More Gurudwara Wiki  Posts
ਸ਼ਹੀਦ ਭਾਈ ਮੰਗਲ ਸਿੰਘ ਕਿਰਪਾਨ ਬਹਾਦਰ


ਸ਼ਹੀਦ ਭਾਈ ਮੰਗਲ ਸਿੰਘ ਕਿਰਪਾਨ ਬਹਾਦਰ
(ਭਾਗ-3)
ਭਾਈ ਮੰਗਲ ਸਿੰਘ ਦਾ ਜਨਮ 1895 ਈ: ਪਿੰਡ ਉਦੋ ਕੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਮਾਤਾ ਹੁਕਮੀ ਜੀ ਦੀ ਕੁੱਖੋਂ ਭਾਈ ਰੱਤਾ ਜੀ ਦੇ ਘਰ ਹੋਇਆ। ਛੋਟੀ ਉਮਰ ਚ ਮਾਪੇ ਚਲਾਣਾ ਕਰ ਗਏ ਦਰ ਦਰ ਤੇ ਭਟਕਦਿਆਂ ਯਤੀਮ ਹੋ ਮੰਗਲ ਸਿੰਘ ਰੁਲਦਾ ਰਿਹਾ।
ਜਦ ਥੋੜ੍ਹੀ ਜਿਹੀ ਸੁਰਤਿ ਸੰਭਾਲੀ ਤਾਂ ਗੁਰਬਾਣੀ ਦਾ ਪਿਆਰ ਜਾਗਿਆ। ਕੁਝ ਸ਼ਬਦ ਕੰਠ ਕਰ ਲਏ , ਬੜੇ ਸ਼ੌਂਕ ਦੇ ਨਾਲ ਪੜ੍ਹਦੇ। ਇਕ ਤੇ ਅੰਦਰ ਦਰਦ ਸੀ ਦੂਜਾ ਆਵਾਜ਼ ਵੀ ਬੜੀ ਦਿਲ ਟੁੰਬਵੀਂ ਸੀ। ਸ਼ਬਦ ਪੜ੍ਹਦੇ ਤੇ ਹਿਰਦਾ ਕੀਲ ਲੈਦੇ। ਅਜੇ ਮਸਾਂ ਦਸਾਂ ਕੁ ਸਾਲਾਂ ਦੇ ਸਨ। ਜਦੋ ਇੱਕ ਦੀਵਾਨ ਚ ਸੁਰੀਲੀ ਆਵਾਜ਼ ਨਾਲ ਸ਼ਬਦ ਪੜ੍ਹਦਿਆ , ਭਾਈ ਲਛਮਣ ਸਿੰਘ ਧਾਰੋਵਾਲ ਦੇ ਨਾਲ ਮੇਲ ਹੋਇਆ। ਇਸ ਬੱਚੇ ਦੇ ਕੋਲੋਂ ਬਾਣੀ ਦੇ ਸ਼ਬਦ ਸੁਣ ਜਥੇਦਾਰ ਜੀ ਦਾ ਮਨ ਮੋਹਿਆ ਗਿਆ। ਦੀਵਾਨ ਦੀ ਸਮਾਪਤੀ ਬਾਦ ਭਾਈ ਲਛਮਣ ਸਿੰਘ ਨੇ ਕਿਹਾ ਕਾਕਾ ਤੇਰਾ ਨਾਮ ਕੀ ਆ ? ਨਾਮ ਦਸਿਆ , ਫਿਰ ਕਿਆ , ਤੇਰੇ ਮਾਂ ਬਾਪ ਬੜੇ ਵਡਭਾਗੇ ਨੇ ਜਿਨ੍ਹਾਂ ਨੂੰ ਐਸਾ ਪੁੱਤਰ ਮਿਲਿਆ ਹੈ। ਮਾਂ ਪਿਉ ਬਾਰੇ ਸੁਣਦਿਆਂ ਭਾਈ ਮੰਗਲ ਸਿੰਘ ਦੀ ਧਾਅ ਨਿਕਲ ਗਈ। ਕਿਹਾ ਮੇਰੇ ਮਾਂ ਬਾਪ ਨਹੀਂ , ਮੈਂ ਯਤੀਮ ਹਾਂ। ਨਾਲ ਹੀ ਅੱਖਾਂ ਭਰ ਆਈਆਂ ਤੇ ਫੁੱਟ ਫੁੱਟ ਕੇ ਰੋ ਪਿਆ। ਮਾਸੂਮ ਬਾਲ ਦੀ ਦਰਦ ਭਰੀ ਕਹਾਣੀ ਸੁਣ ਭਾਈ ਲਛਮਣ ਸਿੰਘ ਦਾ ਹਿਰਦਾ ਹੋਰ ਪਿਗਲਿਆ , ਕਿਹਾ ਪੁਤਰਾ ਤੈਨੂੰ ਮਾਪਿਆਂ ਦੀ ਭੁੱਖ ਹੈ ਅਤੇ ਸਾਨੂੰ ਸੰਤਾਨ ਨਾ ਹੋਣ ਦਾ ਦੁੱਖ।
ਅੱਜ ਤੋ ਮੈਂ ਤੈਨੂੰ ਆਪਣਾ ਧਰਮ ਦਾ ਪੁੱਤਰ ਬਣਾਉਂਦਾ ਹਾਂ। ਸਤਿਗੁਰੂ ਸੱਚੇ ਪਾਤਿਸ਼ਾਹ ਮਿਹਰ ਕਰੇ ਦੋਵਾਂ ਦੇ ਦੁੱਖ ਕੱਟੇ ਜਾਣਗੇ। ਤੈਨੂੰ ਮਾਂ ਪਿਉ ਮਿਲਾਉ ਤੇ ਮੈਨੂੰ ਪੁੱਤ। ਬਸ ਉਸੇ ਦਿਨ ਮੰਗਲ ਸਿੰਘ ਨੂੰ ਲਛਮਣ ਸਿੰਘ ਧਰਮੀ ਪੁੱਤਰ ਬਣਾ ਘਰ ਲੈ ਆਏ ਘਰ ਚ ਮਾਹੌਲ ਗੁਰਸਿੱਖੀ ਦਾ ਸੀ ਸੋਨੇ ਤੇ ਸੁਹਾਗਾ ਹੋ ਗਿਆ।
1913 ਚ ਅੰਮ੍ਰਿਤ ਛਕਿਆ ਰਹਿਤ ਬਹਿਤ ਚ ਏਨੇ ਪ੍ਰਪੱਕ ਸਨ ਕਿ ਆਸ ਪਾਸ ਜਦੋਂ ਕਿਧਰੇ ਅੰਮ੍ਰਿਤ ਸੰਚਾਰ ਹੋਣਾ ਤਾਂ ਪੰਜਾਂ ਪਿਆਰਿਆਂ ਚ ਖ਼ਾਸ ਮੰਗਲ ਸਿੰਘ ਦੀ ਚੋਣ ਹੁੰਦੀ। ਥੋੜ੍ਹੇ ਹੋਰ ਵੱਡੇ ਹੋਏ ਤੇ ਪਿਤਾ ਨਾਲ ਗੱਲ ਕਰਕੇ ਫ਼ੌਜ ਵਿੱਚ ਭਰਤੀ ਹੋ ਗਏ। ਕਕਾਰਾਂ ਨਾਲ ਬੜਾ ਪਿਆਰ ਸੀ ਕਦੇ ਕਕਾਰਾਂ ਨੂੰ ਆਪਣੇ ਤੋਂ ਜੁਦਾ ਨਹੀਂ ਕੀਤਾ। ਛੋਟੀ ਕਿਰਪਾਨ ਥੱਲੇ ਦੀ ਪਉਦੇ। ਫੌਜ ਚ ਰਹਿੰਦਿਆਂ ਨਿਤਨੇਮ ਦੇ ਪੂਰੇ ਪ੍ਰਪੱਕ ਤੇ ਰਹਿਤ ਬਹਿਤ ਦਾ ਖ਼ੁਦ ਵੀ ਧਿਆਨ ਰੱਖਦੇ। ਨਾਲ ਦੂਸਰਿਆਂ ਚ ਪ੍ਰਚਾਰ ਕਰਦੇ। ਨਾਲ ਦੇ ਸਾਥੀ ਆਪ ਨੂੰ ਕੱਟੜ ਸਿੰਘ ਤੇ ਦ੍ਰਿੜ੍ਹ ਵਿਸ਼ਵਾਸੀ ਸਿੱਖ ਦੇ ਨਾਮ ਨਾਲ ਪੁਕਾਰਦੇ। ਇਸ ਤਰਾਂ ਦੋ ਸਾਲ ਲੰਘੇ।
ਇੱਕ ਦਿਨ ਸੁਭਾਵਕ ਕਮਾਨ-ਅਫ਼ਸਰ ਨੇ ਪਰੇਡ ਦੇ ਸਮੇਂ ਆਪ ਦੀ ਕ੍ਰਿਪਾਨ ਕੁੜਤੇ ਦੇ ਥੱਲਿਓਂ ਨੰਗੀ ਬਾਹਰ ਦੇਖ ਲਈ। ਅਫ਼ਸਰ ਨੇ ਕਿਹਾ ਬਾਹਰ ਦਾ ਹਥਿਆਰ ਫੌਰਨ ਉਤਾਰ ਦਿੱਤਾ ਜਾਵੇ। ਇਹ ਫ਼ੌਜੀ ਕਾਨੂੰਨ ਨਹੀਂ। ਮੰਗਲ ਸਿੰਘ ਨੇ ਕਿਹਾ ਇਹ ਕਲਗੀਆਂ ਵਾਲੇ ਦੀ ਦਾਤ ਹੈ ਮੇਰੀ ਜਾਨ ਹੈ , ਸਦਾ ਅੰਗ ਸੰਗ ਰਹੇਗੀ। ਸੀਸ ਤੇ ਉਤਰ ਸਕਦਾ ਹੈ ਪਰ ਇਹ ਕਿਰਪਾਨ ਨਹੀਂ। ਪਲਟਨ ਦੇ ਹੋਰ ਸਿਪਾਹੀਆਂ ਨੇ ਵੀ ਸਮਝਾਇਆ ਪਰ ਆਪ ਨੇ ਕਿਸੇ ਦੀ ਨਾ ਮੰਨੀ। ਅਫ਼ਸਰ ਨੂੰ ਇਸ ਵਿੱਚ ਆਪਣੀ ਹੇਠੀ ਦਿਖਾਈ ਦਿੱਤੀ। ਉਹਨੇ ਕਿਹਾ ਗ੍ਰੰਥੀ ਸਿੰਘ ਕਹਿ ਦੇਵੇ ਤੇ ਫਿਰ ਠੀਕ ਪਰ ਜੇ ਨਾਂਹ ਕਰ ਦਿੱਤੀ ਤਾਂ ਇਹਦੀ ਸਜ਼ਾ ਭੁਗਤਣੀ ਪਵੇਗੀ। ਗ੍ਰੰਥੀ ਸਿੰਘ ਨੂੰ ਬੁਲਾਇਆ ਉਹ ਵੀ ਅੰਗਰੇਜਾਂ ਦਾ...

ਪਿੱਠੂ ਸੀ , ਅਫ਼ਸਰ ਨੂੰ ਖੁਸ਼ ਕਰਨ ਲਈ ਗ੍ਰੰਥੀ ਸਿੰਘ ਨੇ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਗਾਤਰੇ ਵਾਲੀਆਂ ਲੰਬੀਆਂ ਸ੍ਰੀ ਸਾਹਿਬਾਂ ਪਾਉਣ ਦਾ ਕੋਈ ਹੁਕਮ ਨਹੀਂ। ਸਿੱਖ ਇਸ ਨੂੰ ਉਤਾਰ ਸਕਦਾ ਹੈ (ਜਿਵੇ ਅਜ ਦੇ ਕਈ ਰੌਲਾ ਪਉਦੇ ਆ) ਗ੍ਰੰਥੀ ਦੇ ਆਧਾਰ ਤੇ ਅਤੇ ਕਾਨੂੰਨ ਦੀ ਉਲੰਘਨਾ ਕਰਨ ਦੇ ਜੁਲਮ ਚ ਮੰਗਲ ਸਿੰਘ ਨੂੰ ਇੱਕ ਸਾਲ ਦੀ ਸਜ਼ਾ ਹੋਈ। ਜੋ ਸਰਦਾਰ ਜੀ ਨੇ ਖਿੜੇ ਮੱਥੇ ਪ੍ਰਵਾਨ ਕੀਤੀ। ਇਸ ਵਾਰਤਾ ਦਾ ਜਦੋ ਬਾਹਰ ਸਿੱਖਾਂ ਨੂੰ ਪਤਾ ਲੱਗਾ ਤਾਂ ਕ੍ਰਿਪਾਨ ਦੇ ਆਜ਼ਾਦੀ ਲਈ ਐਜੀਟੇਸ਼ਨ ਸ਼ੁਰੂ ਹੋਈ। ਜਿਸ ਕਰਕੇ 6 ਮਹੀਨਿਆਂ ਦੀ ਸਜਾ ਭੁਗਤਣ ਪਿੱਛੋਂ ਸਰਕਾਰ ਨੇ ਰਿਹਾਅ ਕਰ ਦਿੱਤਾ।
ਮੰਗਲ ਸਿੰਘ ਜੇਲ੍ਹ ਤੋਂ ਸਿਧਾ ਸਿਆਲਕੋਟ ਆਏ ਸੰਗਤਾਂ ਨੇ ਪੂਰੇ ਸ਼ਹਿਰ ਚ ਆਪ ਦਾ ਭਰਵਾਂ ਸਵਾਗਤ ਕੀਤਾ। ਗੁਰਦੁਆਰਾ ਬੇਰ ਸਾਹਿਬ ਚ ਖੁੱਲ੍ਹਾ ਦੀਵਾਨ ਸਜਿਆ। ਆਪ ਦੇ ਧਾਰਮਿਕ ਭਾਵਾਂ ਦੀ ਪ੍ਰਸੰਸਾ ਕੀਤੀ। ਕਿਰਪਾਨ ਦੇ ਲਈ ਏਨੀ ਦ੍ਰਿੜ੍ਹਤਾ ਤੇ ਇੰਨੇ ਦੁੱਖ ਤਕਲੀਫ਼ਾਂ ਨੂੰ ਝੱਲਿਆ ਨੌਕਰੀ ਦੀ ਕੋਈ ਪ੍ਰਵਾਹ ਨਾ ਕੀਤੀ। ਇਸ ਬਹਾਦਰੀ ਨੂੰ ਸਾਹਮਣੇ ਰੱਖਦਿਆਂ ਪੰਥ ਵੱਲੋਂ ਆਪ ਨੂੰ ਕਿਰਪਾਨ ਬਹਾਦਰ ਦਾ ਖਿਤਾਬ ਦਿੱਤਾ ਨਾਲ ਖਾਲਸਾ ਪੰਥ ਵਲੋ ਸੱਤ ਰੁਪਏ ਮਹੀਨਾ ਪੈਨਸ਼ਨ ਲਾਈ ਗਈ। ਆਪ ਦੀ ਨਿਰਾਲੀ ਕੁਰਬਾਨੀ ਦੇ ਸਾਰੇ ਪੰਥ ਚ ਬੜੇ ਚਰਚੇ ਹੋਏ। ਪੰਥਕ ਅਖ਼ਬਾਰਾਂ ਚ ਕਈ ਲੇਖ ਨਿਕਲੇ। ਉੱਥੋਂ ਸਿੱਧਾ ਆਪਣੇ ਪਿੰਡ ਧਾਰੋਵਾਲ ਆ ਗਏ। ਐਸੇ ਮਹਾਨ ਗੁਰਸਿੱਖ ਦੀ ਮਹਾਨ ਕੁਰਬਾਨੀ ਤੇ ਇੱਜ਼ਤ ਨੂੰ ਹੋਰ ਪਿਆਰ ਮਿਲਿਆ। ਭਾਈ ਬੂਟਾ ਸਿੰਘ ਰੰਗੜ ਨੇ ਆਪਣੀ ਪੁੱਤਰੀ ਬੀਬੀ ਨਰੈਣ ਕੌਰ ਦਾ ਇਨ੍ਹਾਂ ਨਾਲ ਰਿਸ਼ਤਾ ਕਰ ਦਿੱਤਾ। ਦੋਨਾਂ ਦਾ ਆਨੰਦ ਕਾਰਜ ਹੋਇਆ। ਉਧਰ ਮਹੰਤ ਨਰੈਣੂ ਦੇ ਬਾਰੇ ਸਿਖਾਂ ਚ ਵਿਚਾਰ ਚੱਲ ਰਹੀ ਸੀ। ਨਨਕਾਣਾ ਸਾਹਿਬ ਨੂੰ ਅਜਾਦ ਕਰਉਣ ਲਈ ਤਿਆਰੀਆਂ ਹੋ ਰਹੀਆਂ ਸੀ।
8 ਫੱਗਣ ਵਾਲੇ ਦਿਨ ਭਾਈ ਮੰਗਲ ਸਿੰਘ ਦਾ ਮੁਕਲਾਵਾ ਆਇਆ ਅਗਲੇ ਦਿਨ 9 ਫੱਗਣ ਨੂੰ ਸ਼ਾਮ ਸਮੇ ਸ਼ਹੀਦੀ ਜਥਾ ਤਿਆਰ ਹੋ ਕੇ ਨਨਕਾਣਾ ਸਾਹਿਬ ਨੂੰ ਚੱਲਣਾ ਸੀ। ਆਪ ਨੇ ਵੀ ਆਪਣੇ ਪਿਤਾ ਜਥੇਦਾਰ ਲੱਛਮਣ ਸਿੰਘ ਨਾਲ ਚੱਲਣ ਦੀ ਤਿਆਰੀ ਕੀਤੀ। ਬਥੇਰਾ ਰੋਕਿਆ ਗਿਆ। ਸੱਸ ਸਹੁਰਾ ਆਏ ਉਹਨਾਂ ਨੇ ਵੀ ਰੋਕਿਆ ਕੇ ਅਜੇ ਹੁਣ ਤੇ ਮੁਕਲਾਵਾ ਆਇਆ , ਪਰ ਆਪ ਨੇ ਕਿਸੇ ਦੀ ਨਾ ਸੁਣੀ ਆਪਣੇ ਧਰਮ ਪਿਤਾ ਨਾਲ ਆਖ਼ਰੀ ਦਮ ਤੱਕ ਪੂਰਾ ਸਾਥ ਨਿਭਾਇਆ। ਜਨਮ ਅਸਥਾਨ ਦੇ ਅੰਦਰ ਜਦ ਜ਼ਾਲਮ ਮਹੰਤ ਦੇ ਗੁੰਡਿਆਂ ਨੇ ਜਥੇ ਦੇ ਸਿੰਘਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਤਾਂ ਆਪ ਚਾਈਂ ਚਾਈਂ ਛਾਤੀ ਤਾਣ ਕੇ ਅੱਗੇ ਖੜ੍ਹ ਗਏ ਜ਼ਾਲਮਾਂ ਨੇ ਬੜੀ ਬੇਦਰਦੀ ਨਾਲ ਗੋਲੀਆਂ ਤੇ ਛਵੀਆਂ ਦੇ ਨਾਲ ਵੱਢ ਕੇ ਮੰਗਲ ਸਿੰਘ ਨੂੰ ਸ਼ਹੀਦ ਕੀਤਾ।
8 ਫੱਗਣ ਨੂੰ ਵਿਆਹ ਹੁੰਦਾ ਹੈ 9 ਫੱਗਣ ਨੂੰ ਸ਼ਹੀਦੀ ਜਥੇ ਨਾਲ ਚੱਲਦੇ ਪਏ। 10 ਫੱਗਣ ਨੂੰ ਗੁਰੂ ਬਾਬੇ ਦੇ ਜਨਮ ਅਸਥਾਨ ਤੇ ਸ਼ਹੀਦੀ ਜਾਮ ਪੀਤਾ। ਇਸ ਸਮੇ ਆਪ ਦੀ ਉਮਰ 25 /26 ਸਾਲ ਸੀ
ਇਸ ਤਰ੍ਹਾਂ ਚਾਵਾਂ ਨਾਲ ਵਿਆਹ ਕੇ ਲਿਆਦੀ ਪਤਨੀ ਦੇ ਹੱਥੋਂ ਆਪਣਾ ਲੜ ਛੁਡਾ ਕੇ ਲਾੜੀ ਮੌਤ ਨੂੰ ਪੱਲਾ ਫੜਾਉਣ ਚ ਵਧੇਰੇ ਫ਼ਖ਼ਰ ਨਾਲ ਸਮਝਿਆ।
ਸ਼ਹੀਦ ਭਾਈ ਮੰਗਲ ਸਿੰਘ ਕਿਰਪਾਨ ਬਹਾਦਰ ਜੀ ਦੇ ਚਰਨਾ ਤੇ ਕੋਟਾਨਿ ਕੋਟਿ ਪ੍ਰਣਾਮ।
ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦਿਆ ਤੀਜੀ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

One Comment on “ਸ਼ਹੀਦ ਭਾਈ ਮੰਗਲ ਸਿੰਘ ਕਿਰਪਾਨ ਬਹਾਦਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)