More Gurudwara Wiki  Posts
ਸਿੱਖ ਇਤਿਹਾਸ – ਸ੍ਰੀ ਗੁਰੂ ਗੋਬਿੰਦ ਸਿੰਘ ਜੀ – ਪਰਿਵਾਰ ਦੀ ਸ਼ਹਾਦਤ


ਸਿੱਖ ਇਤਿਹਾਸ – ਸ੍ਰੀ ਗੁਰੂ ਗੋਬਿੰਦ ਸਿੰਘ ਜੀ – ਪਰਿਵਾਰ ਦੀ ਸ਼ਹਾਦਤ
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡ ਕੇ ਚੱਲੇ ਗਏ …
ਇੱਕ ਸਮਾਂ ਇਹੋ ਜਿਹਾ ਆਇਆ ਜਿਸ ਵਕਤ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ।ਦੁਸ਼ਮਨਾਂ ਦਾ ਮਕਸਦ ਸੀ ਗੁਰੂ ਜੀ ਤੇ ਸਿੱਖ ਕੌਮ ਨੂੰ ਖਤਮ ਕਰਨਾ ਤੇ ਉਹਨਾਂ ਦੇ ਧਾਰਮਿਕ ਸਥਾਨਾਂ ਤੇ ਕਬਜਾ ਕਰਨਾ।
8 ਮਹੀਨਿਆਂ ਤੋਂ ਵੀ ਜਿਆਦਾ ਸਮਾਂ ਮੁਗਲ ਅਪਣੀ 10 ਲੱਖ ਫੌਜ ਨਾਲ ਅਨੰਦਪੁਰ ਸਾਹਿਬ ਨੂੰ ਘੇਰਾ ਪਾਏ ਖੜੇ ਸੀ।ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਕੇਵਲ 10,000 ਸਿੱਖ ਸੀ।ਮੁਗਲਾਂ ਨੇ ਬਾਹਰ ਜਾਣ ਦਾ ਕੋਈ ਰਸਤਾ ਨਹੀਂ ਛੱਡਿਆ।ਇਸ ਸਮੇਂ ਦੌਰਾਨ ਮੁਗਲਾਂ ਨੇ ਚਾਲ ਖੇਡੀ ਤੇ ਗੁਰੂ ਜੀ ਨੂੰ ਇੱਕ ਸੰਦੇਸ਼ ਭੇਜਿਆ ਤੇ ਕਿਹਾ ਕਿ ਗੁਰੂ ਜੀ ਤੁਸੀ ਆਪਣੇ ਪਰਿਵਾਰ ਨਾਲ ਕਿਲ੍ਹਾ ਛੱਡਕੇ ਜਾ ਸਕਦੇ ਹੋ।ਅਸੀਂ ਤੁਹਾਡੇ ਪਰਿਵਾਰ ਤੇ ਸਾਥੀਆਂ ਨੂੰ ਕੁੱਝ ਨਹੀਂ ਕਹਾਂਗੇ। ਮੁਗਲਾਂ ਵੱਲੋਂ ਕੁਰਾਨ ਤੇ ਹੱਥ ਰੱਖ ਕੇ ਕਸਮਾਂ ਵੀ ਖਾਦੀਆਂ ਗਈਆਂ। ਹਿੰਦੂ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਸੌਂਹ ਖਾਧੀ ਗੁਰੂ ਸਾਹਿਬ ਨੂੰ ਪਤਾ ਸੀ ਕਿ ਇਹ ਕਸਮਾਂ ਵਾਧੇ ਸਾਰੇ ਝੂਠੇ ਹਨ।
ਪਰ ਸਿੱਖਾਂ ਤੇ ਮਾਤਾ ਗੁਜਰ ਕੌਰ ਜੀ ਦੇ ਕਹਿਣ ਤੇ ਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਣ ਦੀ ਤਿਆਰੀ ਕਰ ਲਈ ।
ਮਾਤਾ ਸੁੰਦਰ ਕੌਰ ਜੀ ਨੇ ਮਾਤਾ ਗੁਜਰੀ ਕੋਲੋਂ ਗੁਰੂ ਜੀ ਦੇ ਬਚਪਨ ਦੀਆਂ ਕਹਾਣੀਆਂ ਸੁਣੀਆਂ ਸਨ। ਸਤਲੁਜ ਦੇ ਪਾਣੀਆਂ ਦੀ ਕਲ-ਕਲ ਸੁਣੀ ਸੀ। ਗੁਰੂ ਜੀ ਦੇ ਸਾਥ ਵਿਚ ਹਰਿਆਲੀਆਂ ਥਾਂਵਾਂ ‘ਤੇ ਘੁੰਮਦਿਆਂ ਅਨੰਦ ਮਾਣਿਆ ਸੀ। ਇਥੇ ਹੀ ਮਾਤਾ ਸੁੰਦਰੀ ਨੇ ਸਿੱਖਾਂ ਨੂੰ ਹਥਿਆਰਾਂ ਦਾ ਅਭਿਆਸ ਕਰਦਿਆਂ ਤੇ ਸਾਹਿਬਜ਼ਾਦਿਆਂ ਨੂੰ ਹੱਸਦਿਆਂ-ਖੇਡਦਿਆਂ ਤੇ ਕਿਲਕਾਰੀਆਂ ਮਾਰਦਿਆਂ ਦੇਖਿਆ। ਮਾਤਾ ਜੀ ਨੇ ਅਜੀਤ ਸਿੰਘ ਨੂੰ ਜਵਾਨੀ ਦੀਆਂ ਪੌੜੀਆਂ ਚੜ੍ਹਦਿਆਂ ਦੇਖਿਆ। ਮਾਤਾਵਾਂ ਨੇ ਸਾਹਿਬਜ਼ਾਦਿਆਂ ਨੂੰ ਯੁੱਧ ਕਲਾ ਵਿਚ ਨਿਪੁੰਨ ਹੁੰਦੇ ਵੇਖਿਆ। ਗੱਲ ਕੀ, ਜ਼ਿੰਦਗੀ ਦਾ ਪਲ-ਪਲ ਯਾਦਾਂ ਦੇ ਹੀਰਿਆਂ ਨਾਲ ਜੜਿਆ ਹੋਇਆ ਸੀ। ਅੱਜ ਇਸ ਥਾਂ ਨਾਲੋਂ ਵਿਛੜਦਿਆਂ ਹਿਰਦਾ ਕੰਬ ਰਿਹਾ ਸੀ, ਅੱਖਾਂ ਭਰ-ਭਰ ਆਉਂਦੀਆਂ ਸਨ। ਮਨ ਵਿਚ ਵਾਰ-ਵਾਰ ਆਉਂਦਾ ਕਿ ਕਦੀ ਫਿਰ ਵੀ ਇਸ ਥਾਂ ਆਵਾਂਗੇ? ਅੱਗੇ ਜਾ ਕੇ ਕੀ ਹੋਣਾ ਹੈ? ਅਗਲਾ ਟਿਕਾਣਾ ਕਿਥੇ ਹੋਵੇਗਾ? ਕੋਈ ਨਹੀਂ ਸੀ ਜਾਣਦਾ!
ਗੁਰੂ ਜੀ ਨੇ ਡੇਢ ਪਹਿਰ ਰਾਤ ਪਈ ਤੋਂ ਅੱਧਾ ਵਹੀਰ ਤੋਰ ਦਿੱਤਾ। ਗੁਰੂ ਜੀ ਦੇ ਅਨੰਦਪੁਰ ਛੱਡਣ ਦੀ ਮਿਤੀ 20 ਅਤੇ 21 ਦਸੰਬਰ 1704 ਈਸਵੀ ਦੀ ਵਿਚਕਾਰਲੀ ਰਾਤ ਮੰਨੀ ਜਾਂਦੀ ਹੈ। ਇਸ ਅਨੁਸਾਰ ਚਮਕੌਰ ਸਾਹਿਬ ਦਾ ਯੁੱਧ 23 ਦਸੰਬਰ 1704 ਈਸਵੀ ਅਤੇ ਛੋਟੇ ਸਾਹਿਬਜ਼ਾਦੀਆਂ ਦੀ ਸ਼ਹੀਦੀ 27 ਦਸੰਬਰ 1704 ਨੂੰ ਮੰਨਿਆ ਗਿਆ ਹੈ। ‘ਗੁਰਬਿਲਾਸ ਪਾਤਸ਼ਾਹੀ 10’ ਵਿਚ ਭਾਈ ਸੁੱਖਾ ਸਿੰਘ ਲਿਖਦੇ ਹਨ:
ਡੇਢ ਕੁ ਜਾਮ ਜੁ ਰਾਤ ਗਈ
ਤਬ ਤੋ ਕਰੁਨਾਨਿਧ ਕੂਚ ਕਰਾਯੋ।
ਆਦਿ ਵਹੀਰ ਸੁ ਤੋਰ ਦਯੋ
ਪੁਨ ਕੈ ਅਰੁ ਅੱਧ ਕੁ ਆਪ ਸਿਧਾਯੋ।
ਗੁਰੂ ਜੀ ਨੇ ਅਨੰਦਪੁਰ ਸਾਹਿਬ ਵਿਚ ਵੱਸਣ ਵਾਲੇ ਗ੍ਰਹਿਸਥੀ ਪਰਿਵਾਰਾਂ ਨੂੰ ਅਨੰਦਪੁਰ ਸਾਹਿਬ ਤੋਂ ਚਲੇ ਜਾਣ ਲਈ ਕਿਹਾ। ਗੁਰੂ ਦਸਮੇਸ਼ ਆਨੰਦਪੁਰ ਦਾ ਤਿਆਗ ਕਰਨ ਲੱਗੇ ਤਾਂ ਆਪ ਜੀ ਨੇ ਭਾਈ ਗੁਰਬਖਸ਼ ਉਦਾਸੀ ਦੀ ਡਿਊਟੀ ਲਾਈ ਕਿ ਤੁਸਾ ਪਿਤਾ ਸਤਿਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਦੀ ਸੇਵਾ-ਸੰਭਾਲ ਕਰਨੀ । ਆਪ ਨੇ ਸੀਸਗੰਜ ਆਦਿ ਗੁਰਧਾਮਾਂ ਦੀ ਪੂਰੀ ਸੇਵਾ ਸਵੀਕਾਰ ਕੀਤੀ ।
ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਨੂੰ ਵਹੀਰ ਨਾਲ ਤੋਰ ਦਿੱਤਾ। ਮਾਤਾ ਗੁਜਰ ਕੌਰ ਉਨ੍ਹਾਂ ਦੇ ਨਾਲ ਜਾਣ ਲਈ ਨਹੀਂ ਮੰਨੇ। ‘ਬੰਸਾਵਲੀਨਾਮਾ’ ਵਿਚ ਭਾਈ ਕੇਸਰ ਸਿੰਘ ਛਿੱਬਰ ਲਿਖਦੇ ਹਨ:
ਤਬ ਸਾਹਿਬ ਆਪਣੀ ਮਾਤਾ ਗੁਜਰੀ ਨੂੰ ਐਸੇ ਕਹਿਆ,
“ਮਾਤਾ ਜੀ! ਤੁਸੀਂ ਨਿੱਕੇ ਨੀਂਗਰ ਨਾਲ ਲੈ ਚਾਹੀਐ ਗਇਆ।
ਵੱਡੇ ਦੋਨੋਂ ਭਾਈ ਰਹਿਨ ਅਸਾਡੇ ਨਾਲ।
ਤੁਸੀਂ ਪਹਿਲੇ ਟੂਰੋ ਪਾਓ ਚਾਲ। (581)
ਮਾਤਾ ਨ ਮੰਨੀ ਸਾਹਿਬ ਦੀ ਏਹੁ ਗੱਲ।
ਕਹਿਆ, ਚਾਰੇ ਨੀਂਗਰ ਨਾਲ ਮੇਰੇ ਘੱਲ।
ਸਾਹਿਬ ਬਹੁਤ ਮਾਤਾ ਜੀ ਨੂੰ ਆਖ ਰਹੇ।
ਮਾਤਾ ਜੀ ਨਾ ਲੱਗੇ ਸਾਹਿਬ ਦੇ ਕਹੇ। (542)
ਫੇਰ ਸਾਹਿਬ ਕਹਿਆ ਚਉਪਾ ਸਿੰਘ,
ਸਾਹਿਬ ਸਿੰਘ ਸਾਲੇ ਜੋਗੁ।
(ਨੋਟ: ਸਾਹਿਬ ਸਿੰਘ ਮਾਤਾ ਸਾਹਿਬ ਦੇਵਾਂ ਦਾ ਭਰਾ ਸੀ)
ਤੁਸੀਂ ਲੈ ਟੁਰੋ ਜਨਾਨੇ ਨਾਲ ਲੋਗ।
ਸਭ ਤਿਆਰ ਕਰ ਦਿੱਤੇ ਟੋਰ।
ਮਾਤਾ ਸੁੰਦਰੀ, ਮਾਤਾ ਸਾਹਿਬ ਦੇਈ, ਨਾਲੇ ਕੁਝ ਲੋਕ ਹਰੋ। (543)
ਨਾਲਿ ਦਿੱਤੇ ਊਠ ਸੰਦੂਕਾਂ ਵਾਲੇ।
ਜਿਨ੍ਹਾਂ ਦੇ ਵਿਚਿ ਛਿੱਤਰ ਪੱਥਰ ਆਹੇ ਡਾਲੇ।
ਬਚਨ ਕੀਤਾ, ਤੁਸਾਂ ਟੁਰ ਜਾਣਾ ਜਨਾਨੇ ਲੋਕ ਲੈ ਕੇ ਅੱਗੇ।
ਅਤੇ ਊਠ ਅਉਸਨ ਹਉਲੀ ਹਉਲੀ ਪਿਛੇ ਲੱਗੇ। (544)
ਚਉਪਾ ਸਿੰਘ ਨੂੰ ਸਭ ਹਕੀਕਤ ਛੱਡੀ ਸੀ ਸਮਝਾਇ।
ਤੁਸਾਂ ਪਿਛੇ ਨਹੀਂ ਰਹਿਣਾ ਅਟਕਾਇ, ਜੇ ਕੋਈ ਫਉਜ ਪਈ ਆਇ।
ਤੁਸਾਂ ਛੱਡ ਕੇ ਊਠ, ਅੱਗੇ ਜਾਣਾ ਧਾਇ। (545)
ਜਦੋਂ ਕੋਸ ਦੁਇ ਤ੍ਰੈ ਟੁਰਿ ਕੇ ਗਏ।
ਤਦਿ ਰਾਜੇ ਲੈਉਂ ਫਉਜਾਂ ਪਿਛੇ ਪਏ। (546)
ਪੋਹ ਮਹੀਨੇ ਅੱਧੀ ਨਿਸਾ ਕੂਚ ਕੀਤਾ।
ਲੋਕ ਆਪਣਾ ਸਭ ਇਕੱਠਾ ਕਰ ਲੀਤਾ।
ਜਿਸ ਕਾਲੀ ਰਥ ਮਾਤਾ ਦਾ ਭੁੱਲ ਗਿਆ।
ਸਹੇੜੀ ਗਿਰਾਉਂ ਰੰਘੜਾਂ ਦਾ,
ਤਿਤ ਮਾਰਗ ਪਿਆ। (556)
‘ਗੁਰੂ ਸੋਭਾ’ ਦਾ ਲੇਖਕ ਗੁਰੂ ਗੋਬਿੰਦ ਸਿੰਘ ਦਾ ਦਰਬਾਰੀ ਕਵੀ ਸੈਨਾਪਤੀ ਲਿਖਦਾ ਗੁਰੂ ਜੀ ਵਲੋਂ ਉਦੈ ਸਿੰਘ ਨੂੰ ਸ਼ਾਹੀ ਟਿੱਬੀ ‘ਤੇ ਤੁਰਕ ਤੇ ਹਿੰਦੂ ਫੌਜਾਂ ਨੂੰ ਰੋਕਣ ਲਈ ਛੱਡ ਕੇ ਆਪ ਚਮਕੌਰ ਸਾਹਿਬ ਚਲੇ ਜਾਣ ਬਾਰੇ ਲਿਖਿਆ ਹੈ। ਅਜੀਤ ਸਿੰਘ ਜੋ ਪਿਛੇ ਆ ਰਿਹਾ ਸੀ, ਨੂੰ ਅੱਗੇ ਭੇਜ ਦੇਣ ਲਈ ਕਹਿ ਗਏ। ਉਦੈ ਸਿੰਘ ਨੇ ਫੌਜਾਂ ਨੂੰ ਰੋਕੀ ਰੱਖਿਆ ਅਤੇ ਵਹੀਰ ਉਥੋਂ ਬਚ ਕੇ ਅੱਗੇ ਨਿਕਲ ਗਿਆ।
ਭਾਈ ਦੁਲਾ ਸਿੰਘ ਹੰਡੂਰੀਆ ਦੀ ਰਚਨਾ ‘ਕਥਾ ਗੁਰੂ ਕੇ ਸੁਤਨ ਕੀ’ ਵਿਚ ਸਰਹਿੰਦ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵਰਣਨ ਬਹੁਤ ਦਰਦੀਲੇ ਸ਼ਬਦਾਂ ਵਿਚ ਕੀਤਾ ਹੈ। ਮਾਤਾ ਗੁਜਰੀ ਨਾਲ ਜੋ ਬੀਤਦੀ ਹੈ ਅਤੇ ਉਨ੍ਹਾਂ ਦੇ ਹਿਰਦੇ ਵਿਚ ਜੋ ਵਿਚਾਰ ਆਉਂਦੇ ਹਨ, ਉਨ੍ਹਾਂ ਦਾ ਵਰਣਨ ਬਹੁਤ ਭਾਵਕ ਸ਼ਬਦਾਂ ਵਿਚ ਕੀਤਾ ਹੈ:
ਸਿੱਖ ਟੋਡਰ ਮੱਲ ਤੇਹ,
ਮਾਤਾ ਕੋ ਐਸੇ ਕਹਯੇ।
ਕਾਰਣ ਭਯੋ ਸੁ ਏਹੁ,
ਸੀਸੇ ਉਤਾਰੇ ਤੁਮ ਸੁਤਨ।
ਤਬ ਮਾਤਾ ਬਿਲਖੀ
ਭਈ ਐਸੀ ਸੁਨੀ ਜੁ ਬਾਤ।
ਦੇਖੇ ਸੀਸ ਜੁ ਲਟਕਤੇ,
ਹਿੱਕ ਮਰੋਰੀ ਪਾਤ।
ਹੇ ਪੁੱਤਰ! ਐਸੀ ਤੁਮ ਕਰੀ।
ਹੌਂ ਜੀਵਤ ਤੁਮ ਸੀਸ ਉਤਰੀ।
ਐਸੇ ਭਾਖਿ ਮੂਰਛਾ ਪਾਈ।
ਘਰੀ ਚਾਰ ਸੁਧ ਫਿਰ ਨਹਿੰ ਆਈ।
ਮਿਰਜ਼ਾ ਮੁਹੰਮਦ ਅਬਦਲ ਗਨੀ ਨੇ ‘ਜੌਹਰਾ-ਏ-ਤੇਗ’ ਵਿਚ ਅਤੇ ਹਕੀਮ ਅੱਲ੍ਹਾ ਯਾਰ ਖਾਂ ਨੇ ‘ਗੰਜ-ਏ-ਸ਼ਹੀਦਾਂ’ ਵਿਚ ਚਮਕੌਰ ਸਾਹਿਬ ਅਤੇ ‘ਸ਼ਹੀਦਾਨਿ-ਵਫਾ’ ਵਿਚ ਸਾਕਾ ਸਰਹਿੰਦ ਦਾ ਵਰਣਨ ਜੋਸ਼ੀਲੇ ਤੇ ਸ਼ਰਧਾ ਭਰਪੂਰ ਸ਼ਬਦਾਂ ਵਿਚ ਕੀਤਾ ਹੈ। ਦੋਵਾਂ ਥਾਂਵਾਂ ਬਾਰੇ ਪੜ੍ਹਦਿਆਂ ਅੱਖਾਂ ਸੇਜਲ ਹੋ ਜਾਂਦੀਆਂ ਹਨ। ਅੱਲ੍ਹਾ ਯਾਰ ਖਾਂ ਜਦੋਂ ਸਰਹਿੰਦ ਸ਼ਹੀਦੀ ਦਿਵਸ ‘ਤੇ ਆਇਆ, ਆਪਣੀਆਂ ਕਵਿਤਾਵਾਂ ਪੜ੍ਹ ਕੇ ਸਰੋਤਿਆਂ ਨੂੰ ਰੁਆ ਕੇ ਗਿਆ।
ਹੁਣ ਅਸੀਂ ਇਸ ਸਿੱਟੇ ‘ਤੇ ਪਹੁੰਚ ਗਏ ਹਾਂ ਕਿ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ , ਪਹਿਲੇ ਵਹੀਰ ਨਾਲ ਚਲੇ ਗਏ ਸਨ। ਉਨ੍ਹਾਂ ਨਾਲ ਗਰਜਾ ਸਿੰਘ, ਜਵਾਹਰ ਸਿੰਘ, ਦਰਬਾਰਾ ਸਿੰਘ, ਸਹਿਜ ਸਿੰਘ, ਮਾਤਾ ਸਾਹਿਬ ਕੌਰ ਦਾ ਭਰਾ ਸਾਹਿਬ ਸਿੰਘ ਸਨ। ਇਹ ਚਲਦੇ-ਚਲਦੇ ਗੁਰੂ ਗੋਬਿੰਦ ਸਿੰਘ ਦੇ ਮਾਮੇ ਮਿਹਰ ਚੰਦ ਦੇ ਘਰ ਲਖਨੌਰ ਪੁੱਜ ਗਏ ਅਤੇ ਫਿਰ ਦਿੱਲੀ ਚਲੇ ਗਏ। ਉਨ੍ਹੀਵੀਂ ਤੇ ਵੀਹਵੀਂ ਸਦੀ ਦੇ ਬਹੁਤ ਸਾਰੇ ਇਤਿਹਾਸਕਾਰਾਂ ਅਨੁਸਾਰ ਭਾਈ ਮਨੀ ਸਿੰਘ ਮਾਤਾਵਾਂ ਨਾਲ ਦਿੱਲੀ ਗਏ।
ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਰੱਥ ਵਿਚ ਸਵਾਰ ਹੋ ਕੇ ਉਦੈ ਸਿੰਘ ਦੀ ਨਿਗਰਾਨੀ ਵਿਚ ਦੂਜੇ ਵਹੀਰ ਨਾਲ ਤੋਰ ਦਿੱਤੇ ਸਨ। ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ, ਗੁਰੂ ਜੀ ਦੇ ਨਾਲ ਸਨ। ਜਦੋਂ ਇਹ ਵਹੀਰ ਸ਼ਾਹੀ ਟਿੱਬੀ ਪਹੁੰਚਿਆ ਤਾਂ ਗੁਰੂ ਜੀ ਵੀ ਕੀਰਤਪੁਰ ਤੋਂ ਲੜਦੇ ਹੋਏ ਸ਼ਾਹੀ ਟਿੱਬੀ ਪਹੁੰਚ ਗਏ। ਗੁਰੂ ਜੀ ਪੰਜਾਹ ਸਿੰਘ ਉਦੈ ਸਿੰਘ ਨਾਲ ਛੱਡ ਕੇ ਫੌਜਾਂ ਨੂੰ ਰੋਕੀ ਰੱਖਣ ਅਤੇ ਸ਼ਹੀਦੀਆਂ ਪਾਉਣ ਤੱਕ ਲੜਦੇ ਰਹਿਣ ਲਈ ਕਹਿ ਕੇ ਅਤੇ ਪਿਛੇ ਆ ਰਹੇ ਅਜੀਤ ਸਿੰਘ ਨੂੰ ਅੱਗੇ ਤੋਰਨ ਲਈ ਕਹਿ ਕੇ ਅੱਗੇ ਨਿਕਲ ਗਏ। ਅੱਗੇ ਪਹੁੰਚ ਕੇ ਭਾਈ ਬਚਿੱਤਰ ਸਿੰਘ ਨੂੰ ਸੌ ਕੁ ਸਿੰਘਾਂ ਨਾਲ ਰੋਪੜ ਵਲੋਂ ਆ ਰਹੀ ਸਰਹਿੰਦੀ ਫੌਜ ਨੂੰ ਰੋਕਣ ਲਈ ਭੇਜਿਆ ਤਾਂ ਕਿ ਵਹੀਰ ਬਚ ਕੇ ਨਿਕਲ ਜਾਵੇ। ਭਾਈ ਬਚਿੱਤਰ ਸਿੰਘ ਸਖ਼ਤ ਜ਼ਖ਼ਮੀ ਹੋ ਗਿਆ। ਅਜੀਤ ਸਿੰਘ ਉਸ ਨੂੰ ਲੈ ਕੇ ਕੋਟਲਾ ਨਿਹੰਗ ਖਾਂ ਵਿਚ ਨਿਹੰਗ ਖਾਂ ਦੇ ਘਰ ਲੈ ਗਿਆ। ਗੁਰੂ ਜੀ ਪਹਿਲਾਂ ਹੀ ਉਥੇ ਪੁੱਜੇ ਹੋਏ ਸਨ। ਭਾਈ ਬਚਿੱਤਰ ਸਿੰਘ ਇਥੇ ਹੀ ਪਰਲੋਕ ਸਿਧਾਰ ਗਿਆ। ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਨਾਲ ਨਿਹੰਗ ਖਾਂ ਦੇ ਪੁੱਤਰ ਆਲਮ ਜੋ ਰਾਏਕੋਟ ਵਾਲੇ ਰਾਏ ਕੱਲ੍ਹ ਦਾ ਜਵਾਈ ਸੀ, ਦੀ ਸਹਾਇਤਾ ਨਾਲ ਰਾਤ ਨੂੰ ਚਮਕੌਰ ਸਾਹਿਬ ਪਹੁੰਚ ਗਏ। ( ਚਲਦਾ )
ਭਾਗ 2 👉 ਸਿੱਖ ਇਤਿਹਾਸ – ਸ੍ਰੀ ਗੁਰੂ ਗੋਬਿੰਦ ਸਿੰਘ ਜੀ – ਪਰਿਵਾਰ ਦੀ ਸ਼ਹਾਦਤ (ਭਾਗ-੨)
ਸਰਸਾ ਦੇ ਕੰਢੇ ਤੇ ਲੜਾਈ …
ਜਦੋਂ ਅਨੰਦਪੁਰ ਸਾਹਿਬ ਲੜਾਈ ਸ਼ੁਰੂ ਹੋਈ ਸੀ ਗੁਰੂ ਸਾਹਿਬ ਕੋਲ 10000 ਫੌਜ਼ ਸੀ ਹੁਣ ਸਿਰਫ 1500 -1600 ਰਹਿ ਗਏ , ਉਸ ਵਿਚੋਂ ਵੀ ਭੁਖ ਦੇ ਕਾਰਣ ਬਹੁਤੇ ਮਰਨ ਦੇ ਕਿਨਾਰੇ ਪਹੁੰਚ ਚੁਕੇ ਸੀ। ਆਨੰਦਪੁਰ ਦਾ ਕਿਲਾ ਤੇ ਹੋਰ ਗੁਰੂ ਅਸਥਾਨਾਂ ਦੀ ਸੇਵਾ ਭਾਈ ਗੁਰਬਖਸ਼ ਉਦਾਸੀ ਨੂੰ ਸੌਪ ਕੇ ਅਧੀ ਰਾਤੀ ਕਿਲਾ ਖਾਲੀ ਕਰ ਦਿਤਾ। 1500-1600 ਸਿਖ 21 ਦਸੰਬਰ ਦੀ ਬਰਫੀਲੀ ਰਾਤ ਵਿਚ ਭੁਖੇ ਭਾਣੇ ਜਿਸ ਦਲੇਰੀ ਤੇ ਸਾਹਸ ਨਾਲ ਗੁਰੂ ਸਾਹਿਬ ਦੀ ਅਗਵਾਈ ਹੇਠ ਜਾਲਮਾਂ ਦੇ ਘੇਰੇ ਵਿਚੋਂ ਲੰਘ ਕੇ ਜਾ ਰਹੇ ਸੀ ਉਸਦੀ ਦਾਦ ਜਾਲਮ ਤੇ ਲੁਟੇਰੇ ਵੀ ਦੇ ਰਹੇ ਸੀ। ਅਜੇ ਓਹ ਕੀਰਤਪੁਰ ਹੀ ਪਹੁੰਚੇ ਸਨ, ਕਿ ਮੁਗਲਾਂ ਨੇ ਬੜੀ ਬੇਰਹਿਮੀ ਤੇ ਬੇਹਆਈ ਨਾਲ ਕਸਮਾਂ ਵਾਇਦੇ ਛਿਕੇ ਟੰਗ ਕੇ ਥਕੇ ਟੁੱਟੇ, ਭੁਖੇ ਭਾਣੇ ਗਿਣਤੀ ਦੇ ਸਿਖਾਂ ਤੇ ਟੁਟ ਪਏ। ਬਾਬਾ ਅਜੀਤ ਸਿੰਘ, ਭਾਈ ਉਦੈ ਸਿੰਘ, ਭਾਈ ਜੀਵਨ ਸਿੰਘ ਤੇ ਕੁਝ ਹੋਰ ਸਿਖਾਂ ਨੇ ਇਨ੍ਹਾ ਨੂੰ ਇਥੇ ਹੀ ਰੋਕਣ ਦਾ ਫੈਸਲਾ ਕਰ ਲਿਆ ਤਾਕਿ ਓਹ ਗੁਰੂ ਸਾਹਿਬ ਤਕ ਨਾ ਪੁਜ ਸਕਣ। ਸ਼ਾਹੀ ਟਿਬੀ, ਸਰਸਾ ਦੇ ਕੰਢੇ, ਜਿਸ ਸਿਦਕ ਤੇ ਦਲੇਰੀ ਨਾਲ ਇਨਾ ਗਿਣਤੀ ਦੇ ਸਿੰਘਾਂ ਨੇ ਟਾਕਰਾ ਕੀਤਾ ਓਹ ਬੇਮਿਸਾਲ ਸੀ ਜੋ ਜਰਨੈਲ ਜੂਝ ਕੇ ਸ਼ਹੀਦ ਹੋਏ ਉਨ੍ਹਾ ਵਿਚ, ਭਾਈ ਜੀਵਨ ਸਿੰਘ, ਭਾਈ ਬਚਿਤਰ ਸਿੰਘ ਤੇ ਭਾਈ ਉਦੈ ਸਿੰਘ ਜੀ ਸਨ।
ਗੋਲੀਆਂ ਵਰ ਰਹੀਆਂ ਸਨ, ਤੀਰ ਚਲ ਰਹੇ ਸਨ, ਗੁਰੂ ਸਾਹਿਬ ਦੇ ਨਿਤਨੇਮ ਦਾ ਵਕਤ ਹੋ ਗਿਆ ਸੀ। ਗੁਰੂ ਸਾਹਿਬ ਨਿਤਨੇਮ ਦਾ ਪਾਠ ਤੇ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸੀ। ਕੋਟਲਾ ਨਿਹੰਗ ਸਿੰਘ ਸੰਗਤਾ ਦੀ ਰਾਖੀ ਕਰ ਰਹੇ ਸੀ। ਭਿੰਆਨਕਤਾ ਚਰਮ ਸੀਮਾ ਤਕ ਪਹੁੰਚ ਚੁਕੀ ਸੀ, ਪੰਜਾਬ ਦੀਆ ਠੰਡੀਆਂ ਰਾਤਾਂ, ਬਾਰਸ਼, ਝਖੜ, ਮੀਹ ਵਰਗੀਆਂ ਗੋਲੀਆਂ ਦੀ ਬੁਛਾੜ, ਪਿਛੇ ਲਖਾਂ ਦੀ ਫੌਜ਼, ਚੜ ਆਈ ਸਰਸਾ ਜਿਸ ਨੂੰ ਪਾਰ ਕਰਨਾ ਸੀ, ਦੇ ਵਿਚ ਤਿਲਕਦੀਆਂ ਜਾਨਾਂ , ਜਿਨਾਂ ਵਿਚ ਕਈ ਸ਼ਹੀਦ ਹੋਏ , ਕਈ ਡੁਬੇ, , ਮਸਾਂ ਕੁਝ ਕੁ ਸਿੰਘ ਬਰ੍ਫੀਲੇ ਪਾਣੀ ਦੀ ਫੇਟ ਤੋ ਬਚਕੇ ਪਾਰ ਹੋਏ ਪਰ ਅਜਿਹੇ ਖੇਰੂੰ ਖੇਰੂੰ ਹੋਏ ਕਿ ਆਪਸ ਵਿਚ ਉਨ੍ਹਾ ਦਾ ਮੇਲ ਨਾ ਹੋ ਸਕਿਆ। ਮਾਤਾ ਗੁਜਰ ਕੌਰ ਤੇ ਦੋ ਸਾਹਿਬਜਾਦੇ ਗੰਗੂ ਬ੍ਰਾਹਮਣ ਨਾਲ ਸਰਹੰਦ ਵਲ ਨਿਕਲ ਗਏ। ਭਾਈ ਮਨੀ ਸਿੰਘ ਦੇ ਜਥੇ ਨਾਲ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਤੇ ਪੰਜ ਹੋਰ ਸਿੰਘਾਂ ਦੀ ਮੋਹਾੜ ਦਿਲੀ ਵਾਲੇ ਪਾਸੇ ਹੋ ਗਈ। ਬਹੁਤ ਸਾਰਾ ਸਮਾਨ ਜਿਸ ਵਿਚ ਸਾਲਾਂ ਦੀ ਕੀਤੀ ਮੇਹਨਤ ਦੇ ਨਾਲ ਨਾਲ ਕਈ ਗਰੰਥ ਵੀ ਰੁੜ ਗਏ। ਨੋਂ ਮਣ ਦੇ ਕਰੀਬ ਗੁਰੂ ਸਾਹਿਬ ਦੀਆਂ ਰਚਨਾਵਾਂ ਦੇ ਨਾਲ ਨਾਲ ਹੋਰ ਵੀ ਸਹਿਤ ਸਰਸਾ ਨਦੀ ਦੀ ਭੇਟ ਚੜ ਗਿਆ।
ਪਰਿਵਾਰ ਵਿਚ ਵਿਛੋੜਾ ਪੈ ਗਿਆ, ਤਿੰਨ ਥਾਈਂ ਵੰਡੇ ਗਏ, ਜੋ ਮੁੜ ਕਦੇ ਇੱਕਠੇ ਨਾ ਹੋ ਸਕੇ।
ਗੁਰੂ ਜੀ ਅਤੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਤਕਰੀਬਨ 40 ਸਿੰਘਾਂ ਨਾਲ ਸਰਸਾ ਪਾਰ ਕਰ ਗਏ ਜਦਕਿ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ (ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ) ਗੁਰੂ ਜੀ ਤੋਂ ਵਿਛੜ ਗਏ ਅਤੇ ਅੱਗੇ ਜਾ ਕੇ ਗੰਗੂ ਨੂੰ ਮਿਲ ਪਏ ਅਤੇ ਉਸਦੇ ਨਾਲ ਉਸਦੇ ਘਰ ਚਲੇ ਗਏ। ਸਾਹਿਬਜ਼ਾਦਿਆਂ ਦੀ ਮਾਤਾਵਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਅਤੇ ਕੁੱਝ ਸਿੰਘ ਦਿੱਲੀ ਪਹੁੰਚ ਗਏ।
ਇਸ ਜਗ੍ਹਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਥਾਪਤ ਹੈ, ਜਿਸ ਦੇ ਦਰਸ਼ਨ ਹਰ ਇੱਕ ਨੂੰ ਕਰਨੇ ਚਾਹੀਦੇ ਹਨ। ਉੱਥੇ ਜਾ ਕੇ ਤੇ ਆਲਾ-ਦੁਆਲਾ ਦੇਖ ਕੇ ਅੱਜ ਵੀ ਮਹਿਸੂਸ ਹੁੰਦਾ ਹੈ ਕਿ ਕਿਹੋ ਜਿਹੇ ਹੋਣਗੇ ਉਹ ਦਿਨ, ਜਦ ਗੁਰੂ ਸਾਹਿਬ ਦਾ ਪਰਿਵਾਰ ਵਿੱਛੜਿਆ ਅਤੇ ਸਿੱਖ ਜੰਗ ਲੜਦਿਆਂ ਸ਼ਹੀਦ ਹੋਏ।
ਗੁਰੂ ਸਾਹਿਬ ਆਪਣੇ ਦੋਨੋ ਸਾਹਿਬਜ਼ਾਦਿਆਂ ਤੇ ਗਿਣਤੀ ਦੇ ਕੁਛ ਸਿੰਘਾਂ ਨਾਲ ਵਸਦੇ ਮੀਹ, ਭਿਜੇ ਹੋਏ ਕਪੜੇ, ਥਕੇ, ਭੁਖੇ ਸਰੀਰਾਂ ਨੂੰ ਠੇਲਦੇ ਰੋਪੜ ਪਹੁੰਚੇ ਜਿਥੇ ਉਥੋਂ ਦੇ ਪਠਾਣਾ ਨੇ ਉਨ੍ਹਾ ਦਾ ਤਲਵਾਰਾਂ ਨਾਲ ਸਵਾਗਤ ਕੀਤਾ। ਮੁਕਾਬਲਾ ਕਰਦੇ ਕਰਦੇ ਓਹ ਚਮਕੌਰ ਦੀ ਗੜੀ ਤਕ ਪਹੁੰਚ ਗਏ। ਇਥੋਂ ਦੇ ਜ਼ਮੀਦਾਰ ਚੌਧਰੀ ਬੁਧੀ ਚੰਦ ਨੇ ਆਪਜੀ ਨੂੰ ਬੇਨਤੀ ਕੀਤੀ ਕਿ ਖੁਲੇ ਮੈਦਾਨ ਨਾਲੋਂ ਗੜੀ ਵਿਚ ਕੁਝ ਬਚਾਓ ਹੋ ਜਾਏਗਾ। ਕੁਰਕਸ਼ੇਤਰ ਤੋਂ ਮੁੜਦਿਆਂ ਵੀ ਓਹ ਇਸੇ ਹਵੇਲੀ ਵਿਚ ਠਹਿਰੇ ਸੀ। ਗੁਰੂ ਸਾਹਿਬ ਨੇ ਇਥੇ ਰੁਕਣ ਤੇ ਆਖਰੀ ਦਮ ਤਕ ਝੂਝਣ ਦਾ ਫੈਸਲਾ ਕਰ ਲਿਆ। ਗੁਰੂ ਸਾਹਿਬ ਦਾ ਕਾਫਲਾ ਚਮਕੌਰ ਦੇ ਆਸ ਪਾਸ ਪਹੁੰਚ ਗਿਆ ਹੈ ਇਹ ਖਬਰ ਸਰਹੰਦ ਤਕ ਪਹੁੰਚ ਗਈ। ਨਵਾਬ ਨੇ ਤੁਰੰਤ ਆਪਣੀ ਸੈਨਾ ਚਮਕੌਰ ਸਾਹਿਬ ਵਲ ਭੇਜ ਦਿਤੀ ਤਾਕਿ ਰਾਤੋ ਰਾਤ ਗੁਰੂ ਸਾਹਿਬ ਨੂੰ ਘੇਰ ਕੇ ਪਕੜ ਲਿਆ ਜਾਏ ਰਸਤੇ ਵਿਚੋਂ ਪਿੰਡਾ ਦੇ ਅਨੇਕ ਮੁਲਖਈਆਂ ਨੂੰ ਇਕਠਾ ਕਰ ਲਿਆ।
ਜਿਸ ਦਮ ਹੁਏ ਚਮਕੌਰ ਮੈਂ ਸਿੰਘੋਂ ਕੇ ਉਤਾਰੇ
ਬਿਫਰੇ ਹੁਏ ਸਤਿਗੁਰੁ ਕੇ ਦੁਲਾਰੇ ਨਜਰ ਆਏ
ਕਹਿਤੇ ਥੇ ਹਮੇ ਇਜਾਜ਼ਤ ਹੀ ਨਹੀਂ ਹੈ ਰਣ ਕੀ
ਮਟੀ ਤਕ ਉੜਾ ਸਕਤੇ ਹੈ ਦੁਸ਼ਮਨ ਕੇ ਚਮਨ ਕੀ ।
ਚਮਕੌਰ ਦੀ ਜੰਗ ਵਿੱਚ 40 ਸਿੰਘਾਂ ਨਾਲ ਲੜਨ ਵਾਲੀਆਂ ਫੌਜਾਂ ਇਹ ਸਨ ! ਔਰੰਗਜੇਬ ਦੀ ਫੌਜ਼ ਵਜੀਰ ਖਾਨ ਦੀ ਅਗਵਾਈ ਵਿੱਚ ਬਾਈ ਧਾਰ ਦੇ ਹਿੰਦੂ ਰਾਜਿਆਂ ਦੀ ਫੌਜ਼ ਵਿੱਚ।
ਰਾਜਾ ਕਹਿਲੂਰ ਦੀ ਫੌਜ
ਰਾਜਾ ਬੜੌਲੀ ਦੀ ਫੌਜ ,
ਰਾਜਾ ਕਸੌਲੀ ਦੀ ਫੌਜ ,
ਰਾਜਾ ਕਾਂਗੜਾ ਦੀ ਫੌਜ ,
ਰਾਜਾ ਨਦੌਨ ਦੀ ਫੌਜ ,
ਰਾਜਾ ਨਾਹਨ ਦੀ ਫੌਜ ,
ਰਾਜਾ ਬੁੜੈਲ ਦੀ ਫੌਜ ,
ਰਾਜਾ ਚੰਬਾ ਦੀ ਫੌਜ ,
ਰਾਜਾ ਭੰਬੋਰ ਦੀ ਫੌਜ ,
ਰਾਜਾ ਚੰਬੇਲੀ ਦੀ ਫੌਜ ,
ਰਾਜਾ ਜੰਮੂ ਦੀ ਫੌਜ ,
ਰਾਜਾ ਨੂਰਪੁਰ ਦੀ ਫੌਜ ,
ਰਾਜਾ ਜਸਵਾਲ ਦੀ ਫੌਜ ,
ਰਾਜਾ ਸ੍ਰੀਨਗਰ ਦੀ ਫੌਜ ,
ਰਾਜਾ ਗੜ੍ਹਵਾਲ ਦੀ ਫੌਜ ,
ਰਾਜਾ ਹਿੰਡੌਰ ਦੀ ਫੌਜ ,
ਰਾਜਾ ਮੰਡੀ ਦੀ ਫੌਜ ,
ਰਾਜਾ ਭੀਮ ਚੰਦ ਦੀ ਫੌਜ ,
( ਚਲਦਾ )
ਭਾਗ 3 👉 ਸਿੱਖ ਇਤਿਹਾਸ – ਸ੍ਰੀ ਗੁਰੂ ਗੋਬਿੰਦ ਸਿੰਘ ਜੀ – ਪਰਿਵਾਰ ਦੀ ਸ਼ਹਾਦਤ (ਭਾਗ-੩)

ਚਮਕੌਰ ਦੀ ਜੰਗ ਵਿੱਚ ਭਾਈ ਸੰਗਤ ਸਿੰਘ ਜੀ ਤੇ ਕੁਝ ਰਹਿੰਦੇ ਸਿੰਘਾਂ ਦੀ ਸ਼ਹਾਦਤ …
ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਟਨਾ ਸਾਹਿਬ ਵਿਖੇ 1666 ਈ. ਦੇ ਪ੍ਰਕਾਸ਼ ਤੋਂ 3-4 ਮਹੀਨੇ ਦੇ ਫ਼ਰਕ ਨਾਲ ਭਾਵ 25 ਅਪ੍ਰੈਲ 1667 ਈ. ਨੂੰ ਭਾਈ ਸੰਗਤ ਸਿੰਘ ਜੀ ਨੇ ਭਾਈ ਰਣੀਆ ਜੀ ਤੇ ਬੀਬੀ ਅਮਰੋ ਜੀ ਦੇ ਗ੍ਰਹਿ ਵਿਖੇ ਜਨਮ ਲਿਆ। ਭਾਈ ਸੰਗਤ ਸਿੰਘ ਜੀ ਦਾ ਚਿਹਰਾ-ਮੋਹਰਾ ਹੂ-ਬ-ਹੂ ਦਸਮੇਸ਼ ਪਿਤਾ ਦੇ ਚਿਹਰੇ ਨਾਲ ਮੇਲ ਖਾਂਦਾ ਸੀ।ਇਸ ਕਰਕੇ ਚਮਕੌਰ ਦੀ ਗੜ੍ਹੀ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਸੰਗਤ ਸਿੰਘ ਜੀ ਦੇ ਸਿਰ ਉੱਪਰ ਕਲਗੀ ਸਜਾ ਕੇ ਤੇ ਦੁਸ਼ਮਨ ਨੂੰ ਲਲਕਾਰ ਕੇ ਨਿਕਲੇ ਸਨ। ਆਉ ਸੰਗਤ ਜੀ ਤਹਾਨੂੰ ਚਮਕੌਰ ਦੀ ਗੜ੍ਹੀ ਵਿੱਚ ਲੈ ਕੇ ਚਲਦੇ ਹਾਂ।
ਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਥਾਪੜਾ ਦੇ ਕੇ ਉਨ੍ਹਾਂ ਨਾਲ ਹੋਰ ਸਿੰਘਾਂ ਨੂੰ ਥਾਪੜਾ ਦੇ ਕੇ ਜੰਗ ਵੱਲ ਤੋਰ ਦਿੱਤਾ। ਬਾਬਾ ਅਜੀਤ ਸਿੰਘ ਤੇ ਹੋਰ ਸਿੰਘ ਇਸ ਮੌਕੇ ਰਹਿੰਦੇ ਪ੍ਰਾਣਾਂ ਤਕ ਦੁਸ਼ਮਣਾਂ ਦੇ ਆਹੂ ਲਾਹੁੰਦੇ ਆਖ਼ਰ ਸ਼ਹਾਦਤ ਦਾ ਜਾਮ ਪੀ ਗਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧ ਦਾ ਸਾਰਾ ਨਜ਼ਾਰਾ ਆਪਣੀ ਅੱਖੀਂ ਦੇਖ ਜੈਕਾਰਾ ਗਜਾਉਂਦੇ ਬਚਨ ਕੀਤੇ-ਆਜ ਖ਼ਾਸ ਭਯੋ ਖਾਲਸਾ, ਸਤਿਗੁਰੁ ਕੇ ਦਰਬਾਰ।
ਇਸ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਜੰਗ ਲਈ ਆਪਣੇ ਹੱਥੀਂ ਤਿਆਰ ਕਰ ਗੁਰੂ ਜੀ ਨੇ ਹੋਰ ਸਿੰਘ ਨਾਲ ਤੋਰੇ। ਉਸ ਸਮੇਂ ਬਾਬਾ ਜੁਝਾਰ ਸਿੰਘ ਜੀ ਦੇ ਮੈਦਾਨ ਵਿਚ ਆਉਣ ਨਾਲ ਯੁੱਧ ਇਕ ਵਾਰ ਫੇਰ ਭੱਖ ਪਿਆ। ਮੁਗ਼ਲ ਫੌਜਾਂ ਦੀ ਗਿਣਤੀ ਵੱਧ ਹੋਣ ਕਰਕੇ ਉਨ੍ਹਾਂ ਦੇ ਹੌਸਲੇ ਵਧੇ ਹੋਏ ਸਨ ਤੇ ਉਨ੍ਹਾਂ ਨੇ ਸਾਹਿਬਜ਼ਾਦੇ ਸਮੇਤ ਸਾਰੇ ਸਿੰਘਾਂ ਨੂੰ ਘੇਰੇ ਵਿਚ ਲੈ ਲਿਆ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇਜ਼ਾ ਹੱਥ ਵਿਚ ਫੜ ਦੁਸ਼ਮਣਾਂ ਨੂੰ ਕੂਚੀਆਂ ਵਾਂਗ ਉਸ ਵਿਚ ਪਰੋ-ਪਰੋ ਕੇ ਸੁੱਟਦੇ ਰਹੇ। ਉੱਪਰੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਯੁੱਧ ਵਿਚ ਚਾਰੇ ਪਾਸੇ ਤੋਂ ਸਾਹਿਬਜ਼ਾਦੇ ਸਮੇਤ ਸਿੰਘਾਂ ਨੂੰ ਘਿਰੇ ਦੇਖ ਤੀਰਾਂ ਦੀ ਬੁਛਾੜ ਲਗਾ ਦਿੱਤੀ। ਇਸ ਤਰ੍ਹਾਂ ਘੇਰਾ ਟੁੱਟ ਗਿਆ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਤਲਵਾਰ ਦੇ ਜੌਹਰ ਦਿਖਾ ਅਨੇਕਾਂ ਦੁਸ਼ਮਣਾਂ ਨੂੰ ਪਾਰ ਬੁਲਾਇਆ। ਅੰਤ ਵੈਰੀ ਦਲ ਨਾਲ ਜੂਝਦੇ ਹੋਏ ਬਾਬਾ ਜੁਝਾਰ ਸਿੰਘ ਜੀ ਵੀ ਇਕ ਮਹਾਨ ਸੂਰਬੀਰ ਯੋਧੇ ਦੀ ਤਰ੍ਹਾਂ ਸ਼ਹਾਦਤ ਦਾ ਜਾਮ ਪੀ ਗਏ। ਮਿਰਜ਼ਾ ਅਬਦੁਲ ਗ਼ਨੀ ਲਿਖਦਾ ਹੈ ਕਿ-
ਬੇਟੇ ਕੇ ਕਤਲ ਹੋਨੇ ਕੀ ਪਹੁੰਚੀ ਯੂੰਹੀ ਖ਼ਬਰ।ਸ਼ੁਕਰੇ ਅੱਲਾਹ ਕੀਆ ਉਠਾ ਕੇ ਸਰ।
ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ।ਬੇਟੋਂ ਕੀ ਜਾਂ, ਧਰਮ ਕੀ ਖ਼ਾਤਿਰ ਫ਼ਿਦਾ ਹੂਈ।
ਹੁਣ ਵੈਰੀ ਦਲ ਦੇ ਜਰਨੈਲਾਂ ਰਲ ਸਲਾਹ ਕੀਤੀ ਕਿ ਸਵੇਰ ਦੀ ਲੜਾਈ ਵਾਸਤੇ ਗੜ੍ਹੀ ਅੰਦਰ ਗਿਣਤੀ ਦੇ ਸਿੰਘਾਂ ਨੂੰ ਹੱਥੋ-ਹੱਥੀ ਫੜ ਲਿਆ ਜਾਵੇ। ਇਸ ਤਰ੍ਹਾਂ ਅਜਿਹਾ ਮਤਾ ਪਕਾ ਕੇ ਦੁਸ਼ਮਣ ਦਲ ਦੀਆਂ ਫੌਜਾਂ ਗੜ੍ਹੀ ਦੁਆਲੇ ਪਹਿਰੇ ਦੀ ਤਕੜਾਈ ਕਰ ਆਰਾਮ ਕਰਨ ਲੱਗ ਪਈਆਂ। ਉਧਰ ਬਚਦੇ ਸਿੰਘਾਂ ਨੇ ਗੁਰਮਤੇ ਸੋਧਣੇ ਸ਼ੁਰੂ ਕਰ ਦਿੱਤੇ। ਵਿਚਾਰ ਕੀਤੀ ਗਈ ਕਿ ਅੱਜ ਹੀ ਰਾਤੀਂ ਦਸਮੇਸ਼ ਜੀ ਗੜ੍ਹੀ ਛੱਡ ਕੇ ਚਲੇ ਜਾਣ ਤਾਂ ਜੋ ਬਾਹਰ ਜਾ ਕੇ ਸੁਰੱਖਿਅਤ ਸਥਾਨ ਤੇ ਹੋਰ ਫੌਜਾਂ ਦੀ ਤਿਆਰੀ ਕਰ ਸਕਣ ਪ੍ਰੰਤੂ ਗੁਰੂ ਜੀ ਨੇ ਨਾਂਹ ਕਰ ਦਿੱਤੀ। ਗੜ੍ਹੀ ਵਿਚ ਬਾਕੀ ਰਹਿੰਦੇ ਸਿੰਘਾਂ ਨੇ ਪੰਜ ਪਿਆਰੇ ਚੁਣੇ ਤੇ ਮਤਾ ਪਕਾਇਆ। ਭਾਈ ਦਇਆ ਸਿੰਘ ਜੀ ਨੇ ਮਤਾ ਪੜ੍ਹ ਕੇ ਸੁਣਾਉਂਦਿਆਂ “ਗੁਰੂ ਪੰਥ” ਵੱਲੋਂ ਗੁਰੂ ਜੀ ਨੂੰ ਗੜ੍ਹੀ ਛੱਡ ਕੇ ਸੁਰੱਖਿਅਤ ਸਥਾਨ ਵੱਲ ਜਾਣ ਬਾਰੇ “ਹੁਕਮ” ਸੁਣਾਇਆ। “ਆਪੇ ਗੁਰ ਚੇਲਾ” ਦੇ ਵਾਕ ਨੂੰ ਸੱਚਾ ਕਰ ਵਿਖਾਉਣ ਹਿਤ ਪੰਥ ਗੁਰੂ ਦੇ ਹੁਕਮ ਅੱਗੇ ਸਿਰ ਨਿਵਾਇਆ, ਪ੍ਰੰਤੂ ਕਿਹਾ ਕਿ ਜਾਣ ਤੋਂ ਪਹਿਲੇ ਦੁਸ਼ਮਣ ਨੂੰ ਵੰਗਾਰ ਕੇ ਜਾਣਗੇ, ਇਹ ਬੇਨਤੀ “ਗੁਰੂ ਪੰਥ” ਅੱਗੇ ਕੀਤੀ ਜੋ ਪ੍ਰਵਾਨ ਕਰ ਲਈ ਗਈ। ਦਸਮੇਸ਼ ਪਿਤਾ ਨੇ ਤਿੰਨ ਸਿੰਘ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਆਪਣੇ ਨਾਲ ਲੈ ਜਾਣ ਦੀ ਵਿਉਂਤ ਬਣਾਈ। ਆਪਣੇ ਮੂੰਹ-ਮੁਹਾਂਦਰੇ ਵਾਲੇ ਹਮਸ਼ਕਲ ਭਾਈ ਸੰਗਤ ਸਿੰਘ ਨੂੰ ਆਪਣੀ ਪੁਸ਼ਾਕ ਅਤੇ ਜਿਗ੍ਹਾ ਕਲਗੀ ਪਹਿਨਾ ਕੇ ਗੜ੍ਹੀ ਦੀ ਉੱਚੀ ਮਮਟੀ (ਗੁੰਬਦ) ਉੱਤੇ ਬੈਠਣ ਦੀ ਸਲਾਹ ਦਿੱਤੀ ਕਿਉਂਕਿ ਅਜਿਹਾ ਕਰਨ ਨਾਲ ਦੁਸ਼ਮਣ ਨੂੰ ਗੁਰੂ ਸਾਹਿਬ ਦੀ ਮੌਜੂਦਗੀ ਦਾ ਅਹਿਸਾਸ ਹੋ ਸਕੇ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਭਾਈ ਸੰਗਤ ਸਿੰਘ ਜੀ ਨੂੰ ਤੇ ਹੋਰ ਸਿੰਘਾਂ ਨੂੰ ਦੂਸਰੇ ਦਿਨ ਦੀ ਲੜਾਈ ਵਿਚ ਅਪਨਾਉਣ ਯੋਗ ਨੀਤੀ ਬਾਰੇ ਉਪਦੇਸ਼ ਦਿੱਤਾ। ਗੁਰੂ ਜੀ ਨੇ ਆਪਣਾ ਤੀਰ ਕਮਾਨ ਤੇ ਹੋਰ ਸ਼ਸਤਰ ਬਾਬਾ ਜੀ ਨੂੰ ਦੇ ਕੇ ਕਿਹਾ ਕਿ ਜਿਉਂਦੇ-ਜੀਅ ਦੁਸ਼ਮਣ ਦੇ ਹੱਥ ਨਹੀਂ ਆਉਣਾ।
ਅਗਲੀ ਸਵੇਰ 9 ਪੋਹ, 1761 ਬਿਕ੍ਰਮੀ ਦਿਨ ਚੜ੍ਹਿਆ ਮੁਗ਼ਲਾਂ ਨੇ ਗੜ੍ਹੀ ਵੱਲ ਨਜ਼ਰ ਮਾਰੀ, ਉਨ੍ਹਾਂ ਨੂੰ ਮਮਟੀ ’ਤੇ ਬੈਠਾ ਭਾਈ ਸੰਗਤ ਸਿੰਘ, ਸ੍ਰੀ ਗੁਰੂ ਗੋਬਿੰਦ ਸਿੰਘ ਦਿਖਾਈ ਦੇ ਰਿਹਾ ਸੀ ਤੇ ਮੁਗ਼ਲ ਬੜੇ ਹੀ ਖੁਸ਼ ਹੋਏ ਕਿ ਗੜ੍ਹੀ ਵਿਚ ਪੰਜ-ਸੱਤ ਸਿੰਘ ਹਨ, ਇਕ ਹੱਲੇ ਨਾਲ ਹੀ ਗੜ੍ਹੀ ਸਰ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਊਂਦਿਆਂ ਹੀ ਫੜ ਲਿਆ ਜਾਵੇਗਾ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਕਾਫ਼ੀ ਇਨਾਮੋਕਰਮ ਮਿਲੇਗਾ। ਇਹ ਸੋਚ ਕੇ ਮੁਗ਼ਲਾਂ ਨੇ ਗੜ੍ਹੀ ’ਤੇ ਹਮਲਾ ਕਰ ਦਿੱਤਾ। ਮੁੱਠੀ-ਭਰ ਸਿੰਘਾਂ ਨੇ ਡੱਟ ਕੇ ਮੁਕਾਬਲਾ ਕੀਤਾ, ਜਿੰਨਾ ਚਿਰ ਉਨ੍ਹਾਂ ਪਾਸ ਗੋਲੀ-ਸਿੱਕੇ ਦਾ ਭੰਡਾਰ ਰਿਹਾ ਦੁਸ਼ਮਣ ਨੂੰ ਲਾਗੇ ਨਹੀਂ ਢੁਕਣ ਦਿੱਤਾ। ਜਦੋਂ ਤੀਰ ਤੇ ਗੋਲੀ-ਸਿੱਕਾ ਮੁੱਕ ਗਿਆ ਤਾਂ ਲੜਾਈ ਹੱਥੋ-ਹੱਥੀ ਹੋ ਗਈ। ਇਕ-ਇਕ ਕਰ ਕੇ ਸਾਰੇ ਸਿੰਘ ਜਾਮ-ਏ-ਸ਼ਹਾਦਤ ਪੀ ਗਏ। ਭਾਈ ਸੰਗਤ ਸਿੰਘ ਜੀ ਚਾਰੇ ਪਾਸੇ ਤੋਂ ਦੁਸ਼ਮਣ ਵਿੱਚ ਘਿਰੇ ਹੋਏ ਵੈਰੀਆਂ ਦੇ ਆਹੂ ਲਾਹੁੰਦੇ ਰਹੇ। ਕਈ ਘੰਟੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਆਖ਼ਿਰ “ਫ਼ਤਹਿ ਗਜਾ” ਧਰਤੀ ’ਤੇ ਡਿੱਗ ਪਏ। ਮੁਗ਼ਲਾਂ ਨੇ ਕਾਹਲੀ ’ਚ ਇਹ ਸੋਚ ਲਿਆ ਕਿ ਇਹ ਕਲਗੀ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਹਨ। ਇਕ ਪਠਾਣ ਨੇ ਕਲਗੀ ਵਾਲਾ ਸਿਰ ਧੜ ਨਾਲੋਂ ਜੁਦਾ ਕਰ ਦਿੱਤਾ। ਭਾਈ ਕੁਇਰ ਸਿੰਘ ਲਿਖਦੇ ਹਨ-
ਕਲਗੀ ਜਿਗ੍ਹਾ ਔਰ ਯਹ ਹੋਈ। ਗੁਰੂ ਗੋਬਿੰਦ ਇਹੈ ਹੈ ਸੋਈ। ਮਾਰ ਸ਼ੀਸ਼-ਸ਼ਮਸ਼ੇਰ ਪਠਾਨਾਂ। ਸੀਸ ਰਹਿਤ ਕਲਗੀ ਲੀ ਮਾਨਾ।
ਇਹ ਸੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿਰਾਲੀ ਖੇਡ-
ਸੀਸ ਨਿਹਾਰ ਬੰਗੇਸਰ ਕੋ ਬੋਲਤ ਹੈ ਸਭ ਨਰ ਨਾਰੀ। ਏਕ ਕਹੇ ਕਰੁਨਾ ਨਿਧ ਕੋ, ਇਕ ਭਾਖਤ ਹੈ ਇਹ ਖੇਲ ਅਪਾਰੀ।
ਭਾਈ ਸੰਗਤ ਸਿੰਘ ਜੀ ਜਿਵੇਂ ਪੁਕਾਰ, ਜੋਦੜੀ ਕਰ ਰਹੇ ਹੋਵਣ ਦਸਮ-ਪਿਤਾ ਅੱਗੇ ਕਿ-ਅਪਨੇ ਸੇਵਕ ਕਉ ਕਬਹੁ ਨ ਬਿਸਾਰਹੁ॥ ਉਰਿ ਲਾਗਹੁ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ॥(੮੨੯) ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ (੨੬)
ਉਸ ਵੇਲੇ ਰੌਲਾ ਪੈ ਗਿਆ ਕਿ ਸਿੱਖਾਂ ਦਾ ਗੁਰੂ ਗਿਆ ਜੇ ਫੜੋ! ਸਿੱਖਾਂ ਦਾ ਗੁਰੂ ਗਿਆ ਜੇ ਫੜੋ!! ਹੁਣ ਬਚ ਕੇ ਕਿਤੇ ਨਿਕਲ ਨਾ ਜਾਵੇ। ਇਹ ਬੋਲ ਸਰਹਿੰਦ ਦੇ ਘਬਰਾਏ ਹੋਏ ਸੂਬੇਦਾਰ ਵਜ਼ੀਰ ਖਾਨ ਦੇ ਹਨ। ਜਦੋਂ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਚਮਕੌਰ ਦੀ ਲੜਾਈ ਦੇ ਅੰਤਿਮ ਦਿਨਾਂ ਵਿਚ, ਗੁਰੂ ਰੂਪ ਪੰਜ ਪਿਆਰਿਆਂ ਨੇ ਆਦੇਸ਼ ਦਿੱਤਾ ਕਿ ”ਉਹ ਚਮਕੌਰ ਦੀ ਹਵੇਲੀ ਛੱਡ ਜਾਣ” ਮਹਾਬਲੀ ਸਤਿਗੁਰੂ ਜੀ ਨੇ ਪੰਚ-ਪ੍ਰਧਾਨੀ ਪ੍ਰੰਪਰਾ ਅਰਥਾਤ ਖਾਲਸਾ ਪੰਥ ਦੇ ਹੁਕਮ ਨੂੰ ਸਿਰ-ਮੱਥੇ ਮੰਨ ਕੇ, ਪੋਹ ਦੀ ਕਾਲੀ-ਬੋਲ਼ੀ ਰਾਤ ਨੂੰ, ਜ਼ੋਰ-ਜ਼ੋਰ ਨਾਲ ਹੱਥਾਂ ਦੀ ਤਾੜੀ ਮਾਰ ਕੇ, ਉੱਚੀ ਆਵਾਜ਼ ਨਾਲ ਕਿਹਾ, ਸਿੱਖਾਂ ਦਾ ਗੁਰੂ ਚੱਲਿਆ ਜੇ! ਜੇ ਕਿਸੇ ਵਿਚ ਹਿੰਮਤ ਹੈ ਤਾਂ ਫੜ ਲਓ। ਜਦੋਂ ਨਿਰਭੈ ਮਹਾਬਲੀ ਗੁਰੂ ਜੀ ਨੇ ਅਜਿਹੇ ਬੋਲ ਕਹੇ ਤਾਂ ਮੁਗਲ ਫੌਜਾਂ ਵਿਚ ਭਗਦੜ ਮਚ ਗਈ। ਵਜ਼ੀਰ ਖਾਨ ਨੇ ਆਪਣੇ ਸੈਨਾਪਤੀਆਂ ਨੂੰ ਟਿਕਣ ਨਾ ਦਿੱਤਾ। ਹੁਣ ਕਿਤੇ ਵੇਲਾ ਖੁੰਝ ਨਾ ਜਾਵੇ, ਤਕੜੇ ਹੋ ਕੇ ਹਿੰਮਤ ਮਾਰ ਕੇ ਗੁਰੂ ਨੂੰ ਜਿਉਂਦਾ ਹੀ ਫੜ ਲਓ। ਵਜ਼ੀਰ ਖਾਨ ਆਪਣੀਆਂ ਫੌਜਾਂ ਨੂੰ ਵੰਗਾਰ-ਵੰਗਾਰ ਕੇ ਕਹਿ ਰਿਹਾ ਸੀ।
ਅਕਾਲ ਪੁਰਖ ਦੇ ਰੰਗ ਨਿਆਰੇ ਹਨ। ਕਾਲੀ ਬੋਲ਼ੀ ਤੇ ਠੰਡੀ ਰਾਤ ਦੇ ਹਨੇਰੇ ਵਿਚ ਹੜਬੜਾਏ ਹੋਏ, ਮੁਗਲ ਫੌਜੀ ਆਪੋ ਵਿਚ ਹੀ ਲੜ-ਲੜ ਕੇ ਮਰਨ ਲੱਗ ਪਏ। ਸਵੇਰੇ ਪਹੁ-ਫੁਟਾਲੇ ਨਾਲ, ਜਦੋਂ ਸੂਰਜ ਦੀਆਂ ਕਿਰਨਾਂ ਨਿਕਲੀਆਂ ਤਾਂ ਉਨ੍ਹਾਂ ਨੇ ਛੱਤ ਉੱਪਰ ਬੈਠੇ ਹੋਏ ਗੁਰੂ ਜੀ ਨੂੰ ਦੇਖਿਆ। ਵਾਸਤਵ ਵਿਚ ਸਤਿਗੁਰੂ ਜੀ ਦੁਆਰਾ ਬਖਸ਼ਿਆ ਹੋਇਆ ਚੋਲਾ ਅਤੇ ਕਲਗੀ ਸਜਾਈ ਬੈਠਾ, ਇਹ ਭਾਈ ਸੰਗਤ ਸਿੰਘ ਨਿਰਭੈ ਯੋਧਾ ਸੀ। ਭਾਈ ਸੰਗਤ ਸਿੰਘ ਜੀ ਦੀ ਸ਼ਕਲ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਸੂਰਤ ਨਾਲ ਰਲਦੀ-ਮਿਲਦੀ ਸੀ। ਵਜ਼ੀਰ ਖਾਨ ਨੇ ਖੁਦ ਅੱਖੀਂ ਦੇਖ ਲਿਆ ਕਿ ਗੁਰੂ ਗੋਬਿੰਦ ਸਿੰਘ ਤਾਂ ਸਾਹਮਣੇ ਹਵੇਲੀ ਉੱਪਰ ਬੈਠੇ ਹੋਏ ਹਨ। ਕਲਗੀ, ਸ਼ਕਲ, ਕੱਦ ਅਤੇ ਚੋਲਾ ਵੀ ਉਹੀ ਹੈ।…ਤਾਂ ਵਜ਼ੀਰ ਖਾਂ ਨੂੰ ਕੜਾਕੇਦਾਰ ਠੰਡ ਵਿਚ ਹੀ ਤ੍ਰੇਲੀਆਂ ਆਉਣ ਲੱਗ ਪਈਆਂ। ਸਾਰਾ ਸਰੀਰ ਪਸੀਨੇ ਨਾਲ ਭਿੱਜ ਗਿਆ। ਹੈਂ! ਗੁਰੂ ਅਜੇ ਜਿਉਂਦਾ ਹੈ? ਰਾਤ ਉਹ ਕੌਣ ਜਿਸਨੇ ਮੇਰੀ ਅਣਖ ਨੂੰ ਤਾੜੀ ਮਾਰ ਕੇ, ਉੱਚੀ ਬੋਲ ਕੇ ਵੰਗਾਰਿਆ ਸੀ? ਏਨੀ ਸੈਨਾ ਵੀ ਮਰ ਗਈ। ਲਾਸ਼ਾਂ ਪਰ ਲਾਸ਼ਾਂ ਪਈਆਂ ਹੋਈਆਂ ਹਨ ਪਰ ਗੁਰੂ ਅਜੇ ਵੀ ਜਿਉਂਦਾ ਹੈ? ਹੇ ਖੁਦਾ! ਇਹ ਸਿੰਘ ਕਿਸ ਮਿੱਟੀ ਦੇ ਬਣੇ ਹੋਏ ਹਨ, ਇਨ੍ਹਾਂ ਨੂੰ ਨਾਂ ਭੁੱਖ ਲੱਗਦੀ, ਨਾਂ ਪਿਆਸ, ਨਾਂ ਹੀ ਇਹ ਕਿਸੇ ਤੋਂ ਡਰਦੇ ਹਨ। ਜੇ ਅਸੀਂ ਇਨ੍ਹਾਂ ਨੂੰ ਲਲਕਾਰਦੇ ਹਾਂ ਤਾਂ ਸਾਡੀ ਸ਼ਾਹ ਰਗ ਨੂੰ ਐਸਾ ਹੱਥ ਪਾਉਂਦੇ ਹਨ ਕਿ ਕਿਸੇ ਨੂੰ ਜਿਉਂਦਾ ਵਾਪਸ ਮੁੜਨ ਹੀ ਨਹੀਂ ਦਿੰਦੇ। ਗਿਣਤੀ ਦੇ ਕੁਝ ਦਰਜਨ ਕੁ ਸਿੰਘਾਂ ਨੇ ਸਾਡੀ ਫੌਜ ਲੱਗਭਗ ਖਤਮ ਹੀ ਕਰ ਦਿੱਤੀ ਹੈ। ਵੱਡੇ-ਵੱਡੇ ਸੈਨਾਪਤੀ ਨਹੀਂ ਰਹੇ, ਵਜ਼ੀਰ ਖਾਨ ਦੇ ਕਮਾਂਡਰ ਇਕੱਠੇ ਹੋਏ। ਸੈਨਾਪਤੀ ਨੂਰ ਖਾਂ ਨੇ ਆਖਿਆ, ਸਿੱਖਾਂ ਵਿਚ ਕੋਈ ਜਾਦੂ-ਸ਼ਕਤੀ ਕੰਮ ਕਰਦੀ ਹੈ। ਉਨ੍ਹਾਂ ਦੀ ਪਿੱਠ ਪਿੱਛੇ ਜ਼ਰੂਰ ਕੋਈ ਤਾਕਤ ਹੈ। ਗੁਰੂ ਦੀ ਸ਼ਕਤੀ ਦਾ ਤਾਂ ਅੰਦਾਜ਼ਾ ਹੀ ਬੇਹਿਸਾਬ ਹੈ, ਉਸਦੇ ਤਾਂ ਸਿੱਖ ਹੀ ਸਾਡੀ ਪੇਸ਼ ਨਹੀਂ ਜਾਣ ਦਿੰਦੇ। ਸਿੱਖਾਂ ਦਾ ਗੁਰੂ ਜੇਕਰ ਇਕ ਤੀਰ ਮਾਰਦਾ ਹੈ ਤਾਂ ਸਾਡੇ ਚਾਰ-ਚਾਰ, ਪੰਜ-ਪੰਜ ਸੂਰਮਿਆਂ ਨੂੰ ਵਿੰਨ੍ਹ ਦਿੰਦਾ ਹੈ। ਸੈਨਾਪਤੀ ਨੂਰ ਖਾਂ ਨੇ ਆਖਿਆ, ਤਾਹੀਓਂ ਤਾਂ ਸਾਨੂੰ ਇਨ੍ਹਾਂ ਸਿੰਘਾਂ ਤੋਂ ਡਰ ਲੱਗਦਾ ਹੈ।
ਵਜ਼ੀਰ ਖਾਨ ਨੇ ਆਪਣੇ ਇਕੱਠੇ ਹੋਏ ਸੈਨਾਪਤੀਆਂ ਨੂੰ ਆਖਿਆ ਚਾਹੇ ਕੁਝ ਵੀ ਹੈ, ਸਾਨੂੰ ਹਮਲਾ ਤਾਂ ਕਰਨਾ ਹੀ ਪਵੇਗਾ। ਆਖਰੀ ਵੇਰ ਦਾ ਇਕ ਕਹਿਰੀ ਹੱਲਾ ਬੋਲ ਦਿਓ ਤੇ ਇਹ ਹੱਲਾ ਐਸਾ ਧਮਾਕੇਦਾਰ ਧੜੱਲੇ ਨਾਲ ਕਰੋ ਕਿ ਆਰ-ਪਾਰ ਦੀ ਲੜਾਈ ਹੋ ਜਾਵੇ। ਮੁੱਠੀ ਕੁ ਭਰ ਤਾਂ ਸਿੰਘ ਨੇ, ਹੁਣ ਬਚ ਕੇ ਨਾਂ ਜਾਣ! ਆਓ ਹੱਥੀਂ ਪਕੜ ਲਓ।
ਇਧਰ ਗੁਰੂ ਕੇ ਸਿੰਘਾਂ ਨੂੰ ਭਿਣਕ ਪੈ ਗਈ, ਨਿਰਭੈ ਯੋਧੇ ਭਾਈ ਸੰਗਤ ਸਿੰਘ ਜੀ ਹਵੇਲੀ ਦੇ ਬਾਹਰੀ ਦਰਵਾਜ਼ੇ ਲਾਗੇ ਖੜ੍ਹੇ, ਬਾਕੀ ਸਾਥੀ ਸਿੰਘਾਂ ਦੇ ਕੋਲ ਆ ਗਏ। ਸਤਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਕੇ “ਬੋਲੇ ਸੋ ਨਿਹਾਲ” ਦੇ ਜੈਕਾਰਿਆਂ ਨਾਲ, ਹਵੇਲੀ ਦਾ ਬੂਹਾ ਇਕਦਮ ਖੋਲ੍ਹ ਕੇ, ਸਿੰਘ “ਸਤਿ ਸ੍ਰੀ ਅਕਾਲ” ਬੁਲਾ ਕੇ ਮੁਗਲ ਫੌਜਾਂ ਉੱਤੇ ਟੁੱਟ ਪੈ ਗਏ। ਤੇਗਾਂ ਨਾਲ ਤੇਗਾਂ ਇਸ ਤਰ੍ਹਾਂ ਟਕਰਾਉਣ ਲੱਗੀਆਂ ਜਿਵੇਂ ਅਸਮਾਨੀ ਬਿਜਲੀ ਕਾਲੇ ਬੱਦਲਾਂ ਵਿਚ ਚਮਕਦੀ ਹੈ। ਸਿੰਘਾਂ ਦੇ ਜੈਕਾਰਿਆਂ ਨਾਲ ਧਰਤੀ ਗੂੰਜ ਉੱਠੀ। ਸਿੰਘਾਂ ਦਾ ਏਨਾ ਜ਼ਬਰਦਸਤ ਹੱਲਾ ਹੋਣ ਨਾਲ ਮੁਗਲ ਸੈਨਿਕ ਧੜਾ-ਧੜ ਧਰਤੀ ‘ਤੇ ਡਿੱਗਣ ਲੱਗ ਪਏ। ਕਿਸੇ ਦੀ ਲੱਤ, ਕਿਸੇ ਦੀ ਬਾਂਹ, ਕਿਸੇ ਦਾ ਸਿਰ, ਕਿਸੇ ਦਾ ਧੜ ਕੱਟਿਆ ਹੋਇਆ ਸੀ ਤੇ ਉਹ ਕੁਰਲਾ ਰਹੇ ਸਨ। ਭਾਈ ਸੰਗਤ ਸਿੰਘ ਜੀ ਸਿੰਘਾਂ ਦੇ ਸੈਨਾਪਤੀ ਦੇ ਰੂਪ ਵਿਚ ਲਲਕਾਰੇ ਮਾਰ ਰਹੇ ਸਨ। ਬਹਾਦਰ ਯੋਧੇ ਭਾਈ ਸੰਗਤ ਸਿੰਘ ਦੀ ਤਲਵਾਰ ਦਾ ਵਾਰ ਕੋਈ ਵੀ ਨਹੀਂ ਸੀ ਸਹਾਰ ਸਕਦਾ। ਉਹ ਵੀ ਇਸ ਵਾਰੀ ਆਰ-ਪਾਰ ਦੀ ਲੜਾਈ ਲੜ ਰਹੇ ਸਨ। ਭਾਈ ਸੰਗਤ ਸਿੰਘ ਦੀ ਕਮਾਂਡ ਹੇਠ ਲੜਦੇ ਹੋਏ ਸਾਰੇ ਸਿੰਘ ਬੁਰੀ ਤਰ੍ਹਾਂ ਫੱਟੜ ਹੋ ਗਏ। ਮੁਗਲ ਫੌਜਾਂ ਦਾ ਕਹਿਰੀ ਹੱਲਾ ਵਧੇਰੇ ਕਰਕੇ ਭਾਈ ਸੰਗਤ ਸਿੰਘ ਦੇ ਉੱਪਰ ਹੀ ਸੀ। ਉਨ੍ਹਾਂ ਨੂੰ ਭੁਲੇਖਾ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਹੀ ਹਨ। ਭਾਈ ਸੰਗਤ ਸਿੰਘ ਜੀ ਦੋਵਾਂ ਹੱਥਾਂ ਨਾਲ ਸ਼ਸਤਰਾਂ ਦੇ ਵਾਰ ਕਰ ਰਹੇ ਸਨ। ਚਮਕੌਰ ਦੇ ਇਸ ਘਮਸਾਣ ਯੁੱਧ ਵਿਚ ਭਾਈ ਸੰਗਤ ਸਿੰਘ ਜੀ, ਬਾਕੀ ਸਿੰਘਾਂ ਦੇ ਨਾਲ ਮਹਾਨ ਸ਼ਹੀਦੀ ਪ੍ਰਾਪਤ ਕਰ ਗਏ।
ਇਹ ਸੀ ਬੀਰ-ਕਹਾਣੀ ਮਹਾਨ ਯੋਧੇ ਭਾਈ ਸੰਗਤ ਸਿੰਘ ਜੀ ਦੀ ਜੋ ਮਾਤਾ ਅਮਰੋ ਜੀ ਅਤੇ ਪਿਤਾ ਭਾਈ ਰਣੀਆਂ ਜੀ ਦੇ ਗ੍ਰਹਿ ਵਿਖੇ ਪੈਦਾ ਹੋਇਆ। ਬਚਪਨ ਦੀ ਉਮਰ ਤੋਂ ਹੀ ਭਾਈ ਸੰਗਤ ਸਿੰਘ ਜੀ, ਸਤਿਗੁਰੂ ਜੀ ਦੀ ਸੰਗਤ ਵਿਚ ਰਹੇ। ਆਪ ਜੀ ਸ਼ਸਤਰ ਵਿੱਦਿਆ ਵਿਚ ਬਹੁਤ ਮਾਹਿਰ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਬਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਭਾਈ ਸੰਗਤ ਸਿੰਘ ਜੀ ਰਹੇ। ਜਦੋਂ 1699 ਈ. ਵਿਚ ਗੁਰੂ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਉਦੋਂ ਤੋਂ ਭਾਈ ਸੰਗਤਾ ਜੀ ਅੰਮ੍ਰਿਤਪਾਨ ਕਰਕੇ ਭਾਈ ਸੰਗਤ ਸਿੰਘ ਬਣ ਗਏ ਸਨ। ਆਪ ਜੀ ਸਦਾ ਹੀ ਗੁਰੂਘਰ ਪ੍ਰਤੀ ਵਫਾਦਾਰ, ਇਮਾਨਦਾਰ ਅਤੇ ਆਗਿਆਕਾਰ ਰਹੇ। ਪਰਉਪਕਾਰ, ਸੇਵਾ, ਸਿਮਰਨ ਵਿਚ ਵੀ ਆਪ ਘੱਟ ਨਹੀਂ ਸਨ। ਆਰੰਭਿਕ ਅਵਸਥਾ ਤੋਂ ਹੀ ਆਪ ਜੀ ਵਿਚ ਬੀਰਰਸ, ਗੁਰੂਘਰ ਪ੍ਰਤੀ ਸ਼ਰਧਾ ਅਤੇ ਪ੍ਰੇਮ ਕੁੱਟ-ਕੁੱਟ ਕੇ ਭਰਿਆ ਪਿਆ ਸੀ। ਨਾ ਤਾਂ ਕਿਸੇ ਤੋਂ ਆਪ ਜੀ ਡਰਦੇ ਹੀ ਸਨ ਅਤੇ ਨਾ ਹੀ ਕਿਸੇ ਨੂੰ ਡਰਾਉਂਦੇ ਸਨ। ਮੌਤ ਦਾ ਡਰ ਭਾਈ ਸੰਗਤ ਸਿੰਘ ਵਿਚ ਰੱਤੀ ਭਰ ਵੀ ਨਹੀਂ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਇਕ ਪੰਡਤ ਨੇ ਰੋ-ਰੋ ਕੇ ਅਰਜੋਈ ਕੀਤੀ ਕਿ ਗੁਰੂ ਜੀ! ਮੇਰੀ ਘਰਵਾਲੀ ਨੂੰ ਇਕ ਪਠਾਣ ਜ਼ਬਰਦਸਤੀ ਖੋਹ ਕੇ ਰੋਪੜ ਵਾਲੇ ਪਾਸੇ ਲੈ ਗਿਆ ਹੈ, ਕ੍ਰਿਪਾ ਕਰੋ ਜੀ, ਗਰੀਬ ਨਿਮਾਣੇ-ਨਿਤਾਣੇ ਦੀ ਆਸ ਕੇਵਲ ਗੁਰੂ ਬਾਬੇ ਨਾਨਕ ਦਾ ਦਰ-ਘਰ ਹੀ ਹੈ। ਮਿਹਰ ਕਰਕੇ ਮੇਰੀ ਘਰਵਾਲੀ ਮੈਨੂੰ ਵਾਪਸ ਦਿਵਾਈ ਜਾਵੇ, ਤਾਂ ਦਸਮੇਸ਼ ਪਿਤਾ ਜੀ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਹੁਕਮ ਕੀਤਾ ਕਿ ਤੁਰੰਤ ਕਾਰਵਾਈ ਕਰੋ ਅਤੇ ਉਸ ਬੀਬੀ ਨੂੰ ਪਠਾਣ ਕੋਲੋਂ ਛੁਡਵਾ ਕੇ ਲੈ ਆਓ। ਉਸ ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਭਾਈ ਸੰਗਤ ਸਿੰਘ ਜੀ ਵੀ ਗਏ ਸਨ। ਸਿੰਘਾਂ ਨੇ ਸਵਾਰ ਹੋ ਕੇ ਘੋੜੇ ਏਨੇ ਤੇਜ਼ ਭਜਾਏ ਕਿ ਕਮਾਲ ਹੀ ਕਰ ਦਿੱਤੀ।
ਪਠਾਣ ਅਜੇ ਆਪਣੇ ਘਰ ਦੇ ਲਾਗੇ ਪਹੁੰਚਿਆ ਹੀ ਸੀ ਕਿ ਸਿੰਘਾਂ ਨੇ ਲਲਕਾਰਾ ਮਾਰਿਆ। ਪਠਾਣ ਡਰਦਾ ਘਰ ਵਿਚ ਲੁਕ ਗਿਆ ਤੇ ਅੰਦਰੋਂ ਬੂਹਾ ਬੰਦ ਕਰ ਲਿਆ। ਓਧਰ ਖੋਹ ਕੇ ਲਿਆਂਦੀ ਪੰਡਤਾਣੀ ਰੋ-ਰੋ ਕੇ ਵਾਸਤੇ ਪਾ ਰਹੀ ਸੀ। ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਸੰਗਤ ਸਿੰਘ ਨੇ ਉਸ ਬੀਬੀ ਨੂੰ ਹੌਂਸਲਾ ਦਿੱਤਾ। ਸਿੰਘਾਂ ਨੇ ਪਠਾਣ ਨੂੰ ਪਕੜ ਲਿਆ। ਖੂਬ ਸੋਧਾ ਲਾਇਆ। ਜਦੋਂ ਉਸ ਨੂੰ ਪਾਰ (ਖਤਮ) ਕਰਨ ਲਈ ਸਿੰਘਾਂ ਨੇ ਤੇਗ ਉੱਪਰ ਕੀਤੀ ਤਾਂ ਪਠਾਣ ਦੀ ਘਰਵਾਲੀ ਨੇ ਤਰਲੇ ਪਾਏ, ਮਿੰਨਤਾਂ ਕੀਤੀਆਂ, ਪਠਾਣ ਨੇ ਅੱਗੇ ਤੋਂ ਅਜਿਹੇ ਕੁਕਰਮ ਨਾਂ ਕਰਨ ਦੀ ਸਹੁੰ ਖਾਧੀ। ਸਿੰਘਾਂ ਨੇ ਪਠਾਣ ਦੀ ਜਾਨ ਬਖਸ਼ ਦਿੱਤੀ ਅਤੇ ਪੰਡਤਾਣੀ ਵਾਪਸ ਲਿਆ ਕੇ ਗੁਰੂ-ਦਰਬਾਰ ਦੀ ਸ਼ਰਣ ਵਿਚ ਆ ਪੰਡਤ ਦੇ ਹਵਾਲੇ ਕੀਤੀ। ਇਸ ਸਾਰੀ ਕਾਰਵਾਈ ਵਿਚ ਬਾਬਾ ਸੰਗਤ ਸਿੰਘ ਜੀ ਦਾ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਸਹਿਯੋਗ ਸ਼ਲਾਘਾਯੋਗ ਸੀ।
ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਵੇਲੇ ਸਰਸਾ ਨਦੀ ਦੇ ਕੰਢੇ ਹੋਏ ਮੁਗਲਾਂ ਨਾਲ ਘਮਸਾਣ ਯੁੱਧ ਵਿਚ ਭਾਈ ਸੰਗਤ ਸਿੰਘ ਜੀ ਨੇ ਵੀ ਤੇਗ ਦੇ ਚੰਗੇ ਜੌਹਰ ਦਿਖਾਏ ਸਨ।
ਭਾਈ ਸੰਗਤ ਸਿੰਘ ਜੀ ਦੀ ਜੀਵਨ-ਗਾਥਾ, ਇਕ ਉੱਚੇ-ਸੁੱਚੇ ਗੁਰਸਿੱਖ ਦੀ ਜੀਵਨ-ਗਾਥਾ ਹੈ। ਆਪ ਜੀ ਜਿਥੇ ਗੁਰੂ ਦਸਮੇਸ਼ ਪਿਤਾ ਦੇ ਪੂਰੇ ਵਿਸ਼ਵਾਸਪਾਤਰ ਤੇ ਆਗਿਆਕਾਰੀ ਸਨ, ਉਥੇ ਸਿੱਖ ਸੰਗਤਾਂ ਪ੍ਰਤੀ ਵੀ ਆਪ ਜੀ ਦਾ ਅਥਾਹ ਪਿਆਰ ਸੀ। ਆਪ ਜੀ ਗੁਰਬਾਣੀ ਪ੍ਰੇਮੀ ਅਤੇ ਨਾਮ-ਰਸੀਏ ਵੀ ਸਨ। ਸਿੱਖ ਇਤਿਹਾਸ ਵਿਚ ਜਿਥੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ ਯੋਧਿਆਂ ਤੇ ਵਫਾਦਾਰ ਸਿੰਘਾਂ ਦੀ ਗੱਲ ਚੱਲੇਗੀ, ਉਥੇ ਭਾਈ ਸੰਗਤ ਸਿੰਘ ਜੀ ਦਾ ਨਾਮ ਵੀ ਬੜੇ ਫਕਰ ਨਾਲ ਲਿਆ ਜਾਂਦਾ ਰਹੇਗਾ। ( ਚਲਦਾ )
ਭਾਗ 4 👉 ਬੀਬੀ ਸ਼ਰਨ ਕੌਰ ਜੀ ਨੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ 2 ਸਾਹਿਬਜ਼ਾਦੇ 3 ਪਿਆਰਿਆਂ ਤੇ ਸ਼ਹੀਦ ਹੋਏ ਸਿੰਘਾਂ ਦੇ ਪਵਿੱਤਰ ਸਰੀਰਾਂ ਦਾ ਆਖਰੀ ਸੰਸਕਾਰ ਕੀਤਾ ਤੇ ਬਾਅਦ ਵਿੱਚ ਬੀਬੀ ਜੀ ਨੂੰ ਦੁਸ਼ਮਨਾਂ ਨੇ ਸ਼ਹੀਦ ਕਰ ਦਿੱਤਾ। ਆਉ ਸੰਖੇਪ ਝਾਤ ਮਾਰੀਏ ਇਸ ਇਤਿਹਾਸ ਤੇ ਜੀ।
ਬਹਾਦਰ ਬੀਬੀ ਸ਼ਰਨ ਕੌਰ...

ਜੀ ਸ਼ਹੀਦ ।
ਬੀਬੀ ਸ਼ਰਨ ਕੌਰ ਉਹ ਮਹਾਨ ਸ਼ਹੀਦ ਸਿੰਘਣੀ ਹੋਈ ਹੈ ਜਿਸ ਨੇ ਚਮਕੌਰ ਦੇ ਮੈਦਾਨੇ ਜੰਗ ਵਿਚ ਅੱਧੀ ਰਾਤੀ ਬਰਫੀਲੀ ਰਾਤ ਵਿੱਚ ਵੈਰੀ ਦਲ ਦੇ ਲਸ਼ਕਰ ਦੇ ਪਹਿਰੇਦਾਰਾਂ ਨੂੰ ਚੀਰਦੀ ਆਈ । ਸਿੰਘਾਂ ਦੇ ਸਰੀਰ ਕੜਿਆਂ ਤੋ ਪਛਾਣ ਕੇ ਇਕੱਠੇ ਕਰਕੇ ਉਨ੍ਹਾਂ ਦਾ ਸਤਿਕਾਰ ਸਹਿਤ ਸਸਕਾਰ ਕਰ ਕੇ ਮਹਾਨ ਕਰਤੱਵ ਨਿਭਾਇਆ । ਸ਼ਰਨ ਕੌਰ ਹਰੀ ਦੀ ਸ਼ਰਨ ਵਿਚ ਬਿਰਾਜ ਗਈ । ਆਪਣੇ ਪੰਥਕ ਭਰਾਵਾਂ ਦੀ ਅੰਤਮ ਸੇਵਾ ਨਿਭਾਉਂਦੀ ਸੱਚਖੰਡ ਜਾ ਪੁੱਜੀ । ਮਹਾਨ ਕਰਤੱਵ ਕਰ ਦਸ ਗਈ ਕਿ ਸਿੱਖ ਇਸਤਰੀਆਂ ਦੇ ਦਿਲਾਂ ਵਿੱਚ ਕੌਮ ਪ੍ਰਤੀ ਕਿੰਨੀ ਸ਼ਰਧਾ ਤੇ ਪਿਆਰ ਹੋਣਾ ਚਾਹੀਦਾ ਹੈ । ਆਪਣੀ ਸੂਰਮਤਾ , ਨਿਰਭੈਅਤਾ ਤੇ ਜੁਰਅਤ ਦਾ ਆਦਰਸ਼ ਬਣ ਕੇ ਸ਼ਹੀਦੀ ਜਾਮ ਪੀਤਾ ਤੇ ਆਉਣ ਵਾਲੀਆਂ ਪੀੜੀਆਂ ਨੂੰ ਦੱਸ ਗਈ ਕਿ ਸਿੱਖ ਇਸਤਰੀਆਂ ਕਿੰਨੀਆਂ ਦਲੇਰ , ਬਹਾਦਰ , ਨਿਡਰ ਤੇ ਦ੍ਰਿੜ ਸੰਕਲਪ ਹੋਣੀਆਂ ਚਾਹੀਦੀਆਂ ਹਨ ਤੇ ਦਸ਼ਮੇਸ਼ ਪਿਤਾ ਦੀਆਂ ਅੰਮ੍ਰਿਤਧਾਰੀ ਪੁੱਤਰੀਆਂ ਪੰਥਕ ਆਨ ਤੇ ਸ਼ਾਨ ਲਈ ਕੁਰਬਾਨ ਹੋਣ ਵਿੱਚ ਮਰਦਾਂ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ ਹੁੰਦੀਆਂ । ਜਿਸ ਦੀ ਉਦਾਹਰਨ ਕੁਝ ਦਹਾਕਿਆਂ ਬਾਅਦ ਬੀਬੀਆਂ ਨੇ ਮੀਰ ਮੰਨੂੰ ਦੇ ਤਸੀਹੇ ਤੇ ਕਸ਼ਟ ਖਿੜੇ ਮੱਥੇ ਝਲ ਕੇ ਪੇਸ਼ ਕਰ ਦਿੱਤੀ ।
ਚਮਕੌਰ ਦੀ ਗੜੀ ਵਿੱਚੋਂ ਗੁਰੂ ਜੀ ਪੰਜਾਂ ਪਿਆਰਿਆਂ ਦਾ ਗੁਰਮਤਾ ਮੰਨ ਕੇ ਗੁਰੂ ਜੀ ਆਪਣਾ ਬਾਣਾ ਤੇ ਕਲਗੀ ਭਾਈ ਸੰਗਤ ਸਿੰਘ ਨੂੰ ਪਹਿਣਾ ਕੇ ਇਥੇ ਭਾਈ ਆਲਮ ਸਿੰਘ , ਝੰਡਾ ਬਰਦਾਰ ਤੇ ਸੰਗਤ ਸਿੰਘ ਨੂੰ ਏਥੇ ਛੱਡ ਗਏ । ਭਾਈ ਦਯਾ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੇ ਤਿੰਨਾਂ ਦਿਸ਼ਾਵਾਂ ਵਿਚ ਜਾ ਤਾੜੀ ਵਜਾਈ ਤੇ ਵਾਰੀ ਵਾਰੀ ਕਹੀ ਗਏ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਫੜ ਲਓ ! ਨਾਲ ਜੈਕਾਰੇ ਛੱਡੀ ਗਏ ਬੋਲੇ ਸੋ ਨਿਹਾਲ ! ਜੈਕਾਰਿਆਂ ਦਾ ਉਤਰ ਗੜੀ ਵਾਲੇ ਸਿੰਘ ਵੀ ਦੇਂਦੇ ਸਨ । ਰਾਤ ਚੁਪ ਚਾਪ ਵਿਚ ਗੂੰਜਾਂ ਪੈਣ ਨਾਲ ਮੁਗਲ ਸੈਨਾ ਘਾਬਰੀ ਤੇ ਅਬੜਵਾਹੀ ਉੱਠੀ ਜੋ ਹੱਥ ਵਿਚ ਆਇਆ ਹਨੇਰੇ ਵਿਚ ਇਕ ਦੂਜੇ ਦੀ ਵਾਢੀ ਕਰਨ ਲੱਗੇ ਪਤਾ ਨਾ ਲੱਗਾ ਕਿ ਵੈਰੀ ਕਿਹੜਾ ਹੈ ਆਪਣਾ ਕਿਹੜਾ ਹੈ।ਉਧਰ ਇਨ੍ਹਾਂ ਦੀ ਤਬਾਹੀ ਮੱਚੀ ਹੋਈ ਸੀ । ਹਾਰ ਕੇ ਇਨ੍ਹਾਂ ਨੂੰ ਪਤਾ ਲੱਗਾ ਤਾਂ ਸਮਝ ਕੇ ਹੱਟ ਗਏ । ਸਿਆਲ ਦੀ ਸਭ ਤੋਂ ਲੰਮੀਆਂ ਰਾਤਾਂ ਫਿਰ ਸੌਂ ਗਏ ।
ਇਕ ਮੁਟਿਆਰ ( ਸ਼ਰਨ ਕੌਰ ) ਹੱਥ ਵਿੱਚ ਦੀਵਾ ਲਈ ਫਿਰਦੀ ਹੈ । ਮੀਲਾਂ ਵਿਚ , ਹੁਣ ਅਧੀ ਕੁ ਰਾਤ ਤੋਂ ਜ਼ਿਆਦਾ ਦਾ ਸਮਾਂ ਸੀ।ਚੌਹੀਂ ਪਾਸੀ ਘੁੱਪ ਹਨੇਰਾ ਸੀ । ਜਿਥੇ ਸਾਰਾ ਦਿਨ ਤਲਵਾਰਾਂ ਦੀ ਛਨਕਾਰ ਦਾ ਬਰਛਿਆਂ ਦਾ ਟੁੱਟ – ਭੱਜਣ ਦਾ ਖੜਕਾ ਹੁੰਦਾ ਰਿਹਾ । ਜ਼ਖਮੀਆਂ ਤੇ ਮਰਨ ਵਾਲਿਆਂ ਦੀਆਂ ਚੀਖਾਂ ਘੋੜਿਆਂ ਦੀਆਂ ਟਾਪਾਂ ਦਾ ਖੜਕਾ ਬੰਦ ਹੋ ਚੁੱਪ ਚਾਪ ਦਾ ਵਾਤਾਵਰਨ ਸੀ । ਸਵਾਏ ਲੋਥਾਂ ਦੇ ਢੇਰਾਂ ਤੋਂ ਹੋਰ ਕੁਝ ਨਹੀਂ ਦਿੱਸਦਾ । ਇਕ ਮੁਟਿਆਰ ਸ਼ਰਨ ਕੌਰ ਹੱਥ ਵਿੱਚ ਦੀਵਾ ਲਈ ਫਿਰਦੀ ਹੈ ।ਮੀਲਾਂ ਵਿੱਚ ਖਿਲਰੀਆਂ ਲੋਥਾਂ ਨੂੰ ਚੀਰ ਕੇ ਲੰਘ ਚਮਕੌਰ ਦੀ ਗੜੀ ਆ ਪੁੱਜੀ । ਇਸ ਲਹੂ ਭਿਜੀ ਰਣ ਭੂਮੀ ਵਿਚ ਇਸ ਵੇਲੇ ਇਕ ਇਕੱਲੀ ਔਰਤ ? ਫਿਰ ਪਸ਼ੂਆਂ ਤੇ ਮੁਰਦਿਆਂ ਦੀਆਂ ਲੋਥਾਂ ਦੇ ਅੰਬਾਰ ਲੱਗੇ ਹੋਣ । ਜਿਨ੍ਹਾਂ ਲੋਥਾਂ ਨੂੰ ਵੇਖ ਕੇ ਮਨੁੱਖਾਂ ਦਾ ਦਿਲ ਧੜਕਣ ਲੱਗ ਪੈਂਦਾ ਹੈ । ਉਥੇ ਰਾਤ ਸ਼ਾਹੀ ਲਸ਼ਕਰ ਦੇ ਕਰੜੇ ਪਹਿਰੇ ਨੂੰ ਆਦਮੀ ਕੀ ਪੰਛੀ ਲਈ ਚੀਰਨਾ ਮੁਸ਼ਕਲ ਹੈ ਇਸ ਬਹਾਦਰ ਇਸਤਰੀ ਦਾ ਹੀ ਕੰਮ ਏਵੇ ਰਾਤ ਦੇ ਹਨੇਰੇ ਵਿਚੋਂ ਵੈਰੀਆਂ ਦੇ ਦਲਾਂ ਵਿਚੋਂ ਨਿਰਭੈ ਹੋ ਕੇ ਲੰਘ ਕੇ ਆਉਣਾ ।
ਕਚੀ ਗੜੀ ਕੋਲ ਪੁਜਦਿਆਂ ਲੋਥਾਂ ਫੋਲਣੀਆਂ ਸ਼ੁਰੂ ਕਰ ਦਿੱਤੀਆਂ । ਹਰ ਵਾਲਾਂ ਵਾਲੀ ਲੋਥ ਨੂੰ , ਕੜੇ ਵਾਲੀ ਬਾਹ ਨੂੰ ਲੱਭਦੀ ਹੈ । ਇਸ ਥਾਂ ਲਾਗੇ ਇਕ ਆਜੜੀਆਂ ਦਾ ਵਾੜਾ ਸੀ । ਜਿਥੇ ਸੈਂਕੜੇ ਮਣ ਕੰਡਿਆਂ ਵਾਲੇ ਛਾਪੇ ਇਕੱਠੇ ਕਰਕੇ ਭੇਡਾਂ ਦਾ ਵਾੜਾ ਬਣਾਇਆ ਹੋਇਆ । ਉਨ੍ਹਾਂ ਵਿੱਚ ਜੰਗਲੀ ਜਾਨਵਰ ਬਹੁਤ ਹੁੰਦੇ ਸਨ ਇਸ ਲਈ ਬਹੁਤ ਛਾਪੇ ਤੇ ਕੰਡੇਦਾਰ ਰੁਖ਼ ਵੱਢ ਕੇ ਸੁਟੇ ਹੋਏ ਸਨ । ਇਸ ਤਰ੍ਹਾਂ ਸਾਰੇ ਸਿੱਖਾਂ ਦੇ ਸਰੀਰ ਇਕੱਠੇ ਕਰਦੀ ਤੇ ਨਾਲ ਕਹਿੰਦੀ “ ਹੇ ਲਹੂ ਤੇ ਮਿੱਟੀ ਵਿਚ ਸੌਣ ਵਾਲਿਓ ਸ਼ਹੀਦੋ । ਤੁਹਾਨੂੰ ਪਰਨਾਮ ! ਤੁਸੀਂ ਧੰਨ ਹੋ । ਜਿਹੜੇ ਜ਼ਾਲਮਾਂ ਤੇ ਜਰਵਾਨਿਆ ਦੇ ਖਿਲਾਫ ਲੜਦੇ ਹੋਏ ਜੂਝੇ ਹੋ ! ਹੇ ਧਰਮ ਦੀ ਸ਼ਮਾਂ ਦੇ ਪਰਵਾਨਿਉ ! ਤੁਸੀਂ ਮਾਤਭੂਮੀ ਦੀ ਸੁਤੰਤਰਤਾ ਲਈ ਉਠੇ ਹੋ ਤੇ ਸ਼ਹੀਦੀ ਜਾਮ ਪੀਤੇ ਹਨ । ਤੁਸੀਂ ਧਰਮ ਹੇਠ ਗੁਰੂ ਜੀ ਦੇ ਸਨਮੁਖ ਜ਼ਾਲਮ ਨਾਲ ਲੋਹਾ ਲੈਂਦੇ ਪ੍ਰਾਣ ਦਿੱਤੇ । ਸ਼ੇਰੋ ਵੀਰਿਓ ! ਤੁਹਾਡੀ ਮੰਦ ਭਾਗੀ ਭੈਣ ਜੋ ਦਿਨ ਵੇਲੇ ਹਾਜ਼ਰ ਨਹੀਂ ਹੋ ਸਕੀ ਭਾਵੇ ਉਪਰਾਲਾ ਕਰਦੀ ਰਹੀ ਹੈ । ਇਸ ਵੇਲੇ ਹਾਜ਼ਰ ਹੋ ਕੇ ਤੁਹਾਡੇ ਪਵਿੱਤਰ ਸਰੀਰਾਂ ਨਾਲ ਛੋਹ ਪ੍ਰਾਪਤ ਕਰਕੇ ਆਪਣੇ ਆਪ ਨੂੰ ਸ਼ੁਭ ਜਾਣ ਤੇ ਆਪ ਦੇ ਪਵਿਤਰ ਸਰੀਰਾਂ ਨੂੰ ਠਿਕਾਣੇ ਲਾ ਕੇ ਸਸਕਾਰ ਕਰ ਸਕਾਂ। ਇਨ੍ਹਾਂ ਕਮੀਨੇ ਤੇ ਦੁਸ਼ਟਾਂ ਨੂੰ , ਇਨ੍ਹਾਂ ਲੋਥਾਂ ਦੀ ਬੇਅਦਬੀ ਦਾ ਸਮਾਂ ਨਾ ਦੇਵੇ ।
ਇਸ ਤਰ੍ਹਾਂ ਉਸ ਨੇ ਕਈ ਘੰਟਿਆਂ ਦੀ ਕਰੜੀ ਮਿਹਣਤ ਪਿਛੋਂ ਤੀਹ ਪੈਂਤੀ ਸਿੰਘਾਂ ਦੇ ਸਰੀਰ ਇਕੱਠੇ ਕਰਨ ਵਿਚ ਸਫਲ ਹੋਈ । ਇਸ ਤਰ੍ਹਾਂ ਸਿੱਖ ਵੀਰਾਂ ਦੀ ਲੋਥਾਂ ਲੱਭ ਲੱਭ ਕੇ ਵਾੜੇ ਤੱਕ ਲਿਆਉਂਦਿਆਂ ਲੱਕ ਦਰਦ , ਬਾਹਵਾਂ ਦਰਦ ਉਤੋਂ ਬਰਫੀਲੀ ਰਾਤ ਸੀ ਤਾਂ ਅੰਗ ਸੁੰਨ ਤੇ ਸੁਸਤ ਹੋ ਗਏ ਪਰ ਸਿਰੜ ਤੇ ਹੌਸਲਾ ਨਹੀਂ ਛੱਡਿਆ । ਕੋਈ ਡਰ ਨਹੀਂ ਭੈ ਨਹੀਂ ਲੋਥਾਂ ਵਿਚੋਂ ਲੱਖਾਂ ਵੈਰੀਆਂ ਦਾ ਕੋਈ ਖੌਫ ਨਹੀਂ ਖਾਧਾ । ਦਿਲ ਵਿਚ ਇਹੋ ਹੀ ਤਮੰਨਾ ਹੈ ਕਿ ਦਿਨ ਚੜਨ ਤੋਂ ਪਹਿਲਾਂ ਸ਼ਹੀਦਾਂ ਦਾ ਸਸਕਾਰ ਕੀਤਾ ਜਾ ਸਕੇ ।
ਉਧਰੋ ਪੂਰਬ ਵੱਲੋਂ ਲੋਅ ਹੋਣ ਲੱਗੀ ਹੈ । ਦੀਵਾ ਫੜੀ ਫਿਰਦੀ ਸਿਪਾਹੀ ਪਤਾ ਨਹੀਂ ਕੀ ਕੀ ਸਮਝਦੇ ਹੋਣਗੇ ਕਿ ਕੋਈ ਚੁੜੇਲ ਜਾਂ ਬਾਹਰ ਦੀ ਸ਼ੈ ਹੈ ਡਰਦੇ ਵੀ ਹੋਣਗੇ । ਲਾਗੇ ਵੀ ਨਹੀਂ ਜਾਂਦੇ । ਬੀਬੀ ਨੇ ਅਰਦਾਸ ਕਰਕੇ ਬਾਲਣ ਨੂੰ ਅੱਗ ਲਾ ਦਿੱਤੀ ਹੈ । ਲਾਗੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਹੈ ਸ੍ਰੀ ਸਾਹਿਬ ਨੰਗੀ ਕਰਕੇ ਹੱਥ ਵਿਚ ਫੜ ਲਈ ਹੈ ਠੰਡ ਨਾਲ ਠਰੂੰ – ਠਰੂੰ ਕਰਦੇ ਹੱਥਾਂ ਤੇ ਸਰੀਰ ਨੂੰ ਕੁਝ ਨਿੱਘ ਮਿਲਿਆ । ਸਰੀਰ ਕਾਇਮ ਹੋ ਗਿਆ ਚੰਡੀ ਬਣੀ ਪਈ ਹੈ ਪਾਠ ਕਰੀ ਜਾਂਦੀ ਹੈ । ਚਿਖਾ ਦੇ ਦੁਆਲੇ ਚੱਕਰ ਕੱਢੀ ਜਾਂਦੀ ਹੈ । ਅੱਗ ਦੇ ਭਾਂਬੜ ਮਚ ਉਠੇ।ਵੈਰੀ ਦਲ ਵੇਖ ਕੇ ਹੈਰਾਨ ਹੋ ਗਿਆ ਤੇ ਅਸਚਰਜ ਵੀ ਹੈ ਕਿ ਇਕੱਲੀ ਕਿੰਨੀ ਦਲੇਰੀ ਤੇ ਜੁਅਰਤ ਨਾਲ ਲਹੂ ਭਰੀ ਰਣ ਭੂਮੀ ਵਿਚ ਨਿਧੜਕ ਟਹਿਲ ਰਹੀ ਹੈ ।
ਕਦੀ ਵਿੱਚ ਡੰਡੇ ਨਾਲ ਅੱਗ ਨੂੰ ਹਿਲਾ ਵੀ ਦਿੰਦੀ ਹੈ । ਕੁਝ ਸਿਪਾਹੀ ਇਸ ਵਲ ਆਏ ਤਾਂ ਕਿਹਾ ਤੂੰ ਕੋਣ ਹੈ ? ਕੀ ਕਰਨ ਆਈ ਹੈ ? ਬਹਾਦਰ ਸ਼ਰਨ ਕੌਰ ਨੇ ਨੰਗੀ ਕਿਰਪਾਨ ਹਲਾਂਉਦਿਆਂ ਕਿਹਾ ਕਿ ਗੁਰੂ ਦਸਮੇਸ਼ ਦੀ ਪੁੱਤਰੀ ਸ਼ਰਨ ਕੌਰ ਹਾਂ । ਆਪਣੇ ਵੀਰਾਂ ਦੇ ਸਰੀਰਾਂ ਦਾ ਸਸਕਾਰ ਕਰਨ ਆਈ ਹਾਂ । ਫਿਰ ਉਨ੍ਹਾਂ ਪੁਛਿਆ ਤੈਨੂੰ ਖੌਫ ਨਹੀਂ ਆਉਂਦਾ ? ਬੀਬੀ ਜੀ ਕਿਹਾ ਖੌਫ ਗੁਰੂ ਦੇ ਸਿੱਖਾਂ ਪਾਸੋਂ ਕੋਹਾਂ ਦੂਰ ਰਹਿੰਦਾ ਹੈ । ਇਕ ਸਿਪਾਹੀ ਅੱਗੇ ਵਧਿਆ ਬੀਬੀ ਨੇ ਉਸ ਦੀ ਕਿਰਪਾਨ ਵਾਲੀ ਬਾਂਹ ਤੇ ਕਿਰਪਾਨ ਮਾਰ ਬਾਂਹ ਵੱਢ ਸੁਟੀ।ਹੁਣ ਸਾਰੇ ਸਿਪਾਹੀ ਇਕ ਦਮ ਬੀਬੀ ਤੇ ਟੁੱਟ ਪਏ ਬੀਬੀ ਨੇ ਇਕ ਦੋਹਾਂ ਦੇ ਸਿਰ ਕੱਟ ਦਿੱਤੇ । ਪਰ ਵੈਰੀਆਂ ਨੇ ਉਸ ਨੂੰ ਚੁੱਕ ਜੀਉਂਦੀ ਨੂੰ ਅੱਗ ਵਿਚ ਸੁੱਟ ਕੇ ਸ਼ਹੀਦ ਕਰ ਦਿੱਤਾ । ਬੀਬੀ ਸ਼ਰਨ ਕੌਰ ਮਹਾਨ ਸ਼ਹੀਦ ਇਸਤਰੀ ਹੋਈ ਹੈ । ਇਨ੍ਹਾਂ ਮਹਾਨ ਸਿੱਖ ਬੀਬੀਆਂ ਦੇ ਪੂਰਨਿਆਂ ਤੇ ਚਲ ਕੇ ਮੀਰ ਮੰਨੂੰ ਵੇਲੇ ਉਹ ਬੀਬੀਆਂ ਵੀ ਇਨ੍ਹਾਂ ਵਾਂਗ ਨਿਰਭੈ ਅਣਖ ਤੇ ਸਵੈਮਾਨ ਤੇ ਦ੍ਰਿੜ ਵਿਸ਼ਵਾਸ਼ ਤੇ ਖੜੋ ਪੱਟੀ ਦੀਆਂ ਜੇਲਾਂ ਵਿੱਚ ਕਸ਼ਟ ਝੱਲੇ , ਬੱਚਿਆਂ ਤੇ ਟੋਟੇ ਕਰਾ ਗੱਲਾਂ ਵਿੱਚ ਹਾਰ ਪਵਾ ਸਿੱਖ ਇਤਿਹਾਸ ਨੂੰ ਚਾਰ ਚੰਦ ਲਾਏ ਅਕਾਲ ਪੁਰਖ ਦਾ ਭਾਣਾ ਮਿੱਠਾ ਤੇ ਪਿਆਰਾ ਕਰ ਕੇ ਮੰਨਿਆ ਤੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ।
( ਚਲਦਾ)
ਭਾਗ 5 👉 ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ ਸੀ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਕ ਘਟਨਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਹੈ। ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ।
ਜਿਸ ਕੁਲ ਜਾਤੀ ਦੇਸ਼ ਕੇ ਬੱਚੇ ਦੇ ਸਕਤੇ ਹੈਂ ਯੌਂ ਬਲੀਦਾਨ।
ਉਸ ਕਾ ਵਰਤਮਾਨ ਕੁਛ ਭੀ ਹੋ ਭਵਿਸ਼ਯ ਹੈ ਮਹਾਂ ਮਹਾਨ॥
ਗੁਰਮਤਿ ਅਨੁਸਾਰ ਅਧਿਆਤਮਿਕ ਅਨੰਦ ਦੀ ਪ੍ਰਾਪਤੀ ਲਈ ਮਨੁੱਖ ਨੂੰ ਆਪਾ ਮਿਟਾਉਣ ਦੀ ਲੋੜ ਹੁੰਦੀ ਹੈ। ਇਹ ਮਾਰਗ ਇੱਕ ਮਹਾਨ ਸੂਰਮਗਤੀ ਦਾ ਕਾਰਜ ਹੈ। ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਮਾਰਗ ਤੇ ਚੱਲਣ ਲਈ ਸਿਰ ਭੇਟ ਕਰਨ ਦੀ ਸ਼ਰਤ ਰੱਖੀ ਸੀ। ਇਸੇ ਲੀਹ ਤੇ ਤੁਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸੇ ਦੀ ਸਾਜਨਾ ਕੀਤੀ। ਖਾਲਸਾ ਇੱਕ ਆਦਰਸ਼ਕ, ਸੰਪੂਰਨ ਅਤੇ ਸੁਤੰਤਰ ਮਨੁੱਖ ਹੈ ਜਿਸ ਨੂੰ ਗੁਰਬਾਣੀ ਵਿੱਚ ਸਚਿਆਰ, ਗੁਰਮੁਖ ਅਤੇ ਬ੍ਰਹਮ ਗਿਆਨੀ ਕਿਹਾ ਗਿਆ ਹੈ। ਖਾਲਸਾ ਗੁਰੂ ਨੂੰ ਤਨ, ਮਨ, ਧਨ ਸੌਂਪ ਦਿੰਦਾ ਹੈ, ਤੇ ਜਬਰ ਜ਼ੁਲਮ ਦੇ ਟਾਕਰੇ ਲਈ ਜੂਝ ਮਰਨ ਤੋਂ ਝਿਜਕਦਾ ਨਹੀਂ ਹੈ-
ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ ਸਿਰ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਅਰੁ ਸਿੱਖ ਹੋਂ ਆਪਨੇ ਹੀ ਮਨ ਕਉ ਇਹ ਲਾਲਚ ਹਉ ਗੁਨ ਤਉ ਉਚਰੋਂ॥ ਜਬ ਆਵ ਕੀ ਅਉਧ ਨਿਧਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥
ਗੁਰੂ ਜੀ ਦੇ ਕਿਲਾ ਖਾਲੀ ਕਰਕੇ ਜਾਣ ਤੇ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿਗੱਚ ਲੜਾਈ ਹੋਈ ਜਿਸ ਦੌਰਾਨ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਵਹੀਰ ਤੋਂ ਵੱਖ ਹੋ ਗਏ
ਕਿ ਦਹ ਲਕ ਬਰਾਯਦ ਬਰੂੰ ਬੇਖਬਰ॥ (ਜ਼ਫ਼ਰਨਾਮਾ)
ਮਾਤਾ ਗੁਜਰ ਕੌਰ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਮਿਲ ਗਿਆ। ਇਹ ਉਹਨਾਂ ਨੂੰ ਮੋਰਿੰਡੇ ਕੋਲ ਪਿੰਡ ਸਹੇੜੀ ਵਿਖੇ ਆਪਣੇ ਘਰ ਲੈ ਗਿਆ। ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਉਸ ਨੇ ਮੋਰਿੰਡੇ ਦੇ ਥਾਣੇਦਾਰ ਨੂੰ ਖ਼ਬਰ ਦੇ ਕੇ ਬੱਚਿਆਂ ਨੂੰ ਫੜਾ ਦਿੱਤਾ। ਮੋਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰਕੇ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਉਸ ਰਾਤ ਉਹਨਾਂ ਨੂੰ ਕਿਲੇ ਦੇ ਠੰਢੇ ਬੁਰਜ ਵਿੱਚ ਰੱਖਿਆ ਗਿਆ। ਮਾਤਾ ਗੁਜਰ ਕੌਰ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ, ਤਿਨ੍ਹਾਂ ਨੂੰ ਸਾਰੀ ਰਾਤ ਠੰਡੇ ਬੁਰਜ ’ਚ ਭੁੱਖੇ-ਤਿਹਾਏ ਰੱਖਿਆ ਗਿਆ। ਭਾਈ ਮੋਤੀ ਰਾਮ ਨੇ, ਆਪਣੇ ਪਰਵਾਰ ਨੂੰ ਖ਼ਤਰੇ ਵਿੱਚ ਪਾ ਕੇ ਉਹਨਾਂ ਵਾਸਤੇ ਦੁੱਧ ਪਹੁੰਚਾਇਆ।
ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਬੱਚਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ, ਧਮਕਾਉਣ ਦੇ ਯਤਨ ਕੀਤੇ ਗਏ। ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ, ਹੁਣ ਤੁਸੀਂ ਕਿੱਥੇ ਜਾਓਗੇ। ਬੱਚਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ। ਵਜ਼ੀਰ ਖਾਨ ਨੇ ਕਾਜ਼ੀ ਦੀ ਰਾਇ ਲਈ ਕਿ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਕਾਜ਼ੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖ਼ਾਨ ਵੀ ਕਿਸੇ ਹੱਦ ਤੱਕ ਬੱਚਿਆਂ ਦਾ ਕਤਲ ਆਪਣੇ ਮੱਥੇ ‘ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ। ਹੁਣ ਉਸ ਨੇ ਨਵਾਬ ਮਾਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ। ਸ਼ੇਰ ਖਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਜੰਗ ਵਿੱਚ ਮਾਰਿਆ ਗਿਆ ਸੀ ਮੈਂ ਇਹਨਾਂ ਸ਼ੀਰ-ਖੋਰਾਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। ਅੱਲ੍ਹਾ ਯਾਰ ਖ਼ਾਂ ਜੋਗੀ ਦੇ ਸ਼ਬਦਾਂ ਵਿੱਚ-
ਬਦਲਾ ਹੀ ਲੈਣਾ ਹੋਗਾ ਤੋ ਲੇਂਗੇ ਬਾਪ ਸੇ।
ਮਹਿਫ਼ੂਜ਼ ਰਖੇ ਹਮ ਕੋ ਖ਼ੁਦਾ ਐਸੇ ਪਾਪ ਸੇ।
ਕਾਜ਼ੀ ਅਤੇ ਸ਼ੇਰ ਖਾਨ ਨੇ ਇਸੇ ਤਰ੍ਹਾਂ ਦੇ ਰਵੱਈਏ ਨੂੰ ਦੇਖਦੇ ਹੋਏ ਵਜ਼ੀਰ ਖਾਨ ਦੇ ਮਨ ਵਿੱਚ ਨਰਮੀ ਆਉਣ ਲੱਗੀ ਸੀ, ਪਰ ਦੀਵਾਨ ਸੁੱਚਾ ਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ। ਇਤਿਹਾਸਕ ਹਵਾਲਿਆਂ ਅਨੁਸਾਰ ਉਸ ਨੇ ਇੱਕ ਸ਼ੈਤਾਨ ਵਾਂਗ ਸਾਹਿਬਜ਼ਾਦਿਆਂ ਨੂੰ ਕੁਝ ਅਜਿਹੇ ਪ੍ਰਸ਼ਨ ਕੀਤੇ ਜਿਹਨਾਂ ਦੇ ਉੱਤਰ ਤੋਂ ਉਹਨਾਂ ਨੂੰ ਬਾਗ਼ੀ ਸਿੱਧ ਕੀਤਾ। ਉਸ ਨੇ ਵਜ਼ੀਰ ਖਾਨ ਨੂੰ ਵੀ ਉਕਸਾਇਆ ਕਿ ਇਹਨਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ। ਵਜ਼ੀਰ ਖ਼ਾਨ ਕੁਝ ਚਿਰ ਦੀ ਵੀਚਾਰ ਬਾਅਦ ਬੱਚਿਆ ਨੂੰ ਵਾਪਿਸ ਠੰਢੇ ਬੁਰਜ ਵਿੱਚ ਭੇਜ ਦਿੰਦਾ ਹੈ ।
( ਚਲਦਾ )
ਭਾਗ 6 👉 ਛੋਟੇ ਸਾਹਿਬਜ਼ਾਦਿਆਂ ਦਾ ਕਚਹਿਰੀ ਵਿੱਚ ਦੂਸਰੇ ਦਿਨ ਦਾ ਇਤਿਹਾਸ ਸਾਂਝਾਂ ਕਰਨ ਲੱਗੇ ਆ ਜੀ।
ਜਦੋਂ ਅਗਲੇ ਦਿਨ ਮਾਸੂਮ ਜਿੰਦਾਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਅੰਦਰ ਪੇਸ਼ ਕੀਤਾ ਜਾਣ ਲੱਗਾ ਤਾਂ ਉਸ ਵਜ਼ੀਰ ਖਾਂ ਨੇ ਸ਼ਰਾਰਤ ਨਾਲ ਕਿਲ੍ਹੇ ਦਾ ਵੱਡਾ ਦਰਵਾਜਾ ਬੰਦ ਕਰਵਾ ਦਿੱਤਾ ਅਤੇ ਛੋਟੀ ਖਿੜਕੀ ਖੋਲ੍ਹ ਦਿੱਤੀ ਤਾਂ ਕਿ ਜਦ ਛੋਟੇ ਸਾਹਿਬਜ਼ਾਦੇ ਅੰਦਰ ਆਉਣਗੇ ਤਾਂ ਉਹਨਾਂ ਦਾ ਸੀਸ ਝੁਕ ਜਾਵੇਗਾ ਅਤੇ ਅਸੀਂ ਤਾੜੀ ਮਾਰ ਕੇ ਆਖਾਂਗੇ ਕਿ ‘ਗੁਰੂ ਦਾ ਸਿੱਖ ਝੁੱਕ ਗਿਆ।’ ਪਰ, ਇਸਦੇ ਉਲਟ ਜਦ ਸਾਹਿਬਜ਼ਾਦੇ ਅੰਦਰ ਪ੍ਰਵੇਸ਼ ਕਰਨ ਲੱਗੇ ਤਾਂ ਪਹਿਲਾਂ ਖਿੜਕੀ ਰਾਹੀਂ ਆਪਣੇ ਪੈਰ ਰੱਖੇ ਫਿਰ ਸੀਸ ਅਤੇ ਛਾਤੀ ਤਾਨ ਕੇ ਗੱਜ ਕੇ ਫਤਹਿ ਬੁਲਾ ਦਿੱਤੀ। ਕੋਲ ਖੜ੍ਹਾ ਸੁੱਚਾ ਨੰਦ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਅਤੇ ਕਹਿਣ ਲੱਗਾ, “ਓਏ! ਇਹ ਤੁਹਾਡੇ ਗੁਰੁ ਗੋਬਿੰਦ ਸਿੰਘ ਦਾ ਦਰਬਾਰ ਨਹੀਂ। ਇਹ ਸੂਬਾ ਸਰਹੰਦ ਵਜ਼ੀਰ ਖਾਂ ਦੀ ਕਚਹਿਰੀ ਹੈ, ਝੁੱਕ ਕੇ ਸਲਾਮ ਕਰੋ।” ਤਾਂ ਸਾਹਿਬਜ਼ਾਦਿਆਂ ਦਾ ਜੁਆਬ ਸੀ, “ਸਾਨੂੰ ਪਤਾ ਹੈ, ਪਰ ਇਹ ਗੁਰੁ ਘਰ ਦਾ ਸਿਧਾਂਤ ਹੈ ਕਿ ਜਿੱਥੇ ਵੀ ਜਾਣਾ ਹੈ ਗੱਜ ਕੇ ਫ਼ਤਹਿ ਹੀ ਬੁਲਾਉਣੀ ਹੈ।”
ਵਜ਼ੀਰ ਖਾਂ ਦੀ ਕਚਹਿਰੀ ਦੇ ਅੰਦਰ ਕਹਿੰਦੇ ਨੇ ਜੇਕਰ ਕਿਸੇ ਦਾ ਈਮਾਨ ਡੁਲ੍ਹਾਉਣਾ ਹੋਵੇ ਤਾਂ ਤਿੰਨ ਤਰੀਕਿਆਂ ਨਾਲ ਡੁਲ੍ਹਾਇਆ ਜਾਂਦਾ ਹੈ। ਪਹਿਲਾਂ ਕਿਸੇ ਨੂੰ ਬਹੁੱਤਾ ਪਿਆਰ ਕਰ ਲਵੋ ਤਾਂ ਉਹ ਡੋਲ੍ਹ ਜਾਂਦਾ ਹੈ। ਦੂਜਾ ਲਾਲਚ ਨਾਲ ਅਤੇ ਤੀਜਾ ਡਰਾਵਾ ਦੇ ਕੇ। ਇਹ ਤਿੰਨੇ ਤਰੀਕੇ ਗੁਰੁ ਕੇ ਲਾਲਾਂ ਤੇ ਵੀ ਅਜ਼ਮਾਏ ਗਏ।
ਪਹਿਲਾਂ ਬੱਚਿਆਂ ਨੂੰ ਬੜੇ ਪਿਆਰ ਨਾਲ ਪੁਛਿਆ ਗਿਆ ਕਿ, ‘ਬੱਚਿਓ! ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਵੱਡੇ ਹੋ ਕੇ ਕੀ ਕਰੋਗੇ? ਲ਼ਾਲ ਕਹਿਣ ਲੱਗੇ:
“ਵਿੱਚ ਜੰਗਲਾਂ ਜਾਵਾਂਗੇ, ਸਿੱਖਾਂ ਨੂੰ ਜੋੜ ਲਿਆਵਾਂਗੇ (ਭਾਵ ਇਕੱਠੇ ਕਰਾਂਗੇ)
ਸ਼ਸਤਰ ਇਕੱਠੇ ਕਰਾਂਗੇ, ਘੋੜਿਆਂ ਉਪਰ ਚੜ੍ਹਾਂਗੇ, ਨਾਲ ਤੁਹਾਡੇ ਲੜਾਂਗੇ।”
ਦਰਬਾਰੀ ਸੁੱਚਾ ਨੰਦ ਕਹਿਣ ਲੱਗੇ ਕਿ ਇਹ ਸਪੋਲੀਏ ਹਨ, ਇਹਨਾਂ ਨੂੰ ਜਿਉਂਦਿਆਂ ਨਹੀਂ ਛੱਡਣਾ ਚਾਹੀਦਾ। ਪਰ ਫਿਰ ਇੱਕ ਵਾਰੀ ਪਿਆਰ ਨਾਲ ਕਿਹਾ ਜਾਣ ਲੱਗਾ: “ਤੁਸੀਂ ਬੜੇ ਮਾਸੂਮ ਹੋ, ਨਿੱਕੀਆਂ ਜਿੰਦਾਂ ਹੋ, ਤੁਹਾਨੂੰ ਕੋਹ-ਕੋਹ ਕੇ ਮਾਰ ਦਿੱਤਾ ਜਾਵੇਗਾ, ਇਸ ਲਈ ਜਿੰਦਗੀ ਜੀਉਣ ਲਈ ਸਿੱਖੀ ਦਾ ਤਿਆਗ ਕਰ ਦਿਉ।” ਅੱਗੋਂ ਸਾਹਿਬਜ਼ਾਦੇ ਕਹਿਣ ਲੱਗੇ:
“ਦਸਮੇਸ਼ ਪਿਤਾ ਦੇ ਬੱਚੜੇ ਹਾਂ, ਭਾਗਾਂ ਵਾਲੀ ਮਾਂ ਦੇ ਜਣੇ ਹੋਏ ਹਾਂ,
ਉਤੋਂ ਮੱਖਣ ਵਰਗਾ ਮਾਹੌਲ ਨਾ ਸਮਝੀਂ, ਅੰਦਰੋਂ ਫੋਲਾਦ ਦੇ ਬਣੇ ਹੋਏ ਹਾਂ।”
ਤਾਂ ਵਜ਼ੀਰ ਖਾਂ ਕਹਿਣ ਲੱਗਾ, “ਤੁਸੀਂ ਜੇਕਰ ਮੇਰੀ ਗੱਲ ਨਾ ਮੰਨੀ ਤਾਂ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਵੇਗਾ” ਤਾਂ ਗੁਰੁ ਕੇ ਲਾਲ ਕਹਿਣ ਲੱਗੇ,
“ਇਹ ਸ਼ਹਾਦਤਾਂ ਦਾ ਡਰ ਕਿਸੇ ਹੋਰ ਨੂੰ ਦਈਂ, ਅਸੀਂ ਸ਼ਹੀਦੀ ਤੋਂ ਡਰਨ ਵਾਲੇ ਨਹੀਂ। ਅਸੀ ਕੌਮ ਤੋਂ ਕੁਰਬਾਨ ਹੋਣਾ ਚੰਗੀ ਤਰ੍ਹਾਂ ਜਾਣਦੇ ਹਾਂ। ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੁੜ੍ਹਤੀ ਦਿੱਤੀ ਹੈ ਕਿ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥
(ਸਲੋਕ ਵਾਰਾਂ ਤੇ ਵਧੀਕ ਮ. 1, ਪੰਨਾ 1412)
ਵਜ਼ੀਰ ਖਾਂ ਕਹਿਣ ਲੱਗਾ, “ਜ਼ੋਰਾਵਰ ਸਿੰਘ, ਔਹ ਵੇਖ ਲੈ ਆਰੇ ਦੇ ਦੰਦੇ।”
ਤਾਂ ਅਗੋਂ ਜਵਾਬ ਸੀ, “ਮਤੀ ਦਾਸ ਦੇ ਸਿਰ ਐ ਜ਼ਾਲਮ, ਇਹ ਦੰਦੇ ਅਜ਼ਮਾ ਕੇ ਵੇਖ ਲਏ ਨੇ।”
ਵਜ਼ੀਰ ਖਾਂ ਫਿਰ ਕਹਿਣ ਲੱਗਾ, ਸੋਚ ਫਤਹਿ ਸਿੰਘ ਸੋਚ, ਨਹੀਂ ਤਾਂ ਮੱਛੀ ਵਾਂਗੂ ਲੋਹ ਤੇ ਤਲਸਾ।”
ਤਾਂ ਅਗੋਂ ਜਵਾਬ ਸੀ, “ਓਏ ਮੇਰੇ ਬਾਬੇ ਅਰਜਨ ਸਾਹਿਬ ਜੀ ਨੇ, ਇਸਤੇ ਵੀ ਅੰਗ ਤੁਲਵਾ ਕੇ ਦੇਖ ਲਏ ਨੇ।”
ਤਾਂ ਵਜ਼ੀਰ ਖਾਂ ਕਹਿਣ ਲੱਗਾ, “ਜ਼ੋਰਾਵਰ ਸਿੰਘ ਦੇਗਾਂ ਵਿੱਚ ਆਲੂਆਂ ਵਾਗ ਉਬਾਲੇ ਜਾਸੋ।”
ਅਗੋਂ ਜਵਾਬ ਆਇਆ, “ਓਏ ਗੁਰਸਿੱਖੀ ਲਈ ਭਾਈ ਦਿਆਲੇ ਨੇ, ਕਈ ਉਬਾਲੇ ਖਾ ਕੇ ਦੇਖ ਲਏ ਨੇ।”
ਸ਼ਾਹਿਜ਼ਾਦੇ ਕਹਿਣ ਲੱਗੇ, “ਤੂੰ ਜਿੰਨਾਂ ਮਰਜੀ ਜੁਲਮ ਕਰ ਲੈ, ਪਰ ਸਾਨੂੰ ਆਪਣੀ ਈਨ ਨਹੀਂ ਮੰਨਵਾ ਸਕਦਾ, ਅਸੀਂ ਕਿਸੇ ਵੀ ਹਾਲਤ ਵਿੱਚ ਸਿੱਖੀ ਨਹੀਂ ਛੱਡਾਂਗੇ।” ਅਸੀਂ ਸਿੱਖ ਹਾਂ ਅਤੇ ਆਪਾ ਮਿਟਾ ਕੇ ਗੁਰੁ ਦੇ ਵਿੱਚ ਲੀਨ ਹੋਵਾਂਗੇ ਕਿਉਂਕਿ ਜੋ ਸਿੱਖ ਉਸਨੇ ਆਪਣਾ ਤਨ, ਮਨ, ਧਨ ਗੁਰੂ ਨੂੰ ਹੀ ਅਰਪਣ ਕਰਨਾ ਹੈ ਅਤੇ ਸਿਰਫ ਗੁਰੁ ਪਾਤਸ਼ਾਹ ਜੀ ਦੇ ਹੁਕਿਮ ਨੂੰ ਹੀ ਸਤਿ ਸਤਿ ਕਰਕੇ ਮੰਨਣਾ ਹੈ। ਸਾਡਾ ਸਿਧਾਂਤ ਹੈ ।
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥ (ਰਾਮਕਲੀ ਮ. 3, ਪੰਨਾ 918)
ਹੁਣ ਦੂਸਰਾ ਤਰੀਕਾ ਵਰਤਿਆ ਜਾਣ ਲੱਗਾ ਅਤੇ ਵਜ਼ੀਰ ਖਾਂ ਗੁਰੁ ਕੇ ਲਾਲਾਂ ਨੂੰ ਲਾਲਚ ਦੇ ਕੇ ਕਹਿਣ ਲੱਗਾ, ਕਿ ਤੁਹਾਨੂੰ ਤਖ਼ਤ ਤੇ ਤਾਜ਼ ਮਿਲੇਗਾ। ਤਾਂ ਅੱਗੋਂ ਜੁਆਬ ਸੀ,
“ਜੁੱਤੀ ਦੀ ਇੱਕ ਠੋਕਰ ਨਾਲ ਤਖ਼ਤ ਤੇ ਤਾਜ਼ ਠੁਕਰਾ ਸਕਦੇ ਹਾਂ,
ਪਰ ਅਸੀਂ ਆਪਣਾ ਧਰਮ ਨਹੀਂ ਛੱਡ ਸਕਦੇ ਇਹ ਸੁਣ ਕੇ ਵਜੀਰ ਖਾਂਨ ਸੜ ਬਲ ਗਿਆਂ ਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਭੇਜ ਕੇ ਕਾਜੀ ਨੂੰ ਬਹੁਤ ਦਰਦਨਾਕ ਮੌਤ ਦਾ ਫਤਵਾ ਲਿਖ ਕੇ ਕਲ ਹਾਜਰ ਹੋਣ ਦਾ ਹੁਕਮ ਸੁਣਾਦਾ ਹੈ । ( ਚਲਦਾ )
ਭਾਗ 7 👉 ਸਿੱਖ ਇਤਿਹਾਸ –

ਦੀਵਾਨ ਸੁੱਚਾ ਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ। ਇਤਿਹਾਸਕ ਹਵਾਲਿਆਂ ਅਨੁਸਾਰ ਉਸ ਨੇ ਇੱਕ ਸ਼ੈਤਾਨ ਵਾਂਗ ਸਾਹਿਬਜ਼ਾਦਿਆਂ ਨੂੰ ਕੁਝ ਅਜਿਹੇ ਪ੍ਰਸ਼ਨ ਕੀਤੇ ਜਿਹਨਾਂ ਦੇ ਉੱਤਰ ਤੋਂ ਉਹਨਾਂ ਨੂੰ ਬਾਗ਼ੀ ਸਿੱਧ ਕੀਤਾ। ਉਸ ਨੇ ਵਜ਼ੀਰ ਖਾਨ ਨੂੰ ਵੀ ਉਕਸਾਇਆ ਕਿ ਇਹਨਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ। ਵਜ਼ੀਰ ਖਾਨ ਨੇ ਕਾਜ਼ੀ ਤੋਂ ਫਿਰ ਪੁੱਛਿਆ। ਇਸ ਵਾਰ ਕਾਜ਼ੀ ਨੇ ਮਾਲਕਾਂ ਦੀ ਮਰਜ਼ੀ ਅਨੁਸਾਰ ਬੱਚਿਆਂ ਨੂੰ ਕੰਧਾਂ ਵਿੱਚ ਚਿਣੇ ਜਾਣ ਦਾ ਫ਼ਤਵਾ ਦੇ ਦਿੱਤਾ। ਬੱਚਿਆਂ ਨੂੰ ਕੰਧਾਂ ਵਿੱਚ ਚਿਣਿਆ ਗਿਆ। ਕੰਧ ਜਦੋਂ ਮੋਢਿਆਂ ਤੱਕ ਆਈ ਤਾਂ ਡਿਗ ਗਈ । ਬੱਚਿਆਂ ਦੇ ਫ਼ੁੱਲਾਂ ਵਰਗੇ ਸਰੀਰ ਇਸ ਚੋਟ ਨੂੰ ਨਾ ਸਹਾਰਦੇ ਹੋਏ ਬੇਹੋਸ਼ ਹੋ ਗਏ ਸਨ। ਇਸ ਤੋਂ ਬਾਅਦ 27 ਦਸੰਬਰ ਨੂੰ ਬੱਚਿਆਂ ਨੂੰ ਕਚਹਿਰੀ ਵਿੱਚ ਫਿਰ ਪੇਸ਼ ਕੀਤਾ ਗਿਆ। ਉਹਨਾਂ ਨੂੰ ਫਿਰ ਦੀਨ ਕਬੂਲਣ ਲਈ ਦਬਾਅ ਪਾਇਆ ਗਿਆ ਪਰ ਸਾਹਿਬਜ਼ਾਦਿਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਉਹਨਾਂ ਦੇ ਸਿਰ ਤੇ 10 ਪਾਤਸ਼ਾਹੀਆਂ ਦੇ ਮਹਾਨ ਕਾਰਜਾਂ ਦੀ ਜ਼ਿੰਮੇਵਾਰੀ ਦਾ ਭਾਰ ਆ ਪਿਆ ਸੀ ਉਹ ਇਸ ਨੂੰ ਹੇਠਾਂ ਨਹੀਂ ਗੇਰਨਾ ਚਾਹੁੰਦੇ ਸਨ। ਉਹਨਾਂ ਨੇ ਆਪਣੇ ਦਾਦੇ ਦੀ ਤਰ੍ਹਾਂ ਸ਼ਹੀਦੀ ਪਾਉਣ ਦਾ ਪ੍ਰਣ ਕਰ ਲਿਆ। ਭਾਈ ਦੁੱਨਾ ਸਿੰਘ ਹੰਡੂਰੀਆ ਜੋ ਚਮਕੌਰ ਸਾਹਿਬ ਤੱਕ ਗੁਰੂ ਜੀ ਦੇ ਨਾਲ ਸੀ, ਇਸ ਤਰ੍ਹਾਂ ਲਿਖਦਾ ਹੈ-
ਜ਼ੋਰਾਵਰ ਸਿੰਘ ਐਸੇ ਭਨੈ, ਕਿਉਂ ਭਾਈ! ਅਬ ਕਿਉਂ ਕਰ ਬਨੈ। ਫਤੇ ਸਿੰਘ ਤਬ ਕਹਯੋ ਬਖਾਨ, ‘ਦਸ ਪਾਤਸ਼ਾਹੀ ਹੋਵਹਿ ਹਾਨ।
ਹੁਣ ਬੱਚਿਆਂ ਨੂੰ ਜ਼ਿਬਹ ਕਰਨ ਦਾ ਹੁਕਮ ਸੁਣਾਇਆ ਗਿਆ। ਦੋ ਜਲਾਦਾਂ ਨੇ ਦੋਵੇਂ ਬੱਚਿਆਂ ਨੂੰ ਗੋਡੇ ਹੇਠ ਦੇ ਕੇ ਪਹਿਲਾਂ ਉਹਨਾਂ ਦੇ ਗਲਾਂ ਵਿੱਚ ਖੰਜਰ ਖੋਭੇ ਅਤੇ ਫੇਰ ਤਲਵਾਰ ਮਾਰ ਕੇ ਸੀਸ ਧੜ ਤੋਂ ਅਲੱਗ ਕਰ ਦਿੱਤੇ। ਜਦੋਂ ਸ਼ਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਠੰਢੇ ਬੁਰਜ ਵਿੱਚ ਕੈਦ ਮਾਤਾ ਗੁਜਰ ਕੌਰ ਜੀ ਨੂੰ ਦਿੱਤੀ ਗਈ ਤਾਂ ਮਾਤਾ ਜੀ ਸੁਮਾਧੀ ਲੀਨ ਹੋ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਲੱਗੇ ਤੁਸੀਂ ਬੱਚਿਆਂ ਤੇ ਮਿਹਰ ਦੀ ਨਜ਼ਰ ਕਰਕੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾ ਦਿੱਤੀ ਹੈ। ਮਾਤਾ ਨੂੰ ਸੁਮਾਧੀ ਅਵਸਥਾ ਵਿੱਚ ਹੀ ਜ਼ਾਲਮਾਂ ਨੇ ਠੰਡੇ ਬੁਰਜ ਤੋ ਹੇਠਾਂ ਸੁੱਟ ਕੇ ਸ਼ਹੀਦ ਕਰ ਦਿੱਤਾ। ਸਾਹਿਬਜ਼ਾਦਿਆਂ ਦੀ ਸ਼ਹੀਦੀ ਮਹਿਜ਼ ਸ਼ਹੀਦੀ ਨਹੀਂ ਸਗੋਂ ਇਸ ਤੋਂ ਵੀ ਬਹੁਤ ਵੱਧ ਸੀ। ਉਹਨਾਂ ਨੂੰ ਮਾਨਸਿਕ ਤੌਰ ‘ਤੇ ਭਰਮਾਉਣ ਦਾ ਯਤਨ ਕੀਤਾ ਗਿਆ ਸੀ। ਕਈ ਵਾਰ ਮੌਤ ਦੇ ਭੈ ਵਿੱਚੋਂ ਲੰਘਾਇਆ ਗਿਆ ਸੀ ਅਤੇ ਤੜਫਾ ਤੜਫਾ ਕੇ ਸ਼ਹੀਦ ਕੀਤਾ ਗਿਆ ਸੀ। ਇਹ ਸਾਰਾ ਤਸ਼ੱਦਦ ਉਹਨਾਂ ਨੇ ਕਿਵੇਂ ਬਰਦਾਸ਼ਤ ਕੀਤਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਉਹਨਾਂ ਨੇ ਜਬਰ ਦਾ ਮੂੰਹ ਮੋੜ ਕੇ ਦਸਾਂ ਪਾਤਸ਼ਾਹੀਆਂ ਦੀ ਸ਼ਾਨ ਨੂੰ ਕਾਇਮ ਰੱਖਿਆ ਅਤੇ ਖ਼ਾਲਸਾ ਪੰਥ ਨੂੰ ਫ਼ਤਹਿ ਦਿਵਾਈ। ਗੁਰੂ ਜੀ ਦੇ ਬੱਚਿਆਂ ਨੂੰ ਇਸ ਮਕਸਦ ਨਾਲ ਕਤਲ ਕੀਤਾ ਗਿਆ ਸੀ ਕਿ ਗੁਰਮਤਿ ਦਾ ਦੀਪਕ ਇਸ ਜਗਤ ਵਿੱਚੋਂ ਬੁਝ ਜਾਵੇਗਾ। ਪਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਗੁਰਮਤਿ ਦੀ ਅਖੰਡ ਜੋਤੀ ਤਾਂ ਖ਼ਾਲਸੇ ਦੇ ਦਿਲਾਂ ਵਿੱਚ ਪ੍ਰਵੇਸ਼ ਕਰ ਗਈ ਸੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਕੀ ਹੋਇਆ ਮੇਰੇ ਚਾਰ ਬੱਚੇ ਮਾਰ ਦਿੱਤੇ ਹਨ, ਮੇਰਾ ਪੰਜਵਾਂ ਪੁੱਤਰ ਖਾਲਸਾ ਤਾਂ ਅਜੇ ਜ਼ਿੰਦਾ ਹੈ ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੇ ਆਪਣੇ ਸਿਦਕ ਦੀ ਪ੍ਰੀਖਿਆ ਦੇਣ ਸਮੇਂ ਸ਼ਹੀਦੀ ਦੇ ਸਮੇਂ ਤੋਂ ਕੁਝ ਚਿਰ ਪਹਿਲਾਂ, ਜੋ ਤਸੀਹੇ ਉਨ੍ਹਾਂ ਮਾਸੂਮ ਸਾਹਿਬਜ਼ਾਦਿਆਂ ਨੇ ਆਪਣੇ ਪਿੰਡੇ ‘ਤੇ ਹੰਢਾਏ, ਕੀ ਉਸ ਕਹਿਰ ਨੂੰ ਯਾਦ ਕਰਕੇ ਕਦੇ ਸਾਡੀ ਰੂਹ ਵੀ ਤੜਫਦੀ ਹੈ? ਕੀ ਅਸੀਂ ਵੀ ਕਦੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹੋਣ ਦੇ ਨਾਤੇ ਆਪਣੀ ਛਾਤੀ ਉੱਤੇ ਸਰਹੰਦ ਦੀਆਂ ਦੀਵਾਰਾਂ ਦਾ ਭਾਰ ਮਹਿਸੂਸ ਕੀਤਾ ਹੈ? ਕੀ ਅਸੀਂ ਵੀ ਕਦੇ ਸਰਹੰਦ ਦੀਆਂ ਕੰਧਾਂ ਦੇ ਸਨਮੁੱਖ ਖੜ੍ਹੇ ਹੋ ਕੇ ਆਪਣੇ ਅੰਦਰਲੇ ਸਿੱਖੀ ਸਿਦਕ ਨੂੰ ਝੰਜੋੜਨ ਦੀ ਕੋਸ਼ਿਸ਼ ਕੀਤੀ ਹੈ? ਕੀ ਅੱਜ ਹਰ ਸਿੱਖ ਦਾ ਆਪਣੇ ਅੰਦਰ ਅੰਤਰ-ਝਾਤ ਪਾਉਣ ਦਾ ਸਮਾਂ ਨਹੀਂ ਹੈ? ਗੁਰੂ ਅਤੇ ਸਿੱਖ ਦਾ ਤਾਂ ਰਿਸ਼ਤਾ ਹੀ ਕੇਵਲ ਸਿਦਕ ਦਾ ਹੈ। ਛੋਟੇ ਸਾਹਿਬਜ਼ਾਦਿਆਂ ਨੇ ਆਪਣੀਆਂ ਮਾਸੂਮ ਜਿੰਦਾਂ ਦੀ ਪ੍ਰਵਾਹ ਨਾ ਕਰਦੇ ਹੋਏ ਤਸੀਹੇ ਸਹਿ ਕੇ ਵੀ ਆਪਣੇ ਸਿਦਕ ਨੂੰ ਪਿੱਠ ਨਹੀਂ ਦਿੱਤੀ। ਇਸੇ ਲਈ ਹੀ ਉਨ੍ਹਾਂ ਦੇ ਸ਼ਹੀਦੀ ਅਸਥਾਨ ਫਤਿਹਗੜ੍ਹ ਸਾਹਿਬ (ਸਰਹੰਦ) ਵਿਖੇ ਦੁਨੀਆ ਭਰ ਦੇ ਅਕੀਦਤਮੰਦ ਉਨ੍ਹਾਂ ਦੇ ‘ਸਿੱਖੀ ਸਿਦਕ’ ਨੂੰ ਪ੍ਰਣਾਮ ਕਰਨ ਲਈ ਜੁੜਦੇ ਹਨ ਪਰ ਅਸੀਂ ਗੁਰੂ ਸਾਹਿਬਾਨ ਦੀ ਵਰੋਸਾਈ ਧਰਤੀ ਦੇ ਸਿੱਖ ਆਪਣਾ ਸਿੱਖੀ ਸਿਦਕ ਕਿਉਂਂ ਹਾਰ ਰਹੇ ਹਾਂ? ਸਾਡੀ ਸਿਦਕੋਂ ਹਾਰਿਆਂ ਦੀ ਬਹੁੜੀ ਕੌਣ ਕਰੂ? ਕੀ ਕਦੇ ਇਕੱਲ ਵਿਚ ਬੈਠ ਕੇ ਸੋਚਿਆ ਹੈ ਕਿ ਅਸੀਂ ਕਿਸ ਅਧੋਗਤੀ ਵੱਲ ਨੂੰ ਜਾ ਰਹੇ ਹਾਂ? ਕੀ ਇਹ ਕੌੜਾ ਤੇ ਨੰਗਾ ਸੱਚ ਨਹੀਂ ਕਿ ਅੱਜ ਸਿੱਖਾਂ ਦੇ ਘਰਾਂ ਵਿਚੋਂ ‘ਊੜਾ ਅਤੇ ਜੂੜਾ’ ਦੋਵੇਂ ਹੀ ਗਵਾਚ ਰਹੇ ਹਨ, ਅਸੀਂ ਸਿੱਖੀ ਸਰੂਪ ਅਤੇ ਸਿੱਖ-ਅਦਬ ਨੂੰ ਖੁਦ ਹੀ ਢਾਅ ਲਾਈ ਜਾ ਰਹੇ ਹਾਂ। ਅਸੀਂ ਹਰ ਰੋਜ਼ ਅਰਦਾਸ ਵੀ ਕਰਦੇ ਹਾਂ ਤੇ ਅਰਦਾਸ ਦੇ ਸ਼ਹੀਦਾਂ ਦੀ ਮਰਿਆਦਾ ਦਾ ਅਪਮਾਨ ਵੀ ਕਰਦੇ ਹਾਂ! ਇੰਝ ਅਸੀਂ ਆਪਣੇ ਨਿੱਤ ਦੇ ਰੁਝੇਵਿਆਂ ਵਿਚ ਆਪਣੇ ਗੌਰਵ ਦਾ ਅਚੇਤ ਅਤੇ ਸੁਚੇਤ ਰੂਪ ਵਿਚ ਨਿਰਾਦਰ ਕਰਦੇ ਰਹਿੰਦੇ ਹਾਂ। ਸਾਡੀਆਂ ਤਾਂ ਸਰਦਾਰੀਆਂ ਹੀ ਦਸਤਾਰਾਂ ਤੇ ਕੇਸਾਂ ਨਾਲ ਹਨ, ਇਹ ਨਿਸ਼ਾਨੀਆਂ ਸਾਡੇ ਸਿਦਕ ਦੀ ਨਿਸ਼ਾਨਦੇਹੀ ਕਰਦੀਆਂ ਹਨ ਤੇ ਸਾਡੀ ਅੱਡਰੀ ਪਹਿਚਾਣ ਸਥਾਪਿਤ ਕਰਦੀਆਂ ਹਨ। ਖਾਲਸਾ ਜੀ ਚੇਤੇ ਰੱਖੋ! ਕਿ ਜਦੋਂ ਦਸਤਾਰਾਂ ਤੇ ਕੇਸ ਗਵਾਚਦੇ ਹਨ ਤਾਂ ਸਿੱਖ ਸਰੂਪ ਦੀ ਵਿਲੱਖਣਤਾ ਵੀ ਨਾਲ ਹੀ ਗਵਾਚ ਜਾਂਦੀ ਹੈ, ਇੱਜ਼ਤਾਂ ਸਾਥ ਛੱਡ ਜਾਂਦੀਆਂ ਹਨ ਤੇ ਸਿੱਖ ਗੌਰਵ ਦੀ ਅਧੋਗਤੀ ਦਾ ਮੁੱਢ ਬੱਝਦਾ ਹੈ। ਅੱਜ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਮੌਕੇ ਜੁੜੀਆਂ ਭੀੜਾਂ ਵਿਚੋਂ ਮਾਸੂਮ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਆਪਣੇ ਸਿਦਕਵਾਨ ਸਿੰਘਾਂ ਨੂੰ ਲੱਭ ਰਹੇ ਹਨ। ਆਓ ਗੰਭੀਰਤਾ ਨਾਲ ਵਿਚਾਰੀਏ ਕਿ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਤੋਂ ਕੇਵਲ ਕੁਝ ਸੌ ਸਾਲ ਬਾਅਦ ਅੱਜ ਸਿੱਖ ਕਿੱਥੇ ਖੜ੍ਹੇ ਹਨ? ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ‘ਤੇ ਫਤਿਹਗੜ੍ਹ ਸਾਹਿਬ ਵਿਖੇ ਹੁੰਦੀਆਂ ਰਹੀਆਂ ਸਿਆਸੀ ਕਾਨਫਰੰਸਾਂ ਵਿਚ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਲੀਡਰ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਸ਼ਹੀਦੀ ਜੋੜ ਮੇਲੇ ਦਾ ਲਾਹਾ ਲੈਂਦੇ ਰਹੇ ਹਨ। ਇਕ-ਦੂਸਰੇ ਖਿਲਾਫ ਗਾਲੀ-ਗਲੋਚ ਕਰਦੇ ਇਹ ਲੀਡਰ ਗੁਰੂ ਜੀ ਦੇ ਸਾਹਿਬਜ਼ਾਦਿਆਂ ਦਾ ਤਾਂ ਕਈ ਵਾਰੀ ਨਾਮ ਤੱਕ ਵੀ ਨਹੀਂ ਲੈਂਦੇ, ਅਕੀਦਤ ਭੇਟ ਕਰਨਾ ਤਾਂ ਦੂਰ ਦੀ ਗੱਲ ਹੈ। ਇਹ ਤਾਂ ਉੱਕਾ ਹੀ ਭੁੱਲ ਚੁੱਕੇ ਹਨ ਕਿ ਇਸ ਧਰਤੀ ‘ਤੇ ਗੁਰੂ ਦੇ ਲਾਲਾਂ ਨਾਲ ਕੀ ਕਹਿਰ ਵਾਪਰਿਆ ਸੀ? ਹਨੇਰ ਸਾਈਂ ਦਾ, ਅੱਜ ਉਸੇ ਧਰਤੀ ‘ਤੇ ਸ਼ਹੀਦੀ ਦਿਹਾੜੇ ਸਮੇਂ ਲੋਕ ਚੰਡੋਲਾਂ ਝੂਟਦੇ ਤੇ ਚਾਂਗਰਾਂ ਮਾਰਦੇ ਫਿਰਦੇ ਹਨ। ਥਾਂ-ਥਾਂ ਲੰਗਰਾਂ ਵਿਚ ਪਕਦੇ ਲਜ਼ੀਜ਼ ਪਕਵਾਨ, ਗਰਮ ਗਰਮ ਜਲੇਬੀਆਂ ਤੇ ਬਦਾਮਾਂ ਦੀਆਂ ਖੀਰਾਂ, ਹੂਟਰ ਮਾਰਦੀਆਂ ਵਜ਼ੀਰਾਂ ਅਤੇ ਸਮਰੱਥ ਅਧਿਕਾਰੀਆਂ ਦੀਆਂ ਕਾਰਾਂ, ਗੁਰਦੁਆਰਾ ਫਤਿਹਗੜ੍ਹ ਸਾਹਿਬ ਅਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਉੱਪਰ ਮੰਡਰਾਉਂਦਾ ਮੁੱਖ ਮੰਤਰੀ ਦਾ ਹੈਲੀਕਾਪਟਰ, ਆਖਿਰ ਇਹ ਵਰਤਾਰੇ ਕਿਹੋ ਜਿਹੇ ਧਾਰਮਿਕ ਸਿਦਕ ਅਤੇ ਮਰਿਆਦਾ ਦਾ ਸੰਕੇਤ ਦੇ ਰਹੇ ਹਨ?
( ਚਲਦਾ)
ਭਾਗ 8 👉 ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਬੇਅਦਬੀ ਤੋਂ ਬਚਾਉਣ ਲਈ ਅਪਣੇ ਕੋਲੋਂ ਵੱਡਾ ਧਨ ਖ਼ਰਚ ਕੇ ਪੂਰੇ ਸਨਮਾਨ ਸਾਹਿਤ ਅੰਤਿਮ ਸਸਕਾਰ ਕਰਨ ਵਾਲੇ ਗੁਰੂ ਕੇ ਪਿਆਰੇ ਸਿੱਖ ਸੇਠ ਟੋਡਰ ਮੱਲ ਦਾ ਸਿੱਖ ਸਮਾਜ ਰਹਿੰਦੀ ਦੁਨੀਆਂ ਤਕ ਰਿਣੀ ਰਹੇਗਾ।
ਦੁਨੀਆਂ ਦੀ ਇਸ ਮਹਿੰਗੀ ਜ਼ਮੀਨ ਦੀ ਖ਼੍ਰੀਦ ਕਰਨ ਲਈ ਵੱਡੇ ਹੌਸਲੇ ਤੇ ਧਨ ਦੀ ਲੋੜ ਸੀ ਤੇ ਵਕਤ ਦੀ ਇਸ ਵੱਡੀ ਤੇ ਇਤਿਹਾਸਕ ਲੋੜ ਨੂੰ ਪੂਰਾ ਕਰਨ ਅੱਗੇ ਆਏ ਦੀਵਾਨ ਟੋਡਰ ਮੱਲ ਜੀ ਜਿਨ੍ਹਾਂ ਨੇ ਉਸ ਸਮੇਂ ਲਗਭਗ 78000 ਸੋਨੇ ਦੀਆਂ ਮੋਹਰਾਂ ਨੂੰ ਖੜੀਆਂ ਕਰ ਕੇ ਗੁਰੂਘਰ ਪ੍ਰਤੀ ਅਪਣੇ ਫ਼ਰਜ਼ ਨੂੰ ਨਿਭਾਇਆ ਤੇ ਸਿੱਖ ਇਤਿਹਾਸ ਦੇ ਅਮਰ ਪਾਤਰ ਬਣ ਗਏ।
ਟੋਡਰਮੱਲ ਜੀ ਜ਼ਿਲ੍ਹਾ ਲਾਹੌਰ ਪਿੰਡ ਚੂਹਈਆਂ ਦੇ ਵਾਸੀ ਇਕ ਗ਼ਰੀਬ ਖੱਤਰੀ ਸ੍ਰੀ ਭਗਵਤੀ ਦਾਸ ਦੇ ਘਰ ਵਿਚ ਜਨਮਿਆ । ਕੁਝ ਇਤਿਹਾਸਕਾਰ ਇਹਨਾਂ ਦਾ ਜਨਮ ਅੱਜੋਕਾ ਲਹਾਰਪੁਰ, ਉੱਤਰ ਪ੍ਰਦੇਸ਼, ਭਾਰਤ ਵਿੱਚ ਦਸਦੇ ਹਨ ਤੇ ਕੁਝ ਕਾਕੜਾ ਦਾ ਪਿੰਡ ਤੇ ਬਲਾਕ ਭਵਾਨੀਗੜ੍ਹ ਜਿਲਾ ਸੰਗਰੂਰ, ਟੋਡਰਮੱਲ ਜੀ ਫ਼ਾਰਸੀ ਤੋਂ ਬਿਨਾਂ ਹਿੰਦੀ ਦਾ ਵੀ ਕਵੀ ਸੀ । ਇਸ ਦੀ ਇਕ ਰਚਨਾ ਇਸ ਤਰ੍ਹਾਂ ਹੈ :
ਤੀਰ ਬਿਨ ਜਿਵੇ ਕਮਾਨ ਗੁਰੂ ਬਿਨ ਜੈਸੇ ਗਯਾਨ
ਮਾਨ ਬਿਨ ਦਾਨ ਜੈਸੇ ਜਲ ਬਿਨ ਸਰ ਹੈ ,
ਕੰਠ ਬਿਨ ਗੀਤ ਜੈਸੇ ਹਿਤੁ ਬਿਨ ਪ੍ਰੀਤਿ
ਜੈਸੇ ਵੇਸ਼ਯਾ ਰਸਰੀਤਿ ਜੈਸੇ ਫਲ ਬਿਨ ਤਰ ਹੈ ,
ਤਾਰ ਬਿਨ ਯੰਤੂ ਜੈਸੇ ਸਯਾਨੇ ਬਿਨ ਮੰਤ੍ਰ ਜੈਸੇ
ਪਤਿ ਬਿਨ ਨਾਰਿ ਜੈਸੇ ਪੁਤ੍ਰ ਬਿਨ ਘਰ ਹੈ ,
“ ਟੋਡਰ ” ਸੁ ਕਵਿ ਤੈਸੇ ਮਨ ਮੇ ਵਿਚਾਰ ਦੇਖੋ
ਧਰਮ ਵਿਹੀਨ ਧਨ ਪਕੀ ਬਿਨ ਪਰ ਹੈ .
ਮਾਤਾ ਗੁਜਰ ਕੌਰ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਦੀਆਂ ਦੇਹਾਂ ਦਾ ਅੰਤਿਮ ਸਸਕਾਰ ਕਰਨ ਲਈ ਦੀਵਾਨ ਟੋਡਰ ਮੱਲ ਨੇ ਜ਼ਮੀਨ ਦਾ ਇੱਕ ਟੁਕੜਾ ਚੌਧਰੀ ਅੱਤਾਂ ਨਾਂ ਦੇ ਇੱਕ ਜ਼ਿਮੀਂਦਾਰ ਪਾਸੋਂ ਭਾਰੀ ਕੀਮਤ ਅਦਾ ਕਰਕੇ ਖ਼ਰੀਦਿਆ ਸੀ। ਦੀਵਾਨ ਸਾਹਿਬ ਨੇ ਸਬੰਧਿਤ ਜ਼ਮੀਨ ਦੇ ਟੁਕੜੇ ’ਤੇ ਸੋਨੇ ਦੇ ਸਿੱਕੇ (ਅਸ਼ਰਫੀਆਂ) ਖੜ੍ਹੇ ਕਰ ਕੇ ਮੁੱਲ ਉਤਾਰਿਆ ਸੀ। ਸੇਠ ਟੋਡਰ ਮੱਲ ਨੇ ਹੀ ਇਨ੍ਹਾਂ ਤਿੰਨਾਂ ਸ਼ਹੀਦਾਂ ਦੀਆਂ ਦੇਹਾਂ ਨੂੰ ਅੰਤਿਮ ਸਸਕਾਰ ਕਰਨ ਦਾ ਪ੍ਰਬੰਧ ਕੀਤਾ ਸੀ। ਇਹੋ ਕਾਰਨ ਹੈ ਕਿ ਸਿੱਖ ਜਗਤ ਵਿੱਚ ਦੀਵਾਨ ਸਾਹਿਬ ਨੂੰ ਬੜੀ ਸ਼ਰਧਾ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ।
ਟੋਡਰ ਮੱਲ ਜੀ ਨੂੰ ਸ਼ਾਹਜਹਾਨੀ ਵੀ ਕਿਹਾ ਜਾਂਦਾ ਸੀ। ਬਾਦਸ਼ਾਹ ਨੇ ਇਸ ਨੂੰ ‘ਰਾਏ’ ਦਾ ਖ਼ਿਤਾਬ ਦਿੱਤਾ ਹੋਇਆ ਸੀ। ਇਸ ਕੋਲ ਪਹਿਲਾਂ 100 ਘੋੜਸਵਾਰ ਅਤੇ 200 ਪਿਆਦਾ ਫ਼ੌਜ ਰੱਖਣ ਦਾ ਹੱਕ ਸੀ, ਜੋ ਵਧਦਾ ਵਧਦਾ 1648 ਵਿੱਚ 2000 ਘੋੜਸਵਾਰ ਤੇ 4000 ਪਿਆਦਾ ਸਿਪਾਹੀਆਂ ਦਾ ਹੋ ਗਿਆ ਸੀ। 1650 ਵਿੱਚ ਇਸ ਟੋਡਰ ਮੱਲ ਦੇ ਨਿਜ਼ਾਮ ਹੇਠ ਸਰਹੰਦ ਹੀ ਨਹੀਂ ਬਲਕਿ ਦੀਪਾਲਪੁਰ, ਜਲੰਧਰ ਤੇ ਸੁਲਤਾਨਪੁਰ ਦੇ ਸੂਬੇ ਵੀ ਸਨ। ਇਨ੍ਹਾਂ ਦੀ ਆਮਦਨ ਵਿਚੋਂ 50 ਲੱਖ ਟਕੇ ਸਾਲਾਨਾ ਉਸ ਨੂੰ ਆਪਣੇ ਵਾਸਤੇ ਮਿਲਦੇ ਸਨ। ਉਹ ਜਿਸ ਮਹਲ ਵਿੱਚ ਰਹਿੰਦਾ ਸੀ ਉਸ ਦਾ ਨਾਂ ਜਹਾਜ਼ੀ ਹਵੇਲੀ ਸੀ ਕਿਉਂ ਕਿ ਉਸ ਦੀ ਸ਼ਕਲ ਸਮੁੰਦਰੀ ਜਹਾਜ਼ ਵਰਗੀ ਸੀ। ਦੀਵਾਨ ਟੋਡਰ ਮੱਲ ਸਰਹਿੰਦ ਦਾ ਧਨਾਢ ਮਹਾਜਨ ਸੀ। ਕਿਹਾ ਜਾਂਦਾ ਹੈ ਕਿ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੀ ਸ਼ਹਿਦੀ ਪਿੱਛੋਂ ਉਹਨਾਂ ਦੇ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਦੇ ਲਈ ਵੱਡੀ ਕੀਮਤ ਦੇ ਕੇ ਜ਼ਮੀਨ ਖ਼ਰੀਦੀ ਸੀ। ਦੀਵਾਨ ਟੋਡਰ ਮੱਲ ਆਗਰਾ ਤੋਂ ਲਾਹੌਰ ਤੱਕ ਜਾਣ ਲਈ ਲੰਮਾ ਸਫ਼ਰ ਤੈਅ ਕਰਨ ਵਾਲੇ ਯਾਤਰੀਆਂ ਦੀ ਪਿਆਸ ਬੁਝਾਉਣ ਲਈ ਰਾਜਾਤਾਲ ਵਿੱਚ ਬਣੇ ਤਲਾਬ ਦੇ ਪਾਣੀ ਦਾ ਪ੍ਰਬੰਧ ਕਰਨਾ ਬਹੁਤ ਵੱਡਾ ਪੁੰਨ ਸਮਝਦਾ ਸੀ। ਤਲਾਬ ਬਣਵਾਉਣ ਦੇ ਉਪਰਾਲੇ ਨਾਲ ਮਿਲੀ ਪ੍ਰਸਿੱਧੀ ਦੇ ਸਿੱਟੇ ਵਜੋਂ ਟੋਡਰ ਮੱਲ ਨੂੰ 1582 ਵਿੱਚ ‘ਦੀਵਾਨ’ ਦੀ ਉਪਾਧੀ ਪ੍ਰਾਪਤ ਹੋਈ। ਦੀਵਾਨ ਟੋਡਰ ਮੱਲ ਅਕਬਰ ਬਾਦਸ਼ਾਹ ਦੇ ਦਰਬਾਰ ਦਾ ਉੱਘਾ ਦਰਬਾਰੀ, ਧਾਰਮਿਕ ਤੇ ਦਿਆਲੂ ਸ਼ਖ਼ਸੀਅਤ ਸੀ। ਟੋਡਰ ਮੱਲ ਨੂੰ ਰਾਜ ਦਰਬਾਰ ਵਿੱਚ ਇੱਕ ਧਰਮੀ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ, ਜੋ ਖੇਤੀਬਾੜੀ ਸੁਧਾਰਾਂ ਵਿੱਚ ਮਾਹਿਰ ਸੀ।
ਭਾਈ ਟੋਡਰਮੱਲ ਜੀ, ਭਾਈ ਰਾਮਾਂ ਜੀ , ਭਾਈ ਤ੍ਲੋਕਾ ਜੀ , ਬਲੀਆਂ ਦਾ ਪਠਾਨ ਤੇ ਭਾਈ ਮੋਤੀ ਰਾਮ ਜੀ ਤੇ ਉਹਨਾਂ ਦਾ ਪਰਿਵਾਰ ਜੋ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੇ ਸਰੀਰ ਦੇ ਅੰਤਿਮ ਸੰਸਕਾਰ ਵੇਲੇ ਮੌਜੂਦ ਸਨ।
ਕਈ ਵੀਰ ਕਹਿੰਦੇ ਹਨ ਜੇ ਸੇਠ ਟੋਡਰ ਮੱਲ ਜੀ ਕੋਲ ਆਪਣੀ ਜਮੀਨ ਸੀ ਫੇਰ ਏਨੀਆ ਮੋਹਰਾ ਦੇ ਕੇ ਕਿਉ ਸੰਸਕਾਰ ਕੀਤਾ ਸਾਹਿਬਜਾਦਿਆਂ ਤੇ ਮਾਤਾ ਜੀ ਦਾ , ਮੈ ਦਸ ਦੇਣਾ ਚਾਹੁੰਦਾ ਹਾ ਵਜੀਰ ਖਾਂਨ ਨੇ ਮਾਤਾ ਜੀ ਤੇ ਸਾਹਿਬਜਾਦਿਆਂ ਦਾ ਸਰੀਰ ਰੁਲਣ ਵਾਸਤੇ ਦਰੱਖ਼ਤ ਦੇ ਕੋਲ ਛੁਟਵਾ ਦਿੱਤਾ ਸੀ । ਤੇ ਹੁਕਮ ਕੀਤਾ ਸੀ ਕਿ ਕੋਈ ਇਹਨਾ ਦੇ ਸਰੀਰਾਂ ਨੂੰ ਹੱਥ ਨਾ ਲਾਵੇ ਪਰ ਸੇਠ ਟੋਡਰਮਲ ਦੇ ਕਹਿਣ ਉਤੇ ਲਾਲਚ ਵਸ ਹੋ ਕੇ ਸੰਸਕਾਰ ਕਰਨ ਦੀ ਅਜਾਜਤ ਦਿੱਤੀ ਸੀ ।
👉ਪੋਸਟ ਨੂੰ ਪੜ੍ਹ ਕੇ ਸ਼ੇਅਰ ਜਰੂਰ ਕਰੋ ਜੀ ਜੋ ਵੱਧ ਤੋਂ ਵੱਧ ਵੀਰ ਭੈਣਾਂ ਆਪਣੇ ਇਤਿਹਾਸ ਨਾਲ ਜੁੜ ਸਕਣ .

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)