ਇੱਕ ਵਾਰ ਸ਼ਹਿਰੋਂ ਕਣਕ ਸਾਂਭਣ ਪਿੰਡ ਗਏ..ਪਿਤਾ ਜੀ ਆਖਣ ਲੱਗੇ ਕੇ ਰਾਤੀ ਇਥੇ ਹੀ ਸੌਣਾ ਪੈਣਾ..ਬੱਜੀਆਂ ਭਰੀਆਂ ਕੋਲ!
ਮੈਨੂੰ ਕਿਸੇ ਦੱਸ ਰਖਿਆ ਸੀ ਕੇ ਇਥੇ ਸੱਪ ਬੜੇ ਨਿੱਕਲਦੇ ਨੇ..ਮੈਂ ਥੋੜਾ ਝਿਜਕ ਗਿਆ..ਆਖਿਆ ਕੇ ਜੇ ਰਾਤੀ ਸੁੱਤੇ ਪਿਆਂ ਨੂੰ ਸੱਪ ਲੜ ਗਿਆ ਫੇਰ..!
ਕਹਿੰਦੇ ਮੇਰੇ ਕੋਲ ਇਲਾਜ ਹੈ ਇਸਦਾ..ਫੇਰ ਰਾਤੀ ਓਹਨਾ ਰਹਿਰਾਸ ਦਾ ਉਚੀ ਉਚੀ ਪਾਠ ਕੀਤਾ..ਫੇਰ ਪੂਰੀ ਜ਼ੋਰ ਨਾਲ ਜੈਕਾਰਾ ਛੱਡਿਆ ਤੇ ਆਖਣ ਲੱਗੇ ਹੁਣ ਸੋਂ ਜਾ..
ਆਖਣ ਲੱਗੇ ਇਸ ਜੈਕਾਰੇ ਦੀ ਅਵਾਜ ਸੁਣ ਕੇ ਤਾਂ ਅਬਦਾਲੀ ਕੰਬ ਗਿਆ ਸੀ ਤੇ ਇਹ ਸੱਪ ਕਿਹੜੇ ਬਾਗ ਦੀ ਮੂਲੀ ਏ..!
ਉਸ ਰਾਤ ਬਝੀਆਂ ਭਰੀਆਂ ਤੇ ਮੀਂਹ ਪੈ ਗਿਆ..
ਅਗਲੇ ਦਿਨ ਸੁਕਾਉਣ ਲਈ ਭਰੀਆਂ ਥੁੱਲਣ ਲੱਗੇ..ਤਾਂ ਜਿਥੇ ਸੁੱਤਾਂ ਹੋਇਆਂ ਸਾਂ..ਓਥੇ ਬਿਲਕੁਲ ਨੇੜੇ ਹੀ ਨਿੱਕੀ ਭਰੀ ਹੇਠੋਂ ਮੀਟਰ ਲੰਮਾ ਸੱਪ ਨਿੱਕਲ ਆਇਆ ਤੇ ਕੁਝ ਦੂਰ ਜਾ ਕੇ ਮੇਰੇ ਵਲ ਫਨ ਖਲਾਰ ਖੜਾ ਹੋ ਗਿਆ..ਓਹਨੀਂ ਦਿੰਨੀ ਇਸਨੂੰ ਵੇਖਦਿਆਂ ਹੀ ਮਾਰ ਦਿੱਤਾ ਜਾਂਦਾ ਸੀ..ਪਰ ਓਹਨਾ ਮੈਨੂੰ ਡੱਕ ਦਿੱਤਾ..ਆਖਿਆ ਮਾਰੀ ਨਾ..ਇਹ ਵੀ ਬਾਣੀ ਸੁਣਨ ਆਇਆ ਸੀ!
ਆਖਣ ਲੱਗੇ ਪੁੱਤਰਾਂ ਇਸ ਬਾਣੀ ਵਿਚ ਬੜੀ ਸ਼ਕਤੀ ਏ..ਇਹ ਦਿਲ ਨਾਲ ਪੜੀਐ ਤਾਂ ਹਿੱਕ ਵਿਚ ਵੱਜੀ ਦੀ ਵੀ ਪੀੜ ਨਹੀਂ ਹੁੰਦੀ ਸਗੋਂ ਇਹ ਨਸ਼ਾ ਕਰਦੀ ਏ..ਸਰੂਰ ਦਿੰਦੀ ਏ!
ਬੰਦੂਕ ਦੀ ਗੋਲੀ ਨਸ਼ਾ ਕਰਦੀ..ਗੱਲ ਹਜਮ ਨਹੀਂ ਹੋਈ..ਪਰ ਨਿੱਕਾ ਹੋਣ ਕਰਕੇ ਬਹਿਸ ਕਰਨ ਦਾ ਹੀਆ ਨਾ ਪਿਆ!
ਕੁਝ ਦਿਨ ਪਹਿਲਾਂ ਇੱਕ ਧਰਮੀ ਫੌਜੀ ਦੱਸ ਰਿਹਾ ਸੀ..
ਦਰਬਾਰ ਸਾਹਿਬ ਤੇ ਹਮਲੇ ਵੇਲੇ ਸੀਨੇ ਵਿਚ ਉਬਾਲ ਉਠਿਆ..
ਨਿੱਤਨੇਮ ਮਗਰੋਂ ਅਰਦਾਸ ਕੀਤੀ..ਤੇ ਰਾਜਿਸਥਾਨ ਬਾਡਰ ਤੋਂ ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਦਿੱਤੇ..ਸੁਖਮਨੀ ਸਾਹਿਬ ਦਾ ਪਾਠ ਕਰੀ ਜਾਈਏ..ਟਰੱਕ ਅਜੇ ਅਬੋਹਰ ਤੋਂ ਕੁਝ ਅੱਗੇ ਹੀ ਨਿਕਲਿਆਂ ਸੀ ਕੇ ਅੱਗੇ ਟਰੱਕ ਸੜਕ ਵਿਚਾਲੇ ਟੇਢਾ ਕਰਕੇ ਲਾਇਆ ਹੋਇਆ ਸੀ..!
ਅਸੀ ਵੀ ਬ੍ਰੇਕ ਲਾ ਲਈ..ਉੱਤਰਕੇ ਅਜੇ ਏਧਰ ਓਧਰ ਵੇਖਣ ਹੀ ਲੱਗੇ ਕੇ ਲੁਕੇ ਹੋਇਆਂ ਨੇ ਬਰੱਸਟ ਮਾਰ ਦਿੱਤਾ..
ਮੇਰਾ...
ਫੌਜੀ ਭਰਾ ਓਥੇ ਹੀ ਢੇਰੀ ਹੋ ਗਿਆ ਤੇ ਮੇਰਾ ਜਬਾੜਾ ਉੱਡ ਗਿਆ..
ਮੈਂ ਕੋਲ ਹੀ ਰੁੱਖ ਦੀ ਓਟ ਲੈ ਕੇ ਬੈਠ ਗਿਆ..ਅੱਖੀਆਂ ਮੀਟ ਲਈਆਂ..ਫੇਰ ਮੈਨੂੰ ਦਸਮ ਪਿਤਾ ਦੇ ਦਰਸ਼ਨ ਹੋਏ..ਓਸੇ ਤਰਾਂ ਅਨੰਦਪੁਰ ਦੀਆਂ ਜੂਹਾਂ ਵਿਚ ਫਿਰਦੇ ਦਸਮ ਪਿਤਾ ਦੇ..ਮੇਰਾ ਰੋਮ ਰੋਮ ਖਿੜ ਗਿਆ..ਥੋੜੀ ਬਹੁਤ ਹੁੰਦੀ ਪੀੜ ਵੀ ਹਟ ਗਈ..ਸਰੂਰ ਜਿਹਾ ਆਉਣਾ ਸ਼ੁਰੂ ਹੋ ਗਿਆ..ਅਦੁੱਤੀ ਅਨੰਦ..ਕਾਇਨਾਤੀ ਖ਼ੇੜੇ ਨਾਲ ਭਰਿਆ ਹੋਇਆ ਜਦੋਂ ਵੀ ਖੂਨ ਨਾਲ ਲਿੱਬੜੇ ਆਪਣੇ ਹੱਥ ਵੇਖਦਾ ਤਾਂ ਮੈਨੂੰ ਚਮਕੌਰ ਦੀ ਗੜੀ ਦਿਸਦੀ..ਪੰਜ ਸਿੰਘਾਂ ਦਾ ਜਥਾ ਅੰਦਰੋਂ ਨਿੱਕਲਦਾ ਦਿਸਦਾ..!
ਫਿਰ ਜਿੰਨੇ ਦਿਨ ਵੀ ਹਸਪਤਾਲ ਰਿਹਾ ਮੈਨੂੰ ਸਿੰਘਾਂ ਦੇ ਦਰਸ਼ਨ ਹੁੰਦੇ ਰਹੇ..ਸੁਫ਼ਨੇ ਵਿਚ ਵੀ..ਤੇ ਦਿਨ ਦੀ ਰੋਸ਼ਨੀ ਵਿਚ..ਭਾਈ ਤਾਰੂ ਸਿੰਘ ਦਾ ਖੋਪੜ..ਬਾਬਾ ਦੀਪ ਸਿੰਘ..ਤੇਗ ਵਾਹੁੰਦਾ ਹੋਇਆ..ਸਭ ਕੁਝ!
ਉਸਦੀ ਗੱਲ ਸੁਣ ਤੀਹ ਵਰੇ ਪਹਿਲਾਂ ਬਾਪੂ ਹੁਰਾਂ ਵੱਲੋਂ ਆਖੀ ਤੇ ਯਕੀਨ ਆ ਗਿਆ..!
ਵਾਕਿਆ ਹੀ ਅਰਦਾਸੇ ਸੋਧੇ ਹੋਣ ਤਾਂ ਨਾ ਸੱਪ ਲਾਗੇ ਲੱਗਦੇ ਤੇ ਨਾ ਹੀ ਪੋਹ ਮਾਘ ਦੀਆਂ ਰਾਤਾਂ ਨੂੰ ਠੰਡ ਹੀ ਲੱਗਦੀ..
ਸਗੋਂ ਹਿੱਕ ਵਿਚ ਵੱਜੀ ਵੀ ਅਨੰਦ ਦੀ ਪੋਟਲੀ ਬਣ ਜਾਂਦੀ ਏ..ਠੀਕ ਓਸੇ ਤਰਾਂ ਜਿਦਾਂ ਮਨਪ੍ਰੀਤ ਨੇ ਆਖਿਆ..
“ਸ਼ੁਬ ਕਾਲ ਆਇਆ ਖੁੱਲ ਗਏ..ਪਰਦੇ ਭਰਮ ਦੇ ਇਸ ਤਰਾਂ..ਪਾਣੀ ਚ ਪਾਣੀ ਘੁਲ ਕੇ ਇੱਕ ਹੋ ਜਾਂਵਦੇ ਨੇ ਜਿਸ ਤਰਾਂ..
ਚੰਨ ਸੂਰਜਾਂ ਦੀ ਵਾਟ ਮੁੱਕੀ..ਦਰਦ ਮਿੱਠੇ ਹੋ ਗਏ..ਚਿੱਕੜ ਦੇ ਗੰਦਲੇ ਨੀਰ ਵੀ..ਕੇਸਰ ਦੇ ਛਿੱਟੇ ਹੋ ਗਏ..ਕੇਸਰ ਦੇ ਛਿੱਟੇ ਹੋ ਗਏ..”
ਵਾਕਿਆ ਹੀ ਜੇ ਇਸ ਚਿਕੜ ਵਿਚ ਰਹਿੰਦੇ ਹੋਏ ਵੀ ਕੇਸਰ ਦੇ ਛਿੱਟੇ ਬਣ ਕਣ ਕਣ ਦੀ ਰੂਹ ਰੁਸ਼ਨਾਉਣੀ ਏ ਤਾਂ ਧੁਰ ਕੀ ਆਈ ਹਿਰਦੇ ਅੰਦਰ ਵਸਾਉਣੀ ਪੈਣੀ..!
ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਹਿ
ਹਰਪ੍ਰੀਤ ਸਿੰਘ ਜਵੰਦਾ