ਇੱਕ ਵਾਰ ਇੱਕ ਬਾਬੇ ਨੇ ਕਿਤੇ ਦੀਵਾਨ ਲਾਏ ਹੋਏ ਸੀ.. ਬਾਬੇ ਨੇ ਪਹਿਲਾ ਸ਼ਬਦ ਲਾਇਆ ਤਾਂ ਸੰਗਤ ਮੰਤਰ ਮੁਗਧ ਹੋ ਗਈ ..
ਦੂਜਾ ਸ਼ਬਦ ਲਾਇਆ ਤਾਂ ਸੰਗਤ ਲੀਨ ਹੋ ਗਈ..
ਸੰਗਤ ਦੀ ਸ਼ਰਧਾ ਦੇਖ ਕੇ ਬਾਬਾ ਗੱਦ ਗੱਦ ਹੋ ਗਿਆ ਤੇ ਉਸ ਤੋਂ ਬਾਅਦ ਅੱਖਾਂ ਬੰਦ ਕਰਕੇ ਤੀਜਾ,ਚੌਥਾ,ਪੰਜਵਾਂ, ਛੇਵਾਂ,ਸੱਤਵਾਂ,ਅੱਠਵਾਂ,ਨੌਵਾਂ,ਦਸਵਾਂ ਸ਼ਬਦ ਇਕੋ ਸਾਹ ਲਾ ਗਿਆ.. ਬਾਬੇ ਨੂੰ ਚੁੱਪ ਨਾਂ ਕਰਦਾ ਦੇਖ ਕੇ ਸੰਗਤ ਦੀ ਸ਼ਰਧਾ ਭੰਗ ਹੋਣੀ ਸ਼ੁਰੂ ਹੋ ਗਈ.. ਲੋਕ ਇੱਕ-ਇੱਕ ਦੋ-ਦੋ ਕਰਕੇ ਘਰਾਂ ਨੂੰ ਜਾਣੇ ਸ਼ੁਰੂ ਹੋ ਗਏ .. ਬਾਬੇ ਨੇ ਜਦੋਂ ਪੰਦਰਾਂ ਕੁ ਸ਼ਬਦ ਲਾ ਕੇ ਅੱਖਾਂ ਖੋਲ੍ਹੀਆਂ ਤਾਂ ਪੰਡਾਲ ਖਾਲੀ ਸੀ ..ਸਿਰਫ਼ ਇੱਕ ਬਜ਼ੁਰਗ ਔਰਤ ਬੈਠੀ ਸੀ..ਬਜ਼ੁਰਗ ਔਰਤ ਨੂੰ ਦੇਖ ਕੇ ਬਾਬੇ ਦੀਆਂ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ ..ਬਾਬਾ ਬਜ਼ੁਰਗ ਬੇਬੇ ਨੂੰ ਸੰਬੋਧਤ ਹੋਇਆ “ਹੇ ਮਾਤਾ ਸਾਰਾ ਪਿੰਡ ਉੱਠ ਕੇ ਜਾ ਚੁੱਕਿਆ ਹੈ ਪਰ ਤੂੰ ਕੱਲੀ ਪੰਡਾਲ ਵਿੱਚ ਬੈਠੀ ਹੈ, ਹੇ ਮਾਤਾ ਤੇਰਾ ਗੁਰੂ ਪ੍ਰਤੀ ਪ੍ਰੇਮ ਦੇਖ ਕੇ ਮੇਰੀਆਂ ਅੱਖਾਂ ਵਿੱਚੋਂ ਨੀਰ ਨਹੀਂ ਰੁਕ ਰਿਹਾ.. ਗੁਰੂ ਪ੍ਰਤੀ ਇੰਨੀ ਸ਼ਰਧਾ,ਮਨ ਵਿਚ ਏਨੀ ਲਗਨ ਤੈਨੂੰ ਕਿੱਥੋਂ ਲੱਗੀ ?? “ਇਹ ਮੰਤਰ...
ਮੈਨੂੰ ਵੀ ਦੇ ਕੇ ਜਾਈਂ ਮਾਤਾ” ਤਾਂ ਕਿ ਮੈਂ ਵੀ ਤੇਰੇ ਵਰਗੀ ਸ਼ਰਧਾ ਪੈਦਾ ਕਰਕੇ ਧੰਨ ਹੋ ਸਕਾਂ”…
ਮਾਤਾ ਜਿਹੜੀ ਪਹਿਲਾਂ ਈ ਅੱਕੀ ਬੈਠੀ ਸੀ ਬੋਲੀ “ਸ਼ਰਧਾ ਲਗਨ ਕੋਈ ਨਹੀਂ ਹੈ, ਮੈਂ ਤਾਂ ਆਪ ਉੱਠ ਕੇ ਚਲੇ ਜਾਣਾ ਸੀ, ਪਰ ਜਿਹੜੀ ਚਾਦਰ ਤੇ ਬੈਠ ਕੇ ਤੂੰ ਸ਼ਬਦ ਲਾਈ ਜਾਨੈ ਉਹ ਸਾਡੀ ਐ..ਮੈਂ ਤਾਂ ਇਸੇ ਉਡੀਕ ਵਿੱਚ ਬੈਠੀ ਸੀ ਕਿ ਕਦੋਂ ਤੂੰ ਚੁੱਪ ਕਰੇ,ਉੱਠੇ ਤੇ ਮੈਂ ਆਪਣੀ ਚਾਦਰ ਲੈ ਕੇ ਘਰ ਨੂੰ ਜਾਵਾਂ.. ਸਾਥੋਂ ਵਾਰੀ ਵਾਰੀ ਗੇੜੇ ਨਹੀਂ ਲੱਗਦੇ”.. ਮਾਤਾ ਦੀ ਗੱਲ ਸੁਣ ਕੇ ਬਾਬਾ ਢੋਲਕੀ ਚੱਕ ਕੇ ਤਿੱਤਰ ਹੋ ਗਿਆ ਤੇ ਮਾਤਾ ਬੁੜ ਬੁੜ ਕਰਦੀ ਚਾਦਰ ਦੀ ਤਹਿ ਮਾਰਨ ਲੱਗ ਪਈ …
(ਸਿੱਖਿਆ – ਵਿਸ਼ਾ ਕੋਈ ਵੀ ਹੋਵੇ, ਲੋਕ ਤੁਹਾਡੀ ਗੱਲ ਇੱਕ ਹੱਦ ਤਕ ਹੀ ਸੁਣਨਾ ਪਸੰਦ ਕਰਦੇ ਹਨ,ਸੋ ਮੁੱਦੇ ਤੇ ਰਹੋ,ਸੰਖੇਪ ਰਹੋ)
ਕੁਲਵਿੰਦਰ ਸਿੰਘ ਮੁਕਤਸਰ …
Access our app on your mobile device for a better experience!