕਰ ਫਿਰ ਵੀ ਗਿੱਦੜ ਖਾ ਜਾਣ ? ਹੇ ਪ੍ਰਭੂ ! ਤੂੰ ਉਸ ਕਾਮੀ ਅਤੇ ਖੁਦਗਰਜ ਬੰਦੇ ਦੀ ਵੀ ਲਾਜ ਰੱਖੀ। ਭਾਵ, ਤੂੰ ਉਹਨੂੰ ਕਾਮ ਵਾਸਨਾ ਦੇ ਵਿਕਾਰ ਵਿੱਚ ਡਿੱਗਣ ਵਲੋਂ ਬਚਾਇਆ ਸੀ ਜਿਨ੍ਹੇ ਇੱਕ ਰਾਜਾ ਦੀ ਕੁੜੀ ਦੀ ਖਾਤਰ ਧਰਮ ਦਾ ਭੇਸ਼ ਬਣਾਇਆ ਸੀ। ਪਪੀਹਾ ਪਾਣੀ ਦੀ ਇੱਕ ਬੂੰਦ ਲਈ ਦੁਖੀ ਹੁੰਦਾ ਹੈ ਅਤੇ ਕੂਕਦਾ ਹੈ, ਪਰ ਜੇਕਰ ਉਡੀਕ ਵਿੱਚ ਹੀ ਪ੍ਰਾਣ ਨਿਕਲ ਜਾਣ ਤਾਂ ਫਿਰ ਉਸਨੂੰ ਸਮੁੰਦਰ ਵੀ ਮਿਲ ਜਾਵੇ ਤਾਂ ਕਿਸੇ ਕੰਮ ਨਹੀਂ ਆ ਸਕਦਾ। ਉਸੀ ਤਰ੍ਹਾਂ ਹੀ ਹੇ ਪ੍ਰਭੂ ! ਜੇਕਰ ਤੁਹਾਡੇ ਨਾਮ ਅਮ੍ਰਿਤ ਦੀ ਬੂੰਦ ਦੇ ਬਿਨਾਂ ਮੇਰੀ ਜਿੰਦ ਵਿਕਾਰਾਂ ਵਿੱਚ ਮਰ ਗਈ ਤਾਂ ਫਿਰ ਤੁਹਾਡੀ ਮਿਹਰ ਦਾ ਸਮੁੰਦਰ ਵੀ ਮੇਰਾ ਕੀ ਸਵਾਂਰੇਗਾ ? ਤੁਹਾਡੀ ਕਿਰਪਾ ਦੀ ਉਡੀਕ ਕਰ-ਕਰਕੇ ਮੇਰੀ ਆਤਮਾ ਥੱਕ ਗਈ ਹੈ ਅਤੇ ਵਿਕਾਰਾਂ ਵਿੱਚ ਡੋਲ ਰਹੀ ਹੈ। ਇਸ ਸ਼ਬਦ ਦੁਆਰਾ ਭਗਤ ਜੀ ਵਲੋਂ ਈਸ਼ਵਰ (ਵਾਹਿਗੁਰੂ) ਦੇ ਅੱਗੇ ਅਰਦਾਸ ਕੀਤੀ ਗਈ ਹੈ। ਇਸ ਸ਼ਬਦ ਦਾ ਭਾਵ ਤਾਂ ਸਿੱਧਾ ਅਤੇ ਸਾਫ਼ ਹੈ ਕਿ ਭਗਤ ਸਧਨਾ ਜੀ ਈਸ਼ਵਰ ਦੇ ਅੱਗੇ ਅਰਦਾਸ ਕਰਦੇ ਹੋਏ ਕਹਿ ਰਹੇ ਹਨ ਕਿ ਹੇ ਪ੍ਰਭੂ ! ਸੰਸਾਰ ਸਮੁੰਦਰ ਵਿੱਚ ਵਿਕਾਰਾਂ ਦੀਆਂ ਅਨੇਕਾਂ ਲਹਿਰਾਂ ਉਠ ਰਹੀਆਂ ਹਨ। ਮੈਂ ਆਪਣੀ ਹਿੰਮਤ ਵਲੋਂ ਇਨ੍ਹਾਂ ਲਹਿਰਾਂ ਵਿੱਚ ਆਪਣੀ ਕਮਜੋਰ ਜਿੰਦ ਦੀ ਛੋਟੀ ਜਿਹੀ ਕਿਸ਼ਤੀ ਨੂੰ ਡੁੱਬਣ ਵਲੋਂ ਬਚਾ ਨਹੀਂ ਸਕਦਾ। ਮਨੁੱਖ ਜੀਵਨ ਦਾ ਸਮਾਂ ਖਤਮ ਹੁੰਦਾ ਜਾ ਰਿਹਾ ਹੈ ਅਤੇ ਵਿਕਾਰ ਮੁੜ-ਮੁੜਕੇ ਹਮਲੇ ਕਰ ਰਹੇ ਹਨ। ਜਲਦੀ ਵਲੋਂ ਮੇਨੂੰ ਇਨ੍ਹਾਂ ਦੇ ਹਮਲਿਆਂ ਵਲੋਂ ਬਚਾ ਲਓ।ਕੁਝ ਇਤਿਹਾਸਕਾਰਾਂ ਵਲੋਂ ਕਿਹਾ ਗਿਆ ਕਿ , ਇਸ ਸ਼ਬਦ ਵਿੱਚ ਭਕਤ ਜੀ ਨੇ ਵਿਸ਼ਣੂ ਜੀ ਦੀ ਅਰਾਧਨਾ ਕੀਤੀ ਹੈ।ਅਸਲ ਵਿਚ ਬਾਣੀ ਵਿੱਚ ਭਗਤ ਜੀ ਜਗਤ ਗੁਰੂ ਨੂੰ ਸੰਬੋਧਿਤ ਕਰ ਰਹੇ ਹਨ, ਕਿਸੇ ਵੀ ਪ੍ਰਕਾਰ ਇਸ ਲਫਜ਼ ਦਾ ਮਤਲਬ ਵਿਸ਼ਨੂੰ ਨਹੀਂ ਬਣਦਾ।ਜੇਕਰ ਮੰਨ ਲਈਏ ਕਿ ਆਪ ਆਪਣੇ ਸ਼ੁਰੂਆਤੀ ਦੌਰ ਵਿਚ ਮੂਰਤੀ ਪੂਜਕ ਰਹੇ ਵੀ ਹੋਣਗੇ ਫੇਰ ਵੀ ਕੇਵਲ ਇੰਨੀ ਜਿਹੀ ਗੱਲ ਵਲੋਂ ਵੈਰਾਗ ਰੂਪ ਭਗਤ ਜੀ ਨੂੰ ਵਿਸ਼ਨੂੰ ਦਾ ਸੇਵਕ ਨਹੀਂ ਕਿਹਾ ਜਾ ਸਕਦਾ। ਧਿਆਨ ਰਹੇ ਕਿ ਵਿਸ਼ਣੁ ਜੀ ਵੀ ਆਪਣੇ ਆਪ ਨੂੰ ਈਸ਼ਵਰ ਦੇ ਦਾਸ ਮੰਨਦੇ ਹਨ।
ਕਿਤੇ ਕਿਤੇ ਭਗਤ ਸਧਨਾ ਜੀ ਦਾ ਜੇਲ ਜਾਣਾ ਵੀ ਲਿਖਿਆ ਮਿਲਦਾ ਹੈ ਅਤੇ ਇਹ ਵੀ ਲਿਖਿਆ ਹੈ ਕਿ ਭਗਤ ਜੀ ਨੂੰ ਜ਼ਮੀਨ ਵਿੱਚ ਗੱਡ ਕੇ ਮੌਤ ਦੀ ਸਜ਼ਾ ਦਾ ਹੁਕਮ ਸੀ। ਇਸ ਬਾਰੇ ਅਜੇ ਕੁਝ ਵੀ ਸਾਮਣੇ ਨਹੀਂ ਆਇਆ ਭਗਤ ਸਧਨਾ ਜੀ ਦਾ ਦੇਹੁਰਾ , ਇੱਕੋ ਇੱਕ ਯਾਦਗਾਰ ਸਰਹੰਦ ਕੋਲ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਤੇ ਰੇਲਵੇ ਸਟੇਸਨ ਦੇ ਕੋਲ ਹੈ , ਜਿਥੇ ਉਹਨਾਂ ਨੇ ਪੰਜ ਭੂਤਕ ਸਰੀਰ ਤਿਆਗ ਦਿੱਤਾ ਸੀ, ਇੱਕ ਮਸਜਿਦ ਬਣੀ ਹੋਈ ਹੈ।
ਇਸ ਮਹਾਨ ਸਖ਼ਸ਼ੀਅਤ ਦੇ ਮਕਬਰੇ ਦੀ ਖਦਸਾ ਹਾਲਤ ਦੇਖ ਕੇ ਰੂਹ ਕਲਪ ਉਠਦੀ ਹੈ ਕਿ ਜਿਸ ਸਖ਼ਸ਼ੀਅਤ ਦੀ ਰਚੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰਕੇ ਨਿਵਾਜ਼ਿਆ ਗਿਆ ਹੈ। ਉਸਦਾ ਮਕਬਰਾ ਅੱਜ ਢਹਿ ਢੇਰੀ ਹੋ ਚੁੱਕਿਆ ਨਜ਼ਰ ਆ ਰਿਹਾ। ਸੋ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਕਫ ਬੋਰਡ ਨੂੰ ਇਸ ਮਕਬਰੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਇਸ ਮਹਾਨ ਸਖ਼ਸ਼ੀਅਤ ਦੀ ਲਸਾਨੀ ਨਿਸ਼ਾਨੀ ਨੂੰ ਸਾਂਭਿਆ ਜਾ ਸਕੇ।
ਜੋਰਾਵਰ ਸਿੰਘ ਤਰਸਿੱਕਾ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)