More Gurudwara Wiki  Posts
ਬਾਬਾ ਜਵੰਦ ਸਿੰਘ ਜੀ ਜਿਹਨਾਂ ਦਾ ਅਮ੍ਰਿਤਸਰ ਹਵਾਈ ਅੱਡੇ ਵਿੱਚ ਗੁਰਦੁਆਰਾ ਸਾਹਿਬ ਹੈ – ਜੀਵਨੀ ਪੜੋ ਜੀ


2 ਜੁਲਾਈ ਬਰਸ਼ੀ ਬਾਬਾ ਜਵੰਦ ਸਿੰਘ ਜੀ ਜਿਹਨਾਂ ਦਾ ਰਾਜਾਸਾਂਸੀ ਹਵਾਈ ਅੱਡੇ ਵਿੱਚ ਗੁਰਦੁਆਰਾ ਸਾਹਿਬ ਹੈ । ਜੀਵਨੀ ਪੜੋ ਜੀ।
ਨਾਮ ਦੇ ਰਸੀਏ , ਆਤਮਿਕ ਸ਼ਕਤੀਆਂ ਦੇ ਮਾਲਕ ਬਾਬਾ ਜਵੰਦ ਸਿੰਘ ਜੀ ਦਾ ਜਨਮ 5 ਸਾਵਣ 1880 ਈ ਨੂੰ ਪਿੰਡ ਭੰਗਵਾਂ ਨੇੜੇ ਜੰਡਿਆਲਾ ਗੁਰੂ ਜਿਲਾ ਅੰਮ੍ਰਿਤਸਰ ਸਾਹਿਬ ਜੀ ਵਿਖੇ ਮਾਤਾ ਖੇਮੀ ਜੀ ਪਵਿੱਤਰ ਕੁੱਖੋਂ ਤੇ ਪਿਤਾ ਸ.ਨੱਥਾ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ । ਆਪ ਜੀ ਦਾ ਭਰਾ ਸ਼ੇਰ ਸਿੰਘ ਆਪ ਜੀ ਤੋਂ 5 ਸਾਲ ਵੱਡੇ ਸਨ । ਬਾਲ ਅਵਸਥਾ ਵਿੱਚ ਆਪ ਜੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਅਤੇ ਜੋ ਵੀ.ਬਚਨ ਆਪਣੀ ਰਸਨਾਂ ਤੋਂ ਉਚਾਰਦੇ ਉਹ ਸੱਚ ਹੋ ਜਾਂਦੇ । ਆਪ ਜੀ ਦਾ ਆਨੰਦ ਕਾਰਜ਼ 17 ਸਾਲ ਦੀ ਉਮਰ ਵਿੱਚ ਪਿੰਡ ਮਰੜ ਦੇ ਵਸਨੀਕ ਸ.ਗੰਡਾ ਸਿੰਘ ਜੀ ਦੀ ਸਪੁੱਤਰੀ ਈਸ਼ਰ ਕੌਰ ਜੀ ਨਾਲ ਹੋਇਆ । ਆਪ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸਦਾ ਨਾਂ ਸੰਤ ਸਿੰਘ ਜੀ ਰੱਖਿਆ । ਸੰਤ ਸਿੰਘ ਜੀ ਦਾ ਆਨੰਦ ਕਾਰਜ ਪਿੰਡ ਤਲਵੰਡੀ ( ਬਟਾਲਾ ) ਵਿਖੇ ਹੋਇਆ ਉਹਨਾਂ ਦੇ ਪੁੱਤਰ ਦਾ ਨਾਂ ਸੁਖਦੇਵ ਸਿੰਘ ਰੱਖਿਆ । ਬਾਬਾ ਜਵੰਦ ਸਿੰਘ ਜੀ ਦੇ ਸੌਹਰੇ ਪਿਤਾ ਨੇ ਆਪ ਜੀ ਨੂੰ ਦਿੱਲੀ ਪੁਲਿਸ ਵਿੱਚ ਭਰਤੀ ਕਰਵਾ ਦਿੱਤਾ । ਨੌਕਰੀ ਦੌਰਾਨ ਆਪ ਜੀ ਗੁਰਦੁਆਰਾ ਸੀਸ ਗੰਜ ਵਿਖੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਸਨ।ਦੂਰੋਂ – ਦੂਰੋਂ ਸੰਗਤਾਂ ਬਾਬਾ ਜੀ ਦਾ ਕੀਰਤਨ ਸੁਨਣ ਆਉਂਦੀਆਂ ਸਨ । ਪ੍ਰਭੂ ਚਰਨਾਂ ਦੀ ਖਿੱਚ ਕਾਰਨ ਆਪ ਜੀ ਨੌਕਰੀ ਛੱਡ ਕੇ ਠੇਕੇਦਾਰ ਸ . ਬੂਟਾ ਸਿੰਘ ਨਾਲ ਗੁਰਦੁਆਰਾ ਰਾਵਲਪਿੰਡੀ ਚਲੇ ਗਏ । ਕੁਝ ਸਮੇਂ ਬਾਅਦ ਆਪ ਜੀ ਫਿਰੋਜ਼ਪੁਰ ਆ ਗਏ । ਆਪ ਜੀ ਦਾ ਮਿਲਾਪ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲਿਆਂ ਨਾਲ ਹੋਇਆ । ਦੋਵੇਂ ਮਹਾਂਪੁਰਸ਼ ਇੱਕਠੇ ਭਗਤੀ ਕਰਿਆ ਕਰਦੇ ਸਨ । ਇਥੇ ਹੀ ਆਪ ਜੀ ਨੇ ਤਪੱਸਿਆ ਕਰਨ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੱਖ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੀਤੇ । ਬਾਅਦ ਵਿੱਚ ਆਪ ਜੀ ਰਾਜਾਸਾਂਸੀ ਚਲੇ ਗਏ ਅਤੇ ਉਥੇ ਭਗਤੀ ਕੀਤੀ । ਇਸ ਜਗਾਂ ਅੱਜ ਕੱਲ ਗੁਰਦੁਆਰਾ ਸੰਤਸਰ ਹੈ ਜੋ ਬਾਬਾ ਜੀ ਦੇ ਲੜਕੇ ਸੰਤ ਸਿੰਘ ਦੇ ਨਾ ਤੇ ਰੱਖਿਆ ਗਿਆ ਜੋ ਕੇ ਰਾਜਾਸਾਂਸੀ ਹਵਾਈ ਅੱਡੇ ਵਿੱਚ ਹੈ । ਭੰਗਵਾਂ ਪਿੰਡ ਦੇ ਇਸ ਗੁਰਦੁਆਰੇ ਸਾਹਿਬ ਜੀ ਦੀ ਪਹਿਲੀ ਬਿਲਡਿੰਗ ਦੀ ਨੀਂਹ ਪੱਥਰ ਬਾਬਾ ਜੀ ਨੇ ਆਪਣੇ ਕਰ – ਕਮਲਾਂ ਨਾਲ ਰੱਖਿਆ ਸੀ । ਆਪ ਸੰਗਤਾਂ ਨੂੰ ਨਾਮ ਜਪਾਉਣ ਲਈ ਬਾਰਾਮੂਲਾ ( ਕਸ਼ਮੀਰ ) ਵੀ ਗਏ ।ਅਕਸਰ ਹੋਤੀ ਮਰਦਾਨ ਜਾਇਆ ਕਰਦੇ ਸਨ ਅਤੇ ਬਾਬਾ ਆਇਆ ਸਿੰਘ ਆਪ ਜੀ ਦਾ ਕੀਰਤਨ ਬਹੁਤ ਧਿਆਨ ਨਾਲ ਸੁਣਿਆ ਕਰਦੇ ਸਨ ।18 ਹਾੜ 1922 ; ਆਪ ਜੀ ਸਚਖੰਡ ਜਾ ਬਿਰਾਜੇ ਅਤੇ ਸੰਗਤਾਂ ਨਾਮ ਜੱਪਣ , ਕਿਰਤ ਕਰਨ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੂਰਨ ਭਰੋਸਾ ਰੱਖਣ ਦਾ ਉਪਦੇਸ਼ ਦੇਕੇ ਗਏ ।
ਭਾਈ ਜਵੰਦ ਸਿੰਘ ਉੱਨੀਵੀਂ ਸਦੀ ਸਿਸਕੀਆਂ ਲੈਣ ‘ ਤੇ ਆਈ ਹੋਈ ਸੀ ਕਿ ਜੰਡਿਆਲਾ ਦੇ ਲਾਗੇ ਇਕ ਪਿੰਡ ਭਗਵਾਂ ਵਿਖੇ ਜਨਮ ਲੈਣ ਵਾਲਾ ਇਹ ਕੀਰਤਨਕਾਰ ਦਿੱਲੀ ਦੇ ਇਕ ਗੁਰਦੁਆਰੇ ਕੀਰਤਨ ਕਰ ਰਿਹਾ ਸੀ । ਰਾਵਲਪਿੰਡੀ ਦੇ ਇਕ ਪ੍ਰਸਿੱਧ ਠੇਕੇਦਾਰ ਬੂਟਾ ਸਿੰਘ , ਜਿਸ ਨੇ ਉਨ੍ਹਾਂ ਦਿਨੀਂ ਫ਼ਿਰੋਜ਼ਪੁਰ ਕਿਲ੍ਹੇ ਦਾ ਠੇਕਾ ਲਿਆ ਹੋਇਆ ਸੀ , ਨੇ ਉਸ ਨੂੰ ਸੁਣਿਆ ਅਤੇ ਉਸ ਦੇ ਕੀਰਤਨ ਤੋਂ ਪ੍ਰਭਾਵਿਤ ਹੋਣ ਦੀ ਸੂਰਤ ਵਿਚ ਉਸ ਨੂੰ ਬਾਰਾਂ ਰੁਪਏ ਮਹੀਨਾ ਨੌਕਰੀ ਦੇਣ ਦੀ ਪੱਕੀ ਠੱਕੀ ਕਰ ਕੇ ਫਿਰੋਜ਼ਪੁਰ ਲੈ ਆਇਆ , ਜਿਥੇ ਉਸਦਾ ਸਹੁਰਾ ਚੌਕੀਦਾਰ ਲੱਗਾ ਹੋਇਆ ਸੀ । ਕੀਰਤਨੀਆ ਕਿਲ੍ਹੇ ਵਿਚ ਕੰਮ ਕਰਦੇ ਬੰਦਿਆਂ ਤੇ ਮੁਨਸ਼ੀ ਲੱਗ ਗਿਆ ਅਤੇ ਆਪਣੇ ਸੱਸ ਸਹੁਰੇ ਕੋਲ ਏਥੋਂ ਹੀ ਰਹਿਣ ਲੱਗ ਪਿਆ । ਭਾਵੇਂ ਉਸ ਦਾ ਪਿੱਛਾ ਅੰਮ੍ਰਿਤਸਰ ਜ਼ਿਲ੍ਹੇ ਦਾ ਸੀ , ਪਰ ਜੀਊਂਦੇ – ਜੀ ਵਧੇਰੇ ਇਥੇ ਰਹਿਣ ਕਰਕੇ ਫ਼ਿਰੋਜ਼ਪੁਰ ਵਾਲਾ ਸਦਵਾਇਆ । ਆਪ ਨੇ ਸੰਤ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਤੋਂ ਇਹ ਹੀ ਮੰਗ ਮੰਗੀ ਸੀ ਕਿ ਮੈਨੂੰ ਮਾਇਆ ਦੀ ਲੇਪ ਨਾ ਲੱਗੇ । ਏਹੀ ਕਾਰਨ ਸੀ ਕਿ ਆਪ ਨੇ ਆਪਣੇ ਚੋਲੇ ਨੂੰ ਕਦੇ ਕੋਈ ਬੋਝਾ (ਜੇਬ) ਨਹੀਂ ਸੀ ਲਗਵਾਇਆ ਅਤੇ ਮਾਇਆ ਤੋਂ ਸਦਾ ਨਿਰਲੇਪ ਹੀ ਰਹੇ । ਏਥੋਂ ਤਕ ਕਿ ਆਪ ਦੀ ਪਤਨੀ ਗੁਜ਼ਰ ਜਾਣ ਸਮੇਂ ਵਾਲੀਇ – ਫਰੀਦਕੋਟ ਦੇ ਇਕ ਅਹਿਲਕਾਰ ਨੇ ਮਹਾਰਾਜੇ ਨੂੰ ਜਦੋਂ ਇਹ ਗੱਲ ਆਖੀ ਕਿ ਇਨ੍ਹਾਂ ਦੇ ਪੁੱਤਰ ਸੰਤਾ ਸਿੰਘ ਨੂੰ ਕਈ ਵਜ਼ੀਫ਼ਾ ਲਾਓ ਜਾਂ ਜਾਗੀਰ ਦਿਓ ਤਾ ਆਪਦਾ ਇਹ ਉੱਤਰ ਸੀ , “ ਨਾ ਭਈ ਨਾ , ਬਿਲਕੁਲ ਨਹੀਂ । ਰੁਲ – ਖੁਲ ਕੇ ਜਿਵੇਂ ਮੈਂ ਪਲ ਗਿਆਂ ਹਾਂ , ਇਸੇ ਤਰ੍ਹਾਂ...

ਇਹ ਵੀ ਪਲ ਜਾਏਗਾ । ਮੀਂਹ ਜਾਵੇ ਚਾਹੇ ਹਨੇਰੀ , ਆਪ ਇਸ਼ਨਾਨ ਦੋ ਵੇਲੇ ਕਰਦੇ , ਬੁਖ਼ਾਰ ਭਾਵੇਂ 104 ਤਕ ਵੀ ਕਿਉਂ ਨਾ ਹੋਵੇ । ਕੀਰਤਨ ਤੋਂ ਛੁੱਟ ਨਿਤਨੇਮ ਅਤੇ ਸਿਮਰਨ ਵਿਚ ਜੁਟੇ ਰਹਿੰਦੇ । ਆਪਦੇ ਤਪ ਸਦਕਾ ਲੋਕੀ ਉਨ੍ਹਾਂ ਨੂੰ ‘ ਸੰਤ ਕਹਿਣ ਲੱਗ ਪਏ ਸਨ , ਪਰ ਅਜਿਹਾ ਅਖਵਾ ਕੇ ਆਪ ਖੁਸ਼ ਨਹੀਂ ਸਨ ਹੁੰਦੇ । ਗੁਰੂ ਸਾਹਿਬਾਨ ਤੋਂ ਛੁੱਟ ਆਪ ਬਾਬਾ ਫ਼ਰੀਦ ਜੀ ਦੀ ਬਾਣੀ ਦਾ ਵਧੇਰੇ ਗਾਇਨ ਕਰਦੇ ਸਨ , ਜਿਸ ਕਰਕੇ ਕੁਝ ਲੋਕੀਂ ਸ਼ਰਧਾਵਸ ਹੋ ਕੇ ਉਨ੍ਹਾਂ ਨੂੰ ਦੂਜਾ ਫ਼ਰੀਦ ਵੀ ਆਖਣ ਲੱਗ ਪਏ ਸਨ । ਉਨ੍ਹਾਂ ਦੀਆਂ ਧਾਰਨਾਵਾਂ ਰਸ – ਭਿੰਨੀਆਂ ਪਰ ਸਿੱਧੀਆਂ ਹੁੰਦੀਆਂ ਸਨ , ਜਿਨ੍ਹਾਂ ਨੂੰ ਸੰਗਤਾਂ ਨਾਲ ਨਾਲ ਗਾ ਕੇ ਬੜਾ ਖੁਸ਼ ਹੁੰਦੀਆਂ । ਆਪ ਦੇ ਨਾਲ ਰਤਨ ਸਿੰਘ ਢੋਲਕੀ ਵਜਾਉਂਦੇ , ਹਰਨਾਮ ਸਿੰਘ ਵਾਜੇ ‘ ਤੇ ਹੁੰਦੇ ਅਤੇ ਜਥੇ ਦੇ ਪਿੱਛੇ ਕੁਝ ਹੋਰ ਬੰਦੇ ਜਿਵੇਂ ਕਿ ਭਾਈ ਲਾਲ ਸਿੰਘ , ਜਥੇਦਾਰ ਠਾਕੁਰ ਸਿੰਘ ਅਤੇ ਭਗਤ ਸਿੰਘ ਵੀ ਨਾਲ ਬੈਠਦੇ । “ ਹੋਏ ਵਰਖਾ ਅੰਮ੍ਰਿਤ ਦੀ , ਸਤਿਗੁਰੂ ਦੇ ਦਰਬਾਰ ‘ , ਮਨ ਮੋਹ ਲਿਆ ਗੁਰ ਨਾਨਕ ਨੇ , ਅੰਮ੍ਰਿਤ ਸ਼ਬਦ ਸੁਣਾਇਆਂ ਜਦੋਂ ਵੀ ਆਪ ਅਜਿਹੀਆਂ ਸਾਦ ਮੁਰਾਦੀਆਂ ਧਾਰਨਾਂ ਦਾ ਲਿਵਲੀਨ ਹੋ ਕੇ ਗਾਇਨ ਕਰਦੇ ਤਾਂ ਜਾਣ ਜਿਵੇਂ ਗੁਰੂ ਨਾਨਕ ਦੇਵ ਜੀ ਪ੍ਰਤੱਖ ਪ੍ਰਗਟ ਹੋਣ ਲੱਗਦੇ । ਆਪ ਕੰਨਿਆ ਮਹਾਂ ਵਿਦਿਆਲਾ ਦੇ ਉਸਰੱਈਏ ਚੌਧਰੀ ਅਤਰ ਸਿੰਘ , ਬਾਵਾ ਪਾਲਾ ਸਿੰਘ ਜਥੇਦਾਰ , ਠਾਕੁਰ ਸਿੰਘ , ਬਾਬੂ ਸੁੰਦਰ ਸਿੰਘ ਛਾਉਣੀ ਵਾਲੇ , ਹਕੀਮ ਚੂਹੜ ਭਾਨ , ਡਾ ਅਮਰੀਕ ਸਿੰਘ , ਡਾ . ਬਲਵੰਤ ਸਿੰਘ , ਭਾਨਾ ਮੱਲ ਐਡਵੋਕੇਟ , ਸ਼ਹਿਰ ਦੇ ਇਹ ਸਭ ਪਤਵੰਤੇ ਉਨ੍ਹਾਂ ਦੇ ਖਾਸ ਤੌਰ ‘ ਤੇ ਮਦਾਹ ਸਨ । ਆਪ ਆਸਾ ਦੀ ਵਾਰ ਲਾਉਂਦੇ , ਤਾਂ ਜਾਣੋ ਜਿਵੇਂ ਅੰਮ੍ਰਿਤ ਵਰਖਾ ਹੋਣ ਲੱਗਦੀ । ਉਨ੍ਹਾਂ ਦੀ ਲੱਗੀ ਸਟੇਜ ਦਾ ਤੇਜ ਹੀ ਕੁਝ ਹੋਰ ਹੁੰਦਾ ਸੀ । ਪੰਜਾਬ ਭਰ ‘ ਚੋਂ ਲੜਕੀਆਂ ਦੇ ਸਭ ਤੋਂ ਪੁਰਾਣੇ ਕੰਨਿਆ ਮਹਾਂ ਵਿਦਿਆਲਾ ਫਿਰੋਜ਼ਪੁਰ ਦੀ ਉਸਾਰੀ ਵਾਸਤੇ ਮਾਇਆ ਲਈ ਇਕ ਵੇਰ ਆਪ ਨੇ ਚੀਨ ਦਾ ਦੌਰਾ ਵੀ ਕੀਤਾ ਸੀ । ਦੇਸ਼ ਦੇ ਵੰਡਾਰੇ ਤੋਂ ਪਹਿਲਾਂ ਵੇਸਵਾਵਾਂ ਲਈ ਫ਼ਿਰੋਜ਼ਪੁਰ ਦੀ ਹੀਰਾ ਮੰਡੀ ਵੀ ਮਸ਼ਹੂਰ ਹੁੰਦੀ ਸੀ , ਜਿਥੇ ਕਸੂਰ ਤੋਂ ਬੜੇ ਗੁਲਾਮ ਅਲੀ ਖਾਂ ਵਰਗੇ ਵੀ ਉਨ੍ਹਾਂ ਦਾ ਗਾਣਾ ਸੁਣਨ ਆਇਆ ਕਰਦੇ ਸਨ । ਇਥੇ ਇਸ ਗੱਲ ਦੀ ਵਜ਼ਾਹਰ ਕਰਨੀ ਬੜੀ ਲਾਜ਼ਮੀ ਜਾਪਦੀ ਹੈ ਕਿ ਇਸ ਵਿਚ ਬੁਰੇ ਕਰਮ ਜਾਂ ਕਾਮ – ਵਾਸ਼ਨਾ ਦਾ ਬਹੁਤਾ ਦਖ਼ਲ ਨਹੀਂ ਸੀ ਹੁੰਦਾ , ਸਗੋਂ ਅਮੀਰਾਂ ਜਾਂ ਰਸੀਆਂ ਵੱਲੋਂ ਮੁਜਰਾ ਆਦਿ ਸੁਣਨਾ ਸਾਡੇ ਉਸ ਸਮੇਂ ਦੇ ਮੁਸ਼ਾਅਰੇ ਦਾ ਇਕ ਅੰਗ ਹੁੰਦਾ ਸੀ । ਪ੍ਰਸਿੱਧ ਘਟਨਾ ਹੈ ਕਿ ਏਥੇ ਦੀਆਂ ਦੋ ਪ੍ਰਸਿੱਧ ਵੇਸਵਾਵਾਂ , ਜਿਨ੍ਹਾਂ ਵਿੱਚੋਂ ਇਕ ਦਾ ਨਾਂ ਰਾਜੋ ਸੀ , ਨੇ ਜਦੋਂ ਬਾਬਾ ਜਵੰਦ ਸਿੰਘ ਨੂੰ ਗਾਉਂਦਿਆਂ ਸੁਣਿਆ ਤਾਂ ਉਹ ਐਨਾ ਪ੍ਰਭਾਵਿਤ ਹੋਈਆਂ ਕਿ ਪੁੱਛਣ ਲੱਗੀਆਂ , “ ਅਸੀਂ ਇਨ੍ਹਾਂ ਨੂੰ ਸੁਣਨਾ ਚਾਹੁੰਦੀਆਂ ਹਾਂ , ਕੀ ਫ਼ੀਸ ਹੈ ? ” ਅੱਗੋਂ ਉੱਤਰ ਸੀ , “ ਸਿਰਫ ਦਸ ਰੁਪਏ । ਪੰਜ ਕੜਾਹ ਪ੍ਰਸ਼ਾਦਿ ਲਈ , ਢਾਈ ਰੁਪਿਆਂ ਦੇ ਫੁੱਲਾਂ ਦੇ ਹਾਰ ਅਤੇ ਢਾਈ ਰੁਪਏ ਜਥੇ ਦੀ ਲੱਸੀ ਪਾਣੀ ਲਈ । ਇਸ ਵਾਰ ਰਾਜੋ ਐਨੀ ਪ੍ਰਭਾਵਿਤ ਹੋਈ ਕਿ ਪ੍ਰੋਗਰਾਮ ਪਿੱਛੋਂ ਉਹ ਉਨ੍ਹਾਂ ਦੇ ਚਰਨੀ ਢਹਿ ਪਈ ਅਤੇ ਉਨ੍ਹਾਂ ਕੋਲੋਂ ਸਿੱਖੀ ਦਾਨ ਮੰਗਣ ਲੱਗ ਪਈ , ਪਰ ਉਨ੍ਹਾਂ ਦਾ ਅੱਗਿਉਂ ਇਹ ਉੱਤਰ ਸੀ ਕਿ ਪਹਿਲਾਂ ਉਹ ਵਿਆਹੁਤਾ ਜ਼ਿੰਦਗੀ ਚ ਪ੍ਰਵੇਸ਼ ਕਰ ਲਏ । ਨਤੀਜੇ ਵਜੋਂ ਕੁਝ ਦਿਨਾਂ ਪਿੱਛੋਂ ਉਸ ਨੂੰ ਅੰਮ੍ਰਿਤ ਛਕਾਇਆ ਗਿਆ । ਉਸਦਾ ਨਾਂ ਬਦਲ ਕੇ ਹੁਕਮ ਕੋਰ ਰੱਖ ਦਿੱਤਾ ਗਿਆ ।
ਅਤੇ ਸੇਵਾ ਸਿੰਘ ਕੰਬੋਜ ਨਾਂ ਦੇ ਇਕ ਵਿਅਕਤੀ ਨਾਲ ਉਸਦੀ ਸ਼ਾਦੀ ਕਰ ਦਿੱਤੀ ਗਈ । ਉਸ ਦੌਰ ਦੀ ਹੀਰਾ ਮੰਡੀ ਵਿਚ ਬੈਠੀ ਕੋਈ ਮੁਸਲਮਾਨ ਤਵਾਇਫ਼ ਕਿਸੇ ਸਿੱਖ ਕੀਰਤਨਕਾਰ ਦੇ ਗਾਇਨ ਤੋਂ ਐਨਾ ਖੁਸ਼ ਹੋਵੇ , ਉਸ ਸਮੇਂ ਦੀ ਇਕ ਅਦੁੱਤੀ ਮਿਸਾਲ ਸੀ । ਨਹੀਂ ਤਾਂ ਕੀ ਮੁਸਲਮਾਨ ਉਸਤਾਦਾਂ ਅਤੇ ਕੀ ਕੰਚਨੀਆਂ ਨੇ , ਸਿੱਖ ਸੰਗੀਤਕਾਰਾਂ ਦਾ ਲੋਹਾ ਕਦੇ ਘੱਟ ਹੀ ਮੰਨਿਆ । ਆਪ ਸਾਦ – ਮੁਰਾਦੀ ਕਵਿਤਾ ਵੀ ਜੋੜਦੇ ਸਨ ਅਤੇ “ ਜੀਵਨ ਮੁਕਤ ਤਖੱਲਸ ਰੱਖਦੇ ਸਨ । ਆਪ ਦਾ ਦਿਹਾਂਤ ਰਾਜਾ ਸਾਂਸੀ ਅੰਮ੍ਰਿਤਸਰ ਗੁਰੂ ਰਾਮਦਾਸ ਏਅਰਪੋਰਟ ਵਿਖੇ 42 ਸਾਲ ਦੀ ਉਮਰ ਵਿਚ 1922 ਈ . ਵਿਚ ਹੋਇਆ |
ਜੋਰਾਵਰ ਸਿੰਘ ਤਰਸਿੱਕਾ।
7277553000

...
...



Related Posts

Leave a Reply

Your email address will not be published. Required fields are marked *

One Comment on “ਬਾਬਾ ਜਵੰਦ ਸਿੰਘ ਜੀ ਜਿਹਨਾਂ ਦਾ ਅਮ੍ਰਿਤਸਰ ਹਵਾਈ ਅੱਡੇ ਵਿੱਚ ਗੁਰਦੁਆਰਾ ਸਾਹਿਬ ਹੈ – ਜੀਵਨੀ ਪੜੋ ਜੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)