More Gurudwara Wiki  Posts
ਮਾਛੀਵਾੜਾ ਭਾਗ 14


ਮਾਛੀਵਾੜਾ ਭਾਗ 14
ਭਾਈ ਗੁਲਾਬੇ ਮਸੰਦ ਦਾ ਦਿਲ ਹਿੱਲ ਗਿਆ । ਉਹ ਦਿਲ ’ ਤੇ ਕਾਬੂ ਨਾ ਪਾ ਸਕਿਆ । ਉਹ ਤਾਂ ਭੌਂ ਉੱਤੇ ਲੱਥਿਆ ਜਾਣ ਲੱਗਾ । ਉਹ ਤਰਲੇ ਲੈ ਰਿਹਾ ਸੀ ਕਿ ਨਬੀ ਖ਼ਾਂ ਘਰ ਆ ਗਿਆ । ਉਸ ਨੇ ਜਦੋਂ ਗੁਲਾਬੇ ਦਾ ਦਿਲ ਡੋਲਿਆ ਦੇਖਿਆ ਤਾਂ ਬੜਾ ਹੈਰਾਨ ਹੋਇਆ । “ ਕਿਉਂ ਭਾਈ ! ” ਨਬੀ ਖ਼ਾਂ ਨੇ ਗੁਲਾਬੇ ਨੂੰ ਪੁੱਛਿਆ , “ ਐਨਾ ਕਿਉਂ ਘਾਬਰਦਾ ਹੈਂ । ਗੁਰੂ ਮਹਾਰਾਜ ਜੀ ਨੂੰ ਅਸੀਂ ਆਪਣੇ ਘਰ ਲੈ ਜਾਂਦੇ ਹਾਂ । ਸਿਰਫ਼ ਇਕ ਕੰਮ ਕੀਤਾ ਜਾਏ । ” “ ਉਹ ਕਿਹੜਾ ? ” ਭਾਈ ਮਾਨ ਸਿੰਘ ਨੇ ਅੱਗੇ ਹੋ ਕੇ ਨਬੀ ਖ਼ਾਂ ਕੋਲੋਂ ਪੁੱਛਿਆ । “ ਗੁਰੂ ਮਹਾਰਾਜ ਆਪਣੇ ਬਸਤਰ ਨੀਲੇ ਰੰਗ ਲੈਣ , ਜੈਸਾ ਕਿ ਉੱਚ ਦੇ ਪੀਰਾਂ ਦਾ ਲਿਬਾਸ ਹੁੰਦਾ ਹੈ । ਅਸੀਂ ਉੱਚ ਦੇ ਪੀਰ ਬਣਾ ਲੈਂਦੇ ਹਾਂ । ” “ ਨੀਲੇ ਬਸਤਰ ! ” ਗੁਲਾਬਾ ਇਕ ਦਮ ਬੋਲ ਪਿਆ । “ ਹਾਂ ! ” “ ਇਹ ਤਾਂ ਸੌਖਾ ਹੈ । ” “ ਕਿਵੇਂ ? ” “ ਇਕ ਮਾਈ ਸਤਿਗੁਰੂ ਮਹਾਰਾਜ ਨੂੰ ਖੱਦਰ ਦੇ ਬਸਤਰ ਦੇ ਗਈ ਹੈ । ਉਹੋ ਹੀ ਕੋਰੇ ਰੰਗੇ ਜਾਣ । ” “ ਕੌਣ ਰੰਗੇਗਾ ? ” “ ਘਰ ਦੇ ਨਾਲ ਹੀ ਲਲਾਰੀ ਹਨ । ” ਉਸ ਨੂੰ ਆਖੋ । ’ ’ “ ਮੈਂ ਹੁਣੇ ਆਖਦਾ ਹਾਂ । ” ਇਹ ਆਖ ਕੇ ਗੁਲਾਬਾ ਆਪਣੇ ਘਰ ਦੀ ਛੱਤ ਉਪਰ ਗਿਆ ਤੇ ਗੁਆਂਢੀਆਂ ਨੂੰ ਆਖਣ ਲੱਗਾ : ਦੇਖੋ ਭਰਾ , ਨੀਲੇ ਰੰਗ ਦੀ ਮੱਟੀ ਚਾੜ੍ਹੋ । ” “ ਕਿਉਂ ? ” ਉਸ ਨੇ ਪੁੱਛਿਆ । “ ਲੀੜੇ ਰੰਗਣੇ ਹਨ , ਸੋਨੇ ਦੀ ਮੋਹਰ ਮਿਲੇਗੀ । ‘ ਸੋਨੇ ਦੀ ਮੋਹਰ ! ’ ’ “ ਫਿਰ ਤਾਂ ਮੈਂ ਹੁਣੇ ਰੰਗ ਚਾੜ੍ਹ ਦਿੰਦਾ ਹਾਂ । ਮੇਰੇ ਧੰਨ ਭਾਗ ਜੇ ਸੋਨੇ ਦੀ ਮੋਹਰ ਮਿਲੇ । ਕਿੰਨੇ ਕੱਪੜੇ ਹੋਣਗੇ ? ਇਕ ਮੱਟੀ ਦਾ ਹੀ ਤਾਂ ਇਕਰਾਰ ਹੈ । ’ ’ ਉਹ ਆਖੀ ਗਿਆ ਤੇ ਸੋਚੀ ਵੀ ਗਿਆ । “ ਐਸੇ ਲੀੜਿਆਂ ਦੀ ਕੀ ਲੋੜ ਪਈ । ” ਪਰ ਸੋਨੇ ਦੀ ਮੋਹਰ ਨੇ ਉਹਦਾ ਮੂੰਹ ਬੰਦ ਕਰ ਦਿੱਤਾ । ਬਸਤਰ ਨੀਲੇ ਰੰਗੇ ਗਏ । ਸਤਿਗੁਰੂ ਜੀ ਨੇ ਪਹਿਨ ਲਏ ਤੇ ਗੁਰੂ ਜੀ ਦਾ ਭੇਸ ਐਸਾ ਹੋ ਗਿਆ ਜੈਸਾ ‘ ਉੱਚ ਦੇ ਪੀਰਾਂ ’ ਦਾ ਹੁੰਦਾ ਸੀ । ਰਾਤ ਦੇ ਹਨੇਰੇ ਗੁਰੂ ਜੀ ਨਬੀ ਖ਼ਾਂ ਤੇ ਗ਼ਨੀ ਖ਼ਾਂ ਦੇ ਘਰ ਚਲੇ ਗਏ । ਗੁਲਾਬੇ ਦੀ ਜਾਨ ਸੁਖਾਲੀ ਹੋਈ , ਪਰ ਉਸ ਨੂੰ ਕੋਈ ਸਰਾਪ ਨਹੀਂ ਦਿੱਤਾ । ਉਸ ਨੇ ਜਿੰਨੀ ਸੇਵਾ ਕੀਤੀ , ਉਤਨੀ ਮਹਾਰਾਜ ਨੇ ਪਰਵਾਨ ਕਰ ਲਈ । ਨਬੀ ਖ਼ਾਂ ਤੇ ਗ਼ਨੀ ਖ਼ਾਂ ਦਾ ਮਕਾਨ ਭਾਈ ਗੁਲਾਬੇ ਦੇ ਘਰ ਤੋਂ ਚੜ੍ਹਦੇ ਦੱਖਣ ਦਿਸ਼ਾ ਵੱਲ ਕੋਈ ਦੋ ਮਰਲੇ ਛੱਡ ਕੇ ਸੀ । ਗੁਰੂ ਜੀ ਬੇ – ਫ਼ਿਕਰੀ ਨਾਲ ਘਰ ਪਹੁੰਚ ਗਏ । ਕਿਸੇ ਨੂੰ ਬਹੁਤਾ ਸ਼ੱਕ ਨਹੀਂ ਪਿਆ ਤੇ ਉਹਨਾਂ ਨੇ ਸਤਿਗੁਰੂ ਜੀ ਨੂੰ ਇਕ ਪਲੰਘ ਉੱਤੇ ਸਤਿਕਾਰ ਨਾਲ ਬਿਠਾਇਆ । “ ਮਹਾਰਾਜ ! ਅਸਾਡੇ ਧੰਨ ਭਾਗ , ਖ਼ੁਦਾ ਦੀ ਬੜੀ ਮਿਹਰ ਹੈ । ਆਪ ਨੇ ਇਸ ਬਹਾਨੇ ਹੀ ਅਸਾਂ ਗ਼ਰੀਬਾਂ ਦੇ ਘਰ ਚਰਨ ਪਾਏ । ਸਾਰੇ ਪਰਿਵਾਰ ਦੇ ਹਰ ਇਕ ਬਸ਼ਰ ਨੇ ਐਸਾ ਹੀ ਬਚਨ ਕੀਤਾ ਤੇ ਗੁਰੂ ਮਹਾਰਾਜ ਦੇ ਚਰਨੀਂ ਹੱਥ ਲਾਇਆ । ਰਾਤ ਕੱਟੀ । ਸਵੇਰ ਹੋਈ ਤਾਂ ਸਤਿਗੁਰੂ ਜੀ ਨੂੰ ਮਾਛੀਵਾੜੇ ਦੀ ਹੱਦ ਤੋਂ ਪਾਰ ਕਰਨ ਦੀ ਯੋਜਨਾ ਉੱਤੇ ਅਮਲ ਹੋਣ ਲੱਗਾ , ਜਿਹੜੀ ਯੋਜਨਾ ਰਾਤ ਸਮੇਂ ਵੀਚਾਰੀ ਗਈ ਸੀ । ਪਲੰਘ ਉੱਤੇ ਸਤਿਗੁਰੂ ਜੀ ਨੂੰ ਬਿਠਾ ਲਿਆ । ਗ਼ਨੀ ਖ਼ਾਂ , ਨਬੀ ਖ਼ਾਂ ਨੇ ਅਗਲੇ ਪਾਵੇ ਚੁੱਕੇ ਤੇ ਭਾਈ ਦਇਆ ਸਿੰਘ ਤੇ ਮਾਨ ਸਿੰਘ ਨੇ ਪਿਛਲੇ ਦੋ ਪਾਵਿਆਂ ਤੋ ਪਲੰਘ ਨੂੰ ਚੁੱਕ ਕੇ ਪਿੰਡੋਂ ਬਾਹਰ ਹੋਣ ਲੱਗੇ । ਉਸ ਦਿਨ ਫ਼ੌਜ ਹੋਰ ਆ ਗਈ ਸੀ । ਸਾਰਾ ਸ਼ਹਿਰ ਘੇਰੇ ਵਿਚ ਲਿਆ ਸੀ ਤੇ ਆਏ ਗਏ ਦੀ ਪੁੱਛ ਬਹੁਤ ਹੁੰਦੀ ਸੀ । ਕੋਈ ਜੀਅ ਕਿਸੇ ਭੇਸ ਵਿਚ ਵੀ ਬਿਨਾਂ ਪੁੱਛੇ ਦੇ ਨਹੀਂ ਸੀ ਜਾ ਸਕਦਾ । ਸਤਿਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਨਬੀ ਖ਼ਾਂ ਤੇ ਗ਼ਨੀ ਖ਼ਾਂ ਜਦੋਂ ਲਈ ਜਾ ਰਹੇ ਸਨ ਤਦੋਂ ਉਹਨਾਂ ਨੂੰ ਗੁਰੂ ਮਹਾਰਾਜ ਦੀ ਬ੍ਰਹਮ ਸ਼ਕਤੀ ਉੱਤੇ ਵੀ ਭਰੋਸਾ ਸੀ । “ ਕੋਈ ਨਹੀਂ ਰੋਕੇਗਾ । ਘਰ ਦੇ ਵਾੜਿਆਂ ਦੀ ਹੱਦ ਤੋਂ ਬਾਹਰ ਆਏ , ਤਾਂ ਉਹ ਪਿੰਡੋਂ ਬਾਹਰ ਹੋਏ – ਤਾਂ ਮੁਗ਼ਲ ਫ਼ੌਜਦਾਰ ਨੇ ਰੋਕਿਆ । ‘ ਕੌਣ ਹੋ ? ’ ’ “ ਮੈਂ ਤੇ ਮੇਰਾ ਭਾਈ ਨਬੀ ਖ਼ਾਂ , ਗ਼ਨੀ ਖ਼ਾਂ , ਘੋੜਿਆਂ ਦੇ ਸੁਦਾਗਰ , ਜਿਹੜੇ ਸਰਕਾਰ ਨੂੰ ਮਾਲ ਦਿੰਦੇ ਹਾਂ । ” ਗ਼ਨੀ ਖ਼ਾਂ ਨੇ ਅੱਗੋਂ ਉੱਤਰ ਦਿੱਤਾ । “ ਪਲੰਘ ਉਪਰ ਕੌਣ ਹਨ ? ” “ ਉੱਚ ਦੇ ਪੀਰ ਜੀ । ਵਲੀ ਖ਼ੁਦਾ ਪ੍ਰਸਤ । ਰੋਜ਼ਾ ਰੱਖਿਆ ਹੈ , ਕਿਸੇ ਨਾਲ ਗੱਲ – ਬਾਤ ਨਹੀਂ ਕਰਦੇ । ” ‘ ਨਾਲ ਕੌਣ ਹਨ ? ‘ ‘ “ ਇਹਨਾਂ ਦੇ ਚੇਲੇ । ” “ ਪੀਰ ਜੀ ਕੁਝ ਖਾ ਕੇ ਜਾਣ । ” ਰੋਜ਼ਾ ਹੈ । “ ਉਹਨਾਂ ਦੇ ਚੇਲੇ ਖਾ ਲੈਣ । ” ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਕਿ ‘ ਤਉ ਪ੍ਰਸਾਦ ਭਰਮ ਕਾ ਨਾਮੁ ਕ੍ਰਿਪਾਨ ਭੇਟ ਕਰ ਕੇ ਛਕ ਜਾਣ । ਉਹ ਤਿਆਰ ਹੋ ਗਏ , ਪਰ ਉਸੇ ਵੇਲੇ ਦੂਸਰੇ ਫ਼ੌਜਦਾਰ ਨੇ ਪਹਿਲੇ ਨੂੰ ਆਖਿਆ , “ ਜਾਣ ਦਿਉ । ਵਲੀ ਪੈਗ਼ੰਬਰਾਂ ਨੂੰ ਤੰਗ ਕੀਤਿਆਂ ਉਲਟਾ ਅਸਰ ਹੁੰਦਾ ਹੈ । ਖ਼ੁਦਾ ਦੇ ਬੰਦੇ ਹਨ , ਦਿਸਦਾ ਨਹੀਂ , ਹਿੰਦੂ ਪੀਰ ਵਾਲੀ ਕੋਈ ਵੀ ਨਿਸ਼ਾਨੀ ਨਹੀਂ।ਜਾਣ ਦਿਉ । ਇਹਨਾਂ ਦੇ ਚੇਲਿਆਂ ਉੱਤੇ ਸ਼ੱਕ ਕਰਨਾ ਵੀ ਠੀਕ ਨਹੀਂ । ” ਗੱਲ ਤਾਂ ਤੁਸਾਂ ਦੀ ਠੀਕ ਹੈ , ਪਰ ਖ਼ੁਦਾ ਨਾ ਕਰੇ , ਜੇ ਕੋਈ ਐਸੀ ਗੱਲ ਵੀ ਹੋ ਜਾਏ ਤਾਂ — ਆਪਾਂ ਨੂੰ ਤਾਂ ਸੂਬੇ ਨੇ ਕਤਲ ਕਰਾ ਦੇਣਾ ਹੈ । ” “ ਖ਼ੁਦਾ ` ਤੇ ਭਰੋਸਾ ਰੱਖ । ਨੇਕੀ ਦਾ ਫ਼ਲ ਨੇਕੀ ਮਿਲਦਾ ਹੈ । ਕਿਸੇ ਵਲੀ ਦੀ ਨਿਗਾਹ ਸਵੱਲੀ ਹੋ ਜਾਏ ਤਾਂ ਸਾਰੇ ਧੋਣੇ ਧੁੱਪ ਜਾਂਦੇ ਹਨ । ” ਉਸ ਵੇਲੇ ਸੁੱਕੇ ਅੰਬਰ ਵਿਚ ਬਿਜਲੀ ਚਮਕੀ । ਐਨਾ ਜ਼ੋਰ ਦਾ ਖੜਕਾ ਹੋਇਆ ਕਿ ਸਾਰੇ ਆਕਾਸ਼ ਵੱਲ ਦੇਖਣ ਲੱਗ ਪਏ । ਇਕ ਦੋ ਕਰਕੇ ਤਿੰਨ ਵਾਰ ਬਿਜਲੀ ਕੜਕੀ , ਕੁਝ ਧਰਤੀ ਹਿੱਲੀ , ਜਿਵੇਂ ਭੁਚਾਲ ਆ ਗਿਆ ਹੋਵੇ । ਉਹ ਸਾਰੇ ਖ਼ੁਦਾ ਦਾ ਨਾਮ ਲੈਣ ਲੱਗ ਪਏ । ਜਦੋਂ ਧਰਤੀ ਦਾ ਝਟਕਾ ਮੁੱਕਿਆ ਤਾਂ ਉਹ ਫ਼ੌਜਦਾਰ , ਜਿਹੜਾ ਪਹਿਲਾ ਸੀ , ਉਸ ਨੇ ਹੀ ਹੱਥ ਜੋੜ ਕੇ ਬੇਨਤੀ ਕੀਤੀ , “ ਆਪ ਜਾਈਏ । ਬਾਦਸ਼ਾਹੀ ਹੁਕਮ ਹੋਣ ” ਕਰਕੇ ਆਪ ਨੂੰ ਰੋਕਿਆ । ਅਸੀਂ ਨਿਰਦੋਸ਼ ਹਾਂ , ਖ਼ੁਦਾਈ ਮਿਹਰ ਰਹੇ ਅਸਾਂ ਤੇ , ਇਹ ਸੁਣ ਕੇ ਅਕਾਲ ਪੁਰਖ ਦੇ ਨਾਮ...

ਦਾ ਸਿਮਰਨ ਕਰਦੇ ਹੋਏ ਸਤਿਗੁਰੂ ਜੀ ਨੇ ਹੱਥ ਉਪਰ ਤੇ ਮੁੜ ਉਸ ਦੇ ਸਿਰ ਵੱਲ ਕਰ ਕੇ ਨਬੀ ਖ਼ਾਂ ਨੂੰ ਇਸ਼ਾਰਾ ਕੀਤਾ ਕਿ ਚੱਲਣ । ਉਹ ਚੱਲ ਪਏ । ਸਾਰੀ ਫ਼ੌਜ ਪਾਸੇ ਹੋ ਗਈ । ਸਤਿਗੁਰੂ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ । ਨਬੀ ਖ਼ਾਂ ਤੇ ਗ਼ਨੀ ਖਾਂ ਅੱਗੇ ਅੱਗੇ ਚੱਲਣ ਲੱਗੇ , ਬਹੁਤ ਕਾਹਲੀ ਕਿ ਕਿਤੇ ਐਸਾ ਨਾ ਹੋਵੇ ਕਿ ਕੋਈ ਹੋਰ ਦੁਸ਼ਮਣ ਸ਼ੱਕ ਕਰ ਕੇ , ਮੁੜ ਪਿੱਛਾ ਕਰਨ ਨਾ ਆ ਜਾਣ । ਐਸਾ ਕਰਨਾ , ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਸੀ । ਉਹ ਦਬਾ – ਦਬ ਠਰੀ ਧਰਤੀ ਉੱਤੇ ਚੱਲਦੇ ਗਏ । ਸਾਰੇ ਹੀ ਪਰਮਾਤਮਾ ਦਾ ਨਾਮ ਲਈ ਜਾਂਦੇ ਸਨ । ਉਹਨਾਂ ਦੇ ਸ਼ਰਧਾਲੂ ਸਨ , ਗੁਰੂ ਚਰਨਾਂ ਨਾਲ ਜੁੜੇ ਸਨ । ਦੁਨੀਆਂ ਭੁੱਲ ਗਏ ਸਨ । ਤੁਰੇ ਗਏ ਤੇ ਖ਼ਤਰੇ ਦੀ ਹੱਦ ਲੰਘ ਕੇ ਗੁਰੂ ਜੀ ਨੇ ਬਚਨ ਕੀਤਾ : “ ਗੁਰਮੁਖੋ ! ਮੰਜਾ ਹੇਠਾਂ ਰੱਖ ਦਿਉ । ਤੁਸਾਂ ਦੀ ਸੇਵਾ ਪ੍ਰਵਾਨ ਹੋਈ । ਅਸੀਂ ਪ੍ਰਸੰਨ ਹਾਂ । ਅਕਾਲ ਪੁਰਖ ਤੁਸਾਂ ਦੀ ਸੇਵਾ ਪ੍ਰਵਾਨ ਕਰਨਗੇ । ” ਸਤਿਗੁਰੂ ਮਹਾਰਾਜ ਦੇ ਇਹ ਬਚਨ ਸੁਣ ਕੇ ਨਬੀ ਖ਼ਾਂ , ਗ਼ਨੀ ਖ਼ਾਂ ਅਤੇ ਸਿੰਘਾਂ ਨੇ ਪਲੰਘ ਹੇਠਾਂ ਰੱਖ ਦਿੱਤਾ । ਸਤਿਗੁਰੂ ਜੀ ਪਲੰਘ ਤੋਂ ਉਤਰ ਕੇ ਖਲੋ ਗਏ । ਨਬੀ ਖ਼ਾਂ ਤੇ ਗ਼ਨੀ ਖ਼ਾਂ ਨੂੰ ਬਚਨ ਕੀਤਾ , “ ਅਸੀਂ ਤੁਸਾਂ ਦੀ ਸੇਵਾ ਉੱਤੇ ਪ੍ਰਸੰਨ ਹਾਂ । ਜਿਹੜਾ ਮਿਲਵਰਤਣ ਤੁਸਾਂ ਦਿੱਤਾ ਹੈ , ਉਹ ਅਮਰ ਰਹੇਗਾ । ਬਰਕਤਾਂ ਆਉਣਗੀਆਂ । ਇਹ ਪਲੰਘ ਰੱਖ ਛੱਡਣਾ । ਸਮਾਂ ਪਲਟੇਗਾ , ਅਸਾਂ ਦੇ ਸਿੱਖ ਤੁਸਾਂ ਦਾ ਸਤਿਕਾਰ ਕਰਨਗੇ ਤੇ ਸਵਾ ਰੁਪਿਆ ਪਲੰਘ ਦੀ ਦਰਸ਼ਨ ਭੇਟ ਦਿਆ ਕਰਨਗੇ । ਮਾਛੀਵਾੜਾ ਨਗਰ ਚਾਰੇ – ਚੱਕ ਮਸ਼ਹੂਰ ਹੋਵੇਗਾ । ” ਸਤਿਗੁਰੂ ਜੀ ਦੇ ਦਿੱਤੇ ਵਰ ਸੁਣ ਕੇ ਨਬੀ ਖ਼ਾਂ ਤੇ ਗ਼ਨੀ ਖ਼ਾਂ ਦੇ ਮਨ ਐਸੇ ਪ੍ਰਸੰਨ ਹੋਏ ਕਿ ਮਨਾਂ ਦੀ ਪ੍ਰਸੰਨਤਾ ਉਹਨਾਂ ਦੀਆਂ ਅੱਖਾਂ ਵਿਚ ਹੰਝੂ ਬਣ ਕੇ ਆ ਗਈ । ਉਹ ਖ਼ੁਸ਼ ਹੋ ਗਏ । ਉਹਨਾਂ ਨੇ ਸਤਿਗੁਰੂ ਜੀ ਦੇ ਚਰਨ ਫੜ ਲਏ ਤੇ ਦੋਹਾਂ ਭਰਾਵਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ , “ ਮਹਾਰਾਜ ! ਸੇਵਾ ਕਰਨ ਦਾ ਅਸਾਂ ਦਾ ਚਾਅ ਅਜੇ ਪੂਰਾ ਨਹੀਂ ਹੋਇਆ । ਸਮਾਂ ਹੀ ਐਸਾ ਆ ਗਿਆ । ਸੇਵਾ ਕਰਨ ਦੀ ਰੀਝ ਸੀ । ਮਨ ਦੀਆਂ ਮਨ ਵਿਚ ਰਹੀਆਂ । ” “ ਜਿਹੜੀ ਸੇਵਾ ਤੁਸਾਂ ਕੀਤੀ ਹੈ , ਇਹ ਸਭ ਸੇਵਾਵਾਂ ਤੋਂ ਸ਼੍ਰੋਮਣੀ ਹੈ । ਬਿਪਤ ਕਾਲ ਵਿਚ ਸਾਰੇ ਸੰਗ ਛੱਡ ਜਾਂਦੇ ਹਨ , ਜਿਹੜਾ ਬਿਪਤਾ ਸਮੇਂ ਮਦਦ ਕਰਦਾ ਹੈ , ਉਹੋ ਹੀ ਸੱਚਾ ਮਿੱਤਰ ਹੁੰਦਾ ਹੈ । ਮਿੱਤਰਤਾ , ਸ਼ਰਧਾ ਪਿਆਰ ਆਦਿਕ ਦੀ ਪਰਖ ਸਦਾ ਬਿਪਤ ਕਾਲ ਵਿਚ ਹੀ ਹੁੰਦੀ ਹੈ । ਸੁਖਾਲ ਸਮੇਂ ਤਾਂ ਸਾਰੇ ਮਿੱਤਰ ਤੇ ਸ਼ਰਧਾਲੂ ਹੁੰਦੇ ਹਨ ….. ਅਸੀਂ ਤੁਸਾਂ ਉੱਤੇ ਬਹੁਤ ਨਿਹਾਲ ਹਾਂ । ” ਸਤਿਗੁਰੂ ਜੀ ਮਿਹਰ ਦਾ ਮੀਂਹ ਵਰਸਾਈ ਗਏ । ਦੋਹਾਂ ਨੂੰ ਨਿਹਾਲ ਕਰੀ ਗਏ । ਉਹ ਖਲੋ ਗਏ । ਸਤਿਗੁਰੂ ਜੀ ਅੱਗੇ ਚੱਲ ਪਏ । ਪੈਦਲ ਹੀ । ਹੁਣ ਇਹ ਵਾਧਾ ਸੀ ਕਿ ਪੈਰੀਂ ਜੋੜਾ ਸੀ । ਘੋੜਾ ਤਾਂ ਦੇ ਨਾ ਸਕੇ , ਕਿਉਂਕਿ ਘੋੜੇ ਨਾਲ ਵੈਰੀਆਂ ਨੂੰ ਸ਼ੱਕ ਪੈ ਜਾਣਾ ਸੀ । ਉਹ ਨਹੀਂ ਸਨ ਚਾਹੁੰਦੇ ਕਿ ਕਿਸੇ ਤਰ੍ਹਾਂ ਦਾ ਸ਼ੱਕ ਪਵੇ , ਪੱਤਾ ਪੱਤਾ ਵੈਰੀ ਸੀ । ਮੁਗ਼ਲ ਲਸ਼ਕਰ ਦੇ ਬੰਦੇ ਹਲਕੇ ਤੇ ਸ਼ਿਕਾਰੀ ਕੁੱਤਿਆਂ ਵਾਂਗ ਨੱਠੇ ਫਿਰਦੇ ਸਨ । ਦੋਵੇਂ ਭਰਾ ਖਲੋਤੇ ਦੇਖਦੇ ਰਹੇ , ਜਿਵੇਂ ਈਦ ਦੇ ਚੰਦ ਨੂੰ ਮੁਸਲਮਾਨ ਦੇਖਦੇ ਹਨ । ਜਦੋਂ ਸਤਿਗੁਰੂ ਜੀ ਨਿਗਾਹ ਤੋਂ ਉਹਲੇ ਹੋ ਗਏ ਤਾਂ ਨਬੀ ਖ਼ਾਂ ਨੇ ਕਿਹਾ , “ ਚਲੋ ਭਰਾ ਜੀ , ਚੱਲੀਏ ਵਾਪਸ । ” “ ਮਨ ਤਾਂ ਉਡਿਆ ਸਤਿਗੁਰੂ ਜੀ ਦੇ ਨਾਲ ਹੀ ਚਲਿਆ ਗਿਆ । ਏਥੇ ਤਾਂ ਸਰੀਰ ਦਾ ਪਿੰਜਰ ਖਲੋਤਾ ਹੈ । ” ਗ਼ਨੀ ਖ਼ਾਂ ਨੇ ਉੱਤਰ ਦਿੱਤਾ । ਦੋਹਾਂ ਭਰਾਵਾਂ ਨੇ ਪਲੰਘ ਨੂੰ ਚੁੱਕਿਆ ਤੇ ਪਿੱਛੇ ਨੂੰ ਮੁੜ ਪਏ । ਮਨ ਬੜਾ ਵੈਰਾਗੀ ਹੋ ਗਿਆ ਸੀ । ਦੋਹਾਂ ਭਰਾਵਾਂ ਨੂੰ ਇਉਂ ਪਰਤੀਤ ਹੋ ਰਿਹਾ ਸੀ ਜਿਵੇਂ ਉਹ ਬਹੁਤ ਕੁਝ ਹੀ ਨਹੀਂ , ਸਭ ਕੁਝ ਆਪਣਾ ਲੁਟਾ ਕੇ ਪਿੱਛੇ ਮੁੜ ਰਹੇ ਸਨ । ਦੋਹਾਂ ਦਾ ਧਿਆਨ ਸੀ , “ ਹੁਣ ਸਤਿਗੁਰੂ ਜੀ ਤੁਰੇ ਜਾਂਦੇ ਹੋਣਗੇ । ਲੰਘ ਗਏ ਐਨੀਆਂ ਪੈਲੀਆਂ , ਉਹ ਜੰਗਲ ਲੰਘ ਗਏ ਹੋਣਗੇ । ਕੋਈ ਚਿੰਤਾ ਨਹੀਂ , ਇਕੱਲੇ ਨਹੀਂ .. ……… ਨਾਲ ਸਿੰਘ ਹਨ । ’ ’ ਉਹ ਘਰੀਂ ਪੁੱਜੇ । “ ਗੁਰੂ ਜੀ । ” ਉਹਨਾਂ ਦੀਆਂ ਬੇਗ਼ਮਾਂ ਨੇ ਇਕ ਜ਼ਬਾਨ ਪੁੱਛਿਆ । “ ਚਲੇ ਗਏ । ” ਨਬੀ ਖ਼ਾਂ ਨੇ ਉੱਤਰ ਦਿੱਤਾ । “ ਫ਼ੌਜ ਨੇ ਰੋਕਿਆ ਸੀ ?? “ ਫਿਰ ਕੀ ਹੋਇਆ ?? “ ਖ਼ੁਦਾ ਨੇ ਮਦਦ ਕੀਤੀ । ’ ’ ‘ ਫਿਰ ਵੀ ? ” “ ਬੱਸ ਉੱਚ ਦਾ ਪੀਰ … ਆਖਿਆ ਕੁਝ । ” “ ਕੁਝ ਕੀ ? ’ ’ “ ਉਸ ਵੇਲੇ ਖ਼ੁਦਾਈ ਘਟਨਾ ਵਾਪਰੀ । ” ‘ ‘ ਉਹ ਕੀ ? ’ ’ “ ਬਿਜਲੀ ਕੜਕੀ — ਧਰਤੀ ਹਿੱਲੀ — ਭੁਚਾਲ ਆ ਗਿਆ । ਫ਼ੌਜਦਾਰ ਘਬਰਾ ਗਏ । ਉਹਨਾਂ ਨੇ ਅੱਗੇ ਜਾਣ ਦੀ ਖੁੱਲ੍ਹ ਦੇ ਦਿੱਤੀ । “ ਹਾਂ ਬਿਜਲੀ ਕੜਕੀ ਸੀ – ਧਰਤੀ ਹਿੱਲੀ ਸੀ , ਪਰ ਨੁਕਸਾਨ ਨਹੀਂ ਸੀ ਹੋਇਆ । ” “ ਮੁਗ਼ਲਾਂ ਨੂੰ ਡਰਾਇਆ ਸੀ । ” “ ਗੁਰੂ ਜੀ ਕਿਧਰ ਜਾਣਗੇ ? ” “ ਦੱਸਿਆ ਨਹੀਂ — ਏਨਾ ਜ਼ਰੂਰ ਬਚਨ ਕਰ ਗਏ ਹਨ । ” “ ਕੀ ? ” “ ਜਦੋਂ ਟਿਕਾਣੇ ਬੈਠ ਗਏ , ਅਮਨ ਹੋਇਆ ਤਾਂ ….. ਪਤਾ ਭੇਜਣਗੇ । ਫਿਰ ਦਰਸ਼ਨ ਕਰਾਂਗੇ । ਬਚਨ ਕਰ ਗਏ । ” “ ਕੀ ਬਚਨ ਕਰ ਗਏ ਹਨ ? ” “ ਕਿ ਨੌਂ ਨਿਧਾਂ ਤੇ ਬਾਰਾਂ ਸਿਧਾਂ ਰਹਿਣਗੀਆਂ । ਪਲੰਘ ਨੂੰ ਯਾਦਗਾਰ ਰੱਖਣਾ । ਅਸਾਂ ਦਾ ਖ਼ਾਨਦਾਨ ਪ੍ਰਤਾਪੀ ਹੋਏਗਾ । ਸੁਖ ਰਹੇਗੀ , ਕਿਸੇ ਗੱਲ ਦਾ ਘਾਟਾ ਨਹੀਂ ਆਏਗਾ । ਬਚਨ ਹੋਰ ਵੀ ਕਰ ਗਏ ਹਨ । ” “ ਉਹ ਕੀ ? ” “ ਇਹ ਨਗਰ ਮਸ਼ਹੂਰ ਰਹੇਗਾ । ਸਮਾਂ ਆਏਗਾ , ਜਦੋਂ ਗੁਰੂ ਜੀ ਦੇ ਸਿੱਖ ਰਾਜ ਕਰਨਗੇ । ”
“ ਜ਼ਰੂਰ ਸਾਰੀਆਂ ਗੱਲਾਂ ਸੱਚੀਆਂ ਹੋਣਗੀਆਂ । ਆਪ ਪੂਰੇ ਨਬੀ ਹਨ । ” ਨਬੀ ਖ਼ਾਂ ਦੀ ਬੇਗਮ ਨੇ ਉੱਤਰ ਦਿੱਤਾ । ਉਹਨਾਂ ਨੇ ਇਕ ਕਮਰੇ ਵਿਚ ਉਹ ਪਲੰਘ ਰੱਖ ਦਿੱਤਾ , ਉਸ ਦਾ ਸਤਿਕਾਰ ਕਰਨ ਲੱਗੇ । ਜਦੋਂ ਵੀ ਸਵੇਰੇ ਉੱਠ ਕੇ ਨਿਮਸ਼ਕਾਰ ਕਰਦੇ , ਤਦੋਂ ਉਹਨਾਂ ਨੂੰ ਸਤਿਗੁਰੂ ਜੀ ਮਹਾਰਾਜ ਦੇ ਦਰਸ਼ਨ ਹੁੰਦੇ ਰਹੇ । ਉਹਨਾਂ ਦੇ ਘਰ ਬਰਕਤਾਂ ਹੱਸਦੀਆਂ ਰਹੀਆਂ ।
( ਚਲਦਾ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)