ਫਰੇਬ
ਪਾਤਰ – ਸ਼ਿਵਾਨੀ
ਜੈਲਦਾਰ
ਅਮਰ
ਕਾਲੀ
ਕਿਸ਼ਤ – 4
ਲੇਖਕ – ਗੁਰਪ੍ਰੀਤ ਸਿੰਘ ਭੰਬਰ
ਇਹ ਰੋਜ ਦੀ ਹੀ ਗੱਲ ਹੋ ਗਈ। ਜੈਲਦਾਰ ਦੀ ਸ਼ਿਵਾਨੀ ਨਾਲ ਹੁੱਣ ਹਰ ਰੋਜ ਫੋਨ ਉਪਰ ਗੱਲ ਹੋਣ ਲੱਗੀ। ਪਿਛਲੇ ਚਾਰ ਦਿਨਾਂ ਤੋਂ ਸ਼ਿਵਾਨੀ ਦਾ ਸਵੇਰੇ ਉਠਦੇ ਸਾਰ ਜੈਲਦਾਰ ਨੂੰ ਮੈਸੇਜ ਆਂਓਦਾ ਸੀ।
“ਗੁੱਡ ਮੌਰਨਿੰਗ ਜੀ!”
ਦੇਖਦੇ ਸਾਰ ਜੈਲੇ ਦਾ ਦਿਲ ਬਾਗੋ-ਬਾਗ ਹੋ ਜਾਂਦਾ ਸੀ। ਓਹ ਵੀ ਮੁੱੜ ਸ਼ਿਵਾਨੀ ਨੂੰ ਮੈਸੇਜ ਭੇਜ ਦਿੰਦਾ,
“ਗੁੱਡ ਮੌਰਨਿੰਗ ਜੀ!”
ਫੇਰ ਜਦੋਂ ਸ਼ਿਵਾਨੀ ਘਰੋਂ ਤਿਆਰ ਹੋ ਕੇ ਨਿਕਲਣ ਲੱਗਦੀ ਸੀ ਤਾਂ ਜੈਲੇ ਨੂੰ ਇਕ ਮੈਸੇਜ ਕਰਕੇ ਦੱਸਦੀ ਸੀ।
“ਮੈਂ ਜੌਬ ਤੇ ਨਿਕਲਣ ਲੱਗੀ ਆ! ਔਫਿਸ ਪਹੁੰਚ ਕੇ ਮੈਸੇਜ ਕਰਦੀ ਆ”।
“ਠੀਕ ਆ ਜੀ!” ਜੈਲਾ ਲਿਖਕੇ ਭੇਜ ਦਿੰਦਾ।
ਫੇਰ ਦਫਤਰ ਪਹੁੰਚ ਕੇ ਗਿਆਰਾਂ ਕੁ ਵਜੇ ਦੋਬਾਰਾ ਸ਼ਿਵਾਨੀ ਦਾ ਮੈਸੇਜ ਆਂਓਦਾ। ਜੈਲਾ ਉਸ ਨਾਲ ਸਾਰਾ ਦਿਨ ਲੱਗਿਆ ਰਹਿੰਦਾ। ਸੌਂਹ ਰੱਬ ਦੀ ਜਿੰਦਗੀ ਦਾ ਸੁਆਦ ਆ ਰਿਹਾ ਸੀ!! ਪੂਰਾ-ਪੂਰਾ ਸੁਆਦ ਆ ਰਿਹਾ ਸੀ।
“ਰੋਟੀ ਖਾ ਲਈ?” ਸ਼ਿਵਾਨੀ ਪੁੱਛਦੀ।
“ਨਹੀਂ ਖਾਣੀ ਆ ਹਜੇ”। ਜੈਲਾ ਬੋਲਦਾ।
“ਸੋਹਣੇ ਕਿੰਨੀ ਲੇਟ ਹੋ ਗਏ! ਇੰਨੀ ਲੇਟ ਨਾ ਹੋਇਆ ਕਰੋ ਨਾ!!” ਸ਼ਿਵਾਨੀ ਨੇ ਕਿਹਾ।
“ਕੀ ਕਿਹਾ ਤੁਸੀਂ ਮੈਨੂੰ?”
“ਕਿਓਂ? ਮੈਂ ਤੁਹਾਨੂੰ “ਸੋਹਣੇ” ਨੀ ਕਹਿ ਸਕਦੀ?”
“ਕਿਓਂ ਨੀ ਕਹਿ ਸਕਦੇ! ਤੁਸੀਂ ਤਾਂ ਮੈਨੂੰ ਕੁੱਛ ਵੀ ਕਹਿ ਸਕਦੇ ਓ!”
ਜੈਲਾ ਤਾਂ ਜਿਵੇਂ ਸ਼ਿਵਾਨੀ ਸਾਹਮਣੇ ਪੂਰੀ ਤਰਾਂ ਵਿੱਛ ਹੀ ਗਿਆ ਸੀ। ਓਹ ਸ਼ਿਵਾਨੀ ਦੀਆਂ ਫੋਟੋਆਂ ਫੇਸਬੁੱਕ ਉਪਰ ਦੇਖ ਚੁੰਮਦਾ ਰਹਿੰਦਾ ਸੀ।
ਚਾਰ ਦਿਨਾਂ ਵਿੱਚ ਹੀ ਜੈਲੇ ਅਤੇ ਸ਼ਿਵਾਨੀ ਨੇ ਇਕ-ਦੂਸਰੇ ਦੇ ਫੋਨ ਨੰਬਰ ਲੈ ਲਏ। ਪਰ ਫੋਨ ਕਰਨ ਦੀ ਹਿੰਮਤ ਜੈਲੇ ਦੀ ਨਾ ਪਈ। ਸ਼ਿਵਾਨੀ ਨਾਲ ਗੱਲ ਕਰਨ ਦਾ ਜੈਲੇ ਨੂੰ ਇੰਨਾ ਫਿਤੂਰ ਸੀ ਕਿ ਓਹ ਚਾਰ ਦਿਨ ਦਾ ਛਿੰਦੇ ਅਤੇ ਘੋਕੀ ਕੋਲ ਸ਼ਰਾਬ ਪੀਣ ਤੱਕ ਨਹੀਂ ਸੀ ਗਿਆ।
ਚੌਥੇ ਦਿਨ ਜਦੋਂ ਸਵੇਰ ਵੇਲੇ ਸ਼ਿਵਾਨੀ ਨੇ ਆਪਣਾ ਨੰਬਰ ਦਿੱਤਾ ਤਾਂ ਜੈਲੇ ਨੇ ਇਹ ਸੋਚਿਆ ਤੱਕ ਨਹੀਂ ਸੀ ਕਿ ਸ਼ਾਮ ਨੂੰ ਹੀ ਸ਼ਿਵਾਨੀ ਦਾ ਫੋਨ ਆ ਜਾਏਗਾ। ਜੈਲਦਾਰ ਇੰਨਾ ਘਬਰਾ ਗਿਆ ਕਿ ਉਸਨੇ ਪਹਿਲੀ ਵਾਰ ਜਦੋਂ ਫੋਨ ਆਇਆ ਤਾਂ ਚੱਕਿਆ ਹੀ ਨਾ। ਜੈਲੇ ਦੇ ਹੱਥ ਕੰਬ ਰਹੇ ਸਨ।
ਤੁਰੰਤ ਹੀ ਫੋਨ ਦੋਬਾਰਾ ਆ ਗਿਆ। ਜੈਲਦਾਰ ਸਾਹ ਜੋਰ-ਜੋਰ ਦੀ ਲਈ ਜਾਵੇ ਪਰ ਉਸਨੇ ਫੋਨ ਨਾ ਚੱਕਿਆ। ਫੋਨ ਫੇਰ ਕੱਟਿਆ ਗਿਆ। ਫੇਰ ਵਟਸਐਪ ਮੈਸੇਜ ਆਇਆ।
“ਬਿਜ਼ੀ ਹੋ ਜੀ? ਫੋਨ ਕਿਓਂ ਨੀ ਚੱਕ ਰਹੇ?”
ਇਹ ਮੈਸੇਜ ਸ਼ਿਵਾਨੀ ਵੱਲੋਂ ਆਇਆ ਸੀ। ਜੈਲਦਾਰ ਆਪਣੇ ਘਰ ਬੈਠਾ ਸੀ। ਆਪਣੇ ਕਮਰੇ ਵਿੱਚ ਬੈਠਾ ਓਹ ਫੋਨ ਦੇਖਦਾ ਹੋਇਆ ਸੋਚ ਹੀ ਰਿਹਾ ਸੀ ਕਿ ਸ਼ਿਵਾਨੀ ਨੂੰ ਕੀ ਜਵਾਬ ਦਵੇ ਕਿ ਫੋਨ ਇਕ ਵਾਰ ਫੇਰ ਵੱਜ ਉਠਿਆ। ਹਿੰਮਤ ਕਰਕੇ ਇਸ ਵਾਰ ਜੈਲਦਾਰ ਨੇ ਫੋਨ ਉਠਾ ਲਿਆ।
“ਹੈਲੋ!” ਸ਼ਿਵਾਨੀ ਦੀ ਮਿੱਠੀ-ਮਧੁਰ ਆਵਾਜ਼ ਦੂਸਰੇ ਪਾਸਿਓਂ ਆਈ।
“ਹੈਲੋ!” ਕੰਬਦੀ ਹੋਈ ਆਵਾਜ਼ ਵਿੱਚ ਜੈਲਦਾਰ ਬੋਲਿਆ।
“ਹਾਂਜੀ!! ਮੈਂ ਬੋਲਦੀ ਆ!………ਪਹਿਚਾਣ ਲਿਆ ਨਾ?”
ਸ਼ਿਵਾਨੀ ਜੈਲੇ ਨੂੰ ਛੇੜਦੀ ਹੋਈ ਲੱਗੀ।
“ਹਾਂਜੀ ਮੈਂ ਪਹਿਚਾਣ ਲਿਆ”। ਜੈਲਦਾਰ ਬੋਲਿਆ।
“ਅੱਛਾ ਤਾਂ ਦੱਸੋ ਫੇਰ ਕੌਣ ਆ ਮੈਂ?”
“ਸ਼ਿਵਾਨੀ”।
“ਹਾਏ! ਤੁਹਾਡੀ ਜ਼ੁਬਾਨ ਤੋਂ ਮੇਰਾ ਨਾਮ ਕਿੰਨਾ ਸੋਹਣਾ ਲੱਗਦਾ!” ਸ਼ਿਵਾਨੀ ਨੇ ਕਿਹਾ, “ਇਕ ਵਾਰ ਫੇਰ ਲਵੋ ਤਾਂ ਮੇਰਾ ਨਾਮ!”
“ਸ਼ਿਵਾਨੀ!” ਜੈਲਦਾਰ ਬੋਲਿਆ।
“ਮੰਨ ਕਰਦਾ ਆਪਣਾ ਨਾਮ ਮੈਂ ਤੁਹਾਡੇ ਮੂੰਹੋ ਸੁਣਦੀ ਹੀ ਰਵਾਂ!” ਸ਼ਿਵਾਨੀ ਨੇ ਕਿਹਾ।
ਉਸਦੀ ਆਵਾਜ਼ ਇੰਨੀ ਮਿੱਠੀ ਸੀ ਕਿ ਜੈਲਦਾਰ ਦਾ ਮੰਨ ਕਰਦਾ ਸੀ ਕਿ ਓਹ ਉਸਦੀ ਆਵਾਜ਼ ਸੁੱਣਦਾ ਹੀ ਰਹੇ। ਸ਼ਿਵਾਨੀ ਨਾਲ ਫੋਨ ਤੇ ਗੱਲ ਕਰਨ ਲੱਗੇ ਜੈਲਾ ਜਰੂਰ ਡਰਿਆ ਹੋਇਆ ਸੀ ਪਰ ਸ਼ਿਵਾਨੀ ਇੰਨੀ ਖੁੱਲ ਕੇ ਅਤੇ ਪਿਆਰ...
ਨਾਲ ਜੈਲੇ ਨਾਲ ਗੱਲ ਕਰ ਰਹੀ ਸੀ ਕਿ ਜੈਲੇ ਦਾ ਸਾਰਾ ਡਰ ਪਲਾਂ ਵਿੱਚ ਹੀ ਖਤਮ ਹੋ ਗਿਆ।
ਉਸ ਰਾਤ ਪੰਜ ਕੁ ਮਿੰਟ ਸ਼ਿਵਾਨੀ ਨੇ ਜੈਲੇ ਨਾਲ ਗੱਲ ਕਰੀ ਅਤੇ ਫੇਰ ਫੋਨ ਕੱਟ ਦਿੱਤਾ। ਜੈਲਾ ਸਾਰੀ ਰਾਤ ਨਾ ਸੌਂ ਸਕਿਆ। ਝਾਂਜਰਾ ਛਣਕਾਂਓਦੀ ਹੋਈ ਸ਼ਿਵਾਨੀ ਉਸਨੂੰ ਆਪਣੇ ਵਿਹੜੇ ਵਿੱਚ ਤੁਰਦੀ ਹੋਈ ਦਿਖਾਈ ਦੇਣ ਲੱਗੀ। ਓਹ ਸੋਚਦਾ ਰਿਹਾ ਕਿ ਹੁੱਣ ਜਲਦੀ ਹੀ ਓਹ ਸ਼ਿਵਾਨੀ ਨਾਲ ਵਿਆਹ ਕਰ ਲਵੇਗਾ ਅਤੇ ਆਪਣੀ ਗ੍ਰਹਿਸਥੀ ਸ਼ੁਰੂ ਕਰੇਗਾ। ਜਿਹੜੇ ਸ਼ਰੀਕ ਉਸਦੀ ਜਮੀਨ ਉਪਰ ਅੱਖ ਟਿਕਾਈ ਬੈਠੇ ਸਨ, ਓਨਾ ਨੂੰ ਰੱਜ ਕੇ ਸਾੜੇਗਾ।
ਅਗਲੀ ਸਵੇਰ ਹਰ ਰੋਜ ਦੀ ਤਰਾਂ ਸ਼ਿਵਾਨੀ ਦਾ ਮੈਸੇਜ ਨਾ ਆਇਆ। ਤਾਂ ੳਠਦੇ ਸਾਰ ਜੈਲੇ ਨੇ ਮੈਸੇਜ ਕਰ “ਗੁੱਡ ਮੌਰਨਿੰਗ” ਕਹਿ ਦਿੱਤਾ। ਪਰ ਫੇਰ ਸ਼ਿਵਾਨੀ ਦਾ ਕੋਈ ਜਵਾਬ ਨਾ ਆਇਆ। ਜੈਲੇ ਨੇ ਦੁਪਹਿਰ ਇਕ ਵਜੇ ਤੱਕ ਇੰਤਜਾਰ ਕੀਤਾ। ਓਹ ਹੈਰਾਨ ਹੋਇਆ ਕਿ ਅੱਜ ਤਾਂ “ਗੁੱਡ ਮੌਰਨਿੰਗ” ਦਾ ਵੀ ਜਵਾਬ ਨਹੀਂ ਆਇਆ!?
ਉਸਨੇ ਫਿਕਰਮੰਦ ਹੋਏ ਨੇ ਚੱਕ ਕੇ ਫੋਨ ਕਰ ਦਿੱਤਾ। ਫੋਨ ਦੀ ਇਕ ਹੀ ਘੰਟੀ ਵੱਜੀ ਅਤੇ ਫੋਨ ਕੱਟਿਆ ਗਿਆ। ਜੈਲਾ ਹੋਰ ਫਿਕਰ ਕਰ ਗਿਆ। ਉਸਨੇ ਫੇਰ ਦਸ ਕੁ ਮਿੰਟ ਰੁੱਕ ਕੇ ਫੋਨ ਕਰਿਆ ਤਾਂ ਫੋਨ ਦੀ ਘੰਟੀ ਵੱਜਦੀ ਰਹੀ। ਪਰ ਕਿਸੇ ਨੇ ਫੋਨ ਨਾ ਚੱਕਿਆ।
ਸਾਰਾ ਦਿਨ ਲੰਘਿਆ, ਰਾਤ ਲੰਘੀ, ਅਗਲੀ ਸਵੇਰ ਆ ਗਈ। ਜੈਲਾ ਸੌਂ ਕੇ ਉਠਿਆ ਤਾਂ ਫੇਰ ਉਸਨੇ ਫੋਨ ਦੇਖਿਆ। ਪਰ ਕੋਈ ਮੈਸੇਜ ਨਹੀਂ ਸੀ। ਇਹ ਕੀ!? ਜੈਲਾ ਸੋਚ ਵਿੱਚ ਪੈ ਗਿਆ। ਉਹ ਕਾਫੀ ਦੇਰ ਆਪਣੇ ਮੰਜੇ ਉਪਰ ਹੀ ਬੈਠਾ ਰਿਹਾ। ਉਸਨੇ ਇਕ ਵਾਰ ਫੇਰ ਫੋਨ ਮਿਲਾਇਆ। ਪਰ ਇਸ ਵਾਰ ਫੋਨ ਬੰਦ ਆ ਰਿਹਾ ਸੀ। ਜੈਲੇ ਦਾ ਦਿਲ ਹੀ ਟੁੱਟ ਗਿਆ।
ਓਹ ਸਾਰਾ ਦਿਨ ਫੋਨ ਮਿਲਾਂਓਦਾ ਰਿਹਾ। ਪਰ ਫੋਨ ਬੰਦ ਹੀ ਆਈ ਗਿਆ। ਜੈਲਦਾਰ ਰੋਣ ਹਾਕਾ ਹੋ ਗਿਆ। ਮਸਾਂ-ਮਸਾਂ ਕਿਸੇ ਦੇ ਪਿਆਰ ਦੀ ਖੁਸ਼ੀ ਮਿਲਣੀ ਸੀ! ਲੱਗਦਾ ਹੁੱਣ ਨਹੀਂ ਮਿਲ ਸਕੇਗੀ!!
ਦੋ ਦਿਨ ਤੱਕ ਸ਼ਿਵਾਨੀ ਦਾ ਫੋਨ ਨਾ ਮਿਲਿਆ।
ਸੋ ਅੱਜ ਛੇ ਦਿਨਾ ਬਾਅਦ ਜੈਲਦਾਰ ਛਿੰਦੇ ਅਤੇ ਘੋਕੀ ਕੋਲ ਸ਼ਰਾਬ ਪੀਣ ਲਈ ਤਾਜਪੁਰ ਗਿਆ। ਓਥੇ ਉਸਨੇ ਰੱਜ ਕੇ ਪੀਤੀ। ਬਿਨਾ ਪਾਣੀ ਤੋਂ ਹੀ ਪੀਂਦਾ ਰਿਹਾ। ਜਦੋਂ ਪੂਰੀ ਤਰਾਂ ਨਸ਼ੇ ਵਿੱਚ ਹੋ ਗਿਆ ਤਾਂ ਰੋਣ ਲੱਗਿਆ।
“ਬੱਸ ਕਰ ਯਾਰ ਜੈਲਿਆ! ਆਜੂ ਯਾਰ ਭਰਜਾਈ ਦਾ ਫੂਨ!!” ਘੋਕੀ ਬੋਲਿਆ।
“ਮੇਰੀ ਕਿਸਮਤ ਚ ਜਨਾਨੀ ਦਾ ਸੁੱਖ ਈ ਹੈ ਨੀ ਯਾਰ!” ਕਹਿੰਦਾ ਹੋਇਆ ਜੈਲਾ ਰੋਣ ਲੱਗ ਗਿਆ, “ਕਿੰਨਾ ਪਿਆਰ ਜਤਾਂਓਦੀ ਸੀ ਓਹ! ਜਿੰਦਗੀ ਸਾਲੀ ਸੁਰਗ ਲੱਗਣ ਲੱਗੀ ਸੀ ਮੈਨੂੰ!! ਦੋ ਦਿਨ ਹੋਗੇ ਬਾਈ ਯਾਰ! ਪਤਾ ਨੀ ਕੀ ਹੋਇਆ ਹੋਣਾ ਓਨੂੰ!!”
ਜੈਲੇ ਨੂੰ ਬੱਚਿਆਂ ਦੀ ਤਰਾਂ ਰੋਂਦਾ ਦੇਖ ਛਿੰਦਾ ਅਤੇ ਘੋਕੀ ਪਰੇਸ਼ਾਨ ਹੋ ਗਏ ਕਿ ਉਸ ਪਰਾਈ ਔਰਤ ਦਾ ਜੈਲੇ ਦੇ ਦਿਮਾਗ ਉਪਰ ਕਿੰਨਾ ਗਹਿਰਾ ਅਸਰ ਹੋਇਆ ਹੈ। ਜਿਸ ਸ਼ਿਵਾਨੀ ਨੂੰ ਜੈਲਾ ਚੰਗੀ ਤਰਾਂ ਜਾਣਦਾ ਤੱਕ ਨਹੀਂ, ਅੱਜ ਉਸ ਦੇ ਸਿਰਫ ਦੋ ਦਿਨ ਮੈਸੇਜ ਨਾ ਆਓਣ ਕਾਰਨ ਜੈਲੇ ਦਾ ਦਿਮਾਗ ਇਸ ਕਦਰ ਖਰਾਬ ਹੋ ਗਿਆ ਹੈ ਕਿ ਓਹ ਬੱਚਿਆਂ ਵਾਗੂੰ ਰੋ ਰਿਹਾ ਹੈ।
ਨਸ਼ੇ ਵਿੱਚ ਟੱਲੀ ਹੋਇਆ ਜੈਲਾ ਸਾਈਕਲ ਘਸੀਟਦਾ ਹੋਇਆ ਦੇਰ ਰਾਤ ਸੁੰਨਸਾਨ ਸੜਕ ਉਪਰ ਝੂਲਦਾ ਹੋਇਆ ਜਾ ਰਿਹਾ ਸੀ। ਓਹ ਤੁਰਦਾ ਹੋਇਆ ਵੀ ਰੋਈ ਜਾਂਦਾ ਸੀ ਅਤੇ ਸੋਚ ਰਿਹਾ ਸੀ ਕਿ ਸਵੇਰੇ ਫੇਰ ਸ਼ਿਵਾਨੀ ਨੂੰ ਫੋਨ ਕਰਕੇ ਦੇਖੇਗਾ। ਇੰਨੇ ਨੂੰ ਉਸਦਾ ਫੋਨ ਵੱਜ ਉਠਿਆ। ਜੈਲੇ ਨੇ ਉਸੇ ਵਕਤ ਸੜਕ ਤੇ ਆਪਣਾ ਸਾਈਕਲ ਸੁੱਟ ਕੇ ਫੋਨ ਕੁੜਤੇ ਦੇ ਖੀਸੇ ਵਿੱਚੋਂ ਕੱਢ ਕੇ ਦੇਖਿਆ ਤਾਂ ਫੋਨ ਸ਼ਿਵਾਨੀ ਦਾ ਹੀ ਸੀ। ਅਗਲਾ ਸਾਹ ਲੈਣ ਤੋਂ ਪਹਿਲਾਂ ਜੈਲੇ ਨੇ ਫੋਨ ਚੱਕ ਲਿਆ।
“ਸ਼ਿਵਾਨੀ!! ਹੈਲੋ!!! ਸ਼ਿਵਾਨੀ ਕਿੱਥੇ ਆ ਤੂੰ!!!!?” ਸ਼ਰਾਬੀ ਹੋਇਆ ਜੈਲਾ ਤੋਤਲੀ ਜਿਹੀ ਜ਼ੁਬਾਨ ਵਿੱਚ ਬੋਲਣ ਲੱਗਿਆ।
“ਹੈਲੋ! ਜੈਲੇ!” ਸ਼ਿਵਾਨੀ ਦੀ ਆਵਾਜ਼ ਆਈ।
“ਸ਼ਿਵਾਨੀ ਤੂੰ ਕਿੱਥੇ ਆ!!? ਇੰਨੇ ਦਿਨ ਹੋ ਗਏ ਜਾਨ!! ਮੇਰੀ ਜਾਨ ਤੂੰ ਕਿੱਥੇ ਆ!!!?” ਜੈਲਾ ਬੋਲੀ ਗਿਆ।
ਗੁਰਪ੍ਰੀਤ ਸਿੰਘ ਭੰਬਰ ਵੱਲੋਂ