More Gurudwara Wiki  Posts
ਗੁਰੂ ਤੇਗ ਬਹਾਦਰ ਸਾਹਿਬ ਜੀ – ਭਾਗ ਚੌਥਾ


ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਕਾਸ ਪੁਰਬ ਨੂੰ ਸਮਰਪਿਤ ਗੁਰੂ ਜੀ ਦੇ ਇਤਿਹਾਸ ਦਾ ਅੱਜ ਚੌਥਾ ਭਾਗ ਪੜੋ ਜੀ ।
ਭਾਗ ਚੌਥਾ
ਪਰਚਾਰ ਲਈ ਦੌਰਾ:
ਔਰੰਗਜ਼ੇਬ 31 ਜੁਲਾਈ, 1658 ਈ ਨੂੰ ਤਖਤ ਉਤੇ ਬੈਠਾ ਸੀ।ਔਰੰਗਜ਼ੇਬ ਨੇ ਆਪਣੇ ਪਿਓ ਨੂੰ ਕੈਦ ਕਰ ਕੇ ਤੇ ਭਰਾਵਾਂ ਨੂੰ ਮਾਰ ਕੇ ਹੀ ਉਹ ਤਖ਼ਤ ਹਾਸਲ ਕੀਤਾ ਸੀ ।ਮੁਸਲਮਾਨਾਂ ਵਿੱਚ ਗਲਤ ਫਹਿਮੀਆਂ ਪੈ ਗਈਆਂ ਸਨ ਤੇ ਲੋਕੀਂ ਉਸ ਨੂੰ ਚੰਗਾ ਨਹੀ ਸਨ ਸਮਝਦੇ ।ਔਰੰਗਜ਼ੇਬ ਨੇ ਕੱਟੜ ਹਿੰਦੂ ਵਿਰੋਧੀ ਧਾਰਮਿਕ ਨੀਤੀ ਦਾ ਐਲਾਨ ਕਰ ਦਿਤਾ ਸੀ।ਉਸ ਨੇ ਆਪਣੇ ਆਪ ਨੂੰ ਇਸਲਾਮ ਦਾ ਰਾਖਾ ਦੱਸ ਕੇ ਮੁਸਲਮਾਨਾਂ ਨੂੰ ਆਪਣੇ ਵੱਲ ਕਰਨਾ ਸ਼ੁਰੂ ਕਰ ਦਿੱਤਾ। ਇਸ ਲਈ ਉਸ ਨੇ ਨਵੇਂ ਮੰਦਰ ਨਾ ਬਣਾਉਣ ,ਪੁਰਾਣਿਆਂ ਦੀ ਮੁਰੰਮਤ ਨਾ ਕਰਨ ਤੇ ਉੜੀਸਾ ਤੇ ਬਿਹਾਰ ਵਿੱਚ ਮੰਦਰ ਗਿਰਾਉਣ ਦਾ ਹੁਕਮ ਦੇ ਦਿੱਤਾ ਸੀ ।
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਨਾਨਕ ਦਾ ਉਪਦੇਸ਼ ਫਿਰ ਘਰ ਘਰ ਪਹੁੰਚਾਉਣ ਦਾ ਜ਼ਿੰਮਾ ਲਿਆ। ਲੋਕਾਂ ਵਿੱਚ ਇਹ ਖ਼ਿਆਲ ਮੁੜ ਦ੍ਰਿੜ੍ਹ ਕਰਵਾਇਆ ਕਿ ਜਿਉਂਦਿਆ ਹੀ ਜੇ ਇੱਜ਼ਤ ਖੋਹੀ ਗਈ ਤਾਂ ਜਿਊਣਾ ਕਿਸ ਕੰਮ ?
ਡਰਨ ਵਾਲਾ ਕਾਇਰ ਤੇ ਡਰਾਉਣ ਵਾਲਾ ਜਾਬਰ ਹੈ , ਇਹਨਾਂ ਦੋਹਾਂ ਲਈ ਸਮਾਜ ਵਿੱਚ ਕੋਈ ਥਾਂ ਨਹੀ :-
ਸਲੋਕ ਮਹਲਾ ੯
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 1427)
ਬਾਂਗਰ ਦੇਸ਼ –
ਗੁਰੂ ਜੀ ਨੇ ਮਾਲਵੇ ਦੀ ਧਰਤੀ ਤੋਂ ਆਪਣਾ ਪ੍ਰਚਾਰ ਆਰੰਭਿਆ। ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ‘ਹੋਣ ਕਾਰਨ ਪੰਜਾਬ ਨੂੰ ਹਰ ਬਦਲਦੀ ਹਕੂਮਤ ਵੇਲੇ ਦੁੱਖ ਝੱਲਣੇ ਪੈਂਦੇ ਸਨ। ਔਰੰਗਜ਼ੇਬ ਨੇ ਤਾਂ ਰਾਜ ਹੀ ਬੜੇ ਔਖੇ ਹੋ ਕੇ ਲਿਆ ਸੀ। ਰੋਜ਼ ਹੀ ਫੌਜਾਂ ਦੀ ਚੜ੍ਹਈ ਨੇ ਫ਼ਸਲਾਂ ਤਬਾਹ ਕਰ ਦਿੱਤੀਆਂ ਸਨ ।ਲੋਕ ਆਲਸੀ ਅਤੇ ਵਹਿਮੀ ਹੋ ਗਏ ,ਆਪਣਾ ਕੀਮਤੀ ਸਮਾਂ ਨਸ਼ਿਆਂ ਵਿੱਚ ਨਸ਼ਟ ਕਰਨ ਲੱਗੇ ਸਨ। ਤੰਬਾਕੂ ਉਸ ਸਮੇਂ ਦਾ ਨਵਾਂ ਨਵਾਂ ਅਤੇ ਸਸਤਾ ਨਸ਼ਾ ਹੋਣ ਕਰਨ ਲੋਕਾਂ ਨੂੰ ਇਸ ਦੀ ਲੱਤ ਲੱਗ ਗਈ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਲਵੇ ਵੱਲ ਆਉਣਾ ਸ਼ੁਰੂ ਕੀਤਾ।
ਮਾਝੇ ਤੇ ਦੋਆਬੇ ਵਿੱਚ ਪਹਿਲੀਆਂ ਪੰਜ ਗੁਰੂ ਜੋਤਾਂ ਨੇ ਕਾਫ਼ੀ ਸੋਝੀ ਦੇ ਦਿੱਤੀ ਸੀ। ਇਸ ਇਲਾਕੇ ਵਿੱਚ ਵੀ ਸਖੀ ਸਰਵਰਾਂ ਦੇ ਬਹੁਤ ਚੇਲੇ ਹੋ ਗਏ ਸਨ। ਉਹ ਕਬਰਾਂ ਨੂੰ ਪੂਜਦੇ ਅਤੇ ਗੁੱਗੇ ਮਨਾਉਂਦੇਂ ਸਨ। ਗੁਰੂ ਜੀ ਨੇ ਇਸ ਕੁਰੀਤੀ ਤੋਂ ਹਟਾਉਣ ਦਾ ਉਪਰਾਲਾ ਕੀਤਾ। ਇਸਲਾਮ ਵਿੱਚ ਦਾਖਲ ਹੋਣ ਲਈ ਸਖੀ ਸਰਵਰ ਦੀ ਪੂਜਾ ਪਹਿਲੀ ਪੌੜੀ ਹੁੰਦੀ ਸੀ।
ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਲਵੇ ਵੱਲ ਧਿਆਨ ਦਿੱਤਾ ਤੇ ਫਿਰ ਪੂਰਬ ਵੱਲ ‘ਅਣਖ ਨਾਲ ਜੀਣ’ ਦਾ ਪ੍ਰਚਾਰ ਕਰਨ ਲਈ ਗਏ।
ਸ੍ਰੀ ਆਨੰਦਪੁਰ ਸਾਹਿਬ ਤੋਂ ਗੁਰੂ ਤੇਗ਼ ਬਹਾਦਰ ਜੀ ਘਨੌਲੀ ਵਿਖੇ ਗਏ ।ਉੱਥੇ ਲੋਕਾਂ ਦੀ ਮਾੜੀ ਅਵਸਥਾ ਦੇਖ ਕੇ ਜੋ ਕੁਝ ਖਜ਼ਾਨੇ ਵਿਚ ਸੀ ਉਹ ਲੋੜਵੰਦਾਂ ਵਿੱਚ ਵੰਡ ਦਿੱਤਾ। ਉਥੋਂ ਫਿਰ ਆਪ ਜੀ ਰੋਪੜ ਗਏ।ਉਸ ਤੋ ਬਾਅਦ ਫਿਰ ਬਹਾਦਰਗੜ੍ਹ ਟਿਕਾਣਾ ਸ਼ੈਫਦੀਨ ਦੇ ਬਾਗ਼ ਵਿੱਚ ਕੀਤਾ ।
ਕਿਹਾ ਜਾਂਦਾ ਹੈ ਕਿ ਸੈਫਦੀਨ ਬੜਾ ਨੇਕ ਇਨਸਾਨ ਤੇ ਦਿਲ ਦਾ ਸਾਫ ਸੀ ।ਉਸ ਨੇ ਲੰਗਰ ਵਿੱਚ ਰਸਦ ਪਾਈ ਸੀ ਕਿਉਂਕਿ ਗੁਰੂ ਜੀ ਸਭ ਕੁਝ ਪਿੱਛੇ ਵੰਡ ਆਏ ਸਨ ਇਸ ਲਈ ਉਸ ਨੇ ਲੰਗਰ ਲਈ ਭਾਂਡੇ ਤੇ ਤੰਬੂ ਛਾਵਣੀਆਂ ਦਿੱਤੀਆਂ ਸਨ ।ਕੁਝ ਸ਼ਸਤਰਾਂ ਦੇ ਨਾਲ ਨਾਲ ਗੁਰੂ ਜੀ ਦੀ ਸਵਾਰੀ ਲਈ ਘੋੜਾ ਅਤੇ ਮਾਤਾ ਜੀ ਦੀ ਸਵਾਰੀ ਲਈ ਰੱਥ ਦਿੱਤਾ ਸੀ।
ਗੁਰੂ ਜੀ ਦਾਦੂ ਮਾਜਰਾ,ਨੌ ਲੱਖਾ,ਲੰਗਾ,ਮੂਲੋਵਾਲ, ਫਰਵਾਹੀ,ਹੰਢਾਇਆ, ਭਲੇਹਰ,ਖੀਵਾ ਤੇ ਭਿਖੀ ਗਏ।
ਰਾਹ ਵਿੱਚ ਗੁਰੂ ਜੀ ਨੇ ਲੋੜ ਅਨੁਸਾਰ ਖੂਹ ਪੁਟਵਾਏ ਤੇ ਡੂੰਘੇ ਖੂਹ ਪੁਟਵਾ ਕੇ ਠੰਢਾ ਤੇ ਮਿੱਠਾ ਪਾਣੀ ਕੱਢਣ ਦੀ ਜਾਂਚ ਦੱਸੀ ।ਫਿਰ ਉੱਥੋਂ ਹੀ ਗੁਰ ਤੇਗ ਬਹਾਦਰ ਜੀ, ਖਿਆਲਾ, ਮੌੜ, ਮਾਈਸਰ ਖਾਨਾ ਤੋਂ ਹੋ ਕੇ ਸਾਬੋ ਕੀ ਤਲਵੰਡੀ ਪੁੱਜੇ ।(ਸਾਬੋ ਕਿ ਤਲਵੰਡੀ ਮਗਰੋ ਤਕੜਾ ਕੇਂਦਰ ਬਣਿਆ। ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਇਥੇ ਹੀ ਟਿਕਾਣਾ 1705ਈ ਨੂੰ ਕੀਤਾ ਹੀ।ਇਹ ਜਗ੍ਹਾ ਫਿਰ ਦਮਦਮਾ ਸਾਹਿਬ ਕਰਕੇ ਪ੍ਰਸਿਧ ਹੋਈ।)
ਕੁਝ ਦਿਨ ਦਮਦਮਾ ਸਾਹਿਬ ਟਿੱਕ ਕੇ ਗੁਰੂ ਜੀ ਧਰਮ ਦਾ ਕੋਟ ਬਛੋ ਆਹਵਾ ,ਗੋਬਿੰਦਪੁਰਾ ,ਸੰਘੇੜੀ ਤੇ ਗਰਨਾ ਤੋਂ ਹੋ ਕੇ ਧਮਧਾਨ ਪੁੱਜੇ।ਗੁਰੂ ਜੀ ਦਾ ਇਸ ਇਲਾਕੇ ਵਿੱਚ ਇਹ ਉਪਦੇਸ਼ ਸੀ :ਆਲਸ ਛੱਡੋ, ਉੱਦਮ ਕਰੋ ,ਕਾਮਯਾਬੀ ਤੁਹਾਡੇ ਪੈਰ ਚੁੰਮੇਗੀ।
ਧਮਧਾਣ ਵਿਖੇ ਗੁਰੂ ਤੇਗ ਬਹਾਦਰ ਜੀ ਨੇ ਇੱਕ ਸਿੱਖ ਜਿਸ ਨੇ ਰਾਹ ਵਿੱਚ ਭੱਜ ਭੱਜ ਉਤਸ਼ਾਹ ਨਾਲ ਪਾਣੀ ਦੀ ਸੇਵਾ ਕੀਤੀ ਸੀ, ਉਸਨੂੰ ਮੀਂਹ ਸਾਹਿਬ ਦਾ ਖਿਤਾਬ ਦਿੱਤਾ।
ਉਹ ਪਾਣੀ ਪਿਲਾਉਣ ਤੇ ਇਸ਼ਨਾਨ ਕਰਾਉਣ ਵਿੱਚ ਮੀਂਹ ਵਰ੍ਹਾ ਦਿੰਦਾ ਸੀ। ਉਨ੍ਹਾਂ ਦੀ ਯਾਦਗਾਰ ਧਮਧਾਣ ਹੀ ਹੈ ।ਉੱਥੋਂ ਗੁਰੂ ਦੀ ਰੋਹਤਕ ਤੇ ਕਰਨਾਲ ਦੇ ਜ਼ਿਲ੍ਹਿਆਂ ਵੱਲ ਗਏ। ਇਸੇ ਨੂੰ ਹੀ ਬਾਂਗਰ ਕਿਹਾ ਜਾਂਦਾ ਹੈ। ਪਿੰਡ ਖਰਕ ,ਖੱਟਕੜ ,ਟੋਕਰੀ ਹੁੰਦੇ ਹੋਏ ਗੁਰੂ ਤੇਗ ਬਹਾਦਰ ਜੀ ਕੈਂਥਲ ਪਹੁੰਚੇ ।
ਬਰਾਨਾ ਦੇਸ਼ ਵਿੱਚ ਹੀ ਗੁਰੂ ਜੀ ਨੇ ਤੰਬਾਕੂ ਨੂੰ ਹੱਥ ਨਾ ਲਾਉਣ ,ਨਾ ਉਗਾਉਣ ਤੇ ਨਾ ਪੀਣ ਦਾ ਹੁਕਮ ਦਿੱਤਾ।ਜਿੱਥੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜਾਂਦੇ ਉੱਥੇ ਲੋਕਾਂ ਵਿੱਚ ਨਵੀਂ ਜਿੰਦ ਤੇ ਨਵਾਂ ਰੂਪ, ਨਵਾਂ ਉਤਸ਼ਾਹ ਤੇ ਉਮਾਹ ਜਾਗ ਉੱਠਦਾ ਤੇ ਠਾਠਾਂ ਮਾਰਨ ਲੱਗ ਪੈਂਦਾ ।ਦੂਰੋਂ ਦੂਰੋਂ ਲੋਕ ਆਪ ਜੀ ਦੇ ਦਰਸ਼ਨ ਕਰਨ ਤੇ ਉਪਦੇਸ਼ ਸੁਣਨ ਲਈ ਆਉਂਦੇ ਸਨ।
ਕੁਰੂਕਸ਼ੇਤਰ ਇੱਕ ਐਸੀ ਥਾਂ ਹਾਂ ਜਿੱਥੇ ਅੱਠ ਗੁਰੂ ਸਾਹਿਬਾਨ ਨੇ ਚਰਨ ਪਾਏ ਹਨ । ਗੁਰੂ ਅੰਗਦ ਸਾਹਿਬ ਤੇ ਗੁਰੂ ਅਰਜਨ ਸਾਹਿਬ ਜੀ ਤੋਂ ਸਿਵਾਏਂ ਹੋਰ ਸਾਰੇ ਗੁਰੂ ਸਾਹਿਬਾਨ ਇਥੇ ਆਏ ਸਨ ।
ਇਥੋਂ ਦੇ ਲੋਕ ਸੂਰਜ ਗ੍ਰਹਿਣ ਨੂੰ ਪਵਿੱਤਰ ਮੰਨਦੇ ਸਨ
ਸੂਰਜ ਗ੍ਰਹਿਣ ਵੇਲੇ ਜਦੋਂ ਲੋਕ ਇਕੱਠੇ ਹੋਏ ਤਾਂ ਗੁਰੂ ਸਾਹਿਬ ਨੇ ਸੰਗਤ ਦੀ ਮਹੱਤਤਾ ਦ੍ਰਿੜਾਈ। ਉਸ ਸਮੇਂ ਇੱਕ ਸਿੱਖ ਨੇ ਪੁੱਛਿਆ ਮਹਾਰਾਜ !ਗੁਰੂ ਦਾ ਪੁਰਬ ਕਿਹੜਾ ਹੈ ?ਤਾਂ ਗੁਰੂ ਨੇ ਕਿਹਾ! ਜਿਸ ਦਿਨ ਸੰਗਤ ਦਾ ਜੋੜ ਮੇਲਾ ਹੋਵੇ ਉਹ ਦਿਨ ਸਦੀਵ ਹੀ ਗੁਰਪੁਰਬ ਹੈ।ਗੁਰੂ ਤੇ ਸੰਗਤ ਇਕ ਹੀ ਰੂਪ ਹੈ।
ਇੱਥੇ ਹੀ ਗੁਰੂ ਜੀ ਨੇ ਲੋਕਾਂ ਨੂੰ ਧਰਮ ਦੀ ਸੋਝੀ ਕਰਵਾਈ ਅਤੇ ਬ੍ਰਾਹਮਣੀ ਕਰਮ ਕਾਂਡਾਂ ਦੇ ਚੱਕਰਾਂ ਵਿੱਚੋਂ ਕੱਢਿਆ ।ਜਦੋਂ ਇਲਾਕਾ ਵਾਸੀਆਂ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਹੀ ਗੱਦੀ ਦੇ ਵਾਰਸ ਇੱਥੇ ਆਏ ਹਨ ਤਾਂ ਸਭ ਸੰਗਤਾਂ ਹੁੰਮਹੁੰਮਾ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਆਈਆਂ ਤੇ ਗੁਰੂ ਜੀ ਦੇ ਉਪਦੇਸ਼ ਸਰਵਨ ਕੀਤੇ ।
ਇਸ ਤੋਂ ਬਾਅਦ ਜੀ ਆਪ ਜੀ ਬਦਰਪੁਰ ਪਹੁੰਚੇ। ਉਥੋਂ ਦੇ ਵਾਸੀ ਜਲ ਦੇ ਥੋੜੇ ਹੋਣ ਕਰਕੇ ਬਹੁਤ ਦੁਖੀ ਸਨ । ਆਪ ਜੀ ਨੇ ਲੋਕਾਂ ਨੂੰ ਖੂਹ ਲਵਾਉਣ ਲਈ ਪੈਸੇ ਦਿੱਤੇ ਅਤੇ ਉਨ੍ਹਾਂ ਦੀ ਔਖਿਆਈ ਦੂਰ ਕੀਤੀ ।
ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਾਲਵੇ ਵਿੱਚ ਪ੍ਰਚਾਰ ਕਰਨ ਦਾ ਦੌਰਾ ਸਫਲ ਰਿਹਾ ।ਜਿੱਥੇ ਜਿੱਥੇ ਆਪ ਜੀ ਨੇ ਚਰਨ ਪਾਏ ਉੱਥੇ ਆਪ ਜੀ ਦੇ ਉਪਦੇਸ਼ਾਂ ਨੇ ਲੋਕਾਂ ਵਿੱਚ ਨਵੀਂ ਜਿੰਦ ਪਾਈ ।
ਹਕੂਮਤ ਦੇ ਜਬਰ ਅੱਗੇ ਆਪਣੇ ਆਪ ਨੂੰ ਬੇਵੱਸ ਤੇ ਲਾਚਾਰ ਸਮਝਣ ਵਾਲੇ ਲੋਕਾਂ ਦੇ ਅੰਦਰ ਹੌਲੀ ਹੌਲੀ ਰੋਹ ਜਾਗਣ ਲੱਗਾ। ਜ਼ਬਰ ਦਾ ਟਾਕਰਾ ਕਰਨ ਦੀ ਭਾਵਨਾ ਉਪਜਣ ਲੱਗੀ ਤੇ ਉਨ੍ਹਾਂ ਦੇ ਸਵੈ ਮਾਣ ਪੈਦਾ ਹੋਣ ਲੱਗਿਆ ।
ਇਹ ਕੋਈ ਛੋਟੀ ਜਿਹੀ ਗੱਲ ਨਹੀਂ ਸੀ ।ਗੁਰੂ ਜੀ ਨੇ ਜਿੱਥੇ ਲੋਕਾਂ ਦਾ ਦੁੱਖ ਵੰਡਾਇਆ ਉੱਥੇ ਉਨ੍ਹਾਂ ਦੀਆਂ ਔਕੜਾਂ ਵੀ ਦੂਰ ਕੀਤੀਆਂ ਖਾਸ ਕਰਕੇ ਪਾਣੀ ਦੀ ਔਕੜ। ਇਸ ਤਰ੍ਹਾਂ ਗੁਰੂ ਜੀ ਲੋਕਾਂ ਲਈ ਮਸੀਹਾ ਬਣ ਗਏ ਸਨ ।ਸਿਖੀ ਧਾਰਨ ਕਰਨ ਦੀ ਇਕ ਜਬਰਦਸਤ ਲਹਿਰ ਚੱਲ ਪਈ।
ਇਸ ਲਹਿਰ ਤੋਂ ਮੁਗ਼ਲ ਹਕੂਮਤ ਨੂੰ ਖ਼ਤਰਾ ਮਹਿਸੂਸ ਹੋਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖ ਸਰਕਾਰ ਦੀਆਂ ਨਜ਼ਰਾਂ ਵਿੱਚ ਖੜਕਦੇ ਆ ਰਹੇ ਸਨ। ਹੁਣ ਜਦੋਂ ਸਿੱਖਾਂ ਦੀ ਗਿਣਤੀ ਤੇਜ਼ ਗਤੀ ਨਾਲ ਵਧਣ ਲੱਗੀ ਤਾਂ ਉਸ ਸਮੇਂ ਦੀ ਮੁਗਲ ਹਕੂਮਤ ਘਬਰਾ ਉੱਠੀ ।
ਔਰੰਗਜ਼ੇਬ ਨੇ ਗੁਰੂ ਜੀ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿਤਾ।
ਇਸ ਦੀ ਗਵਾਹੀ ਮਹਿਮਾ ਪ੍ਰਕਾਸ਼ ਵਿੱਚ ਵੀ ਹੈ ਕਿ ਔਰੰਗਜ਼ੇਬ ਨੇ ਗ੍ਰਿਫਤਾਰੀ ਦਾ ਹੁਕਮ ਭੇਜਿਆ। ਗੁਰੂ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।ਇਥੇ ਮਿਰਜ਼ਾ ਰਾਜਾ ਜੈ ਸਿੰਘ ਬਾਰੇ ਦਸਣਾ ਜਰੂਰੀ ਹੈ ।ਮਿਰਜਾ ਰਾਜਾ ਜੈ ਸਿੰਘ ਦਾ ਪਰਿਵਾਰ ਗੁਰੂ ਘਰ ਦਾ ਸ਼ਰਧਾਲੂ ਸੀ ।
ਇਸ ਸਮੇਂ ਰਾਜਾ ਜੈ ਸਿੰਘ ਦਾ ਪੁੱਤਰ ਰਾਜਾ ਰਾਮ ਸਿੰਘ ਔਰੰਗਜ਼ੇਬ ਦਾ ਸੈਨਾਪਤੀ ਦੇ ਸਲਾਹਕਾਰ ਵੀ ਸੀ। ਉਸ ਨੇ ਬਾਦਸ਼ਾਹ ਨੂੰ ਸਮਝਾਇਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਪੂਰੇ ਦਰਵੇਸ਼ ਹਨ।
ਮਹਿਮਾ ਪ੍ਰਕਾਸ਼ ਚ ਔਰੰਗਜ਼ੇਬ ਨਾਲ...

ਹੋਈ ਮੁਲਾਕਾਤ ਵੀ ਲਿਖੀ ਮਿਲਦੀ ਹੈ ।ਔਰੰਗਜ਼ੇਬ ਨੇ ਗੁਰੂ ਜੀ ਨੂੰ ਕਰਾਮਾਤ ਦਿਖਾਉਣ ਲਈ ਕਿਹਾ ਤਾਂ ਆਪ ਜੀ ਨੇ ਕਿਹਾ ਕਿ ਜੋ ਕਰਾਵਾਂ ਦਿਖਾਉਂਦਾ ਹੈ ਉਹ ਵਾਹਿਗੁਰੂ ਦਾ ਸ਼ਰੀਕ ਬਣ ਜਾਂਦਾ ਹੈ ਅਤੇ ਲਾ- ਸ਼ਰੀਕ ਅੱਲ੍ਹਾ ਨੂੰ ਇਹ ਨਹੀਂ ਭਾਉਂਦਾ ।
ਆਪ ਜੀ ਨੇ ਔਰੰਗਜ਼ੇਬ ਨੂੰ ਇਹੀ ਉਪਦੇਸ਼ ਦਿੱਤਾ ਕਿ ਬਾਦਸ਼ਾਹ ਦਾ ਫਰਜ ‘ਦੋਨੋ ਚਸ਼ਮ ਬਰਾਬਰ ਬੀਨੀ’ (ਮਹਿਮਾ ਪ੍ਰਕਾਸ਼)
ਔਰੰਗਜ਼ੇਬ ਨਾਲ ਨਿੱਬੜ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੂਰਬ ਦੇਸ਼ ਦਾ ਦੌਰਾ ਆਰੰਭ ਕੀਤਾ। ਬਾਂਗਰ ਦੇਸ਼ ਟੱਪ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਥੁਰਾ ਪਹੁੰਚੇ ।ਮਥੁਰਾ ਔਰੰਗਜ਼ੇਬ ਦੇ ਜ਼ਾਲਮਾਂ ਦਾ ਖਾਸ ਸ਼ਿਕਾਰ ਹੋ ਰਿਹਾ ਸੀ ।ਉੱਥੇ ਹਿੰਦੂਆਂ ਦੇ ਸਾਰੇ ਮੰਦਰ ਢਾਹ ਦਿੱਤੇ ਗਏ ਸਨ।
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ‘ਭੈ ਕਾਹੂ ਕੋ ਭੇਤਿ ਨਹਿ” ਦਾ ਉਪਦੇਸ਼ ਹਿਰਦਿਆਂ ਵਿੱਚ ਗ੍ਰਹਿਣ ਕਰਨ ਲਈ ਕਿਹਾ ।
ਮਥੁਰਾ ਤੋਂ ਆਗਰੇ ਆਪ ਮਾਈ ਥਾਨ ਜੀ ਦੇ ਘਰ ਟਿਕਾਣਾ ਕੀਤਾ। ਗੁਰੂ ਆਗਰੇ ਤੋਂ ਹੁੰਦੇ ਹੋਏ ਕਾਨਪੁਰ ਆਏ ਤੇ ਫਿਰ ਅਲਾਹਾਬਾਦ ਪਹੁੰਚੇ ।ਆਪ ਜੀ ਨੇ ਪ੍ਰਯਾਗ ਵਿਖੇ ਟਿਕਾਣਾ ਕੀਤਾ ਤੇ ਲੋਕਾਂ ਨੂੰ ਸਮਝਾਇਆ ਕਿ ਸਭ ਤੋਂ ਸ੍ਰੇਸ਼ਠ ਸਾਧ ਸੰਗਤ ਹੀ ਹੈ। ਪ੍ਰਭੂ ਦਾ ਹਿਰਦੇ ਵਿੱਚ ਪ੍ਰਗਟ ਕਰਨਾ ਹੀ ਸਰਸਵਤੀ ਨੂੰ ਪ੍ਰਗਟ ਕਰਨਾ ਹੈ।ਅਲਾਹਾਬਾਦ ਚ ਹਿੰਦੂਆਂ ਦਾ ਪ੍ਰਸਿੱਧ ਤੀਰਥ ਤੀਰਥ ਗਿਣਿਆ ਜਾਂਦਾ ਹੈ ।ਅਲਾਹਾਬਾਦ ਵਿਚ ਗੁਰੂ ਜੀ ਤਕਰੀਬਨ ਇਕ ਮਹੀਨਾ ਰਹੇ ਤੇ ਉਥੇ ਆਪ ਜੀ ਨੇ ਪੱਕੀ ਸੰਗਤ ਬਣਾਈ।
ਇਥੇ ਹੁਣ ‘ਪੱਕੀ ਸੰਗਤ ‘ ਗੁਰਦੁਆਰਾ ਵੀ ਹੈ।
ਫਿਰ ਆਪ ਜੀ ਬਨਾਰਸ ਪਹੁੰਚੇ। ਬੁੱਤਾਂ ਦੇ ਸ਼ਹਿਰਾਂ ਵਿੱਚ ਸੰਗਤ ਬਣਾਉਣੀ ਸਿੱਖੀ ਸਾਹਾਸ ਦਾ ਹੀ ਇੱਕ ਨਮੂਨਾ ਹੈ ।ਕਾਸ਼ੀ ਤੋ ਤੁਰ ਕੇ ਆਪ ਜੀ ਸਸਰਾਮ ਤੇ ਗਯਾ ਪਹੁੰਚੇ।ਗਯਾ ਵਿਖੇ ਹਿੰਦੂਆ ਦਾ ਪ੍ਰਸਿਧ ਤੀਰਥ ਹੈ।ਗਯਾ ਤੋਂ ਪਟਨਾ ਜਾਂਦਿਆ ਇਕ ਨਦੀ ਆਉਦੀ ਹੈ ਜਿਸਨੂੰ ਕਰਮਨਾਸ਼ ਕਿਹਾ ਜਾਂਦਾ ਹੈ।ਇਸ ਸੰਬੰਧੀ ਹਿੰਦੂਆ ਦਾ ਖਿਆਲ ਸੀ ਕਿ ਇਸ ਵਿਚ ਇਸ਼ਨਾਨ ਕਰਨ ਨਾਲ ਬੰਦੇ ਦੇ ਸ਼ੁੱਭ ਕਰਮ ਨਾਸ ਹੋ ਜਾਂਦੇ ਹਨ ।ਸਤਿਗੁਰੂ ਅਜਿਹਾ ਭਰਮ ਤੋੜਨਾ ਚਾਹੁੰਦੇ ਸਨ। ਗੁਰੂ ਜੀ ਨੇ ਉਨ੍ਹਾਂ ਲੋਕਾਂ ਨੂੰ ਸਮਝਾਇਆ ਕਿ ਕੋਈ ਪਾਣੀ ਕਿਸੇ ਗੁਣ ਨੂੰ ਨਹੀਂ ਹੋ ਸਕਦਾ ਇਹ ਸਭ ਵਹਿਮ ਹੈ । ਆਪ ਜੀ ਨੇ ਖੁਦ ਇਸ਼ਨਾਨ ਕੀਤਾ ਤੇ ਫੋਕਟ ਦੰਦ ਕਥਾਵਾਂ ਤੇ ਆਖਰੀ ਸੱਟ ਮਾਰੀ ।
ਗਯਾ ਤੋਂ ਆਪ ਜੀ ਪਟਨਾ ਸਾਹਿਬ ਮਈ 1666ਈ ਨੂੰ ਪਹੁੰਚੇ।
ਪਟਨਾ ਦੀ ਸੰਗਤ ਤੇ ਆਪ ਜੀ ਦਾ ਬਹੁਤ ਸਤਿਕਾਰ ਕੀਤਾ।ਕਿਹਾ ਜਾਂਦਾ ਹੈ ਇਥੇ ਆਪ ਭਾਈ ਸਾਲਸ ਰਾਇ ਜੌਹਰੀ ਦੇ ਘਰ ਆ ਕੇ ਟਿਕਾਣਾ ਕੀਤਾ।ਫਿਰ ਸੰਗਤ ਵੱਲੋ ਆਪ ਜੀ ਨੂੰ ਇਕ ਵੱਡੀ ਹਵੇਲੀ ਵਿਚ ਨਿਵਾਸ ਕਰਵਾਇਆ ਗਿਆ ।
ਇਸ ਜਗ੍ਹਾ ਤੇ ਹੁਣ ਹਰਿਮੰਦਰ ਸਾਹਿਬ ਬਣਿਆ ਹੈ ,ਜੋ ਕਿ ਪੰਜਾਂ ਤਖਤਾਂ ਵਿਚੋ ਇਕ ਹੈ।
ਪਟਨੇ ਦੀ ਸੰਗਤ ਨੇ ਕਾਫ਼ੀ ਸਮਾਂ ਗੁਰੂ ਜੀ ਨੂੰ ਆਪਣੇ ਕੋਲ ਠਹਿਰਾਈ ਰੱਖਿਆ ।ਫਿਰ ਆਪ ਜੀ ਨੇ ਬੰਗਾਲ ਤੇ ਆਸਾਮ ਦਾ ਦੌਰਾ ਕਰਨ ਦੀ ਤਿਆਰੀ ਕੀਤੀ ਤੇ ਮਾਤਾ ਗੁਜਰੀ ਜੀ ਨੂੰ ਪਟਨਾ ਵਿਖੇ ਹੀ ਰਹਿਣ ਦੀ ਆਗਿਆ ਦਿੱਤੀ ।
ਪਟਨਾ ਤੋ ਚੱਲ ਕੇ ਆਪ ਨੇ ਮੰਘੇਰ, ਭਾਗਲਪੁਰ,ਰਾਜ ਮਹਿਲ ਆਦਿ ਨਗਰਾਂ ਵਿਚ ਚਰਨ ਪਾਏ।
ਫਿਰ ਆਪ ਜੀ ਬਿਹਾਰ ਦੇ ਇਲਾਕਿਆਂ ਵਿੱਚੋਂ ਹੁੰਦੇ ਹੋਏ ਬੰਗਾਲ ਵਿੱਚ ਦਾਖਲ ਹੋਏ ਅਤੇ ਕਈ ਨਗਰਾਂ ਵਿੱਚ ਹੁੰਦੇ ਹੋਏ ਢਾਕਾ ਪਹੁੰਚੇ। ਢਾਕਾ ਉਸ ਸਮੇਂ ਸਿੱਖੀ ਦਾ ਵੱਡਾ ਕੇਂਦਰ ਸੀ। ਬੰਗਾਲ ਤੇ ਹੋਰ ਵੀ ਕਈ ਨਗਰਾਂ ਵਿੱਚ ਸਿੱਖ ਸੰਗਤਾਂ ਸਥਾਪਤ ਸਨ ।ਗੁਰੂ ਜੀ ਦੇ ਆਉਣ ਤੇ ਵੱਡੀ ਗਿਣਤੀ ਵਿਚ ਸਿਖ ਸੰਗਤਾਂ ਜੁੜਦੀਆਂ ਸਨ , ਤੇ ਉਥੇ ਸਿਖੀ ਦਾ ਪ੍ਰਚਾਰ ਹੁੰਦਾ ।
ਢਾਕਾ ਵਿਖੇ ਹੀ ਗੁਰੂ ਜੀ ਨੇ ਕਿਹਾ “ਢਾਕਾ ਮੇਰਾ ਸਿਖੀ ਦਾ ਕੋਠਾ ਹੈ”।ਢਾਕੇ ਵਿੱਚ ਨਿਵਾਸ ਕਰਦਿਆਂ ਹੀ ਗੁਰੂ ਜੀ ਨੂੰ ਪਟਨਾ ਤੋਂ ਸਪੁੱਤਰ ਪੈਦਾ ਹੋਣ ਦਾ ਸਮਾਚਾਰ ਮਿਲਿਆ। ਬਾਲਕ ਦਾ ਨਾਂ ਗੋਬਿੰਦ ਰਾਏ ਰੱਖਿਆ ਗਿਆ । ਆਪ ਜੀ ਨੇ ਇੱਕ ਹੁਕਮਨਾਮਾ ਪਟਨਾ ਦੀ ਸੰਗਤ ਦੇ ਨਾਮ ਲਿਖਿਆ ਜਿਸ ਵਿੱਚ ਪਟਨੇ ਦੀ ਸੰਗਤ ਦਾ ਧੰਨਵਾਦ ਕੀਤਾ ਤੇ ਲਿਖਿਆ ਸੰਗਤ ਨੇ ਪਰਿਵਾਰ ਦੀ ਸੇਵਾ ਸੰਭਾਲ ਪੂਰੀ ਤਰ੍ਹਾਂ ਕੀਤੀ ਹੈ। ਬੰਗਾਲ ਦੇ ਇਲਾਕਿਆਂ ਵਿੱਚ ਪ੍ਰਚਾਰ ਕਰਨ ਉਪਰੰਤ ਗੁਰੂ ਜੀ ਆਸਾਮ ਦੇ ਦੌਰੇ ਲਈ ਗਏ ।ਉਥੇ ਹੀ ਆਪ ਜੀ ਨੂੰ ਪਤਾ ਲੱਗਿਆ ਕਿ ਰਾਜਾ ਰਾਮ ਸਿੰਘ ਫ਼ੌਜ ਲੈ ਕੇ ਅਸਾਮ ਉੱਤੇ ਚੜ੍ਹਾਈ ਕਰਨ ਆ ਰਿਹਾ ਹੈ। ਰਾਜਾ ਰਾਮ ਸਿੰਘ ਰੰਗਮਾਟੀ ਦਾ ਫਰਵਰੀ 1669 ਈ ਪਜਿਆ ਸੀ।
ਉਸ ਕਾਲ ਵਿੱਚ ਅਸਾਮ ਅੰਦਰ ਜਾਦੂ ਟੂਣਿਆਂ ਦਾ ਬੜਾ ਜ਼ੋਰ ਸੀ। ਔਰੰਗਜ਼ੇਬ ਨੇ ਅਸਾਮ ਦੇ ਸ਼ਾਸਕ ਵਿਰੁੱਧ ਜਿੰਨੀ ਵਾਰ ਫੌਜੀ ਮੁਹਿੰਮਾਂ ਭੇਜੀਆਂ ਸਨ ਉਹ ਅਸਫਲ ਹੀ ਰਹੀਆਂ ਸਨ।
ਇੱਥੇ ਇਹ ਗੱਲ ਮਸ਼ਹੂਰ ਸੀ ਕਿ ਇਹ ਮੁਹਿੰਮਾਂ ਜਾਦੂ ਦੇ ਜ਼ੋਰ ਨਾਲ ਹੀ ਨਾਕਾਮ ਕੀਤੀਆਂ ਗਈਆਂ ਸਨ।ਉਥੇ ਰਹਿੰਦੇ ਛੋਟੇ ਵੱਡੇ ਲੋਕਾਂ ਦਾ ਜਾਦੂ ਤੇ ਮੰਤਰਾਂ ਵਿਚ ਹੀ ਵਿਸ਼ਵਾਸ ਹੁੰਦਾ ਸੀ ।
ਰਾਜਾ ਰਾਮ ਸਿੰਘ ਨੇ ਜਾਦੂ ਟੂਣਿਆਂ ਤੋਂ ਬਚਣ ਲਈ ਆਪਣੇ ਨਾਲ ਪੰਜ ਪੀਰ ਲੈਂਦੇ ਹੋਏ ਸਨ। ਜਿਨ੍ਹਾਂ ਦਾ ਦਾਅਵਾ ਸੀ ਕਿ ਉਹ ਹਰ ਪ੍ਰਕਾਰ ਦੇ ਜਾਦੂ ਟੂਣਿਆਂ ਨੂੰ ਤੋੜ ਸਕਦੇ ਹਨ ।ਪਰ ਰਾਜਾ ਰਾਮ ਸਿੰਘ ਨੂੰ ਉਨਾਂ ਦੇ ਮੁਸਲਮਾਨ ਹੋਣ ਕਰਕੇ ਪੂਰਾ ਭਰੋਸਾ ਤੇ ਵਿਸ਼ਵਾਸ ਨਹੀਂ ਸੀ।
ਉਹ ਚਾਹੁੰਦਾ ਸੀ ਕਿ ਜੇਕਰ ਗੁਰੂ ਜੀ ਮੇਰੇ ਨਾਲ ਚੱਣਣਗੇ ਤਾਂ ਜਾਦੂਆਂ ਦਾ ਮੇਰੇ ਉੱਤੇ ਕੋਈ ਪ੍ਰਭਾਵ ਨਹੀਂ ਪਵੇਗਾ ।
ਉਸ ਦੀ ਗੁਰੂ ਜੀ ਉੱਤੇ ਬਹੁਤ ਸ਼ਰਧਾ ਸੀ ਤੇ ਉਹ ਸਮਝਦਾ ਸੀ ਕਿ ਗੁਰੂ ਜੀ ਕਰਤਾਰੀ ਸ਼ਕਤੀ ਨਾਲ ਜਾਦੂ ਮੰਤਰਾਂ ਨੂੰ ਬੇਅਸਰ ਕਰ ਸਕਦੇ ਹਨ ।ਇਸ ਲਈ ਰਾਜਾ ਰਾਮ ਸਿੰਘ ਸੰਮਤ 1726 ਵਿੱਚ ਰੰਗਾਮਾਟੀ ਸਥਾਨ ਤੇ ਆ ਕੇ ਗੁਰੂ ਜੀ ਨੂੰ ਮਿਲਿਆ ।
ਰਾਜਾ ਰਾਮ ਸਿੰਘ ਨੇ ਗੁਰੂ ਜੀ ਪਾਸੋਂ ਅਸੀਸ ਤੇ ਸਹਾਇਤਾ ਲਈ ਬੇਨਤੀ ਕੀਤੀ। ਗੁਰੂ ਜੀ ਨੇ ਵਿਚੋਲਗੀ ਕਰਦੇ ਹੋਏ ਅਸਾਮ ਦੇ ਰਾਜੇ ਅਤੇ ਮੁਗਲ ਫੌਜਦਾਰ ਰਾਜਾ ਰਾਮ ਸਿੰਘ ਦੀ ਆਪਸੀ ਸੁਲਾਹ ਕਰਵਾ ਦਿੱਤੀ ।ਬਿਨਾਂ ਖੂਨ ਖਰਾਬੇ ਅਤੇ ਜਾਨੀ ਨੁਕਸਾਨ ਦੇ ਸੁਲਾਹ ਹੋ ਜਾਣ ਨਾਲ ਸੁਭਾਵਿਕ ਤੌਰ ਤੇ ਦੋਹਾਂ ਸੈਨਾਵਾਂ ਨੇ ਸੁਖ ਦਾ ਸਾਹ ਲਿਆ ਅਤੇ ਖੂਬ ਖੁਸ਼ੀਆਂ ਮਨਾਈਆਂ ।ਅਜਿਹਾ ਹੋਣ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹਰ ਪਾਸੇ ਉਸਤੱਤ ਹੋਰ ਵਧ ਗਈ।
ਸੁਲ੍ਹਾ ਦੀ ਯਾਦਗਾਰ ਵਜੋਂ ਗੁਰੂ ਜੀ ਦੀ ਆਗਿਆ ਨਾਲ ਦੋਹਾਂ ਧਿਰਾਂ ਦੀਆਂ ਫੌਜਾਂ ਨੇ ਆਪਣੀਆਂ ਢਾਲਾਂ ਵਿੱਚ ਮਿੱਟੀ ਭਰ ਭਰ ਕੇ ਢੁਬਰੀ ਅਸਥਾਨ ਉੱਤੇ ਮਿੱਟੀ ਦਾ ਇੱਕ ਥੇਹ ਬਣਾਇਆ ।
ਇਸ ਥੇਹ ਦੇ ਲਾਗੇ ਇਕ ਗੁਰਦੁਆਰਾ ਵੀ ਹੈ ।ਇਸ ਜਗ੍ਹਾ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਵੀ ਚਰਨ ਪਾਏ ਸਨ।
ਅਸਾਮ ਦਾ ਰਾਜਾ ਤੇ ਰਾਣੀ ਦੋਵੇਂ ਗੁਰੂ ਜੀ ਦੇ ਸਿੱਖ ਸ਼ਰਧਾਲੂ ਬਣ ਗਏ ।ਉਨ੍ਹਾਂ ਦੇ ਘਰ ਕੋਈ ਪੁੱਤਰ ਨਹੀਂ ਸੀ ।ਕਿਹਾ ਜਾਂਦਾ ਹੈ ਕਿ ਗੁਰੂ ਜੀ ਕੋਲ ਉਹ ਪੁੱਤਰ ਦੀ ਦਾਤ ਬਖਸ਼ਣ ਲਈ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਫਰਮਾਇਆ ਕਿ ਦਾਤਾ ਬਖ਼ਸ਼ਣ ਵਾਲਾ ਤਾਂ ਉਹ ਕਰਤਾਰ ਹੈ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ ।
ਕੁਝ ਸਮੇਂ ਬਾਅਦ ਰਾਜੇ ਦੇ ਘਰ ਪੁੱਤਰ ਹੋਇਆ ਤਾਂ ਉਸ ਦਾ ਨਾਂ ਰਤਨ ਰਾਏ ਰੱਖਿਆ ਗਿਆ ।ਰਾਜਾ ਰਤਨ ਰਾਏ ਵੱਡਾ ਹੋ ਕੇ ਆਪਣੀ ਮਾਤਾ ਨਾਲ ਗੁਰੂ ਜੀ ਦੇ ਦਰਸ਼ਨ ਲਈ ਅਨੰਦਪੁਰ ਸਾਹਿਬ ਹਾਜ਼ਰ ਹੋਇਆ ।(ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਤੇ ਬਿਰਾਜਮਾਨ ਸਨ )
ਸ੍ਰੀ ਗੁਰੂ ਤੇਗ ਬਹਾਦਰ ਦੀ ਕਰੀਬ ਦੋ ਸਾਲ ਅਸਾਮ ਵਿੱਚ ਵਿਚਰਦੇ ਰਹੇ ।ਆਪ ਜੀ ਦਾ ਵਿਚਾਰ ਅਜੇ ਕੁਝ ਸਮਾਂ ਹੋਰ ਠਹਿਰਨ ਦਾ ਸੀ ।ਪਰ ਫਿਰ ਅਚਾਨਕ ਹੀ ਗੁਰੂ ਜੀ ਨੇ ਪੰਜਾਬ ਵੱਲ ਤਿਆਰੀ ਕਰ ਲਈ ।
ਕਿਉਂਕਿ ਗੁਰੂ ਜੀ ਨੂੰ ਪੰਜਾਬ ਤੋਂ ਮੁਗ਼ਲ ਹਾਕਮਾਂ ਦੇ ਵਧਦੇ ਹੋਏ ਅੱਤਿਆਚਾਰ ਦੀਆਂ ਖਬਰਾਂ ਮਿਲ ਰਹੀਆਂ ਸਨ, ਲੋਕ ਦੁਖੀ ਹੋ ਕੇ ਆਪ ਜੀ ਨੂੰ ਯਾਦ ਕਰਦੇ ਸਨ। ਉਨ੍ਹਾਂ ਦੇ ਦੁੱਖ ਵੰਡਾਉਣ ਦੀ ਖਾਤਰ ਤੇ ਹੌਸਲੇ ਉੱਚੇ ਕਰਨ ਲਈ ਆਪ ਜੀ ਨੇ ਪੰਜਾਬ ਵਾਪਸ ਜਾਣ ਨਿਰਣਾ ਕਰ ਲਿਆ ।
ਆਪ ਜੀ ਪੰਜਾਬ ਜਾਣ ਵੱਲ ਜਾਣ ਨੂੰ ਇੰਨੇ ਕਾਹਲੇ ਸਨ ਕਿ ਰਸਤੇ ਵਿੱਚ ਪਟਨਾ ਵੀ ਨਾ ਰੁਕੇ ,ਤੇ ਸਾਹਿਬਜ਼ਾਦੇ ਨੂੰ ਮਿਲਣ ਦੀ ਵੀ ਪ੍ਰਵਾਹ ਨਾ ਕੀਤੀ।
ਗਯਾ ਤੋਂ ਪਟਨਾ ਦੇ ਮੁਖੀ ਗੁਰਸਿੱਖਾਂ ਨੂੰ ਹੁਕਮਨਾਮਾ ਭੇਜ ਦਿੱਤਾ ਕਿ ਸਭ ਪਰਿਵਾਰ ,ਸਾਹਿਬਜ਼ਾਦੇ ਸੰਭਾਲ ਕਰਨੀ ਤੇ ਸੰਦੇਸ਼ ਆਉਣ ਤੇ ਉਨ੍ਹਾਂ ਨੂੰ ਪੰਜਾਬ ਭੇਜ ਦੇਣਾ।
(ਇਹ ਹੁਕਮਨਾਮਾ ਪਟਨਾ ਸਾਹਿਬ ਵਿਚ ਸੁਰੱਖਿਅਤ ਰਖਿਆ ਹੋਇਆ ਹੈ।)
( ਚਲਦਾ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)